Beginning
ਪਰਮੇਸ਼ੁਰ ਇਸਰਾਏਲ ਨੂੰ ਮੁਕਤ ਕਰਨ ਲਈ ਖੋਰੁਸ ਨੂੰ ਚੁਣਦਾ ਹੈ
45 ਇਹ ਉਹ ਗੱਲਾਂ ਹਨ ਜਿਹੜੀਆਂ ਯਹੋਵਾਹ ਆਪਣੇ ਚੁਣੇ ਹੋਏ ਰਾਜੇ, ਖੋਰੁਸ, ਬਾਰੇ ਆਖਦਾ ਹੈ।
“ਮੈਂ ਖੋਰੁਸ ਦਾ ਸੱਜਾ ਹੱਥ ਫ਼ੜਾਂਗਾ।
ਮੈਂ ਰਾਜਿਆਂ ਕੋਲੋਂ ਸ਼ਕਤੀ ਖੋਹਣ ਵਿੱਚ ਉਸਦੀ ਸਹਾਇਤਾ ਕਰਾਂਗਾ।
ਸ਼ਹਿਰ ਦੇ ਦਰਵਾਜ਼ੇ ਖੋਰੁਸ ਨੂੰ ਨਹੀਂ ਰੋਕਣਗੇ।
ਮੈਂ ਸ਼ਹਿਰ ਦੇ ਦਰਵਾਜ਼ੇ ਖੋਲ੍ਹ ਦਿਆਂਗਾ, ਅਤੇ ਖੋਰੁਸ ਅੰਦਰ ਚੱਲਾ ਜਾਵੇਗਾ।”
2 “ਖੋਰੁਸ ਤੇਰੀਆਂ ਫੌਜਾਂ ਧਾਵਾ ਬੋਲਣਗੀਆਂ ਅਤੇ ਮੈਂ ਤੇਰੇ ਅੱਗੇ ਚੱਲਾਂਗਾ।
ਮੈਂ ਪਰਬਤਾਂ ਨੂੰ ਪੱਧਰਾ ਕਰ ਦਿਆਂਗਾ।
ਮੈਂ ਸ਼ਹਿਰ ਦੇ ਤਾਂਬੇ ਦੇ ਦਰਵਾਜ਼ਿਆਂ ਨੂੰ ਭੰਨ ਦਿਆਂਗਾ।
ਮੈਂ ਦਰਵਾਜ਼ਿਆਂ ਤੇ ਲੱਗੀਆਂ ਲੋਹੇ ਦੀਆਂ ਛੜਾਂ ਨੂੰ ਤੋੜ ਦਿਆਂਗਾ।
3 ਮੈਂ ਤੈਨੂੰ ਦੌਲਤ ਦਿਆਂਗਾ, ਜਿਹੜੀ ਹਨੇਰੇ ਵਿੱਚ ਬਚਾ ਕੇ ਰੱਖੀ ਗਈ ਹੈ।
ਮੈਂ ਤੈਨੂੰ ਉਹ ਲੁਕਵੀਆਂ ਦੌਲਤਾਂ ਦਿਆਂਗਾ।
ਮੈਂ ਇਹ ਇਸ ਲਈ ਕਰਾਂਗਾ ਤਾਂ ਜੋ ਤੂੰ ਜਾਣ ਜਾਵੇਂ ਕਿ ਮੈਂ ਹੀ ਯਹੋਵਾਹ ਹਾਂ।
ਮੈਂ ਇਸਰਾਏਲ ਦਾ ਪਰਮੇਸ਼ੁਰ ਹਾਂ, ਅਤੇ ਮੈਂ ਤੈਨੂੰ ਤੇਰਾ ਨਾਮ ਲੈ ਕੇ ਬੁਲਾ ਰਿਹਾ ਹਾਂ!
4 ਇਹ ਗੱਲਾਂ ਮੈਂ ਆਪਣੇ ਸੇਵਕ ਯਾਕੂਬ ਲਈ ਕਰ ਰਿਹਾ ਹਾਂ।
ਮੈਂ ਇਹ ਗੱਲਾਂ ਕਰਦਾ ਹਾਂ ਆਪਣੇ ਚੁਣੇ ਹੋਏ ਲੋਕਾਂ ਲਈ, ਇਸਰਾਏਲ ਲਈ।
(ਖੋਰੁਸ) ਮੈਂ ਤੈਨੂੰ ਤੇਰਾ ਨਾਮ ਲੈ ਕੇ ਬੁਲਾ ਰਿਹਾ ਹਾਂ।
ਤੂੰ ਮੈਨੂੰ ਨਹੀਂ ਜਾਣਦਾ।
ਪਰ ਮੈਂ ਤੈਨੂੰ ਤੇਰਾ ਨਾਮ ਲੈ ਕੇ ਬੁਲਾ ਰਿਹਾ ਹਾਂ।
5 ਮੈਂ ਯਹੋਵਾਹ ਹਾਂ! ਮੈਂ ਹੀ ਇੱਕ ਪਰਮੇਸ਼ੁਰ ਹਾਂ।
ਇੱਥੇ ਹੋਰ ਕੋਈ ਪਰਮੇਸ਼ੁਰ ਨਹੀਂ ਹੈ।
ਮੈਂ ਤੈਨੂੰ ਤਾਕਤਵਰ ਬਣਾਵਾਂਗਾ,
ਭਾਵੇਂ ਤੂੰ ਮੈਨੂੰ ਨਹੀਂ ਜਾਣਦਾ।
6 ਮੈਂ ਇਹ ਗੱਲਾਂ ਇਸ ਲਈ ਕਰ ਰਿਹਾ ਹਾਂ ਤਾਂ ਜੋ ਸਾਰੇ ਲੋਕ ਜਾਣ ਲੈਣ
ਕਿ ਮੈਂ ਹੀ ਇੱਕੋ ਇੱਕ ਪਰਮੇਸ਼ੁਰ ਹਾਂ।
ਪੂਰਬ ਤੋਂ ਪੱਛਮ ਤੱਕ ਲੋਕ ਜਾਣ ਲੈਣਗੇ ਕਿ ਮੈਂ ਹੀ ਯਹੋਵਾਹ ਹਾਂ,
ਅਤੇ ਇੱਥੇ ਹੋਰ ਕੋਈ ਪਰਮੇਸ਼ੁਰ ਨਹੀਂ ਹੈ।
7 ਮੈਂ ਨੂਰ ਨੂੰ ਸਾਜਿਆ ਸੀ ਅਤੇ ਮੈਂ ਹਨੇਰੇ ਨੂੰ ਸਾਜਿਆ ਸੀ।
ਮੈਂ ਅਮਨ ਸਥਾਪਿਤ ਕਰਦਾ ਹਾਂ, ਅਤੇ ਮੈਂ ਹੀ ਮੁਸੀਬਤਾਂ ਪੈਦਾ ਕਰਦਾ ਹਾਂ।
ਮੈਂ ਹੀ ਯਹੋਵਾਹ ਹਾਂ-ਅਤੇ ਮੈਂ ਹੀ ਇਹ ਸਾਰੀਆਂ ਗੱਲਾਂ ਕਰਦਾ ਹਾਂ।
8 “ਕਾਸ਼, ਉੱਪਰ ਅਕਾਸ਼ਾਂ ਦੇ ਬੱਦਲ ਧਰਤੀ ਉੱਤੇ ਨੇਕੀ,
ਵਰੱਖਾ ਵਾਂਗ ਵਰ੍ਹਾਉਣ!
ਕਾਸ਼, ਧਰਤੀ ਖੁਲ੍ਹ ਜਾਵੇ ਅਤੇ ਮੁਕਤੀ ਵੱਧੇ ਫ਼ੁੱਲੇ!
ਮੈਂ, ਪਰਮੇਸ਼ਰ ਨੇ, ਇਹ ਸਭ ਕੁਝ ਸਾਜਿਆ।”
ਪਰਮੇਸ਼ੁਰ ਆਪਣੀ ਸ਼੍ਰਿਸ਼ਟੀ ਉੱਤੇ ਕਾਬੂ ਰੱਖਦਾ ਹੈ
9 “ਇਨ੍ਹਾਂ ਲੋਕਾਂ ਵੱਲ ਦੇਖੋ! ਇਹ ਉਸ ਨਾਲ ਦਲੀਲਾਂ ਕਰ ਰਹੇ ਹਨ ਜਿਸਨੇ ਉਨ੍ਹਾਂ ਨੂੰ ਸਾਜਿਆ ਸੀ। ਉਨ੍ਹਾਂ ਨੂੰ ਮੇਰੇ ਨਾਲ ਦਲੀਲਾਂ ਕਰਦੇ ਹੋਏ ਦੇਖੋ! ਉਹ ਮਿੱਟੀ ਦੇ ਟੁੱਟੇ ਹੋਏ ਬਰਤਨ ਦੇ ਟੁਕੜਿਆਂ ਵਰਗੇ ਹਨ। ਬੰਦਾ ਨਰਮ ਅਤੇ ਗਿੱਲੀ ਮਿੱਟੀ ਨੂੰ ਬਰਤਨ ਬਨਾਉਣ ਲਈ ਇਸਤੇਮਾਲ ਕਰਦਾ ਹੈ। ਅਤੇ ਮਿੱਟੀ ਇਹ ਨਹੀਂ ਪੁੱਛਦੀ, ‘ਬੰਦਿਆ, ਤੂੰ ਕੀ ਕਰ ਰਿਹਾ ਹੈਂ?’ ਉਹ ਚੀਜ਼ਾਂ ਜਿਹੜੀਆਂ ਬਣਾਈਆਂ ਗਈਆਂ ਹੁੰਦੀਆਂ ਹਨ, ਉਨ੍ਹਾਂ ਕੋਲ ਇਹ ਪੁੱਛਣ ਦੀ ਸ਼ਕਤੀ ਨਹੀਂ ਹੁੰਦੀ ਕਿ ਉਨ੍ਹਾਂ ਨੂੰ ਕੌਣ ਬਣਾਉਂਦਾ ਹੈ। ਲੋਕ ਇਸ ਮਿੱਟੀ ਵਰਗੇ ਹਨ। 10 ਇੱਕ ਪਿਤਾ ਆਪਣੇ ਬੰਦਿਆਂ ਨੂੰ ਜਨਮ ਦਿੰਦਾ ਹੈ। ਅਤੇ ਬੱਚੇ ਇਹ ਨਹੀਂ ਪੁੱਛ ਸੱਕਦੇ, ‘ਤੁਸੀਂ ਮੈਨੂੰ ਜੀਵਨ ਕਿਉਂ ਦੇ ਰਹੇ ਹੋ?’ ਬੱਚੇ ਆਪਣੀ ਮਾਂ ਨੂੰ ਇਹ ਪ੍ਰਸ਼ਨ ਨਹੀਂ ਕਰ ਸੱਕਦੇ, ‘ਤੂੰ ਮੈਨੂੰ ਕਿਉਂ ਜਨਮ ਦੇ ਰਹੀ ਹੈਂ?’”
