Print Page Options
Previous Prev Day Next DayNext

Beginning

Read the Bible from start to finish, from Genesis to Revelation.
Duration: 365 days
Punjabi Bible: Easy-to-Read Version (ERV-PA)
Version
ਕਹਾਉਤਾਂ 19-21

19 ਜਿਹੜਾ ਗਰੀਬ ਨਿਰਦੋਸ਼ ਹੈ ਉਸ ਮੂਰਖ ਨਾਲੋਂ ਬਿਹਤਰ ਹੈ ਜੋ ਦੁਸ਼ਟ ਗੱਲਾਂ ਕਰਦਾ ਹੈ।

ਗਿਆਨ ਤੋਂ ਬਿਨਾ ਇੱਛਾ ਕਾਫ਼ੀ ਨਹੀਂ ਅਤੇ ਜਿਹੜਾ ਵਿਅਕਤੀ ਤੇਜ਼ੀ ਵਿੱਚ ਰਹਿੰਦਾ ਗਲਤੀਆਂ ਕਰਦਾ।

ਕਿਸੇ ਬੰਦੇ ਦੀ ਆਪਣੀ ਮੂਰੱਖਤਾ ਹੀ ਉਸ ਨੂੰ ਤਬਾਹ ਕਰ ਦੇਵੇਗੀ। ਪਰ ਉਹ ਯਹੋਵਾਹ ਨੂੰ ਦੋਸ਼ੀ ਠਹਿਰਾਵੇਗਾ।

ਜੇ ਕੋਈ ਬੰਦਾ ਅਮੀਰ ਹੈ, ਤਾਂ ਉਸਦੀ ਦੌਲਤ ਉਸ ਦੇ ਕਈ ਦੋਸਤ ਪੈਦਾ ਕਰੇਗੀ। ਪਰ ਜੇ ਕੋਈ ਬੰਦਾ ਗਰੀਬ ਹੈ ਤਾਂ ਉਸ ਦੇ ਸਾਰੇ ਦੋਸਤ ਉਸਦਾ ਸਾਥ ਛੱਡ ਦੇਣਗੇ।

ਜਿਹੜਾ ਬੰਦਾ ਕਿਸੇ ਹੋਰ ਦੇ ਖਿਲਾਫ਼ ਝੂਠ ਬੋਲਦਾ ਹੈ ਉਸ ਨੂੰ ਸਜ਼ਾ ਮਿਲੇਗੀ। ਜਿਹੜਾ ਬੰਦਾ ਝੂਠ ਬੋਲਦਾ ਹੈ ਉਹ ਸੁਰੱਖਿਅਤ ਨਹੀਂ ਰਹੇਗਾ।

ਅਨੇਕਾਂ ਲੋਕ ਸ਼ਾਸਕ ਨੂੰ ਮਿਲਣਾ ਚਾਹੁੰਦੇ ਹਨ, ਅਤੇ ਹਰ ਕੋਈ ਉਸਦਾ ਦੋਸਤ ਬਣਨਾ ਚਾਹੁੰਦਾ ਜੋ ਸੁਗਾਤਾਂ ਦਿੰਦਾ ਹੈ।

ਇੱਕ ਗਰੀਬ ਆਦਮੀ ਆਪਣੇ ਹੀ ਰਿਸ਼ਤੇਦਾਰਾਂ ਦੁਆਰਾ ਵੀ ਤਿਰਸੱਕਾਰਿਆ ਜਾਂਦਾ ਹੈ, ਤਾਂ ਉਸਦਾ ਉਸ ਦੇ ਦੋਸਤਾਂ ਦੁਆਰਾ ਕਿੰਨਾ ਪਰਹੇਜ ਹੁੰਦਾ ਹੋਵੇਗਾ। ਉਹ ਉਨ੍ਹਾਂ ਅੱਗੇ ਬੇਨਤੀ ਕਰਦਾ, ਪਰ ਉਹ ਪਰਵਾਹ ਨਹੀਂ ਕਰਦੇ ਹਨ।

ਜਿਹੜਾ ਵਿਅਕਤੀ ਗਿਆਨ ਹਾਸਿਲ ਕਰ ਲੈਂਦਾ ਹੈ, ਆਪਣੇ-ਆਪ ਦਾ ਖਿਆਲ ਰੱਖਦਾ ਹੈ, ਜਿਹੜਾ ਵਿਅਕਤੀ ਸਿਖਦਾ ਰਹਿੰਦਾ ਹੈ, ਉੱਨਤੀ ਕਰਦਾ ਰਹਿੰਦਾ ਹੈ।

ਝੂਠੇ ਗਵਾਹ ਨੂੰ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਹੈ! ਜਿਹੜਾ ਬੰਦਾ ਝੂਠ ਬੋਲਦਾ ਹੈ ਉਹ ਤਬਾਹ ਹੋ ਜਾਵੇਗਾ।

10 ਕਿਸੇ ਮੂਰਖ ਲਈ ਐਸ਼ ਨਾਲ ਜਿਉਂਣਾ, ਉਪਯੁਕਤ ਨਹੀਂ, ਇਹ ਕਿੰਨਾ ਬੱਦਤਰ ਹੋਵੇਗਾ ਜੇਕਰ ਕੋਈ ਗੁਲਾਮ ਸ਼ਹਿਜਾਦਿਆਂ ਉੱਪਰ ਰਾਜ ਕਰੇ।

11 ਜੇ ਕੋਈ ਬੰਦਾ ਸੂਝਵਾਨ ਹੈ ਉਹ ਧੀਰਜ ਨੂੰ ਸਿਖਦਾ ਅਤੇ ਇਹ ਉਸਦੀ ਮਹਿਮਾ ਹੁੰਦੀ ਹੈ ਜਦੋਂ ਉਹ ਤਿਰਸੱਕਾਰ ਨੂੰ ਮੁਆਫ਼ ਕਰ ਦਿੰਦਾ ਹੈ।

