Beginning
ਯਹੋਵਾਹ ਆਪਣੇ ਲੋਕਾਂ ਨੂੰ ਮੋੜਨ ਦਾ ਚਾਹਵਾਨ
1 ਬਰਕਯਾਹ ਦੇ ਪੁੱਤਰ ਜ਼ਕਰਯਾਹ ਨੂੰ ਯਹੋਵਾਹ ਵੱਲੋਂ ਇਹ ਬਾਣੀ ਹੋਈ। ਇਹ ਫ਼ਾਰਸ ਦੇ ਪਾਤਸ਼ਾਹ ਦਾਰਾ ਦੇ ਦੂਜੇ ਸਾਲ ਦੇ 8 ਵੇਂ ਮਹੀਨੇ ਦੀ ਗੱਲ ਹੈ। (ਜ਼ਕਰਯਾਹ ਬਰਕਯਾਹ ਦਾ ਪੁੱਤਰ ਸੀ ਅਤੇ ਬਰਕਯਾਹ ਇੱਦੋ ਨਬੀ ਦਾ ਪੁੱਤਰ ਸੀ।) ਉਹ ਸੰਦੇਸ਼ ਇਉਂ ਸੀ:
2 ਯਹੋਵਾਹ ਤੁਹਾਡੇ ਪੁਰਖਿਆਂ ਤੇ ਬਹੁਤ ਕ੍ਰੋਧਵਾਨ ਹੋਇਆ। 3 ਇਸ ਲਈ ਤੁਸੀਂ ਲੋਕਾਂ ਨੂੰ ਇਹ ਗੱਲਾਂ ਜ਼ਰੂਰ ਆਖਣਾ। ਯਹੋਵਾਹ ਦਾ ਕਹਿਣਾ ਹੈ, “ਤੁਸੀਂ ਮੇਰੇ ਵੱਲ ਪਰਤੋਂ ਮੈਂ ਤੁਹਾਡੇ ਵੱਲ ਪਰਤਾਂਗਾ।” ਸਰਬ ਸ਼ਕਤੀਮਾਨ ਯਹੋਵਾਹ ਨੇ ਇਹ ਗੱਲਾਂ ਆਖੀਆਂ।
4 ਉਸ ਨੇ ਆਖਿਆ, “ਆਪਣੇ ਪੁਰਖਿਆਂ ਵਾਂਗ ਨਾ ਕਰੋ। ਪਹਿਲਾਂ ਨਬੀਆਂ ਨੇ ਉਨ੍ਹਾਂ ਨੂੰ ਕਿਹਾ ਸੀ, ‘ਯਹੋਵਾਹ ਸਰਬ ਸ਼ਕਤੀਮਾਨ ਆਖਦਾ: ਆਪਣੇ ਜਿਉਣ ਦੇ ਬਦ-ਢੰਗ ਤੋਂ ਹਟ ਜਾਵੋ। ਬਦ ਕਰਤੂਤਾਂ ਕਰਨੀਆਂ ਬੰਦ ਕਰ ਦਿਓ।’ ਪਰ ਉਨ੍ਹਾਂ ਨੇ ਮੇਰੀ ਗੱਲ ਨਹੀਂ ਸੁਣੀ ਅਤੇ ਮੇਰਾ ਪਾਲਣ ਨਹੀਂ ਕੀਤਾ।” ਯਹੋਵਾਹ ਨੇ ਇਹ ਗੱਲਾਂ ਆਖੀਆਂ।
5 ਪਰਮੇਸ਼ੁਰ ਨੇ ਆਖਿਆ, “ਤੁਹਾਡੇ ਪੁਰਖੇ ਖਤਮ ਹੋ ਗਏ ਅਤੇ ਨਬੀ ਵੀ ਸਦੀਵ ਜਿਉਂਦੇ ਨਾ ਰਹਿਣਗੇ। 6 ਨਬੀ ਮੇਰੇ ਸੇਵਕ ਸਨ। ਮੈਂ ਉਨ੍ਹਾਂ ਨੂੰ ਤੁਹਾਡੇ ਪੁਰਖਿਆਂ ਕੋਲ ਆਪਣੀਆਂ ਸਿੱਖਿਆਵਾਂ ਅਤੇ ਨੇਮਾਂ ਨਾਲ ਭੇਜਿਆ ਅਤੇ ਅਖੀਰੀ ਉਨ੍ਹਾਂ ਨੇ ਉਨ੍ਹਾਂ ਨੂੰ ਪਾਠ ਸਿੱਖਾਏ। ਉਨ੍ਹਾਂ ਕਿਹਾ, ‘ਯਹੋਵਾਹ ਸਰਬ ਸ਼ਕਤੀਮਾਨ ਨੇ ਸਾਡੀਆਂ ਕਰਨੀਆਂ ਅਤੇ ਰਾਹਾਂ ਅਨੁਸਾਰ ਸਾਨੂੰ ਸਜ਼ਾ ਦਿੱਤੀ।’ ਇਸ ਲਈ ਉਹ ਪਰਮੇਸ਼ੁਰ ਵੱਲ ਵਾਪਸ ਪਰਤੇ।”
ਚਾਰ ਘੋੜੇ
7 ਜਦੋਂ ਫ਼ਾਰਸ ਦਾ ਪਾਤਸ਼ਾਹ ਦਾਰਾ ਰਾਜ ਕਰਦਾ ਸੀ ਉਸ ਦੇ ਰਾਜ ਦੇ ਦੂਜੇ ਵਰ੍ਹੇ ਦੇ 11ਵੇਂ ਮਹੀਨੇ (ਸਬਾਟ ਦੇ ਮਹੀਨੇ) ਦੇ 24ਵੇਂ ਦਿਨ, ਯਹੋਵਾਹ ਵੱਲੋਂ ਜ਼ਕਰਯਾਹ ਨੂੰ ਇੱਕ ਹੋਰ ਸੰਦੇਸ਼ ਹੋਇਆ। (ਇਹ ਜ਼ਕਰਯਾਹ ਬਰਕਯਾਹ ਦਾ ਪੁੱਤਰ ਅਤੇ ਬਰਕਯਾਹ ਇੱਦੋ ਨਬੀ ਦਾ ਪੁੱਤਰ ਸੀ।) ਸੰਦੇਸ਼ ਇਉਂ ਹੈ:
8 ਰਾਤ ਵੇਲੇ, ਮੈਂ ਇੱਕ ਆਦਮੀ ਨੂੰ ਲਾਲ ਘੋੜੇ ਤੇ ਸਵਾਰ ਵੇਖਿਆ ਉਹ ਵਾਦੀ ਵਿੱਚ ਮਹਿਂਦੀ ਦੀਆਂ ਝਾੜੀਆਂ ਵਿੱਚਕਾਰ ਖੜੋਤਾ ਸੀ। ਉਸ ਦੇ ਪਿੱਛੇ ਲਾਲ, ਭੂਰੇ ਅਤੇ ਚਿੱਟੇ ਘੋੜੇ ਸਨ। 9 ਮੈਂ ਕਿਹਾ, “ਸੁਆਮੀ, ਇੰਨੇ ਘੋੜੇ ਕਾਹਦੇ ਲਈ ਹਨ?”
