Beginning
ਨਿਰਦੇਸ਼ਕ ਲਈ: ਦਾਊਦ ਦਾ ਇੱਕ ਉਸਤਤਿ ਗੀਤ।
140 ਯਹੋਵਾਹ, ਮੈਨੂੰ ਮੰਦੇ ਲੋਕਾਂ ਪਾਸੋਂ ਬਚਾਉ।
ਜ਼ਾਲਮ ਲੋਕਾਂ ਤੋਂ ਮੇਰੀ ਰੱਖਿਆ ਕਰੋ।
2 ਉਹ ਲੋਕ ਮੰਦੀਆਂ ਯੋਜਨਾਵਾਂ ਬਨਾਉਂਦੇ ਹਨ।
ਉਹ ਲੋਕ ਹਰ ਵੇਲੇ ਲੜਾਈਆਂ ਛੇੜਦੇ ਹਨ।
3 ਉਨ੍ਹਾਂ ਦੀਆਂ ਜੀਭਾਂ ਜ਼ਹਿਰੀਲੇ ਸੱਪਾਂ ਵਰਗੀਆਂ ਹਨ।
ਇਵੇਂ ਹੈ ਜਿਵੇਂ ਉਨ੍ਹਾਂ ਦੀ ਜੀਭ ਹੇਠਾਂ ਸੱਪ ਦਾ ਜ਼ਹਿਰ ਛੁਪਿਆ ਹੋਵੇ।
4 ਯਹੋਵਾਹ, ਮੈਨੂੰ ਬਦ ਲੋਕਾਂ ਤੋਂ ਬਚਾਉ।
ਜ਼ਾਲਮ ਲੋਕਾਂ ਤੋਂ ਮੇਰੀ ਰੱਖਿਆ ਕਰੋ।
ਉਹ ਲੋਕ ਮੇਰਾ ਪਿੱਛਾ ਕਰਦੇ ਹਨ ਅਤੇ ਮੈਨੂੰ ਦੁੱਖ ਦੇਣ ਦੀ ਕੋਸ਼ਿਸ਼ ਕਰਦੇ ਹਨ।
5 ਉਹ ਗੁਮਾਨੀ ਲੋਕ ਮੇਰੇ ਲਈ ਫ਼ੰਦੇ ਲਾਉਂਦੇ ਹਨ।
ਉਹ ਮੈਨੂੰ ਫ਼ੜਨ ਲਈ ਜਾਲ ਲਾਉਂਦੇ ਹਨ।
ਉਹ ਮੇਰੇ ਰਾਹ ਵਿੱਚ ਫ਼ੰਦਾ ਲਾਉਂਦੇ ਹਨ।
6 ਯਹੋਵਾਹ, ਤੁਸੀਂ ਮੇਰੇ ਪਰਮੇਸ਼ੁਰ ਹੋ।
ਯਹੋਵਾਹ ਮੇਰੀ ਪ੍ਰਾਰਥਨਾ ਸੁਣੋ।
7 ਯਹੋਵਾਹ, ਤੁਸੀਂ ਮੇਰੇ ਸ਼ਕਤੀਸ਼ਾਲੀ ਮਾਲਕ ਹੋ।
ਤੁਸੀਂ ਮੇਰੇ ਮੁਕਤੀਦਾਤਾ ਹੋ।
ਤੁਸੀਂ ਯੁੱਧ ਵਿੱਚ ਮੇਰੇ ਸਿਰ ਦੀ ਰੱਖਿਆ ਕਰ ਰਹੇ ਟੋਪ ਵਾਂਗ ਹੋ।
8 ਯਹੋਵਾਹ, ਉਹ ਲੋਕ ਬਦ ਹਨ।
ਉਨ੍ਹਾਂ ਨੂੰ ਉਹ ਨਾ ਦਿਉ ਜੋ ਉਹ ਮੰਗਦੇ ਹਨ।
ਉਨ੍ਹਾਂ ਦੀਆਂ ਯੋਜਨਾਵਾਂ ਸਫ਼ਲ ਨਾ ਹੋਣ ਦਿਉ।
9 ਯਹੋਵਾਹ, ਮੇਰੇ ਦੁਸ਼ਮਣਾ ਨੂੰ ਨਾ ਜਿੱਤਣ ਦਿਉ।
ਉਹ ਲੋਕ ਮੰਦੀਆਂ ਗੱਲਾਂ ਦੀਆਂ ਯੋਜਨਾਵਾਂ ਬਣਾਉਂਦੇ ਹਨ, ਪਰ ਕੁਝ ਅਜਿਹਾ ਕਰੋ ਕਿ ਮੰਦੀਆਂ ਗੱਲਾਂ ਉਨ੍ਹਾਂ ਨਾਲ ਹੀ ਵਾਪਰਨ।
10 ਉਨ੍ਹਾਂ ਦੇ ਸਿਰਾਂ ਉੱਤੇ ਭੱਖਦੇ ਕੋਲੇ ਵਰਸਾਉ।
ਮੇਰੇ ਦੁਸ਼ਮਣਾਂ ਨੂੰ ਅੱਗ ਵਿੱਚ ਸੁੱਟ ਦਿਉ।
ਉਨ੍ਹਾਂ ਨੂੰ ਖਾਈ (ਕਬਰ) ਵਿੱਚ ਸੁੱਟ ਦਿਉ ਜਿੱਥੇ ਉਹ ਕਦੇ ਵੀ ਨਾ ਨਿਕਲ ਸੱਕਣ।
11 ਯਹੋਵਾਹ, ਉਨ੍ਹਾਂ ਝੂਠਿਆ ਨੂੰ ਨਾ ਜਿਉਣ ਦਿਉ।
ਉਨ੍ਹਾਂ ਮੰਦੇ ਲੋਕਾਂ ਨਾਲ ਮੰਦੀਆਂ ਗੱਲਾਂ ਵਾਪਰਨ ਦਿਉ।
12 ਮੈਂ ਜਾਣਦਾ ਹਾਂ ਕਿ ਯਹੋਵਾਹ ਨਿਰਪੱਖ ਹੋਕੇ ਗਰੀਬ ਲੋਕਾਂ ਬਾਰੇ ਨਿਆਂ ਕਰੇਗਾ।
