Print Page Options
Previous Prev Day Next DayNext

Beginning

Read the Bible from start to finish, from Genesis to Revelation.
Duration: 365 days
Punjabi Bible: Easy-to-Read Version (ERV-PA)
Version
ਮੱਤੀ 5-6

ਪਹਾੜੀ ਦੇ ਉਪਦੇਸ਼(A)

ਭੀੜ ਨੂੰ ਵੇਖ ਕੇ ਯਿਸੂ ਪਹਾੜ ਉੱਤੇ ਚੜ੍ਹ੍ਹ ਗਿਆ ਅਤੇ ਜਦ ਬੈਠਾ ਤਾਂ ਉਸ ਦੇ ਚੇਲੇ ਉਸ ਦੇ ਆਸ-ਪਾਸ ਆਏ। ਤਦ ਯਿਸੂ ਲੋਕਾਂ ਨੂੰ ਉਪਦੇਸ਼ ਦੇਣ ਲੱਗਾ ਅਤੇ ਉਸ ਨੇ ਆਖਿਆ,

“ਉਹ ਵਡਭਾਗੇ ਹਨ ਜਿਹੜੇ ਆਤਮਾ ਵਿੱਚ ਗਰੀਬ ਹਨ
    ਕਿਉਂਕਿ ਸਵਰਗ ਦਾ ਰਾਜ ਉਨ੍ਹਾਂ ਦਾ ਹੈ।
ਉਹ ਵਡਭਾਗੇ ਹਨ ਜਿਹੜੇ ਸੋਗ ਕਰਦੇ ਹਨ
    ਕਿਉਂਕਿ ਉਹ ਸ਼ਾਂਤ ਕੀਤੇ ਜਾਣਗੇ।
ਉਹ ਵਡਭਾਗੇ ਹਨ ਜਿਹੜੇ ਦੀਨ ਹਨ
    ਕਿਉਂਕਿ ਉਹ ਵਾਅਦੇ ਦੀ ਧਰਤੀ ਦੇ ਵਾਰਸ ਹੋਣਗੇ।
ਉਹ ਵਡਭਾਗੇ ਹਨ ਜਿਹੜੇ ਧਰਮ ਦੇ ਭੁੱਖੇ ਤੇ ਤਿਹਾਏ ਹਨ
    ਕਿਉਂਕਿ ਉਹ ਰਜਾਏ ਜਾਣਗੇ।
ਉਹ ਵਡਭਾਗੇ ਹਨ ਜਿਹੜੇ ਮਿਹਰਬਾਨ ਹਨ
    ਕਿਉਂਕਿ ਉਨ੍ਹਾਂ ਤੇ ਮਿਹਰ ਕੀਤੀ ਜਾਵੇਗੀ।
ਉਹ ਵਡਭਾਗੇ ਹਨ ਜਿਹੜੇ ਦਿਲੋਂ ਸ਼ੁੱਧ ਹਨ
    ਕਿਉਂਕਿ ਉਹ ਪਰਮੇਸ਼ੁਰ ਨੂੰ ਵੇਖਣਗੇ।
ਉਹ ਵਡਭਾਗੇ ਹਨ ਜਿਹੜੇ ਸ਼ਾਂਤੀ ਲਿਆਉਂਦੇ ਹਨ
    ਕਿਉਂਕਿ ਉਹ ਪਰਮੇਸ਼ੁਰ ਦੇ ਬੱਚੇ ਅਖਵਾਉਣਗੇ।
10 ਉਹ ਵਡਭਾਗੇ ਹਨ ਜਿਹੜੇ ਸਹੀ ਕਾਰਜ ਕਰਨ ਦੇ ਕਾਰਣ ਸਤਾਏ ਜਾ ਰਹੇ ਹਨ
    ਕਿਉਂਕਿ ਸਵਰਗ ਦਾ ਰਾਜ ਉਨ੍ਹਾਂ ਦਾ ਹੋਵੇਗਾ।

11 “ਜਦੋਂ ਲੋਕ ਤੁਹਾਡੀ ਬੇਇੱਜ਼ਤੀ ਕਰਨ ਅਤੇ ਤੁਹਾਡੇ ਵਿਰੁੱਧ ਮਾੜਾ ਬੋਲਣ ਅਤੇ ਤੁਹਾਡੇ ਤੇ ਝੂਠੇ ਦੋਸ਼ ਲਾਉਣ ਕਿਉਂਕਿ ਤੁਸੀਂ ਮੇਰੇ ਚੇਲੇ ਹੋ, ਤਾਂ ਤੁਸੀਂ ਧੰਨ ਹੋ। 12 ਖੁਸ਼ ਹੋਵੋ ਅਤੇ ਅਨੰਦ ਮਾਣੋ, ਤੁਸੀਂ ਸਵਰਗ ਵਿੱਚ ਬਹੁਤ ਵੱਡਾ ਫ਼ਲ ਪਾਵੋਗੇ। ਇਸੇ ਤਰ੍ਹਾਂ ਹੀ, ਜੋ ਨਬੀ ਤੁਹਾਥੋਂ ਪਹਿਲਾਂ ਰਹੇ ਉਨ੍ਹਾਂ ਨੂੰ ਵੀ ਲੋਕਾਂ ਨੇ ਕਸ਼ਟ ਦਿੱਤੇ।

ਤੁਸੀਂ ਲੂਣ ਅਤੇ ਰੋਸ਼ਨੀ ਵਾਂਗ ਹੋ(B)

13 “ਤੁਸੀਂ ਧਰਤੀ ਦੇ ਲੂਣ ਹੋ। ਪਰ ਜੇਕਰ ਲੂਣ ਬੇਸੁਆਦ ਹੋ ਜਾਵੇ, ਤਾਂ ਇਹ ਫ਼ੇਰ ਕਿਵੇਂ ਸਲੂਣਾ ਹੋ ਸੱਕਦਾ? ਇਹ ਬੇਕਾਰ ਹੈ। ਇਹ ਬਾਹਰ ਸੁੱਟਿਆ ਜਾਵੇ ਅਤੇ ਲੋਕਾਂ ਦੁਆਰਾ ਮਿੱਧਿਆ ਜਾਵੇ।

