Beginning
ਪਤਰਸ ਅਤੇ ਯੂਹੰਨਾ ਯਹੂਦੀ ਸਭਾ ਅੱਗੇ ਪੇਸ਼ ਹੋਏ
4 ਜਦੋਂ ਪਤਰਸ ਅਤੇ ਯੂਹੰਨਾ ਲੋਕਾਂ ਨਾਲ ਗੱਲਾਂ ਕਰ ਰਹੇ ਸਨ, ਤਾਂ ਕੁਝ ਲੋਕ ਉਨ੍ਹਾਂ ਕੋਲ ਆਏ। ਉੱਥੇ ਕੁਝ ਯਹੂਦੀ ਜਾਜਕ, ਕੁਝ ਸਿਪਾਹੀਆਂ ਦੇ ਕਪਤਾਨ ਜੋ ਮੰਦਰ ਦੀ ਦੇਖਭਾਲ ਕਰਦੇ ਸਨ ਅਤੇ ਕੁਝ ਸਦੂਕੀ ਸਨ। 2 ਉਹ ਪਰੇਸ਼ਾਨ ਸਨ, ਕਿਉਂਕਿ ਪਤਰਸ ਅਤੇ ਯੂਹੰਨਾ ਉਪਦੇਸ਼ ਦੇ ਰਹੇ ਸਨ ਕਿ ਯਿਸੂ ਲੋਕਾਂ ਨੂੰ ਮੁਰਦਿਆਂ ਤੋਂ ਜਿਵਾਲੇਗਾ। 3 ਯਹੂਦੀ ਆਗੂਆਂ ਨੇ ਪਤਰਸ ਅਤੇ ਯੂਹੰਨਾ ਨੂੰ ਫ਼ੜਕੇ ਕੈਦ ਕਰ ਦਿੱਤਾ। ਕਿਉਂਕਿ ਅੱਗੇ ਹੀ ਰਾਤ ਦਾ ਵਕਤ ਹੋ ਚੁੱਕਾ ਸੀ ਇਸ ਲਈ ਅਗਲੇ ਦਿਨ ਤੱਕ ਉਨ੍ਹਾਂ ਨੇ ਪਤਰਸ ਅਤੇ ਯੂਹੰਨਾ ਨੂੰ ਜੇਲ ਵਿੱਚ ਹੀ ਕੈਦ ਰਹਿਣ ਦਿੱਤਾ। 4 ਪਰ ਉਨ੍ਹਾਂ ਵਿੱਚੋਂ, ਜਿਨ੍ਹਾਂ ਨੇ ਵਚਨ ਸੁਣਿਆ ਸੀ, ਬਹੁਤਿਆਂ ਨੇ ਉਨ੍ਹਾਂ ਤੇ ਵਿਸ਼ਵਾਸ ਕੀਤਾ। ਹੁਣ ਨਿਹਚਾਵਾਨਾਂ ਦੇ ਸਮੂਹ ਵਿੱਚ ਪੰਜ ਹਜ਼ਾਰ ਆਦਮੀ ਸਨ।
5 ਅਗਲੇ ਦਿਨ ਯਹੂਦੀ ਆਗੂ, ਬਜ਼ੁਰਗ ਯਹੂਦੀ ਆਗੂ ਅਤੇ ਨੇਮ ਦੇ ਉਪਦੇਸ਼ਕ ਯਰੂਸ਼ਲਮ ਵਿੱਚ ਇਕੱਠੇ ਹੋਏ। 6 ਅੰਨਾਸ ਸਰਦਾਰ ਜਾਜਕ, ਕਯਾਫ਼ਾ ਅਤੇ ਯੂਹੰਨਾ, ਸਿਕੰਦਰ ਅਤੇ ਜਿੰਨੇ ਵੀ ਹੋਰ ਸਰਦਾਰ ਜਾਜਕਾਂ ਦੇ ਪਰਿਵਾਰ ਵਿੱਚੋਂ ਸਨ, ਉਹ ਸਭ ਉੱਥੇ ਇੱਕਤਰ ਸੀ। 7 ਤਾਂ ਉਨ੍ਹਾਂ ਨੇ ਪਤਰਸ ਅਤੇ ਯੂਹਾਂਨਾ ਨੂੰ ਸਾਰਿਆਂ ਲੋਕਾਂ ਸਾਹਮਣੇ ਪੇਸ਼ ਕੀਤਾ ਅਤੇ ਪੁੱਛਿਆ, “ਕਿਸ ਸ਼ਕਤੀ ਜਾਂ ਕਿਸਦੇ ਨਾਂ ਤੇ ਤੁਸੀਂ ਇਹ ਕੀਤਾ?”
8 ਤਦ ਪਤਰਸ, ਇੱਕਦੱਮ ਪਵਿੱਤਰ ਆਤਮਾ ਨਾਲ ਭਰਿਆ, ਉਨ੍ਹਾਂ ਨੂੰ ਕਹਿਣ ਲੱਗਾ, “ਹੇ ਕੌਮ ਦੇ ਆਗੂਓ ਅਤੇ ਲੋਕਾਂ ਦੇ ਬਜ਼ੁਰਗ ਆਗੂਓ। 9 ਕੀ ਤੁਸੀਂ ਸਾਨੂੰ ਇਸ ਲੰਗੜ੍ਹੇ ਆਦਮੀ ਤੇ ਕੀਤੇ ਇਸ ਭਲੇ ਕੰਮ ਲਈ, ਸਵਾਲ ਕਰ ਰਹੇ ਹੋ ਕਿ ਉਸ ਨੂੰ ਕਿਸ ਨੇ ਚੰਗਾ ਕੀਤਾ? 10 ਕਿਉਂਕਿ ਅਸੀਂ ਚਾਹੁੰਦੇ ਹਾ ਕਿ ਤੁਹਾਨੂੰ ਸਭ ਨੂੰ ਅਤੇ ਸਾਰੇ ਯਹੂਦੀਆਂ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਇਹ ਲੰਗੜਾ ਆਦਮੀ ਨਾਸਰਤ ਦੇ ਯਿਸੂ ਮਸੀਹ ਦੀ ਸ਼ਕਤੀ ਨਾਲ ਠੀਕ ਹੋਇਆ ਹੈ। ਉਹੀ ਯਿਸੂ ਜਿਸ ਨੂੰ ਤੁਸੀਂ ਸੂਲੀ ਚਾੜ੍ਹਿਆ ਸੀ। ਪਰਮੇਸ਼ੁਰ ਨੇ ਉਸੇ ਨੂੰ ਮੁਰਦਿਆਂ ਚੋ ਜਿਵਾਇਆ ਹੈ। ਇਹ ਆਦਮੀ ਲੰਗੜਾ ਸੀ ਪਰ ਹੁਣ ਚੱਲ ਸੱਕਦਾ ਹੈ। ਹੁਣ ਉਹ ਯਿਸੂ ਦੀ ਸ਼ਕਤੀ ਨਾਲ ਤੁਹਾਡੇ ਸਾਹਮਣੇ ਖੜ੍ਹਾ ਹੋਣ ਦੇ ਯੋਗ ਹੈ। 11 ਯਿਸੂ, ਉਹੀ
‘ਪੱਥਰ ਹੈ ਜਿਸ ਨੂੰ ਤੁਹਾਡੇ, ਰਾਜਾਂ ਦੁਆਰਾ ਰੱਦ ਕੀਤਾ ਗਿਆ ਸੀ
ਪਰ ਉਹੀ ਪੱਥਰ ਹੁਣ ਖੂਜੇ ਦਾ ਪੱਥਰ ਹੋ ਗਿਆ ਹੈ।’ (A)
12 ਯਿਸੂ ਹੀ ਅਜਿਹਾ ਹੈ ਜੋ ਲੋਕਾਂ ਨੂੰ ਬਚਾ ਸੱਕਦਾ ਹੈ। ਉਸਦਾ ਨਾਂ ਹੀ ਪੂਰੇ ਸੰਸਾਰ ਵਿੱਚ ਇੱਕਲੀ ਸ਼ਕਤੀ ਹੈ ਜੋ ਲੋਕਾਂ ਨੂੰ ਬਚਾ ਸੱਕਦੀ ਹੈ। ਸਾਨੂੰ ਉਸ ਦੇ ਨਾਂ ਰਾਹੀਂ ਬਚਾਇਆ ਜਾਣਾ ਚਾਹੀਦਾ ਹੈ।”
