Print Page Options
Previous Prev Day Next DayNext

Beginning

Read the Bible from start to finish, from Genesis to Revelation.
Duration: 365 days
Punjabi Bible: Easy-to-Read Version (ERV-PA)
Version
ਯਿਰਮਿਯਾਹ 26-29

ਮੰਦਰ ਵਿਖੇ ਯਿਰਮਿਯਾਹ ਦਾ ਸਬਕ

26 ਯਹੋਵਾਹ ਵੱਲੋਂ ਇਹ ਸੰਦੇਸ਼ ਉਦੋਂ ਆਇਆ ਜਦੋਂ ਯਹੂਦਾਹ ਦੇ ਰਾਜੇ ਯਹੋਯਾਕੀਮ ਦੇ ਰਾਜ ਦਾ ਪਹਿਲਾ ਵਰ੍ਹਾ ਸੀ। ਯਹੋਯਾਕੀਮ ਰਾਜੇ ਯੋਸ਼ੀਯਾਹ ਦਾ ਪੁੱਤਰ ਸੀ। ਯਹੋਵਾਹ ਨੇ ਆਖਿਆ, “ਯਿਰਮਿਯਾਹ, ਯਹੋਵਾਹ ਦੇ ਮੰਦਰ ਦੇ ਵਿਹੜੇ ਵਿੱਚ ਖਲੋ ਜਾ। ਯਹੂਦਾਹ ਦੇ ਉਨ੍ਹਾਂ ਸਾਰੇ ਲੋਕਾਂ ਨੂੰ ਇਹ ਸੰਦੇਸ਼ ਦੇਵੀਂ ਜਿਹੜੇ ਯਹੋਵਾਹ ਦੇ ਮੰਦਰ ਵਿੱਚ ਉਪਾਸਨਾ ਲਈ ਆ ਰਹੇ ਹਨ। ਉਨ੍ਹਾਂ ਨੂੰ ਉਹ ਹਰ ਗੱਲ ਆਖੀਂ ਜਿਹੜੀ ਮੈਂ ਤੈਨੂੰ ਆਖਣ ਲਈ ਕਹਿੰਦਾ ਹਾਂ। ਸੰਦੇਸ਼ ਦਾ ਕੋਈ ਵੀ ਹਿੱਸਾ ਛੱਡੀ ਨਾ। ਸ਼ਾਇਦ ਉਹ ਲੋਕ ਮੇਰਾ ਸੰਦੇਸ਼ ਸੁਣਨ ਅਤੇ ਇਸ ਨੂੰ ਮੰਨ ਲੈਣ। ਸ਼ਾਇਦ ਉਹ ਇਹੋ ਜਿਹਾ ਮੰਦਾ ਜੀਵਨ ਜਿਉਣਾ ਛੱਡ ਦੇਣ। ਜੇ ਉਹ ਬਦਲ ਜਾਂਦੇ ਹਨ ਤਾਂ ਸ਼ਾਇਦ ਮੈਂ ਵੀ ਉਨ੍ਹਾਂ ਨੂੰ ਸਜ਼ਾ ਦੇਣ ਦੀਆਂ ਵਿਉਂਤਾ ਬਾਰੇ ਆਪਣਾ ਮਨ ਬਦਲ ਲਵਾਂ। ਮੈਂ ਇਸ ਸਜ਼ਾ ਦੀ ਯੋਜਨਾ ਇਸ ਲਈ ਬਣਾ ਰਿਹਾ ਹਾਂ ਕਿਉਂ ਕਿ ਉਨ੍ਹਾਂ ਲੋਕਾਂ ਨੇ ਬਹੁਤ ਮੰਦੇ ਕੰਮ ਕੀਤੇ ਹਨ। ਤੂੰ ਉਨ੍ਹਾਂ ਨੂੰ ਆਖੀਂ, ‘ਇਹੀ ਹੈ ਜੋ ਯਹੋਵਾਹ ਆਖਦਾ ਹੈ: ਮੈਂ ਤੁਹਾਨੂੰ ਆਪਣੀ ਬਿਵਸਬਾ ਦਿੱਤੀ ਸੀ। ਤੁਹਾਨੂੰ ਮੇਰਾ ਹੁਕਮ ਮੰਨਣਾ ਚਾਹੀਦਾ ਹੈ ਅਤੇ ਮੇਰੀ ਬਿਵਸਬਾ ਉੱਤੇ ਅਮਲ ਕਰਨਾ ਚਾਹੀਦਾ ਹੈ। ਤੁਹਾਨੂੰ ਉਹ ਗੱਲਾਂ ਜ਼ਰੂਰ ਸੁਣਨੀਆਂ ਚਾਹੀਦੀਆਂ ਹਨ ਜੋ ਮੇਰੇ ਸੇਵਕ ਤੁਹਾਨੂੰ ਆਖਦੇ ਹਨ। (ਨਬੀ ਮੇਰੇ ਸੇਵਕ ਹਨ।) ਮੈਂ ਤੁਹਾਡੇ ਵੱਲ ਬਾਰ-ਬਾਰ ਨਬੀ ਭੇਜੇ, ਪਰ ਤੁਸੀਂ ਉਨ੍ਹਾਂ ਦੀ ਗੱਲ ਨਹੀਂ ਸੁਣੀ। ਜੇ ਤੁਸੀਂ ਮੇਰਾ ਹੁਕਮ ਨਹੀਂ ਮੰਨੋਗੇ ਤਾਂ ਮੈਂ ਯਰੂਸ਼ਲਮ ਵਿੱਚਲੇ ਆਪਣੇ ਮੰਦਰ ਨੂੰ ਸ਼ੀਲੋਹ ਦੇ ਆਪਣੇ ਪਵਿੱਤਰ ਤੰਬੂ ਵਰਗਾ ਬਣਾ ਦਿਆਂਗਾ। ਸਾਰੀ ਦੁਨੀਆਂ ਦੇ ਲੋਕ ਯਰੂਸ਼ਲਮ ਬਾਰੇ ਸੋਚਣਗੇ ਜਦੋਂ ਉਹ ਹੋਰਨਾਂ ਸ਼ਹਿਰਾਂ ਉੱਤੇ ਮੰਦੀਆਂ ਗੱਲਾਂ ਵਾਪਰਨ ਦੀ ਮੰਗ ਕਰਨਗੇ।’”

ਜਾਜਕਾਂ, ਨਬੀਆਂ ਅਤੇ ਹੋਰ ਸਾਰੇ ਲੋਕਾਂ ਨੇ ਯਹੋਵਾਹ ਦੇ ਮੰਦਰ ਵਿੱਚ ਯਿਰਮਿਯਾਹ ਨੂੰ ਇਹ ਸ਼ਬਦ ਆਖਦਿਆਂ ਸੁਣਿਆ। ਯਿਰਮਿਯਾਹ ਨੇ ਉਹ ਹਰ ਗੱਲ ਲੋਕਾਂ ਨੂੰ ਆਖਕੇ ਮੁਕਾਈ ਜਿਸ ਬਾਰੇ ਯਹੋਵਾਹ ਨੇ ਉਸ ਨੂੰ ਲੋਕਾਂ ਨੂੰ ਆਖਣ ਦਾ ਸੰਦੇਸ਼ ਦਿੱਤਾ ਸੀ। ਤਾਂ ਜਾਜਕਾਂ, ਨਬੀਆਂ ਅਤੇ ਹੋਰ ਸਾਰੇ ਲੋਕਾਂ ਨੇ ਯਿਰਮਿਯਾਹ ਨੂੰ ਫ਼ੜ ਲਿਆ। ਉਨ੍ਹਾਂ ਨੇ ਆਖਿਆ, “ਇਹ ਗੱਲਾਂ ਆਖਣ ਲਈ ਤੈਨੂੰ ਮੌਤ ਮਿਲੇਗੀ! ਤੂੰ ਹੌਸਲਾ ਕਿਵੇਂ ਕੀਤਾ ਯਹੋਵਾਹ ਦੇ ਨਾਮ ਉੱਤੇ ਅਜਿਹਾ ਪ੍ਰਚਾਰ ਕਰਨ ਦਾ! ਤੂੰ ਇਹ ਆਖਣ ਦਾ ਹੌਸਲਾ ਕਿਵੇਂ ਕੀਤਾ ਕਿ ਇਹ ਮੰਦਰ ਸ਼ੀਲੋਹ ਵਾਲੇ ਮੰਦਰ ਵਾਂਗ ਤਬਾਹ ਹੋ ਜਾਵੇਗਾ! ਤੂੰ ਇਹ ਆਖਣ ਦਾ ਹੌਸਲਾ ਕਿਵੇਂ ਕੀਤਾ ਕਿ ਯਰੂਸ਼ਲਮ ਮਾਰੂਬਲ ਬਣ ਜਾਵੇਗਾ ਜਿੱਥੇ ਕੋਈ ਵੀ ਨਹੀਂ ਰਹੇਗਾ।” ਯਹੋਵਾਹ ਦੇ ਮੰਦਰ ਵਿੱਚ ਸਾਰੇ ਲੋਕ ਯਿਰਮਿਯਾਹ ਦੇ ਆਲੇ-ਦੁਆਲੇ ਇਕੱਠੇ ਹੋ ਗਏ।

10 ਹੁਣ ਯਹੂਦਾਹ ਦੇ ਹਾਕਮਾਂ ਨੇ ਇਨ੍ਹਾਂ ਗੱਲਾਂ ਬਾਰੇ ਸੁਣਿਆ ਜੋ ਇੱਥੇ ਵਾਪਰ ਰਹੀਆਂ ਸਨ। ਇਸ ਲਈ ਉਹ ਰਾਜੇ ਦੇ ਮਹਿਲ ਵਿੱਚੋਂ ਬਾਹਰ ਆ ਗਏ। ਉਹ ਯਹੋਵਾਹ ਦੇ ਮੰਦਰ ਵੱਲ ਗਏ। ਉੱਥੇ ਉਨ੍ਹਾਂ ਨੇ ਨਵੇਂ ਦਰਵਾਜ਼ੇ ਕੋਲ ਆਪਣੇ ਸਥਾਨ ਗ੍ਰਹਿਣ ਕਰ ਲੇ। ਨਵਾਂ ਦਰਵਾਜ਼ਾ ਯਹੋਵਾਹ ਦੇ ਮੰਦਰ ਵੱਲ ਜਾਣ ਵਾਲਾ ਦਰਵਾਜ਼ਾ ਹੈ। 11 ਤਾਂ ਜਾਜਕਾਂ ਅਤੇ ਨਬੀਆਂ ਨੇ ਹਾਕਮਾਂ ਅਤੇ ਹੋਰ ਸਾਰੇ ਲੋਕਾਂ ਨਾਲ ਗੱਲ ਕੀਤੀ। ਉਨ੍ਹਾਂ ਨੇ ਆਖਿਆ, “ਯਿਰਮਿਯਾਹ ਨੂੰ ਮਾਰ ਦੇਣਾ ਚਾਹੀਦਾ ਹੈ। ਉਸ ਨੇ ਯਰੂਸ਼ਲਮ ਬਾਰੇ ਮੰਦੀਆਂ ਗੱਲਾਂ ਆਖੀਆਂ ਹਨ। ਤੁਸੀਂ ਉਸ ਨੂੰ ਇਹ ਗੱਲਾਂ ਆਖਦਿਆਂ ਸੁਣਿਆ।”

