Print Page Options
Previous Prev Day Next DayNext

Beginning

Read the Bible from start to finish, from Genesis to Revelation.
Duration: 365 days
Punjabi Bible: Easy-to-Read Version (ERV-PA)
Version
ਮੱਤੀ 1-4

ਯਿਸੂ ਦਾ ਪਰਿਵਾਰਕ ਇਤਿਹਾਸ(A)

ਇਹ ਯਿਸੂ ਮਸੀਹ ਦੇ ਪਰਿਵਾਰ ਦਾ ਇਤਿਹਾਸ ਹੈ। ਯਿਸੂ ਦਾਊਦ ਦੇ ਪਰਿਵਾਰ ਤੋਂ ਸੀ ਅਤੇ ਦਾਊਦ ਅਬਰਾਹਾਮ ਦੇ ਪਰਿਵਾਰ ਤੋਂ ਸੀ।

ਅਬਰਾਹਾਮ ਇਸਹਾਕ ਦਾ ਪਿਤਾ ਸੀ।

ਇਸਹਾਕ ਯਾਕੂਬ ਦਾ ਪਿਤਾ ਸੀ।

ਯਾਕੂਬ ਯਹੂਦਾਹ ਅਤੇ ਉਸ ਦੇ ਭਰਾਵਾਂ ਦਾ ਪਿਤਾ ਸੀ।

ਯਹੂਦਾਹ ਫ਼ਰਸ ਅਤੇ ਜ਼ਰਾ ਦਾ ਪਿਤਾ ਸੀ। (ਤਾਮਾਰ ਉਨ੍ਹਾਂ ਦੀ ਮਾਤਾ ਸੀ।)

ਫ਼ਰਸ ਹਸਰੋਨ ਦਾ ਪਿਤਾ ਸੀ।

ਹਸਰੋਨ ਰਾਮ ਦਾ ਪਿਤਾ ਸੀ।

ਰਾਮ ਅੰਮੀਨਾਦਾਬ ਦਾ ਪਿਤਾ ਸੀ।

ਅੰਮੀਨਾਦਾਬ ਨਹਸ਼ੋਨ ਦਾ ਪਿਤਾ ਸੀ।

ਨਹਸ਼ੋਨ ਸਲਮੋਨ ਦਾ ਪਿਤਾ ਸੀ।

ਸਲਮੋਨ ਬੋਅਜ਼ ਦਾ ਪਿਤਾ ਸੀ।

(ਬੋਅਜ਼ ਦੀ ਮਾਤਾ ਰਾਹਾਬ ਸੀ) ਬੋਅਜ਼ ਓਬੇਦ ਦਾ ਪਿਤਾ ਸੀ।

(ਰੂਥ ਓਬੇਦ ਦੀ ਮਾਤਾ ਸੀ।) ਉਬੇਦ ਯੱਸੀ ਦਾ ਪਿਤਾ ਸੀ।

ਯੱਸੀ ਦਾਊਦ ਬਾਦਸ਼ਾਹ ਦਾ ਪਿਤਾ ਸੀ।

ਦਾਊਦ ਸੁਲੇਮਾਨ ਦਾ ਪਿਤਾ ਸੀ। (ਸੁਲੇਮਾਨ ਦੀ ਮਾਤਾ ਪਹਿਲਾਂ ਉਰੀਯਾਹ ਦੀ ਪਤਨੀ ਸੀ।)

ਸੁਲੇਮਾਨ ਰਹਬੁਆਮ ਦਾ ਪਿਤਾ ਸੀ।

ਰਹਬੁਆਮ ਅਬੀਯਾਹ ਦਾ ਪਿਤਾ ਸੀ।

ਅਬੀਯਾਹ ਆਸਾ ਦਾ ਪਿਤਾ ਸੀ।

ਆਸਾ ਯਹੋਸ਼ਾਫਾਟ ਦਾ ਪਿਤਾ ਸੀ।

ਯਹੋਸ਼ਾਫਾਟ ਯੋਰਾਮ ਦਾ ਪਿਤਾ ਸੀ।

ਯੋਰਾਮ ਉਜ਼ੀਯਾਹ ਦਾ ਪਿਤਾ ਸੀ।

ਉਜ਼ੀਯੱਯਾਹ ਯੋਥਾਮ ਦਾ ਪਿਤਾ ਸੀ।

ਯੋਥਾਮ ਆਹਾਜ਼ ਦਾ ਪਿਤਾ ਸੀ।

ਆਹਾਜ਼ ਹਿਜ਼ਾਕੀਯਾਹ ਦਾ ਪਿਤਾ ਸੀ।

10 ਹਿਜ਼ਕੀਯਾਹ ਮਨੱਸਹ ਦਾ ਪਿਤਾ ਸੀ।

ਮਨੱਸਹ ਆਮੋਨ ਦਾ ਪਿਤਾ ਸੀ।

ਆਮੋਨ ਯੋਸ਼ੀਯਾਹ ਦਾ ਪਿਤਾ ਸੀ।

11 ਯੋਸ਼ੀਯਾਹ, ਯਕਾਨਯਾਹ, ਅਤੇ ਉਸ ਦੇ ਭਰਾਵਾਂ ਦਾ ਦਾਦਾ ਸੀ। ਇਸ ਸਮੇਂ ਦੌਰਾਨ, ਯਹੂਦੀ ਕੈਦੀਆਂ ਦੀ ਤਰ੍ਹਾਂ ਬੇਬੀਲੋਨ ਨੂੰ ਲਿਜਾਏ ਗਏ ਸਨ।

