Beginning
ਪਰਮੇਸ਼ੁਰ ਦਾ ਸੰਦੇਸ਼ ਇਬੋਪੀਆ ਨੂੰ
18 ਇਬੋਪੀਆ ਦੀਆਂ ਨਦੀਆਂ ਕੰਢੇ ਦੇ ਦੇਸ ਵੱਲ ਦੇਖੋ। ਧਰਤੀ ਕੀੜਿਆਂ ਨਾਲ ਭਰੀ ਹੋਈ ਹੈ, ਤੁਸੀਂ ਸੁਣ ਸੱਕਦੇ ਹੋ ਉਨ੍ਹਾਂ ਦੇ ਫ਼ਰਫ਼ਰਾਂਦੇ ਖੰਭਾਂ ਨੂੰ। 2 ਉਹ ਧਰਤੀ ਲੋਕਾਂ ਨੂੰ ਕਾਨਿਆਂ ਦੀਆਂ ਕਿਸ਼ਤੀਆਂ ਵਿੱਚ ਸਮੁੰਦਰ ਪਾਰ ਭੇਜਦੀ ਹੈ।
ਤੇਜ਼ ਸੰਦੇਸ਼ਵਾਹਕੋ, ਉਨ੍ਹਾਂ ਲੋਕਾਂ ਵੱਲ ਜਾਓ ਜਿਹੜੇ ਲੰਮੇ ਅਤੇ ਤਾਕਤਵਰ ਹਨ!
ਸਭ ਥਾਵਾਂ ਦੇ ਲੋਕ ਇਨ੍ਹਾਂ ਲੰਮੇ ਅਤੇ ਤਾਕਤਵਰ ਲੋਕਾਂ ਤੋਂ ਡਰਦੇ ਹਨ।
ਉਹ ਬਹੁਤ ਤਾਕਤਵਰ ਕੌਮ ਹਨ।
ਉਨ੍ਹਾਂ ਦੀ ਕੌਮ ਹੋਰਨਾਂ ਕੌਮਾਂ ਨੂੰ ਹਰਾ ਦਿੰਦੀ ਹੈ।
ਉਹ ਉਸ ਦੇਸ਼ ਵਿੱਚ ਹਨ ਜਿੱਥੇ ਨਦੀਆਂ ਦਾ ਜਾਲ ਵਿਛਿਆ ਹੋਇਆ ਹੈ।
3 ਉਨ੍ਹਾਂ ਲੋਕਾਂ ਨੂੰ ਚੇਤਾਨਵੀ ਦਿਓ ਕਿ ਉਨ੍ਹਾਂ ਨਾਲ ਕੁਝ ਮੰਦਾ ਵਾਪਰੇਗਾ।
ਦੁਨੀਆਂ ਦੇ ਸਾਰੇ ਲੋਕ ਉਸ ਕੌਮ ਨਾਲ ਵਾਪਰਨ ਵਾਲੀ ਇਸ ਗੱਲ ਨੂੰ ਦੇਖਣਗੇ।
ਇਸ ਨੂੰ ਲੋਕ ਪਹਾੜ ਉੱਤੇ ਲਹਿਰਾਏ ਝੰਡੇ ਵਾਂਗ ਸਾਫ਼-ਸਾਫ਼ ਦੇਖ ਲੈਣਗੇ।
ਧਰਤੀ ਉੱਤੇ ਰਹਿਣ ਵਾਲੇ ਸਾਰੇ ਲੋਕ ਉਨ੍ਹਾਂ ਲੰਮੇ ਲੋਕਾਂ ਨਾਲ ਵਾਪਰਨ ਵਾਲੀ ਹਰ ਗੱਲ ਨੂੰ ਸੁਣਨਗੇ।
ਉਹ ਇਸ ਨੂੰ ਜੰਗ ਸ਼ੁਰੂ ਹੋਣ ਵੇਲੇ ਬਿਗਲ ਦੇ ਸ਼ੋਰ ਵਾਂਗ ਸਾਫ਼ ਸੁਣਨਗੇ।
4 ਯਹੋਵਾਹ ਨੇ ਆਖਿਆ, “ਮੈਂ ਆਪਣੇ ਲਈ ਤਿਆਰ ਕੀਤੀ ਗਈ ਥਾਂ ਉੱਤੇ ਹੋਵਾਂਗਾ। ਮੈਂ ਇਨ੍ਹਾਂ ਗੱਲਾਂ ਨੂੰ ਵਾਪਰਦਿਆਂ ਦੇਖਾਂਗਾ। 5 ਗਰਮੀਆਂ ਦੇ ਇੱਕ ਸੁਹਣੇ ਦਿਨ, ਦੁਪਿਹਰ ਵੇਲੇ, ਲੋਕ ਆਰਾਮ ਕਰ ਰਹੇ ਹੋਣਗੇ। ਇਹ ਵੇਲਾ ਗਰਮੀਆਂ ਦੀਆਂ ਵਾਢੀਆਂ ਦਾ ਹੋਵੇਗਾ ਜਦੋਂ ਬਾਰਸ਼ ਨਹੀਂ ਪੈਂਦੀ, ਪਰ ਸਿਰਫ਼ ਸਵੇਰ ਦੀ ਤ੍ਰੇਲ ਹੀ ਹੁੰਦੀ। ਫ਼ੇਰ ਇੱਕ ਭਿਆਨਕ ਗੱਲ ਵਾਪਰੇਗੀ। ਇਹ ਫ਼ੁੱਲਾਂ ਦੇ ਖਿੜੇ ਹੋਣ ਤੋਂ ਬਾਅਦ ਦਾ ਸਮਾਂ ਹੋਵੇਗਾ ਨਵੇਂ ਅੰਗੂਰ ਨਿਕਲ ਰਹੇ ਹੋਣਗੇ ਅਤੇ ਵੱਧ ਫ਼ੁਲ ਰਹੇ ਹੋਣਗੇ। ਪਰ ਵਾਢੀ ਤੋਂ ਪਹਿਲਾਂ ਹੀ, ਦੁਸ਼ਮਣ ਆਵੇਗਾ ਤੇ ਪੌਦਿਆਂ ਨੂੰ ਕੱਟ ਸੁੱਟੇਗਾ। ਦੁਸ਼ਮਣ ਵੇਲਾਂ ਨੂੰ ਤੋੜ ਕੇ ਸੁੱਟ ਦੇਵੇਗਾ। 6 ਵੇਲਾਂ ਪਹਾੜੀ ਪੰਛੀਆਂ ਅਤੇ ਜੰਗਲੀ ਜਾਨਵਰਾਂ ਦੇ ਖਾਣ ਲਈ ਹੀ ਰਹਿ ਜਾਣਗੀਆਂ। ਗਰਮੀਆਂ ਦੇ ਦਿਨਾਂ ਵਿੱਚ ਪੰਛੀ ਵੇਲਾਂ ਉੱਤੇ ਗੁਜ਼ਾਰਾ ਕਰਨਗੇ। ਅਤੇ ਉਸ ਸਰਦੀ ਨੂੰ ਜੰਗਲੀ ਜਾਨਵਰ ਵੇਲਾਂ ਨੂੰ ਖਾਣਗੇ।”
7 ਉਸ ਸਮੇਂ, ਸਰਬ ਸ਼ਕਤੀਮਾਨ ਯਹੋਵਾਹ ਲਈ ਇੱਕ ਖਾਸ ਭੇਟ ਲਿਆਂਦੀ ਜਾਵੇਗੀ। ਉਹ ਭੇਟ ਉਨ੍ਹਾਂ ਲੋਕਾਂ ਵੱਲੋਂ ਆਵੇਗੀ ਜਿਹੜੇ ਲੰਮੇ ਤਕੜੇ ਹਨ। ਸਾਰੇ ਪਾਸਿਆਂ ਦੇ ਲੋਕ ਇਨ੍ਹਾਂ ਲੰਮੇ ਤਕੜੇ ਲੋਕਾਂ ਤੋਂ ਡਰਦੇ ਹਨ। ਉਹ ਬਹੁਤ ਤਾਕਤਵਰ ਕੌਮ ਹਨ। ਉਨ੍ਹਾਂ ਦੀ ਕੌਮ ਹੋਰਾਂ ਕੌਮਾਂ ਨੂੰ ਹਰਾ ਦਿੰਦੀ ਹੈ। ਉਹ ਦਰਿਆਵਾਂ ਵੰਡੇ ਦੇਸ ਵਿੱਚ ਹਨ। ਇਹ ਭੇਟ ਯਹੋਵਾਹ ਦੇ ਸੀਯੋਨ ਪਰਬਤ ਸਥਾਨ ਤੇ ਲਿਆਂਦੀ ਜਾਵੇਗੀ।
ਪਰਮੇਸ਼ੁਰ ਦਾ ਮਿਸਰ ਨੂੰ ਸੰਦੇਸ਼
19 ਮਿਸਰ ਬਾਰੇ ਉਦਾਸ ਸੰਦੇਸ਼: ਦੇਖੋ! ਯਹੋਵਾਹ ਤੇਜ਼ ਬੱਦਲ ਉੱਤੇ ਸਵਾਰ ਹੋ ਕੇ ਆ ਰਿਹਾ ਹੈ। ਯਹੋਵਾਹ ਮਿਸਰ ਵਿੱਚ ਦਾਖਲ ਹੋਵੇਗਾ, ਅਤੇ ਮਿਸਰ ਦੇ ਸਾਰੇ ਝੂਠੇ ਦੇਵਤੇ ਡਰ ਨਾਲ ਕੰਬਣਗੇ। ਮਿਸਰ ਬਹਾਦਰ ਸੀ, ਪਰ ਇਸਦਾ ਹੌਸਲਾ ਪਿਘਲ ਜਾਵੇਗਾ।