12 ਰਾਜੇ ਦੇ ਗੁੱਸੇ ਭਰੇ ਬੋਲ ਬੱਬਰਸ਼ੇਰ ਦੀ ਗਰਜ ਵਰਗੇ ਹਨ। ਪਰ ਉਸਦੀਆਂ ਸ਼ੁਭਕਾਮਨਾਵਾਂ ਘਾਹ ਉੱਤੇ ਕੋਮਲਤਾ ਨਾਲ ਡਿੱਗਦੀ ਫ਼ੁਹਾਰ ਵਾਂਗ ਹੁੰਦੀਆਂ ਹਨ।

13 ਇੱਕ ਮੂਰਖ ਪੁੱਤਰ ਆਪਣੇ ਪਿਤਾ ਦੀ ਬਿਪਤਾ ਹੁੰਦਾ ਹੈ, ਅਤੇ ਇੱਕ ਝਗੜਾਲੂ ਪਤਨੀ ਛੱਤ ਵਿੱਚਲੇ ਛੇਕ ਵਾਂਗ ਹੁੰਦੀ ਹੈ।

14 ਵਿਅਕਤੀ ਨੂੰ ਆਪਣੇ ਹੀ ਮਾਪਿਆਂ ਤੋਂ ਪੈਸੇ ਅਤੇ ਘਰ ਪ੍ਰਾਪਤ ਹੁੰਦਾ ਹੈ, ਪਰ ਇੱਕ ਸੂਝਵਾਨ ਪਤਨੀ ਯਹੋਵਾਹ ਵੱਲੋਂ ਮਿਲੀ ਸੁਗਾਤ ਹੈ।

15 ਸੁਸਤ ਆਦਮੀ ਭਾਵੇਂ ਕਿੰਨਾ ਵੀ ਸੌਂ ਲਵੇ ਪਰ ਉਹ ਬਹੁਤ ਭੁੱਖਾ ਹੀ ਹੋਵੇਗਾ।

16 ਜਿਹੜਾ ਵਿਅਕਤੀ ਹੁਕਮ ਨੂੰ ਪੂਰਦਾ ਆਪਣੇ ਜੀਵਨ ਦਾ ਬਚਾਉ ਕਰੇਗਾ, ਪਰ ਉਹ ਜਿਹੜਾ ਆਪਣਾ ਜੀਵਨ ਬਾਰੇ ਧਿਆਨ ਨਹੀਂ ਦਿੰਦਾ ਮਾਰਿਆ ਜਾਵੇਗਾ।

17 ਗਰੀਬ ਲੋਕਾਂ ਦਾ ਲਿਹਾਜ ਕਰਨਾ ਯਹੋਵਾਹ ਨੂੰ ਪੈਸੇ ਉਧਾਰ ਦੇਣ ਵਰਗੀ ਗੱਲ ਹੈ, ਉਹ ਪ੍ਰਪੱਕ ਹੀ ਤੁਹਾਨੂੰ ਅਦਾਇਗੀ ਕਰੇਗਾ।

18 ਉਮੀਦ ਰਹਿੰਦਿਆਂ ਹੀ ਆਪਣੇ ਪੁੱਤਰ ਨੂੰ ਅਨੁਸ਼ਾਸਿਤ ਕਰੋ। ਜੇ ਤੁਸੀਂ ਅਜਿਹਾ ਕਰਨ ਤੋਂ ਇਨਕਾਰ ਕਰੋਂਗੇ, ਤਾਂ ਤੁਸੀਂ ਉਸਦੀ, ਆਪਣੇ-ਆਪ ਨੂੰ ਤਬਾਹ ਕਰਨ ਲਈ, ਸਹਾਇਤਾ ਕਰ ਰਹੇ ਹੋਵੋਂਗੇ।

19 ਛੇਤੀ ਗੁੱਸੇ ਵਿੱਚ ਆ ਜਾਣ ਵਾਲੇ ਵਿਅਕਤੀ ਨੂੰ ਕੀਮਤ ਜ਼ਰੂਰ ਦੇਣੀ ਪੈਂਦੀ ਹੈ। ਜੇਕਰ ਤੁਸੀਂ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕਰੋਂਗੇ, ਤੁਹਾਨੂੰ ਇਹ ਬਾਰ-ਬਾਰ ਕਰਨਾ ਪਵੇਗਾ।

20 ਮਸ਼ਵਰੇ ਨੂੰ ਸੁਣੋ ਅਤੇ ਸੁਧਾਰ ਨੂੰ ਪ੍ਰਵਾਨ ਕਰੋ ਤਾਂ ਜੋ ਅਖੀਰ ਵਿੱਚ ਤੁਸੀਂ ਸਿਆਣੇ ਬਣ ਜਾਵੋਂਗੇ।

21 ਆਦਮੀ ਅਨੇਕਾਂ ਯੋਜਨਾਵਾਂ ਬਣਾਉਂਦਾ, ਪਰ ਯਹੋਵਾਹ ਦੀ ਰਜ਼ਾ ਨਿਸ਼ਚਾ ਕਰਦੀ ਹੈ ਕਿ ਕੀ ਵਾਪਰੇਗਾ।

22 ਲੋਕ ਵਫ਼ਾਦਾਰ ਆਦਮੀ ਨੂੰ ਪਸੰਦ ਕਰਦੇ ਹਨ, ਇਸ ਲਈ ਗਰੀਬ ਅਤੇ ਭਰੋਸੇਯੋਗ ਹੋਣਾ ਝੂਠੇ ਨਾਲੋਂ ਬਿਹਤਰ ਹੈ।

23 ਯਹੋਵਾਹ ਦਾ ਡਰ ਜਿੰਦਗ਼ੀ ਵੱਲ ਅਗਵਾਈ ਕਰਦਾ ਹੈ ਜੋ ਕੋਈ ਵੀ ਇਸ ਨਾਲ ਭਰਪੂਰ ਹੈ ਉਹ ਬਿਨਾਂ ਕਿਸੇ ਵੀ ਸਮੱਸਿਆ ਤੋਂ ਆਰਾਮ ਨਾਲ ਬੱਚ ਸੱਕਦਾ ਹੈ ਅਤੇ ਸਾਂਤੀ ਪ੍ਰਾਪਤ ਕਰਦਾ ਹੈ।

