Print Page Options
Previous Prev Day Next DayNext

Beginning

Read the Bible from start to finish, from Genesis to Revelation.
Duration: 365 days
Punjabi Bible: Easy-to-Read Version (ERV-PA)
Version
ਯਸਾਯਾਹ 28-30

ਉੱਤਰੀ ਇਸਰਾਏਲ ਨੂੰ ਚੇਤਾਵਨੀ

28 ਸਾਮਰਿਯਾ ਵੱਲ ਦੇਖੋ!
    ਇਫ਼ਰਾਈਮ ਦੇ ਸ਼ਰਾਬੀ ਲੋਕ ਉਸ ਸ਼ਹਿਰ ਉੱਤੇ ਗੁਮਾਨ ਕਰਦੇ ਨੇ।
ਉਹ ਸ਼ਹਿਰ ਹੈ ਪਹਾੜੀ ਉੱਤੇ ਵਸਿਆ ਹੋਇਆ ਜਿਸਦੇ ਆਲੇ-ਦੁਆਲੇ ਅਮੀਰ ਵਾਦੀ ਹੈ।
    ਸਾਮਰਿਯਾ ਦੇ ਲੋਕ ਆਪਣੇ ਸ਼ਹਿਰ ਨੂੰ ਖੂਬਸੂਰਤ ਫ਼ੁੱਲਾਂ ਦੇ ਤਾਜ ਵਰਗਾ ਸਮਝਦੇ ਨੇ।
ਪਰ ਉਹ ਮੈਅ ਨਾਲ ਸ਼ਰਾਬੀ ਹੋਏ ਹਨ।
    ਅਤੇ ਇਹ “ਖੂਬਸੂਰਤ ਤਾਜ” ਬਸ ਮਰ ਰਿਹਾ ਪੌਦਾ ਹੈ।

ਦੇਖੋ, ਮੇਰੇ ਸੁਆਮੀ ਕੋਲ ਇੱਕ ਬੰਦਾ ਹੈ ਜਿਹੜਾ ਤਾਕਤਵਰ ਤੇ ਬਹਾਦਰ ਹੈ।
    ਉਹ ਆਦਮੀ ਦੇਸ ਅੰਦਰ ਤੂਫ਼ਾਨ, ਓਲਿਆਂ ਅਤੇ ਬਰੱਖਾ ਵਾਂਗ ਆਵੇਗਾ।
ਉਹ ਤੂਫ਼ਾਨ ਵਾਂਗ ਦੇਸ ਅੰਦਰ ਆਵੇਗਾ।
    ਉਹ ਪਾਣੀ ਦੀ ਤਾਕਤਵਰ ਨਦੀ ਵਾਂਗ, ਦੇਸ ਅੰਦਰ ਹੜ੍ਹ ਲਿਆਉਂਦਾ ਹੋਵੇਗਾ।
    ਉਹ ਉਸ ਤਾਜ (ਸਾਮਰਿਯਾ) ਨੂੰ ਧਰਤੀ ਉੱਤੇ ਸੁੱਟ ਦੇਵੇਗਾ।
ਇਫ਼ਰਾਈਮ ਦੇ ਸ਼ਰਾਬੀ ਲੋਕ ਆਪਣੇ “ਖੂਬਸੂਰਤ ਤਾਜ” ਬਾਰੇ ਸ਼ੇਖੀ ਮਾਰਦੇ ਹਨ।
    ਪਰ ਉਹ ਸ਼ਹਿਰ ਪੈਰਾਂ ਨਾਲ ਕੁਚੱਲਿਆ ਜਾਵੇਗਾ।
ਉਹ ਸ਼ਹਿਰ ਪਹਾੜੀ ਉੱਤੇ ਵਸਿਆ ਹੈ ਜਿਸਦੇ ਚੌਗਿਰਦ ਅਮੀਰ ਵਾਦੀ ਹੈ।
    ਅਤੇ ਉਹ “ਖੂਬਸੂਰਤ ਫ਼ੁੱਲਾਂ ਦਾ ਤਾਜ” ਸਿਰਫ਼ ਮਰ ਰਹੇ ਪੌਦੇ ਵਰਗਾ ਹੈ।
ਉਹ ਸ਼ਹਿਰ ਗਰਮੀਆਂ ਦੀਆਂ ਪਹਿਲੀਆਂ ਅੰਜੀਰਾਂ ਵਰਗਾ ਹੋਵੇਗਾ।
    ਜਦੋਂ ਵੀ ਕੋਈ ਬੰਦਾ ਉਨ੍ਹਾਂ ਅੰਜੀਰਾਂ ਨੂੰ ਦੇਖਦਾ ਹੈ ਉਹ ਉਨ੍ਹਾਂ ਨੂੰ ਛੇਤੀ ਨਾਲ ਚੁੱਕ ਲੈਂਦਾ ਹੈ ਤੇ ਖਾ ਲੈਂਦਾ ਹੈ।

ਉਸ ਸਮੇਂ, ਸਰਬ ਸ਼ਕਤੀਮਾਨ ਯਹੋਵਾਹ “ਖੂਬਸੂਰਤ ਤਾਜ” ਬਣ ਜਾਵੇਗਾ। ਉਹ ਆਪਣੇ ਲੋਕਾਂ ਲਈ “ਫੁੱਲਾਂ ਦਾ ਅਦਭੁਤ ਤਾਜ” ਹੋਵੇਗਾ, ਜਿਹੜੇ ਬਚ ਜਾਣਗੇ। ਯਹੋਵਾਹ ਉਨ੍ਹਾਂ ਨਿਆਂ ਪਾਲਕਾਂ ਨੂੰ ਫ਼ੇਰ ਸਿਆਣਪ ਦੇਵੇਗਾ ਜਿਹੜੇ ਉਸ ਦੇ ਲੋਕਾਂ ਉੱਤੇ ਹਕੂਮਤ ਕਰਦੇ ਨੇ। ਯਹੋਵਾਹ ਸ਼ਹਿਰ ਦੇ ਦਰਵਾਜ਼ਿਆਂ ਉੱਤੇ ਲੜਨ ਵਾਲੇ ਲੋਕਾਂ ਨੂੰ ਸ਼ਕਤੀ ਦੇਵੇਗਾ। ਪਰ ਹੁਣ ਉਹ ਆਗੂ ਸ਼ਰਾਬੀ ਹਨ। ਸਾਰੇ ਜਾਜਕਾਂ ਅਤੇ ਨਬੀਆਂ ਕੋਲ ਪੀਣ ਲਈ ਮੈਅ ਅਤੇ ਬੀਅਰ ਬਹੁਤ ਜ਼ਿਆਦੇ ਹੈ। ਉਹ ਛਛੋਪਂਚ ਵਿੱਚ ਡਗਮਗਾ ਕੇ ਡਿੱਗ ਰਹੇ ਹਨ। ਨਬੀ ਉਦੋਂ ਸ਼ਰਾਬੀ ਹੁੰਦੇ ਹਨ ਜਦੋਂ ਉਹ ਸੁਪਨੇ ਦੇਖਦੇ ਨੇ। ਅਤੇ ਨਿਆਂਕਾਰ ਉਦੋਂ ਸ਼ਰਾਬੀ ਹੁੰਦੇ ਹਨ ਜਦੋਂ ਉਹ ਨਿਆਂੇ ਦਿੰਦੇ ਹਨ। ਹਰ ਮੇਜ਼ ਉੱਤੇ ਉਲਟੀ ਕੀਤੀ ਹੋਈ ਹੈ। ਸਾਫ਼ ਥਾਂ ਕਿਧਰੇ ਵੀ ਨਹੀਂ।

ਪਰਮੇਸ਼ੁਰ ਆਪਣੇ ਲੋਕਾਂ ਦੀ ਸਹਾਇਤਾ ਕਰਨੀ ਚਾਹੁੰਦਾ ਹੈ

ਯਹੋਵਾਹ ਲੋਕਾਂ ਨੂੰ ਸਬਕ ਸਿੱਖਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਯਹੋਵਾਹ ਲੋਕਾਂ ਨੂੰ ਆਪਣੀਆਂ ਸਾਖੀਆਂ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਪਰ ਲੋਕ ਅਬੋਧ ਬਾਲਕਾਂ ਵਰਗੇ ਹਨ। ਉਹ ਉਨ੍ਹਾਂ ਬੱਚਿਆਂ ਵ੍ਵਰਗੇ ਹਨ ਜਿਹੜੇ ਥੋੜਾ ਚਿਰ ਪਹਿਲਾਂ ਹੀ ਆਪਣੀ ਮਾਂ ਦਾ ਦੁੱਧ ਚੁਂਘ ਰਹੇ ਸਨ। 10 ਇਸ ਲਈ ਯਹੋਵਾਹ ਉਨ੍ਹਾਂ ਨਾਲ ਇਸ ਤਰ੍ਹਾਂ ਗੱਲ ਕਰਦਾ ਹੈ ਜਿਵੇਂ ਉਹ ਬੱਚੇ ਹੋਣ:

“ਇੱਥੇ ਆਦੇਸ਼, ਓੱਥੇ ਆਦੇਸ਼।
ਇੱਥੇ ਨੇਮ, ਓੱਥੇ ਨੇਮ।
ਇੱਥੇ ਸਬਕ, ਓੱਥੇ ਸਬਕ।”2

11 ਯਹੋਵਾਹ ਗੱਲ ਕਰਨ ਦੇ ਇਸ ਅਜੀਬ ਢੰਗ ਦੀ ਵਰਤੋਂ ਕਰੇਗਾ ਅਤੇ ਉਹ ਇਨ੍ਹਾਂ ਲੋਕਾਂ ਨਾਲ ਗੱਲ ਕਰਨ ਲਈ ਹੋਰ-ਹੋਰ ਭਾਸ਼ਾਵਾਂ ਦੀ ਵਰਤੋਂ ਕਰੇਗਾ।