ਪਰਮੇਸ਼ੁਰ ਬੇਸਹਾਰਿਆਂ ਦੀ ਮਦਦ ਕਰੇਗਾ।
13 ਨੇਕ ਲੋਕ ਤੁਹਾਡੇ ਨਾਮ ਦੀ ਉਸਤਤਿ ਕਰਨਗੇ, ਯਹੋਵਾਹ।
ਨੇਕ ਲੋਕ ਤੁਹਾਡੀ ਉਪਾਸਨਾ ਕਰਨਗੇ।
ਦਾਊਦ ਦਾ ਇੱਕ ਉਸਤਤਿ ਗੀਤ।
141 ਯਹੋਵਾਹ, ਮੈਂ ਤੁਹਾਨੂੰ ਮਦਦ ਲਈ ਪੁਕਾਰਦਾ ਹਾਂ।
ਮੈਨੂੰ ਸੁਣੋ ਜਦੋਂ ਮੈਂ ਤੁਹਾਨੂੰ ਪ੍ਰਾਰਥਨਾ ਕਰ ਰਿਹਾ ਹੋਵਾ।
ਛੇਤੀ ਕਰੋ ਅਤੇ ਮੇਰੀ ਮਦਦ ਕਰੋ।
2 ਯਹੋਵਾਹ, ਮੇਰੀ ਪ੍ਰਾਰਥਨਾ ਮੰਨ ਲਵੋ।
ਇਹ ਬਲਦੀ ਹੋਈ ਧੂਫ਼ ਦੀ ਸੁਗਾਤ ਵਾਂਗ ਹੋਵੇ।
ਇਹ ਸ਼ਾਮ ਵੇਲੇ ਦੀ ਬਲੀ ਵਾਂਗ ਹੋਵੇ।
3 ਯਹੋਵਾਹ, ਉਨ੍ਹਾਂ ਚੀਜ਼ਾਂ ਨੂੰ ਵੱਸ ਵਿੱਚ ਕਰਨ ਲਈ ਮੇਰੀ ਮਦਦ ਕਰੋ, ਜਿਨ੍ਹਾਂ ਬਾਰੇ ਮੈਂ ਆਖਦਾ ਹਾਂ।
ਜੋ ਮੈਂ ਆਖਾ ਮੇਰੀ ਨਿਗਰਾਨੀ ਰੱਖਣ ਵਿੱਚ ਮਦਦ ਕਰੋ।
4 ਮੈਨੂੰ ਮੰਦੇ ਅਮਲ ਕਰਨ ਦੀ ਇੱਛਾ ਨਾ ਕਰਨ ਦਿਉ।
ਮੈਨੂੰ ਉਹ ਚੀਜ਼ਾਂ ਸਾਂਝੀਆਂ ਨਾ ਕਰਨ ਦੇਵੋ
ਜਿਹੜੀਆਂ ਉਹ ਦੁਸ਼ਟ ਲੋਕ ਕਰ ਰਹੇ ਹਨ।
5 ਇੱਕ ਚੰਗਾ ਬੰਦਾ ਮੈਨੂੰ ਸੁਧਾਰ ਸੱਕਦਾ ਹੈ।
ਇਹ ਕਰਨਾ ਉਸਦੀ ਕਿੰਨੀ ਮਿਹਰਬਾਨੀ ਹੋਵੇਗੀ।
ਤੁਹਾਡੇ ਚੇਲੇ ਮੇਰੀ ਪੜਚੋਲ ਕਰ ਸੱਕਦੇ ਹਨ।
ਉਨ੍ਹਾਂ ਲਈ ਉਹ ਕਰਨ ਵਾਲੀ ਚੰਗੀ ਗੱਲ ਹੋਵੇਗੀ।
ਮੈਂ ਉਸ ਨੂੰ ਪ੍ਰਵਾਨ ਕਰ ਲਵਾਂਗਾ।
ਪਰ ਮੈਂ ਹਮੇਸ਼ਾ ਉਨ੍ਹਾਂ ਮੰਦੇ ਲੋਕਾਂ ਲਈ ਪ੍ਰਾਰਥਨਾ ਕਰਾਂਗਾ ਜੋ ਦੁਸ਼ਟ ਕਾਰੇ ਕਰਦੇ ਹਨ।
6 ਉਨ੍ਹਾਂ ਦੇ ਹਾਕਮ ਦੰਡਿਤ ਹੋਣ।
ਫ਼ਿਰ ਲੋਕ ਜਾਣ ਲੈਣਗੇ ਕਿ ਮੈਂ ਸੱਚ ਬੋਲਿਆ ਸੀ।
7 ਲੋਕੀ ਖੁਦਾਈ ਕਰਦੇ ਹਨ ਅਤੇ ਧਰਤੀ ਉੱਤੇ ਹੱਲ ਚਲਾਉਂਦੇ ਹਨ।
ਅਤੇ ਆਲੇ-ਦੁਆਲੇ ਮਿੱਟੀ ਉਡਾਉਂਦੇ ਹਨ।
ਇਸੇ ਤਰ੍ਹਾਂ ਸਾਡੀਆਂ ਹੱਡੀਆਂ ਉਨ੍ਹਾਂ ਦੀ ਕਬਰ ਵਿੱਚ ਖਿੰਡ ਜਾਣਗੀਆਂ।
8 ਯਹੋਵਾਹ, ਮੇਰੇ ਮਾਲਕ, ਮੈਂ ਤੁਹਾਡੇ ਵੱਲ ਮਦਦ ਲਈ ਤੱਕਦਾ ਹਾਂ।
ਮੈਨੂੰ ਤੁਹਾਡੇ ਉੱਤੇ ਵਿਸ਼ਵਾਸ ਹੈ, ਕਿਰਪਾ ਕਰਕੇ ਮੈਨੂੰ ਨਾ ਮਰਨ ਦੇਵੋ।
9 ਮੰਦੇ ਲੋਕਾਂ ਨੇ ਮੇਰੇ ਬਾਰੇ ਫ਼ੰਦੇ ਲਾਏ ਹੋਏ ਹਨ!