14 “ਤੁਸੀਂ ਜਗਤ ਦੇ ਚਾਨਣ ਹੋ। ਜਿਹੜਾ ਨਗਰ ਪਹਾੜ ਤੇ ਬਣਿਆ ਹੋਇਆ ਹੈ ਉਸ ਨੂੰ ਲਕੋਇਆ ਨਹੀਂ ਜਾ ਸੱਕਦਾ। 15 ਲੋਕ ਦੀਵਾ ਜਗਾਕੇ ਕਟੋਰੇ ਹੇਠਾਂ ਨਹੀਂ ਰੱਖਦੇ ਉਹ ਇਸ ਨੂੰ ਸ਼ਮਾਦਾਨ ਉੱਤੇ ਰੱਖਦੇ ਹਨ ਤਾਂ ਜੋ ਇਹ ਘਰ ਵਿੱਚ ਰਹਿੰਦੇ ਸਭ ਲੋਕਾਂ ਨੂੰ ਚਾਨਣ ਦੇਵੇ। 16 ਇਸੇ ਤਰ੍ਹਾਂ ਹੀ, ਤੁਸੀਂ ਆਪਣਾ ਚਾਨਣ ਲੋਕਾਂ ਨੂੰ ਦੇਖਣ ਦਿਓ ਤਾਂ ਜੋ ਉਹ ਵੀ ਤੁਹਾਡੇ ਚੰਗੇ ਕੰਮ ਵੇਖ ਸੱਕਣ ਅਤੇ ਸਵਰਗ ਵਿੱਚ ਤੁਹਾਡੇ ਪਿਤਾ ਦੀ ਉਸਤਤਿ ਕਰ ਸੱਕਣ।

ਯਿਸੂ ਅਤੇ ਪੁਰਾਣੇ ਨੇਮ ਦੀਆਂ ਲਿਖਤਾਂ

17 “ਇਹ ਨਾ ਸੋਚੋ ਕਿ ਮੈਂ ਮੂਸਾ ਦੀ ਸ਼ਰ੍ਹਾ ਜਾਂ ਨਬੀਆਂ ਦੇ ਉਪਦੇਸ਼ਾਂ ਨੂੰ ਨਸ਼ਟ ਕਰਨ ਲਈ ਆਇਆ ਹਾਂ। ਮੈਂ ਉਨ੍ਹਾਂ ਦੇ ਉਪਦੇਸ਼ਾਂ ਨੂੰ ਨਸ਼ਟ ਕਰਨ ਨਹੀਂ ਸਗੋਂ ਉਨ੍ਹਾਂ ਨੂੰ ਸੰਪੂਰਣ ਕਰਨ ਲਈ ਆਇਆ ਹਾਂ। 18 ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਜਿੰਨਾ ਚਿਰ ਅਕਾਸ਼ ਅਤੇ ਧਰਤੀ ਟਲ ਨਾਂ ਜਾਏ ਸ਼ਰ੍ਹਾ ਵਿੱਚੋਂ ਕੁਝ ਵੀ ਅਲੋਪ ਨਹੀਂ ਹੋਵੇਗਾ। ਜਦ ਤੱਕ ਕਿ ਸਭ ਕੁਝ ਪੂਰਾ ਨਹੀਂ ਹੋਵੇਗਾ ਇੱਕ ਅਖਰ ਜਾਂ ਅਖਰ ਦੀ ਇੱਕ ਬਿੰਦੀ ਵੀ ਨਹੀਂ ਟਲੇਗੀ।

19 “ਜੇਕਰ ਕੋਈ ਵਿਅਕਤੀ ਅਣਆਗਿਆਕਾਰੀ ਹੈ ਅਤੇ ਦੂਜਿਆਂ ਨੂੰ ਵੀ ਆਗਿਆ ਨਾ ਮੰਨਣ ਦਾ ਉਪਦੇਸ਼ ਦਿੰਦਾ ਹੈ, ਤਾਂ ਉਹ ਸਵਰਗ ਦੇ ਰਾਜ ਵਿੱਚ ਸਭ ਤੋਂ ਘੱਟ ਮਹੱਤਵਪੂਰਣ ਹੋਵੇਗਾ। ਪਰ ਜਿਹੜਾ ਕੋਈ ਹੁਕਮਾਂ ਨੂੰ ਮੰਨੇਗਾ ਅਤੇ ਹੋਰਾਂ ਨੂੰ ਦੱਸੇਗਾ ਉਹ ਸਵਰਗ ਦੇ ਰਾਜ ਵਿੱਚ ਮਹਾਨ ਹੋਵੇਗਾ। 20 ਮੈਂ ਤੁਹਾਨੂੰ ਦੱਸਦਾ ਹਾਂ ਕਿ ਜੇ ਤੁਹਾਡੇ ਕੰਮ ਨੇਮ ਦੇ ਉਪਦੇਸ਼ਕਾਂ ਅਤੇ ਫ਼ਰੀਸੀਆਂ ਦੇ ਧਰਮ ਨਾਲੋਂ ਵੱਧ ਨਹੀਂ ਹੋਣਗੇ ਤਾਂ ਤੁਸੀਂ ਸਵਰਗ ਦੇ ਰਾਜ ਵਿੱਚ ਕਿਵੇਂ ਵੀ ਨਹੀਂ ਵੜ ਸੱਕੋਂਗੇ।

ਯਿਸੂ ਦਾ ਕਰੋਧ ਬਾਰੇ ਉਪਦੇਸ਼

21 “ਤੁਸੀਂ ਸੁਣਿਆ ਹੋਵੇਗਾ, ਜੋ ਬਹੁਤ ਚਿਰ ਪਹਿਲਾਂ ਸਾਡੇ ਲੋਕਾਂ ਨੂੰ ਕਿਹਾ ਗਿਆ ਸੀ। ਕਿ ‘ਕਿਸੇ ਮਨੁੱਖ ਦਾ ਖੂਨ ਨਾ ਕਰ। [a] ਜਿਹੜਾ ਵਿਅਕਤੀ ਖੂਨ ਕਰੇਗਾ, ਅਦਾਲਤ ਵਿੱਚ ਉਸਦਾ ਨਿਆਂ ਕੀਤਾ ਜਾਵੇਗਾ।’ 22 ਪਰ ਮੈਂ ਤੁਹਾਨੂੰ ਆਖਦਾ ਹਾਂ ਕਿ ਹਰ ਕੋਈ ਤੁਹਾਡਾ ਭਰਾ ਹੈ। ਕਿਸੇ ਦੂਸਰੇ ਵਿਅਕਤੀ ਤੇ ਕ੍ਰੋਧ ਨਾ ਕਰੋ। ਜੇਕਰ ਤੂੰ ਦੂਸਰੇ ਵਿਅਕਤੀ ਤੇ ਕ੍ਰੋਧ ਕਰੇਂਗਾ, ਤਾਂ ਤੇਰਾ ਨਿਆਂ ਯਹੂਦੀ ਅਦਾਲਤ ਵਿੱਚ ਕੀਤਾ ਜਾਵੇਗਾ। ਜੇਕਰ ਤੂੰ ਕਿਸੇ ਨੂੰ ਗਾਲ੍ਹ ਕੱਢਦਾ ਹੈਂ, ਤਾਂ ਤੇਰਾ ਨਿਰਨਾ ਯਹੂਦੀ ਸਭਾ ਦੁਆਰਾ ਕੀਤਾ ਜਾਵੇਗਾ। ਅਤੇ ਜੇਕਰ ਤੂੰ ਦੂਸਰੇ ਵਿਅਕਤੀ ਨੂੰ ਮੂਰਖ ਕਹਿੰਦਾ ਹੈ, ਤਾਂ ਤੈਨੂੰ ਨਰਕ ਦੀ ਅੱਗ ਦੇ ਖਤਰੇ ਦਾ ਸਾਹਮਣਾ ਕਰਨਾ ਪਵੇਗਾ।

