Print Page Options
Previous Prev Day Next DayNext

Beginning

Read the Bible from start to finish, from Genesis to Revelation.
Duration: 365 days
Punjabi Bible: Easy-to-Read Version (ERV-PA)
Version
ਹਿਜ਼ਕੀਏਲ 37-39

ਸੁੱਕੀਆਂ ਹੱਡੀਆਂ ਦਾ ਦਰਸ਼ਨ

37 ਯਹੋਵਾਹ ਦੀ ਸ਼ਕਤੀ ਮੇਰੇ ਉੱਪਰ ਆਈ। ਯਹੋਵਾਹ ਦਾ ਆਤਮਾ ਮੈਨੂੰ ਚੁੱਕ ਕੇ (ਸ਼ਹਿਰ ਤੋਂ ਬਾਹਰ) ਲੈ ਗਿਆ ਅਤੇ ਮੈਨੂੰ ਵਾਦੀ ਦੇ ਵਿੱਚਕਾਰ ਛੱਡ ਦਿੱਤਾ। ਵਾਦੀ ਮਰੇ ਹੋਏ ਬੰਦਿਆਂ ਦੀਆਂ ਹੱਡੀਆਂ ਨਾਲ ਭਰੀ ਹੋਈ ਸੀ। ਵਾਦੀ ਵਿੱਚ ਧਰਤੀ ਉੱਤੇ ਬਹੁਤ-ਬਹੁਤ ਸਾਰੀਆਂ ਹੱਡੀਆਂ ਪਈਆਂ ਹੋਈਆਂ ਸਨ। ਯਹੋਵਾਹ ਨੇ ਮੈਨੂੰ ਉਨ੍ਹਾਂ ਹੱਡੀਆਂ ਦੇ ਆਲੇ-ਦੁਆਲੇ ਤੁਰਨ ਲਈ ਮਜ਼ਬੂਰ ਕੀਤਾ। ਮੈਂ ਦੇਖਿਆ ਕਿ ਹੱਡੀਆਂ ਬਹੁਤ ਖੁਸ਼ਕ ਸਨ।

ਫ਼ੇਰ ਮੇਰੇ ਪ੍ਰਭੂ ਯਹੋਵਾਹ ਨੇ ਮੈਨੂੰ ਆਖਿਆ, “ਆਦਮੀ ਦੇ ਪੁੱਤਰ, ਕੀ ਇਹ ਹੱਡੀਆਂ ਮੁੜਕੇ ਜਿਉਂਦੀਆਂ ਹੋ ਸੱਕਦੀਆਂ ਹਨ?”

ਮੈਂ ਜਵਾਬ ਦਿੱਤਾ, “ਯਹੋਵਾਹ ਮੇਰੇ ਪ੍ਰਭੂ, ਸਿਰਫ਼ ਤੁਸੀਂ ਹੀ ਇਹ ਸਵਾਲ ਦਾ ਜਵਾਬ ਜਾਣਦੇ ਹੋ।”

ਮੇਰੇ ਪ੍ਰਭੂ ਯਹੋਵਾਹ ਨੇ ਮੈਨੂੰ ਆਖਿਆ, “ਮੇਰੇ ਲਈ ਉਨ੍ਹਾਂ ਹੱਡੀਆਂ ਨਾਲ ਗੱਲ ਕਰ। ਉਨ੍ਹਾਂ ਹੱਡੀਆਂ ਨੂੰ ਆਖ, ‘ਖੁਸ਼ਕ ਹੱਡੀਓ, ਯਹੋਵਾਹ ਦੇ ਸ਼ਬਦ ਨੂੰ ਸੁਣੋ! ਯਹੋਵਾਹ ਮੇਰਾ ਪ੍ਰਭੂ ਇਹ ਗੱਲਾਂ ਇਨ੍ਹਾਂ ਹੱਡੀਆਂ ਨੂੰ ਆਖਦਾ ਹੈ; ਮੈਂ ਤੁਹਾਡੇ ਅੰਦਰ ਸਾਹ ਨੂੰ ਆਉਣ ਦੇਵਾਂਗਾ, ਅਤੇ ਤੁਸੀਂ ਜਿਉਂਦੀਆਂ ਹੋ ਜਾਵੋਁਗੀਆਂ! ਮੈਂ ਤੁਹਾਡੇ ਉੱਤੇ ਮਾਸ ਪੇਸ਼ੀਆਂ ਅਤੇ ਡੌਲਿਆਂ ਨੂੰ ਪਾਵਾਂਗਾ। ਅਤੇ ਮੈਂ ਤੁਹਾਨੂੰ ਚਮੜੀ ਨਾਲ ਢੱਕੱ ਦਿਆਂਗਾ। ਫ਼ੇਰ ਮੈਂ ਤੁਹਾਡੇ ਅੰਦਰ ਸਾਹ ਭਰ ਦਿਆਂਗਾ ਅਤੇ ਤੁਸੀਂ ਫ਼ੇਰ ਜਿਉਂਦਿਆਂ ਹੋ ਜਾਵੋਁਗੀਆਂ! ਫ਼ੇਰ ਤੁਸੀਂ ਜਾਣ ਲਵੋਂਗੇ ਕਿ ਮੈਂ ਯਹੋਵਾਹ ਅਤੇ ਪ੍ਰਭੂ ਹਾਂ।’”

ਇਸ ਲਈ ਮੈਂ ਹੱਡੀਆਂ ਨਾਲ ਯਹੋਵਾਹ ਦੇ ਹੁਕਮ ਅਨੁਸਾਰ ਗੱਲ ਕੀਤੀ ਜਿਵੇਂ ਕਿ ਉਸ ਨੇ ਆਖਿਆ ਸੀ। ਮੈਂ ਹਾਲੇ ਗੱਲ ਹੀ ਕਰ ਰਿਹਾ ਸੀ ਕਿ ਮੈਂ ਉੱਚਾ ਸ਼ੋਰ ਸੁਣਿਆ। ਹੱਡੀਆਂ ਕੜਕਣ ਲੱਗੀਆਂ ਅਤੇ ਇੱਕ ਹੱਡੀ ਦੂਜੀ ਹੱਡੀ ਨਾਲ ਜੁੜਨ ਲਗੀ। ਓੱਥੇ ਮੇਰੀਆਂ ਅੱਖਾਂ ਸਾਹਮਣੇ ਮੈਂ ਦੇਖਿਆ ਕਿ ਮਾਸਪੇਸ਼ੀਆਂ ਅਤੇ ਪੱਠੇ ਹੱਡੀਆਂ ਨੂੰ ਢੱਕਣ ਲੱਗੇ। ਅਤੇ ਚਮੜੀ ਉਨ੍ਹਾਂ ਨੂੰ ਢੱਕਣ ਲੱਗ ਪਈ। ਪਰ ਉਨ੍ਹਾਂ ਵਿੱਚ ਸਾਹ ਨਹੀਂ ਸਨ।

ਫ਼ੇਰ ਮੇਰੇ ਪ੍ਰਭੂ ਯਹੋਵਾਹ ਨੇ ਮੈਨੂੰ ਆਖਿਆ, “ਹਵਾ ਨਾਲ ਗੱਲ ਕਰ, ਮੇਰੇ ਲਈ। ਆਦਮੀ ਦੇ ਪੁੱਤਰ ਮੇਰੇ ਲਈ ਹਵਾ ਨਾਲ ਗੱਲ ਕਰ। ਹਵਾ ਨੂੰ ਆਖ ਕਿ ਮੇਰਾ ਪ੍ਰਭੂ ਯਹੋਵਾਹ ਇਹ ਗੱਲਾਂ ਆਖਦਾ ਹੈ: ‘ਹਵਾਏ, ਹਰ ਦਿਸ਼ਾ ਵਿੱਚੋਂ ਆ ਅਤੇ ਇਨ੍ਹਾਂ ਮੁਰਦਾ ਸਰੀਰਾਂ ਵਿੱਚ ਸਾਹ ਫ਼ੂਕ ਦੇ! ਉਨ੍ਹਾਂ ਵਿੱਚ ਸਾਹ ਫ਼ੂਕ ਅਤੇ ਉਹ ਫ਼ੇਰ ਜਿਉਂਦੀਆਂ ਹੋ ਜਾਣਗੀਆਂ!’”

