Beginning
ਯਿਸੂ ਦਾ ਆਪਣੇ ਵਤਨ ਨੂੰ ਮੁੜਨਾ(A)
6 ਯਿਸੂ ਨੇ ਉਹ ਜਗ੍ਹਾ ਛੱਡ ਦਿੱਤੀ ਅਤੇ ਆਪਣੇ ਸ਼ਹਿਰ ਆ ਗਿਆ। ਉਸ ਦੇ ਚੇਲੇ ਉਸ ਦੇ ਨਾਲ ਸਨ। 2 ਉਸ ਨੇ ਸਬਤ ਦੇ ਦਿਨ ਪ੍ਰਾਰਥਨਾ ਸਥਾਨ ਵਿੱਚ ਉਪਦੇਸ਼ ਦੇਣਾ ਸ਼ੁਰੂ ਕਰ ਦਿੱਤਾ ਅਤੇ ਬਹੁਤ ਸਾਰੇ ਲੋਕ ਉਸ ਨੂੰ ਸੁਣਕੇ ਹੈਰਾਨ ਸਨ ਅਤੇ ਆਖਿਆ, “ਉਸਨੇ ਇਹ ਸਭ ਕਿੱਥੋਂ ਸਿੱਖਿਆ ਅਤੇ ਉਸ ਨੂੰ ਇਹ ਗਿਆਨ ਕਿਸਨੇ ਦਿੱਤਾ? ਅਤੇ ਇੰਨੇ ਕਰਿਸ਼ਮੇ ਕਰਨ ਦੀ ਸ਼ਕਤੀ ਇਸਨੇ ਕਿੱਥੋਂ ਹਾਸਿਲ ਕੀਤੀ ਹੈ? 3 ਉਹ ਤਾਂ ਕੇਵਲ ਤਰੱਖਾਨ ਹੈ ਅਤੇ ਉਸਦੀ ਮਾਂ ਮਰਿਯਮ ਹੈ ਅਤੇ ਉਹ ਯਾਕੂਬ ਅਤੇ ਯੋਸੇਸ, ਯਹੂਦਾਹ, ਸ਼ਮਊਨ ਦਾ ਭਰਾ ਹੈ ਅਤੇ ਉਸ ਦੀਆਂ ਭੈਣਾਂ ਇੱਥੇ ਸਾਡੇ ਵਿੱਚਕਾਰ ਰਹਿੰਦੀਆਂ ਹਨ।” ਇਸੇ ਕਾਰਣ ਲੋਕਾਂ ਨੇ ਉਸ ਨੂੰ ਸਵੀਕਾਰ ਨਾ ਕੀਤਾ।
4 ਯਿਸੂ ਨੇ ਲੋਕਾਂ ਨੂੰ ਆਖਿਆ, “ਹੋਰ ਲੋਕ ਨਬੀ ਦਾ ਆਦਰ ਕਰਦੇ ਹਨ। ਪਰ ਉਸ ਦੇ ਆਪਣੇ ਸ਼ਹਿਰ ਦੇ ਲੋਕ ਅਤੇ ਉਸ ਦੇ ਆਪਣੇ ਰਿਸ਼ਤੇਦਾਰ ਅਤੇ ਆਪਣਾ ਪਰਿਵਾਰ ਉਸਦਾ ਆਦਰ ਨਹੀਂ ਕਰੇਗਾ।” 5 ਯਿਸੂ ਉੱਥੇ ਕੋਈ ਕਰਿਸ਼ਮਾ ਨਾ ਕਰ ਸੱਕਿਆ ਉਸ ਨੇ ਸਿਰਫ਼ ਕੁਝ ਬਿਮਾਰ ਲੋਕਾਂ ਉੱਤੇ ਆਪਣਾ ਹੱਥ ਧਰਕੇ ਉਨ੍ਹਾਂ ਨੂੰ ਚੰਗਾ ਕਰ ਦਿੱਤਾ। 6 ਯਿਸੂ ਹੈਰਾਨ ਹੋਇਆ ਕਿਉਂਕਿ ਉਨ੍ਹਾਂ ਲੋਕਾਂ ਨੂੰ ਵਿਸ਼ਵਾਸ ਨਹੀਂ ਸੀ। ਫ਼ਿਰ ਉਹ ਉਸ ਜਗ੍ਹਾ ਦੇ ਹੋਰਨਾਂ ਪਿੰਡਾਂ ਵਿੱਚ ਗਿਆ ਅਤੇ ਲੋਕਾਂ ਨੂੰ ਉਪਦੇਸ਼ ਦਿੱਤੇ।
ਯਿਸੂ ਦਾ ਆਪਣੇ ਰਸੂਲਾਂ ਨੂੰ ਮਿਸ਼ਨ ਤੇ ਭੇਜਣਾ(B)
7 ਯਿਸੂ ਨੇ ਬਾਰ੍ਹਾਂ ਚੇਲਿਆਂ ਨੂੰ ਇਕੱਠਿਆਂ ਸੱਦਿਆ ਅਤੇ ਉਨ੍ਹਾਂ ਨੂੰ ਦੋ-ਦੋ ਕਰਕੇ ਭੇਜਣ ਲੱਗਾ ਅਤੇ ਉਨ੍ਹਾਂ ਨੂੰ ਭਰਿਸ਼ਟ-ਆਤਮਿਆਂ ਨੂੰ ਬਾਹਰ ਕੱਢਣ ਦੀ ਸ਼ਕਤੀ ਵੀ ਦਿੱਤੀ। 8 ਅਤੇ ਆਪਣੇ ਚੇਲਿਆਂ ਨੂੰ ਇਹ ਆਖਿਆ, “ਆਪਣੇ ਸਫ਼ਰ ਵਿੱਚ ਸਿਵਾਇ ਇੱਕ ਲਾਠੀ ਦੇ ਹੋਰ ਕੁਝ ਨਾ ਲੈ ਕੇ ਜਾਣਾ। ਨਾ ਕੋਈ ਰੋਟੀ, ਨਾ ਥੈਲਾ ਨਾ ਹੀ ਆਪਣੀਆਂ ਜੇਬਾਂ ਵਿੱਚ ਕੋਈ ਪੈਸਾ ਲੈ ਕੇ ਜਾਣਾ। 9 ਜੁੱਤੀ ਪਾਓ ਅਤੇ ਜਿਹੜੇ ਕੱਪੜੇ ਤੁਸੀਂ ਪਾਉਂਦੇ ਹੋ ਸਿਰਫ਼ ਉਹੀ ਲਓ। 10 ਜਦੋਂ ਤੁਸੀਂ ਕਿਸੇ ਵੀ ਘਰ ਵਿੱਚ ਪ੍ਰਵੇਸ਼ ਕਰੋ, ਓਨਾਂ ਚਿਰ ਉੱਥੇ ਹੀ ਰਹੋ ਜਿੰਨਾ ਚਿਰ ਤੁਸੀਂ ਦੂਜੇ ਸ਼ਹਿਰ ਨੂੰ ਨਹੀਂ ਜਾਂਦੇ। 11 ਜੇਕਰ ਕਿਸੇ ਵੀ ਸ਼ਹਿਰ ਦੇ ਵਾਸੀ ਤੁਹਾਨੂੰ ਕਬੂਲਣ ਅਤੇ ਸੁਣਨ ਤੋਂ ਇਨਕਾਰ ਕਰਦੇ ਹਨ, ਫ਼ਿਰ ਆਪਣੇ ਪੈਰਾਂ ਤੋਂ ਧੂੜ ਝਾੜ ਦੇਣੀ ਅਤੇ ਇੱਕੋ ਵਾਰ ਉਹ ਸ਼ਹਿਰ ਛੱਡ ਦੇਣਾ। ਇਹ ਉਨ੍ਹਾਂ ਲਈ ਚਿਤਾਵਨੀ ਹੋਵੇਗੀ।”
12 ਤਾਂ ਚੇਲੇ ਉੱਥੋਂ ਫ਼ਿਰ ਹੋਰ ਜਗ੍ਹਾ ਵੱਲ ਨੂੰ ਚੱਲੇ ਗਏ। ਉਨ੍ਹਾਂ ਨੇ ਲੋਕਾਂ ਨੂੰ ਆਪਣੇ ਜੀਵਨ ਮਾਰਗ ਬਦਲਣ ਦੇ ਉਪਦੇਸ਼ ਦਿੱਤੇ। 13 ਅਤੇ ਉਨ੍ਹਾਂ ਨੇ ਲੋਕਾਂ ਵਿੱਚੋਂ ਕਾਫ਼ੀ ਸਾਰੇ ਭੂਤਾਂ ਨੂੰ ਕੱਢਿਆ ਅਤੇ ਉਨ੍ਹਾਂ ਨੇ ਮਰੀਜ਼ਾਂ ਨੂੰ ਜੈਤੂਨ ਦੇ ਤੇਲ ਨਾਲ ਮਾਲਿਸ਼ ਕਰਕੇ ਚੰਗਾ ਕੀਤਾ।