24 ਇੱਕ ਆਲਸੀ ਬੰਦਾ ਭਾਂਡੇ ਵਿੱਚ ਆਪਣਾ ਹੱਥ ਪਾਉਂਦਾ ਹੈ, ਪਰ ਇਸ ਨੂੰ ਮੂੰਹ ਤਾਈਂ ਚੁੱਕਣ ਨੂੰ ਬਹੁਤ ਮੁਸ਼ਕਿਲ ਮਹਿਸੂਸ ਕਰਦਾ ਹੈ।

25 ਬੇਅਦਬ ਵਿਅਕਤੀ ਨੂੰ ਕੁੱਟੋ ਅਤੇ ਇੱਕ ਆਮ ਆਦਮੀ ਇਸਤੋਂ ਸਿੱਖੇਗਾ। ਇੱਕ ਸੂਝਵਾਨ ਆਦਮੀ ਨੂੰ ਝਿੜਕੋ, ਅਤੇ ਉਹ ਇੱਕ ਸਬਕ ਸਿੱਖ ਜਾਵੇਗਾ।

26 ਜਿਹੜਾ ਪੁੱਤਰ ਆਪਣੇ ਪਿਤਾ ਤੋਂ ਚੋਰੀ ਕਰੇ ਅਤੇ ਆਪਣੀ ਮਾਂ ਨੂੰ ਦੂਰ ਭਜਾ ਦੇਵੇ ਘ੍ਰਿਣਾਯੋਗ ਹੈ ਅਤੇ ਉਹ ਸ਼ਰਮਿੰਦਗੀ ਦਾ ਕਾਰਣ ਬਣਦਾ ਹੈ।

27 ਜੇ ਤੁਸੀਂ ਨਿਰਦੇਸ਼ਾਂ ਨੂੰ ਸੁਣਨਾ ਛੱਡ ਦਿਓਗੇ ਤਾਂ ਤੁਸੀਂ ਮੂਰੱਖਤਾ ਭਰੀਆਂ ਗ਼ਲਤੀਆਂ ਕਰਦੇ ਰਹੋਂਗੇ।

28 ਵਿਅਰਥ ਗਵਾਹ ਇਨਸਾਫ਼ ਤੇ ਹੱਸਦਾ, ਅਤੇ ਇੱਕ ਬਦ ਆਦਮੀ ਦਾ ਮੂੰਹ ਬਦੀ ਨੂੰ ਨਿਗਲ ਜਾਂਦਾ ਹੈ।

29 ਮਖੌਲੀਆਂ ਨੂੰ ਸਜ਼ਾ ਮਿਲੇਗੀ। ਅਤੇ ਮੂਰਖ ਆਦਮੀ ਨੂੰ ਕੋੜੇ ਮਾਰੇ ਜਾਣਗੇ।

20 ਮੈਅ ਲੋਕਾਂ ਨੂੰ ਬੇਇੱਜ਼ਤ ਕਰ ਦਿੰਦਾ ਹੈ, ਬੀਅਰ ਉਨ੍ਹਾਂ ਨੂੰ ਮਗਰੂਰ ਬਣਾ ਦਿੰਦੀ ਹੈ, ਉਨ੍ਹਾਂ ਦੁਆਰਾ ਭਟਕਾਇਆ ਹੋਇਆ ਕੋਈ ਵੀ ਸਿਆਣਾ ਨਹੀਂ।

ਰਾਜੇ ਦਾ ਗੁੱਸਾ ਬਬਰ ਸ਼ੇਰ ਵਰਗਾ ਹੈ। ਜੇ ਤੁਸੀਂ ਰਾਜੇ ਨੂੰ ਗੁੱਸੇ ਕਰ ਲਵੋਂਗੇ ਤਾਂ ਤੁਹਾਨੂੰ ਆਪਣੀ ਜਾਨ ਵੀ ਗੁਆਉਣੀ ਪੈ ਸੱਕਦੀ ਹੈ।

ਇਹ ਆਦਮੀ ਦੇ ਮਾਨ ਦੀ ਗੱਲ ਹੈ ਕਿ ਜੇਕਰ ਉਹ ਝਗੜਿਆਂ ਤੋਂ ਦੂਰ ਰਹੇ, ਪਰ ਇੱਕ ਮੂਰਖ ਬੰਦਾ ਹਮੇਸ਼ਾ ਲੜਨ ਲਈ ਤਿਆਰ ਰਹਿੰਦਾ ਹੈ।

ਬੀਜਣ ਦੇ ਸਮੇਂ ਦੌਰਾਨ ਸੁਸਤ ਆਦਮੀ ਆਪਣੇ ਖੇਤ ਨਹੀਂ ਵਾਹੁੰਦਾ। ਇਸ ਲਈ ਵਾਢੀ ਵੇਲੇ ਉਹ ਫਸਲਾਂ ਦੀ ਤਲਾਸ਼ ਕਰਦਾ ਹੈ ਪਰ ਉਸ ਨੂੰ ਕੁਝ ਵੀ ਨਹੀਂ ਮਿਲਦਾ।

ਬੰਦੇ ਦੇ ਖਿਆਲ ਡੂੰਘੇ ਪਾਣੀਆਂ ਵਾਂਗ ਹੁੰਦੇ ਹਨ, ਪਰ ਸਮਝਦਾਰ ਆਦਮੀ ਉਨ੍ਹਾਂ ਨੂੰ ਬਾਹਰ ਖਿੱਚ ਲੈਂਦਾ ਹੈ।

ਕਈ ਲੋਕ ਸ਼ੇਖੀ ਮਾਰਦੇ ਹਨ ਕਿ ਉਹ “ਵਫ਼ਾਦਾਰ” ਹਨ। ਪਰ ਇੱਕ ਭਰੋਸੇਯੋਗ ਵਿਅਕਤੀ ਲੱਭਣਾ ਬਹੁਤ ਮੁਸ਼ਕਿਲ ਹੈ।