12 ਅਤੀਤ ਵਿੱਚ ਪਰਮੇਸ਼ੁਰ ਨੇ ਉਨ੍ਹਾਂ ਲੋਕਾਂ ਨਾਲ ਗੱਲ ਕੀਤੀ ਸੀ ਅਤੇ ਉਸ ਨੇ ਆਖਿਆ ਸੀ, “ਇਹ ਅਰਾਮ ਕਰਨ ਦੀ ਥਾਂ ਹੈ। ਇਹ ਅਮਨ ਚੈਨ ਵਾਲੀ ਥਾਂ ਹੈ। ਬੱਕੇ ਹੋਏ ਲੋਕ ਇੱਥੇ ਆਉਣ ਅਤੇ ਆਰਾਮ ਕਰਨ। ਇਹ ਅਮਨ ਵਾਲੀ ਥਾਂ ਹੈ।”

ਪਰ ਲੋਕ ਪਰਮੇਸ਼ੁਰ ਦੀ ਗੱਲ ਨਹੀਂ ਸੁਣਨਾ ਚਾਹੁੰਦੇ ਸਨ। 13 ਇਸ ਲਈ ਪਰਮੇਸ਼ੁਰ ਦੇ ਸ਼ਬਦ ਸਾਧਾਰਣ ਹੋਣੇ ਚਾਹੀਦੇ ਹਨ:

“ਇੱਥੇ ਆਦੇਸ਼, ਓੱਥੇ ਆਦੇਸ਼।
ਇੱਥੇ ਨੇਮ, ਓੱਥੇ ਨੇਮ।
ਇੱਥੇ ਸਬਕ, ਓੱਥੇ ਸਬਕ।”

ਲੋਕਾਂ ਨੇ ਉਸੇ ਤਰ੍ਹਾਂ ਕੀਤਾ ਜਿਸ ਤਰ੍ਹਾਂ ਉਹ ਕਰਨਾ ਚਾਹੁੰਦੇ ਸਨ। ਇਸ ਲਈ ਲੋਕ ਪਿੱਛਾਂਹ ਡਿੱਗ ਪਏ ਅਤੇ ਫ਼ਸ ਗਏ। ਲੋਕਾਂ ਨੂੰ ਫ਼ਾਹ ਲਿਆ ਗਿਆ ਅਤੇ ਫ਼ੜ ਲਿਆ ਗਿਆ।

ਕੋਈ ਬੰਦਾ ਵੀ ਪਰਮੇਸ਼ੁਰ ਦੇ ਨਿਆਂ ਤੋਂ ਬਚ ਨਹੀਂ ਸੱਕਦਾ

14 ਤੁਸੀਂ ਮਖੌਲੀਓ ਜੋ ਯਰੂਸ਼ਲਮ ਦੇ ਲੋਕਾਂ ਉੱਪਰ ਸ਼ਾਸ਼ਨ ਕਰਦੇ ਹੋ, ਯਹੋਵਾਹ ਦੇ ਸੰਦੇਸ਼ ਨੂੰ ਸੁਣੋ। 15 ਤੁਸੀਂ ਲੋਕੀ ਆਖਦੇ ਹੋ, “ਅਸੀਂ ਮੌਤ ਨਾਲ ਇਕਰਾਰਨਾਮਾ ਕੀਤਾ ਹੋਇਆ ਹੈ। ਅਸੀਂ ਸ਼ਿਓਲ (ਮੌਤ ਦੇ ਸਥਾਨ) ਨਾਲ ਇੱਕ ਸਮਝੌਤਾ ਕੀਤਾ ਹੈ। ਇਸ ਲਈ ਸਾਨੂੰ ਸਜ਼ਾ ਨਹੀਂ ਮਿਲੇਗੀ। ਸਜ਼ਾ ਸਾਡੇ ਕੋਲੋਂ ਬਿਨਾ ਨੁਕਸਾਨ ਕੀਤੇ ਲੰਘ ਜਾਵੇਗੀ। ਅਸੀਂ ਆਪਣੀਆਂ ਚੁਸਤ ਚਲਾਕੀਆਂ ਅਤੇ ਝੂਠਾਂ ਦੇ ਓਹਲੇ ਛੁਪ ਜਾਵਾਂਗੇ।”

16 ਉਨ੍ਹਾਂ ਗੱਲਾਂ ਕਾਰਣ, ਮੇਰਾ ਮਾਲਿਕ, ਯਹੋਵਾਹ ਆਖਦਾ ਹੈ, “ਮੈਂ ਸੀਯੋਨ ਦੀ ਧਰਤੀ ਉੱਤੇ ਇੱਕ ਚੱਟਾਨ ਰੱਖ ਦਿਆਂਗਾ ਇੱਕ ਬੁਨਿਆਦ ਵਾਲਾ ਪੱਥਰ। ਇਹ ਬਹੁਤ ਕੀਮਤੀ ਪੱਥਰ ਹੋਵੇਗਾ। ਹਰ ਚੀਜ਼ ਇਸ ਮਹੱਤਵਪੂਰਣ ਪੱਥਰ ਉੱਤੇ ਉਸਾਰੀ ਜਾਵੇਗੀ। ਜਿਹੜਾ ਬੰਦਾ ਵੀ ਉਸ ਪੱਥਰ ਉੱਤੇ ਭਰੋਸਾ ਕਰਦਾ ਹੈ, ਉਹ ਨਿਰਾਸ਼ ਨਹੀਂ ਹੋਵੇਗਾ।

17 “ਲੋਕੀ ਸਾਹਲ ਦਾ ਇਸਤੇਮਾਲ ਕਰਦੇ ਹਨ ਇਹ ਦਰਸਾਉਣ ਲਈ ਕਿ ਦੀਵਾਰ ਸਿੱਧੀ ਹੈ। ਇਸੇ ਤਰ੍ਹਾਂ ਹੀ ਮੈਂ ਇਨਸਾਫ਼ ਅਤੇ ਚੰਗਿਆਈ ਦੀ ਵਰਤੋਂ ਕਰਾਂਗਾ ਇਹ ਦਰਸਾਉਣ ਲਈ ਕਿ ਕੀ ਸਹੀ ਹੈ। ਤੁਸੀਂ ਮੰਦੇ ਲੋਕ ਆਪਣੇ ਝੂਠਾਂ ਅਤੇ ਚਲਾਕੀਆਂ ਦੇ ਉਹਲੇ ਛੁਪਣ ਦੀ ਕੋਸ਼ਿਸ਼ ਕਰ ਰਹੇ ਹੋ। ਪਰ ਤੁਹਾਨੂੰ ਸਜ਼ਾ ਮਿਲੇਗੀ। ਇਹ ਇਸ ਤਰ੍ਹਾਂ ਹੋਵੇਗਾ ਜਿਵੇਂ ਕੋਈ ਤੂਫ਼ਾਨ ਜਾਂ ਹੜ੍ਹ ਤੁਹਾਡੀਆਂ ਛੁਪਣਗਾਹਾਂ ਨੂੰ ਤਬਾਹ ਕਰਨ ਲਈ ਆ ਰਿਹਾ ਹੈ। 18 ਤੁਹਾਡਾ ਮੌਤ ਨਾਲ ਇਕਰਾਰਨਾਮਾ ਮਿਟ ਜਾਵੇਗਾ। ਤੁਹਾਡਾ ਸ਼ਿਓਲ ਨਾਲ ਸਮਝੌਤਾ ਤੁਹਾਨੂੰ ਕੋਈ ਸਹਾਇਤਾ ਨਹੀਂ ਦੇਵੇਗਾ।

“ਕੋਈ ਬੰਦਾ ਆਵੇਗਾ ਅਤੇ ਤੁਹਾਨੂੰ ਸਜ਼ਾ ਦੇਵੇਗਾ। ਉਹ ਤੁਹਾਨੂੰ ਉਸ ਧੂੜ ਵਾਂਗ ਬਣਾ ਦੇਵੇਗਾ ਜਿਸ ਉੱਤੇ ਉਹ ਤੁਰਦਾ ਹੈ। 19 ਉਹ ਬੰਦਾ ਆਵੇਗਾ ਅਤੇ ਤੁਹਾਨੂੰ ਦੂਰ ਲੈ ਜਾਵੇਗਾ। ਤੁਹਾਡੀ ਸਜ਼ਾ ਭਿਆਨਕ ਹੋਵੇਗੀ। ਤੁਹਾਡੀ ਸਜ਼ਾ ਬਹੁਤ ਸਵੇਰੇ ਆਵੇਗੀ ਅਤੇ ਇਹ ਦੇਰ ਰਾਤ ਤੱਕ ਰਹੇਗੀ।

20 “ਫ਼ੇਰ ਤੁਸੀਂ ਇਸ ਕਹਾਣੀ ਨੂੰ ਸਮਝ ਸੱਕੋਗੇ: ਇੱਕ ਬੰਦੇ ਨੇ ਉਸ ਮੰਜੇ ਉੱਤੇ ਸੌਣ ਦੀ ਕੋਸ਼ਿਸ਼ ਕੀਤੀ ਜਿਹੜਾ ਉਸ ਦੇ ਮੇਚ ਦਾ ਨਹੀਂ ਸੀ। ਅਤੇ ਉਸ ਕੋਲ ਇੱਕ ਕੰਬਲ ਸੀ ਜਿਹੜਾ ਉਸ ਨੂੰ ਪੂਰੀ ਤਰ੍ਹਾਂ ਕੱਜ ਨਹੀਂ ਸੀ ਸੱਕਦਾ। ਮਂ ਅਤੇ ਕੰਬਲ ਬੇਕਾਰ ਸਨ, ਅਤੇ ਇਸੇ ਤਰ੍ਹਾਂ ਤੁਹਾਡੇ ਇਕਰਾਰਨਾਮੇ ਵੀ।”

