Beginning
ਲਾਮਦ
89 ਯਹੋਵਾਹ, ਤੁਹਾਡਾ ਸ਼ਬਦ ਸਦਾ ਰਹਿੰਦਾ ਹੈ।
ਤੁਹਾਡਾ ਸ਼ਬਦ ਹਮੇਸ਼ਾ ਸਵਰਗ ਵਿੱਚ ਰਹਿੰਦਾ ਹੈ।
90 ਤੁਸੀਂ ਸਦਾ-ਸਦਾ ਲਈ ਵਫ਼ਾਦਾਰ ਹੋ।
ਯਹੋਵਾਹ, ਤੁਸੀਂ ਧਰਤੀ ਨੂੰ ਸਾਜਿਆ ਅਤੇ ਇਹ ਹਾਲੇ ਵੀ ਖਲੋਤੀ ਹੈ।
91 ਇਹ ਹਾਲੇ ਵੀ ਤੁਹਾਡੇ ਨੇਮਾਂ ਕਾਰਣ ਖਲੋਤੀ ਹੈ।
ਕਿਉਂਕਿ ਇਹ ਉਨ੍ਹਾਂ ਨੂੰ ਇੱਕ ਗੁਲਾਮ ਵਾਂਗ ਮੰਨਦੀ ਹੈ।
92 ਜੇ ਤੁਹਾਡੀਆਂ ਸਿੱਖਿਆਵਾਂ ਮੇਰੇ ਲਈ ਦੋਸਤਾਂ ਵਾਂਗ ਨਾ ਹੁੰਦੀਆਂ।
ਤਾਂ ਮੇਰੇ ਦੁੱਖਾਂ ਨੇ ਮੈਨੂੰ ਤਬਾਹ ਕਰ ਦਿੱਤਾ ਹੁੰਦਾ।
93 ਯਹੋਵਾਹ, ਮੈਂ ਕਦੇ ਵੀ ਤੁਹਾਡੇ ਆਦੇਸ਼ਾਂ ਨੂੰ ਨਹੀਂ ਭੁੱਲਾਂਗਾ
ਕਿਉਂਕਿ ਇਹ ਮੈਨੂੰ ਜਿਉਣ ਦਿੰਦੇ ਹਨ।
94 ਯਹੋਵਾਹ, ਮੈਂ ਤੁਹਾਡਾ ਹਾਂ, ਇਸ ਲਈ ਮੈਨੂੰ ਬਚਾਉ!
ਕਿਉਂਕਿ ਮੈਂ ਤੁਹਾਡੇ ਆਦੇਸ਼ ਮੰਨਣ ਦੀਆਂ ਸਖਤ ਕੋਸ਼ਿਸ਼ਾਂ ਕਰਦਾ ਹਾਂ।
95 ਬੁਰੇ ਲੋਕਾਂ ਨੇ ਮੈਨੂੰ ਤਬਾਹ ਕਰਨ ਦੀਆਂ ਕੋਸ਼ਿਸ਼ਾ ਕੀਤੀਆਂ।
ਪਰ ਤੁਹਾਡੇ ਕਰਾਰ ਨੇ ਮੈਨੂੰ ਸਿਆਣਾ ਬਣਾ ਦਿੱਤਾ।
96 ਹਰ ਚੀਜ਼ ਦੀ ਹਦ ਹੁੰਦੀ ਹੈ,
ਪਰ ਤੁਹਾਡੇ ਨੇਮ ਦੀ ਨਹੀਂ।
ਮੀਮ
97 ਆਹਾ, ਮੈਂ ਤੁਹਾਡੀਆਂ ਸਿੱਖਿਆਵਾਂ ਨੂੰ ਪਿਆਰ ਕਰਦਾ ਹਾਂ, ਯਹੋਵਾਹ।
ਮੈਂ ਹਰ ਵੇਲੇ ਉਨ੍ਹਾਂ ਦੀਆਂ ਗੱਲਾਂ ਕਰਦਾ ਹਾਂ।
98 ਯਹੋਵਾਹ, ਤੁਹਾਡੇ ਹੁਕਮਾਂ ਨੇ ਮੈਨੂੰ ਮੇਰੇ ਦੁਸ਼ਮਣਾਂ ਨਾਲੋਂ ਵੱਧੇਰੇ ਸਿਆਣਾ ਬਣਾ ਦਿੱਤਾ ਹੈ।
ਤੁਹਾਡਾ ਨੇਮ ਸਦਾ ਮੇਰੇ ਨਾਲ ਹੈ।
99 ਮੈਂ ਆਪਣੇ ਸਾਰੇ ਗੁਰੂਆਂ ਨਾਲੋਂ ਸਿਆਣਾ ਹਾਂ।
ਕਿਉਂਕਿ ਮੈਂ ਤੁਹਾਡੇ ਕਰਾਰ ਦਾ ਅਧਿਐਨ ਕਰਦਾ ਹਾਂ।
100 ਮੈਂ ਬਜ਼ੁਰਗ ਆਗੂਆਂ ਨਾਲੋਂ ਵੱਧੇਰੇ ਸਮਝਦਾ ਹਾਂ।
ਕਿਉਂਕਿ ਮੈਂ ਤੁਹਾਡੇ ਆਦੇਸ਼ ਨਿਭਾਉਂਦਾ ਹਾਂ।
101 ਤੁਸੀਂ ਮੇਰੇ ਚੁੱਕੇ ਹਰ ਕਦਮ ਵਿੱਚ ਮੈਨੂੰ ਗਲਤ ਰਾਹ ਤੋਂ ਦੂਰ ਰੱਖਦੇ ਹੋ।
