Beginning
ਪਰਮੇਸ਼ੁਰ ਦਾ ਲਬਾਨੋਨ ਨੂੰ ਸੰਦੇਸ਼
23 ਸੂਰ ਦੇ ਬਾਰੇ ਉਦਾਸ ਸੰਦੇਸ਼:
ਤਰਸ਼ੀਸ਼ ਦੇ ਜਹਾਜ਼ੋ, ਉਦਾਸ ਹੋ ਜਾਵੋ!
ਤੁਹਾਡੀ ਬੰਦਰਗਾਹ ਤਬਾਹ ਹੋ ਚੁੱਕੀ ਹੈ।
ਇਨ੍ਹਾਂ ਜਹਾਜ਼ਾਂ ਉੱਤੇ ਸਵਾਰ ਲੋਕਾਂ ਨੂੰ ਇਹ ਸੂਚਨਾ ਉਦੋਂ ਦਿੱਤੀ ਗਈ ਜਦੋਂ
ਉਹ ਕਿਤ੍ਤਮ ਦੇ ਦੇਸ਼ ਵੱਲੋਂ ਆ ਰਹੇ ਸਨ।
2 ਤੁਸੀਂ ਸਮੁੰਦਰ ਦੇ ਨੇੜੇ ਰਹਿੰਦੇ ਲੋਕੋ ਚੁੱਪ ਰਹੋ।
ਸੂਰ “ਸੀਦੋਨ ਦਾ ਵਪਾਰੀ” ਸੀ।
ਸਮੁੰਦਰ ਕੰਢੇ ਵਸੇ ਉਸ ਸ਼ਹਿਰ ਨੇ ਵਪਾਰੀਆਂ ਨੂੰ ਸਮੁੰਦਰ ਪਾਰ ਭੇਜਿਆ,
ਅਤੇ ਉਨ੍ਹਾਂ ਲੋਕਾਂ ਨੇ ਤੈਨੂੰ ਦੌਲਤ ਨਾਲ ਮਾਲਾਮਾਲ ਕਰ ਦਿੱਤਾ।
3 ਉਹ ਲੋਕ ਸਮੁੰਦਰੀ ਯਾਤਰਾ ਕਰਦੇ ਸਨ ਅਤੇ ਲਾਭ ਤਕਦੇ ਸਨ।
ਸੂਰ ਦੇ ਉਨ੍ਹਾਂ ਲੋਕਾਂ ਨੇ ਉਹ ਅਨਾਜ ਲਿਆਂਦਾ ਜਿਹੜਾ ਨੀਲ ਨਦੀ ਦੇ ਨੇੜੇ ਉਗਦਾ ਹੈ,
ਅਤੇ ਉਨ੍ਹਾਂ ਨੇ ਹੋਰਾਂ ਕੌਮਾਂ ਨੂੰ ਅਨਾਜ ਵੇਚਿਆ।
4 ਸੀਦੋਨ, ਤੈਨੂੰ ਬਹੁਤ ਉਦਾਸ ਹੋ ਜਾਣਾ ਚਾਹੀਦਾ ਹੈ।
ਕਿਉਂ ਕਿ ਹੁਣ ਸਮੁੰਦਰ, ਅਤੇ ਸਮੁੰਦਰ ਦਾ ਕਿਲਾ ਆਖਦੇ ਹਨ:
ਮੇਰੇ ਕੋਈ ਬੱਚੇ ਨਹੀਂ।
ਮੈਂ ਜਨਮ ਪੀੜਾਂ ਅਨੁਭਵ ਨਹੀਂ ਕੀਤੀਆਂ।
ਮੈਂ ਬੱਚਿਆਂ ਨੂੰ ਜਨਮ ਨਹੀਂ ਦਿੱਤਾ।
ਮੈਂ ਜਵਾਨ ਮਰਦਾਂ ਅਤੇ ਔਰਤਾਂ ਦੀ ਪਰਵਰਿਸ਼ ਨਹੀਂ ਕੀਤੀ।
5 ਮਿਸਰ ਸੂਰ ਬਾਰੇ ਇਹ ਖਬਰ ਸੁਣੇਗਾ
ਅਤੇ ਉਦਾਸ਼ ਹੋ ਜਾਵੇਗਾ।
6 ਜਹਾਜ਼ੋ, ਤੁਸੀਂ ਤਰਸ਼ੀਸ਼ ਵੱਲ ਪਰਤ ਜਾਵੋ।
ਤੁਸੀਂ ਲੋਕ, ਜਿਹੜੇ ਸਮੁੰਦਰ ਦੇ ਕੰਢੇ ਰਹਿੰਦੇ ਹੋ ਤੁਹਾਨੂੰ ਉਦਾਸ ਹੋਣਾ ਚਾਹੀਦਾ ਹੈ।
7 ਅਤੀਤ ਵਿੱਚ, ਤੁਸੀਂ ਸੂਰ ਸ਼ਹਿਰ ਵਿੱਚ ਖੁਸ਼ੀ ਮਾਣੀ।
ਉਹ ਸ਼ਹਿਰ ਸ਼ਰੂ ਤੋਂ ਹੀ ਵੱਧਦਾ ਫ਼ੁੱਲਦਾ ਰਿਹਾ ਹੈ।
ਉਸ ਸ਼ਹਿਰ ਦੇ ਲੋਕਾਂ ਨੇ ਰਹਿਣ ਲਈ ਦੂਰ-ਦੂਰ ਦੀ ਯਾਤਰਾ ਕੀਤੀ ਹੈ,
8 ਸੂਰ ਦੇ ਸ਼ਹਿਰ ਨੇ ਬਹੁਤ ਆਗੂ ਪੈਦਾ ਕੀਤੇ ਨੇ।
ਵਪਾਰੀ ਓਸ ਸ਼ਹਿਰ ਦੇ ਨੇ ਸ਼ਹਿਜ਼ਾਦਿਆਂ ਵਰਗੇ।
ਉਹ ਲੋਕ ਜਿਹੜੇ ਚੀਜ਼ਾਂ ਦੀ ਖਰੀਦੋ ਫ਼ਰੋਖਤ ਕਰਦੇ ਨੇ ਹਰ ਥਾਂ ਸਤਕਾਰੇ ਜਾਂਦੇ ਨੇ।
ਕੌਣ ਅਜਿਹੇ ਸ਼ਹਿਰ ਦੇ ਖਿਲਾਫ਼ ਇਹ ਵਿਉਂਤ ਰਿਹਾ ਹੈ।?
9 ਇਹ ਸੀ ਸਰਬ ਸ਼ਕਤੀਮਾਨ ਯਹੋਵਾਹ।
ਨਿਆਂ ਕੀਤਾ ਓਸਨੇ ਸੀ ਉਨ੍ਹਾਂ ਨੂੰ ਗ਼ੈਰ-ਜ਼ਰੂਰੀ ਬਣਾਉਣ ਦਾ।
10 ਤਹਸ਼ੀਸ਼ ਦੇ ਜਹਾਜ਼ੋ, ਪਰਤ ਜਾਣਾ ਚਾਹੀਦਾ ਹੈ ਤੁਹਾਨੂੰ ਵਾਪਸ ਆਪਣੇ ਦੇਸ਼ ਨੂੰ।
ਪਾਰ ਕਰੋ ਸਮੁੰਦਰ ਨੂੰ, ਇਹ ਹੈ ਛੋਟੀ ਨਦੀ ਜਿਹਾ।
ਰੋਕ ਸੱਕੇਗਾ ਨਹੀਂ ਕੋਈ ਵੀ ਹੁਣ ਤੁਹਾਨੂੰ।
11 ਯਹੋਵਾਹ ਨੇ ਸਮੁੰਦਰ ਉੱਤੇ ਆਪਣਾ ਹੱਥ ਫ਼ੈਲਾ ਦਿੱਤਾ ਹੈ।
ਯਹੋਵਾਹ ਸੂਰ ਦੇ ਖਿਲਾਫ਼ ਲੜਨ ਲਈ ਰਿਆਸਤਾਂ ਇਕੱਠੀਆਂ ਕਰ ਰਿਹਾ ਹੈ।
ਆਦੇਸ਼ ਦਿੰਦਾ ਹੈ ਯਹੋਵਾਹ ਕਨਾਨ ਨੂੰ
ਤਬਾਹ ਕਰਨ ਲਈ (ਸੂਰ ਨੂੰ) ਉਸਦੀ ਸੁਰੱਖਿਅਤ ਥਾਂ ਨੂੰ।
12 ਯਹੋਵਾਹ ਆਖਦਾ ਹੈ, “ਸੀਦੋਨ ਦੀਏ ਕੁਆਰੀ ਧੀਏ, ਤਬਾਹ ਕਰ ਦਿੱਤੀ ਜਾਵੇਂਗੀ ਤੂੰ।
ਖੁਸ਼ੀ ਮਨਾਵੇਂਗੀ ਨਹੀਂ ਹੋਰ ਹੁਣ ਤੂੰ।”
ਪਰ ਸੂਰ ਦੇ ਲੋਕ ਆਖਦੇ ਹਨ, “ਕਿਤ੍ਤੀਮ ਸਾਡੀ ਸਹਾਇਤਾ ਕਰੇਗਾ!”