2 ਪਰਮੇਸ਼ੁਰ ਆਖਦਾ ਹੈ, “ਮੈਂ ਮਿਸਰ ਦੇ ਲੋਕਾਂ ਨੂੰ ਆਪਸ ਵਿੱਚ ਲੜਾ ਦਿਆਂਗਾ। ਲੋਕ ਆਪਣੇ ਭਰਾਵਾਂ ਨਾਲ ਲੜਨਗੇ। ਗੁਆਂਢੀ ਗੁਆਂਢੀਆਂ ਨਾਲ ਲੜਨਗੇ। ਸ਼ਹਿਰ ਸ਼ਹਿਰਾਂ ਦੇ ਵਿਰੁੱਧ ਹੋਣਗੇ। ਰਾਜ ਰਾਜਾਂ ਦੇ ਵਿਰੁੱਧ ਹੋਣਗੇ। 3 ਮਿਸਰ ਦੇ ਲੋਕ ਭੰਬਲ ਭੂਸੇ ਵਿੱਚ ਪੈ ਜਾਣਗੇ। ਲੋਕ ਆਪਣੇ ਝੂਠੇ ਦੇਵਤਿਆਂ ਨੂੰ ਪੁੱਛਣਗੇ ਕਿ ਕੀ ਕੀਤਾ ਜਾਵੇ। ਲੋਕ ਆਪਣੇ ਬੁੱਧੀਮਾਨਾਂ ਅਤੇ ਜਾਦੂਗਰਾਂ ਨੂੰ ਪੁੱਛਣਗੇ। ਪਰ ਉਨ੍ਹਾਂ ਦੀ ਨਸੀਹਤ ਬੇਕਾਰ ਹੋਵੇਗੀ।” 4 ਮਾਲਿਕ, ਸਰਬ ਸ਼ਕਤੀਮਾਨ ਯਹੋਵਾਹ, ਆਖਦਾ ਹੈ, “ਮੈਂ (ਪਰਮੇਸ਼ੁਰ) ਮਿਸਰ ਨੂੰ ਸਖਤ ਹਾਕਮ ਦੇ ਹਵਾਲੇ ਕਰ ਦਿਆਂਗਾ। ਇੱਕ ਤਾਕਤਵਰ ਰਾਜਾ ਲੋਕਾਂ ਉੱਤੇ ਰਾਜ ਕਰੇਗਾ।”
5 ਨੀਲ ਨਦੀ ਸੁੱਕ ਜਾਵੇਗੀ। ਸਮੁੰਦਰ ਵਿੱਚੋਂ ਪਾਣੀ ਮੁੱਕ ਜਾਵੇਗਾ। 6 ਸਾਰੀਆਂ ਨਦੀਆਂ ਸੁੱਕ ਜਾਣਗੀਆਂ। ਮਿਸਰ ਦੀਆਂ ਨਹਿਰਾਂ ਵੀ ਸੁੱਕ ਜਾਣਗੀਆਂ ਅਤੇ ਉਨ੍ਹਾਂ ਵਿੱਚੋਂ ਪਾਣੀ ਮੁੱਕ ਜਾਵੇਗਾ ਪਾਣੀ ਦੇ ਸਾਰੇ ਪੌਦੇ ਸੜ ਜਾਣਗੇ। 7 ਨਦੀ ਕੰਢੇ ਦੇ ਸਾਰੇ ਪੌਦੇ ਮਰ ਜਾਣਗੇ ਅਤੇ ਉੱਡ ਪੁੱਡ ਜਾਣਗੇ। ਦਰਿਆ ਦੇ ਸਭ ਤੋਂ ਵੱਡੇ ਪਾਟ ਵਾਲੀ ਥਾਂ ਦੇ ਪੌਦੇ ਵੀ ਮਰ ਜਾਣਗੇ।
8 “ਮਛੇਰੇ, ਉਹ ਸਾਰੇ ਲੋਕ ਜਿਹੜੇ ਨੀਲ ਨਦੀ ਤੋਂ ਮੱਛੀਆਂ ਫ਼ੜਦੇ ਹਨ, ਉਦਾਸ ਹੋ ਜਾਣਗੇ ਅਤੇ ਉਹ ਰੋਣ ਲੱਗ ਪੈਣਗੇ। ਉਹ ਆਪਣੇ ਭੋਜਨ ਲਈ ਨੀਲ ਨਦੀ ਉੱਤੇ ਨਿਰਭਰ ਕਰਦੇ ਹਨ ਪਰ ਇਹ ਸੁੱਕ ਜਾਵੇਗੀ। 9 ਉਹ ਸਾਰੇ ਲੋਕ ਜਿਹੜੇ ਕੱਪੜਾ ਬਣਾਉਂਦੇ ਹਨ ਉਹ ਵੀ ਬਹੁਤ ਹੀ ਉਦਾਸ ਹੋਣਗੇ। ਇਨ੍ਹਾਂ ਲੋਕਾਂ ਨੂੰ ਲਿਨਨ ਬਨਾਉਣ ਲਈ ਸਣ ਦੀ ਲੋੜ ਪੈਂਦੀ ਹੈ। 10 ਉਨ੍ਹਾਂ ਲੋਕਾਂ ਕੋਲ ਕੋਈ ਕੰਮ ਨਹੀਂ ਹੋਵੇਗਾ ਜਿਹੜੇ ਪਾਣੀ ਬਚਾਉਣ ਲਈ ਬਂਨ ਬਣਾਉਂਦੇ ਹਨ, ਇਸ ਲਈ ਉਹ ਉਦਾਸ ਹੋਣਗੇ।
11 “ਸੋਆਨ ਸ਼ਹਿਰ ਦੇ ਆਗੂ ਮੂਰਖ ਹਨ। ਫ਼ਿਰਊਨ ਦੇ ‘ਸਿਆਣੇ ਸਲਾਹਕਾਰ’ ਗ਼ਲਤ ਸਲਾਹ ਦਿੰਦੇ ਹਨ। ਉਹ ਆਗੂ ਆਖਦੇ ਹਨ ਕਿ ਉਹ ਸਿਆਣੇ ਹਨ। ਉਹ ਆਖਦੇ ਹਨ ਕਿ ਉਹ ਰਾਜਿਆਂ ਦੇ ਪੁਰਾਣੇ ਖਾਨਦਾਨ ਵਿੱਚੋਂ ਹਨ। ਪਰ ਜਿਵੇਂ ਉਹ ਸੋਚਦੇ ਹਨ ਉਹ ਸਿਆਣੇ ਨਹੀਂ ਹਨ।” 12 ਹੇ ਮਿਸਰ, ਕਿਬੇ ਨੇ ਤੇਰੇ ਸਿਆਣੇ ਬੰਦੇ? ਉਨ੍ਹਾਂ ਸਿਆਣੇ ਬੰਦਿਆਂ ਨੂੰ ਜਾਨਣਾ ਚਾਹੀਦਾ ਹੈ ਕਿ ਯਹੋਵਾਹ ਸਰਬ ਸ਼ਕਤੀਮਾਨ ਨੇ ਮਿਸਰ ਲਈ ਕੀ ਯੋਜਨਾ ਬਣਾਈ ਹੈ। ਇਨ੍ਹਾਂ ਨੂੰ ਤੈਨੂੰ ਦੱਸ ਲੈਣਦੇ ਕਿ ਕੀ ਵਾਪਰੇਗਾ।
13 ਸੋਆਨ ਦੇ ਆਗੂ ਮੂਰਖ ਬਣ ਗਏ ਹਨ। ਨੋਫ਼ ਦੇ ਆਗੂਆਂ ਨੇ ਝੂਠਾਂ ਵਿੱਚ ਵਿਸ਼ਵਾਸ ਕੀਤਾ ਹੈ। ਇਸ ਲਈ ਆਗੂਆਂ ਨੇ ਮਿਸਰ ਨੂੰ ਕੁਰਾਹੇ ਪਾਇਆ ਹੈ। 14 ਯਹੋਵਾਹ ਨੇ ਇਨ੍ਹਾਂ ਆਗੂਆਂ ਨੂੰ ਭੰਬਲ ਭੂਸੇ ਵਿੱਚ ਪਾਇਆ ਹੈ। ਉਹ ਆਵਾਰਾ ਘੁੰਮਦੇ ਹਨ ਤੇ ਮਿਸਰ ਨੂੰ ਕੁਰਾਹੇ ਪਾਉਂਦੇ ਹਨ। ਹਰ ਉਹ ਗੱਲ ਜਿਹੜੀ ਇਹ ਆਗੂ ਕਰਦੇ ਹਨ, ਗ਼ਲਤ ਹੈ। ਉਹ ਸ਼ਰਾਬੀ ਲੋਕਾਂ ਵਾਂਗ ਧਰਤੀ ਉੱਤੇ ਲਿਟਦੇ ਹਨ। 15 ਅਜਿਹਾ ਕਰਨ ਲਈ ਕੁਝ ਨਹੀਂ ਜੋ ਮਿਸਰ ਦੇ ਆਗੂ ਕਰ ਸੱਕਦੇ ਹਨ। (ਇਹ ਆਗੂ “ਸਿਰ ਤੇ ਪੂਛ” ਸਨ। ਉਹ ਪੌਦਿਆਂ ਦੀਆਂ “ਸਿਰੀਆਂ ਅਤੇ ਤਣੇ ਹਨ।”)
