Beginning
ਬੁੱਤ ਉਪਾਸਨਾ ਕਾਰਣ ਹੁੰਦਾ ਨਾਸ
8 “ਆਪਣੇ ਬੁੱਲ੍ਹਾਂ ਨਾਲ ਤੁਰ੍ਹੀ ਵਜਾ ਅਤੇ ਚੇਤਾਵਨੀ ਦੇ। ਯਹੋਵਾਹ ਦੇ ਘਰ ਉੱਪਰ ਬਾਜ ਵਾਂਗ ਰਹਿ। ਇਸਰਾਏਲੀਆਂ ਨੇ ਮੇਰੇ ਇੱਕਰਾਨਾਮੇ ਨੂੰ ਤੋੜਿਆ। ਉਨ੍ਹਾਂ ਨੇ ਮੇਰੀ ਬਿਵਸਬਾ ਦਾ ਪਾਲਨ ਨਹੀਂ ਕੀਤਾ। 2 ਉਨ੍ਹਾਂ ਮੇਰੇ ਅੱਗੇ ਲੇਰਾਂ ਮਾਰੀਆਂ, ‘ਹੇ ਸਾਡੇ ਪਰਮੇਸ਼ੁਰ! ਅਸੀਂ ਇਸਰਾਏਲ ਵਿੱਚਲੇ ਤੈਨੂੰ ਜਾਣਦੇ ਹਾਂ!’ 3 ਪਰ ਇਸਰਾਏਲ ਨੇ ਚੰਗੀਆਂ ਵਸਤਾਂ ਨੂੰ ਇਨਕਾਰ ਕੀਤਾ ਇਸ ਲਈ ਵੈਰੀਆਂ ਉਸਦਾ ਪਿੱਛਾ ਕੀਤਾ। 4 ਇਸਰਾਏਲੀਆਂ ਨੇ ਆਪਣੇ ਪਾਤਸ਼ਾਹ ਬਣਾਏ, ਪਰ ਉਹ ਮੇਰੇ ਕੋਲ ਸਲਾਹ ਲਈ ਨਾ ਆਏ। ਉਨ੍ਹਾਂ ਆਪਣੇ ਆਗੂ ਚੁਣੇ ਪਰ ਜਿਨ੍ਹਾਂ ਮਨੁੱਖਾਂ ਨੂੰ ਮੈਂ ਜਾਣਦਾ ਸੀ, ਉਨ੍ਹਾਂ ਨੇ ਉਹ ਨਾ ਚੁਣੇ। ਉਨ੍ਹਾਂ ਨੇ ਚਾਂਦੀ ਅਤੇ ਸੋਨੇ ਦੀ ਵਰਤੋਂ ਆਪਣੇ ਬੁੱਤਾਂ ਨੂੰ ਬਨਾਉਣ ਲਈ ਕੀਤੀ। ਇਸ ਲਈ ਉਹ ਤਬਾਹ ਹੋ ਜਾਣਗੇ। 5-6 ਹੇ ਸਾਮਰਿਯਾ! ਯਹੋਵਾਹ ਨੇ ਤੇਰੇ ਵੱਛੇ ਤੋਂ ਇਨਕਾਰ ਕਰ ਦਿੱਤਾ ਹੈ। ਪਰਮੇਸ਼ੁਰ ਆਖਦਾ, ‘ਮੈਂ ਇਸਰਾਏਲੀਆਂ ਨਾਲ ਬਹੁਤ ਗੁੱਸੇ ਹਾਂ।’ ਉਨ੍ਹਾਂ ਨੂੰ ਆਪਣੇ ਪਾਪਾਂ ਕਾਰਣ ਸਜ਼ਾ ਮਿਲੇਗੀ। ਇੱਕ ਕਾਰੀਗਰ ਨੇ ਉਨ੍ਹਾਂ ਮੂਰਤੀਆਂ ਨੂੰ ਬਣਾਇਆ ਹੈ ਅਤੇ ਇਹ ਪਰਮੇਸ਼ੁਰ ਨਹੀਂ ਹਨ। ਸਾਮਰਿਯਾ ਦਾ ਵੱਛਾ ਟੁਕੜੇ-ਟੁਕੜੇ ਕਰ ਦਿੱਤਾ ਜਾਵੇਗਾ। 7 ਇਸਰਾਏਲੀਆਂ ਨੇ ਇੱਕ ਮੂਰੱਖਤਾਈ ਕੀਤੀ ਸੀ। ਉਨ੍ਹਾਂ ਨੇ ਹਵਾ ਬੀਜੀ ਅਤੇ ਉਹ ਝੱਖੜ ਦੀ ਵਾਢੀ ਕਰਨਗੇ। ਉੱਥੇ ਕੋਈ ਫਸਲ ਨਹੀਂ ਹੋਵੇਗੀ। ਜੇਕਰ ਬੀਜ ਪੁਂਗਰੇ ਵੀ, ਇਹ ਕੋਈ ਅਨਾਜ ਪੈਦਾ ਨਹੀਂ ਕਰਨਗੇ। ਜੇਕਰ ਕੁਝ ਉੱਗ ਵੀ ਪਿਆ, ਵਿਦੇਸ਼ੀ ਉਸ ਨੂੰ ਖਾ ਜਾਣਗੇ।
8 “ਇਸਰਾਏਲ ਨਸ਼ਟ ਕੀਤਾ ਗਿਆ ਸੀ।
ਇਸਦੇ ਲੋਕ ਬੇਕਾਰ ਭਾਂਡਿਆਂ ਵਰਗੇ ਹਨ ਜੋ ਸੁੱਟ ਦਿੱਤੇ ਗਏ ਸਨ।
ਉਹ ਕੌਮਾਂ ਦਰਮਿਆਨ ਖਿਲਰੇ ਹੋਏ ਹਨ।
9 ਅਫ਼ਰਾਈਮ ਆਪਣੇ ‘ਪ੍ਰੇਮੀਆਂ’ ਵੱਲ ਪਰਤਿਆ
ਜੰਗਲੀ ਖੋਤੇ ਵਾਂਗ ਉਹ ਅੱਸ਼ੂਰ ਨੂੰ ਭਟਕ ਗਿਆ।
10 ਭਾਵੇਂ ਇਸਰਾਏਲ ਕੌਮਾਂ ਦਰਮਿਆਨ ਆਪਣੇ ‘ਪ੍ਰੇਮੀਆਂ’ ਕੋਲ ਗਈ,
ਮੈਂ ਇਸਰਾਏਲੀਆਂ ਨੂੰ ਇਕੱਠਿਆਂ ਕਰਾਂਗਾ
ਪਰ ਉਨ੍ਹਾਂ ਨੂੰ ਹੁਣ ਤੋਂ ਕੁਝ ਹੀ ਸਮੇਂ ਬਾਅਦ ਤਾਕਤਵਰ
ਰਾਜੇ ਦੇ ਬੋਝ ਝੱਲਣੇ ਸੁਰੂ ਕਰਨੇ ਪੈਣਗੇ।
ਇਸਰਾਏਲ ਦਾ ਪਰਮੇਸ਼ੁਰ ਨੂੰ ਭੁੱਲਕੇ ਦੇਵਤਿਆਂ ਨੂੰ ਧਿਆਉਣਾ
11 “ਅਫ਼ਰਾਈਮ ਨੇ ਬਹੁਤ ਸਾਰੀਆਂ ਜਗਵੇਦੀਆਂ ਉਸਾਰੀਆਂ,
ਅਤੇ ਇਹ ਇੱਕ ਪਾਪ ਸੀ।
ਉਹ ਉਸ ਲਈ ਪਾਪ ਦੀਆਂ ਜਗਵੇਦੀਆਂ ਬਣ ਗਈਆਂ।
12 ਜੇਕਰ ਮੈਂ ਅਫ਼ਰਾਈਮ ਲਈ 10,000 ਅਸੂਲ ਵੀ ਲਿਖ ਦੇਵਾਂ,
ਉਹ ਉਨ੍ਹਾਂ ਨਾਲ ਇੱਕ ਅਜਨਬੀਆਂ ਲਈ ਬਣਾਏ ਗਏ ਅਸੂਲਾਂ ਵਾਂਗ ਹੀ ਵਿਹਾਰ ਕਰੇਗਾ।
13 ਇਸਰਾਏਲੀ ਬਲੀਆਂ ਪਸੰਦ ਕਰਦੇ ਹਨ।
ਉਹ ਮਾਸ ਚੜ੍ਹਾਕੇ ਇਸ ਨੂੰ ਖਾ ਜਾਂਦੇ ਹਨ
ਯਹੋਵਾਹ ਉਨ੍ਹਾਂ ਦੀਆਂ ਬਲੀਆਂ ਸਵੀਕਾਰ
ਹੀਂ ਕਰਦਾ ਉਸ ਨੂੰ ਉਨ੍ਹਾਂ ਦੇ ਪਾਪ ਚੇਤੇ ਹਨ
ਤੇ ਉਹ ਉਨ੍ਹਾਂ ਨੂੰ ਦੰਡ ਦੇਵੇਗਾ।
ਉਹ ਕੈਦੀਆਂ ਵਾਂਗ ਮਿਸਰ ਨੂੰ ਲਿਜਾਏ ਜਾਣਗੇ।
14 ਇਸਰਾਏਲ ਨੇ ਰਾਜਿਆਂ ਲਈ ਮਹਿਲ ਉਸਾਰੇ
ਪਰ ਇਸ ਦੇ ਸਿਰਜਣਹਾਰੇ ਨੂੰ ਭੁੱਲ ਗਿਆ ਅਤੇ ਯਹੂਦਾਹ ਨੇ ਕਿਲੇ ਉਸਾਰੇ,
