Print Page Options
Previous Prev Day Next DayNext

Beginning

Read the Bible from start to finish, from Genesis to Revelation.
Duration: 365 days
Punjabi Bible: Easy-to-Read Version (ERV-PA)
Version
ਜ਼ਬੂਰ 146-150

146 ਯਹੋਵਾਹ ਦੀ ਉਸਤਤਿ ਕਰੋ।
    ਹੇ ਮੇਰੀ ਆਤਮਾ, ਯਹੋਵਾਹ ਦੀ ਉਸਤਤਿ ਕਰ।
ਮੈਂ ਸਾਰੀ ਉਮਰ ਯਹੋਵਾਹ ਦੀ ਉਸਤਤਿ ਕਰਾਂਗਾ।
    ਮੈਂ ਉਸਦੀ ਉਸਤਤਿ ਦੇ ਸਾਰੀ ਉਮਰ ਗੀਤ ਗਾਵਾਂਗਾ।
ਆਪਣੇ ਆਗੂਆਂ ਉੱਤੇ ਮਦਦ ਲਈ ਨਿਰਭਰ ਨਾ ਕਰੋ, ਲੋਕਾਂ ਉੱਤੇ ਵਿਸ਼ਵਾਸ ਨਾ ਕਰੋ।
    ਕਿਉਂਕਿ ਲੋਕ ਤੁਹਾਨੂੰ ਨਹੀਂ ਬਚਾ ਸੱਕਦੇ।
ਲੋਕ ਮਰ ਜਾਂਦੇ ਹਨ ਅਤੇ ਦਫ਼ਨਾ ਦਿੱਤੇ ਜਾਂਦੇ ਹਨ।
    ਅਤੇ ਫ਼ੇਰ ਉਨ੍ਹਾਂ ਦੀਆਂ ਮਦਦ ਕਰਨ ਦੀਆਂ ਸਾਰੀਆਂ ਯੋਜਨਾਵਾਂ ਖਤਮ ਹੋ ਜਾਂਦੀਆਂ ਹਨ।
ਪਰ ਜਿਹੜੇ ਲੋਕ ਪਰਮੇਸ਼ੁਰ ਕੋਲੋਂ ਸਹਾਇਤਾ ਮੰਗਦੇ ਹਨ ਬਹੁਤ ਖੁਸ਼ ਹਨ।
    ਉਹ ਆਪਣੇ ਯਹੋਵਾਹ ਪਰਮੇਸ਼ੁਰ ਉੱਤੇ ਨਿਰਭਰ ਕਰਦੇ ਹਨ।
ਯਹੋਵਾਹ ਨੇ ਸਵਰਗ ਅਤੇ ਧਰਤੀ ਨੂੰ ਸਾਜਿਆ।
    ਯਹੋਵਹ ਨੇ ਸਮੁੰਦਰ ਅਤੇ ਉਸ ਵਿੱਚਲੀ ਹਰ ਸ਼ੈਅ ਨੂੰ ਸਾਜਿਆ, ਯਹੋਵਾਹ ਉਸ ਨੂੰ ਸਦਾ ਲਈ ਬਚਾਵੇਗਾ।
ਯਹੋਵਾਹ ਉਨ੍ਹਾਂ ਲੋਕਾਂ ਲਈ ਸਹੀ ਗੱਲਾਂ ਕਰਦਾ ਹੈ ਜਿਨ੍ਹਾਂ ਨੂੰ ਦੁੱਖ ਦਿੱਤਾ ਗਿਆ ਹੈ
    ਪਰਮੇਸ਼ੁਰ ਭੁੱਖੇ ਲੋਕਾਂ ਨੂੰ ਭੋਜਨ ਦਿੰਦਾ ਹੈ
ਯਹੋਵਾਹ ਕੈਦ ਵਿੱਚ ਬੰਦ ਲੋਕਾਂ ਨੂੰ ਮੁਕਤ ਕਰਦਾ ਹੈ।
    ਯਹੋਵਾਹ ਅੰਨ੍ਹੇ ਲੋਕਾਂ ਦੀ ਦੇਖਣ ਵਿੱਚ ਮਦਦ ਕਰਦਾ ਹੈ।
ਯਹੋਵਾਹ ਉਨ੍ਹਾਂ ਲੋਕਾਂ ਦੀ ਮਦਦ ਕਰਦਾ ਹੈ ਜੋ ਮੁਸੀਬਤ ਵਿੱਚ ਹਨ।
    ਯਹੋਵਾਹ ਨੇਕ ਲੋਕਾਂ ਨੂੰ ਪਿਆਰ ਕਰਦਾ ਹੈ।
ਯਹੋਵਾਹ ਸਾਡੇ ਦੇਸ਼ ਵਿੱਚ ਅਜਨਬੀਆਂ ਨੂੰ ਬਚਾਉਂਦਾ ਹੈ।
    ਯਹੋਵਾਹ ਵਿਧਵਾਵਾਂ ਅਤੇ ਯਤੀਮਾਂ ਦੀ ਮਦਦ ਕਰਦਾ ਹੈ।
    ਪਰ ਯਹੋਵਾਹ ਬੁਰੇ ਲੋਕਾਂ ਦਾ ਨਾਸ਼ ਕਰਦਾ ਹੈ।
10 ਯਹੋਵਾਹ ਸਦਾ-ਸਦਾ ਲਈ ਰਾਜ ਕਰੇਗਾ ਸੀਯੋਨ,
    ਤੇਰਾ ਪਰਮੇਸ਼ੁਰ ਸਦਾ-ਸਦਾ ਲਈ ਰਾਜ ਕਰੇਗਾ।