23 “ਸੋ ਜਦੋਂ ਤੂੰ ਪਰਮੇਸ਼ੁਰ ਲਈ ਜਗਵੇਦੀ ਤੇ ਆਪਣੀ ਭੇਂਟ ਚੜ੍ਹਾਉਣ ਲੱਗੇ, ਅਤੇ ਉੱਥੇ ਤੈਨੂੰ ਚੇਤੇ ਆਵੇ ਕਿ ਤੇਰੇ ਭਰਾ ਦੇ ਮਨ ਵਿੱਚ ਤੇਰੇ ਲਈ ਵਿਰੋਧ ਹੈ। 24 ਤਾਂ ਓੱਥੇ ਆਪਣੀ ਭੇਟ ਜਗਵੇਦੀ ਦੇ ਸਾਹਮਣੇ ਛੱਡ ਕੇ ਚੱਲਿਆ ਜਾ। ਅਤੇ ਪਹਿਲਾਂ ਆਪਣੇ ਭਰਾ ਨਾਲ ਮੇਲ ਕਰ ਅਤੇ ਬਾਅਦ ਵਿੱਚ ਆਕੇ ਆਪਣੀ ਭੇਂਟ ਚੜ੍ਹਾ।

25 “ਜੇ ਤੇਰਾ ਦੁਸ਼ਮਣ ਤੈਨੂੰ ਅਦਾਲਤ ਲਿਜਾ ਰਿਹਾ ਹੋਵੇ ਤਾਂ ਆਪਣੇ ਦੁਸ਼ਮਣ ਨਾਲ ਜਿੰਨੀ ਛੇਤੀ ਹੋ ਸੱਕੇ, ਮਿਲਾਪ ਕਰ ਲੈ। ਜੇਕਰ ਤੂੰ ਅਜਿਹਾ ਨਹੀਂ ਕਰੇਂਗਾ, ਹੋ ਸੱਕਦਾ ਉਹ ਤੈਨੂੰ ਮੁਨਸਫ਼ ਦੇ ਹਵਾਲੇ ਕਰ ਦੇਵੇ। ਅਤੇ ਮੁਨਸਫ਼ ਤੈਨੂੰ ਕੈਦ ਵਿੱਚ ਪਾਉਣ ਲਈ ਪਹਿਰੇਦਾਰਾਂ ਦੇ ਹਵਾਲੇ ਕਰ ਦੇਵੇ। 26 ਮੈਂ ਤੈਨੂੰ ਸੱਚ ਦੱਸਦਾ ਹਾਂ ਕਿ, ਤੈਨੂੰ ਕੈਦ ਵਿੱਚੋਂ ਓਨੇ ਚਿਰ ਤੱਕ ਮੁਕਤ ਨਹੀਂ ਕੀਤਾ ਜਾਵੇਗਾ, ਜਿੰਨਾ ਚਿਰ ਤੂੰ ਉਹ ਸਭ ਕੁਝ ਨਹੀਂ ਦੇ ਦਿੰਦਾ ਜਿਸਦਾ ਤੂੰ ਦੇਣਦਾਰ ਹੈਂ।

ਯਿਸੂ ਦਾ ਜਿਨਸੀ ਪਾਪ ਬਾਰੇ ਉਪਦੇਸ਼

27 “ਤੁਸੀਂ ਸੁਣਿਆ ਹੈ ਜੋ ਇਹ ਕਿਹਾ ਗਿਆ ਸੀ, ‘ਕਿ ਤੂੰ ਬਦਕਾਰੀ ਦਾ ਪਾਪ ਨਾ ਕਰ।’ [b] 28 ਪਰ ਮੈਂ ਤੁਹਾਨੂੰ ਦੱਸਦਾ ਹਾਂ ਕਿ ਜੇਕਰ ਕੋਈ ਵਿਅਕਤੀ ਕਿਸੇ ਔਰਤ ਵੱਲ ਬੁਰੀ ਇੱਛਾ ਨਾਲ ਵੇਖਦਾ ਹੈ, ਤਾਂ ਉਹ ਪਹਿਲਾਂ ਹੀ ਆਪਣੇ ਦਿਲੋਂ ਉਸ ਔਰਤ ਨਾਲ ਬਦਕਾਰੀ ਦਾ ਪਾਪ ਕਰ ਚੁੱਕਿਆ ਹੈ। 29 ਜੋ ਤੇਰੀ ਸੱਜੀ ਅੱਖ ਪਾਪ ਕਰਾਵੇ ਤਾਂ ਉਸ ਨੂੰ ਆਪਣੇ ਸ਼ਰੀਰ ਵਿੱਚੋਂ ਕੱਢ ਕੇ ਸੁੱਟ ਦੇ। ਕਿਉਂ ਜੋ ਤੇਰੇ ਲਈ ਇਹੋ ਭਲਾ ਹੈ ਕਿ ਤੇਰੇ ਅੰਗਾਂ ਵਿੱਚੋਂ ਇੱਕ ਦਾ ਨਾਸ ਹੋਵੇ ਪਰ ਤੇਰਾ ਸਾਰਾ ਸ਼ਰੀਰ ਨਰਕ ਵਿੱਚ ਨਾ ਜਾਵੇ। 30 ਤੇਰਾ ਸੱਜਾ ਹੱਥ ਜਦੋਂ ਤੈਥੋਂ ਪਾਪ ਕਰਾਵੇ ਤਾਂ ਉਸ ਨੂੰ ਕੱਟਕੇ ਸੁੱਟ ਦੇ। ਕਿਉਂਕਿ ਤੇਰੇ ਲਈ ਇਹ ਭਲਾ ਹੈ ਕਿ ਤੇਰੇ ਅੰਗਾਂ ਵਿੱਚੋਂ ਇੱਕ ਦਾ ਨਾਸ਼ ਹੋਵੇ ਪਰ ਤੇਰਾ ਸਾਰਾ ਸ਼ਰੀਰ ਨਰਕ ਵਿੱਚ ਨਾ ਜਾਵੇ।

ਯਿਸੂ ਦਾ ਤਲਾਕ ਬਾਰੇ ਉਪਦੇਸ਼(C)

