Print Page Options
Previous Prev Day Next DayNext

Beginning

Read the Bible from start to finish, from Genesis to Revelation.
Duration: 365 days
Punjabi Bible: Easy-to-Read Version (ERV-PA)
Version
ਕਹਾਉਤਾਂ 4-6

ਸਿਆਣਪ ਦਾ ਮਹੱਤਵ

ਪੁੱਤਰੋ, ਆਪਣੇ ਪਿਤਾ ਦੀਆਂ ਹਿਦਾਇਤਾਂ ਨੂੰ ਸੁਣੋ ਅਤੇ ਸਮਝਦਾਰੀ ਕਮਾਉਣ ਲਈ ਧਿਆਨ ਦੇਵੋ! ਮੈਂ ਤੁਹਾਨੂੰ ਇੱਕ ਚੰਗਾ ਸਬਕ ਦਿੰਦਾ ਹਾਂ। ਮੇਰੀਆਂ ਸਿੱਖਿਆਵਾਂ ਨੂੰ ਨਾ ਵਿਸਾਰੋ।

ਕਿਉਂ ਜੋ ਮੈਂ ਵੀ ਆਪਣੇ ਪਿਤਾ ਦਾ ਪੁੱਤਰ ਸਾਂ, ਆਪਣੀ ਮਾਂ ਦਾ ਇੱਕੋ ਇੱਕ ਪੁੱਤਰ, ਅਤੇ ਉਸ ਨੇ ਮੈਨੂੰ ਸਿੱਖਾਇਆ ਅਤੇ ਆਖਿਆ, “ਹਮੇਸ਼ਾ ਮੇਰੀ ਸਲਾਹ ਨੂੰ ਆਪਣੇ ਦਿਲ ਵਿੱਚ ਰੱਖੋ ਅਤੇ ਜੇਕਰ ਤੁਸੀਂ ਮੇਰੇ ਹੁਕਮਾਂ ਦਾ ਪਾਲਣ ਕਰੋਂਗੇ ਤੁਸੀਂ ਜੀਵੋਂਗੇ! ਸਿਆਣਪ ਹਾਸਿਲ ਕਰੋ! ਗਿਆਨ ਹਾਸਿਲ ਕਰੋ! ਮੇਰੇ ਸ਼ਬਦਾਂ ਨੂੰ ਨਾ ਭੁੱਲਣਾ। ਅਤੇ ਉਨ੍ਹਾਂ ਤੋਂ ਬਦਲ ਨਾ ਜਾਣਾ। ਸਿਆਣਪ ਤੋਂ ਬੇਮੁਖ ਨਾ ਹੋਣਾ ਤਦ ਉਹ ਤੁਹਾਡੀ ਰੱਖਿਆ ਕਰੇਗੀ। ਉਸ ਨੂੰ ਪਿਆਰ ਕਰੋ, ਅਤੇ ਉਹ ਤੁਹਾਨੂੰ ਸੁਰੱਖਿਅਤ ਰੱਖੇਗੀ।

“ਸਿਆਣਪ ਨੂੰ ਹਾਸਿਲ ਕਰਨਾ ਸ਼ੁਰੂ ਕਰਨਾ ਹੀ ਸਿਆਣਪ ਦੀ ਸ਼ੁਰੂਆਤ ਹੈ। ਆਪਣੇ ਕੋਲ ਹੁੰਦੇ ਹਰ ਚੀਜ ਦੀ ਕੀਮਤ ਤੇ ਵੀ ਸਮਝਦਾਰੀ ਨੂੰ ਹਾਸਿਲ ਕਰੋ। ਅਕਲਮੰਦੀ ਨੂੰ ਕੁਝ ਮਹੱਤਵ ਦਿਓ, ਉਹ ਤੁਹਾਨੂੰ ਮਹਾਨ ਉਚਾਈਆਂ ਤੇ ਲੈ ਜਾਵੇਗੀ। ਇਸ ਨੂੰ ਗਲ ਲਾਓ, ਉਹ ਤੁਹਾਡਾ ਆਦਰ ਕਰੇਗੀ। ਉਹ ਤੁਹਾਡੇ ਸਿਰ ਤੇ ਖੂਬਸ਼ੂਰਤ ਫੁੱਲਾਂ ਦਾ ਹਾਰ ਪਾਵੇਗੀ ਅਤੇ ਤੁਹਾਨੂੰ ਮਹਿਮਾ ਦਾ ਇੱਕ ਤਾਜ ਦੇਵੇਗੀ।”