ਯਹੋਵਾਹ ਦੀ ਉਸਤਤਿ ਕਰੋ।

147 ਯਹੋਵਾਹ ਦੀ ਉਸਤਤਿ ਕਰੋ ਕਿਉਂਕਿ ਉਹ ਭਲਾ ਹੈ।
    ਸਾਡੇ ਪਰਮੇਸ਼ੁਰ ਲਈ, ਉਸਤਤਿ ਦੇ ਗੀਤ ਗਾਵੋ।
    ਉਸਦੀ ਉਸਤਤਿ ਕਰਨਾ ਚੰਗਾ ਅਤੇ ਸੁਹਾਨਾ ਹੈ।
ਯਹੋਵਾਹ ਨੇ ਯਰੂਸ਼ਲਮ ਨੂੰ ਉਸਾਰਿਆ।
    ਪਰਮੇਸ਼ੁਰ ਨੇ ਇਸਰਾਏਲੀ ਲੋਕਾਂ ਨੂੰ ਵਾਪਸ ਲਿਆਂਦਾ ਹੈ।
    ਜਿਹੜੇ ਕੈਦ ਹੋ ਗਏ ਸਨ।
ਪਰਮੇਸ਼ੁਰ ਉਨ੍ਹਾਂ ਦੇ ਟੁੱਟੇ ਦਿਲਾਂ ਨੂੰ ਜੋੜਦਾ ਹੈ।
    ਅਤੇ ਉਨ੍ਹਾਂ ਦੇ ਜ਼ਖਮਾ ਉੱਤੇ ਮਰਹਮ ਪੱਟੀ ਕਰਦਾ ਹੈ।
ਪਰਮੇਸ਼ੁਰ ਤਾਰਿਆ ਦੀ ਗਿਣਤੀ ਕਰਦਾ ਹੈ
    ਅਤੇ ਉਹ ਹਰ ਇੱਕ ਦਾ ਨਾਮ ਜਾਣਦਾ ਹੈ।
ਸਾਡਾ ਮਾਲਕ ਬੜਾ ਮਹਾਨ ਹੈ, ਉਹ ਬਹੁਤ ਸ਼ਕਤੀਸ਼ਾਲੀ ਹੈ।
    ਉਸ ਦੇ ਗਿਆਨ ਦੀ ਕੋਈ ਹੱਦ ਨਹੀਂ।
ਯਹੋਵਾਹ ਨਿਆਸਰਿਆ ਦਾ ਆਸਰਾ ਹੈ,
    ਪਰ ਉਹ ਮੰਦੇ ਲੋਕਾਂ ਨੂੰ ਨਮੋਸ਼ੀ ਦਿੰਦਾ ਹੈ।
ਯਹੋਵਾਹ ਦਾ ਧੰਨਵਾਦ ਕਰੋ ਰਬਾਬ ਵਾਸਤੇ
    ਸਾਡੇ ਪਰਮੇਸ਼ੁਰ ਦੀ ਉਸਤਤਿ ਕਰੋ।
ਯਹੋਵਾਹ ਆਕਾਸ਼ ਨੂੰ ਬੱਦਲਾਂ ਨਾਲ ਭਰਦਾ ਹੈ।
    ਯਹੋਵਾਹ ਧਰਤੀ ਲਈ ਵਰੱਖਾ ਕਰਦਾ ਹੈ।
ਯਹੋਵਾਹ ਪਹਾੜਾਂ ਉੱਤੇ ਘਾਹ ਉਗਾਉਂਦਾ ਹੈ।
ਯਹੋਵਾਹ ਜਾਨਵਰਾ ਨੂੰ ਭੋਜਨ ਦਿੰਦਾ ਹੈ,
    ਯਹੋਵਾਹ ਪੰਛੀਆ ਦੇ ਬੱਚਿਆਂ ਨੂੰ ਭੋਜਨ ਦਿੰਦਾ ਹੈ।
10 ਯੁੱਧ ਦੇ ਘੋੜੇ ਅਤੇ ਬਲਵਾਨ ਯੋਧੇ ਉਸ ਨੂੰ ਖੁਸ਼ੀ ਪ੍ਰਦਾਨ ਨਹੀਂ ਕਰਦੇ।