ਤਦ ਇੱਕ ਫ਼ਰਿਸ਼ਤੇ ਨੇ ਮੇਰੇ ਨਾਲ ਬੋਲਦਿਆਂ ਕਿਹਾ, “ਮੈਂ ਤੈਨੂੰ ਵਿਖਾਵਾਂਗਾ ਕਿ ਇਹ ਘੋੜੇ ਕਾਹਦੇ ਲਈ ਹਨ।”
10 ਤਦ ਮਹਿਂਦੀ ਦੇ ਬੂਟਿਆਂ ਵਿੱਚਕਾਰ ਖੜੋਤੇ ਮਨੁੱਖ ਨੇ ਕਿਹਾ, “ਯਹੋਵਾਹ ਨੇ ਧਰਤੀ ਤੇ ਇੱਧਰ-ਉੱਧਰ ਜਾਣ ਲਈ ਇਹ ਘੋੜੇ ਭੇਜੇ ਹਨ।”
11 ਤਦ ਉਨ੍ਹਾਂ ਘੋੜਿਆਂ ਨੇ ਮਹਿੰਦੀ ਦੀਆਂ ਝਾੜੀਆਂ ਵਿੱਚਕਾਰ ਖੜ੍ਹੇ ਯਹੋਵਾਹ ਦੇ ਦੂਤ ਨੂੰ ਆਖਿਆ, “ਅਸੀਂ ਖੁਦ ਧਰਤੀ ਤੇ ਇੱਧਰ-ਉੱਧਰ ਜਾਕੇ ਵੇਖਿਆ ਹੈ ਤੇ ਸਾਰੀ ਧਰਤੀ ਸ਼ਾਂਤ ਅਤੇ ਚੁੱਪ ਹੈ।”
12 ਤਦ ਯਹੋਵਾਹ ਦੇ ਦੂਤ ਨੇ ਆਖਿਆ, “ਯਹੋਵਾਹ! ਤੂੰ ਕਦੋਂ ਯਰੂਸ਼ਲਮ ਅਤੇ ਯਹੂਦਾਹ ਦੇ ਸ਼ਹਿਰਾਂ ਉੱਤੇ ਸ਼ਾਂਤੀ ਤੇ ਸੁੱਖ ਬਹਾਲ ਕਰੇਂਗਾ? ਸੱਤਰ ਸਾਲ ਹੋ ਗਏ ਹਨ ਤੈਨੂੰ ਇਨ੍ਹਾਂ ਸ਼ਹਿਰਾਂ ਤੇ ਆਪਣੀ ਕਰੋਪੀ ਵਿਖਾਉਂਦਿਆਂ।”
13 ਜਿਹੜਾ ਦੂਤ ਮੇਰੇ ਨਾਲ ਗੱਲਾਂ ਕਰ ਰਿਹਾ ਸੀ ਫ਼ਿਰ ਯਹੋਵਾਹ ਨੇ ਉਸ ਦੂਤ ਨੂੰ ਜਵਾਬ ਦਿੱਤਾ। ਯਹੋਵਾਹ ਨੇ ਉਸ ਨੂੰ ਸੁੱਖ ਸ਼ਾਂਤੀ ਤੇ ਅਮਨ ਵਾਲੇ ਸ਼ਬਦ ਕਹੇ। 14 ਫ਼ਿਰ ਦੂਤ ਨੇ ਮੈਨੂੰ ਲੋਕਾਂ ਨੂੰ ਇਹ ਗੱਲਾਂ ਦੱਸਣ ਲਈ ਕਿਹਾ, ਸਰਬ ਸ਼ਕਤੀਮਾਨ ਯਹੋਵਾਹ ਆਖਦਾ ਹੈ:
“ਮੈਨੂੰ ਯਰੂਸ਼ਲਮ ਅਤੇ ਸੀਯੋਨ ਲਈ ਡਾਢਾ ਪਿਆਰ ਹੈ।
15 ਅਤੇ ਜਿਹੜੀਆਂ ਕੌਮਾਂ ਆਪਣੇ-ਆਪ ਨੂੰ ਬੜੀਆਂ ਸੁਰੱਖਿਅਤ ਸਮਝਦੀਆਂ ਹਨ ਉਨ੍ਹਾਂ ਤੇ
ਮੈਂ ਬੜਾ ਨਾਰਾਜ਼ ਹਾਂ ਮੈਂ ਰਤਾ ਗੁੱਸੇ ਵਿੱਚ ਸੀ ਤੇ
ਮੈਂ ਉਨ੍ਹਾਂ ਕੌਮਾਂ ਨੂੰ ਆਪਣੀ ਪਰਜਾ ਨੂੰ ਸਜ਼ਾ ਦੇਣ ਲਈ ਠਹਿਰਾਇਆ।
ਪਰ ਉਨ੍ਹਾਂ ਕੌਮਾਂ ਨੇ ਬਹੁਤ ਨੁਕਸਾਨ ਕਰ ਦਿੱਤਾ।”
16 ਇਸ ਲਈ ਯਹੋਵਾਹ ਕਹਿੰਦਾ ਹੈ, “ਮੈਂ ਮੁੜ ਆਵਾਂਗਾ ਅਤੇ ਯਰੂਸ਼ਲਮ ਵਿੱਚ ਆਰਾਮ ਬਹਾਲ ਕਰਾਂਗਾ।”
ਯਹੋਵਾਹ ਸਰਬ ਸ਼ਕਤੀਮਾਨ ਆਖਦਾ ਹੈ,
“ਯਰੂਸ਼ਲਮ ਮੁੜ ਉਸਾਰਿਆ ਜਾਵੇਗਾ ਅਤੇਮੇਰਾ ਭਵਨ ਉੱਥੇ ਬਣੇਗਾ।”
17 ਦੂਤ ਨੇ ਇਹ ਵੀ ਕਿਹਾ, “ਯਹੋਵਾਹ ਸ਼ਕਤੀਮਾਨ ਆਖਦਾ ਹੈ,
‘ਮੇਰਾ ਸ਼ਹਿਰ ਮੁੜ ਧਨਾਢ ਹੋਵੇਗਾ।
ਮੈਂ ਸੀਯੋਨ ਨੂੰ ਸੁੱਖ ਦੇਵਾਂਗਾ।
ਤੇ ਯਰੂਸ਼ਲਮ ਨੂੰ ਮੁੜ ਮੈਂ ਆਪਣਾ ਖਾਸ ਸ਼ਹਿਰ ਚੁਣਾਂਗਾ।’”
ਚਾਰ ਸਿੰਗ ਅਤੇ ਚਾਰ ਕਾਮੇ
18 ਤਦ ਮੈਂ ਉੱਪਰ ਵੱਲ ਵੇਖਿਆ ਤਾਂ ਮੈਨੂੰ ਚਾਰ ਸਿੰਗਾਂ ਦੇ ਦਰਸ਼ਨ ਹੋਏ। 19 ਤਦ ਮੈਂ ਜਿਹੜਾ ਦੂਤ ਮੇਰੇ ਨਾਲ ਗੱਲਾਂ ਕਰ ਰਿਹਾ ਸੀ, ਉਸ ਨੂੰ ਪੁੱਛਿਆ, “ਇਨ੍ਹਾਂ ਸਿੰਗਾਂ ਦਾ ਕੀ ਅਰਬ ਹੈ?”
ਉਸ ਨੇ ਕਿਹਾ, “ਇਹ ਸਿੰਗ (ਸ਼ਕਤੀਸ਼ਾਲੀ ਕੌਮਾਂ) ਹਨ, ਜਿਨ੍ਹਾਂ ਨੇ ਇਸਰਾਏਲ ਯਹੂਦਾਹ ਅਤੇ ਯਰੂਸ਼ਲਮ ਦੇ ਲੋਕਾਂ ਨੂੰ ਓਪਰੇ ਦੇਸਾਂ ਵਿੱਚ ਜਾਣ ਲਈ ਮਜਬੂਰ ਕਰ ਦਿੱਤਾ।”
20 ਯਹੋਵਾਹ ਨੇ ਮੈਨੂੰ ਚਾਰ ਕਾਮਿਆਂ ਦੇ ਦਰਸ਼ਨ ਕਰਵਾਏ। 21 ਮੈਂ ਉਸ ਨੂੰ ਪੁੱਛਿਆ, “ਇਹ ਚਾਰ ਮਜ਼ਦੂਰ ਕੀ ਕਰਨ ਆ ਰਹੇ ਹਨ?”
ਉਸ ਨੇ ਕਿਹਾ, “ਇਹ ਉਹ ਸਿੰਗ ਹਨ ਜਿਨ੍ਹਾਂ ਨੇ ਯਹੂਦਾਹ ਤੇ ਹਮਲਾ ਕੀਤਾ ਅਤੇ ਉਨ੍ਹਾਂ ਨੂੰ ਓਪਰੇ ਦੇਸਾਂ ਵਿੱਚ ਧੱਕ ਦਿੱਤਾ। ਸਿੰਗਾਂ ਨੇ ਯਹੂਦਾਹ ਦੇ ਲੋਕਾਂ ਨੂੰ ਓਪਰੇ ਦੇਸਾਂ ਵਿੱਚ ਸੁੱਟਿਆ। ਇਹ ਸਿੰਗ ਕਿਸੇ ਤੇ ਰਹਿਮ ਨਹੀਂ ਕਰਦੇ ਪਰ ਇਹ ਚਾਰ ਕਾਮੇ ਉਨ੍ਹਾਂ ਸਿੰਗਾਂ ਨੂੰ ਡਰਾਉਣ ਅਤੇ ਉਨ੍ਹਾਂ ਨੂੰ ਬਾਹਰ ਕੱਢਣ ਲਈ ਆਏ ਹਨ।”
ਯਰੂਸ਼ਲਮ ਨੂੰ ਮਾਪਣਾ
2 ਤਦ ਮੈਂ ਉੱਪਰ ਨੂੰ ਵੇਖਿਆ, ਤਾਂ ਮੈਂ ਇੱਕ ਮਨੁੱਖ ਨੂੰ ਰਸੀ ਨਾਲ ਵਸਤਾਂ ਨੂੰ ਨਾਪਦਿਆਂ ਵੇਖਿਆ। 2 ਮੈਂ ਉਸ ਨੂੰ ਪੁੱਛਿਆ, “ਤੂੰ ਕਿੱਥੋ ਜਾ ਰਿਹਾ ਹੈਂ?”
