Beginning
ਮੰਦਰ ਜਾਣ ਵਾਲਿਆ ਲਈ ਇੱਕ ਗੀਤ।
120 ਮੈਂ ਮੁਸੀਬਤ ਵਿੱਚ ਸਾਂ।
ਮੈਂ ਮਦਦ ਲਈ ਯਹੋਵਾਹ ਨੂੰ ਪੁਕਾਰਿਆ।
ਅਤੇ ਉਸ ਨੇ ਮੈਨੂੰ ਬਚਾਇਆ!
2 ਯਹੋਵਾਹ, ਮੈਨੂੰ ਉਨ੍ਹਾਂ ਲੋਕਾਂ ਕੋਲੋਂ ਬਚਾਉ, ਜਿਨ੍ਹਾਂ ਨੇ ਮੇਰੇ ਬਾਰੇ ਕੂੜ ਬੋਲਿਆ ਹੈ।
ਉਨ੍ਹਾਂ ਨੇ ਉਹ ਆਖੀਆਂ ਜਿਹੜੀਆਂ ਸੱਚ ਨਹੀਂ ਹਨ।
3 ਝੂਠਿਉ, ਤੁਸੀਂ ਜਾਣਦੇ ਹੋ ਕਿ ਤੁਹਾਨੂੰ ਕੀ ਮਿਲੇਗਾ?
ਤੁਸੀਂ ਜਾਣਦੇ ਹੋ ਤੁਹਾਡਾ ਕੀ ਲਾਭ ਹੋਵੇਗਾ?
4 ਸਜ਼ਾ ਵਜੋਂ ਤੁਹਾਨੂੰ ਫ਼ੌਜੀ ਦਾ ਇੱਕ ਤਿੱਖਾ ਤੀਰ ਅਤੇ ਗਰਮ ਕੋਲੇ ਮਿਲਣਗੇ।
5 ਕਿੰਨਾ ਭਿਆਨਕ, ਤੁਹਾਡੇ ਨਜ਼ਦੀਕ ਰਹਿਣਾ ਮਸ਼ਕ ਵਿੱਚ ਰਹਿਣ ਵਰਗਾ ਹੈ।
ਇਹ ਕੇਦਾਰ ਦੇ ਤੰਬੂਆਂ ਵਿੱਚ ਰਹਿਣ ਵਰਗਾ ਹੈ।
6 ਮੈਂ ਬਹੁਤ ਚਿਰ ਉਨ੍ਹਾਂ ਲੋਕਾਂ ਨਾਲ ਰਹਿ ਚੁੱਕਿਆ ਹਾਂ, ਜਿਹੜੇ ਅਮਨ ਨੂੰ ਨਫ਼ਰਤ ਕਰਦੇ ਹਨ।
7 ਮੈਂ ਆਖਿਆ ਕਿ ਮੈਂ ਅਮਨ ਦੀ ਇੱਛਾ ਕਰਦਾ ਹਾਂ।
ਫ਼ੇਰ ਵੀ ਉਹ ਯੁੱਧ ਚਾਹੁੰਦੇ ਹਨ।
ਮੰਦਰ ਵਿੱਚ ਜਾਣ ਵਾਲਿਆ ਲਈ ਇੱਕ ਗੀਤ।
121 ਮੈਂ ਮਦਦ ਲਈ ਪਹਾੜੀਆਂ ਵੱਲ ਵੇਖਿਆ,
ਪਰ ਅਸਲ ਵਿੱਚ ਮੇਰੇ ਲਈ ਮਦਦ ਕਿੱਥੋਂ ਆਵੇਗੀ।
2 ਮੇਰੇ ਲਈ ਮਦਦ ਯਹੋਵਾਹ ਵਲੋਂ
ਧਰਤੀ ਅਤੇ ਅਕਾਸ਼ ਦੇ ਸਿਰਜਣਹਾਰੇ ਵੱਲੋਂ ਆਵੇਗੀ।
3 ਪਰਮੇਸ਼ੁਰ ਤੁਹਾਨੂੰ ਡਿੱਗਣ ਨਹੀਂ ਦੇਵੇਗਾ।
ਤੁਹਾਡਾ ਰੱਖਿਅਕ ਸੌਵੇਗਾ ਨਹੀਂ।
4 ਇਸਰਾਏਲ ਦੇ ਰੱਖਿਅਕ ਨੂੰ ਨੀਂਦ ਨਹੀਂ ਆਉਂਦੀ
ਪਰਮੇਸ਼ੁਰ ਕਦੇ ਸੌਦਾ ਨਹੀਂ।
5 ਯਹੋਵਾਹ ਤੁਹਾਡਾ ਰੱਖਿਅਕ ਹੈ।
ਉਹ ਆਪਣੀ ਮਹਾਨ ਸ਼ਕਤੀ ਨਾਲ ਤੁਹਾਡੀ ਰੱਖਿਆ ਕਰਦਾ ਹੈ।
6 ਦਿਨ ਵੇਲੇ ਸੂਰਜ ਤੁਹਾਨੂੰ ਦੁੱਖ ਨਹੀਂ ਦੇ ਸੱਕਦਾ।
ਅਤੇ ਚੰਨ ਤੁਹਾਨੂੰ ਰਾਤ ਵੇਲੇ ਦੁੱਖ ਨਹੀਂ ਦੇ ਸੱਕਦਾ।
7 ਯਹੋਵਾਹ ਤੁਹਾਨੂੰ ਹਰ ਖਤਰੇ ਕੋਲੋਂ ਬਚਾਵੇਗਾ।
ਯਹੋਵਾਹ ਤੁਹਾਡੀ ਆਤਮਾ ਨੂੰ ਬਚਾਵੇਗਾ।
8 ਆਉਣ ਜਾਣ ਵੇਲੇ ਯਹੋਵਾਹ ਤੁਹਾਡੀ ਮਦਦ ਕਰੇਗਾ।
ਯਹੋਵਾਹ ਹੁਣ ਅਤੇ ਸਦਾ ਹੀ ਤੁਹਾਡੀ ਮਦਦ ਕਰੇਗਾ।
ਮੰਦਰ ਜਾਣ ਵੇਲੇ ਦਾਊਦ ਦਾ ਇੱਕ ਗੀਤ।
122 ਮੈਂ ਬਹੁਤ ਖੁਸ਼ ਸਾਂ, ਜਦੋਂ ਲੋਕਾਂ ਨੇ ਆਖਿਆ,
“ਆਉ ਅਸੀਂ ਯਹੋਵਾਹ ਦੇ ਮੰਦਰ ਵਿੱਚ ਚੱਲੀਏ।”
2 ਅਸੀਂ ਇੱਥੇ ਹਾਂ, ਯਰੂਸ਼ਲਮ ਦੇ ਦਰਾਂ ਉੱਤੇ ਖਲੋਤੇ ਹੋਏ।
3 ਇਹ ਨਵਾਂ ਯਰੂਸ਼ਲਮ ਹੈ!