13 ਯਹੂਦੀ ਆਗੂ ਸਮਝ ਗਏ ਕਿ ਪਤਰਸ ਅਤੇ ਯੂਹੰਨਾ ਕੋਲ ਕੋਈ ਵਿਸ਼ੇਸ਼ ਸਿੱਖਿਆ ਜਾਂ ਸਿਖਲਾਈ ਨਹੀਂ ਸੀ। ਪਰ ਉਹ ਇਹ ਵੀ ਜਾਣ ਗਏ ਕਿ ਉਹ ਖੁਲ੍ਹੇ ਆਮ ਬੋਲੇ ਸਨ। ਇਸ ਲਈ ਆਗੂ ਹੈਰਾਨ ਸਨ। ਉਹ ਜਾਣਦੇ ਸਨ ਕਿ ਪਤਰਸ ਅਤੇ ਯੂਹੰਨਾ ਯਿਸੂ ਦੇ ਨਾਲ ਸਨ। 14 ਉਹ ਉਸ ਮਨੁੱਖ ਦੀ ਹਾਜ਼ਰੀ ਵਿੱਚ, ਜੋ ਚੰਗਾ ਹੋਇਆ ਸੀ, ਉਨ੍ਹਾਂ ਦੋ ਰਸੂਲਾਂ ਦੇ ਖਿਲਾਫ਼ ਕੁਝ ਨਾ ਆਖ ਸੱਕੇ। ਉਹ ਉੱਥੇ ਰਸੂਲਾਂ ਦੇ ਨਾਲ ਖੜ੍ਹਾ ਸੀ। 15 ਤਾਂ ਯਹੂਦੀ ਆਗੂਆਂ ਨੇ ਉਨ੍ਹਾਂ ਨੂੰ ਸਭਾ ਚੋਂ ਬਾਹਰ ਜਾਣ ਨੂੰ ਕਿਹਾ। ਉਨ੍ਹਾਂ ਦੇ ਜਾਣ ਤੋ ਬਾਅਦ, ਇਹ ਆਗੂ ਵਿੱਚਾਰ ਕਰਨ ਲੱਗੇ। 16 ਉਹ ਕਹਿਣ ਲੱਗੇ, “ਸਾਨੂੰ ਇਨ੍ਹਾਂ ਨਾਲ ਕੀ ਕਰਨਾ ਚਾਹੀਦਾ ਹੈ? ਯਰੂਸ਼ਲਮ ਵਿੱਚ ਸਾਰੇ ਲੋਕ ਜਾਣਦੇ ਹਨ ਕਿ ਇਨ੍ਹਾਂ ਨੇ ਇੰਨਾ ਵੱਡਾ ਕਰਿਸ਼ਮਾ ਕੀਤਾ ਹੈ। ਇਹ ਗੱਲ ਤਾਂ ਬਿਲਕੁਲ ਸਾਫ਼ ਹੈ ਜਿਸ ਨੂੰ ਅਸੀਂ ਝੁਠਲਾ ਨਹੀਂ ਸੱਕਦੇ। 17 ਪਰ ਸਾਨੂੰ ਇਨ੍ਹਾਂ ਨੂੰ ਲੋਕਾਂ ਵਿੱਚ ਹੋਰ ਵੱਧੇਰੇ ਫ਼ੈਲਣ ਤੋਂ ਰੋਕਣਾ ਚਾਹੀਦਾ ਹੈ, ਇਸ ਲਈ ਆਉ ਅਸੀਂ ਉਨ੍ਹਾਂ ਨੂੰ ਧਮਕਾਈਏ। ਫ਼ੇਰ ਉਹ ਯਿਸੂ ਬਾਰੇ ਹੋਰ ਕਿਸੇ ਨੂੰ ਨਹੀਂ ਬੋਲਣਗੇ।”
18 ਤਾਂ ਯਹੂਦੀ ਆਗੂਆਂ ਨੇ ਮੁੜ ਉਨ੍ਹਾਂ ਰਸੂਲਾਂ ਨੂੰ ਅੰਦਰ ਬੁਲਵਾਇਆ। ਉਨ੍ਹਾਂ ਨੇ ਉਨ੍ਹਾਂ ਨੂੰ ਫ਼ੇਰ ਕਦੀ ਵੀ ਯਿਸੂ ਦੇ ਨਾਂ ਤੇ ਕੁਝ ਨਾ ਬੋਲਣ ਅਤੇ ਉਪਦੇਸ਼ ਨਾ ਦੇਣ ਲਈ ਕਿਹਾ। 19 ਪਰ ਪਤਰਸ ਤੇ ਯੂਹੰਨਾ ਨੇ ਉਨ੍ਹਾਂ ਆਗੂਆਂ ਨੂੰ ਜਵਾਬ ਦਿੱਤਾ, “ਤੁਹਾਡੇ ਅਨੁਸਾਰ ਕੀ ਠੀਕ ਹੈ? ਪਰਮੇਸ਼ੁਰ ਕੀ ਚਾਹੇਗਾ? ਕੀ ਅਸੀਂ ਪਰਮੇਸ਼ੁਰ ਨੂੰ ਮੰਨੀਏ ਜਾ ਤੁਹਾਨੂੰ? 20 ਅਸੀਂ ਚੁੱਪ ਨਹੀਂ ਰਹਿ ਸੱਕਦੇ। ਅਸੀਂ ਜੋ ਕੁਝ ਵੇਖਿਆ ਤੇ ਸੁਣਿਆ ਹੈ ਉਹ ਸਾਨੂੰ ਲੋਕਾਂ ਨੂੰ ਦੱਸਣਾ ਚਾਹੀਦਾ ਹੈ।”
21-22 ਯਹੂਦੀ ਆਗੂਆਂ ਨੂੰ ਰਸੂਲਾਂ ਨੂੰ ਸਜ਼ਾ ਦੇਣ ਦਾ ਕੋਈ ਰਾਹ ਨਾ ਲੱਭਿਆ, ਕਿਉਂਕਿ ਜੋ ਕੁਝ ਵਾਪਰਿਆ ਸੀ ਉਸ ਲਈ ਸਭ ਲੋਕ ਪਰਮੇਸ਼ੁਰ ਦੀ ਉਸਤਤਿ ਕਰ ਰਹੇ ਸਨ। ਇਹ ਕਰਿਸ਼ਮਾ ਪਰਮੇਸ਼ੁਰ ਵੱਲੋਂ ਇੱਕ ਸਬੂਤ ਵਜੋਂ ਦਿੱਤਾ ਗਿਆ ਸੀ। ਜਿਹੜਾ ਲੰਗੜਾ ਮਨੁੱਖ ਚੰਗਾ ਕੀਤਾ ਗਿਆ ਸੀ ਉਸਦੀ ਉਮਰ ਚਾਲੀ ਸਾਲਾਂ ਤੋਂ ਵੱਧ ਸੀ। ਇਸ ਲਈ ਯਹੂਦੀ ਆਗੂਆਂ ਨੇ ਰਸੂਲਾਂ ਨੂੰ ਧਮਕਾਇਆ ਅਤੇ ਉਨ੍ਹਾਂ ਨੂੰ ਜਾਣ ਦਿੱਤਾ।
ਪਤਰਸ ਅਤੇ ਯੂਹੰਨਾ ਨਿਹਚਾਵਾਨਾਂ ਕੋਲ ਪਰਤੇ
23 ਪਤਰਸ ਅਤੇ ਯੂਹੰਨਾ ਯਹੂਦੀ ਆਗੂਆਂ ਦੀ ਸਭਾ ਛੱਡ ਕੇ ਮੁੜ ਆਪਣੀ ਮੰਡਲੀ ਵਿੱਚ ਵਾਪਸ ਆਏ। ਉਨ੍ਹਾਂ ਨੇ ਉਹ ਸਭ ਕੁਝ ਉਨ੍ਹਾਂ ਨੂੰ ਕਿਹਾ, ਜੋ ਪ੍ਰਧਾਨ ਜਾਜਕਾਂ ਅਤੇ ਬਜ਼ੁਰਗਾਂ ਯਹੂਦੀ ਆਗੂਆਂ ਨੇ ਉਨ੍ਹਾਂ ਨੂੰ ਆਖਿਆ ਸੀ, 24 ਜਦੋਂ ਨਿਹਚਾਵਾਨਾਂ ਨੇ ਇਹ ਸਭ ਸੁਣਿਆ ਤਾਂ ਉਨ੍ਹਾਂ ਨੇ ਪਰਮੇਸ਼ੁਰ ਅੱਗੇ ਪ੍ਰਾਰਥਨਾ ਕੀਤੀ, “ਹੇ ਸੁਵਾਮੀ, ਤੂੰ ਹੀ ਹੈਂ ਜਿਸਨੇ ਅਕਾਸ਼, ਧਰਤੀ, ਸਮੁੰਦਰ ਅਤੇ ਉਨ੍ਹਾਂ ਵਿੱਚਲਾ ਸਭ ਕੁਝ ਬਣਾਇਆ ਹੈ। 25 ਸਾਡੇ ਪੂਰਵਜ, ਦਾਊਦ, ਤੇਰੇ ਸੇਵਕ ਸਨ। ਪਵਿੱਤਰ ਆਤਮਾ ਦੀ ਸ਼ਕਤੀ ਨਾਲ ਉਨ੍ਹਾਂ ਨੇ ਇਹ ਸ਼ਬਦ ਲਿਖੇ;
‘ਕੌਮਾਂ ਕਿਸ ਲਈ ਰੌਲਾ ਪਾ ਰਹੀਆਂ ਹਨ?