21 ਯਹੋਵਾਹ ਉਸੇ ਤਰ੍ਹਾਂ ਲੜੇਗਾ ਜਿਵੇਂ ਉਹ ਫਰਾਸੀਮ ਦੇ ਪਰਬਤ ਉੱਤੇ ਲੜਿਆ ਸੀ। ਯਹੋਵਾਹ ਉਸੇ ਤਰ੍ਹਾਂ ਕਹਿਰਵਾਨ ਹੋਵੇਗਾ ਜਿਵੇਂ ਉਹ ਗਿਬਓਨ ਵਾਦੀ ਵਿੱਚ ਹੋਇਆ ਸੀ। ਫ਼ੇਰ ਯਹੋਵਾਹ ਉਹੀ ਗੱਲਾਂ ਕਰੇਗਾ ਜੋ ਉਸ ਨੇ ਅਵੱਸ਼ ਕਰਨੀਆਂ ਹਨ। ਯਹੋਵਾਹ ਕੁਝ ਅਜੀਬ ਗੱਲਾਂ ਕਰੇਗਾ। ਪਰ ਉਹ ਆਪਣਾ ਕੰਮ ਖਤਮ ਕਰੇਗਾ। ਉਸਦਾ ਕੰਮ ਇੱਕ ਅਜਨਬੀ ਦਾ ਕੰਮ ਹੈ। 22 ਹੁਣ, ਤੁਹਾਨੂੰ ਉਨ੍ਹਾਂ ਗੱਲਾਂ ਦੇ ਵਿਰੁੱਧ ਨਹੀਂ ਲੜਨਾ ਚਾਹੀਦਾ। ਜੇ ਤੁਸੀਂ ਅਜਿਹਾ ਕਰੋਗੇ, ਤਾਂ ਤੁਹਾਡੇ ਆਲੇ-ਦੁਆਲੇ ਦੇ ਰੱਸੇ ਹੋਰ ਕਸੇ ਜਾਣਗੇ।

ਜਿਹੜੇ ਸ਼ਬਦ ਮੈਂ ਸੁਣੇ ਸਨ ਉਹ ਨਹੀਂ ਬਦਲਣਗੇ। ਉਹ ਸ਼ਬਦ ਸਰਬ ਸ਼ਕਤੀਮਾਨ ਯਹੋਵਾਹ ਦੇ ਸਨ, ਸਾਰੀ ਧਰਤੀ ਦੇ ਹਾਕਮ ਦੇ। ਅਤੇ ਉਹ ਗੱਲਾਂ ਹੋ ਕੇ ਰਹਿਣਗੀਆਂ।

ਯਹੋਵਾਹ ਬੇਲਾਗ ਹੋ ਕੇ ਸਜ਼ਾ ਦਿੰਦਾ ਹੈ

23 ਧਿਆਨ ਨਾਲ ਉਸ ਸੰਦੇਸ਼ ਨੂੰ ਸੁਣੋ ਜਿਹੜਾ ਮੈਂ ਤੁਹਾਨੂੰ ਦੇ ਰਿਹਾ ਹਾਂ। 24 ਕੀ ਕੋਈ ਕਿਸਾਨ ਹਰ ਵੇਲੇ ਹੱਲ ਚਲਾਉਂਦਾ ਹੈ? ਨਹੀਂ! ਕੀ ਉਹ ਹਰ ਵੇਲੇ ਜ਼ਮੀਨ ਉੱਤੇ ਕੰਮ ਕਰਦਾ ਹੈ? ਨਹੀਂ! 25 ਕਿਸਾਨ ਧਰਤੀ ਤਿਆਰ ਕਰਦਾ ਹੈ, ਅਤੇ ਫ਼ੇਰ ਉਹ ਬੀਜ ਬੀਜਦਾ ਹੈ। ਕਿਸਾਨ ਵੱਖੋ ਵੱਖਰੇ ਬੀਜ ਵੱਖੋ ਵੱਖਰੇ ਢਂਗਾਂ ਨਾਲ ਬੀਜਦਾ ਹੈ। ਕਿਸਾਨ ਸੌਁਫ਼ ਦੇ ਬੀਜਾਂ ਦਾ ਛਿਟ੍ਟਾ ਦਿੰਦਾ ਹੈ। ਕਿਸਾਨ ਜੀਰਾ ਦੇ ਬੀਜਾਂ ਨੂੰ ਧਰਤੀ ਉੱਤੇ ਖਿਲਾਰਦਾ ਹੈ। ਅਤੇ ਕਿਸਾਨ ਕਣਕ ਦੇ ਬੀਜਾਂ ਨੂੰ ਕਤਾਰਾਂ ਵਿੱਚ ਬੀਜਦਾ ਹੈ। ਕਿਸਾਨ ਜੌਆਂ ਨੂੰ ਖਾਸ ਥਾਂ ਉੱਤੇ ਬੀਜਦਾ ਹੈ ਅਤੇ ਮਸਰਾਂ ਦੇ ਬੀਜਾਂ ਨੂੰ ਖੇਤ ਦੇ ਕੰਢੇ ਉੱਤੇ ਬੀਜਦਾ ਹੈ।

26 ਪਰਮੇਸ਼ੁਰ ਉਸ ਨੂੰ ਤਸੀਹਿਆਂ ਨਾਲ ਕਸ਼ਟ ਦੇਕੇ ਉਸ ਨੂੰ ਇੱਕ ਸਬਕ ਸਿੱਖਾਉਂਦਾ ਹੈ ਅਤੇ ਉਸ ਨੂੰ ਸਹੀ ਰਾਹ ਦਰਸਾਉਂਦਾ ਹੈ। 27 ਕੀ ਕਿਸਾਨ ਤਿੱਖੇ ਦੰਦਿਆਂ ਵਾਲੇ ਲੰਮੇ ਫ਼ਟਿਆਂ ਨੂੰ ਸੌਁਫ਼ ਦੇ ਬੀਜਾਂ ਨੂੰ ਕੁਚਲਣ ਲਈ ਵਰਤਦਾ ਹੈ? ਨਹੀਂ! ਕੀ ਕੋਈ ਕਿਸਾਨ ਗੱਡੇ ਨੂੰ ਜੀਰਾ ਦੇ ਬੀਜਾਂ ਨੂੰ ਕੁਚਲਣ ਲਈ ਵਰਤਦਾ ਹੈ? ਨਹੀਂ! ਕਿਸਾਨ ਇਨ੍ਹਾਂ ਬੀਜਾਂ ਦਾ ਛਿੜਕਾ ਉਤਾਰਨ ਲਈ ਛੋਟੇ ਜਿਹੇ ਡੰਡੇ ਦੀ ਵਰਤੋਂ ਕਰਦਾ ਹੈ। 28 ਰੋਟੀ ਬਨਾਉਣ ਲੱਗਿਆਂ, ਅਨਾਜ ਗਾਹੁਣਾ ਖਤਮ ਹੋ ਜਾਂਦਾ ਹੈ। ਪਰ ਅਨਾਜ ਲਗਾਤਾਰ ਹਮੇਸ਼ਾ ਲਈ ਨਹੀਂ ਪੀਸਿਆ ਜਾਂਦਾ ਕਿਉਂ ਕਿ ਗੱਡੇ ਦੇ ਪਹੀਏ ਇਸ ਨੂੰ ਖਰਾਬ ਕਰ ਸੱਕਦੇ ਹਨ। 29 ਇਹ ਸਬਕ ਸਰਬ ਸ਼ਕਤੀਮਾਨ ਯਹੋਵਾਹ ਵੱਲੋਂ ਆਇਆ ਹੈ। ਯਹੋਵਾਹ ਅਦਭੁਤ ਸਲਾਹ ਦਿੰਦਾ ਹੈ। ਯਹੋਵਾਹ ਸੱਚਮੁੱਚ ਸਿਆਣਾ ਹੈ।

ਪਰਮੇਸ਼ੁਰ ਦਾ ਯਰੂਸ਼ਲਮ ਲਈ ਪਿਆਰ

29 ਪਰਮੇਸ਼ੁਰ ਆਖਦਾ ਹੈ, “ਅਰੀਏਲ ਵੱਲ ਦੇਖੋ! ਉਹ ਸ਼ਹਿਰ ਅਰੀਏਲ ਜਿੱਥੇ ਦਾਊਦ ਨੇ ਡੇਰਾ ਲਾਇਆ ਸੀ। ਉਸ ਦੀਆਂ ਛੁੱਟੀਆਂ ਸਾਲ ਦਰ ਸਾਲ ਜਾਰੀ ਰਹੀਆਂ ਹਨ। ਮੈਂ ਅਰੀਏਲ ਨੂੰ ਸਜ਼ਾ ਦਿੱਤੀ ਹੈ। ਸ਼ਹਿਰ ਨੂੰ ਰੋਣੇ ਅਤੇ ਉਦਾਸੀ ਨਾਲ ਭਰ ਦਿੱਤਾ ਗਿਆ ਹੈ। ਪਰ ਉਹ ਹਮੇਸ਼ਾ ਹੀ ਮੇਰੀ ਅਰੀਏਲ ਰਹੀ ਹੈ।

“ਅਰੀਏਲ, ਮੈਂ ਤੇਰੇ ਆਲੇ-ਦੁਆਲੇ ਫ਼ੌਜਾਂ ਲਿਆ ਖਲ੍ਹਾਰੀਆਂ ਹਨ। ਮੈਂ ਲੜਾਈ ਦੇ ਮੁਨਾਰੇ ਤੇਰੇ ਖਿਲਾਫ਼ ਉਸਾਰੇ। ਤੈਨੂੰ ਹਰਾਇਆ ਗਿਆ ਅਤੇ ਧਰਤੀ ਉੱਤੇ ਸੁੱਟਿਆ ਗਿਆ। ਹ੍ਹੁਣ ਮੈਂ ਤੇਰੀ ਆਵਾਜ਼ ਨੂੰ ਧਰਤੀ ਵਿੱਚੋਂ ਭੂਤ ਦੀ ਆਵਾਜ਼ ਵਾਂਗ ਉੱਠਦਿਆਂ ਸੁਣ ਰਿਹਾ ਹਾਂ। ਤੇਰੇ ਸ਼ਬਦ ਮਿੱਟੀ ਵਿੱਚੋਂ ਸ਼ਾਂਤ ਆਵਾਜ਼ ਵਾਂਗ ਆ ਰਹੇ ਹਨ।”

