Beginning
ਇਸਰਾਏਲ ਨੂੰ ਪਰਮੇਸ਼ੁਰ ਦੀ ਸ਼ਕਤੀ ਉੱਤੇ ਨਿਰਭਰ ਕਰਨਾ ਚਾਹੀਦਾ ਹੈ
31 ਸਹਾਇਤਾ ਲਈ ਮਿਸਰ ਵੱਲ ਜਾਂਦੇ ਲੋਕਾਂ ਨੂੰ ਦੇਖੋ। ਲੋਕ ਘੋੜੇ ਮੰਗਦੇ ਹਨ। ਉਹ ਸੋਚਦੇ ਨੇ ਕਿ ਘੋੜੇ ਉਨ੍ਹਾਂ ਨੂੰ ਬਚਾ ਲੈਣਗੇ। ਲੋਕਾਂ ਨੂੰ ਉਮੀਦ ਹੈ ਕਿ ਮਿਸਰ ਦੇ ਰੱਥ ਅਤੇ ਘੋੜਸਵਾਰ ਫ਼ੌਜੀ ਉਨ੍ਹਾਂ ਦੀ ਰਾਖੀ ਕਰਨਗੇ। ਲੋਕ ਸੋਚਦੇ ਹਨ ਕਿ ਉਹ ਸੁਰੱਖਿਅਤ ਹਨ ਕਿਉਂ ਕਿ ਉਹ ਫ਼ੌਜ ਬਹੁਤ ਵੱਡੀ ਹੈ। ਲੋਕ ਇਸਰਾਏਲ ਦੇ ਪਵਿੱਤਰ ਪੁਰੱਖ (ਪਰਮੇਸ਼ੁਰ) ਉੱਤੇ ਭਰੋਸਾ ਨਹੀਂ ਕਰਦੇ। ਲੋਕ ਯਹੋਵਾਹ ਪਾਸੋਂ ਸਹਾਇਤਾ ਨਹੀਂ ਮੰਗਦੇ। 2 ਪਰ, ਇਹ ਯਹੋਵਾਹ ਹੀ ਹੈ ਜੋ ਸਿਆਣਾ ਹੈ। ਅਤੇ ਇਹ ਯਹੋਵਾਹ ਹੀ ਹੈ ਜਿਹੜਾ ਉਨ੍ਹਾਂ ਦੇ ਵਿਰੁੱਧ ਮੁਸੀਬਤ ਲੈ ਕੇ ਆਵੇਗਾ। ਲੋਕ ਯਹੋਵਾਹ ਦੇ ਆਦੇਸ਼ ਨੂੰ ਬਦਲਣ ਦੇ ਕਾਬਲ ਨਹੀਂ ਹੋਣਗੇ। ਯਹੋਵਾਹ ਉੱਠ ਕੇ ਬਦ ਲੋਕਾਂ ਦੇ ਖਿਲਾਫ਼ ਅਤੇ ਉਨ੍ਹਾਂ ਦੁਸ਼ਟ ਲੋਕਾਂ ਦੇ ਖਿਲਾਫ਼ ਲੜੇਗਾ ਜੋ ਉਨ੍ਹਾਂ ਦੀ ਮਦਦ ਲਰਨ ਦੀ ਕੋਸ਼ਿਸ਼ ਕਰਦੇ ਹਨ।
3 ਮਿਸਰ ਦੇ ਲੋਕ ਤਾਂ ਸਿਰਫ਼ ਇਨਸਾਨ ਹਨ-ਪਰਮੇਸ਼ੁਰ ਨਹੀਂ। ਮਿਸਰ ਦੇ ਘੋੜੇ ਸਿਰਫ਼ ਜਾਨਵਰ ਹਨ-ਆਤਮਾ ਨਹੀਂ। ਯਹੋਵਾਹ ਆਪਣਾ ਬਾਜ਼ੂ ਫ਼ੈਲਾਵੇਗਾ ਅਤੇ ਸਹਾਇਕ (ਮਿਸਰ) ਹਰਾ ਦਿੱਤਾ ਜਾਵੇਗਾ। ਅਤੇ ਉਹ ਲੋਕ ਜਿਹੜੇ ਸਹਾਇਤਾ ਚਾਹੁੰਦੇ ਸਨ (ਯਹੂਦਾਹ) ਢਹਿ ਪੈਣਗੇ। ਉਹ ਸਾਰੇ ਲੋਕ ਇਕੱਠੇ ਹੀ ਤਬਾਹ ਹੋ ਜਾਣਗੇ।
4 ਯਹੋਵਾਹ ਨੇ ਮੈਨੂੰ ਦੱਸਿਆ, “ਜਦੋਂ ਕੋਈ ਸ਼ੇਰ ਜਾਂ ਸ਼ੇਰ ਦਾ ਬੱਚਾ ਕਿਸੇ ਜਾਨਵਰ ਨੂੰ ਖਾਣ ਲਈ ਫੜਦਾ ਹੈ ਤਾਂ ਸ਼ੇਰ ਮਰੇ ਹੋਏ ਜਾਨਵਰ ਉੱਤੇ ਖੜ੍ਹਾ ਹੋ ਜਾਂਦਾ ਹੈ ਅਤੇ ਗਰਜਦਾ ਹੈ। ਉਸ ਸਮੇਂ ਕੋਈ ਵੀ ਚੀਜ਼ ਉਸ ਮਹਾਨ ਸ਼ੇਰ ਨੂੰ ਭੈਭੀਤ ਨਹੀਂ ਕਰ ਸੱਕਦੀ। ਜੇ ਬੰਦੇ ਆ ਕੇ ਸ਼ੇਰ ਉੱਤੇ ਚੀਖਦੇ ਹਨ ਤਾਂ ਵੀ ਸ਼ੇਰ ਨਹੀਂ ਡਰਦਾ। ਲੋਕ ਭਾਵੇਂ ਬਹੁਤ ਵੱਡਾ ਸ਼ੋਰ ਮਚਾਉਣ ਪਰ ਸ਼ੇਰ ਨਹੀਂ ਭੱਜੇਗਾ।”
ਓਸ ਤਰ੍ਹਾਂ, ਸਰਬ ਸ਼ਕਤੀਮਾਨ ਯਹੋਵਾਹ ਸੀਯੋਨ ਪਰਬਤ ਉੱਤੇ ਉਤਰੇਗਾ। ਯਹੋਵਾਹ ਉਸ ਪਹਾੜੀ ਉੱਤੇ ਲੜੇਗਾ। 5 ਸਰਬ ਸ਼ਕਤੀਮਾਨ ਯਹੋਵਾਹ ਯਰੂਸ਼ਲਮ ਦੀ ਰੱਖਿਆ ਕਰੇਗਾ ਜਿਵੇਂ ਪੰਛੀ ਆਪਣੇ ਆਲ੍ਹਣਿਆਂ ਉੱਤੇ ਉੱਡਦੇ ਹਨ। ਯਹੋਵਾਹ ਉਸ ਨੂੰ ਬਚਾ ਲਵੇਗਾ। ਯਹੋਵਾਹ ਉੱਥੋਂ ਗੁਜ਼ਰ ਜਾਵੇਗਾ ਅਤੇ ਯਰੂਸ਼ਲਮ ਨੂੰ ਬਚਾ ਲਵੇਗਾ।
6 ਇਸਰਾਏਲ ਦੇ ਬਚਿਓ, ਤੁਸੀਂ ਪਰਮੇਸ਼ੁਰ ਦੇ ਵਿਰੁੱਧ ਹੋ ਗਏ ਸੀ। ਤੁਹਾਨੂੰ ਪਰਮੇਸ਼ੁਰ ਵੱਲ ਵਾਪਸ ਪਰਤ ਆਉਣਾ ਚਾਹੀਦਾ ਹੈ। 7 ਫ਼ੇਰ ਲੋਕ ਉਨ੍ਹਾਂ ਸੋਨੇ ਚਾਂਦੀ ਦੀਆਂ ਮੂਰਤੀਆਂ ਦੀ ਉਪਾਸਨਾ ਕਰਨੀ ਛੱਡ ਦੇਣਗੇ ਜਿਹੜੀਆਂ ਤੁਸੀਂ ਬਣਾਈਆਂ ਸਨ। ਤੁਸੀਂ ਸੱਚਮੁੱਚ ਉਦੋਂ ਪਾਪ ਕੀਤਾ ਸੀ ਜਦੋਂ ਤੁਸੀਂ ਉਹ ਮੂਰਤੀਆਂ ਬਣਾਈਆਂ ਸਨ।
