Print Page Options
Previous Prev Day Next DayNext

Beginning

Read the Bible from start to finish, from Genesis to Revelation.
Duration: 365 days
Punjabi Bible: Easy-to-Read Version (ERV-PA)
Version
ਯੂਹੰਨਾ 7-8

ਯਿਸੂ ਅਤੇ ਉਸ ਦੇ ਭਰਾ

ਇਸ ਤੋਂ ਬਾਦ ਯਿਸੂ ਨੇ ਗਲੀਲ ਦੇ ਪ੍ਰਾਂਤ ਵਿੱਚ ਯਾਤਰਾ ਕੀਤੀ। ਉਹ ਯਹੂਦਿਯਾ ਵਿੱਚ ਯਾਤਰਾ ਨਹੀਂ ਸੀ ਕਰਨਾ ਚਾਹੁੰਦਾ ਕਿਉਂਕਿ ਉਸ ਇਲਾਕੇ ਦੇ ਯਹੂਦੀਂ ਉਸ ਨੂੰ ਮਾਰਨਾ ਚਾਹੁੰਦੇ ਸਨ। ਯਹੂਦੀਆਂ ਲਈ ਡੇਰਿਆਂ ਦੇ ਪੁਰਬ [a] ਦਾ ਸਮਾਂ ਨੇੜੇ ਆ ਰਿਹਾ ਸੀ। ਇਸ ਲਈ ਯਿਸੂ ਦੇ ਭਰਾਵਾਂ ਨੇ ਉਸ ਨੂੰ ਆਖਿਆ, “ਹੁਣ ਤੂੰ ਵਿਦਾ ਹੋ ਅਤੇ ਯਹੂਦਿਯਾ ਨੂੰ ਜਾ ਤਾਂ ਜੋ ਜਿਹੜੇ ਕਰਿਸ਼ਮੇ ਤੂੰ ਕਰਦਾ ਹੈਂ ਉੱਥੇ ਤੇਰੇ ਚੇਲੇ ਵੇਖ ਸੱਕਣ, ਜੇਕਰ ਕੋਈ ਚਾਹੁੰਦਾ ਹੈ ਕਿ ਲੋਕ ਉਸ ਨੂੰ ਜਾਨਣ ਤਾਂ ਉਸ ਮਨੁੱਖ ਨੂੰ ਲੋਕਾਂ ਕੋਲੋਂ ਕੁਝ ਛੁਪਾਉਣਾ ਨਹੀਂ ਚਾਹੀਦਾ। ਉਸ ਨੂੰ ਆਪਣੇ ਆਪ ਨੂੰ ਦੁਨੀਆਂ ਨੂੰ ਵਿਖਾਉਣਾ ਚਾਹੀਦਾ ਹੈ। ਉਨ੍ਹਾਂ ਨੂੰ ਵੀ ਵੇਖਣ ਦੇ ਜਿਹੜੇ ਅਨੋਖੇ ਕੰਮ ਤੂੰ ਕਰਦਾ ਹੈਂ।” ਯਿਸੂ ਦੇ ਭਰਾਵਾਂ ਨੇ ਵੀ ਉਸ ਵਿੱਚ ਵਿਸ਼ਵਾਸ ਨਹੀਂ ਕੀਤਾ।

ਯਿਸੂ ਨੇ ਆਪਣੇ ਭਰਾਵਾਂ ਨੂੰ ਕਿਹਾ, “ਹਾਲੇ ਮੇਰੇ ਲਈ ਸਹੀ ਸਮਾਂ ਨਹੀਂ ਆਇਆ ਹੈ ਪਰ ਤੁਹਾਡੇ ਲਈ ਕੋਈ ਵੀ ਸਮਾਂ ਠੀਕ ਹੈ। ਦੁਨੀਆਂ ਤੁਹਾਡੇ ਨਾਲ ਨਫ਼ਰਤ ਨਹੀਂ ਕਰ ਸੱਕਦੀ। ਪਰ ਇਹ ਮੇਰੇ ਨਾਲ ਨਫ਼ਰਤ ਕਰਦੀ ਹੈ। ਕਿਉਂਕਿ ਮੈਂ ਦੁਨੀਆਂ ਦੇ ਲੋਕਾਂ ਨੂੰ ਦੱਸਦਾ ਹਾਂ ਕਿ ਉਹ ਭੈੜੇ ਕੰਮ ਕਰਦੇ ਹਨ। ਇਸ ਲਈ ਤਿਉਹਾਰ ਤੇ ਤੁਸੀਂ ਜਾਵੋ। ਇਸ ਵਾਰ ਮੈਂ ਤਿਉਹਾਰ ਤੇ ਨਹੀਂ ਜਾਵਾਂਗਾ। ਮੇਰੇ ਲਈ ਅਜੇ ਸਹੀ ਵਕਤ ਨਹੀਂ ਆਇਆ।” ਇਹ ਆਖਣ ਤੋਂ ਬਾਦ ਯਿਸੂ ਗਲੀਲ ਵਿੱਚ ਹੀ ਠਹਿਰਿਆ।

10 ਇਸ ਲਈ ਯਿਸੂ ਦੇ ਭਰਾ ਤਿਉਹਾਰ ਤੇ ਚੱਲੇ ਗਏ। ਉਨ੍ਹਾਂ ਦੇ ਜਾਣ ਤੋਂ ਬਾਦ, ਯਿਸੂ ਵੀ ਚੱਲਿਆ ਗਿਆ। ਪਰ ਉਹ ਲੋਕਾਂ ਸਾਹਮਣੇ ਨਹੀਂ ਸਗੋਂ ਗੁਪਤ ਤੌਰ ਤੇ ਗਿਆ। 11 ਉੱਥੇ ਯਹੂਦੀ ਤਿਉਹਾਰ ਦੇ ਇਕੱਠ ਵਿੱਚ ਯਿਸੂ ਨੂੰ ਲੱਭਣ ਲੱਗੇ ਅਤੇ ਆਖਿਆ, “ਉਹ ਕਿੱਥੇ ਹੈ?”

12 ਉੱਥੇ ਬੜੀ ਭੀੜ ਇੱਕਤਰ ਸੀ, ਕੁਝ ਲੋਕ ਆਪਸ ਵਿੱਚ ਗੁਪਤ ਤੌਰ ਤੇ ਯਿਸੂ ਦੇ ਬਾਰੇ ਗੱਲਾਂ ਕਰ ਰਹੇ ਸਨ ਅਤੇ ਕੁਝ ਆਖ ਰਹੇ ਸਨ, “ਉਹ ਇੱਕ ਚੰਗਾ ਮਨੁੱਖ ਹੈ।” ਕੁਝ ਨੇ ਕਿਹਾ, “ਨਹੀਂ, ਉਹ ਲੋਕਾਂ ਨੂੰ ਗੁਮਰਾਹ ਕਰ ਰਿਹਾ ਹੈ।” 13 ਪਰ ਇੰਨਾ ਬਹਾਦੁਰ ਉਨ੍ਹਾਂ ਵਿੱਚ ਕੋਈ ਵੀ ਨਹੀਂ ਸੀ ਜੋ ਖੁਲ੍ਹੇ ਆਮ ਉਸ ਬਾਰੇ ਗੱਲ ਕਰਦਾ ਕਿਉਂਕਿ ਲੋਕ ਯਹੂਦੀ ਆਗੂਆਂ ਤੋਂ ਸਹਿਮੇ ਹੋਏ ਸਨ।

ਯਿਸੂ ਦਾ ਯਰੂਸ਼ਲਮ ਵਿੱਚ ਉਪਦੇਸ਼

14 ਤਕਰੀਬਨ ਅੱਧਾ ਕੁ ਤਿਉਹਾਰ ਸਮਾਪਤ ਹੋ ਚੁੱਕਾ ਸੀ। ਯਿਸੂ ਮੰਦਰ ਅੰਦਰ ਗਿਆ ਅਤੇ ਉਸ ਥਾਂ ਤੇ ਉਪਦੇਸ਼ ਦੇਣਾ ਸ਼ੁਰੂ ਕਰ ਦਿੱਤਾ। 15 ਯਹੂਦੀ ਹੈਰਾਨ ਸਨ ਅਤੇ ਆਖਿਆ, “ਇਹ ਮਨੁੱਖ ਕਦੇ ਵੀ ਪਾਠਸ਼ਾਲਾ ਨਹੀਂ ਗਿਆ। ਉਹ ਇਹ ਸਭ ਕਿਵੇਂ ਸਿੱਖਿਆ?”