ਤੁਹਾਡੇ ਬਹੁਤ ਸਾਰੇ ਦੁਸ਼ਮਣ ਧੂੜ ਵਾਂਗ ਬਣ ਜਾਣਗੇ। ਬਹੁਤ ਸਾਰੇ ਜੁਲਮੀ ਲੋਕ ਉਸ ਤੂੜੀ ਵਰਗੇ ਹੋਣਗੇ ਜੋ ਉੱਡ ਜਾਂਦੀ ਹੈ ਅਤੇ ਅਚਾਨਕ, ਤੁਰੰਤ ਹੀ। ਸਰਬ ਸ਼ਕਤੀਮਾਨ ਯਹੋਵਾਹ ਨੇ ਤੁਹਾਨੂੰ ਭੂਚਾਲਾਂ ਬਦਲਾਂ ਦੀ ਗਰਜ ਅਤੇ ਉੱਚੇ ਸ਼ੋਰ ਨਾਲ ਸਜ਼ਾ ਦਿੱਤੀ। ਇੱਥੇ ਤੂਫ਼ਾਨ ਆਏ, ਤੇਜ਼ ਹਵਾਵਾਂ ਵਗੀਆਂ ਅਤੇ ਅੱਗਾਂ ਲੱਗੀਆਂ ਜਿਨ੍ਹਾਂ ਨੇ ਸਾੜ ਕੇ ਸਭ ਕੁਝ ਤਬਾਹ ਕਰ ਦਿੱਤਾ। ਬਹੁਤ-ਬਹੁਤ ਕੌਮਾਂ ਅਰੀਏਲ ਦੇ ਵਿਰੁੱਧ ਲੜੀਆਂ। ਇਹ ਰਾਤ ਵੇਲੇ ਦੇ ਭਿਆਨਕ ਸੁਪਨੇ ਵਰਗੀ ਗੱਲ ਸੀ। ਫ਼ੌਜਾਂ ਨੇ ਅਰੀਏਲ ਨੂੰ ਘੇਰਾ ਪਾ ਲਿਆ ਹੈ ਅਤੇ ਉਸ ਨੂੰ ਸਜ਼ਾ ਦਿੱਤੀ ਹੈ। ਪਰ ਉਨ੍ਹਾਂ ਫ਼ੌਜਾਂ ਲਈ ਵੀ ਇਹ ਸੁਪਨੇ ਵਰਗੀ ਗੱਲ ਹੋਵੇਗੀ। ਉਹ ਸੰਤੁਸ਼ਟ ਨਹੀਂ ਹੋਣਗੇ। ਇਹ ਭੁੱਖੇ ਬੰਦੇ ਦੇ ਰੋਟੀ ਦਾ ਸੁਪਨਾ ਲੈਣ ਵਰਗੀ ਗੱਲ ਹੋਵੇਗੀ। ਜਦੋਂ ਉਹ ਬੰਦਾ ਜਾਗਦਾ ਹੈ ਤਾਂ ਫ਼ੇਰ ਵੀ ਭੁੱਖਾ ਹੁੰਦਾ ਹੈ। ਇਹ ਪਿਆਸੇ ਬੰਦੇ ਦੇ ਪਾਣੀ ਦਾ ਸੁਪਨਾ ਲੈਣ ਵਾਲੀ ਗੱਲ ਹੋਵੇਗੀ। ਉਹ ਬੰਦਾ ਜਦੋਂ ਜਾਗਦਾ ਹੈ ਤਾਂ ਫ਼ੇਰ ਵੀ ਪਿਆਸਾ ਹੁੰਦਾ ਹੈ। ਉਹੀ ਗੱਲ ਸੱਚ ਹੈ ਉਨ੍ਹਾਂ ਸਾਰੀਆਂ ਕੌਮਾਂ ਬਾਰੇ ਲੜ ਰਹੀਆਂ ਨੇ ਜੋ ਸੀਯੋਨ ਦੇ ਵਿਰੁੱਧ। ਉਹ ਸੰਤੁਸ਼ਟ ਨਹੀਂ ਹੋਣਗੀਆਂ।

ਹੈਰਾਨ ਹੋਵੋ ਅਤੇ ਅਚਂਭਾ ਕਰੋ!
    ਤੁਸੀਂ ਸ਼ਰਾਬੀ ਹੋ ਜਾਓਗੇ-ਪਰ ਸ਼ਰਾਬ ਨਾਲ ਨਹੀਂ।
ਦੇਖੋ ਅਤੇ ਅਚਂਂਭਾ ਕਰੋ।
    ਤੁਸੀਂ ਠੋਕਰ ਖਾਓਗੇ ਤੇ ਡਿੱਗ ਪਵੋਗੇ ਪਰ ਬੀਅਰ ਪੀ ਕੇ ਨਹੀਂ।
10 ਯਹੋਵਾਹ ਤੁਹਾਡੇ ਉੱਪਰ ਗਹਿਰੀ ਨੀਂਦ ਲਿਆਇਆ ਹੈ।
    ਯਹੋਵਾਹ ਤੁਹਾਡੀਆਂ ਅੱਖਾਂ ਬੰਦ ਕਰ ਦੇਵੇਗਾ। (ਤੁਹਾਡੀਆਂ ਅੱਖਾਂ ਨਬੀ ਹਨ।)
    ਯਹੋਵਾਹ ਤੁਹਾਡੇ ਚਿਹਰੇ ਕੱਜ ਦੇਵੇਗਾ। (ਤੁਹਾਡੇ ਮੁਖੀਏ ਨਬੀ ਹਨ।)

11 ਮੈਂ ਤੁਹਾਨੂੰ ਇਹ ਗੱਲਾਂ ਦੱਸਦਾ ਹਾਂ ਜੋ ਵਾਪਰਨਗੀਆਂ, ਪਰ ਤੁਸੀਂ ਮੇਰੀ ਗੱਲ ਨਹੀਂ ਸਮਝਦੇ। ਮੇਰੇ ਸ਼ਬਦ ਉਸ ਕਿਤਾਬ ਦੇ ਸ਼ਬਦਾਂ ਵਰਗੇ ਹਨ ਜਿਸ ਨੂੰ ਬੰਦ ਕਰਕੇ ਸੀਲ ਕਰ ਦਿੱਤਾ ਗਿਆ ਹੈ। ਤੁਸੀਂ ਉਹ ਕਿਤਾਬ ਕਿਸੇ ਉਸ ਬੰਦੇ ਨੂੰ ਦੇ ਸੱਕਦੇ ਹੋ ਜਿਹੜਾ ਪੜ੍ਹ ਸੱਕਦਾ ਹੈ ਅਤੇ ਉਸ ਨੂੰ ਕਿਤਾਬ ਪੜ੍ਹਨ ਲਈ ਆਖ ਸੱਕਦੇ ਹੋ। ਪਰ ਉਹ ਬੰਦਾ ਆਖੇਗਾ, “ਮੈਂ ਇਹ ਕਿਤਾਬ ਨਹੀਂ ਪੜ੍ਹ ਸੱਕਦਾ। ਇਹ ਬੰਦ ਹੈ ਅਤੇ ਮੈਂ ਇਸ ਨੂੰ ਖੋਲ੍ਹ ਨਹੀਂ ਸੱਕਦਾ।” 12 ਜਾਂ ਤੁਸੀਂ ਉਹ ਕਿਤਾਬ ਕਿਸੇ ਅਨਪੜ੍ਹ ਬੰਦੇ ਨੂੰ ਦੇ ਸੱਕਦੇ ਹੋ ਅਤੇ ਉਸ ਨੂੰ ਕਿਤਾਬ ਪੜ੍ਹਨ ਲਈ ਆਖ ਸੱਕਦੇ ਹੋ। ਉਹ ਬੰਦਾ ਆਖੇਗਾ, “ਮੈਂ ਇਹ ਕਿਤਾਬ ਨਹੀਂ ਪੜ੍ਹ ਸੱਕਦਾ ਕਿਉਂ ਕਿ ਮੈਨੂੰ ਪੜ੍ਹਨਾ ਨਹੀਂ ਆਉਂਦਾ।”

13 ਮੇਰਾ ਮਾਲਿਕ ਆਖਦਾ ਹੈ, “ਇਹ ਲੋਕ ਆਖਦੇ ਨੇ ਕਿ ਇਹ ਮੈਨੂੰ ਪਿਆਰ ਕਰਦੇ ਨੇ। ਇਹ ਆਪਣੇ ਮੂੰਹੋਁ ਨਿਕਲਦੇ ਸ਼ਬਦਾਂ ਰਾਹੀਂ ਮੇਰੇ ਲਈ ਆਦਰ ਪ੍ਰਗਟ ਕਰਦੇ ਹਨ। ਪਰ ਉਨ੍ਹਾਂ ਦੇ ਦਿਲ ਮੇਰੇ ਤੋਂ ਬਹੁਤ ਦੂਰ ਹਨ। ਜਿਹੜਾ ਆਦਰ ਉਹ ਮੈਨੂੰ ਦਰਸਾਉਂਦੇ ਹਨ ਉਹ ਕੁਝ ਵੀ ਨਹੀਂ ਸਿਰਫ਼ ਰਟੇ-ਰਟਾਏ ਮਨੁੱਖੀ ਅਸੂਲ ਹਨ। 14 ਇਸ ਲਈ ਮੈਂ ਸ਼ਕਤੀਸ਼ਾਲੀ ਅਤੇ ਅਦਭੁਤ ਗੱਲਾਂ ਕਰ-ਕਰਕੇ ਹੈਰਾਨ ਕਰਦਾ ਰਹਾਂਗਾ। ਉਨ੍ਹਾਂ ਦੇ ਸਿਆਣੇ ਬੰਦੇ ਆਪਣੀ ਸਿਆਣਪ ਗੁਆ ਲੈਣਗੇ। ਉਨ੍ਹਾਂ ਦੇ ਸਿਆਣੇ ਬੰਦੇ ਸਮਝ ਨਹੀਂ ਸੱਕਣਗੇ।”

