Print Page Options
Previous Prev Day Next DayNext

Beginning

Read the Bible from start to finish, from Genesis to Revelation.
Duration: 365 days
Punjabi Bible: Easy-to-Read Version (ERV-PA)
Version
ਯਿਰਮਿਯਾਹ 23-25

23 “ਯਹੂਦਾਹ ਦੇ ਲੋਕਾਂ ਦੇ ਅਯਾਲੀਆਂ (ਆਗੂਆਂ) ਲਈ ਇਹ ਬਹੁਤ ਬੁਰਾ ਹੋਵੇਗਾ। ਉਹ ਅਯਾਲੀ ਭੇਡਾਂ ਨੂੰ ਤਬਾਹ ਕਰ ਰਹੇ ਹਨ। ਉਹ ਭੇਡਾਂ ਨੂੰ ਮੇਰੀ ਚਰਾਗਾਹ ਤੋਂ ਭੱਜ ਕੇ ਸਾਰੀਆਂ ਦਿਸ਼ਾਵਾਂ ਵੱਲ ਜਾਣ ਲਈ ਮਜ਼ਬੂਰ ਕਰ ਰਹੇ ਹਨ।” ਇਹ ਸੰਦੇਸ਼ ਸੀ ਯਹੋਵਾਹ ਵੱਲੋਂ।

ਉਹ ਅਯਾਲੀ ਮੇਰੇ ਬੰਦਿਆਂ ਲਈ ਜ਼ਿੰਮੇਵਾਰ ਹਨ। ਅਤੇ ਯਹੋਵਾਹ, ਇਸਰਾਏਲ ਦਾ ਪਰਮੇਸ਼ੁਰ, ਇਹ ਗੱਲਾਂ ਉਨ੍ਹਾਂ ਅਯਾਲੀਆਂ ਨੂੰ ਆਖਦਾ ਹੈ: “ਅਯਾਲੀਆਂ ਤੁਸੀਂ ਮੇਰੀਆਂ ਭੇਡਾਂ ਨੂੰ ਹਰ ਪਾਸੇ ਖਿੰਡਾ ਦਿੱਤਾ ਹੈ। ਤੁਸੀਂ ਉਨ੍ਹਾਂ ਨੂੰ ਦੂਰ ਜਾਣ ਲਈ ਮਜ਼ਬੂਰ ਕਰ ਦਿੱਤਾ ਹੈ। ਅਤੇ ਤੁਸੀਂ ਉਨ੍ਹਾਂ ਦਾ ਧਿਆਨ ਨਹੀਂ ਰੱਖਿਆ। ਪਰ ਮੈਂ ਤੁਹਾਡਾ ਧਿਆਨ ਰੱਖਾਂਗਾ-ਮੈਂ ਤੁਹਾਨੂੰ ਤੁਹਾਡੇ ਮੰਦੇ ਕੰਮਾਂ ਦੀ ਸਜ਼ਾ ਦਿਆਂਗਾ।” ਇਹ ਸੰਦੇਸ਼ ਯਹੋਵਾਹ ਵੱਲੋਂ ਹੈ। “ਆਪਣੀਆਂ ਭੇਡਾਂ ਨੂੰ ਹੋਰਨਾਂ ਦੇਸਾਂ ਅੰਦਰ ਭੇਜਿਆ। ਪਰ ਮੈਂ ਆਪਣੀਆਂ ਬਚੀਆਂ ਹੋਈਆਂ ਭੇਡਾਂ ਨੂੰ ਇਕੱਠਿਆਂ ਕਰਾਂਗਾ। ਅਤੇ ਮੈਂ ਉਨ੍ਹਾਂ ਨੂੰ ਵਾਪਸ ਉਨ੍ਹਾਂ ਦੀ ਚਰਾਗਾਹ ਵਿੱਚ ਲਿਆਵਾਂਗਾ। ਜਦੋਂ ਮੇਰੀਆਂ ਭੇਡਾਂ ਆਪਣੀ ਚਰਾਗਾਹ ਵਿੱਚ ਵਾਪਸ ਆ ਜਾਣਗੀਆਂ, ਉਨ੍ਹਾਂ ਦੇ ਬਹੁਤ ਬੱਚੇ ਹੋਣਗੇ ਅਤੇ ਉਹ ਗਿਣਤੀ ਵਿੱਚ ਵੱਧ ਜਾਣਗੀਆਂ। ਮੈਂ ਆਪਣੀਆਂ ਭੇਡਾਂ ਲਈ ਨਵੇਂ ਅਯਾਲੀ ਰੱਖਾਂਗਾ। ਉਹ ਅਯਾਲੀ ਮੇਰੀਆਂ ਭੇਡਾਂ ਦਾ ਧਿਆਨ ਰੱਖਣਗੇ। ਅਤੇ ਮੇਰੀਆਂ ਭੇਡਾਂ ਭੈਭੀਤ ਨਹੀਂ ਹੋਣਗੀਆਂ। ਮੇਰੀਆਂ ਭੇਡਾਂ ਵਿੱਚੋਂ ਕੋਈ ਵੀ ਗੁਆਚੇਗੀ ਨਹੀਂ।” ਇਹ ਸੰਦੇਸ਼ ਯਹੋਵਾਹ ਵੱਲੋਂ ਸੀ।

ਧਰਤੀ ਅੰਕੁਰ

ਇਹ ਸੰਦੇਸ਼ ਯਹੋਵਾਹ ਵੱਲੋਂ ਹੈ,
“ਸਮਾਂ ਆ ਰਿਹਾ ਹੈ
    ਜਦੋਂ ਮੈਂ ਦਾਊਦ ਦੇ ਉੱਤਰਾਧਿਕਾਰੀਆਂ ਵਿੱਚੋਂ ਇੱਕ ਧਰਮੀ ਟਹਿਣੀ ਲਿਆਵਾਂਗਾ।
ਉਹ ਰਾਜਾ ਬਣੇਗਾ, ਜਿਹੜਾ ਸਿਆਣਪ ਨਾਲ ਰਾਜ ਕਰੇਗਾ।
    ਉਹ ਉਹੀ ਕਰੇਗਾ ਜੋ ਜਾਇਜ਼ ਅਤੇ ਦੇਸ਼ ਲਈ ਸਹੀ ਹੈ।
ਉਸ ਨੇਕ ‘ਅੰਕੁਰ’ ਦੇ ਸਮੇਂ ਵਿੱਚ, ਯਹੂਦਾਹ ਦੇ ਲੋਕ ਬਚ ਜਾਣਗੇ।
    ਅਤੇ ਇਸਰਾਏਲ ਸੁਰੱਖਿਅਤ ਰਹੇਗਾ।
ਇਹ ਉਸਦਾ ਨਾਮ ਹੋਵੇਗਾ:
    ਯਹੋਵਾਹ ਹੀ ਸਾਡੀ ਨੇਕੀ ਹੈ।

“ਇਸ ਲਈ ਸਮਾਂ ਆ ਰਿਹਾ ਹੈ, ਇਹ ਸੰਦੇਸ਼ ਯਹੋਵਾਹ ਵੱਲੋਂ ਹੈ, “ਜਦੋਂ ਲੋਕ ਫ਼ੇਰ ਕਦੇ ਯਹੋਵਾਹ ਦਾ ਪੁਰਾਣਾ ਇਕਰਾਰ ਨਹੀਂ ਦੁਹਰਾਉਣਗੇ। ਪੁਰਾਣਾ ਇਕਰਾਰ ਹੈ: ‘ਜਿਵੇਂ ਕਿ ਯਹੋਵਾਹ ਸਾਖੀ ਹੈ, ਯਹੋਵਾਹ ਹੀ ਹੈ ਜਿਸ ਨੇ ਇਸਰਾਏਲ ਦੇ ਲੋਕਾਂ ਨੂੰ ਮਿਸਰ ਦੀ ਧਰਤੀ ਤੋਂ ਬਾਹਰ ਲਿਆਂਦਾ ਸੀ।’ ਪਰ ਲੋਕ ਕੁਝ ਨਵਾਂ ਆਖਣਗੇ। ਉਹ ਆਖਣਗੇ, ‘ਜਿਵੇਂ ਕਿ ਯਹੋਵਾਹ ਸਾਖੀ ਹੈ, ਯਹੋਵਾਹ ਹੀ ਹੈ ਜਿਸਨੇ ਇਸਰਾਏਲ ਦੇ ਲੋਕਾਂ ਨੂੰ ਉੱਤਰ ਦੀ ਧਰਤੀ ਤੋਂ ਬਾਹਰ ਲਿਆਂਦਾ। ਉਸ ਨੇ ਉਨ੍ਹਾਂ ਲੋਕਾਂ ਨੂੰ ਉਨ੍ਹਾਂ ਸਾਰੇ ਮੁਲਕਾਂ ਤੋਂ ਬਾਹਰ ਲਿਆਂਦਾ ਜਿੱਥੇ ਉਸ ਨੇ ਉਨ੍ਹਾਂ ਨੂੰ ਭੇਜਿਆ ਸੀ।’ ਫ਼ੇਰ ਇਸਰਾਏਲ ਦੇ ਲੋਕ ਆਪਣੀ ਹੀ ਧਰਤੀ ਉੱਤੇ ਰਹਿਣਗੇ।”