ਸ਼ਹਿਰ ਨੂੰ ਸਾਂਝੇ ਸ਼ਹਿਰ ਵਜੋਂ ਦੁਬਾਰਾ ਉਸਾਰਿਆ ਗਿਆ ਹੈ।
4 ਇੱਥੇ ਹੀ ਪਰਿਵਾਰਾਂ ਦੇ ਸਮੂਹ ਜਾਂਦੇ ਹਨ।
ਇੱਥੇ ਇਸਰਾਏਲ ਦੇ ਲੋਕ ਯਹੋਵਾਹ ਦੇ ਨਾਮ ਦੀ ਉਸਤਤਿ ਕਰਨ ਲਈ ਜਾਂਦੇ ਹਨ।
ਉਹ ਪਰਿਵਾਰ ਸਮੂਹ ਉਹੀ ਹਨ ਜਿਹੜੇ ਯਹੋਵਾਹ ਦੇ ਹਨ।
5 ਉੱਥੇ ਦਾਊਦ ਦੇ ਪਰਿਵਾਰ ਦੇ ਰਾਜੇ ਆਪਣੇ ਤਖਤ ਸਥਾਪਿਤ ਕਰਦੇ ਹਨ।
ਉੱਥੇ ਉਹ ਲੋਕਾਂ ਦਾ ਨਿਆਂ ਕਰਨ ਲਈ ਤਖਤ ਸਥਾਪਿਤ ਕਰਦੇ ਹਨ।
6 ਸ਼ਾਂਤੀ ਲਈ ਯਰੂਸ਼ਲਮ ਵਿੱਚ ਪ੍ਰਾਰਥਨਾ ਕਰੋ,
“ਮੈਨੂੰ ਆਸ ਹੈ ਕਿ ਉਨ੍ਹਾਂ ਲੋਕਾਂ ਨੂੰ ਜਿਹੜੇ ਤੁਹਾਨੂੰ ਪਿਆਰ ਕਰਦੇ ਹਨ, ਇੱਥੇ ਸ਼ਾਂਤੀ ਮਿਲੇਗੀ।
7 ਮੈਨੂੰ ਆਸ ਹੈ ਕਿ ਤੁਹਾਡੀਆਂ ਕੰਧਾ ਅੰਦਰ ਸ਼ਾਂਤੀ ਹੋਵੇਗੀ।
ਮੈਨੂੰ ਆਸ ਹੈ ਕਿ ਤੁਹਾਨੂੰ ਤੁਹਾਡੇ ਮਹਿਲਾ ਅੰਦਰ ਸੁਰੱਖਿਆ ਮਿਲੇਗੀ।”
8 ਆਪਣੇ ਭਰਾਵਾ ਅਤੇ ਗੁਆਂਢੀਆਂ ਦੇ ਭਲੇ ਲਈ,
ਮੈਂ ਪ੍ਰਾਰਥਨਾ ਕਰਦਾ ਹਾਂ ਕਿ ਇੱਥੇ ਸ਼ਾਂਤੀ ਮਿਲੇਗੀ।
9 ਯਹੋਵਾਹ ਦੇ ਅਤੇ ਸਾਡੇ ਪਰਮੇਸ਼ੁਰ ਦੇ ਮੰਦਰ ਦੇ ਭਲੇ ਲਈ,
ਮੈਂ ਪ੍ਰਾਰਥਨਾ ਕਰਦਾ ਹਾਂ ਕਿ ਇਸ ਸ਼ਹਿਰ ਦਾ ਭਲਾ ਹੋਵੇ।
ਮੰਦਰ ਜਾਣ ਵੇਲੇ ਦਾ ਇੱਕ ਗੀਤ।
123 ਹੇ ਪਰਮੇਸ਼ੁਰ, ਮੈਂ ਉੱਪਰ ਤੱਕਦਾ ਹਾਂ ਅਤੇ ਤੁਹਾਡੇ ਅੱਗੇ ਪ੍ਰਾਰਥਨਾ ਕਰਦਾ ਹਾਂ।
ਤੁਸੀਂ ਸਵਰਗ ਵਿੱਚ ਵੱਡੇ ਰਾਜੇ ਵਾਂਗ ਬੈਠੋ।
2 ਗੁਲਾਮ ਆਪਣੀਆਂ ਲੋੜਾਂ ਲਈ ਆਪਣੇ ਮਾਲਕ ਉੱਤੇ ਨਿਰਭਰ ਕਰਦੇ ਹਨ।
ਇਸੇ ਤਰ੍ਹਾਂ, ਅਸੀਂ ਆਪਣੇ ਯਹੋਵਾਹ ਪਰਮੇਸ਼ੁਰ ਉੱਤੇ ਨਿਰਭਰ ਕਰਦੇ ਹਾਂ,
ਅਸੀਂ ਪਰਮੇਸ਼ੁਰ ਦਾ ਸਾਡੇ ਉੱਤੇ
ਮਿਹਰ ਕਰਨ ਲਈ ਇੰਤਜ਼ਾਰ ਕਰਦੇ ਹਾਂ।
3 ਯਹੋਵਾਹ, ਸਾਡੇ ਉੱਪਰ ਮਿਹਰ ਕਰੋ;
ਕਿਉਂਕਿ ਅਸੀਂ ਬਹੁਤ ਚਿਰ ਤੱਕ ਬੇਇੱਜ਼ਤ ਹੋਏ ਹਾਂ।
4 ਅਸੀਂ ਉਨ੍ਹਾਂ ਸੁਸਤ ਗੁਮਾਨੀ ਲੋਕਾਂ ਵੱਲੋਂ ਬਹੁਤ ਬੇਇੱਜ਼ਤੀਆ
ਅਤੇ ਤੁਹਮਤਾਂ ਸਹਾਰੀਆਂ ਹਨ।
ਮੰਦਰ ਜਾਣ ਵੇਲੇ ਦਾਊਦ ਦਾ ਇੱਕ ਗੀਤ।
124 ਸਾਡੇ ਨਾਲ ਕੀ ਵਾਪਰਦਾ ਜੇ ਯਹੋਵਾਹ ਸਾਡੇ ਵੱਲ ਨਾ ਹੁੰਦਾ?
