Beginning
ਸਾਮਰਿਯਾ ਅਤੇ ਇਸਰਾਏਲ ਲਈ ਦੰਡ
1 ਯਹੋਵਾਹ ਦਾ ਅਗੰਮ ਵਾਕ ਮੀਕਾਹ ਨੂੰ ਹੋਇਆ। ਇਹ ਯੋਥਾਮ, ਅਹਾਜ਼ ਅਤੇ ਹਿਜ਼ਕੀਯਾਹ ਪਾਤਸ਼ਾਹਾਂ ਦੇ ਦਿਨਾਂ ਦੀ ਗੱਲ ਹੈ। ਇਹ ਸਾਰੇ ਮਨੁੱਖ ਉਨ੍ਹੀਂ ਦਿਨੀਂ ਯਹੂਦਾਹ ਦੇ ਪਾਤਸ਼ਾਹ ਸਨ। ਮੀਕਾਹ ਮੋਰਸ਼ਤੀ ਤੋਂ ਸੀ। ਮੀਕਾਹ ਨੂੰ ਸਾਮਰਿਯਾ ਅਤੇ ਯਰੂਸ਼ਲਮ ਲਈ ਇਹ ਦਰਸ਼ਨ ਹੋਏ।
2 ਤੁਸੀਂ ਸਾਰੇ ਲੋਕੋ, ਸੁਣੋ!
ਧਰਤੀ ਤੇ ਸਾਰੇ ਵੱਸਦੇ ਜੀਵੋ, ਸੁਣੋ!
ਯਹੋਵਾਹ ਮੇਰਾ ਪ੍ਰਭੂ, ਆਪਣੇ ਪਵਿੱਤਰ ਮੰਦਰ ਵਿੱਚੋਂ ਆਵੇਗਾ
ਅਤੇ ਤੁਹਾਡੇ ਵਿਰੁੱਧ ਗਵਾਹ ਹੋਵੇਗਾ।
3 ਵੇਖੋ, ਯਹੋਵਾਹ ਆਪਣੇ ਅਸਥਾਨ ਤੋਂ ਬਾਹਰ ਆ ਰਿਹਾ ਹੈ
ਉਹ ਹੇਠਾਂ ਆਕੇ ਧਰਤੀ ਦੀਆਂ ਉਚਿਆਈਆਂ ਉੱਪਰ ਤੁਰੇਗਾ।
4 ਉਸ ਦੇ ਹੇਠਾਂ ਪਹਾੜ ਇੰਝ ਪਿਘਲਣਗੇ
ਜਿਵੇਂ ਅੱਗ ਮੁਹਰੇ ਮੋਮ।
ਵਾਦੀਆਂ ਫ਼ਟ ਕੇ ਖੁਲ੍ਹ ਜਾਣਗੀਆਂ
ਅਤੇ ਢਲਾਵ ਤੋਂ ਵਗਦੇ ਪਾਣੀ ਵਾਂਗ ਵਗਣਗੀਆਂ।
5 ਇਹ ਸਭ ਕੁਝ ਯਾਕੂਬ
ਅਤੇ ਇਸਰਾਏਲ ਦੇ ਪਾਪਾਂ ਕਾਰਣ ਹੈ।
ਪਾਪਾਂ ਦਾ ਕਾਰਣ, ਸਾਮਰਿਯਾ
ਕਿਸਨੇ ਯਾਕੂਬ ਤੋਂ ਪਾਪ ਕਰਵਾਇਆ?
ਇਹ ਸਾਮਰਿਯਾ ਹੀ ਸੀ।
ਯਹੂਦਾਹ ਵਿੱਚ ਉੱਚੀ ਜਗ੍ਹਾ ਕਿੱਥੋ ਹੈ?
ਇਹ ਯਰੂਸ਼ਲਮ ਵਿੱਚ ਹੈ।
6 ਇਸੇ ਲਈ, ਸਾਮਰਿਯਾ ਨੂੰ ਮੈਂ ਖੇਤ ਵਿੱਚਲੀ ਰੂੜੀ ਦਾ ਢੇਰ ਬਣਾ ਦੇਵਾਂਗਾ,
ਜੋ ਅੰਗੂਰਾਂ ਦੇ ਬੀਜੇ ਜਾਣ ਲਈ ਤਿਆਰ ਹੈ।
ਮੈਂ ਉਸ ਦੇ ਪੱਥਰ ਨੂੰ ਹੇਠਾਂ ਵਾਦੀ ਅੰਦਰ ਡੋਲ੍ਹਾਂਗਾ
ਅਤੇ ਸ਼ਹਿਰ ਦੀ ਨੀਹ ਨੂੰ ਨੰਗਾ ਕਰ ਦਿਆਂਗਾ।
7 ਇਸਦੇ ਸਾਰੇ ਪੱਥਰ ਦੇ ਬੁੱਤ ਤੋਂੜੇ ਜਾਣਗੇ।
ਇਸਦੇ ਮੰਦਰ ਦੀਆਂ ਸਾਰੀਆਂ ਸੁਗਾਤਾਂ ਅੱਗ ਵਿੱਚ ਸਾੜੀਆਂ ਜਾਣਗੀਆਂ।
ਮੈਂ ਉਸ ਦੇ ਸਾਰੇ ਝੂਠੇ ਦੇਵਤਿਆਂ ਨੂੰ ਤਬਾਹ ਕਰ ਦਿਆਂਗਾ।
ਕਿਉਂ ਕਿ ਸਾਮਰਿਯਾ ਵੇਸ਼ਵਾਵਾਂ ਦੀਆਂ ਤਨਖਾਹਾਂ ਲੈ ਕੇ ਅਮੀਰ ਬਣ ਗਿਆ।
ਇਸ ਲਈ ਉਨ੍ਹਾਂ ਲੋਕਾਂ ਤੋਂ ਸਾਰੀਆਂ ਚੀਜ਼ਾਂ ਲੈ ਲਈਆਂ
ਜਾਣਗੀਆਂ ਜੋ ਮੇਰੇ ਨਾਲ ਵਫ਼ਾਦਾਰ ਨਹੀਂ ਹਨ।
ਮੀਕਾਹ ਦੀ ਵੱਡੀ ਉਦਾਸੀ
8 ਜੋ ਕੁਝ ਵੀ ਵਾਪਰੇਗਾ ਮੈਂ ਉਸਦਾ ਸੋਗ ਕਰਾਂਗਾ
ਮੈਂ ਬਿਨਾ ਜੁਤਿਆਂ ਅਤੇ ਵਸਤਰਾਂ ਦੇ ਜਾਵਾਂਗਾ
ਅਤੇ ਕੁਤਿਆਂ ਵਾਂਗ ਪੁਕਾਰਾਂਗਾ (ਗਿੱਧੜਾਂ ਵਾਂਗ)
ਅਤੇ ਪੰਛੀਆਂ ਵਾਂਗ ਸੋਗ ਕਰਾਂਗਾ (ਸ਼ਤਰਮੁਰਗ ਵਾਂਗ।)
9 ਸਾਮਰਿਯਾ ਦਾ ਜਖਮ ਅਸਾਧ ਹੈ
ਉਸਦਾ ਰੋਗ (ਪਾਪ) ਯਹੂਦਾਹ ਤੱਕ ਫ਼ੈਲਿਆ ਹੈ
ਇਸਦਾ ਰੋਗ ਮੇਰੇ ਲੋਕਾਂ ਦੇ ਸ਼ਹਿਰ ਦੇ ਫ਼ਾਟਕ ਤੀਕ ਪੁੱਜ ਗਿਆ ਹੈ
ਅਤੇ ਇਹ ਸਾਰੇ ਯਰੂਸ਼ਲਮ ਦੇ ਰਾਹ ਤੀਕ ਫ਼ੈਲ ਗਿਆ ਹੈ।
10 ਇਸ ਨੂੰ ਗਬ ਵਿੱਚ ਨਾ ਦੱਸੋ, ਇੰਝ ਹੀ ਰੋਦੇ ਹੋਏ ਉਕੋ ਵਿੱਚ ਨਾ ਜਾਇਓ।
ਆਪਣੇ-ਆਪ ਨੂੰ ਬੈਤ-ਓਫ਼ਰਾਹ ਵਿੱਚਲੀ ਧੂੜ ਵਿੱਚ ਮਧੋਲੋ।
11 ਹੇ ਸ਼ਾਫ਼ੀਰ ਦੇ ਵਾਸੀਓ,
ਨੰਗੇ ਤੇ ਸ਼ਇਮਿਂਦੇ ਹੋਕੇ ਲੰਘ ਜਾਵੋ।
ਸਅਨਾਨ ਦੇ ਲੋਕ ਬਾਹਰ ਨਹੀਂ ਆਉਣਗੇ।
ਬੈਤ-ਏਸਲ ਦੇ ਲੋਕ ਰੋਣਗੇ ਅਤੇ ਤੁਹਾਡਾ ਸਹਾਰਾ ਲੈਣਗੇ।
12 ਮਾਰੋਬ ਦੇ ਵਾਸੀ ਖੁਸ਼ਖਬਰੀ ਦੇ ਇੰਤਜ਼ਾਰ ’ਚ ਕਮਜ਼ੋਰ ਹੋ ਗਏ ਹਨ।
ਕਿਉਂ ਕਿ ਯਹੋਵਾਹ ਵੱਲੋਂ ਭੇਜੀ ਗਈ ਦੁਰਘਟਨਾ ਯਰੂਸ਼ਲਮ ਦੇ ਫ਼ਾਟਕ ਤੀਕ ਪਹੁੰਚ ਗਈ ਹੈ।
13 ਹੇ ਲਾਕੀਸ਼ ਦੇ ਵਾਸੀਓ,
ਤੇਜ਼ ਘੋੜੇ ਨੂੰ ਆਪਣੇ ਰੱਥ ਅੱਗੇ ਜੋਤ ਲਓ।
ਸੀਯੋਨ ਦੇ ਪਾਪ ਵਿੱਚ ਸ਼ੁਰੂ ਹੋਏ।
ਕਿਉਂ ਕਿ ਤੁਸੀਂ ਇਸਰਾਏਲ ਦੇ ਪਾਪਾਂ ਉੱਤੇ ਚੱਲੇ।
14 ਇਸ ਲਈ ਗਬ ਵਿੱਚ
ਮੋਰਸਬ ਨੂੰ ਵਿਦਾਈ ਦੇ ਤੋਹਫ਼ੇ ਦੇਹ,
ਅਕਜ਼ੀਬ ਦਾ ਪਰਿਵਾਰ ਇਸਰਾਏਲ ਦੇ
ਰਾਜਿਆਂ ਨਾਲ ਚਲਾਕੀ ਖੇਡੇਗਾ।
15 ਹੇ ਮਾਰੇਸ਼ਾਹ ਦੇ ਸ਼ਹਿਰੀਓ,
ਮੈਂ ਤੁਹਾਡੇ ਵਿਰੁੱਧ ਇੱਕ ਮਨੁੱਖ ਠਹਿਰਾਵਾਂਗਾ ਜੋ ਤੁਹਾਡੀਆਂ ਸਭ ਵਸਤਾਂ ਲੈ ਲਵੇਗਾ
ਇਸਰਾਏਲ ਦਾ ਪਰਤਾਪ
ਅੱਦੁਲਾਮ ਵਿੱਚ ਆਵੇਗਾ।
16 ਕਿਉਂ ਕਿ ਤੁਸੀਂ ਆਪਣੇ ਪਿਆਰੇ ਬੱਚਿਆਂ ਲਈ ਪਿੱਟੋਂਗੇ।
ਉਕਾਬ ਵਾਂਗ ਆਪਣੇ ਸਿਰ ਮੁਨਾ ਕੇ ਗੰਜੇ ਹੋ ਜਾਵੋ ਤੇ ਆਪਣਾ ਸੋਗ ਪ੍ਰਗਟਾਵੋ
ਕਿਉਂ ਕਿ ਤੁਹਾਡੇ ਬੱਚੇ ਤੁਹਾਡੇ ਕੋਲੋਂ ਲੈ ਲਏ ਜਾਣਗੇ।
ਲੋਕਾਂ ਦੀਆਂ ਪਾਪੀ ਵਿਉਂਤਾਂ
2 ਜਿਹੜੇ ਬਦੀ ਕਰਨ ਦੀ ਸੋਚਦੇ ਹਨ ਉਨ੍ਹਾਂ ਲੋਕਾਂ ਤੇ ਸੰਕਟ ਆਵੇਗਾ