ਉਸ ਨੇ ਮੈਨੂੰ ਕਿਹਾ, “ਮੈਂ ਯਰੂਸ਼ਲਮ ਨੂੰ ਨਾਪਣ ਆਇਆ ਹਾਂ ਕਿ ਉਹ ਕਿੰਨਾ ਚੌੜਾ ਅਤੇ ਕਿੰਨਾ ਕੁ ਲੰਬਾ ਹੈ?”
3 ਤਦ ਜਿਹੜਾ ਦੂਤ ਮੇਰੇ ਨਾਲ ਗੱਲ ਕਰ ਰਿਹਾ ਸੀ, ਬਾਹਰ ਚੱਲਾ ਗਿਆ ਅਤੇ ਦੂਜਾ ਦੂਤ ਉਸ ਨੂੰ ਮਿਲਣ ਲਈ ਬਾਹਰ ਨਿਕਲਿਆ। 4 ਉਸ ਨੇ ਉਸ ਨੂੰ ਕਿਹਾ, “ਨੱਸ ਕੇ ਜਾ ਅਤੇ ਉਸ ਨੌਜੁਆਨ ਨੂੰ ਆਖ ਕਿ ਯਰੂਸ਼ਲਮ ਇੰਨਾ ਵਿਸ਼ਾਲ ਹੈ ਕਿ ਨਾਪਿਆ ਨਾ ਜਾਵੇਗਾ ਉਸ ਨੂੰ ਇਹ ਗੱਲਾਂ ਆਖ:
‘ਯਰੂਸ਼ਲਮ ਬਿਨਾ ਚਾਰ ਦੀਵਾਰੀ ਦਾ ਸ਼ਹਿਰ ਹੋਵੇਗਾ।
ਕਿਉਂ ਕਿ ਇੱਥੇ ਵਸਣ ਨੂੰ ਅਨੇਕਾਂ ਮਨੁੱਖ ਅਤੇ ਪਸ਼ੂ ਹੋਣਗੇ।’
5 ਯਹੋਵਾਹ ਆਖਦਾ ਹੈ,
‘ਮੈਂ ਉਸ ਨੂੰ ਬਚਾਉਣ ਲਈ ਉਸ ਦੇ ਇਰਦ-ਗਿਰਦ ਅੱਗ ਦੀ ਦੀਵਾਰ ਬਣਾਵਾਂਗਾ।
ਅਤੇ ਉਸ ਸ਼ਹਿਰ ਦਾ ਪਰਤਾਪ ਵੱਧਾਉਣ ਲਈ ਮੈਂ ਉੱਥੇ ਹੀ ਰਹਾਂਗਾ।’”
ਯਹੋਵਾਹ ਆਪਣੇ ਲੋਕਾਂ ਨੂੰ ਘਰ ਬੁਲਾਉਂਦਾ
6 ਯਹੋਵਾਹ ਆਖਦਾ ਹੈ,
“ਜਲਦੀ ਕਰੋ! ਜਲਦੀ ਨਾਲ ਉੱਤਰ ਦੇਸ ਵਿੱਚੋਂ ਨੱਸੋ।
ਹਾਂ, ਇਹ ਸੱਚ ਹੈ ਕਿ ਮੈਂ ਹਰ ਦਿਸ਼ਾ ਵਿੱਚ ਤੁਹਾਡੇ ਲੋਕ ਬਿਖਰਾ ਛੱਡੇ ਹਨ।
7 ਓੇ ਸੀਯੋਨ ਦੇ ਲੋਕੋ। ਭੱਜ ਜਾਵੋ।
ਤੂੰ ਜੋ ਬੇਬੀਲੋਨ ਦੀ ਧੀ ਸੰਗ ਵੱਸਦਾ ਹੈਂ।
ਇਸ ਸ਼ਹਿਰ ਚੋ ਨੱਸ ਜਾ।
ਸਰਬ ਸੱਕਤੀਮਾਨ ਯਹੋਵਾਹ ਨੇ ਇਹ ਗੱਲਾਂ ਆਖੀਆਂ:
ਉਸ ਨੇ ਮੈਨੂੰ ਉਨ੍ਹਾਂ ਰਾਜਾਂ ਵਿੱਚ ਭੇਜਿਆ ਜਿਨ੍ਹਾਂ ਤੁਹਾਡੀਆਂ ਵਸਤਾਂ ਚੁਰਾਈਆਂ।
ਉਸ ਨੇ ਮੈਨੂੰ ਤੁਹਾਡੇ ਮਾਨ ਲਈ ਭੇਜਿਆ ਹੈ।
8 ਕਿਉਂ ਕਿ ਤੁਹਾਨੂੰ ਦੁੱਖ ਦੇਣਾ ਪਰਮੇਸ਼ੁਰ ਦੀ
ਅੱਖ ਦੀ ਕਾਕੀ ’ਚ ਚੁਭਣ ਵਾਂਗ ਹੈ।
9 ਬੇਬੀਲੋਨ ਦੇ ਲੋਕਾਂ ਨੇ ਮੇਰੀ ਪਰਜਾ ਨੂੰ ਲੈ ਜਾਕੇ ਆਪਣਾ ਗੁਲਾਮ ਬਣਾਇਆ।
ਪਰ ਮੈਂ ਉਨ੍ਹਾਂ ਨੂੰ ਕੁੱਟਾਂਗਾ ਤੇ ਉਹ ਮੇਰੀ ਪਰਜਾ ਦੇ ਗੁਲਾਮ ਬਨਣਗੇ।
ਤਦ ਤੁਹਾਨੂੰ ਪਤਾ ਚੱਲੇਗਾ
ਕਿ ਮੈਨੂੰ ਸਰਬ ਸ਼ਕਤੀਮਾਨ ਯਹੋਵਾਹ ਨੇ ਭੇਜਿਆ ਹੈ।”
10 ਯਹੋਵਾਹ ਆਖਦਾ ਹੈ,
“ਸੀਯੋਨ, ਖੁਸ਼ ਰਹਿ ਕਿਉਂ ਕਿ ਮੈਂ ਆ ਰਿਹਾ ਹਾਂ
ਅਤੇ ਮੈਂ ਆਪਣੇ ਸ਼ਹਿਰ ਵਿੱਚ ਰਹਾਂਗਾ।
11 ਉਸ ਵਕਤ ਬਹੁਤ ਸਾਰੇ ਰਾਜਾਂ ਵਿੱਚੋਂ
ਲੋਕ ਮੇਰੇ ਵੱਲ ਪਰਤਣਗੇ।
ਉਹ ਮੇਰੀ ਪਰਜਾ ਬਨਣਗੇ
ਅਤੇ ਮੈਂ ਤੁਹਾਡੇ ਸ਼ਹਿਰ ’ਚ ਵਸਾਂਗਾ।”
ਤਦ ਤੁਸੀਂ ਜਾਣੋਂਗੇ ਕਿ
ਸਰਬ ਸ਼ਕਤੀਮਾਨ ਯਹੋਵਾਹ ਨੇ ਮੈਨੂੰ ਭੇਜਿਆ ਹੈ।
12 ਯਹੋਵਾਹ ਮੁੜ ਤੋਂ ਯਰੂਸ਼ਲਮ ਨੂੰ ਆਪਣਾ ਖਾਸ ਸ਼ਹਿਰ ਚੁਣੇਗਾ।
ਯਹੂਦਾਹ ਨੂੰ ਉਹ ਆਪਣੀ ਪਵਿੱਤਰ ਧਰਤੀ ਦਾ ਹਿੱਸਾ ਬਣਾਵੇਗਾ।
13 ਤੁਸੀਂ ਸਾਰੇ ਲੋਕੋ, ਯਹੋਵਾਹ ਅੱਗੇ ਚੁੱਪ-ਚਾਪ ਅਤੇ ਅਹਿੱਲ ਰਹੋ,
ਕਿਉਂ ਜੋ ਯਹੋਵਾਹ ਨੂੰ ਆਪਣੇ ਪਵਿੱਤਰ ਘਰ ਵਿੱਚ ਜਗਾਇਆ ਜਾ ਰਿਹਾ ਹੈ।
ਪਰਧਾਨ ਜਾਜਕ