ਹੇਰੋਦੇਸ ਨੇ ਸੋਚਿਆ ਯਿਸੂ ਹੀ ਬਪਤਿਸਮਾ ਦੇਣ ਵਾਲਾ ਯੂਹੰਨਾ ਹੈ(C)
14 ਰਾਜਾ ਹੇਰੋਦੇਸ ਨੇ ਵੀ ਯਿਸੂ ਬਾਰੇ ਸੁਣਿਆ, ਕਿਉਂਕਿ ਯਿਸੂ ਦਾ ਨਾਉਂ ਪ੍ਰਸਿਧ ਹੋ ਗਿਆ ਸੀ। ਕੁਝ ਲੋਕਾਂ ਨੇ ਆਖਿਆ, “ਉਹ ਯੂਹੰਨਾ ਬਪਤਿਸਮਾ ਦੇਣ ਵਾਲਾ ਹੈ ਜੋ ਮੁਰਦਿਆਂ ਵਿੱਚੋਂ ਜੀ ਉੱਠਿਆ ਹੈ ਅਤੇ ਇਸੇ ਕਾਰਣ ਉਹ ਇਹ ਸ਼ਕਤੀਆਂ ਤੇ ਕਰਿਸ਼ਮੇ ਕਰ ਸੱਕਦਾ ਹੈ।”
15 ਕੁਝ ਹੋਰ ਲੋਕਾਂ ਨੇ ਆਖਿਆ, “ਇਹ ਏਲੀਯਾਹ ਹੈ।”
ਹੋਰਨਾਂ ਨੇ ਆਖਿਆ, “ਯਿਸੂ ਪੁਰਾਣੇ ਦਿਨਾਂ ਦੇ ਨਬੀਆਂ ਵਰਗਾ, ਇੱਕ ਨਬੀ ਹੈ।”
16 ਹੇਰੋਦੇਸ ਨੇ ਯਿਸੂ ਬਾਰੇ ਇਹ ਸਭ ਕੁਝ ਸੁਣਿਆ ਅਤੇ ਕਿਹਾ, “ਯੂਹੰਨਾ ਜਿਸਦਾ ਮੈਂ ਸਿਰ ਵੱਢਿਆ ਸੀ ਹੁਣ ਫ਼ੇਰ ਜੀ ਉੱਠਿਆ ਹੈ।”
ਯੂਹੰਨਾ ਬਪਤਿਸਮਾ ਦੇਣ ਵਾਲਾ ਕਿਵੇਂ ਮਾਰਿਆ ਗਿਆ
17 ਹੇਰੋਦੇਸ ਨੇ ਖੁਦ ਯੂਹੰਨਾ ਨੂੰ ਗਿਰਫ਼ਤਾਰ ਕਰਨ ਲਈ ਆਖਿਆ। ਇੰਝ ਉਸ ਨੂੰ ਕੈਦਖਾਨੇ ਵਿੱਚ ਪਾਇਆ ਗਿਆ। ਰਾਜਾ ਹੇਰੋਦੇਸ ਨੇ ਇਹ ਸਭ ਆਪਣੀ ਪਤਨੀ ਨੂੰ ਖੁਸ਼ ਕਰਨ ਲਈ ਕੀਤਾ, ਜਿਸਦਾ ਨਾਉਂ ਸੀ ਹੇਰੋਦਿਯਾਸ। ਹੇਰੋਦਿਯਾਸ, ਹੇਰੋਦੇਸ ਦੇ ਭਰਾ ਫ਼ਿਲਿਪੁੱਸ ਦੀ ਪਤਨੀ ਸੀ। ਪਰ ਹੇਰੋਦੇਸ ਨੇ ਉਸ ਨਾਲ ਵਿਆਹ ਕਰਾ ਲਿਆ। 18 ਯੂਹੰਨਾ ਹੇਰੋਦੇਸ ਨੂੰ ਕਿਹਾ, “ਆਪਣੇ ਭਰਾ ਦੀ ਤੀਵੀਂ ਨਾਲ ਵਿਆਹ ਕਰਵਾਉਣਾ ਠੀਕ ਨਹੀਂ।” 19 ਇਸੇ ਲਈ ਹੇਰੋਦਿਯਾਸ ਯੂਹੰਨਾ ਨਾਲ ਨਫ਼ਰਤ ਕਰਦੀ ਸੀ ਉਹ ਉਸ ਨੂੰ ਮਾਰਨਾ ਚਾਹੁੰਦੀ ਸੀ ਪਰ ਉਸਦਾ ਕੋਈ ਵੱਸ ਨਹੀਂ ਸੀ ਚੱਲਦਾ। 20 ਹੇਰੋਦੇਸ ਯੂਹੰਨਾ ਤੋਂ ਡਰਦਾ ਸੀ ਕਿਉਂਕਿ ਉਹ ਜਾਣਦਾ ਸੀ ਕਿ ਯੂਹੰਨਾ ਇੱਕ ਧਰਮੀ ਅਤੇ ਪਵਿੱਤਰ ਪੁਰੱਖ ਸੀ, ਇਸ ਲਈ ਉਸ ਨੇ ਉਸਦੀ ਰੱਖਿਆ ਕੀਤੀ। ਉਹ ਯੂਹੰਨਾ ਦੇ ਉਪਦੇਸ਼ ਨੂੰ ਬੜੇ ਅਨੰਦ ਨਾਲ ਸੁਣਦਾ ਸੀ। ਪਰ ਉਸ ਦੇ ਇਸ ਉਪਦੇਸ਼ ਨੇ ਹੇਰੋਦੇਸ ਨੂੰ ਪਰੇਸ਼ਾਨ ਕੀਤਾ।
21 ਫ਼ੇਰ ਯੂਹੰਨਾ ਦੀ ਮੌਤ ਲਈ ਹੇਰੋਦਿਯਾਸ ਦੇ ਹੱਥ ਉਦੋਂ ਸਹੀ ਸਮਾਂ ਲੱਗ ਗਿਆ ਜਦੋਂ ਰਾਜਾ ਹੇਰੋਦੇਸ ਦਾ ਜਨਮ ਦਿਨ ਸੀ। ਉਸ ਦਿਨ, ਹੇਰੋਦੇਸ ਨੇ ਇੱਕ ਦਾਵਤ ਤੇ ਆਪਣੇ ਅਧਿਕਾਰੀਆਂ, ਫ਼ੌਜ ਦੇ ਅਧਿਕਾਰੀਆਂ, ਅਤੇ ਗਲੀਲ ਦੇ ਮਹੱਤਵਪੂਰਨ ਲੋਕਾਂ ਨੂੰ ਨਿਉਂਤਾ ਦਿੱਤਾ। 22 ਹੇਰੋਦਿਯਾਸ ਦੀ ਧੀ ਉਸ ਦਾਵਤ ਵਿੱਚ ਆਈ ਅਤੇ ਨੱਚੀ। ਰਾਜੇ ਅਤੇ ਉਸ ਨਾਲ ਦੇ ਹੋਰ ਵਿਸ਼ੇਸ਼ ਵਿਅਕਤੀਆਂ ਨੇ ਉਸ ਦੇ ਨਾਚ ਦਾ ਅਨੰਦ ਮਾਣਿਆ।
ਰਾਜਾ ਹੇਰੋਦੇਸ ਨੇ ਉਸ ਕੁੜੀ ਨੂੰ ਆਖਿਆ, “ਜੋ ਕੁਝ ਵੀ ਤੈਨੂੰ ਚਾਹੀਦਾ ਮੰਗ ਅਤੇ ਮੈਂ ਉਹ ਤੈਨੂੰ ਦੇ ਦੇਵਾਂਗਾ।” 23 ਉਸ ਨੇ ਸੌਂਹ ਖਾਕੇ ਉਸ ਨਾਲ ਇਕਰਾਰ ਕੀਤਾ, “ਜੋ ਕੁਝ ਤੂੰ ਮੰਗੇਂਗੀ ਮੈਂ ਤੈਨੂੰ ਦੇਵਾਂਗਾ ਭਾਵੇਂ ਇਹ ਮੇਰਾ ਅੱਧਾ ਰਾਜ ਹੀ ਕਿਉਂ ਨਾ ਹੋਵੇ।”
24 ਤਾਂ ਕੁੜੀ ਨੇ ਆਪਣੀ ਮਾਂ ਕੋਲ ਜਾਕੇ ਪੁੱਛਿਆ, “ਮੈਨੂੰ ਕੀ ਮੰਗਣਾ ਚਾਹੀਦਾ?”