11 ਯਹੋਵਾਹ ਉਨ੍ਹਾਂ ਲੋਕਾਂ ਤੋਂ ਪ੍ਰਸੰਨ ਹੁੰਦਾ ਹੈ ਜਿਹੜੇ ਉਸਦੀ ਉਪਾਸਨਾ ਕਰਦੇ ਹਨ।
    ਯਹੋਵਾਹ ਉਨ੍ਹਾਂ ਲੋਕਾਂ ਉੱਤੇ ਪ੍ਰਸੰਨ ਹੁੰਦਾ ਹੈ ਜਿਹੜੇ ਉਸ ਦੇ ਸੱਚੇ ਪਿਆਰ ਉੱਤੇ ਵਿਸ਼ਵਾਸ ਕਰਦੇ ਹਨ।
12 ਹੇ ਯਰੂਸ਼ਲਮ, ਯਹੋਵਾਹ ਦੀ ਉਸਤਤਿ ਕਰੋ!
    ਹੇ ਸੀਯੋਨ, ਪਰਮੇਸ਼ੁਰ ਦੀ ਉਸਤਤਿ ਕਰ।
13 ਹੇ ਯਰੂਸ਼ਲਮ, ਪਰਮੇਸ਼ੁਰ ਤੇਰੇ ਦਰਵਾਜਿਆ ਨੂੰ ਮਜ਼ਬੂਤ ਬਣਾਉਂਦਾ ਹੈ।
    ਅਤੇ ਪਰਮੇਸ਼ੁਰ ਤੇਰੇ ਸ਼ਹਿਰ ਦੇ ਲੋਕਾਂ ਨੂੰ ਅਸੀਸ ਦਿੰਦਾ ਹੈ।
14 ਪਰਮੇਸ਼ੁਰ ਨੇ ਸਾਡੇ ਦੇਸ਼ ਵਿੱਚ ਅਮਨ ਲਿਆਂਦਾ, ਇਸ ਲਈ ਸਾਡੇ ਦੁਸ਼ਮਣਾਂ ਯੁੱਧ ਵਿੱਚ ਸਾਡਾ ਅਨਾਜ ਨਹੀਂ ਲੁੱਟਿਆ
    ਅਤੇ ਤੇਰੇ ਕੋਲ ਭੋਜਨ ਲਈ ਬਹੁਤ ਅਨਾਜ ਹੈ।
15 ਪਰਮੇਸ਼ੁਰ ਧਰਤੀ ਨੂੰ ਆਦੇਸ਼ ਦਿੰਦਾ ਹੈ,
    ਅਤੇ ਇਹ ਛੇਤੀ ਹੀ ਮੰਨ ਲੈਂਦੀ ਹੈ।
16 ਪਰਮੇਸ਼ੁਰ ਓਨਾ ਚਿਰ ਤੱਕ ਬਰਫ਼ਬਾਰੀ ਕਰਦਾ ਹੈ ਜਿੰਨਾ ਚਿਰ ਤੱਕ, ਜ਼ਮੀਨ ਉਨ ਵਾਂਗ ਸਫ਼ੇਦ ਨਹੀਂ ਹੋ ਜਾਂਦੀ,
    ਪਰਮੇਸ਼ੁਰ ਕੋਹਰੇ ਨੂੰ ਹਵਾ ਵਿੱਚ ਘੱਟੇ ਵਾਂਗ ਉਡਾਉਂਦਾ ਹੈ।
17 ਪਰਮੇਸ਼ੁਰ ਆਕਾਸ਼ ਉੱਤੋਂ ਪੱਥਰਾ ਵਾਂਗ ਗੜ੍ਹੇਮਾਰ ਕਰਦਾ ਹੈ।
    ਕੋਈ ਵੀ ਬੰਦਾ ਉਸ ਵੱਲੋਂ ਭੇਜੀ ਠੰਡ ਨੂੰ ਨਹੀਂ ਝੱਲ ਸੱਕਦਾ।
18 ਫ਼ਿਰ ਪਰਮੇਸ਼ੁਰ ਇੱਕ ਹੋਰ ਆਦੇਸ਼ ਦਿੰਦਾ ਹੈ ਅਤੇ ਗਰਮ ਹਵਾ ਵਗ ਪੈਂਦੀ ਹੈ।
    ਫ਼ਿਰ ਬਰਫ਼ ਪਿਘਲਦੀ ਹੈ ਅਤੇ ਪਾਣੀ ਵਗ ਪੈਂਦਾ ਹੈ।