8 ਇਹ ਸੱਚ ਹੈ ਕਿ ਅੱਸ਼ੂਰ ਨੂੰ ਤਲਵਾਰ ਨਾਲ ਹਰਾ ਦਿੱਤਾ ਜਾਵੇਗਾ। ਪਰ ਉਹ ਤਲਵਾਰ ਕਿਸੇ ਇਨਸ਼ਾਨ ਦੀ ਤਲਵਾਰ ਨਹੀਂ ਹੋਵੇਗੀ। ਅੱਸ਼ੂਰ ਪਰਮੇਸ਼ੁਰ ਦੀ ਤਲਵਾਰ ਕੋਲੋਂ ਭੱਜੇਗਾ। ਪਰ ਨੌਜਵਾਨ ਬੰਦੇ ਫ਼ੜ ਲੇ ਜਾਣਗੇ ਅਤੇ ਗੁਲਾਮ ਬਣਾ ਲੇ ਜਾਣਗੇ। 9 ਉਨ੍ਹਾਂ ਦਾ ਸੁਰੱਖਿਅਤ ਟਿਕਾਣਾ ਤਬਾਹ ਕਰ ਦਿੱਤਾ ਜਾਵੇਗਾ। ਉਨ੍ਹਾਂ ਦੇ ਆਗੂ ਹਾਰ ਜਾਣਗੇ ਅਤੇ ਆਪਣੇ ਝੰਡੇ ਪਿੱਛੇ ਛੱਡ ਜਾਣਗੇ।
ਯਹੋਵਾਹ ਨੇ ਇਹ ਸਾਰੀਆਂ ਗੱਲਾਂ ਆਖੀਆਂ। ਯਹੋਵਾਹ ਦੀ ਅੱਗ ਸੀਯੋਨ ਵਿੱਚ ਹੈ ਅਤੇ ਉਸ ਦੀ ਭਠ੍ਠੀ ਯਰੂਸ਼ਲਮ ਵਿੱਚ ਹੈ।
ਆਗੂਆਂ ਨੂੰ ਨੇਕ ਅਤੇ ਨਿਰਪੱਖ ਹੋਣਾ ਚਾਹੀਦਾ ਹੈ
32 ਉਨ੍ਹਾਂ ਗੱਲਾਂ ਨੂੰ ਸੁਣੋ ਜਿਹੜੀਆਂ ਮੈਂ ਆਖਦਾ ਹਾਂ! ਇੱਕ ਰਾਜੇ ਨੂੰ ਇਸ ਤਰ੍ਹਾਂ ਹਕੂਮਤ ਕਰਨੀ ਚਾਹੀਦੀ ਹੈ ਜਿਸ ਨਾਲ ਨੇਕ ਮਿਲੇ। ਆਗੂਆਂ ਨੂੰ ਚਾਹੀਦਾ ਹੈ ਕਿ ਉਹ ਲੋਕਾਂ ਦੀ ਅਗਵਾਈ ਸਮੇਂ ਨਿਰਪੱਖ ਨਿਆਂੇ ਕਰਨ। 2 ਜੇ ਇਉਂ ਹੋਵੇਗਾ ਤਾਂ ਰਾਜਾ ਮੀਂਹ ਹਨੇਰੀ ਤੋਂ ਬਚਣ ਵਾਲੀ ਥਾਂ ਵਾਂਗ ਹੋਵੇਗਾ ਇਹ ਗੱਲ ਖੁਸ਼ਕ ਧਰਤੀ ਉੱਤੇ ਪਾਣੀ ਦੀਆਂ ਨਹਿਰਾਂ ਵਾਂਗ ਹੋਵੇਗੀ। ਇਹ ਗੱਲ ਕਿਸੇ ਗਰਮੀ ਵਾਲੀ ਧਰਤੀ ਉੱਤੇ ਵੱਡੀ ਚੱਟਾਨ ਦੀ ਛਾਂ ਵਾਂਗ ਹੋਵੇਗੀ। 3 ਲੋਕੀ ਰਾਜੇ ਕੋਲ ਸਹਾਇਤਾ ਲਈ ਆਉਣਗੇ ਅਤੇ ਲੋਕ ਉਸ ਦੀਆਂ ਆਖੀਆਂ ਗੱਲਾਂ ਨੂੰ ਸੱਚਮੁੱਚ ਧਿਆਨ ਨਾਲ ਸੁਣਨਗੇ। 4 ਉਹ ਲੋਕ ਜਿਹੜੇ ਹੁਣ ਉਲਝਣ ਵਿੱਚ ਹਨ ਸਮਝਣ ਦੇ ਯੋਗ ਹੋ ਜਾਣਗੇ। ਉਹ ਲੋਕ ਜਿਹੜੇ ਸਾਫ਼-ਸਾਫ਼ ਗੱਲ ਨਹੀਂ ਕਰ ਸੱਕਦੇ, ਹੁਣ ਸਾਫ਼-ਸਾਫ਼ ਅਤੇ ਤੇਜ਼ੀ ਨਾਲ ਗੱਲ ਕਰਨ ਦੇ ਯੋਗ ਹੋ ਜਾਣਗੇ। 5 ਦੁਸ਼ਟ ਆਦਮੀਆਂ ਨੂੰ ਹੋਰ ਵੱਧੇਰੇ ਮਹਾਨ ਆਦਮੀ ਨਹੀਂ ਆਖਿਆ ਜਾਵੇਗਾ। ਲਫਂਗਿਆਂ ਨੂੰ ਸੱਜਣ ਆਦਮੀ ਨਹੀਂ ਆਖਿਆ ਜਾਵੇਗਾ।
6 ਮੂਰਖ ਬੰਦਾ ਮੂਰੱਖਤਾਪੂਰਣ ਗੱਲਾਂ ਕਰਦਾ ਹੈ ਅਤੇ ਆਪਣੇ ਦਿਲ (ਮਨ) ਵਿੱਚ ਮੰਦੇ ਕੰਮਾਂ ਦੀ ਯੋਜਨਾ ਬਣਾਉਂਦਾ ਹੈ। ਮੂਰਖ ਬੰਦਾ ਮੰਦੇ ਕੰਮ ਕਰਨੇ ਲੋਚਦਾ ਹੈ। ਮੂਰਖ ਬੰਦਾ ਯਹੋਵਾਹ ਦੇ ਖਿਲਾਫ਼ ਮੰਦੇ ਬਚਨ ਬੋਲਦਾ ਹੈ। ਮੂਰਖ ਬੰਦਾ ਭੁੱਖਿਆਂ ਨੂੰ ਰੋਟੀ ਨਹੀਂ ਖਾਣ ਦਿੰਦਾ। ਮੂਰਖ ਬੰਦਾ ਪਿਆਸਿਆਂ ਨੂੰ ਪਾਣੀ ਨਹੀਂ ਪੀਣ ਦਿੰਦਾ। 7 ਉਹ ਮੂਰਖ ਬੰਦਾ ਬਦੀ ਨੂੰ ਸੰਦ ਵਾਂਗ ਇਸਤੇਮਾਲ ਕਰਦਾ ਹੈ। ਉਹ ਲੋਕਾਂ ਤੋਂ ਹਰ ਚੀਜ਼ ਖੋਹਣ ਦੀਆਂ ਵਿਉਂਤਾਂ ਬਣਾਉਂਦਾ ਹੈ। ਉਹ ਮੂਰਖ ਬੰਦਾ ਗਰੀਬਾਂ ਬਾਰੇ ਝੂਠ ਬੋਲਦਾ ਹੈ। ਅਤੇ ਉਸ ਦੇ ਝੂਠ ਕਾਰਣ ਗਰੀਬਾਂ ਨੂੰ ਨਿਰਪੱਖ ਇਨਸਾਫ਼ ਨਹੀਂ ਮਿਲਦਾ।
8 ਪਰ ਇੱਕ ਨੇਕ ਆਗੂ ਚੰਗੀਆਂ ਗੱਲਾਂ ਦੀਆਂ ਵਿਉਂਤਾਂ ਬਣਾਉਂਦਾ ਹੈ। ਅਤੇ ਉਹ ਚੰਗੀਆਂ ਗੱਲਾਂ ਉਸ ਨੂੰ ਚੰਗਾ ਨੇਤਾ ਬਣਾਉਂਦੀਆਂ ਹਨ।
ਮੁਸ਼ਕਲ ਸਮਾਂ ਆ ਰਿਹਾ ਹੈ