10 ਇਸ ਲਈ ਮੈਂ ਹਵਾ ਨਾਲ ਯਹੋਵਾਹ ਲਈ ਗੱਲ ਕੀਤੀ ਜਿਵੇਂ ਕਿ ਉਸ ਨੇ ਆਖਿਆ ਸੀ। ਅਤੇ ਸਾਹ ਮੁਰਦਾ ਸਰੀਰਾਂ ਵਿੱਚ ਆ ਗਿਆ। ਉਹ ਜਿਉਂ ਪਏ ਅਤੇ ਖੜ੍ਹੇ ਹੋ ਗਏ। ਓੱਥੇ ਬਹੁਤ, ਬਹੁਤ ਸਾਰੇ ਆਦਮੀ ਸਨ-ਉਹ ਇੱਕ ਬਹੁਤ ਵੱਡੀ ਫ਼ੌਜ ਸੀ।

11 ਫ਼ੇਰ ਮੇਰੇ ਪ੍ਰਭੂ ਯਹੋਵਾਹ ਨੇ ਮੈਨੂੰ ਆਖਿਆ, “ਆਦਮੀ ਦੇ ਪੁੱਤਰ, ਇਹ ਹੱਡੀਆਂ ਇਸਰਾਏਲ ਦੇ ਸਾਰੇ ਪਰਿਵਾਰ ਵਾਂਗ ਹਨ। ਇਸਰਾਏਲ ਦੇ ਲੋਕ ਆਖਦੇ ਹਨ, ‘ਸਾਡੀਆਂ ਹੱਡੀਆਂ ਖੁਸ਼ਕ ਹੋ ਗਈਆਂ ਹਨ, ਸਾਡੀ ਉਮੀਦ ਚਲੀ ਗਈ ਹੈ। ਅਸੀਂ ਪੂਰੀ ਤਰ੍ਹਾਂ ਤਬਾਹ ਹੋ ਗਏ ਹਾਂ!’ 12 ਇਸ ਲਈ ਉਨ੍ਹਾਂ ਨਾਲ ਮੇਰੇ ਲਈ ਗੱਲ ਕਰੀਂ। ਉਨ੍ਹਾਂ ਨੂੰ ਦੱਸ ਕਿ ਮੇਰਾ ਪ੍ਰਭੂ ਯਹੋਵਾਹ ਇਹ ਗੱਲਾਂ ਆਖਦਾ ਹੈ, ‘ਮੇਰੇ ਲੋਕੋ, ਮੈਂ ਤੁਹਾਡੀਆਂ ਕਬਰਾਂ ਨੂੰ ਖੋਲ੍ਹ ਲਵਾਂਗਾ! ਅਤੇ ਤੁਹਾਨੂੰ ਤੁਹਾਡੀਆਂ ਕਬਰਾਂ ਵਿੱਚੋਂ ਬਾਹਰ ਕੱਢ ਲਵਾਂਗਾ। ਫ਼ੇਰ ਮੈਂ ਤੁਹਾਨੂੰ ਇਸਰਾਏਲ ਦੀ ਧਰਤੀ ਉੱਤੇ ਲਿਆਵਾਂਗਾ। 13 ਮੇਰੇ ਲੋਕੋ, ਮੈਂ ਤੁਹਾਡੀਆਂ ਕਬਰਾਂ ਖੋਲ੍ਹ ਦਿਆਂਗਾ ਅਤੇ ਤੁਹਾਨੂੰ ਤੁਹਾਡੀਆਂ ਕਬਰਾਂ ਵਿੱਚੋਂ ਬਾਹਰ ਕੱਢ ਲਿਆਵਾਂਗਾ। ਅਤੇ ਫ਼ੇਰ ਤੁਹਾਨੂੰ ਪਤਾ ਲੱਗੇਗਾ ਕਿ ਮੈਂ ਯਹੋਵਾਹ ਹਾਂ। 14 ਮੈਂ ਆਪਣਾ ਆਤਮਾ ਤੁਹਾਡੇ ਅੰਦਰ ਪਾ ਦਿਆਂਗਾ ਅਤੇ ਤੁਸੀਂ ਫ਼ੇਰ ਜਿਉਂਦੇ ਹੋ ਜਾਵੋਂਗੇ। ਫੇਰ ਮੈਂ ਤੁਹਾਨੂੰ ਤੁਹਾਡੀ ਆਪਣੀ ਧਰਤੀ ਉੱਤੇ ਵਾਪਸ ਲੈ ਜਾਵਾਂਗਾ। ਫ਼ੇਰ ਤੁਹਾਨੂੰ ਪਤਾ ਲੱਗੇਗਾ ਕਿ ਮੈਂ ਯਹੋਵਾਹ ਹਾਂ। ਤੁਸੀਂ ਜਾਣ ਜਾਵੋਂਗੇ ਕਿ ਮੈਂ ਇਹ ਗੱਲਾਂ ਆਖੀਆਂ ਅਤੇ ਇਨ੍ਹਾਂ ਨੂੰ ਵਾਪਰਨ ਦਿੱਤਾ ਸੀ।’” ਯਹੋਵਾਹ ਨੇ ਇਹ ਗੱਲਾਂ ਆਖੀਆਂ ਸਨ।

ਯਹੂਦਾਹ ਅਤੇ ਇਸਰਾਏਲ ਫ਼ੇਰ ਇੱਕ ਹੋ ਜਾਂਦੇ ਹਨ

15 ਯਹੋਵਾਹ ਦਾ ਸ਼ਬਦ ਫ਼ੇਰ ਮੇਰੇ ਕੋਲ ਆਇਆ। ਉਸ ਨੇ ਆਖਿਆ, 16 “ਆਦਮੀ ਦੇ ਪੁੱਤਰ, ਇੱਕ ਸੋਟੀ ਲੈ ਲੈ ਅਤੇ ਇਸ ਉੱਤੇ ਇਹ ਸੰਦੇਸ਼ ਲਿਖ ਲੈ: ‘ਇਹ ਸੋਟੀ ਯਹੂਦਾਹ ਅਤੇ ਉਸ ਦੇ ਦੋਸਤਾਂ, ਇਸਰਾਏਲ ਦੇ ਲੋਕਾਂ ਦੀ ਹੈ।’ ਫ਼ੇਰ ਇੱਕ ਹੋਰ ਸੋਟੀ ਲੈ ਅਤੇ ਇਸ ਉੱਤੇ ਲਿਖ, ‘ਇਹ ਅਫ਼ਰਾਈਮ ਦੀ ਸੋਟੀ ਯੂਸੁਫ਼ ਅਤੇ ਉਸ ਦੇ ਦੋਸਤਾਂ, ਇਸਰਾਏਲ ਦੇ ਲੋਕਾਂ, ਦੀ ਹੈ’ 17 ਫ਼ੇਰ ਇਨ੍ਹਾਂ ਦੋਹਾਂ ਸੋਟੀਆਂ ਨੂੰ ਜੋੜ ਦੇਵੀਂ। ਤੇਰੇ ਹੱਥ ਵਿੱਚ, ਉਹ ਇੱਕ ਸੋਟੀਆਂ ਹੋਣਗੀਆਂ।

18 “ਤੇਰੇ ਲੋਕ ਤੈਨੂੰ ਇਹ ਸਮਝਾਉਣ ਲਈ ਆਖਣਗੇ ਕਿ ਇਸਦਾ ਕੀ ਅਰਬ ਹੈ। 19 ਉਨ੍ਹਾਂ ਨੂੰ ਆਖ ਕਿ ਪ੍ਰਭੂ ਅਤੇ ਯਹੋਵਾਹ ਇਹ ਗੱਲਾਂ ਆਖਦਾ ਹੈ, ‘ਮੈਂ ਯੂਸੁਫ਼ ਦੀ ਸੋਟੀ ਲਵਾਂਗਾ ਜਿਹੜੀ ਅਫ਼ਰਾਈਮ ਅਤੇ ਉਸ ਦੇ ਦੋਸਤਾਂ, ਇਸਰਾਏਲ ਦੇ ਲੋਕਾਂ ਦੇ ਹੱਥ ਵਿੱਚ ਹੈ। ਫ਼ੇਰ ਮੈਂ ਉਸ ਸੋਟੀ ਨੂੰ ਯਹੂਦਾਹ ਦੀ ਸੋਟੀ ਦੇ ਨਾਲ ਰੱਖ ਦਿਆਂਗਾ। ਅਤੇ ਉਨ੍ਹਾਂ ਨੂੰ ਇੱਕ ਸੋਟੀ ਬਣਾ ਦਿਆਂਗਾ। ਮੇਰੇ ਹੱਥ ਵਿੱਚ ਉਹ ਇੱਕ ਸੋਟੀ ਬਣ ਜਾਣਗੇ!’

20 “ਉਨ੍ਹਾਂ ਸੋਟੀਆਂ ਨੂੰ ਆਪਣੇ ਸਾਹਮਣੇ ਕਰਕੇ ਆਪਣੇ ਹੱਥਾਂ ਵਿੱਚ ਫ਼ੜ। ਤੂੰ ਉਨ੍ਹਾਂ ਸੋਟੀਆਂ ਉੱਤੇ ਉਹ ਨਾਮ ਲਿਖੇ ਸਨ। 21 ਲੋਕਾਂ ਨੂੰ ਦੱਸ ਕਿ ਯਹੋਵਾਹ ਅਤੇ ਪ੍ਰਭੂ ਇਹ ਗੱਲਾਂ ਆਖਦਾ ਹੈ: ‘ਮੈਂ ਕੌਮਾਂ ਵਿੱਚੋਂ ਇਸਰਾਏਲ ਦੇ ਲੋਕਾਂ ਨੂੰ ਲਵਾਂਗਾ ਜਿੱਥੇ ਉਹ ਚੱਲੇ ਗਏ ਹਨ। ਮੈਂ ਉਨ੍ਹਾਂ ਨੂੰ ਹਰ ਪਾਸਿਓ ਇਕੱਠਿਆਂ ਕਰਾਂਗਾ, ਅਤੇ ਮੈਂ ਉਨ੍ਹਾਂ ਨੂੰ ਉਨ੍ਹਾਂ ਦੀ ਆਪਣੀ ਧਰਤੀ ਉੱਤੇ ਲਿਆਵਾਂਗਾ। 22 ਮੈਂ ਉਨ੍ਹਾਂ ਨੂੰ ਇਸਰਾਏਲ ਦੇ ਪਰਬਤਾਂ ਉਤਲੀ ਧਰਤੀ ਉੱਤੇ ਇੱਕ ਕੌਮ ਬਣਾ ਦਿਆਂਗਾ। ਇੱਕ ਰਾਜਾ ਉਨ੍ਹਾਂ ਸਾਰਿਆਂ ਦਾ ਰਾਜਾ ਹੋਵੇਗਾ। ਉਹ ਦੋ ਕੌਮਾਂ ਨਹੀਂ ਬਣੀਆਂ ਰਹਿਣਗੀਆਂ ਉਹ ਫ਼ੇਰ ਹੋਰ ਵੱਧੇਰੇ ਦੋ ਰਾਜਾਂ ਵਿੱਚ ਨਹੀਂ ਵੰਡੀਆਂ ਰਹਿਣਗੀਆਂ। 23 ਅਤੇ ਉਹ ਆਪਣੇ ਆਪਨੂੰ ਆਪਣੇ ਬੁੱਤਾਂ ਅਤੇ ਭਿਆਨਕ ਮੂਰਤੀਆਂ ਜਾਂ ਆਪਣੇ ਹੋਰਨਾਂ ਪਾਪਾਂ ਨਾਲ ਨਾਪਾਕ ਬਨਾਉਣਾ ਜਾਰੀ ਨਹੀਂ ਰੱਖਣਗੇ। ਪਰ ਮੈਂ ਉਨ੍ਹਾਂ ਨੂੰ ਉਨ੍ਹਾਂ ਸਾਰੀਆਂ ਥਾਵਾਂ ਤੋਂ ਬਚਾਵਾਂਗਾ ਜਿੱਥੇ ਉਨ੍ਹਾਂ ਨੇ ਪਾਪ ਕੀਤੇ ਸਨ। ਅਤੇ ਮੈਂ ਉਨ੍ਹਾਂ ਨੂੰ ਸ਼ੁੱਧ ਬਣਾ ਦਿਆਂਗਾ। ਅਤੇ ਉਹ ਮੇਰੇ ਬੰਦੇ ਹੋਣਗੇ ਅਤੇ ਮੈਂ ਉਨ੍ਹਾਂ ਦਾ ਪਰਮੇਸ਼ੁਰ ਹੋਵਾਂਗਾ।