ਪਰ ਮੈਂ ਹੁਣ ਯਹੂਦਾਹ ਦੇ ਸ਼ਹਿਰਾਂ
ਵਿੱਚ ਇਸਦੇ ਕਿਲਿਆਂ ਨੂੰ ਸਾੜਨ ਲਈ ਅੱਗ ਭੇਜਾ।”
ਦੇਸ਼ ਨਿਕਾਲੇ ਦੀ ਉਦਾਸੀ
9 ਹੇ ਇਸਰਾਏਲ! ਬਾਕੀ ਕੌਮਾਂ ਦੇ ਕਰਨ ਵਾਂਗ ਖੁਸ਼ੀ ਨਾ ਮਨਾ। ਖੁਸ਼ ਨਾ ਹੋ! ਤੂੰ ਵੇਸਵਾਵਾਂ ਵਾਂਗ ਦਾ ਵਤੀਰਾ ਕਰਕੇ ਆਪਣੇ ਪਰਮੇਸ਼ੁਰ ਨੂੰ ਛੱਡ ਦਿੱਤਾ। ਤੁਸੀਂ ਹਰ ਪਿੜ ਵਿੱਚ ਜਿਨਸੀ ਪਾਪ ਕੀਤਾ। 2 ਪਰ ਪਿੜਾਂ ਵਿੱਚਲਾ ਅਨਾਜ ਇਸਰਾਏਲ ਲਈ ਪੂਰਾ ਨਾ ਪਵੇਗਾ ਅਤੇ ਉਨ੍ਹਾਂ ਕੋਲ ਕਾਫ਼ੀ ਮੈਅ ਨਹੀਂ ਹੋਵੇਗੀ।
3 ਇਸਰਾਏਲੀ ਯਹੋਵਾਹ ਦੀ ਜ਼ਮੀਨ ਵਿੱਚ ਨਹੀਂ ਰਹਿਣਗੇ। ਅਫ਼ਰਾਈਮ ਮਿਸਰ ਨੂੰ ਮੁੜੇਗਾ ਅਤੇ ਅੱਸ਼ੂਰ ਵਿੱਚ ਅਸ਼ੁੱਧ ਭੋਜਨ ਖਾਵੇਗਾ। 4 ਉਹ ਯਹੋਵਾਹ ਲਈ ਮੈਅ ਦੇ ਚੜ੍ਹਾਵੇ ਦੀਆਂ ਭੇਟਾਂ ਨਹੀਂ ਦੇਣਗੇ ਅਤੇ ਨਾ ਹੀ ਉਨ੍ਹਾਂ ਦੀਆਂ ਬਲੀਆਂ ਉਸ ਨੂੰ ਪ੍ਰਸੰਨ ਕਰਨਗੀਆਂ। ਉਨ੍ਹਾਂ ਦੀਆਂ ਬਲੀਆਂ ਜਨਾਜ਼ੇ ਦੇ ਸਮੇਂ ਖਾਧੇ ਅੰਨ ਵਰਗੀਆਂ ਹੋਣਗੀਆਂ ਅਤੇ ਜੋ ਕੋਈ ਵੀ ਉਹ ਭੋਜਨ ਖਾਵੇਗਾ ਅਸ਼ੁੱਧ ਹੋ ਜਾਵੇਗਾ। ਉਨ੍ਹਾਂ ਦੀ ਰੋਟੀ ਯਹੋਵਾਹ ਦੇ ਮੰਦਰ ਵਿੱਚ ਨਾ ਆਵੇਗੀ, ਸਗੋਂ ਉਹ ਰੋਟੀ ਉਨ੍ਹਾਂ ਨੂੰ ਖੁਦ ਹੀ ਖਾਣੀ ਪਵੇਗੀ। 5 ਉਹ ਯਹੋਵਾਹ ਦੇ ਪਰਬ ਅਤੇ ਛੁੱਟੀਆਂ ਮਨਾਉਣ ਤੋਂ ਅਸਮਰੱਬ ਹੋਣਗੇ।
6 ਇਸਰਾਏਲ ਦੇ ਲੋਕ ਦੁਸ਼ਮਣਾਂ ਦੁਆਰਾ ਉਨ੍ਹਾਂ ਦਾ ਸਭ ਕੁਝ ਚੁਰਾ ਲੇ ਜਾਣ ਤੋਂ ਬਾਅਦ ਵੀ ਬਚ ਗਏ, ਪਰ ਮਿਸਰ ਉਨ੍ਹਾਂ ਨੂੰ ਇਕੱਠਾ ਕਰੇਗਾ, ਅਤੇ ਮੋਅਫ਼ ਉਨ੍ਹਾਂ ਨੂੰ ਦਫ਼ਨਾਵੇਗਾ। ਉਨ੍ਹਾਂ ਦੀ ਚਾਂਦੀ ਦੀਆਂ ਕੀਮਤੀ ਵਸਤਾਂ ਉੱਤੇ ਝਾੜ-ਫ਼ੂਸ ਉੱਗਣਗੇ ਅਤੇ ਉਨ੍ਹਾਂ ਦੇ ਤੰਬੂਆਂ ਵਿੱਚ ਕੰਡੇ ਉੱਗ ਆਉਣਗੇ।
ਇਸਰਾਏਲ ਦਾ ਸੱਚੇ ਨਬੀਆਂ ਨੂੰ ਨਾਮਂਜ਼ੂਰ ਕਰਨਾ
7 ਨਬੀਆਂ ਦਾ ਕਹਿਣਾ, “ਹੇ ਇਸਰਾਏਲ! ਇਹ ਚੇਤੇ ਰੱਖ: ਸਜ਼ਾ ਦਾ ਵਕਤ ਆ ਗਿਆ ਹੈ। ਤੇਰੇ ਲਈ ਆਪਣੀ ਕੀਤੀ ਦੀ ਸਜ਼ਾ ਪਾਉਣ ਦਾ ਸਮਾਂ ਆ ਗਿਆ ਹੈ!” ਪਰ ਇਸਰਾਏਲ ਦੇ ਲੋਕ ਕਹਿੰਦੇ ਹਨ: “ਨਬੀ ਮੂਰਖ ਹੈ। ਪਰਮੇਸ਼ੁਰ ਦੇ ਆਤਮੇ ਵਾਲਾ ਮਨੁੱਖ ਸਨਕੀ ਹੈ।” ਨਬੀ ਆਖਦਾ: “ਤੁਸੀਂ ਆਪਣੇ ਮਹਾਨ ਪਾਪ ਅਤੇ ਨਫ਼ਰਤ ਕਾਰਣ ਸਜ਼ਾ ਪਾਵੋਂਗੇ।” 8 ਯਹੋਵਾਹ ਅਤੇ ਨਬੀ ਅਫ਼ਰਾਈਮ ਉੱਪਰ ਪਹਿਰੇਦਾਰ ਵਾਂਗਰ ਹਨ ਪਰ ਸਾਰੇ ਰਾਹ ਵਿੱਚ ਅਨੇਕਾਂ ਜਾਲ ਹਨ ਅਤੇ ਲੋਕ ਨਬੀ ਨੂੰ ਨਫ਼ਰਤ ਕਰਦੇ ਹਨ ਇੱਥੋਂ ਤੀਕ ਕਿ ਉਸ ਦੇ ਆਪਣੇ ਪਰਮੇਸ਼ੁਰ ਦੇ ਘਰ ਅੰਦਰ ਵੀ।
9 ਇਸਰਾਏਲ ਦੇ ਲੋਕ ਗਿਬੀਹ ਦੇ ਦਿਨਾਂ ਵਾਂਗ ਭ੍ਰਸ਼ਟਤਾ ਵਿੱਚ ਡੂੰਘੇ ਚੱਲੇ ਗਏ ਹਨ। ਯਹੋਵਾਹ ਉਨ੍ਹਾਂ ਦੇ ਪਾਪਾਂ ਨੂੰ ਯਾਦ ਰੱਖੇਗਾ ਅਤੇ ਉਨ੍ਹਾਂ ਨੂੰ ਸਜ਼ਾ ਦੇਵੇਗਾ।
ਇਸਰਾਏਲ ਦਾ ਬੁੱਤ ਉਪਾਸਨਾ ਕਾਰਣ ਨਾਸ ਹੋਣਾ
10 “ਜਦੋਂ ਮੈਂ ਇਸਰਾਏਲ ਨੂੰ ਲੱਭਿਆ, ਉਸ ਵਕਤ, ਉਹ ਉਜਾੜ ਵਿੱਚ ਤਾਜੇ ਅੰਗੂਰਾਂ ਵਰਗੇ ਸਨ। ਉਹ ਬਹਾਰ ਦੇ ਅੰਜੀਰ ਦੇ ਰੁੱਖਾਂ ਦੇ ਪਹਿਲੇ ਫ਼ਲਾਂ ਵਰਗੇ ਸਨ, ਪਰ ਫੇਰ ਉਹ ਬਆਲ-ਪਉਰ ਵੱਲ ਜਾਕੇ ਬਦਲ ਗਏ ਇਸ ਲਈ ਮੈਨੂੰ ਉਨ੍ਹਾਂ ਨੂੰ ਸੜੇ ਫ਼ਲਾਂ ਵਾਂਗ ਆਪਣੇ ਦ੍ਰੱਖਤ ਤੋਂ ਵੱਢ ਦੇਣਾ ਪਿਆ। ਉਹ ਉਨ੍ਹਾਂ ਭਿਆਨਕ ਚੀਜ਼ਾਂ (ਝੂਠੇ ਦੇਵਤਿਆਂ) ਵਰਗੇ ਬਣ ਗਏ ਜਿਨ੍ਹਾਂ ਨੂੰ ਉਨ੍ਹਾਂ ਨੇ ਪਿਆਰ ਕੀਤਾ ਸੀ।
