Beginning
ਭੂਮਿਕਾ
1 ਇਹ ਕਹਾਉਤਾਂ ਦਾਊਦ ਦੇ ਪੁੱਤਰ ਸੁਲੇਮਾਨ ਦੁਆਰਾ ਲਿਖੀਆਂ ਗਈਆ ਹਨ। ਸੁਲੇਮਾਨ ਇਸਰਾਏਲ ਦਾ ਪਾਤਸ਼ਾਹ ਸੀ। 2 ਇਹ ਸ਼ਬਦ ਇਸ ਲਈ ਲਿਖੇ ਗਏ ਸਨ ਤਾਂ ਜੋ ਆਦਮੀ ਸਿਆਣਪ ਅਤੇ ਅਨੁਸ਼ਾਸਨ ਸਿੱਖ ਸੱਕੇ ਅਤੇ ਸਮਝਦਾਰੀ ਲਿਆਉਣ ਵਾਲੇ ਸ਼ਬਦਾਂ ਨੂੰ ਪਹਿਚਾਣ ਸੱਕੇ। 3 ਜੋ ਉਹ ਸਹੀ ਮੱਤ ਹਾਸਿਲ ਕਰ ਲਵੇ ਜਿਵੇਂ — ਉਹ ਕਿਵੇਂ ਕਰੇ ਜੋ ਧਰਮੀ, ਨਿਆਂਈ ਅਤੇ ਇਮਾਨਦਾਰ ਹੋਵੇ। 4 ਇਹ ਸ਼ਬਦ ਮੂਰਖ ਲੋਕਾਂ ਨੂੰ ਸਮਝਦਾਰੀ ਅਤੇ ਜਵਾਨ ਲੋਕਾਂ ਨੂੰ ਗਿਆਨ ਅਤੇ ਅਕਲਮੰਦੀ ਸਿੱਖਾਉਣ ਲਈ ਹਨ। 5 ਸਿਆਣੇ ਆਦਮੀਆਂ ਨੂੰ ਸੁਣਕੇ ਆਪਣਾ ਗਿਆਨ ਵੱਧਾਉਣ ਦਿਓ ਅਤੇ ਸਿੱਖੇ ਹੋਇਆਂ ਆਦਮੀਆਂ ਨੂੰ ਆਪਣੇ ਰਾਹ ਦਾ ਸਹੀ ਨਿਰਦੇਸ਼ਨ ਹਾਸਿਲ ਕਰਨ ਦਿਓ। 6 ਫ਼ੇਰ ਉਹ ਲੋਕ ਕਹਾਉਤਾਂ, ਦ੍ਰਿਸ਼ਟਾਂਤਾਂ, ਸਿਆਣੇ ਬੰਦਿਆਂ ਦੀਆਂ ਸਿੱਖਿਆਵਾਂ, ਅਤੇ ਉਨ੍ਹਾਂ ਦੀਆਂ ਬੁਝਾਰਤਾਂ ਨੂੰ ਸਮਝਣ ਦੇ ਯੋਗ ਹੋਣਗੇ।
7 ਯਹੋਵਾਹ ਤੋਂ ਡਰਨਾ ਗਿਆਨ ਦੀ ਸ਼ੁਰੂਆਤ ਹੈ। ਪਰ ਬੁਰੇ ਬੰਦੇ ਅਨੁਸ਼ਾਸਨ ਅਤੇ ਸਿਆਣਪ ਨੂੰ ਨਫ਼ਰਤ ਕਰਦੇ ਹਨ।
ਇੱਕ ਪੁੱਤਰ ਨੂੰ ਉਪਦੇਸ਼
8 ਮੇਰੇ ਬੇਟੇ, ਜਦੋਂ ਤੁਹਾਡਾ ਪਿਤਾ ਤਹਾਨੂੰ ਸੁਧਾਰੇ ਤਾਂ ਉਸ ਨੂੰ ਧਿਆਨ ਨਾਲ ਸੁਣੋ। ਅਤੇ ਆਪਣੀ ਮਾਤਾ ਦੀ ਸਿੱਖਿਆ ਨੂੰ ਤਿਆਗੋ ਨਾ। 9 ਕਿਉਂ ਕਿ ਜੋ ਕੁਝ ਵੀ ਤੁਹਾਡੇ ਮਾਪੇ ਤੁਹਾਨੂੰ ਸਿੱਖਾਉਂਦੇ ਹਨ, ਤੁਹਾਡੇ ਸਿਰ ਤੇ ਹਾਰ ਵਾਂਗ ਜਾਂ ਤੁਹਾਡੀ ਗਰਦਨ ਦੀ ਸ਼ੋਭਾ ਵੱਧਾਉਣ ਲਈ ਖੂਬਸੂਰਤ ਹਾਰ ਵਾਂਗ ਹੁੰਦਾ ਹੈ।