12 ਤਾਂ ਯਿਰਮਿਯਾਹ ਨੇ ਯਹੂਦਾਹ ਦੇ ਸਾਰੇ ਹਾਕਮਾਂ ਅਤੇ ਹੋਰ ਸਾਰੇ ਲੋਕਾਂ ਨਾਲ ਗੱਲ ਕੀਤੀ। ਉਸ ਨੇ ਆਖਿਆ, “ਯਹੋਵਾਹ ਨੇ ਮੈਨੂੰ ਇਸ ਮੰਦਰ ਅਤੇ ਇਸ ਸ਼ਹਿਰ ਬਾਰੇ ਇਹ ਗੱਲਾਂ ਆਖਣ ਲਈ ਭੇਜਿਆ ਹੈ। ਹਰ ਉਹ ਗੱਲ ਜਿਹੜੀ ਤੁਸੀਂ ਸੁਣੀ ਹੈ ਉਹ ਯਹੋਵਾਹ ਵੱਲੋਂ ਹੈ। 13 ਤੁਹਾਨੂੰ ਲੋਕਾਂ ਨੂੰ ਅਵੱਸ਼ ਹੀ ਆਪਣੇ ਜੀਵਨ ਬਦਲਣੇ ਚਾਹੀਦੇ ਹਨ! ਤੁਹਾਨੂੰ ਨੇਕੀ ਕਰਨੀ ਸ਼ੁਰੂ ਕਰ ਦੇਣੀ ਚਾਹੀਦੀ ਹੈ। ਤੁਹਾਨੂੰ ਚਾਹੀਦਾ ਹੈ ਕਿ ਯਹੋਵਾਹ ਆਪਣੇ ਪਰਮੇਸ਼ੁਰ ਦਾ ਹੁਕਮ ਮੰਨੋ। ਜੇ ਤੁਸੀਂ ਅਜਿਹਾ ਕਰੋਗੇ ਤਾਂ ਯਹੋਵਾਹ ਆਪਣਾ ਮਨ ਬਦਲ ਲਵੇਗਾ। ਯਹੋਵਾਹ ਉਹ ਮੰਦੀਆਂ ਗੱਲਾਂ ਨਹੀਂ ਕਰੇਗਾ ਜਿਨ੍ਹਾਂ ਬਾਰੇ ਉਸ ਨੇ ਤੁਹਾਨੂੰ ਆਖਿਆ ਹੈ। 14 ਜਿੱਥੇ ਤੀਕ ਮੇਰੀ ਗੱਲ ਹੈ, ਮੈਂ ਤੁਹਾਡੇ ਕਬਜ਼ੇ ਵਿੱਚ ਹਾਂ। ਮੇਰੇ ਨਾਲ ਓਹੀ ਸਲੂਕ ਕਰੋ ਜਿਹੜਾ ਤੁਸੀਂ ਚੰਗਾ ਅਤੇ ਠੀਕ ਸਮਝਦੇ ਹੋ। 15 ਪਰ ਜੇ ਤੁਸੀਂ ਮੈਨੂੰ ਮਾਰ ਦਿਓਗੇ, ਤਾਂ ਇੱਕ ਗੱਲ ਬਾਰੇ ਯਕੀਨ ਰੱਖਣਾ। ਤੁਸੀਂ ਇੱਕ ਬੇਗੁਨਾਹ ਬੰਦੇ ਨੂੰ ਮਾਰਨ ਦੇ ਦੋਸ਼ੀ ਹੋਵੋਗੇ। ਤੁਸੀਂ ਇਸ ਸ਼ਹਿਰ ਨੂੰ ਅਤੇ ਇਸਦੇ ਹਰ ਵਾਸੀ ਨੂੰ ਵੀ ਦੋਸ਼ੀ ਬਣਾ ਦਿਓਗੇ। ਯਹੋਵਾਹ ਨੇ ਸੱਚਮੁੱਚ ਮੈਨੂੰ ਤੁਹਾਡੇ ਵੱਲ ਭੇਜਿਆ ਹੈ। ਜਿਹੜਾ ਸੰਦੇਸ਼ ਤੁਸੀਂ ਸੁਣਿਆ ਹੈ ਓਹ ਯਹੋਵਾਹ ਵੱਲੋਂ ਹੀ ਹੈ।”

16 ਤਾਂ ਹਾਕਮ ਅਤੇ ਹੋਰ ਸਾਰੇ ਲੋਕ ਬੋਲੇ। ਉਨ੍ਹਾਂ ਲੋਕਾਂ ਨੇ ਜਾਜਕਾਂ ਅਤੇ ਨਬੀਆਂ ਨੂੰ ਆਖਿਆ, “ਯਿਰਮਿਯਾਹ ਨੂੰ ਮਾਰਨਾ ਨਹੀਂ ਚਾਹੀਦਾ। ਜਿਹੜੀਆਂ ਗੱਲਾਂ ਯਿਰਮਿਯਾਹ ਨੇ ਸਾਨੂੰ ਆਖੀਆਂ ਹਨ ਉਹ ਯਹੋਵਾਹ ਸਾਡੇ ਪਰਮੇਸ਼ੁਰ ਵੱਲੋਂ ਹੀ ਹਨ।”

17 ਤਾਂ ਕੁਝ ਬਜ਼ੁਰਗ ਖੜ੍ਹੇ ਹੋ ਗਏ ਅਤੇ ਲੋਕਾਂ ਨੂੰ ਕਹਿਣ ਲੱਗੇ। 18 ਉਨ੍ਹਾਂ ਨੇ ਆਖਿਆ, “ਨਬੀ ਮੀਕਾਹ ਮੋਰਸ਼ਤ ਸ਼ਹਿਰ ਦਾ ਸੀ। ਮੀਕਾਹ ਯਹੂਦਾਹ ਦੇ ਰਾਜਾ ਹਿਜ਼ਕੀਯਾਹ ਦੇ ਰਾਜ ਵੇਲੇ ਦਾ ਨਬੀ ਸੀ। ਮੀਕਾਹ ਨੇ ਯਹੂਦਾਹ ਦੇ ਸਾਰੇ ਲੋਕਾਂ ਨੂੰ ਇਹ ਗੱਲਾਂ ਆਖੀਆਂ: ‘ਸਰਬ-ਸ਼ਕਤੀਮਾਨ ਯਹੋਵਾਹ ਆਖਦਾ ਹੈ:

ਸੀਯੋਨ ਤਬਾਹ ਹੋ ਜਾਵੇਗਾ,
    ਇਹ ਵਾਹਿਆ ਹੋਇਆ ਖੇਤ ਬਣ ਜਾਵੇਗਾ।
ਯਰੂਸ਼ਲਮ ਪੱਥਰ ਦਾ ਢੇਰ ਬਣ ਜਾਵੇਗਾ।
    ਮੰਦਰ ਵਾਲੀ ਪਹਾੜੀ ਸੱਖਣੀ ਪਹਾੜੀ ਹੋਵੇਗੀ, ਜਿਸ ਉੱਪਰ ਝਾੜੀਆਂ ਉੱਗੀਆਂ ਹੋਣਗੀਆਂ।’ (A)

19 “ਹਿਜ਼ਕੀਯਾਹ ਯਹੂਦਾਹ ਦਾ ਰਾਜਾ ਸੀ। ਅਤੇ ਹਿਜ਼ਕੀਯਾਹ ਨੇ ਮੀਕਾਹ ਨੂੰ ਨਹੀਂ ਸੀ ਮਾਰਿਆ। ਯਹੂਦਾਹ ਦੇ ਕਿਸੇ ਬੰਦੇ ਨੇ ਵੀ ਮੀਕਾਹ ਨੂੰ ਨਹੀਂ ਸੀ ਮਾਰਿਆ। ਤੁਸੀਂ ਜਾਣਦੇ ਹੋ ਕਿ ਹਿਜ਼ਕੀਯਾਹ ਯਹੋਵਾਹ ਦੀ ਇੱਜ਼ਤ ਕਰਦਾ ਸੀ। ਉਹ ਯਹੋਵਾਹ ਨੂੰ ਪ੍ਰਸੰਨ ਕਰਨਾ ਚਾਹੁੰਦਾ ਸੀ। ਯਹੋਵਾਹ ਨੇ ਆਖਿਆ ਸੀ ਕਿ ਉਹ ਯਹੂਦਾਹ ਲਈ ਮੰਦੀਆਂ ਗੱਲਾਂ ਕਰੇਗਾ। ਪਰ ਹਿਜ਼ਕੀਯਾਹ ਨੇ ਯਹੋਵਾਹ ਅੱਗੇ ਪ੍ਰਾਰਥਨਾ ਕੀਤੀ ਅਤੇ ਯਹੋਵਾਹ ਨੇ ਆਪਣਾ ਇਰਾਦਾ ਬਦਲ ਲਿਆ। ਯਹੋਵਾਹ ਨੇ ਉਹ ਮੰਦੀਆਂ ਗੱਲਾਂ ਨਹੀਂ ਕੀਤੀਆਂ। ਜੇ ਅਸੀਂ ਯਿਰਮਿਯਾਹ ਨੂੰ ਦੁੱਖ ਪੁਚਾਵਾਂਗੇ, ਤਾਂ ਅਸੀਂ ਆਪਣੇ ਲਈ ਬਹੁਤ ਮੁਸੀਬਤਾਂ ਖੜੀਆਂ ਕਰ ਲਵਾਂਗੇ। ਅਤੇ ਉਹ ਮੁਸੀਬਤਾਂ ਸਾਡੇ ਆਪਣੇ ਕਸੂਰ ਕਰਕੇ ਆਉਣਗੀਆਂ।”

20 ਅਤੀਤ ਵਿੱਚ, ਇੱਕ ਹੋਰ ਬੰਦਾ ਸੀ ਜਿਹੜਾ ਯਹੋਵਾਹ ਦੇ ਸੰਦੇਸ਼ ਦਾ ਪ੍ਰਚਾਰ ਕਰਦਾ ਸੀ। ਉਸਦਾ ਨਾਮ ਸੀ ਊਰੀਯਾਹ। ਉਹ ਸ਼ਮਅਯਾਹ ਨਾਮ ਦੇ ਬੰਦੇ ਦਾ ਪੁੱਤਰ ਸੀ। ਊਰੀਯਾਹ ਕਿਰਯਬ-ਯਆਰੀਮ ਸ਼ਹਿਰ ਦਾ ਸੀ। ਊਰੀਯਾਹ ਨੇ ਵੀ ਇੱਕ ਸ਼ਹਿਰ ਦੇ ਵਿਰੁੱਧ ਉਨ੍ਹਾਂ ਗੱਲਾਂ ਦਾ ਹੀ ਪ੍ਰਚਾਰ ਕੀਤਾ ਸੀ ਜਿਸਦਾ ਯਿਰਮਿਯਾਹ ਨੇ ਕੀਤਾ ਹੈ। 21 ਰਾਜੇ ਯਹੋਯਾਕੀਮ ਅਤੇ ਉਸ ਦੇ ਫ਼ੌਜੀ ਅਫ਼ਸਰਾਂ ਅਤੇ ਯਹੂਦਾਹ ਦੇ ਆਗੂਆਂ ਨੇ ਊਰੀਯਾਹ ਦੇ ਪ੍ਰਚਾਰ ਨੂੰ ਸੁਣਿਆ। ਉਹ ਬਹੁਤ ਗੁੱਸੇ ਹੋਏ। ਰਾਜਾ ਯਹੋਯਾਕੀਮ ਊਰੀਯਾਹ ਨੂੰ ਮਾਰਨਾ ਚਾਹੁੰਦਾ ਸੀ। ਊਰੀਯਾਹ ਭੈਭੀਤ ਸੀ ਇਸ ਲਈ ਉਹ ਬਚਕੇ ਮਿਸਰ ਦੇਸ਼ ਨੂੰ ਭੱਜ ਗਿਆ। 22 ਪਰ ਰਾਜੇ ਯਹੋਯਾਕੀਮ ਨੇ ਇੱਕ ਅਲਨਾਥਾਨ ਨਾਮ ਦੇ ਬੰਦੇ ਅਤੇ ਕੁਝ ਹੋਰ ਲੋਕਾਂ ਨੂੰ ਮਿਸਰ ਭੇਜਿਆ। ਅਲਨਾਥਾਨ ਅਕਬੋਰ ਨਾਂ ਦੇ ਇੱਕ ਬੰਦੇ ਦਾ ਪੁੱਤਰ ਸੀ। 23 ਉਨ੍ਹਾਂ ਲੋਕਾਂ ਨੇ ਊਰੀਯਾਹ ਨੂੰ ਮਿਸਰ ਵਿੱਚੋਂ ਲਿਆਂਦਾ। ਫ਼ੇਰ ਉਹ ਲੋਕ ਊਰੀਯਾਹ ਨੂੰ ਰਾਜੇ ਯਹੋਯਾਕੀਮ ਕੋਲ ਲੈ ਗਏ। ਯਹੋਯਾਕੀਮ ਨੇ ਊਰੀਯਾਹ ਨੂੰ ਤਲਵਾਰ ਨਾਲ ਕਤਲ ਕਰਨ ਦਾ ਹੁਕਮ ਦੇ ਦਿੱਤਾ। ਊਰੀਯਾਹ ਦੀ ਲਾਸ਼ ਨੂੰ ਉਸ ਕਬਰਿਸਤਾਨ ਵਿੱਚ ਸੁੱਟ ਦਿੱਤਾ ਗਿਆ ਜਿੱਥੇ ਗਰੀਬ ਲੋਕਾਂ ਨੂੰ ਦਫ਼ਨ ਕੀਤਾ ਜਾਂਦਾ ਸੀ।