31 “ਇਹ ਵੀ ਆਖਿਆ ਗਿਆ ਹੈ, ‘ਜਿਹੜਾ ਵਿਅਕਤੀ ਆਪਣੀ ਪਤਨੀ ਨੂੰ ਤਲਾਕ ਦਿੰਦਾ ਹੈ ਉਹ ਉਸ ਨੂੰ ਤਲਾਕਨਾਮਾ ਲਿਖਕੇ ਦੇਵੇ।’ [c] 32 ਪਰ ਮੈਂ ਤੁਹਾਨੂੰ ਦੱਸਦਾ ਹਾਂ ਕਿ ਕੋਈ ਵੀ ਵਿਅਕਤੀ ਜੋ ਆਪਣੀ ਪਤਨੀ ਨੂੰ ਤਲਾਕ ਦਿੰਦਾ ਹੈ, ਉਹ ਉਸ ਨੂੰ ਬਦਕਾਰੀ ਦਾ ਪਾਪ ਕਰਨ ਦਾ ਦੋਸ਼ੀ ਬਣਾਉਂਦਾ ਹੈ। ਕਿਸੇ ਵਿਅਕਤੀ ਕੋਲ ਆਪਣੀ ਪਤਨੀ ਨੂੰ ਤਲਾਕ ਦੇਣ ਦਾ ਇੱਕ ਹੀ ਕਾਰਣ ਹੈ, ਕਿ ਜੇਕਰ ਉਸਦੀ ਪਤਨੀ ਨੇ ਦੂਸਰੇ ਆਦਮੀ ਨਾਲ ਜਿਨਸੀ ਸੰਬੰਧ ਬਣਾਏ ਹੋਣ। ਅਤੇ ਕੋਈ ਵੀ ਵਿਅਕਤੀ ਜੋ ਉਸ ਤਲਾਕਸ਼ੁਦਾ ਔਰਤ ਨਾਲ ਵਿਆਹ ਕਰਵਾਉਦਾ ਹੈ, ਬਦਕਾਰੀ ਦਾ ਪਾਪ ਕਰਨ ਦਾ ਦੋਸ਼ੀ ਹੈ।

ਯਿਸੂ ਦਾ ਵਾਅਦੇ ਕਰਨ ਬਾਰੇ ਉਪਦੇਸ਼

33 “ਤੁਸੀਂ ਸੁਣਿਆ ਹੈ ਕਿ ਸਾਡੇ ਪੁਰਖਿਆਂ ਨੂੰ ਆਖਿਆ ਗਿਆ ਸੀ। ਜੇਕਰ ਤੁਸੀਂ ਵਾਅਦਾ ਕਰੋਂ ਤਾਂ ਇਸ ਨੂੰ ਨਾ ਤੋੜੋ। ਜੋ ਵਾਅਦੇ ਤੁਸੀਂ ਪ੍ਰਭੂ ਨਾਲ ਕੀਤੇ ਹਨ ਉਨ੍ਹਾਂ ਨੂੰ ਪੂਰਿਆਂ ਕਰਨਾ ਚਾਹੀਦਾ ਹੈ। [d] 34 ਪਰ ਮੈਂ ਤੁਹਾਨੂੰ ਦੱਸਦਾ ਹਾਂ ਕਿ, ਕਦੇ ਵੀ ਵਾਅਦਾ ਨਾ ਕਰੋ। ਕਦੇ ਵੀ ਸੁਰਗ ਦੀ ਸੌਂਹ ਨਾ ਖਾਓ ਕਿਉਂਕਿ ਇਹ ਪਰਮੇਸ਼ੁਰ ਦਾ ਸਿੰਘਾਸਨ ਹੈ। 35 ਅਤੇ ਨਾ ਹੀ ਧਰਤੀ ਦੀ ਸੌਂਹ ਖਾਓ ਕਿਉਂਕਿ ਇਹ ਉਸ ਦੇ ਚਰਨਾਂ ਦੀ ਚੌਂਕੀ ਹੈ। ਨਾ ਹੀ ਯਰੂਸ਼ਲਮ ਦੀ ਕਿਉਂਕਿ ਇਹ ਮਹਾਨ ਰਾਜੇ ਦਾ ਸ਼ਹਿਰ ਹੈ। 36 ਅਤੇ ਨਾਹੀ ਆਪਣੇ ਸਿਰ ਦੀ ਸੌਂਹ ਖਾਓ, ਕਿਉਂਕਿ ਤੁਸੀਂ ਇੱਕ ਵਾਲ ਨੂੰ ਵੀ ਚਿੱਟਾ ਜਾਂ ਕਾਲਾ ਨਹੀਂ ਕਰ ਸੱਕਦੇ। 37 ਪਰ ਤੁਸੀਂ ਆਪਣੇ ਬੋਲਣ ਵਿੱਚ ‘ਹਾਂ’ ਦੀ ਹਾਂ, ਅਤੇ ‘ਨਾ’ ਦੀ ਨਾ, ਆਖੋ। ‘ਹਾਂ’ ਜਾਂ ‘ਨਾ’ ਤੋਂ ਵੱਧ ਆਖਣਾ ਬਦੀ ਵੱਲੋਂ ਹੈ।

ਯਿਸੂ ਦਾ ਬਦਲੇ ਬਾਰੇ ਉਪਦੇਸ਼(D)

38 “ਤੁਸੀਂ ਸੁਣਿਆ ਹੈ ਜੋ ਕਿਹਾ ਗਿਆ ਸੀ ਕਿ, ‘ਅੱਖ ਦੇ ਬਦਲੇ ਅੱਖ ਅਤੇ ਦੰਦ ਦੇ ਬਦਲੇ ਦੰਦ।’ [e] 39 ਮੈਂ ਤੁਹਾਨੂੰ ਆਖਦਾ ਹਾਂ ਕਿ, ਦੁਸ਼ਟ ਆਦਮੀ ਦੇ ਵਿਰੁੱਧ ਖੜ੍ਹੇ ਨਾ ਹੋਵੋ। ਸਗੋਂ ਜੇ ਕੋਈ ਤੁਹਾਡੀ ਸੱਜੀ ਗਲ੍ਹ ਉੱਤੇ ਚਪੇੜ ਮਾਰੇ, ਤਾਂ ਤੁਸੀਂ ਦੂਜੀ ਵੀ ਉਸ ਵੱਲ ਘੁਮਾ ਦਿਓ। 40 ਅਤੇ ਜਿਹੜਾ ਤੁਹਾਡੇ ਉੱਤੇ ਮੁਕੱਦਮਾ ਕਰੇ ਤੇ ਤੁਹਾਡਾ ਕੁੜਤਾ ਲੈਣਾ ਚਾਹੇ ਤਾਂ ਉਸ ਨੂੰ ਆਪਣਾ ਚੋਗ਼ਾ ਵੀ ਲੈ ਲੈਣ ਦਿਓ। 41 ਅਤੇ ਜੇ ਕੋਈ ਤੁਹਾਨੂੰ ਇੱਕ ਮੀਲ ਆਪਣੇ ਨਾਲ ਤੁਰਣ ਲਈ ਮਜਬੂਰ ਕਰੇ ਤਾਂ ਤੁਸੀਂ ਉਸ ਨਾਲ ਦੋ ਮੀਲ ਚੱਲੋ। 42 ਜੇਕਰ ਕੋਈ ਤੁਹਾਥੋਂ ਕੁਝ ਮੰਗਦਾ ਹੈ, ਉਹ ਉਸ ਨੂੰ ਦਿਓ ਅਤੇ ਜੇਕਰ ਕੋਈ ਤੁਹਾਥੋਂ ਉਧਾਰ ਚਾਹੁੰਦਾ ਹੈ ਤਾਂ, ਦੇਣ ਤੋਂ ਮਨ੍ਹਾ ਨਾ ਕਰੋ।