10 ਮੇਰੇ ਬੇਟੇ, [a] ਪਾਪੀ ਤੁਹਾਡੇ ਕੋਲੋਂ ਉਹ ਗੱਲਾਂ ਕਰਵਾਉਣ ਦੀ ਕੋਸ਼ਿਸ਼ ਕਰਨਗੇ ਜੋ ਗ਼ਲਤ ਹਨ। ਉਨ੍ਹਾਂ ਵੱਲ ਧਿਆਨ ਨਾ ਦਿਓ! 11 ਜੇ ਉਹ ਆਖਣ, “ਸਾਡੇ ਨਾਲ ਆਓ! ਆਓ ਆਪਾਂ ਲੁਕ ਜਾਈਏ ਅਤੇ ਕਿਸੇ ਨੂੰ ਮਾਰਨ ਲਈ ਇੰਤਜ਼ਾਰ ਕਰੀਏ। ਆਓ ਆਪਾਂ ਬਿਨਾ ਕਾਰਣ ਕਿਸੇ ਬੇਗੁਨਾਹ ਬੰਦੇ ਉੱਤੇ ਹਮਲਾ ਕਰੀਏ। 12 ਆਓ, ਆਪਾਂ ਉਨ੍ਹਾਂ ਨੂੰ ਕਬਰ ਵਾਂਗ ਜਿਉਦਿਆਂ ਹੀ ਅਤੇ ਪੂਰੀ ਤਰ੍ਹਾਂ ਨਿਗਲ ਜਾਵਾਂਗੇ ਜਿਵੇਂ ਕੋਈ ਟੋਏ ਵਿੱਚ ਚੱਲਿਆ ਜਾਂਦਾ ਹੈ। 13 ਅਸੀਂ ਸਾਰੀਆਂ ਕੀਮਤੀ ਚੀਜ਼ਾਂ ਲੈ ਲਵਾਂਗੇ। ਅਤੇ ਉਸ ਲੁੱਟ ਨਾਲ ਆਪਣੇ ਘਰ ਭਰ ਲਵਾਂਗੇ। 14 ਇਸ ਲਈ ਆਓ ਸਾਡੇ ਨਾਲ ਮਿਲ ਜਾਵੋ ਅਤੇ ਜੋ ਕੁਝ ਵੀ ਸਾਨੂੰ ਮਿਲੇਗਾ, ਅਸੀਂ ਬਰਾਬਰ-ਬਰਾਬਰ ਵੰਡ ਲਵਾਂਗੇ।”
15 ਮੇਰੇ ਬੇਟੇ, ਇਨ੍ਹਾਂ ਲੋਕਾਂ ਦੇ ਮਗਰ ਨਾ ਲੱਗੋ, ਉਨ੍ਹਾਂ ਦੇ ਰਾਹਾਂ ਤੋਂ ਆਪਣੇ ਕਦਮ ਪਰ੍ਹੇ ਰੱਖੋ। 16 ਜਿਵੇਂ ਉਹ ਬਦੀ ਕਰਨ ਵਿੱਚ ਤੇਜ-ਤਰਾਰ ਅਤੇ ਲੋਕਾਂ ਨੂੰ ਮਾਰਨ ਲਈ ਬਹੁਤ ਤੇਜ਼ ਹਨ।
17 ਲੋਕੀਂ ਪੰਛੀਆਂ ਨੂੰ ਫ਼ਾਹੁਣ ਲਈ ਜਾਲ ਵਿਛਾਉਂਦੇ ਹਨ। ਪਰ ਜਦੋਂ ਪੰਛੀ ਦੇਖ ਰਹੇ ਹੋਣ ਤਾਂ ਜਾਲ ਵਿਛਾਉਣਾ ਬੇਕਾਰ ਹੁੰਦਾ ਹੈ। 18 ਅਤੇ ਇਹ ਲੋਕ ਸਿਰਫ਼ ਆਪਣੀ ਹੀ ਮੌਤ ਦੇ ਇੰਤਜ਼ਾਰ ਵਿੱਚ ਝੂਠ ਬੋਲਦੇ ਹਨ, ਉਹ ਖੁਦ ਹੀ ਆਪਣੇ ਜਾਲ ਵਿੱਚ ਫ਼ਸ ਜਾਣਗੇ ਤੇ ਤਬਾਹ ਹੋ ਜਾਣਗੇ। 19 ਲੋਭੀ ਬੰਦਿਆਂ ਨੂੰ ਹਮੇਸ਼ਾ ਉਨ੍ਹਾਂ ਦੇ ਅਮਲ ਹੀ ਤਬਾਹ ਕਰਦੇ ਹਨ।
ਨੇਕ ਔਰਤ — ਸਿਆਣਪ
20 ਸਿਆਣਪ ਰਾਹਾਂ ਤੇ ਰੋ ਰਹੀ ਹੈ, ਉਹ ਬਜ਼ਾਰਾਂ ਵਿੱਚ ਦੁਹਾਈ ਦੇ ਰਹੀ ਹੈ। 21 ਉਹ ਭੀੜ ਭਰੇ ਚੌਰਾਹਿਆਂ ਉੱਤੇ ਹੋਕਾ ਦੇ ਰਹੀ ਹੈ। ਉਹ ਸ਼ਹਿਰ ਦੇ ਫ਼ਾਟਕਾਂ ਦੇ ਨੇੜੇ ਖਲੋਤੀ ਹੈ ਅਤੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚ ਰਹੀ ਹੈ। ਸਿਆਣਪ ਆਖਦੀ ਹੈ:
22 “ਕਿੰਨਾ ਕੁ ਚਿਰ ਤੁਸੀਂ ਮੂਰਖ ਲੋਕੋ ਆਪਣੀ ਮੂਰਖਤਾ ਨੂੰ ਪਿਆਰ ਕਰਦੇ ਰਹੋਂਗੇ? ਤੁਸੀਂ ਮਖੌਲੀਏ ਕਿੰਨਾ ਕੁ ਚਿਰ ਹੋਰਨਾਂ ਦਾ ਮਖੌਲ ਉਡਾਉਂਗੇ? ਤੁਸੀਂ ਮੂਰੱਖੋ ਕਦੋਂ ਤੀਕ ਗਿਆਨ ਨੂੰ ਨਫ਼ਰਤ ਕਰੋਂਗੇ? 23 ਜੇ ਤੁਸੀਂ ਮੇਰੀ, ਤੁਹਾਨੂੰ ਸੁਧਾਰਨ ਦੀ ਪੁਕਾਰ ਦਾ ਜਵਾਬ ਦਿੱਤਾ ਹੁੰਦਾ ਮੈਂ ਤੁਹਾਨੂੰ ਉਹ ਹਰ ਗੱਲ ਦੱਸ ਦਿੰਦੀ ਜੋ ਮੈਂ ਜਾਣਦੀ ਸਾਂ। ਮੈਂ ਤੁਹਾਨੂੰ ਆਪਣਾ ਸਾਰਾ ਗਿਆਨ ਦੇ ਦਿੰਦੀ।
24 “ਪਰ ਤੁਸੀਂ ਮੇਰੀ ਗੱਲ ਸੁਣਨ ਤੋਂ ਇਨਕਾਰ ਕੀਤਾ। ਮੈਂ ਤੁਹਾਡੀ ਸਹਾਇਤਾ ਕਰਨ ਦੀ ਕੋਸ਼ਿਸ਼ ਕੀਤੀ। ਮੈਂ ਤੁਹਾਡੇ ਵੱਲ ਆਪਣਾ ਹੱਥ ਵੱਧਾਇਆ-ਪਰ ਤੁਸੀਂ ਮੇਰੀ ਸਹਾਇਤਾ ਪ੍ਰਵਾਨ ਕਰਨ ਤੋਂ ਇਨਕਾਰ ਕੀਤਾ। 25 ਤੁਸੀਂ ਮੂੰਹ ਫ਼ੇਰ ਲਿਆ ਅਤੇ ਮੇਰੀ ਤੁਹਾਨੂੰ ਸੁਧਾਰਨ ਦੀ ਕੋਸ਼ਿਸ ਨੂੰ ਤੁਸਾਂ ਅਣਗੌਲਿਆਂ ਕਰ ਦਿੱਤਾ। ਤੁਸੀਂ ਮੇਰੇ ਸ਼ਬਦਾਂ ਉੱਤੇ ਭਰੋਸਾ ਕਰਨ ਤੋਂ ਇਨਕਾਰ ਕਰ ਦਿੱਤਾ। 26 ਇਸ ਲਈ, ਮੈਂ ਤੁਹਾਡੀ ਬਿਪਤਾ ਉੱਤੇ ਹੱਸਾਂਗੀ। ਮੈਂ ਤੁਹਾਡਾ ਮਜ਼ਾਕ ਉਡਾਵਾਂਗੀ ਜਦੋਂ ਤੁਹਾਡੇ ਉੱਤੇ ਡਰ ਆਉਣ ਲੱਗੇਗਾ। 27 ਜਦੋਂ ਮੁਸੀਬਤਾਂ ਭਿਆਨਕ ਤੂਫ਼ਾਨ ਵਾਂਗ ਤੁਹਾਡੇ ਉੱਤੇ ਟੁੱਟ ਪੈਣਗੀਆਂ, ਜਦੋਂ ਮੁਸੀਬਤਾਂ ਤੁਹਾਡੇ ਉੱਪਰ ਆਉਣਗੀਆਂ ਜਦੋਂ ਮੁਸੀਬਤ ਅਤੇ ਗ਼ਮ ਤੁਹਾਨੂੰ ਦਬਾ ਲੈਣਗੇ।
28 “ਜਦੋਂ ਇਹ ਸਭ ਗੱਲਾਂ ਵਾਪਰਨਗੀਆਂ ਤਾਂ ਤੁਸੀਂ ਮੇਰੇ ਕੋਲੋਂ ਸਹਾਇਤਾ ਮੰਗੋਂਗੇ। ਮੈਂ ਤੁਹਾਡੀ ਸਹਾਇਤਾ ਨਹੀਂ ਕਰਾਂਗੀ। ਤੁਸੀਂ ਮੇਰੀ ਤਲਾਸ਼ ਕਰੋਂਗੇ ਪਰ ਮੈਂ ਤੁਹਾਨੂੰ ਨਹੀਂ ਮਿਲਾਂਗੀ। 29 ਕਿਉਂ ਕਿ ਉਨ੍ਹਾਂ ਨੇ ਗਿਆਨ ਨੂੰ ਨਫ਼ਰਤ ਕੀਤੀ ਅਤੇ ਤੁਸੀਂ ਯਹੋਵਾਹ ਤੋਂ ਡਰਨ ਤੋਂ ਇਨਕਾਰ ਕਰ ਦਿੱਤਾ। 30 ਕਿਉਂਕਿ ਉਨ੍ਹਾਂ ਨੇ ਮੇਰੀ ਸਲਾਹ ਦੀ ਇੱਛਾ ਨਹੀਂ ਕੀਤੀ ਅਤੇ ਮੇਰੀ ਉਨ੍ਹਾਂ ਨੂੰ ਸੁਧਾਰਨ ਦੀ ਕੋਸ਼ਿਸ਼ ਨੂੰ ਅਪ੍ਰਵਾਨ ਕਰ ਦਿੱਤਾ, 31 ਉਹ ਆਪਣੇ ਰਾਹਾਂ ਦਾ ਫ਼ਲ ਖਾਣਗੇ, ਅਤੇ ਆਪਣੀਆਂ ਹੀ ਸੱਕੀਮਾਂ ਨਾਲ ਭਰ ਜਾਣਗੇ!