24 “‘ਅਤੇ ਮੇਰਾ ਸੇਵਕ ਦਾਊਦ ਉਨ੍ਹਾਂ ਦਾ ਰਾਜਾ ਹੋਵੇਗਾ। ਉਨ੍ਹਾਂ ਸਾਰਿਆਂ ਦਾ ਓੱਥੇ ਸਿਰਫ਼ ਇੱਕ ਹੀ ਆਜੜੀ ਹੋਵੇਗਾ। ਉਹ ਮੇਰੇ ਕਨੂੰਨਾਂ ਅਨੁਸਾਰ ਜਿਉਣਗੇ ਅਤੇ ਮੇਰੇ ਕਨੂੰਨਾਂ ਨੂੰ ਮੰਨਣਗੇ। ਉਹ ਓਹੀ ਗੱਲਾਂ ਕਰਨਗੇ ਜਿਹੜੀਆਂ ਮੈਂ ਉਨ੍ਹਾਂ ਨੂੰ ਆਖਾਂਗਾ। 25 ਉਹ ਉਸ ਧਰਤੀ ਉੱਤੇ ਰਹਿਣਗੇ ਜਿਹੜੀ ਮੈਂ ਆਪਣੇ ਸੇਵਕ ਯਾਕੂਬ ਨੂੰ ਦਿੱਤੀ ਸੀ ਤੁਹਾਡੇ ਪੁਰਖੇ ਉੱਥੇ ਰਹਿੰਦੇ ਸਨ ਅਤੇ ਮੇਰੇ ਲੋਕ ਓੱਥੇ ਰਹਿਣਗੇ। ਉਹ ਅਤੇ ਉਨ੍ਹਾਂ ਦੇ ਪੁੱਤ ਪੋਤੇ ਹਮੇਸ਼ਾ ਲਈ ਓੱਥੇ ਰਹਿਣਗੇ। ਅਤੇ ਮੇਰਾ ਸੇਵਕ ਦਾਊਦ ਸਦਾ ਲਈ ਉਨ੍ਹਾਂ ਦਾ ਆਗੂ ਹੋਵੇਗਾ। 26 ਅਤੇ ਮੈਂ ਉਨ੍ਹਾਂ ਨਾਲ ਸ਼ਾਂਤੀ ਦਾ ਇਕਰਾਰਨਾਮਾ ਕਰਾਂਗਾ। ਇਹ ਇਕਰਾਰਨਾਮਾ ਸਦਾ ਜਾਰੀ ਰਹੇਗਾ। ਮੈਂ ਉਨ੍ਹਾਂ ਨੂੰ ਉਨ੍ਹਾਂ ਦੀ ਧਰਤੀ ਦੇਣ ਲਈ ਸਹਿਮਤ ਹਾਂ। ਮੈਂ ਉਨ੍ਹਾਂ ਨੂੰ ਬਹੁਤ, ਬਹੁਤ ਲੋਕ ਬਣ ਜਾਣ ਵਿੱਚ ਸਹਿਮਤ ਹਾਂ। ਅਤੇ ਮੈਂ ਆਪਣਾ ਪਵਿੱਤਰ ਸਥਾਨ ਹਮੇਸ਼ਾ ਲਈ ਉਨ੍ਹਾਂ ਦਰਮਿਆਨ ਰੱਖਣ ਲਈ ਸਹਿਮਤ ਹਾਂ। 27 ਮੇਰਾ ਪਵਿੱਤਰ ਤੰਬੂ ਉਨ੍ਹਾਂ ਕੋਲ ਹੋਵੇਗਾ। ਹਾਂ ਮੈਂ ਉਨ੍ਹਾਂ ਦਾ ਪਰਮੇਸ਼ੁਰ ਹੋਵਾਂਗਾ ਅਤੇ ਉਹ ਮੇਰੇ ਬੰਦੇ ਹੋਣਗੇ। 28 ਅਤੇ ਹੋਰਨਾਂ ਕੌਮਾਂ ਨੂੰ ਪਤਾ ਲੱਗ ਜਾਵੇਗਾ ਕਿ ਮੈਂ ਯਹੋਵਾਹ ਹਾਂ ਅਤੇ ਉਹ ਜਾਣ ਲੈਣਗੇ ਕਿ ਮੈਂ ਇਸਰਾਏਲ ਨੂੰ, ਉਨ੍ਹਾਂ ਦਰਮਿਆਨ ਸਦਾ ਲਈ ਆਪਣਾ ਪਵਿੱਤਰ ਸਥਾਨ ਰੱਖਕੇ, ਆਪਣੇ ਖਾਸ ਬੰਦੇ ਬਣਾਉਂਦਾ ਹਾਂ।’”

ਗੋਗ ਦੇ ਵਿਰੁੱਧ ਸੰਦੇਸ਼

38 ਯਹੋਵਾਹ ਦਾ ਸੰਦੇਸ਼ ਮੈਨੂੰ ਮਿਲਿਆ। ਉਸ ਨੇ ਆਖਿਆ, “ਆਦਮੀ ਦੇ ਪੁੱਤਰ, ਗੋਗ ਦੀ ਧਰਤੀ ਉੱਤੇ ਗੋਗ ਵੱਲ ਵੇਖ। ਉਹ ਮਸ਼ਕ ਅਤੇ ਤੂਬਲ ਦੀਆਂ ਕੌਮਾਂ ਦਾ ਸਭ ਤੋਂ ਮਹੱਤਵਪੂਰਣ ਆਗੂ ਹੈ। ਮੇਰੇ ਲਈ ਗੋਗ ਦੇ ਵਿਰੁੱਧ ਬੋਲ। ਉਸ ਨੂੰ ਆਖ ਕਿ ਯਹੋਵਾਹ ਅਤੇ ਪ੍ਰਭੂ ਇਹ ਗੱਲਾਂ ਆਖਦਾ ਹੈ, ‘ਗੋਗ ਤੂੰ ਮਸ਼ਕ ਅਤੇ ਤੂਬਲ ਦੀਆਂ ਕੌਮਾਂ ਦਾ ਸਭ ਤੋਂ ਮਹੱਤਵਪੂਰਣ ਆਗੂ ਹੈਂ! ਪਰ ਮੈਂ ਤੇਰੇ ਵਿਰੁੱਧ ਹਾਂ। ਮੈਂ ਤੈਨੂੰ ਫ਼ੜ ਲਵਾਂਗਾ ਅਤੇ ਤੈਨੂੰ ਵਾਪਸ ਲਿਆਵਾਂਗਾ। ਮੈਂ ਤੇਰੀ ਫ਼ੌਜ ਦੇ ਸਾਰੇ ਆਦਮੀਆਂ ਨੂੰ ਵਾਪਸ ਲਿਆਵਾਂਗਾ। ਮੈਂ ਸਾਰੇ ਘੋੜਿਆਂ ਅਤੇ ਘੋੜਸਵਾਰ ਸਿਪਾਹੀਆਂ ਨੂੰ ਵਾਪਸ ਲਿਆਵਾਂਗਾ। ਮੈਂ ਤੁਹਾਡੇ ਮੂੰਹਾਂ ਵਿੱਚ ਕੁੰਡੀਆਂ ਪਾਵਾਂਗਾ, ਅਤੇ ਤੁਹਾਨੂੰ ਸਾਰਿਆਂ ਨੂੰ ਵਾਪਸ ਲਿਆਵਾਂਗਾ। ਸਾਰੇ ਸਿਪਾਹੀ, ਆਪਣੀਆਂ ਢਾਲਾਂ ਅਤੇ ਤਲਵਾਰਾਂ ਸਮੇਤ, ਆਪਣੀਆਂ ਵਰਦੀਆਂ ਪਹਿਨੇ ਹੋਣਗੇ। ਫ਼ਾਰਸ, ਕੂਸ਼ ਅਤੇ ਪੁੱਟ ਦੇ ਸਿਪਾਹੀ ਵੀ ਉਨ੍ਹਾਂ ਦੇ ਨਾਲ ਹੋਣਗੇ। ਉਨ੍ਹਾਂ ਸਭ ਨੇ ਆਪਣੀਆਂ ਢਾਲਾਂ ਅਤੇ ਟੋਪ ਪਹਿਨੇ ਹੋਣਗੇ। ਉਨ੍ਹਾਂ ਵਿੱਚ ਗੋਮਰ ਵੀ ਆਪਣੇ ਸਿਪਾਹੀਆਂ ਦੇ ਜਬਿਆਂ ਨਾਲ ਹੋਵੇਗਾ। ਉਨ੍ਹਾਂ ਦਰਮਿਆਨ ਦੂਰ-ਦੁਰਾਡੇ ਉੱਤਰ ਵੱਲੋਂ ਆਪਣੇ ਸਿਪਾਹੀਆਂ ਦੇ ਸਾਰੇ ਸਮੂਹਾਂ ਸਮੇਤ ਤੋਂਗਰਮਾ ਦੀ ਕੌਮ ਵੀ ਹੋਵੇਗੀ। ਬੰਦੀਵਾਨਾਂ ਦੀ ਉਸ ਪਰੇਡ ਵਿੱਚ ਬਹੁਤ ਸਾਰੇ ਲੋਕ ਹੋਣਗੇ।’