11 ਯਹੋਵਾਹ ਪਰਮੇਸ਼ੁਰ ਇਸਰਾਏਲ ਦਾ ਪਵਿੱਤਰ ਪੁਰੱਖ ਹੈ। ਉਸ ਨੇ ਇਸਰਾਏਲ ਨੂੰ ਸਾਜਿਆ ਸੀ। ਅਤੇ ਯਹੋਵਾਹ ਆਖਦਾ ਹੈ,
“ਮੇਰੇ ਪੁੱਤਰੋ, ਤੁਸੀਂ ਮੈਨੂੰ ਸੰਕੇਤ ਦੇਣ ਲਈ ਆਖਿਆ ਸੀ।
ਤੁਸੀਂ ਮੈਨੂੰ ਉਹ ਗੱਲਾਂ ਦਰਸਾਉਣ ਲਈ ਆਖਿਆ ਸੀ ਜਿਹੜੀਆਂ ਮੈਂ ਕੀਤੀਆਂ ਹਨ।
12 ਇਸ ਲਈ ਦੇਖੋ! ਮੈਂ ਧਰਤੀ ਨੂੰ ਸਾਜਿਆ ਸੀ।
ਅਤੇ ਮੈਂ ਇਸ ਵਿੱਚ ਰਹਿਣ ਵਾਲੇ ਲੋਕਾਂ ਨੂੰ ਸਾਜਿਆ ਸੀ।
ਮੈਂ ਆਪਣੇ ਹੀ ਹੱਥਾਂ ਦੀ ਵਰਤੋਂ ਕੀਤੀ ਸੀ ਅਤੇ ਸਾਜਿਆ ਸੀ ਅਕਾਸ਼ਾਂ ਨੂੰ।
ਅਤੇ ਮੈਂ ਆਦੇਸ਼ ਦਿੰਦਾ ਹਾਂ ਅਕਾਸ਼ ਦੀਆਂ ਸਮੂਹ ਫ਼ੌਜਾਂ ਨੂੰ।
13 ਮੈਂ ਖੋਰੁਸ ਨੂੰ ਉਸਦੀ ਸ਼ਕਤੀ ਦਿੱਤੀ ਸੀ, ਤਾਂ ਜੋ ਉਹ ਨੇਕ ਗੱਲਾਂ ਕਰ ਸੱਕੇ।
ਅਤੇ ਮੈਂ ਉਸ ਦੇ ਕਾਰਜ ਨੂੰ ਅਸਾਨ ਬਣਾ ਦਿਆਂਗਾ।
ਖੋਰੁਸ ਫ਼ੇਰ ਮੇਰੇ ਸ਼ਹਿਰ ਨੂੰ ਉਸਾਰੇਗਾ।
ਅਤੇ ਉਹ ਮੇਰੇ ਬੰਦਿਆਂ ਨੂੰ ਮੁਕਤੀ ਦੇਵੇਗਾ।
ਖੋਰੁਸ ਮੇਰੇ ਬੰਦਿਆਂ ਨੂੰ ਮੈਨੂੰ ਨਹੀਂ ਵੇਚੇਗਾ।
ਉਹ ਮੇਰੇ ਜਲਾਵਤਨੀ ਲੋਕਾਂ ਨੂੰ ਅਜ਼ਾਦ ਕਰ ਦੇਵੇਗਾ
ਅਤੇ ਮੈਨੂੰ ਉਸ ਨੂੰ ਇਹ ਗੱਲਾਂ ਕਰਨ ਲਈ ਅਦਾਇਗੀ ਜਾਂ ਇਨਾਮ ਨਹੀਂ ਦੇਣਾ ਪਵੇਗਾ।”
ਯਹੋਵਾਹ ਸਰਬ-ਸ਼ਕਤੀਮਾਨ ਨੇ ਇਹ ਗੱਲਾਂ ਆਖੀਆਂ ਸਨ।
14 ਯਹੋਵਾਹ ਆਖਦਾ ਹੈ, “ਮਿਸਰ ਤੇ ਇਬੋਪੀਆ ਅਮੀਰ ਹਨ,
ਪਰ ਹੇ ਇਸਰਾਏਲ ਇਹ ਦੌਲਤਾਂ ਤੈਨੂੰ ਮਿਲਣਗੀਆਂ।
ਸੇਬਾ ਦੇ ਲੰਮੇ ਕਦ੍ਦ ਵਾਲੇ ਲੋਕ ਤੇਰੇ ਹੋਣਗੇ,
ਉਹ ਆਪਣੀਆਂ ਗਰਦਨਾਂ ਵਿੱਚ ਪਾਈਆਂ ਹੋਈਆਂ ਜ਼ੰਜ਼ੀਰਾਂ ਸੰਗ ਚੱਲਣਗੇ।
ਉਹ ਤੇਰੇ ਸਾਹਮਣੇ ਝੁਕਣਗੇ
ਅਤੇ ਉਹ ਤੇਰੇ ਸਾਹਮਣੇ ਪ੍ਰਾਰਥਨਾ ਕਰਨਗੇ।”
ਇਸਰਾਏਲ ਪਰਮੇਸ਼ੁਰ ਤੇਰੇ ਨਾਲ ਹੈ।
ਅਤੇ ਇੱਥੇ ਹੋਰ ਕੋਈ ਪਰਮੇਸ਼ੁਰ ਨਹੀਂ।
15 ਹੇ ਪਰਮੇਸ਼ੁਰ, ਤੁਸੀਂ ਹੀ ਉਹ ਪਰਮੇਸ਼ੁਰ ਹੋ ਜਿਸ ਨੂੰ ਲੋਕ ਨਹੀਂ ਦੇਖ ਸੱਕਦੇ।
ਤੁਸੀਂ ਹੀ ਇਸਰਾਏਲ ਦੇ ਰੱਖਿਅਕੱ ਹੋ।
16 ਬਹੁਤੇ ਲੋਕ ਝੂਠੇ ਦੇਵਤੇ ਬਣਾਉਂਦੇ ਨੇ।
ਪਰ ਉਹ ਲੋਕ ਨਿਰਾਸ਼ ਹੋਣਗੇ।
ਉਹ ਸਾਰੇ ਲੋਕ ਸ਼ਰਮਸਾਰ ਹੋਕੇ ਚੱਲੇ ਜਾਣਗੇ।
17 ਪਰ ਯਹੋਵਾਹ ਇਸਰਾਏਲ ਨੂੰ ਬਚਾਵੇਗਾ
ਉਹ ਮੁਕਤੀ ਸਦਾ ਵਾਸਤੇ ਹੋਵੇਗੀ।
ਇਸਰਾਏਲ ਫ਼ੇਰ ਕਦੇ ਵੀ ਸ਼ਰਮਸਾਰ ਨਹੀਂ ਹੋਵੇਗਾ।
18 ਯਹੋਵਾਹ ਪਰਮੇਸ਼ੁਰ ਹੈ।
ਉਸ ਨੇ ਧਰਤੀ ਅਤੇ ਅਕਾਸ਼ਾਂ ਨੂੰ ਸਾਜਿਆ ਸੀ।
ਯਹੋਵਾਹ ਨੇ ਧਰਤੀ ਨੂੰ ਉਸਦੀ ਬਾਵੇਂ ਰੱਖ ਦਿੱਤਾ ਸੀ।
ਯਹੋਵਾਹ ਨੇ ਧਰਤੀ ਨੂੰ ਸੱਖਣਾ ਹੋਣਾ ਨਹੀਂ ਚਾਹਿਆ ਸੀ ਜਦੋਂ ਉਸ ਨੇ ਇਸ ਨੂੰ ਸਾਜਿਆ ਸੀ।
ਉਸ ਨੇ ਇਸ ਨੂੰ ਸਦਾ ਜਿਉਣ ਲਈ ਸਾਜਿਆ ਸੀ।
“ਮੈਂ ਹੀ ਯਹੋਵਾਹ ਹਾਂ,
ਇੱਥੇ ਹੋਰ ਕੋਈ ਪਰਮੇਸ਼ੁਰ ਨਹੀਂ।
19 ਮੈਂ ਗੁਪਰ ਰੂਪ ਵਿੱਚ ਨਹੀਂ ਬੋਲਿਆ ਸੀ।
ਮੈਂ ਗੁਪਤ ਰੂਪ ਵਿੱਚ ਆਖਿਆ ਹੈ।
ਮੈਂ ਖੁਲ੍ਹੇ-ਆਮ ਆਖਿਆ ਹੈ।
ਮੈਂ ਆਪਣੇ ਸ਼ਬਦ, ਦੁਨੀਆਂ ਦੀ ਹਨੇਰੀ ਬਾਵੇਂ ਨਹੀਂ ਛੁਪਾਏ ਸਨ।
ਮੈਂ ਯਾਕੂਬ ਦੇ ਲੋਕਾਂ ਨੂੰ ਨਹੀਂ ਆਖਿਆ ਸੀ ਕਿ
ਉਹ ਮੈਨੂੰ ਖਾਲੀ ਥਾਵਾਂ ਅੰਦਰ ਦੇਖਣ।
ਮੈਂ ਹੀ ਯਹੋਵਾਹ ਹਾਂ, ਅਤੇ ਮੈਂ ਸੱਚ ਬੋਲਦਾ ਹਾਂ।
ਮੈਂ ਉਹੀ ਗੱਲਾਂ ਆਖਦਾ ਹਾਂ, ਜੋ ਸਹੀ ਹਨ।”
ਯਹੋਵਾਹ ਪ੍ਰਮਾਣ ਦਿੰਦਾ ਹੈ ਕਿ ਉਹੀ ਇੱਕੋ ਇੱਕ ਪਰਮੇਸ਼ੁਰ ਹੈ