12 ਯਹੂਦੀਆਂ ਨੂੰ ਬੇਬੀਲੋਨ ਲੈ ਜਾਣ ਤੋਂ ਬਾਅਦ: ਯਕਾਨਯਾਹ ਸ਼ਅਲਤੀਏਲ ਦਾ ਪਿਤਾ ਸੀ।

ਸ਼ਅਲਤੀਏਲ ਜ਼ਰੁੱਬਾਬਲ ਦਾ ਦਾਦਾ ਸੀ।

13 ਜ਼ਰੁੱਬਾਬਲ ਅਬੀਹੂਦ ਦਾ ਪਿਤਾ ਸੀ।

ਅਬੀਹੂਦ ਅਲਯਾਕੀਮ ਦਾ ਪਿਤਾ ਸੀ।

ਅਲਯਾਕੀਮ ਅੱਜ਼ੋਰ ਦਾ ਪਿਤਾ ਸੀ।

14 ਅੱਜ਼ੋਰ ਸਾਦੋਕ ਦਾ ਪਿਤਾ ਸੀ।

ਸਾਦੋਕ ਯਾਕੀਮ ਦਾ ਪਿਤਾ ਸੀ।

ਯਾਕੀਮ ਅਲੀਹੂਦ ਦਾ ਪਿਤਾ ਸੀ।

15 ਅਲੀਹੂਦ ਅਲਾਜ਼ਾਰ ਦਾ ਪਿਤਾ ਸੀ।

ਅਲਾਜ਼ਾਰ ਮੱਥਾਨ ਦਾ ਪਿਤਾ ਸੀ।

ਮੱਥਾਨ ਯਾਕੂਬ ਦਾ ਪਿਤਾ ਸੀ।

16 ਯਾਕੂਬ ਯੂਸੁਫ਼ ਦਾ ਪਿਤਾ ਸੀ।

ਮਰਿਯਮ ਯੂਸੁਫ਼ ਦੀ ਪਤਨੀ ਸੀ।

ਮਰਿਯਮ ਯਿਸੂ ਦੀ ਮਾਂ ਸੀ। ਯਿਸੂ ਹੀ ਮਸੀਹ ਕਹਾਉਂਦਾ ਹੈ।

17 ਸੋ ਅਬਰਾਹਾਮ ਤੋਂ ਲੈ ਕੇ ਦਾਊਦ ਤੀਕਰ ਇਹ ਚੌਦ੍ਹਾਂ ਪੀੜ੍ਹੀਆਂ ਸਨ। ਅਤੇ ਚੌਦ੍ਹਾਂ ਹੀ ਪੀੜ੍ਹੀਆਂ ਦਾਊਦ ਤੋਂ ਲੈ ਕੇ ਉਸ ਵਕਤ ਤੀਕਰ ਸਨ ਜਦੋਂ ਲੋਕਾਂ ਨੂੰ ਬੇਬੀਲੋਨ ਲਿਜਾਇਆ ਗਿਆ। ਅਤੇ ਚੌਦ੍ਹਾਂ ਹੀ ਪੀੜ੍ਹੀਆਂ ਲੋਕਾਂ ਨੂੰ ਬੇਬੀਲੋਨ ਲੈ ਕੇ ਜਾਣ ਤੋਂ ਮਸੀਹ ਦੇ ਜਨਮ ਤੱਕ ਸਨ।

ਯਿਸੂ ਮਸੀਹ ਦਾ ਜਨਮ(B)

18 ਯਿਸੂ ਮਸੀਹ ਦੀ ਮਾਤਾ ਮਰਿਯਮ ਸੀ। ਯਿਸੂ ਮਸੀਹ ਦਾ ਜਨਮ ਇਸ ਤਰ੍ਹਾਂ ਹੋਇਆ। ਮਰਿਯਮ ਦੀ ਕੁੜਮਾਈ ਯੂਸੁਫ਼ ਦੇ ਨਾਲ ਹੋਈ। ਪਰ ਵਿਆਹ ਹੋਣ ਤੋਂ ਪਹਿਲਾਂ ਹੀ ਮਰਿਯਮ ਨੇ ਦੇਖਿਆ ਕਿ ਉਹ ਗਰਭਵਤੀ ਹੈ। ਮਰਿਯਮ ਪਵਿੱਤਰ ਆਤਮਾ ਦੀ ਸ਼ਕਤੀ ਨਾਲ ਗਰਭਵਤੀ ਹੋਈ ਸੀ। 19 ਮਰਿਯਮ ਦਾ ਪਤੀ ਯੂਸੁਫ਼ ਇੱਕ ਚੰਗਾ ਮਨੁੱਖ ਸੀ। ਉਹ ਇਹ ਨਹੀਂ ਚਾਹੁੰਦਾ ਸੀ ਕਿ ਉਹ ਮਰਿਯਮ ਨੂੰ ਲੋਕਾਂ ਸਾਹਮਣੇ ਕਲੰਕਨ ਪਰਗਟ ਕਰੇ। ਤਾਂ ਉਸ ਨੇ ਉਸ ਨੂੰ ਚੁੱਪ-ਚਾਪ ਛੱਡ ਦੇਣ ਦੀ ਸੋਚੀ।

20 ਪਰ ਜਦੋਂ ਉਸ ਨੇ ਇਸ ਬਾਰੇ ਸੋਚਿਆ ਤਾਂ ਪ੍ਰਭੂ ਦੇ ਇੱਕ ਦੂਤ ਨੇ ਉਸ ਦੇ ਸੁਪਨੇ ਵਿੱਚ ਦਰਸ਼ਨ ਦਿੱਤੇ। ਤੇ ਦੂਤ ਨੇ ਕਿਹਾ, “ਹੇ ਯੂਸੁਫ਼, ਦਾਊਦ ਦੇ ਪੁੱਤਰ, ਤੂੰ ਮਰਿਯਮ ਨੂੰ ਆਪਣੀ ਪਤਨੀ ਸਵਿਕਾਰ ਕਰਨ ਤੋਂ ਨਾ ਘਬਰਾ। ਜਿਹੜਾ ਬੱਚਾ ਉਸਦੀ ਕੁੱਖ ਵਿੱਚ ਆਇਆ ਹੈ ਉਹ ਪਵਿੱਤਰ ਆਤਮਾ ਤੋਂ ਹੈ। 21 ਮਰਿਯਮ ਇੱਕ ਪੁੱਤਰ ਨੂੰ ਜਨਮ ਦੇਵੇਗੀ ਅਤੇ ਤੂੰ ਉਸਦਾ ਨਾਂ ਯਿਸੂ ਰੱਖੀਂ ਕਿਉਂਕਿ ਉਹ ਆਪਣੇ ਲੋਕਾਂ ਨੂੰ ਉਨ੍ਹਾਂ ਦੇ ਪਾਪਾਂ ਤੋਂ ਬਚਾਵੇਗਾ।”

22 ਇਹ ਸਭ ਕੁਝ ਪ੍ਰਭੂ ਦੇ ਆਪਣੇ ਨਬੀ ਦੁਆਰਾ ਕਹੇ ਹੋਏ ਸ਼ਬਦਾਂ ਨੂੰ ਪੂਰਾ ਕਰਨ ਲਈ ਵਾਪਰਿਆ। 23 “ਕੁਆਰੀ ਗਰਭਵਤੀ ਹੋਵੇਗੀ ਅਤੇ ਪੁੱਤਰ ਨੂੰ ਜਨਮ ਦੇਵੇਗੀ। ਉਹ ਉਸਦਾ ਨਾਮ ਇੰਮਾਨੂਏਲ ਰੱਖਣਗੇ।” [a] ਜਿਸਦਾ ਅਰਥ ਇਹ ਹੈ, “ਪਰਮੇਸ਼ੁਰ ਸਾਡੇ ਸੰਗ ਹੈ।”

24 ਜਦੋਂ ਯੂਸੁਫ਼ ਜਾਗਿਆ ਤਾਂ ਉਸ ਨੇ ਉਵੇਂ ਹੀ ਕੀਤਾ ਜਿਵੇਂ ਪ੍ਰਭੂ ਦੇ ਦੂਤ ਨੇ ਉਸ ਨੂੰ ਕਰਨ ਲਈ ਕਿਹਾ ਸੀ। ਯੂਸੁਫ਼ ਨੇ ਮਰਿਯਮ ਨਾਲ ਵਿਆਹ ਕੀਤਾ। 25 ਪਰ ਯੂਸੂਫ਼ ਨੇ ਮਰਿਯਮ ਨਾਲ ਕੋਈ ਜਿਨਸੀ ਸਬੰਧ ਨਾ ਰੱਖਿਆ ਜਦ ਤੱਕ ਕਿ ਉਸ ਨੇ ਪੁੱਤਰ ਨੂੰ ਜਨਮ ਨਾ ਦੇ ਦਿੱਤਾ। ਅਤੇ ਯੂਸੁਫ਼ ਨੇ ਪੁੱਤਰ ਦਾ ਨਾਂ ਯਿਸੂ ਰੱਖਿਆ।