ਇਸਰਾਏਲ, ਜਵਾਬ ਦਿਉ।
2 ਸਾਡੇ ਨਾਲ ਕੀ ਵਾਪਰਦਾ, ਜੇ ਉਦੋਂ ਯਹੋਵਾਹ ਸਾਡੇ ਵੱਲ ਨਾ ਹੁੰਦਾ
ਜਦੋਂ ਲੋਕ ਸਾਡੇ ਉੱਤੇ ਹਮਲਾ ਕਰਦੇ ਹਨ?
3 ਸਾਡੇ ਦੁਸ਼ਮਣ ਸਾਡੇ ਉੱਤੇ ਕ੍ਰੋਧਵਾਨ ਹੁੰਦੇ
ਸਾਨੂੰ ਜਿਉਂਦਿਆ ਨੂੰ ਨਿਗਲ ਜਾਂਦੇ।
4 ਸਾਡੇ ਦੁਸ਼ਮਣਾ ਦੀਆਂ ਫ਼ੌਜਾਂ
ਸਾਨੂੰ ਹੜ੍ਹ ਵਾਂਗ ਰੋੜ੍ਹ ਦਿੰਦੀਆਂ,
ਸਾਨੂੰ ਦਰਿਆ ਵਾਂਗ ਡੋਬ ਦਿੰਦੀਆਂ।
5 ਉਹ ਲੋਕ ਸਾਡੀ ਧੌਣ ਤੱਕ ਚੜ੍ਹਦੇ ਪਾਣੀ ਵਾਂਗ ਹੁੰਦੇ
ਅਤੇ ਸਾਨੂੰ ਡੋਬ ਦਿੰਦੇ।
6 ਯਹੋਵਾਹ ਦੀ ਉਸਤਤਿ ਕਰੋ!
ਯਹੋਵਾਹ ਨੇ ਸਾਨੂੰ ਸਾਡੇ ਦੁਸ਼ਮਣਾ ਹੱਥੋਂ ਫ਼ੜੇ ਜਾਣ ਅਤੇ ਸਾਨੂੰ ਮਾਰਨ ਨਹੀਂ ਦਿੱਤਾ।
7 ਅਸੀਂ ਉਸ ਪੰਛੀ ਵਾਂਗ ਹਾਂ ਜਿਹੜਾ ਜਾਲ ਵਿੱਚ ਫ਼ਸ ਗਿਆ ਅਤੇ ਫ਼ੇਰ ਛੁੱਟ ਗਿਆ।
ਜਾਲ ਟੁੱਟ ਗਿਆ ਅਤੇ ਅਸੀਂ ਛੁੱਟ ਗਏ।
8 ਸਾਨੂੰ ਯਹੋਵਾਹ ਕੋਲੋਂ ਮਦਦ ਮਿਲੀ।
ਯਹੋਵਾਹ ਨੇ ਸਵਰਗ ਅਤੇ ਧਰਤੀ ਨੂੰ ਸਾਜਿਆ।
ਮੰਦਰ ਜਾਣ ਵੇਲੇ ਦਾ ਇੱਕ ਗੀਤ।
125 ਜਿਹੜੇ ਯਹੋਵਾਹ ਵਿੱਚ ਵਿਸ਼ਵਾਸ ਕਰਦੇ ਹਨ, ਉਹ ਸੀਯੋਨ ਪਰਬਤ ਵਾਂਗ ਹੋਣਗੇ।
ਉਹ ਕਦੇ ਵੀ ਨਹੀਂ ਹਿਲਾਏ ਜਾਣਗੇ,
ਉਹ ਸਦਾ ਹੀ ਰਹਿਣਗੇ।
2 ਯਰੂਸ਼ਲਮ ਦੇ ਚਾਰ-ਚੁਫ਼ੇਰੇ ਪਰਬਤ ਹਨ।
ਅਤੇ ਯਹੋਵਾਹ ਆਪਣੇ ਲੋਕਾਂ ਦੇ ਆਲੇ-ਦੁਆਲੇ ਹੈ।
ਉਹ ਸਦਾ-ਸਦਾ ਲਈ ਆਪਣੇ ਲੋਕਾਂ ਨੂੰ ਬਚਾਵੇਗਾ।
3 ਬੁਰੇ ਬੰਦੇ ਨੇਕ ਬੰਦਿਆ ਦੀ ਧਰਤੀ ਨੂੰ ਧਰਤੀ ਨੂੰ ਸਦਾ ਵਾਸਤੇ ਕਾਬੂ ਵਿੱਚ ਨਹੀਂ ਰੱਖਣਗੇ।
ਜੇ ਇਸ ਤਰ੍ਹਾਂ ਹੋਵੇਗਾ, ਤਾਂ ਨੇਕ ਬੰਦੇ ਵੀ ਮੰਦੇ ਅਮਲ ਕਰਨੇ ਸ਼ੁਰੂ ਕਰ ਦੇਣਗੇ।
4 ਯਹੋਵਾਹ, ਨੇਕ ਬੰਦਿਆ ਨਾਲ ਨੇਕੀ ਕਰੋ।
ਉਨ੍ਹਾਂ ਲੋਕਾਂ ਨਾਲ ਨੇਕੀ ਕਰੋ ਜਿਹੜੇ ਪਵਿੱਤਰ ਦਿਲ ਦੇ ਹਨ।
5 ਮੰਦੇ ਆਦਮੀ ਮੰਦੀਆਂ ਗੱਲਾਂ ਕਰਦੇ ਹਨ।