ਤਾਂ ਉਸਦੀ ਮਾਂ ਨੇ ਆਖਿਆ, “ਯੂਹੰਨਾ ਬਪਤਿਸਮਾ ਦੇਣ ਵਾਲੇ ਦਾ ਸਿਰ ਮੰਗ ਲੈ।”
25 ਤਦ ਉਹ ਜਲਦੀ ਨਾਲ ਰਾਜੇ ਕੋਲ ਗਈ ਅਤੇ ਆਖਿਆ, “ਮੈਨੂੰ ਹੁਣੇ ਹੀ ਇੱਕ ਥਾਲੀ ਤੇ ਰੱਖਕੇ ਯੂਹੰਨਾ ਬਪਤਿਸਮਾ ਦੇਣ ਵਾਲੇ ਦਾ ਸਿਰ ਚਾਹੀਦਾ ਹੈ।”
26 ਤਦ ਰਾਜਾ ਬਹੁਤ ਉਦਾਸ ਹੋ ਗਿਆ। ਪਰ ਉਸ ਨੇ ਸੌਂਹ ਖਾਕੇ ਉਸ ਕੁੜੀ ਨਾਲ ਇਕਰਾਰ ਕੀਤਾ ਸੀ ਕਿ ਉਹ ਜੋ ਕੁਝ ਵੀ ਮੰਗੇਗੀ, ਦੇਵੇਗਾ। ਅਤੇ ਉਸ ਦੇ ਮਹਿਮਾਨਾਂ ਨੇ ਵੀ ਉਸਦਾ ਵਾਦਾ ਸੁਣਿਆ ਸੀ। ਇਸ ਲਈ ਹੇਰੋਦੇਸ ਉਸ ਨੂੰ ਇਨਕਾਰ ਨਹੀਂ ਸੀ ਕਰ ਸੱਕਦਾ। 27 ਰਾਜੇ ਨੇ ਝੱਟ ਇੱਕ ਸਿਪਾਹੀ ਨੂੰ ਹੁਕਮ ਦੇਕੇ ਭੇਜਿਆ ਕਿ ਉਹ ਯੂਹੰਨਾ ਦਾ ਸਿਰ ਲੈ ਕੇ ਆਵੇ ਤਾਂ ਸਿਪਾਹੀ ਕੈਦਖਾਨੇ ਨੂੰ ਗਿਆ ਅਤੇ ਯੂਹੰਨਾ ਦਾ ਸਿਰ ਵੱਢ ਦਿੱਤਾ। 28 ਤਦ ਸਿਪਾਹੀ ਥਾਲੀ ਵਿੱਚ ਉਸਦਾ ਸਿਰ ਧਰਕੇ ਲਿਆਇਆ ਅਤੇ ਉਹ ਸਿਰ ਉਸ ਨੇ ਕੁੜੀ ਅੱਗੇ ਪੇਸ਼ ਕੀਤਾ ਅਤੇ ਉਸ ਕੁੜੀ ਨੇ ਉਹ ਸਿਰ ਆਪਣੀ ਮਾਂ ਨੂੰ ਦੇ ਦਿੱਤਾ। 29 ਜਦੋਂ ਯੂਹੰਨਾ ਦੇ ਚੇਲਿਆਂ ਨੂੰ ਇਹ ਪਤਾ ਲੱਗਾ, ਉਹ ਆਏ ਅਤੇ ਉਸਦਾ ਸਰੀਰ ਲੈ ਜਾਕੇ ਕਬਰ ਵਿੱਚ ਰੱਖ ਦਿੱਤਾ।
ਯਿਸੂ ਦਾ ਪੰਜ ਹਜ਼ਾਰ ਤੋਂ ਵੱਧ ਨੂੰ ਭੋਜਨ ਕਰਵਾਉਣਾ(D)
30 ਫ਼ੇਰ ਰਸੂਲ ਵਾਪਸ ਆਏ ਅਤੇ ਯਿਸੂ ਦੇ ਦੁਆਲੇ ਇਕੱਠੇ ਹੋ ਗਏ ਅਤੇ ਜੋ ਕੁਝ ਵੀ ਉਨ੍ਹਾਂ ਨੇ ਕੀਤਾ ਸੀ ਅਤੇ ਜੋ ਪ੍ਰਚਾਰ ਕੀਤਾ ਸੀ ਸਭ ਉਸ ਨੂੰ ਦਸਿਆ। 31 ਬਹੁਤ ਸਾਰੇ ਲੋਕ ਉੱਥੇ ਆਉਂਦੇ ਅਤੇ ਜਾਂਦੇ ਸਨ। ਇਸ ਲਈ ਯਿਸੂ ਅਤੇ ਰਸੂਲਾਂ ਕੋਲ ਰੋਟੀ ਖਾਣ ਦਾ ਵੀ ਸਮਾਂ ਨਹੀਂ ਸੀ। ਫ਼ਿਰ ਯਿਸੂ ਨੇ ਆਪਣੇ ਚੇਲਿਆਂ ਨੂੰ ਆਖਿਆ, “ਮੇਰੇ ਨਾਲ ਆਓ, ਅਸੀਂ ਇੱਕਲੇ ਕਿਸੇ ਨਿਵੇਕਲੀ ਥਾਂ ਤੇ ਚੱਲੀਏ ਤਾਂ ਜੋ ਅਸੀਂ ਥੋੜੇ ਸਮੇਂ ਲਈ ਅਰਾਮ ਕਰ ਸੱਕੀਏ।”
32 ਤਾਂ ਯਿਸੂ ਅਤੇ ਉਸ ਦੇ ਚੇਲੇ ਇੱਕਲੇ ਨਿਕਲ ਗਏ। ਉਹ ਕਿਸ਼ਤੀ ਦੁਆਰਾ ਇੱਕ ਇੱਕਾਂਤ ਜਗ੍ਹਾ ਤੇ ਚੱਲੇ ਗਏ। 33 ਪਰ ਬਹੁਤ ਸਾਰੇ ਲੋਕਾਂ ਨੇ ਉਨ੍ਹਾਂ ਨੂੰ ਜਾਂਦਿਆਂ ਵੇਖਿਆ ਸੀ ਅਤੇ ਉਹ ਜਾਣਦੇ ਸਨ ਕਿ ਇਹ ਯਿਸੂ ਹੀ ਹੈ। ਤਾਂ ਸਾਰੇ ਸ਼ਹਿਰਾਂ ਦੇ ਲੋਕ ਤੁਰਕੇ ਉੱਥੇ ਪਹੁੰਚੇ ਜਿੱਥੇ ਯਿਸੂ ਆਪਣੇ ਚੇਲਿਆਂ ਨਾਲ ਬੇੜੀ ਵਿੱਚ ਗਿਆ ਸੀ। ਸਗੋਂ ਲੋਕ ਉਸ ਦੇ ਉੱਥੇ ਪਹੁੰਚਣ ਤੋਂ ਪਹਿਲਾਂ ਹੀ ਉੱਥੇ ਮੌਜੂਦ ਸਨ। 34 ਜਦੋਂ ਯਿਸੂ ਉੱਥੇ ਪਹੁੰਚਿਆ ਤਾਂ ਉਸ ਨੇ ਵੇਖਿਆ ਕਿ ਬਹੁਤ ਸਾਰੇ ਲੋਕ ਉਸਦਾ ਇੰਤਜ਼ਾਰ ਕਰ ਰਹੇ ਸਨ। ਯਿਸੂ ਨੂੰ ਉਨ੍ਹਾਂ ਤੇ ਤਰਸ ਆਇਆ, ਕਿਉਂਕਿ ਉਹ ਬਿਨ ਆਜੜੀ ਦੀਆਂ ਭੇਡਾਂ ਵਾਂਗ ਸਨ। ਤਾਂ ਉਸ ਨੇ ਉਨ੍ਹਾਂ ਨੂੰ ਬਹੁਤ ਸਾਰੀਆਂ ਗੱਲਾਂ ਬਾਰੇ ਉਪਦੇਸ਼ ਦਿੱਤਾ।