20 “ਤੁਸੀਂ ਲੋਕ ਹੋਰਨਾਂ ਕੌਮਾਂ ਤੋਂ ਬਚ ਗਏ ਹੋ। ਇਸ ਲਈ ਇਕੱਠੇ ਹੋ ਜਾਓ ਅਤੇ ਮੇਰੇ ਪਾਸ ਆਓ। (ਇਨ੍ਹਾਂ ਲੋਕਾਂ ਨੇ ਝੂਠੇ ਦੇਵਤਿਆਂ ਦੀਆਂ ਮੂਰਤੀਆਂ ਰੱਖੀਆਂ ਹੋਈਆਂ ਹਨ। ਇਹ ਲੋਕ ਉਨ੍ਹਾਂ ਨਿਕੰਮੇ ਦੇਵਤਿਆਂ ਦੀ ਉਪਾਸਨਾ ਕਰਦੇ ਹਨ। ਪਰ ਉਹ ਲੋਕ ਇਹ ਨਹੀਂ ਜਾਣਦੇ ਕਿ ਉਹ ਕੀ ਕਰ ਰਹੇ ਹਨ। 21 ਇਨ੍ਹਾਂ ਲੋਕਾਂ ਨੂੰ ਆਖੋ ਕਿ ਮੇਰੇ ਕੋਲ ਆ ਜਾਣ। ਉਨ੍ਹਾਂ ਨੂੰ ਆਪਣਾ ਪੱਖ ਦੱਸਣ ਦਿਓ ਅਤੇ ਇਨ੍ਹਾਂ ਗੱਲਾਂ ਬਾਰੇ ਬਹਿਸ ਕਰਨ ਦਿਓ।)
“ਬਹੁਤ ਚਿਰ ਪਹਿਲਾਂ ਵਾਪਰੀਆਂ ਗੱਲਾਂ ਬਾਰੇ ਤੁਹਾਨੂੰ ਕਿਸਨੇ ਦੱਸਿਆ? ੱਬਹੁਤ ਚਿਰ ਪਹਿਲਾਂ ਤੋਂ ਤੁਹਾਨੂੰ ਇਹ ਗੱਲਾਂ ਕੌਣ ਦਸਦਾ ਰਿਹਾ ਹੈ? ਮੈਂ, ਯਹੋਵਾਹ ਹੀ, ਉਹ ਹਾਂ ਜਿਸਨੇ ਇਹ ਗੱਲਾਂ ਆਖੀਆਂ। ਮੈਂ ਹੀ ਇੱਕੋ ਹੀ ਇੱਕ ਪਰਮੇਸ਼ੁਰ ਹਾਂ। ਕੀ ਇੱਥੇ ਮੇਰੇ ਵਰਗਾ ਕੋਈ ਹੋਰ ਪਰਮੇਸ਼ੁਰ ਹੈ? ਕੀ ਇੱਥੇ ਕੋਈ ਦੂਸਰਾ ਨੇਕ ਪਰਮੇਸ਼ੁਰ ਹੈ? ਕੀ ਇੱਥੇ ਕੋਈ ਹੋਰ ਪਰਮੇਸ਼ੁਰ ਹੈ ਜਿਹੜਾ ਆਪਣੇ ਬੰਦਿਆਂ ਨੂੰ ਬਚਾਉਂਦਾ ਹੈ? ਨਹੀਂ! ਇੱਥੇ ਕੋਈ ਹੋਰ ਪਰਮੇਸ਼ੁਰ ਨਹੀਂ ਹੈ! 22 ਦੂਰ-ਦੂਰ ਦੇ ਤੁਹਾਨੂੰ ਸਮੂਹ ਲੋਕਾਂ ਨੂੰ ਚਾਹੀਦਾ ਹੈ ਕਿ ਉਨ੍ਹਾਂ ਝੂਠੇ ਦੇਵਤਿਆਂ ਦੇ ਪਿੱਛੇ ਲੱਗਣ ਤੋਂ ਹਟ ਜਾਓ। ਤੁਹਾਨੂੰ ਚਾਹੀਦਾ ਹੈ ਕਿ ਮੇਰੇ ਪਿੱਛੇ ਲੱਗੋ ਅਤੇ ਬਚ ਜਾਓ। ਮੈਂ ਪਰਮੇਸ਼ੁਰ ਹਾਂ। ਇੱਥੇ ਕੋਈ ਹੋਰ ਪਰਮੇਸ਼ੁਰ ਨਹੀਂ ਹੈ। ਮੈਂ ਹੀ ਇੱਕੋ ਇੱਕ ਪਰਮੇਸ਼ੁਰ ਹਾਂ।
23 “ਮੈਂ ਇਹ ਇਕਰਾਰ ਖੁਦ ਆਪਣੀ ਸ਼ਕਤੀ ਨਾਲ ਕਰਦਾ ਹਾਂ। ਅਤੇ ਜਦੋਂ ਮੈਂ ਕੋਈ ਇਕਰਾਰ ਕਰਦਾ ਹਾਂ, ਉਹ ਇਕਰਾਰ ਸੱਚਾ ਹੁੰਦਾ ਹੈ। ਜਿਹੜੀ ਗੱਲ ਦਾ ਮੈਂ ਇਕਰਾਰ ਕਰਦਾ ਹਾਂ ਉਹ ਜ਼ਰੂਰ ਵਾਪਰੇਗੀ: ਅਤੇ ਮੈਂ ਇਕਰਾਰ ਕਰਦਾ ਹਾਂ ਕਿ ਹਰ ਬੰਦਾ ਮੇਰੇ (ਪਰਮੇਸ਼ੁਰ ਦੇ) ਅੱਗੇ ਝੁਕੇਗਾ। ਅਤੇ ਹਰ ਬੰਦਾ ਮੇਰੇ ਪਿੱਛੇ ਲੱਗਣ ਦਾ ਇਕਰਾਰ ਕਰੇਗਾ। 24 ਲੋਕ ਆਖਣਗੇ, ‘ਨੇਕੀ ਅਤੇ ਸ਼ਕਤੀ ਸਿਰਫ਼ ਯਹੋਵਾਹ ਵੱਲੋਂ ਆਉਂਦੀ ਹੈ।’”
ਕੁਝ ਲੋਕ ਯਹੋਵਾਹ ਉੱਤੇ ਨਾਰਾਜ਼ ਹਨ। ਪਰ ਯਹੋਵਾਹ ਦੇ ਗਵਾਹ ਆਉਣਗੇ ਅਤੇ ਉਨ੍ਹਾਂ ਗੱਲਾਂ ਬਾਰੇ ਦੱਸਣਗੇ ਜਿਹੜੀਆਂ ਯਹੋਵਾਹ ਨੇ ਕੀਤੀਆਂ ਹਨ। ਇਸ ਲਈ ਉਹ ਨਾਰਾਜ਼ ਲੋਕ ਸ਼ਰਮਸਾਰ ਹੋ ਜਾਣਗੇ। 25 ਯਹੋਵਾਹ ਇਸਰਾਏਲ ਦੇ ਲੋਕਾਂ ਦੀ ਨੇਕੀ ਕਰਨ ਵਿੱਚ ਸਹਾਇਤਾ ਕਰੇਗਾ, ਅਤੇ ਲੋਕ ਆਪਣੇ ਪਰਮੇਸ਼ੁਰ ਉੱਤੇ ਬਹੁਤ ਮਾਣ ਕਰਨਗੇ।
ਝੂਠੇ ਦੇਵਤੇ ਬੇਕਾਰ ਹਨ
46 ਬੇਲ ਅਤੇ ਨੇਬੋ ਮੇਰੇ ਅੱਗੇ ਝੁਕਣਗੇ। ਉਹ ਝੂਠੇ ਦੇਵਤੇ ਸਿਰਫ਼ ਮੂਰਤੀਆਂ ਹੀ ਹਨ।
“ਲੋਕਾਂ ਨੇ ਉਨ੍ਹਾਂ ਮੂਰਤੀਆਂ ਨੂੰ ਜਾਨਵਰਾਂ ਦੀਆਂ ਪਿੱਠਾ ਉੱਤੇ ਲਦਿਆ ਉਹ ਮੂਰਤੀਆਂ ਸਿਰਫ਼ ਚੁੱਕਣ ਵਾਲਾ ਵੱਡਾ ਭਾਰ ਹਨ। ਝੂਠੇ ਦੇਵਤੇ ਹੋਰ ਕੁਝ ਨਹੀਂ ਕਰਦੇ ਸਿਰਫ਼ ਲੋਕਾਂ ਨੂੰ ਬਕਾਉਂਦੇ ਹਨ। 2 ਉਹ ਸਾਰੇ ਝੂਠੇ ਦੇਵਤੇ ਝੁਕ ਜਾਣਗੇ-ਉਹ ਸਾਰੇ ਹੀ ਡਿੱਗ ਪੈਣਗੇ। ਉਹ ਝੂਠੇ ਦੇਵਤੇ ਬਚ ਕੇ ਨਹੀਂ ਜਾ ਸੱਕਦੇ-ਉਨ੍ਹਾਂ ਸਾਰਿਆਂ ਨੂੰ ਕੈਦੀਆਂ ਵਾਂਗ ਲਿਜਾਇਆ ਜਾਵੇਗਾ।