ਮੈਨੂੰ ਉਨ੍ਹਾਂ ਦੇ ਫ਼ੰਦਿਆਂ ਵਿੱਚ ਨਾ ਫ਼ਸਣ ਦਿਉ। ਉਨ੍ਹਾਂ ਨੂੰ ਮੈਨੂੰ ਨਾ ਫ਼ਸਾਉਣ ਦਿਉ।
10 ਬਦਚਲਣੇ ਲੋਕਾਂ ਨੂੰ ਉਨ੍ਹਾਂ ਦੇ ਆਪਣੇ ਹੀ ਜਾਲਾਂ ਅੰਦਰ ਫ਼ਸਣ ਦਿਉ।
ਜਦ ਕਿ ਮੈਂ ਬਿਨਾ ਖਤਰੇ ਤੋਂ ਨਿਕਲ ਜਾਵਾਂ।
ਦਾਊਦ ਦਾ ਇੱਕ ਭੱਗਤੀ ਗੀਤ। ਇਹ ਉਸ ਵੇਲੇ ਦੀ ਪ੍ਰਾਰਥਨਾ ਹੈ ਜਦੋਂ ਉਹ ਗੁਫ਼ਾ ਵਿੱਚ ਸੀ।
142 ਮੈਂ ਮਦਦ ਵਾਸਤੇ ਯਹੋਵਾਹ ਨੂੰ ਪੁਕਾਰਾਂਗਾ।
ਮੈਂ ਯਹੋਵਾਹ ਅੱਗੇ ਪ੍ਰਾਰਥਨਾ ਕਰਾਂਗਾ।
2 ਮੈਂ ਯਹੋਵਾਹ ਨੂੰ ਆਪਣੀਆਂ ਸੰਮਸਿਆਵਾਂ ਬਾਰੇ ਦੱਸਾਂਗਾ।
ਮੈਂ ਯਹੋਵਾਹ ਨੂੰ ਆਪਣੀਆਂ ਮੁਸੀਬਤਾਂ ਬਾਰੇ ਦੱਸਾਂਗਾ।
3 ਮੇਰੇ ਦੁਸ਼ਮਣਾ ਨੇ ਮੇਰੇ ਲਈ ਫ਼ੰਦਾ ਲਾਇਆ ਹੈ।
ਮੈਂ ਹਥਿਆਰ ਛੱਡਣ ਲਈ ਤਿਆਰ ਹਾਂ।
ਪਰ ਯਹੋਵਾਹ ਜਾਣਦਾ ਹੈ ਕਿ ਮੇਰੇ ਨਾਲ ਕੀ ਵਾਪਰ ਰਿਹਾ ਹੈ।
4 ਮੈਂ ਚਾਰ-ਚੁਫ਼ੇਰੇ ਵੇਖਦਾ ਹਾਂ
ਅਤੇ ਮੈਨੂੰ ਕੋਈ ਵੀ ਦੋਸਤ ਨਜ਼ਰ ਨਹੀਂ ਆਉਂਦਾ।
ਮੇਰੇ ਲਈ ਭੱਜਣ ਲਈ ਕੋਈ ਵੀ ਥਾਂ ਨਹੀਂ ਹੈ।
ਕੋਈ ਵੀ ਬੰਦਾ ਮੈਨੂੰ ਬਚਾਉਣ ਦੀ ਕੋਸ਼ਿਸ਼ ਨਹੀਂ ਕਰ ਰਿਹਾ ਹੈ।
5 ਇਸ ਲਈ ਮੈਂ ਰੋ-ਰੋ ਕੇ ਯਹੋਵਾਹ ਅੱਗੇ ਮਦਦ ਲਈ ਪ੍ਰਾਰਥਨਾ ਕਰਦਾ ਹਾਂ।
“ਯਹੋਵਾਹ ਤੁਸੀਂ ਮੇਰਾ ਸੁਰੱਖਿਅਤ ਟਿਕਾਣਾ ਹੋ।
ਯਹੋਵਾਹ, ਤੁਸੀਂ ਮੈਨੂੰ ਜਿਉਂਦਾ ਰਹਿਣ ਦੇ ਸੱਕਦੇ ਹੋ।”
6 ਯਹੋਵਾਹ, ਮੇਰੀ ਪ੍ਰਾਰਥਨਾ ਕਰੋ।
ਮੈਨੂੰ ਤੁਹਾਡੀ ਬਹੁਤ ਲੋੜ ਹੈ।
ਮੈਨੂੰ ਲੋਕਾਂ ਕੋਲੋ ਬਚਾਉ ਜਿਹੜੇ ਮੇਰਾ ਪਿੱਛਾ ਕਰ ਰਹੇ ਹਨ।
