Beginning
27 ਕਲ ਬਾਰੇ ਫੜ੍ਹਾਂ ਨਾ ਮਾਰੋ। ਕੌਣ ਜਾਣਦਾ ਕਿ ਦਿਨ ਕੀ ਲਿਆਵੇਗਾ।
2 ਕਦੇ ਵੀ ਆਪਣੀ ਉਸਤਤ ਨਾ ਕਰੋ। ਹੋਰਨਾਂ ਨੂੰ ਅਜਿਹਾ ਕਰਨ ਦਿਓ।
3 ਪੱਥਰ ਭਾਰਾ ਹੁੰਦਾ ਹੈ ਅਤੇ ਰੇਤੇ ਨੂੰ ਚੁੱਕਣਾ ਔਖਾ ਹੁੰਦਾ ਹੈ। ਪਰ ਕਿਸੇ ਗੁਸੈਲੇ ਮੂਰਖ ਵੱਲੋਂ ਪੈਦਾ ਕੀਤੀ ਹੋਈ ਮੁਸੀਬਤ ਸਹਾਰਨੀ ਹੋਰ ਵੀ ਔਖੀ ਹੈ।
4 ਗੁੱਸਾ ਜਾਲਮ ਹੁੰਦਾ ਹੈ ਅਤੇ ਕ੍ਰੋਧ ਹੜ੍ਹ ਵਾਂਗ ਹੁੰਦਾ ਹੈ, ਪਰ ਈਰਖਾ ਅੱਗੇ ਕੌਣ ਖਲੋ ਸੱਕਦਾ ਹੈ।
5 ਲੁਕਵੇਂ ਪਿਆਰ ਕੀਤੇ ਜਾਣ ਨਾਲੋਂ ਤੁਹਾਨੂੰ ਮੂੰਹ ਤੇ ਝਿੜਕਿਆ ਜਾਣਾ ਬਿਹਤਰ ਹੈ।
6 ਹੋ ਸੱਕਦਾ ਦੋਸਤ ਤੁਹਾਨੂੰ ਨੁਕਸਾਨ ਪੁਚਾਉਣਾ ਚਾਹੁੰਦਾ ਹੋਵੇ, ਪਰ ਤੁਹਾਨੂੰ ਧੋਖਾ ਨਹੀਂ ਦੇਵੇਗਾ, ਜਿਹੜਾ ਵਿਅਕਤੀ ਤੁਹਾਡੀ ਚਾਪਲੂਸੀ ਕਰਦਾ ਹੋ ਸੱਕਦਾ ਤੁਹਾਨੂੰ ਪਿਆਰ ਨਾ ਕਰਦਾ ਹੋਵੇ।
7 ਜਦੋਂ ਤੁਹਾਡਾ ਢਿੱਡ ਭਰਿਆ ਹੁੰਦਾ ਤੁਸੀਂ ਸ਼ਹਿਦ ਖਾਣਾ ਵੀ ਪਸੰਦ ਨਹੀਂ ਕਰੋਂਗੇ ਪਰ ਕੌੜੀਆਂ ਚੀਜ਼ਾਂ ਵੀ ਸੁਆਦੀ ਲਗਦੀਆਂ ਹਨ ਜਦੋਂ ਤੁਸੀਂ ਭੁੱਖੇ ਹੁੰਦੇ ਹੋ।
8 ਜਿਹੜਾ ਬੰਦਾ ਆਪਣਾ ਘਰ ਛੱਡ ਦਿੰਦਾ ਅਤੇ ਇੱਧਰ-ਉਧੱਰ ਘੁੰਮਦਾ ਰਹਿੰਦਾ, ਉਹ ਚਿੜੀ ਵਰਗਾ ਹੈ ਜੋ ਆਪਣਾ ਆਲ੍ਹਣਾ ਤਿਆਗ ਦਿੰਦੀ ਹੈ।
9 ਅਤਰ ਅਤੇ ਖੁਸ਼ਬੂਦਾਰ ਧੂਫ਼ ਤੁਹਾਡੇ ਦਿਲ ਨੂੰ ਪ੍ਰਸੰਨ ਕਰਦੇ ਹਨ, ਪਰ ਦੋਸਤੀ ਦੀ ਮਿਠਾਸ ਸੱਚੀ ਸਲਾਹ ਤੋਂ ਉਤਪੰਨ ਹੁੰਦੀ ਹੈ।
10 ਆਪਣੇ ਅਤੇ ਆਪਣੇ ਪਿਤਾ ਦੇ ਮਿੱਤਰਾਂ ਨੂੰ ਕਦੇ ਨਾ ਵਿਸਾਰੋ। ਅਤੇ ਜੇ ਤੁਸੀਂ ਮੁਸੀਬਤ ਵਿੱਚ ਹੋ ਤਾਂ ਸਹਾਇਤਾ ਲਈ ਆਪਣੇ ਦੂਰ ਵੱਸਦੇ ਭਰਾ ਪਾਸ ਨਾ ਜਾਓ। ਹੱਥ ਜਿੰਨਾ ਦੂਰ ਗੁਆਂਢੀ, ਦੂਰ ਦੁਰਾਡੇ ਦੇ ਭਰਾ ਨਾਲੋਂ, ਬਿਹਤਰ ਹੈ।
11 ਮੇਰੇ ਬੇਟੇ, ਸਿਆਣੇ ਬਣੋ। ਇਸ ਨਾਲ ਮੈਨੂੰ ਖੁਸ਼ੀ ਮਿਲੇਗੀ। ਫ਼ੇਰ ਮੈਂ ਹਰ ਕਿਸੇ ਨੂੰ ਜਵਾਬ ਦੇ ਸੱਕਾਂਗਾ ਜੋ ਮੈਨੂੰ ਤਿਰਸੱਕਾਰਦਾ ਹੈ। ਮੈਂ ਉਪਯੁਕਤ ਜਵਾਬ ਦੇ ਸੱਕਦਾ ਹਾਂ।