15 ਇਹ ਲੋਕ ਯਹੋਵਾਹ ਕੋਲੋਂ ਗੱਲਾਂ ਛੁਪਾਉਣ ਦੀ ਕੋਸ਼ਿਸ਼ ਕਰਦੇ ਹਨ। ਉਹ ਸੋਚਦੇ ਹਨ ਕਿ ਯਹੋਵਾਹ ਸਮਝ ਨਹੀਂ ਸੱਕੇਗਾ। ਉਹ ਲੋਕ ਹਨੇਰੇ ਵਿੱਚ ਮੰਦੇ ਕੰਮ ਕਰਦੇ ਹਨ। ਉਹ ਬੰਦੇ ਆਪਣੇ-ਆਪ ਨੂੰ ਆਖਦੇ ਹਨ, “ਕੋਈ ਬੰਦਾ ਵੀ ਸਾਨੂੰ ਦੇਖ ਨਹੀਂ ਸੱਕਦਾ। ਕਿਸੇ ਬੰਦੇ ਨੂੰ ਪਤਾ ਨਹੀਂ ਚੱਲੇਗਾ ਕਿ ਅਸੀਂ ਕੌਣ ਹਾਂ।”

16 ਤੁਸੀਂ ਉਲਝੇ ਹੋਏ ਹੋ। ਤੁਸੀਂ ਸਮਝਦੇ ਹੋ ਕਿ ਮਿੱਟੀ ਘੁਮਿਆਰ ਦੇ ਬਰਾਬਰ ਹੈ। ਤੁਸੀਂ ਸੋਚਦੇ ਹੋ ਸਿਰਜਣਾ ਸਿਰਜਣਹਾਰ ਨੂੰ ਆਖ ਸੱਕਦੀ ਹੈ, “ਤੁਸੀਂ ਮੈਨੂੰ ਨਹੀਂ ਸਾਜਿਆ!” ਇਹ ਭਾਂਡੇ ਦੇ ਘੁਮਿਆਰ ਨੂੰ ਇਹ ਆਖਣ ਵਰਗੀ ਗੱਲ ਹੈ, “ਤੁਸੀਂ ਨਹੀਂ ਸਮਝਦੇ।”

ਬਿਹਤਰ ਸਮਾਂ ਆ ਰਿਹਾ ਹੈ

17 ਇਹ ਸੱਚ ਹੈ, ਬੋੜੇ ਸਮੇਂ ਵਿੱਚ, ਲਬਾਨੋਨ ਕੋਲ ਸਭ ਤੋਂ ਉਪਜਾਊ ਖੇਤਾਂ ਵਾਂਗ ਕਾਫੀ ਉਪਜਾਊ ਜ਼ਮੀਨ ਹੋਵੇਗੀ। ਉਪਜਾਊ ਖੇਤ ਘਣੇ ਜੰਗਲ ਵਾਂਗ ਬਣ ਜਾਣਗੀਆਂ। 18 ਬੋਲੇ ਆਦਮੀ ਕਿਤਾਬ ਦੇ ਸ਼ਬਦ ਸੁਣਨਗੇ। ਅੰਨ੍ਹੇ ਬੰਦੇ ਹਨੇਰੇ ਅਤੇ ਧੁੰਦ ਵਿੱਚੋਂ ਦੇਖ ਸੱਕਣਗੇ। 19 ਯਹੋਵਾਹ ਗਰੀਬਾਂ ਨੂੰ ਬਹੁਤ ਖੁਸ਼ੀ ਪ੍ਰਦਾਨ ਕਰੇਗਾ। ਗਰੀਬ ਲੋਕ ਇਸਰਾਏਲ ਦੀ ਪਵਿੱਤਰ ਪੁਰੱਖ ਵਿੱਚ ਆਨੰਦ ਮਾਨਣਗੇ।

20 ਜਦੋਂ ਕਮੀਨੇ ਅਤੇ ਜ਼ਾਲਮ ਲੋਕ ਖਤਮ ਹੋ ਜਾਣਗੇ ਤਾਂ ਇਹ ਗੱਲ ਵਾਪਰੇਗੀ। ਇਹ ਗੱਲ ਉਦੋਂ ਵਾਪਰੇਗੀ ਜਦੋਂ ਉਹ ਲੋਕ ਜਿਹੜੇ ਬਦੀ ਕਰਕੇ ਖੁਸ਼ ਹੁੰਦੇ ਹਨ, ਚੱਲੇ ਜਾਣਗੇ। 21 (ਉਹ ਲੋਕ ਨੇਕ ਬੰਦਿਆਂ ਬਾਰੇ ਝੂਠ ਬੋਲਦੇ ਹਨ। ਉਹ ਲੋਕਾਂ ਨੂੰ ਕਚਿਹਰੀ ਵਿੱਚ ਉਲਝਾਉਣਾ ਚਾਹੁੰਦੇ ਹਨ। ਉਹ ਮਾਸੂਮ ਲੋਕਾਂ ਨੂੰ ਤਬਾਹ ਕਰਨ ਦੀ ਕੋਸ਼ਿਸ਼ ਕਰਦੇ ਹਨ।)

22 ਇਸ ਲਈ ਯਹੋਵਾਹ ਯਾਕੂਬ ਦੇ ਪਰਿਵਾਰ ਨਾਲ ਗੱਲ ਕਰਦਾ ਹੈ। (ਇਹ ਯਹੋਵਾਹ ਹੀ ਸੀ ਜਿਸਨੇ ਅਬਰਾਹਾਮ ਨੂੰ ਮੁਕਤ ਕੀਤਾ।) ਯਹੋਵਾਹ ਆਖਦਾ ਹੈ, “ਹੁਣ ਯਾਕੂਬ (ਇਸਰਾਏਲ ਦੇ ਲੋਕ) ਸ਼ਰਮਿੰਦਾ ਅਤੇ ਨਮੋਸ਼ੀ ਭਰਿਆ ਨਹੀਂ ਹੋਵੇਗਾ। 23 ਉਹ ਆਪਣੇ ਸਾਰੇ ਬੱਚਿਆਂ ਨੂੰ ਮਿਲੇਗਾ ਅਤੇ ਆਖੇਗਾ ਕਿ ਮੇਰਾ ਨਾਮ ਪਵਿੱਤਰ ਹੈ। ਇਨ੍ਹ ਬੱਚਿਆਂ ਨੂੰ ਮੈਂ ਆਪਣੇ ਹੱਥੀਂ ਸਾਜਿਆ। ਅਤੇ ਇਹ ਬੱਚੇ ਆਖਣਗੇ ਕਿ ਯਾਕੂਬ ਦੀ ਪਵਿੱਤਰ ਪੁਰੱਖ (ਪਰਮੇਸ਼ੁਰ) ਬਹੁਤ ਹੀ ਖਾਸ ਹੈ। ਇਹ ਬੱਚੇ ਇਸਰਾਏਲ ਦੇ ਪਰਮੇਸ਼ੁਰ ਦਾ ਆਦਰ ਕਰਨਗੇ। 24 ਇਨ੍ਹਾਂ ਲੋਕਾਂ ਵਿੱਚੋਂ ਬਹੁਤਿਆਂ ਨੇ ਇਹ ਗੱਲ ਨਹੀਂ ਸਮਝੀ ਇਸ ਲਈ ਉਨ੍ਹਾਂ ਨੇ ਮੰਦੇ ਅਮਲ ਕੀਤੇ। ਇਨ੍ਹਾਂ ਲੋਕਾਂ ਨੇ ਸਮਝਿਆ ਨਹੀਂ ਸੀ ਪਰ ਉਹ ਆਪਣਾ ਸਬਕ ਸਿਖਣਗੇ।”

ਇਸਰਾਏਲ ਨੂੰ ਪਰਮੇਸ਼ੁਰ ਉੱਤੇ ਭਰੋਸਾ ਹੋਣਾ ਚਾਹੀਦਾ ਹੈ ਮਿਸਰ ਉੱਤੇ ਨਹੀਂ

30 ਯਹੋਵਾਹ ਨੇ ਆਖਿਆ, “ਇਨ੍ਹਾਂ ਬੱਚਿਆਂ ਵੱਲ ਦੇਖੋ। ਇਹ ਮੇਰਾ ਹੁਕਮ ਨਹੀਂ ਮੰਨਦੇ। ਇਹ ਯੋਜਨਾਵਾਂ ਬਣਾਉਂਦੇ ਹਨ, ਪਰ ਮੇਰੇ ਪਾਸੋਂ ਸਹਾਇਤਾ ਦੀ ਮੰਗ ਨਹੀਂ ਕਰਦੇ। ਇਹ ਹੋਰਨਾਂ ਕੌਮਾਂ ਨਾਲ ਇਕਰਾਰਨਾਮਾ ਕਰਦੇ ਹਨ ਪਰ ਮੇਰੀ ਆਤਮਾ ਉਹ ਇਕਰਾਰਨਾਮਾ ਨਹੀਂ ਚਾਹੁੰਦੀ। ਇਹ ਲੋਕ ਆਪਣੇ ਗੁਨਾਹਾਂ ਵਿੱਚ ਹੋਰ-ਹੋਰ ਗੁਨਾਹ ਸ਼ਾਮਿਲ ਕਰ ਰਹੇ ਹਨ। ਇਹ ਬੱਚੇ ਮਿਸਰ ਵੱਲ ਸਹਾਇਤਾ ਲਈ ਜਾ ਰਹੇ ਹਨ ਪਰ ਉਨ੍ਹਾਂ ਨੇ ਮੈਨੂੰ ਇਹ ਨਹੀਂ ਪੁੱਛਿਆ ਕਿ ਕੀ ਇਹ ਗੱਲ ਸਹੀ ਸੀ। ਉਹ ਉਮੀਦ ਕਰਦੇ ਹਨ ਕਿ ਫ਼ਿਰਊਨ ਉਨ੍ਹਾਂ ਦੀ ਸਹਾਇਤਾ ਕਰੇਗਾ। ਉਹ ਚਾਹੁੰਦੇ ਹਨ ਕਿ ਮਿਸਰ ਉਨ੍ਹਾਂ ਦੀ ਰਾਖੀ ਕਰੇਗਾ।