35 ਕਾਫ਼ੀ ਦਿਨ ਲਹਿ ਚੁੱਕਾ ਸੀ ਤਾਂ ਉਸ ਦੇ ਚੇਲੇ ਉਸ ਕੋਲ ਆਏ ਅਤੇ ਆਖਿਆ, “ਇਹ ਇੱਕ ਉਜਾੜ ਥਾਂ ਹੈ ਅਤੇ ਕਾਫ਼ੀ ਦੇਰ ਹੋ ਰਹੀ ਹੈ। 36 ਇਸ ਲਈ ਇਨ੍ਹਾਂ ਲੋਕਾਂ ਨੂੰ ਜਾਣ ਦਿਉ ਤਾਂ ਜੋ ਇਹ ਆਲੇ-ਦੁਆਲੇ ਦੇ ਖੇਤਾਂ ਤੇ ਨਗਰਾਂ ਵਿੱਚੋਂ ਆਪਣੇ ਲਈ ਭੋਜਨ ਦਾ ਇੰਤਜ਼ਾਮ ਕਰ ਸੱਕਣ।”
37 ਪਰ ਯਿਸੂ ਨੇ ਉੱਤਰ ਦਿੱਤਾ, “ਤੁਸੀਂ ਹੀ ਉਨ੍ਹਾਂ ਨੂੰ ਖਾਣ ਲਈ ਦੇਵੋ।”
ਚੇਲਿਆਂ ਨੇ ਯਿਸੂ ਨੂੰ ਪੁੱਛਿਆ, “ਕੀ ਸਾਨੂੰ ਜਾਣਾ ਚਾਹੀਦਾ ਹੈ ਅਤੇ ਇਨ੍ਹਾਂ ਸਾਰੇ ਲੋਕਾਂ ਵਾਸਤੇ ਭੋਜਨ ਖਰੀਦਣਾ ਚਾਹੀਦਾ ਹੈ? ਜੇਕਰ ਇਨ੍ਹਾਂ ਸਾਰਿਆਂ ਲੋਕਾਂ ਨੂੰ ਭੋਜਨ ਦੇਣਾ ਹੈ ਤਾਂ ਸਾਨੂੰ ਸਾਰਿਆਂ ਨੂੰ ਕਾਫ਼ੀ ਪੈਸਾ ਕਮਾਉਣ ਲਈ ਇੱਕ ਮਹੀਨਾ ਕੰਮ ਕਰਨਾ ਚਾਹੀਦਾ ਹੈ ਤਾਂ ਜੋ ਅਸੀਂ ਇਨ੍ਹਾਂ ਲੋਕਾਂ ਨੂੰ ਭੋਜਨ ਖਰੀਦ ਕੇ ਦੇਣ ਦੇ ਯੋਗ ਹੋ ਸੱਕੀਏ।”
38 ਯਿਸੂ ਨੇ ਚੇਲਿਆਂ ਨੂੰ ਆਖਿਆ, “ਜਾਓ ਅਤੇ ਵੇਖੋ! ਤੁਹਾਡੇ ਕੋਲ ਕਿੰਨੀਆਂ ਰੋਟੀਆਂ ਹਨ?”
ਚੇਲਿਆਂ ਨੇ ਆਪਣੀਆਂ ਰੋਟੀਆਂ ਗਿਣੀਆਂ ਅਤੇ ਯਿਸੂ ਕੋਲ ਆਕੇ ਕਿਹਾ, “ਸਾਡੇ ਕੋਲ ਪੰਜ ਰੋਟੀਆਂ ਅਤੇ ਦੋ ਮੱਛੀਆਂ ਹਨ।”
39 ਤਾਂ ਯਿਸੂ ਨੇ ਚੇਲਿਆਂ ਨੂੰ ਕਿਹਾ, “ਉਨ੍ਹਾਂ ਨੂੰ ਆਖੋ ਕਿ ਸਭ ਕੁੰਡਲੀਆਂ ਬਣਾਕੇ ਹਰੀ ਘਾਹ ਉੱਤੇ ਬੈਠ ਜਾਣ।” 40 ਤਾਂ ਸਾਰੇ ਲੋਕ ਕੁੰਡਲੀਆਂ ਬਣਾਕੇ ਬਹਿ ਗਏ ਅਤੇ ਹਰ ਕੁੰਡਲੀ ਵਿੱਚ ਪੰਜਾਹ ਜਾਂ ਸੌ ਬੰਦੇ ਸਨ।
41 ਯਿਸੂ ਨੇ ਉਹ ਪੰਜ ਰੋਟੀਆਂ ਅਤੇ ਦੋ ਮੱਛੀਆਂ ਹੱਥ ਵਿੱਚ ਫ਼ੜੀਆਂ, ਅਕਾਸ਼ ਵੱਲ ਵੇਖਕੇ ਇਨ੍ਹਾਂ ਵਾਸਤੇ ਪਰਮੇਸ਼ੁਰ ਦਾ ਧੰਨਵਾਦ ਕੀਤਾ। ਫ਼ੇਰ ਉਸ ਨੇ ਰੋਟੀਆਂ ਤੋੜੀਆਂ ਅਤੇ ਲੋਕਾਂ ਵਿੱਚ ਵੰਡਣ ਲਈ ਆਪਣੇ ਚੇਲਿਆਂ ਨੂੰ ਦੇ ਦਿੱਤੀਆਂ। ਇੰਝ ਹੀ ਯਿਸੂ ਨੇ ਮੱਛੀਆਂ ਦੇ ਟੋਟੇ ਕੀਤੇ ਅਤੇ ਉਹ ਲੋਕਾਂ ਨੂੰ ਦੇ ਦਿੱਤੇ।
42 ਸਭ ਲੋਕਾਂ ਨੇ ਆਪਣੀ ਭੁੱਖ ਮੁਤਾਬਕ ਖਾਧਾ। 43 ਫ਼ੇਰ ਚੇਲਿਆਂ ਨੇ ਬਚੀਆਂ ਹੋਈਆਂ ਰੋਟੀਆਂ ਅਤੇ ਮੱਛੀਆਂ ਦੇ ਟੁਕੜਿਆਂ ਨਾਲ ਬਾਰ੍ਹਾਂ ਟੋਕਰੀਆਂ ਭਰੀਆਂ। 44 ਉਸ ਭੋਜਨ ਵਿੱਚ ਪੰਜ ਹਜ਼ਾਰ ਦੇ ਕਰੀਬ ਆਦਮੀ ਸਨ।
ਯਿਸੂ ਦਾ ਪਾਣੀ ਉੱਪਰ ਚੱਲਣਾ(E)
45 ਫ਼ਿਰ ਉਸ ਨੇ ਆਪਣੇ ਚੇਲਿਆਂ ਨੂੰ ਬੇੜੀ ਵਿੱਚ ਚੜ੍ਹ੍ਹਨ ਦੀ ਤਗੀਦ ਕੀਤੀ। ਯਿਸੂ ਨੇ ਉਨ੍ਹਾਂ ਨੂੰ ਝੀਲ ਦੇ ਦੂਜੇ ਕੰਢੇ ਬੈਤਸੈਦਾ ਨਾਉਂ ਦੀ ਥਾਂ ਤੇ ਜਾਣ ਨੂੰ ਕਿਹਾ ਅਤੇ ਖੁਦ ਉੱਥੇ ਹੀ ਰਹਿ ਪਿਆ। ਯਿਸੂ ਆਪ ਉੱਥੇ ਹੀ ਰੁਕ ਗਿਆ ਅਤੇ ਆਖਿਆ ਕਿ ਉਸ ਨੂੰ ਆਉਣ ਵਿੱਚ ਦੇਰੀ ਹੋ ਸੱਕਦੀ ਹੈ। ਅਤੇ ਉਸ ਨੇ ਬਾਕੀ ਲੋਕਾਂ ਨੂੰ ਵੀ ਵਾਪਿਸ ਘਰਾਂ ਨੂੰ ਮੁੜ ਜਾਣ ਲਈ ਕਿਹਾ। 46 ਜਦੋਂ ਉਸ ਨੇ ਲੋਕਾਂ ਨੂੰ ਵਿਦਾ ਕੀਤਾ ਤਾਂ ਉਹ ਆਪ ਪਹਾੜੀ ਉੱਤੇ ਪ੍ਰਾਰਥਨਾ ਲਈ ਚੱਲਾ ਗਿਆ।