12 ਇੱਕ ਸਿਆਣਾ ਆਦਮੀ ਮੁਸੀਬਤ ਨੂੰ ਵੇਖ ਕੇ ਇਸ ਤੋਂ ਪਰ੍ਹਾਂ ਹੋ ਜਾਂਦਾ, ਪਰ ਉਹ ਜਿਹੜੇ ਆਮ ਹੁੰਦੇ ਹਨ ਇਸਤੇ ਚੱਲ ਕੇ ਸੱਟ ਖਾਂਦੇ ਹਨ।
13 ਉਸ ਬੰਦੇ ਦਾ ਲਬਾਦਾ ਲੈ ਲਵੋ ਜੋ ਅਨਜਾਣੇ ਵਿਅਕਤੀ ਦੇ ਕਰਜੇ ਦੀ ਜਿੰਮੇਦਾਰੀ ਲੈਂਦਾ, ਪ੍ਰਪੱਕ ਕਰੋ ਕਿ ਤੁਸੀਂ ਉਸ ਵਿਅਕਤੀ ਤੋਂ ਕੁਝ ਗਿਰਵੀ ਰੱਖਵਾ ਲੈਂਦੇ ਹੋ ਜੋ ਅਨਜਾਣੀ ਔਰਤ ਦੀ ਜਿੰਮੇਦਾਰੀ ਚੁੱਕਦਾ।
14 ਜੇਕਰ ਕੋਈ ਸੁਵਖਤੇ ਹੀ ਉੱਚੀ-ਉੱਚੀ ਆਪਣੇ ਗੁਆਂਢੀ ਦੀ ਉਸਤਤ ਕਰਦਾ, ਇਹ ਉਸ ਲਈ ਇੰਝ ਕਰਾਰ ਦਿੱਤਾ ਜਾਵੇਗਾ ਜਿਵੇਂ ਉਹ ਉਸ ਨੂੰ ਸਰਾਪ ਰਿਹਾ ਹੋਵੇ।
15 ਉਹ ਪਤਨੀ ਜਿਹੜੀ ਹਮੇਸ਼ਾ ਲੜਾਈ ਝਗੜਾ ਕਰਨਾ ਪਸੰਦ ਕਰਦੀ ਹੈ ਉਸ ਪਾਣੀ ਵਰਗੀ ਹੈ ਜਿਹੜਾ ਬਰਸਾਤ ਦੇ ਦਿਨਾਂ ਵਿੱਚ ਟਪਕਣ ਤੋਂ ਨਹੀਂ ਹਟਦਾ। 16 ਉਸ ਨੂੰ ਰੋਕਣਾ ਓਨਾ ਹੀ ਔਖਾ ਜਿੰਨਾ ਹਵਾ ਨੂੰ ਵਗਣੋ ਰੋਕਣਾ ਜਾਂ ਤੇਲ ਨੂੰ ਹੱਥ ਵਿੱਚ ਫ਼ੜਨਾ।
17 ਲੋਕੀ ਲੋਹੇ ਦੀਆਂ ਛੜਾਂ ਨਾਲ ਚਾਕੂ ਤੇਜ਼ ਕਰਦੇ ਹਨ। ਇਸੇ ਤਰ੍ਹਾਂ ਲੋਕ ਇੱਕ ਦੂਸਰੇ ਕੋਲੋਂ ਸਿਖਦੇ ਹਨ, ਇੱਕ ਦੂਸਰੇ ਨੂੰ ਤੇਜ਼ ਕਰਦੇ ਹੋਏ।
18 ਜਿਹੜਾ ਬੰਦਾ ਅੰਜੀਰ ਦੇ ਰੁੱਖ ਦੀ ਦੇਖਭਾਲ ਕਰਦਾ ਹੈ ਉਹ ਉਸ ਦੇ ਫ਼ਲਾਂ ਨੂੰ ਵੀ ਮਾਣੇਗਾ। ਇਸੇ ਤਰ੍ਹਾਂ ਹੀ, ਜਿਹੜਾ ਬੰਦਾ ਆਪਣੇ ਸੁਆਮੀ ਦੀ ਕਾਮਨਾਵਾਂ ਨੂੰ ਸੁਰੱਖਿਤ ਕਰਦਾ ਹੈ, ਇੱਜ਼ਤ ਹਾਸਿਲ ਕਰੇਗਾ।
19 ਜਿਵੇਂ ਪਾਣੀ ਆਦਮੀ ਦੇ ਚਿਹਰੇ ਨੂੰ ਪ੍ਰਤਿਰੂਪ ਵਿਖਾਉਂਦਾ, ਇੰਝ ਹੀ ਦਿਲ ਆਦਮੀ ਦੇ ਚਰਿਤ੍ਰ ਨੂੰ ਪ੍ਰਤਿਰੂਪ ਵਿਖਾਉਂਦਾ ਹੈ।
20 ਲੋਕ ਤਾਂ ਬਸ ਕਬਰ ਵਰਗੇ ਹਨ। ਮੌਤ ਦਾ ਸਥਾਨ ਅਤੇ ਤਬਾਹੀ ਹਮੇਸ਼ਾ ਇਨ੍ਹਾਂ ਗੱਲਾਂ ਨੂੰ ਹੋਰ ਵੱਧੇਰੇ ਲੋਚਦੇ ਹਨ।