32 “ਜੇਕਰ ਮੂਰਖ ਲੋਕ ਇਸਤੋਂ ਦੂਰ ਪਰਤ ਜਾਣਗੇ, ਇਹ ਉਨ੍ਹਾਂ ਨੂੰ ਮਾਰ ਦੇਵੇਗਾ, ਅਤੇ ਆਤਮ-ਸੰਤੁਸ਼ਟੀ ਮੂਰੱਖਾਂ ਨੂੰ ਤਬਾਹ ਕਰ ਦੇਵੇਗੀ। 33 ਪਰ ਉਹ ਬੰਦਾ ਜਿਹੜਾ ਮੇਰੀ ਗੱਲ ਮੰਨਦਾ ਹੈ ਉਹ ਸੁਰੱਖਿਆ ਨਾਲ ਜੀਵੇਗਾ। ਉਹ ਮੁਸੀਬਤ ਦੇ ਡਰ ਤੋਂ ਬਿਨਾਂ ਸੌਖੇ ਹੋਕੇ ਰਹਿ ਸੱਕਦੇ ਹਨ।”
ਸਿਆਣਪ ਦੀ ਗੱਲ ਸੁਣੋ
2 ਮੇਰੇ ਬੇਟੇ, ਜੇਕਰ ਤੁਸੀਂ ਉਸ ਨੂੰ ਸੁਣੋਗੇ ਜੋ ਮੈਂ ਆਖਣਾ ਚਾਹੁੰਦਾ, ਅਤੇ ਜੇਕਰ ਤੁਸੀਂ ਮੇਰੇ ਹੁਕਮਾਂ ਨੂੰ ਦਿਲ ਵਿੱਚ ਰੱਖੋਂਗੇ। 2 ਤਾਂ ਜੋ ਤੁਸੀਂ ਸਿਆਣਪ ਵੱਲ ਧਿਆਨ ਦੇਵੋਂ ਅਤੇ ਆਪਣੇ ਮਨ ਨੂੰ ਸਮਝਦਾਰੀ ਵੱਲ ਲਾਵੋ। 3 ਅਸਲ ਵਿੱਚ, ਜੇਕਰ ਤੁਸੀਂ ਅੰਤਰਦ੍ਰਿਸ਼ਟੀ ਲਈ ਪੁਕਾਰ ਕਰੋ ਅਤੇ ਸਮਝਦਾਰੀ ਲਈ ਪੁਕਾਰੋ। 4 ਅਤੇ ਜੇਕਰ ਤੁਸੀਂ ਸਿਆਣਪ ਨੂੰ ਇੰਝ ਲੱਭੋਂਗੇ ਜਿਵੇਂ ਕੋਈ ਚਾਂਦੀ ਨੂੰ ਲੱਭਦਾ ਹੈ, ਜੇਕਰ ਤੁਸੀਂ ਇਸ ਦੀ ਇੰਝ ਭਾਲ ਕਰੋ ਜਿਵੇਂ ਲੋਕੀਂ ਲੁਕੇ ਹੋਏ ਖਜ਼ਾਨੇ ਨੂੰ ਭਾਲਦੇ ਹਨ 5 ਫ਼ੇਰ ਤੁਸੀਂ ਸਮਝੋਂਗੇ ਕਿ ਯਹੋਵਾਹ ਤੋਂ ਡਰਨ ਦਾ ਭਾਵ ਕੀ ਹੈ, ਅਤੇ ਪਰਮੇਸ਼ੁਰ ਨੂੰ ਜਾਣ ਜਾਵੋ।
6 ਕਿਉਂ ਜੋ ਯਹੋਵਾਹ ਹੀ ਸਿਆਣਪ ਦਿੰਦਾ ਹੈ, ਅਤੇ ਗਿਆਨ ਅਤੇ ਸਮਝਦਾਰੀ ਉਸ ਦੇ ਮੂੰਹ ਚੋਂ ਆਉਂਦੀ ਹੈ। 7 ਉਹ ਇਮਾਨਦਾਰ ਲੋਕਾਂ ਲਈ ਸਫ਼ਲਤਾ ਸੰਭਾਲਦਾ ਹੈ, ਅਤੇ ਉਨ੍ਹਾਂ ਲਈ ਢਾਲ ਹੈ ਜੋ ਨਿਰਦੋਸ਼ ਹੋਕੇ ਜਿਉਂਦੇ ਹਨ। 8 ਉਹ ਉਨ੍ਹਾਂ ਲੋਕਾਂ ਦੀ ਰੱਖਿਆ ਕਰਦਾ ਹੈ ਜੋ ਹੋਰਾਂ ਲੋਕਾਂ ਦਾ ਭਲਾ ਕਰਦੇ ਹਨ। ਉਹ ਆਪਣੇ ਪਵਿੱਤਰ ਲੋਕਾਂ ਦੀ ਰਾਖੀ ਕਰਦਾ ਹੈ।
9 ਜੇਕਰ ਤੁਸੀਂ ਸਿਆਣਪ ਨੂੰ ਭਾਲੋਂਗੇ, ਤਦ ਤੁਸੀਂ ਧਰਮ, ਨਿਆਂ ਅਤੇ ਇਮਾਨਦਾਰੀ ਨੂੰ ਸਮਝੋਂਗੇ — ਦੂਸਰੇ ਸ਼ਬਦਾਂ ਵਿੱਚ ਤੁਸੀਂ ਸਭ ਚੰਗੀਆਂ ਗੱਲਾਂ ਸਮਝੋਂਗੇ। 10 ਕਿਉਂ ਕਿ ਤੁਹਾਡੇ ਦਿਲ ਵਿੱਚ ਸਿਆਣਪ ਆ ਵੱਸੇਗੀ, ਅਤੇ ਗਿਆਨ ਤੁਹਾਨੂੰ ਖੁਸ਼ ਕਰੇਗਾ।