ਝੂਠੇ ਨਬੀਆਂ ਦੇ ਵਿਰੁੱਧ ਨਿਆਂ

ਨਬੀਆਂ ਨੂੰ ਇੱਕ ਸੰਦੇਸ਼:
ਮੈਂ ਬਹੁਤ ਉਦਾਸ ਹਾਂ-ਮੇਰਾ ਦਿਲ ਟੁੱਟ ਗਿਆ ਹੈ।
    ਮੇਰੀਆਂ ਸਾਰੀਆਂ ਹੱਡੀਆਂ ਕੰਬ ਰਹੀਆਂ ਹਨ।
ਮੈਂ (ਯਿਰਮਿਯਾਹ) ਉਸ ਬੰਦੇ ਵਰਗਾ ਹਾਂ ਜਿਹੜਾ ਸ਼ਰਾਬੀ ਹੋਵੇ।
    ਕਿਉਂ? ਯਹੋਵਾਹ ਅਤੇ ਉਸ ਦੇ ਪਵਿੱਤਰ ਸ਼ਬਦਾਂ ਕਾਰਣ।
10 ਯਹੂਦਾਹ ਦਾ ਦੇਸ਼ ਉਨ੍ਹਾਂ ਲੋਕਾਂ ਨਾਲ ਭਰਿਆ ਹੋਇਆ ਹੈ ਜਿਹੜੇ ਕਰਦੇ ਨੇ ਜਿਨਸੀ ਪਾਪ।
    ਉਹ ਕਈ ਤਰ੍ਹਾਂ ਨਾਲ ਬੇਵਫ਼ਾ ਹਨ।
ਯਹੋਵਾਹ ਨੇ ਧਰਤੀ ਨੂੰ ਸਰਾਪ ਦਿੱਤਾ ਸੀ ਅਤੇ ਇਹ ਬਹੁਤ ਖੁਸ਼ਕ ਹੋ ਗਈ ਸੀ।
    ਚਰਾਂਦਾਂ ਅੰਦਰ, ਸੁੱਕੇ ਹੋਏ ਪੌਦੇ ਮਰ ਰਹੇ ਨੇ। ਖੇਤ ਮਾਰੂਬਲ ਵਾਂਗ ਬਣ ਗਏ ਨੇ।
ਨਬੀ ਬੁਰੇ ਨੇ।
    ਉਹ ਨਬੀ ਆਪਣੇ ਪ੍ਰਭਾਵ ਅਤੇ ਸ਼ਕਤੀ ਨੂੰ ਗ਼ਲਤ ਢੰਗ ਨਾਲ ਇਸਤੇਮਾਲ ਕਰਦੇ ਨੇ।
11 “ਨਬੀ ਅਤੇ ਜਾਜਕ ਵੀ ਮੰਦੇ ਹਨ।
    ਮੈਂ ਉਨ੍ਹਾਂ ਨੂੰ ਆਪਣੇ ਮੰਦਰ ਵਿੱਚ ਵੀ, ਮੰਦੇ ਕੰਮ ਕਰਦਿਆਂ ਦੇਖਿਆ ਹੈ।”
ਇਹ ਸੰਦੇਸ਼ ਯਹੋਵਾਹ ਵੱਲੋਂ ਸੀ।
12 “ਮੈਂ ਆਪਣੇ ਸੰਦੇਸ਼ ਉਨ੍ਹਾਂ ਨੂੰ ਦੇਵੋ ਰੋਕ ਦਿਆਂਗਾ।
    ਇਹ ਉਨ੍ਹਾਂ ਲਈ ਹਨੇਰੇ ਵਿੱਚ ਚੱਲਣ ਵਾਂਗ ਹੋਵੇਗਾ।
ਇਹ ਹੋਵੇਗਾ ਜਿਵੇਂ ਉਨ੍ਹਾਂ ਨਬੀਆਂ ਅਤੇ ਜਾਜਕਾਂ ਲਈ ਤਿਲਕਣ ਵਾਲੀ ਸੜਕ ਹੋਵੇ।
    ਅਤੇ ਉਹ ਉਸ ਅੰਧਕਾਰ ਵਿੱਚ ਡਿੱਗ ਪੈਣਗੇ।
ਮੈਂ ਉਨ੍ਹਾਂ ਲਈ ਬਿਪਤਾ ਲਿਆਵਾਂਗਾ।
    ਮੈਂ ਉਨ੍ਹਾਂ ਨਬੀਆਂ ਅਤੇ ਜਾਜਕਾਂ ਨੂੰ ਸਜ਼ਾ ਦੇਵਾਂਗਾ।”
ਇਹ ਸੰਦੇਸ਼ ਯਹੋਵਾਹ ਵੱਲੋਂ ਸੀ।

13 “ਮੈਂ ਸਾਮਰਿਯਾ ਦੇ ਨਬੀਆਂ ਨੂੰ ਮੰਦੇ ਕੰਮ ਕਰਦਿਆਂ ਦੇਖਿਆ ਸੀ।
    ਮੈਂ ਉਨ੍ਹਾਂ ਨਬੀਆਂ ਨੂੰ ਝੂਠੇ ਦੇਵਤੇ ਬਆਲ ਦੇ ਨਾਮ ਉੱਤੇ ਭਵਿੱਖਬਾਣੀਆਂ ਕਰਦਿਆਂ ਦੇਖਿਆ ਸੀ।
    ਉਨ੍ਹਾਂ ਨਬੀਆਂ ਨੇ ਇਸਰਾਏਲ ਦੇ ਲੋਕਾਂ ਨੂੰ, ਯਹੋਵਾਹ ਤੋਂ ਦੂਰ ਹੋਣ ਲਈ, ਕੁਰਾਹੇ ਪਾਇਆ ਸੀ।
14 ਹੁਣ ਮੈਂ ਯਹੂਦਾਹ ਦੇ ਨਬੀਆਂ ਨੂੰ ਯਰੂਸ਼ਲਮ ਅੰਦਰ ਭਿਆਨਕ ਗੱਲਾਂ ਕਰਦਿਆਂ ਦੇਖ ਲਿਆ ਹੈ।
    ਉਹ ਨਬੀ ਜਿਨਸੀ ਪਾਪ ਕਰਦੇ ਨੇ।
    ਉਨ੍ਹਾਂ ਨੇ ਝੂਠ ਨੂੰ ਸੁਣਿਆ-ਅਤੇ ਉਨ੍ਹਾਂ ਨੇ ਉਸ ਝੂਠੀ ਬਿਵਸਬਾ ਨੂੰ ਮੰਨਿਆ।
ਉਹ ਮੰਦੇ ਲੋਕਾਂ ਨੂੰ ਮੰਦੀਆਂ ਗੱਲਾਂ ਕਰਦੇ ਰਹਿਣ ਲਈ ਪ੍ਰੋਤਸਾਹਨ ਦਿੰਦੇ ਨੇ।
    ਇਸ ਲਈ ਲੋਕ ਪਾਪ ਕਰਨ ਤੋਂ ਨਹੀਂ ਹਟੇ।
ਉਹ ਸਦੂਮ ਦੇ ਲੋਕਾਂ ਵਰਗੇ ਹਨ।
    ਹੁਣ ਯਰੂਸ਼ਲਮ ਮੇਰੇ ਲਈ ਅਮੂਰਾਹ ਵਰਗਾ ਹੈ।”
15 ਇਸ ਲਈ ਇਹੀ ਹੈ ਜੋ ਸਰਬ ਸ਼ਕਤੀਮਾਨ ਯਹੋਵਾਹ ਨਬੀਆਂ ਵਾਸਤੇ ਆਖਦਾ ਹੈ:
“ਮੈਂ ਉਨ੍ਹਾਂ ਨਬੀਆਂ ਨੂੰ ਸਜ਼ਾ ਦੇਵਾਂਗਾ।
    ਇਹ ਸਜ਼ਾ ਹੋਵੇਗੀ ਜਿਵੇਂ ਜ਼ਹਿਰੀਲਾ ਭੋਜਨ-ਪਾਣੀ ਕਰੀਦਾ ਹੈ।
ਨਬੀਆਂ ਨੇ ਆਤਮਕ ਬਿਮਾਰੀ ਸ਼ੁਰੂ ਕੀਤੀ ਸੀ।
    ਇਹ ਬਿਮਾਰੀ ਸੀ, ਜਿਹੜੀ ਸਾਰੇ ਮੁਲਕ ਅੰਦਰ ਫ਼ੈਲ ਗਈ ਸੀ।
ਇਸ ਲਈ ਮੈਂ ਉਨ੍ਹਾਂ ਨਬੀਆਂ ਨੂੰ ਸਜ਼ਾ ਦੇਵਾਂਗਾ।
    ਇਹ ਬਿਮਾਰੀ ਯਰੂਸ਼ਲਮ ਦੇ ਨਬੀਆਂ ਤੋਂ ਆਈ ਸੀ।”

16 ਯਹੋਵਾਹ ਸਰਬ ਸ਼ਕਤੀਮਾਨ ਇਹ ਗੱਲਾਂ ਆਖਦਾ ਹੈ:
“ਉਨ੍ਹਾਂ ਗੱਲਾਂ ਵੱਲ ਧਿਆਨ ਨਾ ਦਿਓ, ਜਿਹੜੀਆਂ ਝੂਠੇ ਨਬੀ ਤੁਹਾਨੂੰ ਆਖ ਰਹੇ ਹਨ।
    ਉਹ ਲੋਕ ਤੁਹਾਨੂੰ ਮੂਰਖ ਬਣਾ ਰਹੇ ਨੇ।
ਉਹ ਨਬੀ ਦਰਸ਼ਨਾਂ ਬਾਰੇ ਗੱਲਾਂ ਕਰਦੇ ਨੇ।
    ਪਰ ਉਹ ਇਹ ਦਰਸ਼ਨ ਮੇਰੇ ਕੋਲੋਂ ਪ੍ਰਾਪਤ ਨਹੀਂ ਕਰਦੇ।
    ਉਨ੍ਹਾਂ ਦੇ ਦਰਸ਼ਨ ਆਪਣੇ ਮਨਾਂ ਵਿੱਚੋਂ ਆਉਂਦੇ ਨੇ।
17 ਕੁਝ ਲੋਕ ਯਹੋਵਾਹ ਦੇ ਸੱਚੇ ਸੰਦੇਸ਼ ਨੂੰ ਨਫ਼ਰਤ ਕਰਦੇ ਨੇ।
    ਇਸ ਲਈ ਉਹ ਨਬੀ, ਉਨ੍ਹਾਂ ਲੋਕਾਂ ਨੂੰ ਹੋਰ ਸੰਦੇਸ਼ ਦਿੰਦੇ ਨੇ।
    ਉਹ ਆਖਦੇ ਨੇ, ‘ਤੁਹਾਨੂੰ ਸ਼ਾਂਤੀ ਮਿਲੇਗੀ।’
ਕੁਝ ਲੋਕ ਬਹੁਤ ਜ਼ਿੱਦੀ ਹਨ।
    ਉਹ ਮਨ ਭਾਉਂਦੀਆਂ ਗੱਲਾਂ ਕਰਦੇ ਨੇ।
ਇਸ ਲਈ ਉਹ ਨਬੀ ਆਖਦੇ ਨੇ,
    ‘ਤੁਹਾਡੇ ਨਾਲ ਕੋਈ ਵੀ ਮੰਦੀ ਘਟਨਾ ਨਹੀਂ ਵਾਪਰੇਗੀ!’
18 ਪਰ ਉਨ੍ਹਾਂ ਨਬੀਆਂ ਵਿੱਚੋਂ ਕੋਈ ਵੀ ਯਹੋਵਾਹ ਦੀ ਸੰਗਤ ਵਿੱਚ ਸ਼ਾਮਿਲ ਨਹੀਂ ਹੈ।
    ਉਨ੍ਹਾਂ ਵਿੱਚੋਂ ਕਿਸੇ ਨੇ ਵੀ ਯਹੋਵਾਹ ਦੇ ਸੰਦੇਸ਼ ਨੂੰ ਦੇਖਿਆ ਸੁਣਿਆ ਨਹੀਂ।
    ਉਨ੍ਹਾਂ ਵਿੱਚੋਂ ਕਿਸੇ ਨੇ ਵੀ ਯਹੋਵਾਹ ਦੇ ਸੰਦੇਸ਼ ਵੱਲ ਧਿਆਨ ਨਹੀਂ ਦਿੱਤਾ ਹੈ।
19 ਹੁਣ ਯਹੋਵਾਹ ਵੱਲੋਂ ਭੇਜੀ ਗਈ ਸਜ਼ਾ, ਤੂਫ਼ਾਨ ਵਾਂਗ ਆਵੇਗੀ,
    ਯਹੋਵਾਹ ਦਾ ਕਹਿਰ ਵਾਵਰੋਲੇ ਵਰਗਾ ਹੋਵੇਗਾ।
    ਇਹ ਮੰਦੇ ਲੋਕਾਂ ਦੇ ਸਿਰਾਂ ਉੱਤੇ ਟੁੱਟ ਪਵੇਗਾ।
20 ਯਹੋਵਾਹ ਦਾ ਕਹਿਰ, ਉਦੋਂ ਤੀਕ ਨਹੀਂ ਰੁਕੇਗਾ
    ਜਦੋਂ ਤੀਕ ਉਹ ਆਪਣੀਆਂ ਯੋਜਨਾਵਾਂ ਨੂੰ ਪੂਰਾ ਨਹੀਂ ਕਰ ਲੈਂਦਾ।
ਜਦੋਂ ਉਹ ਦਿਨ ਖਤਮ ਹੋ ਜਾਵੇਗਾ,
    ਤੁਸੀਂ ਸਾਫ਼-ਸਾਫ਼ ਸਮਝ ਲਵੋਂਗੇ।
21 ਮੈਂ ਉਨ੍ਹਾਂ ਨਬੀਆਂ ਨੂੰ ਨਹੀਂ ਭੇਜਿਆ ਸੀ।
    ਪਰ ਉਹ ਆਪਣੇ ਸੰਦੇਸ਼ ਦੇਣ ਲਈ ਦੌੜੇ ਆਏ।
ਮੈਂ ਉਨ੍ਹਾਂ ਨਾਲ ਨਹੀਂ ਬੋਲਿਆ
    ਪਰ ਉਨ੍ਹਾਂ ਮੇਰੇ ਨਾਮ ਉੱਤੇ ਪ੍ਰਚਾਰ ਕੀਤਾ।
22 ਜੇ ਉਹ ਮੇਰੀ ਸੰਗਤ ਵਿੱਚ ਖਲੋਤੇ ਹੁੰਦੇ,
    ਫ਼ੇਰ ਉਹ ਯਹੂਦਾਹ ਦੇ ਲੋਕਾਂ ਨੂੰ ਮੇਰੇ ਸੰਦੇਸ਼ ਦੱਸਦੇ।
ਉਹ ਲੋਕਾਂ ਨੂੰ ਮੰਦੇ ਅਮਲਾਂ ਤੋਂ ਰੋਕ ਦਿੰਦੇ।
    ਉਹ ਉਨ੍ਹਾਂ ਨੂੰ ਬਦੀ ਤੋਂ ਰੋਕ ਦਿੰਦੇ।