24 ਉੱਥੇ ਇੱਕ ਮਹੱਤਵਪੂਰਣ ਆਦਮੀ ਸੀ ਜਿਸਦਾ ਨਾਮ ਸੀ ਸ਼ਾਫ਼ਾਨ ਦਾ ਪੁੱਤਰ ਅਹੀਕਾਮ। ਅਹੀਕਾਮ ਨੇ ਯਿਰਮਿਯਾਹ ਦੀ ਸਹਾਇਤਾ ਕੀਤੀ। ਇਸ ਲਈ ਅਹੀਕਾਮ ਨੇ ਯਿਰਮਿਯਾਹ ਨੂੰ ਜਾਜਕਾਂ ਅਤੇ ਨਬੀਆਂ ਹੱਥੋਂ ਕਤਲ ਹੋਣ ਤੋਂ ਬਚਾਇਆ।

ਯਹੋਵਾਹ ਨੇ ਨਬੂਕਦਨੱਸਰ ਨੂੰ ਹਾਕਮ ਬਣਾਇਆ

27 ਯਹੋਵਾਹ ਵੱਲੋਂ ਇਹ ਸੰਦੇਸ਼ ਯਿਰਮਿਯਾਹ ਨੂੰ ਯਹੂਦਾਹ ਦੇ ਰਾਜੇ ਸਿਦਕੀਯਾਹ ਦੇ ਸ਼ਾਸਨ ਦੇ ਸ਼ੁਰੂਆਤ ਵਿੱਚ ਮਿਲਿਆ। [a] ਸਿਦਕੀਯਾਹ ਰਾਜੇ ਯੋਸ਼ੀਯਾਹ ਦਾ ਪੁੱਤਰ ਸੀ। ਇਹ ਸੀ ਜੋ ਯਹੋਵਾਹ ਨੇ ਮੈਨੂੰ ਆਖਿਆ, “ਯਿਰਮਿਯਾਹ, ਡੰਡਿਆਂ ਅਤੇ ਰਸੀਆਂ ਤੋਂ ਇੱਕ ਜੂਲਾ ਬਣਾ ਅਤੇ ਇਸ ਨੂੰ ਆਪਣੀ ਗਰਦਨ ਉੱਤੇ ਰੱਖ। ਫ਼ੇਰ ਹੋਰਨਾਂ ਹਲਾਂ ਨੂੰ ਅਦੋਮ, ਮੋਆਬ ਅਤੇ ਅੰਮੋਨ, ਸੂਰ ਅਤੇ ਸੈਦਾ ਦੇ ਰਾਜਿਆਂ ਨੂੰ ਘੱਲ ਦੇ। ਉਨ੍ਹਾਂ ਰਾਜਿਆਂ ਨੂੰ ਜਿਹੜੇ ਯਰੂਸ਼ਲਮ ਵਿੱਚ ਯਹੂਦਾਹ ਦੇ ਰਾਜੇ ਸਿਦਕੀਯਾਹ ਨੂੰ ਮਿਲਣ ਆਏ ਨੇ, ਸੰਦੇਸ਼ਵਾਹਕਾਂ ਹੱਥ ਸੰਦੇਸ਼ ਭੇਜ। ਉਨ੍ਹਾਂ ਸੰਦੇਸ਼ਵਾਹਕਾਂ ਨੂੰ ਆਖ ਕਿ ਉਹ ਆਪਣੇ ਮਾਲਕਾਂ ਨੂੰ ਇਹ ਸੰਦੇਸ਼ ਦੇਣ। ਉਨ੍ਹਾਂ ਨੂੰ ਆਖੀਂ, ‘ਯਹੋਵਾਹ ਸਰਬ ਸ਼ਕਤੀਮਾਨ, ਇਸਰਾਏਲ ਦਾ ਪਰਮੇਸ਼ੁਰ ਆਖਦਾ ਹੈ, ਆਪਣੇ ਮਾਲਕਾਂ ਨੂੰ ਆਖੋ ਕਿ ਮੈਂ ਇਸ ਧਰਤੀ ਨੂੰ ਅਤੇ ਇਸ ਉੱਤੇ ਵਸਣ ਵਾਲਿਆਂ ਨੂੰ ਆਖ ਕਿ ਮੈਂ ਧਰਤੀ ਨੂੰ ਅਤੇ ਇਸ ਉੱਤੇ ਰਹਿਣ ਵਾਲੇ ਸਾਰੇ ਲੋਕਾਂ ਨੂੰ ਸਾਜਿਆ ਸੀ। ਮੈਂ ਧਰਤੀ ਉਤਲੇ ਸਾਰੇ ਜਾਨਵਰਾਂ ਨੂੰ ਸਾਜਿਆ ਸੀ। ਇਹ ਸਾਰਾ ਕੁਝ ਮੈਂ ਆਪਣੀ ਵੱਡੀ ਸ਼ਕਤੀ ਨਾਲ ਅਤੇ ਤਾਕਤਵਰ ਹੱਥ ਨਾਲ ਕੀਤਾ। ਮੈਂ ਜਿਸ ਕਿਸੇ ਨੂੰ ਚਾਹਾਂ ਇਹ ਧਰਤੀ ਦੇ ਸੱਕਦਾ ਹਾਂ। ਹੁਣ ਮੈਂ ਤੁਹਾਡੇ ਸਾਰੇ ਦੇਸ਼ਾਂ ਨੂੰ ਬਾਬਲ ਦੇ ਰਾਜੇ ਨਬੂਕਦਨੱਸਰ ਨੂੰ ਦੇ ਦਿੱਤਾ ਹੈ। ਉਹ ਮੇਰਾ ਸੇਵਕ ਹੈ। ਮੈਂ ਜੰਗਲੀ ਜਾਨਵਰਾਂ ਕੋਲੋਂ ਵੀ ਉਸਦਾ ਆਗਿਆ ਪਾਲਨ ਕਰਾਵਾਂਗਾ। ਸਾਰੀਆਂ ਕੌਮਾਂ ਨਬੂਕਦਨੱਸਰ ਉਸ ਦੇ ਪੁੱਤਰ ਅਤੇ ਉਸ ਦੇ ਪੋਤਰੇ ਦੀ ਸੇਵਾ ਕਰਨਗੀਆਂ। ਫ਼ੇਰ ਇੱਕ ਸਮਾਂ ਆਵੇਗਾ ਜਦੋਂ ਬਾਬਲ ਹਾਰ ਜਾਵੇਗਾ। ਬਹੁਤ ਸਾਰੀਆਂ ਕੌਮਾਂ ਅਤੇ ਮਹਾਨ ਰਾਜੇ ਬਾਬਲ ਨੂੰ ਆਪਣਾ ਸੇਵਕ ਬਣਾ ਲੈਣਗੇ।

“‘ਪਰ ਜੇਕਰ ਕੋਈ ਕੌਮ ਜਾਂ ਰਾਜ ਬਾਬਲ ਦੇ ਰਾਜੇ ਨਬੂਕਦਨੱਸਰ ਦੀ ਸੇਵਾ ਕਰਨ ਤੋਂ ਅਤੇ ਉਸ ਦਾ ਜੂਲਾ ਆਪਣੀ ਗਰਦਨ ਤੇ ਪਾਉਣ ਤੋਂ ਇਨਕਾਰ ਕਰਦਾ, ਮੈਂ ਉਸ ਕੌਮ ਨੂੰ ਤਲਵਾਰ, ਭੁੱਖ ਅਤੇ ਭਿਆਨਕ ਬਿਮਾਰੀ ਨਾਲ ਸਜ਼ਾ ਦਿਆਂਗਾ।’” ਇਹ ਸੰਦੇਸ਼ ਯਹੋਵਾਹ ਵੱਲੋਂ ਹੈ। “‘ਇਹ ਗੱਲ ਮੈਂ ਉਦੋਂ ਤੀਕ ਕਰਾਂਗਾ ਜਦੋਂ ਤੀਕ ਕਿ ਮੈਂ ਉਸ ਕੌਮ ਨੂੰ ਤਬਾਹ ਨਹੀਂ ਕਰ ਦਿੰਦਾ। ਮੈਂ ਨਬੂਕਦਨੱਸਰ ਦੀ ਵਰਤੋਂ ਉਸ ਕੌਮ ਨੂੰ ਤਬਾਹ ਕਰਨ ਲਈ ਕਰਾਂਗਾ ਜਿਹੜੀ ਉਸ ਦੇ ਖਿਲਾਫ਼ ਲੜਦੀ ਹੈ। ਇਸ ਲਈ ਆਪਣੇ ਨਬੀਆਂ ਦੀ ਗੱਲ ਨਾ ਸੁਣੋ, ਉਨ੍ਹਾਂ ਲੋਕਾਂ ਦੀ ਗੱਲ ਨਾ ਸੁਣੋ ਜਿਹੜੇ ਜਾਦੂ ਦੇ ਪ੍ਰਭਾਵ ਨਾਲ ਭਵਿੱਖ ਬਾਣੀ ਕਰਦੇ ਹਨ। ਉਨ੍ਹਾਂ ਲੋਕਾਂ ਨੂੰ ਨਾ ਸੁਣੋ ਜਿਹੜੇ ਆਖਦੇ ਨੇ ਕਿ ਉਹ ਸੁਪਨਿਆਂ ਦੀ ਵਿਆਖਿਆ ਕਰ ਸੱਕਦੇ ਹਨ। ਉਨ੍ਹਾਂ ਲੋਕਾਂ ਨਾਲ ਗੱਲ ਨਾ ਕਰੋ ਜਿਹੜੇ ਮੁਰਦਿਆਂ ਨਾਲ ਗੱਲਾਂ ਕਰਦੇ ਨੇ ਜਾਂ ਜਿਹੜੇ ਜਾਦੂ-ਟੂਣੇ ਕਰਦੇ ਨੇ। ਉਹ ਸਾਰੇ ਲੋਕ ਤੁਹਾਨੂੰ ਦੱਸਦੇ ਹਨ, “ਤੁਸੀਂ ਬਾਬਲ ਦੇ ਰਾਜੇ ਦੇ ਗੁਲਾਮ ਨਹੀਂ ਬਣੋਗੇ।” 10 ਪਰ ਉਹ ਲੋਕ ਤੁਹਾਡੇ ਨਾਲ ਝੂਠ ਬੋਲ ਰਹੇ ਹਨ। ਉਹ ਲੋਕ ਸਿਰਫ਼ ਤੁਹਾਨੂੰ ਵਤਨੋ ਦੂਰ ਲਿਜਾਣ ਦਾ ਕਾਰਣ ਬਣਨਗੇ। ਮੈਂ ਤੁਹਾਨੂੰ ਆਪਣੇ ਘਰ ਛੱਡਣ ਲਈ ਮਜ਼ਬੂਰ ਕਰਾਂਗਾ। ਅਤੇ ਤੁਸੀਂ ਪਰਾਏ ਦੇਸ਼ ਵਿੱਚ ਜਾਕੇ ਮਰੋਗੇ।

11 “‘ਪਰ ਉਹ ਕੌਮਾਂ ਜਿਨ੍ਹਾਂ ਨੇ ਬਾਬਲ ਦੇ ਰਾਜੇ ਦੀ ਅਧੀਨਗੀ ਕਬੂਲ ਕਰ ਲਈ ਹੋਵੇਗੀ ਉਹ ਜਿਉਣਗੀਆਂ। ਮੈਂ ਉਨ੍ਹਾਂ ਕੌਮਾਂ ਨੂੰ ਆਪਣੇ ਦੇਸ਼ ਵਿੱਚ ਰਹਿਣ ਅਤੇ ਬਾਬਲ ਦੇ ਰਾਜੇ ਦੀ ਸੇਵਾ ਕਰਨ ਦਿਆਂਗਾ।’ ਇਹ ਸੰਦੇਸ਼ ਯਹੋਵਾਹ ਵੱਲੋਂ ਹੈ। ‘ਉਨ੍ਹਾਂ ਕੌਮਾਂ ਦੇ ਲੋਕ ਆਪਣੀ ਧਰਤੀ ਅੰਦਰ ਰਹਿਣਗੇ ਅਤੇ ਉਸੇ ਦੀ ਖੇਤੀ ਕਰਨਗੇ।’”