9 ਔਰਤੋਂ, ਤੁਹਾਡੇ ਵਿੱਚੋਂ ਕੁਝ ਹੁਣ ਸ਼ਾਂਤ ਹੋ। ਤੁਸੀਂ ਆਪਣੇ-ਆਪ ਨੂੰ ਸੁਰੱਖਿਅਤ ਮਹਿਸੂਸ ਕਰਦੀਆਂ ਹੋ। ਪਰ ਤੁਹਾਨੂੰ ਖਲੋਕੇ ਮੇਰੇ ਸ਼ਬਦਾਂ ਨੂੰ ਧਿਆਨ ਨਾਲ ਸੁਣਨਾ ਚਾਹੀਦਾ ਹੈ। 10 ਤੁਸੀ, ਔਰਤੋਂ, ਹੁਣ ਆਪਣੇ-ਆਪ ਨੂੰ ਸੁਰੱਖਿਅਤ ਮਹਿਸੂਸ ਕਰਦੀਆਂ ਹੋ ਪਰ ਇੱਕ ਸਾਲ ਬਾਦ ਤੁਸੀਂ ਮੁਸ਼ਕਿਲ ਵਿੱਚ ਹੋਵੋਁਗੀਆਂ। ਕਿਉਂ ਕਿ ਅਗਲੇ ਸਾਲ ਤੁਸੀਂ ਅੰਗੂਰ ਇਕੱਠੇ ਨਹੀਂ ਕਰੋਗੀਆਂ-ਇਕੱਠੇ ਕਰਨ ਲਈ ਅੰਗੂਰ ਹੋਣਗੇ ਹੀ ਨਹੀਂ।
11 ਔਰਤੋਂ, ਤੁਸੀਂ ਹੁਣ ਸ਼ਾਂਤ ਹੋ, ਪਰ ਤੁਹਾਨੂੰ ਭੈਭੀਤ ਹੋ ਜਾਣਾ ਚਾਹੀਦਾ ਹੈ! ਔਰਤੋਂ, ਤੁਸੀਂ ਹੁਣ ਸੁਰੱਖਿਅਤ ਮਹਿਸੂਸ ਕਰਦੀਆਂ ਹੋ ਪਰ ਤੁਹਾਨੂੰ ਫ਼ਿਕਰ ਕਰਨਾ ਚਾਹੀਦਾ ਹੈ! ਆਪਣੇ ਸੁੰਦਰ ਕੱਪੜੇ ਲਾਹ ਕੇ ਉਦਾਸੀ ਦੇ ਵਸਤਰ ਪਾ ਲਵੋ। ਆਪਣੀ ਕਮਰ ਦੁਆਲੇ ਉਨ੍ਹਾਂ ਕੱਪੜਿਆਂ ਨੂੰ ਲਪੇਟ ਲਵੋ। 12 ਉਨ੍ਹਾਂ ਉਦਾਸੀ ਭਰੇ ਕੱਪੜਿਆਂ ਨੂੰ ਆਪਣੀਆਂ ਗ਼ਮ ਨਾਲ ਭਰੀਆਂ ਛਾਤੀਆਂ ਉੱਪਰ ਪਹਿਨ ਲਵੋ। ਰੋਵੋ, ਕਿਉਂ ਕਿ ਤੁਹਾਡੇ ਖੇਤ ਖਾਲੀ ਹਨ। ਤੁਹਾਡੇ ਅੰਗੂਰੀ ਬਾਗ਼ ਕਦੇ ਅੰਗੂਰ ਪੈਦਾ ਕਰਦੇ ਸਨ-ਪਰ ਹੁਣ ਉਹ ਸੱਖਣੇ ਹਨ। 13 ਮੇਰੇ ਲੋਕਾਂ ਦੀ ਧਰਤੀ ਲਈ ਰੋਵੋ। ਰੋਵੋ, ਕਿਉਂ ਕਿ ਹੁਣ ਓੱਥੇ ਸਿਰਫ਼ ਕੰਡਿਆਲੀਆਂ ਝਾੜੀਆਂ ਹੀ ਉੱਗਣਗੀਆਂ। ਉਸ ਸ਼ਹਿਰ ਲਈ ਅਤੇ ਉਨ੍ਹਾਂ ਸਾਰੇ ਘਰਾਂ ਲਈ ਰੋਵੋ ਜਿਹੜੇ ਕਦੇ ਖੁਸ਼ੀ ਨਾਲ ਭਰੇ ਹੁੰਦੇ ਸਨ।
14 ਲੋਕ ਰਾਜਧਾਨੀ ਨੂੰ ਛੱਡ ਜਾਣਗੇ। ਮਹਿਲ ਅਤੇ ਮੁਨਾਰੇ ਖਾਲੀ ਛੱਡ ਦਿੱਤੇ ਜਾਣਗੇ। ਲੋਕ ਉਨ੍ਹਾਂ ਘਰਾਂ ਵਿੱਚ ਨਹੀਂ ਰਹਿਣਗੇ-ਉਹ ਗੁਫ਼ਾਵਾਂ ਵਿੱਚ ਰਹਿਣਗੇ। ਆਵਾਰਾ ਗਧੇ ਅਤੇ ਭੇਡਾਂ ਸ਼ਹਿਰ ਵਿੱਚ ਰਹਿਣਗੇ-ਜਾਨਵਰ ਓੱਥੇ ਘਾਹ ਖਾਣ ਲਈ ਜਾਣਗੇ।
15-16 ਇਹ ਗੱਲਾਂ ਪਰਮੇਸ਼ੁਰ ਦੇ ਸਾਡੇ ਉੱਪਰ ਆਪਣਾ ਆਤਮਾ ਭੇਜਣ ਦੇ ਸਮੇਂ ਤੀਕ ਜਾਰੀ ਰਹਿਣਗੀਆਂ। ਹੁਣ ਧਰਤੀ ਉੱਤੇ ਕੋਈ ਨੇਕੀ ਨਹੀਂ-ਇਹ ਮਾਰੂਬਲ ਵਾਂਗ ਹੈ। ਪਰ ਭਵਿੱਖ ਵਿੱਚ ਮਾਰੂਬਲ ਉਪਜਾਊ ਖੇਤਾਂ ਵਾਂਗ ਹੋਵੇਗਾ-ਬੇਲਾਗ ਨਿਆਂੇ ਓੱਥੇ ਰਹਿਣਗੇ ਅਤੇ ਉਪਜਾਊ ਖੇਤ ਹਰੇ ਭਰੇ ਜੰਗਲ ਵਾਂਗ ਹੋਣਗੇ ਉੱਥੇ ਨੇਕੀ ਨਿਵਾਸ ਕਰੇਗੀ। 17 ਚਂਗਿਆਈ ਸਦਾ ਲਈ ਸ਼ਾਂਤੀ ਅਤੇ ਸੁਰੱਖਿਆ ਲਿਆਵ੍ਵੇਗੀ। 18 ਮੇਰੇ ਬੰਦੇ ਅਮਨ ਦੇ ਖੂਬਸੂਰਤ ਮੈਦਾਨ ਵਿੱਚ ਰਹਿਣਗੇ। ਮੇਰੇ ਬੰਦੇ ਸੁਰੱਖਿਆ ਦੇ ਤੰਬੂਆਂ ਵਿੱਚ ਰਹਿਣਗੇ। ਉਹ ਸ਼ਾਂਤ ਅਤੇ ਅਮਨ ਭਰਪੂਰ ਥਾਵਾਂ ਉੱਤੇ ਰਹਿਣਗੇ।
19 ਪਰ ਇਸਤੋਂ ਪਹਿਲਾਂ ਕਿ ਇਹ ਗੱਲਾਂ ਵਾਪਰਨ ਜੰਗਲ ਅਵੱਸ਼ ਢਠ੍ਠੇਗਾ। ਸ਼ਹਿਰ ਅਵੱਸ਼ ਹਾਰੇਗਾ। 20 ਤੁਹਾਡੇ ਵਿੱਚੋਂ ਕੁਝ ਲੋਕ ਪਾਣੀ ਦੀ ਹਰ ਨਹਿਰ ਨੇੜੇ ਬੀਜ ਬੀਜਦੇ ਹੋ। ਤੁਸੀਂ ਆਪਣੇ ਪਸ਼ੂਆਂ ਅਤੇ ਗਧਿਆਂ ਨੂੰ ਆਜ਼ਾਦੀ ਨਾਲ ਘੁੰਮਣ ਅਤੇ ਚਰਨ ਦਿੰਦੇ ਹੋ। ਤੁਸੀਂ ਲੋਕ ਪ੍ਰਸੰਨ ਹੋਵੋਗੇ।
ਬਦੀ ਸਿਰਫ਼ ਹੋਰ ਬਦੀ ਪੈਦਾ ਕਰਦੀ ਹੈ