3 ਦੂਤ ਨੇ ਮੈਨੂੰ ਯਹੋਸ਼ੁਆ ਪਰਧਾਨ ਜਾਜਕ ਦਾ ਇੱਕ ਦਰਸ਼ਨ ਵਿਖਾਇਆ। ਉਹ ਦੂਤ ਯਹੋਵਾਹ ਦੇ ਸਾਹਮਣੇ ਖਲੋਤਾ ਹੋਇਆ ਸੀ ਅਤੇ ਸ਼ਤਾਨ ਯਹੋਸ਼ੁਆ ਦੇ ਸੱਜੇ ਪਾਸੇ ਖਲੋਤਾ ਸੀ। ਸ਼ਤਾਨ ਉੱਥੇ ਯਹੋਸ਼ੁਆ ਉੱਤੇ ਬਦ ਕਰਨੀਆਂ ਦਾ ਇਲਜ਼ਾਮ ਲਾਉਣ ਲਈ ਖਲੋਤਾ ਹੋਇਆ ਸੀ। 2 ਫ਼ਿਰ ਯਹੋਵਾਹ ਦੇ ਦੂਤ ਨੇ ਸ਼ਤਾਨ ਨੂੰ ਆਖਿਆ, “ਸ਼ਤਾਨ ਯਹੋਵਾਹ ਤੈਨੂੰ ਝਿੜਕਦਾ ਹੈ ਯਹੋਵਾਹ ਤੈਨੂੰ ਝਿੜਕਦਾ ਹੈ ਅਤੇ ਆਖਦਾ ਕਿ ਤੂੰ ਗ਼ਲਤ ਹੈਂ। ਯਹੋਵਾਹ ਨੇ ਯਰੂਸ਼ਲਮ ਨੂੰ ਆਪਣੇ ਖਾਸ ਸ਼ਹਿਰ ਵਜੋਂ ਚੁਣਿਆ। ਉਸ ਨੇ ਉਸ ਸ਼ਹਿਰ ਨੂੰ ਬਚਾਇਆ-ਇਹ ਅੱਗ ਚੋ ਬਾਹਰ ਕੱਢੀ ਬਲਦੀ ਲੱਕੜ ਵਾਂਗ ਸੀ।”
3 ਯਹੋਸ਼ੁਆ ਦੂਤ ਦੇ ਸਾਹਮਣੇ ਖੜ੍ਹਾ ਸੀ ਅਤੇ ਯਹੋਸ਼ੁਆ ਨੇ ਮੈਲਾ ਜਿਹਾ ਚੋਲਾ ਪਾਇਆ ਹੋਇਆ ਸੀ। 4 ਫ਼ਿਰ ਦੂਤ ਨੇ ਬਾਕੀ ਖੜ੍ਹੇ ਦੂਤਾਂ ਨੂੰ ਆਖਿਆ, “ਯਹੋਸ਼ੁਆ ਦਾ ਮੈਲਾ ਚੋਲਾ ਲਾਹ ਲਓ।” ਤਦ ਦੂਤ ਨੇ ਯਹੋਸ਼ੁਆ ਨੂੰ ਕਿਹਾ, “ਹੁਣ ਮੈਂ ਤੇਰੀ ਪੁਰਾਣੀ ਸ਼ਰਮਿੰਦਗੀ ਲਾਹ ਲਈ ਹੈ ਅਤੇ ਉਸ ਬਦਲੇ ਤੈਨੂੰ ਨਵਾਂ ਚੋਲਾ ਦੇ ਰਿਹਾ ਹਾਂ।”
5 ਫ਼ਿਰ ਮੈਂ ਆਖਿਆ, “ਇਸ ਦੇ ਸਿਰ ਉੱਪਰ ਸਾਫ਼ ਅਮਾਮਾ ਰੱਖ।” ਤਾਂ ਉਨ੍ਹਾਂ ਨੇ ਉਸ ਦੇ ਸਿਰ ਤੇ ਸਾਫ਼ ਪਗੜੀ ਧਰੀ ਤੇ ਯਹੋਵਾਹ ਦੇ ਦੂਤ ਦੇ ਸਾਹਮਣੇ ਉਸ ਨੂੰ ਨਵਾਂ ਚੋਲਾ ਪੁਵਾਇਆ। 6 ਫ਼ਿਰ ਯਹੋਵਾਹ ਦੇ ਦੂਤ ਨੇ ਯਹੋਸ਼ੂਆ ਨੂੰ ਇਹ ਗੱਲਾਂ ਆਖੀਆਂ:
7 ਯਹੋਵਾਹ ਸਰਬ ਸ਼ਕਤੀਮਾਨ ਨੇ ਇਹ ਗੱਲਾਂ ਆਖੀਆਂ:
“ਜਿਵੇਂ ਮੈਂ ਤੈਨੂੰ ਕਹਾਂ ਉਸੇ ਤਰ੍ਹਾਂ ਹੀ ਰਹਿ
ਅਤੇ ਤੈਨੂੰ ਦਿੱਤੇ ਹੋਏ ਮੇਰੇ ਫ਼ਰਜਾਂ ਨੂੰ ਕਰ,
ਫ਼ੇਰ ਤੂੰ ਮੇਰੇ ਮੰਦਰ ਦਾ ਮੁਖੀਆ ਹੋਵੇਂਗਾ ਤੂੰ ਇਸਦੇ ਵਿਹੜੇ ਦੀ ਰਾਖੀ ਕਰੇਂਗਾ
ਅਤੇ ਤੈਨੂੰ ਮੰਦਰ ਵਿੱਚ ਕਿਸੇ ਵੀ ਥਾਂ ਤੇ ਜਾਣ ਦਾ ਹੱਕ ਹੋਵੇਗਾ।
ਬਿਲਕੁਲ ਜਿਵੇਂ ਇਨ੍ਹਾਂ ਦੂਤਾਂ ਕੋਲ
ਯਹੋਵਾਹ ਦੇ ਅੱਗੇ ਆਉਣ ਦਾ ਹੱਕ ਹੈ। [a]
8 ਹੇ ਪਰਧਾਨ ਜਾਜਕ ਯਹੋਸ਼ੁਆ
ਅਤੇ ਤੇਰੇ ਨਾਲ ਬੈਠੇ ਤੇਰੇ ਸਂਗੀ ਜਾਜਕ
ਮੇਰੀ ਗੱਲ ਸੁਣੋ ਉਹ ਉਦਾਹਰਣ ਹਨ ਕਿ ਉਦੋਂ ਕੀ ਵਾਪਰੇਗਾ ਜਦੋਂ ਮੈਂ ਆਪਣੇ ਖਾਸ ਸੇਵਕ ਨੂੰ ਲਿਆਵਾਂਗਾ।
ਉਹ ਆਦਮੀ ‘ਟਹਿਣੀ’ ਸਦਵਾਉਂਦਾ ਹੈ।
9 ਵੇਖ, ਮੈਂ ਯਹੋਸ਼ੁਆ ਅੱਗੇ ਇੱਕ ਖਾਸ ਪੱਥਰ ਰੱਖਿਆ ਹੈ।
ਉਸ ਪੱਥਰ ਦੇ ਸੱਤ ਪਾਸੇ ਹਨ ਤੇ
ਮੈਂ ਉਸ ਪੱਥਰ ਉੱਪਰ ਖਾਸ ਸੰਦੇਸ਼ ਉਕਰਾਂਗਾ ਜੋ ਇਹ ਦਰਸਾਵੇਗਾ ਕਿ
ਮੈਂ ਇੱਕ ਹੀ ਦਿਨ ਵਿੱਚ ਮੈਂ ਇਸ ਧਰਤੀ ਤੋਂ ਦੋਸ਼ ਹਟਾ ਦੇਵਾਂਗਾ।”
10 ਸਰਬ ਸ਼ਕਤੀਮਾਨ ਯਹੋਵਾਹ ਆਖਦਾ ਹੈ,
“ਉਸ ਵਕਤ ਲੋਕ ਆਪਣੇ ਮਿੱਤਰਾਂ
ਅਤੇ ਪੜੋਸੀਆਂ ਨਾਲ ਬੈਠ ਗੱਲਾਂ ਕਰਣਗੇ
ਉਹ ਇੱਕ ਦੂਜੇ ਨੂੰ ਆਪਣੇ ਅੰਜੀਰਾਂ
ਅਤੇ ਅੰਗੂਰਾਂ ਦੇ ਦਰੱਖਤਾਂ ਹੇਠ ਬੈਠਣ ਦਾ ਸੱਦਾ ਦੇਣਗੇ।”
ਸ਼ਮਾਦਾਨ ਅਤੇ ਦੋ ਜੈਤੂਨ ਦੇ ਰੁੱਖ
4 ਤਦ ਜਿਹੜਾ ਦੂਤ ਮੇਰੇ ਨਾਲ ਗੱਲਾਂ ਕਰ ਰਿਹਾ ਸੀ, ਉਸ ਨੇ ਮੇਰੇ ਕੋਲ ਆਕੇ ਮੈਨੂੰ ਜਗਾਇਆ। ਮੈਂ ਉਸ ਮਨੁੱਖ ਵਾਂਗ ਸੀ ਜੋ ਨੀਂਦ ਤੋਂ ਜਾਗਿਆ ਹੋਵੇ। 2 ਤਦ ਦੂਤ ਨੇ ਮੈਨੂੰ ਪੁੱਛਿਆ, “ਤੂੰ ਕੀ ਵੇਖਦਾ ਹੈਂ?”