12 ਮੈਂ ਯਹੂਦਾਹ ਦੇ ਰਾਜੇ ਸਿਦਕੀਯਾਹ ਨੂੰ ਵੀ ਇਹੀ ਸੰਦੇਸ਼ ਦਿੱਤਾ ਸੀ। ਮੈਂ ਆਖਿਆ ਸੀ, “ਸਿਦਕੀਯਾਹ, ਤੈਨੂੰ ਆਪਣੀ ਗਰਦਨ ਬਾਬਲ ਦੇ ਰਾਜੇ ਦੇ ਜੂਲੇ ਹੇਠਾਂ ਪਾ ਦੇਣੀ ਚਾਹੀਦੀ ਹੈ ਅਤੇ ਉਸਦਾ ਹੁਕਮ ਮੰਨਣਾ ਚਾਹੀਦਾ ਹੈ। ਜੇ ਤੂੰ ਬਾਬਲ ਦੇ ਰਾਜੇ ਅਤੇ ਉਸ ਦੇ ਲੋਕਾਂ ਦੀ ਸੇਵਾ ਕਰੇਗਾ, ਤਾਂ ਤੂੰ ਜੀਵੇਗਾ। 13 ਜੇ ਤੂੰ ਬਾਬਲ ਦੇ ਰਾਜੇ ਦੀ ਸੇਵਾ ਕਰਨੀ ਨਹੀਂ ਮਂਨੇਗਾ ਤਾਂ ਤੂੰ ਅਤੇ ਤੇਰੇ ਲੋਕ ਦੁਸ਼ਮਣ ਦੀ ਤਲਵਾਰ, ਭੁੱਖ ਨਂਗ ਅਤੇ ਭਿਆਨਕ ਬਿਮਾਰੀਆਂ ਹੱਥੋਂ ਮਾਰੇ ਜਾਓਗੇ। ਯਹੋਵਾਹ ਨੇ ਆਖਿਆ ਸੀ ਕਿ ਇਹ ਗੱਲਾਂ ਵਾਪਰਨਗੀਆਂ। 14 ਪਰ ਝੂਠੇ ਨਬੀ ਆਖ ਰਹੇ ਹਨ: ‘ਤੁਸੀਂ ਕਦੇ ਵੀ ਬਾਬਲ ਦੇ ਰਾਜੇ ਦੇ ਗੁਲਾਮ ਨਹੀਂ ਹੋਵੋਗੇ।’

“ਉਨ੍ਹਾਂ ਨਬੀਆਂ ਦੀ ਗੱਲ ਨਾ ਸੁਣੋ ਕਿਉਂ ਕਿ ਉਹ ਤੁਹਾਡੇ ਅੱਗੇ ਝੂਠ ਦਾ ਪ੍ਰਚਾਰ ਕਰ ਰਹੇ ਹਨ। 15 ‘ਮੈਂ ਉਨ੍ਹਾਂ ਨਬੀਆਂ ਨੂੰ ਨਹੀਂ ਸੀ ਭੇਜਿਆ।’ ਇਹ ਸੰਦੇਸ਼ ਯਹੋਵਾਹ ਵੱਲੋਂ ਹੈ। ‘ਉਹ ਝੂਠ ਦਾ ਪ੍ਰਚਾਰ ਕਰ ਰਹੇ ਨੇ ਅਤੇ ਆਖ ਰਹੇ ਨੇ ਕਿ ਸੰਦੇਸ਼ ਮੇਰੇ ਵੱਲੋਂ ਹੈ। ਇਸ ਲਈ ਮੈਂ ਤੁਹਾਨੂੰ ਯਹੂਦਾਹ ਦੇ ਲੋਕਾਂ ਨੂੰ ਦੂਰ ਭੇਜ ਦਿਆਂਗਾ ਤੁਸੀਂ ਮਰ ਜਾਵੋਗੇ। ਅਤੇ ਉਹ ਨਬੀ ਜਿਹੜੇ ਤੁਹਾਡੇ ਅੱਗੇ ਪ੍ਰਚਾਰ ਕਰ ਰਹੇ ਨੇ ਉਹ ਵੀ ਮਰ ਜਾਣਗੇ।’”

16 ਫ਼ੇਰ ਮੈਂ ਉਨ੍ਹਾਂ ਜਾਜਕਾਂ ਅਤੇ ਹੋਰ ਸਾਰੇ ਲੋਕਾਂ ਨੂੰ ਆਖਿਆ, “ਯਹੋਵਾਹ ਆਖਦਾ ਹੈ: ਉਹ ਝੂਠੇ ਨਬੀ ਆਖ ਰਹੇ ਹਨ, ‘ਬਾਬਲ ਵਾਲਿਆਂ ਨੇ ਯਹੋਵਾਹ ਦੇ ਮੰਦਰ ਵਿੱਚੋਂ ਬਹੁਤ ਸਾਰੀਆਂ ਚੀਜ਼ਾਂ ਚੁੱਕ ਲਈਆਂ ਹਨ। ਉਹ ਚੀਜ਼ਾਂ ਛੇਤੀ ਵਾਪਸ ਲਿਆਂਦੀਆਂ ਜਾਣਗੀਆਂ।’ ਉਨ੍ਹਾਂ ਨਬੀਆਂ ਦੀ ਗੱਲ ਨਾ ਸੁਣੋ ਕਿਉਂ ਕਿ ਉਹ ਤੁਹਾਡੇ ਸਾਹਮਣੇ ਝੂਠ ਦਾ ਪ੍ਰਚਾਰ ਕਰ ਰਹੇ ਨੇ। 17 ਉਨ੍ਹਾਂ ਨਬੀਆਂ ਦੀ ਗੱਲ ਨਾ ਸੁਣੋ। ਬਾਬਲ ਦੇ ਰਾਜੇ ਦੀ ਸੇਵਾ ਕਰੋ। ਆਪਣੀ ਸਜ਼ਾ ਨੂੰ ਪ੍ਰਵਾਨ ਕਰ ਲਵੋ ਅਤੇ ਤੁਸੀਂ ਜਿਉਂਦੇ ਰਹੋਗੇ। ਤੁਹਾਡੇ ਲਈ ਯਰੂਸ਼ਲਮ ਦੇ ਇਸ ਸ਼ਹਿਰ ਦੇ ਤਬਾਹ ਕੀਤੇ ਜਾਣ ਦਾ ਕੋਈ ਕਾਰਣ ਨਹੀਂ ਹੈ। 18 ਜੇ ਉਹ ਲੋਕ ਨਬੀ ਹਨ ਅਤੇ ਯਹੋਵਾਹ ਵੱਲੋਂ ਸੰਦੇਸ਼ ਪ੍ਰਾਪਤ ਕਰਦੇ ਹਨ ਤਾਂ ਉਨ੍ਹਾਂ ਨੂੰ ਪ੍ਰਾਰਥਨਾ ਕਰਨ ਦਿਓ। ਉਨ੍ਹਾਂ ਨੂੰ ਉਨ੍ਹਾਂ ਚੀਜ਼ਾਂ ਬਾਰੇ ਪ੍ਰਾਰਥਨਾ ਕਰਨ ਦਿਓ ਜਿਹੜੀਆਂ ਹਾਲੇ ਵੀ ਮੰਦਰ ਵਿੱਚ ਹਨ। ਉਨ੍ਹਾਂ ਨੂੰ ਉਨ੍ਹਾਂ ਚੀਜ਼ਾਂ ਬਾਰੇ ਪ੍ਰਾਰਥਨਾ ਕਰਨ ਦਿਓ ਜਿਹੜੀਆਂ ਹਾਲੇ ਵੀ ਰਾਜੇ ਦੇ ਮਹਿਲ ਅੰਦਰ ਹਨ। ਅਤੇ ਉਨ੍ਹਾਂ ਨੂੰ ਉਨ੍ਹਾਂ ਚੀਜ਼ਾਂ ਬਾਰੇ ਪ੍ਰਾਰਥਨਾ ਕਰਨ ਦਿਓ ਜਿਹੜੀਆਂ ਹਾਲੇ ਵੀ ਯਰੂਸ਼ਲਮ ਅੰਦਰ ਹਨ। ਉਨ੍ਹਾਂ ਨਬੀਆਂ ਨੂੰ ਪ੍ਰਾਰਥਨਾ ਕਰਨ ਦਿਓ ਕਿ ਉਹ ਸਾਰੀਆਂ ਚੀਜ਼ਾਂ ਬਾਬਲ ਲਿਜਾਈਆਂ ਜਾਣ।”

19 ਸਰਬ ਸ਼ਕਤੀਮਾਨ ਯਹੋਵਾਹ ਉਨ੍ਹਾਂ ਚੀਜ਼ਾਂ ਬਾਰੇ ਇਹ ਆਖਦਾ ਹੈ ਜਿਹੜੀਆਂ ਹਾਲੇ ਵੀ ਯਰੂਸ਼ਲਮ ਵਿੱਚ ਬਚੀਆਂ ਹੋਈਆਂ ਹਨ। ਮੰਦਰ ਵਿੱਚ ਬਮਲੇ ਹਨ, ਕਾਂਸੀ ਦਾ ਸਮੁੰਦਰ ਹੈ, ਹਿਲਣ ਵਾਲੇ ਸਟੈਁਡ ਅਤੇ ਹੋਰ ਚੀਜ਼ਾਂ ਹਨ। ਬਾਬਲ ਦੇ ਰਾਜੇ ਨਬੂਕਦਨੱਸਰ ਨੇ ਉਹ ਚੀਜ਼ਾਂ ਯਰੂਸ਼ਲਮ ਵਿੱਚ ਛੱਡ ਦਿੱਤੀਆਂ। 20 ਨਬੂਕਦਨੱਸਰ ਉਦੋਂ ਉਨ੍ਹਾਂ ਚੀਜ਼ਾਂ ਨੂੰ ਲੈ ਕੇ ਨਹੀਂ ਗਿਆ ਜਦੋਂ ਉਸ ਨੇ ਯਹੂਦਾਹ ਦੇ ਰਾਜੇ ਯੇਹੋਇਆਚਿਨ ਨੂੰ ਕੈਦੀ ਬਣਾ ਕੇ ਲੈ ਗਿਆ ਸੀ। ਯੇਹੋਇਆਚਿਨ ਰਾਜੇ ਯਹੋਯਾਕੀਮ ਦਾ ਪੁੱਤਰ ਸੀ। ਨਬੂਕਦਨੱਸਰ ਯਹੂਦਾਹ ਅਤੇ ਯਰੂਸ਼ਲਮ ਦੇ ਹੋਰ ਵੀ ਕਈ ਮਹੱਤਵਪੂਰਣ ਬੰਦਿਆਂ ਨੂੰ ਲੈ ਗਿਆ ਸੀ। 21 ਸਰਬ ਸ਼ਕਤੀਮਾਨ ਯਹੋਵਾਹ, ਇਸਰਾਏਲ ਦਾ ਪਰਮੇਸ਼ੁਰ ਉਨ੍ਹਾਂ ਚੀਜ਼ਾਂ ਬਾਰੇ ਜਿਹੜੀਆਂ ਹਾਲੇ ਵੀ ਮੰਦਰ ਵਿੱਚ ਅਤੇ ਯਰੂਸ਼ਲਮ ਦੇ ਰਾਜੇ ਦੇ ਮਹਿਲ ਅੰਦਰ ਹਾਲੇ ਵੀ ਰਹਿ ਗਈਆਂ ਹਨ। 22 ਉਹ ਸਾਰੀਆਂ ਚੀਜ਼ਾਂ ਬਾਬਲ ਲਿਜਾਈਆਂ ਜਾਣਗੀਆਂ ਜਦੋਂ ਤੀਕ ਕਿ ਮੈਂ ਇੱਕ ਦਿਨ ਉਨ੍ਹਾਂ ਨੂੰ ਵਾਪਸ ਨਹੀਂ ਲਿਆਉਂਦਾ। ਇਹ ਸੰਦੇਸ਼ ਯਹੋਵਾਹ ਵੱਲੋਂ ਹੈ। “ਫ਼ੇਰ ਮੈਂ ਉਨ੍ਹਾਂ ਚੀਜ਼ਾਂ ਨੂੰ ਵਾਪਸ ਲਿਆਵਾਂਗਾ। ਮੈਂ ਉਨ੍ਹਾਂ ਚੀਜ਼ਾਂ ਨੂੰ ਇਸ ਥਾਂ ਫ਼ੇਰ ਰੱਖ ਦਿਆਂਗਾ।”