21 ਲੋਕੀ ਸੋਨੇ ਅਤੇ ਚਾਂਦੀ ਨੂੰ ਸ਼ੁੱਧ ਕਰਨ ਲਈ ਅੱਗ ਦੀ ਵਰਤੋਂ ਕਰਦੇ ਹਨ। ਇਸੇ ਤਰ੍ਹਾਂ ਬੰਦੇ ਦੀ ਪਰੱਖ ਲੋਕਾਂ ਵੱਲੋਂ ਮਿਲੀ ਉਸਤਤ ਨਾਲ ਹੁੰਦੀ ਹੈ।
22 ਤੁਸੀਂ ਕਿਸੇ ਮੂਰਖ ਨੂੰ ਪੀਹ ਸੱਕਦੇ ਹੋ, ਉਸ ਨੂੰ ਇੰਝ ਪੀਹ ਸੱਕਦੇ ਹੋ ਜਿਵੇਂ ਤੁਸੀਂ ਘੋਟਣੇ ਨਾਲ ਕਣਕ ਨੂੰ ਪੀਂਹਦੇ ਹੋ, ਪਰ ਤੁਸੀਂ ਉਸ ਵਿੱਚੋਂ ਉਸ ਦੀ ਮੂਰੱਖਤਾ ਕੱਢਣ ਵਿੱਚ ਸਫ਼ਲ ਨਹੀਂ ਹੋਵੋਂਗੇ।
23 ਪ੍ਰਪਕ ਕਰੋ ਕਿ ਤੁਸੀਂ ਆਪਣੀਆਂ ਭੇਡਾਂ ਦੀ ਹਾਲਤ ਬਾਰੇ ਜਾਣਦੇ ਹੋ, ਅਤੇ ਪਸ਼ੂਆ ਵੱਲ ਖਾਸ ਧਿਆਨ ਦਿਓ। 24 ਦੌਲਤ ਹਮੇਸ਼ਾ ਨਹੀਂ ਰਹਿੰਦੀ। ਇਸੇ ਤਰ੍ਹਾਂ ਹੀ ਤਾਜ ਇੱਕ ਪੀੜੀ ਤੋਂ ਅਗਲੀ ਪੀੜੀ ਤਾਈਂ ਨਹੀਂ ਜਾਂਦਾ। 25 ਜਦੋਂ ਤੁਸੀਂ ਸੁੱਕਾ ਘਾਹ ਇੱਕਤ੍ਰ ਕਰ ਲੈਂਦੇ ਹੋ ਅਤੇ ਤਦ ਤਾਜਾ ਘਾਹ ਪ੍ਰਗਟਦਾ ਹੈ ਅਤੇ ਤੁਸੀਂ ਫ਼ੇਰ ਤੋਂ ਪਹਾੜੀਆਂ ਤੋਂ ਘਾਹ ਇੱਕਤ੍ਰ ਕਰਦੇ ਹੋ। 26 ਫ਼ੇਰ ਤੁਹਾਡੇ ਲੇਲਿਆਂ ਦੀ ਉੱਨ ਤੁਹਾਨੂੰ ਕੱਪੜੇ ਪ੍ਰਦਾਨ ਕਰੇਗੀ ਅਤੇ ਤੁਸੀਂ ਬੱਕਰੀਆਂ ਵੇਚਕੇ ਜ਼ਮੀਨ ਖਰੀਦ ਸੱਕਦੇ ਹੋ। 27 ਤੁਹਾਡੇ ਅਤੇ ਤੁਹਾਡੇ ਪਰਿਵਾਰ ਲਈ ਪੀਣ ਵਾਸਤੇ ਬੱਕਰੀ ਦਾ ਕਾਫ਼ੀ ਦੁੱਧ ਹੋਵੇਗਾ। ਇਹ ਤੁਹਾਡੀਆਂ ਨੌਕਰਾਣੀਆਂ ਨੂੰ ਸਿਹਤਮੰਦ ਬਣਾਵੇਗਾ।
28 ਦੁਸ਼ਟ ਵਿਅਕਤੀ ਭੱਜ ਜਾਂਦੇ ਹਨ ਭਾਵੇਂ ਕੋਈ ਵੀ ਉਨ੍ਹਾਂ ਦੇ ਪਿੱਛੇ ਨਾ ਲੱਗਿਆ ਹੋਵੇ, ਪਰ ਧਰਮੀ ਲੋਕ ਸ਼ੇਰ ਵਾਂਗ ਹੌਸਲੇਮੰਦ ਹੁੰਦੇ ਹਨ।
2 ਜਦੋਂ ਦੇਸ਼ ਵਿੱਚ ਕਾਨੂੰਨ ਹੀਣ ਹੋ ਜਾਵੇ, ਇਸ ਦੇ ਸ਼ਾਸ਼ਕ ਬਹੁਤ ਜਲਦੀ ਬਦਲ ਜਾਂਦੇ ਹਨ। ਪਰ ਜਿਹੜਾ ਵਿਅਕਤੀ ਜੋ ਗੱਲਾਂ ਨੂੰ ਸਮਝਦਾ ਅਤੇ ਸੂਝਵਾਨ ਹੁੰਦਾ, ਇੱਕ ਅੱਡੋਲ ਸਰਕਾਰ ਦੀ ਅਗਵਾਈ ਕਰਦਾ ਹੈ।
3 ਜਿਹੜਾ ਗਰੀਬ ਲੋਕਾਂ ਤੇ ਜ਼ੁਲਮ ਕਰਦਾ, ਉਸ ਸਖਤ ਬਾਰਿਸ਼ ਵਰਗਾ ਹੈ ਜਿਹੜੀ ਫ਼ਸਲਾਂ ਨੂੰ ਤਬਾਹ ਕਰ ਦਿੰਦੀ ਹੈ।