“‘ਤਿਆਰ ਰਹੀਁ। ਹਾਂ, ਆਪਣੇ ਆਪ ਨੂੰ ਅਤੇ ਉਨ੍ਹਾਂ ਫ਼ੌਜਾਂ ਨੂੰ ਤਿਆਰ ਕਰ, ਜਿਹੜੀਆਂ ਤੇਰੇ ਨਾਲ ਮਿਲ ਗਈਆਂ ਹਨ। ਤੈਨੂੰ ਅਵੱਸ਼ ਹੀ ਦੇਖਣਾ ਅਤੇ ਤਿਆਰ ਰਹਿਣਾ ਚਾਹੀਦਾ ਹੈ। ਕਾਫ਼ੀ ਸਮੇਂ ਬਾਦ ਤੈਨੂੰ ਫ਼ਰਜ ਲਈ ਸੱਦਾ ਮਿਲੇਗਾ। ਬਾਦ ਦੇ ਵਰ੍ਹਿਆਂ ਵਿੱਚ ਤੂੰ ਉਸ ਧਰਤੀ ਤੇ ਆਵੇਂਗਾ ਜਿਹੜੀ ਜੰਗ ਤੋਂ ਤਂਦਰੁਸਤ ਕੀਤੀ ਗਈ ਹੈ। ਉਸ ਧਰਤੀ ਦੇ ਲੋਕਾਂ ਨੂੰ ਬਹੁਤ ਸਾਰੀਆਂ ਕੌਮਾਂ ਵਿੱਚੋਂ ਇਕੱਠਾ ਕੀਤਾ ਗਿਆ ਸੀ ਅਤੇ ਇਸਰਾਏਲ ਦੇ ਪਰਬਤਾਂ ਵਿੱਚ ਵਾਪਸ ਲਿਆਂਦਾ ਗਿਆ ਸੀ। ਅਤੀਤ ਵਿੱਚ ਇਸਰਾਏਲ ਦੇ ਪਰਬਤਾਂ ਨੂੰ ਬਾਰ-ਬਾਰ ਤਬਾਹ ਕੀਤਾ ਗਿਆ ਸੀ। ਪਰ ਇਹ ਲੋਕ ਉਨ੍ਹਾਂ ਹੋਰਨਾਂ ਕੌਮਾਂ ਤੋਂ ਵਾਪਸ ਆ ਚੁੱਕੇ ਹੋਣਗੇ। ਉਹ ਸਾਰੇ ਸੁਰੱਖਿਆ ਵਿੱਚ ਰਹਿ ਚੁੱਕੇ ਹੋਣਗੇ। ਪਰ ਤੂੰ ਉਨ੍ਹਾਂ ਉੱਤੇ ਹਮਲਾ ਕਰਨ ਆਵੇਂਗਾ। ਤੂੰ ਇੱਕ ਤੂਫ਼ਾਨ ਵਾਂਗ ਆਵੇਂਗਾ। ਤੂੰ ਧਰਤੀ ਨੂੰ ਕੱਜਣ ਵਾਲੇ ਗਰਜਦਾਰ ਬੱਦਲ ਵਾਂਗ ਆਵੇਂਗਾ। ਤੂੰ ਅਤੇ ਬਹੁਤ ਸਾਰੀਆਂ ਕੌਮਾਂ ਦੇ ਤੇਰੇ ਸਿਪਾਹੀਆਂ ਦੇ ਸਾਰੇ ਜਿੱਥੇ ਇਨ੍ਹਾਂ ਲੋਕਾਂ ਉੱਤੇ ਹਮਲਾ ਕਰਨ ਆਉਣਗੇ।’”

10 ਮੇਰਾ ਪ੍ਰਭੂ ਯਹੋਵਾਹ ਇਹ ਗੱਲਾਂ ਆਖਦਾ ਹੈ: “ਉਸ ਸਮੇਂ, ਤੇਰੇ ਮਨ ਵਿੱਚ ਇੱਕ ਫ਼ੁਰਨਾ ਫ਼ੁਰੇਗਾ। ਤੂੰ ਇੱਕ ਮੰਦੀ ਯੋਜਨਾ ਬਨਾਉਣ ਲੱਗ ਪਵੇਂਗਾ। 11 ਤੂੰ ਆਖੇਂਗਾ, ‘ਮੈਂ ਉਸ ਦੇਸ ਉੱਤੇ ਜਾਕੇ ਹਮਲਾ ਕਰਾਂਗਾ ਜਿਸਦੇ ਸ਼ਹਿਰ ਕੰਧਾਂ ਤੋਂ ਸੱਖਣੇ ਹਨ। ਉਹ ਲੋਕ ਸ਼ਾਂਤੀ ਨਾਲ ਰਹਿੰਦੇ ਹਨ। ਉਹ ਸੋਚਦੇ ਹਨ ਕਿ ਉਹ ਸੁਰੱਖਿਅਤ ਹਨ। ਉਨ੍ਹਾਂ ਦੀ ਰਾਖੀ ਕਰਨ ਲਈ ਉੱਥੇ ਸ਼ਹਿਰਾਂ ਦੇ ਆਲੇ-ਦੁਆਲੇ ਦੀਵਾਰਾਂ ਨਹੀਂ ਹਨ। ਉਨ੍ਹਾਂ ਕੋਲ ਆਪਣੇ ਫ਼ਾਟਕਾਂ ਨੂੰ ਬੰਦ ਕਰਨ ਲਈ ਤਾਲੇ ਨਹੀਂ ਹਨ-ਉਨ੍ਹਾਂ ਦੇ ਤਾਂ ਫ਼ਾਟਕ ਹੀ ਨਹੀਂ ਹਨ! 12 ਮੈਂ ਉਨ੍ਹਾਂ ਨੂੰ ਹਰਾ ਦਿਆਂਗਾ ਅਤੇ ਉਨ੍ਹਾਂ ਦੀਆਂ ਸਾਰੀਆਂ ਕੀਮਤੀ ਚੀਜ਼ਾਂ ਉਨ੍ਹਾਂ ਪਾਸੋਂ ਖੋਹ ਲਵਾਂਗਾ। ਮੈਂ ਉਨ੍ਹਾਂ ਥਾਵਾਂ ਦੇ ਵਿਰੁੱਧ ਲੜਾਂਗਾ ਜਿਨ੍ਹਾਂ ਨੂੰ ਤਬਾਹ ਕਰ ਦਿੱਤਾ ਗਿਆ ਸੀ ਪਰ ਹੁਣ ਉਨ੍ਹਾਂ ਅੰਦਰ ਲੋਕ ਰਹਿੰਦੇ ਹਨ। ਮੈਂ ਉਨ੍ਹਾਂ ਲੋਕਾਂ ਦੇ ਵਿਰੁੱਧ ਲੜਾਂਗਾ ਜਿਨ੍ਹਾਂ ਨੂੰ ਹੋਰਨਾਂ ਕੌਮਾਂ ਤੋਂ ਇਕੱਠਿਆਂ ਕੀਤਾ ਗਿਆ ਸੀ। ਹੁਣ ਉਨ੍ਹਾਂ ਲੋਕਾਂ ਕੋਲ ਪਸ਼ੂ ਅਤੇ ਜਾਇਦਾਦ ਹੈ। ਉਹ ਦੁਨੀਆਂ ਦੇ ਚੌਰਾਹੇ ਉੱਤੇ ਰਹਿੰਦੇ ਹਨ-ਸ਼ਕਤੀਸ਼ਾਲੀ ਮੁਲਕਾਂ ਨੂੰ ਹੋਰਨਾਂ ਸ਼ਕਤੀਸ਼ਾਲੀ ਮੁਲਕ ਉੱਤੇ ਕਬਜ਼ਾ ਕਰਨ ਲਈ ਉਸ ਥਾਂ ਤੋਂ ਲੰਘਣਾ ਪੈਂਦਾ ਹੈ।’

13 “ਸ਼ਬਾ, ਦਦਾਨ ਅਤੇ ਤਰਸ਼ੀਸ਼ ਦੇ ਵਪਾਰੀ ਅਤੇ ਉਹ ਸਾਰੇ ਸ਼ਹਿਰ ਜਿਹੜੇ ਤੇਰੇ ਨਾਲ ਵਪਾਰ ਕਰਦੇ ਹਨ, ਤੈਨੂੰ ਪੁੱਛਣਗੇ, ‘ਕੀ ਤੂੰ ਮੁੱਲਵਾਨ ਚੀਜ਼ਾਂ ਲੁੱਟਣ ਆਇਆ ਹੈਂ? ਕੀ ਤੂੰ ਆਪਣੇ ਸਿਪਾਹੀਆਂ ਦੇ ਜਿੱਥੇ ਇਸੇ ਕਰਕੇ ਲਿਆਇਆ ਸੀ ਤਾਂ ਜੋ ਤੂੰ ਉਨ੍ਹਾਂ ਚੰਗੀਆਂ ਚੀਜ਼ਾਂ ਨੂੰ ਹੜਪ ਸੱਕੇਁ ਅਤੇ ਚਾਂਦੀ, ਸੋਨੇ, ਪਸ਼ੂ ਅਤੇ ਦੌਲਤ ਨੂੰ ਲਿਜਾ ਸੱਕੇਁ। ਕੀ ਤੂੰ ਇਨ੍ਹਾਂ ਸਾਰੀਆਂ ਕੀਮਤੀ ਚੀਜ਼ਾਂ ਨੂੰ ਲੁੱਟਣ ਆਇਆ ਸੀ?’”