ਪਰ ਜੇ ਤੁਸੀਂ ਸਮੁੰਦਰ ਪਾਰ ਕਰਕੇ ਕਿੱਤੀਮ ਨੂੰ ਜਾਓਗੇ, ਤੁਹਾਨੂੰ ਆਰਾਮ ਕਰਨ ਲਈ ਕੋਈ ਟਿਕਾਣਾ ਨਹੀਂ ਮਿਲੇਗਾ।
13 ਇਸ ਲਈ ਆਖਦੇ ਨੇ ਸੂਰ ਦੇ ਲੋਕ, “ਬਾਬਲ ਦੇ ਲੋਕ ਕਰਨਗੇ ਸਾਡੀ ਸਹਾਇਤਾ!”
ਪਰ ਕਸਦੀਆਂ ਦੀ ਧਰਤੀ ਵੱਲ ਤੱਕੋ!
ਬਾਬਲ ਹੁਣ ਕੋਈ ਦੇਸ਼ ਨਹੀਂ।
ਅੱਸ਼ੂਰ ਨੇ ਬਾਬਲ ਉੱਤੇ ਹਮਲਾ ਕੀਤਾ ਹੈ ਅਤੇ ਇਸਦੇ ਆਲੇ-ਦੁਆਲੇ ਮੁਨਾਰੇ ਉਸਾਰੇ ਹਨ।
ਫ਼ੌਜੀਆਂ ਨੇ ਲੁੱਟ ਲਿਆ ਹੈ ਸਭ ਕੁਝ ਇਸਦੇ ਸੁਹਣੇ ਘਰਾਂ ਚੋਂ।
ਬਣਾ ਦਿੱਤਾ ਹੈ ਅੱਸ਼ੂਰ ਨੇ ਬਾਬਲ ਨੂੰ ਜੰਗਲੀ ਜਾਨਵਰਾਂ ਦਾ ਟਿਕਾਣਾ।
ਉਨ੍ਹਾਂ ਨੇ ਬਦਲ ਦਿੱਤਾ ਹੈ ਬਾਬਲ ਨੂੰ ਖੰਡਰਾਂ ਵਿੱਚ।
14 ਇਸ ਲਈ, ਉਦਾਸ ਹੋ ਜਾਵੋ, ਤਰਸ਼ੀਸ਼ ਦੇ ਜਹਾਜ਼ੋ।
ਤੁਹਾਡਾ ਸੁਰੱਖਿਅਤ ਟਿਕਾਣਾ (ਸੂਰ) ਹੋ ਜਾਵੇਗਾ ਤਬਾਹ।
15 ਲੋਕੀ ਤਕਰੀਬਨ 70 ਸਾਲਾਂ ਤੱਕ ਸੂਰ ਨੂੰ ਭੁੱਲ ਜਾਣਗੇ। (ਇਹ ਤਕਰੀਬਨ ਕਿਸੇ ਰਾਜੇ ਦੇ ਰਾਜ ਦਾ ਸਮਾਂ ਹੈ।) ਸੱਤਰ ਸਾਲਾਂ ਬਾਦ ਸੂਰ ਇਸ ਗੀਤ ਵਿੱਚਲੀ ਵੇਸਵਾ ਵਰਗਾ ਹੋਵੇਗਾ:
16 ਐ ਔਰਤ, ਜਿਸ ਨੂੰ ਭੁਲਾ ਦਿੱਤਾ ਹੈ ਆਦਮੀਆਂ ਨੇ,
ਫ਼ੜ ਲੈ ਆਪਣੇ ਇੱਕਤਾਰਾ ਤੇ ਗੁਜ਼ਰ ਜਾ ਸ਼ਹਿਰ ਵਿੱਚੋਂ।
ਚੰਗੀ ਤਰ੍ਹਾਂ ਵਜਾ ਆਪਣਾ ਇੱਕਤਾਰਾ।
ਗਾ ਆਪਣਾ ਗੀਤ ਬਾਰ-ਬਾਰ।
ਫ਼ੇਰ ਸ਼ਾਇਦ ਲੋਕ ਤੈਨੂੰ ਚੇਤੇ ਕਰ ਸੱਕਣ।
17 ਸੱਤਰ ਸਾਲਾਂ ਬਾਦ, ਯਹੋਵਾਹ ਸੂਰ ਬਾਰੇ ਫ਼ੇਰ ਵਿੱਚਾਰ ਕਰੇਗਾ, ਅਤੇ ਉਹ ਉਸ ਨੂੰ ਫ਼ੈਸਲਾ ਸੁਣਾਏਗਾ। ਸੂਰ ਫ਼ੇਰ ਵਪਾਰ ਕਰੇਗਾ। ਸੂਰ ਧਰਤੀ ਦੀਆਂ ਸਾਰੀਆਂ ਕੌਮਾਂ ਲਈ ਇੱਕ ਵੇਸਵਾ ਵਾਂਗ ਹੋਵੇਗਾ। 18 ਪਰ ਸੂਰ ਉਸ ਦੌਲਤ ਨੂੰ ਨਹੀਂ ਰੱਖ ਸੱਕੇਗਾ ਜਿਸ ਨੂੰ ਉਹ ਕਮਾਵੇਗਾ। ਸੂਰ ਦੇ ਵਪਾਰ ਦਾ ਮੁਨਾਫ਼ਾ ਯਹੋਵਾਹ ਲਈ ਬਚਾਇਆ ਜਾਵੇਗਾ। ਸੂਰ ਉਹ ਮੁਨਾਫ਼ਾ ਉਨ੍ਹਾਂ ਨੂੰ ਦੇਵੇਗਾ ਜਿਹੜੇ ਯਹੋਵਾਹ ਦੀ ਸੇਵਾ ਕਰਦੇ ਹਨ। ਇਸ ਲਈ ਯਹੋਵਾਹ ਦੇ ਸੇਵਕ ਰੱਜ ਕੇ ਖਾਣਗੇ ਅਤੇ ਸੁੰਦਰ ਵਸਤਰ ਪਹਿਨਣਗੇ।
ਪਰਮੇਸ਼ੁਰ ਇਸਰਾਏਲ ਨੂੰ ਸਜ਼ਾ ਦੇਵੇਗਾ
24 ਦੇਖੋ! ਯਹੋਵਾਹ ਇਸ ਧਰਤੀ ਨੂੰ ਤਬਾਹ ਕਰ ਦੇਵੇਗਾ। ਯਹੋਵਾਹ ਧਰਤੀ ਤੋਂ ਹਰ ਚੀਜ਼ ਨੂੰ ਪੂਰੀ ਤਰ੍ਹਾਂ ਪਾਕ ਕਰ ਦੇਵੇਗਾ। ਯਹੋਵਾਹ ਲੋਕਾਂ ਨੂੰ ਦੂਰ ਜਾਣ ਲਈ ਮਜ਼ਬੂਰ ਕਰ ਦੇਵੇਗਾ। 2 ਉਸ ਸਮੇਂ, ਸਧਾਰਣ ਬੰਦੇ ਅਤੇ ਜਾਜਕ ਇੱਕੋ ਜਿਹੇ ਹੋਣਗੇ। ਗੁਲਾਮ ਅਤੇ ਮਾਲਿਕ ਇੱਕੋ ਜਿਹੇ ਹੋਣਗੇ। ਦਾਸੀਆਂ ਅਤੇ ਉਨ੍ਹਾਂ ਦੀਆਂ ਮਾਲਕਣਾਂ ਇੱਕੋ ਜਿਹੀਆਂ ਹੋਣਗੀਆਂ। ਖਰੀਦਣ ਵਾਲੇ ਅਤੇ ਵੇਚਣ ਵਾਲੇ ਇੱਕੋ ਜਿਹੇ ਹੋਣਗੇ। ਕਰਜ਼ਾ ਲੈਣ ਵਾਲੇ ਅਤੇ ਕਰਜ਼ਾ ਦੇਣ ਵਾਲੇ ਇੱਕੋ ਜਿਹੇ ਹੋਣਗੇ। ਬੈਂਕਰ ਅਤੇ ਬੈਂਕ ਤੋਂ ਕਰਜ਼ਾ ਲੈਣ ਵਾਲੇ ਇੱਕੋ ਜਿਹੇ ਹੋਣਗੇ। 3 ਸਾਰੇ ਹੀ ਲੋਕ ਧਰਤੀ ਤੋਂ ਧੱਕ ਦਿੱਤੇ ਜਾਣਗੇ। ਸਾਰੀ ਦੌਲਤ ਖੋਹ ਲਈ ਜਾਵੇਗੀ। ਇਹ ਇਸ ਲਈ ਵਾਪਰੇਗਾ ਕਿਉਂ ਕਿ ਇਹ ਯਹੋਵਾਹ ਦਾ ਆਦੇਸ਼ ਸੀ। 4 ਦੇਸ਼ ਸੱਖਣਾ ਅਤੇ ਉਦਾਸ ਹੋ ਜਾਵੇਗਾ। ਦੁਨੀਆਂ ਖਾਲੀ ਅਤੇ ਕਮਜ਼ੋਰ ਹੋ ਜਾਵੇਗੀ। ਇਸ ਧਰਤੀ ਦੇ ਮਹਾਨ ਆਗੂ ਕਮਜ਼ੋਰ ਹੋ ਜਾਣਗੇ।