4 ਜਿਹੜੇ ਲੋਕ ਬਿਵਸਥਾ ਨੂੰ ਪ੍ਰਵਾਨ ਨਹੀਂ ਕਰਦੇ, ਬਦ ਲੋਕਾਂ ਦੀ ਉਸਤਤ ਕਰਦੇ ਹਨ ਪਰ ਜਿਹੜੇ ਬਿਵਸਥਾ ਨੂੰ ਰੱਖਦੇ ਹਨ ਉਨ੍ਹਾਂ ਤੇ ਜ਼ੁਲਮ ਕਰਦੇ ਹਨ।
5 ਬੁਰੇ ਬੰਦੇ ਨਿਰਪੱਖਤਾ ਨੂੰ ਨਹੀਂ ਸਮਝਦੇ। ਪਰ ਜਿਹੜੇ ਬੰਦੇ ਯਹੋਵਾਹ ਨੂੰ ਪਿਆਰ ਕਰਦੇ ਹਨ ਉਹ ਇਸ ਨੂੰ ਸਮਝਦੇ ਹਨ।
6 ਜਿਹੜਾ ਗਰੀਬ, ਇਮਾਨਦਾਰੀ ਨਾਲ ਜਿਉਂਦਾ ਹੈ ਉਸ ਅਮੀਰ ਆਦਮੀ ਨਾਲੋਂ ਬਿਹਤਰ ਹੈ ਜਿਸਦੇ ਰਾਹ ਟੇਢੇ-ਮੇਢੇ ਹੁੰਦੇ ਹਨ।
7 ਸੂਝਵਾਨ ਪੁੱਤਰ ਨੇਮ ਤੇ ਚੱਲਦਾ ਹੈ ਪਰ ਉਹ ਜਿਹੜਾ ਬੇਕਾਰ ਲੋਕਾਂ ਦਾ ਸੰਗ ਕਰਦਾ, ਆਪਣੇ ਪਿਉ ਨੂੰ ਬੇਇੱਜ਼ਤ ਕਰਦਾ ਹੈ।
8 ਜੇ ਤੁਸੀਂ ਗਰੀਬ ਲੋਕਾਂ ਨਾਲ ਧੋਖਾ ਕਰਕੇ ਅਮੀਰ ਹੁੰਦੇ ਹੋ ਅਤੇ ਉਨ੍ਹਾਂ ਪਾਸੋਂ ਵਿਆਜ ਦੀ ਉੱਚੀ ਦਰ ਵਸੂਲ ਕਰਦੇ ਹੋ ਤਾਂ ਤੁਸੀਂ ਆਪਣੀ ਦੌਲਤ ਗੁਆ ਬੈਠੋਗੇ। ਇਹ ਉਸ ਦੂਸਰੇ ਬੰਦੇ ਕੋਲ ਚਲੀ ਜਾਵੇਗੀ ਜਿਹੜਾ ਉਨ੍ਹਾਂ ਉੱਤੇ ਮਿਹਰਬਾਨ ਹੁੰਦਾ ਹੈ।
9 ਜਿਹੜਾ ਵਿਅਕਤੀ ਨੇਮ ਤੋਂ ਹਟ ਜਾਂਦਾ, ਉਸ ਦੀਆਂ ਪ੍ਰਾਰਥਾਨਵਾਂ ਵੀ ਪਰਮੇਸ਼ੁਰ ਲਈ ਘ੍ਰਿਣਿਤ ਹਨ।
10 ਜਿਹੜਾ ਵਿਅਕਤੀ ਇਮਾਨਦਾਰ ਲੋਕਾਂ ਨੂੰ ਕੁਰਾਹੇ ਪਾਉਂਦਾ ਹੈ ਆਪਣੇ ਹੀ ਜਾਲ ਵਿੱਚ ਫ਼ਸ ਜਾਂਦਾ ਹੈ। ਪਰ ਜਿਸ ਵਿਅਕਤੀ ਵਿੱਚ ਕੋਈ ਦੋਸ਼ ਨਹੀਂ, ਚੰਗਾ ਵਿਰਸਾ ਪ੍ਰਾਪਤ ਕਰੇਗਾ।
11 ਅਮੀਰ ਆਦਮੀ ਆਪਣੀ ਨਿਗਾਹ ਵਿੱਚ ਸਿਆਣਾ ਹੋ ਸੱਕਦਾ, ਪਰ ਗਰੀਬ ਜੋ ਕਿ ਸਿਆਣਾ ਹੋਵੇ ਸਿੱਧਾ ਉਸ ਰਾਹੀਂ ਵੇਖ ਸੱਕਦਾ ਹੈ।
12 ਜਦੋਂ ਧਰਮੀ ਲੋਕ ਜਿੱਤਦੇ ਹਨ ਤਾਂ ਹਰ ਕੋਈ ਪ੍ਰਸੰਨ ਹੁੰਦਾ ਹੈ। ਪਰ ਜਦੋਂ ਦੁਸ਼ਟ ਲੋਕਾਂ ਨੂੰ ਸ਼ਕਤੀ ਮਿਲਦੀ ਹੈ ਹਰ ਕੋਈ ਛੁਪਣਗਾਹਾਂ ਵਿੱਚ ਚੱਲਿਆ ਜਾਂਦਾ ਹੈ।
13 ਜਿਹੜਾ ਬੰਦਾ ਆਪਣੇ ਪਾਪਾਂ ਨੂੰ ਛੁਪਾਉਣ ਦੀ ਕੋਸ਼ਿਸ਼ ਕਰੇ, ਉੱਨਤੀ ਨਹੀਂ ਕਰਦਾ, ਪਰ ਜਿਹੜਾ ਆਪਣੇ ਪਾਪਾਂ ਨੂੰ ਕਬੂਲਦਾ ਅਤੇ ਤਿਆਗਦਾ ਹੈ ਮਿਹਰ ਪ੍ਰਾਪਤ ਕਰਦਾ ਹੈ।