ਸਭ ਲੋਕਾਂ ਨੂੰ ਪਿਆਰ ਕਰੋ(E)

43 “ਤੁਸੀਂ ਸੁਣਿਆ ਹੈ ਜੋ ਇਹ ਕਿਹਾ ਗਿਆ ਸੀ, ‘ਤੁਸੀਂ ਆਪਣੇ ਗੁਆਂਢੀ ਨਾਲ ਵੀ ਪਿਆਰ ਕਰੋ [f] ਅਤੇ ਆਪਣੇ ਵੈਰੀ ਨਾਲ ਵੈਰ ਰੱਖੋ।’ 44 ਪਰ ਮੈਂ ਤੁਹਾਨੂੰ ਆਖਦਾ ਹਾਂ ਕਿ ਆਪਣੇ ਵੈਰੀਆਂ ਨਾਲ ਵੀ ਪਿਆਰ ਕਰੋ। ਅਤੇ ਜੋ ਤੁਹਾਨੂੰ ਸਤਾਉਣ ਉਨ੍ਹਾਂ ਲਈ ਪ੍ਰਾਰਥਨਾ ਕਰੋ। 45 ਜੇਕਰ ਤੁਸੀਂ ਅਜਿਹਾ ਕਰੋਂਗੇ, ਫ਼ੇਰ ਤੁਸੀਂ ਆਪਣੇ ਪਿਤਾ ਦੇ ਜਿਹੜਾ ਸਵਰਗ ਵਿੱਚ ਹੈ, ਸੱਚੇ ਪੁੱਤਰ ਹੋਵੋਗੇ, ਕਿਉਂਕਿ ਪਿਤਾ ਆਪਣਾ ਸੂਰਜ, ਬੁਰੇ ਅਤੇ ਭਲੇ ਦੋਹਾਂ ਉੱਪਰ ਹੀ ਚੜ੍ਹਾਉਂਦਾ ਹੈ। ਤੁਹਾਡਾ ਪਿਤਾ ਧਰਮੀਆਂ ਅਤੇ ਕੁਧਰਮੀਆਂ ਉੱਪਰ ਵੀ ਮੀਂਹ ਵਰਸਾਉਂਦਾ ਹੈ। 46 ਜੇਕਰ ਤੁਸੀਂ ਉਨ੍ਹਾਂ ਨਾਲ ਹੀ ਪਿਆਰ ਕਰੋ ਜਿਹੜੇ ਤੁਹਾਡੇ ਨਾਲ ਪਿਆਰ ਕਰਦੇ ਹਨ ਤਾਂ ਤੁਹਾਨੂੰ ਕੋਈ ਫ਼ਲ ਨਹੀਂ ਮਿਲੇਗਾ। ਕੀ ਮਸੂਲੀਏ ਵੀ ਇਹੀ ਨਹੀਂ ਕਰਦੇ? 47 ਜੇਕਰ ਤੁਸੀਂ ਸਿਰਫ਼ ਆਪਣੇ ਦੋਸਤਾਂ ਨਾਲ ਚੰਗਾ ਵਰਤਾਓ ਕਰਦੇ ਹੋ ਤਾਂ ਤੁਸੀਂ ਦੂਸਰੇ ਲੋਕਾਂ ਨਾਲੋਂ ਚੰਗੇ ਨਹੀਂ ਹੋ। ਕੀ ਕੁਧਰਮੀ ਵੀ ਅਜਿਹਾ ਨਹੀਂ ਕਰਦੇ? 48 ਸੋ ਜਿਵੇਂ ਤੁਹਾਡਾ ਪਿਤਾ ਜਿਹੜਾ ਸੁਰਗ ਵਿੱਚ ਹੈ, ਸੰਪੂਰਣ ਹੈ ਤਿਵੇਂ ਤੁਸੀਂ ਵੀ ਸੰਪੂਰਣ ਹੋਵੋ।

ਯਿਸੂ ਦਾ ਦਾਨ ਕਰਨ ਬਾਰੇ ਉਪਦੇਸ਼

“ਸਾਵੱਧਾਨ ਰਹੋ, ਜਦੋਂ ਤੁਸੀਂ ਚੰਗੇ ਕੰਮ ਕਰੋ, ਲੋਕਾਂ ਦੇ ਸਾਹਮਣੇ ਨਾ ਵਿਖਾਓ ਤਾਂ ਜੋ ਉਹ ਉਸ ਵੱਲ ਧਿਆਨ ਦੇਣ। ਜੇਕਰ ਤੁਸੀਂ ਅਜਿਹਾ ਕਰਦੇ ਹੋ, ਤਾਂ ਤੁਸੀਂ ਤੁਹਾਡੇ ਪਿਤਾ ਕੋਲੋਂ ਜਿਹੜਾ ਸਵਰਗ ਵਿੱਚ ਹੈ ਕੁਝ ਫ਼ਲ ਪ੍ਰਾਪਤ ਨਹੀਂ ਕਰੋਗੇ।

“ਸੋ ਜਦ ਵੀ ਤੁਸੀਂ ਲੋੜਵੰਦ ਨੂੰ ਦਾਨ ਕਰੋ ਤਾਂ ਆਪਣੇ ਦਾਨ ਦਾ ਐਲਾਨ ਨਾ ਕਰਵਾਓ ਜਿਵੇਂ ਕਪਟੀ ਪ੍ਰਾਰਥਨਾ ਸਥਾਨਾਂ ਅਤੇ ਰਾਹਾਂ ਵਿੱਚ ਕਰਦੇ ਹਨ। ਉਹ ਲੋਕਾਂ ਤੋਂ ਉਸਤਤਿ ਕਰਾਉਣ ਲਈ ਤੁਰ੍ਹੀਆਂ ਵਜਵਾਉਂਦੇ ਹਨ। ਮੈਂ ਤੁਹਾਨੂੰ ਸੱਚ ਦੱਸਦਾ ਹਾਂ ਕਿ, ਉਨ੍ਹਾਂ ਦਾ ਇਹੀ ਫ਼ਲ ਹੈ। ਸੋ ਜਦੋਂ ਤੁਸੀਂ ਗਰੀਬਾਂ ਵਿੱਚ ਦਾਨ ਕਰੋ ਤਾਂ ਗੁਪਤ ਦਾਨ ਕਰੋ। ਕਿਸੇ ਨੂੰ ਪਤਾ ਨਾ ਲੱਗਣ ਦਿਓ ਕਿ ਤੁਸੀਂ ਕੀ ਦੇ ਰਹੇ ਹੋ। ਤੁਹਾਡਾ ਦਾਨ ਗੁਪਤ ਹੋਣਾ ਚਾਹੀਦਾ ਹੈ। ਫ਼ਿਰ ਤੁਹਾਡਾ ਪਿਤਾ, ਜਿਹੜਾ ਵੇਖਦਾ ਹੈ ਕਿ ਗੁਪਤ ਵਿੱਚ ਕੀ ਕੀਤਾ ਗਿਆ ਹੈ, ਤੁਹਾਨੂੰ ਫ਼ਲ ਦੇਵੇਗਾ।

