Beginning
ਸਿਆਣਪ ਤੁਹਾਨੂੰ ਵਿਭਚਾਰ ਤੋਂ ਦੂਰ ਰੱਖੇਗੀ
7 ਮੇਰੇ ਬੇਟੇ, ਮੇਰੇ ਸ਼ਬਦਾਂ ਨੂੰ ਚੇਤੇ ਰੱਖਣਾ, ਉਨ੍ਹਾਂ ਹੁਕਮਾਂ ਨੂੰ ਕਦੇ ਨਾ ਭੁੱਲਣਾ ਜਿਹੜੇ ਮੈਂ ਤੁਹਾਨੂੰ ਦਿੰਦਾ ਹਾਂ। 2 ਜੇਕਰ ਤੁਸੀਂ ਮੇਰਾ ਹੁਕਮ ਮੰਨੋ ਤੁਸੀਂ ਜਿਉਵੋਂਗੇ। ਮੇਰੀਆਂ ਸਿੱਖਿਆਵਾਂ ਨੂੰ ਆਪਣੀ ਅੱਖ ਦੀ ਪੁਤਲੀ ਵਾਂਗ ਅਨਮੋਲ ਬਣਾਕੇ ਰੱਖੋ। 3 ਇਨ੍ਹਾਂ ਨੂੰ ਆਪਣੀਆਂ ਉਂਗਲੀਆਂ ਨਾਲ ਬੰਨ੍ਹ ਲੈਣਾ। ਇਨ੍ਹਾਂ ਨੂੰ ਆਪਣੇ ਦਿਲ ਉੱਤੇ ਲਿਖ ਲੈਣਾ। 4 ਸਿਆਣਪ ਨੂੰ ਆਖ, “ਤੂੰ ਮੇਰੀ ਭੈਣ ਹੈਂ!” ਅਤੇ ਸਮਝਦਾਰੀ ਨੂੰ ਆਪਣੇ ਪਰਿਵਾਰ ਦਾ ਸਦੱਸ ਕਹੋ। 5 ਉਹ ਤੁਹਾਨੂੰ ਇੱਕ ਅਜਨਬੀ ਔਰਤ, ਇੱਕ ਪਰਾਈ ਔਰਤ ਤੋਂ ਬਚਾਵੇਗੀ ਜੋ ਮਿੱਠੀਆਂ ਗੱਲਾਂ ਕਰਦੀ ਹੈ।
6 ਇੱਕ ਦਿਨ ਮੈਂ ਆਪਣੀ ਖਿੜਕੀ ਦੇ ਪਰਦਿਆਂ ਦਰਮਿਆਨੋਂ ਬਾਹਰ ਝਾਕਿਆ। 7 ਮੈਂ ਗਭਰੂਆਂ ਵਿੱਚੋਂ ਇੱਕ ਨੌਜਵਾਨ ਨੂੰ ਵੇਖਿਆ ਜਿਸ ਨੂੰ ਕੋਈ ਸਮਝ ਨਹੀਂ ਸੀ। 8 ਉਹ ਹੇਠਾਂ ਰਾਹ ਤੇ ਤੁਰਦਾ ਹੋਇਆ, ਇੱਕ ਮੰਦੀ ਔਰਤ ਦੇ ਘਰ ਵੱਲ ਜਾ ਰਿਹਾ ਸੀ, ਜਿੱਥੇ ਉਹ ਰਹਿੰਦੀ ਸੀ। 9 ਹਨੇਰਾ ਹੋਣ ਵਾਲਾ ਸੀ-ਸੂਰਜ ਛੁਪ ਰਿਹਾ ਸੀ। ਰਾਤ ਪੈਣ ਵਾਲੀ ਸੀ। 10 ਔਰਤ ਉਸ ਨੂੰ ਮਿਲਣ ਲਈ ਘਰੋ ਬਾਹਰ ਆਈ। ਉਸ ਨੇ ਵੇਸਵਾ ਵਰਗੇ ਕੱਪੜੇ ਪਾਏ ਹੋਏ ਸਨ। ਉਸਦੀਆਂ ਨੌਜਵਾਨ ਬਾਰੇ ਵਿਉਤਾਂ ਸਨ। 11 ਉਹ ਖਰੂਦੀ ਅਤੇ ਵਿਦਰੋਹੀ ਸੀ, ਉਹ ਘਰ ਠਹਿਰਣ ਵਾਲੀ ਨਹੀਂ ਸੀ! 12 ਹੁਣ ਉਹ ਸੜਕ ਉੱਤੇ ਹੈ, ਹੁਣ ਉਹ ਚੌਰਾਹੇ ਤੇ ਹੈ, ਉਹ ਹਰ ਨੁਕਰ ਤੇ ਇੰਤਜ਼ਾਰ ਵਿੱਚ ਰਹਿੰਦੀ ਹੈ। 