ਮੈਂ ਕਿਹਾ, “ਮੈਂ ਇੱਕ ਸੋਨੇ ਦਾ ਸ਼ਮਾਦਾਨ ਵੇਖਦਾਂ ਜਿਸ ਉੱਤੇ ਸੱਤ ਦੀਵੇ ਰੱਖੇ ਹੋਏ ਹਨ। ਅਤੇ ਉਸ ਸ਼ਮਾਦਾਨ ਉੱਤੇ ਇੱਕ ਕਟੋਰਾ ਹੈ ਜਿਸ ਵਿੱਚੋਂ ਸੱਤ ਨਲੀਆਂ ਬਾਹਰ ਨਿਕਲ ਰਹੀਆਂ ਹਨ। ਹਰ ਨਾਲੀ ਇੱਕ ਦੀਵੇ ਨੂੰ ਜਾਂਦੀ ਹੈ। ਇਹ ਨਲੀਆਂ ਹਰ ਦੀਵੇ ਨੂੰ ਕਟੋਰੇ ਵਿੱਚੋਂ ਤੇਲ ਦਿੰਦੀਆਂ ਹਨ। 3 ਉਸ ਕਟੋਰੇ ਪਾਸ ਦੋ ਜੈਤੂਨ ਦੇ ਦਰੱਖਤ ਹਨ। ਇੱਕ ਕਟੋਰੇ ਦੇ ਖੱਬੇ ਅਤੇ ਇੱਕ ਸੱਜੇ ਪਾਸੇ। ਇਹ ਦ੍ਰੱਖਤ ਦੀਵਿਆਂ ਲਈ ਤੇਲ ਪੈਂਦਾ ਕਰਦੇ ਹਨ।” 4 ਫ਼ਿਰ ਜਿਹੜਾ ਦੂਤ ਮੇਰੇ ਨਾਲ ਬੋਲ ਰਿਹਾ ਸੀ ਮੈਂ ਉਸ ਨੂੰ ਪੁੱਛਿਆ, “ਹ੍ਹੇ ਸੁਆਮੀ। ਇਸ ਦਾ ਭਲਾ ਕੀ ਅਰਬ ਹੋਇਆ?”
5 ਮੇਰੇ ਨਾਲ ਬੋਲਦੇ ਦੂਤ ਨੇ ਆਖਿਆ, “ਕੀ ਤੈਨੂੰ ਨਹੀਂ ਪਤਾ ਕਿ ਇਹ ਵਸਤਾਂ ਕੀ ਹਨ?”
ਮੈਂ ਕਿਹਾ, “ਨਹੀਂ, ਸੁਆਮੀ!”
6 ਉਸ ਆਖਿਆ, “ਇਹ ਯਹੋਵਾਹ ਦਾ ਜ਼ਰੁੱਬਾਬਲ ਲਈ ਬਚਨ ਹੈ ਕਿ, ‘ਤੇਰੇ ਲਈ ਮਦਦ ਤੇਰੇ ਆਪਣੇ ਬਲ ਜਾਂ ਸ਼ਕਤੀ ਤੋਂ ਨਾ ਹੋਵੇਗੀ ਸਗੋਂ ਤੇਰੇ ਲਈ ਮੇਰਾ ਆਤਮਾ ਮਦਦ ਕਰੇਗਾ।’ ਸਰਬ-ਸ਼ਕਤੀਮਾਨ ਯਹੋਵਾਹ ਨੇ ਇਹ ਬਚਨ ਆਖੇ। 7 ਜ਼ਰੁੱਬਾਬਲ ਲਈ ਉਹ ਉੱਚੇ ਪਰਬਤ ਮਦਾਨ ਵਰਗੇ ਹੋ ਜਾਣਗੇ। ਅਤੇ ਉਹ ਮੰਦਰ ਉਸਾਰੇਗਾ ਤੇ ਜਦੋਂ ਸਭ ਤੋਂ ਖਾਸ ਪੱਥਰ ਉਸ ਉੱਪਰ ਧਰਿਆ ਜਾਵੇਗਾ ਤਾਂ ਲੋਕ ਹੈਰਾਨੀ ਨਾਲ ਪੁਕਾਰਣਗੇ, ‘ਖੂਬਸੂਰਤ! ਕਿੰਨਾ ਖੂਬਸੂਰਤ ਹੈ।’”
8 ਮੈਨੂੰ ਯਹੋਵਾਹ ਨੇ ਬਚਨ ’ਚ ਇਹ ਵੀ ਕਿਹਾ, 9 “ਜ਼ਰੁੱਬਾਬਲ ਮੇਰੇ ਮੰਦਰ ਦੀ ਨੀਂਹ ਪੱਥਰ ਰੱਖੇਗਾ। ਤੇ ਉਹ ਹੀ ਮੇਰੇ ਮੰਦਰ ਦੀ ਉਸਾਰੀ ਮੁਕੰਮਲ ਕਰੇਗਾ। ਤਦ ਤੁਸੀਂ ਜਾਣੋਂਗੇ ਕਿ ਸਰਬ ਸ਼ਕਤੀਮਾਨ ਯਹੋਵਾਹ ਨੇ ਮੈਨੂੰ ਤੁਹਾਡੇ ਵੱਲ ਭੇਜਿਆ ਹੈ। 10 ਲੋਕ ਛੋਟੀਆਂ-ਛੋਟੀਆਂ ਸ਼ੁਰੂਆਤਾਂ ਲਈ ਸ਼ਰਮਿੰਦਾ ਨਾ ਹੋਣਗੇ ਸਗੋਂ ਉਹ ਬੜੇ ਖੁਸ਼ ਹੋਣਗੇ ਜਦੋਂ ਉਹ ਜ਼ਰੁੱਬਾਬਲ ਦੇ ਹੱਥ ਵਿੱਚ ਸਾਹਲ ਵੇਖਣਗੇ ਕਿ ਉਹ ਮੰਦਰ ਨੂੰ ਨਾਸ ਕਰ ਰਿਹਾ ਹੈ ਅਤੇ ਮੁਕੰਮਲ ਇਮਾਰਤ ਦਾ ਜਾਇਜ਼ਾ ਲੈ ਰਿਹਾ ਹੈ। ਅਤੇ ਉਹ ਜੋ ਤੂੰ ਪੱਥਰ ਦੀਆਂ ਸੱਤ ਨੁਕਰਾਂ ਵੇਖੀਆਂ ਉਹ ਯਹੋਵਾਹ ਦਾ ਹਰ ਦਿਸ਼ਾ ਵੱਲ ਵੇਖਣ ਲਈ ਅੱਖਾਂ ਦਾ ਪ੍ਰਤੀਕ ਹਨ। ਉਹ ਧਰਤੀ ਦੇ ਜ਼ਰ੍ਰੇ-ਜ਼ਰ੍ਰੇ ਨੂੰ ਵੇਖਦੀਆਂ ਹਨ।”
11 ਤਦ ਮੈਂ (ਜ਼ਕਰਯਾਹ) ਨੇ ਉਸ ਨੂੰ ਆਖਿਆ, “ਮੈਂ ਸ਼ਮਾਦਾਨ ਦੇ ਇੱਕ ਸੱਜੇ ਪਾਸੇ ਅਤੇ ਇੱਕ ਜੈਤੂਨ ਦੇ ਦ੍ਰੱਖਤ ਦੇ ਖੱਬੇ ਪਾਸੇ ਵੱਲ ਖੜ੍ਹਾ ਵੇਖਿਆ, ਤਾਂ ਉਨ੍ਹਾਂ ਦ੍ਰੱਖਤਾਂ ਦਾ ਕੀ ਅਰਬ ਹੈ?” 12 ਮੈਂ ਉਸ ਨੂੰ ਇਹ ਵੀ ਪੁੱਛਿਆ, “ਜੈਤੂਨ ਦੇ ਰੁੱਖ ਦੀਆਂ ਇਹ ਦੋ ਟਹਿਣੀਆਂ ਕੀ ਹਨ, ਜਿਹੜੀਆਂ ਸੋਨੇ ਦੀਆਂ ਦੋਨੋ ਨਲੀਆਂ ਨਾਲ ਜੁੜੀਆਂ ਹੋਈਆਂ ਹਨ, ਜਿਨ੍ਹਾਂ ਵਿੱਚੋਂ ਸੁਨਿਹਰੇ ਰੰਗ ਦਾ ਤੇਲ ਨਿਕਲਦਾ ਹੈ?”
13 ਫ਼ਿਰ ਦੂਤ ਨੇ ਮੈਨੂੰ ਕਿਹਾ, “ਕੀ ਤੈਨੂੰ ਇਨ੍ਹਾਂ ਗੱਲਾਂ ਦਾ ਭਾਵ ਨਹੀਂ ਪਤਾ?”