16 ਯਿਸੂ ਨੇ ਜਵਾਬ ਦਿੱਤਾ “ਜੋ ਉਪਦੇਸ਼ ਮੈਂ ਦਿੰਦਾ ਹਾਂ, ਮੇਰੇ ਆਪਣੇ ਉਪਦੇਸ਼ ਨਹੀਂ ਹਨ, ਸਗੋਂ ਉਸਤੋਂ ਆਉਂਦੇ ਹਨ ਜਿਸਨੇ ਮੈਨੂੰ ਭੇਜਿਆ ਹੈ। 17 ਜੇਕਰ ਕੋਈ ਪਰਮੇਸ਼ੁਰ ਦੀ ਮਰਜੀ ਨੂੰ ਪੂਰਾ ਕਰਨਾ ਚਾਹੁੰਦਾ ਹੈ ਤਾਂ ਉਹ ਇਨ੍ਹਾਂ ਉਪਦੇਸ਼ਾਂ ਬਾਰੇ ਸਮਝੇਗਾ ਕਿ ਕੀ ਮੇਰੀਆਂ ਸਿੱਖਿਆਵਾਂ ਪਰਮੇਸ਼ੁਰ ਵੱਲੋਂ ਹਨ ਜਾਂ ਮੇਰੀਆਂ ਆਪਣੀਆਂ। 18 ਕੋਈ ਵੀ ਜੋ ਆਪਣੇ ਵਿੱਚਾਰਾਂ ਦਾ ਪ੍ਰਚਾਰ ਕਰਦਾ ਹੈ, ਆਪਣੇ-ਆਪ ਨੂੰ ਮਸ਼ਹੂਰ ਕਰਨ ਲਈ ਕਰਦਾ ਹੈ। ਪਰ ਉਹ ਇੱਕ ਜਿਹੜਾ, ਉਸ ਨੂੰ ਮਸ਼ਹੂਰ ਕਰਨ ਦੀ ਕੋਸ਼ਿਸ਼ ਕਰਦਾ ਹੈ ਜਿਸਨੇ ਉਸ ਨੂੰ ਭੇਜਿਆ ਸੱਚਾ ਹੈ ਅਤੇ ਉਸ ਵਿੱਚ ਕੋਈ ਗਲਤੀ ਨਹੀਂ ਹੈ। 19 ਕੀ ਮੂਸਾ ਨੇ ਤੁਹਾਨੂੰ ਸ਼ਰ੍ਹਾ ਨਹੀਂ ਦਿੱਤੀ ਪਰ ਤੁਹਾਡੇ ਵਿੱਚੋਂ ਕੋਈ ਵੀ ਨੇਮ ਨੂੰ ਨਹੀਂ ਮੰਨਦਾ! ਤੁਸੀਂ ਮੈਨੂੰ ਮਾਰ ਸੁੱਟਣ ਦੇ ਮਗਰ ਕਿਉਂ ਪਏ ਹੋਏ ਹੋ?”

20 ਲੋਕਾਂ ਨੇ ਜਵਾਬ ਦਿੱਤਾ, “ਤੇਰੇ ਅੰਦਰ ਭੂਤ ਹੈ ਜੋ ਤੈਨੂੰ ਮਾਰਨ ਦੀ ਕੋਸ਼ਿਸ਼ ਕਰ ਰਿਹਾ ਹੈ?”

21 ਯਿਸੂ ਨੇ ਜਵਾਬ ਦਿੱਤਾ, “ਮੈਂ ਇੱਕ ਕਰਿਸ਼ਮਾ ਕੀਤਾ ਤੇ ਤੁਸੀਂ ਸਾਰੇ ਹੈਰਾਨ ਹੋ। 22 ਮੂਸਾ ਨੇ ਤੁਹਾਨੂੰ ਸੁੰਨਤ ਬਾਰੇ ਸ਼ਰ੍ਹਾ ਦਿੱਤੀ। ਭਾਵੇਂ ਸੁੰਨਤ ਮੂਸਾ ਤੋਂ ਨਹੀਂ ਆਈ, ਇਹ ਸਾਡੇ ਪਿਉ-ਦਾਦਿਆਂ ਤੋਂ ਆਈ ਹੈ ਜੋ ਮੂਸਾ ਤੋਂ ਪਹਿਲਾਂ ਸਨ। ਇਸ ਲਈ ਕਈ ਵਾਰ ਤੁਸੀਂ ਸਬਤ ਦੇ ਦਿਨ ਵੀ ਸੁੰਨਤ ਕਰਦੇ ਹੋ। 23 ਇਸ ਲਈ ਸ਼ਰ੍ਹਾ ਦੀ ਪਾਲਣਾ ਲਈ ਕਿਸੇ ਵੀ ਵਿਅਕਤੀ ਦੀ ਸੁੰਨਤ, ਸਬਤ ਦੇ ਦਿਨ ਵੀ, ਹੋ ਸੱਕਦੀ ਹੈ। ਤਾਂ ਫ਼ੇਰ ਤੁਸੀਂ ਗੁੱਸੇ ਕਿਉਂ ਹੁੰਦੇ ਹੋ ਕਿ ਮੈਂ ਵਿਅਕਤੀ ਦੇ ਪੂਰੇ ਸਰੀਰ ਨੂੰ ਸਬਤ ਦੇ ਦਿਨ ਚੰਗਾ ਕੀਤਾ ਹੈ? 24 ਕਿਸੇ ਚੀਜ਼ ਦੇ ਬਾਹਰੀ ਸੂਰਤ ਦੇ ਆਧਾਰ ਤੇ ਨਿਆਂ ਨਾਂ ਕਰੋ ਬਲਕਿ ਜੋ ਠੀਕ ਹੈ ਉਸ ਦੇ ਅਧਾਰ ਤੇ ਨਿਆਂ ਕਰੋ।”

ਲੋਕ ਹੈਰਾਨ ਸਨ ਕਿ ਕੀ ਯਿਸੂ ਹੀ ਮਸੀਹ ਸੀ

25 ਕੁਝ ਲੋਕ ਜੋ ਯਰੂਸ਼ਲਮ ਦੇ ਰਹਿਣ ਵਾਲੇ ਸਨ ਉਨ੍ਹਾਂ ਨੇ ਕਿਹਾ, “ਇਹ ਉਹੀ ਮਨੁੱਖ ਹੋ ਸੱਕਦਾ ਹੈ ਜਿਸ ਨੂੰ ਆਗੂ ਮਾਰਨ ਦੀ ਕੋਸ਼ਿਸ਼ ਕਰ ਰਹੇ ਹਨ। 26 ਪਰ ਉਹ ਖੁਲ੍ਹੇ-ਆਮ ਉਪਦੇਸ਼ ਦੇ ਰਿਹਾ ਹੈ ਅਤੇ ਉਸ ਨੂੰ ਕੋਈ ਉਪਦੇਸ਼ ਦੇਣ ਤੋਂ ਨਹੀਂ ਰੋਕ ਰਿਹਾ। ਸੰਭਵ ਹੈ, ਕਿ ਆਗੂਆਂ ਨੇ ਉਸ ਨੂੰ ਮਸੀਹ ਮੰਨ ਲਿਆ ਹੋਵੇ। 27 ਪਰ ਅਸੀਂ ਜਾਣਦੇ ਹਾਂ ਕਿ ਇਹ ਆਦਮੀ ਕਿੱਥੋਂ ਆਇਆ ਹੈ ਪਰ ਜਦੋਂ ਅਸਲੀ ਮਸੀਹ ਆਵੇਗਾ ਤਾਂ ਕੋਈ ਨਹੀਂ ਜਾਣੇਗਾ ਕਿ ਉਹ ਕਿੱਥੋਂ ਦਾ ਹੈ?”

28 ਜਦੋਂ ਯਿਸੂ ਮੰਦਰ ਵਿੱਚ ਉਪਦੇਸ਼ ਦੇ ਰਿਹਾ ਸੀ, ਉਸ ਨੇ ਆਖਿਆ, “ਤੁਸੀਂ ਮੈਨੂੰ ਜਾਣਦੇ ਹੋ ਅਤੇ ਤੁਸੀਂ ਇਹ ਵੀ ਜਾਣਦੇ ਹੋ ਕਿ ਮੈਂ ਕਿੱਥੋਂ ਆਇਆ ਹਾਂ। ਪਰ ਮੈਂ ਇੱਥੇ ਆਪਣੇ ਅਧਿਕਾਰ ਨਾਲ ਨਹੀਂ ਆਇਆ। ਮੈਂ ਉਸ ਵੱਲੋਂ ਭੇਜਿਆ ਗਿਆ ਹਾਂ ਜਿਹੜਾ ਸੱਚਾ ਹੈ। ਪਰ ਤੁਸੀਂ ਉਸ ਨੂੰ ਨਹੀਂ ਜਾਣਦੇ। 29 ਪਰ ਮੈਂ ਉਸ ਨੂੰ ਜਾਣਦਾ ਹਾਂ, ਅਤੇ ਮੈਂ ਉਸ ਵੱਲੋਂ ਆਇਆ ਹਾਂ। ਉਹੀ ਹੈ ਜਿਸਨੇ ਮੈਨੂੰ ਭੇਜਿਆ ਹੈ।”