10 ਬੇਟੇ, ਮੇਰੀ ਗੱਲ ਧਿਆਨ ਨਾਲ ਸੁਣੋ। ਉਹੀ ਗੱਲਾਂ ਕਰੋ ਜੋ ਮੈਂ ਆਖਦਾ ਹਾਂ ਅਤੇ ਤੁਸੀਂ ਲੰਮੀ ਉਮਰ ਭੋਗੋਂਗੇ। 11 ਮੈਂ ਤੁਹਾਨੂੰ ਸਿਆਣਪ ਦਾ ਰਾਹ ਵਿਖਾਵਾਂਗਾ, ਅਤੇ ਸਿੱਧੇ ਰਾਹਾਂ ਤੇ ਤੁਹਾਡੀ ਅਗਵਾਈ ਕਰਾਂਗਾ। 12 ਜਿਵੇਂ ਤੁਸੀਂ ਇਸ ਰਾਹ ਤੇ ਤੁਰੋਗੇ, ਤੁਹਾਡੇ ਪੈਰ ਕਦੇ ਵੀ ਕਿਸੇ ਰੁਕਾਵਟ ਵਿੱਚ ਨਹੀਂ ਫ਼ਸਣਗੇ। ਤੁਸੀਂ ਦੌੜ ਸੱਕੋਂਗੇ ਅਤੇ ਡਿੱਗੋਂਗੇ ਨਹੀਂ। ਜੋ ਗੱਲਾਂ ਵੀ ਤੁਸੀਂ ਕਰਨ ਦੀ ਕੋਸ਼ਿਸ਼ ਕਰੋਂਗੇ ਤੁਸੀਂ ਸੁਰੱਖਿਅਤ ਰਹੋਂਗੇ। 13 ਅਨੁਸ਼ਾਸ਼ਨ ਉੱਤੇ ਟਿਕੇ ਰਹੋ ਇਸ ਨੂੰ ਨਾ ਛੱਡੋ ਇਸਦੀ ਰੱਖਿਆ ਕਰੋ-ਇਹ ਤੁਹਾਡਾ ਜੀਵਨ ਹੈ।

14 ਦੁਸ਼ਟ ਲੋਕਾਂ ਦੇ ਰਾਹ ਤੇ ਨਾ ਚੱਲੋ, ਬਦ ਲੋਕਾਂ ਦੇ ਰਾਹ ਤੇ ਆਪਣੇ-ਆਪ ਦਾ ਨਿਰਦੇਸ਼ਨ ਨਾ ਕਰੋ। 15 ਇਸ ਤੋਂ ਦੂਰ ਰਹੋ ਇਸਤੇ ਸਫ਼ਰ ਨਾ ਕਰੋ ਮੁੜ ਵਾਪਸ ਚੱਲੇ ਜਾਓ। ਆਪਣੇ ਰਾਹ ਤੇ ਚੱਲੇ ਜਾਓ। 16 ਕਿਉਂ ਕਿ ਅਜਿਹੇ ਬੁਰੇ ਲੋਕ ਜੁਰਮ ਕੀਤੇ ਬਿਨਾ, ਸੌਂ ਨਹੀਂ ਸੱਕਦੇ। ਉਹ ਲੋਕ ਉਦੋਂ ਤੱਕ ਸੌਂ ਨਹੀਂ ਸੱਕਦੇ ਜਦੋਂ ਤੱਕ ਕਿ ਕਿਸੇ ਹੋਰ ਬੰਦੇ ਨੂੰ ਦੁੱਖੀ ਨਹੀਂ ਕਰਦੇ। 17 ਉਹ ਲੋਕ ਮੰਦਾ ਕੰਮ ਕਰਨ ਅਤੇ ਹੋਰਨਾਂ ਨੂੰ ਦੁੱਖ ਦੇਣ ਤੋਂ ਬਿਨਾਂ ਜਿਉਂ ਨਹੀਂ ਸੱਕਦੇ।

18 ਪਰ ਧਰਮੀ ਲੋਕਾਂ ਦਾ ਰਾਹ ਪ੍ਰਭਾਤ ਦੀ ਰੋਸ਼ਨੀ ਵਰਗਾ ਹੈ ਜਿਹੜੀ ਪੂਰਾ ਦਿਨ ਚੜ੍ਹ੍ਹਨ ਤੀਕ ਉਜਵਲ ਹੁੰਦੀ ਜਾਂਦੀ ਹੈ। 19 ਪਰ ਦੁਸ਼ਟ ਲੋਕਾਂ ਦਾ ਰਾਹ ਕਾਲੇ ਹਨੇਰੇ ਵਰਗਾ ਹੈ, ਉਹ ਨਹੀਂ ਜਾਣਦੇ ਉਹ ਕਾਹਦੇ ਉੱਤੇ ਡਿੱਗ ਪਏ।