13 ਉਸ ਨੇ ਨੌਜਵਾਨ ਨੂੰ ਖਿੱਚ ਲਿਆ ਅਤੇ ਉਸ ਨੂੰ ਚੁੰਮ ਲਿਆ। ਉਸ ਨੇ ਬੇਸ਼ਰਮੀ ਨਾਲ ਉਸ ਨੂੰ ਆਖਿਆ, 14 “ਮੈਂ ਅੱਜ ਸੁੱਖ ਸਾਂਦ ਦੀ ਬਲੀ ਹਾਜਰ ਕੀਤੀ। ਅਤੇ ਅੱਜ ਮੈਂ ਕੀਤੇ ਹੋਏ ਇਕਰਾਰ ਨੂੰ ਪੂਰਿਆਂ ਕੀਤਾ। 15 ਅਤੇ ਇਸ ਲਈ ਮੈਂ ਤੁਹਾਨੂੰ ਆਪਣੇ ਨਾਲ ਭੋਜਨ ਲਈ ਸੱਦਾ ਦੇਣ ਬਾਹਰ ਆਈ ਹਾਂ। ਮੈਂ ਤੇਰੀ ਬਹੁਤ ਭਾਲ ਕਰਦੀ ਰਹੀ ਹਾਂ। ਤੇ ਹੁਣ ਮੈਂ ਤੈਨੂੰ ਲੱਭ ਲਿਆ ਹੈ! 16 ਮੈਂ ਆਪਣੇ ਬਿਸਤਰੇ ਉੱਤੇ ਸਾਫ਼ ਚਾਦਰਾਂ ਵਿਛਾਈਆਂ ਹਨ। ਇਹ ਮਿਸਰ ਦੇਸ ਦੀਆਂ ਬੜੀਆਂ ਖੂਬਸੂਰਤ ਚਾਦਰਾਂ ਹਨ। 17 ਮੈਂ ਆਪਣੇ ਬਿਸਤਰੇ ਉੱਤੇ ਅਤਰ ਛਿੜਕਿਆ ਹੈ। ਭਾਂਤ-ਭਾਂਤ ਦੀ ਗੰਧਰਸ ਬਹੁਤ ਕਮਾਲ ਦੀਆਂ ਹਨ। 18 ਹੁਣ ਆਓ, ਆਪਾਂ ਖੁਦ ਹੀ ਸਵੇਰ ਤਕ ਆਨੰਦ ਮਾਣੀਏ, ਆਪਾਂ ਪਿਆਰ ਨਾਲ ਸ਼ਰਾਬੀ ਹੋ ਜਾਈਏ। 19 ਮੇਰਾ ਪਤੀ ਘਰੇ ਨਹੀਂ ਹੈ ਉਹ ਇੱਕ ਲੰਮੇਂ ਸਫ਼ਰ ਤੇ ਬਾਹਰ ਚੱਲਿਆ ਗਿਆ ਹੈ। 20 ਉਸ ਨੇ ਲੰਮੀ ਯਾਤਰਾ ਲਈ ਕਾਫ਼ੀ ਪੈਸੇ ਨਾਲ ਰੱਖੇ ਹੋਏ ਹਨ। ਉਹ ਦੋ ਹਫ਼ਤਿਆਂ ਤੋਂ ਪਹਿਲਾਂ ਘਰ ਨਹੀਂ ਆਵੇਗਾ।”
21 ਔਰਤ ਨੇ ਉਸ ਨੌਜਵਾਨ ਨੂੰ ਆਪਣੀ ਚੰਚਲਤਾ ਨਾਲ ਭਰਮਾਇਆ, ਉਸ ਨੇ ਉਸ ਨੂੰ ਆਪਣੇ ਕੂਲੇ ਸ਼ਬਦਾਂ ਨਾਲ ਬਹਿਕਾਇਆ। 