16 ਉਸ ਸਮੇਂ, ਮਿਸਰ ਦੇ ਲੋਕ ਭੈਭੀਤ ਔਰਤਾਂ ਵਰਗੇ ਹੋਣਗੇ। ਉਹ ਯਹੋਵਾਹ ਸਰਬ ਸ਼ਕਤੀਮਾਨ ਤੋਂ ਭੈਭੀਤ ਹੋਣਗੇ। ਯਹੋਵਾਹ ਲੋਕਾਂ ਨੂੰ ਸਜ਼ਾ ਦੇਣ ਲਈ ਹੱਥ ਉੱਠਾਏਗਾ, ਅਤੇ ਉਹ ਡਰ ਜਾਣਗੇ। 17 ਯਹੂਦਾਹ ਦੀ ਧਰਤੀ ਮਿਸਰ ਦੇ ਸਾਰੇ ਲੋਕਾਂ ਲਈ ਡਰਨ ਵਾਲੀ ਥਾਂ ਹੋਵੇਗੀ। ਮਿਸਰ ਦਾ ਕੋਈ ਵੀ ਬੰਦਾ ਜਿਹੜਾ ਯਹੂਦਾਹ ਦਾ ਨਾਮ ਸੁਣੇਗਾ, ਡਰ ਜਾਵੇਗਾ। ਇਹ ਗੱਲ ਇਸ ਲਈ ਵਾਪਰੇਗੀ ਕਿਉਂ ਕਿ ਸਰਬ ਸ਼ਕਤੀਮਾਨ ਯਹੋਵਾਹ ਨੇ ਮਿਸਰ ਉੱਤੇ ਵਾਪਰਨ ਵਾਲੀਆਂ ਭਿਆਨਕ ਗੱਲਾਂ ਦੀ ਯੋਜਨਾ ਬਣਾਈ ਹੈ। 18 ਉਸ ਸਮੇਂ, ਮਿਸਰ ਵਿੱਚ ਪੰਜ ਸ਼ਹਿਰ ਅਜਿਹੇ ਹੋਣਗੇ ਜਿੱਥੇ ਲੋਕ ਕਾਨਾਨ (ਯਹੂਦੀ ਭਾਸ਼ਾ) ਬੋਲਦੇ ਹੋਣਗੇ। ਇਨ੍ਹਾਂ ਵਿੱਚੋਂ ਇੱਕ ਸ਼ਹਿਰ ਦਾ ਨਾਮ “ਤਬਾਹੀ ਦਾ ਸ਼ਹਿਰ” ਰੱਖ ਦਿੱਤਾ ਜਾਵੇਗਾ।ਲੋਕ ਸਰਬ ਸ਼ਕਤੀਮਾਨ ਯਹੋਵਾਹ ਦੇ ਅਨੁਯਾਈ ਹੋਣ ਦਾ ਇਕਰਾਰ ਕਰਨਗੇ।
19 ਉਸ ਸਮੇਂ, ਮਿਸਰ ਦੇ ਮੱਧ ਵਿੱਚ ਯਹੋਵਾਹ ਲਈ ਇੱਕ ਜਗਵੇਦੀ ਹੋਵੇਗੀ। ਮਿਸਰ ਦੀ ਸਰਹੱਦ ਉੱਤੇ ਯਹੋਵਾਹ ਲਈ ਆਦਰ ਦਰਸਾਉਣ ਵਾਲੀ ਇਮਾਰਤ ਹੋਵੇਗੀ। 20 ਇਹ ਇਸ ਗੱਲ ਨੂੰ ਦਰਸਾਉਣ ਦਾ ਸੰਕੇਤ ਹੋਵੇਗਾ ਕਿ ਸਰਬ ਸ਼ਕਤੀਮਾਨ ਯਹੋਵਾਹ ਬਹੁਤ ਸ਼ਕਤੀਸ਼ਾਲੀ ਗੱਲਾਂ ਕਰਦਾ ਹੈ। ਕਿਸੇ ਵੀ ਸਮੇਂ ਜਦੋਂ ਲੋਕ ਯਹੋਵਾਹ ਅੱਗੇ ਸਹਾਇਤਾ ਦੀ ਪੁਕਾਰ ਕਰਨਗੇ, ਯਹੋਵਾਹ ਸਹਾਇਤਾ ਭੇਜੇਗਾ। ਯਹੋਵਾਹ ਲੋਕਾਂ ਨੂੰ ਬਚਾਉਣ ਲਈ ਅਤੇ ਉਨ੍ਹਾਂ ਦੀ ਰੱਖਿਆ ਕਰਨ ਲਈ, ਕਿਸੇ ਬੰਦੇ ਨੂੰ ਭੇਜੇਗਾ। ਉਹ ਬੰਦਾ ਲੋਕਾਂ ਨੂੰ ਉਨ੍ਹਾਂ ਹੋਰ ਲੋਕਾਂ ਤੋਂ ਬਚਾਵੇਗਾ ਜਿਹੜੇ ਉਨ੍ਹਾਂ ਨਾਲ ਬੁਰਾ ਵਰਤਾਉ ਕਰਦੇ ਹਨ।
21 ਉਸ ਸਮੇਂ, ਮਿਸਰ ਦੇ ਲੋਕ ਸੱਚਮੁੱਚ ਯਹੋਵਾਹ ਨੂੰ ਜਾਣ ਲੈਣਗੇ। ਮਿਸਰ ਦੇ ਲੋਕ ਪਰਮੇਸ਼ੁਰ ਨੂੰ ਪ੍ਰੇਮ ਕਰਨਗੇ। ਲੋਕ ਪਰਮੇਸ਼ੁਰ ਦੀ ਸੇਵਾ ਕਰਨਗੇ ਅਤੇ ਉਹ ਅਨੇਕਾਂ ਬਲੀਆਂ ਚੜ੍ਹਾਉਣਗੇ। ਉਹ ਯਹੋਵਾਹ ਨਾਲ ਇਕਰਾਰ ਕਰਨਗੇ ਅਤੇ ਉਨ੍ਹਾਂ ਇਕਰਾਰਾਂ ਨੂੰ ਪੂਰਾ ਕਰਨਗੇ। 22 ਯਹੋਵਾਹ ਮਿਸਰ ਦੇ ਲੋਕਾਂ ਨੂੰ ਸਜ਼ਾ ਦੇਵੇਗਾ। ਅਤੇ ਫ਼ੇਰ ਯਹੋਵਾਹ ਉਨ੍ਹਾਂ ਨੂੰ ਮਾਫ਼ ਕਰ ਦੇਵੇਗਾ ਅਤੇ ਉਹ ਯਹੋਵਾਹ ਵੱਲ ਵਾਪਸ ਪਰਤ ਆਉਣਗੇ। ਯਹੋਵਾਹ ਉਨ੍ਹਾਂ ਦੀਆਂ ਪ੍ਰਾਰਥਨਾਵਾਂ ਸੁਣੇਗਾ ਅਤੇ ਉਨ੍ਹਾਂ ਨੂੰ ਮਾਫ਼ੀ ਦੇ ਦੇਵੇਗਾ।
23 ਉਸ ਸਮੇਂ, ਮਿਸਰ ਤੋਂ ਅੱਸ਼ੂਰ ਨੂੰ ਆਉਂਦੀ ਇੱਕ ਸ਼ਾਹਰਾਹ ਹੋਵੇਗੀ। ਫ਼ੇਰ ਅੱਸ਼ੂਰ ਦੇ ਲੋਕ ਮਿਸਰ ਜਾਣਗੇ ਅਤੇ ਮਿਸਰ ਦੇ ਲੋਕ ਅੱਸ਼ੂਰ ਜਾਣਗੇ। ਮਿਸਰ ਅੱਸ਼ੂਰ ਦੇ ਨਾਲ ਰਲਕੇ ਕੰਮ ਕਰੇਗਾ। 24 ਉਸ ਸਮੇਂ, ਇਸਰਾਏਲ, ਅੱਸ਼ੂਰ ਅਤੇ ਮਿਸਰ ਇਕੱਠੇ ਹੋ ਜਾਣਗੇ ਅਤੇ ਇਸ ਧਰਤੀ ਉੱਤੇ ਹਕੂਮਤ ਕਰਨਗੇ। ਇਹ ਇਸ ਧਰਤੀ ਲਈ ਸੁਭਾਗੀ ਗੱਲ ਹੋਵੇਗੀ। 25 ਸਰਬ ਸ਼ਕਤੀਮਾਨ ਯਹੋਵਾਹ ਇਨ੍ਹਾਂ ਦੇਸ਼ਾਂ ਨੂੰ ਅਸੀਸ ਦੇਵੇਗਾ। ਉਹ ਆਖੇਗਾ, “ਹੇ ਮਿਸਰ ਤੂੰ ਮੇਰਾ ਹੀ ਬੰਦਾ ਹੈਂ, ਹੇ ਅੱਸ਼ੂਰ, ਮੈਂ ਤੈਨੂੰ ਸਾਜਿਆ ਸੀ। ਹੇ ਇਸਰਾਏਲ ਮੈਂ ਤੈਨੂੰ ਅਪਣਾਉਂਦਾ ਹਾਂ। ਤੁਸੀਂ ਸਾਰੇ ਹੀ ਸੁਭਾਗੇ ਹੋ!”