“ਪਰ ਮੈਂ ਤੁਹਾਨੂੰ ਦੱਸਦਾ ਹਾਂ ਕਿ ਮਿਸਰ ਵਿੱਚ ਲੁਕੱਣ ਨਾਲ ਤੁਹਾਡੀ ਸਹਾਇਤਾ ਨਹੀਂ ਹੋਵੇਗੀ। ਮਿਸਰ ਤੁਹਾਡੀ ਰਾਖੀ ਨਹੀਂ ਕਰ ਸੱਕੇਗਾ। ਤੁਹਾਡੇ ਆਗੂ ਸੋਆਨ ਨੂੰ ਚੱਲੇ ਗਏ ਹਨ ਅਤੇ ਤੁਹਾਡੇ ਦੂਤ ਹਾਨੇਸ ਨੂੰ ਚੱਲੇ ਗਏ ਹਨ। ਪਰ ਉਹ ਨਾ ਉਮੀਦ ਹੋਣਗੇ। ਉਹ ਉਸ ਕੌਮ ਉੱਤੇ ਨਿਰਭਰ ਕਰ ਰਹੇ ਹਨ ਜਿਹੜੀ ਉਨ੍ਹਾਂ ਦੀ ਸਹਾਇਤਾ ਨਹੀਂ ਕਰ ਸੱਕਦੀ। ਮਿਸਰ ਬੇਕਾਰ ਹੈ-ਮਿਸਰ ਉਨ੍ਹਾਂ ਨੂੰ ਕੋਈ ਸਹਾਇਤਾ ਨਹੀਂ ਦੇਵੇਗਾ। ਮਿਸਰ ਉਨ੍ਹਾਂ ਨੂੰ ਸਿਰਫ਼ ਨਮੋੋਸ਼ੀ ਅਤੇ ਸ਼ਰਮਸਾਰੀ ਦੇਵੇਗਾ।”

ਪਰਮੇਸ਼ੁਰ ਦਾ ਯਹੂਦਾਹ ਨੂੰ ਸੰਦੇਸ਼

ਨਿਜੀਵ ਦੇ ਜਾਨਵਰਾਂ ਬਾਰੇ ਉਦਾਸ ਸੰਦੇਸ਼:

ਨਿਜੀਵ ਇੱਕ ਖਤਰਨਾਕ ਜਗ੍ਹਾ ਹੈ। ਇਹ ਸ਼ੇਰਾਂ, ਜ਼ਹਿਰੀਲੇ ਸੱਪਾਂ ਅਤੇ ਫ਼ਨੀਅਰ ਸੱਪਾਂ ਨਾਲ ਭਰੀ ਹੋਈ ਹੈ। ਪਰ ਕੁਝ ਲੋਕ ਨਿਜੀਵ ਵਿੱਚੋਂ ਹੋ ਕੇ ਯਾਤਰਾ ਕਰ ਰਹੇ ਹਨ ਉਹ ਇੱਕ ਅਜਿਹੀ ਕੌਮ ਵੱਲ ਜਾ ਰਹੇ ਹਨ ਜੋ ਉਨ੍ਹਾਂ ਦੀ ਮਦਦ ਨਹੀਂ ਕਰ ਸੱਕਦੀ। ਉਨ੍ਹਾਂ ਲੋਕਾਂ ਨੇ ਆਪਣਾ ਖਜ਼ਾਨਾ ਊਠਾਂ ਦੀਆਂ ਪਿੱਠਾ ਉੱਤੇ ਲਦਿਆ ਹੋਇਆ ਹੈ। ਇਸਦਾ ਅਰਬ ਇਹ ਹੈ ਕਿ ਲੋਕ ਉਸ ਕੌਮ ਉੱਤੇ ਨਿਰਭਰ ਕਰ ਰਹੇ ਹਨ ਜਿਹੜੀ ਸਹਾਇਤਾ ਨਹੀਂ ਕਰ ਸੱਕਦੀ। ਇਹ ਬੇਕਾਰ ਕੌਮ ਮਿਸਰ ਹੈ। ਮਿਸਰ ਦੀ ਸਹਾਇਤਾ ਕਿਸੇ ਕੰਮ ਦੀ ਨਹੀਂ ਹੋਵੇਗੀ। ਇਸ ਲਈ ਮੈਂ ਮਿਸਰ ਨੂੰ “ਨਿਕਂਮਾ ਅਜਗਰ” ਆਖਦਾ ਹਾਂ।

ਹੁਣ ਇਸ ਗੱਲ ਨੂੰ ਕਿਸੇ ਸੰਕੇਤ ਉੱਤੇ ਲਿਖ ਲਵੋ ਤਾਂ ਜੋ ਸਾਰੇ ਲੋਕ ਇਸ ਨੂੰ ਦੇਖ ਸੱਕਣ। ਭਵਿੱਖ ਵਾਸਤੇ, ਇਸ ਨੂੰ ਇੱਕ ਕਿਤਾਬ ਵਿੱਚ ਲਿਖ ਲਵੋ ਆਖਰੀ ਦਿਨਾਂ ਵਾਸਤੇ ਇੱਕ ਯਾਦਗਾਰੀ ਵਜੋਂ ਕਿ ਮੈਂ ਇਨ੍ਹਾਂ ਘਟਨਾਵਾਂ ਬਾਰੇ ਭਵਿੱਖਬਾਣੀ ਕੀਤੀ ਸੀ।

ਇਹ ਲੋਕ ਉਨ੍ਹਾਂ ਬੱਚਿਆਂ ਵ੍ਵਰਗੇ ਹਨ ਜਿਹੜੇ ਆਪਣੇ ਮਾਪਿਆਂ ਦਾ ਆਖਾ ਨਹੀਂ ਮੰਨਦੇ। ਉਹ ਪਏ ਰਹਿੰਦੇ ਨੇ ਅਤੇ ਯਹੋਵਾਹ ਦੀਆਂ ਸਿੱਖਿਆਵਾਂ ਨੂੰ ਸੁਣਨ ਤੋਂ ਇਨਕਾਰ ਕਰਦੇ ਹਨ। 10 ਉਹ ਨਬੀਆਂ ਨੂੰ ਆਖਦੇ ਹਨ, “ਉਨ੍ਹਾਂ ਗੱਲਾਂ ਬਾਰੇ ਸੁਪਨੇ ਨਾ ਲਵੋ ਜਿਹੜੀਆਂ ਸਾਨੂੰ ਕਰਨੀਆਂ ਚਾਹੀਦੀਆਂ ਹਨ! ਸਾਨੂੰ ਸੱਚ ਨਾ ਦੱਸੋ! ਸਾਨੂੰ ਚੰਗੀਆਂ-ਚੰਗੀਆਂ ਗੱਲਾਂ ਸੁਣਾਓ ਅਤੇ ਸਾਨੂੰ ਚੰਗਾ ਮਹਿਸੂਸ ਕਰਨ ਦਿਓ! ਸਾਡੇ ਲਈ ਸਿਰਫ਼ ਚੰਗੀਆਂ ਗੱਲਾਂ ਹੀ ਦੇਖੋ! 11 ਉਨ੍ਹਾਂ ਚੀਜ਼ਾਂ ਨੂੰ ਦੇਖਣ ਤੋਂ ਹਟ੍ਟ ਜਾਵੋ ਜਿਹੜੀਆਂ ਸੱਚਮੁੱਚ ਵਾਪਰਨਗੀਆਂ! ਸਾਡੇ ਰਸਤੇ ਵਿੱਚੋਂ ਹਟ੍ਟ ਜਾਵੋ! ਸਾਨੂੰ ਇਸਰਾਏਲ ਦੇ ਪਵਿੱਤਰ ਪੁਰੱਖ ਬਾਰੇ ਦੱਸਣੋ ਹਟ ਜਾਵੋ।”

ਯਹੂਦਾਹ ਦੀ ਸਹਾਇਤਾ ਸਿਰਫ਼ ਪਰਮੇਸ਼ੁਰ ਵੱਲੋਂ ਆਉਂਦੀ ਹੈ

12 ਇਸਰਾਏਲ ਦਾ ਪਵਿੱਤਰ ਪੁਰੱਖ (ਪਰਮੇਸ਼ੁਰ) ਆਖਦੀ ਹੈ। “ਤੁਸਾਂ ਲੋਕਾਂ ਨੇ ਯਹੋਵਾਹ ਦੇ ਇਸ ਸੰਦੇਸ਼ ਨੂੰ ਪ੍ਰਵਾਨ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਤੁਸੀਂ ਲੋਕ ਸਹਾਇਤਾ ਲਈ ਸਿਰਫ਼ ਲੜਾਈ ਝਗੜ੍ਹੇ ਅਤੇ ਝੂਠ ਉੱਤੇ ਨਿਰਭਰ ਕਰਨਾ ਚਾਹੁੰਦੇ ਹੋ। 13 ਤੁਸੀਂ ਇਨ੍ਹਾਂ ਗੱਲਾਂ ਦੇ ਦੋਸ਼ੀ ਹੋ ਇਸ ਲਈ ਤੁਸੀਂ ਉਸ ਉੱਚੀ ਕੰਧ ਵਰਗੇ ਹੋ ਜਿਸ ਵਿੱਚ ਤ੍ਰੇੜਾਂ ਹਨ। ਉਹ ਕੰਧ ਅਚਾਨਕ ਢਹਿ ਜਾਵੇਗੀ ਅਤੇ ਟੁਕੜੇ-ਟੁਕੜੇ ਹੋ ਜਾਵੇਗੀ। 14 ਤੁਸੀਂ ਮਿੱਟੀ ਦੇ ਉਸ ਘੜੇ ਵਰਗੇ ਹੋਣਗੇ ਜਿਹੜਾ ਟੁੱਟ ਕੇ ਅਨੇਕਾਂ ਠੀਕਰੀਆਂ ਵਿੱਚ ਬਿਖਰ ਜਾਂਦਾ ਹੈ। ਇਹ ਠੀਕਰੀਆਂ ਬੇਕਾਰ ਹੁੰਦੀਆਂ ਹਨ। ਤੁਸੀਂ ਇਨ੍ਹਾਂ ਠੀਕਰੀਆਂ ਨਾਲ ਅੱਗ ਵਿੱਚੋਂ ਜਲਦੇ ਹੋਏ ਕੋਲੇ ਨਹੀਂ ਚੁੱਕ ਸੱਕਦੇ ਜਾਂ ਧਰਤੀ ਉਤ੍ਤਲੇ ਤਲਾਬ ਵਿੱਚੋਂ ਪਾਣੀ ਨਹੀਂ ਕੱਢ ਸੱਕਦੇ।”