20 ਮੇਰੇ ਬੇਟੇ, ਜੋ ਗੱਲਾਂ ਮੈਂ ਆਖਦਾ ਹਾਂ ਉਨ੍ਹਾਂ ਵੱਲ ਧਿਆਨ ਦਿਓ। ਮੇਰੇ ਸ਼ਬਦਾਂ ਨੂੰ ਗੌਰ ਨਾਲ ਸੁਣੋ। 21 ਇਨ੍ਹਾਂ ਨੂੰ ਆਪਣੀ ਦ੍ਰਿਸ਼ਟੀ ਤੋਂ ਪਰ੍ਹਾਂ ਨਾ ਹੋਣ ਦਿਓ, ਇਨ੍ਹਾਂ ਨੂੰ ਧਿਆਨ ਨਾਲ ਆਪਣੇ ਦਿਲ ਵਿੱਚ ਰੱਖ ਲਵੋ। 22 ਉਨ੍ਹਾਂ ਲੋਕਾਂ ਲਈ ਜਿਨ੍ਹਾਂ ਨੇ ਉਨ੍ਹਾਂ ਨੂੰ ਭਾਲ ਲਿਆ ਕਿ ਉਹ ਜੀਵਨ ਹਨ। ਇਹ ਪੂਰੇ ਸਰੀਰ ਨੂੰ ਤੰਦਰੁਸਤ ਰੱਖਦੇ ਹਨ। 23 ਸਭ ਤੋਂ ਮਹੱਤਵਪੂਰਣ ਗੱਲ ਇਹ ਹੈ ਕਿ ਤੁਹਾਨੂੰ ਆਪਣੀਆਂ ਸੋਚਾਂ ਬਾਰੇ ਸਾਵੱਧਾਨ ਰਹਿਣਾ ਚਾਹੀਦਾ ਹੈ, ਕਿਉਂ ਕਿ ਇਹ ਨਿਸ਼ਚਾ ਕਰਦੀਆਂ ਹਨ ਕਿ ਤੁਹਾਡੇ ਜੀਵਨ ਵਿੱਚ ਕੀ ਵਾਪਰੇਗਾ।

24 ਬੇਈਮਾਨ ਗੱਲਾਂ ਨੂੰ ਆਪਣੇ-ਆਪ ਤੋਂ ਦੂਰ ਰੱਖੋ, ਗੁੰਝਲਦਾਰ ਸ਼ਬਦਾਂ ਨੂੰ ਕਿਤੇ ਵੀ ਆਪਣੇ ਨੇੜੇ ਨਾ ਹੋਣ ਦਿਓ। 25 ਸਿਰਫ਼ ਸਿੱਧੇ ਅਗਾਂਹ ਵੇਖੋ, ਆਪਣੀਆਂ ਅੱਖਾਂ ਸਿੱਧੀਆਂ ਆਪਣੇ ਸਾਹਮਣੇ ਨਿਰਧਾਰਿਤ ਕਰੋ। 26 ਆਪਣੇ ਪੈਰਾਂ ਲਈ ਰਾਹ ਦਾ ਸਰਵੇਖਣ ਕਰੋ ਅਤੇ ਤੁਹਾਡੇ ਸਾਰੇ ਰਾਹ ਦ੍ਰਿੜ ਹੋਣ। 27 ਸੱਜੇ ਜਾਂ ਖੱਬੇ ਨਾ ਮੁੜੋ। ਆਪਣੇ-ਆਪ ਨੂੰ ਬਦੀ ਤੋਂ ਦੂਰ ਰੱਖੋ।

ਵਿਭਚਾਰ ਤੋਂ ਬਚਣ ਦੀ ਸਿਆਣਪ

ਮੇਰੇ ਬੇਟੇ, ਮੇਰੀ ਸਿਆਣਪ ਵੱਲ ਧਿਆਨ ਦਿਓ। ਮੇਰੇ ਸਮਝਦਾਰੀ ਦੇ ਸ਼ਬਦਾਂ ਤੂੰ ਧਿਆਨ ਨਾਲ ਸੁਣੋ। ਤਾਂ ਜੋ ਤੁਸੀਂ ਵਿਵੇਕ ਨੂੰ ਕਾਇਮ ਰੱਖ ਸੱਕੋਂ ਅਤੇ ਤਾਂ ਜੋ ਤੁਸੀ ਸਮਝਦਾਰੀ ਨਾਲ ਬੋਲ ਸੱਕੋਂ। ਇੱਕ ਪਰਾਈ ਔਰਤ ਆਪਣੇ ਬੁਲ੍ਹਾਂ ਵਿੱਚੋਂ ਚੋਂਦੇ ਸ਼ਹਿਦ ਵਾਂਗ ਬਹੁਤ ਮਿੱਠਾ ਬੋਲਦੀ ਹੈ, ਉਸਦਾ ਮੂੰਹ ਤੇਲ ਨਾਲੋਂ ਵੀ ਚਿਕਨਾ ਹੈ। ਪਰ ਅਖੀਰ ਵਿੱਚ, ਉਹ ਕੁੜਤਨ ਅਤੇ ਦੁੱਖ ਹੀ ਪ੍ਰਦਾਨ ਕਰੇਗੀ। ਇਹ ਕੌੜੀ ਜ਼ਹਿਰ ਅਤੇ ਤਿੱਖੀ ਤਲਵਾਰ ਵਰਗੀ ਗੱਲ ਹੋਵੇਗੀ! ਉਸ ਦੇ ਪੈਰ ਮੌਤ ਵੱਲ ਜਾ ਰਹੇ ਹਨ। ਉਸਦੀਆਂ ਪੈਂੜਾ ਕਬਰ ਵੱਲ ਅਗਵਾਈ ਕਰ ਰਹੀਆਂ ਹਨ। ਉਸ ਦੇ ਪਿੱਛੇ ਨਾ ਲੱਗੋ! ਉਸ ਨੇ ਸਹੀ ਰਾਹ ਛੱਡ ਦਿੱਤਾ ਹੈ ਅਤੇ ਇਸ ਬਾਰੇ ਜਾਣਦੀ ਵੀ ਨਹੀਂ! ਸਾਵੱਧਾਨ ਰਹੋ! ਉਸ ਰਾਹ ਪਵੋ ਜਿਹੜਾ ਜੀਵਨ ਵੱਲ ਲੈ ਜਾਂਦਾ ਹੈ।