ਇੱਕ ਧਰਮੀ ਬੰਦਾ ਚੰਗਾ ਜੀਵਨ ਜਿਉਂਦਾ ਹੈ, ਅਤੇ ਇਹ ਉਸ ਦੇ ਬੱਚਿਆਂ ਤੇ ਵੀ ਅਸੀਸ ਲਿਆਉਂਦਾ ਹੈ।

ਜਦੋਂ ਕੋਈ ਰਾਜਾ ਲੋਕਾਂ ਦਾ ਨਿਆਂ ਕਰਨ ਲਈ ਬੈਠਦਾ ਹੈ ਤਾਂ ਉਹ ਬਦੀ ਨੂੰ ਆਪਣੀਆਂ ਅੱਖਾਂ ਨਾਲ ਦੇਖ ਸੱਕਦਾ ਹੈ।

ਕੀ ਕੋਈ ਬੰਦਾ ਸੱਚਮੁੱਚ ਇਹ ਆਖ ਸੱਕਦਾ ਹੈ ਕਿ ਉਸ ਨੇ ਸਦਾ ਆਪਣੀ ਪੂਰੀ ਕੋਸ਼ਿਸ਼ ਕੀਤੀ ਹੈ? ਕੀ ਕੋਈ ਬੰਦਾ ਸੱਚਮੁੱਚ ਇਹ ਆਖ ਸੱਕਦਾ ਹੈ ਕਿ, “ਉਸਦਾ ਕੋਈ ਪਾਪ ਨਹੀਂ?” ਨਹੀਂ!

10 ਯਹੋਵਾਹ ਝੂਠੇ ਤੋਂਲਾਂ ਅਤੇ ਗ਼ਲਤ ਪੈਮਾਨਿਆਂ ਦੋਵਾਂ ਨੂੰ ਨਫ਼ਰਤ ਕਰਦਾ ਹੈ।

11 ਇੱਕ ਬੱਚਾ ਵੀ ਆਪਣੀਆਂ ਹਰਕਤਾਂ ਤੋਂ ਇਹ ਦਰਸਾ ਦਿੰਦਾ ਹੈ ਕਿ ਉਹ ਚੰਗਾ ਹੈ ਜਾਂ ਮਾੜਾ ਹੈ। ਤੁਸੀਂ ਉਸ ਬੱਚੇ ਦੀ ਨਿਗਰਾਨੀ ਕਰ ਸੱਕਦੇ ਹੋ ਅਤੇ ਜਾਣ ਸੱਕਦੇ ਹੋ ਕਿ ਕੀ ਉਹ ਇਮਾਨਦਾਰ ਤੇ ਨੇਕ ਹੈ ਜਾਂ ਨਹੀਂ।

12 ਯਹੋਵਾਹ ਨੇ ਸੁਣਨ ਲਈ ਸਾਡੀ ਖਾਤਰ ਦੋਵਾਂ ਕੰਨਾਂ ਨੂੰ, ਅਤੇ ਅੱਖਾਂ ਨੂੰ ਵੇਖਣ ਲਈ ਬਣਾਇਆ!

13 ਨੀਂਦ ਨੂੰ ਪਿਆਰ ਨਾ ਕਰੋ, ਨਹੀਂ ਤਾਂ ਤੁਸੀਂ ਗਰੀਬ ਹੋ ਜਾਵੋਂਗੇ। ਪਰ ਕੰਮ ਵਿੱਚ ਆਪਣਾ ਸਮਾਂ ਬਿਤਾਓ ਅਤੇ ਤੁਹਾਡੇ ਪਾਸ ਖਾਣ ਲਈ ਬਹੁਤ ਹੋਵੇਗਾ।

14 ਜਿਹੜਾ ਬੰਦਾ ਤੁਹਾਡੇ ਪਾਸੋਂ ਕੋਈ ਚੀਜ਼ ਖਰੀਦਦਾ ਹੈ, ਹਮੇਸ਼ਾ ਆਖਦਾ ਹੈ, “ਇਹ ਚੰਗੀ ਨਹੀਂ! ਇਹ ਮਹਿੰਗੀ ਬਹੁਤ ਹੈ!” ਫ਼ੇਰ ਉਹ ਬੰਦਾ ਚੱਲਾ ਜਾਂਦਾ ਹੈ ਅਤੇ ਹੋਰਾਂ ਲੋਕਾਂ ਨੂੰ ਦੱਸਦਾ ਹੈ ਕਿ ਉਸ ਨੇ ਚੰਗਾ ਸੌਦਾ ਕੀਤਾ ਹੈ।

15 ਸੋਨਾ ਤੇ ਹੀਰੇ ਕਿਸੇ ਬੰਦੇ ਨੂੰ ਅਮੀਰ ਬਣਾ ਸੱਕਦੇ ਹਨ। ਪਰ ਜਿਹੜਾ ਬੰਦਾ ਇਹ ਜਾਣਦਾ ਹੈ ਕਿ ਉਹ ਕਿਸ ਬਾਰੇ ਗੱਲ ਕਰ ਰਿਹਾ ਹੈ, ਉਹ ਉਨਾਂ ਨਾਲੋਂ ਵੀ ਕਿਤੇ ਵੱਧ ਮੁੱਲਵਾਨ ਹੈ।

16 ਜੇਕਰ ਕੋਈ ਵਿਅਕਤੀ ਕਿਸੇ ਅਣਜਾਣ ਵਿਅਕਤੀ ਦੇ ਕਰਜ਼ ਦੀ ਜਿੰਮੇਵਾਰੀ ਲੈਂਦਾ, ਉਸਦੀ ਜਮੀਨ ਲੈ ਲਵੋ। ਯਕੀਨੀ ਤੋਰ ਤੇ ਕਿ ਤੁਸੀਂ ਉਸ ਵਿਅਕਤੀ ਪਾਸੋਂ ਕੁਝ ਗਿਰਵੀ ਰੱਖ ਲਵੋ ਜੋ ਕਿਸੇ ਅਨਜਾਣ ਔਰਤ ਦੀ ਜਿੰਮੇਵਾਰੀ ਲੈਂਦਾ ਹੈ।