22 ਅਤੇ ਉਹ ਨੌਜਵਾਨ ਉਸ ਦੇ ਪਿੱਛੇ ਲੱਗ ਕੇ ਜਾਲ ਵਿੱਚ ਫ਼ਸਣ ਆ ਗਿਆ। ਉਹ ਉਸ ਬਲਦ ਵਰਗਾ ਸੀ ਜਿਸਦੀ ਬਲੀ ਚੜ੍ਹਾਈ ਜਾਣ ਵਾਲੀ ਸੀ। ਉਹ ਜਾਲ ਵਿੱਚ ਫ਼ਸਣ ਜਾ ਰਹੇ ਹਿਰਣ ਵਰਗਾ ਸੀ, 23 ਜਦੋਂ ਤੱਕ ਉਸ ਦੇ ਦਿਲ ਵਿੱਚ ਤੀਰ ਨਾਂ ਵੱਜੇ, ਇੱਕ ਪੰਛੀ ਵਾਂਗ ਜੋ ਸਿੱਧਾ ਕੁੜਿੱਕੀ ਵੱਲ ਉੱਡ ਪਿਆ, ਅਤੇ ਉਸ ਨੂੰ ਕੋਈ ਕਲਪਨਾ ਨਹੀਂ ਉਹ ਆਪਣੀ ਜ਼ਿੰਦਗੀ ਗੁਆਉਣ ਹੀ ਵਾਲਾ ਹੈ।
24 ਇਸ ਲਈ ਹੁਣ ਪੁੱਤਰੋ, ਸੁਣੋ ਮੇਰੀ ਗੱਲ ਧਿਆਨ ਨਾਲ। ਜਿਹੜੇ ਸ਼ਬਦ ਮੈਂ ਬੋਲਦਾ ਹਾਂ ਉਨ੍ਹਾਂ ਵੱਲ ਧਿਆਨ ਦਿਓ। 25 ਆਪਣੇ ਦਿਲ ਨੂੰ ਉਸ ਦੇ ਰਾਹਾਂ ਵੱਲ ਭਟਕਣ ਨਾ ਦਿਓ, ਉਸ ਦੇ ਰਾਹਾਂ ਤੇ ਨਾ ਠਹਿਰੋ। 26 ਉਸ ਨੇ ਕਿੰਨੇ ਹੀ ਲੋਕਾਂ ਨੂੰ ਤਬਾਹ ਕੀਤਾ। ਜਿਨ੍ਹਾਂ ਲੋਕਾਂ ਨੂੰ ਉਸ ਨੇ ਤਬਾਹ ਕੀਤਾ ਉਨ੍ਹਾਂ ਦੀ ਗਿਣਤੀ ਬਹੁਤ ਵੱਡੀ ਹੈ। 27 ਉਸ ਦਾ ਘਰ ਮੌਤ ਵੱਲ ਅਗਵਾਈ ਕਰਦਾ, ਇਹ ਤੁਹਾਨੂੰ ਮੌਤ ਦੇ ਕੋਠੜੀਆਂ ਵੱਲ ਲੈ ਜਾਂਦਾ ਹੈ।
ਸਿਆਣਪ, ਇੱਕ ਨੇਕ ਔਰਤ
8 ਕੀ ਸਿਆਣਪ ਆਵਾਜ਼ ਨਹੀਂ ਮਾਰਦੀ?
ਕੀ ਸਮਝਦਾਰੀ ਆਪਣੀ ਆਵਾਜ਼ ਨਹੀਂ ਉੱਠਾਉਂਦੀ?
2 ਸਿਆਣਪ ਰਾਹ ਦੇ ਪਾਸੇ ਪਹਾੜੀ ਦੀ ਟੀਸੀ ਤੇ ਖਲੋਂਦੀ ਹੈ
ਜਿੱਥੇ ਰਸਤੇ ਮਿਲਦੇ ਹਨ।
3 ਸ਼ਹਿਰ ਦੇ ਫ਼ਾਟਕਾਂ ਤੇ,
ਖੁਲ੍ਹੇ ਦਰਵਾਜਿਆਂ ਤੇ ਉਹ ਰੋਂਦੀ ਹੈ।
4 ਮੈਂ ਤੁਸਾਂ ਲੋਕਾਂ ਨਾਲ ਗੱਲ ਕਰ ਰਹੀ ਹਾਂ,
“ਤੁਹਾਡੇ ਵੱਲ ਇਨਸਾਨੋ, ਮੈਂ ਆਪਣੀ ਆਵਾਜ਼ ਉੱਠਾਉਂਦੀ ਹਾਂ।
5 ਤੁਸੀਂ ਭੌਲੇ, ਲੋਕੋ, ਸਮਝ ਸਿੱਖੋ
ਅਤੇ ਤੁਸੀਂ ਮੂਰੱਖੋ, ਅਕਲਮੰਦੀ ਸਿੱਖੋ।
6 ਸੁਣੋ, ਜਿਹੜੀਆਂ ਗੱਲਾਂ ਮੈਂ ਤੁਹਾਨੂੰ ਸਿੱਖਾ ਰਹੀ ਹਾਂ ਉਚਿਤ ਹਨ।
ਅਤੇ ਜੋ ਮੇਰੇ ਬੁਲ੍ਹ ਘੋਸ਼ਿਤ ਕਰਦੇ ਹਨ ਧਰਮੀ ਹੈ।