ਜਿਹੜੇ ਆਪਣੇ ਮੰਜਿਆਂ ਤੇ ਲੰਮੇ ਪੈਕੇ ਰਾਤ ਭਰ ਬਦੀ ਸੋਚਦੇ ਹਨ
ਅਤੇ ਫ਼ਿਰ ਸਵੇਰ ਹੋਣ ਤੇ ਆਪਣੇ ਸੋਚੇ ਮੁਤਾਬਕ ਬਦੀ ਕਰਦੇ ਹਨ।
ਭਲਾ ਕਿਉਂ-ਕਿਉਂ ਕਿ ਉਨ੍ਹਾਂ ਕੋਲ ਮਨ-ਇੱਛਤ ਕਰਨ ਦੀ ਸ਼ਕਤੀ ਹੈ।
2 ਉਹ ਖੇਤ ਚਾਹੁੰਦੇ ਹਨ, ਇਸ ਲਈ ਉਹ ਇਨ੍ਹਾਂ ਨੂੰ ਖੋਹ ਲੈਂਦੇ ਹਨ।
ਉਹ ਘਰ ਚਾਹੁੰਦੇ ਹਨ, ਇਸ ਲਈ ਉਹ ਇਨ੍ਹਾਂ ਨੂੰ ਖੋਹ ਲੈਂਦੇ ਹਨ।
ਉਹ ਇੱਕ ਆਦਮੀ ਤੋਂ ਘਰ ਖੋਹ ਲੈਂਦੇ ਹਨ
ਅਤੇ ਉਸ ਨੂੰ ਗੁਮਰਾਹ ਕਰਕੇ ਉਸ ਦੀ ਜ਼ਮੀਨ ਲੈ ਲੈਂਦੇ ਹਨ।
ਲੋਕਾਂ ਨੂੰ ਸਜ਼ਾ ਦੇਣ ਦੀ ਯਹੋਵਾਹ ਦੀ ਵਿਉਂਤ
3 ਇਸੇ ਲਈ ਯਹੋਵਾਹ ਨੇ ਇਹ ਕੁਝ ਆਖਿਆ ਹੈ:
“ਵੇਖੋ! ਮੈਂ ਇਸ ਪਰਿਵਾਰ ਦੇ ਵਿਰੁੱਧ ਮੁਸੀਬਤ ਸੋਚਦਾ ਹਾਂ
ਤੁਸੀਂ ਆਪਣੇ ਆਪ ਨੂੰ ਬਚਾ ਨਾ ਸੱਕੇਂਗੇ ਤੁਹਾਡਾ ਹਂਕਾਰ ਟੁੱਟ ਜਾਵੇਗਾ
ਕਿਉਂ ਕਿ ਭੈੜਾ ਸਮਾਂ ਆ ਰਿਹਾ ਹੈ।
4 ਲੋਕ ਤੁਹਾਡੇ ਬਾਰੇ ਕਹਾਉਤਾਂ ਗਾਉਣਗੇ
ਉਹ ਤੁਹਾਡੇ ਲਈ ਇਹ ਸ਼ੋਕ ਗੀਤ ਗਾਉਣਗੇ:
‘ਅਸੀਂ ਬਰਬਾਦ ਹੋ ਗਏ ਯਹੋਵਾਹ ਨੇ
ਸਾਡੇ ਤੋਂ ਜ਼ਮੀਨ ਖੋਹਕੇ ਦੂਜਿਆਂ ਨੂੰ ਦੇ ਦਿੱਤੀ।
ਹਾਂ, ਉਸ ਨੇ ਮੈਥੋਂ ਮੇਰੀ ਧਰਤੀ ਖੋਹ
ਕੇ ਸਾਡੇ ਖੇਤਾਂ ਨੂੰ ਸਾਡੇ ਵੈਰੀਆਂ ’ਚ ਵੰਡਿਆ।
5 ਇਸ ਲਈ ਹੁਣ ਅਸੀਂ ਜ਼ਮੀਨ ਨੂੰ ਨਾਪ ਵੀ ਨਹੀਂ ਸੱਕਦੇ ਤੇ ਨਾ ਹੀ
ਯਹੋਵਾਹ ਦੀ ਉੱਮਤ ਵਿੱਚ ਵੰਡ ਸੱਕਦੇ ਹਾਂ।’”
ਮੀਕਾਹ ਨੂੰ ਨਾ ਪ੍ਰਚਾਰ ਕਰਨ ਲਈ ਆਖਣਾ
6 ਲੋਕ ਕਹਿੰਦੇ ਹਨ, “ਸਾਡੇ ਕੋਲ ਪ੍ਰਚਾਰ ਨਾ ਕਰੋ
ਸਾਡੇ ਲਈ ਬੁਰੇ ਵਾਕ ਨਾ ਆਖ ਸਾਡਾ ਕੁਝ ਨਹੀਂ ਵਿਗੜ੍ਹੇਗਾ।”
7 ਪਰ ਯਾਕੂਬ ਦੇ ਘਰਾਣੇ ਦੇ ਲੋਕੋ!
ਇਹ ਗੱਲਾਂ ਮੈਂ ਜ਼ਰੂਰ ਕਰਾਂਗਾ ਤੁਹਾਡੀ
ਭੈੜੀਆਂ ਕਰਨੀਆਂ ਕਾਰਣ ਯਹੋਵਾਹ ਦਾ ਧੀਰਜ ਟੁੱਟ ਰਿਹਾ ਹੈ
ਜੇਕਰ ਤੁਸੀਂ ਸਲੀਕੇ ਸਿਰ ਰਹੋ ਤਾਂ ਮੈਂ ਤੁਹਾਡੇ ਲਈ ਚੰਗੇ ਬਚਨ ਕਹਾਂ।
8 ਪਰ ਮੇਰੇ ਮਨੁੱਖਾਂ ਲਈ ਉਹ ਵੈਰੀਆਂ ਤੁੱਲ ਹਨ ਤੁਸੀਂ ਤੁਰਦੇ ਜਾਂਦੇ
ਮੇਰੇ ਮਨੁੱਖਾਂ ਦੇ ਪਿੱਛੋਂ ਕੱਪੜੇ ਖਿੱਚ ਲੈਂਦੇ ਹੋ
ਉਹ ਲੋਕ ਸਮਝਦੇ ਹਨ ਕਿ ਉਹ ਸੁਰੱਖਿਅਤ ਹਨ
ਪਰ ਤੁਸੀਂ ਉਨ੍ਹਾਂ ਤੋਂ ਵਸਤਾਂ ਖੋਹ ਲੈਂਦੇ ਹੋ ਜਿਵੇਂ ਉਹ ਜੰਗੀ ਕੈਦੀ ਹੋਣ।
9 ਤੁਸੀਂ ਮੇਰੇ ਆਦਮੀਆਂ ਦੀਆਂ
ਔਰਤਾਂ ਦੇ ਸੁਹਣੇ ਘਰਾਂ ਨੂੰ ਲੁੱਟਿਆ
ਅਤੇ ਉਨ੍ਹਾਂ ਦੇ ਮਾਸੂਬ ਬੱਚਿਆਂ
ਤੋਂ ਮੇਰਾ ਸਾਰਾ ਧਨ ਲੁੱਟ ਲਿਆ।
10 ਉੱਠੋ, ਅਤੇ ਦਫ਼ਾ ਹੋ
ਜਾਵੋ ਇਹ ਤੁਹਾਡੀ ਆਰਾਮਗਾਹ ਨਾ ਹੋਵੇਗੀ ਕਿਉਂ ਕਿ, ਤੁਸੀਂ ਇਸ ਥਾਂ ਨੂੰ ਬਰਬਾਦ ਕਰ ਛੱਡਿਆ।
ਤੁਸੀਂ ਇਸ ਨੂੰ ਨਾਪਾਕ ਕੀਤਾ ਇਸ ਲਈ ਇਹ ਬਰਬਾਦ ਹੋਵੇਗੀ
ਇਸਦੀ ਭਿਅੰਕਰ ਤਬਾਹੀ ਹੋਵੇਗੀ।
11 ਇਹ ਲੋਕ ਮੇਰੀ ਗੱਲ ਸੁਣਨਾ ਨਹੀਂ ਚਾਹੁੰਦੇ
ਪਰ ਜੇਕਰ ਕੋਈ ਝੂਠਾ ਆਦਮੀ ਆਕੇ ਪਰਚਾਰੇ ਤਾਂ ਇਹ ਉਸ ਦੇ ਪਿੱਛੇ ਲੱਗ ਤੁਰਨਗੇ।
ਜੇਕਰ ਕੋਈ ਝੂਠਾ ਨਬੀ ਆਕੇ ਇਹ ਆਖੇ:
“ਤੁਹਾਡੇ ਲਈ ਆਉਣ ਵਾਲਾ ਸਮਾਂ ਬੜਾ ਚੰਗਾ ਹੈ ਉਸ ਵਿੱਚ ਤੁਹਾਨੂੰ ਢੇਰ ਸ਼ਰਾਬ ਤੇ ਮੈਅ ਨਸੀਬ ਹੋਵੇਗੀ।”
ਤਾਂ ਇਹ ਉਸਦੀ ਗੱਲ ਸੱਚ ਮੰਨਕੇ ਉਸ ਦੇ ਪਿੱਛੇ ਲੱਗ ਜਾਣਗੇ।
ਯਹੋਵਾਹ ਆਪਣੇ ਲੋਕਾਂ ਨੂੰ ਇਕੱਠਿਆਂ ਕਰੇਗਾ
12 ਹਾਂ, ਯਾਕੂਬ ਦੇ ਲੋਕੋ! ਮੈਂ ਤੁਹਾਨੂੰ ਸਾਰਿਆਂ ਨੂੰ ਅਵੱਸ਼ ਇਕੱਠਿਆਂ ਕਰਾਂਗਾ।
ਮੈਂ ਇਸਰਾਏਲ ਦੇ ਸਾਰੇ ਬਚੇ ਹੋਇਆਂ ਨੂੰ ਇਕੱਠਿਆਂ ਕਰਾਂਗਾ
ਅਤੇ ਉਨ੍ਹਾਂ ਨੂੰ ਰਲਾਅ ਕੇ ਵਾੜੇ ਵਿੱਚਲੀਆਂ ਭੇਡਾਂ ਵਾਂਗ ਰੱਖਾਂਗਾ
ਅਤੇ ਜੂਹ ਵਿੱਚਲੇ ਇੱਜੜ ਵਾਂਗ ਉਨ੍ਹਾਂ ਨੂੰ ਮਿਲਾਵਾਂਗਾ ਤਾਂ ਫ਼ਿਰ ਇਹ ਥਾਂ ਕਈਆ ਲੋਕਾਂ ਦੇ ਸ਼ੋਰ ਨਾਲ ਭਰ ਜਾਵੇਗੀ।
13 ਫ਼ਿਰ “ਜਿਹੜਾ ਰਾਹਾਂ ਨੂੰ ਪੜ੍ਹਕੇ ਖੋਲ੍ਹ ਦਿੰਦਾ” ਉਨ੍ਹਾਂ ਦੇ ਅੱਗੇ-ਅੱਗੇ ਚੱਲੇਗਾ।
ਉਹ ਇਸ ਸ਼ਹਿਰ ਦੇ ਫ਼ਾਟਕ ਤੋੜਕੇ ਲੰਘ ਜਾਣਗੇ।
ਰਾਜਾ ਉਨ੍ਹਾਂ ਤੋਂ ਪਹਿਲਾਂ ਲੰਘੇਗਾ
ਅਤੇ ਉਨ੍ਹਾਂ ਦਾ ਯਹੋਵਾਹ ਉਨ੍ਹਾਂ ਲੋਕਾਂ ਦੇ ਅੱਗੇ ਹੋਵੇਗਾ।
ਇਸਰਾਏਲ ਦੇ ਆਗੂ ਬਦੀ ਦੇ ਦੋਸ਼ੀ
3 ਫ਼ਿਰ ਮੈਂ ਆਖਿਆ, “ਯਾਕੂਬ ਦੇ ਆਗੂਓ, ਹੁਣ ਸੁਣੋ! ਇਸਰਾਏਲ ਦੇ ਰਾਜ ਦੇ ਸਰਦਾਰੋ,
ਤੁਹਾਨੂੰ ਇਨਸਾਫ਼ ਕੀ ਹੁੰਦਾ ਹੈ, ਇਸ ਬਾਰੇ ਪਤਾ ਹੋਣਾ ਚਾਹੀਦਾ ਹੈ!