ਦੁਨੀਆਂ ਦੇ ਲੋਕ ਪਰਮੇਸ਼ੁਰ ਦੇ ਵਿਰੁੱਧ ਫ਼ਿਜ਼ੂਲ ਵਿਉਂਤਾਂ ਕਿਉਂ ਕਰ ਰਹੇ ਹਨ?
26 ‘ਧਰਤੀ ਦੇ ਰਾਜਿਆਂ ਨੇ ਲੜਨ ਲਈ ਤਿਆਰੀ ਕੀਤੀ
ਅਤੇ ਸਾਰੇ ਹਾਕਮ ਪ੍ਰਭੂ ਅਤੇ ਉਸ ਦੇ ਮਸੀਹ ਦੇ ਵਿਰੁੱਧ ਇਕੱਠੇ ਹੋਕੇ ਆਏ।’ (B)
27 ਯਿਸੂ ਤੇਰਾ ਪਵਿੱਤਰ ਸੇਵਕ ਹੈ ਤੇ ਤੂੰ ਉਸ ਨੂੰ ਮਸੀਹ ਬਣਾਇਆ। ਪਰ ਇਹ ਸਭ ਉਦੋਂ ਵਾਪਰਿਆ ਜਦੋਂ ਹੇਰੋਦੇਸ ਅਤੇ ਪੁੰਤਿਯੁਸ ਪਿਲਾਤੁਸ, ਪਰਾਈਆਂ ਕੌਮਾਂ ਅਤੇ ਇਸਰਾਏਲ ਦੇ ਸਾਰੇ ਲੋਕ ਯਿਸੂ ਦੇ ਵਿਰੁੱਧ ਯਰੂਸ਼ਲਮ ਵਿੱਚ ਇਕੱਠੇ ਹੋਏ ਸਨ। 28 ਇਨ੍ਹਾਂ ਲੋਕਾਂ ਨੇ, ਜੋ ਯਿਸੂ ਦੇ ਵਿਰੁੱਧ ਇੱਕਤਰ ਹੋਕੇ ਆਏ, ਸਾਰੀਆਂ ਗੱਲਾਂ ਨੂੰ ਵਾਪਰਨ ਦਿੱਤਾ ਜਿਨ੍ਹਾਂ ਨੂੰ ਤੇਰੀ ਸ਼ਕਤੀ ਅਤੇ ਸਿਆਣਪ ਨੇ ਪਹਿਲਾਂ ਹੀ ਵਿਉਂਤਿਆ ਹੋਇਆ ਸੀ। 29 ਅਤੇ ਹੁਣ, ਪ੍ਰਭੂ ਸੁਣ। ਉਹ ਕੀ ਆਖ ਰਹੇ ਹਨ। ਉਹ ਸਾਨੂੰ ਡ੍ਰਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਹੇ ਪ੍ਰਭੂ। ਅਸੀਂ ਤੇਰੇ ਸੇਵਕ ਹਾਂ। ਤੇਰਾ ਸੰਦੇਸ਼ ਨਿਡਰ ਹੋਕੇ ਬੋਲਣ ਵਿੱਚ ਸਾਡੀ ਮਦਦ ਕਰ। 30 ਸਾਨੂੰ ਆਪਣੀ ਸ਼ਕਤੀ ਦਿਖਾ ਕੇ, ਨਿਡਰ ਬਣਾ; ਰੋਗੀਆਂ ਨੂੰ ਚੰਗਾ ਕਰ, ਨਿਸ਼ਾਨੀਆਂ ਵਿਖਾ; ਅਤੇ ਆਪਣੇ ਪਵਿੱਤਰ ਸੇਵਕ ਯਿਸੂ ਦੀ ਸ਼ਕਤੀ ਨਾਲ ਸ਼ਕਤੀਸ਼ਾਲੀ ਕਰਿਸ਼ਮੇ ਵਿਖਾ।”
31 ਜਦੋਂ ਨਿਹਚਾਵਾਨ ਪ੍ਰਾਰਥਨਾ ਕਰ ਹਟੇ ਤਾਂ ਉਹ ਜਗ਼੍ਹਾ ਜਿੱਥੇ ਉਨ੍ਹਾਂ ਨੇ ਪ੍ਰਾਰਥਨਾ ਕੀਤੀ ਸੀ, ਕੰਬ ਗਈ ਤੇ ਉਹ ਸਾਰੇ ਇੱਕ ਦਮ ਪਵਿੱਤਰ ਆਤਮਾ ਨਾਲ ਭਰਪੂਰ ਹੋ ਗਏ। ਉਦੋਂ ਤੋਂ, ਉਹ ਨਿਡਰਤਾ ਨਾਲ ਪਰਮੇਸ਼ੁਰ ਦਾ ਸੰਦੇਸ਼ ਫ਼ੈਲਾਉਂਦੇ ਰਹੇ।
ਨਿਹਚਾਵਾਨਾਂ ਦਾ ਸਭ ਨਾਲ ਸਾਂਝਾ ਕਰਨਾ
32 ਨਿਹਚਾਵਾਨਾਂ ਦੀ ਮੰਡਲੀ, ਇੱਕ ਦਿਲ ਅਤੇ ਇੱਕ ਜਾਨ ਸਨ। ਕਿਸੇ ਨੇ ਵੀ ਜਿਹੜੀਆਂ ਚੀਜ਼ਾਂ ਉਨ੍ਹਾਂ ਕੋਲ ਸਨ, ਉਨ੍ਹਾਂ ਵਿੱਚੋਂ ਕਿਸੇ ਵੀ ਚੀਜ਼ ਨੂੰ ਆਪਣੀ ਨਹੀਂ ਆਖਿਆ ਸੀ ਸਗੋਂ ਉਹ ਸਭ ਕੁਝ ਵੰਡਕੇ ਵਰਤਦੇ ਸਨ। 33 ਅਤੇ ਰਸੂਲ ਵੱਡੀ ਸ਼ਕਤੀ ਨਾਲ ਪ੍ਰਭੂ ਯਿਸੂ ਦੇ ਮੌਤ ਤੋਂ ਪੁਨਰ ਜੀਵਤ ਹੋਣ ਬਾਰੇ ਦੱਸਦੇ ਸਨ ਅਤੇ ਉਨ੍ਹਾਂ ਸਾਰੇ ਨਿਹਚਾਵਾਨਾਂ ਉਪਰ ਪਰਮੇਸ਼ੁਰ ਦੀ ਵੱਡੀ ਅਸੀਸ ਸੀ। 34 ਜੋ ਕੁਝ ਉਨ੍ਹਾਂ ਨੂੰ ਚਾਹੀਦਾ ਸੀ ਉਨ੍ਹਾਂ ਨੂੰ ਮਿਲ ਗਿਆ। ਉਨ੍ਹਾਂ ਨੇ, ਜਿਹੜੇ ਜ਼ਮੀਨਾਂ ਅਤੇ ਘਰਾਂ ਦੇ ਮਾਲਕ ਸਨ, ਆਪਣੀਆਂ ਜਇਦਾਦਾਂ ਵੇਚ ਦਿੱਤੀਆਂ। 35 ਅਤੇ ਧਨ ਰਸੂਲਾਂ ਨੂੰ ਦੇ ਦਿੱਤਾ ਅਤੇ ਫ਼ਿਰ ਇਹ ਧਨ ਲੋਕਾਂ ਨੂੰ ਉਨ੍ਹਾਂ ਦੀ ਜ਼ਰੂਰਤ ਅਨੁਸਾਰ ਦਿੱਤਾ ਗਿਆ ਸੀ।
36 ਇੱਕ ਨਿਹਚਾਵਾਨ ਜਿਸ ਦਾ ਨਾਂ ਯੂਸੁਫ਼ ਸੀ, ਰਸੂਲਾਂ ਨੇ ਉਸ ਨੂੰ ਬਰਨਬਾਸ ਨਾਉਂ ਦਿੱਤਾ। ਭਾਵ, “ਜਿਹੜਾ ਦੂਜਿਆਂ ਦੀ ਮਦਦ ਕਰੇ।” ਉਹ ਸੈਪਰਸ ਦਾ ਜੰਮਿਆ ਸੀ, ਉਹ ਲੇਵੀ ਸੀ। 37 ਯੂਸੁਫ਼ ਕੋਲ ਕੁਝ ਜ਼ਮੀਨ ਸੀ, ਜਿਸ ਨੂੰ ਉਸ ਨੇ ਵੇਚਿਆ ਅਤੇ ਪੈਸੇ ਵੱਟਕੇ ਰਸੂਲਾਂ ਨੂੰ ਦੇ ਦਿੱਤੇ।
ਹਨਾਨਿਯਾ ਅਤੇ ਸਫ਼ੀਰਾ