ਉਹ ਲੋਕ ਮੇਰੇ ਕੋਲੋਂ ਤਾਕਤਵਰ ਹਨ।
7 ਇਸ ਫ਼ੰਦੇ ਵਿੱਚੋਂ ਨਿਕਲਣ ਲਈ ਮੇਰੀ ਮਦਦ ਕਰੋ।
ਤਾਂ ਜੋ ਮੈਂ ਤੁਹਾਡੇ ਨਾਮ ਦੀ ਉਸਤਤਿ ਕਰਾਂ।
ਅਤੇ ਚੰਗੇ ਲੋਕ ਮੇਰੇ ਨਾਲ ਜਸ਼ਨ ਮਨਾਉਣਗੇ,
ਕਿਉਂ ਕਿ ਤੁਸੀਂ ਮੇਰਾ ਧਿਆਨ ਰੱਖਿਆ।
ਦਾਊਦ ਦਾ ਇੱਕ ਉਸਤਤਿ ਗੀਤ।
143 ਯਹੋਵਾਹ, ਮੇਰੀ ਪ੍ਰਾਰਥਨਾ ਸੁਣੋ।
ਮੇਰੀ ਪ੍ਰਾਰਥਨਾ ਕੰਨ ਲਾਕੇ ਸੁਣੋ।
ਅਤੇ ਫ਼ੇਰ ਮੇਰੀ ਪ੍ਰਾਰਥਨਾ ਮੰਨ ਲਵੋ।
ਮੈਨੂੰ ਦਰਸਾਉ ਕਿ ਤੁਸੀਂ ਸੱਚਮੁੱਚ ਨੇਕ ਅਤੇ ਵਫ਼ਾਦਾਰ ਹੋ।
2 ਮੇਰੇ, ਆਪਣੇ ਸੇਵਕ ਬਾਰੇ ਨਿਆਂ ਨਾ ਕਰੋ।
ਮੇਰੀ ਆਪਣੀ ਸਾਰੀ ਜ਼ਿੰਦਗੀ ਵਿੱਚ ਕਦੇ ਵੀ ਮੇਰਾ ਨਿਆਂ ਬੇਗੁਨਾਹ ਵਾਂਗ ਨਹੀਂ ਹੋਵੇਗਾ।
3 ਪਰ ਮੇਰੇ ਦੁਸ਼ਮਣ ਮੇਰਾ ਪਿੱਛਾ ਕਰ ਰਹੇ ਹਨ।
ਉਨ੍ਹਾਂ ਨੇ ਮੇਰੇ ਜੀਵਨ ਨੂੰ ਮਿੱਟੀ ਵਿੱਚ ਰੋਲ ਦਿੱਤਾ ਹੈ।
ਉਹ ਮੈਨੂੰ ਹਨੇਰੀ ਕਬਰ ਅੰਦਰ ਉਨ੍ਹਾਂ ਲੋਕਾਂ ਵਾਂਗ ਧੱਕ ਰਹੇ ਹਨ,
ਜਿਹੜੇ ਬਹੁਤ ਪਹਿਲਾਂ ਮਰ ਗਏ ਸਨ।
4 ਮੈਂ ਹਥਿਆਰ ਛੱਡਣ ਲਈ ਤਿਆਰ ਹਾਂ।
ਮੈਂ ਆਪਣਾ ਹੌਂਸਲਾ ਗੁਆ ਰਿਹਾ ਹਾਂ।
5 ਪਰ ਮੈਂ ਉਹ ਗੱਲਾਂ ਯਾਦ ਕਰਦਾ ਹਾਂ, ਜਿਹੜੀਆਂ ਬਹੁਤ ਪਹਿਲਾਂ ਵਾਪਰੀਆਂ ਸਨ।
ਮੈਂ ਉਨ੍ਹਾਂ ਬਹੁਤ ਸਾਰੀਆਂ ਗੱਲਾਂ ਬਾਰੇ ਸੋਚ ਰਿਹਾ ਹਾਂ ਜਿਹੜੀਆਂ ਤੁਸਾਂ ਕੀਤੀਆਂ ਸਨ।
ਮੈਂ ਉਨ੍ਹਾਂ ਚੀਜ਼ਾਂ ਬਾਰੇ ਗੱਲ ਕਰ ਰਿਹਾ ਹਾਂ ਜਿਹੜੀਆਂ ਤੁਸਾਂ ਆਪਣੀ ਮਹਾਨ ਸ਼ਕਤੀ ਨਾਲ ਕੀਤੀਆਂ ਸਨ!