3 “ਯਾਕੂਬ ਦੇ ਪਰਿਵਾਰ ਵਾਲਿਓ, ਸੁਣੋ ਮੇਰੀ ਗੱਲ! ਇਸਰਾਏਲ ਦੇ ਤੁਸੀਂ ਸਾਰੇ ਲੋਕੋ ਜਿਹੜੇ ਹਾਲੇ ਤੱਕ ਜਿਉਂਦੇ ਹੋ, ਸੁਣੋ! ਮੈਂ ਤੁਹਾਨੂੰ ਚੁੱਕਦਾ ਰਿਹਾ ਹਾਂ। ਮੈਂ ਤੁਹਾਨੂੰ ਉਦੋਂ ਤੋਂ ਚੁੱਕਿਆ ਹੈ ਜਦੋਂ ਤੁਸੀਂ ਆਪਣੀ ਮਾਂ ਦੇ ਗਰਭ ਵਿੱਚ ਸੀ। 4 ਮੈਂ ਤੁਹਾਨੂੰ ਓਦੋਁ ਚੁੱਕਿਆ ਜਦੋਂ ਤੁਸੀਂ ਜੰਮੇ ਸੀ, ਅਤੇ ਮੈਂ ਤੁਹਾਨੂੰ ਉਦੋਂ ਵੀ ਚੁੱਕਾਂਗਾ ਜਦੋਂ ਤੁਸੀਂ ਬੁੱਢੇ ਹੋ ਜਾਵੋਗੇ। ਤੁਹਾਡੇ ਵਾਲ ਸਫ਼ੇਦ ਹੋ ਜਾਣਗੇ, ਅਤੇ ਮੈਂ ਫ਼ੇਰ ਵੀ ਤੁਹਾਨੂੰ ਚੁੱਕਾਂਗਾ, ਕਿਉਂਕਿ ਮੈਂ ਹੀ ਤੁਹਾਨੂੰ ਸਾਜਿਆ ਸੀ। ਮੈਂ ਤੁਹਾਨੂੰ ਚੁੱਕਦਾ ਰਹਾਂਗਾ ਅਤੇ ਮੈਂ ਤੁਹਾਨੂੰ ਬਚਾਵਾਂਗਾ।
5 “ਕੀ ਤੁਸੀਂ ਮੇਰਾ ਮੁਕਾਬਲਾ ਕਿਸੇ ਹੋਰ ਨਾਲ ਕਰ ਸੱਕਦੇ ਹੋ? ਨਹੀਂ! ਕੋਈ ਬੰਦਾ ਮੇਰੇ ਬਰਾਬਰ ਨਹੀਂ ਹੈ। ਮੇਰੇ ਵਰਗਾ ਕੋਈ ਨਹੀਂ। 6 ਕੁਝ ਲੋਕ ਸੋਨੇ ਚਾਂਦੀ ਨਾਲ ਅਮੀਰ ਹੁੰਦੇ ਹਨ। ਸੋਨਾ ਉਨ੍ਹਾਂ ਦੀਆਂ ਬੈਲੀਆਂ ਵਿੱਚੋਂ ਡਿਗਦਾ ਹੈ ਅਤੇ ਉਹ ਆਪਣੀ ਚਾਂਦੀ ਨੂੰ ਤਕੜੀ ਵਿੱਚ ਤੋਂਲਦੇ ਹਨ। ਉਹ ਬੰਦੇ ਕਿਸੇ ਕਲਾਕਾਰ ਨੂੰ ਮੁੱਲ ਤਾਰ ਕੇ ਲਕੜੀ ਦਾ ਝੂਠਾ ਦੇਵਤਾ ਬਣਵਾਉਂਦੇ ਹਨ। ਫ਼ੇਰ ਉਹ ਲੋਕ ਸਿਜਦਾ ਕਰਦੇ ਹਨ ਅਤੇ ਉਸ ਝੂਠੇ ਦੇਵਤੇ ਦੀ ਉਪਾਸਨਾ ਕਰਦੇ ਹਨ। 7 ਉਹ ਲੋਕ ਉਸ ਝੂਠੇ ਦੇਵਤੇ ਨੂੰ ਆਪਣੇ ਮੋਢਿਆਂ ਉੱਤੇ ਚੁਕੱਦੇ ਹਨ। ਉਹ ਝੂਠਾ ਦੇਵਤਾ ਬੇਕਾਰ ਹੈ-ਲੋਕਾਂ ਨੂੰ ਉਸ ਨੂੰ ਚੁੱਕਣਾ ਪੈਂਦਾ ਹੈ! ਲੋਕ ਮੂਰਤੀ ਨੂੰ ਧਰਤੀ ਉੱਤੇ ਸਬਾਪਤ ਕਰਦੇ ਹਨ, ਅਤੇ ਉਹ ਝੂਠਾ ਦੇਵਤਾ ਹਿੱਲ ਨਹੀਂ ਸੱਕਦਾ। ਉਹ ਝੂਠਾ ਦੇਵਤਾ ਕਦੇ ਵੀ ਆਪਣੀ ਥਾਂ ਤੋਂ ਤੁਰਕੇ ਨਹੀਂ ਜਾਂਦਾ। ਲੋਕ ਉਸ ਨੂੰ ਚੀਕਾਂ ਮਾਰ ਕੇ ਬੁਲਾ ਸੱਕਦੇ ਹਨ, ਪਰ ਇਹ ਜਵਾਬ ਨਹੀਂ ਦੇਵੇਗਾ। ਉਹ ਝੂਠਾ ਦੇਵਤਾ ਸਿਰਫ਼ ਇੱਕ ਮੂਰਤੀ ਹੈ-ਇਹ ਲੋਕਾਂ ਨੂੰ ਉਨ੍ਹਾਂ ਦੀਆਂ ਮੁਸੀਬਤਾਂ ਤੋਂ ਨਹੀਂ ਬਚਾ ਸੱਕਦਾ।
8 “ਤੁਸੀਂ ਲੋਕਾਂ ਨੇ ਪਾਪ ਕੀਤਾ ਹੈ। ਤੁਹਾਨੂੰ ਇਨ੍ਹਾਂ ਗੱਲਾਂ ਬਾਰੇ ਫ਼ੇਰ ਸੋਚਣਾ ਚਾਹੀਦਾ ਹੈ। ਇਨ੍ਹਾਂ ਗੱਲਾਂ ਨੂੰ ਚੇਤੇ ਕਰੋ ਅਤੇ ਮਜ਼ਬੂਤ ਬਣੋ। 9 ਉਨ੍ਹਾਂ ਗੱਲਾਂ ਨੂੰ ਚੇਤੇ ਕਰੋ ਜਿਹੜੀਆਂ ਬਹੁਤ ਪਹਿਲਾਂ ਵਾਪਰੀਆਂ ਸਨ। ਚੇਤੇ ਰੱਖੋ ਕਿ ਮੈਂ ਪਰਮੇਸ਼ੁਰ ਹਾਂ। ਇੱਥੇ ਹੋਰ ਕੋਈ ਪਰਮੇਸ਼ੁਰ ਨਹੀਂ ਹੈ। ਉਹ ਝੂਠੇ ਦੇਵਤੇ ਮੇਰੇ ਵਾਂਗ ਨਹੀਂ ਹਨ।
10 “ਆਦਿ ਵਿੱਚ, ਮੈਂ ਤੁਹਾਨੂੰ ਉਨ੍ਹਾਂ ਗੱਲਾਂ ਬਾਰੇ ਦੱਸਿਆ ਸੀ ਜਿਹੜੀਆਂ ਅਖੀਰ ਵਿੱਚ ਵਾਪਰਨਗੀਆਂ। ਬਹੁਤ ਸਮਾਂ ਪਹਿਲਾਂ, ਮੈਂ ਤੁਹਾਨੂੰ ਉਨ੍ਹਾਂ ਗੱਲਾਂ ਬਾਰੇ ਦੱਸਿਆ ਸੀ ਜਿਹੜੀਆਂ ਹਾਲੇ ਨਹੀਂ ਵਾਪਰੀਆਂ ਸਨ। ਜਦੋਂ ਵੀ ਮੈਂ ਕਿਸੇ ਚੀਜ਼ ਦੀ ਯੋਜਨਾ ਬਣਾਉਂਦਾ ਹਾਂ-ਉਹ ਚੀਜ਼ ਵਾਪਰਦੀ ਹੈ। ਮੈਂ ਉਹੀ ਗੱਲਾਂ ਕਰਦਾ ਹਾਂ ਜਿਹੜੀਆਂ ਮੈਂ ਕਰਨੀਆਂ ਚਾਹੁੰਦਾ ਹਾਂ। 11 ਅਤੇ ਮੈਂ ਪੂਰਬ ਵੱਲੋਂ ਇੱਕ ਬੰਦੇ ਨੂੰ ਬੁਲਾ ਰਿਹਾ ਹਾਂ। ਉਹ ਬੰਦਾ ਬਾਜ਼ ਵਰਗਾ ਹੋਵੇਗਾ। ਉਹ ਦੂਰ ਦੁਰਾਡੇ ਦੇਸੋਂ ਆਵੇਗਾ, ਅਤੇ ਉਹ ਉਹੀ ਗੱਲਾਂ ਕਰੇਗਾ ਜਿਹੜੀਆਂ ਮੈਂ ਕਰਨ ਦਾ ਨਿਆਂ ਕਰਾਂਗਾ। ਮੈਂ ਤੁਹਾਨੂੰ ਦੱਸ ਰਿਹਾ ਹਾਂ ਕਿ ਮੈਂ ਇਹ ਕਰਾਂਗਾ, ਅਤੇ ਮੈਂ ਇਹ ਕਰਾਂਗਾ। ਮੈਂ ਉਸ ਨੂੰ ਸਾਜਿਆ ਸੀ, ਅਤੇ ਮੈਂ ਉਸ ਨੂੰ ਲਿਆਵਾਂਗਾ!