5 ਧਰਤੀ ਦੇ ਲੋਕਾਂ ਨੇ ਧਰਤੀ ਨੂੰ ਨਾਪਾਕ ਕਰ ਦਿੱਤਾ ਹੈ। ਇਹ ਕਿਵੇਂ ਹੋਵੇਗਾ? ਲੋਕਾਂ ਨੇ ਪਰਮੇਸ਼ੁਰ ਦੀਆਂ ਸਾਖੀਆਂ ਦੇ ਖਿਲਾਫ਼ ਗ਼ਲਤ ਗੱਲਾਂ ਕੀਤੀਆਂ। ਲੋਕਾਂ ਨੇ ਪਰਮੇਸ਼ੁਰ ਦੇ ਬਿਵਸਬਾ ਨੂੰ ਨਹੀਂ ਮੰਨਿਆ। ਲੋਕਾਂ ਨੇ ਬਹੁਤ ਚਿਰ ਪਹਿਲਾਂ ਪਰਮੇਸ਼ੁਰ ਨਾਲ ਇੱਕ ਇਕਰਾਰਨਾਮਾ ਕੀਤਾ ਸੀ, ਪਰ ਉਨ੍ਹਾਂ ਲੋਕਾਂ ਨੇ ਪਰਮੇਸ਼ੁਰ ਨਾਲ ਕੀਤੇ ਉਸ ਇਕਰਾਰ ਨੂੰ ਤੋੜ ਦਿੱਤਾ। 6 ਇਸ ਧਰਤੀ ਤੇ ਰਹਿਣ ਵਾਲੇ ਲੋਕ ਗ਼ਲਤ ਕੰਮ ਕਰਨ ਦੇ ਦੋਸ਼ੀ ਹਨ ਇਸ ਲਈ ਪਰਮੇਸ਼ੁਰ ਨੇ ਧਰਤੀ ਨੂੰ ਤਬਾਹ ਕਰਨ ਦਾ ਇਕਰਾਰ ਕੀਤਾ। ਲੋਕਾਂ ਨੂੰ ਸਜ਼ਾ ਦਿੱਤੀ ਜਾਵੇਗੀ। ਸਿਰਫ਼ ਬੋੜੇ ਜਿਹੇ ਲੋਕ ਹੀ ਬਚਣਗੇ।
7 ਅੰਗੂਰੀ ਵੇਲਾਂ ਮਰ ਰਹੀਆਂ ਹਨ। ਨਵੀਂ ਸ਼ਰਾਬ ਖਰਾਬ ਹੈ। ਅਤੀਤ ਵਿੱਚ, ਲੋਕ ਪ੍ਰਸੰਨ ਸਨ। ਪਰ ਹੁਣ ਉਹ ਲੋਕ ਉਦਾਸ ਹਨ। 8 ਲੋਕਾਂ ਨੇ ਖੁਸ਼ੀ ਜ਼ਾਹਰ ਕਰਨੀ ਛੱਡ ਦਿੱਤੀ ਹੈ। ਸਾਰੀਆਂ ਖੁਸ਼ੀ ਦੀਆਂ ਆਵਾਜ਼ਾਂ ਰੁਕ ਗਈਆਂ ਹਨ। ਢੋਲਾਂ ਅਤੇ ਇੱਕਾਤਾਰਿਆਂ ਦਾ ਸੰਗੀਤ ਖਤਮ ਹੋ ਗਿਆ ਹੈ। 9 ਹੁਣ ਲੋਕ ਸ਼ਰਾਬ ਪੀਂਦੇ ਹੋਏ ਖੁਸ਼ੀ ਦੇ ਗੀਤ ਨਹੀਂ ਗਾਉਂਦੇ। ਬੀਅਰ ਪੀਣ ਵਾਲੇ ਬੰਦੇ ਨੂੰ ਕੌੜੀ ਲਗਦੀ ਹੈ।
10 “ਪੂਰਨ ਅਫ਼ਰਾਤਫ਼ਰੀ” ਹੀ ਇਸ ਸ਼ਹਿਰ ਦਾ ਢੁਕਵਾਂ ਨਾਮ ਹੈ। ਸ਼ਹਿਰ ਤਬਾਹ ਕਰ ਦਿੱਤਾ ਗਿਆ ਹੈ। ਲੋਕ ਘਰਾਂ ਵਿੱਚ ਨਹੀਂ ਵੜ ਸੱਕਦੇ। ਦਰਵਾਜ਼ਿਆਂ ਉੱਤੇ ਰੋਕਾਂ ਲੱਗ ਗਈਆਂ ਹਨ। 11 ਲੋਕ ਹਾਲੇ ਵੀ ਬਾਜ਼ਾਰ ਵਿੱਚ ਸ਼ਰਾਬ ਤਲਾਸ਼ ਕਰਦੇ ਹਨ। ਪਰ ਸਾਰੀ ਖੁਸ਼ੀ ਕਿਧਰੇ ਚਲੀ ਗਈ ਹੈ। ਆਨੰਦ ਉੱਡ ਪੁੱਡ ਗਿਆ ਹੈ। 12 ਸ਼ਹਿਰ ਵਿੱਚ ਸਿਰਫ਼ ਤਬਾਹੀ ਹੀ ਰਹਿ ਗਈ ਹੈ। ਦਰਵਾਜ਼ੇ ਵੀ ਚਿਕਨਾਚੂਰ ਹੋ ਗਏ ਹਨ।
13 ਵਾਢੀਆਂ ਵੇਲੇ, ਤੋਂੜਦੇ ਹਨ ਲੋਕ ਜ਼ੈਤੂਨ, ਜ਼ੈਤੂਨ ਦਿਆਂ ਰੁੱਖਾਂ ਤੋਂ।
ਪਰ ਟਹਿਣੀਆਂ ਉੱਤੇ ਕੁਝ ਜੈਤੂਨ ਬਚੇ ਹਨ।
ਇਸ ਧਰਤੀ ਉਤਲੀਆਂ ਕੌਮਾਂ ਨਾਲ ਕੁਝ ਅਜਿਹਾ ਹੀ ਵਾਪਰੇਗਾ।
14 ਬਚੇ ਹੋਏ ਲੋਕ ਚੀਖਣਾ ਸ਼ੁਰੂ ਕਰ ਦੇਣਗੇ।
ਉੱਚੀਆਂ ਹੋਣਗੀਆਂ ਚੀਖਾਂ ਉਨ੍ਹਾਂ ਦੀਆਂ ਸਮੁੰਦਰ ਦੇ ਵੀ ਸ਼ੋਰ ਤੋਂ।
ਖੁਸ਼ ਹੋਣਗੇ ਉਹ ਯਹੋਵਾਹ ਦੀ ਮਹਾਨਤਾ ਕਾਰਣ।
15 ਉਹ ਲੋਕ ਆਖਣਗੇ, “ਪੂਰਬ ਦੇ ਲੋਕੋ, ਯਹੋਵਾਹ ਦੀ ਉਸਤਤ ਕਰੋ!
ਦੂਰ ਦੁਰਾਡੇ ਦੇਸ਼ਾਂ ਦੇ ਲੋਕੋ,
ਇਸਰਾਏਲ ਦੇ ਯਹੋਵਾਹ ਪਰਮੇਸ਼ੁਰ ਦੇ ਨਾਮ ਦੀ ਉਸਤਤ ਕਰੋ।”
16 ਅਸੀਂ ਧਰਤੀ ਦੇ ਹਰ ਸਥਾਨ ਤੋਂ ਪਰਮੇਸ਼ੁਰ ਦੀ ਉਸਤਤ ਦੇ ਗੀਤ ਸੁਣਾਂਗੇ।
ਇਹ ਗੀਤ ਸ਼ੁਭ ਪਰਮੇਸ਼ੁਰ ਦੀ ਉਸਤਤ ਕਰਨਗੇ।
ਪਰ ਮੈਂ ਆਖਦਾ ਹਾਂ, “ਕਾਫ਼ੀ ਹੈ!