14 ਪਰਮੇਸ਼ੁਰ ਨੇ ਆਖਿਆ, “ਆਦਮੀ ਦੇ ਪੁੱਤਰ, ਮੇਰੇ ਲਈ ਗੋਗ ਨਾਲ ਗੱਲ ਕਰ। ਉਸ ਨੂੰ ਦੱਸ ਕਿ ਯਹੋਵਾਹ ਅਤੇ ਪ੍ਰਭੂ ਇਹ ਗੱਲਾਂ ਆਖਦਾ ਹੈ! ‘ਤੂੰ ਮੇਰੇ ਲੋਕਾਂ ਉੱਤੇ ਉਦੋਂ ਹਮਲਾ ਕਰਨ ਲਈ ਆਵੇਂਗਾ ਜਦੋਂ ਉਹ ਸ਼ਾਂਤੀ ਅਤੇ ਸੁਰੱਖਿਆ ਨਾਲ ਰਹਿ ਰਹੇ ਹਨ। 15 ਤੂੰ ਆਪਣੀ ਥਾਂ ਤੋਂ ਦੂਰ ਉੱਤਰ ਵੱਲੋਂ ਆਵੇਂਗਾ। ਅਤੇ ਤੂੰ ਆਪਣੇ ਨਾਲ ਬਹੁਤ ਸਾਰੇ ਲੋਕ ਲੈ ਕੇ ਆਵੇਂਗਾ। ਉਹ ਸਾਰੇ ਹੀ ਘੋੜਿਆਂ ਤੇ ਸਵਾਰ ਹੋਣਗੇ। ਤੂੰ ਇੱਕ ਵੱਡੀ ਅਤੇ ਤਾਕਤਵਰ ਫ਼ੌਜ ਹੋਵੇਂਗਾ। 16 ਤੂੰ ਇਸਰਾਏਲ ਦੇ ਮੇਰੇ ਬੰਦਿਆਂ ਦੇ ਵਿਰੁੱਧ ਲੜਨ ਲਈ ਆਵੇਂਗਾ। ਤੂੰ ਜ਼ਮੀਨ ਨੂੰ ਕੱਜਣ ਵਾਲੇ ਤੂਫ਼ਾਨੀ ਬੱਦਲ ਵਾਂਗ ਹੋਵੇਂਗਾ। ਜਦੋਂ ਉਹ ਸਮਾਂ ਆਵੇਗਾ, ਮੈਂ ਤੈਨੂੰ ਆਪਣੀ ਧਰਤੀ ਦੇ ਖਿਲਾਫ਼ ਲੜਨ ਲਈ ਲਿਆਵਾਂਗਾ। ਫੇਰ, ਗੋਗ ਕੌਮਾਂ ਇਹ ਜਾਣ ਲੈਣਗੀਆਂ ਕਿ ਮੈਂ ਕਿੰਨਾ ਸ਼ਕਤੀਸ਼ਾਲੀ ਹਾਂ! ਉਹ ਮੇਰਾ ਆਦਰ ਕਰਨਾ ਸਿੱਖ ਲੈਣਗੇ ਅਤੇ ਜਾਣ ਲੈਣਗੇ ਕਿ ਮੈਂ ਪਵਿੱਤਰ ਹਾਂ। ਉਹ ਜਾਣ ਲੈਣਗੇ ਕਿ ਮੈਂ ਤੇਰੇ ਨਾਲ ਕੀ ਕਰਾਂਗਾ।’”

17 ਯਹੋਵਾਹ ਮੇਰਾ ਪ੍ਰਭੂ ਇਹ ਗੱਲਾਂ ਆਖਦਾ ਹੈ, “ਉਸ ਸਮੇਂ ਲੋਕ ਯਾਦ ਕਰਨਗੇ ਕਿ ਮੈਂ ਅਤੀਤ ਵਿੱਚ ਤੇਰੇ ਬਾਰੇ ਗੱਲ ਕੀਤੀ ਸੀ। ਉਹ ਯਾਦ ਕਰਨਗੇ ਕਿ ਮੈਂ ਆਪਣੇ ਸੇਵਕਾਂ ਇਸਰਾਏਲ ਦੇ ਨਬੀਆਂ ਦੀ ਵਰਤੋਂ ਕੀਤੀ ਸੀ। ਉਹ ਜਾਣ ਲੈਣਗੇ ਕਿ ਇਸਰਾਏਲ ਦੇ ਨਬੀਆਂ ਨੇ ਅਤੀਤ ਵਿੱਚ ਮੇਰੇ ਲਈ ਗੱਲ ਕੀਤੀ ਸੀ ਅਤੇ ਆਖਿਆ ਸੀ ਕਿ ਮੈਂ ਤੈਨੂੰ ਉਨ੍ਹਾਂ ਦੇ ਖਿਲਾਫ਼ ਲੜਨ ਲਈ ਲਿਆਵਾਂਗਾ।”

18 ਮੇਰੇ ਪ੍ਰਭੂ ਯਹੋਵਾਹ ਨੇ ਆਖਿਆ, “ਉਸ ਸਮੇਂ, ਗੋਗ ਇਸਰਾਏਲ ਦੀ ਧਰਤੀ ਦੇ ਖਿਲਾਫ਼ ਲੜਨ ਲਈ ਆਵੇਗਾ। ਮੈਂ ਆਪਣਾ ਕਹਿਰ ਦਰਸਾਵਾਂਗਾ। 19 ਮੈਂ ਆਪਣੇ ਗੁੱਸੇ ਵਿੱਚ ਅਤੇ ਜੋਸ਼ ਵਿੱਚ ਸੌਂਹ ਖਾਂਦਾ ਹਾਂ: ਮੈਂ ਸੌਂਹ ਖਾਂਦਾ ਹਾਂ ਕਿ ਇਸਰਾਏਲ ਦੀ ਧਰਤੀ ਉੱਤੇ ਇੱਕ ਸਖਤ ਭੁਚਾਲ ਆਵੇਗਾ। 20 ਉਸ ਸਮੇਂ, ਸਾਰੀਆਂ ਜਾਨਦਾਰ ਚੀਜ਼ਾਂ ਡਰ ਨਾਲ ਕੰਬ ਜਾਣਗੀਆਂ ਸਮੁੰਦਰ ਦੀਆਂ ਮੱਛੀਆਂ, ਹਵਾ ਦੇ ਪੰਛੀ, ਖੇਤਾਂ ਦੇ ਜੰਗਲੀ ਜਾਨਵਰ ਅਤੇ ਧਰਤੀ ਉੱਤੇ ਰੀਁਗਣ ਵਾਲੇ ਸਾਰੇ ਛੋਟੇ ਪ੍ਰਾਣੀ, ਸਾਰੇ ਡਰ ਨਾਲ ਕੰਬ ਜਾਣਗੇ। ਪਰਬਤ ਡਿੱਗਣਗੇ ਅਤੇ ਚੱਟਾਨਾਂ ਢਹਿ ਪੈਣਗੀਆਂ। ਹਰ ਕੰਧ ਧਰਤੀ ਤੇ ਡਿੱਗ ਪਵੇਗੀ!”