17 ਜੇ ਤੁਸੀਂ ਧੋਖੇ ਨਾਲ ਕੋਈ ਚੀਜ਼ ਹਾਸਿਲ ਕਰ ਲਵੋਂਗੇ, ਇਹ ਚੰਗੀ ਚੀਜ਼ ਵਾਂਗ ਤਾਂ ਜਾਪੇਗੀ। ਪਰ ਅਖੀਰ ਵਿੱਚ ਉਸਦਾ ਅੰਤ ਪੱਥਰ ਨਾਲ ਭਰੇ ਮੂੰਹ ਨਾਲ ਹੁੰਦਾ ਹੈ।

18 ਯੋਜਨਾਵਾਂ ਬਨਾਉਣ ਤੋਂ ਪਹਿਲਾਂ ਚੰਗਾ ਮਸ਼ਵਰਾ ਹਾਸਿਲ ਕਰੋ। ਜੇ ਤੁਸੀਂ ਯੁੱਧ ਲਈ ਜਾ ਰਹੇ ਹੋ, ਯਕੀਨੀ ਕਰੋ ਕਿ ਤੁਹਾਡੇ ਕੋਲ ਚੰਗੀ ਸਲਾਹ ਹੈ।

19 ਜਿਹੜਾ ਬੰਦਾ ਹੋਰਾਂ ਦੀਆਂ ਚੁਗਲੀਆਂ ਕਰਦਾ ਹੈ ਉਸ ਉੱਤੇ ਭਰੋਸਾ ਨਹੀਂ ਕੀਤਾ ਜਾ ਸੱਕਦਾ। ਇਸ ਲਈ ਕਿਸੇ ਵੀ ਬੜਬੋਲੇ ਬੰਦੇ ਨੂੰ ਦੋਸਤ ਨਾ ਬਣਾਓ।

20 ਜਿਹੜਾ ਵਿਅਕਤੀ ਆਪਣੇ ਹੀ ਮਾਪਿਆਂ ਨੂੰ ਗਾਲ੍ਹਾਂ ਕੱਢੇ, ਉਸਦਾ ਦੀਵਾ ਘੁੱਪ ਹਨੇਰੇ ਦੇ ਵਿੱਚਾਲੇ ਬੁਝਾ ਦਿੱਤਾ ਜਾਵੇਗਾ।

21 ਆਸਾਨੀ ਨਾਲ ਪ੍ਰਾਪਤ ਕੀਤਾ ਵਿਰਸਾ ਅਖੀਰ ਵਿੱਚ ਅਸੀਸਾਂ ਨਹੀਂ ਲਿਆਵੇਗਾ।

22 ਜੇ ਕੋਈ ਤੁਹਾਡੇ ਖਿਲਾਫ਼ ਕੁਝ ਕਰਦਾ ਹੈ ਤਾਂ ਉਸ ਨੂੰ ਖੁਦ ਸਜ਼ਾ ਦੇਣ ਦੀ ਕੋਸ਼ਿਸ਼ ਨਾ ਕਰੋ। ਇਸ ਨੂੰ ਯਹੋਵਾਹ ਤੇ ਛੱਡ ਦਿਓ, ਉਹ ਨਿਆਂ ਕਰੇਗਾ।

23 ਯਾਹੋਵਾਹ ਝੂਠੇ ਤੋਂਲਾਂ ਨੂੰ ਨਫ਼ਰਤ ਕਰਦਾ ਹੈ ਨੁਕਸਾਂ ਵਾਲੇ ਪੈਮਾਨੇ ਚੰਗੇ ਨਹੀਂ।

24 ਯਹੋਵਾਹ ਆਦਮੀ ਦੇ ਕਦਮਾਂ ਦਾ ਨਿਸ਼ਚੈ ਕਰਦਾ ਹੈ, ਤਾਂ ਫ਼ਿਰ ਇੱਕ ਆਦਮੀ ਆਪਣੇ ਜੀਵਨ ਨੂੰ ਕਿਵੇਂ ਸਮਝ ਸੱਕਦਾ ਹੈ?

25 ਤੁਸੀਂ ਆਪਣੇ-ਆਪ ਨੂੰ ਫ਼ਸਾ ਲਵੋਂਗੇ ਜੇਕਰ ਤੁਸੀਂ ਜਲਦੀ ਵਿੱਚ ਪਰਮੇਸ਼ੁਰ ਨਾਲ ਕਿਸੇ ਗੱਲ ਦਾ ਇਕਰਾਰ ਕਰ ਲਵੋਂ ਅਤੇ ਮਗਰੋਂ ਆਪਣਾ ਮਨ ਬਦਲ ਲਵੋਂ।

26 ਇੱਕ ਸਿਆਣਾ ਰਾਜਾ ਦੁਸ਼ਟਾਂ ਨੂੰ ਪਰ੍ਹਾਂ ਫ਼ਟਕਾਰ ਦਿੰਦਾ ਹੈ, ਉਹ ਉਨ੍ਹਾਂ ਉੱਪਰ ਆਪਣਾ ਗਾਹੁਣ ਵਾਲਾ ਪਹੀਆ ਚੜ੍ਹਾ ਦਿੰਦਾ ਹੈ।

27 ਕਿਸੇ ਬੰਦੇ ਦਾ ਆਤਮਾ ਯਹੋਵਾਹ ਲਈ ਇੱਕ ਦੀਵੇ ਵਰਗਾ ਹੁੰਦਾ ਹੈ। ਯਹੋਵਾਹ ਬੰਦੇ ਦੀਆਂ ਅੰਦਰਲੀਆਂ ਗੱਲਾਂ ਜਾਨਣ ਦੇ ਯੋਗ ਹੁੰਦਾ ਹੈ।