ਯਹੋਵਾਹ ਉਨ੍ਹਾਂ ਮੰਦੇ ਲੋਕਾਂ ਨੂੰ ਦੰਡ ਦੇਵੇਗਾ
ਇਸਰਾਏਲ ਵਿੱਚ ਸ਼ਾਂਤੀ ਹੋਵੇ।
ਮੰਦਰ ਜਾਣ ਵੇਲੇ ਦਾ ਇੱਕ ਗੀਤ।
126 ਜਦੋਂ ਇੱਕ ਵਾਰ ਫ਼ੇਰ ਯਹੋਵਾਹ ਸਾਨੂੰ ਮੁਕਤ ਕਰੇਗਾ
ਇਹ ਗੱਲ ਸੁਪਨੇ ਵਰਗੀ ਹੋਵੇਗੀ।
2 ਅਸੀਂ ਹੱਸ ਰਹੇ ਹੋਵਾਂਗੇ ਅਤੇ ਖੁਸ਼ੀ ਦੇ ਗੀਤ ਗਾ ਰਹੇ ਹੋਵਾਂਗੇ।
ਹੋਰਾਂ ਕੌਮਾਂ ਦੇ ਲੋਕ ਆਖਣਗੇ,
“ਪਰਮੇਸ਼ੁਰ ਨੇ ਇਸਰਾਏਲ ਦੇ ਲੋਕਾਂ ਲਈ ਚਮਤਕਾਰ ਕੀਤਾ।”
3 ਹਾਂ, ਜੇ ਯਹੋਵਾਹ ਨੇ ਸਾਡੇ ਲਈ ਇਹੋ ਜਿਹਾ ਚਮਤਕਾਰ ਕੀਤਾ ਅਸੀਂ ਬਹੁਤ ਖੁਸ਼ ਹੋਵਾਂਗੇ।
4 ਯਹੋਵਾਹ, ਸਾਨੂੰ ਇੱਕ ਵਾਰ ਫ਼ੇਰ ਮੁਕਤ ਕਰੋ।
ਜਦੋਂ ਉਹ ਬੀਜ ਬੀਜਦਾ ਹੈ, ਪਰ ਉਹ ਖੁਸ਼ ਹੋਵੇਗਾ ਜਦੋਂ ਉਹ ਫ਼ਸਲਾਂ ਨੂੰ ਕੱਟੇਗਾ।
5 ਕੋਈ ਬੰਦਾ, ਜਦੋਂ ਉਹ ਬੀਜ ਬੀਜਦਾ ਹੈ ਉਦਾਸ ਹੋ ਸੱਕਦਾ ਹੈ।
ਪਰ ਉਹ ਉਦੋਂ ਖੁਸ਼ ਹੋਵੇਗਾ ਜਦੋਂ ਉਹ ਫ਼ਸਲਾ ਨੂੰ ਕੱਟੇਗਾ।
6 ਹੋ ਸੱਕਦਾ ਜਦੋਂ ਉਹ ਖੇਤਾ ਵੱਲ ਬੀਜ ਲੈ ਕੇ ਜਾਂਦਾ ਰੋਦਾ ਹੋਵੇ।
ਪਰ ਉਹ ਉਦੋਂ ਪ੍ਰਸੰਨ ਹੋਵੇਗਾ ਜਦੋਂ ਉਹ ਆਪਣੇ ਘਰ ਫ਼ਸਲ ਲੈ ਕੇ ਆਉਂਦਾ ਹੋਵੇ।
ਮੰਦਰ ਜਾਣ ਵੇਲੇ ਸੁਲੇਮਾਨ ਦਾ ਇੱਕ ਗੀਤ।
127 ਜੇ ਘਰ ਉਸਾਰਨ ਵਾਲਾ ਯਹੋਵਾਹ ਨਹੀਂ
ਤਾਂ ਉਸਾਰੀਆਂ ਆਪਣਾ ਵਕਤ ਬਰਬਾਦ ਕਰ ਰਿਹਾ ਹੈ।
ਜੇਕਰ ਯਹੋਵਾਹ ਇੱਕ ਸ਼ਹਿਰ ਦਾ ਧਿਆਨ ਨਹੀਂ ਰੱਖ ਰਿਹਾ,
ਤਾਂ ਚੌਕੀਦਾਰ ਆਪਣਾ ਵਕਤ ਜਾਇਆ ਕਰ ਰਹੇ ਸਨ।
2 ਇਹ ਸਵੇਰੇ ਉੱਠਣਾ ਅਤੇ ਰੋਜੀ ਕੁਮਾਉਣ ਲਈ ਦੇਰ ਰਾਤ ਤੱਕ ਜਾਗਦੇ ਰਹਿਣਾ
ਵਕਤ ਜਾਇਆ ਕਰਨਾ ਹੀ ਹੈ।
ਯਹੋਵਾਹ ਉਨ੍ਹਾਂ ਲੋਕਾਂ ਦੀ ਪਾਲਣਾ ਕਰਦਾ ਹੈ ਜਿਨ੍ਹਾਂ ਨੂੰ ਉਹ ਉਦੋਂ ਵੀ ਪਿਆਰ ਕਰਦਾ ਹੈ
ਜਦੋਂ ਉਹ ਸੁੱਤੇ ਪਏ ਹੁੰਦੇ ਹਨ।
3 ਬੱਚੇ ਯਹੋਵਾਹ ਵੱਲੋਂ ਸੁਗਾਤ ਹਨ, ਉਹ ਮਾਂ ਦੇ ਸ਼ਰੀਰ ਵੱਲੋਂ ਇਨਾਮ ਹਨ।