ਵਿਭਚਾਰ ਤੁਹਾਨੁੰ ਤਬਾਹ ਕਰ ਸੱਕਦਾ ਹੈ

ਅਤੇ ਹੁਣ ਪੁੱਤਰੋ, ਮੇਰੀ ਗੱਲ ਸੁਣੋ। ਜਿਹੜੇ ਸ਼ਬਦ ਮੈਂ ਬੋਲਦਾ ਹਾਂ ਉਨ੍ਹਾਂ ਨੂੰ ਭੁੱਲਣਾ ਨਹੀਂ। ਉਸ ਰਾਹ ਤੋਂ ਦੂਰ ਰਹੋ ਜਿਸ ਤੋਂ ਦੀ ਉਹ ਜਾਂਦੀ ਹੈ, ਉਸ ਦੇ ਘਰ ਦੇ ਦਰਵਾਜ਼ੇ ਦੇ ਨੇੜੇ ਵੀ ਨਾ ਆਓ। ਨਹੀਂ ਤਾਂ ਤੁਸੀਂ ਆਪਣਾ ਸਤਿਕਾਰ ਕਿਸੇ ਹੋਰ ਨੂੰ ਅਤੇ ਆਪਣੀ ਜ਼ਿੰਦਗੀ ਕਿਸੇ ਜ਼ੁਲਮੀ ਨੂੰ ਦੇ ਦੇਵੋਂਗੇ। 10 ਅਤੇ ਅਜਨਬੀ ਤੁਹਾਡੀ ਦੌਲਤ ਖਰਚਣਗੇ ਅਤੇ ਤੁਹਾਡੀ ਸਖਤ ਮਿਹਨਤ ਦਾ ਫ਼ਲ ਕਿਸੇ ਅਜਨਬੀ ਦੇ ਟੱਬਰ ਦੁਆਰਾ ਮਾਣਿਆ ਜਾਵੇਗਾ। 11 ਜਿਵੇਂ ਹੀ ਤੁਹਾਡੇ ਜੀਵਨ ਦਾ ਅੰਤ ਆਵੇਗਾ ਤੁਸੀਂ ਕਰਾਹੋਂਗੇ, ਜਦੋਂ ਤੁਹਾਡਾ ਸਰੀਰ ਤਬਾਹ ਹੋ ਜਾਵੇਗਾ। 12 ਫ਼ੇਰ ਤੁਸੀਂ ਆਖੋਂਗੇ, “ਜਿਵੇਂ ਮੈਂ ਅਨੁਸ਼ਾਸਿਤ ਹੋਣ ਨੂੰ ਨਫ਼ਰਤ ਕੀਤੀ: ਜਿਵੇਂ ਮੈਂ ਝਿੜਕੇ ਜਾਣ ਨੂੰ ਤਿਰਸੱਕਾਰਿਆ 13 ਮੈਂ ਆਪਣੇ ਮਾੱ-ਬਾਪ ਦੀ ਆਵਾਜ਼ ਨਹੀਂ ਸੁਣੀ ਅਤੇ ਮੇਰੇ ਉਸਤਾਦਾਂ ਵੱਲ ਧਿਆਨ ਨਹੀਂ ਦਿੱਤਾ। 14 ਹੁਣ ਮੈਂ ਲਗਭਗ ਪੂਰੀ ਤਰ੍ਹਾਂ, ਸਾਰੀ ਦੁਨੀਆਂ ਦੇ ਸਾਹਮਣੇ ਤਬਾਹ ਹੋ ਚੁੱਕਿਆ ਹ੍ਹਾਂ।”