2 ਪਰ ਤੁਹਾਨੂੰ ਚੰਗਾਈ ਨਾਲੋਂ ਬੁਰਾਈ ਚੰਗੀ ਲੱਗਦੀ ਹੈ
ਤੁਸੀਂ ਉਨ੍ਹਾਂ ਲੋਕਾਂ ਦੀ ਚਮੜੀ ਉਧੇੜ ਕੇ,
ਉਨ੍ਹਾਂ ਦੀਆਂ ਹੱਡੀਆਂ ਤੋਂ ਉਨ੍ਹਾਂ ਦਾ ਮਾਸ ਨੋਚਦੇ ਹੋ।
3 ਤੁਸੀਂ ਮੇਰੇ ਲੋਕਾਂ ਨੂੰ ਬਰਬਾਦ ਕਰ ਰਹੇ ਹੋ।
ਤੁਸੀਂ ਉਨ੍ਹਾਂ ਦੀ ਚਮੜੀ ਉਧੇੜ ਕੇ ਉਨ੍ਹਾਂ ਦੇ ਹੱਡ ਤੋੜ ਰਹੇ ਹੋ
ਅਤੇ ਉਨ੍ਹਾਂ ਦੇ ਹੱਡਾਂ ਦਾ ਕੀਮਾ ਕਰਕੇ ਹਾਂਡੀ ’ਚ ਮਾਸ ਵਾਂਗ ਰਿੰਨ੍ਹਦੇ ਹੋ।
4 ਤਦ ਉਹ ਯਹੋਵਾਹ ਅੱਗੇ ਦੁਹਾਈ ਦੇਣਗੇ
ਪਰ ਉਹ ਉਨ੍ਹਾਂ ਨੂੰ ਜਵਾਬ ਨਾ ਦੇਵੇਗਾ
ਅਤੇ ਉਸ ਵੇਲੇ ਉਹ ਆਪਣਾ ਮੂੰਹ ਉਨ੍ਹਾਂ ਤੋਂ ਲੁਕਾ ਲਵੇਗਾ।
ਕਿਉਂ ਕਿ ਉਨ੍ਹਾਂ ਨੇ ਭੈੜੇ ਕੰਮ ਕੀਤੇ ਹਨ।”
ਝੂਠੇ ਨਬੀ
5 ਕੁਝ ਝੂਠੇ ਨਬੀ ਯਹੋਵਾਹ ਦੇ ਲੋਕਾਂ ਨੂੰ ਝੂਠੀਆਂ ਅਫ਼ਵਾਹਾਂ ਸੁਣਾ ਰਹੇ ਹਨ। ਯਹੋਵਾਹ ਉਨ੍ਹਾਂ ਨਬੀਆਂ ਲਈ ਇਉਂ ਫ਼ੁਰਮਾਉਂਦਾ ਹੈ:
“ਇਹ ਨਬੀ ਰੋਟੀਆਂ ਕਾਰਣ ਆਪਣੇ ਬਚਨ ਕਰ ਰਹੇ ਹਨ।
ਜਿਹੜਾ ਉਨ੍ਹਾਂ ਨੂੰ ਅੰਨ ਦੇਵੇ ਉਨ੍ਹਾਂ ਲਈ ਨਬੀ ਸ਼ਾਂਤੀ ਦਾ ਇਕਰਾਰ ਕਰਦੇ ਹਨ
ਤੇ ਜਿਹੜਾ ਨਹੀਂ ਦਿੰਦਾ ਉਨ੍ਹਾਂ ਨੂੰ ਜੰਗ ਦਾ ਬਚਨ ਕਰਦੇ ਹਨ।
6 “ਇਸੇ ਲਈ ਤੁਹਾਡੇ ਲਈ ਘਨਘੋਰ ਹਨੇਰਾ ਹੈ
ਅਤੇ ਤੁਸੀਂ ਦਰਸ਼ਨ ਨਹੀਂ ਵੇਖਦੇ।
ਭਵਿੱਖ ਵਿੱਚ ਕੀ ਵਾਪਰੇਗਾ, ਤੁਸੀਂ ਨਹੀਂ ਵੇਖ ਸੱਕਦੇ।
ਨਬੀਆਂ ਉੱਤੋਂ ਸੂਰਜ ਹਟ ਗਿਆ ਹੈ,
ਭਵਿੱਖ ਵਿੱਚ ਕੀ ਵਾਪਰੇਗਾ,
ਉਹ ਨਹੀਂ ਵੇਖ ਸੱਕਦੇ।
ਇਸੇ ਲਈ, ਉਨ੍ਹਾਂ ਵਾਸਤੇ ਇਹ ਘੋਰ ਅੰਧਕਾਰ ਵਾਂਗ ਹੈ।
7 ਸਾਰੇ ਨਬੀ ਅਤੇ ਭਵਿੱਖਵਕਤਾ ਸ਼ਰਮਸਾਰ ਹਨ।
ਉਹ ਕੁਝ ਨਾ ਆਖਣਗੇ ਕਿਉਂ ਕਿ ਪਰਮੇਸ਼ੁਰ ਉਨ੍ਹਾਂ ਨਾਲ ਨਾ ਬੋਲੇਗਾ।
ਮੀਕਾਹ ਪਰਮੇਸ਼ੁਰ ਦਾ ਸੱਚਾ ਨਬੀ
8 ਪਰ ਯਹੋਵਾਹ ਦੇ ਆਤਮੇ ਨੇ ਮੈਨੂੰ ਤਾਕਤ,
ਸ਼ਕਤੀ ਅਤੇ ਨੇਕੀ ਨਾਲ ਭਰ ਦਿੱਤਾ ਹੈ,
ਤਾਂ ਕਿ ਮੈਂ ਯਾਕੂਬ ਨੂੰ ਉਸ ਦੇ ਪਾਪਾਂ ਬਾਰੇ ਦੱਸ ਸੱਕਦਾ ਹਾਂ,
ਤਾਂ ਜੋ ਮੈਂ ਇਸਰਾਏਲ ਨੂੰ ਉਸ ਦੇ ਪਾਪਾਂ ਬਾਰੇ ਦੱਸਾਂ।”
ਇਸਰਾਏਲ ਦੇ ਆਗੂਆਂ ਦਾ ਦੋਸ਼
9 ਯਾਕੂਬ ਦੇ ਆਗੂਓ ਅਤੇ ਇਸਰਾਏਲ ਦੇ ਸ਼ਾਸਕੋ, ਮੇਰੀ ਗੱਲ ਸੁਣੋ!