12 “ਤੁਹਾਡੇ ਵਿੱਚੋਂ ਕੁਝ ਇਹ ਸੋਚਦੇ ਹੋ ਕਿ ਤੁਹਾਡੇ ਕੋਲ ਬਹੁਤ ਤਾਕਤ ਹੈ-ਪਰ ਤੁਸੀਂ ਨੇਕ ਕੰਮ ਨਹੀਂ ਕਰਦੇ। ਮੇਰੀ ਗੱਲ ਸੁਣੋ! 13 ਮੈਂ ਨੇਕ ਕੰਮ ਕਰਾਂਗਾ। ਛੇਤੀ ਹੀ ਮੈਂ ਆਪਣੇ ਲੋਕਾਂ ਨੂੰ ਬਚਾਵਾਂਗਾ। ਮੈਂ ਸੀਯੋਨ ਨੂੰ ਮੁਕਤੀ ਦਿਵਾਵਾਂਗਾ ਅਤੇ ਆਪਣੇ ਅਦਭੁਤ ਇਸਰਾਏਲ ਨੂੰ ਵੀ।”
ਪਰਮੇਸ਼ੁਰ ਦਾ ਬਾਬਲ ਨੂੰ ਸੰਦੇਸ਼
47 “ਮਿੱਟੀ ਵਿੱਚ ਢਹਿ ਪਵੋ ਤੇ ਓੱਥੇ ਹੀ ਬੈਠੇ ਰਹੋ!
ਬਾਬਲ ਦੀਏ ਕੁਆਰੀੇ ਧੀਏ, ਜ਼ਮੀਨ ਉੱਤੇ ਬੈਠ!
ਹੇ ਕਸਦੀਆਂ ਦੀਏ ਧੀਏ, ਹੁਣ ਸ਼ਹਿਜਾਦੀ ਨਹੀਂ ਹੈ।
ਲੋਕ ਹੋਰ ਵੱਧੇਰੇ ਤੈਨੂੰ ਨਰਮ ਜਾਂ ਨਾਜ਼ੁਕ ਜਵਾਨ ਨਢ੍ਢੀ ਨਹੀਂ ਸਮਝਣਗੇ।
2 ਹੁਣ ਤੈਨੂੰ ਸਖਤ ਮਿਹਨਤ ਕਰਨੀ ਪਵੇਗੀ ਤੈਨੂੰ ਚੱਕੀ ਦੇ ਪੁੜ ਲਿਆਉਣੇ ਪੈਣਗੇ
ਅਤੇ ਆਟਾ ਬਨਾਉਣ ਲਈ ਅਨਾਜ ਪੀਹਣਾ ਪਵੇਗਾ।
ਆਪਣੇ ਚਿਹਰੇ ਦਾ ਨਕਾਬ ਲਾਹ ਦੇ ਅਤੇ ਆਪਣੀ ਕੀਮਤੀ ਪੁਸ਼ਾਕ ਲਾਹ ਦੇ।
ਤੈਨੂੰ ਆਪਣਾ ਦੇਸ਼ ਛੱਡ ਦੇਣਾ ਚਾਹੀਦਾ ਹੈ ਆਪਣੀ ਘੱਗਰੀ ਉੱਥੋਂ ਤੱਕ ਚਕੱ ਕਿ ਲੋਕ ਤੇਰੀਆਂ ਲੱਤਾਂ ਨੂੰ ਦੇਖ ਸੱਕਣ, ਤੇ ਨਦੀਆਂ ਨੂੰ ਪਾਰ ਕਰ ਜਾ।
3 ਲੋਕ ਤੇਰੇ ਗੁਪਤ ਅੰਗਾਂ ਨੂੰ ਦੇਖਣਗੇ
ਅਤੇ ਤੈਨੂੰ ਸ਼ਅਸਾਰ ਕੀਤਾ ਜਾਵੇਗਾ।
ਮੈਂ ਤੇਰੇ ਕੋਲੋਂ ਮੁੱਲ ਅਦਾ ਕਰਾਵਾਂਗਾ, ਜੋ ਵੀ ਮਾੜੇ ਅਮਲ ਤੂੰ ਕੀਤੇ ਨੇ।
ਤੇ ਤੇਰੀ ਸਹਾਇਤਾ ਲਈ ਕੋਈ ਵੀ ਨਹੀਂ ਆਵੇਗਾ।
4 “ਮੇਰੇ ਲੋਕ ਆਖਦੇ ਨੇ, ‘ਪਰਮੇਸ਼ੁਰ ਸਾਨੂੰ ਬਚਾਉਂਦਾ ਹੈ।
ਉਸਦਾ ਨਾਮ ਹੈ: ਸਰਬ-ਸ਼ਕਤੀਮਾਨ ਯਹੋਵਾਹ, ਇਸਰਾਏਲ ਦਾ ਪਵਿੱਤਰ ਪੁਰੱਖ।’”
5 “ਇਸ ਲਈ ਹੇ ਬਾਬਲ, ਇੱਥੇ ਬੈਠ ਅਤੇ ਸ਼ਾਂਤ ਰਹਿ।
ਹੇ ਕਸਦੀਆਂ ਦੀਏ ਧੀਏ, ਅੰਧਕਾਰ ਅੰਦਰ ਚਲੀ ਜਾ।
ਕਿਉਂਕਿ ਹੁਣ ਤੂੰ ‘ਰਾਜਧਾਨੀਆਂ ਦੀ ਰਾਣੀ ਨਹੀਂ ਰਹੇਂਗੀ।’
6 “ਮੈਂ ਆਪਣੇ ਬੰਦਿਆਂ ਉੱਤੇ ਕਹਿਰਵਾਨ ਸਾਂ।
ਉਹ ਮੇਰੇ ਬੰਦੇ ਹਨ, ਪਰ ਮੈਂ ਨਾਰਾਜ਼ ਸਾਂ ਇਸ ਲਈ
ਮੈਂ ਉਨ੍ਹਾਂ ਨੂੰ ਗੈਰ ਜ਼ਰੂਰੀ ਬਣਾ ਦਿੱਤਾ ਸੀ।
ਮੈਂ ਉਨ੍ਹਾਂ ਨੂੰ ਤੇਰੇ ਹਵਾਲੇ ਕਰ ਦਿੱਤਾ ਸੀ ਅਤੇ ਤੂੰ ਉਨ੍ਹਾਂ ਨੂੰ ਸਜ਼ਾ ਦਿੱਤੀ ਸੀ।
ਪਰ ਤੂੰ ਉਨ੍ਹਾਂ ਨੂੰ ਕੋਈ ਦਇਆ ਨਹੀਂ ਦਰਸਾਈ।
ਤੂੰ ਤਾਂ ਬੁਢਿਆਂ ਬੰਦਿਆਂ ਨੂੰ ਵੀ ਸਖਤ ਮਿਹਨਤ ਕਰਨ ਲਾ ਦਿੱਤਾ ਸੀ।
7 ਤੂੰ ਆਖਿਆ ਸੀ, ‘ਮੈਂ ਸਦਾ ਲਈ ਜੀਵਾਂਗੀ, ਮੈਂ ਹਮੇਸ਼ਾ ਮਹਾਰਾਣੀ ਰਹਾਂਗੀ।’
ਤੂੰ ਉਨ੍ਹਾਂ ਮੰਦੀਆਂ ਗੱਲਾਂ ਵੱਲ ਧਿਆਨ ਨਹੀਂ ਦਿੱਤਾ।
ਜਿਹੜੀਆਂ ਤੂੰ ਉਨ੍ਹਾਂ ਲੋਕਾਂ ਨਾਲ ਕੀਤੀਆਂ ਸਨ।
ਤੂੰ ਸੋਚਿਆ ਸੀ ਕਿ ਕੀ ਵਾਪਰੇਗਾ।
8 ਇਸ ਲਈ ਹੁਣ, ‘ਭਲੀ ਸੁਆਣੀੇ’ ਮੇਰੀ ਗੱਲ ਸੁਣ!