33 ਦੇਖੋ, ਤੁਸੀਂ ਲੋਕ ਲੜਾਈਆਂ ਕਰਦੇ ਹੋ ਅਤੇ ਲੋਕਾਂ ਦੀਆਂ ਚੀਜ਼ਾਂ ਚੁਰਾਉਂਦੇ ਹੋ, ਅਤੇ ਉਨ੍ਹਾਂ ਲੋਕਾਂ ਨੇ ਕਦੇ ਵੀ ਤੁਹਾਡਾ ਕੁਝ ਨਹੀਂ ਚੁਰਾਇਆ। ਤੁਸੀਂ ਲੋਕਾਂ ਦੇ ਖਿਲਾਫ਼ ਹੋ ਜਾਂਦੇ ਹੋ, ਅਤੇ ਉਹ ਲੋਕ ਵੀ ਤੁਹਾਡੇ ਖਿਲਾਫ਼ ਨਹੀਂ ਹੋਏ। ਇਸ ਲਈ ਜਦੋਂ ਤੁਸੀਂ ਚੋਰੀ ਕਰਨੋ ਹਟ ਜਾਵੋਂਗੇ, ਹੋਰ ਲੋਕ ਤੁਹਾਡੀਆਂ ਚੀਜ਼ਾਂ ਦੀ ਚੋਰੀ ਕਰਨ ਲੱਗ ਪੈਣਗੇ। ਜਦੋਂ ਤੁਸੀਂ ਲੋਕਾਂ ਦੇ ਵਿਰੁੱਧ ਹੋਣੋ ਹਟ੍ਟ ਜਾਵੋਗੇ, ਤਾਂ ਹੋਰ ਲੋਕ ਤੁਹਾਡੇ ਵਿਰੁੱਧ ਹੋਣਾ ਸ਼ੁਰੂ ਕਰ ਦੇਣਗੇ।
2 “ਹੇ ਯਹੋਵਾਹ, ਕਿਰਪਾ ਕਰਕੇ ਸਾਡੇ ਉੱਪਰ ਮਿਹਰਬਾਨ ਹੋ।
ਅਸੀਂ ਤੁਹਾਡੀ ਸਹਾਇਤਾ ਲਈ ਇੰਤਜ਼ਾਰ ਕੀਤਾ ਹੈ।
ਯਹੋਵਾਹ ਜੀ, ਸਾਨੂੰ ਹਰ ਸਵੇਰੇ ਤਾਕਤ ਦਿਓ।
ਸਾਨੂੰ ਬਚਾਓ ਜਦੋਂ ਵੀ ਅਸੀਂ ਮੁਸੀਬਤ ਵਿੱਚ ਹੋਈੇ।
3 ਤੁਹਾਡੀ ਸ਼ਕਤੀਸ਼ਾਲੀ ਆਵਾਜ਼ ਲੋਕਾਂ ਨੂੰ ਭੈਭੀਤ ਕਰਦੀ ਹੈ, ਅਤੇ ਉਹ ਤੁਹਾਡੇ ਕੋਲੋਂ ਦੂਰ ਭੱਜਦੇ ਨੇ।
ਤੁਹਾਡੀ ਮਹਾਨਤਾ ਕੌਮਾਂ ਨੂੰ ਦੂਰ ਭਜਾਉਂਦੀ ਹੈ।”
4 ਤੁਸੀਂ ਲੋਕਾਂ ਨੇ ਲੜਾਈ ਵਿੱਚ ਚੀਜ਼ਾਂ ਚੁਰਾਈਆਂ। ਉਹ ਚੀਜ਼ਾਂ ਤੁਹਾਡੇ ਕੋਲੋਂ ਖੋਹ ਲਈਆਂ ਜਾਣਗੀਆਂ। ਬਹੁਤ ਸਾਰੇ ਲੋਕ ਆਉਣਗੇ ਅਤੇ ਤੁਹਾਡੀ ਦੌਲਤ ਲੁੱਟ ਕੇ ਲੈ ਜਾਣਗੇ। ਇਹ ਓਹੋ ਜਿਹਾ ਸਮਾਂ ਹੋਵੇਗਾ ਜਦੋਂ ਟਿੱਡੀਦਲ ਆਉਂਦਾ ਹੈ ਅਤੇ ਤੁਹਾਡੀਆਂ ਸਾਰੀਆਂ ਫ਼ਸਲਾਂ ਨੂੰ ਖਾ ਜਾਂਦਾ ਹੈ।
5 ਯਹੋਵਾਹ ਬਹੁਤ ਮਹਾਨ ਹੈ। ਉਹ ਬਹੁਤ ਉੱਚੀ ਥਾਂ ਉੱਤੇ ਰਹਿੰਦਾ ਹੈ। ਯਹੋਵਾਹ ਸੀਯੋਨ ਨੂੰ ਨਿਰਪੱਖਤਾ ਅਤੇ ਨੇਕੀ ਨਾਲ ਭਰਦਾ ਹੈ।
6 ਉਹ ਲੋਕਾਂ ਨੂੰ ਪਰਮੇਸ਼ੁਰ ਦੀ ਸਿਆਣਪ ਅਤੇ ਗਿਆਨ ਨਾਲ ਅਮੀਰ ਬਣਾਉਦਾ ਹੈ। ਤੂੰ ਮੁਕਤੀ ਨਾਲ ਅਮੀਰ ਹੈਂ। ਤੂੰ ਯਹੋਵਾਹ ਦਾ ਆਦਰ ਕਰਦਾ ਹੈਂ ਅਤੇ ਇਹੀ ਗੱਲ ਤੈਨੂੰ ਅਮੀਰ ਬਣਾਉਂਦੀ ਹੈ, ਇਸ ਲਈ ਤੂੰ ਜਾਣ ਸੱਕਦਾ ਹੈਂ ਕਿ ਤੂੰ ਨਿਰਂਤਰ ਰਹੇਁਗਾ।
7 ਪਰ ਧਿਆਨ ਨਾਲ ਸੁਣ! ਸੰਦੇਸ਼ਵਾਹਕ ਬਾਹਰ ਖੜ੍ਹੇ ਚੀਖ ਰਹੇ ਹਨ। ਉਹ ਸੰਦੇਸ਼ਵਾਹਕ ਜਿਹੜੇ ਅਮਨ ਲੈ ਕੇ ਆਉਂਦੇ ਨੇ, ਜ਼ੋਰ-ਜ਼ੋਰ ਦੀ ਰੋ ਰਹੇ ਨੇ। 8 ਸੜਕਾਂ ਤਬਾਹ ਹੋ ਗਈਆਂ ਹਨ। ਗਲੀਆਂ ਵਿੱਚ ਕੋਈ ਵੀ ਨਹੀਂ ਤੁਰ ਫ਼ਿਰ ਰਿਹਾ। ਲੋਕਾਂ ਨੇ ਆਪਣੇ ਕੀਤੇ ਇਕਰਾਰਨਾਮੇ ਤੋੜ ਦਿੱਤੇ ਹਨ। ਲੋਕ ਗਵਾਹਾਂ ਦੀ ਸ਼ਹਾਦਤ ਵਿੱਚ ਭਰੋਸਾ ਨਹੀਂ ਕਰਦੇ। ਕੋਈ ਬੰਦਾ ਵੀ ਦੂਸਰਿਆਂ ਦਾ ਆਦਰ ਨਹੀਂ ਕਰਦਾ। 9 ਧਰਤੀ ਬੀਮਾਰ ਹੈ ਅਤੇ ਮਰ ਰਹੀ ਹੈ। ਲਬਾਨੋਨ ਮਰ ਰਿਹਾ ਹੈ ਅਤੇ ਸ਼ਾਰੋਨ ਵਾਦੀ ਖੁਸ਼ਕ ਅਤੇ ਸੱਖਣੀ ਹੈ। ਬਾਸ਼ਾਮ ਅਤੇ ਕਰਮਲ ਕਿਸੇ ਵੇਲੇ ਖੂਬਸੂਰਤ ਪੌਦੇ ਉਗਾਉਂਦੇ ਸਨ ਪਰ ਹੁਣ ਉਹ ਪੌਦੇ ਉਗਣੋਁ ਹਟ ਗਏ ਹਨ।