6 ਯਹੋਵਾਹ, ਮੈਂ ਹੱਥ ਉਤਾਂਹ ਚੁੱਕਦਾ ਹਾਂ ਅਤੇ ਤੁਹਾਨੂੰ ਪ੍ਰਾਰਥਨਾ ਕਰਦਾ ਹਾਂ।
ਮੈਂ ਤੁਹਾਡੀ ਮਦਦ ਲਈ ਇੰਤਜ਼ਾਰ ਕਰ ਰਿਹਾ ਹਾਂ।
ਜਿਵੇਂ ਖੁਸ਼ਕ ਧਰਤੀ ਵਰੱਖਾ ਦਾ ਇੰਤਜ਼ਾਰ ਕਰਦੀ ਹੈ।
7 ਛੇਤੀ ਕਰੋ, ਯਹੋਵਾਹ, ਤੁਸੀਂ ਮੈਨੂੰ ਉੱਤਰ ਦੇਵੋ।
ਮੈਂ ਆਪਣਾ ਹੌਂਸਲਾ ਗੁਆ ਚੁੱਕਿਆ ਹਾਂ।
ਮੈਥੋਂ ਨਾ ਮੁੜੋ।
ਮੈਨੂੰ ਮਰਨ ਨਾ ਦਿਉ ਅਤੇ ਕਬਰ ਵਿੱਚ ਪਏ ਇੱਕ ਮੁਰਦੇ ਵਾਂਗ ਨਾ ਹੋਣ ਦਿਉ।
8 ਹੇ ਪਰਮੇਸ਼ੁਰ, ਤੜਕੇ, ਮੈਨੂੰ ਆਪਣਾ ਸੱਚਾ ਪਿਆਰ ਦਰਸਾ।
ਮੈਂ ਤੇਰੇ ਵਿੱਚ ਯਕੀਨ ਰੱਖਾਂਗਾ।
ਮੈਨੂੰ ਉਹ ਗੱਲਾਂ ਦਰਸਾ ਜੋ ਮੈਨੂੰ ਕਰਨੀਆਂ ਚਾਹੀਦੀਆਂ ਹਨ।
ਮੈਂ ਆਪਣੀ ਜ਼ਿੰਦਗੀ ਤੁਹਾਡੇ ਹੱਥਾਂ ਵਿੱਚ ਸੌਂਪਦਾ ਹਾਂ।
9 ਯਹੋਵਾਹ, ਮੈਂ ਤੁਹਾਡੇ ਕੋਲ ਸੁਰੱਖਿਆ ਲਈ ਆਇਆ ਹਾਂ,
ਮੈਨੂੰ ਮੇਰੇ ਦੁਸ਼ਮਣਾ ਕੋਲੋਂ ਬਚਾਉ।
10 ਜੋ ਕੁਝ ਤੁਸੀਂ ਮੇਰੇ ਪਾਸੋਂ ਕਰਵਾਉਣਾ ਚਾਹੁੰਦੇ ਹੋ, ਮੈਨੂੰ ਦਰਸਾਉ।
ਤੁਸੀਂ ਮੇਰੇ ਪਰਮੇਸ਼ੁਰ ਹੋ।
11 ਯਹੋਵਾਹ, ਮੈਨੂੰ ਜਿਉਣ ਦਿਉ।
ਤਾਂ ਜੋ ਲੋਕ ਤੁਹਾਡੇ ਨਾਮ ਦੀ ਉਸਤਤਿ ਕਰਨ।
ਮੈਨੂੰ ਦਰਸਾਉ ਕਿ ਤੁਸੀਂ ਸੱਚਮੁੱਚ ਸ਼ੁਭ ਹੋ
ਅਤੇ ਮੈਨੂੰ ਮੇਰੇ ਦੁਸ਼ਮਣਾ ਕੋਲੋਂ ਬਚਾਉ।
12 ਯਹੋਵਾਹ, ਮੈਨੂੰ ਆਪਣਾ ਪਿਆਰ ਦਰਸਾਉ।
ਅਤੇ ਮੇਰੇ ਦੁਸ਼ਮਣਾ ਨੂੰ ਹਰਾ ਦਿਉ,
ਜਿਹੜੇ ਮੈਨੂੰ ਮਾਰਨ ਦੀ ਕੋਸ਼ਿਸ਼ ਕਰਦੇ ਹਨ।
ਕਿਉਂ? ਕਿਉਂਕਿ ਮੈਂ ਤੁਹਾਡਾ ਸੇਵਕ ਹਾਂ।
ਦਾਊਦ ਦਾ ਇੱਕ ਗੀਤ।
144 ਯਹੋਵਾਹ ਮੇਰੀ ਚੱਟਾਨ ਹੈ,
ਯਹੋਵਾਹ ਨੂੰ ਅਸੀਸ ਦਿਉ।
ਯਹੋਵਾਹ ਮੈਨੂੰ ਯੁੱਧ ਲਈ ਤਿਆਰ ਕਰਦਾ ਹੈ।
ਯਹੋਵਾਹ ਲੜਾਈ ਲਈ ਮੈਨੂੰ ਸਿਖਲਾਈ ਦਿੰਦਾ ਹੈ।
2 ਯਹੋਵਾਹ ਮੈਨੂੰ ਪਿਆਰ ਕਰਦਾ ਹੈ ਅਤੇ ਮੇਰੀ ਰੱਖਿਆ ਕਰਦਾ ਹੈ।
ਯਹੋਵਾਹ ਹੀ ਉੱਚੇ ਪਹਾੜਾ ਵਿੱਚ ਮੇਰਾ ਸੁਰੱਖਿਅਤ ਸਥਾਨ ਹੈ।
ਯਹੋਵਾਹ ਮੈਨੂੰ ਬਚਾਉਂਦਾ ਹੈ।
ਯਹੋਵਾਹ ਮੇਰੀ ਢਾਲ ਹੈ।
ਮੈਨੂੰ ਉਸ ਉੱਤੇ ਵਿਸ਼ਵਾਸ ਹੈ।
ਆਪਣੇ ਉੱਤੇ ਰਾਜ ਕਰਨ ਵਿੱਚ ਯਹੋਵਾਹ ਮੇਰੀ ਮਦਦ ਕਰਦਾ ਹੈ।
3 ਯਹੋਵਾਹ, ਲੋਕੀ ਤੁਹਾਡੇ ਲਈ ਮਹੱਤਵਪੂਰਣ ਕਿਉਂ ਹਨ?