5 ਉੱਥੇ ਹਨਾਨਿਯਾ ਨਾਂ ਦਾ ਇੱਕ ਮਨੁੱਖ ਸੀ, ਜਿਸਦੀ ਪਤਨੀ ਦਾ ਨਾਂ ਸਫ਼ੀਰਾ ਸੀ। ਹਨਾਨਿਯਾ ਕੋਲ ਜਿਸ ਜ਼ਮੀਨ ਦਾ ਕਬਜ਼ਾ ਸੀ ਉਸ ਦਾ ਇੱਕ ਹਿੱਸਾ ਉਸ ਨੇ ਵੇਚ ਦਿੱਤਾ। 2 ਪਰ ਉਸ ਨੇ ਉਸ ਧਨ ਦਾ ਕੁਝ ਹੀ ਹਿੱਸਾ ਰਸੂਲਾਂ ਨੂੰ ਦਿੱਤਾ ਤੇ ਕੁਝ ਧਨ ਬਿਨਾ ਉਨ੍ਹਾਂ ਨੂੰ ਦੱਸਿਆਂ, ਆਪਣੇ ਵਾਸਤੇ ਰੱਖ ਲਿਆ। ਉਸਦੀ ਪਤਨੀ ਇਹ ਸਭ ਜਾਣਦੀ ਸੀ ਤੇ ਉਹ ਉਸ ਦੇ ਨਾਲ ਰਲ ਗਈ।
3 ਪਤਰਸ ਨੇ ਆਖਿਆ, “ਹਨਾਨਿਯਾ, ਸ਼ੈਤਾਨ ਨੂੰ ਆਪਣੇ ਦਿਲ ਉੱਪਰ ਰਾਜ ਕਰਨ ਦੇਣ ਦੀ ਕੀ ਵਜਹ ਸੀ? ਤੂੰ ਝੂਠ ਬੋਲਕੇ ਪਵਿੱਤਰ ਆਤਮਾ ਨੂੰ ਧੋਖਾ ਦੇਣ ਦੀ ਕੋਸ਼ਿਸ਼ ਕੀਤੀ ਹੈ। ਤੂੰ ਜ਼ਮੀਨ ਵੇਚਕੇ ਕਿਉਂ ਉਸ ਧਨ ਦਾ ਕੁਝ ਹਿੱਸਾ ਚੋਰੀ-ਚੋਰੀ ਆਪਣੇ ਵਾਸਤੇ ਸੰਭਾਲ ਲਿਆ ਹੈ? 4 ਉਹ ਖੇਤ ਵੇਚਣ ਤੋਂ ਪਹਿਲਾਂ, ਇਹ ਤੇਰੇ ਨਾਲ ਸੰਬੰਧਿਤ ਸੀ। ਅਤੇ ਉਸ ਨੂੰ ਵੇਚਣ ਤੋਂ ਬਾਅਦ ਵੀ, ਤੂੰ ਆਪਣੀ ਇੱਛਾ ਅਨੁਸਾਰ ਇਸ ਧਨ ਨੂੰ ਵਰਤ ਸੱਕਦਾ ਸੀ। ਫ਼ੇਰ ਤੂੰ ਅਜਿਹਾ ਕਰਨ ਦੀ ਕਿਉਂ ਸੋਚੀ? ਤੂੰ ਲੋਕਾਂ ਨੂੰ ਨਹੀਂ ਸਗੋਂ ਪਰਮੇਸ਼ੁਰ ਨੂੰ ਝੂਠ ਬੋਲਿਆ ਹੈ।”
5-6 ਜਦੋਂ ਹਨਾਨਿਯਾ ਨੇ ਇਹ ਸੁਣਿਆ, ਤਾਂ ਉਹ ਭੁੰਜੇ ਡਿੱਗਿਆ ਅਤੇ ਮਰ ਗਿਆ। ਕੁਝ ਨੌਜਵਾਨ ਅੱਗੇ ਆਏ, ਉਸਦੀ ਲੋਥ ਨੂੰ ਲਪੇਟ ਕੇ ਲੈ ਗਏ ਅਤੇ ਜਾਕੇ ਉਸ ਨੂੰ ਦਫ਼ਨਾ ਦਿੱਤਾ। ਜਿਨ੍ਹਾਂ ਨੇ ਵੀ ਉਸ ਬਾਰੇ ਇਹ ਗੱਲ ਸੁਣੀ ਡਰ ਗਏ।
7 ਤਕਰੀਬਨ ਤਿੰਨ ਘੰਟੇ ਬਾਅਦ ਉਸਦੀ ਪਤਨੀ ਸਫ਼ੀਰਾ ਅੰਦਰ ਆਈ। ਉਸ ਨੂੰ ਨਹੀਂ ਪਤਾ ਸੀ ਕਿ ਉਸ ਦੇ ਪਤੀ ਨਾਲ ਕੀ ਵਾਪਰੀ ਹੈ। 8 ਪਤਰਸ ਨੇ ਉਸ ਨੂੰ ਪੁੱਛਿਆ, “ਮੈਨੂੰ ਦੱਸ ਕਿ ਉਸ ਜਾਇਦਾਦ ਨੂੰ ਵੇਚਕੇ ਕਿੰਨਾ ਧਨ ਤੈਨੂੰ ਮਿਲਿਆ ਹੈ। ਕੀ ਤੈਨੂੰ ਇੰਨਾ ਧਨ ਮਿਲਿਆ ਹੈ।”
ਸਫ਼ੀਰਾ ਨੇ ਜਵਾਬ ਦਿੱਤਾ, “ਹਾਂ, ਖੇਤ ਵੇਚਕੇ ਸਾਨੂੰ ਇੰਨਾ ਹੀ ਮਿਲਿਆ ਸੀ।”
9 ਪਤਰਸ ਨੇ ਉਸ ਨੂੰ ਕਿਹਾ, “ਤੂੰ ਅਤੇ ਤੇਰਾ ਪਤੀ ਪ੍ਰਭੂ ਦੇ ਆਤਮਾ ਨੂੰ ਪਰੱਖਣ ਲਈ ਕਿਉਂ ਸਹਿਮਤ ਹੋਏ? ਸੁਣ। ਕੀ ਤੂੰ ਪੈਰਾਂ ਦੀ ਚਾਪ ਸੁਣ ਰਹੀ ਹੈਂ? ਜਿਹੜੇ ਆਦਮੀ ਤੇਰੇ ਪਤੀ ਨੂੰ ਦਫ਼ਨਾ ਕੇ ਆਏ ਹਨ ਉਹ ਦਰਵਾਜ਼ੇ ਤੇ ਖੜ੍ਹੇ ਹਨ। ਉਹ ਇਸੇ ਤਰ੍ਹਾਂ ਤੈਨੂੰ ਵੀ ਲੈ ਜਾਣਗੇ।” 10 ਉਸੇ ਘੜੀ ਸਫ਼ੀਰਾ ਉਸ ਦੇ ਪੈਰਾਂ ਕੋਲ ਹੇਠਾਂ ਡਿੱਗੀ ਅਤੇ ਮਰ ਗਈ। ਨੌਜਵਾਨ ਆਦਮੀ ਅੰਦਰ ਆਏ ਅਤੇ ਉਸ ਨੂੰ ਮਰੀ ਹੋਈ ਪਾਇਆ। ਉਹ ਉਸਦੀ ਲਾਸ਼ ਨੂੰ ਉਸ ਜਗ਼੍ਹਾ ਤੋਂ ਦੂਰ ਲੈ ਗਏ ਅਤੇ ਉਸ ਦੇ ਪਤੀ ਦੇ ਕੋਲ ਹੀ ਦਫ਼ਨਾ ਦਿੱਤਾ। 11 ਸਾਰੇ ਨਿਹਚਾਵਾਨ ਅਤੇ ਹੋਰ ਲੋਕੀ ਜਿਨ੍ਹਾਂ ਨੇ ਵੀ ਇਸ ਗੱਲ ਬਾਰੇ ਸੁਣਿਆ, ਡਰ ਗਏ।
ਪਰਮੇਸ਼ੁਰ ਵੱਲੋਂ ਨਿਸ਼ਾਨੀਆਂ