10 ਯਹੋਵਾਹ ਆਖਦਾ ਹੈ, “ਹੁਣ ਮੈਂ ਖਲੋਵਾਂਗਾ ਅਤੇ ਆਪਣੀ ਮਹਾਨਤਾ ਦਰਸਾਵਾਂਗਾ। ਹੁਣ, ਮੈਂ ਲੋਕਾਂ ਲਈ ਮਹੱਤਵਪੂਰਣ ਬਣ ਜਾਵਾਂਗਾ। 11 ਤੁਸੀਂ ਲੋਕਾਂ ਨੇ ਫ਼ਿਜ਼ੂਲ ਗੱਲਾਂ ਕੀਤੀਆਂ ਹਨ। ਉਹ ਗੱਲਾਂ ਘਾਹ ਫ਼ੂਸ ਵਰਗੀਆਂ ਹਨ। ਉਹ ਕਿਸੇ ਵੀ ਕੰਮ ਦੀਆਂ ਨਹੀਂ ਹਨ! ਤੁਹਾਡੇ ਆਪਣੇ ਆਤਮੇ ਅੱਗ ਵਾਂਗ ਹੋਣਗੇ ਜੋ ਤੁਹਾਨੂੰ ਸਾੜ ਦੇਣਗੇ। 12 ਲੋਕ ਉਦੋਂ ਤੱਕ ਸੜਨਗੇ ਜਦੋਂ ਤੱਕ ਕਿ ਉਨ੍ਹਾਂ ਦੀਆਂ ਹੱਡੀਆਂ ਚੂਨਾ ਨਹੀਂ ਬਣ ਜਾਂਦੀਆਂ। ਲੋਕ ਕੰਡਿਆਲੀਆਂ ਝਾੜੀਆਂ ਵਾਂਗ ਛੇਤੀ ਹੀ ਸੜ ਜਾਣਗੇ।
13 “ਤੁਸੀਂ, ਦੂਰ ਦੁਰਾਡੇ ਦੇ ਲੋਕੋ, ਉਨ੍ਹਾਂ ਗੱਲਾਂ ਬਾਰੇ ਸੁਣੋ ਜਿਹੜੀਆਂ ਮੈਂ ਕੀਤੀਆਂ ਹਨ। ਤੁਸੀਂ ਲੋਕ, ਜਿਹੜੇ ਮੇਰੇ ਨੇੜੇ ਹੋ, ਮੇਰੀ ਤਾਕਤ ਨੂੰ ਜਾਣੋ।”
14 ਸੀਯੋਨ ਦੇ ਪਾਪੀ ਭੈਭੀਤ ਹਨ। ਜਿਹੜੇ ਲੋਕ ਮੰਦੀਆਂ ਗੱਲਾਂ ਕਰਦੇ ਹਨ ਡਰ ਨਾਲ ਕੰਬ ਰਹੇ ਹਨ। ਉਹ ਆਖਦੇ ਹਨ, “ਕੀ ਸਾਡੇ ਵਿੱਚੋਂ ਕੋਈ ਇਸ ਤਬਾਹ ਕਰਨ ਵਾਲੀ ਅਗਨੀ ਵਿੱਚੋਂ ਜਿਉਂਦਾ ਬਚ ਸੱਕਦਾ ਹੈ? ਇਸ ਅੱਗ ਦੇ ਨੇੜੇ ਕੌਣ ਰਹਿ ਸੱਕਦਾ ਹੈ, ਜਿਹੜੀ ਸਦਾ ਬਲਦੀ ਰਹਿੰਦੀ ਹੈ?”
15 ਨੇਕ ਅਤੇ ਇਮਾਨਦਾਰ ਬੰਦੇ ਜਿਹੜੇ ਪੈਸੇ ਲਈ ਹੋਰਾਂ ਨੂੰ ਨੁਕਸਾਨ ਪਹੁੰਚਾਣ ਤੋਂ ਇਨਕਾਰ ਕਰਦੇ ਹਨ ਉਹੀ ਇਸ ਅਗਨੀ ਵਿੱਚੋਂ ਸਲਾਮਤ ਬਚਣਗੇ। ਉਹ ਲੋਕ ਰਿਸ਼ਵਤ ਲੈਣ ਤੋਂ ਇਨਕਾਰ ਕਰਦੇ ਹਨ। ਉਹ ਲੋਕ ਹੋਰਾਂ ਲੋਕਾਂ ਨੂੰ ਕਤਲ ਕਰਨ ਦੀਆਂ ਵਿਉਂਤਾਂ ਨੂੰ ਸੁਣਨ ਤੋਂ ਇਨਕਾਰ ਕਰਦੇ ਹਨ। ਉਹ ਲੋਕ ਮੰਦੇ ਕੰਮਾਂ ਦੀਆਂ ਯੋਜਨਾਵਾਂ ਵੱਲ ਝਾਕਣ ਤੋਂ ਵੀ ਇਨਕਾਰ ਕਰਦੇ ਹਨ। 16 ਉਹ ਲੋਕ ਉੱਚੀਆਂ ਥਾਵਾਂ ਉੱਤੇ ਸੁਰੱਖਿਅਤ ਰਹਿਣਗੇ। ਉਨ੍ਹਾਂ ਦੀ ਉੱਚੀ ਕਿਲਿਆਂ ਵਿੱਚ ਰੱਖਿਆ ਕੀਤੀ ਜਾਵੇਗੀ। ਉਨ੍ਹਾਂ ਲੋਕਾਂ ਕੋਲ ਹਮੇਸ਼ਾ ਅੰਨ ਪਾਣੀ ਹੋਵੇਗਾ।
17 ਤੁਹਾਡੀਆਂ ਅੱਖਾਂ ਰਾਜੇ (ਪਰਮੇਸ਼ੁਰ) ਨੂੰ ਆਪਣੇ ਪੂਰੇ ਜਲਾਲ ਵਿੱਚ ਦੇਖਣਗੀਆਂ। ਤੁਸੀਂ ਉਸ ਮਹਾਨ ਧਰਤੀ ਨੂੰ ਦੇਖੋਗੇ। 18-19 ਤੁਸੀਂ ਆਪਣੀਆਂ ਅਤੀਤ ਦੀਆਂ ਮੁਸੀਬਤਾਂ ਬਾਰੇ ਸੋਚੋਗੇ। ਤੁਸੀਂ ਸੋਚੋਗੇ, “ਦੂਸਰੇ ਦੇਸ਼ਾਂ ਦੇ ਉਹ ਲੋਕ ਕਿੱਥੋ ਹਨ? ਉਹ ਲੋਕ ਅਜਿਹੀਆਂ ਭਾਸ਼ਾਵਾਂ ਬੋਲਦੇ ਸਨ ਜਿਨ੍ਹਾਂ ਨੂੰ ਅਸੀਂ ਸਮਝ ਨਹੀਂ ਸੱਕਦੇ ਸਾਂ। ਹੋਰਨਾਂ ਧਰਤੀਆਂ ਦੇ ਉਹ ਅਧਿਕਾਰੀ ਅਤੇ ਕਰ ਉਗਰਾਹੁਣ ਵਾਲੇ ਕਿੱਥੋ ਹਨ? ਕਿੱਥੋ ਨੇ ਉਹ ਜਾਸੂਸ ਜਿਹੜੇ ਸਾਡੇ ਸੁਰੱਖਿਆ ਮ੍ਮੁਨਾਰਿਆਂ ਦੀ ਗਿਣਤੀ ਕਰਦੇ ਸਨ? ਉਹ ਸਾਰੇ ਹੀ ਚੱਲੇ ਗਏ ਹਨ ਅਤੇ ਤੁਸੀਂ ਉਨ੍ਹਾਂ ਨੂੰ ਹੋਰ ਵੱਧੇਰੇ ਨਹੀਂ ਵੇਖੋਁਗੇ।”
ਪਰਮੇਸ਼ੁਰ ਯਰੂਸ਼ਲਮ ਦੀ ਰਾਖੀ ਕਰੇਗਾ
20 ਸਾਡੇ ਧਾਰਮਿਕ ਉਤਸਵਾਂ ਦੇ ਸ਼ਹਿਰ ਸੀਯੋਨ ਵੱਲ ਦੇਖੋ। ਯਰੂਸ਼ਲਮ ਵੱਲ ਦੇਖੋ-ਆਰਾਮ ਕਰਨ ਦੀ ਉਸ ਖੂਬਸੂਰਤ ਥਾਂ ਵੱਲ। ਯਰੂਸ਼ਲਮ ਇੱਕ ਅਜਿਹੇ ਤੰਬੂ ਵਰਗਾ ਹੈ ਜਿਹੜਾ ਕਦੇ ਨਹੀਂ ਹਿਲੇਗਾ। ਜਿਹੜੀਆਂ ਕਿੱਲੀਆਂ ਨੇ ਉਸ ਨੂੰ ਰੋਕਿਆ ਹੋਇਆ ਹੈ ਉਹ ਕਦੇ ਨਹੀਂ ਪੁਟ੍ਟੀਆਂ ਜਾਣਗੀਆਂ। ਉਸ ਦੇ ਰੱਸੇ ਕਦੇ ਨਹੀਂ ਟੁੱਟਣਗੇ। 