4 ਜਵਾਨ ਆਦਮੀ ਦੇ ਪੁੱਤਰ ਇੱਕ ਫ਼ੌਜੀ ਦੇ ਤਰਕਸ਼ ਵਿੱਚਲੇ ਤੀਰਾਂ ਵਰਗੇ ਹਨ।
5 ਉਹ ਆਦਮੀ ਜਿਹੜਾ ਆਪਣੇ ਤਸ਼ਕਰ ਨੂੰ ਪੁੱਤਰਾਂ ਨਾਲ ਭਰ ਲੈਂਦਾ ਹੈ, ਉਹ ਬਹੁਤ ਖੁਸ਼ ਹੋਵੇਗਾ।
ਉਹ ਬੰਦਾ ਕਦੇ ਵੀ ਨਹੀਂ ਹਾਰੇਗਾ।
ਉਸ ਦੇ ਪੁੱਤਰ ਆਮ ਰਸਤਿਆ ਉੱਤੇ ਉਸ ਦੇ ਦੁਸ਼ਮਣਾ ਕੋਲੋਂ ਉਸਦੀ ਰੱਖਿਆ ਕਰਨਗੇ।
ਮੰਦਰ ਜਾਣ ਵੇਲੇ ਦਾ ਇੱਕ ਗੀਤ।
128 ਯਹੋਵਾਹ ਦੇ ਸਾਰੇ ਚੇਲੇ ਹੀ ਖੁਸ਼ ਹਨ।
ਉਹ ਲੋਕ ਉਸੇ ਢੰਗ ਨਾਲ ਰਹਿੰਦੇ ਹਨ
ਜਿਵੇਂ ਪਰਮੇਸ਼ੁਰ ਚਾਹੁੰਦਾ ਕਿ ਉਹ ਰਹਿਣ।
2 ਜਿਨ੍ਹਾਂ ਚੀਜ਼ਾਂ ਲਈ ਤੁਸੀਂ ਮਿਹਨਤ ਕੀਤੀ ਹੈ, ਤੁਸੀਂ ਉਨ੍ਹਾਂ ਚੀਜ਼ਾਂ ਨੂੰ ਮਾਣੋਗੇ।
ਤੁਸੀਂ ਖੁਸ਼ ਹੋਵੋਗੇ ਅਤੇ ਤੁਹਾਡੇ ਨਾਲ ਚੰਗੀਆਂ ਗੱਲਾਂ ਵਾਪਰਨਗੀਆਂ।
3 ਘਰ ਵਿੱਚ, ਤੁਹਾਡੀ ਪਤਨੀ ਫ਼ਲਦਾਰ ਅੰਗੂਰੀ ਵੇਲ ਵਰਗੀ ਹੋਵੇਗੀ।
ਤੁਹਾਡੇ ਬੱਚੇ ਜਿਹੜੇ ਮੇਜ਼ ਦੇ ਦੁਆਲੇ ਬਿਠਾਏ ਗਏ ਹਨ, ਤੁਹਾਡੇ ਲਈ ਹੋਏ ਜੈਤੂਨ ਦੇ ਰੁੱਖਾਂ ਵਰਗੇ ਹੋਣਗੇ।
4 ਯਹੋਵਾਹ ਸੱਚਮੁੱਚ ਇਸ ਤਰ੍ਹਾਂ ਆਪਣੇ ਪੈਰੋਕਾਰਾਂ ਨੂੰ ਅਸੀਸ ਦੇਵੇਗਾ।
5 ਯਹੋਵਾਹ ਤੁਹਾਨੂੰ ਸੀਯੋਨ ਉੱਤੋਂ ਅਸੀਸ ਦੇਵੇ।
ਮੈਨੂੰ ਆਸ ਹੈ ਕਿ ਤੁਸੀਂ ਆਪਣੀ ਸਾਰੀ ਉਮਰ ਯਰੂਸ਼ਲਮ ਵਿੱਚ ਅਸੀਸ ਮਾਣੋਗੇ।
6 ਅਤੇ ਮੈਨੂੰ ਆਸ ਹੈ ਕਿ ਤੁਸੀਂ ਆਪਣੇ ਪੋਤੇ-ਪੋਤੀਆਂ ਨੂੰ ਵੇਖਣ ਤੱਕ ਜਿਉਂਦੇ ਰਹੋਗੇ।
ਇਸਰਾਏਲ ਵਿੱਚ ਸ਼ਾਂਤੀ ਹੋਵੇ।
ਮੰਦਰ ਜਾਣ ਵੇਲੇ ਦਾ ਇੱਕ ਗੀਤ।
129 ਮੇਰੀ ਸਾਰੀ ਉਮਰ ਵਿੱਚ ਮੇਰੇ ਬਹੁਤ ਸਾਰੇ ਦੁਸ਼ਮਣ ਸਨ।
ਸਾਨੂੰ ਉਨ੍ਹਾਂ ਦੁਸ਼ਮਣਾ ਬਾਰੇ ਦੱਸ, ਓ ਇਸਰਾਏਲ।
2 ਮੇਰੀ ਸਾਰੀ ਉਮਰ ਵਿੱਚ ਮੇਰੇ ਬਹੁਤ ਸਾਰੇ ਦੁਸ਼ਮਣ ਸਨ,
ਪਰ ਉਹ ਕਦੇ ਵੀ ਨਹੀਂ ਜਿੱਤ ਸੱਕਦੇ।