ਤੁਸੀਂ ਸਹੀ ਜੀਵਨ ਢੰਗ ਨੂੰ ਨਫ਼ਰਤ ਕਰਦੇ ਹੋ।
ਤੁਸੀਂ ਜਿਉਣ ਦੇ ਸਹੀ ਤਰੀਕੇ ਨੂੰ ਵਿਗਾੜਦੇ ਹੋ।
10 ਤੁਸੀਂ ਲੋਕਾਂ ਦੀ ਹਤਿਆ ਨਾਲ ਸੀਯੋਨ ਨੂੰ ਸਿੰਜਿਆ
ਅਤੇ ਲੋਕਾਂ ਨੂੰ ਧੋਖਾ ਦੇਕੇ ਯਰੂਸ਼ਲਮ ਉਸਾਰਿਆ।
11 ਯਰੂਸ਼ਲਮ ਦੇ ਨਿਆਂਕਾਰ ਵਾਢੀ ਲੈ ਕੇ ਨਿਆਉ ਕਰਦੇ ਹਨ,
ਉੱਥੇ ਜਾਜਕ ਪੈਸੇ ਲੈ ਕੇ ਸਿੱਖਿਆ ਦਿੰਦੇ ਹਨ
ਅਤੇ ਨਬੀ ਪੈਸੇ ਲੈ ਕੇ ਭਵਿੱਖਬਾਣੀ ਕਰਦੇ ਹਨ ਤਾਂ ਵੀ ਉਹ ਇਹ ਆਖਕੇ ਯਹੋਵਾਹ ਉੱਤੇ ਆਸਰਾ ਲੈਂਦੇ ਹਨ,
“ਯਹੋਵਾਹ ਇੱਥੇ ਸਾਡੇ ਅੰਗ ਸੰਗ ਹੈ ਤੇ ਸਾਡੇ ਨਾਲ ਕੁਝ ਮਾੜਾ ਨਹੀਂ ਵਾਪਰੇਗਾ।”
12 ਹੇ ਆਗੂਓ! ਤੁਹਾਡੇ ਕਾਰਣ ਸੀਯੋਨ ਦੀ ਤਬਾਹੀ ਹੋਵੇਗੀ
ਅਤੇ ਇਹ ਖੇਤ ਵਾਂਗ ਵਾਹਿਆ ਜਾਵੇਗਾ।
ਯਰੂਸ਼ਲਮ ਬੇਹ ਹੋ ਜਾਵੇਗਾ
ਪਹਾੜ ਵਾਲਾ ਮੰਦਰ ਇੱਕ ਸੱਖਣੀ ਉਚਿਆਈ ਜਿੱਥੇ ਜੰਗਲੀ ਬੋਹਰ ਉਗੇਗੀ।
ਯਰੂਸ਼ਲਮ ਤੋਂ ਬਿਵਸਬਾ ਆਵੇਗੀ
4 ਅਖੀਰੀ ਦਿਨਾਂ ਵਿੱਚ, ਯਹੋਵਾਹ ਦੇ ਮੰਦਰ ਦਾ
ਪਹਾੜ ਪਰਬਤ ਸਭ ਤੋਂ ਉੱਚੇ ਪਰਬਤ ਤੇ ਹੋਵੇਗਾ।
ਇਸ ਨੂੰ ਸਾਰੇ ਪਰਬਤਾਂ ਤੋਂ ਉੱਚਾ ਕੀਤਾ ਜਾਵੇਗਾ
ਤੇ ਲੋਕ ਇੱਕ ਅਟਲ ਨਦੀ ਵਾਂਗ ਉਸ ਵੱਲ ਨੂੰ ਜਾਣਗੇ।
2 ਬਹੁਤ ਸਾਰੀਆਂ ਕੌਮਾਂ ਤੋਂ ਲੋਕ ਉਸ ਵੱਲ ਜਾਣਗੇ ਅਤੇ ਆਖਣਗੇ,
“ਚਲੋ, ਆਪਾਂ ਯਹੋਵਾਹ ਦੇ ਪਰਬਤ ਨੂੰ ਚੱਲੀਏ।
ਚਲੋ ਯਾਕੂਬ ਦੇ ਪਰਮੇਸ਼ੁਰ ਦੇ ਮੰਦਰ ਨੂੰ ਚੱਲੀਏ।
ਤਦ ਪਰਮੇਸ਼ੁਰ ਸਾਨੂੰ ਆਪਣੀ ਜੀਵਨ ਜਾਂਚ ਸਿੱਖਾਵੇਗਾ
ਅਤੇ ਅਸੀਂ ਉਸ ਦੇ ਦਰਮਾਏ ਮਾਰਗ ਤੇ ਚੱਲਾਂਗੇ।”
ਪਰਮੇਸ਼ੁਰ ਦੀ ਸਿੱਖਿਆ ਯਹੋਵਾਹ ਦੀਆਂ ਹਿਦਾਇਤਾਂ ਸੀਯੋਨ ਤੋਂ ਆਉਣਗੀਆਂ।
ਯਹੋਵਾਹ ਦਾ ਸੰਦੇਸ਼ ਯਰੂਸ਼ਲਮ ਤੋਂ ਆਵੇਗਾ।
3 ਪਰਮੇਸ਼ੁਰ ਬਹੁਤ ਸਾਰੀਆਂ ਕੌਮਾਂ ਦੇ ਲੋਕਾਂ ਉੱਪਰ ਨਿਆਂਕਾਰ ਹੋਵੇਗਾ।
ਉਹ ਦੂਰ-ਦੁਰਾਡੇ ਦੇਸਾਂ ਦੇ ਲੋਕਾਂ ਦੀਆਂ ਬਹਿਸਾਂ ਨੂੰ ਖਤਮ ਕਰੇਗਾ।
ਉਹ ਆਪਣੀਆਂ ਤਲਵਾਰਾਂ ਨੂੰ ਹਲਾਂ ਵਿੱਚ ਢਾਲਣਗੇ
ਅਤੇ ਆਪਣੀਆਂ ਨੇਜਿਆਂ ਨੂੰ ਫ਼ਸਲ ਕੱਟਣ ਵਾਲੇ ਔਜਾਰਾਂ ਵਿੱਚ।
ਲੋਕ ਦੂਜਿਆਂ ਨਾਲ ਲੜਨਾ ਬੰਦ ਕਰ ਦੇਣਗੇ
ਅਤੇ ਲੜਾਈ ਲਈ ਸਿਖਲਾਈ ਲੈਣੀ ਬੰਦ ਕਰ ਦੇਣਗੇ।
4 ਹਰ ਮਨੁੱਖ ਆਪਣੀ ਅੰਗੂਰੀ ਵੇਲ
ਅਤੇ ਅੰਜੀਰ ਦੇ ਰੁੱਖ ਹੇਠਾਂ ਬੈਠੇਗਾ।
ਕੋਈ ਵੀ ਉਨ੍ਹਾਂ ਨੂੰ ਡਰਾਏਗਾ ਨਹੀਂ।
ਕਿਉਂਕਿ ਯਹੋਵਾਹ ਸਰਬ-ਸ਼ਕਤੀਮਾਨ ਨੇ ਫ਼ੁਰਮਾਇਆ ਹੈ ਕਿ ਇਵੇਂ ਵਾਪਰੇਗਾ।
5 ਦੂਜੇ ਕੌਮਾਂ ਦੇ ਲੋਕ ਆਪੋ-ਆਪਣੇ ਦੇਵਤਿਆਂ ਨੂੰ ਮੰਨਦੇ ਹਨ।
ਪਰ ਅਸੀਂ ਹਮੇਸ਼ਾ-ਹਮੇਸ਼ਾ ਲਈ ਯਹੋਵਾਹ ਆਪਣੇ ਪਰਮੇਸ਼ੁਰ ਨੂੰ ਹੀ ਮੰਨਾਂਗੇ।
ਰਾਜ ਦੀ ਵਾਪਸੀ
6 ਯਹੋਵਾਹ ਫ਼ੁਰਮਾਉਂਦਾ,
“ਯਰੂਸ਼ਲਮ ਅਪਾਹਿਜ ਸੀ ਅਤੇ ਜਲਾਵਤਨੀ ਕਰ ਦਿੱਤਾ ਗਿਆ ਸੀ।
ਯਰੂਸ਼ਲਮ ਨੂੰ ਸੱਟ ਲਗੀ ਅਤੇ ਸਜ਼ਾ ਮਿਲੀ,
ਪਰ ਉਸ ਦਿਨ ਮੈਂ ਯਰੂਸ਼ਲਮ ਦੇ ਲੋਕਾਂ ਨੂੰ ਇਕੱਠਿਆਂ ਕਰਾਂਗਾ।”
7 “ਜਿਹੜੇ ਲੋਕ ਅਪਾਹਿਜ ਸਨ, ਬਚੇ ਹੋਏ ਬਣ ਜਾਣਗੇ।
ਜਿਹੜੇ ਇੱਥੋਂ ਸੁੱਟ ਦਿੱਤੇ ਗਏ ਸਨ ਇੱਕ ਮਜ਼ਬੂਤ ਕੌਮ ਬਣ ਜਾਣਗੇ।”
ਯਹੋਵਾਹ ਉਨ੍ਹਾਂ ਦਾ ਪਾਤਸ਼ਾਹ ਹੋਵੇਗਾ
ਅਤੇ ਉਹ ਸੀਯੋਨ ਪਰਬਤ ਤੋਂ ਉਨ੍ਹਾਂ ਤੇ ਹਮੇਸ਼ਾ ਲਈ ਰਾਜ ਕਰੇਗਾ।
8 ਤੂੰ, ਏਦਰ ਦੇ ਬੁਰਜ, ਤੇਰਾ ਵੀ ਸਮਾਂ ਆਵੇਗਾ।
ਓਫ਼ਲ, ਸੀਯੋਨ ਦੀਏ ਪਹਾੜੀਏ,
ਤੂੰ ਫਿਰ ਤੋਂ ਸਰਕਾਰ ਦੀ ਗੱਦੀ ਬਣ ਜਾਵੇਂਗੀ।
ਹਾਂ, ਰਾਜ ਯਰੂਸ਼ਲਮ ਵਿੱਚ ਪਹਿਲਾਂ ਵਾਂਗ ਹੋਵੇਗਾ।
ਇਸਰਾਏਲੀ ਬਾਬਲ ਨੂੰ ਵਾਪਸ ਕਿਉਂ ਜਾਣ?
9 ਹੁਣ ਤੂੰ ਉੱਚੀ-ਉੱਚੀ ਕਿਉਂ ਚਿਲਾਉਂਦੀ ਹੈ?
ਕੀ ਤੇਰਾ ਪਾਤਸ਼ਾਹ ਚੱਲਾ ਗਿਆ ਹੈ?
ਕੀ ਤੂੰ ਆਪਣਾ ਆਗੂ ਗੁਆ ਲਿਆ ਹੈ?
ਤੂੰ ਜਣਨ ਪੀੜ ਸਹਿਂਦੀ ਔਰਤ ਵਾਂਗ ਕਿਉਂ ਦੁੱਖੀ ਹੈਂ?
10 ਹੇ ਸੀਯੋਨ ਦੀ ਧੀਏ! ਪੀੜਾਂ ਨਾਲ ਜਣਨ ਵਾਲੀ ਔਰਤ ਵਾਂਗ
ਆਪਣੇ ‘ਬੱਚੇ’ ਨੂੰ ਜਨਮ ਦੇ।
ਤੂੰ ਇਸ ਸ਼ਹਿਰ ਵਿੱਚੋਂ ਬਾਹਰ ਚਲੀ ਜਾ (ਯਰੂਸ਼ਲਮ ਚੋਂ)
ਤੂੰ ਖੇਤਾਂ ਵਿੱਚ ਰਹੇਂਗੀ।
ਮੇਰਾ ਮਤਲਬ, ਤੂੰ ਬਾਬਲ ਵੱਲ ਨੂੰ ਜਾਵੇਂਗੀ
ਪਰ ਤੂੰ ਉਸ ਥਾਵੋਂ ਬਚਾਈ ਜਾਵੇਂਗੀ।
ਯਹੋਵਾਹ ਉੱਥੇ ਜਾਕੇ ਤੇਰੀ ਰੱਖਿਆ ਕਰੇਗਾ
ਅਤੇ ਤੈਨੂੰ ਤੇਰੇ ਵੈਰੀਆਂ ਤੋਂ ਬਚਾਵੇਗਾ।
ਯਹੋਵਾਹ ਦੂਜੇ ਰਾਜਾਂ ਨੂੰ ਤਬਾਹ ਕਰੇਗਾ
11 ਬਹੁਤ ਸਾਰੀਆਂ ਕੌਮਾਂ ਤੇਰੇ ਵਿਰੁੱਧ ਲੜਨ ਆਈਆਂ!