28 ਨਮਕਹਲਾਲੀ ਅਤੇ ਸੱਚ ਇੱਕ ਰਾਜੇ ਦੀ ਰੱਖਿਆ ਕਰਦੇ ਹਨ, ਅਤੇ ਉਹ ਆਪਣੀ ਨਮਕਹਲਾਲੀ ਕਾਰਣ ਆਪਣਾ ਤਖਤ ਰੱਖੀ ਰੱਖਦਾ ਹੈ।

29 ਇੱਕ ਨੌਜਵਾਨ ਨੂੰ ਉਸਦੀ ਤਾਕਤ ਕਾਰਣ ਕੀਰਤੀ ਮਿਲਦੀ ਹੈ, ਅਤੇ ਇੱਕ ਬਜ਼ੁਰਗ ਆਦਮੀ ਦੀ ਇੱਜ਼ਤ ਉਸ ਦੇ ਧੌਲਿਆਂ ਦੇ ਕਾਰਣ ਹੁੰਦੀ ਹੈ।

30 ਜੇ ਸਾਨੂੰ ਸਜ਼ਾ ਮਿਲਦੀ ਹੈ ਤਾਂ ਅਸੀਂ ਗ਼ਲਤ ਕੰਮ ਕਰਨ ਤੋਂ ਹਟ ਜਾਵਾਂਗੇ। ਦੁੱਖ ਬੰਦੇ ਨੂੰ ਤਬਦੀਲ ਕਰ ਸੱਕਦਾ ਹੈ।

21 ਕਿਸਾਨ ਆਪਣੇ ਖੇਤਾਂ ਨੂੰ ਸਿੰਜਣ ਲਈ ਛੋਟੇ ਖਾਲ ਬਣਾਉਂਦੇ ਹਨ। ਉਹ ਵੱਖ-ਵੱਖ ਖਾਲਾਂ ਨੂੰ ਬੰਦ ਕਰਕੇ ਪਾਣੀ ਦਾ ਰਾਹ ਬਦਲਦੇ ਹਨ। ਯਹੋਵਾਹ ਵੀ ਰਾਜੇ ਦੇ ਮਨ ਨੂੰ ਸੰਚਾਲਿਤ ਕਰਨ ਲਈ ਇਹੋ ਕਰਦਾ ਹੈ। ਯਹੋਵਾਹ ਜਿਵੇਂ ਚਾਹੁੰਦਾ ਹੈ ਰਾਜੇ ਦੀ ਅਗਵਾਈ ਕਰਦਾ ਹੈ ਜਿਧਰ ਉਹ ਉਸ ਨੂੰ ਲਿਜਾਣਾ ਚਾਹੇ, ਲੈ ਜਾਦਾ ਹੈ।

ਬੰਦਾ ਸੋਚਦਾ ਹੈ ਕਿ ਜੋ ਕੁਝ ਵੀ ਉਹ ਕਰਦਾ ਹੈ ਸਹੀ ਹੈ। ਪਰ ਯਹੋਵਾਹ ਬੰਦਿਆਂ ਦੇ ਕੰਮਾਂ ਦੇ ਅਸਲੀ ਕਾਰਣਾਂ ਦਾ ਨਿਆਂ ਕਰਦਾ ਹੈ।

ਜੋ ਧਰਮੀ ਅਤੇ ਨਿਆਂਈ ਹੈ, ਕਰਨਾ, ਪਰਮੇਸ਼ੁਰ ਨੂੰ ਬਲੀਆਂ ਚੜ੍ਹਾਉਣ ਨਾਲੋਂ ਬਿਹਤਰ ਹੈ।

ਘਮੰਡੀ ਅੱਖਾਂ ਅਤੇ ਗੁਮਾਨੀ ਦਿਲ ਅਤੇ ਦੁਸ਼ਟ ਲੋਕਾਂ ਦੇ ਦੀਵੇ ਪਾਪੀ ਹੁੰਦੇ ਹਨ।

ਮਿਹਨਤੀ ਆਦਮੀ ਦੀਆਂ ਯੋਜਨਾਵਾਂ ਲਾਭ ਲਿਆਉਂਦੀਆਂ ਹਨ, ਪਰ ਜੋ ਕੋਈ ਵੀ ਕਾਹਲੀ ਵਿੱਚ ਹੋਵੇਗਾ ਗਰੀਬ ਬਣ ਜਾਵੇਗਾ।

ਜੇ ਤੁਸੀਂ ਅਮੀਰ ਹੋਣ ਲਈ ਧੋਖਾ ਕਰਦੇ ਹੋ, ਤਾਂ ਤੁਹਾਡੀ ਦੌਲਤ ਛੇਤੀ ਹੀ ਚਲੀ ਜਾਵੇਗੀ। ਅਤੇ ਤੁਹਾਡੀ ਅਮੀਰੀ ਤੁਹਾਨੂੰ ਮੌਤ ਵੱਲ ਲੈ ਜਾਵੇਗੀ।

ਦੁਸ਼ਟ ਬੰਦੇ ਦੀ ਹਿੰਸਾ ਉਸ ਨੂੰ ਤਬਾਹ ਕਰ ਦੇਵੇਗੀ। ਕਿਉਂ ਕਿ ਉਹ ਨਿਆਂ ਕਰਨ ਤੋਂ ਇਨਕਾਰ ਕਰਦੇ ਹਨ।

ਇੱਕ ਅਪਰਾਧੀ ਦਾ ਰਾਹ ਪੇਚਦਾਰ ਹੁੰਦਾ ਹੈ, ਪਰ ਇੱਕ ਬੇਗੁਨਾਹ ਆਦਮੀ ਉਹੀ ਕਰਦਾ ਜੋ ਧਰਮੀ ਹੁੰਦਾ।

ਝਗੜਾਲੂ ਪਤਨੀ ਨਾਲ ਘਰ ਦੇ ਅੰਦਰ ਰਹਿਣ ਨਾਲੋਂ ਛੱਤ ਉੱਤੇ ਨੁਕਰ ਤੇ ਸੌਣਾ ਬਿਹਤਰ ਹੈ।

10 ਬੁਰੇ ਬੰਦੇ ਹਮੇਸ਼ਾ ਹੋਰ ਬਦੀ ਕਰਨਾ ਲੋਚਦੇ ਹਨ। ਅਤੇ ਉਹ ਲੋਕ ਆਪਣੇ ਆਸ-ਪਾਸ ਦੇ ਲੋਕਾਂ ਲਈ ਰਹਿਮ ਨਹੀਂ ਪ੍ਰਗਟਾਉਂਦੇ।