ਜੋਤਸ਼ੀ ਯਿਸੂ ਨੂੰ ਮਿਲਣ ਆਏ

ਯਿਸੂ ਯਹੂਦਿਯਾ ਦੇ ਨਗਰ ਬੈਤਲਹਮ ਵਿੱਚ ਜੰਮਿਆ ਸੀ। ਉਹ ਉਸ ਵਕਤ ਜਨਮਿਆ ਸੀ ਜਦੋਂ ਹੇਰੋਦੇਸ ਰਾਜਾ ਸੀ। ਯਿਸੂ ਦੇ ਜਨਮ ਤੋਂ ਬਾਅਦ ਪੂਰਬ ਵੱਲੋਂ ਕੁਝ ਜੋਤਸ਼ੀ ਯਰੂਸ਼ਲਮ ਵਿੱਚ ਆਏ। ਜੋਤਸ਼ੀਆਂ ਨੇ ਲੋਕਾਂ ਨੂੰ ਪੁੱਛਿਆ, “ਨਵਾਂ ਜੁਆਕ ਕਿੱਥੇ ਹੈ ਜੋ ਕਿ ਯਹੂਦੀਆਂ ਦਾ ਰਾਜਾ ਹੈ? ਅਸੀਂ ਤਾਰਾ ਵੇਖਿਆ ਹੈ ਜੋ ਦਰਸਾਉਂਦਾ ਕਿ ਉਹ ਜਨਮਿਆ ਹੈ। ਅਸੀਂ ਤਾਰੇ ਨੂੰ ਪੂਰਬ ਵਿੱਚ ਆਕਾਸ਼ ਵਿੱਚ ਉੱਠਦਿਆਂ ਵੇਖਿਆ। ਅਸੀਂ ਉਸਦੀ ਉਪਾਸਨਾ ਕਰਨ ਲਈ ਆਏ ਹਾਂ।”

ਜਦੋਂ ਰਾਜਾ ਹੇਰੋਦੇਸ ਅਤੇ ਯਰੂਸ਼ਲਮ ਦੇ ਲੋਕਾਂ ਨੇ ਯਹੂਦੀਆਂ ਦੇ ਰਾਜੇ ਬਾਰੇ ਸੁਣਿਆ, ਤਾਂ ਉਹ ਘਬਰਾ ਗਏ। ਹੇਰੋਦੇਸ ਨੇ ਯਹੂਦੀ ਪ੍ਰਧਾਨ ਜਾਜਕਾਂ ਤੇ ਨੇਮ ਦੇ ਉਸਦੇਸ਼ਕਾਂ ਨੂੰ ਇਕੱਠਿਆਂ ਕਰਕੇ, ਉਨ੍ਹਾਂ ਨੂੰ ਪੁੱਛਿਆ ਕਿ ਮਸੀਹ ਕਿੱਥੇ ਜੰਮੇਗਾ? ਉਨ੍ਹਾਂ ਨੇ ਕਿਹਾ, “ਯਹੂਦਿਯਾ ਦੇ ਬੈਤਲਹਮ ਵਿੱਚ, ਕਿਉਂਕਿ ਨਬੀ ਨੇ ਇਸ ਬਾਰੇ ਪੋਥੀਆਂ ਵਿੱਚ ਲਿਖਿਆ ਹੈ:

‘ਹੇ ਬੈਤਲਹਮ, ਯਹੂਦਾਹ ਦੀ ਧਰਤੀ ਵਿੱਚ
    ਤੂੰ ਯਹੂਦਾਹ ਦੇ ਹਾਕਮਾਂ ਵਿੱਚੋਂ ਬੜਾ ਮਹੱਤਵਪੂਰਣ ਹੈ।
ਹਾਂ, ਤੇਰੇ ਵਿੱਚੋਂ ਇੱਕ ਅਜਿਹਾ ਹਾਕਮ ਆਵੇਗਾ,
    ਜਿਹੜਾ ਮੇਰੇ ਲੋਕਾਂ, ਅਤੇ ਇਸਰਾਏਲ ਦੀ ਅਗਵਾਈ ਕਰੇਗਾ।’” (C)

ਫੇਰ ਹੇਰੋਦੇਸ ਨੇ ਪੂਰਬ ਤੋਂ ਆਏ ਜੋਤਸ਼ੀਆਂ ਨੂੰ ਚੁੱਪ ਕੀਤੇ ਬੁਲਾਕੇ ਉਨ੍ਹਾਂ ਕੋਲੋਂ ਠੀਕ-ਠੀਕ ਪਤਾ ਕੀਤਾ ਕਿ ਉਨ੍ਹਾਂ ਨੂੰ ਤਾਰਾ ਪਹਿਲੀ ਵਾਰ ਕਦੋਂ ਦਿਖਾਈ ਦਿੱਤਾ ਸੀ। ਫ਼ੇਰ ਹੇਰੋਦੇਸ ਨੇ ਉਨ੍ਹਾਂ ਨੂੰ ਬੈਤਲਹਮ ਵਿੱਚ, ਇਹ ਕਹਿ ਕੇ ਭੇਜ ਦਿੱਤਾ ਕਿ, “ਜਾਓ ਅਤੇ ਧਿਆਨ ਨਾਲ ਇਸ ਬਾਲਕ ਬਾਰੇ ਪਤਾ ਲਗਾਓ। ਜਦੋਂ ਤੁਸੀਂ ਬਾਲਕ ਨੂੰ ਲੱਭ ਲਵੋਂ, ਤਾਂ ਆਕੇ ਮੈਨੂੰ ਦੱਸ ਦਿਓ, ਤਾਂ ਜੋ ਮੈਂ ਵੀ ਜਾਵਾਂ ਅਤੇ ਉਸਦੀ ਉਪਾਸਨਾ ਕਰਾਂ।”

ਉਹ ਰਾਜੇ ਦੀ ਗੱਲ ਸੁਣਕੇ ਚੱਲੇ ਗਏ। ਅਤੇ ਉਹ ਤਾਰਾ, ਜਿਹੜਾ ਉਨ੍ਹਾਂ ਨੇ ਚੜ੍ਹ੍ਹਦੇ ਪਾਸੇ ਦੇਖਿਆ ਸੀ, ਜੋਤਸ਼ੀਆਂ ਨੇ ਉਸ ਤਾਰੇ ਦਾ ਪਿੱਛਾ ਕੀਤਾ। ਤਾਰੇ ਨੇ ਉਨ੍ਹਾਂ ਦੀ ਉਦੋਂ ਤੱਕ ਅਗਵਾਈ ਕੀਤੀ, ਜਦੋਂ ਤੱਕ ਕਿ ਉਹ ਉਸ ਜਗ਼੍ਹਾ ਉੱਤੇ ਆਕੇ ਨਹੀਂ ਰੁਕ ਗਿਆ ਜਿੱਥੇ ਉਹ ਬਾਲਕ ਸੀ। 10 ਜੋਤਸ਼ੀ ਉਦੋਂ ਬਹੁਤ ਖੁਸ਼ ਸਨ ਜਦੋਂ ਉਨ੍ਹਾਂ ਨੇ ਤਾਰਾ ਵੇਖਿਆ।