ਉਹ ਆਖਦੀਆਂ ਹਨ “ਵੇਖੋ! ਉਹ ਹੈ ਸੀਯੋਨ!
ਚਲੋ, ਉਸਤੇ ਧਾਵਾ ਬੋਲੀਏ!”
12 ਇਨ੍ਹਾਂ ਲੋਕਾਂ ਨੇ ਮਤੇ ਪਕਾਏ ਹੋਏ ਹਨ,
ਪਰ ਉਨ੍ਹਾਂ ਨੂੰ ਯਹੋਵਾਹ ਦੀ ਵਿਉਂਤ ਬਾਰੇ ਨਹੀਂ ਪਤਾ।
ਯਹੋਵਾਹ ਨੇ ਉਨ੍ਹਾਂ ਨੂੰ ਖਾਸ ਮਕਸਦ ਲਈ ਇੱਥੇ ਬੁਲਾਇਆ ਹੈ।
ਉਹ ਪਿੜ ਵਿੱਚਲੇ ਅਨਾਜ ਵਾਂਗ ਪੀਸੇ ਜਾਣਗੇ।
ਇਸਰਾਏਲ ਆਪਣੇ ਵੈਰੀਆਂ ਨੂੰ ਹਰਾਵੇਗੀ
13 “ਹੇ ਸੀਯੋਨ ਦੀਏ ਧੀਏ, ਉੱਠ, ਜਾਕੇ ਉਨ੍ਹਾਂ ਲੋਕਾਂ ਨੂੰ ਪੀਹ ਦੇ।
ਮੈਂ ਤੈਨੂੰ ਤਾਕਤਵਰ ਬਣਾਵਾਂਗਾ।
ਤੂੰ ਇੰਨੀ ਸ਼ਕਤੀਸ਼ਾਲੀ ਹੋਵੇਂਗੀ ਜਿਵੇਂ ਤੇਰੇ ਸਿੰਗ ਲੋਹੇ ਦੇ
ਅਤੇ ਪੈਰ ਪਿੱਤਲ ਦੇ ਹੋਣ ਤੂੰ ਬਹੁਤ ਸਾਰੇ ਲੋਕਾਂ ਨੂੰ ਕੁਚਲ ਦੇਵੇਂਗੀ
ਅਤੇ ਉਨ੍ਹਾਂ ਦੀ ਦੌਲਤ ਯੋਹਵਾਹ ਨੂੰ ਸੌਂਪ ਦੇਵੇਂਗੀ।
ਤੂੰ ਉਨ੍ਹਾਂ ਦਾ ਖਜ਼ਾਨਾ ਸਾਰੀ ਧਰਤੀ ਦੇ ਯਹੋਵਾਹ ਨੂੰ ਦੇ ਦੇਵੇਂਗੀ।”
5 ਹੁਣ, ਹੇ ਤਕੜੇ ਸ਼ਹਿਰ, ਆਪਣੇ ਸਿਪਾਹੀ ਇਕੱਠੇ ਕਰ।
ਉਹ ਹਮਲੇ ਲਈ ਸਾਨੂੰ ਘੇਰੀ ਬੈਠੇ ਹਨ।
ਉਹ ਇਸਰਾਏਲ ਦੇ ਨਿਆਂਕਾਰ ਨੂੰ
ਆਪਣੀ ਛੜੀ ਨਾਲ ਉਸਦੀ ਗੱਲ ਤੇ ਠਕੋਰਣਗੇ।
ਮਸੀਹਾ ਬੈਤਲਹਮ ਵਿੱਚ ਜਨਮੇਗਾ
2 ਪਰ ਬੈਤਲਹਮ ਅਫ਼ਰਾਬਾਹ,
ਤੂੰ ਯਹੂਦਾਹ ਦਾ ਸਭ ਤੋਂ ਛੋਟਾ ਨਗਰ ਹੈਂ।
ਤੇਰਾ ਪਰਿਵਾਰ ਬਹੁਤ ਛੋਟਾ ਹੈ ਅਤੇ ਉਂਗਲੀਆਂ ਤੇ ਗਿਣਿਆ ਜਾ ਸੱਕਦੇ।
ਪਰ “ਇਸਰਾਏਲ ਦਾ ਹਾਕਮ” ਤੇਰੇ ਵਿੱਚੋਂ ਮੇਰੇ ਲਈ ਨਿਕਲੇਗਾ।
ਉਸਦੀਆਂ ਸ਼ੁਰੂਆਤਾਂ ਬਹੁਤ ਸਮੇਂ ਪਹਿਲਾਂ,
ਪ੍ਰਾਚੀਨ ਸਮਿਆਂ ਤੋਂ ਹਨ।
3 ਤਾਂ ਯਹੋਵਾਹ ਆਪਣੇ ਲੋਕਾਂ ਨੂੰ ਛੱਡ ਦੇਵੇਗਾ,
ਜਦ ਤੀਕ ਔਰਤ ਆਪਣੇ ਬੱਚੇ ਇਕਰਾਰ ਕੀਤੇ ਪਾਤਸ਼ਾਹ ਨੂੰ ਨਾ ਜਣੇ।
ਫ਼ੇਰ ਉਸ ਦੇ ਬਾਕੀ ਦੇ ਭਰਾ ਇਸਰਾਏਲ ਦੇ ਲੋਕਾਂ
ਕੋਲ ਵਾਪਸ ਮੁੜਨਗੇ।
4 ਯਹੋਵਾਹ ਪਰਮੇਸ਼ੁਰ ਦੇ ਨਾਮ ਦੀ ਮਹਿਮਾ ਵਿੱਚ,
ਉਹ ਸ਼ਾਸਕ ਆਪਣੀਆਂ ਭੇਡਾਂ ਦੀ ਰਾਖੀ ਕਰੇਗਾ।
ਉਹ ਸ਼ਾਂਤੀ ਵਿੱਚ ਵਸਣਗੇ ਕਿਉਂ ਕਿ ਉਸ ਵੇਲੇ,
ਉਸਦਾ ਨਾਮ ਅਤੇ ਮਹਿਮਾ ਧਰਤੀ ਦੇ ਕੋਨੇ-ਕੋਨੇ ਵਿੱਚ ਹੋਵੇਗੀ।
5 ਸਭ ਪਾਸੇ ਸ਼ਾਂਤੀ ਹੋਵੇਗੀ।
ਅੱਸ਼ੂਰੀ ਸੈਨਾ ਸਾਡੇ ਦੇਸ ਵਿੱਚ ਆਵੇਗੀ
ਅਤੇ ਸਾਡੀਆਂ ਵੱਡੀਆਂ ਇਮਾਰਤਾਂ ਨੂੰ ਮਿੱਧ ਜਾਵੇਗੀ।
ਪਰ ਇਸਰਾਏਲ ਦੇ ਹਾਕਮ ਉਨ੍ਹਾਂ ਨੂੰ ਸਤਾਉਣ ਲਈ
ਸੱਤ ਆਜੜੀ ਅਤੇ ਅੱਠ ਆਗੂ ਚੁਨਣਗੇ।
6 ਉਹ ਅੱਸ਼ੂਰ ਉੱਤੇ ਤਲਵਾਰਾਂ ਨਾਲ ਸਾਸਨ ਕਰਨਗੇ
ਅਤੇ ਨਿਰਮੋਦ ਦੇ ਦੇਸ ਉੱਤੇ ਨੰਗੀਆਂ ਤਲਵਾਰਾਂ ਨਾਲ ਰਾਜ ਕਰਨਗੇ।
ਪਰ ਫ਼ੇਰ ਇਸਰਾਏਲ ਦਾ ਹਾਕਮ ਸਾਨੂੰ ਅੱਸ਼ੂਰੀਆਂ ਤੋਂ ਬਚਾਵੇਗਾ
ਜਦੋਂ ਉਹ ਸਾਡੀ ਧਰਤੀ ਉੱਤੇ ਆਕੇ ਸਾਡੀ ਸਲਤਨਤ ਨੂੰ ਲਿਤਾੜਣਗੇ।
7 ਪਰ ਯਾਕੂਬ ਦੇ ਘਰਾਣੇ ਦੇ ਬਚੇ ਹੋਏ ਬਹੁਤੀਆਂ ਕੌਮਾਂ ਵਿੱਚ
ਇਉਂ ਖਿੱਲਰਣਗੇ ਜਿਵੇਂ ਯਹੋਵਾਹ ਵੱਲੋਂ ਭੇਜੀ ਤ੍ਰੇਲ,
ਉਹ ਕਿਸੇ ਮਨੁੱਖ ਤੇ ਨਿਰਭਰ ਨਾ ਹੋਣਗੇ ਉਹ ਘਾਹ ਤੇ ਪੈਂਦੇ ਮੀਂਹ ਵਾਂਗ ਹੋਣਗੇ
ਜਿਹੜੀ ਕਿ ਕਿਸੇ ਦੀ ਮੁਹਤਾਜ਼ ਨਹੀਂ ਹੁੰਦੀ।
8 ਯਾਕੂਬ ਦੇ ਬਚੇ ਮਨੁੱਖ ਕੌਮਾਂ ਵਿੱਚਕਾਰ ਬਹੁਤੇ ਰਾਜਾਂ ਵਿੱਚ,
ਜੰਗਲੀ ਜਾਨਵਰਾਂ ਵਿੱਚਕਾਰ ਬੱਬਰ-ਸ਼ੇਰ ਵਰਗੇ ਹੋਣਗੇ
ਉਹ ਭੇਡਾਂ ਦੇ ਇੱਜੜਾਂ ਵਿੱਚ ਜੁਆਨ ਸ਼ੇਰ ਵਰਗੇ ਹੋਣਗੇ
ਜਿਵੇਂ ਜੰਗਲ ’ਚ ਸ਼ੇਰ ਜਿੱਥੇ ਜਾਣਾ ਚਾਹੇ ਨਿਡਰ ਜਾਂਦਾ ਹੈ
ਤੇ ਜੇਕਰ ਉਹ ਕਿਸੇ ਜਾਨਵਰ ਤੇ ਹਮਲਾ ਕਰੇ ਉਸਦਾ ਬਚਣਾ ਨਾਮੁਮਕਿਨ ਹੁੰਦਾ ਹੈ
ਉਹ ਬਚੇ ਹੋਏ ਵੀ ਉਸ ਸ਼ੇਰ ਵਰਗੇ ਹੀ ਹੋਣਗੇ।
9 ਜਦੋਂ ਤੂੰ ਆਪਣੇ ਦੁਸ਼ਮਣਾਂ ਨਾਲ ਲੜੇਂਗਾ,
ਤੂੰ ਉਨ੍ਹਾਂ ਨੂੰ ਤਬਾਹ ਕਰ ਦੇਵੇਂਗਾ।
ਲੋਕ ਪਰਮੇਸ਼ੁਰ ਤੇ ਨਿਰਭਰ ਹੋਣਗੇ
10 ਯਹੋਵਾਹ ਆਖਦਾ ਹੈ:
“ਉਸ ਵੇਲੇ ਮੈਂ ਤੁਹਾਡੇ ਘੋੜੇ ਖੋਹ ਲਵਾਂਗਾ
ਅਤੇ ਤੁਹਾਡੇ ਰੱਥ ਬਰਬਾਦ ਕਰ ਦੇਵਾਂਗਾ।
11 ਮੈਂ ਤੁਹਾਡੇ ਦੇਸ ਦੇ ਸਾਰੇ ਸ਼ਹਿਰ ਤਬਾਹ ਕਰ ਸੁੱਟਾਂਗਾ
ਮੈਂ ਤੁਹਾਡੇ ਸਾਰੇ ਕਿਲੇ ਢਹਿ-ਢੇਰੀ ਕਰ ਦਿਆਂਗਾ।
12 ਬਹੁਤੀ ਦੇਰ ਤੁਹਾਡਾ ਜਾਦੂ ਨਾ ਚੱਲੇਗਾ ਤੁਹਾਡੀ
ਭਵਿੱਖਬਾਣੀ ਕਰਨ ਵਾਲੇ ਮਨੁੱਖ ਖਤਮ ਹੋ ਜਾਣਗੇ।
13 ਮੈਂ ਤੇਰੇ ਝੂਠੇ ਦੇਵਤਿਆਂ ਦੀਆਂ ਮੂਰਤੀਆਂ ਨੂੰ ਨਸ਼ਟ ਕਰ ਦੇਵਾਂਗਾ।
ਮੈਂ ਤੇਰੇ ਯਾਦਗਾਰੀ ਥੰਮਾਂ ਨੂੰ ਤਬਾਹ ਕਰ ਦੇਵਾਂਗਾ।
ਤੂੰ ਆਪਣੇ ਹੱਥੀਂ ਬਣਾਈਆਂ ਮੂਰਤੀਆਂ ਦੀ ਹੋਰ ਉਪਾਸਨਾ ਨਹੀਂ ਕਰੇਂਗਾ।
14 ਮੈਂ ਤੇਰੇ ਅਸ਼ੇਰਾਹ ਦੇ ਥੰਮਾਂ ਨੂੰ ਵੱਢ ਸੁੱਟਾਂਗਾ
ਅਤੇ ਤੇਰੇ ਸ਼ਹਿਰਾਂ ਨੂੰ ਤਬਾਹ ਕਰ ਦੇਵਾਂਗਾ।
15 ਕੁਝ ਲੋਕ ਮੇਰੀ ਗੱਲ ਨਾ ਸੁਣਨਗੇ
ਪਰ ਮੈਂ ਕ੍ਰੋਧ ਅਤੇ ਗੁੱਸੇ ਉਨ੍ਹਾਂ ਕੌਮਾਂ ਦਾ ਬਦਲਾ ਲਵਾਂਗਾ।”
ਯਹੋਵਾਹ ਦੀ ਸ਼ਿਕਾਇਤ
6 ਹੁਣ ਸੁਣੋ! ਕਿ ਯਹੋਵਾਹ ਕੀ ਕਹਿੰਦਾ ਹੈ?