19 ਪਰਮੇਸ਼ੁਰ ਨੇ ਯਾਕੂਬ (ਇਸਰਾਏਲ) ਨੂੰ ਆਦੇਸ਼ ਦਿੱਤਾ,
    ਉਸ ਨੇ ਆਪਣੇ ਨੇਮ ਅਤੇ ਅਸੂਲ ਇਸਰਾਏਲ ਨੂੰ ਦਿੱਤੇ।
20 ਪਰਮੇਸ਼ੁਰ ਨੇ ਅਜਿਹਾ ਕਿਸੇ ਹੋਰ ਕੌਮ ਲਈ ਨਹੀਂ ਕੀਤਾ।
    ਪਰਮੇਸ਼ੁਰ ਨੇ ਆਪਣੇ ਨੇਮ ਹੋਰਾਂ ਲੋਕਾਂ ਨੂੰ ਨਹੀਂ ਸਿੱਖਾਏ।

ਯਹੋਵਾਹ ਦੀ ਉਸਤਤਿ ਕਰੋ।

148 ਯਹੋਵਾਹ ਦੀ ਉਸਤਤਿ ਕਰੋ।
ਉਤਲੇ ਦੂਤੋਂ, ਸਵਰਗ ਵਿੱਚੋਂ ਯਹੋਵਾਹ ਦੀ ਉਸਤਤਿ ਕਰੋ।
ਤੁਸੀਂ ਸਾਰੇ ਦੂਤੋਂ, ਯਹੋਵਾਹ ਦੀ ਉਸਤਤਿ ਕਰੋ।
    ਉਸਦੀ ਸਾਰੀ ਫ਼ੌਜ ਵਾਲਿਉ, ਉਸਦੀ ਉਸਤਤਿ ਕਰੋ।
ਸੂਰਜ ਅਤੇ ਚੰਨ, ਯਹੋਵਾਹ ਦੀ ਉਸਤਤਿ ਕਰੋ।
    ਤਾਰਿਉ ਅਤੇ ਆਕਾਸ਼ ਦੀਉ ਰੌਸ਼ਨੀਉ, ਉਸਦੀ ਉਸਤਤਿ ਕਰੋ।
ਯਹੋਵਾਹ ਦੀ ਉਸਤਤਿ ਕਰੋ,
    ਸਭ ਤੋਂ ਉੱਚੇ ਸਵਰਗ ਵਿੱਚ ਆਕਾਸ਼ ਉਤਲੇ ਪਾਣੀਉ, ਉਸਦੀ ਉਸਤਤਿ ਕਰੋ।
ਯਹੋਵਾਹ ਦੇ ਨੇਮ ਦੀ ਉਸਤਤਿ ਕਰੋ।
    ਕਿਉਂ? ਕਿਉਂਕਿ ਪਰਮੇਸ਼ੁਰ ਨੇ ਆਦੇਸ਼ ਦਿੱਤਾ ਅਤੇ ਸਾਡੇ ਸਾਰਿਆਂ ਦੀ ਸਾਜਨਾ ਹੋਈ।
ਪਰਮੇਸ਼ੁਰ ਨੇ ਇਹ ਚੀਜ਼ਾਂ ਸਦਾ ਵਾਸਤੇ ਰਹਿਣ ਲਈ ਬਣਾਈਆ।
    ਪਰਮੇਸ਼ੁਰ ਨੇ ਨੇਮ ਬਣਾਏ ਜਿਹੜੇ ਕਦੀ ਨਹੀਂ ਮੁੱਕਣਗੇ।
ਧਰਤੀ ਉਤਲੀ ਹਰ ਸ਼ੈਅ, ਯਹੋਵਾਹ ਦੀ ਉਸਤਤਿ ਕਰੋ।