3 ਉਨ੍ਹਾਂ ਨੇ ਮੈਨੂੰ ਉਦੋਂ ਤੱਕ ਮਾਰਿਆ ਜਦੋਂ ਤੱਕ ਕਿ ਮੇਰੀ ਪਿੱਠ ਉੱਤੇ ਗਹਿਰੇ ਜ਼ਖਮ ਨਹੀਂ ਹੋ ਗਏ।
ਮੇਰੇ ਸ਼ਰੀਰ ਉੱਤੇ ਗਹਿਰੇ ਜ਼ਖਮ ਹੋ ਗਏ ਸਨ।
4 ਪਰ ਚੰਗੇ ਯਹੋਵਾਹ ਨੇ ਮੇਰੇ ਫ਼ੰਦੇ ਕੱਟ ਦਿੱਤੇ,
ਅਤੇ ਮੈਨੂੰ ਉਨ੍ਹਾਂ ਮੰਦੇ ਲੋਕਾਂ ਤੋਂ ਅਜ਼ਾਦ ਕਰ ਦਿੱਤਾ।
5 ਉਹ ਲੋਕ, ਜਿਨ੍ਹਾਂ ਨੇ ਸੀਯੋਨ ਨੂੰ ਨਫ਼ਰਤ ਕੀਤੀ ਸੀ, ਹਾਰ ਗਏ ਸਨ।
ਉਨ੍ਹਾਂ ਨੇ ਲੜਨਾ ਛੱਡ ਦਿੱਤਾ ਸੀ ਅਤੇ ਉਹ ਨੱਸ ਗਏ ਸਨ।
6 ਉਹ ਲੋਕ ਛੱਤ ਉਤਲੇ ਘਾਹ ਵਰਗੇ ਸਨ।
ਇਹ ਘਾਹ ਵੱਧਣ ਤੋਂ ਪਹਿਲਾ ਹੀ ਮਰ ਜਾਂਦਾ ਹੈ।
7 ਕੋਈ ਕਾਮਾ ਉਸ ਘਾਹ ਨੂੰ ਮੁੱਠੀ ਭਰ ਨਹੀਂ ਲੈ ਸੱਕਦਾ।
ਇਹ ਇੱਕ ਢੇਰੀ ਲਈ ਵੀ ਕਾਫ਼ੀ ਨਹੀਂ ਹੈ।
8 ਜਿਹੜੇ ਲੋਕੀ ਕੋਲੋਂ ਦੀ ਲੰਘਦੇ ਹਨ, ਨਹੀਂ ਆਖਣਗੇ,
“ਯਹੋਵਾਹ ਤੁਹਾਨੂੰ ਅਸੀਸ ਦੇਵੇ।
ਲੋਕ ਉਨ੍ਹਾਂ ਦਾ ਸਵਾਗਤ ਨਹੀਂ ਕਰਨਗੇ ਅਤੇ ਨਹੀਂ ਆਖਣਗੇ, ‘ਅਸੀਂ ਤੁਹਾਨੂੰ ਯਹੋਵਾਹ ਦੇ ਨਾਮ ਉੱਤੇ ਅਸੀਸ ਦਿੰਦੇ ਹਾਂ।’”
ਮੰਦਰ ਜਾਣ ਵੇਲੇ ਦਾ ਇੱਕ ਗੀਤ।
130 ਯਹੋਵਾਹ, ਮੈਂ ਡੂੰਘੀਆਂ ਮੁਸੀਬਤਾਂ ਵਿੱਚ ਹਾਂ,
ਇਸੇ ਲਈ ਮੈਂ ਤੁਹਾਨੂੰ ਮਦਦ ਲਈ ਪੁਕਾਰ ਰਿਹਾ ਹਾਂ।
2 ਮੇਰੇ ਮਾਲਕ, ਮੇਰੀ ਪੁਕਾਰ ਸੁਣੋ।
ਮੇਰੀ ਪੁਕਾਰ ਨੂੰ ਮਦਦ ਲਈ ਸੁਣੋ।
3 ਯਹੋਵਾਹ, ਜੇ ਤੁਸੀਂ ਲੋਕਾਂ ਨੂੰ ਉਨ੍ਹਾਂ ਦੇ ਗੁਨਾਹਾ ਦਾ ਸੱਚਮੁੱਚ ਦੰਡ ਦਿੰਦੇ।
ਕੋਈ ਵੀ ਬੰਦਾ ਜਿਉਂਦਾ ਨਹੀਂ ਬਚਣਾ ਸੀ।
4 ਯਹੋਵਾਹ, ਆਪਣੇ ਬੰਦਿਆ ਨੂੰ ਬਖਸ਼ ਦਿਉ।
ਫ਼ੇਰ ਲੋਕ ਤੁਹਾਡੀ ਉਪਾਸਨਾ ਕਰਨ ਵਾਲੇ ਹੋਣਗੇ।
5 ਮੈਂ ਯਹੋਵਾਹ ਦੀ ਮਦਦ ਲਈ ਇੰਤਜ਼ਾਰ ਕਰ ਰਿਹਾ ਹਾਂ।
ਮੇਰੀ ਰੂਹ ਉਸਦਾ ਇੰਤਜ਼ਾਰ ਕਰਦੀ ਹੈ।
ਮੈਨੂੰ ਯਹੋਵਾਹ ਦੇ ਆਖੇ ਉੱਤੇ ਵਿਸ਼ਵਾਸ ਹੈ।