47 ਆਥਣ ਤੱਕ, ਬੇੜੀ ਝੀਲ ਦੇ ਵਿੱਚਕਾਰ ਸੀ ਪਰ ਇੱਕਲਾ ਯਿਸੂ ਹਾਲੇ ਵੀ ਕੰਢੇ ਉੱਤੇ ਖੜ੍ਹਾ ਸੀ। 48 ਉਸ ਨੇ ਵੇਖਿਆ ਕਿ ਦੂਰ ਬੇੜੀ ਅਜੇ ਝੀਲ ਵਿੱਚਕਾਰ ਹੈ ਅਤੇ ਚੱਪੂ ਚਲਾਉਣ ਲਈ ਚੇਲੇ ਬੜਾ ਜ਼ੋਰ ਲਗਾ ਰਹੇ ਹਨ ਕਿਉਂਕਿ ਹਵਾ ਉਲਟੀ ਦਿਸ਼ਾ ਵੱਲ ਦੀ ਸੀ। ਰਾਤ ਦੇ ਪਿੱਛਲੇ ਪਹਿਰ ਤਕਰੀਬਨ ਤਿੰਨ ਤੋਂ ਛੇ ਦੇ ਵਿੱਚਕਾਰ ਯਿਸੂ ਝੀਲ ਦੇ ਉੱਪਰੋਂ ਦੀ ਤੁਰਦਿਆਂ ਉਨ੍ਹਾਂ ਦੀ ਬੇੜੀ ਵੱਲ ਆਇਆ, ਅਤੇ ਉਹ ਬੇੜੀ ਤੋਂ ਥੋੜਾ ਅਗਾਂਹ ਤੁਰਿਆ। 49 ਪਰ ਜਦੋਂ ਚੇਲਿਆਂ ਨੇ ਯਿਸੂ ਨੂੰ ਪਾਣੀ ਤੇ ਤੁਰਦਿਆਂ ਵੇਖਿਆ, ਉਨ੍ਹਾਂ ਨੇ ਸਮਝਿਆ ਕਿ ਉਹ ਕੋਈ ਭੂਤ ਹੈ ਅਤੇ ਉਹ ਡਰ ਨਾਲ ਚੀਕਣ ਲੱਗੇ। 50 ਸਾਰੇ ਚੇਲੇ ਉਸ ਨੂੰ ਵੇਖਕੇ ਬਹੁਤ ਘਬਰਾਏ ਪਰ ਉਹ ਚੇਲਿਆਂ ਨੂੰ ਬੋਲਿਆ, “ਹੌਂਸਲਾ ਰੱਖੋ! ਇਹ ਮੈਂ ਹੀ ਹਾਂ! ਤੁਸੀਂ ਡਰੋ ਨਹੀਂ!” 51 ਤਦ ਯਿਸੂ ਉਨ੍ਹਾਂ ਦਾ ਸਾਥ ਦੇਣ ਲਈ ਬੇੜੀ ਵਿੱਚ ਚੜ੍ਹ੍ਹ ਗਿਆ ਅਤੇ ਹਵਾ ਸ਼ਾਂਤ ਹੋ ਗਈ। ਚੇਲਿਆਂ ਨੇ ਇਹ ਸਭ ਵੇਖਿਆ ਅਤੇ ਹੈਰਾਨ ਹੋ ਗਏ। 52 ਉਨ੍ਹਾਂ ਨੇ ਯਿਸੂ ਨੂੰ ਰੋਟੀਆਂ ਵਾਲਾ ਕਰਿਸ਼ਮਾ ਕਰਦਿਆਂ ਵੇਖਿਆ ਵੀ ਸੀ ਪਰ ਉਹ ਇਹ ਨਾ ਸਮਝ ਸੱਕੇ ਕਿਉਂਕਿ ਉਹ ਪੱਥਰ ਦਿਲ ਸਨ।
ਯਿਸੂ ਬਹੁਤ ਸਾਰੇ ਲੋਕਾਂ ਨੂੰ ਚੰਗਾ ਕਰਦਾ(F)
53 ਜਦੋਂ ਉਨ੍ਹਾਂ ਨੇ ਝੀਲ ਪਾਰ ਕਰ ਲਈ ਤਾਂ ਉਹ ਗੰਨੇਸਰਤ ਦੇ ਕੰਢੇ ਪਹੁੰਚੇ ਅਤੇ ਉੱਥੇ ਜਾਕੇ ਬੇੜੀ ਨੂੰ ਬੰਨ੍ਹ ਦਿੱਤਾ। 54 ਜਦੋਂ ਉਹ ਬੇੜੀ ਤੋਂ ਬਾਹਰ ਨਿਕਲੇ ਤਾਂ ਲੋਕਾਂ ਨੇ ਯਿਸੂ ਨੂੰ ਵੇਖਿਆ। ਉਹ ਜਾਣਦੇ ਸਨ ਕਿ ਇਹ ਕੌਣ ਹੈ। 55 ਉਹ ਲੋਕ ਦੂਜੇ ਲੋਕਾਂ ਨੂੰ ਇਤਲਾਹ ਦੇਣ ਵਾਸਤੇ ਨਗਰ ਦੇ ਚਾਰੇ ਪਾਸੇ ਦੌੜੇ, ਇਹ ਦੱਸਣ ਲਈ ਕਿ ਯਿਸੂ ਉੱਥੇ ਸੀ। ਜਿੱਥੇ ਵੀ ਯਿਸੂ ਜਾਂਦਾ ਲੋਕ ਬਿਮਾਰ ਲੋਕਾਂ ਨੂੰ ਮੰਜਿਆਂ ਉੱਤੇ ਪਾਕੇ ਉਸ ਕੋਲ ਲੈਂ ਆਉਂਦੇ। 56 ਯਿਸੂ ਉਸ ਖੇਤ੍ਰ ਵਿੱਚ ਸ਼ਹਿਰਾਂ, ਨਗਰਾਂ ਅਤੇ ਖੇਤਾਂ ਵਿੱਚ ਹਰ ਥਾਂ ਗਿਆ। ਜਿੱਥੇ ਵੀ ਉਹ ਗਿਆ ਲੋਕ ਬਜ਼ਾਰਾਂ ਵਿੱਚ ਵੀ ਮਰੀਜ਼ਾਂ ਨੂੰ ਲੈ ਆਉਂਦੇ ਸਨ। ਅਤੇ ਉਨ੍ਹਾਂ ਨੇ ਯਿਸੂ ਨੂੰ ਬੇਨਤੀ ਕੀਤੀ ਕਿ ਉਹ ਆਪਣੇ ਕੁੜਤੇ ਦੇ ਕਿਸੇ ਵੀ ਹਿੱਸੇ ਨੂੰ ਉਨ੍ਹਾਂ ਨੂੰ ਛੋਹਣ ਦੇਵੇ। ਜਿਨ੍ਹਾਂ ਨੇ ਉਸ ਨੂੰ ਛੋਹਿਆ ਚੰਗੇ ਹੋ ਗਏ।
ਪਰਮੇਸ਼ੁਰ ਦੇ ਨੇਮ ਅਤੇ ਮਨੁੱਖਾਂ ਦੀਆਂ ਬਣਾਈਆਂ ਰੀਤਾਂ(G)