ਯਿਸੂ ਦਾ ਪ੍ਰਾਰਥਨਾ ਬਾਰੇ ਉਪਦੇਸ਼(F)

“ਜਦੋਂ ਤੁਸੀਂ ਪ੍ਰਾਰਥਨਾ ਕਰੋ ਤਾਂ ਕਪਟੀਆਂ ਵਾਂਗ ਨਾ ਕਰੋ ਕਿਉਂਕਿ ਉਹ ਰਾਹਾਂ ਦੇ ਖੂੰਜਿਆਂ ਅਤੇ ਪ੍ਰਾਰਥਨਾ ਸਥਾਨਾਂ ਵਿੱਚ ਖੜ੍ਹੇ ਹੋਕੇ ਪ੍ਰਾਰਥਨਾ ਕਰਨੀ ਪਸੰਦ ਕਰਦੇ ਹਨ ਤਾਂ ਕਿ ਲੋਕ ਉਨ੍ਹਾਂ ਨੂੰ ਵੇਖਣ। ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਉਹ ਆਪਣਾ ਫ਼ਲ ਪਾ ਚੁੱਕੇ ਹਨ। ਪਰ ਜਦੋਂ ਤੁਸੀਂ ਪ੍ਰਾਰਥਨਾ ਕਰੋ, ਤਾਂ ਆਪਣੇ ਕਮਰੇ ਵਿੱਚ ਜਾਓ, ਬੂਹਾ ਬੰਦ ਕਰੋ ਅਤੇ ਆਪਣੇ ਪਿਤਾ ਅੱਗੇ ਪ੍ਰਾਰਥਨਾ ਕਰੋ ਜਿਹੜਾ ਕਿ ਗੁਪਤ ਸਥਾਨ ਵਿੱਚ ਹੈ। ਜੋ ਕੰਮ ਗੁਪਤ ਕੀਤੇ ਜਾਂਦੇ ਹਨ ਤੁਹਾਡਾ ਪਿਤਾ ਉਹ ਵੇਖਣ ਦੇ ਯੋਗ ਹੈ। ਉਹ ਤੁਹਾਨੂੰ ਫ਼ਲ ਦੇਵੇਗਾ।

“ਜਦੋਂ ਤੁਸੀਂ ਪ੍ਰਾਰਥਨਾ ਕਰੋ ਤਾਂ ਤੁਸੀਂ ਉਨ੍ਹਾਂ ਲੋਕਾਂ ਵਾਂਗ ਨਾ ਕਰੋ ਜੋ ਪਰਮੇਸ਼ੁਰ ਨੂੰ ਨਹੀਂ ਜਾਣਦੇ। ਉਹ ਅਰਥਹੀਣ ਗੱਲਾਂ ਆਖਣੀਆਂ ਜਾਰੀ ਰੱਖਦੇ ਹਨ। ਉਹ ਸੋਚਦੇ ਹਨ, ਪਰਮੇਸ਼ੁਰ ਉਨ੍ਹਾਂ ਨੂੰ ਸੁਣੇਗਾ ਕਿਉਂਕਿ ਉਹ ਵੱਧ ਬੋਲਦੇ ਹਨ। ਸੋ ਤੁਸੀਂ ਉਨ੍ਹਾਂ ਵਰਗੇ ਨਾ ਹੋਵੋ ਕਿਉਂਕਿ ਤੁਹਾਡਾ ਪਿਤਾ ਤੁਹਾਡੇ ਮੰਗਣ ਤੋਂ ਪਹਿਲਾਂ ਹੀ ਜਾਣਦਾ ਹੈ ਕਿ ਤੁਹਾਨੂੰ ਕਿਸ ਵਸਤੂ ਦੀ ਲੋੜ ਹੈ। ਇਸ ਲਈ ਤੁਸੀਂ ਜਦ ਵੀ ਪ੍ਰਾਰਥਨਾ ਕਰੋ ਇਸ ਤਰੀਕੇ ਨਾਲ ਕਰੋ:

‘ਸੁਰਗ ਵਿੱਚ,
    ਸਾਡੇ ਪਿਤਾ ਅਸੀਂ ਪ੍ਰਾਰਥਨਾ ਕਰਦੇ ਹਾਂ ਕਿ ਤੇਰਾ ਨਾਂ ਪਵਿੱਤਰ ਮੰਨਿਆ ਜਾਵੇ।
10 ਤੇਰਾ ਰਾਜ ਆਵੇ, ਤੇਰੀ ਮਰਜ਼ੀ,
    ਜਿਹੜੀ ਸਵਰਗ ਵਿੱਚ ਪੂਰਨ ਹੈ, ਧਰਤੀ ਤੇ ਵੀ ਪੂਰਨ ਹੋਵੇ।
11 ਅੱਜ ਸਾਨੂੰ ਭੋਜਣ ਦਿਓ ਜੋ ਸਾਨੂੰ ਹਰ-ਰੋਜ਼ ਚਾਹੀਦਾ ਹੈ।
12 ਅਤੇ ਤੁਸੀਂ ਸਾਡੇ ਪਾਪ ਮਾਫ਼
    ਕਰ ਦਿਓ ਜਿਵੇਂ ਅਸੀਂ ਵੀ ਉਨ੍ਹਾਂ ਨੂੰ ਮਾਫ਼ ਕਰ ਦਿੱਤਾ ਹੈ ਜਿਨ੍ਹਾਂ ਨੇ ਸਾਡਾ ਬੁਰਾ ਕੀਤਾ।
13 ਅਤੇ ਸਾਨੂੰ ਪਰਤਾਵੇ ਵਿੱਚ ਨਾ ਪਾਵੋ,
    ਸਗੋਂ ਦੁਸ਼ਟ ਤੋਂ ਬਚਾਵੋ।’ [g]

14 ਕਿਉਂਕਿ ਜੇਕਰ ਤੁਸੀਂ ਦੂਸਰੇ ਲੋਕਾਂ ਦੀਆਂ ਗ਼ਲਤੀਆਂ ਮਾਫ ਕਰ ਦੇਵੋਂਗੇ, ਤਾਂ ਸੁਰਗ ਵਿੱਚ ਤੁਹਾਡਾ ਸੁਰਗੀ ਪਿਤਾ ਵੀ ਤੁਹਾਡੀਆਂ ਗ਼ਲਤੀਆਂ ਨੂੰ ਮਾਫ਼ ਕਰ ਦੇਵੇਗਾ। 15 ਪਰ ਜੇਕਰ ਤੁਸੀਂ ਉਨ੍ਹਾਂ ਲੋਕਾਂ ਦੀਆਂ ਗਲਤੀਆਂ ਮਾਫ਼ ਨਹੀਂ ਕਰੋਂਗੇ, ਤਾਂ ਸੁਰਗ ਵਿੱਚ ਤੁਹਾਡਾ ਪਿਤਾ ਵੀ ਤੁਹਾਡੀਆਂ ਗਲਤੀਆਂ ਮਾਫ਼ ਨਹੀਂ ਕਰੇਗਾ।