23 ਇਹ ਸੰਦੇਸ਼ ਯਹੋਵਾਹ ਵੱਲੋਂ ਹੈ।
“ਮੈਂ ਪਰਮੇਸ਼ੁਰ ਹਾਂ, ਅਤੇ ਮੈਂ ਸਦਾ ਨੇੜੇ ਹਾਂ!
    ਮੈਂ ਦੂਰ ਨਹੀਂ ਹਾਂ!
24 ਬੇਸ਼ਕ ਕੋਈ ਲੁਕਣ ਵਾਲੀ ਥਾਂ ਉੱਤੇ ਮੇਰੇ ਕੋਲੋਂ ਛੁਪਣ ਦੀ ਕੋਸ਼ਿਸ਼ ਕਰੇ।
    ਪਰ ਮੇਰੇ ਲਈ ਉਸ ਨੂੰ ਦੇਖਣਾ ਆਸਾਨ ਹੈ।
    ਕਿਉਂ? ਕਿਉਂ ਕਿ ਮੈਂ, ਅਕਾਸ਼ ਵਿੱਚ ਅਤੇ ਧਰਤੀ ਉੱਤੇ ਹਰ ਥਾਂ ਹਾਂ।”

ਯਹੋਵਾਹ ਨੇ ਇਹ ਗੱਲਾਂ ਆਖੀਆਂ। 25 “ਇੱਥੇ ਕੁਝ ਨਬੀ ਹਨ ਜਿਹੜੇ ਮੇਰੇ ਨਾਮ ਉੱਤੇ ਝੂਠ ਦਾ ਪ੍ਰਚਾਰ ਕਰਦੇ ਨੇ। ਉਹ ਆਖਦੇ ਨੇ, ‘ਮੈਨੂੰ ਇੱਕ ਸੁਪਨਾ ਆਇਆ ਹੈ! ਮੈਨੂੰ ਇੱਕ ਸੁਪਨਾ ਆਇਆ ਹੈ!’ ਮੈਂ ਉਨ੍ਹਾਂ ਨੂੰ ਇਹ ਗੱਲਾਂ ਆਖਦਿਆਂ ਸੁਣਿਆ। 26 ਕਿੰਨਾ ਕੁ ਚਿਰ ਇਹ ਜਾਰੀ ਰਹੇਗਾ? ਉਹ ਨਬੀ ਝੂਠ ਸੋਚਦੇ ਨੇ। ਅਤੇ ਫ਼ੇਰ ਉਹ ਉਨ੍ਹਾਂ ਝੂਠਾਂ ਦਾ ਲੋਕਾਂ ਅੰਦਰ ਪ੍ਰਚਾਰ ਕਰਦੇ ਨੇ। 27 ਇਹ ਨਬੀ ਯਹੂਦਾਹ ਦੇ ਲੋਕਾਂ ਨੂੰ ਮੇਰਾ ਨਾਮ ਭੁਲਾਣ ਦੀ ਕੋਸ਼ਿਸ਼ ਕਰ ਰਹੇ ਹਨ। ਉਹ ਅਜਿਹਾ ਇੱਕ ਦੂਜੇ ਨੂੰ ਇਹ ਝੂਠੇ ਸੁਪਨੇ ਸੁਣਾਕੇ ਕਰ ਰਹੇ ਹਨ। ਉਹ ਮੇਰੇ ਲੋਕਾਂ ਨੂੰ ਮੇਰੇ ਨਾਲ ਉਸੇ ਤਰ੍ਹਾਂ ਭੁਲਾਣ ਦੀ ਕੋਸ਼ਿਸ਼ ਕਰ ਰਹੇ ਨੇ ਜਿਵੇਂ ਉਨ੍ਹਾਂ ਦੇ ਪੁਰਖੇ ਮੈਨੂੰ ਭੁੱਲ ਗਏ ਸਨ। ਉਨ੍ਹਾਂ ਦੇ ਪੁਰਖੇ ਮੈਨੂੰ ਭੁੱਲ ਗਏ ਸਨ ਅਤੇ ਝੂਠੇ ਦੇਵਤੇ ਬਾਲ ਦੀ ਉਪਾਸਨਾ ਕਰਦੇ ਸਨ। 28 ਤੂੜੀ ਕਣਕ ਵਰਗੀ ਨਹੀਂ ਹੁੰਦੀ! ਓਸੇ ਤਰ੍ਹਾਂ ਉਨ੍ਹਾਂ ਨਬੀਆਂ ਦੇ ਸੁਪਨੇ ਮੇਰੇ ਵੱਲੋਂ ਸੰਦੇਸ਼ ਨਹੀਂ ਹਨ। ਜੇ ਕੋਈ ਬੰਦਾ ਆਪਣੇ ਸੁਪਨੇ ਸੁਣਾਉਣਾ ਚਾਹੁੰਦਾ ਹੈ, ਤਾਂ ਉਸ ਨੂੰ ਅਜਿਹਾ ਕਰਨ ਦਿਓ। ਪਰ ਜਿਹੜਾ ਬੰਦਾ ਮੇਰੇ ਸੰਦੇਸ਼ ਸੁਣਦਾ ਹੈ ਉਸ ਨੂੰ ਸਚਾਈ ਨਾਲ ਮੇਰਾ ਸੰਦੇਸ਼ ਸੁਣਾਉਣਾ ਚਾਹੀਦਾ ਹੈ। 29 ਮੇਰਾ ਸੰਦੇਸ਼ ਅੱਗ ਵਰਗਾ ਹੈ।” ਇਹ ਸੰਦੇਸ਼ ਯਹੋਵਾਹ ਵੱਲੋਂ ਹੈ ਇਹ ਉਸ ਹਬੌੜੇ ਵਰਗਾ ਹੈ ਜਿਹੜਾ ਪੱਥਰ ਨੂੰ ਵੀ ਚੂਰ-ਚੂਰ ਕਰ ਦਿੰਦਾ ਹੈ।

30 ਇਸ ਲਈ ਮੈਂ ਉਨ੍ਹਾਂ ਝੂਠੇ ਨਬੀਆਂ ਦੇ ਵਿਰੁੱਧ ਹਾਂ ਇਹ ਸੰਦੇਸ਼ ਯਹੋਵਾਹ ਵੱਲੋਂ ਹੈ, “ਇਹ ਨਬੀ ਇੱਕ ਦੂਜੇ ਕੋਲੋਂ ਮੇਰੇ ਸ਼ਬਦ ਚੋਰੀ ਕਰਦੇ ਰਹਿੰਦੇ ਹਨ। 31 ਮੈਂ ਝੂਠੇ ਨਬੀਆਂ ਦੇ ਵਿਰੁੱਧ ਹਾਂ।” ਇਹ ਸੰਦੇਸ਼ ਯਹੋਵਾਹ ਵੱਲੋਂ ਹੈ-“ਉਹ ਆਪਣੇ ਸ਼ਬਦਾਂ ਦਾ ਇਸਤੇਮਾਲ ਕਰਦੇ ਨੇ ਅਤੇ ਬਹਾਨਾ ਕਰਦੇ ਨੇ ਇਹ ਮੇਰੇ ਵੱਲੋਂ ਸੰਦੇਸ਼ ਹੈ। 32 ਮੈਂ ਉਨ੍ਹਾਂ ਝੂਠੇ ਨਬੀਆਂ ਦੇ ਵਿਰੁੱਧ ਹਾਂ ਜਿਹੜੇ ਨਕਲੀ ਸੁਪਨਿਆਂ ਦਾ ਪ੍ਰਚਾਰ ਕਰਦੇ ਹਨ।” ਇਹ ਸੰਦੇਸ਼ ਯਹੋਵਾਹ ਵੱਲੋਂ ਹੈ-“ਉਨ੍ਹਾਂ ਨੇ ਮੇਰੇ ਬੰਦਿਆਂ ਨੂੰ ਆਪਣੇ ਝੂਠਾਂ ਅਤੇ ਝੂਠੀਆਂ ਸਿੱਖਿਆਵਾਂ ਰਾਹੀਂ ਗੁਮਰਾਹ ਕੀਤਾ। ਮੈਂ ਉਨ੍ਹਾਂ ਨਬੀਆਂ ਨੂੰ ਲੋਕਾਂ ਨੂੰ ਸਿੱਖਿਆ ਦੇਣ ਲਈ ਨਹੀਂ ਸੀ ਭੇਜਿਆ। ਮੈਂ ਉਨ੍ਹਾਂ ਨੂੰ ਕਦੇ ਵੀ ਆਦੇਸ਼ ਨਹੀਂ ਸੀ ਦਿੱਤਾ ਕਿ ਉਹ ਮੇਰੇ ਲਈ ਕੁਝ ਕਰਨ। ਉਹ ਯਹੂਦਾਹ ਦੇ ਲੋਕਾਂ ਦੀ ਬਿਲਕੁਲ ਕੋਈ ਸਹਾਇਤਾ ਨਹੀਂ ਕਰ ਸੱਕਦੇ।” ਇਹ ਸੰਦੇਸ਼ ਯਹੋਵਾਹ ਵੱਲੋਂ ਹੈ।