ਅੱਸ਼ੂਰ ਮਿਸਰ ਅਤੇ ਇਬੋਪੀਆ ਨੂੰ ਹਰਾਵੇਗਾ
20 ਸਰਗੋਨ ਅੱਸ਼ੂਰ ਦਾ ਰਾਜਾ ਸੀ। ਸਰਗੋਨ ਨੇ ਤਾਰਤੋਂਨ ਨੂੰ ਅਸ਼ਦੋਦ ਭੇਜਿਆ ਉਸ ਸ਼ਹਿਰ ਦੇ ਖਿਲਾਫ਼ ਜੰਗ ਕਰਨ ਲਈ। ਤਾਰਤੋਂਨ ਉੱਥੇ ਗਿਆ ਅਤੇ ਸ਼ਹਿਰ ਤੇ ਕਬਜ਼ਾ ਕਰ ਲਿਆ। 2 ਉਸ ਸਮੇਂ, ਯਹੋਵਾਹ ਨੇ ਆਮੋਜ਼ ਦੇ ਪੁੱਤਰ ਯਸਾਯਾਹ ਰਾਹੀਂ ਗੱਲ ਕੀਤੀ। ਯਹੋਵਾਹ ਨੇ ਆਖਿਆ, “ਜਾਓ, ਆਪਣੇ ਤੋਂ ਉਦਾਸੀ ਦੇ ਵਸਤਰ ਲਾਹ ਸੁੱਟੋ। ਆਪਣੇ ਬੂਟਾਂ ਨੂੰ ਆਪਣੇ ਪੈਰਾਂ ਵਿੱਚੋਂ ਉਤਾਰ ਦਿਓ।” ਯਸਾਯਾਹ ਨੇ ਯਹੋਵਾਹ ਦਾ ਹੁਕਮ ਮੰਨ ਲਿਆ। ਯਸਾਯਾਹ ਬਿਨਾ ਵਸਤਰਾਂ ਅਤੇ ਬਿਨਾ ਬੂਟਾਂ ਦੇ ਉੱਥੇ ਘੁੰਮਣ ਲੱਗਾ।
3 ਫ਼ੇਰ ਯਹੋਵਾਹ ਨੇ ਆਖਿਆ, “ਯਸਾਯਾਹ ਤਿੰਨ ਸਾਲ ਤੱਕ ਬਿਨਾਂ ਵਸਤਰਾਂ ਅਤੇ ਬਿਨਾਂ ਬੂਟਾਂ ਦੇ ਆਲੇ-ਦੁਆਲੇ ਘੁੰਮਿਆ ਹੈ। ਇਹ ਮਿਸਰ ਅਤੇ ਇਬੋਪੀਆ ਲਈ ਇੱਕ ਸੰਕੇਤ ਹੈ। 4 ਅੱਸ਼ੂਰ ਦਾ ਰਾਜਾ ਮਿਸਰ ਅਤੇ ਇਬੋਪੀਆ ਨੂੰ ਹਰਾਵੇਗਾ। ਅੱਸ਼ੂਰ ਕੈਦੀ ਬਣਾਵੇਗਾ ਅਤੇ ਉਨ੍ਹਾਂ ਨੂੰ ਉਨ੍ਹਾਂ ਦੇ ਦੇਸਾਂ ਤੋਂ ਦੂਰ ਲੈ ਜਾਵੇਗਾ। ਬੁੱਢੇ ਅਤੇ ਜਵਾਨ ਲੋਕ ਬਿਨਾਂ ਵਸਤਰਾਂ ਅਤੇ ਜੁਤੀਆਂ ਦੇ ਲਿਜਾਏ ਜਾਣਗੇ। ਉਹ ਬਿਲਕੁਲ ਨੰਗੇ ਹੋਣਗੇ। ਮਿਸਰ ਦੇ ਲੋਕ ਸ਼ਰਮਸਾਰ ਹੋਣਗੇ। 5 ਲੋਕ ਇਬੋਪੀਆ ਵੱਲ ਸਹਾਇਤਾ ਲਈ ਤੱਕਦੇ ਸਨ। ਉਹ ਲੋਕ ਟੁੱਟ ਜਾਣਗੇ। ਲੋਕ ਮਿਸਰ ਦੀ ਸ਼ਾਨ ਤੋਂ ਹੈਰਾਨ ਸਨ। ਉਹ ਲੋਕ ਸ਼ਰਮਸਾਰ ਹੋਣਗੇ।”
6 ਜਿਹੜੇ ਲੋਕ ਸਮੁੰਦਰ ਦੇ ਨੇੜੇ ਰਹਿੰਦੇ ਹਨ ਉਹ ਆਖਣਗੇ, “ਅਸੀਂ ਉਨ੍ਹਾਂ ਮੁਲਕਾਂ ਉੱਤੇ ਸਹਾਇਤਾ ਲਈ ਭਰੋਸਾ ਕੀਤਾ। ਅਸੀਂ ਭੱਜਕੇ ਉਨ੍ਹਾਂ ਵੱਲ ਗਏ ਤਾਂ ਉਹ ਸਾਨੂੰ ਅੱਸ਼ੂਰ ਦੇ ਰਾਜੇ ਤੋਂ ਬਚਾ ਲੈਣ। ਪਰ ਉਨ੍ਹਾਂ ਵੱਲ ਦੇਖੋ। ਉਨ੍ਹਾਂ ਦੇਸਾਂ ਉੱਤੇ ਕਬਜ਼ਾ ਹੋ ਚੁੱਕਿਆ ਹੈ, ਇਸ ਲਈ ਅਸੀਂ ਬਚ ਨਿਕਲਣ ਵਿੱਚ ਕਿਵੇਂ ਕਾਮਯਾਬ ਹੋ ਸੱਕਾਂਗੇ?”