15 ਆਪਣੇ ਹੀ ਟੋਏ ਦਾ ਪਾਣੀ ਪੀਓ। ਅਤੇ ਆਪਣੇ ਪਾਣੀ ਨੂੰ ਗਲੀਆਂ ਵਿੱਚ ਨਾ ਵਗਣ ਦਿਓ। 16 ਤੁਹਾਨੂੰ ਸਿਰਫ਼ ਆਪਣੀ ਹੀ ਪਤਨੀ ਨਾਲ ਜਿਨਸੀ ਸੰਬੰਧ ਰੱਖਣੇ ਚਾਹੀਦੇ ਹਨ। ਆਪਣੇ ਘਰ ਤੋਂ ਬਾਹਰ ਦੇ ਬੱਚਿਆਂ ਦੇ ਪਿਓ ਨਾ ਬਣੋ। 17 ਤੁਹਾਡੇ ਬੱਚੇ ਸਿਰਫ਼ ਤੁਹਾਡੇ ਹੀ ਹੋਣੇ ਚਾਹੀਦੇ ਹਨ। ਤੁਹਾਨੂੰ ਆਪਣੇ ਘਰ ਤੋਂ ਬਾਹਰਲੇ ਲੋਕਾਂ ਨਾਲ ਉਨ੍ਹਾਂ ਨੂੰ ਸਾਂਝਾ ਨਹੀਂ ਕਰਨਾ ਚਾਹੀਦਾ। 18 ਤੁਹਾਡੀ ਪਤਨੀ ਸੁੰਦਰ ਹਿਰਨੀ ਹੋਵੇ ਉਸ ਪਤਨੀ ਵਿੱਚ ਆਨੰਦ ਮਾਣੋ ਜਿਸ ਨਾਲ ਤੁਸੀਂ ਜਦੋਂ ਜਵਾਨ ਸੀ ਵਿਆਹ ਕੀਤਾ ਸੀ। 19 ਉਹ ਖੂਬਸੂਰਤ ਹਿਰਣੀ ਤੇ ਇੱਕ ਪਿਆਰੀ ਹਰਨੋਟੀ ਹੋਵੇ। ਉਸਦੀਆਂ ਛਾਤੀਆਂ ਤੋਂ ਤੈਨੂੰ ਸੰਤੁਸ਼ਟੀ ਮਿਲੇ ਅਤੇ ਉਸਦਾ ਪਿਆਰ ਤੈਨੂੰ ਹਮੇਸ਼ਾ ਮਦਮਸਤ ਕਰੇ! 20 ਮੇਰੇ ਪੁੱਤਰ, ਤੁਸੀਂ ਕਿਸੇ ਪਰਾਈ ਔਰਤ ਨਾਲ ਭੁੱਲ ਵਿੱਚ ਕਿਉਂ ਪਵੋਂ? ਤੁਸੀਂ ਕਿਸੇ ਪਰਾਈ ਔਰਤ ਨੂੰ ਗਲ ਕਿਉਂ ਲਾਵੋਂ?

21 ਯਹੋਵਾਹ ਵਿਅਕਤੀ ਦੇ ਹਰ ਕਦਮ ਨੂੰ ਵੇਖਦਾ ਅਤੇ ਵਿਅਕਤੀ ਦੇ ਸਾਰੇ ਅਮਲਾਂ ਨੂੰ ਤੋਲਦਾ ਹੈ। 22 ਬੁਰੇ ਬੰਦੇ ਦੀਆਂ ਕਰਨੀਆਂ ਉਸ ਨੂੰ ਫ਼ਸਾ ਲੈਂਦੀਆਂ ਹਨ, ਉਹ ਆਪਣੇ ਪਾਪਾਂ ਨਾਲ ਬੰਨ੍ਹਿਆ ਜਾਂਦਾ ਹੈ ਜਿਵੇਂ ਇੱਕ ਰੱਸੀ ਨਾਲ ਬੰਨ੍ਹਿਆ ਗਿਆ ਹੋਵੇ। 23 ਬਦ ਆਦਮੀ ਆਪਣੀ ਅਨੁਸ਼ਾਸਨਹੀਨਤਾ ਕਾਰਣ ਮਰ ਜਾਂਦਾ ਹੈ, ਉਸ ਦੀ ਬੇਵਕੂਫ਼ੀ ਉਸ ਨੂੰ ਗੁਮਰਾਹ ਕਰ ਦਿੰਦੀ ਹੈ।

ਕਰਜੇ ਦੇ ਖੱਤਰੇ

ਮੇਰੇ ਬੇਟੇ, ਕਿਸੇ ਹੋਰ ਬੰਦੇ ਦੇ ਕਰਜ਼ ਦੀ ਜਿੰਮੇਵਾਰੀ ਨਾ ਚੁੱਕੋ। ਕੀ ਤੁਸੀਂ ਉਸ ਬੰਦੇ ਦਾ ਕਰਜ਼ਾ ਮੋੜਨ ਦਾ ਇਕਰਾਰ ਕੀਤਾ ਹੈ, ਜੇਕਰ ਤੁਸੀਂ ਕਿਸੇ ਹੋਰ ਦੇ ਕਰਜ਼ ਦੇ ਜਿੰਮੇਵਾਰ ਹੋਣ ਲਈ ਇਹ ਵਾਇਦਾ ਕਰਦਿਆਂ ਹੋਇਆਂ ਹੱਥ ਹਿਲਾਵੋਂ। ਜੇਕਰ ਤੁਸੀਂ ਆਪਣੇ ਹੀ ਸ਼ਬਦਾਂ ਵਿੱਚ ਫ਼ਸ ਗਏ ਹੋਂ, ਜੇਕਰ ਤੁਸੀਂ ਖੁਦ ਦੇ ਸ਼ਬਦਾਂ ਵਿੱਚ ਹੀ ਅਟਕ ਗਏ ਹੋਂ। ਤਾਂ ਮੇਰੇ ਪੁੱਤਰ, ਕਿਉਂ ਕਿ ਤੂੰ ਕਿਸੇ ਹੋਰ ਦੇ ਹੱਥਾਂ ਵਿੱਚ ਅੜ ਗਿਆ ਹੈਂ: ਆਪਣੇ-ਆਪ ਨੂੰ ਮੁਕਤ ਕਰਾਉਣ ਲਈ ਇਹ ਕੁਝ ਕਰ: ਜਾ ਆਪਣੇ-ਆਪ ਨੂੰ ਨਿਮਾਣਾ ਬਣਾ ਅਤੇ ਉਸ ਆਦਮੀ ਅੱਗੇ ਅਰਜੋਈ ਕਰ। ਆਪਣੀਆਂ ਅੱਖਾਂ ਨੂੰ ਸੌਣ ਨਾ ਦੇਵੋ, ਆਪਣੇ ਝਿਮਣੀਆਂ ਨੂੰ ਮਿਚਣ ਨਾ ਦਿਓ। ਆਪਣੇ-ਆਪ ਨੂੰ ਮੁਕਤ ਕਰੋ ਜਿਵੇਂ ਇੱਕ ਹਿਰਨ ਸ਼ਿਕਾਰੀ ਤੋਂ, ਜਿਵੇਂ ਇੱਕ ਪੰਛੀ ਫ਼ਸਾਉਣ ਵਾਲੇ ਤੋਂ ਅਪਣੇ ਨੂੰ ਮੁਕਤ ਕਰਾਉਂਦਾ ਹੈ।