7 ਮੇਰੇ ਮੂੰਹ ਵਿੱਚੋਂ ਸਿਰਫ਼ ਸੱਚ ਨਿਕਲਦਾ ਹੈ
ਕਿਉਂ ਕਿ ਮੇਰੇ ਬੁਲ੍ਹ ਬਦੀ ਨੂੰ ਨਫ਼ਰਤ ਕਰਦੇ ਹਨ।
8 ਆਖਦਾ ਹਾਂ ਮੈਂ ਜੋ ਗੱਲਾਂ ਸਹੀ ਨੇ।
ਰਤਾ ਨਹੀਂ ਝੂਠ ਜਾਂ ਗ਼ਲਤ ਮੇਰੇ ਸ਼ਬਦਾਂ ਵਿੱਚ।
9 ਸਿੱਖੇ ਹੋਏ ਆਦਮੀ ਜਾਣਦੇ ਹਨ
ਕਿ ਉਹ ਧਰਮੀ ਹਨ,
ਅਤੇ ਜੋ ਗਿਆਨ ਲੱਭ ਲੈਂਦੇ ਹਨ ਸਮਝ ਜਾਂਦੇ ਹਨ
ਕਿ ਉਹ ਸਹੀ ਹਨ।
10 ਚਾਂਦੀ ਦੀ ਬਜਾਏ ਮੇਰਾ ਅਨੁਸ਼ਾਸ਼ਨ ਲਵੋ,
ਸੋਨੇ ਦੀ ਬਜਾਏ ਸਮਝਦਾਰੀ ਨੂੰ ਚੁਣੋ।
11 ਬੁੱਧ ਮੋਤੀਆਂ ਨਾਲੋ ਵੀ ਵੱਧ ਉੱਤਮ ਹੈ।
ਉਸ ਨਾਲ ਕਿਸੇ ਦੀ ਵੀ ਤੁਲਨਾ ਨਹੀਂ ਕੀਤੀ ਜਾ ਸੱਕਦੀ।
ਸਿਆਣਪ ਕੀ ਕਰਦੀ ਹੈ
12 “ਮੈਂ ਸਿਆਣਪ ਹਾਂ,
ਮੈਂ ਗਿਆਨ ਦੇ ਨਾਲ ਰਹਿੰਦੀ ਹਾਂ
ਅਤੇ ਮੈਂ ਓਥੋਂ ਲੱਭਦੀ ਹਾਂ ਜਿੱਥੇ ਸੂਝ ਵੱਸਦੀ ਹੈ।
13 ਯਹੋਵਾਹ ਤੋਂ ਡਰਨਾ ਬਦੀ ਨੂੰ ਨਫ਼ਰਤ ਕਰਨਾ ਹੈ,
ਮੈਂ ਹੰਕਾਰ, ਆਕੜ, ਬਦ, ਵਿਹਾਰ,
ਅਤੇ ਦੁਸ਼ਟ ਗੱਲਾਂ ਨੂੰ ਨਫ਼ਰਤ ਕਰਦੀ ਹਾਂ।
14 ਮੇਰੇ ਕੋਲ ਸਲਾਹ ਹੈ, ਮੇਰੇ ਕੋਲ ਗਿਆਨ,
ਸਮਝਦਾਰੀ ਅਤੇ ਸ਼ਕਤੀ ਹੈ।
15 ਮੈਥੋਂ ਰਾਜੇ ਸ਼ਾਸਨ ਕਰਦੇ ਹਨ,
ਸ਼ਾਸਕ ਹੁਕਮ ਬਣਾਉਂਦੇ ਹਨ ਜੋ ਨਿਆਂਈ ਹਨ।
16 ਮੇਰੇ ਦੁਆਰਾ ਸ਼ਹਿਜਾਦੇ, ਅਤੇ ਸੱਜਣ
ਅਤੇ ਸਾਰੇ ਨਿਆਂਈ ਵੀ ਨਿਆਂਕਾਰ ਵੀ ਹਕੂਮਤ ਕਰਦੇ ਨੇ।
17 ਪਿਆਰ ਕਰਦੀ ਹਾਂ ਮੈਂ ਉਨ੍ਹਾਂ ਲੋਕਾਂ ਨੂੰ ਜੋ ਪਿਆਰ ਮੈਨੂੰ ਕਰਦੇ।
ਤੇ ਜੋ ਲੋਕ ਕਰਨਗੇ ਕਠਨ ਘਾਲਣਾ, ਮੈਨੂੰ ਲੱਭਣ ਲਈ ਲੱਭ ਲੈਣਗੇ ਮੈਨੂੰ ਉਹ।
18 ਪਾਸ ਹੈ ਮੇਰੇ ਦੌਲਤ ਅਤੇ ਇੱਜ਼ਤ,