ਇਸਰਾਏਲੀਆਂ ਦੇ ਉਲਾਦ ਨਹੀਂ ਹੋਵੇਗੀ
11 “ਅਫ਼ਰਾਈਮ ਦਾ ਪ੍ਰਤਾਪ ਪੰਛੀ ਵਾਂਗ ਉੱਡ-ਪੁੱਡ ਜਾਵੇਗਾ। ਹੁਣ ਉੱਥੋਂ ਦੀਆਂ ਔਰਤਾਂ ਨੂੰ ਨਾ ਗਰਭ ਠਹਿਰੇਗਾ ਨਾ ਕੋਈ ਬੱਚਾ ਜਨਮ ਲਵੇਗਾ। 12 ਭਾਵੇਂ ਉਹ ਬੱਚੇ ਪੈਦਾ ਕਰਨ, ਇਸਦਾ ਕੋਈ ਫ਼ਾਇਦਾ ਨਹੀਂ ਹੋਵੇਗਾ। ਕਿਉਂ ਕਿ ਮੈਂ ਉਨ੍ਹਾਂ ਕੋਲੋ ਉਹ ਬੱਚੇ ਖੋਹ ਲਵਾਂਗਾ। ਮੈਂ ਉਨ੍ਹਾਂ ਨੂੰ ਛੱਡ ਦੇਵਾਂਗਾ ਅਤੇ ਉਨ੍ਹਾਂ ਨਾਲ ਭਿਆਨਕ ਗੱਲਾਂ ਵਾਪਰਨਗੀਆਂ।”
13 ਮੈਂ ਵੇਖ ਰਿਹਾਂ ਕਿ ਅਫ਼ਰਾਈਮ ਆਪਣੇ ਬੱਚਿਆਂ ਦੀ ਫ਼ਂਦੇ ਵੱਲ ਅਗਵਾਈ ਕਰ ਰਿਹਾ ਹੈ। [a] ਉਹ ਆਪਣੇ ਬੱਚਿਆਂ ਨੂੰ ਹਤਿਆਰਿਆਂ ਕੋਲ ਲੈ ਜਾ ਰਿਹਾ ਹੈ। 14 ਹੇ ਯਹੋਵਾਹ, ਉਨ੍ਹਾਂ ਨੂੰ ਦੇ ਜੋ ਤੈਨੂੰ ਪਸੰਦ ਹੈ। ਉਨ੍ਹਾਂ ਨੂੰ ਕੁੱਖ ਦੇ ਜੋ ਜੁਆਕਾਂ ਨੂੰ ਗੁਆਵੇ ਅਤੇ ਸੁੱਕੀਆਂ ਛਾਤੀਆਂ ਦੇ।
15 ਉਨ੍ਹਾਂ ਦੀ ਸਾਰੀ ਬਦੀ ਗਿਲਗਾਲ ਵਿੱਚ ਹੈ।
ਉੱਥੇ ਮੈਂ ਉਨ੍ਹਾਂ ਦੀਆਂ ਕਰਤੂਤਾਂ ਕਾਰਣਉਨ੍ਹਾਂ ਨੂੰ ਨਫਰਤ ਕਰਨੀ ਸ਼ੁਰੂ ਕਰ ਦਿੱਤੀ।
ਮੈਂ ਉਨ੍ਹਾਂ ਨੂੰ ਉਨ੍ਹਾਂ ਦੀਆਂ ਬਦ ਕਰਨੀਆਂ ਕਾਰਣ ਆਪਣੇ ਘਰੋ ਬਾਹਰ ਕੱਢ ਦੇਵਾਂਗਾ।
ਮੈਂ ਉਨ੍ਹਾਂ ਨੂੰ ਹੋਰ ਪਿਆਰ ਨਹੀਂ ਕਰਾਂਗਾ ਉਨ੍ਹਾਂ ਦੇ ਸਾਰੇ ਆਗੂ ਵਿਦ੍ਰੋਹੀ ਹਨ।
16 ਅਫ਼ਰਾਈਮ ਨੂੰ ਸਜ਼ਾ ਮਿਲੇਗੀ
ਉਨ੍ਹਾਂ ਦੀ ਜੜ ਸੁਕਦੀ ਜਾ ਰਹੀ ਹੈ।
ਉਹ ਹੋਰ ਬੱਚੇ ਪੈਦਾ ਨਾ ਕਰ ਸੱਕਣਗੇ ਪਰ ਜਿਹੜੇ ਬੱਚੇ ਉਹ ਜਣ ਵੀ ਲੈਣ
ਮੈਂ ਉਨ੍ਹਾਂ ਕੀਮਤੀ ਜਾਨਾਂ ਨੂੰ ਵੱਢ ਸੁੱਟਾਂਗਾ।
17 ਉਹ ਲੋਕ ਮੇਰੇ ਪਰਮੇਸ਼ੁਰ ਦੀ ਨਹੀਂ ਸੁਣਦੇ,
ਇਸ ਲਈ ਉਹ ਵੀ ਉਨ੍ਹਾਂ ਦੀ ਨਹੀਂ ਸੁਣੇਗਾ।
ਅਤੇ ਉਹ ਕੌਮਾਂ ਦਰਮਿਆਨ ਬੇ-ਘਰ ਹੋਕੇ ਭਟਕਣਗੇ।
ਇਸਰਾਏਲ ਦੀ ਰਈਸੀ ਬੁੱਤ ਉਪਾਸਨਾ ਵੱਲ ਜਾਂਦੀ ਹੈ
10 ਇਸਰਾਏਲ ਇੱਕ ਅੰਗੂਰੀ ਵੇਲ ਹੈ,
ਜਿਹੜੀ ਬਹੁਤ ਫ਼ਲ ਦਿੰਦੀ ਹੈ।
ਜਿੰਨਾ ਇਸਰਾਏਲ ਨੇ ਵੱਧੇਰੇ ਫ਼ਲ ਪੈਦਾ ਕੀਤਾ,
ਇਸ ਨੂੰ ਝੂਠੇ ਦੇਵਤਿਆਂ ਨੂੰ ਪੂਜਣ ਲਈ ਹੋਰ ਵੱਧੇਰੇ ਜਗਵੇਦੀਆਂ
ਉਸਾਰੀਆਂ ਜਿਵੇਂ ਹੀ ਇਸਰਾਏਲ ਦੀ ਧਰਤੀ ਵੱਧੇਰੇ ਉਤਪਾਦਕ ਹੋਈ,
ਉਸ ਨੇ ਵੱਧ ਧਾਰਮਿਕ ਥੰਮ ਸਥਾਪਿਤ ਕੀਤੇ।
2 ਇਸਰਾਏਲ ਦੇ ਲੋਕਾਂ ਨੇ ਪਰਮੇਸ਼ੁਰ ਨਾਲ ਚਲਾਕੀ ਕਰਨ ਦੀ ਕੋਸ਼ਿਸ ਕੀਤੀ,
ਪਰ ਹੁਣ ਉਨ੍ਹਾਂ ਨੂੰ ਆਪਣਾ ਦੋਸ਼ ਸਵੀਕਾਰ ਕਰਨਾ ਪਵੇਗਾ।
ਯਹੋਵਾਹ ਉਨ੍ਹਾਂ ਦੀਆਂ ਜਗਵੇਦੀਆਂ ਢਾਹ ਸੁੱਟੇਗਾ
ਅਤੇ ਉਨ੍ਹਾਂ ਦੇ ਯਾਦਗਾਰੀ ਥੰਮਾਂ ਨੂੰ ਨਸ਼ਟ ਕਰ ਦੇਵੇਗਾ।
ਇਸਰਾਏਲੀਆਂ ਦੀ ਬਦਨੀਤੀ
3 ਹੁਣ ਇਸਰਾਏਲੀ ਆਖਦੇ ਹਨ, “ਸਾਡਾ ਕੋਈ ਰਾਜਾ ਨਹੀਂ। ਅਸੀਂ ਯਹੋਵਾਹ ਦਾ ਆਦਰ ਨਹੀਂ ਕਰਦੇ! ਕਿਵੇਂ ਵੀ, ਰਾਜਾ ਸਾਡੇ ਵਾਸਤੇ ਕੁਝ ਵੀ ਕਰਨ ਦੇ ਯੋਗ ਨਹੀਂ ਸੀ।”
4 ਉਹ ਬੇਕਾਰ ਇਕਰਾਰ ਕਰਦੇ ਹਨ। ਨਿਆਂਕਾਰ ਵਾਹੇ ਹੋਏ ਖੇਤਾਂ ਵਿੱਚ ਉੱਗੇ ਜ਼ਹਿਰੀਲੇ ਪੌਦਿਆਂ ਵਰਗੇ ਹਨ।