ਸੁਸਤ ਹੋਣ ਦੇ ਖਤਰੇ

ਤੂੰ, ਸੁਸਤ ਬੰਦੇ, ਕੀੜੀ ਵੱਲ ਤੱਕ, ਵੇਖ ਇਹ ਕਿੰਝ ਵਰਤਾਰਾ ਕਰਦੀ ਹੈ, ਅਤੇ ਸਿਆਣੀ ਬਣਦੀ ਹੈ। ਕੀੜੀ ਦਾ ਕੋਈ ਹਾਕਮ ਨਹੀਂ, ਕੋਈ ਮਾਲਕ ਨਹੀਂ ਜਾਂ ਕੋਈ ਆਗੂ ਨਹੀਂ ਹੁੰਦਾ। ਤਾਂ ਵੀ, ਇਹ ਗਰਮੀਆਂ ਵਿੱਚ, ਆਪਣਾ ਭੋਜਨ ਇਕੱਠਾ ਕਰਦੀ ਹੈ ਅਤੇ ਵਾਢੀ ਵੇਲੇ ਆਪਣੀ ਸਮਗਰੀ ਨੂੰ ਇੱਕਤ੍ਰ ਕਰਦੀ ਹੈ।

ਸੁਸਤ ਬੰਦਿਆ, ਕਿੰਨਾ ਕੁ ਚਿਰ ਤੂੰ ਇੱਥੇ ਲੰਮਾ ਪਿਆ ਰਹੇਂਗਾ? ਕਦੋਂ ਤੂੰ ਆਪਣੀ ਨੀਂਦ ਤੋਂ ਜਾਗੇਂਗਾ? 10 ਥੋੜੀ ਜਿਹੀ ਨੀਂਦ, ਥੋੜੀ ਜਿਹੀ ਝਪਕੀ, ਆਪਣੇ ਹੱਥਾਂ ਨੂੰ ਥੋੜਾ ਜਿਹਾ ਆਰਾਮ, 11 ਅਤੇ ਇਸ ਨੂੰ ਜਾਨਣ ਤੋਂ ਪਹਿਲਾਂ, ਤੂੰ ਗਰੀਬ ਹੋ ਜਾਵੇਗਾਂ, ਜਿਵੇਂ ਇੱਕ ਡਕੈਤ ਨੇ ਤੁਹਾਡਾ ਸਭ ਕੁਝ ਚੁਰਾ ਲਿਆ ਹੋਵੇ।

ਬੁਰਾ ਬੰਦਾ

12 ਇੱਕ ਸਮਾਜ ਧ੍ਰੋਹੀ, ਇੱਕ ਦੁਸ਼ਟ ਆਦਮੀ ਜਿਸ ਦੀ ਗੱਲ-ਬਾਤ ਅਵੱਲੀ ਹੋਵੇ। 13 ਜੋ ਆਪਣੀਆਂ ਅੱਖਾਂ ਝਮਕ ਕੇ, ਆਪਣੇ ਪੈਰ ਘਸਰ ਕੇ ਅਤੇ ਆਪਣੀਆਂ ਉਂਗਲਾ ਨਾਲ ਸੰਕੇਤ ਕਰਕੇ ਗੁਪਤ ਇਸ਼ਾਰੇ ਕਰੇ। 14 ਜੋ ਹਮੇਸ਼ਾ ਆਪਣੇ ਮਨ ਵਿੱਚ ਕੁਝ ਬਦ ਵਿਉਂਤਦਾ ਰਹੇ ਅਤੇ ਅਜਿਹਾ ਵਿਅਕਤੀ ਜੋ ਹਮੇਸ਼ਾ ਦਲੀਲਬਾਜ਼ੀ ਲਿਆਵੇ। 15 ਪਰ ਇਸਦੇ ਫ਼ਲਸਵਰੂਪ ਅਚਾਨਕ ਬਿਪਤਾ ਆ ਪਵੇਗੀ। ਅੱਖ ਦੇ ਫ਼ੇਰ ਵਿੱਚ ਉਹ ਤਬਾਹ ਹੋ ਜਾਵੇਗਾ ਮੁੜ ਪਰਤਨ ਦੇ ਕਿਸੇ ਵੀ ਰਾਹ ਤੋਂ ਬਿਨਾ।