ਮੈਂ ਕਿਹਾ, “ਨਹੀਂ, ਸੁਆਮੀ।”
14 ਤਾਂ ਉਸ ਨੇ ਕਿਹਾ, “ਇਹ ਦੋ ਮਸਹ ਕੀਤੇ ਮਨੁੱਖ ਹਨ ਜੋ ਸਾਰੀ ਧਰਤੀ ਦੇ ਯਹੋਵਾਹ ਦੇ ਹਜ਼ੂਰ ਖੜ੍ਹੇ ਰਹਿੰਦੇ ਹਨ।” ਰ ਖੜ੍ਹੇ ਰਹਿੰਦੇ ਹਨ।”
ਉੱਡਣੀ ਪੱਤਰੀ
5 ਮੈਂ ਮੁੜ ਵੇਖਿਆ ਤਾਂ ਮੈਨੂੰ ਇੱਕ ਉੱਡਣੀ ਲਿਖਤ ਦੇ ਦਰਸ਼ਨ ਹੋਏ। 2 ਦੂਤ ਨੇ ਮੈਨੂੰ ਪੁੱਛਿਆ, “ਤੂੰ ਕੀ ਵੇਖਿਆ ਹੈ?”
ਮੈਂ ਕਿਹਾ, “ਇੱਕ ਉੱਡਣੀ ਪੱਤਰੀ ਜੋ 30 ਫੁੱਟ ਲੰਬੀ ਅਤੇ 15 ਫੁੱਟ ਚੌੜੀ ਹੈ।”
3 ਤਦ ਦੂਤ ਨੇ ਮੈਨੂੰ ਕਿਹਾ, “ਇਸ ਪੱਤਰੀ ਉੱਪਰ ਸਰਾਪ ਲਿਖਿਆ ਹੈ। ਪੱਤਰੀ ਦੇ ਇੱਕ ਪਾਸੇ ਉਨ੍ਹਾਂ ਲੋਕਾਂ ਲਈ ਸਰਾਪ ਲਿਖਿਆ ਹੈ ਜੋ ਚੋਰੀ ਕਰਦੇ ਹਨ ਤੇ ਦੂਜੇ ਪਾਸੇ ਉਨ੍ਹਾਂ ਲਈ ਸਰਾਪ ਲਿਖਿਆ ਹੈ ਜੋ ਇਕਰਾਰ ਕਰਕੇ ਮੁੱਕਰ ਜਾਂਦੇ ਹਨ। 4 ਸਰਬ ਸ਼ਕਤੀਮਾਨ ਆਖਦਾ ਹੈ, ਮੈਂ ਇਹ ਪੱਤਰੀ ਉਨ੍ਹਾਂ ਚੋਰਾਂ ਅਤੇ ਉਨ੍ਹਾਂ ਮਨੁੱਖਾਂ ਦੇ ਘਰ ਭੇਜਾਂਗਾ ਜਿਹੜੇ ਮੇਰੇ ਨਾਂ ਦੀ ਸੌਂਹ ਖਾਕੇ ਇਕਰਾਰ ਕਰਕੇ ਮੁਕਰ ਜਾਂਦੇ ਅਤੇ ਝੂਠ ਬੋਲਦੇ ਹਨ। ਇਹ ਪੱਤਰੀ ਉਨ੍ਹਾਂ ਘਰਾਂ ਵਿੱਚ ਰਹੇਗੀ ਤੇ ਉਨ੍ਹਾਂ ਦੇ ਘਰਾਂ ਨੂੰ ਬਰਬਾਦ ਕਰੇਗੀ। ਇਹੋ ਨਹੀਂ ਸਗੋਂ ਇਹ ਪੱਤਰੀ ਉਨ੍ਹਾਂ ਘਰਾਂ ਨੂੰ ਲੱਕੜੀ ਅਤੇ ਪੱਥਰ ਸਮੇਤ ਨਸ਼ਟ ਕਰੇਗੀ।”
ਇੱਕ ਔਰਤ ਅਤੇ ਬਾਲਟੀ
5 ਜਿਹੜਾ ਦੂਤ ਮੇਰੇ ਨਾਲ ਗੱਲਾਂ ਕਰ ਰਿਹਾ ਸੀ, ਬਾਹਰ ਚੱਲਾ ਗਿਆ। ਉਸ ਕਿਹਾ, “ਉਹ ਵੇਖ! ਉਹ ਬਾਹਰ ਨੂੰ ਕੀ ਨਿਕਲ ਕੇ ਆ ਰਿਹਾ ਹੈ?”
6 ਮੈਂ ਕਿਹਾ, “ਮੈਂ ਨਹੀਂ ਜਾਣਦਾ-ਇਹ ਕੀ ਹੈ?”
ਉਸ ਨੇ ਕਿਹਾ, “ਇਹ ਨਾਪਣ ਦੀ ਬਾਲਟੀ ਹੈ।” ਉਸ ਨੇ ਇਹ ਵੀ ਆਖਿਆ, “ਇਹ ਮਾਪਣ ਦੀ ਬਾਲਟੀ ਇਸ ਰਾਜ ਦੇ ਲੋਕਾਂ ਦੇ ਪਾਪ ਨਾਪਣ ਦਾ ਪੈਮਾਨਾ ਹੈ।”
7 ਉਸ ਨੇ ਬਾਲਟੀ ਤੋਂ ਸਿੱਕੇ ਦੇ ਬਣੇ ਢੱਕਣ ਨੂੰ ਉੱਪਰ ਚੁੱਕਿਆ ਅਤੇ ਉੱਥੇ ਉਸ ਵਿੱਚ ਇੱਕ ਔਰਤ ਸੀ। 8 ਦੂਤ ਨੇ ਕਿਹਾ, “ਇਹ ਔਰਤ ਬਦੀ ਦਾ ਪ੍ਰਤਿਨਧਿਤਵ ਕਰਦੀ ਹੈ।” ਫ਼ਿਰ ਦੂਤ ਨੇ ਉਸ ਔਰਤ ਨੂੰ ਬਾਲਟੀ ਅੰਦਰ ਧਕੇਲਿਆ ਅਤੇ ਉਸ ਉੱਪਰ ਮੁੜ ਸਿੱਕੇ ਦਾ ਢੱਕਣ ਲਾ ਦਿੱਤਾ। 9 ਉਪਰੰਤ ਮੈਂ ਉੱਪਰ ਵੱਲ ਤੱਕਿਆ ਅਤੇ ਖੰਭਾਂ ਨਾਲ ਦੋ ਔਰਤਾਂ ਬਾਹਰ ਨਿਕਲਦੀਆਂ ਵੇਖੀਆਂ, ਉਨ੍ਹਾਂ ਦੇ ਖੰਭ ਸਾਰਸ ਵਰਗੇ ਸਨ ਅਤੇ ਉਨ੍ਹਾਂ ਨੂੰ ਹਵਾ ਰਾਹੀਂ ਚੁੱਕਿਆ ਹੋਇਆ ਸੀ। ਉਹ ਆਪਣੇ ਪਰਾਂ ਵਿੱਚ ਹਵਾ ਭਰਕੇ ਉਡੀਆਂ ਅਤੇ ਉਸ ਬਾਲਟੀ ਨੂੰ ਉਤਾਹਾਂ ਹਵਾ ਵਿੱਚ ਚੁੱਕ ਲਿਆ। 10 ਫ਼ਿਰ ਮੈਂ ਮੇਰੇ ਨਾਲ ਗੱਲ ਕਰ ਰਹੇ ਦੂਤ ਨੂੰ ਪੁੱਛਿਆ, “ਉਹ ਇਹ ਨਾਪਣ ਦੀ ਬਾਲਟੀ ਕਿੱਥੋ ਲੈ ਕੇ ਜਾ ਰਹੀਆਂ ਹਨ?”
11 ਦੂਤ ਨੇ ਮੈਨੂੰ ਦੱਸਿਆ, “ਉਹ ਇਸ ਲਈ ਸ਼ਿਨਆਰ ਵਿੱਚ ਇੱਕ ਘਰ ਉਸਾਰਨ ਲਈ ਜਾ ਰਹੀਆਂ ਹਨ। ਉਹ ਘਰ ਉਸਾਰ ਲੈਣਗੀਆਂ ਅਤੇ ਫਿਰ ਇਹ ਨਾਪਣ ਦੀ ਬਾਲਟੀ।”
ਚਾਰ ਰੱਥ
6 ਫ਼ਿਰ ਮੈਂ ਘੁੰਮ ਕੇ ਉੱਪਰ ਵੱਲ ਵੇਖਿਆ ਅਤੇ ਮੈਨੂੰ ਪਿੱਤਲ ਦੇ ਪਹਾੜਾਂ ਵਿੱਚੋਂ ਚਾਰ ਰੱਥ ਜਾਂਦੇ ਹੋਏ ਨਜ਼ਰ ਆਏ। 2 ਪਹਿਲੇ ਰੱਥ ਨੂੰ ਲਾਲ ਘੋੜੇ ਖਿੱਚ ਰਹੇ ਸਨ ਅਤੇ ਦੂਜੇ ਨੂੰ ਕਾਲੇ। 3 ਤੀਜੇ ਰੱਥ ਨੂੰ ਚਿੱਟੇ ਘੋੜੇ ਖਿੱਚ ਰਹੇ ਸਨ ਅਤੇ ਚੌਬੇ ਰੱਥ ਨੂੰ ਦਾਖੇ ਲਾਲ ਧਬਿਆਂ ਵਾਲੇ ਘੋੜੇ। 4 ਜਿਹੜਾ ਦੂਤ ਮੇਰੇ ਨਾਲ ਗੱਲਾਂ ਕਰ ਰਿਹਾ ਸੀ, ਮੈਂ ਉਸ ਨੂੰ ਪੁੱਛਿਆ, “ਪ੍ਰਭੂ, ਇਸ ਦਾ ਕੀ ਭਾਵ ਹੈ?”