21 ਮੇਰਾ ਪ੍ਰਭੂ ਯਹੋਵਾਹ ਆਖਦਾ ਹੈ, “ਅਤੇ ਇਸਰਾਏਲ ਦੇ ਪਰਬਤਾਂ ਉੱਤੇ ਮੈਂ ਗੋਗ ਦੇ ਖਿਲਾਫ਼ ਹਰ ਤਰ੍ਹਾਂ ਦੇ ਆਤੰਕ ਨੂੰ ਸੱਦਾ ਦਿਆਂਗਾ। ਉਸ ਦੇ ਸਿਪਾਹੀ ਇਨ੍ਨੇ ਭੈਭੀਤ ਹੋਣਗੇ ਕਿ ਉਹ ਇੱਕ ਦੂਸਰੇ ਉੱਤੇ ਹਮਲਾ ਕਰ ਦੇਣਗੇ ਅਤੇ ਇੱਕ ਦੂਸਰੇ ਨੂੰ ਆਪਣੀਆਂ ਤਲਾਵਾਰਾਂ ਨਾਲ ਮਾਰ ਦੇਣਗੇ। 22 ਮੈਂ ਗੋਗ ਨੂੰ ਬੀਮਾਰੀ ਅਤੇ ਮੌਤ ਦੀ ਸਜ਼ਾ ਦਿਆਂਗਾ। ਮੈਂ ਗੋਗ ਅਤੇ ਉਸ ਦੇ ਬਹੁਤ ਸਾਰੀਆਂ ਕੌਮਾਂ ਤੋਂ ਉਸ ਦੇ ਸਿਪਾਹੀਆਂ ਦੇ ਜਬਿਆਂ ਉੱਤੇ ਗੜਿਆਂ, ਅੱਗ ਅਤੇ ਗੰਧਕ ਦੀ ਵਰੱਖਾ ਕਰ ਦਿਆਂਗਾ। 23 ਫ਼ੇਰ ਮੈਂ ਦਿਖਾ ਦਿਆਂਗਾ ਕਿ ਮੈਂ ਕਿੰਨਾ ਮਹਾਨ ਹਾਂ। ਮੈਂ ਸਾਬਤ ਕਰ ਦਿਆਂਗਾ ਕਿ ਮੈਂ ਪਵਿੱਤਰ ਹਾਂ। ਬਹੁਤ ਸਾਰੀਆਂ ਕੌਮਾਂ ਮੈਨੂੰ ਅਜਿਹਾ ਕਰਦਿਆਂ ਦੇਖਣਗੀਆਂ ਉਹ ਸਿੱਖ ਲੈਣਗੇ ਕਿ ਮੈਂ ਕੌਣ ਹਾਂ। ਫ਼ੇਰ ਉਨ੍ਹਾਂ ਨੂੰ ਪਤਾ ਲੱਗ ਜਾਵੇਗਾ ਕਿ ਮੈਂ ਯਹੋਵਾਹ ਹਾਂ।”

ਗੋਗ ਅਤੇ ਉਸਦੀ ਫ਼ੌਜ ਦੀ ਮੌਤ

39 “ਆਦਮੀ ਦੇ ਪੁੱਤਰ, ਮੇਰੇ ਲਈ ਗੋਗ ਦੇ ਵਿਰੁੱਧ ਬੋਲ। ਉਸ ਨੂੰ ਦੱਸ ਕਿ ਪ੍ਰਭੂ ਅਤੇ ਯਹੋਵਾਹ ਇਹ ਗੱਲਾਂ ਆਖਦਾ ਹੈ, ‘ਗੋਗ, ਤੂੰ ਮਸ਼ਕ ਅਤੇ ਤੂਬਲ ਦੇ ਦੇਸਾਂ ਦਾ ਸਭ ਤੋਂ ਮਹੱਤਵਪੂਰਣ ਆਗੂ ਹੈਂ! ਪਰ ਮੈਂ ਤੇਰੇ ਵਿਰੁੱਧ ਹਾਂ। ਮੈਂ ਤੈਨੂੰ ਫ਼ੜ ਲਵਾਂਗਾ ਅਤੇ ਤੈਨੂੰ ਵਾਪਸ ਲਿਆਵਾਂਗਾ। ਮੈਂ ਤੈਨੂੰ ਦੂਰ ਉੱਤਰ ਵੱਲੋਂ ਵਾਪਸ ਲਿਆਵਾਂਗਾ। ਮੈਂ ਤੈਨੂੰ ਇਸਰਾਏਲ ਦੇ ਪਰਬਤਾਂ ਦੇ ਖਿਲਾਫ਼ ਲੜਨ ਲਈ ਲਿਆਵਾਂਗਾ। ਪਰ ਮੈਂ ਤੇਰੇ ਖੱਬੇ ਹੱਥ ਵਿੱਚੋਂ ਤੇਰੀ ਕਮਾਨ ਸੁੱਟਵਾ ਦਿਆਂਗਾ। ਮੈਂ ਤੇਰੇ ਸੱਜੇ ਹੱਥ ਵਿੱਚੋਂ ਤੇਰੇ ਤੀਰਾਂ ਨੂੰ ਪਰ੍ਹਾਂ ਸੁਟਵਾ ਦਿਆਂਗਾ। ਤੂੰ ਇਸਰਾਏਲ ਦੇ ਪਰਬਤਾਂ ਉੱਤੇ ਮਾਰਿਆ ਜਾਵੇਂਗਾ। ਤੂੰ ਅਤੇ ਤੇਰੇ ਸਿਪਾਹੀਆਂ ਦੇ ਸਮੂਹ, ਅਤੇ ਤੇਰੇ ਨਾਲ ਦੀਆਂ ਹੋਰ ਸਾਰੀਆਂ ਕੌਮਾਂ ਜੰਗ ਵਿੱਚ ਮਾਰੀਆਂ ਜਾਣਗੀਆਂ। ਮੈਂ ਤੈਨੂੰ ਮਾਸ ਖਾਣ ਵਾਲੇ ਹਰ ਤਰ੍ਹਾਂ ਦੇ ਪੰਛੀ ਅਤੇ ਸਾਰੇ ਜੰਗਲੀ ਜਾਨਵਰਾਂ ਨੂੰ ਭੋਜਨ ਵਜੋਂ ਉਨ੍ਹਾਂ ਨੂੰ ਦੇ ਦਿਆਂਗਾ। ਤੂੰ ਸ਼ਹਿਰ ਵਿੱਚ ਦਾਖਲ ਨਹੀਂ ਹੋਵੇਂਗਾ। ਤੂੰ ਬਾਹਰ ਖੇਤਾਂ ਵਿੱਚ ਮਾਰਿਆ ਜਾਵੇਂਗਾ। ਮੈਂ ਬੋਲ ਦਿੱਤਾ ਹੈ!’” ਮੇਰੇ ਪ੍ਰਭੂ ਯਹੋਵਾਹ ਨੇ ਇਹ ਗੱਲਾਂ ਆਖੀਆਂ।

ਪਰਮੇਸ਼ੁਰ ਨੇ ਆਖਿਆ, “ਮੈਂ ਮਾਗੋਗ ਅਤੇ ਸਮੁੰਦਰ ਕੰਢੇ ਰਹਿੰਦੇ ਉਨ੍ਹਾਂ ਲੋਕਾਂ ਦੇ ਵਿਰੁੱਧ ਅੱਗ ਭੇਜਾਂਗਾ। ਉਹ ਸੋਚਦੇ ਹਨ ਕਿ ਉਹ ਸੁਰੱਖਿਅਤ ਹਨ, ਪਰ ਉਨ੍ਹਾਂ ਨੂੰ ਪਤਾ ਲੱਗ ਜਾਵੇਗਾ ਕਿ ਮੈਂ ਯਹੋਵਾਹ ਹਾਂ। ਮੈਂ ਇਸਰਾਏਲ ਦੇ ਆਪਣੇ ਲੋਕਾਂ ਨੂੰ ਆਪਣੇ ਪਵਿੱਤਰ ਨਾਮ ਤੋਂ ਜਾਣੂ ਕਰਵਾਵਾਂਗਾ। ਮੈਂ ਆਪਣੇ ਪਵਿੱਤਰ ਨਾਮ ਨੂੰ ਲੋਕਾਂ ਵੱਲੋਂ ਹੋਰ ਬਰਬਾਦ ਨਹੀਂ ਹੋਣ ਦਿਆਂਗਾ। ਕੌਮਾਂ ਨੂੰ ਪਤਾ ਲੱਗ ਜਾਵੇਗਾ ਕਿ ਮੈਂ ਯਹੋਵਾਹ ਹਾਂ। ਉਹ ਜਾਣ ਲੈਣਗੇ ਕਿ ਮੈਂ ਇਸਰਾਏਲ ਦੀ ਪਵਿੱਤਰ ਹਸਤੀ ਹਾਂ। ਉਹ ਸਮਾਂ ਆ ਰਿਹਾ ਹੈ। ਇਹ ਵਾਪਰੇਗਾ!” ਯਹੋਵਾਹ ਨੇ ਇਹ ਗੱਲਾਂ ਆਖੀਆਂ। “ਇਹੀ ਉਹ ਦਿਨ ਹੈ ਜਿਸ ਬਾਰੇ ਮੈਂ ਗੱਲ ਕਰ ਰਿਹਾ ਹਾਂ।