ਤੁਸੀਂ ਸਾਡੇ ਵੱਲ ਧਿਆਨ ਵੀ ਕਿਉਂ ਦਿੰਦੇ ਹੋ?
4 ਇੱਕ ਬੰਦੇ ਦਾ ਜੀਵਨ ਹਵਾ ਦੇ ਬੁੱਲੇ ਵਰਗਾ ਹੈ।
ਇੱਕ ਬੰਦੇ ਦਾ ਜੀਵਨ ਲੰਘਦੇ ਪਰਛਾਵੇਂ ਵਰਗਾ ਹੈ।
5 ਯਹੋਵਾਹ, ਆਕਾਸ਼ ਨੂੰ ਚੀਰ ਸੁੱਟੋ ਅਤੇ ਹੇਠਾ ਆਉ।
ਪਹਾੜਾਂ ਨੂੰ ਛੂਹ ਲਵੋ ਅਤੇ ਉਨ੍ਹਾਂ ਵਿੱਚੋਂ ਧੂੰਆਂ ਉੱਠਣ ਲੱਗੇਗਾ।
6 ਯਹੋਵਾਹ, ਬਿਜਲੀ ਭੇਜੋ ਅਤੇ ਮੇਰੇ ਦੁਸ਼ਮਣਾ ਨੂੰ ਭਜਾ ਦਿਉ।
ਆਪਣੇ “ਤੀਰ” ਛੱਡੋ ਅਤੇ ਉਨ੍ਹਾਂ ਨੂੰ ਭਜਾ ਦਿਉ।
7 ਯਹੋਵਾਹ, ਸਵਰਗ ’ਚੋਂ ਹੇਠਾ ਆਵੋ ਅਤੇ ਮੈਨੂੰ ਬਚਾ ਲਵੋ!
ਮੈਨੂੰ ਦੁਸ਼ਮਣਾ ਦੇ ਸਮੁੰਦਰ ਵਿੱਚ ਨਾ ਡੁੱਬਣ ਦੇਵੋ।
ਮੈਨੂੰ ਉਨ੍ਹਾਂ ਪਰਦੇਸੀਆ ਕੋਲੋਂ ਬਚਾਉ।
8 ਇਹ ਦੁਸ਼ਮਣ ਝੂਠੇ ਹਨ।
ਉਹ ਗੱਲਾਂ ਆਖਦੇ ਹਨ ਜਿਹੜੀਆਂ ਸੱਚ ਨਹੀਂ ਹਨ।
9 ਯਹੋਵਾਹ, ਮੈਂ ਤੁਹਾਡੇ ਕਰਿਸ਼ਮਿਆ ਬਾਰੇ ਇੱਕ ਨਵਾ ਗੀਤ ਗਾਵਾਂਗਾ।
ਮੈਂ ਤੁਹਾਡੀ ਉਸਤਤਿ ਕਰਾਂਗਾ ਅਤੇ ਦਸ ਤਾਰਾਂ ਵਾਲੀ ਸਾਰੰਗੀ ਵਜਾਵਾਂਗਾ।
10 ਯਹੋਵਾਹ ਰਾਜਿਆ ਦੀ ਮਦਦ ਉਨ੍ਹਾਂ ਦੀਆਂ ਲੜਾਈਆਂ ਜਿੱਤਣ ਵਿੱਚ ਕਰਦਾ ਹੈ।
ਯਹੋਵਾਹ ਨੇ ਆਪਣੇ ਸੇਵਕ ਦਾਊਦ ਨੂੰ ਉਸ ਦੇ ਦੁਸ਼ਮਣਾ ਦੀਆਂ ਤਲਵਾਰਾਂ ਕੋਲੋਂ ਬਚਾਇਆ।
11 ਮੈਨੂੰ ਇਨ੍ਹਾਂ ਵਿਦੇਸ਼ੀਆ ਕੋਲੋਂ ਬਚਾਉ।
ਇਹ ਦੁਸ਼ਮਣ ਝੂਠੇ ਹਨ।
ਉਹ ਉਹੀ ਗੱਲਾਂ ਕਰਦੇ ਹਨ ਜਿਹੜੀਆਂ ਸੱਚ ਨਹੀਂ ਹਨ।
12 ਸਾਡੇ ਜਵਾਨ ਪੁੱਤਰ ਮਜ਼ਬੂਤ ਰੱਖਾਂ ਵਰਗੇ ਹਨ।
ਸਾਡੀਆਂ ਧੀਆਂ ਮਹਿਲਾਂ ਦੀਆਂ ਖੂਬਸੂਰਤ ਸਜਾਵਟ ਵਰਗੀਆਂ ਹਨ।
13 ਸਾਡੇ ਅਨਾਜ ਦੇ ਕੋਠੇ ਸਭ ਤਰ੍ਹਾਂ ਦੀਆਂ ਫ਼ਸਲਾਂ ਨਾਲ ਭਰੇ ਹੋਏ ਹਨ।
ਸਾਡੇ ਖੇਤਾਂ ਵਿੱਚ ਹਜ਼ਾਰਾਂ ਹੀ ਭੇਡਾਂ ਹਨ।
14 ਸਾਡੇ ਫ਼ੌਜੀ ਸੁਰੱਖਿਅਤ ਹਨ ਕੋਈ ਵੀ ਦੁਸ਼ਮਣ
ਅੰਦਰ ਆਉਣ ਦੀ ਕੋਸ਼ਿਸ਼ ਨਹੀਂ ਕਰ ਰਿਹਾ।
ਅਸੀਂ ਲੜਨ ਲਈ ਨਹੀਂ ਜਾ ਰਹੇ ਹਾਂ