    ਮਹਾ ਸਾਗਰ ਅਤੇ ਉਸ ਵਿੱਚਲੇ ਜਾਨਵਰੋ, ਯਹੋਵਾਹ ਦੀ ਉਸਤਤਿ ਕਰੋ।
ਯਹੋਵਾਹ ਨੇ ਅੱਗ ਅਤੇ ਗੜ੍ਹਿਆਂ ਨੂੰ ਬਰਫ਼
    ਅਤੇ ਧੂੰਏ ਨੂੰ ਅਤੇ ਸਾਰੀਆ ਤੂਫ਼ਾਨੀ ਹਵਾਵਾਂ ਨੂੰ ਬਣਾਇਆ।
ਪਰਮੇਸ਼ੁਰ ਨੇ, ਪਹਾੜ ਅਤੇ ਪਹਾੜੀਆਂ ਨੂੰ,
    ਫ਼ਲਦਾਰ ਰੁੱਖਾ ਅਤੇ ਦਿਉਦਾਰ ਦੇ ਰੁੱਖਾਂ ਨੂੰ ਬਣਾਇਆ।
10 ਪਰਮੇਸ਼ੁਰ ਨੇ ਜੰਗਲੀ ਜਾਨਵਰਾਂ, ਪਸ਼ੂਆਂ ਅਤੇ ਪੰਛੀਆ, ਰੀਂਗਣ ਵਾਲੇ ਜੀਵਾਂ ਅਤੇ ਪਰਿੰਦਿਆਂ ਨੂੰ ਸਾਜਿਆ।
11 ਪਰਮੇਸ਼ੁਰ ਨੇ ਧਰਤੀ ਉੱਤੇ ਰਾਜਿਆਂ ਅਤੇ ਕੌਮਾਂ ਨੂੰ ਬਣਾਇਆ
    ਪਰਮੇਸ਼ੁਰ ਨੇ ਆਗੂਆਂ ਅਤੇ ਨਿਆਕਾਰਾਂ ਨੂੰ ਬਣਾਇਆ।
12 ਪਰਮੇਸ਼ੁਰ ਨੇ, ਜਵਾਨ ਆਦਮੀ ਅਤੇ ਔਰਤ ਨੂੰ ਬਣਾਇਆ।
    ਪਰਮੇਸ਼ੁਰ ਨੇ ਬੁੱਢੇ ਅਤੇ ਜਵਾਨ ਲੋਕਾਂ ਨੂੰ ਬਣਾਇਆ।
13 ਯਹੋਵਾਹ ਦੇ ਨਾਮ ਦੀ ਉਸਤਤਿ ਕਰੋ।
    ਸਦਾ ਹੀ ਉਸ ਦੇ ਨਾਮ ਦੀ ਉਸਤਤਿ ਕਰੋ!
ਸਵਰਗ ਅਤੇ ਧਰਤੀ ਦੀ ਹਰ ਸ਼ੈਅ,
    ਉਸਦੀ ਉਸਤਤਿ ਕਰੇ।
14 ਪਰਮੇਸ਼ੁਰ ਆਪਣੇ ਲੋਕਾ ਨੂੰ ਮਜ਼ਬੂਤ ਬਣਾਵੇਗਾ।
    ਲੋਕ ਪਰਮੇਸ਼ੁਰ ਦੇ ਅਨੁਯਾਈਆਂ ਦੀ ਉਸਤਤਿ ਕਰਨਗੇ।
ਲੋਕ ਇਸਰਾਏਲ ਦੀ ਉਸਤਤਿ ਕਰਨਗੇ।
    ਉਹੀ ਲੋਕ ਹਨ ਜਿਨ੍ਹਾਂ ਲਈ ਯਹੋਵਾਹ ਲੜਦਾ ਹੈ।