6 ਮੈਂ ਆਪਣੇ ਮਾਲਕ ਦਾ ਇੰਤਜ਼ਾਰ ਕਰ ਰਿਹਾ ਹਾਂ। ਮੈਂ ਉਨ੍ਹਾਂ ਚੌਕੀਦਾਰਾ ਵਰਗਾ ਹਾਂ।
ਜਿਹੜੇ ਸਵੇਰ ਹੋਣ ਦਾ ਇੰਤਜ਼ਾਰ ਹੀ ਇੰਤਜ਼ਾਰ ਕਰਦੇ ਰਹਿੰਦੇ ਹਨ।
7 ਇਸਰਾਏਲ, ਯਹੋਵਾਹ ਉੱਤੇ ਵਿਸ਼ਵਾਸ ਕਰ।
ਸੱਚਾ ਪਿਆਰ ਸਿਰਫ਼ ਯਹੋਵਾਹ ਪਾਸੋਂ ਹੀ ਮਿਲਦਾ ਹੈ।
ਯਹੋਵਾਹ ਸਾਨੂੰ ਬਾਰ-ਬਾਰ ਬਚਾਉਂਦਾ ਹੈ।
8 ਅਤੇ ਯਹੋਵਾਹ ਇਸਰਾਏਲ ਦੇ ਸਾਰੇ ਗੁਨਾਹ ਮੁਆਫ਼ ਕਰ ਦੇਵੇਗਾ।
ਮੰਦਰ ਜਾਣ ਵੇਲੇ ਦਾਊਦ ਦਾ ਇੱਕ ਗੀਤ।
131 ਯਹੋਵਾਹ, ਮੈਂ ਗੁਮਾਨੀ ਨਹੀਂ ਹਾਂ।
ਮੈਂ ਮਹੱਤਵਪੂਰਣ ਹੋਂਣ ਦਾ ਦਿਖਾਵਾ ਨਹੀਂ ਕਰਦਾ।
ਮੈਂ ਮਹਾਨ ਕੰਮ ਕਰਨ ਦੀ ਕੋਸ਼ਿਸ਼ ਨਹੀਂ ਕਰਦਾ।
ਮੈਂ ਉਨ੍ਹਾਂ ਗੱਲਾਂ ਬਾਰੇ ਫ਼ਿਕਰ ਨਹੀਂ ਕਰਦਾ ਜਿਹੜੀਆਂ ਮੇਰੇ ਵਾਸਤੇ ਮੁਸ਼ਕਿਲ ਹਨ।
2 ਮੈਂ ਸ਼ਾਂਤ ਹਾਂ। ਮੇਰੀ ਰੂਹ ਸ਼ਾਂਤ ਹੈ।
ਮੇਰੀ ਰੂਹ ਸ਼ਾਂਤ ਅਤੇ ਚੁੱਪ ਹੈ।
ਜਿਵੇਂ ਕੋਈ ਬੱਚਾ ਆਪਣੀ ਮਾਂ ਦੀ ਗੋਦ ਵਿੱਚ ਸੰਤੁਸ਼ਟ ਹੋਵੇ।
3 ਇਸਰਾਏਲ, ਯਹੋਵਾਹ ਉੱਤੇ ਵਿਸ਼ਵਾਸ ਕਰ।
ਹੁਣ ਉਸ ਉੱਤੇ ਵਿਸ਼ਵਾਸ ਕਰ ਅਤੇ ਸਦਾ ਲਈ ਵਿਸ਼ਵਾਸ ਕਰ।
ਮੰਦਰ ਜਾਣ ਵੇਲੇ ਦਾ ਇੱਕ ਗੀਤ।
132 ਯਹੋਵਾਹ, ਯਾਦ ਕਰੋ ਕਿ ਦਾਊਦ ਨੇ ਕਿਵੇਂ ਦੁੱਖ ਭੋਗਿਆ ਸੀ।
2 ਦਾਊਦ ਨੇ ਯਹੋਵਾਹ ਨਾਲ ਇਕਰਾਰ ਕੀਤਾ ਸੀ।
ਦਾਊਦ ਨੇ ਯਾਕੂਬ ਦੇ ਪਰਮੇਸ਼ੁਰ ਨਾਲ ਖਾਸ ਇਕਰਾਰ ਕੀਤਾ ਸੀ।
3 ਦਾਊਦ ਨੇ ਆਖਿਆ, “ਮੈਂ ਆਪਣੇ ਘਰ ਅੰਦਰ ਨਹੀਂ ਜਾਵਾਂਗਾ,
ਮੈਂ ਆਪਣੇ ਬਿਸਤਰ ਉੱਤੇ ਨਹੀਂ ਲੇਟਾਗਾ।
4 ਮੈਂ ਸੌਵਾਂਗਾ ਨਹੀਂ
ਮੈਂ ਆਪਣੀਆਂ ਅੱਖਾਂ ਨੂੰ ਅਰਾਮ ਨਹੀਂ ਦੇਵਾਂਗਾ।
5 ਮੈਂ ਉਨ੍ਹਾਂ ਵਿੱਚੋਂ ਕੋਈ ਵੀ ਗੱਲ ਨਹੀਂ ਕਰਾਂਗਾ ਜਦੋਂ ਤੀਕ ਮੈਂ ਯਹੋਵਾਹ ਲਈ ਘਰ ਨਹੀਂ ਲੱਭਦਾ।
ਯਾਕੂਬ ਦੇ ਪਰਮੇਸ਼ੁਰ ਲਈ ਇੱਕ ਸ਼ਕਤੀਸ਼ਾਲੀ ਘਰ!”