11 ਉਨ੍ਹਾਂ ਨੇ ਉਸ ਘਰ ਵਿੱਚ ਜਾਕੇ ਬਾਲਕ ਨੂੰ ਉਸਦੀ ਮਾਤਾ ਮਰਿਯਮ ਨਾਲ ਦੇਖਿਆ ਅਤੇ ਪੈਰੀਂ ਪੈਕੇ ਉਸ ਨੂੰ ਮੱਥਾ ਟੇਕਿਆ। ਉਨ੍ਹਾਂ ਨੇ ਆਪਣੀਆਂ ਥੈਲੀਆਂ ਖੋਲ੍ਹੀਆਂ ਅਤੇ ਸੋਨੇ, ਲੁਬਾਣ ਅਤੇ ਗੰਧਰਸ ਦੀਆਂ ਸੁਗਾਤਾਂ ਭੇਂਟ ਕੀਤੀਆਂ ਜਿਹੜੀਆਂ ਉਹ ਬਾਲਕ ਵਾਸਤੇ ਲਿਆਏ ਸਨ। 12 ਪਰ ਸੁਫਨੇ ਵਿੱਚ ਪਰਮੇਸ਼ੁਰ ਨੇ ਜੋਤਸ਼ੀਆਂ ਨੂੰ ਖਬਰਦਾਰ ਕੀਤਾ ਕਿ ਉਹ ਹੇਰੋਦੇਸ ਕੋਲ ਫੇਰ ਨਾ ਜਾਣ। ਤਾਂ ਉਹ ਹੋਰ ਰਸਤੇ ਆਪਣੇ ਦੇਸ਼ ਨੂੰ ਮੁੜ ਗਏ।

ਯਿਸੂ ਆਪਣੇ ਮਾਤਾ ਪਿਤਾ ਨਾਲ ਮਿਸਰ ਨੂੰ

13 ਜਦੋਂ ਜੋਤਸ਼ੀ ਦੂਰ ਚੱਲੇ ਗਏ, ਤਾਂ ਪ੍ਰਭੂ ਦੇ ਦੂਤ ਨੇ ਯੂਸੁਫ ਦੇ ਸੁਫਨੇ ਵਿੱਚ ਦਰਸ਼ਨ ਦੇਕੇ ਆਖਿਆ, “ਉੱਠ! ਬਾਲਕ ਤੇ ਉਸਦੀ ਮਾਤਾ ਨੂੰ ਲੈ ਕੇ ਮਿਸਰ ਦੇਸ਼ ਵਿੱਚ ਚੱਲਾ ਜਾ। ਅਤੇ ਜਦ ਤੀਕਰ ਮੈਂ ਤੈਨੂੰ ਨਾ ਆਖਾਂ ਉੱਥੇ ਹੀ ਰਹਿਣਾ ਕਿਉਂਕਿ ਹੇਰੋਦੇਸ ਬਾਲਕ ਨੂੰ ਮਾਰਣ ਵਾਸਤੇ ਲੱਭੇਗਾ।”

14 ਤਾਂ ਯੂਸੁਫ ਉੱਠਿਆ ਰਾਤੋ-ਰਾਤ ਬਾਲਕ ਅਤੇ ਉਸਦੀ ਮਾਤਾ ਨੂੰ ਨਾਲ ਲੈ ਕੇ ਮਿਸਰ ਵੱਲ ਤੁਰ ਪਿਆ। 15 ਯੂਸੁਫ਼ ਹੇਰੋਦੇਸ ਦੇ ਮਰਨ ਤੱਕ ਮਿਸਰ ਵਿੱਚ ਹੀ ਰਿਹਾ। ਇਹ ਇਸ ਲਈ ਵਾਪਰਿਆ ਤਾਂ ਕਿ ਜਿਹੜਾ ਬਚਨ ਪ੍ਰਭੂ ਨੇ ਨਬੀ ਦੀ ਜ਼ਬਾਨੀ ਆਖਿਆ ਸੀ ਉਹ ਪੂਰਾ ਹੋਵੇ: ਪ੍ਰਭੂ ਨੇ ਆਖਿਆ, “ਮੈਂ ਆਪਣੇ ਪੁੱਤਰ ਨੂੰ ਮਿਸਰ ਵਿੱਚੋਂ ਸੱਦਿਆ।” [b]

ਹੇਰੋਦੇਸ ਨੇ ਬੈਤਲਹਮ ਦੇ ਸਭ ਬਾਲ ਮੁੰਡਿਆਂ ਨੂੰ ਮਾਰ ਸੁੱਟਿਆ

16 ਜਦੋਂ ਹੇਰੋਦੇਸ ਨੂੰ ਇਹ ਸਮਝ ਆਈ ਕਿ ਉਸ ਨੂੰ ਜੋਤਸ਼ੀਆਂ ਦੁਆਰਾ ਧੋਖਾ ਦਿੱਤਾ ਗਿਆ ਹੈ, ਤਾਂ ਉਸ ਨੂੰ ਬੜਾ ਕ੍ਰੋਧ ਆਇਆ। ਫ਼ੇਰ ਉਸ ਨੇ ਬੈਤਲਹਮ ਅਤੇ ਆਸੇ-ਪਾਸੇ ਦੇ ਸਾਰੇ ਇਲਾਕਿਆਂ ਦੇ ਬਾਲਕਾਂ ਨੂੰ ਮਾਰਨ ਦਾ ਹੁਕਮ ਦੇ ਦਿੱਤਾ। ਉਸ ਨੇ ਦੋ ਸਾਲ ਅਤੇ ਇਸਤੋਂ ਛੋਟੀ ਉਮਰ ਦੇ ਬਾਲਕਾਂ ਨੂੰ ਮਾਰ ਦੇਣ ਦਾ ਹੁਕਮ ਦੇ ਦਿੱਤਾ ਕਿਉਂਕਿ ਉਸ ਨੇ ਜੋਤਸ਼ੀਆਂ ਤੋਂ ਜਨਮ ਦੇ ਸਹੀ ਸਮੇਂ ਦਾ ਪਤਾ ਲਾਇਆ ਸੀ। 17 ਤਾਂ ਨਬੀ ਯਿਰਮਿਯਾਹ ਦੁਆਰਾ ਬੋਲਿਆ ਪਰਮੇਸ਼ੁਰ ਦਾ ਸ਼ਬਦ ਪੂਰਾ ਹੋ ਗਿਆ ਸੀ:

18 “ਰਾਮਾਹ ਵਿੱਚ ਇੱਕ ਅਵਾਜ਼ ਸੁਣਾਈ ਦਿੱਤੀ।
    ਰੋਣਾ ਅਤੇ ਵੱਡੇ ਵਿਰਲਾਪ ਨਾਲ
ਰਾਖੇਲ ਆਪਣੇ ਬਾਲ ਬੱਚਿਆਂ ਨੂੰ ਰੋਂਦੀ ਹੈ
    ਅਤੇ ਤਸੱਲੀ ਨਹੀਂ ਚਾਹੁੰਦੀ,
    ਕਿਉਂਕਿ ਉਸ ਦੇ ਬੱਚੇ ਮਰ ਚੁੱਕੇ ਹਨ।” (D)