12 ਰਸੂਲਾਂ ਨੇ ਬਹੁਤ ਸਾਰੀਆਂ ਸ਼ਕਤੀਸ਼ਾਲੀ ਕਰਾਮਾਤਾਂ ਤੇ ਚਮਤਕਾਰ ਕੀਤੇ। ਸਭ ਲੋਕਾਂ ਨੇ ਇਹ ਵੇਖੀਆਂ। ਸਾਰੇ ਰਸੂਲ ਇੱਕੋ ਮਨ ਨਾਲ ਸੁਲੇਮਾਨ ਦੇ ਦਲਾਨ ਵਿੱਚ ਇਕੱਠੇ ਹੋਏ ਸਨ। 13 ਉਨ੍ਹਾਂ ਵਿੱਚੋਂ ਕਿਸੇ ਦਾ ਵੀ ਉਨ੍ਹਾਂ ਨਾਲ ਜੁੜਨ ਦਾ ਹੀਆਂ ਨਾ ਪਿਆ ਪਰ ਸਾਰੇ ਲੋਕ ਰਸੂਲਾਂ ਦੀ ਉਸਤਤਿ ਕਰ ਰਹੇ ਸਨ। 14 ਵੱਧ ਤੋਂ ਵੱਧ ਲੋਕ, ਆਦਮੀ ਤੇ ਔਰਤਾਂ ਦੋਵੇਂ ਹੀ ਪ੍ਰਭੂ ਵਿੱਚ ਨਿਹਚਾ ਰੱਖਣ ਲੱਗੇ। ਅਤੇ ਉਨ੍ਹਾਂ ਨਿਹਚਾਵਾਨਾਂ ਦੀ ਸੰਗਤ ਵਿੱਚ ਰਲਦੇ ਗਏ। 15 ਇਸ ਲਈ ਲੋਕਾਂ ਨੇ ਬਿਮਾਰਾਂ ਨੂੰ ਗਲੀਆਂ ਵਿੱਚ ਲਿਆਉਣਾ ਸ਼ੁਰੂ ਕਰ ਦਿੱਤਾ ਕਿਉਂ ਕਿ ਉਨ੍ਹਾਂ ਸੁਣਿਆ ਸੀ ਕਿ ਪਤਰਸ ਉੱਥੇ ਆ ਰਿਹਾ ਹੈ, ਤਾਂ ਲੋਕ ਬਿਮਾਰਾਂ ਨੂੰ ਮੰਜੀਆਂ ਜਾਂ ਗਧਿਆਂ ਤੇ ਪਾਕੇ ਲਿਆਉਂਦੇ, ਇਸ ਲਈ ਕਿ ਜਦ ਪਤਰਸ ਆਵੇ ਤਾਂ ਹੋਰ ਨਹੀਂ ਤਾਂ ਸ਼ਾਇਦ ਉਸ ਦਾ ਪਰਛਾਵਾਂ ਹੀ ਉਨ੍ਹਾਂ ਵਿੱਚੋਂ ਕਿਸੇ ਤੇ ਪੈ ਜਾਵੇ, ਉਨ੍ਹਾਂ ਨੂੰ ਠੀਕ ਕਰਨ ਵਾਸਤੇ ਇਹੀ ਕਾਫ਼ੀ ਹੈ। 16 ਲੋਕਾਂ ਦੀ ਭੀੜ ਯਰੂਸ਼ਲਮ ਦੇ ਆਸ-ਪਾਸ ਦੇ ਨਗਰਾਂ ਤੋਂ ਵੀ ਆ ਰਹੀ ਸੀ। ਉਹ ਬਿਮਾਰਾਂ ਨੂੰ ਆਪਣੇ ਨਾਲ ਲੈ ਕੇ ਆਉਂਦੇ ਅਤੇ ਉਨ੍ਹਾਂ ਨੂੰ ਵੀ ਜੋ ਸ਼ੈਤਾਨ ਵੱਲੋਂ ਭਰਿਸ਼ਟ ਆਤਮਾ ਦੇ ਸਤਾਏ ਹੋਏ ਹੁੰਦੇ ਸਨ। ਇਹ ਸਾਰੇ ਰੋਗੀ ਉੱਥੇ ਠੀਕ ਹੋ ਗਏ।
ਯਹੂਦੀਆਂ ਦੀਆਂ ਰਸੂਲਾਂ ਨੂੰ ਰੋਕਣ ਦੀਆਂ ਕੋਸ਼ਿਸ਼ਾਂ
17 ਸਰਦਾਰ ਜਾਜਕ ਅਤੇ ਉਸ ਦੇ ਸਾਰੇ ਮਿੱਤਰ ਇੱਕ ਪੰਥ ਨਾਲ ਜੋ ਸਦੂਕੀ ਅਖਵਾਉਂਦਾ ਸੀ, ਬਹੁਤ ਈਰਖਾ ਕਰਨ ਲੱਗੇ। 18 ਉਨ੍ਹਾਂ ਨੇ ਰਸੂਲਾਂ ਨੂੰ ਫ਼ੜਕੇ ਕੈਦ ਕਰ ਦਿੱਤਾ। 19 ਪਰ ਰਾਤ ਦੇ ਵਕਤ, ਪ੍ਰਭੂ ਦੇ ਦੂਤ ਨੇ ਜੇਲ ਦੇ ਸਾਰੇ ਦਰਵਾਜ਼ੇ ਖੋਲ੍ਹ ਦਿੱਤੇ। ਦੂਤ ਉਨ੍ਹਾਂ ਨੂੰ ਬਾਹਰ ਲੈ ਗਿਆ ਅਤੇ ਆਖਿਆ, 20 “ਜਾਓ ਅਤੇ ਮੰਦਰ ਦੇ ਵਿਹੜੇ ਵਿੱਚ ਖੜ੍ਹੇ ਹੋ ਜਾਓ। ਅਤੇ ਲੋਕਾਂ ਨੂੰ ਇਸ ਸਾਰੇ ਨਵੇਂ ਜੀਵਨ ਬਾਰੇ ਦੱਸੋ।” 21 ਜਦੋਂ ਰਸੂਲਾਂ ਨੇ ਅਜਿਹਾ ਸੁਣਿਆ, ਤਾਂ ਉਹ ਝੱਟ ਕਿਹਾ ਮੰਨ ਕੇ ਮੰਦਰ ਦੇ ਵਿੱਚ ਗਏ। ਇਹ ਅਮ੍ਰਿਤ ਵੇਲਾ ਸੀ ਜਦੋਂ ਰਸੂਲਾਂ ਨੇ ਲੋਕਾਂ ਨੂੰ ਉਪਦੇਸ਼ ਦੇਣੇ ਸ਼ੁਰੂ ਕੀਤੇ।
ਸਰਦਾਰ ਜਾਜਕ ਅਤੇ ਉਸ ਦੇ ਸਾਥੀ ਆਏ। ਉਨ੍ਹਾਂ ਨੇ ਯਹੂਦੀ ਆਗੂਆਂ ਅਤੇ ਯਹੂਦੀਆਂ ਦੇ ਮਹੱਤਵਪੂਰਣ ਬਜ਼ੁਰਗਾਂ ਨੂੰ ਸੱਦਿਆ ਅਤੇ ਇੱਕ ਸਭਾ ਕੀਤੀ। ਫ਼ੇਰ ਉਨ੍ਹਾਂ ਨੇ ਕੁਝ ਲੋਕਾਂ ਨੂੰ ਰਸੂਲਾਂ ਨੂੰ ਕੈਦ ਵਿੱਚੋਂ ਲਿਆਉਣ ਲਈ ਭੇਜਿਆ। 22 ਜਦੋਂ ਉਹ ਲੋਕ ਕੈਦਖਾਨੇ ਕੋਲ ਪਹੁੰਚੇ, ਉੱਥੇ ਉਹ ਉਨ੍ਹਾਂ ਨੂੰ ਲੱਭ ਨਾ ਸੱਕੇ। ਉਹ ਵਾਪਸ ਆਏ ਅਤੇ ਇਹ ਸਾਰੀ ਗੱਲ ਯਹੂਦੀ ਆਗੂਆਂ ਨੂੰ ਦੱਸੀ। 23 ਉਨ੍ਹਾਂ ਆਦਮੀਆਂ ਕਿਹਾ, “ਜੇਲ੍ਹ ਬੰਦ ਸੀ ਅਤੇ ਉਸ ਨੂੰ ਜਿੰਦਰਾ ਵੀ ਲੱਗਿਆ ਹੋਇਆ ਸੀ। ਅਤੇ ਦਰਵਾਜ਼ਿਆਂ ਤੇ ਦਰਬਾਨ ਵੀ ਖੜ੍ਹੇ ਹੋਏ ਸਨ, ਪਰ ਜਦ ਅਸੀਂ ਦਰਵਾਜ਼ੇ ਖੋਲ੍ਹੇ ਤਾਂ ਜੇਲ੍ਹ ਅੰਦਰੋਂ ਖਾਲੀ ਪਈ ਸੀ।” 24 ਜਦੋਂ ਮੰਦਰ ਦੇ ਪੈਹਰੇਦਾਰਾਂ ਅਤੇ ਪਰਧਾਨ ਜਾਜਕਾਂ ਨੇ ਇਹ ਸਭ ਸੁਣਿਆ ਤਾਂ ਉਹ ਪਰੇਸ਼ਾਨ ਹੋਏ ਅਤੇ ਹੈਰਾਨ ਸਨ ਕਿ ਪਤਾ ਨਹੀਂ ਇਸਦੇ ਕਾਰਣ ਕੀ ਹੋ ਜਾਵੇ। 