ਮੈਂ ਬਹੁਤ ਕੁਝ ਦੇਖ ਲਿਆ ਹੈ।
ਜੋ ਗੱਲਾਂ ਮੈਂ ਦੇਖਦਾ ਹਾਂ, ਭਿਆਨਕ ਹਨ।
ਗਦਾਰ ਲੋਕਾਂ ਦੇ ਖਿਲਾਫ਼ ਹੋ ਰਹੇ ਨੇ ਅਤੇ ਉਨ੍ਹਾਂ ਨੂੰ ਦੁੱਖ ਦੇ ਰਹੇ ਨੇ।”
17 ਮੈਂ ਉਨ੍ਹਾਂ ਲੋਕਾਂ ਲਈ ਖਤਰਾ ਦੇਖਦਾ ਹਾਂ ਜੋ ਇਸ ਧਰਤੀ ਉੱਤੇ ਰਹਿ ਰਹੇ ਨੇ।
ਮੈਂ ਡਰ, ਖੱਡਾਂ ਅਤੇ ਜਾਲ ਦੇਖਦਾ ਹਾਂ।
18 ਲੋਕ ਖਤਰੇ ਬਾਰੇ ਸੁਣਨਗੇ
ਅਤੇ ਉਹ ਭੈਭੀਤ ਹੋ ਜਾਣਗੇ।
ਕੁਝ ਲੋਕ ਦੂਰ ਨੱਸ ਜਾਣਗੇ।
ਪਰ ਉਹ ਲੋਕ ਖੱਡਾਂ ਵਿੱਚ ਡਿੱਗ ਪੈਣਗੇ ਅਤੇ ਓੱਥੇ ਫ਼ਸ ਜਾਣਗੇ।
ਉਨ੍ਹਾਂ ਵਿੱਚੋਂ ਕੁਝ ਲੋਕ ਖਿੱਡਾਂ ਵਿੱਚੋਂ ਬਾਹਰ ਨਿਕਲ ਆਉਣਗੇ
ਪਰ ਉਹ ਕਿਸੇ ਹੋਰ ਜਾਲ ਵਿੱਚ ਫ਼ਸ ਜਾਣਗੇ।
ਅਕਾਸ਼ ਦੇ ਤੂਫ਼ਾਨੀ ਦਰਵਾਜ਼ੇ ਖੁੱਲ੍ਹ ਜਾਣਗੇ,
ਅਤੇ ਤੂਫ਼ਾਨ ਸ਼ੁਰੂ ਹੋ ਜਾਣਗੇ।
ਧਰਤੀ ਦੀਆਂ ਬੁਨਿਆਦਾਂ ਕੰਬ ਜਾਣਗੀਆਂ।
19 ਭੁਚਾਲ ਆਉਣਗੇ
ਅਤੇ ਧਰਤੀ ਪਾਟ ਜਾਵੇਗੀ।
20 ਦੁਨੀਆਂ ਦੇ ਪਾਪ ਬਹੁਤ ਭਾਰੇ ਹਨ।
ਇਸ ਲਈ ਧਰਤੀ ਇਸ ਭਾਰ ਹੇਠਾਂ ਦੱਬ ਜਾਵੇਗੀ।
ਧਰਤੀ ਕਿਸੇ ਪੁਰਾਣੇ ਮਕਾਨ ਵਾਂਗ ਹਿਲੇਗੀ।
ਧਰਤੀ ਕਿਸੇ ਸ਼ਰਾਬੀ ਵਾਂਗ ਡਿੱਗ ਪਵੇਗੀ।
ਧਰਤੀ ਆਪਣਾ ਸਫ਼ਰ ਜਾਰੀ ਨਹੀਂ ਰੱਖ ਸੱਕੇਗੀ।
21 ਉਸ ਸਮੇਂ, ਯਹੋਵਾਹ ਅਸਮਾਨੀ ਫ਼ੌਜਾਂ ਨੂੰ
ਅਤੇ ਧਰਤੀ ਉਤਲੇ ਰਾਜਿਆਂ ਨੂੰ ਸਜ਼ਾ ਦੇਵੇਗਾ।
22 ਬਹੁਤ ਸਾਰੇ ਲੋਕ ਇਕੱਠੇ ਕੀਤੇ ਜਾਣਗੇ,
ਉਨ੍ਹਾਂ ਵਿੱਚ ਕੁਝ ਖਾਈ ਅੰਦਰ
ਅਤੇ ਕੁਝ ਕੈਦਖਾਨੇ ਵਿੱਚ ਬੰਦ ਕਰ ਦਿੱਤੇ ਗਏ ਹਨ।
ਪਰ ਆਖਰਕਾਰ ਲੰਮੇ ਸਮੇਂ ਬਾਦ, ਉਨ੍ਹਾਂ ਨੂੰ ਸਜ਼ਾ ਦਿੱਤੀ ਜਾਵੇਗੀ।
23 ਯਹੋਵਾਹ ਰਾਜੇ ਵਾਂਗ ਯਰੂਸ਼ਲਮ ਅੰਦਰ ਸੀਯੋਨ ਪਰਬਤ ਉੱਤੇ ਹਕੂਮਤ ਕਰੇਗਾ।
ਉਸਦਾ ਪਰਤਾਪ ਵਡਕਿਆਂ ਸਾਹਮਣੇ ਚਮਕੇਗਾ।
ਉਸਦਾ ਪਰਤਾਪ ਇੰਨਾ ਚਮਕੀਲਾ ਹੋਵੇਗਾ ਕਿ ਚੰਨ ਵੀ ਸ਼ਰਮਾ ਜਾਵੇਗਾ।
ਸੂਰਜ ਸ਼ਰਮਸਾਰ ਹੋ ਜਾਵੇਗਾ।
ਪਰਮੇਸ਼ੁਰ ਦੀ ਉਸਤਤ ਦਾ ਗੀਤ
25 ਯਹੋਵਾਹ ਜੀ, ਤੁਸੀਂ ਮੇਰੇ ਪਰਮੇਸ਼ੁਰ ਹੋ।
ਮੈਂ ਤੁਹਾਡਾ ਅਤੇ ਤੁਹਾਡੇ ਨਾਮ ਦਾ ਆਦਰ ਕਰਦਾ ਹਾਂ।
ਤੁਸੀਂ ਅਦਭੁਤ ਗੱਲਾਂ ਕੀਤੀਆਂ ਹਨ ਜਿਹੜੇ ਸ਼ਬਦ ਤੁਸੀਂ ਬਹੁਤ ਪਹਿਲਾਂ ਆਖੇ ਸੀ ਉਹ ਪੂਰੀ ਤਰ੍ਹਾਂ ਸੱਚ ਹਨ।
ਹਰ ਗੱਲ ਸੱਚਮੁੱਚ ਉਵੇਂ ਹੀ ਵਾਪਰੀ ਹੈ ਜਿਵੇਂ ਤੁਸੀਂ ਆਖਿਆ ਸੀ ਕਿ ਇਹ ਵਾਪਰੇਗੀ।
2 ਤੁਸ਼ਾਂ ਸ਼ਹਿਰ ਨੂੰ ਤਬਾਹ ਕਰ ਦਿੱਤਾ ਹੈ।
ਇਹ ਸ਼ਹਿਰ ਮਜ਼ਬੂਤ ਦੀਵਾਰਾਂ ਦੀ ਰਾਖੀ ਵਿੱਚ ਸ਼ੀ।
ਪਰ ਹੁਣ ਇਹ ਸਿਰਫ਼ ਮਲਬੇ ਦਾ ਢੇਰ ਹੈ।
ਵਿਦੇਸ਼ੀ ਮਹਿਲ ਤਬਾਹ ਕਰ ਦਿੱਤਾ ਗਿਆ ਹੈ।
ਇਹ ਫ਼ੇਰ ਕਦੇ ਨਹੀਂ ਉਸਾਰਿਆ ਜਾਵੇਗਾ।
3 ਤਾਕਤਵਰ ਕੌਮਾਂ ਦੇ ਲੋਕ ਤੁਹਾਡਾ ਸਨਮਾਨ ਕਰਨਗੇ।
ਮਜ਼ਬੂਤ ਸ਼ਹਿਰਾਂ ਦੇ ਸ਼ਕਤੀਸ਼ਾਲੀ ਲੋਕ ਤੁਹਾਡੇ ਕੋਲੋਂ ਭੈਭੀਤ ਹੋਣਗੇ।
4 ਯਹੋਵਾਹ ਜੀ ਤੁਸੀਂ ਗਰੀਬਾਂ ਦਾ ਸੁਰੱਖਿਅਤ ਟਿਕਾਣਾ ਹੋ, ਜਿਨ੍ਹਾਂ ਦੀਆਂ ਲੋੜਾਂ ਹਨ।
ਇਨ੍ਹਾਂ ਲੋਕਾਂ ਨੂੰ ਕਈ ਮੁਸ਼ਕਿਲਾਂ ਹਰਾਉਣ ਲੱਗਦੀਆਂ ਹਨ ਤੁਸੀਂ ਇਨ੍ਹਾਂ ਨੂੰ ਬਚਾਉਂਦੇ ਹੋ।
ਯਹੋਵਾਹ ਜੀ ਤੁਸੀਂ ਉਸ ਘਰ ਵਰਗੇ ਹੋ ਜਿਹੜਾ ਲੋਕਾਂ ਨੂੰ ਹੜ੍ਹ ਅਤੇ ਗਰਮੀ ਤੋਂ ਬਚਾਉਂਦਾ ਹੈ।
ਮੁਸੀਬਤਾਂ ਭਿਆਨਕ ਹਵਾਵਾਂ ਅਤੇ ਬਰੱਖਾ ਵਰਗੀਆਂ ਹਨ।
ਬਰੱਖਾ ਦੇ ਬਪੇੜੇ ਕੰਧ ਉੱਤੇ ਪੈਂਦੇ ਹਨ ਪਰ ਘਰ ਅੰਦਰਲੇ ਲੋਕਾਂ ਦਾ ਨੁਕਸਾਨ ਨਹੀਂ ਹੁੰਦਾ।
5 ਦੁਸ਼ਮਣ ਚੀਖਦਾ ਹੈ ਤੇ ਸ਼ੋਰ ਮਚਾਉਂਦਾ ਹੈ।