ਝੂਠਾ ਨਬੀ ਹਨਨਯਾਹ

28 ਯਹੂਦਾਹ ਵਿੱਚ ਰਾਜੇ ਸਿਦਕੀਯਾਹ ਦੇ ਸ਼ਾਸਨ ਦੇ ਚੌਬੇ ਵਰ੍ਹੇ ਦੇ ਪੰਜਵੇਂ ਮਹੀਨੇ ਵਿੱਚ, ਗਿਬਓਨ ਸ਼ਹਿਰ ਤੋਂ ਅੱਸ਼ੂਰ ਦੇ ਪੁੱਤਰ ਨਬੀ ਹਨਨਯਾਹ ਨੇ ਮੇਰੇ ਨਾਲ ਗੱਲ ਕੀਤੀ। ਉਸ ਨੇ ਜਾਜਕਾਂ ਅਤੇ ਸਾਰੇ ਲੋਕਾਂ ਦੀ ਹਾਜਰੀ ਵਿੱਚ ਪਰਮੇਸ਼ੁਰ ਦੇ ਮੰਦਰ ਵਿੱਚ ਮੇਰੇ ਨਾਲ ਗੱਲ ਕੀਤੀ। ਉਸ ਨੇ ਆਖਿਆ, “ਸਰਬ ਸ਼ਕਤੀਮਾਨ ਯਹੋਵਾਹ, ਇਸਰਾਏਲ ਦਾ ਪਰਮੇਸ਼ੁਰ ਆਖਦਾ ਹੈ, ‘ਮੈਂ ਉਸ ਜੂਲੇ ਨੂੰ ਤੋੜ ਦਿਆਂਗਾ ਜਿਹੜਾ ਬਾਬਲ ਦੇ ਰਾਜੇ ਨੇ ਯਹੂਦਾਹ ਦੇ ਲੋਕਾਂ ਦੇ ਗਲ ਵਿੱਚ ਪਾਇਆ ਹੈ। ਦੋ ਸਾਲਾਂ ਦੇ ਖਤਮ ਹੋਣ ਤੋਂ ਪਹਿਲਾਂ ਹੀ ਮੈਂ ਉਹ ਸਾਰੀਆਂ ਚੀਜ਼ਾਂ ਵਾਪਸ ਲੈ ਆਵਾਂਗਾ ਜਿਹੜੀਆਂ ਬਾਬਲ ਦਾ ਰਾਜਾ ਨਬੂਕਦਨੱਸਰ ਯਹੋਵਾਹ ਦੇ ਮੰਦਰ ਵਿੱਚੋਂ ਚੁੱਕ ਕੇ ਬਾਬਲ ਲੈ ਗਿਆ ਹੈ। ਮੈਂ ਉਨ੍ਹਾਂ ਚੀਜ਼ਾਂ ਨੂੰ ਇੱਥੇ ਯਰੂਸ਼ਲਮ ਵਿੱਚ ਵਾਪਸ ਲਿਆਵਾਂਗਾ। ਮੈਂ ਯਹੂਦਾਹ ਦੇ ਰਾਜੇ ਯੇਹੋਇਆਚਿਨ ਨੂੰ ਵੀ ਉਸ ਥਾਂ ਵਾਪਸ ਲਿਆਵਾਂਗਾ। ਯੇਹੋਇਆਚਿਨ ਯਹੋਯਾਕੀਮ ਦਾ ਪੁੱਤਰ ਹੈ। ਅਤੇ ਮੈਂ ਯਹੂਦਾਹ ਦੇ ਉਨ੍ਹਾਂ ਸਾਰੇ ਲੋਕਾਂ ਨੂੰ ਵਾਪਸ ਲਿਆਵਾਂਗਾ ਜਿਨ੍ਹਾਂ ਨੂੰ ਨਬੂਕਦਨੱਸਰ ਨੇ ਆਪਣੇ ਘਰਾਂ ਛੱਡ ਕੇ ਬਾਬਲ ਜਾਣ ਲਈ ਮਜ਼ਬੂਰ ਕੀਤਾ ਸੀ।’ ਇਹ ਸੰਦੇਸ਼ ਯਹੋਵਾਹ ਵੱਲੋਂ ਹੈ, ‘ਇਸ ਲਈ ਮੈਂ ਉਸ ਜੂਲੇ ਨੂੰ ਤੋੜ ਦਿਆਂਗਾ ਜਿਹੜਾ ਬਾਬਲ ਦੇ ਰਾਜੇ ਨੇ ਯਹੂਦਾਹ ਦੇ ਲੋਕਾਂ ਦੇ ਗਲ ਪਾਇਆ ਹੈ!’”

ਫ਼ੇਰ ਨਬੀ ਯਿਰਮਿਯਾਹ ਨੇ ਨਬੀ ਹਨਨਯਾਹ ਨੂੰ ਜਵਾਬ ਦਿੱਤਾ। ਉਹ ਯਹੋਵਾਹ ਦੇ ਮੰਦਰ ਵਿੱਚ ਖਲੋਤੇ ਸਨ। ਜਾਜਕ ਅਤੇ ਉੱਥੋਂ ਦੇ ਸਾਰੇ ਲੋਕ ਯਿਰਮਿਯਾਹ ਦਾ ਜਵਾਬ ਸੁਣ ਸੱਕਦੇ ਸਨ। ਯਿਰਮਿਯਾਹ ਨੇ ਹਨਨਯਾਹ ਨੂੰ ਆਖਿਆ, “ਆਮੀਨ! ਮੈਨੂੰ ਉਮੀਦ ਹੈ ਕਿ ਯਹੋਵਾਹ ਸੱਚਮੁੱਚ ਅਜਿਹਾ ਹੀ ਕਰੇਗਾ! ਮੈਨੂੰ ਉਮੀਦ ਹੈ ਕਿ ਤੂੰ ਜਿਸ ਸੰਦੇਸ਼ ਦਾ ਪ੍ਰਚਾਰ ਕਰਦਾ ਹੈਂ ਯਹੋਵਾਹ ਉਸ ਨੂੰ ਸੱਚ ਕਰ ਦੇਵੇਗਾ! ਮੈਨੂੰ ਉਮੀਦ ਹੈ ਕਿ ਯਹੋਵਾਹ ਬਾਬਲ ਤੋਂ ਯਹੋਵਾਹ ਦੇ ਮੰਦਰ ਦੀਆਂ ਚੀਜ਼ਾਂ ਨੂੰ ਇਸ ਥਾਂ ਵਾਪਸ ਲਿਆਵੇਗਾ। ਅਤੇ ਮੈਨੂੰ ਉਮੀਦ ਹੈ ਕਿ ਯਹੋਵਾਹ ਉਨ੍ਹਾਂ ਸਾਰੇ ਲੋਕਾਂ ਨੂੰ ਇੱਥੇ ਵਾਪਸ ਲਿਆਵੇਗਾ ਜਿਨ੍ਹਾਂ ਨੂੰ ਮਜ਼ਬੂਰ ਹੋਕੇ ਆਪਣੇ ਘਰ ਛੱਡਣੇ ਪਏ ਸਨ।

“ਪਰ ਜੋ ਮੈਂ ਆਖਦਾ ਹਾਂ ਉਸ ਨੂੰ ਧਿਆਨ ਨਾਲ ਸੁਣੋ, ਹਨਨਯਾਹ। ਜੋ ਮੈਂ ਤੁਹਾਨੂੰ, ਸਾਰੇ ਲੋਕਾਂ ਨੂੰ, ਆਖਦਾ ਹਾਂ ਉਸ ਨੂੰ ਧਿਆਨ ਨਾਲ ਸੁਣੋ। ਹਨਨਯਾਹ, ਤੇਰੇ ਅਤੇ ਮੇਰੇ ਨਬੀ ਬਣਨ ਤੋਂ ਪਹਿਲਾਂ ਵੀ ਇੱਥੇ ਨਬੀ ਸਨ। ਉਨ੍ਹਾਂ ਨੇ ਪ੍ਰਚਾਰ ਕੀਤਾ ਸੀ ਕਿ ਜੰਗ, ਭੁੱਖਮਰੀ ਅਤੇ ਭਿਆਨਕ ਬੀਮਾਰੀਆਂ ਬਹੁਤ ਸਾਰੇ ਦੇਸ਼ਾਂ ਅਤੇ ਮਹਾਨ ਰਾਜਧਾਨੀਆਂ ਅੰਦਰ ਆਉਣਗੀਆਂ। ਪਰ ਜਿਹੜਾ ਨਬੀ ਇਹ ਪ੍ਰਚਾਰ ਕਰਦਾ ਹੈ ਕਿ ਸਾਨੂੰ ਅਮਨ ਮਿਲੇਗਾ ਉਸਦੀ ਪਰੀਖਿਆ ਅਵੱਸ਼ ਹੋਣੀ ਚਾਹੀਦੀ ਹੈ ਕਿ ਕੀ ਉਸ ਨੂੰ ਯਹੋਵਾਹ ਵੱਲੋਂ ਭੇਜਿਆ ਗਿਆ ਸੀ। ਜੇ ਉਸ ਨਬੀ ਦਾ ਸੰਦੇਸ਼ ਸੱਚ ਨਿਕਲਦਾ ਹੈ ਤਾਂ ਲੋਕ ਜਾਣ ਸੱਕਣਗੇ ਕਿ ਉਸ ਨੂੰ ਸੱਚਮੁੱਚ ਯਹੋਵਾਹ ਵੱਲੋਂ ਭੇਜਿਆ ਗਿਆ ਸੀ।”

10 ਯਿਰਮਿਯਾਹ ਨੇ ਆਪਣੀ ਗਰਦਨ ਵਿੱਚ ਜੂਲਾ ਪਾਇਆ ਹੋਇਆ ਸੀ। ਤਾਂ ਨਬੀ ਹਨਨਯਾਹ ਨੇ ਉਸ ਜੂਲੇ ਨੂੰ ਯਿਰਮਿਯਾਹ ਦੀ ਗਰਦਨ ਤੋਂ ਉਤਾਰ ਦਿੱਤਾ। ਹਨਨਯਾਹ ਨੇ ਉਸ ਜੂਲੇ ਨੂੰ ਤੋੜ ਦਿੱਤਾ। 11 ਫ਼ੇਰ ਹਨਨਯਾਹ ਉੱਚੀ ਆਵਾਜ਼ ਵਿੱਚ ਬੋਲਿਆ ਤਾਂ ਜੋ ਸਾਰੇ ਲੋਕ ਉਸ ਨੂੰ ਸੁਣ ਸੱਕਣ। ਉਸ ਨੇ ਆਖਿਆ, “ਯਹੋਵਾਹ ਆਖਦਾ ਹੈ: ‘ਇਸੇ ਤਰ੍ਹਾਂ ਮੈਂ ਬਾਬਲ ਦੇ ਰਾਜੇ ਨਬੂਕਦਨੱਸਰ ਦਾ ਜੂਲਾ ਤੋੜ ਦਿਆਂਗਾ। ਉਸ ਨੇ ਇਹ ਜੂਲਾ ਦੁਨੀਆਂ ਦੀਆਂ ਸਾਰੀਆਂ ਕੌਮਾਂ ਨੂੰ ਪਹਿਨਾਇਆ ਹੋਇਆ ਹੈ। ਪਰ ਮੈਂ ਦੋ ਸਾਲ ਤੋਂ ਪਹਿਲਾਂ-ਪਹਿਲਾਂ ਇਹ ਜੂਲਾ ਤੋੜ ਦਿਆਂਗਾ।’”