ਸਾਡੀਆਂ ਗਲੀਆਂ ਵਿੱਚ ਲੋਕ ਨਹੀਂ ਚੀਖ ਰਹੇ ਹਨ।
15 ਇਸੇ ਤਰ੍ਹਾਂ, ਦੇ ਵੇਲਿਆਂ ਵਿੱਚ ਲੋਕ ਬਹੁਤ ਹੀ ਖੁਸ਼ ਹੁੰਦੇ ਹਨ
ਜੇ ਯਹੋਵਾਹ ਉਨ੍ਹਾਂ ਦਾ ਪਰਮੇਸ਼ੁਰ ਹੋਵੇ ਲੋਕ ਬਹੁਤ ਹੀ ਖੁਸ਼ ਹੁੰਦੇ ਹਨ।
ਦਾਊਦ ਦਾ ਇੱਕ ਗੀਤ।
145 ਮੈਂ ਤੁਹਾਡੀ ਉਸਤਤਿ ਕਰਦਾ ਹਾਂ। ਮੇਰੇ ਪਰਮੇਸ਼ੁਰ ਅਤੇ ਰਾਜੇ,
ਮੈਂ ਸਦਾ-ਸਦਾ ਲਈ ਤੁਹਾਡੇ ਨਾਮ ਨੂੰ ਅਸੀਸ ਦਿੰਦਾ ਹਾਂ।
2 ਮੈਂ ਹਰ-ਰੋਜ਼ ਤੁਹਾਡੀ ਉਸਤਤਿ ਕਰਦਾ ਹਾਂ,
ਮੈਂ ਸਦਾ-ਸਦਾ ਲਈ ਤੁਹਾਡੇ ਨਾਮ ਦੀ ਉਸਤਤਿ ਕਰਦਾ ਹਾਂ।
3 ਯਹੋਵਾਹ ਮਹਾਨ ਹੈ।
ਲੋਕ ਉਸਦੀ ਉਸਤਤਿ ਬਹੁਤ ਕਰਦੇ ਹਨ।
ਅਸੀਂ ਉਸ ਦੇ ਸਾਰੇ ਮਹਾਨ ਕਾਰਜਾਂ ਨੂੰ ਨਹੀਂ ਗਿਣ ਸੱਕਦੇ।
4 ਯਹੋਵਾਹ, ਲੋਕ ਸਦਾ-ਸਦਾ ਲਈ ਤੁਹਾਡੇ ਕਾਰਜਾਂ ਲਈ ਤੁਹਾਡੀ ਉਸਤਤਿ ਕਰਨਗੇ।
ਉਹ ਤੁਹਾਡੇ ਮਹਾਨ ਕਾਰਜਾ ਬਾਰੇ ਦੱਸਣਗੇ।
5 ਤੁਹਾਡੀ ਸ਼ਾਨੋ-ਸ਼ੌਕਤ ਬਹੁਤ ਅਦਭੁਤ ਹੈ।
ਮੈਂ ਤੁਹਾਡੇ ਚਮਤਕਾਰਾਂ ਬਾਰੇ ਦੱਸਾਂਗਾ।
6 ਯਹੋਵਾਹ, ਲੋਕ ਤੁਹਾਡੇ ਅਦਭੁਤ ਕਾਰਿਆਂ ਬਾਰੇ ਦੱਸਣਗੇ।
ਮੈਂ ਤੁਹਾਡੇ ਮਹਾਨ ਕਾਰਜਾਂ ਬਾਰੇ ਦੱਸਾਂਗਾ।
7 ਲੋਕ ਤੁਹਾਡੇ ਸ਼ੁਭ ਕਾਰਜਾ ਬਾਰੇ ਦੱਸਣਗੇ।
ਲੋਕ ਤੁਹਾਡੀ ਨੇਕੀ ਦੇ ਗੀਤ ਗਾਉਣਗੇ।
8 ਯਹੋਵਾਹ ਮਿਹਰਬਾਨ ਅਤੇ ਦਿਆਲੂ ਹੈ।
ਯਹੋਵਾਹ ਸਹਿਜ ਅਤੇ ਪਿਆਰ ਭਰਿਆ ਹੈ।
9 ਯਹੋਵਾਹ ਹਰ ਇੱਕ ਨਾਲ ਨੇਕੀ ਕਰਦਾ ਹੈ।
ਯਹੋਵਾਹ ਹਰ ਚੀਜ਼ ਨੂੰ ਆਪਣੀ ਦਯਾ ਦਰਸਾਉਂਦਾ ਹੈ ਜਿਸ ਨੂੰ ਉਸ ਨੇ ਬਣਾਇਆ।
10 ਯਹੋਵਾਹ, ਜੋ ਵੀ ਗੱਲਾਂ ਤੁਸੀਂ ਕਰਦੇ ਹੋ। ਤੁਹਾਨੂੰ ਉਸਤਤਿ ਦਵਾਉਂਦੀਆਂ ਹਨ।
ਤੁਹਾਡੇ ਅਨੁਯਾਈ ਤੁਹਾਨੂੰ ਅਸੀਸ ਦਿੰਦੇ ਹਨ।
11 ਉਹ ਦੱਸਦੇ ਹਨ ਕਿ ਤੁਹਾਡੀ ਸਲਤਨਤ ਕਿੰਨੀ ਮਹਾਨ ਹੈ।
ਉਹ ਦੱਸਦੇ ਹਨ ਤੁਸੀਂ ਕਿੰਨੇ ਮਹਾਨ ਹੋ।