ਯਿਸੂ ਦਾ ਵਰਤ ਬਾਰੇ ਉਪਦੇਸ਼

16 “ਜਦੋਂ ਤੁਸੀਂ ਵਰਤ ਰੱਖੋ ਤਾਂ ਕਪਟੀਆਂ ਵਾਂਗ ਮੂੰਹ ਉਦਾਸ ਨਾ ਬਣਾਓ। ਉਹ ਆਪਣੇ ਮੂੰਹ ਇਸ ਲਈ ਵਿਗਾੜਦੇ ਹਨ ਤਾਂ ਜੋ ਉਹ ਲੋਕਾਂ ਨੂੰ ਵਰਤ ਰੱਖਣ ਵਾਲੇ ਲੱਗਣ। ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਉਹ ਫ਼ਲ ਪਾ ਚੁੱਕੇ ਹਨ। 17 ਪਰ ਜਦੋਂ ਤੁਸੀਂ ਵਰਤ ਰੱਖੋਂ ਤਾਂ ਆਪਣੇ ਵਾਲਾਂ ਨੂੰ ਤੇਲ ਲਾਓ ਅਤੇ ਆਪਣਾ ਮੂੰਹ ਧੋਵੋ। 18 ਤਾਂ ਜੋ ਤੁਸੀਂ ਲੋਕਾਂ ਨੂੰ ਨਹੀਂ ਦਿਖਾ ਰਹੇ ਹੋਵੋਂਗੇ ਕਿ ਤੁਸੀਂ ਵਰਤ ਰੱਖ ਰਹੇ ਹੋ, ਪਰ ਸਿਰਫ਼ ਆਪਣੇ ਪਿਤਾ ਨੂੰ ਦਿਖਾਓ ਜਿਹੜਾ ਕਿ ਗੁਪਤ ਵਿੱਚ ਹੈ। ਤੁਹਾਡਾ ਪਿਤਾ ਜਿਹੜਾ ਗੁਪਤ ਵਿੱਚ ਕੀਤੇ ਨੂੰ ਵੇਖਦਾ ਹੈ ਤੁਹਾਨੂੰ ਫਲ ਦੇਵੇਗਾ।

ਦੌਲਤ ਨਾਲੋਂ ਪਰਮੇਸ਼ੁਰ ਵੱਧੇਰੇ ਮਹੱਤਵਪੂਰਣ ਹੈ(G)

19 “ਧਰਤੀ ਉੱਤੇ ਖਜ਼ਾਨੇ ਦਾ ਭੰਡਾਰ ਨਾ ਜੋੜੋ। ਇੱਥੇ ਕੀੜੇ ਅਤੇ ਜੰਗ਼ਾਲ ਧਨ ਨੂੰ ਨਸ਼ਟ ਕਰ ਦਿੰਦਾ ਹੈ ਅਤੇ ਚੋਰ ਸੰਨ੍ਹ ਮਾਰਕੇ ਤੁਹਾਡੀ ਦੌਲਤ ਚੁਰਾ ਲੈ ਜਾਂਦੇ ਹਨ। 20 ਪਰ ਸਵਰਗ ਵਿੱਚ ਖਜ਼ਾਨੇ ਜੋੜੋ। ਸਵਰਗ ਵਿੱਚ ਨਾ ਕੋਈ ਕੀੜਾ ਅਤੇ ਨਾ ਜੰਗਾਲ ਧਨ ਨੂੰ ਨਸ਼ਟ ਕਰਦਾ ਹੈ ਅਤੇ ਨਾ ਹੀ ਚੋਰ ਸੰਨ੍ਹ ਮਾਰਦੇ ਹਨ ਅਤੇ ਚੁਰਾਉਂਦੇ ਹਨ। 21 ਕਿਉਂਕਿ ਜਿੱਥੇ ਤੁਹਾਡਾ ਖਜ਼ਾਨਾ ਹੋਵੇਗਾ ਤੁਹਾਡਾ ਦਿਲ ਵੀ ਉੱਥੇ ਹੀ ਹੋਵੇਗਾ।

22 “ਸ਼ਰੀਰ ਦਾ ਦੀਵਾ ਅੱਖ ਹੈ, ਜੇਕਰ ਤੁਹਾਡੀ ਅੱਖ ਨਿਰਮਲ ਹੈ ਤਾਂ ਤੁਹਾਡਾ ਸਾਰਾ ਸ਼ਰੀਰ ਚਾਨਣ ਨਾਲ ਭਰਪੂਰ ਹੋਵੇਗਾ। 23 ਪਰ ਜੇਕਰ ਤੁਹਾਡੀ ਅੱਖ ਮੈਲੀ ਹੈ, ਤਾਂ ਤੁਹਾਡਾ ਸਾਰਾ ਸ਼ਰੀਰ ਹਨੇਰੇ ਨਾਲ ਭਰਪੂਰ ਹੋਵੇਗਾ। ਸੋ ਜੇਕਰ ਤੁਹਾਡੇ ਅੰਦਰ ਦਾ ਚਾਨਣ ਹਨੇਰਾ ਹੈ ਤਾਂ ਫ਼ਿਰ ਉਹ ਹਨੇਰਾ ਕਿੰਨਾ ਹੋਵੇਗਾ।

24 “ਕੋਈ ਮਨੁੱਖ ਦੋ ਮਾਲਕਾਂ ਦੀ ਸੇਵਾ ਇੱਕ ਹੀ ਸਮੇਂ ਨਹੀਂ ਕਰ ਸੱਕਦਾ ਕਿਉਂਕਿ ਇੱਕ ਨਾਲ ਉਹ ਵੈਰ ਅਤੇ ਦੂਜੇ ਨਾਲ ਪ੍ਰੀਤ ਰੱਖੇਗਾ ਜਾਂ ਇੱਕ ਨਾਲ ਉਹ ਮਿਲਿਆ ਰਹੇਗਾ ਅਤੇ ਦੂਜੇ ਨੂੰ ਭੁੱਲ ਜਾਵੇਗਾ। ਇਸ ਲਈ ਤੁਸੀਂ ਪਰਮੇਸ਼ੁਰ ਅਤੇ ਦੌਲਤ ਦੀ ਸੇਵਾ ਇੱਕੋ ਵੇਲੇ ਨਹੀਂ ਕਰ ਸੱਕਦੇ।

ਪਰਮੇਸ਼ੁਰ ਦੇ ਰਾਜ ਨੂੰ ਪਹਿਲ(H)