7 ਕੁਝ ਫ਼ਰੀਸੀ ਅਤੇ ਕਈ ਨੇਮ ਦੇ ਉਪਦੇਸ਼ਕ ਯਰੂਸ਼ਲਮ ਤੋਂ ਆਏ ਅਤੇ ਯਿਸੂ ਦੇ ਗਿਰਦ ਇਕੱਠੇ ਹੋ ਗਏ। 2 ਫ਼ਰੀਸੀਆਂ ਅਤੇ ਨੇਮ ਦੇ ਉਪਦੇਸ਼ਕਾਂ ਨੇ ਵੇਖਿਆ ਕਿ ਯਿਸੂ ਦੇ ਕੁਝ ਚੇਲੇ ਅਣ-ਧੋਤੇ ਹੱਥਾਂ ਨਾਲ ਹੀ ਰੋਟੀ ਖਾਂਦੇ ਸਨ। 3 ਫ਼ਰੀਸੀ ਅਤੇ ਯਹੂਦੀ ਆਪਣੇ ਵਡੇਰਿਆਂ ਦੀ ਰੀਤ ਦੇ ਅਨੁਸਾਰ ਜਦੋਂ ਤੱਕ ਹੱਥਾਂ ਨੂੰ ਖਾਸ ਤਰ੍ਹਾਂ ਨਾ ਧੋ ਲੈਣ ਉਹ ਰੋਟੀ ਨਹੀਂ ਖਾਂਦੇ ਸਨ। 4 ਅਤੇ ਜੇਕਰ ਯਹੂਦੀ ਕੁਝ ਵੀ ਬਜਾਰੋਂ ਲਿਆਉਦੇ, ਉਹ ਉਦੋਂ ਤੱਕ ਨਹੀਂ ਖਾਂਦੇ ਸਨ ਜਦ ਤੱਕ ਉਹ ਉਨ੍ਹਾਂ ਨੂੰ ਰਸਮੀ ਤਰੀਕੇ ਨਾਲ ਨਾ ਧੋ ਲੈਣ। ਉਸੇ ਤਰ੍ਹਾਂ ਹੀ ਹੋਰ ਵੀ ਰੀਤਾਂ ਸਨ ਜੋ ਉਹ ਨਿਭਾਉਂਦੇ ਸਨ। ਉਦਾਹਰਣ ਲਈ, ਪਿਆਲੇ, ਘੜਿਆਂ ਅਤੇ ਹੋਰ ਬਰਤਨਾਂ ਨੂੰ ਧੋਣਾ।
5 ਤਦ ਫ਼ਰੀਸੀਆਂ ਅਤੇ ਨੇਮ ਦੇ ਉਪਦੇਸ਼ਕਾਂ ਨੇ ਉਸ ਨੂੰ ਪੁੱਛਿਆ, “ਜੋ ਰੀਤਾਂ ਸਾਡੇ ਵਡੇਰਿਆਂ ਨੇ ਸਾਨੂੰ ਦਿੱਤੀਆਂ ਹਨ ਤੇਰੇ ਚੇਲੇ ਉਨ੍ਹਾਂ ਦੀ ਪਾਲਣਾ ਕਿਉਂ ਨਹੀਂ ਕਰਦੇ? ਤੇਰੇ ਚੇਲੇ ਅਣ-ਧੋਤੇ ਹੱਥਾਂ ਨਾਲ ਰੋਟੀ ਕਿਉਂ ਖਾਂਦੇ ਹਨ?”
6 ਯਿਸੂ ਨੇ ਆਖਿਆ, “ਤੁਸੀਂ ਸਭ ਕਪਟੀ ਹੋ। ਤੁਹਾਡੇ ਬਾਰੇ ਯਸਾਯਾਹ ਨੇ ਠੀਕ ਅਗੰਮ ਵਾਕ ਕੀਤਾ। ਜਿਵੇਂ ਕਿ ਲਿਖਿਆ ਹੈ,
‘ਇਹ ਲੋਕ ਆਪਣੇ ਬੁਲ੍ਹਾਂ ਨਾਲ ਮੇਰਾ ਆਦਰ ਕਰਦੇ ਹਨ,
ਪਰ ਇਨ੍ਹਾਂ ਦਾ ਦਿਲ ਮੇਰੇ ਤੋਂ ਦੂਰ ਹੈ।
7 ਉਨ੍ਹਾਂ ਦਾ ਮੱਥਾ ਟੇਕਣਾ ਮੇਰੇ ਕਿਸੇ ਕੰਮ ਦਾ ਨਹੀਂ।
ਉਹ ਸਿਰਫ਼ ਮਨੁੱਖਾਂ ਦੇ ਬਣਾਏ ਕਨੂੰਨਾਂ ਦੇ ਉਪਦੇਸ਼ ਕਿਉਂ ਦਿੰਦੇ ਹਨ।’ (H)
8 ਤੁਸੀਂ, ਲੋਕਾਂ ਦੇ ਉਪਦੇਸ਼ ਦਾ ਅਨੁਸਰਣ ਕਰਨ ਦੀ ਖਾਤਿਰ ਪਰਮੇਸ਼ੁਰ ਦੇ ਹੁਕਮਾਂ ਨੂੰ ਟਾਲ ਦਿੰਦੇ ਹੋ।”
9 ਫ਼ਿਰ ਯਿਸੂ ਨੇ ਉਨ੍ਹਾਂ ਨੂੰ ਕਿਹਾ, “ਤੁਸੀਂ ਆਪਣੇ-ਆਪ ਨੂੰ ਬੜਾ ਹੁਸ਼ਿਆਰ ਸਮਝਦੇ ਹੋ! ਤੁਸੀਂ ਪਰਮੇਸ਼ੁਰ ਦੇ ਹੁਕਮ ਨੂੰ ਟਾਲ ਦਿੰਦੇ ਹੋ ਅਤੇ ਆਪਣੇ ਹੀ ਉਪਦੇਸ਼ਾਂ ਨੂੰ ਮੰਨਦੇ ਹੋ! 10 ਮੂਸਾ ਨੇ ਆਖਿਆ, ‘ਤੈਨੂੰ ਆਪਣੇ ਮਾਤਾ-ਪਿਤਾ ਦਾ ਆਦਰ ਕਰਨਾ ਚਾਹੀਦਾ ਹੈ।’ [a] ਮੂਸਾ ਨੇ ਇਹ ਵੀ ਆਖਿਆ, ‘ਕੋਈ ਵੀ ਜੋ ਆਪਣੇ ਪਿਤਾ ਜਾਂ ਮਾਤਾ ਦੇ ਵਿਰੁੱਧ ਮੰਦਾ ਬੋਲਦਾ ਹੈ ਉਸ ਨੂੰ ਮਾਰਿਆ ਜਾਣਾ ਚਾਹੀਦਾ ਹੈ।’ [b] 11 ਪਰ ਤੁਸੀਂ ਦੱਸਦੇ ਹੋ ਕਿ ਇੱਕ ਆਦਮੀ ਆਪਣੇ ਮਾਤਾ-ਪਿਤਾ ਨੂੰ ਆਖਦਾ ਹੈ, ‘ਮੇਰੇ ਕੋਲ ਕੁਝ ਹੈ ਜੋ ਤੁਹਾਡੀ ਸਹਾਇਤਾ ਲਈ ਉਪਯੋਗੀ ਹੋ ਸੱਕਦਾ, ਪਰ ਮੈਂ ਇਸ ਨੂੰ ਪਰਮੇਸ਼ੁਰ ਦੀ ਭੇਂਟ ਲਈ ਇੱਕ ਪਾਸੇ ਸੰਭਾਲਿਆ ਹੋਇਆ ਹੈ।’ 12 ਤੁਸੀਂ ਉਸ ਮਨੁੱਖ ਨੂੰ ਆਪਣੇ ਮਾਤਾ-ਪਿਤਾ ਲਈ ਕੁਝ ਵੀ ਨਹੀਂ ਕਰਨ ਦਿੰਦੇ। 13 ਇਸ ਲਈ ਤੁਸੀਂ ਪਰਮੇਸ਼ੁਰ ਦੇ ਬਚਨਾਂ ਨੂੰ ਆਪਣੇ ਦੁਆਰਾ ਲੋਕਾਂ ਨੂੰ ਅਨੁਸਰਣ ਕਰਨ ਲਈ ਦਿੱਤੇ ਹੋਏ ਰਿਵਾਜ਼ਾਂ ਨਾਲ ਰੱਦ ਕਰ ਦਿੰਦੇ ਹੋ ਅਤੇ ਇਸੇ ਤਰ੍ਹਾਂ ਤੁਸੀਂ ਹੋਰ ਵੀ ਬਥੇਰੇ ਕਾਰਜ ਕਰਦੇ ਹੋ।”