“ਉਸ ਸਮੇਂ, ਇਸਰਾਏਲ ਦੇ ਸ਼ਹਿਰਾਂ ਵਿੱਚ ਰਹਿਣ ਵਾਲੇ ਲੋਕ ਖੇਤਾਂ ਨੂੰ ਬਾਹਰ ਜਾਣਗੇ। ਉਹ ਦੁਸ਼ਮਣ ਦੇ ਹਬਿਆਰ ਜਮ੍ਹਾਂ ਕਰਨਗੇ ਅਤੇ ਉਨ੍ਹਾਂ ਨੂੰ ਸਾੜ ਦੇਣਗੇ। ਉਹ ਸਾਰੀਆਂ ਢਾਲਾਂ ਕਮਾਨਾਂ ਅਤੇ ਤੀਰਾਂ, ਗੁਰਜਾਂ ਅਤੇ ਬਰਛਿਆਂ ਨੂੰ ਸਾੜ ਦੇਣਗੇ। ਉਹ ਉਨ੍ਹਾਂ ਹਬਿਆਰਾਂ ਦੀ ਸੱਤਾਂ ਸਾਲਾਂ ਤੀਕ ਬਾਲਣ ਵਜੋਂ ਵਰਤੋਂ ਕਰਨਗੇ। 10 ਉਨ੍ਹਾਂ ਨੂੰ ਖੇਤਾਂ ਵਿੱਚੋਂ ਲੱਕੜੀ ਲਿਆਉਣ ਦੀ ਜਾਂ ਜੰਗਲਾਂ ਵਿੱਚੋਂ ਲੱਕੜ ਕੱਟਣ ਦੀ ਲੋੜ ਨਹੀਂ ਹੋਵੇਗੀ ਕਿਉਂ ਕਿ ਉਹ ਹਬਿਆਰਾਂ ਨੂੰ ਬਾਲਣ ਵਜੋਂ ਵਰਤਣਗੇ। ਉਹ ਉਨ੍ਹਾਂ ਸਿਪਾਹੀਆਂ ਕੋਲੋਂ ਕੀਮਤੀ ਚੀਜ਼ਾਂ ਲੈ ਲੈਣਗੇ ਜਿਹੜੇ ਉਨ੍ਹਾਂ ਨੂੰ ਉਨ੍ਹਾਂ ਪਾਸੋਂ ਚੁਗਣਾ ਚਾਹੁੰਦੇ ਸਨ। ਉਹ ਸਿਪਾਹੀਆਂ ਕੋਲੋਂ ਉਹ ਚੰਗੀਆਂ ਚੀਜ਼ਾਂ ਖੋਹ ਲੈਣਗੇ ਜਿਨ੍ਹਾਂ ਨੇ ਉਨ੍ਹਾਂ ਕੋਲੋਂ ਚੰਗੀਆਂ ਚੀਜ਼ਾਂ ਖੋਹੀਆਂ ਸਨ।” ਮੇਰੇ ਪ੍ਰਭੂ ਯਹੋਵਾਹ ਨੇ ਇਹ ਗੱਲਾਂ ਆਖੀਆਂ।

11 ਪਰਮੇਸ਼ੁਰ ਨੇ ਆਖਿਆ, “ਉਸ ਸਮੇਂ, ਮੈਂ ਗੋਗ ਨੂੰ ਦਫ਼ਨ ਕਰਨ ਲਈ ਇਸਰਾਏਲ ਵਿੱਚ ਕੋਈ ਜਗ੍ਹਾ ਚੁਣਾਂਗਾ। ਉਹ ਡੈਡ ਸੀ ਦੇ ਉੱਤਰ ਵੱਲ ਮੁਸਾਫ਼ਿਰਾਂ ਦੀ ਵਾਦੀ ਵਿੱਚ ਦਫ਼ਨਾਇਆ ਜਾਵੇਗਾ। ਇਸ ਨਾਲ ਮੁਸਾਫ਼ਰਾਂ ਦਾ ਰਸਤਾ ਰੁਕ ਜਾਵੇਗਾ। ਕਿਉਂ? ਕਿਉਂ ਕਿ ਗੋਗ ਅਤੇ ਉਸਦੀ ਸਾਰੀ ਫੌਜ ਉਸ ਥਾਂ ਦਫ਼ਨ ਹੋਵੇਗੀ। ਲੋਕ ਇਸ ਨੂੰ ਗੋਗ ਦੀ ਫ਼ੌਜ ਦੀ ਵਾਦੀ ਆਖਣਗੇ। 12 ਇਸਰਾਏਲ ਦੇ ਪਰਿਵਾਰ ਨੂੰ ਉਨ੍ਹਾਂ ਨੂੰ ਦਫਨਾਉਣ ਲਈ ਸੱਤ ਮਹੀਨੇ ਲੱਗ ਜਾਣਗੇ। ਉਨ੍ਹਾਂ ਨੂੰ ਅਜਿਹਾ ਜ਼ਮੀਨ ਨੂੰ ਸ਼ੁੱਧ ਬਨਾਉਣ ਲਈ ਜ਼ਰੂਰ ਕਰਨਾ ਪਵੇਗਾ। 13 ਆਮ ਆਦਮੀ ਦੁਸ਼ਮਣ ਦੇ ਉਨ੍ਹਾਂ ਸਿਪਾਹੀਆਂ ਨੂੰ ਦਫ਼ਨ ਕਰਨਗੇ। ਅਤੇ ਉਹ ਲੋਕ ਮਸ਼ਹੂਰ ਹੋ ਜਾਣਗੇ ਜਦੋਂ ਮੈਂ ਖੁਦ ਲਈ ਸਤਿਕਾਰ ਲਿਆਵਾਂਗਾ।” ਮੇਰੇ ਪ੍ਰਭੂ ਯਹੋਵਾਹ ਨੇ ਇਹ ਗੱਲਾਂ ਆਖੀਆਂ।

14 ਪਰਮੇਸ਼ੁਰ ਨੇ ਆਖਿਆ, “ਉਨ੍ਹਾਂ ਮੁਰਦਾ ਸਿਪਾਹੀਆਂ ਨੂੰ ਦਫ਼ਨਾਉਣ ਅਤੇ ਜ਼ਮੀਨ ਨੂੰ ਸ਼ੁੱਧ ਬਨਾਉਣ ਲਈ ਕਾਮਿਆਂ ਨੂੰ ਪੂਰਾ ਸਮਾਂ ਕੰਮ ਮਿਲੇਗਾ। ਉਹ ਕਾਮੇ ਸੱਤ ਮਹੀਨੇ ਤੀਕ ਕੰਮ ਕਰਨਗੇ। ਉਹ ਆਲੇ-ਦੁਆਲੇ ਮੁਰਦਾ ਲਾਸ਼ਾਂ ਦੀ ਤਲਾਸ਼ ਕਰਨਗੇ। 15 ਉਹ ਕਾਮੇ ਆਲੇ-ਦੁਆਲੇ ਦੇਖਣ ਜਾਣਗੇ। ਜੇ ਉਨ੍ਹਾਂ ਵਿੱਚੋਂ ਕਿਸੇ ਨੂੰ ਕੋਈ ਹੱਡੀ ਦਿਸ ਪੈਂਦੀ ਹੈ ਤਾਂ ਉਹ ਇਸਦੇ ਕੋਲ ਨਿਸ਼ਾਨ ਲਗਾ ਦੇਵੇਗਾ। ਉਹ ਨਿਸ਼ਾਨ ਉਨਾ ਚਿਰ ਤੀਕ ਰਹੇਗਾ ਜਦੋਂ ਤੀਕ ਕਿ ਕਬਰ ਖੋਦਣ ਵਾਲੇ ਉਸ ਹੱਡੀ ਨੂੰ ‘ਗੋਗ ਦੀ ਫ਼ੌਦ ਦੀ ਵਾਦੀ’ ਵਿੱਚ ਦਫ਼ਨ ਨਹੀਂ ਕਰ ਦਿੰਦੇ। 16 ਮੁਰਦਾ ਲੋਕਾਂ ਦਾ ਉਹ ਸ਼ਹਿਰ (ਕਬਰਿਸਤਾਨ) ਹਮੋਨ ਅਖਵਾਏਗਾ। ਇਸ ਤਰ੍ਹਾਂ, ਉਹ ਦੇਸ਼ ਨੂੰ ਪਵਿੱਤਰ ਬਨਾਉਣਗੇ।”

17 ਮੇਰੇ ਪ੍ਰਭੂ ਯਹੋਵਾਹ ਨੇ ਇਹ ਗੱਲਾਂ ਆਖੀਆਂ, “ਆਦਮੀ ਦੇ ਪੁੱਤਰ, ਮੇਰੇ ਲਈ ਸਾਰੇ ਪੰਛੀਆਂ ਅਤੇ ਜੰਗਲੀ ਜਾਨਵਰਾਂ ਲਈ ਗੱਲ ਕਰ। ਉਨ੍ਹਾਂ ਨੂੰ ਆਖ, ‘ਇੱਥੇ ਆਓ! ਇੱਥੇ ਆਓ! ਇਕੱਠੇ ਹੋ ਜਾਵੋ। ਇਸ ਬਲੀ ਨੂੰ ਖਾਵੋ ਜਿਹੜੀ ਮੈਂ ਤੁਹਾਡੇ ਵਾਸਤੇ ਤਿਆਰ ਕਰ ਰਿਹਾ ਹਾਂ। ਇਸਰਾਏਲ ਦੇ ਪਰਬਤਾਂ ਉੱਤੇ ਬਹੁਤ ਵੱਡੀ ਬਲੀ ਹੋਵੇਗੀ। ਆਓ, ਮਾਸ ਖਾਵੋ ਅਤੇ ਖੂਨ ਪੀਵੋ। 18 ਤੁਸੀਂ ਤਾਕਤਵਰ ਸਿਪਾਹੀਆਂ ਦੇ ਸਰੀਰਾਂ ਦਾ ਮਾਸ ਖਾਵੋਂਗੇ। ਤੁਸੀਂ ਦੁਨੀਆਂ ਦੇ ਆਗੂਆਂ ਦਾ ਖੂਨ ਪੀਵੋਂਗੇ। ਉਹ ਬਾਸ਼ਾਨ ਦੇ ਭੇਡੂਆਂ, ਲੇਲਿਆਂ, ਬਕਰਿਆਂ ਅਤੇ ਮੋਟੇ ਝੋਟਿਆਂ ਵਰਗੇ ਹੋਣਗੇ। 19 ਕਿੰਨੀ ਵੀ ਚਰਬੀ ਤੁਸੀਂ ਚਾਹੋ, ਖਾ ਸੱਕਦੇ ਹੋ। ਤੁਸੀਂ ਰੱਜ ਕੇ ਖੂਨ ਪੀ ਸੱਕਦੇ ਹੋ। ਤੁਸੀਂ ਮੇਰੀ ਚੜ੍ਹਾਈ ਹੋਈ ਬਲੀ ਨੂੰ ਖਾਵੋ ਪੀਵੋਂਗੇ ਜਿਹੜੀ ਮੈਂ ਤੁਹਾਡੇ ਲਈ ਜਿਬਾਹ ਕਰਾਂਗਾ। 20 ਤੁਹਾਡੇ ਪਾਸ ਮੇਰੀ ਮੇਜ਼ ਉੱਤੇ ਖਾਣ ਲਈ ਕਾਫ਼ੀ ਮਾਸ ਹੋਵੇਗਾ। ਓੱਥੇ ਘੋੜੇ ਅਤੇ ਰਬਵਾਨ, ਤਾਤਕਵਰ ਸਿਪਾਹੀ ਅਤੇ ਹੋਰ ਦੂਸਰੇ ਸਾਰੇ ਲੜਾਕੂ ਆਦਮੀ ਹੋਣਗੇ।’” ਮੇਰੇ ਪ੍ਰਭੂ ਯਹੋਵਾਹ ਨੇ ਇਹ ਗੱਲਾਂ ਆਖੀਆਂ।