ਤੂੰ ਆਪਣੇ-ਆਪ ਨੂੰ ਸੁਰੱਖਿਅਤ ਮਹਿਸੂਸ ਕਰਦੀ ਹੈਂ ਤੇ ਆਖਦੀ ਹੈਂ
‘ਸਿਰਫ਼ ਮੈਂ ਹੀ ਮਹੱਤਵਪੂਰਣ ਵਿਅਕਤੀ ਹਾਂ।
ਹੋਰ ਕੋਈ ਵੀ ਮੇਰੇ ਜਿੰਨਾ ਮਹੱਤਵਪੂਰਣ ਨਹੀਂ।
ਮੈਂ ਕਦੇ ਵੀ ਵਿਧਵਾ ਨਹੀਂ ਹੋਵਾਂਗੀ। ਹਮੇਸ਼ਾ ਹੀ ਮੇਰੇ ਬੱਚੇ ਹੋਣਗੇ।’
9 ਇਹ ਦੋ ਗੱਲਾਂ ਤੇਰੇ ਨਾਲ ਅਚਾਨਕ ਵਾਪਰਨਗੀਆਂ:
ਪਹਿਲਾਂ, ਤੂੰ ਆਪਣੇ ਬੱਚੇ ਗੁਆ ਲਵੇਂਗੀ।
ਤੇ ਫ਼ੇਰ ਤੂੰ ਆਪਣਾ ਪਤੀ ਗੁਆ ਲਵੇਂਗੀ।
ਹਾਂ, ਇਹ ਗੱਲਾਂ ਸੱਚਮੁੱਚ ਤੇਰੇ ਨਾਲ ਵਾਪਰਨਗੀਆਂ।
ਅਤੇ ਤੇਰਾ ਸਾਰਾ ਹੀ ਜਾਦੂ
ਅਤੇ ਤੇਰੇ ਸਾਰੇ ਹੀ ਸ਼ਕਤੀਸ਼ਾਲੀ ਕਰਤੱਬ ਤੈਨੂੰ ਨਹੀਂ ਬਚਾਉਣਗੇ।
10 ਤੂੰ ਮੰਦੀਆਂ ਗੱਲਾਂ ਕਰਦੀ ਹੈਂ ਤੇ ਫ਼ੇਰ ਵੀ ਆਪਣੇ-ਆਪ ਨੂੰ ਸੁਰੱਖਿਅਤ ਮਹਿਸੂਸ ਕਰਦੀ ਹੈਂ,
ਤੂੰ ਦਿਲ ਅੰਦਰ ਸੋਚਦੀ ਹੈਂ, ‘ਕੋਈ ਵੀ ਮੇਰੇ ਮੰਦੇ ਕੰਮਾਂ ਨੂੰ ਨਹੀਂ ਦੇਖਦਾ।’
ਤੂੰ ਸੋਚਦੀ ਹੈਂ ਕਿ ਤੇਰੀ ਸਿਆਣਪ ਅਤੇ ਤੇਰਾ ਗਿਆਨ ਤੈਨੂੰ ਬਚਾ ਲੈਣਗੇ।
ਤੂੰ ਦਿਲ ਅੰਦਰ ਸੋਚਦੀ ਹੈਂ, ‘ਮੈਂ ਹੀ ਇੱਕੋ-ਇੱਕ ਹਾਂ।
ਤੇਰੇ ਜਿਹਾ ਕੋਈ ਦੂਸਰਾ ਮਹੱਤਵਪੂਰਣ ਨਹੀਂ।’
11 “ਪਰ ਤੇਰੇ ਉੱਤੇ ਮੁਸੀਬਤਾਂ ਪੈਣਗੀਆਂ।
ਤੂੰ ਜਾਣਦੀ ਨਹੀਂ, ਕਦੋਂ ਵਾਪਰੇਗਾ ਪਰ ਘੋਰ ਸੰਕਟ ਆ ਰਿਹਾ ਹੈ।
ਤੂੰ ਇਨ੍ਹਾਂ ਮੁਸੀਬਤਾਂ ਨੂੰ ਰੋਕਣ ਲਈ ਕੁਝ ਵੀ ਨਹੀਂ ਕਰ ਸੱਕੇਂਗੀ।
ਤੂੰ ਇੰਨੀ ਛੇਤੀ ਤਬਾਹ ਹੋ ਜਾਵੇਂਗੀ ਕਿ ਤੈਨੂੰ ਪਤਾ ਵੀ ਨਹੀਂ ਚੱਲੇਗਾ ਕਿ ਕੀ ਵਾਪਰਿਆ ਹੈ!
12 ਤੂੰ ਜਾਦੂ-ਟੂਣਿਆਂ ਨੂੰ ਸਿੱਖਣ ਲਈ ਸਾਰੀ ਜ਼ਿੰਦਗੀ
ਸਖਤ ਮਿਹਨਤ ਕੀਤੀ ਸੀ।
ਇਸ ਲਈ, ਹੁਣ ਆਪਣੇ ਜਾਦੂ-ਟੂਣਿਆਂ ਦੀ ਵਰਤੋਂ ਕਰ।
ਸ਼ਇਦ ਉਹ ਤੇਰੀ ਸਹਾਇਤਾ ਕਰ ਸੱਕਣ,
ਸ਼ਾਇਦ ਤੂੰ ਕਿਸੇ ਨੂੰ ਭੈਭੀਤ ਕਰ ਸੱਕੇਁ।
13 ਤੇਰੇ ਸਲਾਹਕਾਰ ਬਹੁਤ-ਬਹੁਤ ਹਨ।
ਕੀ ਤੂੰ ਉਨ੍ਹਾਂ ਦੀਆਂ ਦਿੱਤੀਆਂ ਸਲਾਹਾਂ ਤੋਂ ਬਕੱ ਗਈ ਹੈਂ?
ਤਾਂ ਫ਼ੇਰ ਆਪਣੇ ਬੰਦਿਆਂ ਨੂੰ ਭੇਜ ਜੋ ਤਾਰਿਆਂ ਦਾ ਹਿਸਾਬ ਲਾਉਂਦੇ ਨੇ।
ਉਹ ਦੱਸ ਸੱਕਦੇ ਨੇ ਕਿ ਮਹੀਨਾ ਕਦੋਂ ਸ਼ੁਰੂ ਹੁੰਦਾ ਹੈ।
ਇਸ ਲਈ ਸ਼ਾਇਦ ਉਹ ਦੱਸ ਸੱਕਣ ਕਦੋਂ ਤੇਰੀਆਂ ਮੁਸੀਬਤਾਂ ਆਉਣਗੀਆਂ।
14 ਪਰ ਉਹ ਬੰਦੇ ਆਪਣੇ-ਆਪ ਨੂੰ ਵੀ ਬਚਾਉਣ ਦੇ ਯੋਗ ਨਹੀਂ ਹੋਣਗੇ।
ਉਹ ਤੂੜੀ ਵਾਂਗ ਹੋਣਗੇ।
ਉਹ ਇੰਨੀ ਤੇਜ਼ੀ ਨਾਲ ਬਲਣਗੇ ਕਿ ਓੱਥੇ ਕੋਲੇ ਵੀ ਨਹੀਂ ਬਚਣਗੇ।
ਓੱਥੇ ਸੇਕਣ ਲਈ ਅੱਗ ਵੀ ਨਹੀਂ ਬਚੀ ਰਹੇਗੀ।
15 ਹਰ ਉਸ ਚੀਜ਼ ਨਾਲ ਇਹੀ ਕੁਝ ਵਾਪਰੇਗਾ ਜਿਸ ਲਈ ਤੂੰ ਇੰਨੀ ਸਖਤ ਮਿਹਨਤ ਕੀਤੀ ਸੀ।
ਉਹ ਲੋਕ ਜਿਨ੍ਹਾਂ ਨਾਲ ਤੂੰ ਵਪਾਰ ਕੀਤਾ ਸੀ ਸਾਰੀ ਉਮਰ ਤੈਨੂੰ ਛੱਡ ਜਾਣਗੇ।
ਹਰ ਬੰਦਾ ਆਪਣੇ ਰਾਹ ਚੱਲਾ ਜਾਵੇਗਾ।
ਤੇ ਤੈਨੂੰ ਬਚਾਉਣ ਲਈ ਕੋਈ ਵੀ ਬਾਕੀ ਨਹੀਂ ਰਹੇਗਾ।”
ਪਰਮੇਸ਼ੁਰ ਆਪਣੀ ਦੁਨੀਆਂ ਉੱਤੇ ਹਕੂਮਤ ਕਰਦਾ ਹੈ
48 ਯਹੋਵਾਹ ਆਖਦਾ ਹੈ, “ਯਾਕੂਬ ਦੇ ਪਰਿਵਾਰ ਵਾਲਿਓ, ਮੇਰੀ ਗੱਲ ਸੁਣੋ!