11 ਜਦੋਂ ਇੱਕ ਮਖੌਲੀਏ ਨੂੰ ਸਜ਼ਾ ਮਿਲਦੀ ਹੈ, ਇੱਕ ਸਾਧਾਰਨ ਵਿਅਕਤੀ ਸਿਆਣਾ ਬਣ ਜਾਂਦਾ, ਅਤੇ ਜਦੋਂ ਤੁਸੀਂ ਕਿਸੇ ਸਿਆਣੇ ਬੰਦੇ ਨੂੰ ਹਿਦਾਇਤ ਦਿੰਦੇ ਹੋ, ਉਹ ਆਪਣਾ ਸਬਕ ਸਿਖਦਾ।

12 ਪਰਮੇਸ਼ੁਰ ਜੋ ਕਿ ਨਿਆਂਈ ਹੈ ਦੁਸ਼ਟ ਆਦਮੀ ਦੇ ਟੱਬਰ ਤੇ ਅੱਖ ਰੱਖਦਾ ਅਤੇ ਦੁਸ਼ਟ ਆਦਮੀ ਨੂੰ ਬਰਬਾਦ ਕਰ ਦਿੰਦਾ ਹੈ।

13 ਜੇ ਕੋਈ ਬੰਦਾ ਗਰੀਬ ਲੋਕਾਂ ਦੀ ਸਹਾਇਤਾ ਕਰਨ ਤੋਂ ਇਨਕਾਰ ਕਰਦਾ ਹੈ ਤਾਂ ਲੋੜ ਪੈਣ ਤੇ ਉਸ ਦੀ ਵੀ ਕੋਈ ਸਹਾਇਤਾ ਨਹੀਂ ਕਰੇਗਾ।

14 ਗੁਪਤ ਤੌਰ ਤੇ ਦਿੱਤੀ ਸੁਗਾਤ ਗੁੱਸੇ ਨੂੰ ਸ਼ਾਂਤ ਕਰ ਦਿੰਦੀ ਹੈ, ਅਤੇ ਲੋਕਾਂ ਦੀ ਦਿੱਤੀ ਹੋਈ ਰਿਸ਼ਵਤ ਖਤਰੇ ਨੂੰ ਰੋਕਣ ’ਚ ਸਹਾਈ ਹੋ ਸੱਕਦੀ ਹੈ।

15 ਇੱਕ ਧਰਮੀ ਵਿਅਕਤੀ ਜੋ ਸਹੀ ਹੈ ਕਰਨ ਵਿੱਚ ਆਨੰਦ ਮਾਣਦਾ ਹੈ, ਪਰ ਇਹ ਉਨ੍ਹਾਂ ਨੂੰ ਡਰਾਉਂਦਾ ਹੈ, ਜੋ ਉਹੀ ਕਰਦੇ ਹਨ ਜੋ ਗ਼ਲਤ ਹੈ।

16 ਜੇ ਕੋਈ ਬੰਦਾ ਸਿਆਣਪ ਦਾ ਰਸਤਾ ਛੱਡ ਦਿੰਦਾ ਹੈ ਤਾਂ ਉਹ ਤਬਾਹੀ ਵੱਲ ਜਾ ਰਿਹਾ ਹੈ।

17 ਜੇ ਖੁਸ਼ੀ ਮਨਾਉਣਾ ਹੀ ਕਿਸੇ ਬੰਦੇ ਲਈ ਸਭ ਤੋਂ ਮਹੱਤਵਪੂਰਣ ਗੱਲ ਹੈ ਤਾਂ ਉਹ ਬੰਦਾ ਗਰੀਬ ਹੋ ਜਾਵੇਗਾ। ਜੇ ਉਹ ਬੰਦਾ ਮੈਅ ਅਤੇ ਭੋਜਨ ਨੂੰ ਹੀ ਪਿਆਰ ਕਰਦਾ ਹੈ ਤਾਂ ਉਹ ਕਦੇ ਅਮੀਰ ਨਹੀਂ ਹੋ ਸੱਕੇਗਾ।

18 ਇੱਕ ਦੁਸ਼ਟ ਵਿਅਕਤੀ ਨੇਕ ਆਦਮੀ ਲਈ ਫਿਰੌਤੀ ਹੁੰਦਾ ਹੈ। ਅਤੇ ਇੰਝ ਹੀ ਕਪਟੀ ਨੂੰ ਇਮਾਨਦਾਰ ਆਦਮੀ ਲਈ ਹੁੰਦਾ ਹੈ।

19 ਉਸ ਪਤਨੀ ਨਾਲ ਰਹਿਣ ਨਾਲੋਂ, ਜਿਹੜੀ ਗੁਸੈਲੇ ਸੁਭਾ ਦੀ ਅਤੇ ਝਗੜਾਲੂ ਹੈ, ਮਾਰੂਥਲ ਵਿੱਚ ਰਹਿਣਾ ਬਿਹਤਰ ਹੈ।

20 ਸਿਆਣੇ ਬੰਦੇ ਦਾ ਘਰ ਅਨਾਜ ਅਤੇ ਤੇਲ ਨਾਲ ਭਰਪੂਰ ਹੁੰਦਾ, ਪਰ ਮੂਰਖ ਬੰਦੇ ਕੋਲ ਜੋ ਵੀ ਹੈ ਉਹ ਉਸ ਨੂੰ ਖਤਮ ਕਰ ਲੈਂਦਾ ਹੈ।