30 ਜਦੋਂ ਯਿਸੂ ਨੇ ਇਹ ਆਖਿਆ ਤਾਂ ਉਨ੍ਹਾਂ ਨੇ ਉਸ ਨੂੰ ਫ਼ੜਨ ਦੀ ਕੋਸ਼ਿਸ਼ ਕੀਤੀ ਪਰ ਕੋਈ ਵੀ ਉਸ ਨੂੰ ਛੂਹ ਨਾ ਸੱਕਿਆ। ਕਿਉਂ ਕਿ ਯਿਸੂ ਦੇ ਜਾਨੋਂ ਮਾਰੇ ਜਾਣ ਦਾ ਇਹ ਸਹੀ ਸਮਾਂ ਨਹੀਂ ਸੀ। 31 ਪਰ ਕਈਆਂ ਲੋਕਾਂ ਨੇ ਉਸ ਉੱਤੇ ਵਿਸ਼ਵਾਸ ਕੀਤਾ ਅਤੇ ਆਖਿਆ, “ਅਸੀਂ ਮਸੀਹ ਦੇ ਆਉਣ ਦਾ ਇੰਤਜ਼ਾਰ ਕਰ ਰਹੇ ਹਾਂ। ਕੀ ਜਦੋਂ ਉਹ ਆਵੇਗਾ ਤਾਂ ਇਸ ਆਦਮੀ ਤੋਂ ਵੀ ਵੱਧ ਕਰਾਮਾਤਾਂ ਕਰੇਗਾ? ਇਸ ਲਈ ਇਹੀ ਮਸੀਹ ਹੋਣਾ ਚਾਹੀਦਾ ਹੈ।”

ਯਹੂਦੀਆਂ ਵੱਲੋਂ ਯਿਸੂ ਨੂੰ ਕੈਦ ਵਿੱਚ ਪਾਉਣ ਦੀ ਕੋਸ਼ਿਸ਼

32 ਜਦੋਂ ਫ਼ਰੀਸੀਆਂ ਨੇ ਯਿਸੂ ਬਾਰੇ ਇਹ ਚਰਚਾਵਾਂ ਸੁਣੀਆਂ, ਪ੍ਰਧਾਨ ਜਾਜਕਾਂ ਅਤੇ ਫ਼ਰੀਸੀਆਂ ਨੇ ਕੁਝ ਮੰਦਰ ਦੇ ਪਹਿਰੇਦਾਰਾਂ ਨੂੰ ਉਸ ਨੂੰ ਗਿਰਫ਼ਤਾਰ ਕਰਨ ਲਈ ਭੇਜਿਆ। 33 ਤਾਂ ਯਿਸੂ ਨੇ ਕਿਹਾ, “ਹਾਂ, ਅਜੇ ਥੋੜਾ ਚਿਰ ਹੋਰ ਮੈਂ ਤੁਹਾਡੇ ਨਾਲ ਰਹਾਂਗਾ, ਫਿਰ ਮੈਂ ਉਸ ਕੋਲ ਵਾਪਸ ਚੱਲਾ ਜਾਵਾਂਗਾ, ਜਿਸ ਨੇ ਮੈਨੂੰ ਇੱਥੇ ਭੇਜਿਆ ਹੈ। 34 ਤੁਸੀਂ ਮੈਨੂੰ ਲੱਭੋਂਗੇ ਪਰ ਲੱਭ ਨਾ ਸੱਕੋਂਗੇ ਕਿਉਂ ਕਿ ਤੁਸੀਂ ਉੱਥੇ ਨਹੀਂ ਪਹੁੰਚ ਪਾਵੋਂਗੇ ਜਿੱਥੇ ਮੈਂ ਹਾਂ।”

35 ਯਹੂਦੀਆਂ ਨੇ ਇੱਕ ਦੂਸਰੇ ਨੂੰ ਆਖਿਆ, “ਇਹ ਭਲਾ ਕਿੱਥੇ ਚੱਲਾ ਜਾਵੇਗਾ ਜਿੱਥੇ ਕਿ ਅਸੀਂ ਇਸ ਨੂੰ ਲੱਭ ਨਹੀਂ ਸੱਕਦੇ? ਕੀ ਇਹ ਉਨ੍ਹਾਂ ਯੂਨਾਨੀ ਸ਼ਹਿਰਾਂ ਵਿੱਚ ਜਾਵੇਗਾ ਜਿੱਥੇ ਸਾਡੇ ਲੋਕ ਰਹਿੰਦੇ ਹਨ? ਕੀ ਉਹ ਉੱਥੇ ਯੂਨਾਨੀਆਂ ਨੂੰ ਉਪਦੇਸ਼ ਦੇਣ ਜਾ ਰਿਹਾ ਹੈ? 36 ਇਹ ਆਦਮੀ ਕਹਿੰਦਾ ਹੈ, ਤੁਸੀਂ ਮੈਨੂੰ ਲੱਭੋਂਗੇ ਪਰ ਮੈਨੂੰ ਭਾਲ ਨਹੀਂ ਸੱਕੋਂਗ਼ੇ। ਅਤੇ ਤੁਸੀਂ ਉੱਥੇ ਪਹੁੰਚਣ ਦੇ ਕਾਬਿਲ ਨਹੀਂ ਹੋਵੋਂਗੇ ਜਿੱਥੇ ਮੈਂ ਹਾਂ। ਇਸ ਦਾ ਕੀ ਮਤਲਬ ਹੋਇਆ?”

ਯਿਸੂ ਦੇ ਪਵਿੱਤਰ ਆਤਮਾ ਬਾਰੇ ਉਪਦੇਸ਼

37 ਤਿਉਹਾਰ ਦਾ ਅੰਤਿਮ ਦਿਨ ਆਇਆ ਇਹ ਤਿਉਹਾਰ ਦਾ ਸਭ ਤੋਂ ਖਾਸ ਦਿਨ ਸੀ। ਉਸ ਦਿਨ ਯਿਸੂ ਨੇ ਉੱਚੀ ਅਵਾਜ਼ ਵਿੱਚ ਖਲੋ ਕੇ ਆਖਿਆ, “ਜੇਕਰ ਕੋਈ ਪਿਆਸਾ ਹੈ ਤਾਂ ਉਸ ਨੂੰ ਮੇਰੇ ਕੋਲ ਆਕੇ ਪੀਣ ਦਿਉ। 38 ਇਹ ਪੋਥੀਆਂ ਵਿੱਚ ਲਿਖਿਆ ਹੈ ਕੋ ਜੋ ਮੇਰੇ ਵਿੱਚ ਵਿਸ਼ਵਾਸ ਕਰੇਗਾ ਅਮ੍ਰਿਤ ਜਲ ਦੇ ਦਰਿਆ ਉਸ ਦੇ ਦਿਲ ਵੱਲੋਂ ਵਹਿਣਗੇ।” 39 ਯਿਸੂ ਪਵਿੱਤਰ ਆਤਮਾ ਬਾਰੇ ਬੋਲ ਰਿਹਾ ਸੀ ਕਿ ਜੋ ਉਸ ਵਿੱਚ ਵਿਸ਼ਵਾਸ ਕਰਦੇ ਹਨ ਉਹ ਉਸ ਨੂੰ ਪ੍ਰਾਪਤ ਕਰ ਸੱਕਣਗੇ। ਕਿਉਂ ਕਿ ਆਤਮਾ ਹਾਲੇ ਨਹੀਂ ਦਿੱਤਾ ਗਿਆ ਸੀ, ਕਿਉਂ ਕਿ ਹਾਲੇ ਯਿਸੂ ਮਹਿਮਾ ਲਈ ਉੱਠਾਇਆ ਨਹੀਂ ਸੀ ਗਿਆ।

ਲੋਕਾਂ ਦਾ ਯਿਸੂ ਬਾਰੇ ਵਿਵਾਦ

40 ਜੋ ਯਿਸੂ ਆਖ ਰਿਹਾ ਸੀ ਲੋਕਾਂ ਨੇ ਸੁਣਿਆ। ਕੁਝ ਇੱਕ ਨੇ ਕਿਹਾ, “ਸੱਚ-ਮੁੱਚ ਹੀ ਇਹ ਮਨੁੱਖ ਨਬੀ ਹੈ।”

41 ਕੁਝ ਹੋਰਾਂ ਨੇ ਆਖਿਆ, “ਉਹ ਮਸੀਹਾ ਹੈ।”

ਕੁਝ ਹੋਰਨਾਂ ਨੇ ਆਖਿਆ, “ਮਸੀਹਾ ਗਲੀਲ ਵਿੱਚ ਨਹੀਂ ਆਵੇਗਾ। 42 ਇਹ ਪੋਥੀ ਵਿੱਚ ਲਿਖਿਆ ਹੋਇਆ ਹੈ ਕਿ ਮਸੀਹਾ ਦਾਊਦ ਦੇ ਪਰਿਵਾਰ ਵਿੱਚੋਂ ਆਵੇਗਾ। ਅਤੇ ਬੈਤਲਹਮ ਦੀ ਨਗਰੀ ਵਿੱਚੋਂ ਆਵੇਗਾ ਜਿੱਥੇ ਦਾਊਦ ਰਹਿੰਦਾ ਸੀ।” 43 ਇਸ ਲਈ ਲੋਕਾਂ ਦਾ ਯਿਸੂ ਬਾਰੇ ਆਪਸ ਵਿੱਚ ਮਤਭੇਦ ਸੀ। 44 ਕੁਝ ਲੋਕ ਯਿਸੂ ਨੂੰ ਗਿਰਫ਼ਤਾਰ ਕਰਨਾ ਚਾਹੁੰਦੇ ਸਨ, ਪਰ ਕਿਸੇ ਨੇ ਵੀ ਉਸ ਨੂੰ ਹੱਥ ਨਾ ਪਾਇਆ।