25 ਤਦ ਇੱਕ ਹੋਰ ਆਦਮੀ ਆਇਆ ਅਤੇ ਉਸ ਨੇ ਆਕੇ ਕਿਹਾ ਕਿ, “ਸੁਣੋ। ਜਿਨ੍ਹਾਂ ਮਨੁੱਖਾਂ ਨੂੰ ਤੁਸੀਂ ਕੈਦਖਾਨੇ ਵਿੱਚ ਕੈਦ ਕੀਤਾ ਸੀ ਉਹ ਮੰਦਰ ਦੇ ਵਿਹੜੇ ਚ ਖੜੋ ਕੇ ਲੋਕਾਂ ਨੂੰ ਉਪਦੇਸ਼ ਦੇ ਰਹੇ ਹਨ।” 26 ਤਦ ਕਪਤਾਨ ਅਤੇ ਉਸ ਦੇ ਆਦਮੀ ਬਾਹਰ ਗਏ ਅਤੇ ਰਸੂਲਾਂ ਨੂੰ ਵਾਪਸ ਲਿਆਏ। ਪਰ ਉਨ੍ਹਾਂ ਨੇ ਕੋਈ ਜ਼ੋਰ ਜਬਰਦਸਤੀ ਨਾ ਕੀਤੀ ਕਿਉਂਕਿ ਉਹ ਡਰਦੇ ਸਨ ਕਿ ਸ਼ਾਇਦ ਭੀੜ ਉਨ੍ਹਾਂ ਨੂੰ ਪੱਥਰ ਮਾਰੇ।
27 ਸਿਪਾਹੀਆਂ ਨੇ ਰਸੂਲਾਂ ਨੂੰ ਯਹੂਦੀ ਆਗੂਆਂ ਦੇ ਸਾਹਮਣੇ ਯਹੂਦੀ ਸਭਾ ਵਿੱਚ ਲਿਆ ਖੜ੍ਹਾ ਕੀਤਾ। ਪ੍ਰਧਾਨ ਜਾਜਕ ਨੇ ਰਸੂਲਾਂ ਨੂੰ ਸਵਾਲ ਕੀਤਾ। 28 ਉਸ ਨੇ ਆਖਿਆ, “ਅਸੀਂ ਬੜੀ ਦ੍ਰਿੜਤਾ ਨਾਲ ਤੁਹਾਨੂੰ ਦੁਬਾਰਾ ਕਦੇ ਵੀ ਇਸ ਆਦਮੀ ਯਿਸੂ ਬਾਰੇ ਉਪਦੇਸ਼ ਨਾ ਦੇਣ ਵਾਸਤੇ ਕਿਹਾ ਸੀ। ਪਰ ਵੇਖੋ ਤੁਸੀਂ ਕੀ ਕਰ ਰਹੇ ਹੋ? ਤੁਸੀਂ ਸਾਰੇ ਯਰੂਸ਼ਲਮ ਨੂੰ ਆਪਣੇ ਉਪਦੇਸ਼ਾਂ ਨਾਲ ਭਰ ਦਿੱਤਾ ਹੈ। ਇੰਝ ਕਰਕੇ ਤੁਸੀਂ ਸਾਨੂੰ ਉਸਦੀ ਮੌਤ ਦਾ ਜਿੰਮੇਵਾਰ ਠਹਿਰਾ ਰਹੇ ਹੋ।”
29 ਪਤਰਸ ਅਤੇ ਦੂਜੇ ਰਸੂਲਾਂ ਨੇ ਜਵਾਬ ਦਿੱਤਾ, “ਮਨੁੱਖਾਂ ਦੇ ਹੁਕਮ ਨਾਲੋਂ ਸਾਨੂੰ ਪਰਮੇਸ਼ੁਰ ਦੇ ਹੁਕਮ ਦੀ ਪਾਲਣਾ ਵੱਧੇਰੇ ਕਰਨੀ ਚਾਹੀਦੀ ਹੈ। 30 ਤੁਸੀਂ ਯਿਸੂ ਨੂੰ ਮਾਰ ਦਿੱਤਾ। ਤੁਸੀਂ ਉਸ ਨੂੰ ਸੂਲੀ ਤੇ ਚਾੜ੍ਹ ਦਿੱਤਾ ਪਰ ਪਰਮੇਸ਼ੁਰ ਨੇ, ਜਿਹੜਾ ਸਾਡੇ ਪੁਰਖਿਆਂ ਦਾ ਵੀ ਪਿਤਾ ਹੈ, ਯਿਸੂ ਨੂੰ ਮੁੜ ਮੌਤ ਤੋਂ ਜੀਵਾਲਿਆ। 31 ਉਸ ਨੂੰ ਪਰਮੇਸ਼ੁਰ ਨੇ ਆਪਣੇ ਕੋਲ ਸੱਜੇ ਪਾਸੇ, ਉੱਚਾ ਚੁੱਕ ਕੇ ਸਾਡਾ ਸਰਦਾਰ ਅਤੇ ਮੁਕਤੀ ਦਾਤਾ ਠਹਿਰਾਇਆ ਹੈ। ਪਰਮੇਸ਼ੁਰ ਨੇ ਇਹ ਇਸ ਲਈ ਕੀਤਾ ਤਾਂ ਜੋ ਸਾਰੇ ਯਹੂਦੀ ਆਪਣੇ ਦਿਲ ਅਤੇ ਜੀਵਨਾਂ ਨੂੰ ਬਦਲ ਸੱਕਣ ਅਤੇ ਆਪਣੇ ਪਾਪਾਂ ਵਾਸਤੇ ਮੁਆਫ਼ੀ ਪਾ ਸੱਕਣ। 32 ਅਸੀਂ ਇਹ ਸਭ ਵਾਪਰਦਿਆਂ ਵੇਖਿਆ ਹੈ ਇਸ ਲਈ ਅਸੀਂ ਇਹ ਆਖ ਸੱਕਦੇ ਹਾਂ ਕਿ ਇਹ ਸਭ ਸੱਚ ਹੈ ਤੇ ਪਵਿੱਤਰ ਆਤਮਾ ਵੀ ਇਹ ਦਰਸ਼ਾਉਂਦਾ ਹੈ ਕਿ ਇਹ ਸਭ ਸੱਚ ਹੈ। ਇਸ ਲਈ ਪਰਮੇਸ਼ੁਰ ਨੇ ਉਨ੍ਹਾਂ ਸਭਨਾ ਨੂੰ ਜੋ ਉਸ ਨੂੰ ਮੰਨਦੇ ਹਨ ਪਵਿੱਤਰ ਆਤਮਾ ਬਖਸ਼ਿਆ ਹੈ।”
33 ਇਹ ਗੱਲਾਂ ਸੁਣਕੇ, ਯਹੂਦੀ ਆਗੂ ਬਹੁਤ ਗੁੱਸੇ ਹੋਏ ਅਤੇ ਉਨ੍ਹਾਂ ਨੇ ਰਸੂਲਾਂ ਨੂੰ ਮਾਰਨ ਦਾ ਨਿਸ਼ਚਾ ਕੀਤਾ। 34 ਸਭਾ ਵਿੱਚੋਂ ਇੱਕ ਫ਼ਰੀਸੀ ਉੱਠ ਖਲੋਇਆ। ਉਸ ਦਾ ਨਾਂ ਗਮਲੀਏਲ ਸੀ। ਉਹ ਸ਼ਰ੍ਹਾ ਪੜਾਉਣ ਵਾਲਾ ਸੀ, ਅਤੇ ਸਾਰੇ ਲੋਕ ਉਸਦੀ ਇੱਜ਼ਤ ਕਰਦੇ ਸਨ। ਉਸ ਨੇ ਰਸੂਲਾਂ ਨੂੰ ਕੁਝ ਦੇਰ ਲਈ ਸਭਾ ਵਿੱਚੋਂ ਬਾਹਰ ਲੈ ਜਾਣ ਦਾ ਆਦੇਸ਼ ਦਿੱਤਾ। 35 ਤਦ ਉਸ ਨੇ ਉਨ੍ਹਾਂ ਨੂੰ ਕਿਹਾ, “ਹੇ ਇਸਰਾਏਲ ਦੇ ਪੁਰਖੋ, ਜੋ ਤੁਸੀਂ ਇਨ੍ਹਾਂ ਲੋਕਾਂ ਨਾਲ, ਕਰਨ ਦੀ ਵਿਉਂਤ ਬਣਾ ਰਹੇ ਹੋ, ਉਸ ਬਾਰੇ ਸਾਵੱਧਾਨ ਰਹੋ। 