ਯਹੋਵਾਹ ਵੱਲੋਂ ਉਦਾਸ ਸੰਦੇਸ਼

33 “ਯਹੂਦਾਹ ਦੇ ਲੋਕ, ਕੋਈ ਨਬੀ ਜਾਂ ਕੋਈ ਜਾਜਕ ਤੈਨੂੰ ਪੁੱਛ ਸੱਕਦਾ ਹੈ, ‘ਯਿਰਮਿਯਾਹ, ਯਹੋਵਾਹ ਦਾ ਬੋਝ ਕੀ ਹੈ?’ ਤੂੰ ਉਨ੍ਹਾਂ ਨੂੰ ਜਵਾਬ ਦੇਵੇਂਗਾ ਅਤੇ ਆਖੇਂਗਾ, ‘ਤੁਸੀਂ ਯਹੋਵਾਹ ਲਈ ਭਾਰੀ ਬੋਝ [a] ਹੋ। ਅਤੇ ਮੈਂ ਇਹ ਬੋਝ ਲਾਹ ਕੇ ਸੁੱਟ ਦੇਵਾਂਗਾ।’ ਇਹ ਸੰਦੇਸ਼ ਯਹੋਵਾਹ ਵੱਲੋਂ ਹੈ।

34 “ਕੋਈ ਨਬੀ, ਕੋਈ ਜਾਜਕ ਜਾਂ ਹੋ ਸੱਕਦਾ ਹੈ ਕਿ ਲੋਕਾਂ ਵਿੱਚੋਂ ਕੋਈ ਇਹ ਆਖੇ, ‘ਇਹ ਬੋਝ ਯਹੋਵਾਹ ਵੱਲੋਂ ਹੈ।’ ਉਸ ਬੰਦੇ ਨੇ ਝੂਠ ਬੋਲਿਆ ਸੀ, ਇਸ ਲਈ ਮੈਂ ਉਸ ਬੰਦੇ ਨੂੰ ਅਤੇ ਉਸ ਦੇ ਪੂਰੇ ਪਰਿਵਾਰ ਨੂੰ ਸਜ਼ਾ ਦੇਵਾਂਗਾ। 35 ਤੁਸੀਂ ਇੱਕ ਦੂਸਰੇ ਨੂੰ ਇਹ ਆਖੋਗੇ, ‘ਯਹੋਵਾਹ ਨੇ ਕੀ ਜਵਾਬ ਦਿੱਤਾ?’ ਜਾਂ ‘ਯਹੋਵਾਹ ਨੇ ਕੀ ਆਖਿਆ?’ 36 ਪਰ ਤੁਸੀਂ ਇਸ ਤਰ੍ਹਾਂ ਦੀ ਗੱਲ ਕਦੇ ਨਹੀਂ ਆਖੋਗੇ, ‘ਯਹੋਵਾਹ ਦਾ ਬੋਝ।’ֹ ਇਹ ਇਸ ਲਈ ਹੈ ਕਿਉਂ ਕਿ ਯਹੋਵਾਹ ਦਾ ਸੰਦੇਸ਼ ਕਿਸੇ ਲਈ ਬੋਝ ਨਹੀਂ ਹੋਣਾ ਚਾਹੀਦਾ। ਪਰ ਤੁਸੀਂ ਆਪਣੇ ਪਰਮੇਸ਼ੁਰ ਦੇ ਸ਼ਬਦਾਂ ਨੂੰ ਬਦਲ ਦਿੱਤਾ। ਉਹ ਜੀਵਿਤ ਪਰਮੇਸ਼ੁਰ ਹੈ, ਸਰਬ ਸ਼ਕਤੀਮਾਨ ਯਹੋਵਾਹ!

37 “ਜੇ ਤੁਸੀਂ ਪਰਮੇਸ਼ੁਰ ਦੇ ਸੰਦੇਸ਼ ਬਾਰੇ ਜਾਣਨਾ ਚਾਹੁੰਦੇ ਹੋ, ਤਾਂ ਕਿਸੇ ਨਬੀ ਨੂੰ ਪੁੱਛੋ, ‘ਯਹੋਵਾਹ ਨੇ ਤੈਨੂੰ ਕੀ ਜਵਾਬ ਦਿੱਤਾ?’ ਜਾਂ ‘ਯਹੋਵਾਹ ਨੇ ਕੀ ਆਖਿਆ?’ 38 ਪਰ ਇਹ ਨਾ ਆਖੋ, ‘ਯਹੋਵਾਹ ਵੱਲੋਂ ਬੋਝ ਕੀ ਸੀ?’ ਜੇ ਤੁਸੀਂ ਇਨ੍ਹਾਂ ਸ਼ਬਦਾਂ ਦੀ ਵਰਤੋਂ ਕਰੋਂਗੇ ਤਾਂ ਯਹੋਵਾਹ ਤੁਹਾਨੂੰ ਇਹ ਗੱਲਾਂ ਆਖੇਗਾ: ‘ਤੁਹਾਨੂੰ ਮੇਰੇ ਸੰਦੇਸ਼ ਨੂੰ “ਮੇਰੇ ਵੱਲੋਂ ਬੋਝ” ਨਹੀਂ ਆਖਣਾ ਚਾਹੀਦਾ ਸੀ। ਮੈਂ ਤੁਹਾਨੂੰ ਇਨ੍ਹਾਂ ਸ਼ਬਦਾਂ ਦੀ ਵਰਤੋਂ ਨਹੀਂ ਕਰਨ ਲਈ ਆਖਿਆ ਸੀ। 39 ਪਰ ਤੁਸੀਂ ਮੇਰੇ ਸੰਦੇਸ਼ ਨੂੰ ਬੋਝ ਆਖਿਆ, ਇਸ ਲਈ ਮੈਂ ਤੁਹਾਨੂੰ ਬੋਝ ਵਾਂਗ ਚੁੱਕਾਂਗਾ ਅਤੇ ਆਪਣੇ ਤੋਂ ਦੂਰ ਸੁੱਟ ਦਿਆਂਗਾ। ਮੈਂ ਯਰੂਸ਼ਲਮ ਦਾ ਸ਼ਹਿਰ ਤੁਹਾਡੇ ਪੁਰਖਿਆਂ ਨੂੰ ਦਿੱਤਾ ਸੀ। ਪਰ ਮੈਂ ਤੁਹਾਨੂੰ ਅਤੇ ਉਸ ਸ਼ਹਿਰ ਨੂੰ ਆਪਣੇ ਕੋਲੋਂ ਦੂਰ ਸੁੱਟ ਦਿਆਂਗਾ। 40 ਅਤੇ ਮੈਂ ਤੁਹਾਨੂੰ ਸਦਾ ਲਈ ਸ਼ਰਮਸਾਰ ਕਰ ਦਿਆਂਗਾ। ਤੁਸੀਂ ਕਦੇ ਵੀ ਆਪਣੀ ਨਮੋਸ਼ੀ ਨੂੰ ਭੁੱਲ ਨਹੀਂ ਸੱਕੋਗੇ।’”

ਚੰਗੇ ਅੰਜੀਰ ਅਤੇ ਬੁਰੇ ਅੰਜੀਰ

24 ਯਹੋਵਾਹ ਨੇ ਮੈਨੂੰ ਇਹ ਚੀਜ਼ਾਂ ਦਰਸਾਈਆਂ: ਮੈਂ ਯਹੋਵਾਹ ਦੇ ਮੰਦਰ ਦੇ ਸਾਹਮਣੇ ਅੰਜੀਰਾਂ ਦੇ ਸਜਾਏ ਹੋਏ ਦੋ ਟੋਕਰੇ ਦੇਖੇ। (ਮੈਂ ਇਹ ਦਰਸ਼ਨ ਉਦੋਂ ਦੇਖਿਆ ਜਦੋਂ ਬਾਬਲ ਦੇ ਰਾਜੇ ਨਬੂਕਦਨੱਸਰ ਨੇ ਯਕਾਨਯਾਹ ਨੂੰ ਕੈਦੀ ਬਣਾਇਆ ਸੀ। ਯਕਾਨਯਾਹ ਰਾਜੇ ਯਹੋਯਾਕੀਮ ਦਾ ਪੁੱਤਰ ਸੀ। ਯਕਾਨਯਾਹ ਅਤੇ ਉਸ ਦੇ ਮਹੱਤਵਪੂਰਣ ਅਧਿਕਾਰੀਆਂ ਨੂੰ ਯਰੂਸ਼ਲਮ ਤੋਂ ਬਾਹਰ ਲਿਜਾਇਆ ਗਿਆ ਸੀ। ਉਨ੍ਹਾਂ ਨੂੰ ਬਾਬਲ ਲਿਜਾਇਆ ਗਿਆ ਸੀ ਨਬੂਕਦਨੱਸਰ ਯਹੂਦਾਹ ਦੇ ਸਾਰੇ ਤਰੱਖਾਣਾਂ ਅਤੇ ਧਾਤ ਦੇ ਕਾਮਿਆਂ ਨੂੰ ਵੀ ਲੈ ਗਿਆ ਸੀ।) ਇੱਕ ਟੋਕਰੀ ਵਿੱਚ ਬਹੁਤ ਚੰਗੇ ਅੰਜੀਰ ਸਨ। ਉਹ ਅੰਜੀਰ ਉਹੋ ਜਿਹੇ ਸਨ ਜਿਹੜੇ ਰੁੱਤ ਵਿੱਚ ਅਗੇਤੇ ਪੱਕ ਜਾਂਦੇ ਹਨ। ਪਰ ਦੂਸਰੇ ਟੋਕਰੇ ਅੰਦਰ ਸੜੇ ਹੋਏ ਅੰਜੀਰ ਪਏ ਸਨ ਉਹ ਇੰਨੇ ਸੜੇ ਹੋਏ ਸਨ ਕਿ ਖਾਣ ਦੇ ਯੋਗ ਨਹੀਂ ਸਨ।

ਯਹੋਵਾਹ ਨੇ ਮੈਨੂੰ ਆਖਿਆ, “ਯਿਰਮਿਯਾਹ ਤੈਨੂੰ ਕੀ ਦਿਖਾਈ ਦਿੰਦਾ ਹੈ?”