14 ਜਿਹੜਾ ਵਿਅਕਤੀ ਹਮੇਸ਼ਾ ਇੱਜਤਦਾਰ ਰਹਿੰਦਾ ਹੈ ਧੰਨ ਹੈ, ਪਰ ਜਿਹੜਾ ਵਿਅਕਤੀ ਆਪਣੇ ਦਿਲ ਨੂੰ ਕਠੋਰ ਬਣਾ ਲੈਂਦਾ ਮੁਸੀਬਤਾਂ ਦਾ ਸਾਹਮਣਾ ਕਰਦਾ।
15 ਇੱਕ ਦੁਸ਼ਟ ਵਿਅਕਤੀ ਦਾ ਗਰੀਬ ਕੌਮ ਤੇ ਰਾਜ ਕਰਨਾ, ਗਰਜਦੇ ਸ਼ੇਰ ਜਾਂ ਹਮਲਾ ਕਰਨ ਵਾਲੇ ਰਿੱਛ ਵਾਂਗ ਹੁੰਦਾ ਹੈ।
16 ਜਿਸ ਸ਼ਾਸਕ ਕੋਲ ਸਮਝਦਾਰੀ ਨਹੀਂ ਹੁੰਦੀ ਉਹ ਅੱਤਿਆਚਰੀ ਹੁੰਦਾ ਹੈ, ਪਰ ਜਿਹੜਾ ਸ਼ਾਸਕ ਦੌਲਤ ਬਦ-ਕਰਮਾਂ ਰਾਹੀ ਕਮਾਈ ਨੂੰ ਨਫ਼ਰਤ ਕਰਦਾ ਹੈ, ਬਹੁਤ ਚਿਰ ਸ਼ਾਸਨ ਕਰਦਾ ਹੈ।
17 ਜਿਹੜਾ ਵਿਅਕਤੀ, ਕਤਲ ਕਰਨ ਕਾਰਣ ਕਸ਼ਟ ਝੱਲਦਾ ਹੈ ਮਰਨ ਤੀਕ ਸ਼ਾਂਤੀ ਪ੍ਰਾਪਤ ਨਹੀਂ ਕਰੇਗਾ। ਅਜਿਹੇ ਵਿਅਕਤੀ ਦੀ ਮਦਦ ਨਾ ਕਰੋ।
18 ਜਿਹੜਾ ਵਿਅਕਤੀ ਇਮਾਨਦਾਰੀ ਨਾਲ ਜਿਉਂਦਾ ਹੈ ਉਹ ਸੁਰੱਖਿਅਤ ਹੈ। ਪਰ ਜਿਨ੍ਹਾਂ ਲੋਕਾਂ ਦੇ ਰਾਹ ਟੇਢੇ-ਮੇਢੇ ਹੁੰਦੇ ਹਨ ਉਹ ਅਚਾਨਕ ਡਿੱਗ ਪੈਣਗੇ।
19 ਜਿਹੜਾ ਵਿਅਕਤੀ ਆਪਣੀ ਜ਼ਮੀਨ ਤੇ ਕੰਮ ਕਰੇ ਆਪਣੀ ਮਜ਼ਦੂਰੀ ਦਾ ਫਲ ਪ੍ਰਾਪਤ ਕਰੇਗਾ, ਪਰ ਜਿਹੜਾ ਵਿਅਕਤੀ ਵਿਅਰਥ ਸੱਕੀਮਾਂ ਪਿੱਛੇ ਭੱਜੇ ਉਹ ਗਰੀਬ ਹੀ ਰਹੇਗਾ।
20 ਇੱਕ ਇਮਾਨਦਾਰ ਆਦਮੀ ਸੱਚਮੁੱਚ ਧੰਨ ਹੈ, ਪਰ ਜਿਹੜਾ ਅਮੀਰ ਬਨਣ ਲਈ ਬਹੁਤ ਜਲਦੀ ਕਰੇ, ਸਜ਼ਾ ਤੋਂ ਬਚ ਨਹੀਂ ਪਾਵੇਗਾ।
21 ਪੱਖਪਾਤ ਕਰਨਾ ਚੰਗੀ ਗੱਲ ਨਹੀਂ, ਪਰ ਰੋਟੀ ਦੇ ਇੱਕ ਟੁਕੜੇ ਖਾਤਰ ਆਦਮੀ ਉਹ ਕਰੇਗਾ ਜੋ ਗ਼ਲਤ ਹੈ।
22 ਇੱਕ ਕਿਰਸੀ ਹਮੇਸ਼ਾ ਦੌਲਤ ਸਮੇਟਣ ਬਾਰੇ ਸੋਚਦਾ, ਪਰ ਇਹ ਨਹੀਂ ਜਾਣਦਾ ਕਿ ਗਰੀਬੀ ਉਸਦਾ ਇੰਤਜ਼ਾਰ ਕਰ ਰਹੀ ਹੈ।
23 ਜਿਹੜਾ ਵਿਅਕਤੀ ਦੂਸਰੇ ਨੂੰ ਝਿੜਕਦਾ ਹੈ ਉਸ ਨੂੰ ਉਸ ਨਾਲੋਂ ਵੱਧੇਰੇ ਪਿਆਰ ਕੀਤਾ ਜਾਵੇਗਾ ਜੋ ਉਸ ਲਈ ਉੱਕੀਆਂ ਫੜ੍ਹਾਂ ਮਾਰਦਾ ਹੈ।