14 ਯਿਸੂ ਨੇ ਲੋਕਾਂ ਨੂੰ ਫ਼ੇਰ ਆਪਣੇ ਕੋਲ ਬੁਲਾਕੇ ਆਖਿਆ, “ਤੁਹਾਡੇ ਵਿੱਚੋਂ ਹਰ ਕੋਈ ਮੈਨੂੰ ਧਿਆਨ ਨਾਲ ਸੁਣੇ ਅਤੇ ਸਮਝੇ। 15 ਅਜਿਹਾ ਕੁਝ ਵੀ ਨਹੀਂ ਜਿਹੜਾ ਮਨੁੱਖ ਵਿੱਚ ਬਾਹਰੋਂ ਪ੍ਰਵੇਸ਼ ਕਰਦਾ ਹੈ ਅਤੇ ਉਸ ਨੂੰ ਦੂਸ਼ਿਤ ਕਰਦਾ ਹੈ। ਪਰ ਜਿਹੜੀਆਂ ਗੱਲਾਂ ਉਸ ਵਿਅਕਤੀ ਦੇ ਅੰਦਰੋਂ ਨਿਕਲਦੀਆਂ ਹਨ, ਉਹੀ ਉਸ ਨੂੰ ਦੂਸ਼ਿਤ ਕਰਦੀਆਂ ਹਨ।” 16 [c]
17 ਜਦੋਂ ਯਿਸੂ ਲੋਕਾਂ ਨੂੰ ਛੱਡ ਕੇ ਘਰ ਵਿੱਚ ਵੜਿਆ, ਉਸ ਦੇ ਚੇਲਿਆਂ ਨੇ ਉਸ ਨੂੰ ਇਸ ਦ੍ਰਿਸ਼ਟਾਂਤ ਬਾਰੇ ਪੁੱਛਿਆ। 18 ਉਸ ਨੇ ਆਖਿਆ, “ਕੀ ਤੁਹਾਨੂੰ ਵੀ ਇਹ ਸਮਝਣ ਵਿੱਚ ਮੁਸ਼ਕਿਲ ਹੋ ਰਹੀ ਹੈ? ਕੀ ਤੁਸੀਂ ਨਹੀਂ ਸਮਝਦੇ ਕਿ ਜੋ ਕੁਝ ਵੀ ਬਾਹਰੋਂ ਵਿਅਕਤੀ ਦੇ ਅੰਦਰ ਜਾਂਦਾ ਹੈ ਉਹ ਉਸ ਨੂੰ ਦੂਸ਼ਿਤ ਨਹੀਂ ਕਰ ਸੱਕਦਾ। 19 ਕਿਉਂਕਿ ਇਹ ਚੀਜ਼ਾਂ ਢਿੱਡ ਵਿੱਚ ਜਾਂਦੀਆਂ ਹਨ ਨਾ ਕਿ ਦਿਲ ਵਿੱਚ। ਅਤੇ ਇਹ ਚੀਜ਼ਾਂ ਸਰੀਰ ਵਿੱਚੋਂ ਬਾਹਰ ਆ ਜਾਂਦੀਆਂ ਹਨ।” (ਜਦੋਂ ਯਿਸੂ ਨੇ ਇਹ ਆਖਿਆ, ਤਾਂ ਉਸਦਾ ਭਾਵ ਇਹ ਸੀ ਕਿ ਕੋਈ ਵੀ ਭੋਜਨ ਨਹੀਂ ਜਿਹੜਾ ਮਨੁੱਖ ਲਈ ਅਸ਼ੁੱਧ ਹੈ।)
20 ਅਤੇ ਯਿਸੂ ਨੇ ਆਖਿਆ, “ਉਹ ਜੋ ਕਿਸੇ ਵਿਅਕਤੀ ਵਿੱਚੋਂ ਬਾਹਰ ਆਉਂਦਾ ਹੈ ਉਹੀ ਹੈ ਜੋ ਉਸ ਨੂੰ ਅਸ਼ੁੱਧ ਬਨਾਉਂਦਾ ਹੈ। 21 ਕਿਉਂਕਿ ਇਹੋ ਜਿਹੀਆਂ ਮੰਦੀਆਂ ਗੱਲਾਂ ਮਨੁੱਖ ਦੇ ਦਿਲ ਵਿੱਚੋਂ ਆਉਂਦੀਆਂ ਹਨ ਬੁਰੇ ਵਿੱਚਾਰ, ਜਿਨਸੀ ਪਾਪ, ਚੋਰੀਆਂ, ਕਤਲ, 22 ਵਿਭਚਾਰ, ਸੁਆਰਥਪੁਣਾ, ਬੁਰਾ ਵਿਉਹਾਰ, ਪਾਪੀ ਗੱਲਾਂ, ਧੋਖਾ, ਈਰਖਾ, ਲੋਕਾਂ ਬਾਰੇ ਬੁਰਾ-ਭਲਾ ਕਹਿਣਾ, ਹੰਕਾਰੀ ਬੋਲ ਅਤੇ ਮੂਰੱਖਤਾਈ। 23 ਇਹ ਸਭ ਬੁਰੀਆਂ ਗੱਲਾਂ ਵਿਅਕਤੀ ਦੇ ਅੰਦਰੋਂ ਬਾਹਰ ਨਿਕਲਦੀਆਂ ਹਨ ਅਤੇ ਇਹ ਗੱਲਾਂ ਉਸ ਨੂੰ ਅਸ਼ੁੱਧ ਬਣਾਉਂਦੀਆਂ ਹਨ।”
ਯਿਸੂ ਦਾ ਗੈਰ-ਯਹੂਦੀ ਔਰਤ ਦੀ ਸਹਾਇਤਾ ਕਰਨਾ(I)
24 ਫ਼ੇਰ ਯਿਸੂ ਉੱਥੋਂ ਉੱਠ ਕੇ ਸੂਰ ਦੇ ਇਲਾਕੇ ਵਿੱਚ ਆਇਆ ਅਤੇ ਇੱਕ ਘਰ ਵਿੱਚ ਗਿਆ। ਅਤੇ ਉਹ ਚਾਹੁੰਦਾ ਸੀ ਕਿ ਕਿਸੇ ਨੂੰ ਉਸ ਦੇ ਆਉਣ ਦੀ ਖਬਰ ਨਾ ਹੋਵੇ, ਪਰ ਉਹ ਆਪਣੇ-ਆਪ ਨੂੰ ਲੁਕਿਆ ਨਾ ਰੱਖ ਸੱਕਿਆ। 25 ਇੱਕ ਔਰਤ ਨੇ ਯਿਸੂ ਬਾਰੇ ਸੁਣਿਆ ਅਤੇ ਆਪਣੀ ਛੋਟੀ ਜਿਹੀ ਕੁੜੀ ਨੂੰ ਲਿਆਈ ਜਿਸ ਅੰਦਰ ਇੱਕ ਭਰਿਸ਼ਟ ਆਤਮਾ ਸੀ। ਔਰਤ ਯਿਸੂ ਦੇ ਚਰਣਾਂ ਤੇ ਝੁਕੀ ਤੇ ਪ੍ਰਣਾਮ ਕੀਤਾ। 26 ਉਹ ਔਰਤ ਗੈਰ-ਯਹੂਦੀ ਯੂਨਾਨਣ ਸੀ ਅਤੇ ਉਸਦਾ ਜਨਮ ਸੂਰੁਫ਼ੈਨੀਕਣ ਦਾ ਸੀ ਜੋ ਕਿ ਸੀਰਿਆ ਦਾ ਇਲਾਕਾ ਹੈ। ਉਸ ਨੇ ਯਿਸੂ ਨੂੰ ਉਸਦੀ ਧੀ ਅੰਦਰੋਂ ਭੂਤ ਨੂੰ ਕੱਢਣ ਵਾਸਤੇ ਬੇਨਤੀ ਕੀਤੀ।