ਯੂਸੁਫ਼ ਅਤੇ ਮਰਿਯਮ ਮਿਸਰ ਤੋਂ ਮੁੜੇ

19 ਹੇਰੋਦੇਸ ਦੇ ਮਰਨ ਤੋਂ ਬਾਅਦ, ਪ੍ਰਭੂ ਦਾ ਇੱਕ ਦੂਤ ਮਿਸਰ ਵਿੱਚ ਯੂਸੁਫ਼ ਦੇ ਸੁਪਨੇ ਵਿੱਚ ਪ੍ਰਗਟਿਆ। 20 ਦੂਤ ਨੇ ਆਖਿਆ, “ਉੱਠ! ਬਾਲਕ ਅਤੇ ਉਸਦੀ ਮਾਤਾ ਨੂੰ ਲੈ ਕੇ ਇਸਰਾਏਲ ਦੇ ਦੇਸ਼ ਨੂੰ ਜਾ। ਕਿਉਂਕਿ ਜਿਹੜੇ ਲੋਕ ਬਾਲਕ ਨੂੰ ਮਾਰਨਾ ਚਾਹੁੰਦੇ ਸਨ ਉਹ ਹੁਣ ਮਰ ਚੁੱਕੇ ਹਨ।”

21 ਤਦ ਉਹ ਤਿਆਰ ਹੋਇਆ ਅਤੇ ਬਾਲਕ ਅਤੇ ਉਸਦੀ ਮਾਤਾ ਨੂੰ ਨਾਲ ਲੈ ਕੇ ਇਸਰਾਏਲ ਦੇਸ਼ ਨੂੰ ਚੱਲਿਆ ਗਿਆ। 22 ਜਦੋਂ ਯੂਸੁਫ਼ ਨੇ ਸੁਣਿਆ ਕਿ ਅਰਕਿਲਊਸ ਯਹੂਦਿਯਾ ਵਿੱਚ ਆਪਣੇ ਪਿਤਾ ਹੇਰੋਦੇਸ ਦੀ ਮੌਤ ਤੋਂ ਬਾਅਦ ਰਾਜਾ ਬਣ ਗਿਆ ਹੈ ਤਾਂ ਉਹ ਉੱਥੇ ਜਾਣ ਤੋਂ ਡਰਦਾ ਸੀ। ਪਰ ਸੁਪਨੇ ਵਿੱਚ ਪਰਮੇਸ਼ੁਰ ਦੁਆਰਾ ਖ਼ਬਰ ਪਾਕੇ ਉਹ ਗਲੀਲ ਦੇ ਇਲਾਕੇ ਨੂੰ ਚੱਲਿਆ ਗਿਆ। 23 ਯੂਸੁਫ਼ ਨਾਸਰਤ ਨਾਮ ਦੇ ਇੱਕ ਨਗਰ ਵਿੱਚ ਜਾ ਵਸਿਆ ਅਤੇ ਇਸਨੇ ਉਹ ਬਚਨ ਪੂਰਾ ਕਰ ਦਿੱਤਾ ਜਿਹੜਾ ਪਰਮੇਸ਼ੁਰ ਨੇ ਨਬੀਆਂ ਰਾਹੀਂ ਆਖਿਆ ਸੀ। ਕਿ ਉਹ ਇੱਕ ਨਾਸਰੀ [c] ਅਖਵਾਏਗਾ।

ਯੂਹੰਨਾ ਬਪਤਿਸਮਾ ਦੇਣ ਵਾਲੇ ਦਾ ਕੰਮ(E)

ਉਨ੍ਹਾਂ ਦਿਨਾਂ ਵਿੱਚ, ਯੂਹੰਨਾ ਬਪਤਿਸਮਾ ਦੇਣ ਵਾਲੇ ਨੇ ਯਹੂਦਿਯਾ ਦੇ ਉਜਾੜ ਵਿੱਚ ਪ੍ਰਚਾਰ ਕਰਨਾ ਸ਼ੁਰੂ ਕੀਤਾ। ਉਸ ਨੇ ਆਖਿਆ, “ਆਪਣੇ ਦਿਲ ਅਤੇ ਜੀਵਨ ਬਦਲੋ, ਕਿਉਂਕਿ ਸੁਰਗ ਦਾ ਰਾਜ ਜਲਦੀ ਹੀ ਆ ਰਿਹਾ ਹੈ।” ਯੂਹੰਨਾ ਬਪਤਿਸਮਾ ਦੇਣ ਵਾਲਾ ਉਹੀ ਹੈ ਜਿਸਦੇ ਬਾਰੇ ਯਸਾਯਾਹ ਨਬੀ ਦੀ ਜ਼ਬਾਨੀ ਆਖਿਆ ਗਿਆ ਸੀ। ਯਸਾਯਾਹ ਨੇ ਕਿਹਾ:

“ਉਜਾੜ ਵਿੱਚ ਇੱਕ ਮਨੁੱਖ ਹੋਕਾ ਦੇ ਰਿਹਾ ਹੈ:
‘ਪ੍ਰਭੂ ਲਈ ਰਸਤੇ ਨੂੰ ਤਿਆਰ ਕਰੋ;
    ਉਸ ਦੇ ਰਾਹਾਂ ਨੂੰ ਸਿਧਿਆਂ ਕਰੋ।’” (F)

ਯੂਹੰਨਾ ਦੇ ਕੱਪੜੇ ਊਂਠ ਦੇ ਵਾਲਾਂ ਤੋਂ ਬਣੇ ਸਨ ਅਤੇ ਚੰਮ ਦੀ ਪੇਟੀ ਉਸ ਦੇ ਲੱਕ ਦੇ ਦੁਆਲੇ ਸੀ। ਅਤੇ ਉਸਦਾ ਭੋਜਨ ਟਿੱਡੀਆਂ ਅਤੇ ਜੰਗਲੀ ਸ਼ਹਿਤ ਸੀ। ਯਰੂਸ਼ਲਮ, ਸਾਰੇ ਯਹੂਦਿਯਾ ਅਤੇ ਯਰਦਨ ਨਦੀ ਦੇ ਆਸੇ-ਪਾਸੇ ਦੀਆਂ ਥਾਵਾਂ ਦੇ ਸਭ ਲੋਕ ਉਸਦਾ ਪ੍ਰਚਾਰ ਸੁਣਨ ਲਈ ਆਏ। ਲੋਕਾਂ ਨੇ ਆਪਣੇ ਪਾਪ ਕਬੂਲ ਕੀਤੇ ਅਤੇ ਯੂਹੰਨਾ ਨੇ ਉਨ੍ਹਾਂ ਨੂੰ ਯਰਦਨ ਨਦੀ ਵਿੱਚ ਬਪਤਿਸਮਾ ਦਿੱਤਾ।