ਪਰਬਤਾਂ ਨੂੰ ਆਪਣੀ ਸ਼ਿਕਾਈਤ ਦੱਸ।
ਪਹਾੜੀਆਂ ਨੂੰ ਆਪਣੀ ਕਹਾਣੀ ਸੁਣਾ।
2 ਯਹੋਵਾਹ ਨੂੰ ਆਪਣੇ ਲੋਕਾਂ ਦੇ ਵਿਰੁੱਧ ਸ਼ਿਕਾਇਤ ਹੈ।
ਪਰਬਤੋਂ! ਯਹੋਵਾਹ ਦੀ ਸਿਕਾਇਤ ਨੂੰ ਸੁਣੋ।
ਧਰਤੀ ਦੀ ਨੀਹੋਂ, ਯਹੋਵਾਹ ਦੀ ਸ਼ਿਕਾਈਤ ਨੂੰ ਸੁਣੋ।
ਉਹ ਸਾਬਿਤ ਕਰ ਦੇਵੇਗਾ ਕਿ ਇਸਰਾਏਲ ਗ਼ਲਤ ਹੈ।
3 ਯਹੋਵਾਹ ਆਖਦਾ, “ਮੇਰੇ ਲੋਕੋ, ਦੱਸੋ, ਮੈਂ ਤੁਹਾਨੂੰ ਕੀ ਕੀਤਾ?
ਕੀ ਮੈਂ ਤੁਹਾਡੇ ਖਿਲਾਫ਼ ਕੋਈ ਗ਼ਲਤ ਕੰਮ ਕੀਤਾ ਹੈ?
ਕੀ ਮੈਂ ਤੁਹਾਡੇ ਤੇ ਬੋਝ ਪਾਈਆ?
4 ਮੈਂ ਤੁਹਾਡੇ ਅੱਗੇ ਮੂਸਾ,
ਹਾਰੂਨ ਅਤੇ ਮਿਰਯਮ ਨੂੰ ਭੇਜਿਆ।
ਮੈਂ ਤੁਹਾਨੂੰ ਮਿਸਰ ਦੇਸ ਚੋ ਕੱਢ ਲਿਆਇਆ
ਮੈਂ ਗੁਲਾਮੀ ਤੋਂ ਤੁਹਾਨੂੰ ਮੁਕਤ ਕੀਤਾ।
5 ਮੇਰੇ ਲੋਕੋ, ਉਨ੍ਹਾਂ ਬੁਰੀਆਂ ਵਿਉਂਤਾਂ ਨੂੰ ਚੇਤੇ ਕਰੋ, ਜਿਹੜੀਆਂ ਮੋਆਬ ਦੇ ਰਾਜੇ ਬਲਾਕ ਨੇ ਬਣਾਈਆਂ ਸਨ।
ਚੇਤੇ ਕਰੋ ਬਉਰ ਦੇ ਪੁੱਤਰ ਬਿਲਆਮ ਨੇ ਬਾਲਾਕ ਨੂੰ ਕੀ ਆਖਿਆ ਸੀ।
ਚੇਤੇ ਕਰੋ, ਸ਼ਿੱਟੀਮ ਤੋਂ ਲੈ ਕੇ ਗਿਲਗਾਲ ਤੀਕ ਕੀ ਵਾਪਰਿਆ, ਜਦੋਂ ਤੁਸੀਂ ਉਨ੍ਹਾਂ ਗੱਲਾਂ ਨੂੰ ਚੇਤੇ ਕਰੋਂਗੇ,
ਤੁਸੀਂ ਜਾਣ ਜਾਵੋਗੇ ਕਿ ਯਹੋਵਾਹ ਸਹੀ ਹੈ।”
ਪਰਮੇਸ਼ੁਰ ਸਾਡੇ ਤੋਂ ਕੀ ਚਾਹੁੰਦਾ ਹੈ?
6 ਜਦੋਂ ਮੈਂ ਯਹੋਵਾਹ ਨੂੰ ਮਿਲਣ ਲਈ ਆਵਾਂ ਤਾਂ
ਮੈਂ ਉਸ ਦੇ ਹਜ਼ੂਰ ਕੀ ਲੈ ਕੇ ਹਾਜ਼ਰ ਹੋਵਾਂ?
ਜਦੋਂ ਉੱਚੇ ਬੈਠੇ ਪਰਮੇਸ਼ੁਰ ਅੱਗੇ ਸੀਸ ਝੁਕਾਵਾਂ ਉਸ ਵਕਤ
ਮੈਨੂੰ ਕੀ ਕਰਨਾ ਚਾਹੀਦਾ ਹੈ?
ਕੀ ਮੈਂ ਪਰਮੇਸ਼ੁਰ ਅੱਗੇ ਹੋਮ ਦੀਆਂ ਭੇਟਾਂ ਅਤੇ ਇੱਕ ਵਰ੍ਹੇ ਦਾ ਵੱਛਾ ਲੈ ਕੇ 1,000 ਹੋਵਾਂ?
7 ਕੀ ਯਹੋਵਾਹ 10,000 ਭੇਡੂਆਂ ਨਾਲ
ਜਾਂ ਤੇਲ ਦੇ ਦਸ ਹਜ਼ਾਰ ਦਰਿਆਵਾਂ ਨਾਲ ਪ੍ਰਸੰਨ ਹੋਵੇਗਾ?
ਕੀ ਮੈਂ ਆਪਣੇ ਅਪਰਾਧਾਂ ਲਈ ਆਪਣਾ ਪਹਿਲੋਠਾ ਪੁੱਤਰ, ਉਸ ਨੂੰ ਅਰਪਣ ਕਰਾਂ?
ਕੀ ਮੈਂ ਉਸ ਬੱਚੇ ਨੂੰ ਆਪਣੇ ਪਾਪਾਂ ਲਈ ਭੇਟ ਕਰਾਂ ਜਿਸ ਨੂੰ ਮੈਂ ਖੁਦ ਦੀ ਕੁੱਖੋਂ ਜੰਮਿਆ?
8 ਹੇ ਆਦਮੀ, ਉਸ ਨੇ ਤੈਨੂੰ ਦੱਸਿਆ ਕਿ ਕੀ ਨੇਕ ਹੈ?
ਯਹੋਵਾਹ ਨੇ ਤੈਨੂੰ ਪਹਿਲਾਂ ਹੀ ਦੱਸਿਆ ਕਿ ਉੱਸਨੂੰ ਤੈਥੋਂ ਕੀ ਚਾਹੀਦਾ:
ਦੂਜੇ ਲੋਕਾਂ ਨਾਲ ਇਨਸਾਫ਼ ਕਰ, ਉਨ੍ਹਾਂ ਪਿਆਰ, ਦਯਾ ਤੇ ਨਿਮਰਤਾ ਦਰਸਾ।
ਆਪਣੇ ਪਰਮੇਸ਼ੁਰ ਨਾਲ ਨਿਮਰਤਾ ਸਹਿਤ ਰਹਿ।
ਇਸਰਾਏਲੀ ਕੀ ਕਰ ਰਹੇ ਸਨ?
9 ਯਹੋਵਾਹ ਦੀ ਆਵਾਜ਼ ਸ਼ਹਿਰ ਨੂੰ ਪੁਕਾਰਦੀ ਹੈ।
ਸਿਆਣੇ ਲੋਕੋ ਉਸ ਦੇ ਨਾਉਂ ਦਾ ਆਦਰ ਕਰੋ।
ਦੰਡ ਦਿੰਦੀ ਛੜ ਅਤੇ ਇਸ ਨੂੰ ਨਿਯੁਕਤ ਕਰਨ ਵਾਲੇ ਵੱਲ ਧਿਆਨ ਦਿਓ।
10 ਕੀ ਦੁਸ਼ਟ ਮਨੁੱਖਾਂ ਦੇ ਘਰ ਅਜੇ ਵੀ ਪਾਪਾਂ ਦਾ ਧਨ ਪਿਆ ਹੈ
ਜਿਹੜਾ ਉਨ੍ਹਾਂ ਚੁਰਾਇਆ ਸੀ?