21-23 ਕਿਉਂਕਿ ਸ਼ਕਤੀਸ਼ਾਲੀ ਯਹੋਵਾਹ ਓੱਥੇ ਹੈ। ਉਹ ਧਰਤੀ ਚਸ਼ਮਿਆਂ ਅਤੇ ਚੌੜੀਆਂ ਨਦੀਆਂ ਦੀ ਧਰਤੀ ਹੈ। ਪਰ ਉਨ੍ਹਾਂ ਨਦੀਆਂ ਵਿੱਚ ਦੁਸ਼ਮਣ ਦੀਆਂ ਕਿਸ਼ਤੀਆਂ ਜਾਂ ਤਾਕਤਵਰ ਜਹਾਜ਼ ਨਹੀਂ ਹੋਣਗੇ। ਤੁਸੀਂ ਲੋਕ ਜਿਹੜੇ ਉਨ੍ਹਾਂ ਕਿਸ਼ਤੀਆਂ ਉੱਤੇ ਕੰਮ ਕਰਦੇ ਹੋ ਰੱਸਿਆਂ ਨਾਲ ਆਪਣਾ ਕੰਮ ਛੱਡ ਸੱਕਦੇ ਹੋ। ਤੁਸੀਂ ਇੰਨਾ ਮਜ਼ਬੂਤ ਮਸਤੂਲ ਨਹੀਂ ਬਣਾ ਸੱਕਦੇ ਅਤੇ ਤੁਸੀਂ ਆਪਣੀ ਯਾਤਰਾ ਆਰੰਭ ਨਹੀਂ ਕਰ ਸੱਕੋਗੇ। ਕਿਉਂ ਕਿ ਯਹੋਵਾਹ ਸਾਡਾ ਨਿਆਂਪਾਲਕ ਹੈ ਅਤੇ ਉਹ ਸਾਡੇ ਨੇਮ ਬਣਾਉਂਦਾ ਹੈ। ਯਹੋਵਾਹ ਸਾਡਾ ਰਾਜਾ ਹੈ। ਉਹ ਸਾਨੂੰ ਬਚਾਉਂਦਾ ਹੈ। ਇਸ ਲਈ ਯਹੋਵਾਹ ਸਾਨੂੰ ਕਾਫ਼ੀ ਦੌਲਤ ਦੇਵੇਗਾ। ਵਿਕਲਾਂਗ ਬੰਦੇ ਵੀ ਲੜਾਈ ਵਿੱਚ ਵੱਡੀ ਦੌਲਤ ਜਿੱਤਣਗੇ। 24 ਇੱਥੇ ਰਹਿਣ ਵਾਲਾ ਕੋਈ ਬੰਦਾ ਵੀ ਇਹ ਨਹੀਂ ਆਖੇਗਾ, “ਮੈਂ ਬਿਮਾਰ ਹਾਂ।” ਇੱਥੇ ਰਹਿਣ ਵਾਲੇ ਲੋਕ ਅਜਿਹੇ ਹਨ ਜਿਨ੍ਹਾਂ ਦੇ ਪਾਪ ਬਖਸ਼ੇ ਗਏ ਹਨ।
ਪਰਮੇਸ਼ੁਰ ਆਪਣੇ ਦੁਸਮਣਾਂ ਨੂੰ ਸਜ਼ਾ ਦੇਵੇਗਾ
34 ਸਾਰੀਆਂ ਕੌਮਾਂ ਦੇ ਲੋਕੋ, ਨੇੜੇ ਆਓ ਤੇ ਸੁਣੋ! ਤੁਹਾਨੂੰ ਸਮੂਹ ਲੋਕਾਂ ਨੂੰ ਧਿਆਨ ਨਾਲ ਸੁਣਨਾ ਚਾਹੀਦਾ ਹੈ। ਧਰਤੀ ਅਤੇ ਧਰਤੀ ਉੱਤੇ ਰਹਿਣ ਵਾਲੇ ਸਮੂਹ ਲੋਕਾਂ ਨੂੰ ਇਹ ਗੱਲਾਂ ਸੁਣਨੀਆਂ ਚਾਹੀਦੀਆਂ ਹਨ। 2 ਯਹੋਵਾਹ ਸਮੂਹ ਕੌਮਾਂ ਅਤੇ ਉਨ੍ਹਾਂ ਦੀਆਂ ਫ਼ੌਜਾਂ ਨਾਲ ਨਾਰਾਜ਼ ਹੈ। ਯੋਹਵਾਹ ਉਨ੍ਹਾਂ ਸਭਨਾਂ ਨੂੰ ਤਬਾਹ ਕਰ ਦੇਵੇਗਾ। ਉਹ ਉਨ੍ਹਾਂ ਸਾਰਿਆਂ ਨੂੰ ਮਾਰ ਮੁਕਾਵੇਗਾ। 3 ਉਨ੍ਹਾਂ ਦੀਆਂ ਲਾਸ਼ਾਂ ਬਾਹਰ ਸੁੱਟ ਦਿੱਤੀਆਂ ਜਾਣਗੀਆਂ। ਲਾਸ਼ਾਂ ਵਿੱਚੋਂ ਦੁਰਗੰਧ ਉੱਠੇਗੀ ਅਤੇ ਪਹਾੜਾਂ ਤੋਂ ਖੂਨ ਵਗੇਗਾ। 4 ਅਕਾਸ਼ ਕਿਸੇ ਪੱਤ੍ਰੀ ਵਾਂਗ ਲਪੇਟ ਦਿੱਤੇ ਜਾਣਗੇ। ਅਤੇ ਸਿਤਾਰੇ ਮਰ ਜਾਣਗੇ ਅਤੇ ਕਿਸੇ ਵੇਲ ਜਾਂ ਅੰਜੀਰ ਦੇ ਰੁੱਖ ਦੇ ਸੁੱਕੇ ਪਤਿਆਂ ਵਾਂਗ ਡਿੱਗ ਪੈਣਗੇ। ਅਕਾਸ਼ ਦੇ ਸਭ ਤਾਰੇ ਪਿਘਲ ਜਾਣਗੇ। 5 ਯਹੋਵਾਹ ਆਖਦਾ ਹੈ, “ਅਜਿਹਾ ਓਦੋਁ ਵਾਪਰੇਗਾ ਜਦੋਂ ਅਕਾਸ਼ ਵਿੱਚ ਮੇਰੀ ਤਲਵਾਰ ਖੂਨ ਨਾਲ ਲਬਪਬ ਹੋ ਜਾਵੇਗੀ।”
ਦੇਖੋ! ਯਹੋਵਾਹ ਦੀ ਤਲਵਾਰ ਅਦੋਮ ਦੇ ਆਰ-ਪਾਰ ਹੋ ਜਾਵੇਗੀ। ਯਹੋਵਾਹ ਨੇ ਉਨ੍ਹਾਂ ਲੋਕਾਂ ਨੂੰ ਦੋਸ਼ੀ ਠਹਿਰਾਇਆ ਹੈ ਅਤੇ ਉਨ੍ਹਾਂ ਨੂੰ ਮਰਨਾ ਪੈਣਾ ਹੈ। 6 ਕਿਉਂ ਕਿ ਯਹੋਵਾਹ ਕੋਲ ਭੇਡਾਂ ਅਤੇ ਬੱਕਰੀਆਂ ਦੀਆਂ ਕਾਫ਼ੀ ਬਲੀਆਂ ਸਨ ਅਤੇ ਉਸ ਨੇ ਨਿਆਂ ਕੀਤਾ ਸੀ ਕਿ ਬਾਸਰਾਹ ਅਤੇ ਅਦੋਮ ਵਿੱਚ ਬਲੀਆਂ ਦਾ ਇੱਕ ਸਮਾਂ ਹੋਵੇਗਾ। 7 ਇਸ ਲਈ ਭੇਡੂ, ਪਸ਼ੂ ਅਤੇ ਤਾਕਤਵਰ ਬਲਦ ਮਾਰੇ ਜਾਣਗੇ। ਧਰਤੀ ਉੱਤੇ ਉਨ੍ਹਾਂ ਦਾ ਖੂਨ ਫ਼ੈਲ ਜਾਵੇਗਾ। ਮਿੱਟੀ ਉਨ੍ਹਾਂ ਦੀ ਚਰਬੀ ਨਾਲ ਭਰ ਜਾਵੇਗੀ।