15 ਮੇਰਾ ਪ੍ਰਭੂ ਯਹੋਵਾਹ, ਇਸਰਾਏਲ ਦਾ ਪਵਿੱਤਰ ਪੁਰੱਖ, ਆਖਦਾ ਹੈ, “ਜੇ ਤੁਸੀਂ ਮੇਰੇ ਵੱਲ ਪਰਤ ਆਓਗੇ ਤਾਂ ਤੁਸੀਂ ਬਚ ਜਾਓਗੇ। ਤੁਹਾਨੂੰ ਤਾਕਤ ਤਾਂ ਹੀ ਪ੍ਰਾਪਤ ਹੋਵੇਗੀ ਜੇਕਰ ਤੁਹਾਨੂੰ ਮੇਰੇ ਵਿੱਚ ਭਰੋਸਾ ਹੋਵੇਗਾ ਅਤੇ ਸ਼ਾਤ ਹੋਵੋਂਗੇ।”

ਪਰ ਤੁਸੀਂ ਅਜਿਹਾ ਨਹੀਂ ਕਰਨਾ ਚਾਹੁੰਦੇ! ਤੁਸੀਂ ਆਖਦੇ ਹੋ, “ਸਾਨੂੰ ਅਗਾਂਹ ਵੱਲ ਭੱਜ ਜਾਣ ਲਈ ਘੋੜੇ ਚਾਹੀਦੇ ਨੇ!” ਇਹ ਠੀਕ ਹੈ। 16 ਤੁਸੀਂ ਘੋੜਿਆਂ ਉੱਤੇ ਸਵਾਰ ਹੋ ਕੇ ਭੱਜ ਜਾਵੋਗੇ। ਪਰ ਦੁਸ਼ਮਣ ਤੁਹਾਡਾ ਪਿੱਛਾ ਕਰੇਗਾ। ਅਤੇ ਦੁਸ਼ਮਣ ਤੁਹਾਡੇ ਘੋੜਿਆਂ ਨਾਲੋਂ ਤੇਜ਼ ਹੋਵੇਗਾ। 17 ਇੱਕ ਦੁਸ਼ਮਣ ਧਮਕੀਆਂ ਦੇਵੇਗਾ ਅਤੇ ਤੁਹਾਡੇ ਹਜ਼ਾਰਾਂ ਬੰਦੇ ਭੱਜ ਜਾਣਗੇ। ਪੰਜ ਦੁਸ਼ਮਣ ਤੁਹਾਨੂੰ ਧਮਕੀਆਂ ਦੇਣਗੇ ਅਤੇ ਤੁਸੀਂ ਸਾਰੇ ਉਨ੍ਹਾਂ ਕੋਲੋਂ ਭੱਜ ਜਾਵੋਂਗੇ ਜਿੰਨਾਂ ਚਿਰ ਤੱਕ ਕਿ ਤੁਸੀਂ ਪਰਬਤ ਦੀ ਚੋਟੀ ਗੱਡੇ ਝੰਡੇ, ਪਹਾੜੀ ਉੱਤੇ ਇੱਕ ਬੈਨਰ ਵਾਂਗ ਇੱਕਲੇ ਰਹਿ ਜਾਵੋ।

ਪਰਮੇਸ਼ੁਰ ਆਪਣੇ ਲੋਕਾਂ ਨੂੰ ਹੌਸਲਾ ਦੇਵੇਗਾ

18 ਯਹੋਵਾਹ ਤੁਹਾਡੇ ਲਈ ਆਪਣੀ ਮਿਹਰ ਦਰਸਾਉਣੀ ਚਾਹੁੰਦਾ ਹੈ। ਯਹੋਵਾਹ ਇੰਤਜ਼ਾਰ ਕਰ ਰਿਹਾ ਹੈ। ਯਹੋਵਾਹ ਉੱਠਣਾ ਚਾਹੁੰਦਾ ਹੈ ਅਤੇ ਤੁਹਾਨੂੰ ਆਰਾਮ ਦੇਣਾ ਚਾਹੁੰਦਾ ਹੈ। ਯਹੋਵਾਹ ਪਰਮੇਸ਼ੁਰ ਬੇਲਾਗ ਹੈ ਅਤੇ ਹਰ ਉਹ ਬੰਦਾ ਜਿਹੜਾ ਯਹੋਵਾਹ ਦੀ ਸਹਾਇਤਾ ਦਾ ਇੰਤਜ਼ਾਰ ਕਰੇਗਾ ਉਸ ਨੂੰ ਅਸੀਸ ਮਿਲੇਗੀ।

19 ਯਹੋਵਾਹ ਦੇ ਲੋਕ ਸੀਯੋਨ ਪਰਬਤ ਉੱਤੇ ਯਰੂਸ਼ਲਮ ਵਿੱਚ ਰਹਿਣਗੇ। ਤੁਸੀਂ ਲੋਕ ਰੋਦੇ ਨਹੀਂ ਰਹੋਗੇ। ਯਹੋਵਾਹ ਤੁਹਾਡਾ ਵਿਰਲਾਪ ਸੁਣੇਗਾ ਅਤੇ ਤੁਹਾਨੂੰ ਹੌਸਲਾ ਦੇਵੇਗਾ। ਯਹੋਵਾਹ ਤੁਹਾਨੂੰ ਸੁਣੇਗਾ ਅਤੇ ਤੁਹਾਡੀ ਸਹਾਇਤਾ ਕਰੇਗਾ।

20 ਅਤੀਤ ਵਿੱਚ ਮੇਰੇ ਪ੍ਰਭੂ ਪਰਮੇਸ਼ੁਰ ਨੇ ਤੁਹਾਨੂੰ ਉਦਾਸੀ ਅਤੇ ਦੁੱਖ ਦਿੱਤਾ ਸੀ ਇਹ ਉਸ ਰੋਟੀ ਅਤੇ ਪਾਣੀ ਵਰਗਾ ਸੀ ਜਿਸ ਨੂੰ ਤੁਸੀਂ ਰੋਜ਼ ਖਾਧਾ ਸੀ। ਪਰ ਪਰਮੇਸ਼ੁਰ ਤੁਹਾਡਾ ਗੁਰੂ ਹੈ ਅਤੇ ਤੁਹਾਡੇ ਕੋਲੋਂ ਛੁਪਿਆ ਨਹੀਂ ਰਹੇਗਾ। ਤੁਸੀਂ ਆਪਣੇ ਗੁਰੂ ਨੂੰ ਆਪਣੀਆਂ ਅੱਖਾਂ ਨਾਲ ਦੇਖੋਗੇ। 21 ਫ਼ੇਰ, ਜੇ ਤੁਸੀਂ ਬੁਰਾ ਕਰੋਗੇ ਅਤੇ ਗ਼ਲਤ ਢੰਗ ਨਾਲ ਜੀਵੋਗੇ। (ਸੱਜੇ ਜਾਂ ਖੱਬੇ ਪਾਸੇ,) ਤਾਂ ਤੁਸੀਂ ਆਪਣੇ ਪਿੱਛੇ ਇਹ ਆਖਦੀ ਹੋਈ ਆਵਾਜ਼ ਸੁਣੋਗੇ, “ਇਹ ਰਸਤਾ ਠੀਕ ਹੈ। ਤੁਹਾਨੂੰ ਇਸੇ ਰਸਤੇ ਜਾਣਾ ਚਾਹੀਦਾ ਹੈ!”

22 ਤੁਹਾਡੇ ਕੋਲ ਸੋਨੇ ਅਤੇ ਚਾਂਦੀ ਨਾਲ ਮੜੀਆਂ ਹੋਈਆਂ ਮੂਰਤੀਆਂ ਹਨ। ਉਨ੍ਹਾਂ ਝੂਠੇ ਦੇਵਤਿਆਂ ਨੇ ਤੁਹਾਨੂੰ ਪਾਪੀ ਬਣਾ ਦਿੱਤਾ ਹੈ। ਪਰ ਤੁਸੀਂ ਉਨ੍ਹਾਂ ਝੂਠੇ ਦੇਵਤਿਆਂ ਦੀ ਸੇਵਾ ਕਰਨੀ ਬੰਦ ਕਰ ਦਿਓਗੇ। ਤੁਸੀਂ ਉਨ੍ਹਾਂ ਝੂਠੇ ਦੇਵਤਿਆਂ ਨੂੰ ਰੱਦੀ ਕਪੜਿਆਂ ਵਾਂਗ ਪਰ੍ਹਾਂ ਸੁੱਟ ਦਿਓਗੇ।