ਮੈਂ ਦੌਲਤ ਅਤੇ ਧਰਮੀਅਤਾ ਦਿੰਦੀ ਹਾਂ ਜੋ ਸਦਾ ਰਹਿੰਦੀ ਹੈ।
19 ਮੇਰੇ ਫ਼ਲ ਖਾਲਸ ਸੋਨੇ ਨਾਲੋਂ ਬਿਹਤਰ ਹਨ,
ਜੋ ਕੁਝ ਵੀ ਮੈਂ ਪੈਦਾ ਕਰਦੀ ਹਾਂ ਸ਼ੁੱਧ ਚਾਂਦੀ ਨਾਲੋਂ ਵੀ ਬਿਹਤਰ ਹੈ।
20 ਮੈਂ ਨਿਆਂ ਦੇ ਰਾਹਾਂ ਦੇ ਨਾਲ-ਨਾਲ
ਧਰਮੀਅਤਾ ਦੇ ਰਾਹਾਂ ਤੇ ਚਲਦੀ ਹਾਂ।
21 ਦਿੰਦੀ ਹਾਂ ਮੈਂ ਦੌਲਤ ਉਨ੍ਹਾਂ ਲੋਕਾਂ ਨੂੰ ਜੋ ਕਰਨ ਪਿਆਰ ਮੈਨੂੰ
ਅਤੇ ਭਰ ਦਿੰਦੀ ਹਾਂ ਮੈਂ ਗੋਦਾਮ ਉਨ੍ਹਾਂ ਦੇ।
22 “ਸਭ ਤੋਂ ਪਹਿਲੀ ਗੱਲ ਯਹੋਵਾਹ ਨੇ ਕੀਤੀ, ਉਸ ਨੇ ਮੈਨੂੰ ਜੀਵਨ ਦਿੱਤਾ,
ਬਹੁਤ ਸਮਾਂ ਪਹਿਲਾਂ ਉਸ ਨੇ ਕੁਝ ਵੀ ਕਰਨ ਤੋਂ ਪਹਿਲਾਂ ਯਹੋਵਾਹ ਨੇ ਮੈਨੂੰ ਆਪਣੇ ਕੰਮ ਦੀ ਸ਼ੁਰੂਆਤ ਵੇਲੇ, ਆਪਣੇ ਪ੍ਰਾਚੀਨ ਸਮੇਂ ਦੇ ਕੰਮ ਤੋਂ ਪਹਿਲਾਂ ਮੈਨੂੰ ਬਣਾਇਆ।
23 ਮੈਂ ਲੰਘ ਚੁੱਕੀਆਂ ਉਮਰਾਂ ਵਿੱਚ ਬਹੁਤ ਪਹਿਲਾਂ,
ਦੁਨੀਆਂ ਦੀ ਸਾਜਣਾ ਤੋਂ ਪਹਿਲਾਂ ਸਾਜੀ ਗਈ ਸੀ।
24 ਬਣਾਇਆ ਗਿਆ ਸੀ ਮੈਨੂੰ ਸਾਗਰਾਂ ਤੋਂ ਪਹਿਲੋ,
ਬਣਾਇਆ ਗਿਆ ਸੀ ਮੈਨੂੰ ਪਾਣੀ ਤੋਂ ਪਹਿਲੋ।
25 ਮੈਂ ਪਰਬਤਾਂ ਨੂੰ ਇਨ੍ਹਾਂ ਦੀ ਜਗ੍ਹਾ ਸਥਾਪਿਤ ਕਰਨ ਤੋਂ ਪਹਿਲਾਂ ਬਣਾਈ ਗਈ ਸਾਂ, ਮੈਂ ਪਹਾੜੀਆਂ ਦੇ ਹੋਣ ਤੋਂ ਪਹਿਲਾਂ ਬਣਾਈ ਗਈ ਸੀ।
26 ਧਰਤੀ ਦੇ ਸਾਜੇ ਜਾਣ ਤੋਂ ਪਹਿਲਾਂ,
ਜਾਂ ਇਸਦੇ ਖੇਤਾਂ ਜਾਂ ਜਦੋਂ ਕਿਤੇ ਵੀ ਇਸ ਦੁਨੀਆਂ ਵਿੱਚ ਕੋਈ ਧੂੜ ਸੀ।
27 ਹਾਜ਼ਰ ਸਾਂ ਮੈਂ,
ਸਾਜਿਆ ਸੀ ਜਦੋਂ ਯਹੋਵਾਹ ਨੇ ਅਕਾਸ਼ਾਂ ਨੂੰ ਹਾਜ਼ਰ ਸਾਂ ਮੈਂ,