21 ਜਿਹੜਾ ਵਿਅਕਤੀ ਨੇਕੀ ਅਤੇ ਵਫ਼ਾਦਾਰੀ ਤੇ ਚੱਲਦਾ ਹੈ ਜੀਵਨ, ਨੇਕੀ ਅਤੇ ਇੱਜ਼ਤ ਪ੍ਰਾਪਤ ਕਰਦਾ ਹੈ।

22 ਇੱਕ ਸਿਆਣਾ ਵਿਅਕਤੀ ਬਹਾਦੁਰ ਆਦਮੀਆਂ ਦੁਆਰਾ ਰੱਖਵਾਲੀ ਕੀਤੇ ਜਾ ਰਹੇ ਸ਼ਹਿਰ ਤੇ ਵੀ ਕਬਜ਼ਾ ਕਰ ਸੱਕਦਾ ਹੈ ਅਤੇ ਉਨ੍ਹਾਂ ਕੰਧਾਂ ਨੂੰ ਢਾਹ ਸੱਕਦਾ ਜਿਨ੍ਹਾਂ ਤੇ ਉਨ੍ਹਾਂ ਨੂੰ ਭਰੋਸਾ ਹੁੰਦਾ ਹੈ।

23 ਜਿਸ ਬੰਦੇ ਦਾ ਆਪਣੀ ਕਥਨੀ ਅਤੇ ਜੁਬਾਨ ਤੇ ਕਾਬੂ ਹੁੰਦਾ, ਉਹ ਆਪਣੇ ਆਪ ਨੂੰ ਕਿਸੇ ਵੀ ਖਤਰੇ ਤੋਂ ਬਚਾ ਲੈਂਦਾ ਹੈ।

24 ਇੱਕ ਵਿਅਕਤੀ ਜਿਹੜਾ ਹੰਕਾਰੀ ਅਤੇ ਮਗਰੂਰ ਹੈ, ਅਜਿਹਾ ਆਦਮੀ ਜੋ ਮਖੌਲੀ ਕਹਿਲਾਉਂਦਾ ਹੈ, ਅਤਿਆਧਿੱਕ ਮਗਰੂਰਤਾ ਦਾ ਵਿਖਾਵਾ ਕਰਦਾ ਹੈ।

25 ਆਲਸੀ ਬੰਦੇ ਦੇ ਸਪਨੇ ਉਸਦੀ ਮੌਤ ਹੋਣਗੇ, ਕਿਉਂ ਜੋ ਉਸ ਦੇ ਹੱਥ ਕੰਮ ਕਰਨੋ ਇਨਕਾਰੀ ਹੁੰਦੇ ਹਨ।

26 ਅਜਿਹੇ ਲੋਕ ਹੁੰਦੇ ਹਨ ਜੋ ਹਰ ਵਕਤ, ਹੋਰ ਪਾਉਣ ਦੀ ਇੱਛਾ ਰੱਖਦੇ ਹਨ, ਪਰ ਇੱਕ ਧਰਮੀ ਵਿਅਕਤੀ ਖੁਲੇ ਦਿਲ ਨਾਲ ਦਿੰਦਾ ਹੈ।

27 ਇੱਕ ਦੁਸ਼ਟ ਵਿਅਕਤੀ ਦੀਆਂ ਬਲੀਆਂ ਆਪਣੇ-ਆਪ ’ਚ ਹੀ ਬੁਰੀਆਂ ਹਨ, ਇਹ ਹੋਰ ਵੀ ਭਿਆਨਕ ਹੋਵੇਗਾ ਜਦੋਂ ਉਹ ਇਨ੍ਹਾਂ ਨੂੰ ਬੁਰੇ ਖਿਆਲ ਨਾਲ ਚੜ੍ਹਾਉਂਦਾ ਹੈ।

28 ਜਿਹੜਾ ਬੰਦਾ ਝੂਠ ਬੋਲਦਾ ਹੈ ਉਹ ਤਬਾਹ ਹੋ ਜਾਵੇਗਾ। ਜਿਹੜਾ ਵੀ ਉਸ ਝੂਠ ਨੂੰ ਧਿਆਨ ਨਾਲ ਸੁਣਦਾ ਹੈ ਉਹ ਵੀ ਉਸ ਦੇ ਨਾਲ ਹੀ ਤਬਾਹ ਹੋ ਜਾਵੇਗਾ।

29 ਇੱਕ ਦੁਸ਼ਟ ਵਿਅਕਤੀ ਆਪਣਾ ਮੂੰਹ ਫੁਲਾ ਲੈਂਦਾ ਹੈ, ਪਰ ਇੱਕ ਇਮਾਨਦਾਰ ਆਦਮੀ ਯਕੀਨੀ ਬਣਾਉਂਦਾ ਕਿ ਉਹ ਉਹੀ ਕਰਦਾ ਜੋ ਸਹੀ ਹੈ।

30 ਕੋਈ ਅਜਿਹੀ ਸਿਆਣਪ, ਅੰਤਰ-ਦ੍ਰਿਸ਼ਟੀ, ਜਾਂ ਸਲਾਹ ਨਹੀਂ ਹੈ ਜੋ ਯਹੋਵਾਹ ਦੇ ਵਿਰੁੱਧ ਕਾਮਯਾਬ ਹੋ ਸੱਕੇ।

31 ਲੋਕ ਲੜਾਈ ਲਈ ਘੋੜਿਆਂ ਸਮੇਤ ਹਰ ਚੀਜ਼ ਤਿਆਰ ਕਰ ਸੱਕਦੇ ਹਨ। ਪਰ ਜਿੰਨਾ ਚਿਰ ਤੱਕ ਯਹੋਵਾਹ ਉਨ੍ਹਾਂ ਨੂੰ ਜਿੱਤ ਨਹੀਂ ਦਿੰਦਾ ਉਹ ਜਿੱਤ ਨਹੀਂ ਸੱਕਦੇ।

Punjabi Bible: Easy-to-Read Version (ERV-PA)

2010 by World Bible Translation Center