ਪਰਮੇਸ਼ੁਰ ਦਾ ਬਾਬਲ ਨੂੰ ਸੰਦੇਸ਼
21 ਮਾਰੂਬਲ ਦੇ ਸਮੁੰਦਰ ਬਾਰੇ ਉਦਾਸ ਸੁਨੇਹਾ:
ਕੋਈ ਚੀਜ਼ ਮਾਰੂਬਲ ਵੱਲੋਂ ਆ ਰਹੀ ਹੈ।
ਇਹ ਹਵਾ ਵਾਂਗ ਆ ਰਹੀ ਹੈ ਜਿਵੇਂ ਨਿਜੀਬ ਤੋਂ ਹਵਾ ਵਗਦੀ ਹੈ।
ਇਹ ਭਿਆਨ ਦੇਸ ਵੱਲੋਂ ਆ ਰਹੀ ਹੈ।
2 ਮੈਂ ਕੁਝ ਬਹੁਤ ਭਿਆਨਕ ਦੇਖਿਆ ਹੈ, ਜਿਹੜਾ ਕਿ ਹੋ ਕੇ ਰਹੇਗਾ।
ਮੈਂ ਦੇਸ਼ ਧ੍ਰੋਹੀਆਂ ਨੂੰ ਤੁਹਾਡੇ ਵਿਰੁੱਧ ਹੋ ਰਹੇ ਦੇਖ ਰਿਹਾ ਹਾਂ।
ਮੈਂ ਲੋਕਾਂ ਨੂੰ ਤੁਹਾਡੀ ਦੌਲਤ ਲੁੱਟਦੇ ਦੇਖ ਰਿਹਾ ਹਾਂ।
ਏਲਾਮ, ਜਾਓ ਅਤੇ ਲੋਕਾਂ ਦੇ ਵਿਰੁੱਧ ਲੜੋ!
ਮਦਾਈ, ਆਪਣੀਆਂ ਫ਼ੌਜਾਂ ਨਾਲ ਸ਼ਹਿਰ ਨੂੰ ਘੇਰਾ ਪਾ ਲਵੋ ਅਤੇ ਉਸ ਨੂੰ ਹਰਾ ਦਿਓ!
ਮੈਂ ਸਾਰੀਆਂ ਬਦੀਆਂ ਉਸ ਸ਼ਹਿਰ ਵਿੱਚੋਂ ਮੁਕਾ ਦਿਆਂਗਾ।
3 ਮੈਂ ਉਹ ਭਿਆਨਕ ਗੱਲਾਂ ਦੇਖੀਆਂ ਸਨ, ਤੇ ਹੁਣ ਮੈਂ ਭੈਭੀਤ ਹਾਂ।
ਡਰ ਨਾਲ ਮੇਰਾ ਪੇਟ ਦੁੱਖ ਰਿਹਾ ਹੈ।
ਇਹ ਦਰਦ ਬੱਚੇ ਨੂੰ ਜਨਮ ਦੇਣ ਵਰਗਾ ਦਰਦ ਹੈ।
ਜਿਹੜੀਆਂ ਗੱਲਾਂ ਮੈਂ ਸੁਣਦਾ ਹਾਂ ਉਹ ਮੈਨੂੰ ਬਹੁਤ ਭੈਭੀਤ ਕਰਦੀਆਂ ਹਨ।
ਜਿਹੜੀਆਂ ਗੱਲਾਂ ਮੈਂ ਦੇਖਦਾ ਹਾਂ ਉਹ ਮੈਨੂੰ ਡਰ ਨਾਲ ਕੰਬਾਉਂਦੀਆਂ ਹਨ।
4 ਮੈਂ ਫ਼ਿਕਰਮੰਦ ਹਾਂ ਅਤੇ ਡਰ ਨਾਲ ਕੰਬ ਰਿਹਾ ਹਾਂ।
ਮੇਰੀ ਪ੍ਰਸੰਨ ਸ਼ਾਮ, ਡਰ ਦੀ ਰਾਤ ਵਿੱਚ ਵਟ ਗਈ ਹੈ।
5 ਲੋਕ ਸਮਝਦੇ ਨੇ ਕਿ ਸਭ ਕੁਝ ਠੀਕ ਠਾਕ ਹੈ।
“ਅਤੇ ਖਾ ਪੀਕੇ ਆਪਣੇ- ਆਪ ਆਨੰਦ ਮਾਣ ਰਹੇ ਹਨ।
ਉਸੇ ਸਮੇਂ ਫੌਜੀ ਆਖ ਰਹੇ ਹਨ,
ਪਹਿਰਾ ਬਿਠਾ ਦਿਓ!
ਅਧਿਕਾਰੀਓ ਉੱਠ
ਪਵੋ ਅਤੇ ਆਪਣੀਆਂ ਢਾਲਾਂ ਨੂੰ ਚਮਕਾ ਲਵੋ!”
6 ਮੇਰੇ ਮਾਲਿਕ ਨੇ ਮੈਨੂੰ ਆਖਿਆ, “ਜਾਓ ਇਸ ਸ਼ਹਿਰ ਦੀ ਰੱਖਿਆ ਕਰਨ ਲਈ ਕਿਸੇ ਬੰਦੇ ਨੂੰ ਲੱਭੋ। ਉਸ ਨੂੰ ਉਹ ਕੁਝ ਜ਼ਰੂਰ ਦੱਸਣਾ ਚਾਹੀਦਾ ਹੈ ਜੋ ਉਹ ਦੇਖਦਾ ਹੈ। 7 ਜੇ ਪਹਿਰੇਦਾਰ ਗਧਿਆਂ ਜਾਂ ਘੋੜਸਵਾਰਾਂ ਦੀਆਂ ਕਤਾਰਾਂ ਦੇਖਦਾ ਹੈ ਊਠਾਂ ਨੂੰ ਦੇਖਦਾ ਹੈ ਤਾਂ ਪਹਿਰੇਦਾਰ ਨੂੰ ਧਿਆਨ ਨਾਲ-ਬਹੁਤ ਧਿਆਨ ਨਾਲ ਸੁਣਨਾ ਚਾਹੀਦਾ ਹੈ।”
8 ਫ਼ੇਰ ਇੱਕ ਦਿਨ, ਪਹਿਰੇਦਾਰ ਨੇ ਚੇਤਾਵਨੀ ਦਿੱਤੀ, “ਸ਼ੇਰ” ਪਹਿਰੇਦਾਰ ਆਖ ਰਿਹਾ ਸੀ।
“ਮੇਰੇ ਮਾਲਿਕ ਮੈਂ ਹਰ ਰੋਜ਼ ਪਹਿਰੇਦਾਰੀ ਵਾਲੇ ਮੁਨਾਰੇ ਵਿੱਚ ਖਲੋਤਾ ਰਿਹਾ ਹਾਂ ਤੇ ਦੇਖਦਾ ਰਿਹਾ ਹਾਂ।
ਮੈਂ ਹਰ ਰਾਤ ਖਲੋਤਾ ਰਿਹਾ ਹਾਂ ਤੇ ਪਹਿਰਾ ਦਿੰਦਾ ਰਿਹਾ ਹਾਂ, ਪਰ …
9 ਦੇਖੋ! ਉਹ ਆ ਰਹੇ ਹਨ!
ਮੈਂ ਲੋਕਾਂ ਅਤੇ ਘੋੜਸਵਾਰਾਂ ਦੀਆਂ ਕਤਾਰਾਂ ਦੇਖਦਾ ਹਾਂ।”
ਫ਼ੇਰ ਇੱਕ ਸੰਦੇਸ਼ਵਾਹਕ ਨੇ ਆਖਿਆ,
“ਬਾਬਲ ਹਰਾ ਦਿੱਤਾ ਗਿਆ ਹੈ।
ਬਾਬਲ ਧਰਤੀ ਉੱਤੇ ਢਹਿ ਢੇਰੀ ਹੋ ਗਿਆ ਹੈ।
ਉਸ ਦੇ ਝੂਠੇ ਦੇਵਤਿਆਂ ਦੇ ਸਾਰੇ ਬੁੱਤ ਧਰਤੀ ਉੱਤੇ ਸੁੱਟ ਦਿੱਤੇ ਗਏ ਹਨ
ਅਤੇ ਉਨ੍ਹਾਂ ਦੇ ਟੋਟੇ-ਟੋਟੇ ਕਰ ਦਿੱਤੇ ਗਏ ਹਨ।”
10 “ਮੇਰੇ ਲੋਕੋ, ਮੈਂ ਤੁਹਾਨੂੰ ਉਹ ਸਭ ਕੁਝ ਦੱਸ ਚੁੱਕਾ ਹਾਂ ਜਿਹੜੀ ਮੈਂ ਸਰਬ ਸ਼ਕਤੀਮਾਨ ਯਹੋਵਾਹ ਇਸਰਾਏਲ ਦੇ ਪਰਮੇਸ਼ੁਰ ਪਾਸੋਂ ਸੁਣੀ ਹੈ। ਤੁਸੀਂ ਕਣਕ ਦੀਆਂ ਬੱਲੀਆਂ ਵਾਂਗ ਕੁਚਲ ਦਿੱਤੇ ਜਾਓਗੇ।”
ਪਰਮੇਸ਼ੁਰ ਦਾ ਅਦੋਮ ਨੂੰ ਸੰਦੇਸ਼
11 ਦੂਮਾਹ ਬਾਰੇ ਉਦਾਸ ਸੰਦੇਸ਼।
ਕਿਸੇ ਬੰਦੇ ਨੇ ਮੈਨੂੰ ਸੇਈਰ (ਅਦੋਮ) ਤੋਂ ਬੁਲਾਇਆ।
ਉਸ ਨੇ ਆਖਿਆ, “ਪਹਿਰੇਦਾਰ, ਕਿੰਨੀ ਕੁ ਰਾਤ ਰਹਿੰਦੀ ਹੈ?