36 ਕੁਝ ਸਮਾਂ ਪਹਿਲਾਂ ਥੇਉਦਾਸ ਆਇਆ ਅਤੇ ਦਾਵ੍ਹਾ ਕੀਤਾ ਕਿ ਉਹ ਇੱਕ ਮਹੱਤਵਪੂਰਣ ਵਿਅਕਤੀ ਸੀ। ਚਾਰ ਸੌ ਦੇ ਨੇੜੇ ਲੋਕ ਉਸ ਨਾਲ ਜੁੜੇ। ਫ਼ੇਰ ਜਦੋਂ ਉਹ ਮਾਰਿਆ ਗਿਆ, ਉਸ ਦੇ ਸਾਰੇ ਚੇਲੇ ਖਿੱਲਰ ਗਏ ਅਤੇ ਇਸ ਸਾਰੇ ਕਾਸੇ ਦਾ ਅੰਤ ਹੋ ਗਿਆ। 37 ਬਾਅਦ ਵਿੱਚ, ਮਰਦੁਮਸ਼ੁਮਾਰੀ ਦੇ ਸਮੇਂ ਗਲੀਲੀ ਤੋਂ ਯਹੂਦਾ ਆਇਆ ਅਤੇ ਉਸ ਨੇ ਬਹੁਤ ਸਾਰੇ ਲੋਕਾਂ ਨੂੰ ਆਪਣੇ ਪਿੱਛੇ ਲਾ ਲਿਆ। ਉਹ ਵੀ ਮਾਰਿਆ ਗਿਆ ਅਤੇ ਜਿੰਨੇ ਉਸ ਨੂੰ ਮੰਨਦੇ ਸਨ ਸਭ ਇੱਧਰ-ਉੱਧਰ ਖਿੱਲਰ ਗਏ। 38 ਇਸੇ ਲਈ ਹੁਣ ਮੈਂ ਤੁਹਾਨੂੰ ਆਖਦਾ ਹਾਂ; ਇਨ੍ਹਾਂ ਲੋਕਾਂ ਬਾਰੇ ਤੰਗ ਨਾ ਹੋਵੋ। ਇਨ੍ਹਾਂ ਨੂੰ ਜਾਣ ਦਿਉ। ਜੇਕਰ ਇਨ੍ਹਾਂ ਦੀਆਂ ਵਿਉਂਤਾਂ ਅਤੇ ਅਮਲ ਲੋਕਾਂ ਵੱਲੋਂ ਹਨ, ਤਾਂ ਇਹ ਅਸਫ਼ਲ ਹੋ ਜਾਣਗੀਆਂ। 39 ਪਰ ਜੇਕਰ ਇਹ ਪਰਮੇਸ਼ੁਰ ਵੱਲੋਂ ਹਨ, ਫ਼ੇਰ ਤੁਸੀਂ ਇਸ ਨੂੰ ਕਿਸੇ ਤਰ੍ਹਾਂ ਵੀ ਨਹੀਂ ਰੋਕ ਸੱਕਦੇ। ਸ਼ਾਇਦ ਤੁਸੀਂ ਅੰਤ ਵਿੱਚ ਖੁਦ ਪਰਮੇਸ਼ੁਰ ਦੇ ਖਿਲਾਫ਼ ਲੜ ਪਵੋਂ।”
ਯਹੂਦੀ ਆਗੂਆਂ ਨੇ ਉਸਦੀ ਗੱਲ ਮੰਨ ਲਈ। 40 ਫ਼ਿਰ ਉਨ੍ਹਾਂ ਰਸੂਲਾਂ ਨੂੰ ਅੰਦਰ ਸੱਦਿਆ ਤਾਂ ਮਾਰ ਕੁੱਟਕੇ ਉਨ੍ਹਾਂ ਨੂੰ ਤਗੀਦ ਕੀਤੀ ਜੋ ਯਿਸੂ ਦੇ ਨਾਮ ਦੀ ਚਰਚਾ ਨਾ ਕਰਨ। ਇਹ ਆਖਕੇ ਉਨ੍ਹਾਂ ਰਸੂਲਾਂ ਨੂੰ ਭੇਜ ਦਿੱਤਾ। 41 ਰਸੂਲ ਸਭਾ ਤੋਂ ਵਿਦਾ ਹੋ ਗਏ। ਉਹ ਖੁਸ਼ ਸਨ ਕਿਉਂਕਿ ਪਰਮੇਸ਼ੁਰ ਨੇ ਉਨ੍ਹਾਂ ਨੂੰ ਯਿਸੂ ਦੇ ਨਾਂ ਵਾਸਤੇ ਕਸ਼ਟ ਝੱਲਣ ਯੋਗ ਸਮਝਿਆ। 42 ਰਸੂਲਾਂ ਨੇ ਲੋਕਾਂ ਨੂੰ ਉਪਦੇਸ਼ ਦੇਣੇ ਬੰਦ ਨਾ ਕੀਤੇ। ਉਹ ਲੋਕਾਂ ਨੂੰ ਇਸ ਖੁਸ਼ਖਬਰੀ ਦਾ, ਕਿ ਯਿਸੂ ਹੀ ਮਸੀਹ ਹੈ, ਪ੍ਰਚਾਰ ਕਰਦੇ ਰਹੇ। ਉਨ੍ਹਾਂ ਨੇ ਇਹ ਹਰ ਰੋਜ਼ ਮੰਦਰ ਦੇ ਵਿਹੜੇ ਵਿੱਚ ਅਤੇ ਲੋਕਾਂ ਦੇ ਘਰਾਂ ਵਿੱਚ ਕੀਤਾ।
ਖਾਸ ਕੰਮ ਲਈ ਸੱਤ ਮਨੁੱਖਾਂ ਦਾ ਚੁਣੇ ਜਾਣਾ
6 ਉਨ੍ਹੀਂ ਦਿਨੀ, ਯਿਸੂ ਦੇ ਚੇਲਿਆਂ ਦੀ ਗਿਣਤੀ ਵੱਧਦੀ ਜਾ ਰਹੀ ਸੀ। ਇਸ ਅੰਤਰਾਲ ਵਿੱਚ, ਯੂਨਾਨੀ ਬੋਲਣ ਵਾਲੇ ਚੇਲਿਆਂ ਨੇ ਦੂਜੇ ਚੇਲਿਆਂ ਬਾਰੇ, ਜੋ ਕਿ ਇਸਰਾਏਲੀ ਸਨ, ਸ਼ਿਕਾਇਤ ਕੀਤੀ। ਉਨ੍ਹਾਂ ਨੇ ਸ਼ਿਕਾਇਤ ਕੀਤੀ ਕਿ ਉਨ੍ਹਾਂ ਦੀਆਂ ਵਿਧਵਾਵਾਂ ਨੂੰ ਹਰ ਰੋਜ਼ ਭੋਜਨ ਦੀ ਵੰਡ ਦਾ ਸਹੀ ਹਿੱਸਾ ਨਹੀਂ ਮਿਲ ਰਿਹਾ ਸੀ। 2 ਤਾਂ ਬਾਰ੍ਹਾਂ ਰਸੂਲਾਂ ਨੇ ਸਾਰੇ ਚੇਲਿਆਂ ਨੂੰ ਇਕੱਠਿਆਂ ਕੀਤਾ ਅਤੇ ਕਿਹਾ, “ਇਹ ਚੰਗਾ ਨਹੀਂ ਹੈ ਕਿ ਅਸੀਂ ਪਰਮੇਸ਼ੁਰ ਦੇ ਸ਼ਬਦ ਦੀ ਸੇਵਾ ਦੀ ਥਾਂ ਤੇ ਭੋਜਨ ਵਰਤਾਉਣ ਵਿੱਚ ਆਪਣਾ ਸਮਾਂ ਬਰਬਾਦ ਕਰੀਏ। 3 ਇਸੇ ਲਈ, ਹੇ ਭਰਾਵੋ, ਤੁਸੀਂ ਆਪਣੇ ਵਿੱਚੋਂ ਉਨ੍ਹਾਂ ਸੱਤ ਆਦਮੀਆਂ ਨੂੰ ਚੁਣੋ, ਜਿਨ੍ਹਾਂ ਦੀ ਪ੍ਰਤਿਸ਼ਠਾ ਚੰਗੀ ਹੋਵੇ। ਉਹ ਸਿਆਣਪ ਅਤੇ ਆਤਮਾ ਨਾਲ ਭਰਪੂਰ ਹੋਣੇ ਚਾਹੀਦੇ ਹਨ। ਅਸੀਂ ਉਨ੍ਹਾਂ ਨੂੰ ਇਹ ਕਾਰਜ ਸੌਂਪ ਦੇਵਾਂਗੇ। 4 ਫ਼ੇਰ ਅਸੀਂ ਆਪਣਾ ਸਾਰਾ ਸਮਾਂ ਪ੍ਰਾਰਥਨਾ ਅਤੇ ਪਰਮੇਸ਼ੁਰ ਦੇ ਬਚਨਾਂ ਦਾ ਉਪਦੇਸ਼ ਕਰਨ ਵਿੱਚ ਬਿਤਾ ਸੱਕਾਂਗੇ।”