ਮੈਂ ਜਵਾਬ ਦਿੱਤਾ, “ਮੈਨੂੰ ਅੰਜੀਰ ਦਿਖਾਈ ਦਿੰਦੇ ਹਨ। ਚੰਗੇ ਅੰਜੀਰ ਬਹੁਤ ਚੰਗੇ ਹਨ। ਅਤੇ ਸੜੇ ਹੋਏ ਅੰਜੀਰ ਬਹੁਤ ਸੜੇ ਹੋਏ ਹਨ। ਉਹ ਇੰਨੇ ਸੜੇ ਹੋਏ ਹਨ ਕਿ ਖਾਧੇ ਨਹੀਂ ਜਾ ਸੱਕਦੇ।”

ਫ਼ੇਰ ਯਹੋਵਾਹ ਦਾ ਸੰਦੇਸ਼ ਮੈਨੂੰ ਮਿਲਿਆ। ਯਹੋਵਾਹ, ਇਸਰਾਏਲ ਦੇ ਪਰਮੇਸ਼ੁਰ ਨੇ ਆਖਿਆ, “ਯਹੂਦਾਹ ਦੇ ਲੋਕਾਂ ਨੂੰ ਉਨ੍ਹਾਂ ਦੇ ਦੇਸ਼ ਤੋਂ ਬਾਹਰ ਲਿਜਾਇਆ ਗਿਆ। ਉਨ੍ਹਾਂ ਦਾ ਦੁਸ਼ਮਣ ਉਨ੍ਹਾਂ ਨੂੰ ਬਾਬਲ ਲੈ ਗਿਆ। ਉਹ ਲੋਕ ਇਨ੍ਹਾਂ ਚੰਗੇ ਅੰਜੀਰਾਂ ਵਰਗੇ ਹੋਣਗੇ। ਮੈਂ ਉਨ੍ਹਾਂ ਲੋਕਾਂ ਉੱਪਰ ਮਿਹਰ ਕਰਾਂਗਾ। ਮੈਂ ਉਨ੍ਹਾਂ ਦੀ ਰੱਖਿਆ ਕਰਾਂਗਾ। ਮੈਂ ਉਨ੍ਹਾਂ ਨੂੰ ਯਹੂਦਾਹ ਦੀ ਧਰਤੀ ਉੱਤੇ ਵਾਪਸ ਲਿਆਵਾਂਗਾ। ਮੈਂ ਉਨ੍ਹਾਂ ਨੂੰ ਚੀਰਾਂਗਾ ਨਹੀਂ-ਮੈਂ ਉਨ੍ਹਾਂ ਦੀ ਉਸਾਰੀ ਕਰਾਂਗਾ। ਮੈਂ ਉਨ੍ਹਾਂ ਨੂੰ ਖਿੱਚਾਂਗਾ ਨਹੀਂ-ਮੈਂ ਉਨ੍ਹਾਂ ਨੂੰ ਬੀਜਾਂਗਾ ਤਾਂ ਜੋ ਵੱਧ ਸੱਕਣ। ਮੈਂ ਉਨ੍ਹਾਂ ਦੇ ਅੰਦਰ ਮੈਨੂੰ ਜਾਨਣ ਦੀ ਇੱਛਾ ਪੈਦਾ ਕਰ ਦਿਆਂਗਾ। ਉਹ ਜਾਣ ਲੈਣਗੇ ਕਿ ਮੈਂ ਯਹੋਵਾਹ ਹਾਂ। ਉਹ ਮੇਰੇ ਬੰਦੇ ਹੋਣਗੇ ਅਤੇ ਮੈਂ ਉਨ੍ਹਾਂ ਦਾ ਪਰਮੇਸ਼ੁਰ ਹੋਵਾਂਗਾ। ਅਜਿਹਾ ਮੈਂ ਇਸ ਲਈ ਕਰਾਂਗਾ ਕਿਉਂ ਕਿ ਬਾਬਲ ਵਿੱਚਲੇ ਉਹ ਕੈਦੀ ਆਪਣੇ ਪੂਰੇ ਮਨਾਂ ਨਾਲ ਮੇਰੇ ਵੱਲ ਮੁੜਨਗੇ।

“ਪਰ ਯਹੂਦਾਹ ਦਾ ਰਾਜਾ ਸਿਦਕੀਯਾਹ ਉਨ੍ਹਾਂ ਸੜੇ ਹੋਏ ਅੰਜੀਰਾਂ ਵਰਗਾ ਹੋਵੇਗਾ ਜੋ ਖਾਣ ਦੇ ਯੋਗ ਨਹੀਂ ਹਨ। ਸਿਦਕੀਯਾਹ, ਉਸ ਦੇ ਉੱਚ ਅਧਿਕਾਰੀ, ਉਹ ਸਾਰੇ ਲੋਕ ਜਿਹੜੇ ਯਰੂਸ਼ਲਮ ਵਿੱਚ ਬਚ ਜਾਣਗੇ ਅਤੇ ਯਹੂਦਾਹ ਦੇ ਉਹ ਲੋਕ ਜਿਹੜੇ ਮਿਸਰ ਵਿੱਚ ਰਹਿ ਰਹੇ ਹਨ, ਉਹ ਉਨ੍ਹਾਂ ਸੜੇ ਹੋਏ ਅੰਜੀਰਾਂ ਵਰਗੇ ਹੋਣਗੇ। ਮੈਂ ਉਨ੍ਹਾਂ ਲੋਕਾਂ ਨੂੰ ਸਜ਼ਾ ਦਿਆਂਗਾ। ਉਹ ਸਜ਼ਾ ਸਾਰੀ ਧਰਤੀ ਦੇ ਲੋਕਾਂ ਨੂੰ ਭੈਭੀਤ ਕਰ ਦੇਵੇਗੀ। ਲੋਕ ਯਹੂਦਾਹ ਦੇ ਉਨ੍ਹਾਂ ਲੋਕਾਂ ਦਾ ਮਜ਼ਾਕ ਉਡਾਉਣਗੇ। ਲੋਕ ਉਨ੍ਹਾਂ ਬਾਰੇ ਚੁਟਕਲੇ ਜੋੜਨਗੇ। ਜਿਨ੍ਹਾਂ ਥਾਵਾਂ ਉੱਤੇ ਵੀ ਮੈਂ ਉਨ੍ਹਾਂ ਨੂੰ ਖਿੰਡਾਵਾਂਗਾ, ਲੋਕ ਉਨ੍ਹਾਂ ਨੂੰ ਸਰਾਪ ਦੇਣਗੇ। 10 ਮੈਂ ਉਨ੍ਹਾਂ ਦੇ ਖਿਲਾਫ਼ ਤਲਵਾਰ, ਭੁੱਖ ਅਤੇ ਬਿਮਾਰੀ ਭੇਜਾਂਗਾ। ਮੈਂ ਉਨ੍ਹਾਂ ਉੱਤੇ ਉਦੋਂ ਤੀਕ ਹਮਲਾ ਕਰਾਂਗਾ ਜਦੋਂ ਤੀਕ ਉਹ ਸਾਰੇ ਮਰ ਨਹੀਂ ਜਾਂਦੇ। ਫ਼ੇਰ ਉਹ ਉਸ ਧਰਤੀ ਉੱਤੇ ਨਹੀਂ ਹੋਣਗੇ ਜਿਹੜੀ ਮੈਂ ਉਨ੍ਹਾਂ ਦੇ ਪੁਰਖਿਆਂ ਨੂੰ ਦਿੱਤੀ ਸੀ।”

ਯਿਰਮਿਯਾਹ ਦੇ ਪ੍ਰਚਾਰ ਦਾ ਸਾਰ

25 ਇਹ ਉਹ ਸੰਦੇਸ਼ ਹੈ ਜਿਹੜਾ ਯਿਰਮਿਯਾਹ ਨੂੰ ਯਹੂਦਾਹ ਦੇ ਸਾਰੇ ਲੋਕਾਂ ਨਾਲ ਸੰਬੰਧਿਤ ਮਿਲਿਆ। ਇਹ ਸੰਦੇਸ਼ ਯਹੂਦਾਹ ਦੇ ਰਾਜੇ ਯਹੋਯਾਕੀਮ ਦੇ ਰਾਜ ਦੇ ਚੌਬੇ ਵਰ੍ਹੇ ਵਿੱਚ ਆਇਆ। ਯਹੋਯਾਕੀਮ ਯੋਸ਼ੀਯਾਹ ਦਾ ਪੁੱਤਰ ਸੀ। ਉਸ ਦੇ ਰਾਜ ਦਾ ਚੌਬਾ ਵਰ੍ਹਾ ਬਾਬਲ ਦੇ ਰਾਜੇ ਨਬੂਕਦਨੱਸਰ ਦੇ ਰਾਜ ਦਾ ਪਹਿਲਾ ਵਰ੍ਹਾ ਸੀ। ਇਹ ਸੰਦੇਸ਼ ਸੀ ਜਿਹੜਾ ਨਬੀ ਯਿਰਮਿਯਾਹ ਨੇ ਯਹੂਦਾਹ ਦੇ ਸਮੂਹ ਲੋਕਾਂ ਅਤੇ ਯਰੂਸ਼ਲਮ ਦੇ ਸਮੂਹ ਲੋਕਾਂ ਨੂੰ ਸੁਣਾਇਆ।

ਮੈਂ ਤੁਹਾਨੂੰ ਇਨ੍ਹਾਂ 23 ਸਾਲਾਂ ਦੌਰਾਨ ਬਾਰ-ਬਾਰ ਯਹੋਵਾਹ ਦੇ ਸੰਦੇਸ਼ ਦਿੰਦਾ ਰਿਹਾ ਹਾਂ। ਮੈਂ ਯਹੂਦਾਹ ਦੇ ਰਾਜੇ, ਆਮੋਨ ਦੇ ਪੁੱਤਰ ਯੋਸ਼ੀਯਾਹ ਦੇ ਰਾਜ ਦੇ 13 ਵੇਂ ਵਰ੍ਹੇ ਤੋਂ ਨਬੀ ਰਿਹਾ ਹਾਂ। ਉਦੋਂ ਤੋਂ ਲੈ ਕੇ ਹੁਣ ਤੀਕ ਮੈਂ ਤੁਹਾਨੂੰ ਯਹੋਵਾਹ ਦੇ ਸੰਦੇਸ਼ ਦਿੰਦਾ ਰਿਹਾ ਹਾਂ। ਪਰ ਤੁਸੀਂ ਸੁਣਿਆ ਨਹੀਂ। ਯਹੋਵਾਹ ਨੇ ਤੁਹਾਡੇ ਵੱਲ ਆਪਣੇ ਸੇਵਕ ਨਬੀ ਬਾਰ-ਬਾਰ ਭੇਜੇ ਹਨ। ਪਰ ਤੁਸੀਂ ਉਨ੍ਹਾਂ ਦੀ ਗੱਲ ਨਹੀਂ ਸੁਣੀ। ਤੁਸੀਂ ਉਨ੍ਹਾਂ ਵੱਲ ਕੋਈ ਧਿਆਨ ਨਹੀਂ ਦਿੱਤਾ।