5 ਦੂਤ ਨੇ ਆਖਿਆ, “ਇਹ ਚਾਰ ਹਵਾਵਾਂ। ਉਹ ਸ਼੍ਰਿਸ਼ਟੀ ਦੇ ਮਾਲਿਕ ਦੀ ਹਜ਼ੂਰੀ ਵਿੱਚੋਂ ਹੁਣੇ-ਹੁਣੇ ਆਈਆਂ ਹਨ। 6 ਕਾਲੇ ਘੋੜੇ ਉੱਤਰ ਦਿਸ਼ਾ ਵੱਲ ਜਾਣਗੇ। ਲਾਲ ਪੂਰਬ ਵੱਲ। ਚਿੱਟੇ ਘੋੜੇ ਪੱਛਮ ਵੱਲ ਅਤੇ ਧਬਿਆਂ ਵਾਲੇ ਦੱਖਣ ਦਿਸ਼ਾ ਵੱਲ ਜਾਣਗੇ।”
7 ਲਾਲ ਧਬਿਆਂ ਵਾਲੇ ਘੋੜੇ ਧਰਤੀ ਤੇ ਆਪਣੇ ਹਿੱਸੇ ਵੱਲ ਜਾਣ ਦੀ ਕਾਹਲ ਵਿੱਚ ਸਨ ਇਸ ਲਈ ਦੂਤ ਨੇ ਉਨ੍ਹਾਂ ਨੂੰ ਕਿਹਾ, “ਜਾਓ, ਧਰਤੀ ਦਾ ਦੌਰਾ ਕਰੋ।” ਤਾਂ ਉਹ ਆਪਣੇ ਹਿੱਸੇ ਵੱਲ ਜਾਣ ਲਈ ਨਿਕਲ ਗਏ।
8 ਤਦ ਯਹੋਵਾਹ ਨੇ ਮੈਨੂੰ ਹਾਕ ਮਾਰੀ ਅਤੇ ਆਖਿਆ, “ਓਹ ਵੇਖ, ਉਹ ਘੋੜੇ ਜੋ ਉੱਤਰ ਵੱਲ ਜਾ ਰਹੇ ਸਨ, ਉਨ੍ਹਾਂ ਨੇ ਮੇਰੇ ਕ੍ਰੋਧਿਤ ਆਤਮੇ ਨੂੰ ਸ਼ਾਂਤ ਕਰ ਦਿੱਤਾ ਹੈ, ਕਿਉਂ ਜੋ ਉਨ੍ਹਾਂ ਨੇ ਬੇਬੀਲੋਨ ਵਿੱਚ ਆਪਣਾ ਕੰਮ ਪੂਰਾ ਕਰ ਦਿੱਤਾ।”
ਯਹੋਸ਼ੁਆ ਜਾਜਕ ਨੂੰ ਤਾਜ ਮਿਲਣਾ
9 ਫ਼ਿਰ ਮੈਨੂੰ ਯਹੋਵਾਹ ਵੱਲੋਂ ਹੋਰ ਇੱਕ ਵਾਕ ਹੋਇਆ। ਉਸ ਨੇ ਕਿਹਾ, 10 “ਹੇਲਦੀ, ਟੋਬੀਯਾਹ, ਅਤੇ ਯਦਅਯਾਹ, ਕੈਦੀਆਂ ਤੋਂ ਸੋਨਾ ਅਤੇ ਚਾਂਦੀ ਲੈ ਜੋ ਕਿ ਬੇਬੀਲੋਨ ਤੋਂ ਪਰਤੇ ਹਨ। ਅਤੇ ਸਫ਼ਨਯਾਹ ਦੇ ਪੁੱਤਰ ਯੋਸੀਯਾਹ ਦੇ ਘਰ ਨੂੰ ਜਾਹ। 11 ਉਹ ਸੋਨਾ ਅਤੇ ਚਾਂਦੀ ਵਰਤ ਕੇ ਤਾਜ ਬਣਾ ਅਤੇ ਉਸ ਤਾਜ ਨੂੰ ਯਹੋਸਾਦਾਕ ਦੇ ਪੁੱਤਰ ਯਹੋਸ਼ੁਆ ਦੇ ਸਿਰ ਤੇ ਰੱਖ, ਜੋ ਕਿ ਪਰਧਾਨ ਜਾਜਕ ਹੈ। 12 ਫ਼ਿਰ ਯਹੋਸ਼ੂਆ ਨੂੰ ਇਹ ਗੱਲਾਂ ਆਖ:
‘ਸਰਬ ਸ਼ਕਤੀਮਾਨ ਯਹੋਵਾਹ ਇਉਂ ਆਖਦਾ ਸੀ।
ਇੱਕ ਮਨੁੱਖ ਹੈ ਜਿਸਦਾ ਨਾਂ ਸ਼ਾਖ ਹੈ ਉਹ ਤਾਕਤਵਰ ਹੋਵੇਗਾ
ਅਤੇ ਉਹ ਯਹੋਵਾਹ ਦਾ ਮੰਦਰ ਬਣਾਵੇਗਾ।
13 ਉਹ ਯਹੋਵਾਹ ਦਾ ਮੰਦਰ ਬਣਾਵੇਗਾ
ਅਤੇ ਪ੍ਰਤਾਪ ਪ੍ਰਾਪਤ ਕਰੇਗਾ।
ਉਹ ਆਪਣੇ ਸਿੰਘਾਸਣ ਉੱਤੇ ਬੈਠੇਗਾ
ਅਤੇ ਰਾਜ ਕਰੇਗਾ।
ਅਤੇ ਜਾਜਕ ਉਸ ਦੇ ਸਿੰਘਾਸਣ ਦੇ ਪਾਸੇ ਖੜੋਵੇਗਾ
ਅਤੇ ਦੋਨੋ ਮਨੁੱਖ ਸ਼ਾਂਤੀ ਵਿੱਚ ਕੰਮ ਕਰਨਗੇ।’
14 ਅਤੇ ਉਹ ਤਾਜ ਮੰਦਰ ਵਿੱਚ ਰੱਖਿਆ ਜਾਵੇਗਾ ਅਤੇ ਇਹ ਹੇਲਦੀ, ਟੋਬੀਯਾਹ, ਯਦਅਯਾਹ ਅਤੇ ਸਫ਼ਨਯਾਹ ਦੇ ਪੁੱਤਰ ਯੋਸੀਯਾਹ ਲਈ ਯਹੋਵਾਹ ਦੇ ਮੰਦਰ ਵਿੱਚ ਯਾਦਗਾਰੀ ਲਈ ਹੋਵੇਗਾ।”
15 ਦੂਰ-ਦੁਰਾਡਿਓਁ ਲੋਕੀਂ ਆਕੇ ਇਸ ਮੰਦਰ ਨੂੰ ਬਨਾਉਣਗੇ ਤਦ ਤੁਸੀਂ ਅਵੱਸ਼ ਜਾਣ ਜਾਵੋਂਗੇ ਕਿ ਯਹੋਵਾਹ ਨੇ ਮੈਨੂੰ ਤੁਹਾਡੇ ਲਈ ਭੇਜਿਆ ਹੈ। ਇਹ ਸਭ ਕੁਝ ਤਾਂ ਹੋਵੇਗਾ ਜੇਕਰ ਤੁਸੀਂ ਯਹੋਵਾਹ ਦੇ ਕਹੇ ਮੁਤਾਬਕ ਕਰੋਂਗੇ।
ਯਹੋਵਾਹ ਦਯਾ ਅਤੇ ਰਹਿਮ ਚਾਹੁੰਦਾ ਹੈ
7 ਦਾਰਾ ਪਾਤਸ਼ਾਹ ਦੇ ਰਾਜ ਦੇ ਚੌਬੇ ਵਰ੍ਹੇ ਵਿੱਚ ਯਹੋਵਾਹ ਦੀ ਬਾਣੀ ਨੌਵੇ ਮਹੀਨੇ ਦੀ ਚੌਥੀ ਤਾਰੀਕ ਨੂੰ ਕਿਸਲੇਵ ਵਿੱਚ ਜ਼ਕਰਯਾਹ ਨੂੰ ਆਈ। 2 ਤਾਂ ਬੈਤੇਲ ਦੇ ਲੋਕਾਂ ਨੇ ਸ਼ਰਾਸਰ, ਰਗਮ-ਮਲਕ ਅਤੇ ਉਸ ਦੇ ਮਨੁੱਖਾਂ ਨੂੰ ਭੇਜਿਆ ਕਿ ਉਹ ਯਹੋਵਾਹ ਅੱਗੇ ਜਾਕੇ ਬੇਨਤੀ ਕਰਨ। 3 ਉਹ ਸਰਬ ਸ਼ਕਤੀਮਾਨ ਯਹੋਵਾਹ ਦੇ ਮੰਦਰ ਦੇ ਨਬੀਆਂ ਅਤੇ ਜਾਜਕਾਂ ਕੋਲ ਗਏ। ਉਨ੍ਹਾਂ ਮਨੁੱਖਾਂ ਨੇ ਇਹ ਸਵਾਲ ਪੁੱਛਿਆ, “ਬਹੁਤ ਵਰ੍ਹਿਆਂ ਤੋਂ ਅਸੀਂ ਇਸ ਮੰਦਰ ਦੀ ਤਬਾਹੀ ਤੇ ਵੈਣ ਤੇ ਕੀਰਨੇ ਪਾਉਂਦੇ ਆਏ ਹਾਂ। ਹਰ ਵਰ੍ਹੇ ਦੇ ਪੰਜਵੇਂ ਮਹੀਨੇ ਸਾਡਾ ਖਾਸ ਵੈਣ ਅਤੇ ਵਰਤ ਦਾ ਸਮਾਂ ਹੁੰਦਾ ਸੀ। ਕੀ ਸਾਨੂੰ ਇਉਂ ਹੀ ਕਰਦੇ ਰਹਿਣਾ ਚਾਹੀਦਾ ਹੈ?”