5 ਸਾਮਰਿਯਾ ਦੇ ਲੋਕ ਬੈਤ-ਆਵਨ ਦੇ ਵੱਛਿਆਂ ਦੀ ਉਪਾਸਨਾ ਕਰਦੇ ਹਨ। ਉਹ ਲੋਕ ਰੋਣਗੇ ਅਤੇ ਸੋਗ ਕਰਨਗੇ। ਜਿਨ੍ਹਾਂ ਜਾਜਕਾਂ ਨੇ ਉਸ ਬੁੱਤ ਦੀ ਖੂਬਸੂਰਤੀ ਤੇ ਆਨੰਦ ਮਾਣਿਆ, ਉਹ ਵੀ ਸੋਗ ਮਨਾਉਣਗੇ, ਕਿਉਂ ਕਿ ਇਹ ਉਨ੍ਹਾਂ ਤੋਂ ਲੈ ਲਿਆ ਗਿਆ ਹੈ। 6 ਇਸ ਨੂੰ ਤੋਹਫ਼ੇ ਵਜੋਂ ਅੱਸ਼ੂਰ ਦੇ ਮਹਾਨ ਰਾਜੇ ਨੂੰ ਦੇ ਦਿੱਤਾ ਜਾਵੇਗਾ। ਅਤੇ ਉਹ ਅਫ਼ਰਾਈਮ ਦੇ ਸ਼ਰਮਨਾਕ ਬੁੱਤ ਨੂੰ ਰੱਖੇਗਾ। ਇਸਰਾਏਲ ਆਪਣੇ ਬੁੱਤਾਂ ਵਜੋਂ ਸ਼ਰਮਸਾਰ ਹੋਵੇਗਾ। 7 ਸਾਮਰਿਯਾ ਦੇ ਰਾਜੇ ਨੂੰ ਨਸ਼ਟ ਕਰ ਦਿੱਤਾ ਜਾਵੇਗਾ ਅਤੇ ਉਹ ਪਾਣੀ ਉੱਤੇ ਤੈਰਦੇ ਲਕੜੀ ਦੇ ਸੱਕੱ ਵਾਂਗ ਹੋਵੇਗਾ।
8 ਇਸਰਾਏਲ ਨੇ ਪਾਪ ਕੀਤਾ ਅਤੇ ਬਹੁਤ ਸਾਰੀਆਂ ਉੱਚੀਆਂ ਥਾਵਾਂ ਉਸਾਰੀਆਂ। ਬੈਤ ਆਵਨ ਦੇ ਉੱਚੇ ਅਸਥਾਨਾਂ ਨੂੰ ਫ਼ਨਾਹ ਕਰ ਦਿੱਤਾ ਜਾਵੇਗਾ ਅਤੇ ਇਸ ਦੀਆਂ ਜਗਵੇਦੀ ਉੱਤੇ ਕੰਡਿਆਲੀਆਂ ਝਾੜੀਆਂ ਉੱਗ ਆਉਣਗੀਆਂ। ਫਿਰ ਉਹ ਪਰਬਤਾਂ ਨੂੰ ਆਖਣਗੇ, “ਸਾਨੂੰ ਢੱਕ ਲਓ।” ਅਤੇ ਚਟਾਨਾਂ ਨੂੰ ਕਹਿਣਗੇ, “ਸਾਡੇ ਉੱਤੇ ਡਿੱਗ ਪਓ।”
ਇਸਰਾਏਲ ਨੂੰ ਪਾਪਾਂ ਦਾ ਭੁਗਤਾਨ ਕਰਨਾ ਪਵੇਗਾ
9 “ਹੇ ਇਸਰਾਏਲ, ਤੂੰ ਗਿਬਆਹ ਦੇ ਦਿਨਾਂ ਤੋਂ ਪਾਪ ਕਰਦਾ ਆਇਆ ਹੈਂ (ਅਤੇ ਉਹ ਲੋਕ ਉੱਥੇ ਲਗਾਤਾਰ ਪਾਪ ਕਰਦੇ ਰਹੇ ਹਨ।) ਯੁੱਧ ਯਕੀਨਨ ਗਿਬਆਹ ਦੇ ਉਨ੍ਹਾਂ ਲੋਕਾਂ ਤੇ ਹਾਵੀ ਹੋ ਜਾਵੇਗਾ। 10 ਫ਼ਿਰ ਮੈਂ ਉਨ੍ਹਾਂ ਨੂੰ ਸਜ਼ਾ ਦੇਣ ਲਈ ਆਵਾਂਗਾ। ਫ਼ੌਜਾਂ ਵੀ ਇੱਕਤ੍ਰ ਹੋ ਕੇ ਉਨ੍ਹਾਂ ਤੇ ਹਮਲਾ ਕਰਨਗੀਆਂ। ਉਹ ਇਸਰਾਏਲ ਨੂੰ ਉਸ ਦੇ ਦੋਨਾਂ ਪਾਪਾਂ ਲਈ ਸਜ਼ਾ ਦੇਣਗੀਆਂ।
11 “ਅਫ਼ਰਾਈਮ ਇੱਕ ਸਿੱਖਾਏ ਹੋਏ ਵੱਛੇ ਵਾਂਗ ਹੈ ਜੋ ਪਿੜ ਵਿੱਚਲੇ ਅਨਾਜ ਤੇ ਤੁਰਨਾ ਪਸੰਦ ਕਰਦਾ ਹੈ। ਮੈਂ ਉਸ ਦੀ ਧੌਣ ਤੇ ਇੱਕ ਜੂਲਾ ਪਾਵਾਂਗਾ। ਮੈਂ ਅਫ਼ਰਾਈਮ ਦੀ ਧੌਣ ਦੇ ਦੁਆਲੇ ਰਸੀਆਂ ਪਾਵਾਂਗਾ। ਫ਼ੇਰ ਯਹੂਦਾਹ ਵਾਹੇਗਾ ਅਤੇ ਯਾਕੂਬ ਖੁਦ ਧਰਤੀ ਨੂੰ ਤੋਂੜੇਗਾ।”
12 ਜੇਕਰ ਤੁਸੀਂ ਚੰਗਿਆਈ ਬੀਜੋਗੇ, ਤੁਸੀਂ ਸੱਚੇ ਪਿਆਰ ਦੀ ਵਾਢੀ ਕਰੋਂਗੇ। ਆਪਣੀ ਅਣ ਟੁੱਟੀ ਅਣਵਾਹੀ ਜ਼ਮੀਨ ਨੂੰ ਵਾਹੋ। ਇਹ ਯਹੋਵਾਹ ਨੂੰ ਉਡੀਕਣ ਦਾ ਸਮਾਂ ਹੈ। ਉਹ ਆਵੇਗਾ, ਅਤੇ ਤੁਹਾਡੇ ਉੱਤੇ ਚੰਗਿਆਈ ਦਾ ਮੀਂਹ ਵਰਸਾਵੇਗਾ।
13 ਪਰ ਤੁਸੀਂ ਬੁਰਿਆਈ ਬੀਜੀ ਅਤੇ ਦੁੱਖ ਵੱਢੇ। ਤੁਸੀਂ ਆਪਣੇ ਝੂਠ ਦਾ ਫ਼ਲ ਖਾਧਾ, ਕਿਉਂ ਕਿ ਤੁਸੀਂ ਆਪਣੀ ਸ਼ਕਤੀ ਅਤੇ ਆਪਣੇ ਸਿਪਾਹੀਆਂ ਦੇ ਬਲ ਤੇ ਭਰੋਸਾ ਕੀਤਾ। 14 ਇਸੇ ਲਈ, ਤੁਹਾਡੀਆਂ ਫ਼ੌਜਾਂ ਜੰਗ ਦਾ ਰੌਲਾ ਸੁਣਨਗੀਆਂ ਅਤੇ ਤੁਹਾਡੇ ਸਾਰੇ ਕਿਲੇ ਉਵੇਂ ਹੀ ਨਸ਼ਟ ਹੋ ਜਾਣਗੇ ਜਿਵੇਂ ਸ਼ਲਮਨ ਨੇ ਬੈਤ-ਅਰਬੇਲ ਨੂੰ ਤਬਾਹ ਕੀਤਾ ਸੀ ਯੁੱਧ ਦੇ ਦਿਨਾਂ ਦੌਰਾਨ, ਮਾਵਾਂ ਆਪਣੇ ਬੱਚਿਆਂ ਸਮੇਤ ਮਾਰੀਆਂ ਗਈਆਂ ਸਨ। 15 ਇਵੇਂ ਹੀ ਤੁਹਾਡੇ ਨਾਲ ਬੈਤਅਲ ਵਿੱਚ ਵਾਪਰੇਗਾ ਕਿਉਂ ਕਿ ਤੁਸੀਂ ਇੰਨੀਆਂ ਬਦ ਕਰਨੀਆਂ ਕੀਤੀਆਂ। ਜਦੋਂ ਉਹ ਦਿਨ ਆਵੇਗਾ ਇਸਰਾਏਲ ਦਾ ਰਾਜਾ ਪੂਰੀ ਤਰ੍ਹਾਂ ਬਰਬਾਦ ਹੋ ਜਾਵੇਗਾ।
ਇਸਰਾਏਲ ਨੇ ਯਹੋਵਾਹ ਨੂੰ ਭੁਲਾ ਦਿੱਤਾ
11 ਯਹੋਵਾਹ ਨੇ ਆਖਿਆ, “ਮੈਂ ਇਸਰਾਏਲ ਨੂੰ ਉਦੋਂ ਤੋਂ ਪਿਆਰ ਕੀਤਾ ਜਦੋਂ ਉਹ ਅਜੇ ਬੱਚਾ ਹੀ ਸੀ
ਅਤੇ ਮੈਂ ਆਪਣੇ ਪੁੱਤਰ ਨੂੰ ਮਿਸਰ ਵਿੱਚੋਂ ਬਾਹਰ ਸੱਦਿਆ।
2 ਪਰ ਮੈਂ ਜਿੰਨਾ ਵੱਧ ਇਸਰਾਏਲੀਆਂ ਨੂੰ ਸੱਦਿਆ,
ਉਨ੍ਨਾ ਹੀ ਉਹ ਮੈਥੋਂ ਅਗਾਂਹ ਜਾਂਦੇ ਰਹੇ।