ਉਨ੍ਹਾਂ ਨਬੀਆਂ ਨੇ ਆਖਿਆ ਸੀ, “ਬਦਲੋ ਆਪਣੀਆਂ ਜ਼ਿੰਦਗੀਆਂ! ਹਟ ਜਾਓ ਮੰਦੀਆਂ ਗੱਲਾਂ ਕਰਨ ਤੋਂ! ਜੇ ਤੁਸੀਂ ਬਦਲ ਜਾਓਗੇ, ਤਾਂ ਤੁਸੀਂ ਉਸ ਧਰਤੀ ਉੱਤੇ ਵਾਪਸ ਪਰਤ ਸੱਕੋਗੇ ਜਿਹੜੀ ਯਹੋਵਾਹ ਨੇ ਬਹੁਤ ਸਮਾਂ ਪਹਿਲਾਂ ਤੁਹਾਨੂੰ ਅਤੇ ਤੁਹਾਡੇ ਪੁਰਖਿਆਂ ਨੂੰ ਦਿੱਤੀ ਸੀ। ਉਸ ਨੇ ਇਹ ਧਰਤੀ ਤੁਹਾਨੂੰ ਰਹਿਣ ਵਾਸਤੇ ਸਦਾ ਲਈ ਦਿੱਤੀ ਸੀ। ਹੋਰਨਾਂ ਦੇਵਤਿਆਂ ਦੇ ਅਨੁਯਾਈ ਨਾ ਬਣੋ। ਉਨ੍ਹਾਂ ਦੀ ਸੇਵਾ ਜਾਂ ਉਪਾਸਨਾ ਨਾ ਕਰੋ। ਉਨ੍ਹਾਂ ਬੁੱਤਾਂ ਦੀ ਉਪਾਸਨਾ ਨਾ ਕਰੋ ਜਿਨ੍ਹਾਂ ਨੂੰ ਕਿਸੇ ਬੰਦੇ ਨੇ ਬਣਾਇਆ ਹੈ। ਇਹ ਗੱਲ ਸਿਰਫ਼ ਮੈਨੂੰ ਤੁਹਾਡੇ ਲਈ ਗੁੱਸਾ ਦਿਵਾਉਂਦੀ ਹੈ। ਇਹ ਗੱਲ ਕਰਕੇ ਤੁਸੀਂ ਸਿਰਫ਼ ਆਪਣੇ ਆਪ ਨੂੰ ਦੁੱਖ ਦਿੰਦੇ ਹੋ।”

“ਪਰ ਤੁਸੀਂ ਮੇਰੀ ਗੱਲ ਨਹੀਂ ਸੁਣੀ”-ਇਹ ਸੰਦੇਸ਼ ਯਹੋਵਾਹ ਵੱਲੋਂ ਹੈ-“ਤੁਸੀਂ ਉਨ੍ਹਾਂ ਬੁੱਤਾਂ ਦੀ ਉਪਾਸਨਾ ਕੀਤੀ ਜਿਨ੍ਹਾਂ ਨੂੰ ਕਿਸੇ ਨੇ ਬਣਾਇਆ ਸੀ। ਅਤੇ ਇਸ ਨਾਲ ਮੈਨੂੰ ਗੁੱਸਾ ਚੜ੍ਹਿਆ। ਅਤੇ ਇਸਨੇ ਸਿਰਫ਼ ਤੁਹਾਨੂੰ ਦੁੱਖ ਦਿੱਤਾ।”

ਇਸ ਲਈ, ਇਹੀ ਹੈ ਜੋ ਸਰਬ ਸ਼ਕਤੀਮਾਨ ਯਹੋਵਾਹ ਆਖਦਾ ਹੈ, “ਤੁਸੀਂ ਮੇਰੇ ਸੰਦੇਸ਼ਾਂ ਨੂੰ ਨਹੀਂ ਸੁਣਿਆ। ਇਸ ਲਈ ਛੇਤੀ ਹੀ ਮੈਂ ਉੱਤਰ ਦੇ ਸਾਰੇ ਪਰਿਵਾਰ-ਸਮੂਹਾਂ ਨੂੰ ਸੱਦਾਂਗਾ” ਇਹ ਸੰਦੇਸ਼ ਯਹੋਵਾਹ ਵੱਲੋਂ ਹੈ-“ਛੇਤੀ ਹੀ ਮੈਂ ਬਾਬਲ ਦੇ ਰਾਜੇ ਨਬੂਕਦਨੱਸਰ ਨੂੰ ਸੱਦਾਂਗਾ। ਉਹ ਮੇਰਾ ਸੇਵਕ ਹੈ। ਮੈਂ ਉਨ੍ਹਾਂ ਲੋਕਾਂ ਨੂੰ ਯਹੂਦਾਹ ਦੀ ਧਰਤੀ ਅਤੇ ਯਹੂਦਾਹ ਦੇ ਲੋਕਾਂ ਦੇ ਖਿਲਾਫ਼ ਸੱਦ ਲਿਆਵਾਂਗਾ। ਮੈਂ ਉਨ੍ਹਾਂ ਨੂੰ ਤੁਹਾਡੇ ਆਲੇ-ਦੁਆਲੇ ਦੀਆਂ ਸਾਰੀਆਂ ਕੌਮਾਂ ਦੇ ਵਿਰੁੱਧ ਵੀ ਸੱਦ ਬੁਲਾਵਾਂਗਾ। ਮੈਂ ਉਨ੍ਹਾਂ ਸਾਰੇ ਦੇਸ਼ਾਂ ਨੂੰ ਤਬਾਹ ਕਰ ਦਿਆਂਗਾ। ਮੈਂ ਉਨ੍ਹਾਂ ਧਰਤੀਆਂ ਨੂੰ ਹਮੇਸ਼ਾ ਲਈ ਸਖਣੇ ਮਾਰੂਬਲ ਵਾਂਗ ਬਣਾ ਦਿਆਂਗਾ। ਲੋਕ ਉਨ੍ਹਾਂ ਦੇਸ਼ਾਂ ਨੂੰ ਦੇਖਣਗੇ, ਅਤੇ ਇਹ ਦੇਖਕੇ ਸੀਟੀਆਂ ਮਾਰਨਗੇ ਕਿ ਉਹ ਕਿੰਨੀ ਬੁਰੀ ਤਰ੍ਹਾਂ ਤਬਾਹ ਹੋ ਗਏ ਸਨ। 10 ਮੈਂ ਉਨ੍ਹਾਂ ਥਾਵਾਂ ਉੱਤੇ ਖੁਸ਼ੀ ਮਨਾਉਣ ਦੀਆਂ ਆਵਾਜ਼ਾਂ ਨੂੰ ਖਤਮ ਕਰ ਦਿਆਂਗਾ। ਉੱਥੇ ਲਾੜੇ ਲਾੜੀ ਦੀਆਂ ਖੁਸ਼ੀ ਭਰੀਆਂ ਆਵਾਜ਼ਾਂ ਫ਼ੇਰ ਨਹੀਂ ਸੁਣਾਈ ਦੇਣਗੀਆਂ। ਮੈਂ ਲੋਕਾਂ ਦੇ ਆਟਾ ਪੀਹਣ ਦੀਆਂ ਆਵਾਜ਼ਾਂ ਨੂੰ ਦੂਰ ਕਰ ਦਿਆਂਗਾ। ਮੈਂ ਦੀਵੇ ਵਿੱਚੋਂ ਰੌਸ਼ਨੀ ਖੋਹ ਲਵਾਂਗਾ। 11 ਉਹ ਸਾਰਾ ਇਲਾਕਾ ਸਖਣਾ ਮਾਰੂਬਲ ਹੋਵੇਗਾ। ਉਹ ਸਾਰੇ ਲੋਕ 70 ਵਰ੍ਹਿਆਂ ਤੀਕ ਬਾਬਲ ਦੇ ਰਾਜੇ ਦੇ ਗੁਲਾਮ ਬਣੇ ਰਹਿਣਗੇ।

12 “ਪਰ ਜਦੋਂ 70 ਵਰ੍ਹੇ ਬੀਤ ਜਾਣਗੇ, ਮੈਂ ਬਾਬਲ ਦੇ ਰਾਜੇ ਨੂੰ ਸਜ਼ਾ ਦਿਆਂਗਾ। ਮੈਂ ਬਾਬਲ ਦੀ ਕੌਮ ਨੂੰ ਸਜ਼ਾ ਦਿਆਂਗਾ।” ਇਹ ਯਹੋਵਾਹ ਵੱਲੋਂ ਸੰਦੇਸ਼ ਹੈ-“ਮੈਂ ਬਾਬਲ ਵਾਸੀਆਂ ਦੀ ਧਰਤੀ ਨੂੰ ਉਨ੍ਹਾਂ ਦੇ ਪਾਪਾਂ ਦੀ ਸਜ਼ਾ ਦਿਆਂਗਾ। ਮੈਂ ਉਸ ਧਰਤੀ ਨੂੰ ਸਦਾ ਲਈ ਮਾਰੂਬਲ ਬਣਾ ਦਿਆਂਗਾ। 13 ਮੈਂ ਆਖਿਆ ਹੈ ਕਿ ਬਾਬਲ ਉੱਤੇ ਬਹੁਤ ਸਾਰੀਆਂ ਮਾੜੀਆਂ ਗੱਲਾਂ ਵਾਪਰਨਗੀਆਂ। ਉਹ ਸਾਰੀਆਂ ਗੱਲਾਂ ਵਾਪਰਨਗੀਆਂ। ਯਿਰਮਿਯਾਹ ਨੇ ਉਨ੍ਹਾਂ ਵਿਦੇਸ਼ੀ ਕੌਮਾਂ ਬਾਰੇ ਪ੍ਰਚਾਰ ਕੀਤਾ ਸੀ। ਅਤੇ ਉਹ ਸਾਰੀਆਂ ਚੇਤਾਵਨੀਆਂ ਇਸ ਪੁਸਤਕ ਅੰਦਰ ਲਿਖੀਆਂ ਹੋਈਆਂ ਹਨ। 14 ਹਾਂ, ਬਾਬਲ ਦੇ ਲੋਕਾਂ ਨੂੰ ਬਹੁਤ ਕੌਮਾਂ ਅਤੇ ਬਹੁਤ ਮਹਾਨ ਰਾਜਿਆਂ ਦੀ ਸੇਵਾ ਕਰਨੀ ਪਵੇਗੀ। ਉਨ੍ਹਾਂ ਨੂੰ ਉਨ੍ਹਾਂ ਦੇ ਅਮਲਾਂ ਦੀ ਉਹ ਸਜ਼ਾ ਦਿਆਂਗਾ ਜਿਸਦੇ ਉਹ ਅਧਿਕਾਰੀ ਹਨ।”