5 ਸਭ ਲੋਕਾਂ ਨੂੰ ਇਹ ਮਸ਼ਵਰਾ ਪਸੰਦ ਆਇਆ। ਫ਼ੇਰ ਉਨ੍ਹਾਂ ਨੇ ਇਸਤੀਫ਼ਾਨ ਨੂੰ ਜਿਹੜਾ ਵੱਡੀ ਨਿਹਚਾ ਅਤੇ ਪਵਿੱਤਰ ਆਤਮਾ ਨਾਲ ਭਰਪੂਰ ਸੀ, ਫ਼ਿਲਿਪੁੱਸ, ਪ੍ਰੋਖੋਰੁਸ, ਨਿਕਾਨੋਰ, ਤੀਮੋਨ, ਪਰਮਨਾਸ ਅਤੇ ਨਿਕਲਾਊਸ, ਜੋ ਕਿ ਅੰਤਾਕਿਯਾ ਤੋਂ ਸੀ ਅਤੇ ਜੋ ਕਿ ਯਹੂਦੀ ਬਣਿਆ ਸੀ ਨੂੰ ਚੁਣਿਆ। 6 ਫ਼ੇਰ ਉਹ ਇਨ੍ਹਾਂ ਸੱਤਾਂ ਆਦਮੀਆਂ ਨੂੰ ਰਸੂਲਾਂ ਸਾਹਮਣੇ ਲਿਆਏ। ਰਸੂਲਾਂ ਨੇ ਪ੍ਰਾਰਥਨਾ ਕੀਤੀ ਅਤੇ ਉਨ੍ਹਾਂ ਉੱਤੇ ਆਪਣੇ ਹੱਥ ਰੱਖੇ।
7 ਪਰਮੇਸ਼ੁਰ ਦਾ ਬਚਨ ਵੱਧ ਤੋਂ ਵੱਧ ਫ਼ੈਲ ਰਿਹਾ ਸੀ, ਅਤੇ ਯਰੂਸ਼ਲਮ ਵਿੱਚ ਚੇਲਿਆਂ ਦੀ ਗਿਣਤੀ ਤੇਜ਼ ਰਫ਼ਤਾਰ ਨਾਲ ਵੱਧਦੀ ਗਈ। ਨਾਲ ਹੀ ਬਹੁਤ ਸਾਰੇ ਯਹੂਦੀ ਜਾਜਕ ਵੀ ਇਸ ਮੱਤ ਦੇ ਮੰਨਣ ਵਾਲੇ ਹੋ ਗਏ।
ਯਹੂਦੀ ਇਸਤੀਫ਼ਾਨ ਦੇ ਖਿਲਾਫ਼
8 ਇਸਤੀਫ਼ਾਨ ਨੇ, ਜੋ ਕਿ ਪਰਮੇਸ਼ੁਰ ਦੀ ਕਿਰਪਾ ਅਤੇ ਸ਼ਕਤੀ ਨਾਲ ਭਰਪੂਰ ਸੀ, ਵੱਡੇ ਅਚੰਭੇ ਕੀਤੇ ਅਤੇ ਲੋਕਾਂ ਨੂੰ ਚਮਤਕਾਰੀ ਨਿਸ਼ਾਨੀਆਂ ਦਿਖਾਈਆਂ। 9 ਪਰ ਕੁਝ ਯਹੂਦੀ, ਇਸਤੀਫ਼ਾਨ ਨਾਲ ਬਹਿਸ ਕਰਨ ਲੱਗੇ। ਇਹ ਯਹੂਦੀ, ਯਹੂਦੀਆਂ ਦੇ ਇੱਕ ਪ੍ਰਾਰਥਨਾ ਅਸਥਾਨ ਤੋਂ ਸਨ, ਜੋ ਲਿਬਰਤੀਨੀਆਂ ਦਾ ਪ੍ਰਾਰਥਨਾ ਸਥਾਨ ਜਾਣਿਆ ਜਾਂਦਾ ਸੀ। ਇਹ ਪ੍ਰਾਰਥਨਾ ਸਥਾਨ ਕੁਰੇਨੀਆਂ ਅਤੇ ਸਿਕੰਦਰੀਆਂ ਦੇ ਯਹੂਦੀਆਂ ਨਾਲ ਵੀ ਸੰਬੰਧਿਤ ਸੀ। ਕਿਲਿਕਿਯਾ ਅਤੇ ਅਸਿਯਾ ਤੋਂ ਵੀ ਯਹੂਦੀ ਉਨ੍ਹਾਂ ਦੇ ਨਾਲ ਆਏ ਸਨ। 10 ਪਰ ਪਵਿੱਤਰ ਆਤਮਾ ਇਸਤੀਫ਼ਾਨ ਨੂੰ ਸਿਆਣਪ ਨਾਲ ਬੋਲਣ ਵਿੱਚ ਮਦਦ ਕਰ ਰਿਹਾ ਸੀ। ਉਸਦੀ ਗੱਲ ਇੰਨੀ ਸਿਆਣੀ ਤੇ ਜ਼ੋਰਦਾਰ ਸੀ ਕਿ ਕੋਈ ਵੀ ਯਹੂਦੀ ਉਸ ਅੱਗੇ ਠਹਿਰ ਨਾ ਸੱਕਿਆ।
11 ਇਸ ਲਈ ਯਹੂਦੀਆਂ ਨੇ ਇਹ ਆਖਣ ਲਈ ਕੁਝ ਬੰਦੇ ਭਾੜੇ ਤੇ ਲੈ ਲਏ, “ਅਸੀਂ ਇਸਤੀਫ਼ਾਨ ਨੂੰ ਮੂਸਾ ਅਤੇ ਪਰਮੇਸ਼ੁਰ ਦੇ ਵਿਰੁੱਧ ਬੋਲਦੇ ਸੁਣਿਆ ਹੈ।” 12 ਇਸ ਤਰ੍ਹਾਂ, ਯਹੂਦੀਆਂ ਨੇ ਲੋਕਾਂ ਨੂੰ, ਬਜ਼ੁਰਗ ਯਹੂਦੀ ਆਗੂਆਂ ਨੂੰ, ਅਤੇ ਨੇਮ ਦੇ ਉਪਦੇਸ਼ਕਾਂ ਨੂੰ ਪਰੇਸ਼ਾਨ ਕਰ ਦਿੱਤਾ। ਇਸ ਲਈ ਉਹ ਗੁੱਸੇ ਵਿੱਚ ਆਏ ਅਤੇ ਉਨ੍ਹਾਂ ਨੇ ਇਸਤੀਫ਼ਾਨ ਨੂੰ ਜ਼ਬਰਦਸਤੀ ਫ਼ੜ ਲਿਆ। ਉਹ ਉਸ ਨੂੰ ਯਹੂਦੀ ਆਗੂਆਂ ਦੀ ਸਭਾ ਵਿੱਚ ਲੈ ਗਏ।
13 ਉਹ ਕੁਝ ਹੋਰ ਲੋਕਾਂ ਨੂੰ ਇਸਤੀਫ਼ਾਨ ਦੇ ਖਿਲਾਫ਼ ਬੋਲਣ ਲਈ ਲੈ ਆਏ। ਉਨ੍ਹਾਂ ਨੇ ਆਖਿਆ, “ਇਹ ਆਦਮੀ ਹਮੇਸ਼ਾ ਇਸ ਪਵਿੱਤਰ ਅਸਥਾਨ ਅਤੇ ਮੂਸਾ ਦੀ ਸ਼ਰ੍ਹਾ ਦੇ ਵਿਰੁੱਧ ਬੋਲਦਾ ਹੈ। 14 ਅਸੀਂ ਇਸ ਨੂੰ ਇਹ ਵੀ ਕਹਿੰਦਿਆਂ ਸੁਣਿਆ ਹੈ ਕਿ ਯਿਸੂ ਨਾਸਰੀ ਇਸ ਅਸਥਾਨ ਨੂੰ ਵੀ ਨਸ਼ਟ ਕਰ ਦੇਵੇਗਾ। ਅਸੀਂ ਇਸ ਨੂੰ ਇਹ ਕਹਿੰਦਿਆਂ ਸੁਣਿਆ ਹੈ ਕਿ ਯਿਸੂ ਉਨ੍ਹਾਂ ਰੀਤਾਂ ਨੂੰ ਬਦਲ ਦੇਵੇਗਾ ਜਿਹੜੀਆਂ ਮੂਸਾ ਨੇ ਸਾਨੂੰ ਦਿੱਤੀਆਂ।” 15 ਉਨ੍ਹਾਂ ਸਾਰੇ ਲੋਕਾਂ ਨੇ, ਜਿਹੜੇ ਉਸ ਸਭਾ ਵਿੱਚ ਬੈਠੇ ਸਨ, ਇਸਤੀਫ਼ਾਨ ਨੂੰ ਧਿਆਨ ਨਾਲ ਵੇਖਿਆ ਅਤੇ ਉਨ੍ਹਾਂ ਨੇ ਵੇਖਿਆ ਕਿ ਉਸਦਾ ਚਿਹਰਾ ਇੱਕ ਦੂਤ ਜਿਹਾ ਸੀ।
2010 by World Bible Translation Center