ਯਹੂਦੀ ਆਗੂਆਂ ਨੇ ਯਿਸੂ ਨੂੰ ਮੰਨਣ ਤੋਂ ਇਨਕਾਰ ਕੀਤਾ

45 ਇਸ ਲਈ ਮੰਦਰ ਦੇ ਪਹਿਰੇਦਾਰ, ਫ਼ਰੀਸੀਆਂ ਅਤੇ ਪਰਧਾਨ ਜਾਜਕਾਂ ਕੋਲ ਗਏ ਤਾਂ ਉਨ੍ਹਾਂ ਫ਼ਰੀਸੀਆਂ ਅਤੇ ਜਾਜਕਾਂ ਨੇ ਪੁੱਛਿਆ, “ਤੁਸੀਂ ਯਿਸੂ ਨੂੰ ਗਿਰਫ਼ਤਾਰ ਕਰਕੇ ਆਪਣੇ ਨਾਲ ਕਿਉਂ ਨਹੀਂ ਲਿਆਂਦਾ?”

46 ਮੰਦਰ ਦੇ ਪਹਿਰੇਦਾਰਾਂ ਨੇ ਅੱਗੋਂ ਆਖਿਆ, “ਇਸਦੇ ਬਰਾਬਰ ਦੇ ਕਦੇ ਕਿਸੇ ਹੋਰ ਮਨੁੱਖ ਨੇ ਬਚਨ ਨਹੀਂ ਕੀਤੇ ਹਨ।”

47 ਫ਼ੇਰ ਫ਼ਰੀਸੀਆਂ ਨੇ ਆਖਿਆ, “ਕੀ ਇਸ ਦਾ ਭਾਵ ਇਹ ਹੈ ਕਿ ਉਸ ਨੇ ਤੁਹਾਨੂੰ ਵੀ ਮੂਰਖ ਬਣਾਇਆ ਹੈ। 48 ਕੀ ਕਿਸੇ ਵੀ ਆਗੂ ਜਾਂ ਫ਼ਰੀਸੀ ਨੇ ਉਸ ਵਿੱਚ ਵਿਸ਼ਵਾਸ ਕੀਤਾ ਹੈ? ਨਹੀਂ! 49 ਪਰ ਇਹ ਲੋਕ, ਜਿਨ੍ਹਾਂ ਨੂੰ ਸ਼ਰ੍ਹਾ ਦਾ ਨਹੀਂ ਪਤਾ, ਪਰਮੇਸ਼ੁਰ ਦੇ ਸ਼ਰਾਪ ਹੇਠਾਂ ਹਨ।”

50 ਉਸ ਨੇ ਉਨ੍ਹਾਂ ਨੂੰ ਆਖਿਆ, ਪਰ ਨਿਕੋਦਿਮੁਸ, ਜਿਸ ਨੇ ਪਹਿਲਾਂ ਹੀ ਯਿਸੂ ਨਾਲ ਮੁਲਾਕਾਤ ਕੀਤੀ ਸੀ, ਉਨ੍ਹਾਂ ਵਿੱਚੋਂ ਇੱਕ ਸੀ। 51 ਕੀ ਸਾਡੀ ਸ਼ਰ੍ਹਾ ਕਿਸੇ ਨੂੰ ਉਸ ਨੂੰ ਸੁਣੇ ਅਤੇ ਜਾਣੇ ਬਿਨਾ ਦੋਸ਼ੀ ਠਹਿਰਾਉਂਦੀ ਹੈ ਕਿ ਉਸ ਨੇ ਕੀ ਕੀਤਾ ਹੈ?

52 ਯਹੂਦੀ ਆਗੂਆਂ ਨੇ ਆਖਿਆ, “ਕੀ ਤੂੰ ਵੀ ਗਲੀਲ ਵਿੱਚੋਂ ਹੈ? ਪੋਥੀਆਂ ਪੜ੍ਹੋ ਫ਼ਿਰ ਤੁਸੀਂ ਵੇਖੋਂਗੇ ਕਿ ਕੋਈ ਨਬੀ ਗਲੀਲ ਤੋਂ ਨਹੀਂ ਆਉਂਦਾ।”

(ਯੂਹੰਨਾ ਦੀਆਂ ਕੁਝ ਪੁਰਾਣੀਆਂ ਪਤ੍ਰ੍ਰੀਆਂ ਵਿੱਚ ਤੁਕ 7:53-8:11 ਨਹੀਂ ਹਨ।)

ਇੱਕ ਔਰਤ ਬਦਕਾਰੀ ਕਰਦਿਆਂ ਫ਼ੜੀ ਗਈ

53 ਸਾਰੇ ਯਹੂਦੀ ਆਗੂ ਉੱਥੋਂ ਆਪੋ-ਆਪਣੇ ਘਰ ਚੱਲੇ ਗਏ।

ਯਿਸੂ ਜੈਤੂਨ ਦੇ ਪਹਾੜ ਵੱਲ ਨੂੰ ਤੁਰ ਪਿਆ। ਸਵੇਰ-ਸਾਰ ਯਿਸੂ ਮੰਦਰ ਨੂੰ ਮੁੜਿਆ ਅਤੇ ਸਾਰੇ ਲੋਕ ਯਿਸੂ ਕੋਲ ਆਏ। ਯਿਸੂ ਉੱਥੇ ਬੈਠਿਆ ਅਤੇ ਉਨ੍ਹਾਂ ਨੂੰ ਉਪਦੇਸ਼ ਦਿੱਤਾ।

ਨੇਮ ਦੇ ਪ੍ਰਚਾਰਕ ਅਤੇ ਫ਼ਰੀਸੀ ਉੱਥੇ ਇੱਕ ਔਰਤ ਨੂੰ ਯਿਸੂ ਕੋਲ ਲੈ ਆਏ ਜੋ ਕਿ ਬਦਕਾਰੀ ਕਰਦਿਆਂ ਫ਼ੜੀ ਗਈ ਸੀ। ਉਨ੍ਹਾਂ ਯਹੂਦੀਆਂ ਨੇ ਉਸ ਔਰਤ ਨੂੰ ਲੋਕਾਂ ਸਾਹਮਣੇ ਖੜ੍ਹੇ ਹੋਣ ਲਈ ਮਜਬੂਰ ਕੀਤਾ। ਉਨ੍ਹਾਂ ਨੇ ਯਿਸੂ ਨੂੰ ਆਖਿਆ, “ਗੁਰੂ! ਇਹ ਔਰਤ ਉਦੋਂ ਫ਼ੜੀ ਗਈ ਜਦੋਂ ਇਹ ਬਦਕਾਰੀ ਕਰ ਰਹੀ ਸੀ? ਸ਼ਰ੍ਹਾ ਵਿੱਚ, ਮੂਸਾ ਨੇ ਹੁਕਮ ਦਿੱਤਾ ਹੈ ਕਿ ਅਜਿਹੀਆਂ ਔਰਤਾਂ ਨੂੰ ਪੱਥਰਾਂ ਨਾਲ ਮਾਰ ਦੇਣਾ ਚਾਹੀਦਾ ਹੈ। ਸਾਨੂੰ ਦੱਸੋ ਸਾਨੂੰ ਕੀ ਕਰਨਾ ਚਾਹੀਦਾ?”