ਦੁਨੀਆਂ ਦੀਆਂ ਕੌਮਾਂ ਬਾਰੇ ਨਿਆਂ

15 ਯਹੋਵਾਹ, ਇਸਰਾਏਲ ਦੇ ਪਰਮੇਸ਼ੁਰ, ਨੇ ਮੈਨੂੰ ਇਹ ਗੱਲਾਂ ਆਖੀਆਂ, “ਯਿਰਮਿਯਾਹ, ਮੇਰੇ ਹੱਥ ਵਿੱਚੋਂ ਮੇਰੇ ਗੁੱਸੇ ਦੀ ਮੈਅ ਨਾਲ ਭਰਿਆ ਹੋਇਆ ਇਹ ਪਿਆਲਾ ਫ਼ੜ ਲੈ। ਮੈਂ ਇਸ ਨੂੰ ਤੇਰੇ ਕੋਲ ਭੇਜੇ ਗਏ ਦੇਸਾਂ ਨੂੰ ਪਿਲਾਵਾਂਗਾ। 16 ਉਹ ਇਹ ਸ਼ਰਾਬ ਪੀਣਗੇ। ਫ਼ੇਰ ਉਹ ਉਲਟੀਆਂ ਕਰਨਗੇ ਅਤੇ ਪਾਗਲਾਂ ਵਾਲੀਆਂ ਹਰਕਤਾਂ ਕਰਨਗੇ। ਅਜਿਹਾ ਉਹ ਉਸ ਤਲਵਾਰ ਕਾਰਣ ਕਰਨਗੇ ਜਿਹੜੀ ਮੈਂ ਉਨ੍ਹਾਂ ਦੇ ਖਿਲਾਫ਼ ਭੇਜਾਂਗਾ।”

17 ਇਸ ਲਈ ਮੈਂ ਯਹੋਵਾਹ ਦੇ ਹੱਥੋਂ ਸ਼ਰਾਬ ਦਾ ਪਿਆਲਾ ਫ਼ੜ ਲਿਆ। ਮੈਂ ਉਨ੍ਹਾਂ ਕੌਮਾਂ ਵੱਲ ਗਿਆ ਅਤੇ ਉਨ੍ਹਾਂ ਲੋਕਾਂ ਨੂੰ ਉਸ ਪਿਆਲੇ ਵਿੱਚੋਂ ਸ਼ਰਾਬ ਪਿਲਾਈ। 18 ਇਹ ਸ਼ਰਾਬ ਮੈਂ ਯਰੂਸ਼ਲਮ ਅਤੇ ਯਹੂਦਾਹ ਦੇ ਲੋਕਾਂ ਲਈ ਪਾਕੇ ਦਿੱਤੀ। ਮੈਂ ਯਹੂਦਾਹ ਦੇ ਰਾਜਿਆਂ ਅਤੇ ਆਗੂਆਂ ਨੂੰ ਇਸ ਪਿਆਲੇ ਦੀ ਸ਼ਰਾਬ ਪਿਲਾਈ। ਅਜਿਹਾ ਮੈਂ ਇਸ ਲਈ ਕੀਤਾ ਤਾਂ ਜੋ ਉਹ ਸੱਖਣਾ ਮਾਰੂਬਲ ਬਣ ਜਾਣ। ਅਜਿਹਾ ਮੈਂ ਇਸ ਲਈ ਕੀਤਾ ਤਾਂ ਜੋ ਇਹ ਥਾਂ ਇੰਨੀ ਬੁਰੀ ਤਰ੍ਹਾਂ ਤਬਾਹ ਹੋ ਜਾਵੇ ਕਿ ਲੋਕ ਇਸ ਨੂੰ ਦੇਖਕੇ ਸੀਟੀਆਂ ਮਾਰਨ ਅਤੇ ਉਸ ਥਾਂ ਨੂੰ ਸਰਾਪ ਦੇਣ। ਅਤੇ ਅਜਿਹਾ ਹੀ ਵਾਪਰਿਆ-ਯਹੂਦਾਹ ਹੁਣ ਓਸੇ ਵਰਗਾ ਹੀ ਹੈ!

19 ਮੈਂ ਮਿਸਰ ਦੇ ਫਿਰਊਨ ਰਾਜੇ ਨੂੰ ਵੀ ਪਿਆਲੇ ਦੀ ਸ਼ਰਾਬ ਪਿਲਾਈ। ਮੈਂ ਉਸ ਦੇ ਅਧਿਕਾਰੀਆਂ, ਮਹੱਤਵਪੂਰਣ ਆਗੂਆਂ ਅਤੇ ਉਸ ਦੇ ਸਾਰੇ ਬੰਦਿਆਂ ਨੂੰ ਵੀ ਯਹੋਵਾਹ ਦੇ ਕਹਿਰ ਦੇ ਪਿਆਲੇ ਦੀ ਸ਼ਰਾਬ ਪਿਲਾਈ।

20 ਮੈਂ ਉਜ਼ ਦੇ ਸਾਰੇ ਮਿਸ਼ਰਿਤ ਲੋਕਾਂ ਨੂੰ ਅਤੇ ਸਾਰੇ ਰਾਜਿਆਂ ਨੂੰ ਉਸ ਪਿਆਲੇ ਦੀ ਸ਼ਰਾਬ ਪਿਲਾਈ।

ਮੈਂ ਫ਼ਿਲਸਤੀਨ ਦੇਸ ਦੇ ਰਾਜਿਆਂ ਨੂੰ ਪਿਆਲੇ ਦੀ ਸ਼ਰਾਬ ਪਿਲਾਈ। ਇਹ ਅਸ਼ਕਲੋਨ, ਅੱਜ਼ਾਹ, ਅਕਰੋਨ ਅਤੇ ਹੁਣ ਦੇ ਬਚੇ ਖੁਚੇ ਸ਼ਹਿਰ ਅਸ਼ਦੋਦ ਦੇ ਰਾਜੇ ਸਨ।

21 ਫ਼ੇਰ ਮੈਂ ਅਦੋਮ, ਮੋਆਬ ਅਤੇ ਅੰਮੋਨ ਦੇ ਲੋਕਾਂ ਨੂੰ ਪਿਆਲਾ ਪਿਲਾਇਆ।

22 ਮੈਂ ਸੂਰ ਅਤੇ ਸੀਦੋਨ ਦੇ ਰਾਜਿਆਂ ਨੂੰ ਪਿਆਲਾ ਪਿਲਾਇਆ।

ਮੈਂ ਦੂਰ ਦੁਰਾਡੇ ਦੇਸਾਂ ਦੇ ਸਾਰੇ ਰਾਜਿਆਂ ਨੂੰ ਵੀ ਪਿਆਲਾ ਪਿਲਾਇਆ। 23 ਮੈਂ ਦਦਾਨ, ਤੇਮਾ ਅਤੇ ਬੂਜ਼ ਦੇ ਲੋਕਾਂ ਨੂੰ ਪਿਆਲਾ ਪਿਲਾਇਆ ਮੈਂ ਉਨ੍ਹਾਂ ਸਾਰਿਆਂ ਨੂੰ ਵੀ ਪਿਆਲਾ ਪਿਲਾਇਆ ਜਿਹੜੇ ਆਪਣੀਆਂ ਪੁੜਪੜੀਆਂ ਦੇ ਵਾਲ ਕਟਦੇ ਨੇ। 24 ਮੈਂ ਅਰਬ ਦੇ ਸਾਰੇ ਰਾਜਿਆਂ ਨੂੰ ਪਿਆਲਾ ਪਿਲਾਇਆ। ਇਹ ਰਾਜੇ ਮਾਰੂਬਲ ਵਿੱਚ ਰਹਿੰਦੇ ਨੇ। 25 ਮੈਂ ਜ਼ਿਮਰੀ, ਏਲਾਮ ਅਤੇ ਮਾਦਾ ਦੇ ਸਾਰੇ ਰਾਜਿਆਂ ਨੂੰ ਪਿਆਲਾ ਪਿਲਾਇਆ। 26 ਮੈਂ ਉੱਤਰ ਦੇ ਸਾਰੇ ਰਾਜਿਆਂ, ਜਿਹੜੇ ਦੂਰ ਨੇੜੇ ਸਨ, ਨੂੰ ਪਿਆਲਾ ਪਿਲਾਇਆ। ਮੈਂ ਉਨ੍ਹਾਂ ਨੂੰ ਇੱਕ ਦੂਜੇ ਤੋਂ ਬਾਦ ਪਿਆਲਾ ਪਿਲਾਇਆ। ਮੈਂ ਉਨ੍ਹਾਂ ਸਾਰੇ ਰਾਜਾਂ ਨੂੰ ਯਹੋਵਾਹ ਦੇ ਕਹਿਰ ਦਾ ਪਿਆਲਾ ਪਿਲਾਇਆ ਜਿਹੜੇ ਧਰਤੀ ਉੱਤੇ ਹਨ। ਪਰ “ਸ਼ੇਸ਼ਾਕ” ਦਾ ਰਾਜਾ ਇਹ ਪਿਆਲਾ ਉਦੋਂ ਪੀਵੇਗਾ ਜਦੋਂ ਇਹ ਸਾਰੀਆਂ ਕੌਮਾਂ ਪੀਚੁਕਣਗੀਆਂ।

27 “ਯਿਰਮਿਯਾਹ, ਉਨ੍ਹਾਂ ਕੌਮਾਂ ਨੂੰ ਆਖ, ਇਹੀ ਹੈ ਜੋ ਸਰਬ ਸ਼ਕਤੀਮਾਨ ਯਹੋਵਾਹ, ਇਸਰਾਏਲ ਦੇ ਲੋਕਾਂ ਦਾ ਪਰਮੇਸ਼ੁਰ ਆਖਦਾ ਹੈ, ‘ਮੇਰੇ ਕਹਿਰ ਦੇ ਇਸ ਪਿਆਲੇ ਨੂੰ ਪੀਵੋ। ਇਸ ਨੂੰ ਪੀਕੇ ਬਦਮਸਤ ਹੋ ਜਾਵੋ ਅਤੇ ਉਲਟੀਆਂ ਕਰੋ! ਢਹਿ ਪਵੋ ਅਤੇ ਫ਼ੇਰ ਉੱਠੋ ਨਾ। ਉੱਠੋ ਨਾ ਕਿਉਂ ਕਿ ਮੈਂ ਤੁਹਾਡੇ ਮਾਰਨ ਲਈ ਤਲਵਾਰ ਭੇਜ ਰਿਹਾ ਹਾਂ।’