ਕੀ ਦੁਸ਼ਟ ਲੋਕ ਅਜੇ ਵੀ ਘੱਟ ਨਾਪਕੇ ਦੂਜਿਆਂ ਨੂੰ ਧੋਖਾ ਦਿੰਦੇ ਹਨ?
ਹਾਂ! ਕੀ ਅਜੇ ਵੀ ਇਹ ਸਭ ਕੁਝ ਵਾਪਰ ਰਿਹਾ ਹੈ।
11 ਕੀ ਮੈਂ ਉਨ੍ਹਾਂ ਦੁਸ਼ਟਾਂ ਨੂੰ ਮੁਆਫ ਕਰ ਦੇਵਾਂ
ਜੋ ਅਜੇ ਵੀ ਤਕੜੀ ’ਚ ਡੰਡੀ ਮਾਰਦੇ ਤੇ ਘੱਟ ਤੋਂਲਦੇ ਹਨ।
ਕੀ ਉਨ੍ਹਾਂ ਦੁਸ਼ਟਾਂ ਨੂੰ ਖਿਮਾ ਕਰਾਂ ਜਿਨ੍ਹਾਂ ਦੀ ਬੈਲੀ ਵਿੱਚ ਖੋਟੇ ਵੱਟੇ ਹਨ? ਨਹੀਂ!
12 ਉਸ ਸ਼ਹਿਰ ਵਿੱਚ ਅਮੀਰ ਲੋਕ ਅਜੇ ਵੀ ਨਿਰਦਯੀ ਹਨ
ਅਜੇ ਵੀ ਉਸ ਸ਼ਹਿਰ ਦੇ ਮਨੁੱਖ ਝੂਠ ਬੋਲਦੇ ਹਨ।
ਹਾਂ! ਉਨ੍ਹਾਂ ਦੀ ਜ਼ਬਾਨ ਝੂਠ ਤੇ ਫ਼ਰੇਬ ਵਾਲੀ ਹੈ।
13 ਇਸ ਲਈ ਮੈਂ ਤੁਹਾਨੂੰ ਦੰਡ ਦੇਣਾ ਆਰੰਭਿਆ
ਮੈਂ ਤੁਹਾਡੇ ਪਾਪਾਂ ਕਾਰਣ ਤੁਹਾਨੂੰ ਬਰਬਾਦ ਕਰਾਂਗਾ।
14 ਤੁਸੀਂ ਖਾਵੋਂਗੇ ਪਰ ਸੰਤੁਸ਼ਟ ਨਹੀਂ ਹੋਵੋਂਗੇ।
ਤੁਸੀਂ ਭੁੱਖੇ ਅਤੇ ਤੁਹਾਡੇ ਢਿੱਡ ਖਾਲੀ ਹੋਣਗੇ।
ਤੁਸੀਂ ਆਪਣਾ ਪੈਸਾ ਬਚਾਉਣ ਦੀ ਕੋਸ਼ਿਸ਼ ਕਰੋਂਗੇ,
ਪਰ ਬਚਾ ਨਹੀਂ ਸੱਕੇਂਗੇ।
ਜੋ ਕੁਝ ਵੀ ਤੁਸੀਂ ਬਚਾਵੋਂਗੇ,
ਦੁਸ਼ਮਣਾਂ ਦੁਆਰਾ ਲੈ ਲਿਆ ਜਾਵੇਗਾ।
15 ਤੁਸੀਂ ਬੀਜੋਂਗੇ ਪਰ ਵੱਢੇਂਗੇ ਨਹੀਂ
ਤੁਸੀਂ ਆਪਣੇ ਜੈਤੂਨਾਂ ਨੂੰ ਮਿੱਧੋਂਗੇ-ਨਿਚੋੜੋਂਗੇ ਪਰ ਤੇਲ ਨਾ ਕੱਢ ਪਾਵੋਂਗੇ।
ਤੁਸੀਂ ਆਪਣੇ ਅੰਗੂਰਾਂ ਨੂੰ ਮਿੱਧੋਂਗੇ
ਪਰ ਪੀਣ ਜੋਗੀ ਸ਼ਰਾਬ ਨਾ ਕੱਢ ਸੱਕੇਂਗੇ।
16 ਕਿਉਂ ਕਿ ਤੁਸੀਂ ਇਸਰਾਏਲ ਦੇ ਪਾਤਸ਼ਾਹ ਓਮਰੀ ਦੀ ਬਿਵਸਬਾ ਨੂੰ ਮੰਨਦੇ ਹੋ।
ਤੁਸੀਂ ਉਹ ਸਾਰੇ ਮੰਦੇ ਕੰਮ ਕਰਦੇ
ਹੋ ਜੋ ਅਹਾਬ ਦੇ ਘਰਾਣੇ ਨੇ ਕੀਤੇ,
ਅਤੇ ਤੁਸੀਂ ਉਨ੍ਹਾਂ ਦੀਆਂ ਸਿੱਖਿਆਵਾਂ ਤੇ ਅਮਲ ਕਰਦੇ ਹੋ।
ਇਸੇ ਲਈ, ਮੈਂ ਤੁਹਾਨੂੰ ਤਬਾਹ ਹੋਣ ਦੇਵਾਂਗਾ।
ਜਦੋਂ ਲੋਕ ਤੁਹਾਡਾ ਉਜੜਿਆ ਸ਼ਹਿਰ ਵੇਖਣਗੇ,
ਉਹ ਹੈਰਾਨੀ ਵਿੱਚ ਸੀਟੀਆਂ ਮਾਰਨਗੇ।
ਇਸ ਲਈ ਤੁਸੀ ਕੌਮਾਂ ਦੀ ਨਿੰਦਿਆ ਸਹਾਰੋਗੇ।
ਲੋਕਾਂ ਦੀ ਬਦੀ ਕਾਰਣ ਮੀਕਾਹ ਦੀ ਬੇਚੈਨੀ
7 ਮੈਂ ਪੀੜਿਤ ਹਾਂ, ਕਿਉਂ ਕਿ ਮੈਂ ਉਸ ਵਿਅਕਤੀ ਵਰਗਾ ਹਾਂ
ਜਿਸ ਨੂੰ ਖਾਣ ਲਈ ਕੁਝ ਨਹੀਂ ਮਿਲ ਸੱਕਦਾ ਕਿਉਂ ਕਿ ਫ਼ਲ ਪਹਿਲਾਂ ਹੀ ਵੱਢਿਆ ਜਾ ਚੁੱਕਿਆ
ਅਤੇ ਬੱਚਿਆਂ ਹੋਇਆ ਚੁੱਕ ਲਿਆ ਗਿਆ ਹੈ।
ਪਹਿਲੇ ਅੰਜੀਰਾਂ ਵਿੱਚੋਂ ਕੋਈ ਨਹੀਂ ਬੱਚਿਆਂ, ਜਿਨ੍ਹਾਂ ਨੂੰ ਪਿਆਰ ਕਰਦਾ ਸਾਂ।
2 ਮੇਰੇ ਕਹਿਣ ਦਾ ਭਾਵ ਇਹ ਹੈ ਕਿ ਈਮਾਨਦਾਰ ਮਨੁੱਖ ਸਾਰੇ ਖਤਮ ਹੋ ਗਏ ਹਨ
ਅਤੇ ਇਸ ਦੇਸ ਵਿੱਚ ਕੋਈ ਨੇਕ ਮਨੁੱਖ ਨਹੀਂ ਬਚਿਆ।
ਹਰ ਮਨੁੱਖ ਦੂਜੇ ਦੀ ਹਤਿਆ ਕਰਨ ਬਾਰੇ ਸੋਚਦਾ ਹੈ
ਹਰ ਭਾਈ ਆਪਣੇ ਭਾਈ ਨੂੰ ਜਾਲ ’ਚ ਫ਼ਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।
3 ਲੋਕ ਦੋਨਾਂ ਹੱਥਾਂ ਨਾਲ ਬੁਰਿਆਈਆਂ ਕਰਨ ’ਚ ਲੱਗੇ ਹੋਏ ਹਨ।
ਸਰਦਾਰ ਵੱਢੀ ਮੰਗਦੇ ਹਨ,
ਨਿਆਂਕਾਰ ਅਦਾਲਤ ਵਿੱਚ ਆਪਣਾ ਫੈਸਲਾ ਬਦਲਣ ਲਈ ਧਨ ਖਾਂਦੇ ਹਨ।
“ਪ੍ਰਮੁੱਖ ਆਗੂ” ਦਿਆਨਤਕਦਾਰ ਫ਼ੈਸਲੇ ਨਹੀਂ ਦਿੰਦੇ ਸਗੋਂ ਆਪਣੀ ਮਨਮਰਜ਼ੀ ਕਰਦੇ ਹਨ।
4 ਉਨ੍ਹਾਂ ਵਿੱਚੋਂ ਵੱਧੀਆ ਮਨੁੱਖ ਵੀ ਬੋਹਰ ਵਰਗੇ ਹਨ।
ਸਗੋਂ ਜਿੰਨੇ ਵੱਧੀਆ ਓਨੇ ਖੋਟੇ ਹਨ, ਉਹ ਜੰਗਲੀ ਕੰਡਿਆਂ ਤੋਂ ਵੀ ਨਖਿੱਧ ਹਨ।
ਸਜ਼ਾ ਦਾ ਦਿਨ ਆ ਰਿਹਾ ਹੈ
ਤੇਰੇ ਨਬੀਆਂ ਦਾ ਕਹਿਣਾ ਹੈ ਕਿ ਉਹ ਦਿਨ ਆਵੇਗਾ।
ਤੇਰੇ ਰਾਖਿਆਂ ਦਾ ਦਿਨ,
ਤੇਰੇ ਦਰਬਾਨਾਂ ਦਾ ਦਿਨ ਆ ਗਿਆ ਹੈ।
ਹੁਣ ਤੁਹਾਨੂੰ ਸਜ਼ਾ ਦਿੱਤੀ ਜਾਵੇਗੀ ਅਤੇ ਤੁਸੀਂ ਘਬਰਾ ਜਾਵੋਂਗੇ।
5 ਗੁਆਂਢੀ ਉੱਤੇ ਭਰੋਸਾ ਨਾ ਕਰੋ ਤੇ ਨਾ ਹੀ ਮਿੱਤਰ ਤੇ ।
ਇੱਥੋਂ ਤੀਕ ਕਿ ਆਪਣੀ ਪਤਨੀ ਨਾਲ ਵੀ ਖੁਲ੍ਹਕੇ ਗੱਲ ਨਾ ਕਰੋ।
6 ਮਨੁੱਖ ਦਾ ਵੈਰੀ ਉਸ ਦੇ ਆਪਣੇ ਹੀ
ਘਰ ’ਚ ਲੁਕਿਆ ਬੈਠਾ ਹੈ।
ਪੁੱਤਰ ਪਿਤਾ ਦਾ ਦੁਸ਼ਮਨ,
ਮਾਂ ਧੀ ਦੇ ਖਿਲਾਫ਼ ਅਤੇ ਨੂੰਹ ਸੱਸ ਦੇ ਖਿਲਾਫ਼ ਉੱਠੇਗੀ ।
ਯਹੋਵਾਹ ਹੀ ਮੁਕਤੀਦਾਤਾ ਹੈ
7 ਸੋ ਮੈਂ ਯਹੋਵਾਹ ਵੱਲ ਮਦਦ ਲਈ ਤੱਕਾਂਗਾ ਤੇ
ਮੈਂ ਆਪਣੇ ਬਚਾਓ ਲਈ ਪਰਮੇਸ਼ੁਰ ਦੀ ਉਡੀਕ ਕਰਾਂਗਾ।
ਮੇਰਾ ਪਰਮੇਸ਼ੁਰ ਮੇਰੀ ਦੁਹਾਈ ਸੁਣੇਗਾ।
8 ਭਾਵੇਂ ਮੈਂ ਡਿੱਗ ਪਿਆ ਹਾਂ,
ਪਰ ਮੇਰੇ ਵੈਰੀ, ਮੇਰੀ ਹਸੀਁ ਨਾ ਕਰਨਾ!