ਉਨ੍ਹਾਂ ਬਆਲਾਂ ਨੂੰ ਬਲੀਆਂ ਚੜ੍ਹਾਈਆਂ
ਅਤੇ ਬੁੱਤਾਂ ਅੱਗੇ ਧੂਫ਼ਾਂ ਧੁਖਾਈਆਂ।
3 “ਪਰ ਇਹ ਮੈਂ ਹੀ ਸੀ ਜਿਸਨੇ ਅਫ਼ਰਾਈਮ ਨੂੰ ਤੁਰਨਾ ਸਿੱਖਾਇਆ,
ਮੈਂ ਇਸਰਾਏਲੀਆਂ ਨੂੰ ਆਪਣੀਆਂ ਬਾਹਾਂ ਵਿੱਚ ਚੁੱਕਿਆ,
ਪਰ ਉਨ੍ਹਾਂ ਨੇ ਕਦੇ ਵੀ ਇਸ ਨੂੰ ਮਹਿਸੂਸ ਨਾ ਕੀਤਾ।
4 ਮੈਂ ਉਨ੍ਹਾਂ ਨੂੰ ਪਿਆਰ ਦੀਆਂ
ਰਸੀਆਂ ਨਾਲ ਚਲਾਇਆ।
ਮੈਂ ਉਸ ਵਿਅਕਤੀ ਵਾਂਗ ਸੀ ਜਿਸਨੇ ਉਨ੍ਹਾਂ ਨੂੰ ਆਜ਼ਾਦ ਕੀਤਾ। [b]
ਮੈਂ ਝੁਕ ਕੇ ਉਨ੍ਹਾਂ ਨੂੰ ਖੁਆਇਆ।
5 “ਇਸਰਾਏਲੀ ਪਰਮੇਸ਼ੁਰ ਵੱਲ ਮੁੜਨ ਤੋਂ ਇਨਕਾਰ ਕਰਦੇ ਹਨ। ਤਾਂ ਇਸ ਲਈ, ਉਹ ਵਾਪਸ ਮਿਸਰ ਨੂੰ ਜਾਣਗੇ। ਅੱਸ਼ੂਰ ਦਾ ਰਾਜਾ ਉਨ੍ਹਾਂ ਦਾ ਰਾਜਾ ਬਣ ਜਾਵੇਗਾ। 6 ਉਨ੍ਹਾਂ ਦੇ ਸ਼ਹਿਰਾਂ ਉੱਪਰ ਤਲਵਾਰ ਲਟਕੇਗੀ, ਅਤੇ ਉਨ੍ਹਾਂ ਦੇ ਤਾਕਤਵਰ ਆਦਮੀਆਂ ਨੂੰ ਮਾਰ ਦੇਵੇਗੀ ਅਤੇ ਉਨ੍ਹਾਂ ਦੇ ਆਗੂਆਂ ਨੂੰ ਨਸ਼ਟ ਕਰ ਦੇਵੇਗੀ।
7 “ਮੇਰੇ ਲੋਕ ਇੰਤਜ਼ਾਰ ਕਰ ਰਹੇ ਹਨ, ਉਮੀਦ ਕਰਦਿਆਂ ਹੋਇਆਂ ਕਿ ਮੈਂ ਵਾਪਸ ਆਵਾਂਗਾ। ਉਹ ਪਰਮੇਸ਼ੁਰ ਨੂੰ ਉੱਪਰ ਪੁਕਾਰ ਰਹੇ ਹਨ, ਪਰ ਉਹ ਉਨ੍ਹਾਂ ਦੀ ਮਦਦ ਨਹੀਂ ਕਰੇਗਾ।”
ਯਹੋਵਾਹ ਇਸਰਾਏਲ ਨੂੰ ਨਸ਼ਟ ਨਹੀਂ ਕਰਨਾ ਚਾਹੁੰਦਾ
8 “ਹੇ ਅਫ਼ਰਾਈਮ! ਮੈਂ ਤੈਨੂੰ ਛੱਡਣਾ ਨਹੀਂ ਚਾਹੁੰਦਾ?
ਹੇ ਇਸਰਾਏਲ, ਮੈਂ ਤੇਰੀ ਰੱਖਿਆ ਕਰਨੀ ਚਾਹੁੰਨਾ।
ਮੈਂ ਤੇਰਾ ਹਾਲ ਅਦਮਾਹ ਵਰਗਾ ਨਹੀਂ ਕਰਨਾ ਚਾਹੁੰਦਾ ਨਾ ਹੀ
ਤੈਨੂੰ ਸਬੋਈਮ ਵਾਂਗ ਬਨਾਉਣਾ ਚਾਹੁੰਨਾ।
ਮੈਂ ਆਪਣਾ ਮਨ ਬਦਲ ਰਿਹਾ ਹਾਂ
ਕਿਉਂ ਕਿ ਮੇਰਾ ਤੇਰੇ ਪ੍ਰਤੀ ਪਿਆਰ ਅਤੇ ਦਇਆ ਬਹੁਤ ਗੂਢ਼ੀ ਹੈ।
9 ਮੈਂ ਆਪਣੇ ਭਿਆਨਕ ਕਰੋਧ ਨੂੰ ਨਹੀਂ ਦਰਸਾਵਾਂਗਾ।
ਮੈਂ ਅਫ਼ਰਾਈਮ ਨੂੰ ਮੁੜ ਬਰਬਾਦ ਨਾ ਕਰਾਂਗਾ
ਮੈਂ ਕੋਈ ਆਦਮੀ ਨਹੀਂ ਹਾਂ,
ਮੈਂ ਪਰਮੇਸ਼ੁਰ ਹਾਂ।
ਮੈਂ ਤੇਰੇ ਵਿੱਚਕਾਰ ਪਵਿੱਤਰ ਪੁਰੱਖ ਹਾਂ,
ਮੈਂ ਆਪਣਾ ਕਰੋਧ ਨਹੀਂ ਦਰਸਾਵਾਂਗਾ।
10 ਮੈਂ ਸ਼ੇਰ ਵਾਂਗ ਦਹਾੜਾਂਗਾ ਜਦੋਂ ਮੈਂ ਗਰਜਾਂਗਾ ਤਾਂ ਮੇਰੇ ਬੱਚੇ ਆਉਣਗੇ
ਅਤੇ ਮੇਰੇ ਪਿੱਛੇ ਚੱਲ ਪੈਣਗੇ ਮੇਰੀ ਉੱਮਤ ਪੱਛਮ ਵੱਲੋਂ ਭੈਅ ਵਿੱਚ ਕੰਬਦੀ ਹੋਈ ਆਵੇਗੀ।
11 ਉਹ ਮਿਸਰ ਵਿੱਚੋਂ ਹਿਲਦੇ ਹੋਏ ਪੰਛੀ ਵਾਂਗ ਆਉਣਗੇ
ਅਤੇ ਅੱਸ਼ੂਰ ਵਿੱਚੋਂ ਕੰਬੰਦੇ ਹੋਏ ਕਬੂਤਰ ਵਾਂਗ ਆਉਣਗੇ
ਅਤੇ ਮੈਂ ਉਨ੍ਹਾਂ ਨੂੰ ਵਾਪਸ ਉਨ੍ਹਾਂ ਦੇ ਘਰਾਂ ਵਿੱਚ ਵਸਾਵਾਂਗਾ।”
ਯਹੋਵਾਹ ਦਾ ਇਹ ਵਾਕ ਹੈ।
12 “ਅਫ਼ਰਾਈਮ ਨੇ ਮੈਨੂੰ ਝੂਠੇ ਦੇਵਤਿਆਂ ਨਾਲ ਘੇਰਿਆ ਹੋਇਆ ਹੈ
ਇਸਰਾਏਲ ਦੇ ਲੋਕ ਮੇਰੇ ਵਿਰੁੱਧ ਹੋ ਗਏ,
ਪਰ ਯਹੂਦਾਹ ਹਾਲੇ ਵੀ ਏਲ [c] ਨਾਲ ਚਲਦਾ ਹੈ
ਅਤੇ ਪਵਿੱਤਰ ਪੁਰੱਖ ਨਾਲ ਵਫ਼ਾਦਾਰ ਰਿਹਾ।”
ਯਹੋਵਾਹ ਇਸਰਾਏਲ ਦੇ ਵਿਰੁੱਧ
12 ਅਫ਼ਰਾਈਮ ਆਪਣਾ ਵਕਤ ਜਾਇਆ ਕਰ ਰਿਹਾ ਹੈ ਅਤੇ ਇਸਰਾਏਲ ਸਾਰਾ ਦਿਨ “ਹਵਾ ਦੇ ਪਿੱਛੇ ਦੌੜਦਾ ਹੈ।” ਲੋਕੀ ਬਹੁਤ ਸਾਰੇ ਅਪਰਾਧ ਕਰਦੇ ਹਨ ਅਤੇ ਅਨੇਕਾਂ ਝੂਠ ਬੋਲਦੇ ਹਨ। ਉਨ੍ਹਾਂ ਨੇ ਅਸ਼ੂਰ ਨਾਲ ਇਕਰਾਰਨਾਮੇ ਕੀਤੇ ਹੋਏ ਹਨ ਅਤੇ ਉਹ ਆਪਣੇ ਜੈਤੂਨ ਦੇ ਤੇਲ ਨੂੰ ਮਿਸਰ ਵੱਲ ਲੈ ਜਾ ਰਹੇ ਹਨ।