ਪਰ ਜਦੋਂ ਉਸ ਨੇ ਵੇਖਿਆ ਕਿ ਫ਼ਰੀਸੀਆਂ [d] ਅਤੇ ਸਦੂਕੀਆਂ [e] ਵਿੱਚੋਂ ਬਥੇਰੇ ਉਸ ਕੋਲੋਂ ਬਪਤਿਸਮਾ ਲੈਣ ਆਏ ਹਨ ਤਾਂ ਉਸ ਨੇ ਉਨ੍ਹਾਂ ਨੂੰ ਆਖਿਆ, “ਤੁਸੀਂ ਸਾਰੇ ਸੱਪ ਹੋ! ਤੁਹਾਨੂੰ ਪਰਮੇਸ਼ੁਰ ਦੇ ਆਉਣ ਵਾਲੇ ਕਰੋਪ ਤੋਂ ਭੱਜਣਾ ਕਿਸਨੇ ਦੱਸਿਆ ਹੈ? ਤੁਹਾਨੂੰ ਉਹ ਗੱਲਾਂ ਕਰਨੀਆਂ ਚਾਹੀਦੀਆਂ ਹਨ ਜਿਨ੍ਹਾਂ ਨਾਲ ਇਹ ਦਰਸ਼ਾ ਸੱਕੋਂ ਕਿ ਤੁਸੀਂ ਆਪਣੇ ਜੀਵਨ ਅਤੇ ਮਨ ਬਦਲ ਲਏ ਹਨ। ਆਪਣੇ ਮਨ ਵਿੱਚ ਇਸ ਗੱਲ ਤੇ ਮਾਣ ਕਰਨ ਦੀ ਨਾ ਸੋਚੋ, ‘ਅਸੀਂ ਅਬਰਾਹਾਮ ਦੇ ਬੱਚੇ ਹਾਂ।’ ਮੈਂ ਤੁਹਾਨੂੰ ਦੱਸਦਾ ਹਾਂ ਕਿ ਪਰਮੇਸ਼ੁਰ ਅਬਰਾਹਾਮ ਲਈ ਇਨ੍ਹਾਂ ਪੱਥਰਾਂ ਵਿੱਚੋਂ ਬੱਚੇ ਪੈਦਾ ਕਰ ਸੱਕਦਾ ਹੈ। 10 ਰੁੱਖਾਂ ਨੂੰ ਡੇਗਣ ਲਈ ਕੁਹਾੜਾ ਤਿਆਰ ਹੈ, ਹਰ ਉਹ ਰੁੱਖ ਜਿਹੜਾ ਚੰਗਾ ਫਲ ਨਹੀਂ ਦਿੰਦਾ, ਵੱਢਿਆ ਜਾਵੇਗਾ ਅਤੇ ਅੱਗ ਵਿੱਚ ਸੁੱਟ ਦਿੱਤਾ ਜਾਵੇਗਾ।

11 “ਮੈਂ ਤਾਂ ਤੁਹਾਨੂੰ ਤੁਹਾਡੇ ਮਨ ਅਤੇ ਜੀਵਨ ਬਦਲਣ ਲਈ ਪਾਣੀ ਨਾਲ ਬਪਤਿਸਮਾ ਦਿੰਦਾ ਹਾਂ ਪਰ ਜਿਹੜਾ ਮੇਰੇ ਪਿੱਛੋਂ ਆਉਣ ਵਾਲਾ ਹੈ ਉਹ ਮੇਰੇ ਤੋਂ ਮਹਾਨ ਹੈ ਅਤੇ ਮੈਂ ਤਾਂ ਉਸਦੀ ਜੁੱਤੀ ਚੁੱਕਣ ਦੇ ਵੀ ਯੋਗ ਨਹੀਂ ਹਾਂ। ਉਹ ਤੁਹਾਨੂੰ ਪਵਿੱਤਰ ਆਤਮਾ ਅਤੇ ਅੱਗ ਨਾਲ ਬਪਤਿਸਮਾ ਦੇਵੇਗਾ। 12 ਉਸਦੀ ਤੰਗਲੀ ਉਸ ਦੇ ਹੱਥ ਵਿੱਚ ਹੈ। ਉਹ ਕਣਕ ਨੂੰ ਤੂੜੀ ਤੋਂ ਅਲੱਗ ਕਰੇਗਾ। ਉਹ ਕਣਕ ਨੂੰ ਕੋਠੇ ਵਿੱਚ ਜਮਾ ਕਰੇਗਾ। ਉਹ ਤੂੜੀ ਨੂੰ ਉਸ ਅੱਗ ਵਿੱਚ ਸਾੜੇਗਾ ਜਿਹੜੀ ਬੁਝਾਈ ਨਹੀਂ ਜਾ ਸੱਕਦੀ।”

ਯਿਸੂ ਨੂੰ ਯੂਹੰਨਾ ਨੇ ਬਪਤਿਸਮਾ ਦਿੱਤਾ(G)

13 ਫੇਰ ਯਿਸੂ ਯੂਹੰਨਾ ਤੋਂ ਯਰਦਨ ਨਦੀ ਵਿੱਚ ਬਪਤਿਸਮਾ ਲੈਣ ਲਈ ਗਲੀਲ ਤੋਂ ਆਇਆ। 14 ਪਰ ਯੂਹੰਨਾ ਨੇ ਇਹ ਕਹਿ ਕਿ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਕਿ, “ਮੈਨੂੰ ਤਾਂ ਤੇਰੇ ਕੋਲੋਂ ਬਪਤਿਸਮਾ ਲੈਣ ਦੀ ਲੋੜ ਹੈ। ਅਤੇ ਤੂੰ ਮੇਰੇ ਕੋਲ ਕਿਉਂ ਆਇਆ ਹੈਂ?”

15 ਯਿਸੂ ਨੇ ਉਸ ਨੂੰ ਜਵਾਬ ਦਿੱਤਾ, “ਹੁਣ ਤੂੰ ਇਸ ਨੂੰ ਇੰਝ ਹੀ ਹੋਣ ਦੇ। ਜਿਹੜੀਆਂ ਗੱਲਾਂ ਪਰਮੇਸ਼ੁਰ ਕਰਾਉਦਾ ਹੈ ਸਾਨੂੰ ਉਵੇਂ ਹੀ ਕਰਨੀਆਂ ਚਾਹੀਦੀਆਂ ਹਨ।” ਇਉਂ ਯੂਹੰਨਾ ਯਿਸੂ ਨੂੰ ਬਪਤਿਸਮਾ ਦੇਣ ਲਈ ਮੰਨ ਗਿਆ।

16 ਜਿਵੇਂ ਹੀ ਯਿਸੂ ਨੇ ਬਪਤਿਸਮਾ ਲਿਆ ਤਾਂ ਉਹ ਪਾਣੀ ਤੋਂ ਬਾਹਰ ਆ ਗਿਆ। ਉਸ ਲਈ ਅਕਾਸ਼ ਖੁਲ੍ਹ ਗਿਆ ਅਤੇ ਉਸ ਨੇ ਪਰਮੇਸ਼ੁਰ ਦੇ ਆਤਮਾ ਨੂੰ ਘੁੱਗੀ ਵਾਂਗ ਆਪਣੇ ਉੱਪਰ ਉੱਤਰਦਿਆਂ ਵੇਖਿਆ। 17 ਸਵਰਗ ਤੋਂ ਇੱਕ ਬਾਣੀ ਆਈ, ਤੇ ਇਹ ਆਖਿਆ, “ਇਹ ਮੇਰਾ ਪਿਆਰਾ ਪੁੱਤਰ ਹੈ। ਜਿਸਤੋਂ ਮੈਂ ਬਹੁਤ ਪ੍ਰਸੰਨ ਹਾਂ।”

ਯਿਸੂ ਦਾ ਪਰਤਾਇਆ ਜਾਣਾ(H)