ਰਾਤ ਪੈਣ ਵਿੱਚ ਕਿੰਨੀ ਕੁ ਦੇਰ ਹੈ।”
12 ਪਹਿਰੇਦਾਰ ਨੇ ਉੱਤਰ ਦਿੱਤਾ,
“ਸਵੇਰ ਆ ਰਹੀ ਹੈ, ਪਰ ਫ਼ੇਰ ਦੁਬਾਰਾ ਰਾਤ ਵੀ ਆਵੇਗੀ।
ਜੇ ਤੁਸੀਂ ਕੁਝ ਪੁੱਛਣਾ ਹੈ,
ਤਾਂ ਮੁੜ ਕੇ ਆਉਣਾ ਤੇ ਪੁੱਛਣਾ।”
ਪਰਮੇਸ਼ੁਰ ਦਾ ਅਰਬ ਨੂੰ ਸੰਦੇਸ਼
13 ਅਰਬ ਬਾਰੇ ਉਦਾਸ ਸੰਦੇਸ਼।
ਦਦਾਨ ਦੇ ਇੱਕ ਕਾਰਵਾਨਾਂ ਨੇ,
ਅਰਬ ਮਾਰੂਬਲ ਵਿੱਚ ਕੁਝ ਰੁੱਖਾਂ ਹੇਠਾਂ ਰਾਤ ਗੁਜ਼ਾਰੀ।
14 ਪਿਆਸਿਆਂ ਨੂੰ ਪਾਣੀ ਦਿਓ ਤੇਮਾ ਦੇ ਲੋਕੋ
ਮੁਸਾਫ਼ਿਰਾਂ ਨੂੰ ਭੋਜਨ ਦਿਓ।
15 ਉਹ ਲੋਕ ਉਨ੍ਹਾਂ ਤਲਵਾਰਾਂ ਕੋਲੋਂ ਭੱਜ ਰਹੇ
ਸਨ ਜਿਹੜੀਆਂ ਕਤਲ ਕਰਨ ਲਈ ਤਿਆਰ ਸਨ।
ਉਹ ਉਨ੍ਹਾਂ ਕਮਾਨਾਂ ਕੋਲੋਂ ਭੱਜ ਰਹੇ
ਸਨ ਜਿਹੜੇ ਤੀਰ ਛੱਡਣ ਲਈ ਤਿਆਰ ਸਨ।
ਉਹ ਤੱਤੇ ਰਣ ਵਿੱਚੋਂ ਭੱਜ ਰਹੇ ਸਨ।
16 ਯਹੋਵਾਹ, ਮੇਰੇ ਮਾਲਿਕ ਨੇ ਮੈਨੂੰ ਦੱਸਿਆ ਕਿ ਇਹ ਗੱਲਾਂ ਵਾਪਰਨਗੀਆਂ। ਯਹੋਵਾਹ ਨੇ ਆਖਿਆ, “ਇੱਕ ਸਾਲ ਅੰਦਰ, ਜਿਵੇਂ ਕਿ ਕੋਈ ਭਾੜੇ ਦਾ ਸਹਾਇਕ ਸਮਾਂ ਗਿਣਦਾ ਹੈ। ਕੇਦਰ ਦੀ ਸਾਰੀ ਸ਼ਾਨ ਮੁੱਕ ਜਾਵੇਗੀ। 17 ਉਸ ਸਮੇਂ, ਸਿਰਫ਼ ਕੁਝ ਹੀ ਨਿਸ਼ਾਨਚੀ ਕੇਦਾਰ ਦੇ ਮਹਾਨ ਫ਼ੌਜੀ ਹੀ ਜਿਉਂਦੇ ਛੱਡੇ ਜਾਣਗੇ।” ਇਸਰਾਏਲ ਦੇ ਪਰਮੇਸ਼ੁਰ, ਯਹੋਵਾਹ ਨੇ ਮੈਨੂੰ ਇਹ ਗੱਲਾਂ ਦੱਸੀਆਂ।
ਪਰਮੇਸ਼ੁਰ ਦਾ ਯਰੂਸ਼ਲਮ ਨੂੰ ਸੰਦੇਸ਼
22 ਦਰਸ਼ਨ ਦੀ ਵਾਦੀ ਬਾਰੇ ਉਦਾਸ ਸੰਦੇਸ਼:
ਤੁਹਾਨੂੰ, ਲੋਕਾਂ ਨੂੰ ਕੀ ਤਕਲੀਫ਼ ਹੈ?
ਤੁਸੀਂ ਆਪਣੀਆਂ ਛੱਤਾਂ ਉੱਤੇ ਕਿਉਂ ਛੁਪ ਰਹੇ ਹੋ?
2 ਅਤੀਤ ਵਿੱਚ ਇਹ ਸ਼ਹਿਰ ਬਹੁਤ ਭੀੜ ਭੜਕੱੇ ਵਾਲਾ ਸੀ।
ਇਹ ਸ਼ਹਿਰ ਬਹੁਤ ਸ਼ੋਰੀਲਾ ਸੀ ਤੇ ਬਹੁਤ ਪ੍ਰਸੰਨ ਸੀ।
ਪਰ ਹੁਣ ਸਭ ਕੁਝ ਬਦਲ ਗਿਆ ਹੈ।
ਤੁਹਾਡੇ ਲੋਕ ਮਾਰੇ ਜਾ ਚੁੱਕੇ ਹਨ ਪਰ ਲੋਕ ਤਲਵਾਰਾਂ ਨਾਲ ਲੜਦਿਆਂ ਹੋਇਆਂ ਨਹੀਂ ਮਾਰੇ ਗਏ ਸਨ।
3 ਤੁਹਾਡੇ ਸਾਰੇ ਆਗੂ ਇਕੱਠੇ ਹੀ ਭੱਜ ਗਏ ਸਨ।
ਪਰ ਉਹ ਸਾਰੇ ਹੀ ਬਿਨਾ ਕਮਾਨਾਂ ਤੋਂ ਫ਼ੜ ਲੇ ਗਏ ਹਨ।
ਸਾਰੇ ਹੀ ਆਗੂ ਇਕੱਠੇ ਭੱਜ ਗਏ
ਸਨ ਪਰ ਉਹ ਫ਼ੜ ਲੇ ਗਏ ਸਨ।
4 ਇਸ ਲਈ ਮੈਂ ਆਖਦਾ ਹਾਂ, “ਮੇਰੇ ਵੱਲ ਨਾ ਵੇਖੋ!
ਮੈਨੂੰ ਰੋਣ ਦਿਓ!