ਜਦੋਂ ਯਹੋਵਾਹ ਨੇ, ਖਿੱਚੀ ਸੀ ਲੀਕ ਧਰਤੀ ਦੁਆਲੇ ਤੇ ਹੱਦ ਬੰਨ੍ਹ ਦਿੱਤੀ ਸੀ ਸਾਗਰ ਦੀ।
28 ਜੰਮੀ ਸਾਂ ਮੈਂ ਪਹਿਲਾਂ,
ਫ਼ੇਰ ਯਹੋਵਾਹ ਨੇ ਰੱਖੇ ਸਨ ਬੱਦਲ ਆਕਾਸ਼ ਵਿੱਚ।
ਤੇ ਹਾਜ਼ਰ ਸਾਂ ਮੈਂ ਜਦੋਂ ਰੱਖਿਆ ਸੀ ਪਾਣੀ ਯਹੋਵਾਹ ਨੇ ਸਮੁੰਦਰ ਵਿੱਚ।
29 ਹਾਜ਼ਰ ਸਾਂ ਮੈਂ,
ਜਦੋਂ ਯਹੋਵਾਹ ਨੇ ਹੱਦਾਂ ਬੰਨ੍ਹੀਆਂ ਸਨ ਸਮੁੰਦਰਾਂ ਦੇ ਪਾਣੀ ਦੀਆਂ ਤਾਕਿ ਉੱਠ ਨਾ ਸੱਕੇ ਪਾਣੀ ਉਚੇਰਾ ਓਸਤੋਂ ਉਤੇ ਜਿਸਦੀ ਇਜਾਜ਼ਤ ਦਿੱਤੀ ਹੈ ਯਹੋਵਾਹ ਨੇ।
ਹਾਜ਼ਰ ਸਾਂ ਮੈਂ ਉਦੋਂ,
ਜਦੋਂ ਰੱਖੀਆਂ ਸਨ ਯਹੋਵਾਹ ਨੇ ਨੀਹਾਂ ਧਰਤੀ ਦੀਆਂ।
30 ਮੈਂ ਉਸ ਦੇ ਪਾਸੇ ਤੇ ਕਾਰੀਗਰ ਵਾਂਗ ਸਾਂ।
ਮੈਂ ਹਰ ਰੋਜ਼ ਉਸਦਾ ਆਨੰਦ ਸੀ,
ਮੈਂ ਹਰ ਸਮੇਂ ਉਸਦੀ ਹਜ਼ੂਰੀ ਵਿੱਚ ਆਨੰਦ ਮਾਣਿਆ।
31 ਮੈਂ ਉਸ ਦੀ ਦੁਨੀਆਂ ਵੇਖਣ ਲਈ ਖੁਸ਼ ਸਾਂ,
ਅਤੇ ਮਨੁੱਖਤਾ ਨਾਲ ਪ੍ਰਸੰਨ ਸਾਂ।
32 “ਹੁਣ, ਬਚਿਓ, ਸੁਣੋ ਮੇਰੀ ਗੱਲ, ਕੰਨ ਧਰਕੇ!
ਪ੍ਰਸੰਨ ਹੋ ਸੱਕਦੇ ਹੋ ਤੁਸੀਂ ਵੀ
ਜੇ ਤੁਸੀਂ ਚੱਲੋਂਗੇ ਮੇਰੇ ਰਾਹਾਂ ਉੱਤੇ!
33 ਮੇਰੀ ਸਿੱਖਿਆ ਨੂੰ ਸੁਣੋ ਅਤੇ ਸਿਆਣੇ ਬਣ ਜਾਓ,
ਇਸਦੀ ਲਾਪਰਵਾਹੀ ਨਾ ਕਰੋ।
34 ਸੁਣਦਾ ਹੈ ਜੋ ਵੀ ਬੰਦਾ ਮੇਰੀ ਗੱਲ ਨੂੰ ਧੰਨ ਹੈ ਉਹ।
ਨਿਗਰਾਨੀ ਕਰਦਾ ਹੈ ਜਿਹੜਾ ਹਰ ਦਿਨ ਮੇਰੇ ਦਰ ਉੱਤੇ।
ਇੰਤਜ਼ਾਰ ਕਰਦਾ ਹੈ ਜਿਹੜਾ ਮੇਰੇ ਲਈ, ਮੇਰੇ ਦਰ ਉੱਤੇ।
35 ਲੱਭ ਲੈਂਦਾ ਹੈ ਜੋ ਵੀ ਬੰਦਾ ਮੈਨੂੰ, ਲੱਭ ਲੈਂਦਾ ਹੈ ਓਹ ਜ਼ਿੰਦਗੀ ਨੂੰ,
ਹਾਸਿਲ ਕਰੇਗਾ ਮਿਹਰ ਉਹ ਯਹੋਵਾਹ ਪਾਸੋਂ!