8 ਉਹ ਗੱਲਾਂ ਵਾਪਰਨਗੀਆਂ ਕਿਉਂ ਕਿ ਯਹੋਵਾਹ ਨੇ ਸਜ਼ਾ ਦਾ ਸਮਾਂ ਚੁਣ ਲਿਆ ਹੈ। ਯਹੋਵਾਹ ਨੇ ਉਸ ਸਾਲ ਦੀ ਚੋਣ ਕਰ ਲਈ ਹੈ ਜਦੋਂ ਲੋਕਾਂ ਨੂੰ ਸੀਯੋਨ ਨਾਲ ਕੀਤੀਆਂ ਵੱਧੀਕੀਆਂ ਦਾ ਮੁੱਲ ਤਾਰਨਾ ਪਵੇਗਾ। 9 ਅਦੋਮ ਦੀਆਂ ਨਦੀਆਂ ਲੁੱਕ ਵਰਗੀਆਂ ਗਰਮ ਹੋਣਗੀਆਂ। ਅਦੋਮ ਦੀ ਧਰਤੀ ਬਲਦੀ ਗੰਧਕ ਵਾਂਗ ਹੋਵੇਗੀ। 10 ਅੱਗਾਂ ਦਿਨ ਰਾਤ ਬਲਣਗੀਆਂ-ਕੋਈ ਵੀ ਬੰਦਾ ਅੱਗ ਨੂੰ ਰੋਕ ਨਹੀਂ ਸੱਕੇਗਾ। ਅਦੋਮ ਤੋਂ ਹਮੇਸ਼ਾ ਲਈ ਪੂੰਆਂ ਉੱਠੇਗਾ। ਧਰਤੀ ਨੂੰ ਹਮੇਸ਼ਾ-ਹਮੇਸ਼ਾ ਲਈ ਤਬਾਹ ਕਰ ਦਿੱਤਾ ਜਾਵੇਗਾ। ਕੋਈ ਵੀ ਬੰਦਾ ਕਦੇ ਉਸ ਧਰਤੀ ਵਿੱਚੋਂ ਹੋ ਕੇ ਨਹੀਂ ਲੰਘੇਗਾ। 11 ਪਂਛੀ ਅਤੇ ਛੋਟੇ ਜਾਨਵਰ ਉਸ ਧਰਤੀ ਦੇ ਮਾਲਕ ਹੋਣਗੇ। ਉੱਲੂ ਅਤੇ ਨਿਸ਼ਾਚਰ ਓੱਥੇ ਰਹਿਣਗੇ। ਉਸ ਧਰਤੀ ਨੂੰ “ਸੱਖਣਾ ਮਾਰੂਬਲ” ਆਖਿਆ ਜਾਵੇਗਾ। 12 ਕੁੱਲੀਨ ਲੋਕ ਅਤੇ ਆਗੂ ਸਾਰੇ ਹੀ ਚੱਲੇ ਜਾਣਗੇ। ਅਤੇ ਉਨ੍ਹਾਂ ਕੋਲ ਰਾਜ ਕਰਨ ਵਾਸਤੇ ਕੁਝ ਵੀ ਨਹੀਂ ਬਚੇਗਾ।
13 ਉੱਬੋਁ ਦੇ ਸਾਰੇ ਖੂਬਸੂਰਤ ਘਰਾਂ ਵਿੱਚ ਕੰਡੇ ਅਤੇ ਜੰਗਲੀ ਬੂਟੀਆਂ ਉੱਗਣਗੀਆਂ। ਉਨ੍ਹਾਂ ਘਰਾਂ ਵਿੱਚ ਅਵਾਰਾ ਕੁੱਤੇ ਅਤੇ ਉੱਲੂ ਰਹਿਣਗੇ। ਜੰਗਲੀ ਜਾਨਵਰ ਓੱਥੇ ਆਪਣੇ ਘਰ ਬਣਾ ਲੈਣਗੇ। ਵੱਡੇ ਪੰਛੀ ਉੱਥੇ ਉਗ੍ਗਦੀ ਘਾਹ ਵਿੱਚ ਰਹਿਣਗੇ। 14 ਅਵਾਰਾ ਬਿੱਲੀਆਂ ਓੱਥੇ ਲੂੰਬੜੀਆਂ ਨਾਲ ਰਹਿਣਗੀਆਂ। ਅਤੇ ਜੰਗਲੀ ਬੱਕਰੀਆਂ ਆਪਣੇ ਮਿੱਤਰਾਂ ਨੂੰ ਉੱਥੇ ਸੱਦ ਲੈਣਗੀਆਂ। ਉੱਥੇ ਰਾਤ ਦੇ ਜਾਨਵਰ ਅਰਾਮ ਕਰਨ ਲਈ ਥਾਂ ਲੱਭਣਗੇ। 15 ਸੱਪ ਓੱਥੇ ਆਪਣੀਆਂ ਖੁੱਡਾਂ ਬਣਾ ਲੈਣਗੇ। ਓੱਥੇ ਸਪਣੀਆਂ ਅੰਡੇ ਦੇਣਗੀਆਂ। ਅੰਡੇ ਪੱਕ ਜਾਣਗੇ ਅਤੇ ਉਨ੍ਹਾਂ ਵਿੱਚੋਂ ਸਪੋਲੀੇ ਨਿਕਲ ਕੇ ਹਨੇਰੀਆਂ ਥਾਵਾਂ ਉੱਤੇ ਘੁੰਮਣਗੇ। ਮੁਰਦਿਆਂ ਨੂੰ ਖਾਣ ਵਾਲੇ ਪੰਛੀ ਓੱਥੇ ਇਸ ਤਰ੍ਹਾਂ ਇਕੱਠੇ ਹੋ ਜਾਣਗੇ ਜਿਵੇਂ ਔਰਤਾਂ ਆਪਣੀਆਂ ਸਹੇਲੀਆਂ ਦੇ ਘਰੀਁ ਜਾਂਦੀਆਂ ਹਨ।
16 ਯਹੋਵਾਹ ਦੀ ਪੱਤ੍ਰੀ ਵੱਲ ਦੇਖੋ। ਪੜ੍ਹੋ ਉੱਥੇ ਕੀ ਲਿਖਿਆ ਹੋਇਆ ਹੈ। ਕੁਝ ਵੀ ਮਿਟਿਆ ਹੋਇਆ ਨਹੀਂ ਹੈ। ਉਸ ਪੱਤ੍ਰੀ ਵਿੱਚ ਇਹ ਲਿਖਿਆ ਹੈ ਕਿ ਉਹ ਜਾਨਵਰ ਸਾਰੇ ਇਕੱਠੇ ਹੋ ਜਾਣਗੇ। ਪਰਮੇਸ਼ੁਰ ਨੇ ਆਖਿਆ ਸੀ ਕਿ ਉਹ ਉਨ੍ਹਾਂ ਨੂੰ ਇਕੱਠਿਆਂ ਕਰੇਗਾ। ਇਸ ਲਈ ਪਰਮੇਸ਼ੁਰ ਦਾ ਆਤਮਾ ਉਨ੍ਹਾਂ ਨੂੰ ਇਕੱਠਿਆਂ ਕਰੇਗਾ। 17 ਪਰਮੇਸ਼ੁਰ ਨੇ ਨਿਆਂ ਕੀਤਾ ਕਿ ਉਸ ਨੂੰ ਉਨ੍ਹਾਂ ਨਾਲ ਕੀ ਕਰਨਾ ਚਾਹੀਦਾ ਹੈ। ਫ਼ੇਰ ਪਰਮੇਸ਼ੁਰ ਨੇ ਉਨ੍ਹਾਂ ਲਈ ਇੱਕ ਥਾਂ ਚੁਣੀ। ਪਰਮੇਸ਼ੁਰ ਨੇ ਇੱਕ ਲਕੀਰ ਖਿੱਚੀ ਅਤੇ ਉਨ੍ਹਾਂ ਨੂੰ ਆਪਣੀ ਧਰਤੀ ਦਿਖਾਈ। ਇਸ ਲਈ ਜਾਨਵਰ ਹਮੇਸ਼ਾ ਲਈ ਉਸ ਧਰਤੀ ਦੇ ਮਾਲਕ ਹੋਣਗੇ। ਉਹ ਉੱਥੇ ਵਰ੍ਹਿਆਂ ਬੱਧੀ ਰਹਿਣਗੇ।
ਪਰਮੇਸ਼ੁਰ ਆਪਣੇ ਲੋਕਾਂ ਨੂੰ ਹੌਸਲਾ ਦੇਵੇਗਾ