ਹਨਨਯਾਹ ਦੇ ਇਹ ਆਖਣ ਤੋਂ ਮਗਰੋਂ, ਯਿਰਮਿਯਾਹ ਮੰਦਰ ਵਿੱਚੋਂ ਬਾਹਰ ਚੱਲਾ ਗਿਆ।

12 ਫ਼ੇਰ ਯਿਰਮਿਯਾਹ ਨੂੰ ਯਹੋਵਾਹ ਦਾ ਸੰਦੇਸ਼ ਮਿਲਿਆ। ਇਹ ਗੱਲ ਉਦੋਂ ਵਾਪਰੀ ਜਦੋਂ ਹਨਨਯਾਹ ਨੇ ਯਿਰਮਿਯਾਹ ਦੀ ਗਰਦਨ ਤੋਂ ਜੂਲਾ ਲਾਹ ਕੇ ਭੰਨ ਦਿੱਤਾ ਸੀ। 13 ਯਹੋਵਾਹ ਨੇ ਯਿਰਮਿਯਾਹ ਨੂੰ ਆਖਿਆ, “ਜਾਓ ਅਤੇ ਹਨਨਯਾਹ ਨੂੰ ਆਖੋ, ਯਹੋਵਾਹ ਇਹ ਆਖਦਾ ਹੈ: ‘ਤੂੰ ਲੱਕੜੀ ਦਾ ਜੂਲਾ ਤਾਂ ਤੋੜ ਦਿੱਤਾ ਹੈ। ਪਰ ਮੈਂ ਲੱਕੜੀ ਦੇ ਜੂਲੇ ਦੀ ਬਾਵੇਂ ਲੋਹੇ ਦਾ ਜੂਲਾ ਬਣਾਵਾਂਗਾ। 14 ਸਰਬ ਸ਼ਕਤੀਮਾਨ ਯਹੋਵਾਹ, ਇਸਰਾਏਲ ਦਾ ਪਰਮੇਸ਼ੁਰ ਆਖਦਾ ਹੈ, ਮੈਂ ਉਨ੍ਹਾਂ ਸਾਰੀਆਂ ਕੌਮਾਂ ਦੀਆਂ ਗਰਦਨਾਂ ਵਿੱਚ ਲੋਹੇ ਦਾ ਜੂਲਾ ਪਾ ਦਿਆਂਗਾ। ਅਜਿਹਾ ਮੈਂ ਇਸ ਲਈ ਕਰਾਂਗਾ ਤਾਂ ਜੋ ਉਹ ਬਾਬਲ ਦੇ ਰਾਜੇ ਨਬੂਕਦਨੱਸਰ ਦੀ ਸੇਵਾ ਕਰ ਸੱਕਣ। ਅਤੇ ਉਹ ਉਸ ਦੇ ਗੁਲਾਮ ਬਨਣਗੇ। ਮੈਂ ਜੰਗਲੀ ਜਾਨਵਰਾਂ ਨੂੰ ਵੀ ਨਬੂਕਦਨੱਸਰ ਦੇ ਅਧਿਕਾਰ ਹੇਠਾਂ ਕਰ ਦਿਆਂਗਾ।’”

15 ਫ਼ੇਰ ਨਬੀ ਯਿਰਮਿਯਾਹ ਨੇ ਨਬੀ ਹਨਨਯਾਹ ਨੂੰ ਆਖਿਆ, “ਸੁਣੋ, ਹਨਨਯਾਹ! ਯਹੋਵਾਹ ਨੇ ਤੈਨੂੰ ਨਹੀਂ ਭੇਜਿਆ। ਪਰ ਤੂੰ ਯਹੂਦਾਹ ਦੇ ਲੋਕਾਂ ਨੂੰ ਆਪਣੇ ਝੂਠ ਉੱਤੇ ਭਰੋਸਾ ਕਰਾ ਦਿੱਤਾ ਹੈ। 16 ਇਸ ਲਈ ਯਹੋਵਾਹ ਇਹ ਆਖਦਾ ਹੈ, ‘ਛੇਤੀ ਹੀ ਮੈਂ ਤੈਨੂੰ ਇਸ ਦੁਨੀਆਂ ਵਿੱਚੋਂ ਚੁੱਕ ਲਵਾਂਗਾ, ਹਨਨਯਾਹ। ਤੂੰ ਇਸੇ ਸਾਲ ਮਰ ਜਾਵੇਂਗਾ। ਕਿਉਂ? ਕਿਉਂ ਕਿ ਤੂੰ ਲੋਕਾਂ ਨੂੰ ਯਹੋਵਾਹ ਦੇ ਖਿਲਾਫ਼ ਹੋਣ ਦੀ ਸਿੱਖਿਆ ਦਿੱਤੀ।’”

17 ਹਨਨਯਾਹ ਉਸੇ ਸਾਲ ਦੇ ਸੱਤਵੇਂ ਮਹੀਨੇ ਵਿੱਚ ਮਰ ਗਿਆ।

ਬਾਬਲ ਦੇ ਬੰਦੀਵਾਨਾਂ ਲਈ ਖਤ

29 ਯਿਰਮਿਯਾਹ ਨੇ ਬਾਬਲ ਦੇ ਯਹੂਦੀ ਕੈਦੀਆਂ ਨੂੰ ਇੱਕ ਖਤ ਲਿਖ ਭੇਜਿਆ। ਉਸ ਨੇ ਇਹ ਖਤ ਬਜ਼ੁਰਗਾਂ, ਜਾਜਕਾਂ, ਨਬੀਆਂ ਅਤੇ ਹੋਰ ਸਾਰੇ ਲੋਕਾਂ ਨੂੰ ਭੇਜਿਆ ਜਿਹੜੇ ਬਾਬਲ ਵਿੱਚ ਰਹਿ ਰਹੇ ਸਨ। ਇਹ ਉਹੀ ਲੋਕ ਸਨ ਜਿਨ੍ਹਾਂ ਨੂੰ ਨਬੂਕਦਨੱਸਰ ਯਰੂਸ਼ਲਮ ਵਿੱਚੋਂ ਫ਼ੜਕੇ ਬਾਬਲ ਵਿੱਚ ਲਿਆਂਦਾ ਸੀ। (ਇਹ ਖਤ ਉਸ ਤੋਂ ਮਗਰੋਂ ਭੇਜਿਆ ਗਿਆ ਜਦੋਂ ਰਾਜਾ ਯਹੋਯਾਕੀਮ, ਰਾਣੀ ਮਾਤਾ, ਅਧਿਕਾਰੀ ਅਤੇ ਯਹੂਦਾਹ ਅਤੇ ਯਰੂਸ਼ਲਮ ਦੇ ਆਗੂ, ਤਰੱਖਾਣ ਅਤੇ ਧਾਤ ਦੇ ਕਾਮੇ ਯਰੂਸ਼ਲਮ ਵਿੱਚੋਂ ਲਿਆਂਦੇ ਗਏ ਸਨ।) ਸਿਦਕੀਯਾਹ ਨੇ ਅਲਆਸਾਹ ਅਤੇ ਗਮਰਯਾਹ ਨੂੰ ਰਾਜੇ ਨਬੂਕਦਨੱਸਰ ਵੱਲ ਘਲਿਆ। ਸਿਦਕੀਯਾਹ ਯਹੂਦਾਹ ਦਾ ਰਾਜਾ ਸੀ। ਅਲਆਸਾਹ ਸ਼ਾਫ਼ਾਨ ਦਾ ਪੁੱਤਰ ਸੀ। ਅਤੇ ਗਮਰਯਾਹ ਹਿਲਕੀਯਾਹ ਦਾ ਪੁੱਤਰ ਸੀ। ਯਿਰਮਿਯਾਹ ਨੇ ਉਨ੍ਹਾਂ ਆਮਦੀਆਂ ਨੂੰ ਬਾਬਲ ਲਿਜਾਣ ਲਈ ਖਤ ਦਿੱਤਾ। ਖਤ ਵਿੱਚ ਇਹ ਲਿਖਿਆ ਸੀ:

ਸਰਬ ਸ਼ਕਤੀਮਾਨ ਯਹੋਵਾਹ, ਇਸਰਾਏਲ ਦੇ ਲੋਕਾਂ ਦਾ ਪਰਮੇਸ਼ੁਰ ਇਹ ਗੱਲਾਂ ਉਨ੍ਹਾਂ ਲੋਕਾਂ ਨੂੰ ਆਖਦਾ ਹੈ ਜਿਨ੍ਹਾਂ ਨੂੰ ਉਸ ਨੇ ਯਰੂਸ਼ਲਮ ਵਿੱਚੋਂ ਬਾਬਲ ਅੰਦਰ ਬੰਦੀ ਬਣਾਕੇ ਭੇਜਿਆ। “ਮਕਾਨ ਬਣਾਓ ਅਤੇ ਉਨ੍ਹਾਂ ਵਿੱਚ ਰਹੋ। ਧਰਤੀ ਉੱਤੇ ਟਿਕ ਜਾਓ। ਬਾਗ਼ ਲਗਾਓ ਅਤੇ ਆਪਣੇ ਉਗਾਏ ਹੋਏ ਭੋਜਨ ਨੂੰ ਖਾਓ। ਵਿਆਹ ਕਰਵਾਓ ਅਤੇ ਪੁੱਤਰਾਂ ਧੀਆਂ ਵਾਲੇ ਬਣੋ। ਆਪਣੇ ਪੁੱਤਰਾਂ ਲਈ ਵਹੁਟੀਆਂ ਤਲਾਸ਼ ਕਰੋ। ਅਤੇ ਆਪਣੀਆਂ ਧੀਆਂ ਦਾ ਵਿਆਹ ਵੀ ਕਰੋ। ਅਜਿਹਾ ਕਰੋ ਤਾਂ ਜੋ ਉਹ ਵੀ ਧੀਆਂ ਪੁੱਤਰਾਂ ਵਾਲੇ ਹੋਣ। ਬਹੁਤ ਔਲਾਦ ਪੈਦਾ ਕਰੋ ਅਤੇ ਬਾਬਲ ਵਿੱਚ ਆਪਣੀ ਗਿਣਤੀ ਵੱਧਾਓ। ਗਿਣਤੀ ਵਿੱਚ ਬੋੜੇ ਨਾ ਹੋਵੋ। ਅਤੇ ਇਹ ਵੀ ਕਿ ਉਸ ਸ਼ਹਿਰ ਲਈ ਨੇਕ ਕੰਮ ਕਰੋ ਜਿੱਥੇ ਮੈਂ ਤੁਹਾਨੂੰ ਭੇਜਿਆ ਸੀ। ਜਿਸ ਸ਼ਹਿਰ ਵਿੱਚ ਤੁਸੀਂ ਰਹਿ ਰਹੇ ਹੋ ਉਸ ਲਈ ਯਹੋਵਾਹ ਅੱਗੇ ਪ੍ਰਾਰਥਨਾ ਕਰੋ। ਕਿਉਂ? ਕਿਉਂ ਕਿ ਜੇ ਉਸ ਸ਼ਹਿਰ ਵਿੱਚ ਸ਼ਾਂਤੀ ਹੋਵੇਗਾ ਤਾਂ ਤੁਸੀਂ ਵੀ ਸ਼ਾਂਤੀ ਨਾਲ ਰਹੋਗੇ।” ਸਰਬ ਸ਼ਕਤੀਮਾਨ ਯਹੋਵਾਹ, ਇਸਰਾਏਲ ਦੇ ਲੋਕਾਂ ਦਾ ਪਰਮੇਸ਼ੁਰ ਆਖਦਾ ਹੈ, “ਆਪਣੇ ਨਬੀਆਂ ਅਤੇ ਉਨ੍ਹਾਂ ਲੋਕਾਂ ਕੋਲੋਂ ਮੂਰਖ ਨਾ ਬਣੋ ਜਿਹੜੇ ਕਾਲਾ ਜਾਦੂ ਕਰਦੇ ਹਨ। ਉਨ੍ਹਾਂ ਦੇ ਸੁਪਨਿਆਂ ਨੂੰ ਨਾ ਸੁਣੋ। ਉਹ ਝੂਠ ਦਾ ਪ੍ਰਚਾਰ ਕਰ ਰਹੇ ਹਨ। ਅਤੇ ਉਹ ਆਖ ਰਹੇ ਹਨ ਕਿ ਉਨ੍ਹਾਂ ਦਾ ਸੰਦੇਸ਼ ਮੇਰੇ ਵੱਲੋਂ ਹੈ। ਪਰ ਮੈਂ ਉਨ੍ਹਾਂ ਨੂੰ ਨਹੀਂ ਭੇਜਿਆ ਸੀ।” ਇਹ ਸੰਦੇਸ਼ ਯਹੋਵਾਹ ਵੱਲੋਂ ਸੀ।