2 “ਯਹੋਵਾਹ ਦੀ ਦਲੀਲ ਇਸਰਾਏਲ ਦੇ ਖਿਲਾਫ਼ ਹੈ। ਯਾਕੂਬ ਆਪਣੀਆਂ ਕਰਨੀਆਂ ਕਾਰਣ ਸਜ਼ਾ ਪਾਵੇਗਾ। ਉਸ ਨੂੰ ਉਸ ਦੀਆਂ ਦੁਸ਼ਟ ਕਰਨੀਆਂ ਅਨੁਸਾਰ ਮੁੱਲ ਜ਼ਰੂਰ ਦਿੱਤਾ ਜਾਣਾ ਚਾਹੀਦਾ। 3 ਯਾਕੂਬ ਨੇ ਆਪਣੀ ਮਾਂ ਦੇ ਗਰਭ ਵਿੱਚੋਂ ਹੀ ਆਪਣੇ ਭਰਾ ਨਾਲ ਚਾਲਾਕੀ ਕਰਨੀ ਸ਼ੁਰੂ ਕਰ ਦਿੱਤੀ ਸੀ। ਯਾਕੂਬ ਇੱਕ ਬਹਾਦਰ ਨੌਜੁਆਨ ਸੀ ਅਤੇ ਉਸ ਵਕਤ ਉਹ ਪਰਮੇਸ਼ੁਰ ਨਾਲ ਲੜਿਆ। 4 ਯਾਕੂਬ ਪਰਮੇਸ਼ੁਰ ਦੇ ਦੂਤ ਨਾਲ ਲੜਿਆ ਅਤੇ ਜਿੱਤ ਪ੍ਰਾਪਤ ਕੀਤੀ। ਉਸ ਨੇ ਰੋ ਕੇ ਇੱਕ ਉਪਕਾਰ ਲਈ ਮੰਗ ਕੀਤੀ। ਇਹ ਬੈਤਅਲ ਵਿਖੇ ਵਾਪਰਿਆ, ਅਤੇ ਉੱਥੇ ਉਸ ਨੇ ਸਾਡੇ ਨਾਲ ਗੱਲ ਕੀਤੀ। 5 ਹਾਂ! ਯਾਹਵੇਹ ਫ਼ੌਜਾਂ ਦਾ ਪਰਮੇਸ਼ੁਰ ਹੈ। ਉਸ ਦਾ ਨਾਉਂ ਯਾਹਵੇਹ ਹੈ। 6 ਤਾਂ ਆ ਆਪਣੇ ਪਰਮੇਸ਼ੁਰ ਵੱਲ ਪਰਤ ਨਿਆਂ ਅਤੇ ਦਯਾ ਨੂੰ ਬਣਾਈ ਰੱਖ ਅਤੇ ਹਮੇਸ਼ਾ ਆਪਣੇ ਪਰਮੇਸ਼ੁਰ ਤੇ ਨਿਰਭਰ ਕਰ।
7 “ਯਾਕੂਬ ਅਸਲੀ ਵਪਾਰੀ ਹੈ। ਉਹ ਆਪਣੇ ਮਿੱਤਰ ਨੂੰ ਵੀ ਧੋਖਾ ਦੇ ਦਿੰਦਾ। ਉਹ ਗ਼ਲਤ ਤੋਂਲ ਇਸਤੇਮਾਲ ਕਰਦਾ ਹੈ। 8 ਅਫ਼ਰਾਈਮ ਨੇ ਕਿਹਾ, ‘ਮੈਂ ਅਮੀਰ ਹਾਂ। ਮੈਂ ਅਸਲੀ ਅਮੀਰੀ ਪਾਈ ਹੈ। ਕੋਈ ਵੀ ਵਿਅਕਤੀ ਮੇਰੀਆਂ ਕੀਤੀਆਂ ਸਾਰੀਆਂ ਗੱਲਾਂ ਵਿੱਚ ਕੁਝ ਵੀ ਅਜਿਹਾ ਨਹੀਂ ਲੱਭ ਸੱਕੇਗਾ ਜਿਸ ਨੂੰ ਪਾਪ ਕਿਹਾ ਜਾ ਸੱਕੇ।’
9 “ਪਰ ਮੈਂ, ਤੁਹਾਡੇ ਮਿਸਰ ਦੇਸ਼ ਵਿੱਚ ਰਹਿਣ ਦੇ ਸਮੇਂ ਤੋਂ ਯਹੋਵਾਹ ਤੁਹਾਡਾ ਪਰਮੇਸ਼ੁਰ ਰਿਹਾ ਹਾਂ, ਮੈਂ ਫ਼ਿਰ ਤੋਂ ਤੁਹਾਨੂੰ ਤੰਬੂਆਂ ਵਿੱਚ ਵਸਾਵਾਂਗਾ ਜਿਵੇਂ ਤੁਸੀਂ ਮੰਡਲੀ ਦੇ ਤੰਬੂ ਦੇ ਸਮੇਂ ਦੌਰਾਨ ਤੰਬੂਆਂ ਵਿੱਚ ਰਹਿੰਦੇ ਸੀ। 10 ਮੈਂ ਨਬੀਆਂ ਨਾਲ ਗੱਲ ਕੀਤੀ ਹੈ ਅਤੇ ਉਨ੍ਹਾਂ ਨੂੰ ਅਨੇਕਾਂ ਦਰਸ਼ਨ ਦਿੱਤੇ ਹਨ। ਕਿੰਨੀ ਵਾਰੀ ਮੈਂ ਨਬੀਆਂ ਦੇ ਰਾਹੀਂ ਤੁਹਾਨੂੰ ਮੇਰੇ ਸਬਕ ਦਿੱਤੇ ਹਨ। 11 ਪਰ ਗਿਲਆਦ ਵਿੱਚ ਲੋਕ ਪਾਪ ਕਰਦੇ ਰਹੇ। ਉੱਥੇ ਉਨ੍ਹਾਂ ਨੇ ਇੰਨੇ ਬੁੱਤ ਸਥਾਪਿਤ ਕੀਤੇ। ਲੋਕਾਂ ਨੇ ਗਿਲਆਦ ਵਿੱਚ ਬਲਦਾਂ ਨੂੰ ਬਲੀਆਂ ਦਿੱਤੀਆਂ। ਉਨ੍ਹਾਂ ਕੋਲ ਕਿੰਨੀਆਂ ਜਗਵੇਦੀਆਂ ਹਨ। ਓੱਥੇ ਵਾਹੇ ਹੋਏ ਖੇਤਾਂ ਦੀ ਕਤਾਰਾਂ ਵਿੱਚ ਪਈ ਗੰਦਗੀ ਦੀ ਤਰ੍ਹਾਂ, ਜਗਵੇਦੀਆਂ ਦੀਆਂ ਅਨੇਕਾਂ ਕਤਾਰਾਂ ਹਨ।
12 “ਯਾਕੂਬ ਅਰਾਮ ਦੀ ਧਰਤੀ ਨੂੰ ਭੱਜ ਗਿਆ। ਉਸ ਬਾਵੇਂ, ਇਸਰਾਏਲ ਨੇ ਪਤਨੀ ਲਈ ਕੰਮ ਕੀਤਾ ਅਤੇ ਇੱਕ ਹੋਰ ਪਤਨੀ ਪਾਉਣ ਲਈ ਭੇਡਾਂ ਦੀ ਰਾਖੀ ਕੀਤੀ। 13 ਪਰ ਯਹੋਵਾਹ ਇੱਕ ਨਬੀ ਦੀ ਸਹਾਇਤਾ ਨਾਲ ਇਸਰਾਏਲ ਨੂੰ ਮਿਸਰ ਵਿੱਚੋਂ ਬਾਹਰ ਕੱਢ ਲਿਆਇਆ ਅਤੇ ਉਸ ਨਬੀ ਰਾਹੀਂ ਯਹੋਵਾਹ ਨੇ ਇਸਰਾਏਲ ਨੂੰ ਸੁਰੱਖਿਅਤ ਰੱਖਿਆ। 14 ਪਰ ਅਫ਼ਰਾਈਮ ਨੇ ਯਹੋਵਾਹ ਨੂੰ ਗੁੱਸੇ ਕਰ ਦਿੱਤਾ। ਕਿਉਂ ਕਿ ਉਸ ਨੇ ਅਨੇਕਾਂ ਲੋਕਾਂ ਦੀ ਹਤਿਆ ਕੀਤੀ। ਇਸ ਲਈ ਉਸ ਨੂੰ ਉਸ ਦੇ ਜੁਰਮ ਦੀ ਸਜ਼ਾ ਮਿਲੇਗੀ, ਅਤੇ ਉਸ ਦਾ ਮਾਲਕ (ਯਹੋਵਾਹ) ਉਸ ਨੂੰ ਉਸ ਦੀ ਸ਼ਰਮ ਸਹਾਰਨ ਦੇਵੇਗਾ।”
ਇਸਰਾਏਲ ਆਪਣੀ ਬਰਬਾਦੀ ਦਾ ਖੁਦ ਜਿੰਮੇਵਾਰ ਹੈ