36 ਪਰ ਜਿਹੜਾ ਵਿਅਕਤੀ ਮੈਨੂੰ ਲੱਭਣ ’ਚ ਨਾਕਾਮ ਹੋ ਜਾਂਦਾ ਹੈ,
ਆਪਣੀ ਹੀ ਜ਼ਿੰਦਗੀ ਨੂੰ ਉਜਾੜ ਲੈਂਦਾ ਹੈ।
ਕੋਈ ਵੀ, ਜੋ ਮੈਨੂੰ ਨਫ਼ਰਤ ਕਰਦਾ ਮੌਤ ਨੂੰ ਪਿਆਰ ਕਰਦਾ।”
ਸਿਆਣਪ ਅਤੇ ਮੂਰੱਖਤਾ
9 ਸਿਆਣਪ ਨੇ ਆਪਣਾ ਘਰ ਉਸਾਰਿਆ। ਉਸ ਨੇ ਇਸਦੇ ਸੱਤ ਥੰਮਾਂ [a] ਨੂੰ ਘੜਿਆ। 2 ਉਸ ਨੇ ਆਪਣਾ ਮਾਸ ਤਿਆਰ ਕੀਤਾ, ਆਪਣੀ ਮੈਅ ਮਿਲਾਈ ਅਤੇ ਆਪਣਾ ਮੇਜ ਤਿਆਰ ਕੀਤਾ। 3 ਉਸ ਨੇ ਆਪਣੇ ਨੌਕਰਾਂ ਨੂੰ ਬਾਹਰ ਭੇਜ ਦਿੱਤਾ ਅਤੇ ਸ਼ਹਿਰ ਦੀ ਪਹਾੜੀ ਤੋਂ ਪੁਕਾਰਦੀ ਹੈ: 4 “ਸਿੱਧੇ-ਸਾਧੇ ਲੋਕ ਇੱਥੇ ਇਕੱਠੇ ਹੋ ਜਾਣ”, ਉਹ ਉਨ੍ਹਾਂ ਵੱਲ ਮੁਖਾਤਬ ਹੁੰਦੀ ਹੈ ਜਿੰਨ੍ਹਾਂ ਨੂੰ ਸਮਝ ਦੀ ਕਮੀ ਹੈ, 5 “ਆਓ, ਤੇ ਮੇਰੀ ਸਿਆਣਪ ਦਾ ਭੋਜਨ ਛਕੋ। ਤੇ ਉਸ ਮੈਅ ਨੂੰ ਵੀ ਛਕੋ ਜੋ ਮੈਂ ਤਿਆਰ ਕੀਤੀ ਹੈ। 6 ਆਪਣੇ ਮੂਰਖ ਦੋਸਤਾਂ ਨੂੰ ਪਿੱਛੇ ਛੱਡ ਦਿਓ, ਫ਼ੇਰ ਤੁਸੀਂ ਜਿਉਂਗੇ, ਮਿਹਨਤ ਨਾਲ ਸਮਝਦਾਰੀ ਦੇ ਰਾਹ ਤੇ ਚੱਲੋ।”
7 ਕੋਈ ਵੀ ਜੋ ਉਸ ਵਿਅਕਤੀ ਨੂੰ ਸੁਧਾਰਨ ਦੀ ਕੋਸ਼ਿਸ ਕਰਦਾ ਜੋ ਹੋਰਨਾਂ ਨੂੰ ਟਿੱਚਰ ਕਰਦਾ, ਬੇਇੱਜ਼ਤ ਹੁੰਦਾ ਹੈ। ਇੰਝ ਹੀ ਕੋਈ ਵੀ ਵਿਅਕਤੀ ਜਿਹੜਾ ਬੁਰੇ ਬੰਦੇ ਨੂੰ ਝਿੜਕਦਾ, ਉਹ ਸੱਟ ਖਾਂਦਾ ਹੈ। 8 ਉਸ ਵਿਅਕਤੀ ਨੂੰ ਨਾ ਝਿੜਕੋ ਜੋ ਦੂਸਰਿਆਂ ਨੂੰ ਟਿੱਚਰ ਕਰਦਾ, ਕਿਉਂ ਜੋ ਉਹ ਤੁਹਾਨੂੰ ਨਫ਼ਰਤ ਕਰੇਗਾ, ਪਰ ਜੇਕਰ ਤੁਸੀਂ ਸਿਆਣੇ ਵਿਅਕਤੀ ਨੂੰ ਝਿੜਕੋਂਗੇ, ਉਹ ਤੁਹਾਨੂੰ ਪਿਆਰ ਕਰੇਗਾ। 9 ਕਿਸੇ ਸਿਆਣੇ ਬੰਦੇ ਨੂੰ ਸਿੱਖਿਆ ਦੇਵੋ ਅਤੇ ਉਹ ਹੋਰ ਸਿਆਣਾ ਬਣ ਜਾਵੇਗਾ। ਜੇ ਤੁਸੀਂ ਕਿਸੇ ਸਿੱਖਿਆ ਪ੍ਰਾਪਤ ਬੰਦੇ ਨੂੰ ਸਿੱਖਿਆ ਦੇਵੋਂਗੇ, ਅਤੇ ਉਹ ਆਪਣਾ ਗਿਆਨ ਵੱਧਾਅ ਲਵੇਗਾ।