21 ਪਰਮੇਸ਼ੁਰ ਨੇ ਆਖਿਆ, “ਮੈਂ ਹੋਰਨਾਂ ਕੌਮਾਂ ਨੂੰ ਦਿਖਾ ਦਿਆਂਗਾ ਕਿ ਮੈਂ ਕੀ ਕੀਤਾ ਹੈ। ਅਤੇ ਉਹ ਕੌਮਾਂ ਮੇਰੀ ਇੱਜ਼ਤ ਕਰਨੀ ਸ਼ੁਰੂ ਕਰ ਦੇਣਗੀਆਂ! ਉਹ ਮੇਰੀ ਉਸ ਤਾਕਤ ਨੂੰ ਦੇਖ ਲੈਣਗੇ ਜਿਹੜੀ ਮੈਂ ਉਸ ਦੁਸ਼ਮਣ ਦੇ ਵਿਰੁੱਧ ਵਰਤੀ ਸੀ। 22 ਫ਼ੇਰ ਉਸ ਦਿਨ ਤੋਂ, ਇਸਰਾਏਲ ਦੇ ਪਰਿਵਾਰ ਨੂੰ ਪਤਾ ਲੱਗ ਜਾਵੇਗਾ ਕਿ ਮੈਂ ਉਨ੍ਹਾਂ ਦਾ ਪਰਮੇਸ਼ੁਰ ਹਾਂ। 23 ਅਤੇ ਕੌਮਾਂ ਨੂੰ ਪਤਾ ਲੱਗ ਜਾਵੇਗਾ ਕੀ ਇਸਰਾਏਲ ਦੇ ਪਰਿਵਾਰ ਨੂੰ ਹੋਰਨਾਂ ਦੇਸਾਂ ਵਿੱਚ ਬੰਦੀ ਬਣਾਕੇ ਕਿਉਂ ਲਿਜਾਂਦਾ ਗਿਆ ਸੀ ਉਨ੍ਹਾਂ ਨੂੰ ਪਤਾ ਲੱਗ ਜਾਵੇਗਾ ਕਿ ਮੇਰੇ ਬੰਦੇ ਮੇਰੇ ਵਿਰੁੱਧ ਹੋ ਗਏ ਸਨ। ਇਸ ਲਈ ਮੈਂ ਵੀ ਉਨ੍ਹਾਂ ਤੋਂ ਦੂਰ ਹੋ ਗਿਆ ਸਾਂ। ਮੈਂ ਉਨ੍ਹਾਂ ਦੇ ਦੁਸ਼ਮਣਾਂ ਨੂੰ ਉਨ੍ਹਾਂ ਨੂੰ ਹਰਾਉਣ ਦਿੱਤਾ। ਇਸ ਲਈ ਮੇਰੇ ਬੰਦੇ ਜੰਗ ਵਿੱਚ ਮਾਰੇ ਗਏ ਸਨ। 24 ਉਨ੍ਹਾਂ ਨੇ ਪਾਪ ਕੀਤਾ ਅਤੇ ਆਪਣੇ-ਆਪ ਨੂੰ ਨਾਪਾਕ ਕੀਤਾ। ਇਸ ਲਈ ਮੈਂ ਉਨ੍ਹਾਂ ਨੂੰ ਉਨ੍ਹਾਂ ਦੇ ਅਮਲਾਂ ਦੀ ਸਜ਼ਾ ਦਿੱਤੀ। ਮੈਂ ਉਨ੍ਹਾਂ ਤੋਂ ਦੂਰ ਹੋ ਗਿਆ ਅਤੇ ਉਨ੍ਹਾਂ ਦੀ ਸਹਾਇਤਾ ਕਰਨ ਤੋਂ ਇਨਕਾਰ ਕਰ ਦਿੱਤਾ।”

25 ਇਸ ਲਈ ਮੇਰਾ ਪ੍ਰਭੂ ਯਹੋਵਾਹ ਇਹ ਗੱਲਾਂ ਆਖਦਾ ਹੈ: “ਹੁਣ ਮੈਂ ਯਾਕੂਬ ਦੇ ਪਰਿਵਾਰ ਨੂੰ ਕੈਦ ਵਿੱਚੋਂ ਵਾਪਸ ਲਿਆਵਾਂਗਾ। ਮੈਂ ਇਸਰਾਏਲ ਦੇ ਸਾਰੇ ਪਰਿਵਾਰ ਉੱਤੇ ਰਹਿਮ ਕਰਾਂਗਾ। ਮੈਂ ਆਪਣੇ ਪਵਿੱਤਰ ਨਾਮ ਲਈ ਆਪਣਾ ਜੋਸ਼ ਦਰਸਾਵਾਂਗਾ। 26 ਲੋਕ ਆਪਣੀ ਸ਼ਰਮਸਾਰੀ ਨੂੰ ਭੁੱਲ ਜਾਣਗੇ ਅਤੇ ਉਨ੍ਹਾਂ ਸਾਰੇ ਸਮਿਆਂ ਨੂੰ ਵੀ, ਜਦੋਂ ਉਹ ਮੇਰੇ ਵਿਰੁੱਧ ਹੋ ਗਏ ਸਨ। ਉਹ ਆਪਣੀ ਧਰਤੀ ਉੱਤੇ ਸੁਰੱਖਿਅਤ ਰਹਿਣਗੇ। ਕੋਈ ਵੀ ਉਨ੍ਹਾਂ ਨੂੰ ਭੈਭੀਤ ਨਹੀਂ ਕਰੇਗਾ। 27 ਮੈਂ ਆਪਣੇ ਲੋਕਾਂ ਨੂੰ ਹੋਰਨਾਂ ਦੇਸਾਂ ਤੋਂ ਵਾਪਸ ਲਿਆਵਾਂਗਾ। ਮੈਂ ਉਨ੍ਹਾਂ ਨੂੰ ਉਨ੍ਹਾਂ ਦੇ ਦੁਸ਼ਮਣਾਂ ਦੀਆਂ ਧਰਤੀਆਂ ਤੋਂ ਇਕੱਠਿਆਂ ਕਰਾਂਗਾ। ਫ਼ੇਰ ਬਹੁਤ ਸਾਰੀਆਂ ਕੌਮਾਂ ਦੇਖਣਗੀਆਂ ਕਿ ਮੈਂ ਪਵਿੱਤਰ ਹਾਂ। 28 ਉਨ੍ਹਾਂ ਨੂੰ ਪਤਾ ਲੱਗ ਜਾਵੇਗਾ ਕਿ ਮੈਂ ਪਰਮੇਸ਼ੁਰ ਉਨ੍ਹਾਂ ਦਾ ਯਹੋਵਾਹ ਹਾਂ। ਕਿਉਂਕਿ ਮੈਂ ਉਨ੍ਹਾਂ ਨੂੰ ਆਪਣੇ ਘਰਾਂ ਨੂੰ ਛੱਡਣ ਲਈ ਮਜ਼ਬੂਰ ਕੀਤਾ ਅਤੇ ਹੋਰਨਾਂ ਦੇਸਾਂ ਵਿੱਚ ਬੰਦੀ ਬਣਕੇ ਜਾਣ ਲਈ ਮਜ਼ਬੂਰ ਕੀਤਾ। ਅਤੇ ਫ਼ੇਰ ਮੈਂ ਉਨ੍ਹਾਂ ਨੂੰ ਇਕੱਠਿਆਂ ਕੀਤਾ ਅਤੇ ਉਨ੍ਹਾਂ ਦੀ ਆਪਣੀ ਧਰਤੀ ਉੱਤੇ ਉਨ੍ਹਾਂ ਨੂੰ ਵਾਪਸ ਲਿਆਂਦਾ। 29 ਮੈਂ ਆਪਣਾ ਆਤਮਾ ਇਸਰਾਏਲ ਦੇ ਪਰਿਵਾਰ ਵਿੱਚ ਪਾ ਦਿਆਂਗਾ। ਅਤੇ ਉਸ ਸਮੇਂ ਤੋਂ ਮਗਰੋਂ, ਮੈਂ ਫ਼ੇਰ ਕਦੇ ਵੀ ਆਪਣੇ ਬੰਦਿਆਂ ਤੋਂ ਮੂੰਹ ਨਹੀਂ ਮੋੜਾਂਗਾ।” ਮੇਰੇ ਪ੍ਰਭੂ ਯਹੋਵਾਹ ਨੇ ਇਹ ਗੱਲਾਂ ਆਖੀਆਂ।

Punjabi Bible: Easy-to-Read Version (ERV-PA)

2010 by World Bible Translation Center