ਯਰੂਸ਼ਲਮ ਦੀ ਤਬਾਹੀ ਬਾਰੇ
ਮੈਨੂੰ ਹੌਸਲਾ ਦੇਣ ਦੀ ਕਾਹਲੀ ਨਾ ਕਰੋ।”
5 ਯਹੋਵਾਹ ਨੇ ਇੱਕ ਖਾਸ ਦਿਨ ਚੁਣਿਆ ਹੈ। ਉਸ ਦਿਨ ਦੰਗੇ ਭੜਕਣਗੇ ਅਤੇ ਅਫ਼ਰਾਤਫ਼ਰੀ ਮੱਚੇਗੀ। ਗਿਆਨ ਦੀ ਵਾਦੀ [a] ਵਿੱਚ ਲੋਕ ਇੱਕ ਦੂਜੇ ਨੂੰ ਪੈਰਾਂ ਹੇਠਾਂ ਲਤਾੜਨਗੇ। ਸ਼ਹਿਰ ਦੀਆਂ ਕੰਧਾਂ ਢਾਹ ਦਿੱਤੀਆਂ ਜਾਣਗੀਆਂ। ਵਾਦੀ ਦੇ ਲੋਕ ਪਹਾੜੀ ਉਤਲੇ ਸ਼ਹਿਰ ਵਾਲਿਆਂ ਉੱਤੇ ਚੀਖ ਰਹੇ ਹੋਣਗੇ। 6 ਲਾਮ ਦੇ ਘੋੜਸਵਾਰ ਫ਼ੌਜੀ ਆਪਣੇ ਤੀਰਾਂ ਦੇ ਭੱਥੇ ਲੈ ਕੇ ਜੰਗ ਲਈ ਚੱਲ ਪੈਣਗੇ। ਕੀਰ ਦੇ ਲੋਕ ਆਪਣੀਆਂ ਢਾਲਾਂ ਨਾਲ ਸ਼ੋਰ ਮਚਾਉਣਗੇ। 7 ਤੁਹਾਡੀ ਖਾਸ ਵਾਦੀ ਵਿੱਚ ਫ਼ੌਜਾਂ ਦੀ ਮੁੱਠਭੇੜ ਹੋਵੇਗੀ। ਵਾਦੀ ਰੱਥਾਂ ਨਾਲ ਭਰ ਜਾਵੇਗੀ। ਘੋੜਸਵਾਰ ਫ਼ੌਜੀਆਂ ਨੂੰ ਸ਼ਹਿਰ ਦੇ ਦਰਵਾਜ਼ਿਆਂ ਉੱਤੇ ਤੈਨਾਤ ਕੀਤਾ ਜਾਵੇਗਾ। 8 ਉਸ ਸਮੇਂ, ਯਹੂਦਾਹ ਦੇ ਲੋਕ ਉਨ੍ਹਾਂ ਹਬਿਆਰਾਂ ਦੀ ਵਰਤੋਂ ਕਰਨਾ ਚਾਹੁਂਣਗੇ ਜਿਹੜੇ ਉਨ੍ਹਾਂ ਨੇ ਮਹਿਲ, ਜੰਗਲ ਦੇ ਘਰ ਵਿੱਚ ਰੱਖੇ ਹੋਏ ਸਨ, ਕਿਉਂ ਕਿ ਉਸ ਨੇ ਯਹੂਦਾਹ ਦੀ ਸੁਰੱਖਿਆ ਹ੍ਹਟਾ ਦਿੱਤੀ।
9-11 ਦਾਊਦ ਦੇ ਸ਼ਹਿਰ ਦੀਆਂ ਕੰਧਾਂ ਤਿੜਕਣੀਆਂ ਸ਼ੁਰੂ ਹੋ ਜਾਣਗੀਆਂ ਅਤੇ ਤੁਸੀਂ ਉਨ੍ਹਾਂ ਤ੍ਰੇੜਾਂ ਨੂੰ ਦੇਖ ਸੱਕੋਗੇ। ਇਸ ਲਈ, ਤੁਸੀਂ ਘਰਾਂ ਦੀ ਗਿਣਤੀ ਕਰੋਗੇ ਅਤੇ ਤੁਸੀਂ ਘਰਾਂ ਵਿੱਚੋਂ ਪੱਥਰ ਲੈ ਕੇ ਦੀਵਾਰਾਂ ਦੀ ਮੁਰੰਮਤ ਕਰਨ ਦੀ ਕੋਸ਼ਿਸ਼ ਕਰੋਗੇ। ਤੁਸੀਂ ਦੂਹਰੀਆਂ ਕੰਧਾਂ ਦੇ ਵਿੱਚਕਾਰ ਪੁਰਾਣੀ ਨਦੀ ਤੋਂ ਪਾਣੀ ਬਚਾਉਣ ਲਈ ਥਾਂ ਤਿਆਰ ਕਰੋਗੇ, ਅਤੇ ਪਾਣੀ ਨੂੰ ਬਚਾ ਲਵੋਗੇ।
ਅਜਿਹਾ ਤੁਸੀਂ ਆਪਣੇ-ਆਪ ਨੂੰ ਬਚਾਉਣ ਲਈ ਕਰੋਗੇ। ਪਰ ਤੁਸੀਂ ਉਸ ਇੱਕ ਉੱਤੇ ਭਰੋਸਾ ਨਹੀਂ ਕਰੋਗੇ ਜਿਸਨੇ ਇਹ ਸਾਰੀਆਂ ਚੀਜ਼ਾਂ ਬਣਾਈਆਂ। ਤੁਸੀਂ ਉਸ ਇੱਕ ਨੂੰ ਨਹੀਂ ਸਮਝੋਂਗੇ ਜਿਸਨੇ ਬਹੁਤ ਪਹਿਲਾਂ ਇਹ ਸਾਰੀਆਂ ਚੀਜ਼ਾਂ ਬਣਾਈਆਂ। 12 ਇਸ ਲਈ ਮੇਰੇ ਮਾਲਿਕ ਸਰਬ ਸ਼ਕਤੀਮਾਨ ਯਹੋਵਾਹ ਲੋਕਾਂ ਨੂੰ ਰੋਣ ਅਤੇ ਉਦਾਸ ਹੋਣ ਲਈ ਆਖੇਗਾ ਆਪਣੇ ਮਰੇ ਹੋਏ ਮਿੱਤਰਾਂ ਲਈ। ਲੋਕ ਆਪਣੇ ਸਿਰ ਮੁਨਾ ਦੇਣਗੇ ਅਤੇ ਉਦਾਸੀ ਦੇ ਵਸਤਰ ਪਾ ਲੈਣਗੇ। 13 ਪਰ ਦੇਖੋ! ਲੋਕ ਹੁਣ ਖੁਸ਼ ਹਨ। ਲੋਕ ਖੁਸ਼ੀ ਮਨਾ ਰਹੇ ਹਨ।
“ਲੋਕ ਪਸ਼ੂਆਂ ਅਤੇ ਭੇਡਾਂ ਨੂੰ ਮਾਰ ਰਹੇ ਹਨ,
ਉਹ ਇਹ ਆਖਦਿਆਂ ਹੋਇਆਂ ਮਾਸ ਖਾ ਰਹੇ ਹਨ
ਅਤੇ ਮੈਅ ਪੀ ਰਹੇ ਹਨ, ਆਪਾਂ ਖਾਈਏ ਪੀਈਏ
ਕਿਉਂ ਕਿ ਕੱਲ੍ਹ ਨੂੰ ਅਸਾਂ ਮਰ ਜਾਣਾ ਹੈ।”
14 ਸਰਬ ਸ਼ਕਤੀਮਾਨ ਯਹੋਵਾਹ ਨੇ ਮੈਨੂੰ ਇਹ ਗੱਲਾਂ ਆਖੀਆਂ ਤੇ ਮੈਂ ਆਪਣੇ ਕੰਨਾਂ ਨਾਲ ਇਨ੍ਹਾਂ ਨੂੰ ਸੁਣਿਆ: “ਤੁਸੀਂ ਗ਼ਲਤ ਗੱਲਾਂ ਕਰਨ ਦੇ ਦੋਸ਼ੀ ਹੋ। ਅਤੇ ਮੈਂ ਇਕਰਾਰ ਕਰਦਾ ਹਾਂ। ਤੁਸੀਂ ਇਸ ਦੇਸ਼ ਤੋਂ ਬਖਸ਼ੇ ਜਾਣ ਤੋਂ ਪਹਿਲਾਂ ਮਰ ਜਾਓਗੇ।” ਮੇਰੇ ਮਾਲਿਕ ਸਰਬ ਸ਼ਕਤੀਮਾਨ ਯਹੋਵਾਹ ਨੇ ਇਹ ਗੱਲਾਂ ਆਖੀਆਂ।
ਪਰਮੇਸ਼ੁਰ ਦਾ ਸ਼ਬਨਾ ਨੂੰ ਸੰਦੇਸ਼
15 ਮੇਰੇ ਪ੍ਰਭੂ ਸਰਬ ਸ਼ਕਤੀਮਾਨ ਯਹੋਵਾਹ ਨੇ ਮੈਨੂੰ ਇਹ ਗੱਲਾਂ ਆਖੀਆਂ: ਉਸ ਸੇਵਕ ਸ਼ਬਨਾ ਪਾਸ ਜਾਓ। ਉਹ ਸੇਵਕ ਮਹਿਲਾਂ ਦਾ ਪ੍ਰਬੰਧਕ ਹੈ। 16 ਉਸ ਸੇਵਕ ਨੂੰ ਪੁੱਛੋ, “ਤੂੰ ਇੱਥੇ ਕੀ ਕਰ ਰਿਹਾ ਹੈਂ? ਤੈਨੂੰ ਖੁਦ ਲਈ ਕਬਰ ਬਨਾਉਣ ਦੀ ਅਤੇ ਚੱਟਾਨ ਵਿੱਚ ਆਪਣੇ ਲਈ ਆਰਾਮ ਕਰਨ ਦੀ ਜਗ੍ਹਾ ਤਰਾਸ਼ਣ ਦੀ ਆਗਿਆ ਕਿਸਨੇ ਦਿੱਤੀ ਹੈ?