ਯਹੂਦੀ ਉਸ ਨੂੰ ਚਲਾਕੀ ਨਾਲ ਫ਼ਸਾਉਣ ਲਈ ਇਹ ਸਵਾਲ ਪੁੱਛ ਰਹੇ ਸਨ ਤਾਂ ਕਿ ਉਹ ਕੁਝ ਗਲਤ ਆਖੇ। ਉਹ ਉਸ ਦੇ ਖਿਲਾਫ ਕੋਈ ਦੋਸ਼ ਮੜ੍ਹਨਾ ਚਾਹੁੰਦੇ ਸਨ। ਪਰ ਯਿਸੂ ਥੱਲੇ ਝੁਕਿਆ ਅਤੇ ਜ਼ਮੀਨ ਤੇ ਆਪਣੀ ਉਂਗਲ ਨਾਲ ਕੁਝ ਲਿਖਣ ਲੱਗ ਪਿਆ। ਯਹੂਦੀਆਂ ਨੇ ਲਗਾਤਾਰ ਉਸ ਨੂੰ ਇਹ ਸਵਾਲ ਪੁੱਛਿਆ ਤਾਂ ਯਿਸੂ ਸਿੱਧਾ ਹੋਇਆ ਅਤੇ ਆਖਿਆ, “ਕੀ ਇੱਥੇ ਕੋਈ ਅਜਿਹਾ ਮਨੁੱਖ ਹੈ ਜਿਸਨੇ ਕਦੇ ਕੋਈ ਪਾਪ ਨਹੀਂ ਕੀਤਾ ਉਹ ਮਨੁੱਖ ਇਸ ਉੱਪਰ ਪਹਿਲਾ ਪੱਥਰ ਮਾਰ ਸੱਕਦਾ ਹੈ।” ਤਾਂ ਉਹ ਫ਼ੇਰ ਥੱਲੇ ਝੁਕਿਆ ਅਤੇ ਧਰਾਤਲ ਤੇ ਕੁਝ ਲਿਖਣ ਲੱਗ ਪਿਆ।

ਜੋ ਯਿਸੂ ਨੇ ਆਖਿਆ ਲੋਕਾਂ ਨੇ ਸੁਣਿਆ ਅਤੇ ਉਹ ਇੱਕ-ਇੱਕ ਕਰਕੇ ਵਿਦਾ ਹੋਣ ਲੱਗੇ। ਸਭ ਤੋਂ ਪਹਿਲਾਂ ਬਜ਼ੁਰਗ ਲੋਕ ਗਏ ਫ਼ਿਰ ਹੋਰ ਸਾਰੇ ਲੋਕ ਵੀ ਵਿਦਾ ਹੋ ਗਏ। ਯਿਸੂ ਇੱਕਲਾ ਉਸ ਔਰਤ ਨਾਲ ਬੱਚਿਆ ਜੋ ਕਿ ਉਸ ਦੇ ਸਾਹਮਣੇ ਖੜ੍ਹੀ ਸੀ। 10 ਯਿਸੂ ਨੇ ਉਸ ਔਰਤ ਨੂੰ ਵੇਖਿਆ ਅਤੇ ਆਖਣ ਲੱਗਾ, “ਹੇ ਔਰਤ, ਉਹ ਕਿੱਥੇ ਹਨ? ਕੀ ਕਿਸੇ ਨੇ ਵੀ ਤੈਨੂੰ ਦੋਸ਼ੀ ਕਰਾਰ ਨਹੀਂ ਦਿੱਤਾ?”

11 ਉਸ ਔਰਤ ਨੇ ਉੱਤਰ ਦਿੱਤਾ, “ਨਹੀਂ, ਸ਼੍ਰੀਮਾਨ ਜੀ! ਮੈਨੂੰ ਕਿਸੇ ਨੇ ਵੀ ਦੋਸ਼ੀ ਕਰਾਰ ਨਹੀਂ ਦਿੱਤਾ।”

ਫਿਰ ਯਿਸੂ ਨੇ ਆਖਿਆ, “ਤਾਂ ਮੈਂ ਵੀ ਤੇਰਾ ਦੋਸ਼ੀ ਹੋਣ ਦਾ ਨਿਰਨਾ ਨਹੀਂ ਕਰਦਾ। ਹੁਣ ਤੂੰ ਜਾ ਸੱਕਦੀ ਹੈਂ ਪਰ ਭਵਿੱਖ ਵਿੱਚ ਹੋਰ ਪਾਪ ਨਾ ਕਰੀਂ।” [b]

ਯਿਸੂ ਦੁਨੀਆਂ ਦਾ ਚਾਨਣ ਹੈ

12 ਬਾਦ ਵਿੱਚ ਯਿਸੂ ਨੇ ਮੁੜ ਲੋਕਾਂ ਨਾਲ ਗੱਲ ਕੀਤੀ ਅਤੇ ਕਿਹਾ, “ਮੈਂ ਦੁਨੀਆਂ ਦਾ ਚਾਨਣ ਹਾਂ। ਉਹ ਮਨੁੱਖ ਜੋ ਮੇਰਾ ਅਨੁਸਰਣ ਕਰਦਾ, ਉਹ ਕਦੇ ਵੀ ਹਨੇਰਿਆਂ ਵਿੱਚ ਨਹੀਂ ਜੀਵੇਗਾ ਸਗੋਂ ਉਸ ਕੋਲ ਜੀਵਨ ਦੀ ਰੋਸ਼ਨੀ ਹੋਵੇਗੀ।”

13 ਪਰ ਫਰੀਸੀਆਂ ਨੇ ਯਿਸੂ ਨੂੰ ਕਿਹਾ, “ਜਦੋਂ ਤੂੰ ਆਪਣੇ-ਆਪ ਬਾਰੇ ਇਹ ਗੱਲਾਂ ਆਖਦਾ ਹੈਂ ਤਾ ਸਿਰਫ ਤੂੰ ਹੀ ਹੈਂ, ਜੋ ਇਹ ਆਖਦਾ ਕਿ ਇਹ ਸੱਚ ਹੈ, ਇਸ ਲਈ ਅਸੀਂ ਉਹ ਨਹੀਂ ਕਬੂਲ ਸੱਕਦੇ ਜੋ ਤੂੰ ਆਖ ਰਿਹਾ ਹੈਂ।”

14 ਯਿਸੂ ਨੇ ਜਵਾਬ ਦਿੱਤਾ, “ਹਾਂ ਮੈਂ ਆਪਣੇ ਆਪ ਬਾਰੇ ਅਜਿਹੀਆਂ ਗੱਲਾਂ ਆਖ ਰਿਹਾ ਹਾਂ ਅਤੇ ਇਹ ਸੱਚ ਨੇ ਕਿਉਂਕਿ ਮੈਂ ਜਾਣਦਾ ਹਾਂ ਕਿ ਮੈਂ ਕਿੱਥੋਂ ਆਇਆ ਹਾਂ ਅਤੇ ਕਿੱਥੇ ਜਾਵਾਂਗਾ। ਪਰ ਤੁਸੀਂ ਨਹੀਂ ਜਾਣਦੇ ਕਿ ਮੈਂ ਕਿੱਥੋਂ ਆਇਆ ਅਤੇ ਕਿੱਥੇ ਜਾਵਾਂਗਾ। 15 ਤੁਸੀਂ ਲੋਕ ਮਾਨਵੀ ਦਰਜੇ ਦੇ ਆਧਾਰ ਤੇ ਮੇਰਾ ਨਿਆਂ ਕਰਦੇ ਹੋ, ਪਰ ਮੈਂ ਕਿਸੇ ਦਾ ਨਿਆਂ ਨਹੀਂ ਕਰਦਾ। 16 ਪਰ ਜੇ ਮੈਂ ਨਿਆਂ ਕਰਾਂ ਤਾਂ ਮੇਰਾ ਨਿਆਂ ਸੱਚਾ ਹੋਵੇਗਾ, ਕਿਉਂ ਕਿ ਮੈਂ ਇੱਕਲਾ ਨਹੀਂ ਹਾਂ, ਪਿਤਾ ਜਿਸ ਨੇ ਮੈਨੂੰ ਭੇਜਿਆ ਮੇਰੇ ਨਾਲ ਹੈ। 17 ਤੁਹਾਡੀ ਸ਼ਰ੍ਹਾ ਵਿੱਚ ਵੀ ਇਹ ਲਿਖਿਆ ਹੋਇਆ ਹੈ ਕਿ ਦੋ ਮਨੁੱਖਾਂ ਦੀ ਗਵਾਹੀ ਜਾਇਜ਼ ਹੈ। 18 ਮੈਂ ਆਪਣੇ ਪੱਖ ਉੱਤੇ ਗਵਾਹੀ ਦਿੰਦਾ ਹਾਂ ਅਤੇ ਮੇਰਾ ਪਿਤਾ, ਜਿਸਨੇ ਮੈਨੂੰ ਭੇਜਿਆ ਹੈ, ਵੀ ਮੇਰੇ ਪੱਖ ਉੱਤੇ ਗਵਾਹੀ ਦਿੰਦਾ ਹੈ।”

19 ਲੋਕਾਂ ਨੇ ਪੁੱਛਿਆ, “ਤੇਰਾ ਪਿਤਾ ਕਿੱਥੇ ਹੈ?”