6 ਅਸੀਂ ਇਸ ਬਾਰੇ ਅਫ਼ਰਾਥਾਹ ਵਿੱਚ ਸੁਣਿਆ।
ਅਸੀਂ ਕਰਾਰ ਦੇ ਪਵਿੱਤਰ ਸੰਦੂਕ ਨੂੰ ਕਿਰਯਥ-ਯਾਅਰ ਦੇ ਪਹਾੜੀ ਖੇਤਾਂ ਵਿੱਚ ਲੱਭ ਲਿਆ।
7 ਆਓ ਅਸੀਂ ਪਵਿੱਤਰ ਤੰਬੂ ਅੰਦਰ ਚੱਲੀਏ।
ਅਸੀਂ ਉਸ ਚੌਂਕੀ ਕੋਲ ਉਪਾਸਨਾ ਕਰੀਏ ਜਿੱਥੇ ਪਰਮੇਸ਼ੁਰ ਆਪਣੇ ਕਦਮ ਰੱਖਦਾ ਹੈ।
8 ਯਹੋਵਾਹ, ਆਪਣੇ ਆਸਣ ਤੋਂ ਉੱਠੋ!
ਯਹੋਵਾਹ, ਤੁਸੀਂ ਅਤੇ ਤੁਹਾਡਾ ਸ਼ਕਤੀਸ਼ਾਲੀ ਬਕਸਾ ਉੱਠੇ।
9 ਹੇ ਪਰਮੇਸ਼ੁਰ, ਤੁਹਾਡੇ ਜਾਜਕ ਚੰਗਿਆਈ ਨਾਲ ਸੱਜੇ ਹੋਏ ਹੋਣ।
ਤੁਹਾਡੇ ਵਫ਼ਾਦਾਰ ਚੇਲੇ ਬਹੁਤ ਪ੍ਰਸੰਨ ਹਨ।
10 ਆਪਣੇ ਸੇਵਕ ਦਾਊਦ ਦੇ ਭਲੇ ਲਈ,
ਆਪਣੇ ਚੁਣੇ ਹੋਏ ਰਾਜੇ ਨੂੰ ਰੱਦ ਨਾ ਕਰੋ।
11 ਯਹੋਵਾਹ ਨੇ ਦਾਊਦ ਨਾਲ ਇਕਰਾਰ ਕੀਤਾ।
ਯਹੋਵਾਹ ਨੇ ਦਾਊਦ ਨਾਲ ਵਫ਼ਾਦਾਰ ਹੋਣ ਦਾ ਇਕਰਾਰ ਕੀਤਾ।
ਯਹੋਵਾਹ ਨੇ ਇਕਰਾਰ ਕੀਤਾ ਕਿ ਦਾਊਦ ਦੇ ਪਰਿਵਾਰ ਵਿੱਚੋਂ ਰਾਜੇ ਹੋਣਗੇ।
12 ਯਹੋਵਾਹ ਨੇ ਆਖਿਆ, “ਦਾਊਦ, ਜੇ ਤੇਰੇ ਬੱਚੇ ਮੇਰੇ ਕਰਾਰ ਨੂੰ ਅਤੇ ਉਨ੍ਹਾਂ ਨੇਮਾ ਨੂੰ ਮੰਨਣਗੇ ਜਿਨ੍ਹਾਂ ਦੀ ਮੈਂ ਸਿੱਖਿਆ ਦਿੰਦਾ ਹਾਂ।
ਫ਼ੇਰ ਤੇਰੇ ਪਰਿਵਾਰ ਵਿੱਚੋਂ ਹੀ ਸਦਾ ਕੋਈ ਨਾ ਕੋਈ ਰਾਜਾ ਹੋਵੇਗਾ।”
13 ਯਹੋਵਾਹ ਨੇ ਸੀਯੋਨ ਨੂੰ ਆਪਣੇ ਮੰਦਰ ਸਥਾਨ ਵਜੋਂ ਚੁਣਿਆ।
ਇਹ ਉਹੀ ਥਾਂ ਹੈ ਜਿਹੜੀ ਉਹ ਆਪਣੇ ਘਰ ਵਾਸਤੇ ਚਾਹੁੰਦਾ ਸੀ।
14 ਯਹੋਵਾਹ ਨੇ ਆਖਿਆ, “ਸਦਾ-ਸਦਾ ਲਈ ਮੇਰਾ ਇਹੀ ਸਥਾਨ ਹੋਵੇਗਾ
ਮੈਂ ਇਸ ਥਾਂ ਨੂੰ ਚੁਣਦਾ ਹਾਂ ਜਿੱਥੇ ਮੈਂ ਹੋਵਾਂਗਾ।
15 ਮੈਂ ਇਸ ਸ਼ਹਿਰ ਨੂੰ ਚੋਖੇ ਭੋਜਨ ਦੀ ਅਸੀਸ ਦੇਵਾਂਗਾ।
ਤਾਂ ਜੋ ਗਰੀਬ ਲੋਕਾਂ ਕੋਲ ਖਾਣ ਲਈ, ਚੋਖਾ ਹੋਵੇਗਾ।
16 ਮੈਂ ਜਾਜਕਾ ਨੂੰ ਮੁਕਤੀ ਦੇ ਵਸਤਰ ਪਹਿਨਾਵਾਂਗਾ।
ਅਤੇ ਮੇਰੇ ਅਨੁਯਾਈ ਉੱਥੇ ਬਹੁਤ ਖੁਸ਼ ਹੋਣਗੇ।
17 ਇਸ ਥਾਂ ਅੰਦਰ, ਮੈਂ ਦਾਊਦ ਨੂੰ ਬਲਵਾਨ ਬਣਾਵਾਂਗਾ।
ਮੈਂ ਆਪਣੇ ਚੁਣੇ ਹੋਏ ਰਾਜੇ ਨੂੰ ਇੱਕ ਦੀਪਕ ਪ੍ਰਦਾਨ ਕਰਾਂਗਾ।
18 ਮੈਂ ਦਾਊਦ ਦੇ ਦੁਸ਼ਮਣਾਂ ਨੂੰ ਸ਼ਰਮ ਨਾਲ ਢੱਕ ਦਿਆਂਗਾ।
ਪਰ ਮੈਂ ਦਾਊਦ ਦੇ ਪਰਿਵਾਰ ਨੂੰ ਵੱਧਾ ਦੇਵਾਂਗਾ।”
2010 by World Bible Translation Center