24 ਉਹ ਜੋ ਆਪਣੇ ਮਾਪਿਆਂ ਤੋਂ ਵੀ ਚੁਰਾਉਂਦਾ ਅਤੇ ਆਖਦਾ, “ਇਸ ਵਿੱਚ ਕੁਝ ਵੀ ਗ਼ਲਤ ਨਹੀਂ!” ਉਸ ਵਿਅਕਤੀ ਦਾ ਸਾਂਝੀਦਾਰ ਹੁੰਦਾ ਹੈ ਜੋ ਤਬਾਹੀ ਦਾ ਕਾਰਣ ਬਣਦਾ ਹੈ।
25 ਲਾਲਚੀ ਆਦਮੀ ਦਲੀਲਬਾਜ਼ੀ ਕਰਦਾ ਹੈ ਪਰ ਜਿਹੜਾ ਬੰਦਾ ਯਹੋਵਾਹ ਉੱਤੇ ਭਰੋਸਾ ਰੱਖਣਾ, ਉੱਨਤੀ ਕਰੇਗਾ।
26 ਜਿਹੜਾ ਆਦਮੀ ਆਪਣੇ-ਆਪ ਵਿੱਚ ਭਰੋਸਾ ਰੱਖਦਾ ਹੈ ਮੂਰਖ ਹੈ, ਪਰ ਜਿਹੜਾ ਆਦਮੀ ਸਿਆਣਪਤਾ ਅਨੁਸਾਰ ਰਹਿੰਦਾ ਹੈ, ਸੁਰੱਖਿਅਤ ਹੈ।
27 ਜੇ ਕੋਈ ਬੰਦਾ ਗਰੀਬਾਂ ਨੂੰ ਦਾਨ ਦਿੰਦਾ ਹੈ ਤਾਂ ਉਹ ਆਪਣੀ ਜ਼ਰੂਰਤ ਦੀ ਹਰ ਚੀਜ਼ ਪ੍ਰਾਪਤ ਕਰ ਲਵੇਗਾ। ਪਰ ਜੇ ਕੋਈ ਬੰਦਾ ਗਰੀਬਾਂ ਦੀ ਸਹਾਇਤਾ ਕਰਨ ਤੋਂ ਇਨਕਾਰ ਕਰਦਾ ਹੈ, ਤਾਂ ਉਸ ਨੂੰ ਬਹੁਤ ਮੁਸੀਬਤਾਂ ਮਿਲਣਗੀਆਂ।
28 ਜਦੋਂ ਦੁਸ਼ਟ ਲੋਕ ਸ਼ਕਤੀ ਵਿੱਚ ਆਉਂਦੇ ਹਨ, ਲੋਕੀਂ ਖੁਦ ਨੂੰ ਛੁਪਾ ਲੈਂਦੇ ਹਨ, ਪਰ ਜਦੋਂ ਉਹ ਤਬਾਹ ਹੋ ਜਾਂਦੇ ਹਨ, ਉਦੋਂ ਧਰਮੀ ਲੋਕ ਉੱਨਤੀ ਕਰਦੇ ਹਨ।
29 ਇੱਕ ਜ਼ਿੱਦੀ ਵਿਅਕਤੀ ਜਿਹੜਾ ਝਿੜਕ ਤੋਂ ਨਹੀਂ ਸਿੱਖਦਾ ਅਚਾਨਕ ਹੀ ਤਬਾਹ ਕਰ ਦਿੱਤਾ ਜਾਵੇਗਾ। ਉਸ ਨੂੰ ਕੋਈ ਵੀ ਨਹੀਂ ਬਚਾ ਸੱਕਦਾ।
2 ਜਦੋਂ ਧਰਮੀ ਲੋਕ ਤਰੱਕੀ ਕਰਦੇ ਹਨ, ਲੋਕ ਖੁਸ਼ ਹੁੰਦੇ ਹਨ, ਪਰ ਉਦੋਂ ਹੌਂਕੇ ਭਰਦੇ ਹਨ ਜਦੋਂ ਕੋਈ ਦੁਸ਼ਟ ਆਦਮੀ ਰਾਜਾ ਬਣ ਜਾਂਦਾ ਹੈ।
3 ਜਿਹੜਾ ਵਿਅਕਤੀ ਸਿਆਣਪ ਨੂੰ ਪਿਆਰ ਕਰਦਾ, ਉਹ ਆਪਣੇ ਪਿਤਾ ਨੂੰ ਖੁਸ਼ ਕਰਦਾ ਹੈ, ਪਰ ਜਿਹੜਾ ਵਿਅਕਤੀ ਵੇਸਵਾਵਾਂ ਦਾ ਸੰਗ ਕਰਦਾ ਹੈ, ਉਹ ਆਪਣੀ ਦੌਲਤ ਗੁਆ ਲੈਂਦਾ ਹੈ।
4 ਜਿਹੜਾ ਰਾਜਾ ਨਿਆਂਈ ਹੋਕੇ ਸ਼ਾਸਨ ਕਰਦਾ ਹੈ ਉਹ ਆਪਣੇ ਦੇਸ ਨੂੰ ਮਜ਼ਬੂਤ ਬਣਾ ਲੈਂਦਾ ਹੈ, ਪਰ ਜਿਹੜਾ ਕੋਈ ਰਿਸ਼ਵਤ ਲੈਂਦਾ ਹੈ ਇਸ ਨੂੰ ਢਾਹ ਦਿੰਦਾ।
5 ਜਿਹੜਾ ਵਿਅਕਤੀ ਆਪਣੇ ਗੁਆਂਢੀ ਦੀ ਚਾਪਲੂਸੀ ਕਰਦਾ ਹੈ, ਆਪਣੇ ਹੀ ਪੈਰਾਂ ਲਈ ਜਾਲ ਫ਼ੈਲਾਉਂਦਾ ਹੈ।