ਮਹਾਨ ਦੁਸ਼ਮਣ ਪੁਕਾਰਦਾ ਅਤੇ ਵੰਗਾਰਦਾ, ਪਰ ਤੁਸੀਂ ਉਨ੍ਹਾਂ ਨੂੰ ਰੋਕ ਦੇਵੋਂਗੇ।
ਗਰਮੀ ਵੇਲੇ, ਮਾਰੂਬਲ ਵਿੱਚ ਪੌਦੇ ਮਰ ਜਾਣਗੇ ਅਤੇ ਧਰਤੀ ਉੱਤੇ ਡਿੱਗ ਪੈਣਗੇ।
ਇਸੇ ਤਰ੍ਹਾਂ, ਤੁਸੀਂ ਦੁਸ਼ਮਣ ਨੂੰ ਹਰਾ ਦਿਓਗੇ ਅਤੇ ਉਨ੍ਹਾਂ ਨੂੰ ਗੋਡਿਆਂ ਪਰਨੇ ਝੁਕਾ ਦਿਓਗੇ।
ਮੋਟੇ ਬੱਦਲ ਹੁਨਾਲ ਦੀ ਗਰਮੀ ਨੂੰ ਰੋਕਦੇ ਹਨ।
ਇਸੇ ਤਰ੍ਹਾਂ ਤੁਸੀਂ ਦੁਸ਼ਮਣ ਦੀਆਂ ਭਿਆਨਕ ਚੀਖਾਂ ਰੋਕ ਦਿਓਗੇ।
ਪਰਮੇਸ਼ੁਰ ਦੀ ਦਾਅਵਤ ਆਪਣੇ ਸੇਵਕਾਂ ਲਈ
6 ਉਸ ਸਮੇਂ, ਸਰਬ ਸ਼ਕਤੀਮਾਨ ਯਹੋਵਾਹ ਇੱਕ ਪਰਬਤ ਉਤਲੇ ਸਮੂਹ ਲੋਕਾਂ ਨੂੰ ਦਾਅਵਤ ਦੇਵੇਗਾ। ਦਾਅਵਤ ਉੱਤੇ ਬਹੁਤ ਉੱਤਮ ਖਾਣੇ ਅਤੇ ਸ਼ਰਾਬਾਂ ਹੋਣਗੀਆਂ। ਮਾਸ ਬਹੁਤ ਨਰਮ ਅਤੇ ਚੰਗਾ ਹੋਵੇਗਾ।
7 ਪਰ ਹੁਣ, ਸਾਰੀਆਂ ਕੌਮਾਂ ਅਤੇ ਲੋਕਾਂ ਨੂੰ ਇੱਕ ਪਰਦੇ ਨੇ ਕਜਿਆ ਹੋਇਆ ਹੈ। ਇਸ ਪਰਦੇ ਦਾ ਨਾਮ ਹੈ “ਮੌਤ” ਉਹ (ਯਹੋਵਾਹ) ਇਸ ਪਰਬਤ ਉੱਤੋਂ ਇਹ ਕੱਜਣ ਹਟਾੇਗਾ। 8 ਪਰ ਮੌਤ ਨੂੰ ਸਦਾ ਲਈ ਤਬਾਹ ਕਰ ਦਿੱਤਾ ਜਾਵੇਗਾ। ਅਤੇ ਯਹੋਵਾਹ, ਮੇਰਾ ਮਾਲਿਕ, ਹਰ ਚਿਹਰੇ ਤੋਂ ਹਰ ਅਬਰੂ ਪੂੰਝ ਦੇਵੇਗਾ। ਅਤੀਤ ਵਿੱਚ ਉਸ ਦੇ ਸਾਰੇ ਲੋਕ ਉਦਾਸ ਸਨ। ਪਰ ਪਰਮੇਸ਼ੁਰ ਇਸ ਧਰਤੀ ਦੀ ਉਦਾਸੀ ਨੂੰ ਦੂਰ ਕਰ ਦੇਵੇਗਾ। ਇਹ ਸਾਰਾ ਕੁਝ ਵਾਪਰੇਗਾ ਕਿਉਂ ਕਿ ਯਹੋਵਾਹ ਨੇ ਆਖਿਆ ਸੀ ਕਿ ਇਹ ਵਾਪਰੇਗਾ।
9 ਉਸ ਸਮੇਂ, ਆਖਣਗੇ ਲੋਕ,
“ਇੱਥੇ ਹੈ ਸਾਡਾ ਪਰਮੇਸ਼ੁਰ!
ਉਹੀ ਹੈ ਉਹ ਜਿਸਦੀ ਸਾਨੂੰ ਉਡੀਕ ਸੀ
ਉਹ ਸਾਨੂੰ ਬਚਾਉਣ ਲਈ ਆ ਗਿਆ ਹੈ।
ਅਸੀਂ ਆਪਣੇ ਯਹੋਵਾਹ ਨੂੰ ਉਡੀਕਦੇ ਰਹੇ ਹਾਂ।
ਇਸ ਲਈ ਅਸੀਂ ਖੁਸ਼ੀ ਮਨਾਵਾਂਗੇ ਤੇ ਪ੍ਰਸੰਨ ਹੋਵਾਂਗੇ ਜਦੋਂ ਯਹੋਵਾਹ ਅਸਾਂ ਨੂੰ ਬਚਾਵੇਗਾ।”
10 ਯਹੋਵਾਹ ਦੀ ਸ਼ਕਤੀ ਇਸ ਪਰਬਤ ਉੱਤੇ ਹੈ।
ਅਤੇ ਮੋਆਬ ਨੂੰ ਹਰਾ ਦਿੱਤਾ ਜਾਵੇਗਾ।
ਯਹੋਵਾਹ ਦੁਸ਼ਮਣ ਨੂੰ ਲਿਤਾੜ ਦੇਵੇਗਾ।
ਇਹ ਕੂੜੇ ਕਰਕਟ ਦੇ ਤੀਲਿਆਂ ਦੇ ਢੇਰ ਉੱਤੇ ਤੁਰਨ ਵਾਂਗ ਹੋਵੇਗਾ।
11 ਯਹੋਵਾਹ ਆਪਣੀਆਂ ਬਾਹਾਂ ਫ਼ੈਲਾਵੇਗਾ।
ਤੈਰਨ ਵਾਲੇ ਬੰਦੇ ਵਾਂਗ।
ਫ਼ੇਰ ਯਹੋਵਾਹ ਉਨ੍ਹਾਂ ਸਾਰੀਆਂ ਚੀਜ਼ਾਂ ਨੂੰ ਇਕੱਠੀਆਂ ਕਰੇਗਾ ਜਿਨ੍ਹਾਂ ਉੱਤੇ ਲੋਕਾਂ ਨੂੰ ਗੁਮਾਨ ਹੈ।
ਯਹੋਵਾਹ ਉਨ੍ਹਾਂ ਸਮੂਹ ਖੂਬਸੂਰਤ ਚੀਜ਼ਾਂ ਨੂੰ ਇਕੱਠੀਆਂ ਕਰੇਗਾ ਜਿਹੜੀਆਂ ਉਨ੍ਹਾਂ ਨੇ ਬਣਾਈਆਂ।
ਅਤੇ ਉਹ ਇਨ੍ਹਾਂ ਚੀਜ਼ਾਂ ਨੂੰ ਦੂਰ ਸੁੱਟ ਦੇਵੇਗਾ।
12 ਯਹੋਵਾਹ ਲੋਕਾਂ ਦੀਆਂ ਉੱਚੀਆਂ ਦੀਵਾਰਾਂ ਅਤੇ ਸੁਰੱਖਿਅਤ ਟਿਕਾਣਿਆਂ ਨੂੰ ਤਬਾਹ ਕਰ ਦੇਵੇਗਾ।
ਯਹੋਵਾਹ ਉਨ੍ਹਾਂ ਨੂੰ ਧਰਤੀ ਉੱਤੇ ਧੂੜ ਅੰਦਰ ਹੇਠਾਂ ਸੁੱਟ ਦੇਵੇਗਾ।
ਪਰਮੇਸ਼ੁਰ ਦੀ ਉਸਤਤ ਦਾ ਗੀਤ
26 ਉਸ ਸਮੇਂ ਯਹੂਦਾਹ ਦੇ ਲੋਕ ਇਹ ਗੀਤ ਗਾਉਣਗੇ:
ਯਹੋਵਾਹ ਸਾਨੂੰ ਸਾਡੀ ਮੁਕਤੀ ਦਿੰਦਾ ਹੈ।
ਸਾਡਾ ਸ਼ਹਿਰ ਬਹੁਤ ਮਜ਼ਬੂਤ ਹੈ।
ਸਾਡੇ ਸ਼ਹਿਰ ਦੀਆਂ ਕੰਧਾਂ ਤੇ ਸੁਰੱਖਿਆਵਾਂ ਮਜ਼ਬੂਤ ਨੇ।
2 ਦਰਾਂ ਨੂੰ ਖੋਲ੍ਹ ਦਿਓ ਅਤੇ ਨੇਕ ਬੰਦੇ ਦਖਲ ਹੋਣਗੇ।
ਉਹ ਬੰਦੇ ਪਰਮੇਸ਼ੁਰ ਦੀਆਂ ਸ਼ੁਭ ਸਾਖੀਆਂ ਨੂੰ ਮੰਨਦੇ ਨੇ।
3 ਯਹੋਵਾਹ ਜੀ, ਤਸੀਁ ਉਨ੍ਹਾਂ ਲੋਕਾਂ ਨੂੰ,
ਜਿਹੜੇ ਤੁਹਾਡੇ ਉੱਤੇ ਨਿਰਭਰ ਕਰਦੇ ਨੇ
ਅਤੇ ਜਿਹੜੇ ਤੁਹਾਡੇ ਉੱਤੇ ਭਰੋਸਾ ਕਰਦੇ ਨੇ ਸੱਚਾ ਅਮਨ ਦਿੰਦੇ ਹੋ।
4 ਇਸ ਲਈ, ਯਹੋਵਾਹ ਉੱਤੇ ਸਦਾ ਹੀ ਭਰੋਸਾ ਰੱਖੋ।
ਕਿਉਂ ਕਿ ਤੁਹਾਡਾ ਸੁਰੱਖਿਅਤ ਟਿਕਾਣਾ ਸਦਾ ਲਈ ਯਹੋਵਾਹ ਯਾਹ ਅੰਦਰ ਹੈ!