ਤੁਸੀਂ ਲੋਕ ਆਪਣੇ-ਆਪ ਨੂੰ ‘ਇਸਰਾਏਲ’ ਅਖਵਾਉਂਦੇ ਹੋ।
ਤੁਸੀਂ ਯਹੂਦਾਹ ਦੇ ਪਰਿਵਾਰ ਵਿੱਚ ਜਨਮ ਲਿਆ ਹੈ।
ਤੁਸੀਂ ਇਕਰਾਰ ਕਰਨ ਲਈ ਯਹੋਵਾਹ ਦਾ ਨਾਮ ਵਰਤਦੇ ਹੋ।
ਤੁਸੀਂ ਇਸਰਾਏਲ ਦੇ ਪਰਮੇਸ਼ੁਰ ਦੀ ਉਸਤਤ ਕਰਦੇ ਹੋ।
ਪਰ ਇਮਾਨਦਾਰ ਤੇ ਸੁਹਿਰਦ ਨਹੀਂ ਹੁੰਦੇ ਤੁਸੀਂ, ਜਦੋਂ ਤੁਸੀਂ ਇਹ ਗੱਲਾਂ ਕਰਦੇ ਹੋ।”
2 “ਹਾਂ, ਉਹ ਪਵਿੱਤਰ ਸ਼ਹਿਰ ਦੇ ਨਾਗਰਿਕ ਹਨ।
ਉਹ ਇਸਰਾਏਲ ਦੇ ਪਰਮੇਸ਼ੁਰ ਉੱਤੇ ਨਿਰਭਰ ਕਰਦੇ ਨੇ।
ਉਸਦਾ ਨਾਮ ਸਰਬ-ਸ਼ਕਤੀਮਾਨ ਯਹੋਵਾਹ ਹੈ।
3 “ਮੈਂ ਉਨ੍ਹਾਂ ਗੱਲਾਂ ਬਾਰੇ ਤੁਹਾਨੂੰ ਬਹੁਤ ਪਹਿਲਾਂ ਦੱਸਿਆ ਸੀ ਜਿਹੜੀਆਂ ਵਾਪਰਨਗੀਆਂ।
ਮੈਂ ਤੁਹਾਨੂੰ ਉਨ੍ਹਾਂ ਗੱਲਾਂ ਬਾਰੇ ਦੱਸਿਆ ਸੀ।
ਤੇ ਫ਼ੇਰ ਅਚਾਨਕ, ਮੈਂ ਉਨ੍ਹਾਂ ਨੂੰ ਵਾਪਰਨ ਦਿੱਤਾ।
4 ਮੈਂ ਇਹ ਇਸ ਲਈ ਕੀਤਾ ਕਿਉਂਕਿ ਮੈਂ ਜਾਣਦਾ ਸਾਂ ਕਿ ਤੁਸੀਂ ਬਹੁਤ ਜ਼ਿੱਦੀ ਹੋ।
ਲੋਹੇ ਵਾਂਗਰਾਂ, ਜਿਹੜਾ ਮੁੜ ਨਹੀਂ ਸੱਕਦਾ ਅਤੇ ਤਾਂਬੇ ਵਾਂਗਰਾਂ ਸਖਤ ਸੀ।
5 ਇਸ ਲਈ, ਬਹੁਤ ਸਮਾਂ ਪਹਿਲਾਂ ਦੱਸਿਆ ਸੀ ਮੈਂ ਤੁਹਾਨੂੰ ਕਿ ਵਾਪਰੇਗਾ ਕੀ।
ਮੈਂ ਤੁਹਾਨੂੰ ਉਨ੍ਹਾਂ ਗੱਲਾਂ ਦੇ ਵਾਪਰਨ ਤੋਂ ਬਹੁਤ ਪਹਿਲਾਂ ਹੀ ਉਨ੍ਹਾਂ ਬਾਰੇ ਦੱਸ ਦਿੱਤਾ ਸੀ ਤਾਂ
ਜੋ ਤੁਸੀਂ ਇਹ ਨਾ ਆਖ ਸੱਕੋਁ,
‘ਸਾਡੇ ਦੇਵਤਿਆਂ ਨੇ ਅਜਿਹਾ ਕੀਤਾ?
ਸਡੀਆਂ ਮੂਰਤੀਆਂ ਅਤੇ ਸਾਡੇ ਬੁੱਤਾਂ ਨੇ ਇਹ ਸਭ ਗੱਲਾਂ ਕੀਤੀਆਂ ਹਨ।’”
ਪਰਮੇਸ਼ੁਰ ਇਸਰਾਏਲ ਨੂੰ ਸ਼ੁੱਧ ਕਰਨ ਲਈ ਉਸ ਨੂੰ ਸਜ਼ਾ ਦਿੰਦਾ ਹੈ
6 “ਤੁਸੀਂ ਦੇਖਿਆ ਤੇ ਸੁਣਿਆ ਜੋ ਵੀ ਵਾਪਰਿਆ।
ਇਸ ਲਈ ਤੁਹਾਨੂੰ ਇਹ ਖਬਰ ਹੋਰਨਾਂ ਨੂੰ ਦੱਸਣੀ ਚਾਹੀਦੀ ਹੈ।
ਹੁਣ ਮੈਂ ਤੁਹਾਨੂੰ ਨਵੀਆਂ ਗੱਲਾਂ ਬਾਰੇ ਦੱਸਾਂਗਾ
ਉਹ ਗੱਲਾਂ, ਜਿਹੜੀਆਂ ਤੁਸੀਂ ਹਾਲੇ ਤੱਕ ਨਹੀਂ ਜਾਣਦੇ।
7 ਇਹ ਉਹ ਗੱਲਾਂ ਨਹੀਂ ਹਨ ਜਿਹੜੀਆਂ ਬਹੁਤ ਪਹਿਲਾਂ ਵਾਪਰੀਆਂ ਸਨ।
ਇਹ ਉਹ ਗੱਲਾਂ ਹਨ ਜਿਹੜੀਆਂ ਹੁਣ ਵਾਪਰ ਰਹੀਆਂ ਹਨ।
ਅੱਜ ਤੋਂ ਪਹਿਲਾਂ ਤੁਸੀਂ ਇਨ੍ਹਾਂ ਗੱਲਾਂ ਬਾਰੇ ਨਹੀਂ ਸੁਣਿਆ।
ਇਸ ਲਈ ਤੁਸੀਂ ਨਹੀਂ ਆਖ ਸੱਕਦੇ, ‘ਅਸੀਂ ਪਹਿਲਾਂ ਹੀ ਜਾਣਦੇ ਸਾਂ।’
8 ਪਰ ਫ਼ੇਰ ਵੀ ਤੁਸੀਂ ਮੇਰੀ ਗੱਲ ਧਿਆਨ ਨਾਲ ਨਹੀਂ ਸੁਣੀ!
ਤੁਸੀਂ ਕੋਈ ਵੀ ਗੱਲ ਨਹੀਂ ਸਿੱਖੀ!
ਤੁਸੀਂ ਉਸ ਨੂੰ ਸੁਣਨ ਤੋਂ ਇਨਕਾਰ ਕੀਤਾ ਜੋ ਵੀ ਮੈਂ ਆਖਿਆ।
ਮੈਂ ਆਦਿ ਤੋਂ ਹੀ ਜਾਣਦਾ ਹਾਂ ਕਿ ਤੁਸੀਂ ਮੇਰੇ ਖਿਲਾਫ਼ ਹੋ ਜਾਵੋਂਗੇ।
ਤੁਸੀਂ ਆਪਣੇ ਜੰਮਣ ਸਮੇਂ ਤੋਂ ਹੀ ਮੇਰੇ ਖਿਲਾਫ਼ ਵਿਦਰੋਹ ਕੀਤਾ ਹੈ।
9 “ਪਰ ਮੈਂ ਧੀਰਜ ਰੱਖਾਂਗਾ ਅਜਿਹਾ
ਮੈਂ ਆਪਣੇ ਵਾਸਤੇ ਕਰਾਂਗਾ।
ਲੋਕ ਮੇਰੀ ਕਹਿਰਵਾਨ ਨਾ ਹੋਣ ਅਤੇ ਤੁਹਾਨੂੰ ਤਬਾਹ ਨਾ ਕਰਨ ਲਈ ਮੇਰੀ ਉਸਤਤ ਕਰਨਗੇ।
ਇੰਤਜ਼ਾਰ ਕਰਨ ਲਈ ਤੁਸੀਂ ਮੇਰੀ ਉਸਤਤ ਕਰੋਂਗੇ।
10 “ਦੇਖੋ, ਮੈਂ ਤੁਹਾਨੂੰ ਸ਼ੁੱਧ ਕਰ ਦਿਆਂਗਾ।
ਲੋਕ ਚਾਂਦੀ ਨੂੰ ਸ਼ੁੱਧ ਕਰਨ ਲਈ ਅੱਗ ਦੀ ਲਾਟ ਦਾ ਇਸਤੇਮਾਲ ਕਰਦੇ ਨੇ।
ਪਰ ਮੈਂ ਤੁਹਾਨੂੰ ਮੁਸੀਬਤਾਂ ਦੇਕੇ ਤੁਹਾਨੂੰ ਸ਼ੁੱਧ ਕਰਾਂਗਾ।
11 ਅਜਿਹਾ ਮੈਂ ਆਪਣੇ ਵਾਸਤੇ ਕਰਾਂਗਾ-ਆਪਣੇ ਲਈ!