6 ਇੱਕ ਬਦ ਇਨਸਾਨ ਆਪਣੇ ਖੁਦ ਦੇ ਪਾਪ ਵਿੱਚ ਹੀ ਫ਼ਸ ਜਾਂਦਾ ਹੈ ਪਰ ਇੱਕ ਨੇਕ ਇਨਸਾਨ ਗਾਉਂਦਾ ਅਤੇ ਖੁਸ਼ ਰਹਿੰਦਾ ਹੈ।
7 ਧਰਮੀ ਵਿਅਕਤੀ ਜਾਣਦਾ ਹੈ ਕਿ ਗਰੀਬ ਲਈ ਨਿਆਂ ਨੂੰ ਕਿਵੇਂ ਸਿਰੇ ਚੜ੍ਹਾਉਣਾ, ਪਰ ਦੁਸ਼ਟ ਇਨਸਾਨ ਅਗਿਆਨੀ ਹੁੰਦੇ ਹਨ।
8 ਮਖੌਲੀ ਨਗਰ ਵਿੱਚ ਦੰਗਾ-ਫ਼ਸਾਦ ਕਰਦੇ ਹਨ, ਪਰ ਸਿਆਣਾ ਵਿਅਕਤੀ ਸ਼ਾਂਤੀ ਨੂੰ ਪੁਨਰ ਸਥਾਪਿਤ ਕਰਦਾ ਹੈ।
9 ਸਿਆਣਾ ਆਦਮੀ ਮੂਰਖ ਨੂੰ ਕਚਿਹਰੀ ’ਚ ਲੈ ਜਾਂਦਾ ਹੈ, ਪਰ ਮੂਰਖ ਤੈਸ਼ ’ਚ ਆ ਜਾਂਦਾ ਅਤੇ ਮਜ਼ਾਕ ਉਡਾਉਂਦਾ ਅਤੇ ਸਿਆਣੇ ਆਦਮੀ ਨੂੰ ਸੰਤੁਸ਼ਟੀ ਨਹੀਂ ਮਿਲਦੀ।
10 ਕਾਤਲ ਨਿਰਦੋਸ਼ ਲੋਕਾਂ ਨੂੰ ਨਫ਼ਰਤ ਕਰਦੇ ਹਨ ਅਤੇ ਉਨ੍ਹਾਂ ਨੂੰ ਮਾਰਨ ਦੀ ਕੋਸ਼ਿਸ਼ ਕਰਦੇ ਹਨ ਜੋ ਇਮਾਨਦਾਰ ਹੁੰਦੇ ਹਨ।
11 ਇੱਕ ਮੂਰਖ ਬੰਦਾ ਛੇਤੀ ਗੁੱਸੇ ਵਿੱਚ ਆ ਜਾਂਦਾ ਹੈ। ਪਰ ਸਿਆਣਾ ਬੰਦਾ ਧੀਰਜਵਾਨ ਹੁੰਦਾ ਹੈ ਅਤੇ ਆਪਣੇ-ਆਪ ਤੇ ਕਾਬੂ ਰੱਖਦਾ ਹੈ।
12 ਜੇ ਕੋਈ ਹਾਕਮ ਝੂਠ ਸੁਣਦਾ ਹੈ, ਤਾਂ ਉਸ ਦੇ ਸਾਰੇ ਅਧਿਕਾਰੀ ਬੁਰੇ ਹੋਣਗੇ।
13 ਗਰੀਬ ਵਿਅਕਤੀ ਅਤੇ ਸਤਾਉਣ ਵਾਲਾ ਵਿਅਕਤੀ ਦੋਵਾਂ ਵਿੱਚ ਇੱਕ ਗੱਲ ਸਾਂਝੀ ਹੈ: ਯਹੋਵਾਹ ਦੋਹਾਂ ਨੂੰ ਜੀਵਨ ਦਿੰਦਾ ਹੈ।
14 ਜੇ ਕੋਈ ਰਾਜਾ ਗਰੀਬਾਂ ਨਾਲ ਨਿਆਂ ਕਰਦਾ ਹੈ ਤਾਂ ਉਹ ਦੇਰ ਤੱਕ ਰਾਜ ਕਰੇਗਾ।
15 ਬੈਤ ਅਤੇ ਝਿੜਕ ਸਿਆਣਪ ਪ੍ਰਦਾਨ ਕਰਦੇ ਹਨ, ਪਰ ਆਪ ਮੁਹਾਰਾ ਛੱਡਿਆ ਬੱਚਾ ਆਪਣੀ ਮਾਂ ਲਈ ਸ਼ਰਮਸਾਰੀ ਲਿਆਉਂਦਾ ਹੈ ।
16 ਜਦੋਂ ਦੁਸ਼ਟ ਲੋਕ ਉੱਨਤੀ ਕਰਦੇ ਹਨ, ਪਾਪ ਵੱਧ ਜਾਂਦਾ ਹੈ ਪਰ ਧਰਮੀ ਲੋਕ ਉਨ੍ਹਾਂ ਦਾ ਪਤਨ ਹੁੰਦਾ ਵੇਖਣਗੇ।
17 ਆਪਣੇ ਪੁੱਤਰ ਨੂੰ ਅਨੁਸ਼ਾਸਿਤ ਕਰੋ, ਅਤੇ ਉਹ ਤੁਹਾਡੇ ਲਈ ਸ਼ਾਂਤੀ ਲਿਆਵੇਗਾ ਉਹ ਤੁਹਾਡੇ ਲਈ ਪ੍ਰਸੰਨਤਾ ਦਾ ਸਰੋਤ ਹੋਵੇਗਾ।