23 ਉਸ ਸਮੇਂ, ਯਹੋਵਾਹ ਤੁਹਾਡੇ ਲਈ ਵਰੱਖਾ ਭੇਜੇਗਾ। ਤੁਸੀਂ ਧਰਤੀ ਵਿੱਚ ਬੀਜ ਬੀਜੋਗੇ ਅਤੇ ਧਰਤੀ ਤੁਹਾਡੇ ਲਈ ਅਨਾਜ ਉਗਾਵੇਗੀ। ਤੁਹਾਨੂੰ ਬਹੁਤ ਚੰਗੀ ਫ਼ਸਲ ਪ੍ਰਾਪਤ ਹੋਵੇਗੀ। ਤੁਹਾਡੇ ਪਾਸ ਖੇਤਾਂ ਅੰਦਰ ਤੁਹਾਡੇ ਪਸ਼ੂਆਂ ਵਾਸਤੇ ਕਾਫ਼ੀ ਚਾਰਾ ਹੋਵੇਗਾ। ਤੁਹਾਡੀਆਂ ਭੇਡਾਂ ਲਈ ਵੱਡੇ-ਵੱਡੇ ਮੈਦਾਨ ਹੋਣਗੇ। 24 ਤੁਹਾਡੇ ਪਸ਼ੂ ਅਤੇ ਗਧੇ ਆਪਣਾ ਪੂਰਾ ਭੋਜਨ ਪ੍ਰਾਪਤ ਕਰਨਗੇ। ਉਹ ਬਹੁਤ ਭੋਜਨ ਹੋਵੇਗਾ। ਤੁਹਾਨੂੰ ਆਪਣੇ ਪਸ਼ੂਆਂ ਦੇ ਖਾਣ ਵਾਲੇ ਭੋਜਨ ਨੂੰ ਖਿਲਾਰਨ ਲਈ ਕਹੀਆਂ ਅਤੇ ਸਲਂਗਾਂ ਦੀ ਲੋੜ ਪਵੇਗੀ। 25 ਹਰ ਪਰਬਤ ਅਤੇ ਪਹਾੜੀ ਉੱਤੇ ਪਾਣੀ ਨਾਲ ਭਰੇ ਹੋਏ ਝਰਨੇ ਹੋਣਗੇ। ਇਹ ਗੱਲਾਂ ਉਦੋਂ ਵਾਪਰਨਗੀਆਂ ਜਦੋਂ ਬਹੁਤ ਸਾਰੇ ਲੋਕ ਮਾਰੇ ਜਾਣਗੇ ਅਤੇ ਮੁਨਾਰੇ ਢਾਹ ਦਿੱਤੇ ਜਾਣਗੇ।

26 ਉਸ ਸਮੇਂ, ਚਂਦਰਮਾਂ ਦੀ ਰੌਸ਼ਨੀ ਸੂਰਜ ਵਰਗੀ ਚਮਕੀਲੀ ਹੋਵੇਗੀ। ਸੂਰਜ ਦੀ ਰੌਸ਼ਨੀ ਹੁਣ ਨਾਲੋਂ ਸੱਤ ਗੁਣਾ ਵੱਧ ਚਮਕਦਾਰ ਹੋਵੇਗੀ। ਸੂਰਜ ਦੀ ਇੱਕ ਦਿਨ ਦੀ ਰੌਸ਼ਨੀ ਸੱਤਾਂ ਦਿਨਾਂ ਦੇ ਬਰਾਬਰ ਹੋਵੇਗੀ। ਇਹ ਸਭ ਕੁਝ ਉਦੋਂ ਵਾਪਰੇਗਾ ਜਦੋਂ ਯਹੋਵਾਹ ਆਪਣੇ ਫ਼ੱਟੜ ਹੋਏ ਲੋਕਾਂ ਦੀਆਂ ਪਟ੍ਟੀਆਂ ਕਰੇਗਾ ਅਤੇ ਉਨ੍ਹਾਂ ਦੇ ਜ਼ਖਮਾਂ ਨੂੰ ਰਾਜ਼ੀ ਕਰੇਗਾ।

27 ਦੇਖੋ, ਯਹੋਵਾਹ ਦਾ ਨਾਮ ਦੂਰੋ ਆ ਰਿਹਾ ਹੈ। ਉਸਦਾ ਕਹਿਰ ਧੂਏਂ ਦੇ ਮੋਟੇ ਬੱਦਲਾਂ ਵਾਲੀ ਅੱਗ ਵਰਗਾ ਹੈ। ਯਹੋਵਾਹ ਦਾ ਮੁੱਖ ਕਰੋਧ ਨਾਲ ਭਰਿਆ ਹੋਇਆ ਹੈ ਅਤੇ ਉਸਦੀ ਜੀਭ ਬਲਦੀ ਅੱਗ ਵਰਗੀ ਹੈ। 28 ਯਹੋਵਾਹ ਦਾ ਆਤਮਾ ਇੱਕ ਮਹਾਂ ਨਦੀ ਵਰਗਾ ਹੈ। ਗਲ-ਗਲ ਤਾਂਈਁ ਚੜ੍ਹਦਾ ਹੋਇਆ। ਯਹੋਵਾਹ ਕੌਮਾਂ ਦਾ ਨਿਆਂ ਕਰੇਗਾ। ਇਹ ਉਨ੍ਹਾਂ ਨੂੰ ਇੱਕ ਬੇਕਾਰ ਝਾਨਣੀ ਰਾਹੀਂ ਜਾਂਚਣ ਵਾਂਗ ਹੋਵੇਗਾ। ਉਹ ਇੱਕ ਨੱਬ, ਕੌਮਾਂ ਦੇ ਜਬਾੜਿਆਂ ਵਿੱਚ ਪਾਵੇਗਾ, ਜੋ ਜਾਨਵਰਾਂ ਤੇ ਕਾਬੂ ਰੱਖਦੀ ਹੈ ਅਤੇ ਉਹ ਉਨ੍ਹਾਂ ਦੀ ਤਬਾਹੀ ਵੱਲ ਅਗਵਾਈ ਕਰੇਗਾ।

29 ਉਸ ਸਮੇਂ, ਤੁਸੀਂ ਖੁਸ਼ੀ ਦੇ ਗੀਤ ਗਾਓਗੇ। ਉਹ ਸਮਾਂ ਉਨ੍ਹਾਂ ਰਾਤਾਂ ਵਰਗਾ ਹੋਵੇਗਾ ਜਦੋਂ ਤੁਸੀਂ ਛੁੱਟੀ ਤੇ ਜਾਂਦੇ ਹੋ। ਯਹੋਵਾਹ ਦੇ ਪਰਬਤ ਵੱਲ ਤੁਰੇ ਜਾਂਦੇ ਤੁਸੀਂ ਬਹੁਤ ਪ੍ਰਸੰਨ ਹੋ। ਤੁਸੀਂ ਇਸਰਾਏਲ ਦੀ ਚੱਟਾਨ ਵੱਲ ਯਹੋਵਾਹ ਦੀ ਉਪਾਸਨਾ ਲਈ ਜਾਂਦੇ ਹੋਏ ਤੇ ਵੰਝਲੀ ਨੂੰ ਸੁਣਦੇ ਹੋਏ ਬਹੁਤ ਪ੍ਰਸੰਨ ਹੋ।

30 ਯਹੋਵਾਹ ਸਮੂਹ ਲੋਕਾਂ ਨੂੰ ਆਪਣੀ ਮਹਾਨ ਆਵਾਜ਼ ਸੁਣਾਵੇਗਾ। ਯਹੋਵਾਹ ਸਮੂਹ ਲੋਕਾਂ ਨੂੰ ਗੁੱਸੇ ਨਾਲ ਹੇਠਾਂ ਆਉਂਦਾ ਹੋਇਆ ਆਪਣਾ ਬਾਜ਼ੂ ਦਿਖਾਵੇਗਾ। ਉਹ ਬਾਜ਼ੂ ਉਸ ਮਹਾ ਅਗਨੀ ਵਰਗਾ ਹੋਵੇਗਾ ਜਿਹੜੀ ਸਭ ਕੁਝ ਸਾੜ ਦਿੰਦੀ ਹੈ। ਯਹੋਵਾਹ ਦੀ ਸ਼ਕਤੀ ਵਰੱਖਾ ਅਤੇ ਗੜਿਆਂ ਵਾਲੇ ਮਹਾ ਤੂਫ਼ਾਨ ਵਰਗੀ ਹੋਵੇਗੀ। 31 ਅੱਸ਼ੂਰ ਜਦੋਂ ਯਹੋਵਾਹ ਦੀ ਆਵਾਜ਼ ਸੁਣੇਗਾ ਤਾਂ ਭੈਭੀਤ ਹੋ ਜਾਵੇਗਾ। ਯਹੋਵਾਹ ਅੱਸ਼ੂਰ ਨੂੰ ਸੋਟੀ ਨਾਲ ਮਾਰੇਗਾ। 32 ਯਹੋਵਾਹ ਅੱਸ਼ੂਰ ਨੂੰ ਮਾਰੇਗਾ ਅਤੇ ਇਹ ਗੱਲ ਢੋਲ ਨਗਾਰਿਆਂ ਦੇ ਸੰਗੀਤ ਵਰਗੀ ਹੋਵੇਗੀ ਯਹੋਵਾਹ ਅੱਸ਼ੂਰ ਨੂੰ ਆਪਣੇ ਸ਼ਕਤੀਸ਼ਾਲੀ ਬਾਜ਼ੂ ਨਾਲ ਹਰਾ ਦੇਵੇਗਾ।

33 ਸਿਵਾ ਨੂੰ ਕਾਫ਼ੀ ਚਿਰ ਪਹਿਲਾਂ ਹੀ ਤਿਆਰ ਕਰ ਦਿੱਤਾ ਗਿਆ ਹੈ। ਇਹ ਰਾਜੇ ਲਈ ਤਿਆਰ ਹੈ। ਇਸ ਨੂੰ ਬਹੁਤ ਡੂੰਘਾ ਅਤੇ ਚੌੜਾ ਬਣਾਇਆ ਗਿਆ ਸੀ। ਓੱਥੇ ਲੱਕੜੀਆਂ ਅਤੇ ਅੱਗ ਦਾ ਵੱਡਾ ਢੇਰ ਹੈ। ਅਤੇ ਯਹੋਵਾਹ ਦਾ ਆਤਮਾ ਬਲਦੀ ਹੋਈ ਗੰਧਕ ਦੀ ਨਦੀ ਵਾਂਗ ਆਵੇਗਾ ਅਤੇ ਇਸ ਨੂੰ ਸਾੜ ਸੁੱਟੇਗਾ।

Punjabi Bible: Easy-to-Read Version (ERV-PA)

2010 by World Bible Translation Center