149 ਯਹੋਵਾਹ ਦੀ ਉਸਤਤਿ ਕਰੋ।
ਉਨ੍ਹਾਂ ਨਵੀਆਂ ਗੱਲਾਂ ਬਾਰੇ ਕੋਈ ਨਵਾਂ ਗੀਤ ਗਾਵੋ ਜੋ ਯਹੋਵਾਹ ਨੇ ਕੀਤੀਆ ਹਨ।
    ਉਸਦੀ ਉਸਤਤਿ ਉਸ ਦੇ ਚੇਲਿਆ ਦੀ ਸਭਾ ਵਿੱਚ ਗਾਵੋ।
ਇਸਰਾਏਲ ਨੂੰ ਆਪਣੇ ਨਿਰਮਾਤਾ ਨਾਲ ਮਿਲਕੇ ਆਨੰਦ ਮਾਨਣ ਦਿਉ।
    ਸੀਯੋਨ ਉੱਤੇ ਰਹਿੰਦੇ ਲੋਕਾਂ ਨੂੰ ਆਪਣੇ ਰਾਜੇ ਨਾਲ ਮਿਲਕੇ ਖੁਸ਼ੀ ਮਨਾਉਣ ਦਿਉ।
ਉਨ੍ਹਾਂ ਲੋਕਾਂ ਨੂੰ ਨੱਚ ਕੁੱਦਕੇ
    ਅਤੇ ਸਾਰੰਗੀਆ ਵਜਾਕੇ ਪਰਮੇਸ਼ੁਰ ਦੀ ਉਸਤਤਿ ਕਰਨ ਦਿਉ।
ਯਹੋਵਾਹ ਆਪਣੇ ਲੋਕਾ ਨਾਲ ਖੁਸ਼ ਹੈ।
    ਪਰਮੇਸ਼ੁਰ ਨੇ ਆਪਣੇ ਮਸੱਕੀਨ ਲੋਕਾ ਲਈ ਇੱਕ ਅਦਭੁਤ ਗੱਲ ਕੀਤੀ।
    ਉਸ ਨੇ ਉਨ੍ਹਾਂ ਨੂੰ ਬਚਾ ਲਿਆ।
ਪਰਮੇਸ਼ੁਰ ਦੇ ਪੈਰੋਕਾਰੋ, ਆਪਣੀ ਜਿੱਤ ਵਿੱਚ ਖੁਸ਼ੀ ਮਨਾਉ!
    ਬਿਸਤਰ ਉੱਤੇ ਲੇਟਣ ਤੋਂ ਬਾਦ ਵੀ ਪ੍ਰਸੰਨ ਹੋਵੋ।