11 ਸਮਝਦਾਰੀ (ਸਹੀ ਜੀਵਨ ਢੰਗ ਚੁਨਣਾ) ਤੁਹਾਡੀ ਰੱਖਿਆ ਕਰੇਗੀ, ਤੁਹਾਡੀ ਸਮਝਦਾਰੀ ਤੁਹਾਡਾ ਬਚਾਉ ਕਰੇਗੀ। 12 ਸਿਆਣਪ ਤੁਹਾਨੂੰ ਬੁਰੇ ਲੋਕਾਂ ਦੇ ਰਾਹ ਤੋਂ ਬਚਾਵੇਗੀ। ਉਨ੍ਹਾਂ ਲੋਕਾਂ ਤੋਂ ਜੋ ਵਿਦ੍ਰੋਹ ਬਾਰੇ ਬੋਲਦੇ ਹਨ। 13 ਜਿਹੜੇ ਲੋਕ ਅੰਧਕਾਰ ਵਿੱਚਲੇ ਰਾਹਾਂ ਤੇ ਚੱਲਣ ਲਈ ਸਿੱਧੇ ਰਾਹਾਂ ਨੂੰ ਛੱਡ ਦਿੰਦੇ ਹਨ, 14 ਜਿਹੜੇ ਲੋਕ ਗ਼ਲਤ ਕੰਮ ਕਰਕੇ ਖੁਸ਼ ਹੁੰਦੇ ਹਨ ਅਤੇ ਵਿਦ੍ਰੋਹ ਕਰਨ ਅਤੇ ਬਦੀ ਕਰਨ ਵਿੱਚ ਆਨੰਦ ਮਾਣਦੇ ਹਨ। 15 ਉਨ੍ਹਾਂ ਦੇ ਰਾਹ ਵਿੰਗੇ-ਤੜਿੰਗੇ ਹਨ, ਅਤੇ ਉਹ ਆਪਣੇ ਰਾਹਾਂ ਵਿੱਚ ਅਸੰਗਤ ਹਨ।
16 ਸਿਆਣਪ ਤੁਹਾਨੂੰ ਇੱਕ ਪਰਾਈ ਔਰਤ, ਇੱਕ ਅਜਨਬੀ ਤੋਂ ਬਚਾਵੇਗੀ ਜੋ ਇੰਨੀਆਂ ਮਿੱਠੀਆਂ ਗੱਲਾਂ ਕਰਦੀ ਹੈ। 17 ਉਹ ਆਪਣੇ ਜਵਾਨੀ ਦੇ ਸਾਥੀ ਨੂੰ ਤਿਆਗ ਦਿੰਦੀ ਹੈ ਅਤੇ ਪਰਮੇਸ਼ੁਰ ਅੱਗੇ ਕੀਤੇ ਆਪਣੇ ਇਕਰਾਰਨਾਮੇ ਨੂੰ ਭੁੱਲ ਜਾਂਦੀ ਹੈ। 18 ਅਤੇ ਹੁਣ, ਉਸ ਦੇ ਨਾਲ ਉਸ ਦੇ ਘਰ ਜਾਣਾ ਮੌਤ ਦਾ ਰਾਹ ਹੈ! ਅਤੇ ਉਸ ਦਾ ਰਾਹ ਤੁਹਾਨੂੰ ਮੁਰਦਿਆਂ ਦੀ ਦੁਨੀਆਂ ਵਿੱਚ ਲੈ ਜਾਂਦਾ ਹੈ! 19 ਉਹ ਖੁਦ ਵੀ ਕਬਰ ਦੀ ਤਰ੍ਹਾਂ ਹੀ ਹੈ। ਜਿਹੜੇ ਲੋਕੀ ਉਸ ਦੇ ਘਰ ਜਾਂਦੇ ਹਨ, ਆਪਣੀ ਜਾਨ ਗਵਾ ਲੈਂਦੇ ਹਨ, ਅਤੇ ਕਦੇ ਵੀ ਪਰਤ ਕੇ ਨਹੀਂ ਆਉਂਦੇ।
20 ਸਿਆਣਪ ਤੁਹਾਨੂੰ ਚੰਗੇ ਬੰਦਿਆਂ ਦੇ ਰਾਹ ਤੇ ਚਲਣ ਲਈ, ਅਤੇ ਧਰਮੀ ਦੇ ਰਾਹਾਂ ਤੇ ਰਹਿਣ ਲਈ ਤੁਹਾਡੀ ਮਦਦ ਕਰੇਗੀ। 21 ਕਿਉਂ ਕਿ ਸਿਰਫ਼ ਇਮਾਨਦਾਰ ਲੋਕ ਹੀ ਧਰਤੀ ਉੱਤੇ ਰਹਿਣਗੇ ਅਤੇ ਨਿਰਦੋਸ਼ ਲੋਕ ਹੀ ਇਸ ਉੱਤੇ ਬਚਣਗੇ। 22 ਪਰ ਦੁਸ਼ਟ ਲੋਕ ਧਰਤੀ ਤੋਂ ਹਟਾਏ ਜਾਣਗੇ, ਅਤੇ ਜਿਹੜੇ ਘਿਰਣਾ ਯੋਗ ਹਨ ਇਸ ਉਤੋਂ ਉਖਾੜੇ ਜਾਣਗੇ।