ਸੱਤ ਚੀਜ਼ਾਂ ਜਿਨ੍ਹਾਂ ਨੂੰ ਯਹੋਵਾਹ ਨਫ਼ਰਤ ਕਰਦਾ ਹੈ

16 ਯਹੋਵਾਹ ਇਨ੍ਹਾਂ ਛੇਆਂ ਗੱਲਾਂ ਨੂੰ ਨਰਫ਼ਤ ਕਰਦਾ, ਅਤੇ ਇਹ ਸੱਤ ਗੱਲਾਂ ਉਸ ਲਈ ਘ੍ਰਿਣਾਯੋਗ ਹਨ।
17     ਘੁਮੰਡੀ ਅੱਖਾਂ, ਝੂਠੀ ਜੀਭ,
    ਹੱਥ ਜਿਹੜੇ ਬੇਕਸੂਰਾਂ ਨੂੰ ਮਾਰਦੇ ਹਨ।
18     ਦਿਲ ਜਿਹੜਾ ਹਮੇਸ਼ਾ ਗੰਦੀਆਂ ਗੱਲਾਂ ਵਿਉਂਤਦਾ,
    ਪੈਰ ਜਿਹੜੇ ਬਦੀ ਕਰਨ ਲਈ ਦੌੜਦੇ ਹਨ।
19     ਇੱਕ ਝੂਠਾ ਗਵਾਹ ਜਿਹੜਾ ਹਮੇਸ਼ਾ ਝੂਠ ਬੋਲਦਾ,
    ਅਤੇ ਉਹ ਵਿਅਕਤੀ ਜਿਹੜਾ ਦੋ ਭਰਾਵਾਂ ਵਿੱਚਕਾਰ ਝਗੜਾ ਪਾਉਂਦਾ ਹੈ।

ਵਿਭਚਾਰ ਦੇ ਖਿਲਾਫ ਚੇਤਾਵਨੀ

20 ਮੇਰੇ ਪੁੱਤਰ, ਆਪਣੇ ਪਿਤਾ ਦੇ ਹੁਕਮਾਂ ਨੂੰ ਮੰਨ। ਅਤੇ ਆਪਣੀ ਮਾਤਾ ਦੀਆਂ ਸਿੱਖਿਆਵਾਂ ਨੂੰ ਨਾ ਵਿਸਾਰਨਾ। 21 ਉਨ੍ਹਾਂ ਦੇ ਸ਼ਬਦਾਂ ਨੂੰ ਹਰ ਵੇਲੇ ਚੇਤੇ ਰੱਖਣਾ ਇਹ ਗੱਲਾਂ ਪੱਲੇ ਬੰਨ੍ਹ ਲੈਣੀਆਂ ਅਤੇ ਆਪਣੇ ਦਿਲ ਤੇ ਉਕਰ ਲੈਣੀਆਂ। 22 ਉਨ੍ਹਾਂ ਦੀਆਂ ਸਿੱਖਿਆਵਾਂ, ਜਿੱਥੇ ਵੀ ਤੁਸੀਂ ਜਾਵੋਂਗੇ, ਉੱਥੇ ਤੁਹਾਡੀ ਅਗਵਾਈ ਕਰਨਗੀਆਂ। ਜਦੋਂ ਤੁਸੀਂ ਸੁੱਤੇ ਹੋਵੋਂਗੇ ਉਹ ਤੁਹਾਡਾ ਧਿਆਨ ਰੱਖਣਗੀਆਂ। ਅਤੇ ਜਦੋਂ ਤੁਸੀਂ ਜਾਗੋਂਗੇ, ਉਹ ਤੁਹਾਡੇ ਨਾਲ ਗੱਲਾਂ ਕਰਨਗੀਆਂ ਅਤੇ ਤੁਹਾਨੂੰ ਰਾਹ ਵਿਖਾਉਣਗੀਆਂ।