17-18 “ਬੰਦਿਆ, ਯਹੋਵਾਹ ਤੈਨੂੰ ਕੁਚਲ ਦੇਵੇਗਾ। ਯਹੋਵਾਹ ਤੇਰੀ ਇੱਕ ਛੋਟੀ ਜਿਹੀ ਗੇਂਦ ਬਣਾ ਦੇਵੇਗਾ ਅਤੇ ਤੈਨੂੰ ਦੂਰ ਕਿਸੇ ਹੋਰ ਦੇਸ਼ ਦੀਆਂ ਖੁਲ੍ਹੀਆਂ ਬਾਹਾਂ ਵਿੱਚ ਸੁੱਟ ਦੇਵੇਗਾ। ਅਤੇ ਓੱਥੇ ਤੂੰ ਮਰ ਜਾਵੇਂਗਾ।”
ਯਹੋਵਾਹ ਨੇ ਆਖਿਆ, “ਤੈਨੂੰ ਆਪਣੇ ਰੱਥਾਂ ਉੱਤੇ ਬਹੁਤ ਗੁਮਾਨ ਹੈ। ਪਰ ਉਸ ਦੂਰ ਦੁਰਾਡੇ ਦੇਸ਼ ਵਿੱਚ ਤੇਰੇ ਨਵੇਂ ਹਾਕਮ ਕੋਲ ਬਿਹਤਰ ਰਬ ਹੋਣਗੇ। ਅਤੇ ਤੇਰੇ ਰੱਥ ਉਸ ਦੇ ਮਹਿਲਾਂ ਅੰਦਰ ਮਹੱਤਵਪੂਰਣ ਨਹੀਂ ਲੱਗਣਗੇ। 19 ਮੈਂ ਤੈਨੂੰ ਤੇਰੇ ਇੱਥੋਂ ਦੇ ਮਹੱਤਵਪੂਰਣ ਕੰਮ ਤੋਂ ਧੱਕ ਕੇ ਬਾਹਰ ਕਰ ਦਿਆਂਗਾ। ਤੇਰਾ ਨਵਾਂ ਆਗੂ ਤੈਨੂੰ ਤੇਰੇ ਮਹੱਤਵਪੂਰਣ ਕੰਮ ਤੋਂ ਹਟਾ ਦੇਵੇਗਾ। 20 ਉਸ ਸਮੇਂ, ਮੈਂ ਆਪਣੇ ਸੇਵਕ ਹਿਲਕੀਆਹ ਦੇ ਪੁੱਤਰ ਅਲਯਾਕੀਮ ਨੂੰ ਬੁਲਾਵਾਂਗਾ। 21 ਮੈਂ ਤੇਰਾ ਚੋਲਾ ਲਾਹ ਕੇ ਉਸ ਸੇਵਕ ਦੇ ਉੱਤੇ ਪਹਿਨਾ ਦਿਆਂਗਾ। ਮੈਂ ਉਸ ਨੂੰ ਤੇਰਾ ਹਾਕਮ ਵਾਲਾ ਡੰਡਾ ਦੇ ਦੇਵਾਂਗਾ। ਮੈਂ ਉਸ ਨੂੰ ਤੇਰੇ ਵਾਲਾ ਮਹੱਤਵਪੂਰਣ ਕੰਮ ਦੇ ਦਿਆਂਗਾ। ਉਹ ਸੇਵਕ ਯਰੂਸ਼ਲਮ ਅਤੇ ਯਹੂਦਾਹ ਦੇ ਪਰਿਵਾਰ ਦੇ ਬੰਦਿਆਂ ਲਈ ਪਿਤਾ ਵਾਂਗ ਹੋਵੇਗਾ।
22 “ਮੈਂ ਉਸ ਬੰਦੇ ਦੇ ਗਲੇ ਵਿੱਚ ਦਾਊਦ ਦੇ ਘਰ ਦੀਆਂ ਕੁਂਜੀਆਂ ਪਾ ਦਿਆਂਗਾ। ਜੇ ਉਹ ਕੋਈ ਦਰਵਾਜ਼ਾ ਖੋਲ੍ਹੇਗਾ ਤਾਂ ਉਹ ਦਰਵਾਜ਼ਾ ਖੁਲ੍ਹਿਆ ਰਹੇਗਾ। ਕੋਈ ਬੰਦਾ ਵੀ ਉਸ ਨੂੰ ਬੰਦ ਨਹੀਂ ਕਰ ਸੱਕੇਗਾ। ਜੇ ਉਹ ਕਿਸੇ ਦਰਵਾਜ਼ੇ ਨੂੰ ਬੰਦ ਕਰ ਦੇਵੇਗਾ ਤਾਂ ਉਹ ਦਰਵਾਜ਼ਾ ਬੰਦ ਰਹੇਗਾ। ਕੋਈ ਬੰਦਾ ਉਸ ਨੂੰ ਖੋਲ੍ਹ ਨਹੀਂ ਸੱਕੇਗਾ। ਉਹ ਸੇਵਕ ਆਪਣੇ ਪਿਤਾ ਦੇ ਘਰ ਵਿੱਚਲੀ ਬਹੁਤ ਇੱਜ਼ਤ ਵਾਲੀ ਕੁਰਸੀ ਸਮਾਨ ਹੋਵੇਗਾ। 23 ਮੈਂ ਉਸ ਨੂੰ ਉਸ ਮਜ਼ਬੂਤ ਕਿੱਲ ਵਾਂਗ ਬਣਾ ਦਿਆਂਗਾ ਜਿਹੜੀ ਕਿਸੇ ਬਹੁਤ ਮਜ਼ਬੂਤ ਤਖਤੇ ਵਿੱਚ ਠੋਕੀ ਗਈ ਹੁੰਦੀ ਹੈ। 24 ਉਸ ਦੇ ਪਿਤਾ ਦੇ ਘਰ ਦੀਆਂ ਸਮੂਹ ਇੱਜ਼ਤ ਵਾਲੀਆਂ ਅਤੇ ਮਹੱਤਵਪੂਰਣ ਚੀਜ਼ਾਂ ਉਸ ਦੇ ਸਹਾਰੇ ਹੋਣਗੀਆਂ। ਸਾਰੇ ਬਾਲਗ਼ ਅਤੇ ਬੱਚੇ ਉਸ ਉੱਤੇ ਨਿਰਭਰ ਕਰਨਗੇ। ਉਹ ਲੋਕ, ਛੋਟੀਆਂ ਪਲੇਟਾਂ ਅਤੇ ਪਾਣੀਆਂ ਦੀਆਂ ਵੱਡੀਆਂ ਬੋਤਲਾਂ ਵਾਂਗ, ਉਸ ਉੱਪਰ ਟਿਕੇ ਹੋਣਗੇ।
25 “ਉਸ ਸਮੇਂ, ਉਹ ਕਿੱਲ (ਸ਼ਬਨਾ) ਜਿਹੜੀ ਹੁਣ ਬਹੁਤ ਮਜ਼ਬੂਤ ਤਖਤੇ ਵਿੱਚ ਠੁਕੀ ਹੋਈ ਹੈ, ਕਮਜ਼ੋਰ ਹੋ ਜਾਵੇਗੀ ਅਤੇ ਟੁੱਟ ਜਾਵੇਗੀ। ਉਹ ਕਿੱਲ ਧਰਤੀ ਉੱਤੇ ਡਿੱਗ ਪਵੇਗੀ ਅਤੇ ਉਸ ਕਿੱਲ ਨਾਲ ਲਟਕਦੀਆਂ ਸਾਰੀਆਂ ਚੀਜ਼ਾਂ ਤਬਾਹ ਹੋ ਜਾਣਗੀਆਂ। ਫ਼ੇਰ ਉਹ ਹਰ ਗੱਲ ਜਿਹੜੀ ਮੈਂ ਇਸ ਸੰਦੇਸ਼ ਵਿੱਚ ਆਖੀ ਹੈ, ਵਾਪਰੇਗੀ। ਉਹ ਗੱਲਾਂ ਵਾਪਰਨਗੀਆਂ ਕਿਉਂ ਕਿ ਉਹ ਯਹੋਵਾਹ ਨੇ ਆਖੀਆਂ ਹਨ।”
2010 by World Bible Translation Center