ਧਰਮੀ ਜੀਵਨ ਤੁਹਾਡੀ ਜ਼ਿੰਦਗੀ ਵਿੱਚ ਵਾਧਾ ਕਰੇਗਾ
3 ਮੇਰੇ ਬੇਟੇ, ਮੇਰੀ ਸਿੱਖਿਆ ਨੂੰ ਭੁੱਲੀਂ ਨਾ, ਪਰ ਮੇਰੇ ਹੁਕਮਾਂ ਨੂੰ ਆਪਣੇ ਦਿਲ ਅੰਦਰ ਰੱਖੀਂ। 2 ਜਿਨ੍ਹਾਂ ਗੱਲਾਂ ਦੀ ਮੈਂ ਤੈਨੂੰ ਸਿੱਖਿਆ ਦਿੰਦਾ ਹਾਂ ਉਹ ਤੇਰੇ ਜੀਵਨ ਨੂੰ ਲੰਮਾ ਕਰਨਗੀਆਂ ਅਤੇ ਤੈਨੂੰ ਸ਼ਾਂਤੀ ਦੇਣਗੀਆਂ।
3 ਨਮਕਹਲਾਲੀ ਅਤੇ ਸੱਚ ਤੈਨੂੰ ਕਦੇ ਨਾ ਛੱਡਣ। ਇਨ੍ਹਾਂ ਨੂੰ ਤੂੰ ਆਪਣੀ ਗਰਦਨ ਦੁਆਲੇ ਬੰਨ੍ਹ ਲੈ। ਅਤੇ ਉਨ੍ਹਾਂ ਨੂੰ ਆਪਣੇ ਦਿਲ ਉੱਤੇ ਲਿਖ ਲੈ। 4 ਫ਼ੇਰ ਤੂੰ ਮਿਹਰ ਅਤੇ ਚੰਗੀ ਪਰਤਿਸ਼ਠਾ, ਪਰਮੇਸ਼ੁਰ ਅਤੇ ਲੋਕਾਂ ਦੋਵਾਂ ਦੇ ਸਾ੍ਹਮਣੇ ਕਮਾਵੇਂਗਾ।
5 ਯਹੋਵਾਹ ਉੱਤੇ ਪੂਰੀ ਤਰ੍ਹਾਂ ਭਰੋਸਾ ਕਰੋ, ਆਪਣੀ ਹੀ ਸਮਝਦਾਰੀ ਉੱਤੇ ਨਿਰਭਰ ਨਾ ਰਹੋ। 6 ਹਮੇਸ਼ਾ ਪਰਮੇਸ਼ੁਰ ਦੇ ਹੁਕਮ ਦਾ ਪਾਲਣ ਕਰੋ ਜਿੱਥੇ ਵੀ ਤੁਸੀਂ ਜਾਵੋਂ। ਉਹ ਤੁਹਾਡੇ ਰਾਹਾਂ ਨੂੰ ਸਿੱਧਿਆਂ ਕਰੇਗਾ। 7 ਆਪਣੇ ਆਪ ਨੂੰ ਚਲਾਕ ਨਾ ਸਮਝੋ, ਪਰ ਯਹੋਵਾਹ ਪਾਸੋਂ ਡਰੋ ਅਤੇ ਬਦੀ ਤੋਂ ਦੂਰ ਰਹੋ। 8 ਜੇ ਤੁਸੀਂ ਇਸ ਤਰ੍ਹਾਂ ਕਰੋਂਗੇ, ਤਾਂ ਇਹ ਤੁਹਾਡੇ ਸਰੀਰ ਲਈ ਦੁਆਈ ਵਰਗੀ ਹੋਵੇਗੀ, ਅਤੇ ਤੁਹਾਡੀਆਂ ਹੱਡੀਆਂ ਲਈ ਪੋਸਣ ਹੋਵੇਗੀ।
9 ਆਪਣੀ ਦੌਲਤ ਤੋਂ ਅਤੇ ਆਪਣੀਆਂ ਫ਼ਸਲਾਂ ਦੇ ਪਹਿਲੇ ਫ਼ਲਾਂ ਤੋਂ ਯਹੋਵਾਹ ਦਾ ਸਤਿਕਾਰ ਕਰੋ। 10 ਫ਼ੇਰ ਤੁਹਾਡੇ ਗੋਦਾਮ ਅੰਨ ਨਾਲ ਭਰ ਜਾਣਗੇ ਅਤੇ ਤੁਹਾਡੇ ਘੜੇ ਮੈਅ ਨਾਲ ਭਰ ਜਾਣਗੇ।
11 ਮੇਰੇ ਬੇਟੇ, ਯਹੋਵਾਹ ਦੇ ਅਨੁਸ਼ਾਸਨ ਨੂੰ ਨਾਮੰਜ਼ੂਰ ਨਾ ਕਰੋ ਅਤੇ ਉਸ ਦੇ ਸੁਧਾਰ ਦਾ ਬੁਰਾ ਨਾ ਮਨਾਓ। 12 ਕਿਉਂਕਿ ਯਹੋਵਾਹ ਉਨ੍ਹਾਂ ਲੋਕਾਂ ਨੂੰ ਸੁਧਾਰਦਾ ਹੈ ਜਿਨ੍ਹਾਂ ਨੂੰ ਉਹ ਪਿਆਰ ਕਰਦਾ ਹੈ ਜਿਵੇਂ ਇੱਕ ਪਿਤਾ ਇੱਕ ਪੁੱਤਰ ਨੂੰ ਸੁਧਾਰਦਾ ਜਿਸ ਵਿੱਚ ਉਹ ਪ੍ਰਸੰਨਤਾ ਮਹਿਸੂਸ ਕਰਦਾ।