23 ਕਿਉਂ ਜੋ, ਹੁਕਮ ਇੱਕ ਦੀਵੇ ਵਾਂਗ ਹੈ ਅਤੇ ਸਿੱਖਿਆ ਰੋਸ਼ਨੀ ਵਾਂਗ ਹੈ। ਸੁਧਾਰ ਜਿੰਦਗੀ ਦਾ ਰਾਹ ਹੈ। 24 ਉਹ ਤੁਹਾਨੂੰ ਬੁਰੀ ਔਰਤ ਤੋਂ ਅਤੇ ਇੱਕ ਪਰਾਈ ਔਰਤ ਦੀਆਂ ਮਿੱਠੀਆਂ ਗੱਲਾਂ ਤੋਂ ਬਚਾਉਂਦੇ ਹਨ। 25 ਉਸਦੀ ਖੂਬਸੂਰਤੀ ਦੀ ਇੱਛਾ ਨਾ ਕਰੋ, ਉਸ ਨੂੰ ਅੱਖਾਂ ਦੀਆਂ ਪੁਤਲੀਆਂ ਨਾਲ ਤੁਹਾਨੂੰ ਲੁਭਾਉਣ ਨਾ ਦਿਓ। 26 ਕਿਉਂ ਕਿ ਇੱਕ ਵੇਸਵਾ ਦੀ ਕੀਮਤ ਰੋਟੀ ਦੇ ਇੱਕ ਟੁਕੜੇ ਜਿੰਨੀ ਹੀ ਹੋ ਸੱਕਦੀ ਹੈ, ਪਰ ਦੂਸਰੇ ਬੰਦੇ ਦੀ ਪਤਨੀ ਤੈਥੋਂ ਤੇਰੇ ਜੀਵਨ ਦੀ ਕੀਮਤ ਮਂਗੇਗੀ। 27 ਜੇ ਕੋਈ ਬੰਦਾ ਆਪਣੇ ਉੱਤੇ ਅੰਗਿਆਰ ਸੁੱਟੇਗਾ ਤਾਂ ਉਸ ਦੇ ਕੱਪੜੇ ਵੀ ਸੜ ਜਾਣਗੇ। 28 ਜੇ ਕੋਈ ਬੰਦਾ ਮਘਦੇ ਕੋਲਿਆਂ ਉੱਤੇ ਪੈਰ ਧਰ ਦਿੰਦਾ ਹੈ ਤਾਂ ਉਸ ਦੇ ਪੈਰ ਸੜ ਜਾਣਗੇ। 29 ਇਸੇ ਤਰ੍ਹਾਂ ਹੀ ਕੋਈ ਵੀ ਵਿਅਕਤੀ ਜੋ ਕਿਸੇ ਹੋਰ ਆਦਮੀ ਦੀ ਪਤਨੀ ਨਾਲ ਸੌਂਦਾ, ਕੋਈ ਵੀ ਜੋ ਉਸ ਨੂੰ ਛੂੰਹਦਾ ਹੈ, ਸਜ਼ਾ ਤੋਂ ਨਹੀਂ ਬਚੇਗਾ।

30-31 ਹੋ ਸੱਕਦਾ ਹੈ ਕਿ ਕੋਈ ਬੰਦਾ ਭੁੱਖਾ ਹੋਵੇ ਅਤੇ ਢਿੱਡ ਭਰਨ ਲਈ ਚੋਰੀ ਕਰੇ, ਲੋਕੀਂ ਉਸ ਨੂੰ ਨਫ਼ਰਤ ਨਹੀਂ ਕਰਨਗੇ। ਪਰ ਜੇ ਉਹ ਬੰਦਾ ਫ਼ੜਿਆ ਜਾਵੇ ਤਾਂ ਉਸ ਨੂੰ ਚੋਰੀ ਦੇ ਮਾਲ ਨਾਲੋਂ ਸੱਤ ਗੁਣਾ ਵੱਧ ਜ਼ੁਰਮਾਨਾ ਭਰਨਾ ਪਵੇਗਾ। ਭਾਵੇਂ ਉਸ ਨੂੰ ਆਪਣੇ ਘਰ ਵਿੱਚਲਾ ਸਭ ਕੁਝ ਗਵਾਉਣਾ ਪਵੇ! 32 ਜਿਹੜਾ ਬੰਦਾ ਕਿਸੇ ਹੋਰ ਦੀ ਪਤਨੀ ਨਾਲ ਵਿਭਚਾਰ ਕਰਦਾ ਹੈ ਮੂਰਖ ਹੈ ਅਤੇ ਆਪਣੇ-ਆਪ ਨੂੰ ਤਬਾਹ ਕਰ ਲੈਂਦਾ ਹੈ। 33 ਬੇਇੱਜ਼ਤ ਹੋਣਾ ਅਤੇ ਕੁਟਿਆ ਜਾਣਾ ਇਹ ਉਸਦੀ ਤਕਦੀਰ ਹੋਵੇਗੀ ਅਤੇ ਉਹ ਆਪਣੀ ਬਦਨਾਮੀ ਕਦੇ ਵੀ ਧੋਣ ਦੇ ਕਾਬਿਲ ਨਹੀਂ ਹੋਵੇਗਾ। 34 ਕਿਉਂ ਜੋ ਉਸ ਔਰਤ ਦੇ ਪਤੀ ਨੂੰ ਈਰਖਾ ਹੋ ਜਾਵੇਗੀ ਅਤੇ ਜਦੋਂ ਉਹ ਬਦਲਾ ਲਵੇਗਾ ਉਹ ਕੋਈ ਤਰਸ ਨਹੀਂ ਕਰੇਗਾ। 35 ਉਹ ਕੋਈ ਵੀ ਮੁਆਵਜ਼ਾ ਮੰਜ਼ੂਰ ਨਹੀਂ ਕਰੇਗਾ, ਕੋਈ ਫ਼ਰਕ ਨਹੀਂ ਪੈਂਦਾ, ਕੀਮਤ ਭਾਵੇਂ ਕਿੰਨੀ ਵੀ ਵਡੇਰੀ ਹੋਵੇ।

Punjabi Bible: Easy-to-Read Version (ERV-PA)

2010 by World Bible Translation Center