10 ਯਹੋਵਾਹ ਇਹ ਆਖਦਾ ਹੈ: “ਬਾਬਲ 70 ਵਰ੍ਹਿਆਂ ਤੀਕ ਸ਼ਕਤੀਸ਼ਾਲੀ ਰਹੇਗਾ। ਉਸ ਸਮੇਂ ਤੋਂ ਮਗਰੋਂ ਮੈਂ ਤੁਹਾਡੇ ਲੋਕਾਂ ਕੋਲ ਆਵਾਂਗਾ ਜਿਹੜੇ ਬਾਬਲ ਵਿੱਚ ਰਹਿ ਰਹੇ ਹੋ। ਮੈਂ ਤੁਹਾਨੂੰ ਯਰੂਸ਼ਲਮ ਵਾਪਸ ਲਿਆਉਣ ਦਾ ਆਪਣਾ ਸ਼ੁਭ ਇਕਰਾਰ ਪੂਰਾ ਕਰਾਂਗਾ। 11 ਇਹ ਮੈਂ ਇਸ ਲਈ ਆਖਦਾ ਹਾਂ ਕਿਉਂ ਕਿ ਮੈਂ ਉਨ੍ਹਾਂ ਵਿਉਂਤਾਂ ਨੂੰ ਜਾਣਦਾ ਹਾਂ ਜਿਹੜੀਆਂ ਮੈਂ ਤੁਹਾਡੇ ਲਈ ਬਣਾਈਆਂ।” ਇਹ ਸੰਦੇਸ਼ ਯਹੋਵਾਹ ਵੱਲੋਂ ਹੈ। “ਮੇਰੇ ਪਾਸ ਤੁਹਾਡੇ ਲਈ ਚੰਗੀਆਂ ਵਿਉਂਤਾਂ ਹਨ। ਮੈਂ ਤੁਹਾਨੂੰ ਦੁੱਖ ਦੇਣ ਦੀ ਵਿਉਂਤ ਨਹੀਂ ਬਣਾਉਂਦਾ। ਮੈਂ ਤੁਹਾਨੂੰ ਉਮੀਦ ਅਤੇ ਚੰਗਾ ਭਵਿੱਖ ਦੇਣ ਦੀ ਵਿਉਂਤ ਬਣਾਉਂਦਾ ਹਾਂ। 12 ਫ਼ੇਰ ਤੁਸੀਂ ਲੋਕ ਮੇਰਾ ਨਾਮ ਲਵੋਗੇ। ਤੁਸੀਂ ਮੇਰੇ ਕੋਲ ਆਵੋਂਗੇ ਅਤੇ ਮੇਰੇ ਅੱਗੇ ਪ੍ਰਾਰਥਨਾ ਕਰੋਗੇ। ਅਤੇ ਮੈਂ ਤੁਹਾਨੂੰ ਸੁਣਾਂਗਾ। 13 ਤੁਸੀਂ ਲੋਕ ਮੇਰੀ ਤਲਾਸ਼ ਕਰੋਗੇ। ਅਤੇ ਜਦੋਂ ਤੁਸੀਂ ਪੂਰੇ ਦਿਲ ਨਾਲ ਮੇਰੀ ਤਲਾਸ਼ ਕਰੋਗੇ ਤੁਸੀਂ ਮੈਨੂੰ ਲੱਭ ਲਵੋਗੇ। 14 ਮੈਂ ਤੁਹਾਨੂੰ ਇਜ਼ਾਜ਼ਤ ਦਿਆਂਗਾ ਕਿ ਤੁਸੀਂ ਮੈਨੂੰ ਲੱਭ ਲਵੋ।” ਇਹ ਸੰਦੇਸ਼ ਯਹੋਵਾਹ ਵੱਲੋਂ ਹੈ-“ਅਤੇ ਮੈਂ ਤੁਹਾਨੂੰ ਤੁਹਾਡੀ ਕੈਦ ਵਿੱਚੋਂ ਵਾਪਸ ਲਿਆਵਾਂਗਾ। ਮੈਂ ਤੁਹਾਨੂੰ ਇਹ ਥਾਂ ਛੱਡਣ ਲਈ ਮਜ਼ਬੂਰ ਕੀਤਾ ਸੀ। ਪਰ ਮੈਂ ਤੁਹਾਨੂੰ ਸਾਰੀਆਂ ਕੌਮਾਂ ਵਿੱਚੋਂ ਅਤੇ ਉਨ੍ਹਾਂ ਥਾਵਾਂ ਵਿੱਚੋਂ ਇਕੱਠਿਆਂ ਕਰਾਂਗਾ ਜਿੱਥੇ ਮੈਂ ਤੁਹਾਨੂੰ ਭੇਜਿਆ ਸੀ।” ਇਹ ਸੰਦੇਸ਼ ਯਹੋਵਾਹ ਵੱਲੋਂ ਹੈ-“ਅਤੇ ਮੈਂ ਤੁਹਾਨੂੰ ਇਸ ਥਾਂ ਵਾਪਸ ਲਿਆਵਾਂਗਾ।”

15 ਸ਼ਾਇਦ ਤੁਸੀਂ ਲੋਕ ਆਖੋ, “ਪਰ ਯਹੋਵਾਹ ਨੇ ਤਾਂ ਸਾਨੂੰ ਇੱਥੇ ਬਾਬਲ ਵਿੱਚ ਨਬੀ ਦਿੱਤੇ ਹਨ।” 16 ਪਰ ਯਹੋਵਾਹ ਇਹ ਗੱਲਾਂ ਤੁਹਾਡੇ ਉਨ੍ਹਾਂ ਸੰਬੰਧੀਆਂ ਬਾਰੇ ਆਖਦਾ ਹੈ ਜਿਨ੍ਹਾਂ ਨੂੰ ਬਾਬਲ ਲਿਆਂਦਾ ਗਿਆ ਸੀ। ਮੈਂ ਉਸ ਰਾਜੇ ਦੀ ਗੱਲ ਕਰ ਰਿਹਾ ਹਾਂ ਜਿਹੜਾ ਦਾਊਦ ਦੇ ਤਖਤ ਉੱਤੇ ਹੁਣ ਬੈਠਾ ਹੈ ਅਤੇ ਉਨ੍ਹਾਂ ਸਾਰੇ ਲੋਕਾਂ ਬਾਰੇ ਗੱਲ ਕਰ ਰਿਹਾ ਹਾਂ ਜਿਹੜੇ ਹਾਲੇ ਵੀ ਯਰੂਸ਼ਲਮ ਦੇ ਸ਼ਹਿਰ ਵਿੱਚ ਹਨ। 17 ਸਰਬ ਸ਼ਕਤੀਮਾਨ ਯਹੋਵਾਹ ਆਖਦਾ ਹੈ, “ਮੈਂ ਛੇਤੀ ਹੀ ਉਨ੍ਹਾਂ ਲੋਕਾਂ ਲਈ ਤਲਵਾਰ, ਭੁੱਖਮਰੀ ਅਤੇ ਭਿਆਨਕ ਬਿਮਾਰੀਆਂ ਭੇਜਾਂਗਾ ਜਿਹੜੇ ਹਾਲੇ ਵੀ ਯਰੂਸ਼ਲਮ ਵਿੱਚ ਹਨ। ਅਤੇ ਮੈਂ ਉਨ੍ਹਾਂ ਨੂੰ ਉਸੇ ਤਰ੍ਹਾਂ ਬਣਾ ਦਿਆਂਗਾ ਜਿਵੇਂ ਸੜੇ ਹੋਏ ਅੰਜੀਰ ਹੁੰਦੇ ਹਨ ਜਿਹੜੇ ਖਾਣ ਦੇ ਕਾਬਿਲ ਨਹੀਂ ਹੁੰਦੇ। 18 ਮੈਂ ਉਨ੍ਹਾਂ ਲੋਕਾਂ ਦਾ ਤਲਵਾਰ, ਭੁੱਖਮਰੀ ਅਤੇ ਭਿਆਨਕ ਬਿਮਾਰੀ ਨਾਲ ਪਿੱਛਾ ਕਰਾਂਗਾ ਜਿਹੜੇ ਹਾਲੇ ਵੀ ਯਰੂਸ਼ਲਮ ਵਿੱਚ ਹਨ। ਅਤੇ ਮੈਂ ਇਸ ਨੂੰ ਇਉਂ ਬਣਾ ਦਿਆਂਗਾ ਕਿ ਧਰਤੀ ਦੀਆਂ ਸਾਰੀਆਂ ਰਾਜਧਾਨੀਆਂ ਇਹ ਦੇਖਕੇ ਭੈਭੀਤ ਹੋ ਜਾਣਗੀਆਂ ਕਿ ਇਨ੍ਹਾਂ ਲੋਕਾਂ ਨਾਲ ਕੀ ਵਾਪਰਿਆ ਹੈ। ਉਹ ਲੋਕ ਤਬਾਹ ਹੋ ਜਾਣਗੇ। ਲੋਕੀ ਹੈਰਾਨੀ ਨਾਲ ਸੀਟੀਆਂ ਵਜਾਉਣਗੇ ਜਦੋਂ ਉਹ ਇਨ੍ਹਾਂ ਵਾਪਰੀਆਂ ਹੋਈਆਂ ਗੱਲਾਂ ਬਾਰੇ ਸੁਣਨਗੇ। ਅਤੇ ਲੋਕ ਉਨ੍ਹਾਂ ਨੂੰ ਮਿਸਾਲ ਦੇਣ ਲਈ ਵਰਤਣਗੇ ਜਦੋਂ ਉਹ ਲੋਕਾਂ ਨਾਲ ਮੰਦੀਆਂ ਗੱਲਾਂ ਵਾਪਰਨ ਦੀ ਮੰਗ ਕਰਨਗੇ। ਮੈਂ ਉਨ੍ਹਾਂ ਨੂੰ ਜਿੱਥੇ ਵੀ ਜਾਣ ਲਈ ਮਜ਼ਬੂਰ ਕਰਾਂਗਾ ਲੋਕ ਉਨ੍ਹਾਂ ਦੀ ਬੇਇੱਜ਼ਤੀ ਕਰਨਗੇ। 19 ਮੈਂ ਇਹ ਸਾਰੀਆਂ ਗੱਲਾਂ ਵਾਪਰਨ ਦੇਵਾਂਗਾ ਕਿਉਂ ਕਿ ਯਰੂਸ਼ਲਮ ਦੇ ਉਨ੍ਹਾਂ ਲੋਕਾਂ ਨੇ ਮੇਰੇ ਸੰਦੇਸ਼ ਨੂੰ ਨਹੀਂ ਸੁਣਿਆ।” ਇਹ ਸੰਦੇਸ਼ ਯਹੋਵਾਹ ਵੱਲੋਂ ਹੈ-“ਮੈਂ ਆਪਣਾ ਸੰਦੇਸ਼ ਉਨ੍ਹਾਂ ਨੂੰ ਬਾਰ-ਬਾਰ ਭੇਜਿਆ। ਮੈਂ ਆਪਣੇ ਸੇਵਕਾਂ, ਨਬੀਆਂ, ਦੀ ਵਰਤੋਂ ਉਨ੍ਹਾਂ ਲੋਕਾਂ ਨੂੰ ਆਪਣੇ ਸੰਦੇਸ਼ ਦੇਣ ਲਈ ਕੀਤੀ। ਪਰ ਲੋਕਾਂ ਨੇ ਨਹੀਂ ਸੁਣਿਆ।” ਇਹ ਸੰਦੇਸ਼ ਯਹੋਵਾਹ ਵੱਲੋਂ ਹੈ। 20 “ਤੁਸੀਂ ਲੋਕ ਬੰਦੀਵਾਨ ਹੋ। ਮੈਂ ਤੁਹਾਨੂੰ ਯਰੂਸ਼ਲਮ ਛੱਡ ਕੇ ਬਾਬਲ ਜਾਣ ਲਈ ਮਜ਼ਬੂਰ ਕੀਤਾ। ਇਸ ਲਈ, ਯਹੋਵਾਹ ਦੇ ਸੰਦੇਸ਼ ਨੂੰ ਸੁਣੋ।”