ਲੋਕਾਂ ਨੂੰ ਪਰਮੇਸ਼ੁਰ ਦੀ ਉਸਤਤਿ ਦੇ ਨਾਹਰੇ ਮਾਰਨ ਦਿਉ।
    ਅਤੇ ਉਨ੍ਹਾਂ ਨੂੰ ਆਪਣੀਆ ਤਲਵਾਰਾਂ ਆਪਣੇ ਹੱਥਾਂ ਵਿੱਚ ਲੈ ਲੈਣ ਦਿਉ।
ਉਨ੍ਹਾਂ ਨੂੰ ਆਪਣੇ ਦੁਸ਼ਮਣਾਂ ਨੂੰ ਦੰਡ ਦੇਣ ਦਿਉ।
    ਉਨ੍ਹਾਂ ਨੂੰ ਉਨ੍ਹਾਂ ਲੋਕਾਂ ਨੂੰ ਦੰਡ ਦੇਣ ਲਈ ਜਾਣ ਦਿਉ।
ਪਰਮੇਸ਼ੁਰ ਦੇ ਬੰਦੇ ਉਨ੍ਹਾਂ ਰਾਜਿਆ
    ਅਤੇ ਮਹੱਤਵਪੂਰਣ ਲੋਕਾ ਦੇ ਜ਼ੰਜ਼ੀਰਾ ਪਾ ਦੇਣਗੇ।
ਪਰਮੇਸ਼ੁਰ ਦੇ ਬੰਦੇ ਉਨ੍ਹਾਂ ਨੂੰ ਦੰਡ ਦੇਣਗੇ ਜਿਵੇਂ ਪਰਮੇਸ਼ੁਰ ਨੇ ਆਦੇਸ਼ ਦਿੱਤਾ ਸੀ।
    ਪਰਮੇਸ਼ੁਰ ਦੇ ਸਾਰੇ ਪੈਰੋਕਾਰ ਉਸਦਾ ਆਦਰ ਕਰਨਗੇ।

ਯਹੋਵਾਹ ਦੀ ਉਸਤਤਿ ਕਰੋ।

150 ਯਹੋਵਾਹ ਦੀ ਉਸਤਤਿ ਕਰੋ!
ਪਰਮੇਸ਼ੁਰ ਦੀ ਉਸ ਦੇ ਮੰਦਰ ਵਿੱਚ ਉਸਤਤਿ ਕਰੋ!
    ਸਵਰਗ ਵਿੱਚ ਉਸਦੀ ਸ਼ਕਤੀ ਦੀ ਉਸਤਤਿ ਕਰੋ।
ਪਰਮੇਸ਼ੁਰ ਦੀ ਉਸ ਦੇ ਮਹਾਨ ਕਾਰਿਆਂ ਲਈ ਉਸਤਤਿ ਕਰੋ!
    ਉਸਦੀ ਉਸਤਤਿ ਉਸਦੀ ਸਾਰੀ ਮਹਾਨਤਾ ਲਈ ਕਰੋ।
ਪਰਮੇਸ਼ੁਰ ਦੀ ਵਾਜੇ-ਗਾਜੇ ਨਾਲ ਉਸਤਤਿ ਕਰੋ।
    ਵੰਝਲੀਆ ਸਾਰੰਗੀਆ ਨਾਲ ਉਸਦੀ ਉਸਤਤਿ ਕਰੋ।
ਤੰਬੂਰੀਆ ਤੇ ਨੱਚਣ ਨਾਲ ਪਰਮੇਸ਼ੁਰ ਦੀ ਉਸਤਤਿ ਕਰੋ।
    ਉਸਦੀ ਉਸਤਤਿ ਤਾਰਾਂ ਵਾਲੇ ਸਾਜ਼ਾਂ ਅਤੇ ਬੰਸਰੀਆ ਨਾਲ ਕਰੋ।
ਪਰਮੇਸ਼ੁਰ ਦੀ ਉਸਤਤਿ ਛੈਣਿਆਂ ਨਾਲ ਉੱਚੀ ਅਵਾਜ਼ ਨਾਲ ਕਰੋ।
    ਛਣਕਦੇ ਛੈਣਿਆ ਨਾਲ ਉਸਦੀ ਉਸਤਤਿ ਕਰੋ।

ਹਰ ਜਾਨਦਾਰ ਪ੍ਰਾਣੀ, ਯਹੋਵਾਹ ਦੀ ਉਸਤਤਿ ਕਰੋ!

ਯਹੋਵਾਹ ਦੀ ਉਸਤਤਿ ਕਰੋ!

Punjabi Bible: Easy-to-Read Version (ERV-PA)

2010 by World Bible Translation Center