27 ਯਿਸੂ ਨੇ ਉਸ ਔਰਤ ਨੂੰ ਆਖਿਆ, “ਸਭ ਤੋਂ ਪਹਿਲਾਂ ਜਿੰਨੀ ਰੋਟੀ ਬੱਚੇ ਚਾਹੁੰਣ ਉਨ੍ਹਾਂ ਨੂੰ ਖਾਣ ਦਿਓ ਕਿਉਂਕਿ ਬੱਚਿਆਂ ਦੀ ਰੋਟੀ ਲੈ ਕੇ ਕਤੂਰਿਆਂ ਨੂੰ ਪਾਉਣੀ ਚੰਗੀ ਗੱਲ ਨਹੀਂ।”
28 ਔਰਤ ਨੇ ਜਵਾਬ ਦਿੱਤਾ, “ਪ੍ਰਭੂ ਜੀ, ਇਹ ਸੱਚ ਹੈ, ਪਰ ਮੇਜ਼ ਦੇ ਹੇਠਾਂ ਬੈਠੇ ਕੁੱਤੇ ਵੀ ਬੱਚਿਆਂ ਦੁਆਰਾ ਛੱਡੇ ਗਏ ਰੋਟੀ ਦੇ ਟੁਕੜੇ ਖਾਂਦੇ ਹਨ।”
29 ਤਾਂ ਯਿਸੂ ਨੇ ਉਸ ਔਰਤ ਨੂੰ ਆਖਿਆ, “ਇਹ ਇੱਕ ਚੰਗਾ ਜਵਾਬ ਹੈ। ਫ਼ਿਰ ਤੂੰ ਜਾ ਸੱਕਦੀ ਹੈਂ। ਭੂਤ ਨੇ ਤੇਰੀ ਧੀ ਨੂੰ ਛੱਡ ਦਿੱਤਾ ਹੈ।”
30 ਫ਼ਿਰ ਉਹ ਔਰਤ ਘਰ ਗਈ ਅਤੇ ਉਸਦੀ ਧੀ ਨੂੰ ਮੰਜੇ ਤੇ ਪਈ ਵੇਖਿਆ ਅਤੇ ਭੂਤ ਨੇ ਉਸ ਨੂੰ ਛੱਡ ਦਿੱਤਾ ਸੀ।
ਯਿਸੂ ਦਾ ਇੱਕ ਬੋਲੇ ਨੂੰ ਠੀਕ ਕਰਨਾ
31 ਉਸ ਨੇ ਸੂਰ ਦਾ ਉਹ ਖੇਤ੍ਰ ਛੱਡ ਦਿੱਤਾ ਅਤੇ ਸੈਦਾ ਰਾਹੀਂ ਦਿਕਾਪੁਲਿਸ ਦੇ ਖੇਤ੍ਰ ਵਿੱਚ ਦੀ ਲੰਘਦਾ ਹੋਇਆ ਗਲੀਲੀ ਝੀਲ ਨੂੰ ਗਿਆ। 32 ਜਦੋਂ ਉਹ ਉੱਥੇ ਸੀ, ਕੁਝ ਲੋਕ ਉਸ ਕੋਲ ਇੱਕ ਬੰਦੇ ਨੂੰ ਲਿਆਏ, ਉਹ ਮਨੁੱਖ ਗੂੰਗਾ ਅਤੇ ਬੋਲਾ ਸੀ। ਉਨ੍ਹਾਂ ਨੇ ਉਸ ਨੂੰ ਅਰਜੋਈ ਕੀਤੀ ਕਿ ਉਹ ਆਪਣੇ ਹੱਥ ਉਸ ਉੱਪਰ ਰੱਖਕੇ ਉਸ ਨੂੰ ਚੰਗਾ ਕਰ ਦੇਵੇ।
33 ਯਿਸੂ ਉਸ ਬੰਦੇ ਨੂੰ ਭੀੜ ਤੋਂ ਵੱਖਰਾ ਕਰਕੇ ਲੈ ਗਿਆ ਅਤੇ ਆਪਣੀਆਂ ਉਂਗਲਾਂ ਉਸ ਦੇ ਕੰਨ ਵਿੱਚ ਪਾਈਆਂ। ਫ਼ਿਰ ਯਿਸੂ ਨੇ ਥੁਕਿਆ ਅਤੇ ਉਸਦੀ ਜੀਭ ਨੂੰ ਛੋਇਆ। 34 ਯਿਸੂ ਨੇ ਅਕਾਸ਼ ਵੱਲ ਵੇਖਿਆ ਅਤੇ ਮੂੰਹ ਚ ਹਉਂਕਾ ਭਰਿਆ ਅਤੇ ਉਸ ਨੂੰ ਆਖਿਆ, “ਇੱਫ਼ਤਾ!” (ਇਸਦਾ ਅਰਥ “ਖੁੱਲ੍ਹ ਜਾ!”) 35 ਜਦੋਂ ਉਸ ਨੇ ਅਜਿਹਾ ਕੀਤਾ ਮਨੁੱਖ ਸੁਨਣ ਦੇ ਸਮਰਥ ਹੋ ਗਿਆ ਅਤੇ ਉਹ ਸਾਫ਼-ਸਾਫ਼ ਬੋਲਣ ਦੇ ਵੀ ਸਮਰੱਥ ਸੀ।
36 ਯਿਸੂ ਨੇ ਲੋਕਾਂ ਨੂੰ ਤਗੀਦ ਕੀਤੀ ਕਿ ਇਸ ਘਟਨਾ ਬਾਰੇ ਕਿਸੇ ਨੂੰ ਨਾ ਕਹਿਣਾ। ਯਿਸੂ ਨੇ ਹਮੇਸ਼ਾ ਲੋਕਾਂ ਨੂੰ ਇਸਦਾ ਹੁਕਮ ਦਿੱਤਾ। ਪਰ ਜਿੰਨਾ ਉਹ ਹੋਰਨਾਂ ਨੂੰ ਨਾ ਦੱਸਣ ਵਾਸਤੇ ਵੱਧ ਹੁਕਮ ਦਿੰਦਾ ਸੀ ਉਹ ਉਸ ਬਾਰੇ ਹੋਰ ਵੀ ਜ਼ਿਆਦਾ ਦੱਸਦੇ। 37 ਲੋਕ ਬੜੇ ਹੈਰਾਨ ਸਨ ਅਤੇ ਆਖਿਆ, “ਯਿਸੂ ਸਭ ਕੁਝ ਵੱਧੀਆ ਕਰਦਾ ਹੈ। ਉਹ ਬੋਲਿਆਂ ਨੂੰ ਸੁਨਣ ਅਤੇ ਗੂੰਗਿਆਂ ਨੂੰ ਬੋਲਣ ਦੇ ਕਾਬਿਲ ਵੀ ਬਨਾਉਂਦਾ ਹੈ।”
2010 by World Bible Translation Center