5 ਪਰ ਯਹੋਵਾਹ ਗੁਮਾਨੀ ਸ਼ਹਿਰ ਨੂੰ ਤਬਾਹ ਕਰ ਦੇਵੇਗਾ।
ਅਤੇ ਉਹ ਉੱਥੇ ਰਹਿੰਦੇ ਲੋਕਾਂ ਨੂੰ ਸਜ਼ਾ ਦੇਵੇਗਾ।
ਯਹੋਵਾਹ ਉਸ ਉੱਚੇ ਸ਼ਹਿਰ ਨੂੰ ਹੇਠਾਂ ਧਰਤੀ ਉੱਤੇ ਸੁੱਟ ਦੇਵੇਗਾ
ਇਹ ਧੂੜ ਅੰਦਰ ਮਿਲ ਜਾਵੇਗਾ।
6 ਫ਼ੇਰ ਗਰੀਬ ਅਤੇ ਨਿਮਾਣੇ ਲੋਕ ਉਨ੍ਹਾਂ ਖੰਡਰਾਂ ਉੱਤੇ ਤੁਰਨਗੇ।
7 ਨੇਕ ਲੋਕਾਂ ਲਈ ਇਮਾਨਦਾਰੀ ਹੀ ਜੀਵਨ ਢੰਗ ਹੈ।
ਨੇਕ ਬੰਦੇ ਉਸ ਰਾਹ ਉੱਤੇ ਤੁਰਦੇ ਨੇ ਜਿਹੜਾ ਸਿੱਧਾ ਤੇ ਸੱਚਾ ਹੈ
ਅਤੇ ਹੇ ਪਰਮੇਸ਼ੁਰ, ਤੁਸੀਂ ਉਸ ਰਾਹ ਨੂੰ ਤੁਰਨ ਲਈ ਪੱਧਰਾ
ਅਤੇ ਆਸਾਨ ਬਣਾ ਦਿੰਦੇ ਹੋ।
8 ਪਰ ਯਹੋਵਾਹ ਜੀ, ਅਸੀਂ ਤੁਹਾਡੇ ਇਨਸਾਫ਼ ਦੇ ਢੰਗ ਨੂੰ ਉਡੀਕ ਰਹੇ ਹਾਂ।
ਸਾਡੀਆਂ ਰੂਹਾਂ ਤੁਹਾਨੂੰ ਅਤੇ ਤੁਹਾਡੇ ਨਾਮ ਨੂੰ ਚੇਤੇ ਕਰਨਾ ਚਾਹੁੰਦੀਆਂ ਨੇ।
9 ਮੇਰੀ ਰੂਹ ਰਾਤ ਵੇਲੇ, ਤੁਹਾਡਾ ਸੰਗ ਚਾਹੁੰਦੀ ਹੈ।
ਅਤੇ ਮੇਰਾ ਆਤਮਾ ਹਰ ਨਵੇਂ ਦਿਨ ਦੀ ਸਵੇਰ ਨੂੰ ਤੁਹਾਡੇ ਨਾਲ ਹੋਣਾ ਚਾਹੁੰਦਾ ਹੈ।
ਜਦੋਂ ਤੁਹਾਡਾ ਇਨਸਾਫ਼ ਕਰਨ ਦਾ ਢੰਗ ਧਰਤੀ ਉੱਤੇ ਆਵੇਗਾ
ਲੋਕ ਜਿਉਣ ਦਾ ਸਹੀ ਢੰਗ ਸਿੱਖ ਜਾਣਗੇ।
10 ਬੁਰਾ ਬੰਦਾ ਨੇਕੀ ਕਰਨਾ ਨਹੀਂ ਸਿੱਖੇਗਾ।
ਜੇ ਤੁਸੀਂ ਓਸ ਲਈ ਸਿਰਫ਼ ਮਿਹਰਬਾਨੀ ਦਰਸਾਓਗੇ।
ਬੁਰਾ ਬੰਦਾ ਮੰਦੇ ਅਮਲ ਕਰੇਗਾ ਭਾਵੇਂ ਉਹ ਨੇਕੀ ਭਰੀ ਦੁਨੀਆਂ ਅੰਦਰ ਰਹਿੰਦਾ ਹੋਵੇ।
ਉਹ ਬੁਰਾ ਬੰਦਾ ਯਹੋਵਾਹ ਦੀ ਮਹਾਨਤਾ ਨੂੰ ਸ਼ਾਇਦ ਕਦੇ ਨਾ ਦੇਖ ਸੱਕੇ।
11 ਪਰ ਹੇ ਯਹੋਵਾਹ ਤੂੰ ਇਨ੍ਹਾਂ ਲੋਕਾਂ ਨੂੰ ਸਜ਼ਾ ਦੇਣ ਲਈ ਤਿਆਰ ਹੈਂ,
ਪਰ ਉਹ ਇਹ ਨਹੀ ਵੇਖਦੇ।
ਹੇ ਯਹੋਵਾਹ, ਉਨ੍ਹਾਂ ਬਦ ਲੋਕਾਂ ਨੂੰ ਆਪਣਾ ਤਕੜਾ ਪਿਆਰ ਦਰਸਾ ਜਿਹੜਾ ਤੈਨੂੰ ਤੇਰੇ ਲੋਕਾਂ ਨਾਲ ਹੈ।
ਅਵੱਸ਼ ਹੀ ਮੰਦੇ ਲੋਕ ਸ਼ਰਮਿੰਦਾ ਹੋਣਗੇ।
ਅਵੱਸ਼ ਹੀ ਤੁਹਾਡੇ ਦੁਸ਼ਮਣ ਉਨ੍ਹਾਂ ਦੀ ਆਪਣੀ ਅੱਗ (ਬਦੀ) ਅੰਦਰ ਸਾੜੇ ਜਾਣਗੇ।
12 ਯਹੋਵਾਹ, ਤੂੰ ਉਹ ਸਭ ਕੁਝ ਕਰਨ ਵਿੱਚ ਸਫ਼ਲ ਹੋਇਆ ਹੈਂ ਜਿਨ੍ਹਾਂ ਨੂੰ ਅਸੀਂ ਕਰਨ ਦੀ ਕੋਸ਼ਿਸ਼ ਕੀਤੀ ਸੀ।
ਇਸ ਲਈ ਸਾਨੂੰ ਸ਼ਾਂਤੀ ਦੇ।
ਪਰਮੇਸ਼ੁਰ ਆਪਣੇ ਲੋਕਾਂ ਨੂੰ ਨਵਾਂ ਜੀਵਨ ਦੇਵੇਗਾ
13 ਯਹੋਵਾਹ ਜੀ ਤੁਸੀਂ ਹੋ ਸਾਡੇ ਪਰਮੇਸ਼ੁਰ।
ਪਰ ਅਤੀਤ ਵਿੱਚ, ਅਸੀਂ ਪਿੱਛੇ ਲੱਗੇ ਸਾਂ ਹੋਰਨਾਂ ਪ੍ਰਭੂਆਂ ਦੇ।
ਅਸੀਂ ਸਾਂ ਦਾਸ ਹੋਰਨਾਂ ਮਾਲਕਾਂ ਦੇ।
ਪਰ ਹੁਣ ਅਸੀਂ ਚਾਹੁੰਦੇ ਹਾਂ ਕਿ ਚੇਤੇ ਰੱਖਣ ਲੋਕ ਇੱਕ ਹੀ ਨਾਮ, ਤੁਹਾਡਾ ਨਾਮ!