ਯਿਸੂ ਨੇ ਆਖਿਆ, “ਤੁਸੀਂ ਮੈਨੂੰ ਜਾਂ ਮੇਰੇ ਪਿਤਾ ਨੂੰ ਨਹੀਂ ਜਾਣਦੇ। ਪਰ ਜੇ ਤੁਸੀਂ ਮੈਨੂੰ ਜਾਣਦੇ ਹੁੰਦੇ ਤਾਂ ਤੁਸੀਂ ਮੇਰੇ ਪਿਤਾ ਨੂੰ ਵੀ ਜਾਣ ਜਾਂਦੇ।” 20 ਯਿਸੂ ਨੇ ਇਹ ਗੱਲਾਂ ਉਦੋਂ ਆਖੀਆਂ ਜਦੋਂ ਉਹ ਮੰਦਰ ਦੇ ਇਲਾਕੇ ਵਿੱਚ ਉਪਦੇਸ਼ ਦੇ ਰਿਹਾ ਸੀ। ਜਦੋਂ ਉਹ ਚੜ੍ਹਾਵੇ ਦੀ ਪੇਟੀ ਕੋਲ ਪ੍ਰਚਾਰ ਕਰ ਰਿਹਾ ਸੀ ਪਰ ਕਿਸੇ ਵੀ ਮਨੁੱਖ ਨੇ ਉਸ ਨੂੰ ਗਿਰਫਤਾਰ ਨਹੀਂ ਕੀਤਾ ਕਿਉਂ ਕਿ ਅਜੇ ਯਿਸੂ ਦਾ ਸਹੀ ਵੇਲਾ ਨਹੀਂ ਸੀ ਆਇਆ।

ਯਹੂਦੀ ਯਿਸੂ ਨੂੰ ਨਹੀਂ ਸਮਝੇ

21 ਯਿਸੂ ਨੇ ਫੇਰ ਲੋਕਾਂ ਨੂੰ ਆਖਿਆ, “ਮੈਂ ਤੁਹਾਨੂੰ ਛੱਡ ਦੇਵਾਂਗਾ ਅਤੇ ਤੁਸੀਂ ਮੈਨੂੰ ਲੱਭੋਂਗੇ, ਪਰ ਤੁਸੀਂ ਆਪਣੇ ਪਾਪਾਂ ਵਿੱਚ ਮਰ ਜਾਵੋਂਗੇ। ਤੁਸੀਂ ਉਸ ਜਗ੍ਹਾ ਨਹੀਂ ਆ ਸੱਕਦੇ, ਜਿੱਥੇ ਮੈਂ ਜਾ ਰਿਹਾ ਹਾਂ।”

22 ਫੇਰ ਯਹੂਦੀ ਆਗੂ ਆਪਸ ਵਿੱਚ ਬੋਲੇ, “ਕੀ ਯਿਸੂ ਆਪਣੇ-ਆਪ ਨੂੰ ਮਾਰ ਲਵੇਗਾ? ਕਿਉਂ ਜੋ ਉਸ ਨੇ ਆਖਿਆ ਹੈ, ‘ਤੁਸੀਂ ਉਸ ਜਗ੍ਹਾ ਨਹੀਂ ਆ ਸੱਕਦੇ ਜਿੱਥੇ ਮੈਂ ਜਾ ਰਿਹਾ ਹਾਂ। ਉੱਥੇ ਤੁਸੀਂ ਨਹੀਂ ਪਹੁੰਚ ਸੱਕਦੇ।’”

23 ਪਰ ਯਿਸੂ ਨੇ ਉਨ੍ਹਾਂ ਲੋਕਾਂ ਨੂੰ ਆਖਿਆ, “ਤੁਸੀਂ ਥੱਲਿਉਂ ਹੋ ਪਰ ਮੈਂ ਉੱਪਰੋਂ ਹਾਂ। ਤੁਸੀਂ ਇਸ ਦੁਨੀਆਂ ਨਾਲ ਸੰਬੰਧਿਤ ਹੋ ਪਰ ਮੈਂ ਇਸ ਦੁਨੀਆਂ ਨਾਲ ਸੰਬੰਧਿਤ ਨਹੀਂ ਹਾਂ। 24 ਇਸ ਲਈ ਮੈਂ ਤੁਹਾਨੂੰ ਆਖਿਆ ਸੀ ਕਿ ਤੁਸੀਂ ਆਪਣੇ ਪਾਪਾਂ ਸੰਗ ਮਰੋਂਗੇ। ਹਾਂ, ਜੇਕਰ ਤੁਸੀਂ ਵਿਸ਼ਵਾਸ ਨਹੀਂ ਕਰੋਂਗ਼ੇ ਕਿ ਮੈਂ ਉਹ ਹਾਂ, ਤਾਂ ਤੁਸੀਂ ਆਪਣੇ ਪਾਪਾਂ ਵਿੱਚ ਮਰ ਜਾਵੋਂਗੇ।”

25 ਤਾਂ ਉਨ੍ਹਾਂ ਨੇ ਆਖਿਆ, “ਤੂੰ ਕੌਣ ਹੈਂ?”

ਯਿਸੂ ਨੇ ਜਵਾਬ ਦਿੱਤਾ, “ਮੈਂ ਉਹੀ ਹਾਂ ਜੋ ਮੈਂ ਤੁਹਾਨੂੰ ਮੁਢੋਂ ਕਹਿੰਦਾ ਆ ਰਿਹਾ ਹਾਂ। 26 ਮੇਰੇ ਕੋਲ ਤੁਹਾਡੇ ਨਿਆਂ ਕਰਨ ਅਤੇ ਬੋਲਣ ਲਈ ਬਹੁਤ ਸਾਰੀਆਂ ਗੱਲਾਂ ਹਨ। ਉਹ ਇੱਕ ਜਿਸ ਨੇ ਮੈਨੂੰ ਭੇਜਿਆ, ਸੱਚ ਬੋਲਦਾ ਹੈ ਅਤੇ ਮੈਂ ਲੋਕਾਂ ਨੂੰ ਉਹ ਗੱਲਾਂ ਦੱਸਦਾ ਹਾਂ ਜੋ ਮੈਂ ਉਸ ਤੋਂ ਸੁਣੀਆਂ ਹਨ।”

27 ਲੋਕ ਉਹ ਨਾ ਸਮਝ ਸੱਕੇ ਕਿ ਯਿਸੂ ਉਨ੍ਹਾਂ ਨਾਲ ਪਿਤਾ ਬਾਰੇ ਗੱਲ ਕਰ ਰਿਹਾ ਸੀ। 28 ਤਾਂ ਯਿਸੂ ਨੇ ਲੋਕਾਂ ਆਖਿਆ, “ਜਦੋਂ ਤੁਸੀਂ ਮਨੁੱਖ ਦੇ ਪੁੱਤਰ ਨੂੰ ਉੱਚਾ ਚੁੱਕੋਂਗੇ ਤਾਂ ਤੁਸੀਂ ਜਾਣ ਜਾਵੋਂਗ਼ੇ ਕਿ ਮੈਂ ਉਹ ਹਾਂ। ਅਤੇ ਤੁਸੀਂ ਜਾਣ ਜਾਵੋਂਗੇ ਕਿ ਮੈਂ ਕੁਝ ਵੀ ਆਪਣੇ ਅਧਿਕਾਰ ਨਾਲ ਨਹੀਂ ਕਰਦਾ। ਅਤੇ ਤੁਸੀਂ ਜਾਣ ਜਾਵੋਂਗੇ ਕਿ ਮੈਂ ਉਹੀ ਬੋਲਦਾ ਹਾਂ ਜੋ ਕੁਝ ਮੇਰੇ ਪਿਤਾ ਨੇ ਮੈਨੂੰ ਸਿੱਖਾਇਆ ਹੈ। 29 ਉਹ ਜਿਸ ਨੇ ਮੈਨੂੰ ਭੇਜਿਆ ਮੇਰੇ ਨਾਲ ਹੈ। ਮੈਂ ਹਮੇਸ਼ਾ ਉਹੀ ਕਰਦਾ ਹਾਂ ਜੋ ਉਹ ਪਸੰਦ ਕਰਦਾ ਹੈ, ਇਸ ਲਈ ਉਸ ਨੇ ਮੈਨੂੰ ਇੱਕਲਾ ਨਹੀਂ ਛੱਡਿਆ।” 30 ਜਦੋਂ ਯਿਸੂ ਅਜਿਹੀਆਂ ਗੱਲਾਂ ਆਖ ਰਿਹਾ ਸੀ, ਤਾਂ ਬਹੁਤ ਲੋਕਾਂ ਨੇ ਉਸ ਵਿੱਚ ਵਿਸ਼ਵਾਸ ਕੀਤਾ।

ਯਿਸੂ ਦਾ ਪਾਪ ਤੋਂ ਮੁਕਤੀ ਬਾਰੇ ਉਪਦੇਸ਼

31 ਤਾਂ ਯਿਸੂ ਨੇ ਉਨ੍ਹਾਂ ਯਹੂਦੀਆਂ ਨੂੰ ਆਖਿਆ ਜੋ ਉਸ ਵਿੱਚ ਨਿਹਚਾ ਰੱਖਦੇ ਸਨ, “ਜੇਕਰ ਤੁਸੀਂ ਮੇਰੇ ਉਪਦੇਸ਼ ਨੂੰ ਮੰਨੋਂਗੇ ਤਾਂ ਤੁਸੀਂ ਮੇਰੇ ਅਸਲੀ ਚੇਲੇ ਹੋ। 32 ਤਦ ਤੁਸੀਂ ਸੱਚ ਨੂੰ ਜਾਣ ਜਾਵੋਂਗੇ ਅਤੇ ਉਹੀ ਸੱਚ ਤੁਹਾਨੂੰ ਮੁਕਤ ਕਰ ਦੇਵੇਗਾ।”

33 ਯਹੂਦੀਆਂ ਨੇ ਜਵਾਬ ਦਿੱਤਾ, “ਅਸੀਂ ਅਬਰਾਹਾਮ ਦੀ ਅੰਸ਼ ਹਾਂ। ਅਸੀਂ ਕਦੇ ਵੀ ਕਿਸੇ ਦੇ ਸੇਵਕ ਨਹੀਂ ਰਹੇ ਫਿਰ ਤੂੰ ਕਿਉਂ ਕਹਿੰਨਾ ਕਿ ਅਸੀਂ ਮੁਕਤ ਹੋ ਜਾਵਾਂਗੇ?”