13 “ਅਫ਼ਰਾਈਮ ਨੇ ਆਪਣੇ-ਆਪ ਨੂੰ ਇਸਰਾਏਲ ਵਿੱਚ ਬੜਾ ਪ੍ਰਮੁੱਖ ਦਰਜਾ ਦਿੱਤਾ ਹੋਇਆ ਸੀ। ਉਹ ਜਦੋਂ ਬੋਲਦਾ ਤਾਂ ਲੋਕਾਂ ਨੂੰ ਕਾਂਬਾ ਛਿੜ ਜਾਂਦਾ। ਪਰ ਅਫ਼ਰਾਈਮ ਨੇ ਬਆਲਾਂ ਦੀ ਉਪਾਸਨਾ ਕਰਕੇ ਵੱਡਾ ਪਾਪ ਕੀਤਾ ਸੀ। 2 ਅਤੇ ਹੁਣ ਇਸਰਾਏਲੀ ਹੋਰ ਵੱਧੇਰੇ ਪਾਪ ਕਰ ਰਹੇ ਸਨ। ਉਨ੍ਹਾਂ ਆਪਣੇ ਲਈ ਬੁੱਤ ਬਣਾਏ ਸਿਰਜ ਲੇ। ਕਾਮੇ ਚਾਂਦੀ ਦੇ ਬੁੱਤ ਉਨ੍ਹਾਂ ਦੇਵਤਿਆਂ ਦੇ ਬਣਾਉਂਦੇ ਅਤੇ ਫ਼ਿਰ ਉਹ ਲੋਕ ਉਨ੍ਹਾਂ ਬੁੱਤਾਂ ਨਾਲ ਗੱਲਾਂ ਕਰਦੇ ਅਤੇ ਉਨ੍ਹਾਂ ਬੁੱਤਾਂ ਅੱਗੇ ਬਲੀਆਂ ਭੇਟ ਕੀਤੀਆਂ ਜਾਂਦੀਆਂ। ਉਹ ਉਨ੍ਹਾਂ ਸੋਨੇ ਦੇ ਵੱਛਿਆਂ ਨੂੰ ਚੁੰਮਦੇ। 3 ਇਹੀ ਕਾਰਣ ਹੈ ਕਿ ਉਹ ਲੋਕ ਜਲਦੀ ਹੀ ਅਲੋਪ ਹੋ ਜਾਣਗੇ। ਉਹ ਸੁਵਖਤੇ ਦੀ ਧੁੰਦ ਵਰਗੇ ਅਤੇ ਤਰੇਲ ਵਰਗੇ ਹੋਣਗੇ, ਜੋ ਸੂਰਜ ਚਢ਼ਨ ਤੋਂ ਪਹਿਲਾਂ ਹੀ ਅਲੋਪ ਹੋ ਜਾਂਦੀ ਹੈ। ਉਹ ਉਸ ਤੂੜੀ ਵਾਂਗ ਹਨ ਜਿਸ ਨੂੰ ਹਵਾ ਪਿੜ ਵਿੱਚੋਂ ਉਡਾ ਕੇ ਲੈ ਜਾਂਦੀ ਹੈ। ਉਹ ਉਸ ਧੂੰਏਁ ਵਾਂਗ ਹਨ ਜੋ ਚਿਮਨੀ ਵਿੱਚੋਂ ਨਿਕਲ ਕੇ ਅਲੋਪ ਹੋ ਜਾਂਦਾ ਹੈ।
4 “ਮੈਂ, ਤੁਹਾਡੇ ਮਿਸਰ ਵਿੱਚ ਰਹਿਣ ਦੇ ਦਿਨਾਂ ਤੋਂ, ਯਹੋਵਾਹ ਤੁਹਾਡਾ ਪਰਮੇਸ਼ੁਰ ਰਿਹਾ ਹਾਂ। ਤੁਸੀਂ ਮੇਰੇ ਇਲਾਵਾ ਹੋਰ ਕਿਸੇ ਪਰਮੇਸ਼ੁਰ ਨੂੰ ਨਹੀਂ ਜਾਣਦੇ ਸੀ। ਇਹ ਮੈਂ ਹੀ ਸੀ ਜਿਸਨੇ ਤੁਹਾਨੂੰ ਬਚਾਇਆ। 5 ਮੈਂ ਤੁਹਾਨੂੰ ਤੁਹਾਡੇ ਮਾਰੂਬਲ, ਬਿਨਾ ਮੀਂਹ ਦੀ ਧਰਤੀ ਵਿੱਚ ਰਹਿਣ ਦੇ ਦਿਨਾਂ ਤੋਂ ਜਾਣਦਾਂ ਹਾਂ। 6 ਮੈਂ ਇਸਰਾਏਲੀਆਂ ਨੂੰ ਅੰਨ ਦਿੱਤਾ ਉਨ੍ਹਾਂ ਉਹ ਅੰਨ ਖਾਧਾ ਅਤੇ ਉਹ ਰੱਜ ਗਏ। ਪਰ ਉਹ ਹੰਕਾਰੇ ਗਏ ਅਤੇ ਮੈਨੂੰ ਭੁੱਲ ਗਏ।
7 “ਇਸੇ ਕਾਰਣ, ਮੈਂ ਉਨ੍ਹਾਂ ਲਈ ਇੱਕ ਸ਼ੇਰ ਵਾਂਗ ਹੋਵਾਂਗਾ। ਮੈਂ ਰਸਤੇ ਦੇ ਪਾਸੇ ਤੇ ਬੈਠ ਕੇ ਚੀਤੇ ਵਾਂਗ ਵੇਖਾਂਗਾ। 8 ਮੈਂ ਉਨ੍ਹਾਂ ਉੱਤੇ ਉਸ ਰਿੱਛਣੀ ਵਾਂਗ ਹਮਲਾ ਕਰਾਂਗਾ ਜਿਸਦੇ ਬੱਚੇ ਉਸ ਤੋਂ ਲੈ ਲੇ ਗਏ ਹੋਣ ਅਤੇ ਉਨ੍ਹਾਂ ਦੇ ਦਿਲਾਂ ਨੂੰ ਪਾੜ ਸੁੱਟਾਂਗਾ। ਮੈਂ ਉਨ੍ਹਾਂ ਤੇ ਸ਼ੇਰ ਜਾਂ ਦੂਸਰੇ ਜੰਗਲੀ ਜਾਨਵਰ ਵਾਂਗ ਹਮਲਾ ਕਰਾਂਗਾ ਜੋ ਆਪਣੇ ਸ਼ਿਕਾਰ ਨੂੰ ਪਾੜ ਕੇ ਖਾ ਜਾਂਦੇ ਹਨ।”
ਕੋਈ ਵੀ ਇਸਰਾਏਲ ਨੂੰ ਪਰਮੇਸ਼ੁਰ ਦੇ ਕ੍ਰੋਧਤੋਂ ਨਾ ਬਚਾਵੇਗਾ
9 “ਹੇ ਇਸਰਾਏਲ! ਮੈਂ ਤੇਰੀ ਮਦਦ ਕੀਤੀ ਪਰ ਤੂੰ ਮੇਰੇ ਵਿਰੁੱਧ ਹੋ ਗਿਆ। ਇਸ ਲਈ ਹੁਣ ਮੈਂ ਤੈਨੂੰ ਨਸ਼ਟ ਕਰ ਦਿਆਂਗਾ। 10 ਕਿੱਬੇ ਹੈ ਤੇਰਾ ਪਾਤਸ਼ਾਹ? ਉਹ ਸਾਰੇ ਸ਼ਹਿਰਾਂ ਵਿੱਚੋਂ ਵੀ ਤੈਨੂੰ ਬਚਾ ਨਾ ਸੱਕੇਗਾ। ਕਿੱਥੋ ਨੇ ਤੇਰੇ ਨਿਆਂਕਾਰ? ਜਿਨ੍ਹਾਂ ਬਾਰੇ ਤੂੰ ਆਖਿਆ, ‘ਮੈਨੂੰ ਪਾਤਸ਼ਾਹ ਅਤੇ ਆਗੂ ਦੇ!’ 11 ਮੈਂ ਕਰੋਧ ਵਿੱਚ ਸਾਂ ਤੇ ਤੈਨੂੰ ਇੱਕ ਰਾਜਾ ਦੇ ਦਿੱਤਾ ਅਤੇ ਜਦੋਂ ਮੈਂ ਬਹੁਤ ਕਰੋਧ ਵਿੱਚ ਆਇਆ, ਮੈਂ ਉਸ ਨੂੰ ਲੈ ਗਿਆ।
12 “ਅਫ਼ਰਾਈਮ ਨੇ ਆਪਣੇ ਦੋਸ਼ ਨੂੰ ਛੁਪਾਉਣ ਦੀ ਕੋਸ਼ਿਸ਼ ਕੀਤੀ
ਉਸ ਨੇ ਸੋਚਿਆ ਕਿ ਉਸ ਦੇ ਪਾਪ ਇੱਕ ਰਾਜ ਸਨ,
ਪਰ ਉਸ ਨੂੰ ਸਜ਼ਾ ਮਿਲੇਗੀ।
13 ਉਸਦੀ ਸਜ਼ਾ ਔਰਤ ਦੀ ਜਣਨ ਪੀੜ ਵਰਗੀ ਹੋਵੇਗੀ
ਉਹ ਸਿਆਣਾ ਪੁੱਤਰ ਨਾ ਹੋਵੇਗਾ।
ਜਦੋਂ ਉਸ ਦੇ ਜਨਮ ਦਾ ਸਮਾਂ ਆਵੇਗਾ
ਤਾਂ ਉਹ ਬਚ ਨਾ ਪਾਵੇਗਾ।
14 “ਮੈਂ ਉਨ੍ਹਾਂ ਨੂੰ ਕਬਰ ਤੋਂ ਬਚਾਵਾਂਗਾ!
ਮੈਂ ਉਨ੍ਹਾਂ ਦਾ ਮੌਤ ਤੋਂ ਨਿਸਤਾਰਾ ਕਰਾਂਗਾ!
ਹੇ ਮੌਤੇ, ਕਿੱਥੋ ਹਨ ਤੇਰੇ ਰੋਗ?