25 “ਇਸ ਕਰਕੇ ਮੈਂ ਤੁਹਾਨੂੰ ਦੱਸਦਾ ਹਾਂ, ਕਿ ਆਪਣੀ ਜ਼ਿੰਦਗੀ ਦੀ ਚਿੰਤਾ ਨਾ ਕਰੋ, ਅਤੇ ਨਾ ਹੀ ਇਸ ਗੱਲ ਦੀ ਕਿ ਤੁਸੀਂ ਕੀ ਖਾਵੋਂਗੇ ਅਤੇ ਕੀ ਪੀਵੋਂਗੇ। ਅਤੇ ਨਾ ਹੀ ਤੁਸੀਂ ਇਸਦੀ ਚਿੰਤਾ ਕਰੋ ਕਿ ਤੁਹਾਨੂੰ ਆਪਣੇ ਸ਼ਰੀਰ ਤੇ ਪਹਿਨਣ ਲਈ ਕਿਸ ਦੀ ਲੋੜ ਹੈ। ਕੀ ਜ਼ਿੰਦਗੀ ਭੋਜਨ ਨਾਲੋਂ ਅਤੇ ਸ਼ਰੀਰ ਵਸਤਰ ਨਾਲੋਂ ਵੱਧ ਮਹੱਤਵਪੂਰਣ ਨਹੀਂ? 26 ਅਕਾਸ਼ ਦੇ ਪੰਛੀਆਂ ਵੱਲ ਧਿਆਨ ਕਰੋ। ਨਾ ਤਾਂ ਉਹ ਬੀਜਦੇ ਹਨ ਤੇ ਨਾ ਹੀ ਵੱਢਦੇ ਹਨ ਨਾ ਹੀ ਭੜੋਲਿਆਂ ਵਿੱਚ ਅਨਾਜ ਇਕੱਠਾ ਕਰਦੇ ਹਨ। ਪਰ ਤੁਹਾਡਾ ਸੁਰਗੀ ਪਿਤਾ ਉਨ੍ਹਾਂ ਦੀ ਪ੍ਰਿਤਪਾਲ ਕਰਦਾ ਹੈ। ਭਲਾ ਤੁਸੀਂ ਉਨ੍ਹਾਂ ਨਾਲੋਂ ਉੱਤਮ ਨਹੀਂ ਹੋ। 27 ਜੇ ਤੁਸੀਂ ਚਿੰਤਾ ਕਰਦੇ ਰਹੋਂਗੇ ਤਾਂ, ਤੁਸੀਂ ਆਪਣੀ ਉਮਰ ਵਿੱਚ ਇੱਕ ਵੀ ਪਲ ਦਾ ਵਾਧਾ ਨਹੀਂ ਕਰ ਸੱਕਦੇ।

28 “ਤੁਸੀਂ ਵਸਤਰਾਂ ਲਈ ਕਿਉਂ ਚਿੰਤਾ ਕਰਦੇ ਹੋ? ਤੁਸੀਂ ਖੇਤ ਵਿੱਚ ਫ਼ਲਾਂ ਨੂੰ ਵੇਖੋ। ਵੇਖੋ ਉਹ ਕਿਵੇਂ ਉੱਥੇ ਵੱਧਦੇ ਹਨ। ਉਹ ਆਪਣੇ ਲਈ ਨਾ ਮਿਹਨਤ ਕਰਦੇ ਹਨ ਨਾ ਕੱਤਦੇ ਹਨ। 29 ਪਰ ਮੈਂ ਤੁਹਾਨੂੰ ਦੱਸਦਾ ਹਾਂ ਕਿ ਮਹਾਨ ਅਤੇ ਅਮੀਰ ਰਾਜਾ ਸੁਲੇਮਾਨ ਵੀ, ਇਨ੍ਹਾਂ ਵਿੱਚੋਂ ਇੱਕ ਫ਼ੁੱਲ ਜਿੰਨਾ ਵੀ ਨਹੀਂ ਸਜਿਆ ਹੋਇਆ ਸੀ। 30 ਪਰਮੇਸ਼ੁਰ ਜੰਗਲੀ ਘਾਹ ਨੂੰ ਵੀ ਜਿਹੜਾ ਅੱਜ ਹੈ ਅਤੇ ਭਲਕੇ ਅੱਗ ਵਿੱਚ ਝੋਕਿਆ ਜਾਵੇਗਾ ਅਜਿਹਾ ਪਹਿਨਣ ਪਹਿਨਾਉਂਦਾ ਹੈ। ਤਾਂ ਹੇ ਥੋੜੀ ਪਰਤੀਤ ਵਾਲਿਓ, ਕੀ ਭਲਾ ਪਰਮੇਸ਼ੁਰ ਤੁਹਾਨੂੰ ਉਸਤੋਂ ਵੱਧ ਨਹੀਂ ਪਹਿਨਾਵੇਗਾ?

31 “ਸੋ ਤੁਸੀਂ ਚਿੰਤਾ ਕਰਕੇ ਇਹ ਨਾ ਕਹੋ ਕਿ, ‘ਕੀ ਖਾਵਾਂਗੇ’ ਜਾਂ ‘ਕੀ ਪੀਵਾਂਗੇ’ ਜਾਂ ‘ਕੀ ਪਹਿਨਾਂਗੇ?’ 32 ਉਹ ਲੋਕ ਜੋ ਪਰਮੇਸ਼ੁਰ ਨੂੰ ਨਹੀਂ ਜਾਣਦੇ ਉਹ ਇਨ੍ਹਾਂ ਸਭਨਾਂ ਵਸਤਾਂ ਨੂੰ ਭਾਲਦੇ ਹਨ, ਪਰ ਤੁਸੀਂ ਚਿੰਤਾ ਨਾ ਕਰੋ ਕਿਉਂਕਿ ਤੁਹਾਡਾ ਸੁਰਗੀ ਪਿਤਾ ਜਾਣਦਾ ਹੈ ਕਿ ਤੁਹਾਨੂੰ ਇਨ੍ਹਾਂ ਚੀਜ਼ਾਂ ਦੀ ਲੋੜ ਹੈ। 33 ਪਰ ਸਭ ਤੋਂ ਪਹਿਲਾਂ, ਤੁਹਾਨੂੰ ਪਰਮੇਸ਼ੁਰ ਦੇ ਰਾਜ ਅਤੇ ਉਸ ਦੇ ਧਰਮ ਦੀ ਇੱਛਾ ਕਰਨੀ ਚਾਹੀਦੀ ਹੈ। ਫ਼ਿਰ ਇਹ ਸਭ ਵਸਤਾਂ ਵੀ ਤੁਹਾਨੂੰ ਦੇ ਦਿੱਤੀਆਂ ਜਾਣਗੀਆਂ। 34 ਸੋ ਤੁਸੀਂ ਭਲਕੇ ਦੇ ਲਈ ਚਿੰਤਾ ਨਾ ਕਰੋ। ਇਹ ਆਪਣੇ ਬਾਰੇ ਆਪੇ ਹੀ ਚਿੰਤਾ ਕਰੇਗਾ, ਅੱਜ ਦੇ ਲਈ ਅੱਜ ਦਾ ਦੁੱਖ ਹੀ ਬਥੇਰਾ ਹੈ।

Punjabi Bible: Easy-to-Read Version (ERV-PA)

2010 by World Bible Translation Center