4 ਇਹ ਵਾਕ ਮੈਨੂੰ ਸਰਬ ਸ਼ਕਤੀਮਾਨ ਯਹੋਵਾਹ ਵੱਲੋਂ ਹੋਇਆ: 5 “ਇਸ ਦੇਸ ਦੇ ਜਾਜਕਾਂ ਅਤੇ ਹੋਰ ਲੋਕਾਂ ਨੂੰ ਇਹ ਗੱਲਾਂ ਦੱਸ, ‘ਤੁਸੀਂ ਲੋਕਾਂ ਨੇ 70 ਸਾਲਾਂ ਲਈ ਹਰ ਵਰ੍ਹੇ ਦੇ 5ਵੇਂ ਅਤੇ 7ਵੇਂ ਮਹੀਨੇ ਵਰਤ ਰੱਖੇ ਅਤੇ ਸੋਗ ਪ੍ਰਗਟ ਮਨਾਇਆ, ਪਰ ਕੀ ਤੁਸੀਂ ਇਹ ਸਭ ਮੇਰੇ ਲਈ ਕੀਤਾ? ਨਹੀਂ! 6 ਅਤੇ ਕੀ ਜਦੋਂ ਤੁਸੀਂ ਜੋ ਖਾਧਾ ਅਤੇ ਪੀਤਾ, ਉਹ ਮੇਰੇ ਲਈ ਸੀ? ਨਹੀਂ! ਇਹ ਸਭ ਤੁਹਾਡੇ ਆਪਣੇ ਸੁਆਰਬ ਲਈ ਸੀ। 7 ਕੀ ਇਹ ਉਹ ਗੱਲਾਂ ਨਹੀਂ ਹਨ ਜੋ ਯਹੋਵਾਹ ਨੇ ਪਹਿਲੇ ਨਬੀਆਂ ਦੇ ਰਾਹੀਂ ਪੁਕਾਰੀਆਂ ਸਨ ਜਦੋਂ ਕਿ ਯਰੂਸ਼ਲਮ ਵੱਸਦਾ ਸੀ ਅਤੇ ਰਾਜੀ ਖੁਸ਼ੀ ਸੀ ਅਤੇ ਉਸ ਦੇ ਆਲੇ-ਦੁਆਲੇ ਦੇ ਨਗਰ ਅਤੇ ਦੱਖਣ (ਨੇਵ) ਅਤੇ ਪੱਛਮ ਦੀ ਤਰਾਈ ’ਚ ਲੋਕ ਵੱਸਦੇ ਸਨ।’”
8 ਫ਼ਿਰ ਯਹੋਵਾਹ ਦਾ ਬਚਨ ਜ਼ਕਰਯਾਹ ਨੂੰ ਆਇਆ।
9 ਯਹੋਵਾਹ ਸਰਬ ਸ਼ਕਤੀਮਾਨ ਨੇ ਇਹ ਗੱਲਾਂ ਆਖੀਆਂ।
“ਤੁਹਾਨੂੰ ਸੱਚੇ ਨਿਆਂ ਉੱਤੇ ਨਿਯੰਤਰਨ ਰੱਖਣਾ ਚਾਹੀਦਾ
ਅਤੇ ਇੱਕ-ਦੂਜੇ ਨਾਲ ਮਿਹਰ
ਅਤੇ ਦਇਆ ਨਾਲ ਵਿਹਾਰ ਕਰਨਾ ਚਾਹੀਦਾ ਹੈ।
10 ਯਤੀਮ ਬੱਚਿਆਂ, ਵਿੱਧਵਾਵਾਂ,
ਓਪਰਿਆਂ ਤੇ ਗਰੀਬਾਂ ਦਾ ਦਿਲ ਨਾ ਦੁੱਖਾਓ
ਅਤੇ ਦੂਜਿਆਂ ਨਾਲ ਬੁਰਾਈ ਕਰਨ ਦਾ ਖਿਆਲ ਵੀ ਕਦੇ ਦਿਲ ਵਿੱਚ ਨਾ ਲਿਆਓ।”
11 ਪਰ ਉਨ੍ਹਾਂ ਲੋਕਾਂ ਨੇ ਸੁਨਣੋਁ ਇਨਕਾਰ ਕੀਤਾ ਉਨ੍ਹਾਂ ਨੇ ਉਹ ਕਰਨ
ਤੋਂ ਇਨਕਾਰ ਕੀਤਾ ਜੋ ਉਹ ਚਾਹੁੰਦਾ ਸੀ।
ਉਨ੍ਹਾਂ ਨੇ ਪਰਮੇਸ਼ੁਰ ਦੇ ਬਚਨਾਂ ਨੂੰ ਅਣਸੁਣਿਆਂ ਕੀਤਾ।
12 ਉਹ ਬੜੇ ਢੀਠ ਸਨ।
ਉਨ੍ਹਾਂ ਨੇਮਾਂ ਨੂੰ ਅਣਗੌਲਿਆਂ ਕੀਤਾ
ਯਹੋਵਾਹ ਸਰਬ ਸ਼ਕਤੀਮਾਨ ਨੇ ਆਪਣਾ ਆਤਮਾ ਵਰਤਿਆ
ਅਤੇ ਆਪਣੇ ਲੋਕਾਂ ਨੂੰ ਨਬੀਆਂ ਦੁਆਰਾ ਸੰਦੇਸ਼ ਭੇਜੇ
ਪਰ ਲੋਕਾਂ ਨੇ ਇੱਕ ਨਾ ਸੁਣੀ ਤਾਂ
ਯਹੋਵਾਹ ਬਹੁਤ ਕਰੋਧਵਾਨ ਹੋਇਆ।
13 ਤਾਂ ਸਰਬ ਸ਼ਕਤੀਮਾਨ ਯਹੋਵਾਹ ਨੇ ਕਿਹਾ,
“ਮੈਂ ਉਨ੍ਹਾਂ ਨੂੰ ਬੁਲਾਇਆ,
ਪਰ ਉਨ੍ਹਾਂ ਹੁਂਗਾਰਾ ਨਾ ਭਰਿਆ ਸੋ ਜੇਕਰ ਉਹ ਹੁਣ ਮੈਨੂੰ ਬੁਲਾਉਣਗੇ ਮੈਂ ਹੁੰਗਾਰਾਂ ਨਾ ਭਰਾਂਗਾ।
14 ਮੈਂ ਉਨ੍ਹਾਂ ਦੇ ਵਿਰੁੱਧ ਦੂਜੀਆਂ ਕੌਮਾਂ ਨੂੰ ਹਨੇਰੀ ਵਾਂਗ ਲਿਆਵਾਂਗਾ
ਉਹ ਉਨ੍ਹਾਂ ਰਾਜਾਂ ਨੂੰ ਨਹੀਂ ਜਾਣਦੇ
ਪਰ ਜਦੋਂ ਉਹ ਕੌਮਾਂ ਇਸ ਦੇਸ ਚੋ ਲੰਘਣਗੀਆਂ
ਤਾਂ ਦੇਸ ਤਬਾਹ ਹੋ ਜਾਵੇਗਾ।
ਇਹ ਖੁਸ਼ਹਾਲ ਦੇਸ ਵੀਰਾਨ ਹੋ ਜਾਵੇਗਾ।”
2010 by World Bible Translation Center