13 ਧੰਨ ਹੈ ਉਹ ਬੰਦਾ ਜਿਹੜਾ ਸਿਆਣਪ ਨੂੰ ਭਾਲਦਾ ਅਤੇ ਸਮਝਦਾਰੀ ਨੂੰ ਮਿਲਦਾ ਹੈ। 14 ਸਿਆਣਪ ਚਾਂਦੀ ਨਾਲੋਂ ਵੱਧੇਰੇ ਫ਼ਾਇਦੇਮੰਦ ਹੈ ਅਤੇ ਸੋਨੇ ਨਾਲੋਂ ਵੱਧੇਰੇ ਆਮਦਨੀ ਲਿਆਉਂਦੀ ਹੈ। 15 ਸਿਆਣਪ ਕੀਮਤੀ ਪੱਥਰਾਂ ਨਾਲੋਂ ਵੱਧੇਰੇ ਕੀਮਤੀ ਹੈ ਅਤੇ ਤੁਹਾਡੇ ਸਾਰੇ ਗਹਿਣਿਆਂ ਦਾ ਉਸ ਨਾਲ ਮੁਕਾਬਲਾ ਨਹੀਂ ਕੀਤਾ ਜਾ ਸੱਕਦਾ।
16 ਸਿਆਣਪ ਨੇ ਸੱਜੇ ਹੱਥ ਵਿੱਚ ਲੰਮੀ ਉਮਰ, ਅਤੇ ਉਸ ਨੇ ਅਪਣੇ ਖੱਬੇ ਹੱਥ ਵਿੱਚ ਦੌਲਤ ਅਤੇ ਇੱਜ਼ਤ ਫ਼ੜੀ ਹੋਈ ਹੈ। 17 ਉਸਦਾ ਰਾਹ ਬੜਾ ਪ੍ਰਸੰਸਾਮਈ ਹੈ ਅਤੇ ਉਸ ਦੇ ਸਾਰੇ ਰਾਹ ਸ਼ਾਂਤੀ ਵੱਲ ਅਗਵਾਈ ਕਰਦੇ ਹਨ। 18 ਸਿਆਣਪ ਉਨ੍ਹਾਂ ਲੋਕਾਂ ਲਈ ਜੀਵਨ ਦੇ ਰੁੱਖ ਵਾਂਗ ਹੈ, ਜੋ ਉਸ ਨੂੰ ਕਬੂਲ ਦੇ ਹਨ। ਜਿਹੜੇ ਲੋਕ ਇਸ ਵਿੱਚ ਲਿਪਟੇ ਰਹਿੰਦੇ ਹਨ ਧੰਨ ਸਮਝੇ ਜਾਣਗੇ।
19 ਯਾਹੋਵਾਹ ਨੇ ਧਰਤੀ ਦੀਆਂ ਨੀਹਾਂ ਰੱਖੀਆਂ ਸਿਆਣਪ ਦੁਆਰਾ ਅਤੇ ਸਮਝਦਾਰੀ ਦੁਆਰਾ ਅਕਾਸ਼ ਨੂੰ ਸਥਾਪਿਤ ਕੀਤਾ। 20 ਉਸ ਦੇ ਗਿਆਨ ਦੁਆਰਾ ਧਰਤੀ ਦੇ ਥੱਲਿਓਂ ਝਰਨੇ ਫੁੱਟ ਪਏ ਅਤੇ ਬੱਦਲਾਂ ਚੋ ਤਰੇਲ ਚੋਈ।
21 ਮੇਰੇ ਬੇਟੇ, ਉਨ੍ਹਾਂ ਨੂੰ ਆਪਣੀਆਂ ਅੱਖੋਂ ਉਹਲੇ ਨਾ ਹੋਣ ਦੇਵੋ। ਸਹੀ ਨਿਆਂ ਅਤੇ ਸਮਝਦਾਰੀ ਦੀ ਰਾਖੀ ਕਰੋ। 22 ਉਹ ਤੁਹਾਨੂੰ ਜੀਵਨ ਅਤੇ ਤੁਹਾਡੀ ਗਰਦਨ ਨੂੰ ਸੁੰਦਰਤਾ ਦੇਵੇਗਾ। 23 ਫ਼ੇਰ ਤੁਸੀਂ ਸੁਰੱਖਿਅਤ ਹੋਕੇ ਆਪਣੇ ਰਾਹਾਂ ਤੇ ਬਿਨਾ ਲੜਖੜ੍ਹਾਏ ਚੱਲੋਂਗੇ। 24 ਜਦੋਂ ਤੁਸੀਂ ਲੰਮੇ ਪਵੋਂਗੇ ਤਾਂ ਤੁਹਾਨੂੰ ਡਰ ਨਹੀਂ ਲੱਗੇਗਾ ਅਤੇ ਤੁਹਾਨੂੰ ਬਹੁਤ ਹੀ ਵੱਧੀਆ ਅਤੇ ਚੈਨ ਭਰੀ ਨੀਂਦ ਆਵੇਗੀ। 