ਸ਼ੈਤਾਨ ਦੁਆਰਾ ਪਰਤਿਆਏ ਜਾਣ ਲਈ ਆਤਮਾ ਨੇ ਯਿਸੂ ਦੀ ਅਗਵਾਈ ਉਜਾੜ ਵਿੱਚ ਕੀਤੀ। ਯਿਸੂ ਨੇ ਚਾਲੀ ਦਿਨ ਅਤੇ ਰਾਤਾਂ ਕੁਝ ਵੀ ਨਾ ਖਾਧਾ ਤਾਂ ਉਸ ਨੂੰ ਭੁੱਖ ਲੱਗੀ। ਤਾਂ ਸ਼ੈਤਾਨ ਉਸ ਨੂੰ ਪਰਤਾਉਣ ਲਈ ਆਇਆ ਅਤੇ ਉਸ ਨੂੰ ਆਖਿਆ, “ਜੇ ਤੂੰ ਪਰਮੇਸ਼ੁਰ ਦਾ ਪੁੱਤਰ ਹੈਂ, ਤਾਂ ਕਹਿ ਕਿ ਇਹ ਪੱਥਰ ਰੋਟੀਆਂ ਬਣ ਜਾਣ।”

ਯਿਸੂ ਨੇ ਜਵਾਬ ਦਿੱਤਾ, “ਇਹ ਪੋਥੀਆਂ ਵਿੱਚ ਲਿਖਿਆ ਹੈ:

‘ਇਨਸਾਨ ਨਿਰੀ ਰੋਟੀ ਤੇ ਹੀ ਨਹੀਂ ਜਿਉਂਦੇ ਸਗੋਂ ਉਨ੍ਹਾਂ ਦਾ ਜੀਵਨ ਉਸ ਹਰੇਕ
    ਵਾਕ ਉੱਪਰ ਨਿਰਭਰ ਕਰਦਾ ਹੈ ਜਿਹੜਾ ਪਰਮੇਸ਼ੁਰ ਦੇ ਮੂੰਹੋਂ ਨਿਕਲਦਾ ਹੈ।’” (I)

ਫੇਰ ਸ਼ੈਤਾਨ ਯਿਸੂ ਨੂੰ ਪਵਿੱਤਰ ਸ਼ਹਿਰ ਵਿੱਚ ਆਪਣੇ ਨਾਲ ਲੈ ਗਿਆ ਅਤੇ ਉਸ ਨੂੰ ਮੰਦਰ ਦੇ ਬੜੇ ਉੱਚੇ ਸਥਾਨ ਉੱਤੇ ਖੜ੍ਹਾ ਕਰਕੇ ਕਿਹਾ, “ਜੇਕਰ ਤੂੰ ਪਰਮੇਸ਼ੁਰ ਦਾ ਪੁੱਤਰ ਹੈਂ, ਤਾਂ ਆਪਣੇ-ਆਪ ਨੂੰ ਹੇਠਾਂ ਡੇਗ ਦੇ। ਕਿਉਂਕਿ ਇਹ ਪੋਥੀਆਂ ਵਿੱਚ ਲਿਖਿਆ ਹੈ ਕਿ,

‘ਪਰਮੇਸ਼ੁਰ ਆਪਣੇ ਦੂਤਾਂ ਨੂੰ ਤੇਰੇ ਲਈ ਹੁਕਮ ਦੇਵੇਗਾ,
    ਅਤੇ ਉਹ ਤੈਨੂੰ ਆਪਣੇ ਹੱਥਾਂ ਉੱਪਰ ਚੁੱਕ ਲੈਣਗੇ,
ਤਾਂ ਜੋ ਤੂੰ ਪੱਥਰ ਵਿੱਚ ਆਪਣੇ ਪੈਰ ਵੱਜਣ ਤੋਂ ਬਚਾ ਸੱਕੇਂ।’” (J)

ਯਿਸੂ ਨੇ ਉਸ ਨੂੰ ਕਿਹਾ, “ਪੋਥੀਆਂ ਵਿੱਚ ਇਹ ਵੀ ਲਿਖਿਆ ਹੈ, ‘ਤੈਨੂੰ ਪ੍ਰਭੂ ਤੇਰੇ ਪਰਮੇਸ਼ੁਰ ਨੂੰ ਨਹੀਂ ਪਰਤਾਉਣਾ ਚਾਹੀਦਾ।’” [f]

ਫੇਰ ਸ਼ੈਤਾਨ ਉਸ ਨੂੰ ਇੱਕ ਵੱਡੇ ਉੱਚੇ ਪਹਾੜ ਉੱਤੇ ਨਾਲ ਲੈ ਗਿਆ ਅਤੇ ਜਗਤ ਦੇ ਸਾਰੇ ਰਾਜ ਅਤੇ ਉਨ੍ਹਾਂ ਦਾ ਜਲੌਂ ਵਿਖਾਇਆ। ਸ਼ੈਤਾਨ ਨੇ ਕਿਹਾ, “ਜੇ ਤੂੰ ਝੁਕ ਕੇ ਮੈਨੂੰ ਮੱਥਾ ਟੇਕੇਂ ਤਾਂ ਇਹ ਸਭ ਕੁਝ ਮੈਂ ਤੈਨੂੰ ਦੇ ਦਿਆਂਗਾ।”

10 ਯਿਸੂ ਨੇ ਸ਼ੈਤਾਨ ਨੂੰ ਕਿਹਾ, “ਸ਼ੈਤਾਨ! ਤੂੰ ਇੱਥੋਂ ਚੱਲਿਆ ਜਾ, ਕਿਉਂਕਿ ਇਹ ਪੋਥੀਆਂ ਵਿੱਚ ਲਿਖਿਆ ਹੈ,

‘ਕਿ ਤੂੰ ਪ੍ਰਭੂ ਆਪਣੇ ਪਰਮੇਸ਼ੁਰ ਨੂੰ ਮੱਥਾ ਟੇਕ
    ਅਤੇ ਉਸ ਇੱਕਲੇ ਦੀ ਹੀ ਸੇਵਾ ਕਰ।’” (K)

11 ਤਦ ਸ਼ੈਤਾਨ ਚੱਲਿਆ ਗਿਆ ਅਤੇ ਕੁਝ ਦੂਤ ਯਿਸੂ ਕੋਲ ਉਸਦੀ ਮਦਦ ਕਰਨ ਲਈ ਆਏ।

ਯਿਸੂ ਨੇ ਗਲੀਲ ਵਿੱਚ ਆਪਣਾ ਕੰਮ ਅਰੰਭਿਆ(L)

12 ਜਦ ਯਿਸੂ ਨੇ ਸੁਣਿਆ ਕਿ ਯੂਹੰਨਾ ਕੈਦ ਕਰ ਦਿੱਤਾ ਗਿਆ ਹੈ ਤਾਂ ਉਹ ਗਲੀਲ ਨੂੰ ਵਾਪਸ ਚੱਲਿਆ ਗਿਆ। 13 ਉਸ ਨੇ ਨਾਸਰਤ ਛੱਡ ਦਿੱਤਾ ਅਤੇ ਕਫ਼ਰਨਾਹੂਮ ਵਿੱਚ ਰਿਹਾ। ਇਹ ਨਗਰ ਇੱਕ ਝੀਲ ਦੇ ਨੇੜੇ ਹੈ। ਕਫ਼ਰਨਾਹੂਮ ਜ਼ਬੂਲੂਨ ਅਤੇ ਨਫ਼ਥਾਲੀ ਦੇ ਇਲਾਕੇ ਵਿੱਚ ਹੈ। 14 ਯਿਸੂ ਨੇ ਇਹ ਇਸ ਲਈ ਕੀਤਾ ਕਿ ਯਸਾਯਾਹ ਨਬੀ ਦਾ ਵਾਕ ਪੂਰਾ ਹੋਵੇ।