12 ਇਉਂ ਹੋਰ ਲੋਕੀ ਵੀ ਤੁਹਾਡੇ ਮਹਾਨ ਕਾਰਨਾਮਿਆ ਬਾਰੇ ਜਾਣ ਲੈਂਦੇ ਹਨ, ਯਹੋਵਾਹ।
ਉਹ ਲੋਕ ਜਾਣ ਲੈਂਦੇ ਹਨ ਕਿ ਤੁਹਾਡੀ ਸਲਤਨਤ ਕਿੰਨੀ ਮਹਾਨ ਅਤੇ ਅਦਭੁਤ ਹੈ।
13 ਯਹੋਵਾਹ, ਤੁਹਾਡੀ ਸਲਤਨਤ ਸਦਾ-ਸਦਾ ਲਈ ਰਹੇਗੀ।
ਤੁਸੀਂ ਸਦਾ-ਸਦਾ ਲਈ ਰਾਜ ਕਰੋਂਗੇ।
14 ਯਹੋਵਾਹ ਨੀਵੇਂ ਡਿੱਗਿਆ ਨੂੰ ਉੱਚਿਆਂ ਚੁੱਕਦਾ ਹੈ।
ਯਹੋਵਾਹ ਉਨ੍ਹਾਂ ਲੋਕਾਂ ਦੀ ਮਦਦ ਕਰਦਾ ਹੈ ਜੋ ਮੁਸੀਬਤ ਵਿੱਚ ਹਨ।
15 ਯਹੋਵਾਹ, ਸਾਰੇ ਜਿਉਂਦੇ ਪ੍ਰਾਣੀ ਤੁਹਾਡੇ ਵੱਲ ਆਪਣੇ ਭੋਜਨ ਲਈ ਤੱਕਦੇ ਹਨ।
ਅਤੇ ਤੁਸੀਂ ਉਨ੍ਹਾਂ ਨੂੰ ਸਮੇਂ ਸਿਰ ਭੋਜਨ ਦਿੰਦੇ ਹੋ।
16 ਯਹੋਵਾਹ, ਤੁਸੀਂ ਆਪਣੇ ਹੱਥ ਖੋਲ੍ਹ ਦਿੰਦੇ ਹੋ,
ਅਤੇ ਤੁਸੀਂ ਹਰ ਜਿਉਂਦੇ ਪ੍ਰਾਣੀ ਨੂੰ ਜੋ ਵੀ ਉਸ ਦੀ ਲੋੜ ਹੈ ਉਸ ਨੂੰ ਦਿੰਦੇ ਹੋ।
17 ਹਰ ਗੱਲ ਜਿਹੜੀ ਯਹੋਵਾਹ ਕਰਦਾ ਹੈ, ਸ਼ੁਭ ਹੈ।
ਹਰ ਗੱਲ ਜਿਹੜੀ ਉਹ ਕਰਦਾ ਹੈ ਦਰਸਾਉਂਦੀ ਹੈ ਕਿ ਉਹ ਕਿੰਨਾ ਮਹਾਨ ਹੈ।
18 ਯਹੋਵਾਹ ਹਰ ਉਸ ਬੰਦੇ ਦੇ ਨੇੜੇ ਹੈ ਜੋ ਉਸ ਨੂੰ ਮਦਦ ਵਾਸਤੇ ਪੁਕਾਰਦਾ ਹੈ।
ਪਰਮੇਸ਼ੁਰ ਹਰ ਉਸ ਵਿਅਕਤੀ ਦੇ ਨੇੜੇ ਹੈ ਜਿਹੜਾ ਨਿਸ਼ਕਪਟਤਾ ਨਾਲ ਉਸ ਨੂੰ ਪ੍ਰਾਰਥਨਾ ਕਰਦਾ ਹੈ।
19 ਯਹੋਵਾਹ ਉਹੀ ਕਰਦਾ ਹੈ ਜੋ ਉਸ ਦੇ ਚੇਲੇ ਚਾਹੁੰਦੇ ਹਨ, ਯਹੋਵਾਹ ਆਪਣੇ ਪੈਰੋਕਾਰਾ ਦੀ ਸੁਣਦਾ ਹੈ।
ਉਹ ਉਨ੍ਹਾਂ ਦੀਆਂ ਅਰਦਾਸਾ ਮੰਨਦਾ ਹੈ।
ਅਤੇ ਉਹ ਉਨ੍ਹਾਂ ਨੂੰ ਬਚਾਉਂਦਾ ਹੈ।
20 ਯਹੋਵਾਹ ਹਰ ਬੰਦੇ ਨੂੰ ਬਚਾਉਂਦਾ ਹੈ, ਜਿਹੜਾ ਉਸ ਨੂੰ ਪਿਆਰ ਕਰਦਾ ਹੈ।
ਪਰ ਯਹੋਵਾਹ ਮੰਦੇ ਬੰਦੇ ਦਾ ਨਾਸ਼ ਕਰਦਾ ਹੈ।
21 ਮੈਂ ਯਹੋਵਾਹ ਦੀ ਉਸਤਤਿ ਕਰਾਂਗਾ!
ਮੈਂ ਚਾਹੁੰਦਾ ਹਾਂ ਕਿ ਹਰ ਬੰਦਾ ਉਸ ਦੇ ਪਵਿੱਤਰ ਨਾਮ ਦੀ ਸਦਾ-ਸਦਾ ਲਈ ਉਸਤਤਿ ਕਰ ਸੱਕੇ।
2010 by World Bible Translation Center