18 ਜਦੋਂ ਕੋਈ ਦਿਸਾ ਦਿਸਦੀ ਨਹੀਂ ਹੁੰਦੀ, ਲੋਕ ਜੰਗਲੀਆਂ ਵਾਂਗ ਭੱਜਦੇ ਹਨ, ਪਰ ਉਹ ਜਿਹੜੇ ਬਿਵਸਥਾ ਰੱਖਦੇ ਹਨ ਧੰਨ ਹੋਣਗੇ।
19 ਜੇ ਤੁਸੀਂ ਉਸ ਨਾਲ ਸਿਰਫ਼ ਗੱਲਾਂ ਹੀ ਕਰੋਂਗੇ ਤਾਂ ਨੌਕਰ ਕਦੇ ਸਬਕ ਨਹੀਂ ਸਿਖੇਗਾ। ਉਹ ਤੁਹਾਡੇ ਸ਼ਬਦਾਂ ਨੂੰ ਸਮਝ ਸੱਕਦਾ ਹੈ ਪਰ ਉਹ ਮੰਨੇਗਾ ਨਹੀਂ।
20 ਕੀ ਤੁਸੀਂ ਕਿਸੇ ਨੂੰ, ਜਾਣਦੇ ਹੋ ਕਿ ਜਿਹੜਾ ਬਿਨਾਂ ਸੋਚਿਆਂ ਬੋਲਦਾ ਹੈ? ਉਸ ਨਾਲੋਂ ਇੱਕ ਮੂਰਖ ਲਈ ਵੱਧੇਰੇ ਉਮੀਦ ਹੁੰਦੀ ਹੈ।
21 ਜੇਕਰ ਤੁਸੀਂ ਬਚਪਨ ਤੋਂ ਹੀ ਆਪਣੇ ਨੌਕਰ ਨੂੰ ਬਹੁਤ ਲਾਡ-ਪਿਆਰ ਕਰਦੇ ਹੋ, ਤਾਂ ਅਖੀਰ ਵਿੱਚ ਉਹ ਜਿੱਦੀ ਬਣ ਜਾਵੇਗਾ।
22 ਇੱਕ ਜਲਦੀ ਗੁੱਸੇ ਹੋਣ ਵਾਲਾ ਵਿਅਕਤੀ ਦਲੀਲਬਾਜ਼ੀ ਸ਼ੁਰੂ ਕਰਦਾ ਹੈ। ਅਤੇ ਉਹ ਬੰਦਾ ਜਿਹੜਾ ਛੇਤੀ ਗੁੱਸੇ ਵਿੱਚ ਆ ਜਾਂਦਾ ਹੈ ਉਹ ਕਈ ਪਾਪ ਕਰ ਲੈਂਦਾ ਹੈ।
23 ਘਮੰਡ ਵਿਅਕਤੀ ਨੂੰ ਉਸ ਦੀ ਬੁਨਿਆਦ ਤੋਂ ਹੇਠਾਂ ਲੈ ਆਉਂਦਾ, ਪਰ ਇੱਕ ਨਿਮਾਣਾ ਵਿਅਕਤੀ ਇੱਜ਼ਤ ਹਾਸਲ ਕਰਦਾ ਹੈ।
24 ਦੋ ਚਾਰ ਜਿਹੜੇ ਮਿਲਕੇ ਚੱਲਦੇ ਹਨ ਉਹ ਇੱਕ ਦੂਸਰੇ ਦੇ ਦੁਸ਼ਮਣ ਹੁੰਦੇ ਹਨ। ਇੱਕ ਚੋਰ ਦੂਜੇ ਚੋਰ ਨੂੰ ਧਮਕਾਏਗਾ, ਇਸ ਲਈ ਜੇ ਉਸ ਨੂੰ ਕਚਿਹਰੀ ਵਿੱਚ ਸੱਚ ਬੋਲਣ ਲਈ ਮਜ਼ਬੂਰ ਕੀਤਾ ਜਾਵੇਗਾ ਤਾਂ ਉਹ ਡਰ ਦਾ ਮਾਰਿਆ ਬੋਲ ਨਹੀਂ ਸੱਕੇਗਾ।
25 ਡਰ ਇਨਸਾਨ ਲਈ ਇੱਕ ਫ਼ੰਧੇ ਵਾਂਗ ਬਣ ਸੱਕਦਾ ਹੈ। ਪਰ ਜਿਹੜਾ ਇਨਸਾਨ ਯਹੋਵਾਹ ਵਿੱਚ ਭਰੋਸਾ ਰੱਖਦਾ ਸੁਰੱਖਿਅਤ ਰਹੇਗਾ।
26 ਬਹੁਤ ਸਾਰੇ ਲੋਕ ਸ਼ਾਸਕ ਤੋਂ ਨਿਆਂ ਲੋਚਦੇ ਹਨ। ਪਰ ਆਦਮੀ ਯਹੋਵਾਹ ਤੋਂ ਹੀ ਨਿਆਂ ਪ੍ਰਾਪਤ ਕਰ ਸੱਕਦਾ ਹੈ।
27 ਧਰਮੀ ਲੋਕ ਝੂਠਿਆਂ ਨੂੰ ਨਫ਼ਰਤ ਕਰਦੇ ਹਨ, ਅਤੇ ਦੁਸ਼ਟ ਇਨਸਾਨ ਉਨ੍ਹਾਂ ਨੂੰ ਨਫ਼ਰਤ ਕਰਦੇ ਹਨ ਜਿਹੜੇ ਇਮਾਨਦਾਰ ਹੋਕੇ ਜਿਉਂਦੇ ਹਨ।
2010 by World Bible Translation Center