21 ਸਰਬ ਸ਼ਕਤੀਮਾਨ ਯਹੋਵਾਹ ਇਹ ਗੱਲਾਂ ਕੋਲਾਯਾਹ ਦੇ ਪੁੱਤਰ ਅਹਾਬ ਅਤੇ ਮਆਸਯਾਹ ਦੇ ਪੁੱਤਰ ਸਿਦਕੀਯਾਹ ਬਾਰੇ ਆਖਦਾ ਹੈ: “ਇਹ ਦੋਵੇਂ ਬੰਦੇ ਤੁਹਾਨੂੰ ਝੂਠ ਦਾ ਪ੍ਰਚਾਰ ਕਰਦੇ ਰਹੇ ਹਨ। ਉਨ੍ਹਾਂ ਨੇ ਆਖਿਆ ਹੈ ਕਿ ਉਨ੍ਹਾਂ ਦਾ ਸੰਦੇਸ਼ ਮੇਰੇ ਵੱਲੋਂ ਹੈ। (ਪਰ ਉਹ ਝੂਠ ਬੋਲ ਰਹੇ ਸਨ।) ਮੈਂ ਉਨ੍ਹਾਂ ਦੋਹਾਂ ਨਬੀਆਂ ਨੂੰ ਬਾਬਲ ਦੇ ਰਾਜੇ ਨਬੂਕਦਨੱਸਰ ਦੇ ਹਵਾਲੇ ਕਰ ਦਿਆਂਗਾ। ਅਤੇ ਨਬੂਕਦਨੱਸਰ ਉਨ੍ਹਾਂ ਨਬੀਆਂ ਨੂੰ ਤੁਹਾਡੇ ਲੋਕਾਂ ਦੇ ਸਾਹਮਣੇ ਮਾਰ ਮੁਕਾਵੇਗਾ ਜਿਹੜੇ ਬਾਬਲ ਵਿੱਚ ਬੰਦੀਵਾਨ ਹੋ। 22 ਸਾਰੇ ਯਹੂਦੀ ਬੰਦੀਵਾਨ ਉਨ੍ਹਾਂ ਲੋਕਾਂ ਨੂੰ ਮਿਸਾਲ ਦੇ ਤੌਰ ਤੇ ਵਰਤਣਗੇ ਜਦੋਂ ਉਹ ਹੋਰਨਾਂ ਲੋਕਾਂ ਨੂੰ ਸਰਾਪ ਦੇਣਗੇ। ਉਹ ਆਖਣਗੇ: ‘ਯਹੋਵਾਹ ਤੁਹਾਡੇ ਨਾਲ ਉਹੀ ਕਰੇ ਜੋ ਉਸ ਨੇ ਸਿਦਕੀਯਾਹ ਅਤੇ ਅਹਾਬ ਨਾਲ ਕੀਤਾ ਸੀ, ਜੋ ਬਾਬਲ ਦੇ ਰਾਜੇ ਦੁਆਰਾ ਅੱਗ ਵਿੱਚ ਸਾੜ ਦਿੱਤੇ ਗਏ ਸਨ!’ 23 ਉਨ੍ਹਾਂ ਦੋਹਾਂ ਨਬੀਆਂ ਨੇ ਇਸਰਾਏਲ ਦੇ ਲੋਕਾਂ ਅੰਦਰ ਬਹੁਤ ਮੰਦੀਆਂ ਗੱਲਾਂ ਕੀਤੀਆਂ ਸਨ। ਉਨ੍ਹਾਂ ਨੇ ਵਿਭਚਾਰ ਦਾ ਪਾਪ ਕੀਤਾ, ਆਪਣੇ ਗੁਆਂਢੀਆਂ ਦੀਆਂ ਪਤਨੀਆਂ ਨਾਲ। ਉਨ੍ਹਾਂ ਨੇ ਝੂਠ ਵੀ ਬੋਲਿਆ ਅਤੇ ਇਹ ਵੀ ਆਖਿਆ ਕਿ ਉਹ ਝੂਠ ਮੇਰੇ ਵੱਲੋਂ, ਯਹੋਵਾਹ ਵੱਲੋਂ, ਸੰਦੇਸ਼ ਸਨ। ਮੈਂ ਉਨ੍ਹਾਂ ਨੂੰ ਇਹ ਗੱਲਾਂ ਕਰਨ ਲਈ ਨਹੀਂ ਆਖਿਆ ਸੀ। ਮੈਂ ਜਾਣਦਾ ਹਾਂ ਕਿ ਉਨ੍ਹਾਂ ਨੇ ਕੀ ਕੀਤਾ ਹੈ। ਮੈਂ ਸਾਖੀ ਹਾਂ।” ਇਹ ਸੰਦੇਸ਼ ਯਹੋਵਾਹ ਵੱਲੋਂ ਸੀ।

ਪਰਮੇਸ਼ੁਰ ਦਾ ਸ਼ਮਅਯਾਹ ਨੂੰ ਸੰਦੇਸ਼

24 ਸ਼ਮਅਯਾਹ ਨੂੰ ਵੀ ਸੰਦੇਸ਼ ਦੇਵੀਂ। ਸ਼ਮਅਯਾਹ ਨਹਲਾਮ ਪਰਿਵਾਰ ਵਿੱਚੋਂ ਹੈ। 25 ਸਰਬ ਸ਼ਕਤੀਮਾਨ ਯਹੋਵਾਹ, ਇਸਰਾਏਲ ਦਾ ਪਰਮੇਸ਼ੁਰ ਆਖਦਾ ਹੈ, “ਸ਼ਮਅਯਾਹ, ਤੂੰ ਯਰੂਸ਼ਲਮ ਦੇ ਸਾਰੇ ਲੋਕਾਂ ਨੂੰ ਚਿੱਠੀਆਂ ਭੇਜੀਆਂ। ਅਤੇ ਤੂੰ ਮਆਸੇਯਾਹ ਦੇ ਪੁੱਤਰ ਜਾਜਕ ਸਫ਼ਨਯਾਹ ਨੂੰ ਚਿੱਠੀਆਂ ਭੇਜੀਆਂ। ਤੂੰ ਸਾਰੇ ਜਾਜਕਾਂ ਨੂੰ ਵੀ ਚਿੱਠੀਆਂ ਪਾਈਆਂ। ਤੂੰ ਇਹ ਚਿੱਠੀਆਂ ਆਪਣੇ ਨਾਂ ਉੱਤੇ ਪਾਇਆਂ ਅਤੇ ਯਹੋਵਾਹ ਦੇ ਅਧਿਕਾਰ ਨਾਲ ਨਹੀਂ। 26 ਸ਼ਮਅਯਾਹ ਤੂੰ ਸਫ਼ਨਯਾਹ ਨੂੰ ਲਿਖੀ ਆਪਣੀ ਚਿੱਠੀ ਵਿੱਚ ਇਹ ਆਖਿਆ ਸੀ, ‘ਸਫ਼ਨਯਾਹ ਯਹੋਵਾਹ ਨੇ ਤੈਨੂੰ ਯਹੋਯਾਦਾ ਦੀ ਬਾਵੇਂ ਜਾਜਕ ਬਣਾਇਆ ਹੈ। ਤੂੰ ਯਹੋਵਾਹ ਦੇ ਮੰਦਰ ਦਾ ਸੰਚਾਲਕ ਹੋਣ ਵਾਲਾ ਹੈਂ। ਤੈਨੂੰ ਚਾਹੀਦਾ ਹੈ ਕਿ ਤੂੰ ਹਰ ਓਸ ਬੰਦੇ ਨੂੰ ਗ੍ਰਿਫ਼ਤਾਰ ਕਰ ਲਵੇਂ ਜਿਹੜਾ ਪਾਗਲਾਂ ਵਾਲੀਆਂ ਗੱਲਾਂ ਕਰਦਾ ਹੈ ਜਾਂ ਨਬੀ ਹੋਣ ਦਾ ਸਾਂਗ ਕਰਦਾ ਹੈ। ਤੈਨੂੰ ਚਾਹੀਦਾ ਹੈ ਕਿ ਉਸ ਦੇ ਪੈਰਾਂ ਵਿੱਚ ਲੱਕੜ ਦੀਆਂ ਬੇੜੀਆਂ ਅਤੇ ਗਲੇ ਵਿੱਚ ਲੋਹੇ ਦੇ ਸੰਗਲਲ ਪਾ ਦੇਵੇ। 27 ਹੁਣ ਯਿਰਮਿਯਾਹ ਨਬੀ ਹੋਣ ਦਾ ਦਾਵ੍ਹਾ ਕਰ ਰਿਹਾ ਹੈ। ਇਸ ਲਈ ਤੂੰ ਉਸ ਨੂੰ ਕਿਉਂ ਨਹੀਂ ਝਿੜਕਿਆ? 28 ਯਿਰਮਿਯਾਹ ਨੇ ਸਾਨੂੰ ਬਾਬਲ ਵਿੱਚ ਇਹ ਸੰਦੇਸ਼ ਭੇਜਿਆ ਹੈ: ਤੁਸੀਂ ਲੋਕ ਬਾਬਲ ਵਿੱਚ ਲੰਮਾਂ ਸਮਾਂ ਰਹੋਗੇ। ਇਸ ਲਈ ਘਰ ਬਣਾ ਕੇ ਟਿਕ ਜਾਵੋ। ਬਾਗ਼ ਲਗਾਓ ਅਤੇ ਉਨ੍ਹਾਂ ਦੇ ਫ਼ਲ ਖਾਓ।’”

29 ਜਾਜਕ ਸਫ਼ਨਯਾਹ ਨੇ ਨਬੀ ਯਿਰਮਿਯਾਹ ਨੂੰ ਚਿੱਠੀ ਪੜ੍ਹ ਕੇ ਸੁਣਾਈ। 30 ਤਾਂ ਯਿਰਮਿਯਾਹ ਨੂੰ ਯਹੋਵਾਹ ਦਾ ਸੰਦੇਸ਼ ਆਇਆ: 31 “ਯਿਰਮਿਯਾਹ, ਇਹ ਸੰਦੇਸ਼ ਬਾਬਲ ਦੇ ਸਾਰੇ ਬੰਦੀਵਾਨਾਂ ਨੂੰ ਦੇਹ: ‘ਯਹੋਵਾਹ ਨਹਲਾਮ ਪਰਿਵਾਰ ਦੇ ਬੰਦੇ ਸ਼ਮਅਯਾਹ ਬਾਰੇ ਇਹ ਆਖਦਾ ਹੈ: ਸ਼ਮਅਯਾਹ ਨੇ ਤੁਹਾਨੂੰ ਪ੍ਰਚਾਰ ਕੀਤਾ ਹੈ, ਪਰ ਮੈਂ ਉਸ ਨੂੰ ਨਹੀਂ ਸੀ ਭੇਜਿਆ। ਸ਼ਮਅਯਾਹ ਨੇ ਤੁਹਾਨੂੰ ਇੱਕ ਝੂਠ ਉੱਤੇ ਵਿਸ਼ਵਾਸ ਦਿਵਾਇਆ ਹੈ। 32 ਕਿਉਂ ਸ਼ਮਅਯਾਹ ਨੇ ਅਜਿਹਾ ਕੀਤਾ ਹੈ, ਇਸ ਲਈ ਯਹੋਵਾਹ ਇਹ ਆਖਦਾ ਹੈ: ਮੈਂ ਨਹਲਾਮ ਪਰਿਵਾਰ ਦੇ ਬੰਦੇ ਸ਼ਮਅਯਾਹ ਨੂੰ ਛੇਤੀ ਸਜ਼ਾ ਦੇਵਾਂਗਾ ਅਤੇ ਉਸ ਦੇ ਪਰਿਵਾਰ ਨੂੰ ਪੂਰੀ ਤਰ੍ਹਾਂ ਨਸ਼ਟ ਕਰ ਦਿਆਂਗਾ। ਉਸ ਦੇ ਪਰਿਵਾਰ ਵਿੱਚੋਂ ਕੋਈ ਵੀ ਜਿਉਂਦਾ ਨਹੀਂ ਬਚੇਗਾ। ਉਸ ਦਾ ਉਨ੍ਹਾਂ ਚੰਗੀਆਂ ਚੀਜ਼ਾਂ ਵਿੱਚ ਕੋਈ ਹਿੱਸਾ ਨਹੀਂ ਹੋਵੇਗਾ ਜਿਹੜੀਆਂ ਮੈਂ ਆਪਣੇ ਬੰਦਿਆਂ ਲਈ ਕਰਾਂਗਾ।’” ਇਹ ਸੰਦੇਸ਼ ਯਹੋਵਾਹ ਵੱਲੋਂ ਹੈ। “‘ਮੈਂ ਸ਼ਮਅਯਾਹ ਨੂੰ ਸਜ਼ਾ ਦੇਵਾਂਗਾ ਕਿਉਂ ਕਿ ਉਸ ਨੇ ਲੋਕਾਂ ਨੂੰ ਯਹੋਵਾਹ ਦੇ ਖਿਲਾਫ਼ ਭੜਕਾਇਆ ਹੈ।’”

Punjabi Bible: Easy-to-Read Version (ERV-PA)

2010 by World Bible Translation Center