35 ਖੁਸ਼ਕ ਮਾਰੂਬਲ ਬਹੁਤ ਪ੍ਰਸੰਨ ਹੋ ਜਾਵੇਗਾ। ਮਾਰੂਬਲ ਖੁਸ਼ ਹੋਵੇਗਾ ਅਤੇ ਫ਼ੁੱਲ ਵਾਂਗ ਵੱਧੇ-ਫ਼ੁੱਲੇਗਾ। 2 ਮਾਰੂਬਲ ਖਿੜੇ ਹੋਏ ਫ਼ੁੱਲਾਂ ਨਾਲ ਭਰਪੂਰ ਹੋਵੇਗਾ ਅਤੇ ਆਪਣੀ ਖੁਸ਼ੀ ਜ਼ਾਹਰ ਕਰਨ ਲੱਗੇਗਾ। ਇਉਂ ਲੱਗੇਗਾ ਜਿਵੇਂ ਮਾਰੂਬਲ ਖੁਸ਼ੀ ਨਾਲ ਨੱਚ ਰਿਹਾ ਹੈ। ਮਾਰੂਬਲ ਲਬਾਨੋਨ ਦੇ ਜੰਗਲ, ਕਰਮਲ ਦੀ ਪਹਾੜੀ ਅਤੇ ਸ਼ਾਰੋਨ ਦੀ ਵਾਦੀ ਵਰਗਾ ਖੂਬਸੂਰਤ ਹੋਵੇਗਾ। ਇਹ ਇਸ ਲਈ ਵਾਪਰੇਗਾ ਕਿਉਂ ਕਿ ਸਮੂਹ ਲੋਕ ਯਹੋਵਾਹ ਦੀ ਪਰਤਾਪ ਦੇਖਣਗੇ। ਲੋਕ ਸਾਡੇ ਪਰਮੇਸ਼ੁਰ ਦੀ ਖੂਬਸੂਰਤੀ ਨੂੰ ਦੇਖਣਗੇ।
3 ਕਮਜ਼ੋਰ ਬਾਜ਼ੂਆਂ ਨੂੰ ਫ਼ੇਰ ਤਾਕਤਵਰ ਬਣਾਓ। ਕਮਜ਼ੋਰ ਗੋਡਿਆਂ ਨੂੰ ਫ਼ੇਰ ਮਜ਼ਬੂਤ ਬਣਾਓ। 4 ਲੋਕ ਭੈਭੀਤ ਹਨ ਅਤੇ ਉਲਝੇ ਹੋਏ ਹਨ। ਉਨ੍ਹਾਂ ਲੋਕਾਂ ਨੂੰ ਆਖੋ, “ਤਕੜੇ ਬਣੋ! ਭੈਭੀਤ ਨਾ ਹੋਵੋ!” ਦੇਖੋ ਤੁਹਾਡਾ ਪਰਮੇਸ਼ੁਰ ਤੁਹਾਡੇ ਦੁਸ਼ਮਣਾਂ ਨੂੰ ਸਜ਼ਾ ਦੇਣ ਲਈ ਆਵੇਗਾ। ਉਹ ਆਵੇਗਾ ਅਤੇ ਤੁਹਾਨੂੰ ਤੁਹਾਡਾ ਇਨਾਮ ਦੇਵੇਗਾ। ਯਹੋਵਾਹ ਤੁਹਾਨੂੰ ਬਚਾਵੇਗਾ। 5 ਫ਼ੇਰ ਅੰਨ੍ਹੇ ਲੋਕ ਦੋਬਾਰਾ ਦੇਖ ਸੱਕਣਗੇ। ਉਨ੍ਹਾਂ ਦੀਆਂ ਅੱਖਾਂ ਖੁੱਲ੍ਹ ਜਾਣਗੀਆਂ। ਫ਼ੇਰ ਬੋਲੇ ਲੋਕ ਸੁਣ ਸੱਕਣਗੇ। ਉਨ੍ਹਾਂ ਦੇ ਕੰਨ ਖੁੱਲ੍ਹ ਜਾਣਗੇ। 6 ਵਿਕਲਾਂਗ ਲੋਕ ਹਿਰਨ ਵਾਂਗ ਨੱਚਣਗੇ। ਅਤੇ ਉਹ ਲੋਕ ਜਿਹੜੇ ਹੁਣ ਗੱਲ ਨਹੀਂ ਕਰ ਸੱਕਦੇ ਉਹ ਆਪਣੀ ਆਵਾਜ਼ ਵਿੱਚ ਖੁਸ਼ੀ ਦੇ ਗੀਤ ਗਾਉਣਗੇ। ਇਹ ਗੱਲ ਉਦੋਂ ਵਾਪਰੇਗੀ ਜਦੋਂ ਮਾਰੂਬਲ ਵਿੱਚ ਪਾਣੀ ਦੇ ਝਰਨੇ ਵਗ ਤੁਰਨਗੇ। ਸੁੱਕੀ ਧਰਤੀ ਉੱਤੇ ਪਾਣੀ ਦੇ ਚਸ਼ਮੇ ਵਗ ਪੈਣਗੇ। 7 ਉਸ ਸਮੇਂ, ਝੁਲਸੀ ਹੋਈ ਜ਼ਮੀਨ ਵਿੱਚ, ਅਸਲੀ ਪਾਣੀ ਦੇ ਤਲਾਅ ਹੋਣਗੇ। ਸੁੱਕੀ ਧਰਤੀ ਉੱਤੇ ਪਾਣੀ ਦੇ ਖੂਹ ਹੋਣਗੇ। ਧਰਤੀ ਵਿੱਚੋਂ ਪਾਣੀ ਵਗੇਗਾ। ਪਾਣੀ ਦੇ ਲੰਮੇ ਪੌਦੇ ਉੱਥੇ ਉੱਗ ਪੈਣਗੇ ਜਿੱਥੇ ਕਦੇ ਜੰਗਲੀ ਜਾਨਵਰਾਂ ਦਾ ਰਾਜ ਸੀ।
8 ਉਸ ਸਮੇਂ ਓੱਥੇ ਇੱਕ ਸੜਕ ਹੋਵੇਗੀ। ਇਸ ਸ਼ਾਹ ਰਾਹ ਦਾ ਨਾਮ ਹੋਵੇਗਾ “ਪਵਿੱਤਰ ਮਾਰਗ” ਬੁਰੇ ਬੰਦਿਆਂ ਨੂੰ ਇਸ ਸੜਕ ਉੱਤੇ ਤੁਰਨ ਦੀ ਇਜਾਜ਼ਤ ਨਹੀਂ ਹੋਵੇਗੀ ਕੋਈ ਮੂਰਖ ਉਸ ਸੜਕ ਉੱਤੇ ਨਹੀਂ ਚੱਲੇਗਾ। ਸਿਰਫ਼ ਨੇਕ ਬੰਦੇ ਹੀ ਉਸ ਸੜਕ ਉੱਤੇ ਚੱਲਣਗੇ। 9 ਉਸ ਸੜਕ ਉੱਤੇ ਕੋਈ ਖਤਰਾ ਨਹੀਂ ਹੋਵੇਗਾ। ਉਸ ਸੜਕ ਉੱਤੇ ਲੋਕਾਂ ਨੂੰ ਦੁੱਖ ਪਹੁੰਚਾਣ ਵਾਲੇ ਸ਼ੇਰ ਨਹੀਂ ਹੋਣਗੇ। ਉਸ ਸੜਕ ਉੱਤੇ ਖਤਰਨਾਕ ਜਾਨਵਰ ਨਹੀਂ ਹੋਣਗੇ। ਉਹ ਸੜਕ ਉਨ੍ਹਾਂ ਲੋਕਾਂ ਲਈ ਹੋਵੇਗੀ ਜਿਨ੍ਹਾਂ ਨੂੰ ਪਰਮੇਸ਼ੁਰ ਬਚਾਉਂਦਾ ਹੈ।
10 ਪਰਮੇਸ਼ੁਰ ਆਪਣੇ ਲੋਕਾਂ ਨੂੰ ਆਜ਼ਾਦ ਕਰ ਦੇਵੇਗਾ! ਅਤੇ ਉਹ ਲੋਕ ਪਰਤ ਕੇ ਉਸ ਕੋਲ ਆ ਜਾਣਗੇ। ਜਦੋਂ ਲੋਕ ਸੀਯੋਨ ਵਿੱਚ ਆਉਣਗੇ ਤਾਂ ਖੁਸ਼ ਹੋਣਗੇ। ਉਹ ਲੋਕ ਸਦਾ ਲਈ ਖੁਸ਼ ਹੋਣਗੇ। ਉਨ੍ਹਾਂ ਦੀ ਖੁਸ਼ੀ ਉਨ੍ਹਾਂ ਦੇ ਸਿਰ ਉੱਤੇ ਤਾਜ ਵਾਂਗ ਹੋਵੇਗੀ। ਉਨ੍ਹਾਂ ਦੀ ਖੁਸ਼ੀ ਅਤੇ ਆਨੰਦ ਉਨ੍ਹਾਂ ਨੂੰ ਪੂਰੀ ਤਰ੍ਹਾਂ ਭਰਪੂਰ ਕਰ ਦੇਣਗੇ। ਦੁੱਖ ਤੇ ਉਦਾਸੀ ਦੂਰ ਬਹੁਤ ਦੂਰ ਚਲੀ ਜਾਵੇਗੀ।
2010 by World Bible Translation Center