34 ਯਿਸੂ ਨੇ ਆਖਿਆ, “ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਹਰੇਕ ਉਹ, ਜਿਹੜਾ ਪਾਪ ਕਰਦਾ ਰਹਿੰਦਾ, ਉਹ ਪਾਪ ਦਾ ਗੁਲਾਮ ਹੈ। 35 ਇੱਕ ਗੁਲਾਮ ਹਮੇਸ਼ਾ ਵਾਸਤੇ ਪਰਿਵਾਰ ਨਾਲ ਨਹੀਂ ਰਹਿੰਦਾ ਪਰ ਇੱਕ ਪੁੱਤਰ ਹਮੇਸ਼ਾ ਪਰਿਵਾਰ ਨਾਲ ਰਹਿੰਦਾ ਹੈ। 36 ਇਸ ਲਈ ਜੇਕਰ ਤੁਹਾਨੂੰ ਪੁੱਤਰ ਆਜ਼ਾਦ ਕਰ ਦਿੰਦਾ ਹੈ ਤਾਂ ਤੁਸੀਂ ਸੱਚ-ਮੁੱਚ ਆਜ਼ਾਦ ਹੋ ਜਾਵੋਂਗੇ। 37 ਮੈਂ ਜਾਣਦਾ ਹਾਂ ਕਿ ਤੁਸੀਂ ਅਬਰਾਹਾਮ ਦੀ ਅੰਸ਼ ਹੋ। ਪਰ ਤੁਸੀਂ ਮੈਨੂੰ ਮਾਰਨਾ ਚਾਹੁੰਦੇ ਹੋ ਕਿਉਂਕਿ ਤੁਸੀਂ ਮੇਰੇ ਉਪਦੇਸ਼ ਨੂੰ ਕਬੂਲਣ ਲਈ ਰਾਜੀ ਨਹੀਂ ਹੋ। 38 ਮੈਂ ਤੁਹਾਨੂੰ ਉਹੀ ਕੁਝ ਆਖ ਰਿਹਾ ਹਾਂ ਜੋ ਮੇਰੇ ਪਿਤਾ ਨੇ ਮੈਨੂੰ ਦਰਸਾਇਆ ਹੈ। ਪਰ ਤੁਸੀਂ ਉਹ ਕੁਝ ਕਰਦੇ ਹੋ ਜੋ ਤੁਹਾਡੇ ਪਿਤਾ ਨੇ ਤੁਹਾਨੂੰ ਕਰਨ ਵਾਸਤੇ ਕਿਹਾ ਹੈ।”

39 ਯਹੂਦੀਆਂ ਨੇ ਕਿਹਾ, “ਸਾਡਾ ਪਿਤਾ ਅਬਰਾਹਾਮ ਹੈ।”

ਯਿਸੂ ਨੇ ਆਖਿਆ, “ਜੇਕਰ ਸੱਚ ਮੁੱਚ ਤੁਸੀਂ ਅਬਰਾਹਾਮ ਦੀ ਅੰਸ਼ ਹੁੰਦੇ, ਤਾਂ ਤੁਸੀਂ ਉਹੀ ਕਰਨੀਆਂ ਕਰਦੇ ਜੋ ਅਬਰਾਹਾਮ ਨੇ ਕੀਤੀਆਂ। 40 ਮੈਂ ਉਹ ਹਾਂ ਜਿਸ ਨੇ ਤੁਹਾਨੂੰ ਸੱਚ ਦੱਸਿਆ, ਜਿਹੜਾ ਮੈਂ ਪਰਮੇਸ਼ੁਰ ਤੋਂ ਸੁਣਿਆ, ਪਰ ਤੁਸੀਂ ਮੈਨੂੰ ਮਾਰ ਦੇਣਾ ਚਾਹੁੰਦੇ ਹੋ। ਅਬਰਾਹਾਮ ਨੇ ਤਾਂ ਅਜਿਹਾ ਕੁਝ ਨਹੀਂ ਸੀ ਕੀਤਾ 41 ਤੁਸੀਂ ਉਵੇਂ ਦੀਆਂ ਗੱਲਾਂ ਕਰੋ ਜਿਵੇਂ ਦੀਆਂ ਤੁਹਾਡਾ ਪਿਤਾ ਕਰਦਾ ਹੈ।”

ਪਰ ਯਹੂਦੀਆਂ ਨੇ ਕਿਹਾ, “ਅਸੀਂ ਉਨ੍ਹਾਂ ਬੱਚਿਆਂ ਵਾਂਗ ਨਹੀਂ ਹਾਂ ਜਿਨ੍ਹਾਂ ਨੂੰ ਇਹ ਨਹੀਂ ਪਤਾ ਕਿ ਉਨ੍ਹਾਂ ਦਾ ਪਿਤਾ ਕੌਣ ਸੀ? ਸਾਡਾ ਇੱਕ ਪਿਤਾ ਹੈ ਅਤੇ ਉਹ ਪਰਮੇਸ਼ੁਰ ਹੈ।”

42 ਯਿਸੂ ਨੇ ਉਨ੍ਹਾਂ ਯਹੂਦੀਆਂ ਨੂੰ ਕਿਹਾ, “ਜੇਕਰ ਪਰਮੇਸ਼ੁਰ ਤੁਹਾਡਾ ਪਿਤਾ ਹੁੰਦਾ ਤੁਸੀਂ ਮੈਨੂੰ ਪਿਆਰ ਕਰਦੇ ਕਿਉਂ ਕਿ ਮੈਂ ਪਰਮੇਸ਼ੁਰ ਵੱਲੋਂ ਆਇਆ ਹਾਂ ਅਤੇ ਹੁਣ ਮੈਂ ਇੱਥੇ ਹਾਂ। ਮੈਂ ਆਪਣੀ ਖੁਦ ਦੀ ਇੱਛਾ ਨਾਲ ਨਹੀਂ ਆਇਆ, ਮੈਨੂੰ ਪਰਮੇਸ਼ੁਰ ਨੇ ਹੀ ਭੇਜਿਆ ਹੈ। 43 ਤੁਹਾਨੂੰ ਜੋ ਮੈਂ ਕਹਿ ਰਿਹਾ ਹਾਂ ਕਿਉਂ ਸਮਝ ਨਹੀਂ ਆ ਰਿਹਾ? ਕਿਉਂ ਕਿ ਤੁਸੀਂ ਮੇਰੇ ਉਪਦੇਸ਼ਾਂ ਨੂੰ ਸੁਨਣ ਲਈ ਤਿਆਰ ਨਹੀਂ ਹੋ। 44 ਤੁਹਾਡਾ ਪਿਤਾ ਸ਼ੈਤਾਨ ਹੈ ਅਤੇ ਤੁਸੀਂ ਉਸਦੀ ਅੰਸ਼ ਹੋ ਤੇ ਸਿਰਫ ਉਹੀ ਕਰਨਾ ਚਾਹੁੰਦੇ ਹੋ ਜੋ ਉਸ ਨੂੰ ਪਸੰਦ ਹੈ। ਸ਼ੈਤਾਨ ਸ਼ੁਰੂ ਤੋਂ ਹੀ ਹਤਿਆਰਾ ਹੈ ਉਹ ਸੱਚ ਦੇ ਵਿਰੁੱਧ ਹੈ। ਉਸ ਵਿੱਚ ਕੋਈ ਸੱਚ ਨਹੀਂ। ਜਦ ਉਹ ਝੂਠ ਬੋਲਦਾ ਹੈ, ਉਹ ਆਪਣਾ ਅਸਲੀ ਸਵਰੂਪ ਪ੍ਰਗਟਾਉਂਦਾ ਹੈ। ਹਾਂ! ਸ਼ੈਤਾਨ ਝੂਠਾ ਹੈ ਅਤੇ ਉਹ ਝੂਠ ਦਾ ਪਿਤਾ ਹੈ।