15 “ਜ਼ਬੂਲੂਨ ਦੀ ਧਰਤੀ ਅਤੇ ਨਫ਼ਥਾਲੀ ਦੀ ਧਰਤੀ,
    ਸਮੁੰਦਰ ਦਾ ਰਾਹ, ਯਰਦਨ ਨਦੀ ਦੇ ਪਾਰ,
    ਗ਼ੈਰ-ਯਹੂਦੀ ਲੋਕਾਂ ਦੀ ਧਰਤੀ, ਗਲੀਲ
16 ਹਨੇਰੇ ਵਿੱਚ ਰਹਿੰਦੇ ਲੋਕਾਂ ਨੇ ਵੱਡਾ ਚਾਨਣ ਵੇਖਿਆ ਹੈ;
    ਚਾਨਣ ਉਨ੍ਹਾਂ ਲਈ ਆਇਆ
ਜੋ ਕਿ ਕਬਰਾਂ ਵਾਂਗ ਹਨੇਰੇ
    ਦੇਸ਼ ਵਿੱਚ ਰਹਿੰਦੇ ਹਨ।” (M)

17 ਉਸਤੋਂ ਬਾਅਦ ਯਿਸੂ ਪ੍ਰਚਾਰ ਕਰਨ ਲੱਗਾ, ਉਸ ਨੇ ਆਖਿਆ, “ਆਪਣੇ ਦਿਲ ਅਤੇ ਜੀਵਨਾਂ ਨੂੰ ਬਦਲੋ, ਕਿਉਂਕਿ ਸਵਰਗ ਦਾ ਰਾਜ ਨੇੜੇ ਆ ਰਿਹਾ ਹੈ।”

ਯਿਸੂ ਨੇ ਕੁਝ ਚੇਲੇ ਚੁਣੇ(N)

18 ਜਦੋਂ ਯਿਸੂ ਗਲੀਲ ਝੀਲ ਦੇ ਕੰਢੇ ਘੁੰਮ ਰਿਹਾ ਸੀ ਤਾਂ ਉਸ ਨੇ ਦੋ ਭਰਾਵਾਂ ਸ਼ਮਊਨ ਜਿਹੜਾ ਪਤਰਸ ਕਹਾਉਂਦਾ ਹੈ ਅਤੇ ਉਸ ਦੇ ਭਰਾ ਅੰਦ੍ਰਿਯਾਸ ਨੂੰ ਵੇਖਿਆ। ਉਹ ਮਾਛੀ ਸਨ ਉਹ ਜਾਲ ਨਾਲ ਮੱਛੀਆਂ ਫ਼ੜ ਰਹੇ ਸਨ। 19 ਯਿਸੂ ਨੇ ਉਨ੍ਹਾਂ ਨੂੰ ਕਿਹਾ, “ਮੇਰੇ ਮਗਰ ਆਓ ਤੇ ਮੈਂ ਤੁਹਾਨੂੰ ਲੋਕਾਂ ਨੂੰ ਇਕੱਠਾ ਕਰਨ ਲਈ ਮਾਛੀ ਬਣਾਵਾਂਗਾ।” 20 ਤੁਰੰਤ ਹੀ ਉਹ ਜਾਲਾਂ ਨੂੰ ਛੱਡ ਕੇ ਯਿਸੂ ਦੇ ਮਗਰ ਹੋ ਤੁਰੇ।

21 ਯਿਸੂ ਗਲੀਲੀ ਝੀਲ ਦੇ ਕੰਢੇ ਚੱਲਦਾ ਰਿਹਾ। ਉਸ ਨੇ ਦੋ ਹੋਰ ਭਰਾਵਾਂ ਯਾਕੂਬ ਅਤੇ ਯੂਹੰਨਾ ਨੂੰ ਵੇਖਿਆ ਜੋ ਕੇ ਜ਼ਬਦੀ ਦੇ ਪੁੱਤਰ ਸਨ। ਉਹ ਆਪਣੇ ਪਿਉ ਨਾਲ ਬੇੜੀ ਵਿੱਚ ਆਪਣੇ, ਜਾਲਾਂ ਨੂੰ ਠੀਕ ਕਰ ਰਹੇ ਸਨ। ਯਿਸੂ ਨੇ ਉਨ੍ਹਾਂ ਨੂੰ ਸੱਦਿਆ 22 ਉਹ ਝੱਟ ਬੇੜੀ ਅਤੇ ਆਪਣੇ ਪਿਉ ਨੂੰ ਛੱਡ ਕੇ ਉਸ ਦੇ ਮਗਰ ਹੋ ਤੁਰੇ।

ਯਿਸੂ ਦਾ ਉਪਦੇਸ਼ ਦੇਣਾ ਅਤੇ ਲੋਕਾਂ ਨੂੰ ਚੰਗਾ ਕਰਨਾ(O)

23 ਯਿਸੂ ਸਾਰੀ ਗਲੀਲੀ ਵਿੱਚ ਫ਼ਿਰਿਆ। ਯਿਸੂ ਉਨ੍ਹਾਂ ਦੇ ਪ੍ਰਾਰਥਨਾ ਸਥਾਨਾਂ ਵਿੱਚ ਉਪਦੇਸ਼ ਦਿੰਦਾ ਅਤੇ ਸੁਰਗ ਦੇ ਰਾਜ ਦੀ ਖੁਸ਼ਖਬਰੀ ਦਾ ਪ੍ਰਚਾਰ ਕਰਦਾ। ਅਤੇ ਉਹ ਲੋਕਾਂ ਵਿੱਚੋਂ ਸਾਰੇ ਰੋਗ ਅਤੇ ਸਾਰੀ ਮਾਂਦਗੀ ਨੂੰ ਹਟਾਉਂਦਾ ਸੀ। 24 ਯਿਸੂ ਬਾਰੇ ਸਮੁੱਚੇ ਸੁਰੀਆ ਵਿੱਚ ਖ਼ਬਰ ਫ਼ੈਲ ਗਈ। ਲੋਕ ਬਿਮਾਰ ਅਤੇ ਰੋਗੀਆਂ ਨੂੰ ਜਿਹੜੇ ਗੰਭੀਰ ਦਰਦ ਝੱਲ ਰਹੇ ਸਨ ਅਤੇ ਜਿਨ੍ਹਾਂ ਨੂੰ ਭੂਤ ਚਿੰਬੜੇ ਹੋਏ ਸਨ, ਮਿਰਗੀ ਵਾਲੇ ਅਤੇ ਅਧਰੰਗੀਆਂ ਨੂੰ ਲਿਆਏ। ਯਿਸੂ ਨੇ ਸਾਰੇ ਰੋਗੀਆਂ ਨੂੰ ਚੰਗਾ ਕੀਤਾ। 25 ਵੱਡੀਆਂ ਭੀੜਾਂ ਗਲੀਲ, ਦਿਕਾਪੁਲਿਸ, ਯਰੂਸ਼ਲਮ, ਯਹੂਦਿਯਾ ਅਤੇ ਯਰਦਨ ਨਦੀ ਦੇ ਪਾਰੋਂ ਉਸ ਦੇ ਮਗਰ ਲੱਗ ਪਈਆਂ।

Punjabi Bible: Easy-to-Read Version (ERV-PA)

2010 by World Bible Translation Center