25 ਅਚਾਨਕ ਆਉਣ ਵਾਲੀ ਬਿਪਤਾ ਤੋਂ ਨਾ ਡਰੋ ਜਾਂ ਇਸ ਤੋਂ ਕਿ ਤੁਸੀਂ ਸੰਕਟ ਵਿੱਚ ਫ਼ਸ ਜਾਵੋਗੇ ਜੋ ਕਿ ਦੁਸ਼ਟਾਂ ਉੱਤੇ ਆਉਂਦਾ ਹੈ। 26 ਕਿਉਂ ਕਿ ਯਾਹੋਵਾਹ ਤੇਰੇ ਨਾਲ ਹੈ ਅਤੇ ਉਹ ਤੇਰੇ ਪੈਰਾਂ ਦਾ ਫ਼ਸਾਏ ਜਾਣ ਤੋਂ ਬਚਾਓ ਕਰੇਗਾ।
27 ਉਨ੍ਹਾਂ ਦੀ ਮਦਦ ਕਰਨ ਤੋਂ ਇਨਕਾਰੀ ਨਾ ਹੋਵੋ ਜੋ ਇਸਦੇ ਅਧਿਕਾਰੀ ਹਨ, ਜਦੋਂ ਤੁਸੀਂ ਮਦਦ ਕਰ ਸੱਕਦੇ ਹੋਵੋਂ। 28 ਜੇ ਤੁਹਾਡਾ ਗੁਆਂਢੀ ਤੁਹਾਡੇ ਪਾਸੋਂ ਕੁਝ ਮੰਗਦਾ ਹੈ, ਉਹ ਉਸ ਨੂੰ ਦੇ ਦੇਵੋ! ਉਸ ਨੂੰ ਇਹ ਨਾ ਆਖੋ, “ਕੱਲ੍ਹ ਨੂੰ ਆਵੀਂ” ਜਦੋਂ ਕਿ ਇਹ ਤੁਹਾਡੇ ਕੋਲ ਹੋਵੇ।
29 ਆਪਣੇ ਗੁਆਂਢੀ ਦੇ ਖਿਲਾਫ਼, ਉਸ ਨੂੰ ਕਿਵੇਂ ਵੀ ਨੁਕਸਾਨ ਪਹੁੰਚਾਉਣ ਲਈ ਗੁਪਤ ਯੋਜਨਾਵਾਂ ਨਾ ਬਣਾਓ ਕਿਉਂ ਕਿ ਉਹ ਤੁਹਾਡੇ ਤੇ ਭਰੋਸਾ ਕਰਦਾ ਹੈ।
30 ਬਿਨਾ ਕਿਸੇ ਕਾਰਣ ਦੂਸਰੇ ਆਦਮੀ ਨਾਲ ਦਲੀਲਬਾਜ਼ੀ ਨਾ ਕਰੋ, ਜਦ ਕਿ ਉਸ ਨੇ ਤੁਹਾਡੇ ਨਾਲ ਕੁਝ ਬੁਰਾ ਨਹੀਂ ਕੀਤਾ।
31 ਹਿੰਸੱਕ ਆਦਮੀ ਨਾਲ ਈਰਖਾ ਨਾ ਕਰੋ, ਉਸ ਦੇ ਕਿਸੇ ਵੀ ਤਰੀਕੇ ਦੀ ਨਕਲ ਨਾ ਕਰੋ। 32 ਕਿਉਂਕਿ ਯਹੋਵਾਹ ਕਪਟੀ ਲੋਕਾਂ ਨੂੰ ਨਫ਼ਰਤ ਕਰਦਾ ਹੈ, ਪਰ ਆਪਣੀ ਦੋਸਤੀ ਉਹਨਾਂ ਲੋਕਾਂ ਵੱਲ ਵੱਧਾਉਂਦਾ ਹੈ ਜੋ ਇਮਾਨਦਾਰ ਹਨ।
33 ਯਹੋਵਾਹ ਦੁਸ਼ਟ ਲੋਕਾਂ ਨੂੰ ਸਰਾਪਦਾ, ਪਰ ਧਰਮੀ ਦੇ ਘਰ ਨੂੰ ਅਸੀਸ ਦਿੰਦਾ ਹੈ।
34 ਯਹੋਵਾਹ ਉਨ੍ਹਾਂ ਦਾ ਮਜ਼ਾਕ ਉਡਾਉਂਦਾ ਹੈ ਜੋ ਹੋਰਨਾਂ ਦਾ ਮਜ਼ਾਕ ਉਡਾਉਂਦੇ ਹਨ, ਪਰ ਨਿਮਾਣੇ ਲੋਕਾਂ ਉੱਪਰ ਮਿਹਰਬਾਨੀ ਦਰਸਾਉਂਦਾ ਹੈ।
35 ਸਿਆਣੇ ਲੋਕਾਂ ਨੂੰ ਇੱਜ਼ਤ ਮਿਲੇਗੀ, ਪਰ ਪਰਮੇਸ਼ੁਰ ਮੂਰੱਖਾਂ ਦੀ ਬੇਇੱਜ਼ਤੀ ਕਰੇਗਾ।
2010 by World Bible Translation Center