45 “ਮੈਂ ਤੁਹਾਨੂੰ ਸੱਚ ਦੱਸ ਰਿਹਾ ਹਾਂ, ਇਸੇ ਲਈ ਤੁਸੀਂ ਮੇਰਾ ਵਿਸ਼ਵਾਸ ਨਹੀਂ ਕਰਦੇ। 46 ਕੀ ਤੁਹਾਡੇ ਵਿੱਚੋਂ ਕੋਈ ਹੈ ਜੋ ਇਹ ਸਾਬਤ ਕਰ ਸੱਕੇ ਕਿ ਮੈਂ ਪਾਪ ਦਾ ਦੋਸ਼ੀ ਹਾਂ? ਜੇਕਰ ਮੈਂ ਸੱਚ ਦੱਸ ਰਿਹਾ ਹਾਂ ਤੁਸੀਂ ਮੇਰਾ ਵਿਸ਼ਵਾਸ ਕਿਉਂ ਨਹੀਂ ਕਰਦੇ? 47 ਇੱਕ ਵਿਅਕਤੀ ਜਿਹੜਾ ਪਰਮੇਸ਼ੁਰ ਤੋਂ ਹੈ ਪਰਮੇਸ਼ੁਰ ਦੇ ਸ਼ਬਦਾਂ ਨੂੰ ਕਬੂਲਦਾ ਹੈ ਪਰ ਤੁਸੀਂ ਸੁਨਣ ਤੋਂ ਇਨਕਾਰ ਕਰਦੇ ਹੋ ਕਿਉਂ ਕਿ ਤੁਸੀਂ ਪਰਮੇਸ਼ੁਰ ਤੋਂ ਨਹੀਂ ਹੋ।”

ਯਿਸੂ ਆਪਣੇ ਅਤੇ ਅਬਰਾਹਾਮ ਬਾਰੇ ਦੱਸਦਾ ਹੈ

48 ਯਹੂਦੀਆਂ ਨੇ ਆਖਿਆ, “ਕੀ ਅਸੀਂ ਠੀਕ ਨਹੀਂ ਆਖਿਆ ਕਿ ਤੂੰ ਇੱਕ ਸਾਮਰੀ ਹੈ ਅਤੇ ਤੇਰੇ ਅੰਦਰ ਇੱਕ ਭੂਤ ਪ੍ਰਵੇਸ਼ ਕਰ ਗਿਆ ਹੈ।”

49 ਯਿਸੂ ਨੇ ਆਖਿਆ, “ਮੇਰੇ ਅੰਦਰ ਕੋਈ ਭੂਤ ਨਹੀਂ ਹੈ। ਮੈਂ ਆਪਣੇ ਪਿਤਾ ਦਾ ਸਨਮਾਨ ਕਰਦਾ ਹਾਂ, ਪਰ ਤੁਸੀਂ ਮੇਰਾ ਨਿਰਾਦਰ ਕਰਦੇ ਹੋ। 50 ਮੈਂ ਆਪਣੇ-ਆਪ ਵਾਸਤੇ ਮਾਨ ਨਹੀਂ ਚਹੁੰਦਾ। ਇੱਕ ਅਜਿਹਾ ਹੈ ਜੋ ਮੈਨੂੰ ਮਾਣ ਦੇਣਾ ਚਾਹੁੰਦਾ ਹੈ। ਉਹ ਮੁਨਸਫ ਹੈ। 51 ਮੈਂ ਤੁਹਾਨੂੰ ਸੱਚ ਦੱਸਦਾ ਹਾਂ ਜੇਕਰ ਕੋਈ ਵੀ ਮਨੁੱਖ ਮੇਰੇ ਉਪਦੇਸ਼ ਤੇ ਚੱਲੇਗਾ ਉਹ ਕਦੇ ਵੀ ਨਹੀਂ ਮਰੇਗਾ।”

52 ਯਹੂਦੀਆਂ ਨੇ ਯਿਸੂ ਨੂੰ ਆਖਿਆ, “ਹੁਣ ਅਸੀਂ ਜਾਣਦੇ ਹਾਂ ਕਿ ਤੇਰੇ ਅੰਦਰ ਇੱਕ ਭੂਤ ਹੈ। ਇੱਥੋਂ ਤੱਕ ਕਿ ਅਬਰਾਹਾਮ ਅਤੇ ਦੂਸਰੇ ਨਬੀ ਵੀ ਮਰ ਗਏ ਪਰ ਤੂੰ ਕਹਿੰਨਾ ਕਿ ਜੇਕਰ ਕੋਈ ਮੇਰੇ ਉਪਦੇਸ਼ ਦਾ ਅਨੁਸਰਣ ਕਰਦਾ ਉਹ ਸਦੀਪਕ ਜੀਵਨ ਪਾਵੇਗਾ। ‘ਉਹ ਕਦੇ ਵੀ ਨਹੀਂ ਮਰੇਗਾ।’ 53 ਕੀ ਤੂੰ ਸਾਡੇ ਪਿਤਾ ਅਬਰਾਹਾਮ ਤੋਂ ਵੱਡਾ ਹੈਂ? ਅਬਰਾਹਾਮ ਅਤੇ ਨਬੀ ਮਰ ਗਏ ਤਾਂ ਤੂੰ ਭਲਾ ਆਪਣੇ-ਆਪ ਨੂੰ ਕੀ ਸਮਝਦਾ ਹੈਂ?”

54 ਯਿਸੂ ਨੇ ਜਵਾਬ ਦਿੱਤਾ, “ਜੇਕਰ ਮੈਂ ਆਪਣੇ-ਆਪ ਦਾ ਸਤਿਕਾਰ ਚਾਹੁੰਦਾ ਹਾਂ, ਤਾਂ ਉਸ ਸਤਿਕਾਰ ਦੀ ਕੋਈ ਕੀਮਤ ਨਹੀਂ। ਪਰ ਜਿਹੜਾ ਮੈਨੂੰ ਸਤਿਕਾਰਦਾ ਹੈ, ਮੇਰਾ ਪਿਤਾ ਹੈ। ਅਤੇ ਤੁਸੀਂ ਕਹਿੰਦੇ ਹੋ ਕਿ ਉਹ ਸਾਡਾ ਪਰਮੇਸ਼ੁਰ ਹੈ। 55 ਪਰ ਵਾਸਤਵ ਵਿੱਚ ਤੁਸੀਂ ਉਸ ਨੂੰ ਨਹੀਂ ਜਾਣਦੇ ਪਰ ਮੈਂ ਉਸ ਨੂੰ ਜਾਣਦਾ ਹਾਂ। ਜੇਕਰ ਮੈਂ ਇਹ ਕਹਾਂ ਕਿ ਮੈਂ ਉਸ ਨੂੰ ਨਹੀਂ ਜਾਣਦਾ ਤਾਂ ਮੈਂ ਤੁਹਾਡੀ ਤਰ੍ਹਾਂ ਝੂਠਾ ਹੋਵਾਂਗਾ। ਪਰ ਮੈਂ ਉਸ ਨੂੰ ਜਾਣਦਾ ਹਾਂ ਅਤੇ ਉਸ ਦੇ ਬਚਨਾਂ ਦੀ ਪਾਲਨਾ ਕਰਦਾ ਹਾਂ। 56 ਤੁਹਾਡਾ ਪਿਤਾ ਅਬਰਾਹਾਮ ਬੜਾ ਖੁਸ਼ ਸੀ ਕਿ ਉਹ ਮੇਰੇ ਆਉਣ ਦਾ ਦਿਨ ਵੇਖੇਗਾ। ਉਸ ਨੇ ਇਸ ਨੂੰ ਵੇਖਿਆ ਅਤੇ ਬੜਾ ਖੁਸ਼ ਹੋਇਆ।”

57 ਫਿਰ ਯਹੂਦੀਆਂ ਨੇ ਯਿਸੂ ਨੂੰ ਆਖਿਆ, “ਕੀ ਤੂੰ ਅਬਰਾਹਾਮ ਨੂੰ ਵੇਖਿਆ ਹੈ? ਤੂੰ ਕਿਵੇਂ ਵੇਖਿਆ ਹੋ ਸੱਕਦਾ ਹੈ ਜਦ ਕਿ ਤੂੰ ਪੰਜਾਹਾਂ ਵਰ੍ਹਿਆਂ ਦਾ ਵੀ ਨਹੀਂ।”

58 ਯਿਸੂ ਨੇ ਆਖਿਆ, “ਮੈਂ ਤੁਹਾਨੂੰ ਸੱਚ ਦੱਸਦਾ ਹਾਂ। ਅਬਰਾਹਾਮ ਦੇ ਜਨਮ ਤੋਂ ਪਹਿਲਾਂ, ਮੈਂ ਹਾਂ।” 59 ਜਦੋਂ ਯਿਸੂ ਨੇ ਇਸ ਤਰ੍ਹਾਂ ਆਖਿਆ, ਲੋਕਾਂ ਨੇ ਉਸ ਤੇ ਸੁੱਟਣ ਵਾਸਤੇ ਪੱਥਰ ਚੁੱਕੇ। ਪਰ ਯਿਸੂ ਲੁਕ ਗਿਆ ਅਤੇ ਮੰਦਰ ਛੱਡ ਕੇ ਚੱਲਾ ਗਿਆ।

Punjabi Bible: Easy-to-Read Version (ERV-PA)

2010 by World Bible Translation Center