10 ਸਿਆਣਪ ਵੱਲ ਪਹਿਲਾ ਕਦਮ ਯਹੋਵਾਹ ਤੋਂ ਡਰਨਾ ਹੈ, ਪਵਿੱਤਰ ਲੋਕਾਂ ਨੂੰ ਜਾਨਣਾ ਗਿਆਨ ਨੂੰ ਹਾਸਿਲ ਕਰਨਾ ਹੈ। 11 ਮੇਰੇ ਕਾਰਣ, “ਸਿਆਣਪ ਆਖਦੀ ਹੈ”, ਤੁਹਾਡੀ ਜ਼ਿੰਦਗੀ ਦੇ ਦਿਨ ਅਤੇ ਸਾਲ ਵੱਧ ਜਾਣਗੇ। 12 ਜੇਕਰ ਤੁਸੀਂ ਸਿਆਣੇ ਹੋ, ਇਹ ਤੁਸੀਂ ਹੀ ਹੋ ਜੋ ਫ਼ਾਇਦੇ ’ਚ ਹੋਵੋਂਗੇ, ਅਤੇ ਜੇਕਰ ਤੁਸੀਂ ਮਜਾਕੀਏ ਹੋ, ਇਹ ਤੁਸੀਂ ਇੱਕਲੇ ਹੀ ਹੋਵੋਂਗੇ ਜੋ ਭੁਗਤੋਂਗੇ।
ਦੂਸਰੀ ਔਰਤ ਦੀ ਮੂਰੱਖਤਾ
13 ਔਰਤ ਦੀ ਮੂਰੱਖਤਾਈ ਸ਼ੋਰ-ਸਰਾਬੀ ਹੁੰਦੀ ਹੈ, ਉਹ ਨਾਵਾਕਫ਼ ਹੈ ਅਤੇ ਕੁਝ ਨਹੀਂ ਜਾਣਦੀ। 14 ਉਹ ਆਪਣੇ ਘਰ ਦੇ ਦਰਵਾਜ਼ੇ ਉੱਤੇ ਬੈਠੀ ਹੁੰਦੀ ਹੈ। ਉਹ ਸ਼ਹਿਰ ਦੀ ਪਹਾੜੀ ਉੱਤੇ ਕੁਰਸੀ ਤੇ ਬੈਠੀ ਹੁੰਦੀ ਹੈ। 15 ਉਹ ਉਨ੍ਹਾਂ ਨੂੰ ਆਵਾਜ਼ ਮਾਰਦੀ ਹੈ, ਜੋ ਸਿੱਧੇ ਰਾਹ ਤੇ ਜਾ ਰਹੇ ਹੁੰਦੇ ਹਨ। 16 ਆਮ ਲੋਕ, “ਇੱਥੇ ਇਕੱਠੇ ਹੋ ਜਾਣ, ਉਹ ਉਨ੍ਹਾਂ ਵੱਲ ਮੁਖਾਤਬ ਹੁੰਦੀ ਹੈ ਜਿਨ੍ਹਾਂ ਨੂੰ ਸਮਝ ਦੀ ਕਮੀ ਹੈ। 17 ਚੁਰਾਇਆ ਹੋਇਆ ਪਾਣੀ ਮਿੱਠਾ ਹੈ, ਚੁਰਾਈ ਹੋਈ ਰੋਟੀ ਸਵਾਦਿਸ਼ਟ ਹੈ।” 18 ਪਰ ਮੂਰਖ ਲੋਕ ਨਹੀਂ ਜਾਣਦੇ ਕਿ ਉਸਦਾ ਘਰ ਭੂਤਾਂ ਲਈ ਹੈ। ਅਤੇ ਉਸ ਦੇ ਮਹਿਮਾਨ ਕਬਰਾਂ ਵਿੱਚ ਲੇਟੇ ਹੋਏ ਹਨ।
2010 by World Bible Translation Center