ਤੁਸੀਂ ਮੇਰੇ ਨਾਲ ਇੰਝ ਸਲੂਕ ਨਹੀਂ ਕਰੋਂਗੇ ਜਿਵੇਂ ਮੈਂ ਮਹੱਤਵਪੂਰਣ ਨਹੀਂ ਹਾਂ!
ਮੈਂ ਆਪਣਾ ਪਰਤਾਪ ਅਤੇ ਉਸਤਤ ਕਿਸੇ ਝੂਠੇ ਦੇਵਤੇ ਨੂੰ ਨਹੀਂ ਲੈਣ ਦੇਵਾਂਗਾ।
12 “ਯਾਕੂਬ, ਮੇਰੀ ਗੱਲ ਸੁਣ!
ਇਸਰਾਏਲ, ਮੈਂ ਤੈਨੂੰ ਆਪਣੇ ਬੰਦਿਆਂ ਦੇ ਤੌਰ ਤੇ ਬੁਲਾਇਆ ਸੀ।
ਇਸ ਲਈ ਸੁਣੋ ਮੇਰੀ ਗੱਲ।
ਮੈਂ ਹਾਂ ਆਦਿ!
ਅਤੇ ਮੈਂ ਹੀ ਅੰਤ ਹਾਂ!
13 ਮੈਂ ਆਪਣੇ ਹੱਥੀਂ ਧਰਤੀ ਸਾਜੀ ਸੀ।
ਮੇਰੇ ਸੱਜੇ ਹੱਥ ਨੇ ਅਕਾਸ਼ ਨੂੰ ਸਾਜਿਆ ਸੀ।
ਤੇ ਜੇ ਮੈਂ ਉਨ੍ਹਾਂ ਨੂੰ ਬੁਲਾਵਾਂਗਾ,
ਉਹ ਇਕੱਠੇ ਹੋਕੇ ਮੇਰੇ ਸਾਹਮਣੇ ਆ ਜਾਣਗੇ।
14 “ਤੁਸੀਂ ਸਾਰੇ ਹੀ, ਇੱਥੇ ਆਵੋ ਤੇ ਮੇਰੀ ਗੱਲ ਨੂੰ ਸੁਣੋ!
ਕੀ ਕਿਸੇ ਇੱਕ ਵੀ ਝੂਠੇ ਦੇਵਤੇ ਨੇ ਆਖਿਆ ਸੀ ਕਿ ਇਹ ਗੱਲਾਂ ਵਾਪਰਨਗੀਆਂ? ਨਹੀਂ!”
ਉਹ ਬੰਦਾ ਜਿਸ ਨੂੰ ਯਹੋਵਾਹ ਨੇ ਚੁਣਿਆ ਹੈ ਉਹੀ ਕੁਝ ਕਰੇਗਾ,
ਜੋ ਉਹ ਬਾਬਲ ਅਤੇ ਕਸਦੀਆਂ ਨਾਲ ਕਰਨਾ ਚਾਹੁੰਦਾ ਹੈ।”
15 ਯਹੋਵਾਹ ਆਖਦਾ ਹੈ, “ਮੈਂ ਤੁਹਾਨੂੰ ਦੱਸਿਆ ਸੀ ਕਿ ਮੈਂ ਤੁਹਾਨੂੰ ਬੁਲਾਵਾਂਗਾ।
ਅਤੇ ਮੈਂ ਉਸ ਨੂੰ ਲਿਆਵਾਂਗਾ।
ਮੈਂ ਉਸ ਨੂੰ ਸਫ਼ਲ ਬਣਾਵਾਂਗਾ!
16 ਇੱਥੇ ਆ ਤੇ ਮੇਰੀ ਗੱਲ ਸੁਣ!
ਮੈਂ ਓੱਥੇ ਹੀ ਸਾਂ ਜਦੋਂ ਬਾਬਲ ਦਾ ਜਨਮ ਇੱਕ ਕੌਮ ਵਜੋਂ ਹੋਇਆ।
ਤੇ ਆਦਿ ਤੋਂ ਹੀ, ਮੈਂ ਸਾਫ਼ ਤੌਰ ਤੇ ਆਖਿਆ ਸੀ ਤਾਂ
ਜੋ ਲੋਕ ਜਾਣ ਸੱਕਣ ਕਿ ਮੈਂ ਕੀ ਆਖਿਆ ਸੀ।”
ਫ਼ੇਰ ਯਸਾਯਾਹ ਨੇ ਆਖਿਆ, “ਹੁਣ, ਮੇਰਾ ਪ੍ਰਭੂ ਯਹੋਵਾਹ, ਮੈਨੂੰ ਅਤੇ ਉਸ ਦੇ ਆਤਮੇ ਨੂੰ, ਤੁਹਾਨੂੰ ਇਹ ਗੱਲਾਂ ਦੱਸਣ ਲਈ ਭੇਜਦਾ ਹੈ। 17 ਯਹੋਵਾਹ, ਮੁਕਤੀਦਾਤਾ, ਇਸਰਾਏਲ ਦਾ ਪਵਿੱਤਰ ਪੁਰੱਖ, ਆਖਦਾ ਹੈ,
“ਮੈਂ ਤੁਹਾਡਾ ਯਹੋਵਾਹ ਪਰਮੇਸ਼ੁਰ ਹਾਂ।
ਮੈਂ ਤੁਹਾਨੂੰ ਉਹ ਗੱਲਾਂ ਸਿੱਖਾਉਂਦਾ ਹਾਂ, ਜਿਹੜੀਆਂ ਸਹਾਇਕ ਹਨ।
ਮੈਂ ਓਸ ਰਾਹ ਉੱਤੇ ਤੁਹਾਡੀ ਅਗਵਾਈ ਕਰਦਾ ਹਾਂ ਜਿੱਥੇ ਤੁਹਾਨੂੰ ਜਾਣਾ ਚਾਹੀਦਾ ਹੈ।
18 ਜੇ ਤੁਸੀਂ ਮੇਰੀ ਗੱਲ ਮੰਨੀ ਹੁੰਦੀ,
ਤਾਂ ਅਮਨ ਤੁਹਾਡੇ ਵੱਲ ਆ ਜਾਂਦਾ ਜਿਵੇਂ ਭਰੀ ਹੋਈ ਨਦੀ ਵਗਦੀ ਹੈ।
ਸ਼ੁਭ ਗੱਲਾਂ ਤੁਹਾਡੇ ਵੱਲ ਬਾਰ-ਬਾਰ ਆਉਂਦੀਆਂ
ਜਿਵੇਂ ਸਮੁੰਦਰ ਦੀਆਂ ਲਹਿਰਾਂ।
19 ਜੇ ਤੁਸੀਂ ਮੇਰੀ ਗਲ ਮੰਨੀ ਹੁੰਦੀ,
ਤਾਂ ਤੁਹਾਡੇ ਬਹੁਤ ਬੱਚੇ ਹੁੰਦੇ।
ਉਹ ਰੇਤ ਦੇ ਅਨੇਕਾਂ ਕਣਾਂ ਜਿੰਨੇ ਹੁੰਦੇ।
ਜੇ ਤੁਸੀਂ ਮੇਰੀ ਗੱਲ ਮੰਨੀ ਹੁੰਦੀ ਤਾਂ ਤੁਸੀਂ ਤਬਾਹ ਨਹੀਂ ਹੁੰਦੇ।
ਤੁਸੀਂ ਮੇਰੇ ਸੰਗ ਜਿਉਂਦੇ ਰਹਿੰਦੇ।”
20 ਮੇਰੇ ਬੰਦਿਓ, ਬਾਬਲ ਨੂੰ ਛੱਡ ਦਿਓ!
ਮੇਰੇ ਲੋਕੋ, ਕਸਦ ਤੋਂ ਨੱਸ ਜਾਵੋ!
ਇਹ ਖਬਰ ਦੂਰ-ਦੂਰ ਤਾਈਂ ਧਰਤੀ ਉੱਤੇ ਫ਼ੈਲਾ ਦੇਵੋ।
ਲੋਕਾਂ ਨੂੰ ਦੱਸ ਦਿਓ, “ਯਹੋਵਾਹ ਨੇ ਆਪਣੇ ਸੇਵਕ, ਯਾਕੁੂਬ ਨੂੰ ਬਚਾ ਲਿਆ!
21 ਯਹੋਵਾਹ ਨੇ ਆਪਣੇ ਲੋਕਾਂ ਦੀ ਅਗਵਾਈ ਮਾਰੂਬਲ ਅੰਦਰ ਕੀਤੀ ਅਤੇ ਉਨ੍ਹਾਂ ਨੂੰ ਕਦੇ ਪਿਆਸ ਨਹੀਂ ਲਗੀ।
ਕਿਉਂ ਕਿ ਉਸ ਨੇ ਆਪਣੇ ਲੋਕਾਂ ਲਈ ਚੱਟਾਨ ਵਿੱਚੋਂ ਪਾਣੀ ਪੈਦਾ ਕੀਤਾ!
ਉਸ ਨੇ ਚੱਟਾਨ ਤੋੜ ਦਿੱਤੀ,
ਤੇ ਪਾਣੀ ਬਾਹਰ ਵੱਲ ਵਗ ਪਿਆ!”
22 ਪਰ ਯਹੋਵਾਹ ਨੇ ਇਹ ਵੀ ਆਖਿਆ,
“ਬਦ ਲੋਕਾਂ ਲਈਁ ਸ਼ਾਂਤੀ ਨਹੀਂ ਹਂਦੀ।”
2010 by World Bible Translation Center