ਹੇ ਕਬਰੇ, ਕਿੱਥੋ ਹੈ ਤੇਰੀ ਸ਼ਕਤੀ?
ਮੈਂ ਬਦਲੇ ਦੀ ਤਾਕ ਵਿੱਚ ਨਹੀਂ ਹਾਂ।
15 ਭਾਵੇਂ ਇਸਰਾਏਲ ਆਪਣੇ ਭਰਾਵਾਂ ਵਿੱਚ ਫ਼ਲਦਾ ਹੈ,
ਇੱਕ ਜ਼ੋਰਦਾਰ ਪੂਰਬੀ ਹਵਾ ਆਵੇਗੀ-ਯਹੋਵਾਹ ਦੀ ਹਵਾ ਉਜਾੜ ਵੱਲੋਂ ਆਵੇਗੀ, ਤਦ ਇਸਰਾਏਲ ਦੇ ਖੂਹ ਸੁੱਕ ਜਾਣਗੇ।
ਉਸ ਦੇ ਝਰਨਿਆਂ ਦਾ ਪਾਣੀ ਸੁੱਕ ਜਾਵੇਗਾ।
ਉਹ ਹਵਾ ਇਸਰਾਏਲ ਦੇ ਖਜਾਨੇ ਦੀਆਂ ਕੀਮਤੀ ਚੀਜ਼ਾਂ ਉਡਾ ਕੇ ਲੈ ਜਾਵੇਗੀ।
16 ਸਾਮਰਿਯਾ ਨੂੰ ਸਜ਼ਾ ਮਿਲੇਗੀ
ਕਿਉਂ ਕਿ ਉਹ ਆਪਣੇ ਪਰਮੇਸ਼ੁਰ ਤੋਂ ਆਕੀ ਹੋ ਗਈ
ਇਸਰਾਏਲੀ ਤਲਵਾਰਾਂ ਨਾਲ ਵੱਢੇ ਜਾਣਗੇ
ਉਨ੍ਹਾਂ ਦੇ ਬੱਚਿਆਂ ਦੇ ਟੁਕੜੇ-ਟੁਕੜੇ ਕੀਤੇ ਜਾਣਗੇ।
ਉਨ੍ਹਾਂ ਦੀਆਂ ਗਰਭਵਤੀਆਂ ਚੀਰੀਆਂ ਜਾਣਗੀਆਂ।”
ਯਹੋਵਾਹ ਵੱਲ ਵਾਪਸੀ
14 ਹੇ ਇਸਰਾਏਲ! ਤੂੰ ਡਿੱਗਿਆ ਅਤੇ ਪਰਮੇਸ਼ੁਰ ਵਿਰੁੱਧ ਪਾਪ ਕੀਤੇ ਇਸ ਲਈ ਹੁਣ ਯਹੋਵਾਹ ਆਪਣੇ ਪਰਮੇਸ਼ੁਰ ਵੱਲ ਵਾਪਿਸ ਮੁੜ। 2 ਸੋਚੋ ਕਿ ਤੁਸੀਂ ਕੀ ਆਖੋਂਗੇ ਅਤੇ ਯਹੋਵਾਹ ਵੱਲ ਵਾਪਸ ਪਰਤੋਂ। ਉਸ ਨੂੰ ਆਖੋ,
“ਸਾਡੇ ਪਾਪਾਂ ਨੂੰ ਸਾਫ ਕਰ ਦੇ
ਅਤੇ ਸਾਡੇ ਚੰਗੇ ਬਚਨਾਂ ਨੂੰ ਕਬੂਲ।
ਅਸੀਂ ਆਪਣੇ ਬੁਲ੍ਹਾਂ ਨਾਲ ਤੇਰੀ ਉਸਤਤ ਕਰਾਂਗੇ।
3 ਅੱਸ਼ੂਰ ਸਾਨੂੰ ਨਹੀਂ ਬਚਾਵੇਗਾ
ਅਸੀਂ ਜੰਗੀ ਘੋੜਿਆਂ ਉੱਤੇ ਨਹੀਂ ਚੜ੍ਹਾਂਗੇ
ਅਤੇ ਅਸੀਂ ਮੁੜ ਆਪਣੇ ਰੱਥ ਨਾਲ ਸਿਰਜਿਆਂ ਨੂੰ
‘ਆਪਣੇ ਪਰਮੇਸ਼ੁਰ’ ਨਹੀਂ ਕਹਾਂਗੇ।
ਕਿਉਂ ਕਿ ਯਤੀਮਾਂ ਤੇ ਰਹਿਮ ਸਿਰਫ਼
ਤੂੰ ਹੀ ਕਰਦਾ ਹੈਂ।”
ਯਹੋਵਾਹ ਇਸਰਾਏਲ ਨੂੰ ਬਖਸ਼ ਦੇਵੇਗਾ
4 ਯਹੋਵਾਹ ਆਖਦਾ,
“ਉਹ ਮੈਨੂੰ ਛੱਡ ਕੇ ਚੱਲੇ ਗਏ,
ਪਰ ਮੈਂ ਉਨ੍ਹਾਂ ਨੂੰ ਮੁਆਫ਼ ਕਰ ਦਿਆਂਗਾ।
ਮੈਂ ਉਨ੍ਹਾਂ ਨੂੰ ਨਿਮਰਤਾ ਨਾਲ ਪਿਆਰ ਕਰਾਂਗਾ
ਕਿਉਂ ਜੋ ਮੈਂ ਉਨ੍ਹਾਂ ਤੇ ਕ੍ਰੋਧ ਛੱਡ ਦਿੱਤਾ ਹੈ।
5 ਮੈਂ ਇਸਰਾਏਲ ਲਈ ਤ੍ਰੇਲ ਵਾਂਗ ਆਵਾਂਗਾ
ਇਸਰਾਏਲ ਕੁਮੁਦਨੀ ਫ਼ੁੱਲ ਵਾਂਗ ਖਿਲੇਗਾ
ਅਤੇ ਉਹ ਲਬਾਨੋਨ ਦੇ ਦਿਉਦਾਰ ਦੇ ਦ੍ਰੱਖਤਾਂ ਵਾਂਗ ਉੱਗੇਗਾ।
6 ਉਸ ਦੀਆਂ ਸ਼ਾਖਾਵਾਂ ਵੱਧਣਗੀਆਂ
ਅਤੇ ਉਹ ਇੱਕ ਸੁੰਦਰ ਜੈਤੂਨ ਦੇ ਦ੍ਰੱਖਤ ਵਾਂਗ ਹੋਵੇਗਾ
ਅਤੇ ਲਬਾਨੋਨ ਦੇ ਦਿਉਦਾਰ ਦੇ
ਰੁੱਖਾਂ ਵਾਂਗ ਸੋਹਣੀ ਖੁਸ਼ਬੋ ਦੇਵੇਗਾ।
7 ਇਸਰਾਏਲ ਦੇ ਲੋਕ ਮੁੜ ਮੇਰੀ ਹਿਫ਼ਾਜ਼ਤ ਵਿੱਚ
ਜਿਉਣਗੇ ਉਹ ਦਾਣਿਆਂ ਵਾਂਗ ਉਗਣਗੇ
ਉਹ ਅੰਗੂਰੀ ਵੇਲ ਵਾਂਗ ਵੱਧਣਗੇ
ਅਤੇ ਲਬਾਨੋਨ ਦੀ ਮੈਅ ਵਾਂਗ ਹੋਣਗੇ।”
ਯਹੋਵਾਹ ਦਾ ਇਸਰਾਏਲ ਨੂੰ ਬੁੱਤਾਂ ਵੱਲੋਂ ਤਾੜਨਾ
8 “ਹੇ ਅਫ਼ਰਾਈਮ, ਮੇਰਾ ਬੁੱਤ ਨਾਲ ਕੋਈ ਲੈਣ-ਦੇਣ ਨਹੀਂ ਹੈ।
ਮੈਂ ਹੀ ਤੁਹਾਡੀਆਂ ਪ੍ਰਾਰਥਨਾਵਾਂ ਨੂੰ ਸੁਣਦਾ ਹਾਂ
ਅਤੇ ਮੈਂ ਹੀ ਤੁਹਾਡੇ ਉੱਪਰ ਪਹਿਰਾ ਦਿੰਦਾ ਹਾਂ ਮੈਂ ਇੱਕ ਸਦਾਬਹਾਰ ਸਰੂ ਦੇ ਰੁੱਖ ਵਾਂਗ ਹਾਂ
ਮੈਥੋਂ ਹੀ ਤੁਹਾਨੂੰ ਫ਼ਲ ਪ੍ਰਾਪਤ ਹੁੰਦੇ ਹਨ।”
ਅਖੀਰੀ ਸਲਾਹ
9 ਇੱਕ ਸਿਆਣਾ ਵਿਅਕਤੀ ਇਹ ਗੱਲਾਂ ਸਮਝ ਸੱਕਦਾ ਹੈ
ਇੱਕ ਸਮਝਦਾਰ ਮਨੁੱਖ ਨੂੰ ਇਨ੍ਹਾਂ ਗੱਲਾਂ ਤੋਂ ਸਿੱਖਣਾ ਚਾਹੀਦਾ ਹੈ
ਯਹੋਵਾਹ ਦੇ ਰਾਹ ਧਰਮੀ ਹਨ
ਚੰਗੇ ਲੋਕ ਉਨ੍ਹਾਂ ਅਨੁਸਾਰ ਜਿਉਣਗੇ
ਅਤੇ ਪਾਪੀ ਉਨ੍ਹਾਂ ਦੁਆਰਾ ਮਰ ਜਾਣਗੇ।
2010 by World Bible Translation Center