14 ਉਹ ਮੁਰਦਾ (ਪ੍ਰਭੂ) ਕਦੇ ਜਿਉਂਦੇ ਨਹੀਂ ਹੋਣਗੇ।
ਉਹ ਭੂਤ ਕਦੇ ਮੌਤ ਤੋਂ ਨਹੀਂ ਉਭਰਨਗੇ,
ਤੁਸੀਂ ਨਿਆਂ ਕੀਤਾ ਸੀ ਉਨ੍ਹਾਂ ਨੂੰ ਤਬਾਹ ਕਰਨ ਦਾ।
ਅਤੇ ਤੁਸੀਂ ਤਬਾਹ ਕਰ ਦਿੱਤੀ ਹਰ ਉਹ ਚੀਜ਼ ਜਿਹੜੀ ਸਾਨੂੰ ਉਨ੍ਹਾਂ ਬਾਰੇ ਸੋਚਣ ਵੱਲ ਪ੍ਰੇਰਦੀ ਹੈ।
15 ਹੇ ਯਹੋਵਾਹ, ਤੂੰ ਉਸ ਕੌਮ ਦੀ ਸਹਾਇਤਾ ਕੀਤੀ ਹੈ,
ਤੂੰ ਉਸਦੀਆਂ ਸਰਹਦ੍ਦਾ ਵੱਧਾ ਦਿੱਤੀਆਂ
ਅਤੇ ਆਪਣੇ ਲਈ ਸਤਿਕਾਰ ਪ੍ਰਾਪਤ ਕੀਤਾ।
16 ਯਹੋਵਾਹ ਜੀ, ਲੋਕ ਤੁਹਾਨੂੰ ਚੇਤੇ ਕਰਦੇ ਹਨ
ਉਹ ਜਦੋਂ ਵੀ ਮੁਸੀਬਤ ਵਿੱਚ ਹੁੰਦੇ ਨੇ।
ਲੋਕ ਖਾਮੋਸ਼ੀ ਨਾਲ ਤੁਹਾਡੇ ਅੱਗੇ ਪ੍ਰਾਰਥਨਾ
ਕਰਦੇ ਨੇ ਜਦੋਂ ਤੁਸੀਂ ਉਨ੍ਹਾਂ ਨੂੰ ਸਜ਼ਾ ਦਿੰਦੇ ਹੋ।
17 ਯਹੋਵਾਹ ਜੀ, ਜਦੋਂ ਅਸੀਂ ਤੁਹਾਡੇ ਸੰਗ ਨਹੀਂ ਹੁੰਦੇ
ਅਸੀਂ ਉਸ ਔਰਤ ਵਰਗੇ ਹੁੰਦੇ ਹਾਂ ਜਿਹੜੀ ਬੱਚੇ ਨੂੰ ਜਨਮ ਦੇਣ ਵਾਲੀ ਹੁੰਦੀ ਹੈ।
ਉਹ ਜਨਮ ਪੀੜਾਂ ਨਾਲ ਚੀਖਦੀ ਹੈ।
18 ਸਾਨੂੰ ਉਸੇ ਤਰ੍ਹਾਂ, ਦਰਦ ਹੁੰਦਾ ਹੈ।
ਅਸੀਂ ਜਨਮ ਦਿੰਦੇ ਹਾਂ, ਪਰ ਸਿਰਫ਼ ਹਵਾ ਨੂੰ।
ਅਸੀਂ ਨਵੇਂ ਲੋਕ ਦੁਨੀਆਂ ਲਈ ਪੈਦਾ ਨਹੀਂ ਕਰਦੇ।
ਅਸੀਂ ਧਰਤੀ ਨੂੰ ਮੁਕਤੀ ਨਹੀਂ ਦਿੰਦੇ।
19 ਪਰ ਪਰਮੇਸ਼ੁਰ ਆਖਦਾ ਹੈ,
“ਤੁਸੀਂ ਲੋਕ ਮਰ ਚੁੱਕੇ ਹੋ,
ਪਰ ਉਹ ਦੋਬਾਰਾ ਜਿਉਣਗੇ।
ਮੇਰੇ ਲੋਕਾਂ ਦੇ ਜਿਸਮ ਮੌਤ ਤੋਂ ਉਭਰਨਗੇ।
ਧਰਤੀ ਵਿੱਚ ਮੁਰਦਾ ਪਏ ਲੋਕੋ, ਉੱਠੋ ਤੇ ਪ੍ਰਸੰਨ ਹੋ ਜਾਵੋ!
ਤੁਹਾਡੇ ਉੱਪਰ ਪਈ ਹੋਈ ਤ੍ਰੇਲ ਉਸ ਹਰ ਨਵੀਂ
ਸਵੇਰ ਦੀ ਲੋਅ ਵਿੱਚ ਚਮਕਦੀ ਹੋਈ ਤ੍ਰੇਲ ਵਰਗੀ ਹੈ।
ਇਹ ਦਰਸਾਉਂਦੀ ਹੈ ਕਿ ਅਜਿਹਾ ਨਵਾਂ ਸਮਾਂ ਆ ਰਿਹਾ ਹੈ
ਜਦੋਂ ਧਰਤੀ ਮੁਰਦਾ ਲੋਕਾਂ ਨੂੰ ਉਗਲ ਦੇਵੇਗੀ ਜਿਹੜੇ ਏਸ ਅੰਦਰ ਲੇਟੇ ਨੇ।”
ਨਿਆਂ: ਇਨਾਮ ਜਾਂ ਸਜ਼ਾ
20 ਮੇਰੇ ਲੋਕੋ, ਆਪਣੇ ਕਮਰਿਆਂ ਵਿੱਚ ਜਾਓ।
ਆਪਣੇ ਦਰਵਾਜ਼ੇ ਬੰਦ ਕਰ ਲਵੋ।
ਬੋੜੇ ਸਮੇਂ ਲਈ ਆਪਣੇ ਕਮਰਿਆਂ ਵਿੱਚ ਛੁਪ ਜਾਓ।
ਉਦੋਂ ਤੱਕ ਛੁੱਪੇ ਰਹੋ ਜਦੋਂ ਤੱਕ ਪਰਮੇਸ਼ੁਰ ਦਾ ਕਹਿਰ ਸ਼ਾਂਤ ਨਹੀਂ ਹੁੰਦਾ।
21 ਯਹੋਵਾਹ ਦੁਨੀਆਂ ਦੇ ਲੋਕਾਂ ਦਾ ਨਿਆਂ ਕਰਨ ਲਈ ਆਪਣਾ ਸਥਾਨ ਛੱਡ ਦੇਵੇਗਾ
ਜੋ ਵੀ ਮੰਦੇ ਕੰਮ ਉਨ੍ਹਾਂ ਨੇ ਕੀਤੇ ਹਨ।
ਧਰਤੀ ਉਨ੍ਹਾਂ ਲੋਕਾਂ ਦੇ ਖੂਨ ਨੂੰ ਜ਼ਾਹਰ ਕਰੇਗੀ ਜਿਹੜੇ ਮਾਰੇ ਗਏ ਹਨ।
ਧਰਤੀ ਮਰੇ ਹੋਏ ਲੋਕਾਂ ਨੂੰ ਹੋਰ ਨਹੀਂ ਕੱਜੇਗੀ।
27 ਉਸ ਸਮੇਂ, ਯਹੋਵਾਹ ਕਮੀਨੇ ਸੱਪ,
ਲਿਵਯਾਬਾਨ ਬਾਰੇ ਨਿਆਂ ਕਰੇਗਾ।
ਯਹੋਵਾਹ ਆਪਣੀ ਮਹਾਨ ਤਲਵਾਰ ਨੂੰ, ਆਪਣੀ ਸਖਤ ਅਤੇ ਸ਼ਕਤੀਸ਼ਾਲੀ ਤਲਵਾਰ ਨੂੰ,
ਕਮੀਨੇ ਸੱਪ ਲਿਵਯਾਬਾਨ ਨੂੰ ਸਜ਼ਾ ਦੇਣ ਲਈ ਵਰਤੇਗਾ।
ਯਹੋਵਾਹ ਸਮੁੰਦਰ ਵਿੱਚਲੇ ਵੱਡੇ ਜੀਵ ਨੂੰ ਮਾਰ ਸੁੱਟੇਗਾ।
2 ਉਸ ਸਮੇਂ, ਲੋਕ ਖੁਸ਼ਗਵਾਰ
ਅੰਗੂਰੀ ਬਾਗ਼ ਦੇ ਗੀਤ ਗਾਉਣਗੇ।
3 “ਮੈਂ, ਯਹੋਵਾਹ, ਉਸ ਬਾਗ਼ ਦੀ ਦੇਖ ਭਾਲ ਕਰਾਂਗਾ।
ਮੈਂ ਸਮੇਂ ਸਿਰ ਉਸ ਬਾਗ਼ ਨੂੰ ਪਾਣੀ ਦੇਵਾਂਗਾ।
ਮੈਂ ਉਸ ਬਾਗ਼ ਦੀ ਦਿਨ-ਰਾਤ ਰਾਖੀ ਕਰਾਂਗਾ।
ਕੋਈ ਉਸ ਬਾਗ਼ ਨੂੰ ਨੁਕਸਾਨ ਨਹੀਂ ਪੁਚਾਵੇਗਾ।
4 ਮੈਂ ਕਹਿਰਵਾਨ ਨਹੀਂ ਹਾਂ।