28 “ਉਹ ਲੋਕ ਤੁਹਾਡੇ ਹੱਥੋਂ ਪਿਆਲਾ ਲੈਣ ਤੋਂ ਇਨਕਾਰ ਕਰ ਦੇਣਗੇ। ਉਹ ਇਸ ਨੂੰ ਪੀਣ ਤੋਂ ਇਨਕਾਰ ਕਰ ਦੇਣਗੇ। ਪਰ ਤੁਸੀਂ ਉਨ੍ਹਾਂ ਨੂੰ ਆਖੋਗੇ, ‘ਸਰਬ ਸ਼ਕਤੀਮਾਨ ਯਹੋਵਾਹ ਇਹ ਗੱਲਾਂ ਆਖਦਾ ਹੈ: ਤੁਸੀਂ ਅਵੱਸ਼ ਇਸ ਪਿਆਲੇ ਨੂੰ ਪੀਵੋਗੇ! 29 ਮੈਂ ਪਹਿਲਾਂ ਹੀ ਯਰੂਸ਼ਲਮ, ਉੱਤੇ ਇਹ ਮਾੜੀਆਂ ਘਟਨਾਵਾਂ ਦੇ ਵਾਪਰਨ ਦਾ ਹੁਕਮ ਦੇ ਰਿਹਾ ਹਾਂ, ਉਸ ਸ਼ਹਿਰ ਉੱਤੇ ਜਿਹੜਾ ਮੇਰੇ ਨਾਮ ਨਾਲ ਸੱਦਿਆ ਜਾਂਦਾ ਹੈ। ਸ਼ਾਇਦ ਤੁਸੀਂ ਲੋਕ ਸੋਚੋ ਕਿ ਤੁਹਾਨੂੰ ਸਜ਼ਾ ਨਹੀਂ ਮਿਲੇਗੀ। ਪਰ ਤੁਸੀਂ ਗ਼ਲਤ ਹੋ। ਤੁਹਾਨੂੰ ਸਜ਼ਾ ਮਿਲੇਗੀ। ਮੈਂ ਧਰਤੀ ਦੇ ਸਾਰੇ ਲੋਕਾਂ ਉੱਤੇ ਹਮਲਾ ਕਰਨ ਲਈ ਤਲਵਾਰ ਨੂੰ ਸੱਦਾ ਦੇ ਰਿਹਾ ਹਾਂ।’” ਇਹ ਸੰਦੇਸ਼ ਯਹੋਵਾਹ ਵੱਲੋਂ ਸੀ।

30 “ਯਿਰਮਿਯਾਹ, ਤੁਸੀਂ ਉਨ੍ਹਾਂ ਨੂੰ ਇਹ ਸੰਦੇਸ਼ ਦੇਵੋਗੇ:

‘ਯਹੋਵਾਹ ਉੱਪਰੋਂ ਕੂਕਦਾ ਹੈ।
    ਉਹ ਆਪਣੇ ਪਵਿੱਤਰ ਮੰਦਰ ਤੋਂ ਕੂਕਦਾ ਹੈ!
ਯਹੋਵਾਹ ਆਪਣੇ ਲੋਕਾਂ ਉੱਤੇ ਕੂਕਦਾ ਹੈ!
    ਉਸ ਦੀਆਂ ਕੂਕਾਂ ਉਨ੍ਹਾਂ ਲੋਕਾਂ ਦੇ ਗੀਤ ਵਰਗੀਆਂ ਉੱਚੀਆਂ ਨੇ ਜਿਹੜੇ ਮੈਅ ਲਈ, ਅੰਗੂਰਾਂ ਦੀ ਘਾਣੀ ਕਰਦੇ ਨੇ।
31 ਧਰਤੀ ਦੇ ਸਾਰੇ ਲੋਕਾਂ ਤੀਕ ਸ਼ੋਰ ਫ਼ੈਲਦਾ ਹੈ।
    ਇਹ ਸ਼ੋਰ ਕਿਸ ਬਾਰੇ ਹੈ?
ਯਹੋਵਾਹ ਸਾਰੀਆਂ ਕੌਮਾਂ ਦੇ ਲੋਕਾਂ ਨੂੰ ਸਜ਼ਾ ਦੇ ਰਿਹਾ ਹੈ।
    ਯਹੋਵਾਹ ਸਾਰੇ ਲੋਕਾਂ ਦੇ ਦੇਸ਼ਾਂ ਵਿਰੁੱਧ ਮੁਕੱਦਮਾਂ ਦਾਖਿਲ ਕਰ ਰਿਹਾ ਹੈ।
ਉਸ ਨੇ ਲੋਕਾਂ ਦਾ ਨਿਆਂ ਕੀਤਾ ਹੈ।
    ਅਤੇ ਉਹ ਦੋਸ਼ੀ ਲੋਕਾਂ ਨੂੰ ਤਲਵਾਰ ਨਾਲ ਮਾਰ ਰਿਹਾ ਹੈ।’”
ਇਹ ਸੰਦੇਸ਼ ਯਹੋਵਾਹ ਵੱਲੋਂ ਸੀ।

32 ਇਹੀ ਹੈ ਜੋ ਸਰਬ ਸ਼ਕਤੀਮਾਨ ਯਹੋਵਾਹ ਆਖਦਾ ਹੈ,
“ਬਿਪਤਾਵਾਂ ਛੇਤੀ ਹੀ ਇੱਕ ਦੇਸ਼
    ਤੋਂ ਦੂਸਰੇ ਦੇਸ਼ ਵੱਲ ਫ਼ੈਲਣਗੀਆਂ।
ਉਹ ਧਰਤੀ ਦੇ ਸਾਰੇ ਦੂਰ-ਦੁਰਾਡੇ ਬਾਂਵਾਂ
    ਉੱਤੇ ਤਾਕਤਵਰ ਤੂਫ਼ਾਨ ਵਾਂਗ ਆਉਣਗੀਆਂ!”

33 ਉਨ੍ਹਾਂ ਲੋਕਾਂ ਦੀਆਂ ਲਾਸ਼ਾਂ ਦੇਸ਼ ਦੇ ਇੱਕ ਕੋਨੇ ਤੋਂ ਲੈ ਕੇ ਦੂਸਰੇ ਕੋਨੇ ਤੀਕ ਪਹੁੰਚ ਜਾਣਗੀਆਂ। ਕੋਈ ਬੰਦਾ ਵੀ ਉਨ੍ਹਾਂ ਮਰੇ ਹੋਇਆਂ ਲਈ ਨਹੀਂ ਰੋਵੇਗਾ। ਕੋਈ ਵੀ ਬੰਦਾ ਉਨ੍ਹਾਂ ਦੀਆਂ ਲਾਸ਼ਾਂ ਨੂੰ ਨਹੀਂ ਸਮੇਟੇਗਾ ਅਤੇ ਦਫ਼ਨ ਨਹੀਂ ਕਰੇਗਾ। ਉਹ ਗੋਹੇ ਵਾਂਗ ਧਰਤੀ ਉੱਤੇ ਪਈਆਂ ਰਹਿਣਗੀਆਂ।

34 ਅਯਾਲੀਓ ਤੁਹਾਨੂੰ ਭੇਡਾਂ (ਲੋਕਾਂ) ਦੀ ਅਗਵਾਈ ਕਰਨੀ ਚਾਹੀਦੀ ਹੈ।
    ਵੱਡੇ ਆਗੂਓ ਰੋਣਾ ਸ਼ੁਰੂ ਕਰ ਦਿਓ!
    ਤੁਸੀਂ ਭੇਡਾਂ (ਲੋਕਾਂ) ਦੇ ਆਗੂਓ ਦਰਦ ਨਾਲ ਧਰਤੀ ਉੱਤੇ ਲੇਟਣੀਆਂ ਖਾਓ।
ਕਿਉਂ? ਕਿਉਂ ਕਿ ਹੁਣ ਤੁਹਾਡੇ ਕਤਲ ਦਾ ਸਮਾਂ ਆ ਗਿਆ ਹੈ।
    ਯਹੋਵਾਹ ਤੁਹਾਡੀਆਂ ਭੇਡਾਂ ਨੂੰ ਖਿੰਡਾ ਦੇਵੇਗਾ।
    ਉਹ ਹਰ ਥਾਂ, ਟੁੱਟੇ ਘੜੇ ਦੀਆਂ ਠੀਕਰੀਆਂ ਵਾਂਗ ਖਿੰਡ ਜਾਣਗੇ।
35 ਅਯਾਲੀਆਂ ਲਈ ਲੁਕਣ ਦੀ ਕੋਈ ਥਾਂ ਨਹੀਂ ਹੋਵੇਗੀ।
    ਉਹ ਆਗੂ ਬਚਕੇ ਨਹੀਂ ਜਾਣਗੇ।
36 ਮੈਂ ਅਯਾਲੀਆਂ (ਆਗੂਆਂ) ਦਾ ਸ਼ੋਰ ਸੁਣਦਾ ਹਾਂ।
    ਮੈਂ ਭੇਡਾਂ ਦੇ ਆਗੂਆਂ ਨੂੰ ਰੋਦਿਆਂ ਸੁਣਦਾ ਹਾਂ।
    ਯਹੋਵਾਹ ਉਨ੍ਹਾਂ ਦੀਆਂ ਚਰਾਂਦਾਂ (ਦੇਸ਼) ਨੂੰ ਤਬਾਹ ਕਰ ਰਿਹਾ ਹੈ।
37 ਉਹ ਸ਼ਾਂਵਾਪਰਿਆ ਕਿ
    ਯਹੋਵਾਹ ਕਹਿਰਵਾਨ ਹੈ।
38 ਯਹੋਵਾਹ ਖਤਰਨਾਕ ਸ਼ੇਰ ਵਰਗਾ ਹੈ, ਆਪਣੇ ਮਾਂਦ ਵਿੱਚੋਂ ਨਿਕਲ ਰਿਹਾ,
    ਯਹੋਵਾਹ ਕਹਿਰਵਾਨ ਹੈ!
ਇਹ ਕਹਿਰ ਉਨ੍ਹਾਂ ਲੋਕਾਂ ਨੂੰ ਜ਼ਖਮੀ ਕਰੇਗਾ।
    ਉਨ੍ਹਾਂ ਦਾ ਦੇਸ਼ ਸੱਖਣਾ ਮਾਰੂਬਲ ਹੋਵੇਗਾ।

Punjabi Bible: Easy-to-Read Version (ERV-PA)

2010 by World Bible Translation Center