ਮੈਂ ਮੁੜ ਉੱਠ ਖੜੋਵਾਂਗਾ ਹੁਣ ਮੈਂ ਹਨੇਰੇ ’ਚ ਬੈਠਿਆ ਹਾਂ
ਪਰ ਯਹੋਵਾਹ ਮੇਰੇ ਲਈ ਰੋਸ਼ਨੀ ਹੋਵੇਗਾ।
ਯਹੋਵਾਹ ਦਾ ਖਿਮਾ ਕਰਨਾ
9 ਮੈਂ ਯਹੋਵਾਹ ਨਾਲ ਧਰੋਹ ਕਮਾਇਆ
ਇਸ ਲਈ ਉਸ ਮੇਰੇ ਤੇ ਕਰੋਧ ਕੀਤਾ।
ਪਰ ਉਹ ਮੇਰਾ ਮੁਕੱਦਮਾ ਅਦਾਲਤ ਵਿੱਚ ਮੇਰੇ ਲਈ ਲੜੇਗਾ
ਅਤੇ ਜੋ ਮੇਰੇ ਲਈ ਠੀਕ ਹੋਵੇਗਾ, ਉਹੀ ਕਰੇਗਾ।
ਫ਼ਿਰ ਉਹ ਮੈਨੂੰ ਹਨੇਰੇ ਚੋ ਕੱਢ ਲਵੇਗਾ
ਅਤੇ ਮੈਂ ਮੁੜ ਰੋਸ਼ਨੀ ਵੇਖ ਸੱਕਾਂਗਾ।
10 ਮੇਰੇ ਦੁਸ਼ਮਣ ਨੇ ਮੈਨੂੰ ਆਖਿਆ,
“ਕਿੱਥੋ ਹੈ ਯਹੋਵਾਹ ਤੇਰਾ ਪਰਮੇਸ਼ੁਰ?”
ਪਰ ਮੇਰੀ ਵੈਰਨ ਆਪਣੀ ਅੱਖੀਂ ਇਹ ਵੇਖੇਗੀ
ਅਤੇ ਸ਼ਰਮਸਾਰ ਹੋਵੇਗੀ ਉਸ ਵਕਤ,
ਮੈਂ ਵੇਖਾਂਗਾ ਕਿ ਉਸ ਨਾਲ ਕੀ ਵਾਪਰਦਾ।
ਲੋਕੀਂ ਗਲੀਆਂ ਵਿੱਚ ਮਿੱਧਦੇ ਚਿਕੱੜ ਵਾਂਗ ਉਸ ਨੂੰ ਮਧੋਲ ਕੇ ਲੰਘਣਗੇ।
ਯਹੂਦੀਆਂ ਦੀ ਵਾਪਸੀ
11 ਉਹ ਵੀ ਵਕਤ ਆਵੇਗਾ ਜਦੋਂ ਤੁਹਾਡੀਆਂ ਕੰਧਾਂ ਮੁੜ ਉਸਰਣਗੀਆਂ।
ਉਸ ਵੇਲੇ ਤੇਰਾ ਦੇਸ਼ ਵੱਡਾ ਹੋ ਜਾਵੇਗਾ।
12 ਤੇਰੀ ਉੱਮਤ ਤੇਰੀ ਧਰਤੀ ਤੇ ਵਾਪਸ ਆਵੇਗੀ ਉਹ ਅੱਸ਼ੂਰ
ਅਤੇ ਮਿਸਰ ਦੇ ਸ਼ਹਿਰਾਂ ਤੋਂ ਵਾਪਸ ਪਰਤਨਗੇ।
ਤੇਰੀ ਉੱਮਤ ਮਿਸਰ ਤੋਂ ਅਤੇ ਦਰਿਆ ਦੇ ਦੂਜੇ ਪਾਰ ਤੋਂ ਆਵੇਗੀ,
ਉਹ ਪੱਛਮੀ ਸਮੁੰਦਰ ਤੋਂ ਵੀ ਆਵੇਗੀ
ਅਤੇ ਪੂਰਬੀ ਪਹਾੜਾਂ ਤੋਂ ਵੀ ਪਰਤੇਗੀ।
13 ਧਰਤੀ ਉੱਥੋਂ ਦੇ ਲੋਕਾਂ ਦੇ ਬੁਰੇ ਕੰਮਾਂ ਕਾਰਣ,
ਜਿਹੜੇ ਉੱਥੇ ਵੱਸਦੇ ਸਨ, ਤਬਾਹ ਹੋਈ।
14 ਇਸੇ ਲਈ, ਆਪਣੀ ਛੜ ਨਾਲ ਆਪਣੇ ਲੋਕਾਂ ਉੱਤੇ ਸ਼ਾਸਨ ਕਰ।
ਆਪਣੇ ਇੱਜੜ ਉੱਤੇ ਸ਼ਾਸਨ ਕਰ, ਜੋ ਇੱਕਲਾ, ਕਰਮਲ ਪਰਬਤ ਅਤੇ ਲੱਕੜਾਂ ਵਿੱਚ ਵਸਦਾ ਹੈ।
ਉਹ ਬਾਸ਼ਾਨ ਅਤੇ ਗਿਲਆਦ ਵਿੱਚ ਰਹਿੰਦੇ ਹਨ ਜਿਵੇਂ
ਕਿ ਉਹਨਾਂ ਨੇ ਪੁਰਾਣੇ ਸਮਿਆਂ ਵਿੱਚ ਕੀਤਾ ਸੀ।
ਇਸਰਾਏਲ ਆਪਣੇ ਵੈਰੀਆਂ ਨੂੰ ਹਰਾਏਗਾ
15 ਜਦੋਂ ਮੈਂ ਤੁਹਾਨੂੰ ਮਿਸਰ ਦੇਸ ਤੋਂ ਕੱਢਿਆ, ਮੈਂ ਤੁਹਾਡੇ ਨਾਲ ਕਈ ਚਮਤਕਾਰ ਕੀਤੇ।
ਮੈਂ ਤੁਹਾਨੂੰ ਹੋਰ ਵੀ ਚਮਤਕਾਰ ਵਿਖਾਵਾਂਗਾ।
16 ਕੌਮਾਂ ਇਹ ਚਮਤਕਾਰ ਵੇਖਣਗੀਆਂ ਅਤੇ ਸ਼ਰਮਸਾਰ ਹੋਣਗੀਆਂ।
ਉਹ ਵੇਖਣਗੀਆਂ ਕਿ ਉਨ੍ਹਾਂ ਦੀ ਸ਼ਕਤੀ ਮੇਰੇ ਅੱਗੇ ਤੁੱਛ ਹੈ।
ਉਹ ਹੈਰਾਨ ਹੋ ਕੇ ਆਪਣੇ ਹੱਥ ਮੂੰਹਾਂ ਤੇ ਰੱਖਣਗੇ।
ਉਹ ਸੁਣਨ ਤੋਂ ਇਨਕਾਰੀ ਹੋਕੇ ਆਪਣੇ ਕੰਨਾਂ ਹੱਥਾਂ ਨਾਲ ਢੱਕੱ ਲੈਣਗੇ।
17 ਉਹ ਧੂੜ ਵਿੱਚ ਸੱਪ ਵਾਂਗ ਸਰਕਣਗੇ,
ਧਰਤੀ ’ਚ ਵਰਮੀ ’ਚ ਲੁਕੇ ਭੈਅ ਨਾਲ ਕੰਬਣਗੇ
ਅਤੇ ਸਾਡੇ ਯਹੋਵਾਹ ਪਰਮੇਸ਼ੁਰ ਵੱਲ ਆਉਂਦੇ ਹੋਏ ਹੇ ਪਰਮੇਸ਼ੁਰ!
ਡਰਣਗੇ ਅਤੇ ਤੇਰਾ ਮਾਨ ਕਰਣਗੇ।
ਯਹੋਵਾਹ ਦੀ ਉਸਤਤ
18 ਤੇਰੇ ਜਿਹਾ ਹੋਰ ਕੋਈ ਪਰਮੇਸ਼ੁਰ ਨਹੀਂ ਜੋ ਸਭ ਦੇ ਦੋਖ ਬਖਸ਼ ਦੇਵੇ।
ਪਰਮੇਸ਼ੁਰ ਆਪਣੇ ਬਚੇ ਲੋਕਾਂ ਦੀ ਬਦੀ ਖਿਮਾ ਕਰਦਾ ਹੈ
ਬਹੁਤੀ ਦੇਰ ਉਹ ਕਰੋਧ ਨੂੰ ਚਿਤ੍ਤ ’ਚ ਨਹੀਂ ਧਰਦਾ।
ਕਿਉਂ ਕਿ ਉਸਦਾ ਸੁਭਾਅ ਕਿਰਪਾਲੂ ਹੈ।
19 ਉਹ ਵਾਪਸ ਆਕੇ ਸਾਨੂੰ ਸੁਖੀ ਕਰੇਗਾ।
ਉਹ ਸਾਡੇ ਦੋਸ਼ਾਂ ਨੂੰ ਕੁਚਲ ਕੇ ਉਨ੍ਹਾਂ ਨੂੰ ਗਹਿਰੇ ਸਾਗਰ ’ਚ ਸੁੱਟ ਦੇਵੇਗਾ।
20 ਹੇ ਪਰਮੇਸ਼ੁਰ, ਯਾਕੂਬ ਨਾਲ ਸੱਚਾ ਰਹੀਁ
ਅਤੇ ਅਬਰਾਹਾਮ ਨੂੰ ਮਿਹਰ ਦਰਸਾਈਁ ਜਿਵੇਂ ਤੂੰ ਸਾਡੇ ਪੁਰਖਿਆਂ ਨਾਲ ਬਹੁਤ ਪਹਿਲਾਂ ਇਕਰਾਰ ਕੀਤਾ ਸੀ।
2010 by World Bible Translation Center