ਪਰ ਜੇ ਕਿਤੇ ਜੰਗ ਹੁੰਦੀ ਹੈ ਅਤੇ ਕੋਈ ਜਣਾ ਕੰਡਿਆਲੀਆਂ ਝਾੜੀਆਂ ਦੀ ਕੰਧ ਉਸਾਰਦਾ ਹੈ,
ਤਾਂ ਮੈਂ ਇਸ ਉੱਤੇ ਧਾਵਾ ਕਰਾਂਗਾ ਅਤੇ ਇਸ ਨੂੰ ਜਲਾ ਦਿਆਂਗਾ।
5 ਪਰ ਜੇ ਕੋਈ ਬੰਦਾ ਮੇਰੇ ਕੋਲ ਸੁਰੱਖਿਆ ਲਈ ਆਉਂਦਾ ਹੈ
ਅਤੇ ਮੇਰੇ ਨਾਲ ਅਮਨ ਕਰਨਾ ਚਾਹੁੰਦਾ ਹੈ, ਤਾਂ ਉਹ ਬੇਸ਼ਕ ਆਵੇ,
ਅਤੇ ਮੇਰੇ ਨਾਲ ਅਮਨ ਸਥਾਪਿਤ ਕਰੇ।
6 ਉਨ੍ਹਾਂ ਦਿਨਾਂ ਵਿੱਚ, ਯਾਕੂਬ ਮਜ਼ਬੂਤ ਜਢ਼ਾਂ ਵਾਲੇ ਪੌਦੇ ਵਾਂਗ ਪੂਰੇ ਬਲ ਨਾਲ ਵੱਧੇਗਾ।
ਇਸਰਾਏਲ ਪੂਰੀ ਸੁੰਦਰਤਾ ਵਿੱਚ ਹੋਵੇਗਾ।
ਫ਼ੇਰ ਧਰਤੀ, ਫ਼ਲਾਂ ਨਾਲ ਭਰੇ ਰੁੱਖ ਵਾਂਗ ਇਸਰਾਏਲ ਦੇ ਸੱਚੇ ਲੋਕਾਂ ਨਾਲ ਭਰ ਜਾਵੇਗੀ।”
ਪਰਮੇਸ਼ੁਰ ਇਸਰਾਏਲ ਨੂੰ ਦੂਰ ਭੇਜੇਗਾ
7 ਯੋਹਵਾਹ ਆਪਣੇ ਲੋਕਾਂ ਨੂੰ ਸਜ਼ਾ ਕਿਵੇਂ ਦੇਵੇਗਾ? ਅਤੀਤ ਵਿੱਚ ਦੁਸ਼ਮਣਾਂ ਦੁੱਖ ਦਿੱਤਾ ਸੀ ਲੋਕਾਂ ਨੂੰ। ਕੀ ਯਹੋਵਾਹ ਵੀ ਉਸੇ ਤਰ੍ਹਾਂ ਉਨ੍ਹਾਂ ਨੂੰ ਦੁੱਖ ਦੇਵੇਗਾ? ਅਤੀਤ ਵਿੱਚ ਬਹੁਤ ਬੰਦੇ ਮਾਰੇ ਗਏ ਸਨ। ਕੀ ਯਹੋਵਾਹ ਵੀ ਇਸੇ ਤਰ੍ਹਾਂ ਕਰੇਗਾ ਅਤੇ ਬਹੁਤ ਬੰਦਿਆਂ ਨੂੰ ਮਾਰ ਦੇਵੇਗਾ?
8 ਯਹੋਵਾਹ ਇਸਰਾਏਲ ਨਾਲ ਆਪਣਾ ਝਗੜਾ ਉਸ ਨੂੰ ਦੂਰ ਭਜਾ ਕੇ ਮੁਕਾਵੇਗਾ। ਯਹੋਵਾਹ ਸਖਤੀ ਨਾਲ ਗੱਲ ਕਰੇਗਾ ਇਸਰਾਏਲ ਨਾਲ। ਉਸ ਦੇ ਸ਼ਬਦ ਤਪਦੇ ਮਾਰੂਬਲ ਦੀ ਹਵਾ ਵਾਂਗ ਬਲਦੇ ਹੋਣਗੇ।
9 ਯਾਕੂਬ ਦਾ ਦੋਸ਼ ਕਿਵੇਂ ਬਖਸ਼ਿਆ ਜਾਵੇਗਾ? ਕੀ ਵਾਪਰੇਗਾ ਤਾਂ ਜੋ ਉਸ ਦੇ ਪਾਪ ਦੂਰ ਕੀਤੇ ਜਾ ਸੱਕਣ? ਇਹ ਗੱਲਾਂ ਵਾਪਰਨਗੀਆਂ: ਜਗਵੇਦੀ ਦੇ ਪੱਥਰ ਚੂਰ-ਚੂਰ ਹੋ ਜਾਣਗੇ, ਝੂਠੇ ਦੇਵਤਿਆਂ ਦੀ ਉਪਾਸਨਾ ਕਰਨ ਵਾਲੇ ਸਾਰੇ ਬੁੱਤ ਅਤੇ ਜਗਵੇਦੀਆਂ ਤਬਾਹ ਕੀਤੇ ਜਾਣਗੇ।
10 ਉਸ ਸਮੇਂ, ਮਹਾਨ ਸ਼ਹਿਰ ਖਾਲੀ ਹੋ ਜਾਵੇਗਾ ਇਹ ਮਾਰੂਬਲ ਵਾਂਗ ਹੋ ਜਾਵੇਗਾ। ਸਾਰੇ ਲੋਕ ਅਲੋਪ ਹੋ ਜਾਣਗੇ। ਉਹ ਭੱਜ ਜਾਣਗੇ। ਸ਼ਹਿਰ ਇੱਕ ਖੁਲ੍ਹੀ ਚਰਾਂਦ ਵਰਗਾ ਹੋਵੇਗਾ। ਜਵਾਨ ਪਸ਼ੂ ਉੱਤੇ ਘਾਹ ਚੁਗਣਗੇ। ਪਸ਼ੂ ਵੇਲਾਂ ਦੀਆਂ ਟਾਹਣੀਆਂ ਦੇ ਪੱਤੇ ਖਾਣਗੇ। 11 ਵੇਲਾਂ ਸੁੱਕ ਜਾਣਗੀਆਂ। ਸਾਰੀਆਂ ਟਾਹਣੀਆਂ ਟੁੱਟ ਜਾਣਗੀਆਂ ਔਰਤਾਂ ਇਨ੍ਹਾਂ ਟਾਹਣੀਆਂ ਨੂੰ ਬਾਲਣ ਲਈ ਵਰਤਣਗੀਆਂ।ਲੋਕ ਸਮਝਣ ਤੋਂ ਇਨਕਾਰ ਕਰਦੇ ਹਨ।
ਇਸ ਲਈ ਪਰਮੇਸ਼ੁਰ ਉਨ੍ਹਾਂ ਦਾ ਮਾਲਿਕ, ਉਨ੍ਹਾਂ ਨੂੰ ਹੌਸਲਾ ਨਹੀਂ ਦੇਵੇਗਾ। ਉਨ੍ਹਾਂ ਦਾ ਸਿਰਜਣਹਾਰ ਉਨ੍ਹਾਂ ਉੱਤੇ ਮਿਹਰਬਾਨ ਨਹੀਂ ਹੋਵੇਗਾ।
12 ਉਸ ਸਮੇਂ, ਯਹੋਵਾਹ ਆਪਣੇ ਲੋਕਾਂ ਨੂੰ ਹੋਰਾਂ ਨਾਲੋਂ ਵੱਖ ਕਰਨਾ ਸ਼ੁਰੂ ਕਰ ਦੇਵੇਗਾ। ਉਹ ਫ਼ਰਾਤ ਨਦੀ ਤੋਂ ਸ਼ੁਰੂ ਕਰੇਗਾ। ਯਹੋਵਾਹ ਫ਼ਰਾਤ ਨਦੀ ਤੋਂ ਮਿਸਰ ਦੀ ਨਦੀ ਤੱਕ ਆਪਣੇ ਲੋਕਾਂ ਨੂੰ ਇਕੱਠਾ ਕਰੇਗਾ।
ਤੁਸੀਂ ਇਸਰਾਏਲ ਲੋਕੋ, ਇੱਕ-ਇੱਕ ਕਰਕੇ ਇਕੱਠੇ ਕੀਤੇ ਜਾਵੋਗੇ। 13 ਮੇਰੇ ਬਹੁਤ ਸਾਰੇ ਬੰਦੇ ਹੁਣ ਅੱਸ਼ੂਰ ਵਿੱਚ ਗੁਆਚ ਗਏ ਹਨ। ਮੇਰੇ ਕੁਝ ਬੰਦੇ ਮਿਸਰ ਵੱਲ ਭੱਜ ਗਏ ਹਨ। ਪਰ ਉਸ ਸਮੇਂ, ਇੱਕ ਵੱਡਾ ਬਿਗਲ ਵੱਜੇਗਾ। ਉਹ ਸਾਰੇ ਲੋਕ ਯਰੂਸ਼ਲਮ ਵਾਪਸ ਪਰਤ ਆਉਣਗੇ। ਉਹ ਲੋਕ ਉਸ ਪਵਿੱਤਰ ਪਰਬਤ ਉੱਤੇ ਯਹੋਵਾਹ ਅੱਗੇ ਝੁਕ ਜਾਣਗੇ।
2010 by World Bible Translation Center