ਹੇ ਪਰਮੇਸ਼ੁਰ, ਇਸੇ ਲਈ, ਮੈਂ ਉਹ ਕਰ ਸੱਕਦਾ ਜੋ ਤੁਸੀਂ ਆਖਦੇ ਹੋ।
102 ਹੇ ਯਹੋਵਾਹ, ਤੁਸੀਂ ਮੇਰੇ ਗੁਰੂ ਹੋ,
ਇਸ ਲਈ ਮੈਂ ਤੁਹਾਡੇ ਫ਼ੈਸਲਿਆ ਨੂੰ ਮੰਨਣਾ ਜਾਰੀ ਰੱਖਾਂਗਾ।
103 ਤੁਹਾਡੇ ਸ਼ਬਦ ਮੇਰੇ ਮੂੰਹ ਵਿੱਚਲੇ ਸ਼ਹਿਦ ਨਾਲੋਂ ਵੀ ਮਿੱਠੇ ਹਨ।
104 ਤੁਹਾਡੀਆਂ ਸਿੱਖਿਆਵਾਂ ਮੈਨੂੰ ਸਿਆਣਾ ਬਣਾਉਂਦੀਆਂ ਹਨ।
ਇਸ ਲਈ ਮੈਂ ਝੂਠੀਆਂ ਸਿੱਖਿਆਵਾ ਨੂੰ ਨਫ਼ਰਤ ਕਰਦਾ ਹਾਂ।
ਨੂਣ
105 ਯਹੋਵਾਹ, ਤੁਹਾਡੇ ਸ਼ਬਦ ਮੇਰੇ ਰਾਹ ਰੌਸ਼ਨ ਕਰਨ ਵਾਲੇ ਦੀਵੇ ਵਾਂਗ ਹਨ।
106 ਤੁਹਾਡੇ ਨੇਮ ਸ਼ੁਭ ਹਨ। ਮੈਂ ਇਨ੍ਹਾਂ ਨੂੰ ਮੰਨਣ ਦਾ ਵਾਅਦਾ ਕਰਦਾ ਹਾਂ।
ਅਤੇ ਮੈਂ ਆਪਣਾ ਵਾਅਦਾ ਨਿਭਾਵਾਂਗਾ।
107 ਹੇ ਯਹੋਵਾਹ, ਮੈਂ ਲੰਮੇ ਸਮੇਂ ਤੱਕ ਦੁੱਖ ਭੋਗਿਆ ਹੈ।
ਕਿਰਪਾ ਕਰਕੇ ਹੁਕਮ ਦਿਉ ਕਿ ਮੈਂ ਫ਼ੇਰ ਜਿਉ ਸੱਕਾਂ।
108 ਯਹੋਵਾਹ, ਮੇਰੀ ਉਸਤਤਿ ਪ੍ਰਵਾਨ ਕਰੋ।
ਅਤੇ ਮੈਨੂੰ ਆਪਣੇ ਨੇਮ ਸਿੱਖਾਉ।
109 ਮੇਰਾ ਜੀਵਨ ਸਦਾ ਖਤਰੇ ਵਿੱਚ ਹੈ।
ਪਰ ਮੈਂ ਤੁਹਾਡੀਆਂ ਸਿੱਖਿਆਵਾ ਨੂੰ ਨਹੀਂ ਭੁੱਲਿਆ ਹਾਂ।
110 ਬੁਰੇ ਆਦਮੀਆਂ ਨੇ ਮੈਨੂੰ ਫ਼ਾਹੁਣ ਦੀ ਕੋਸ਼ਿਸ਼ ਕੀਤੀ।
ਪਰ ਮੈਂ ਤੁਹਾਡੇ ਹੁਕਮਾਂ ਦੀ ਹੁਕਮ-ਅਦੂਲੀ ਨਹੀਂ ਕੀਤੀ।
111 ਯਹੋਵਾਹ, ਮੈਂ ਸਦਾ ਹੀ ਤੁਹਾਡੇ ਕਰਾਰ ਉੱਤੇ ਚੱਲਾਂਗਾ।
ਇਹ ਮੈਨੂੰ ਬਹੁਤ ਖੁਸ਼ੀ ਦਿੰਦਾ ਹੈ।
112 ਮੈਂ ਸਦਾ ਤੁਹਾਡੇ ਆਦੇਸ਼ਾ ਨੂੰ ਮੰਨਣ ਦੀ ਬਹੁਤ ਸਖਤ ਕੋਸ਼ਿਸ਼ ਕਰਾਂਗਾ।
ਸਾਮਕ
113 ਯਹੋਵਾਹ, ਮੈਂ ਉਨ੍ਹਾਂ ਲੋਕਾਂ ਨੂੰ ਨਫ਼ਰਤ ਕਰਦਾ ਹਾਂ ਜਿਹੜੇ ਪੂਰੀ ਤਰ੍ਹਾਂ ਤੁਹਾਡੇ ਵਫ਼ਾਦਾਰ ਨਹੀਂ ਹਨ।
ਪਰ ਮੈਂ ਤੁਹਾਡੀਆਂ ਸਿੱਖਿਆਵਾ ਨੂੰ ਪਿਆਰ ਕਰਦਾ ਹਾਂ।
114 ਮੈਨੂੰ ਛੁਪਾ ਲਵੋ ਅਤੇ ਮੇਰੀ ਰੱਖਿਆ ਕਰੋ।
ਯਹੋਵਾਹ ਮੈਂ ਤੁਹਾਡੇ ਸ਼ਬਦ ਵਿੱਚ ਯਕੀਨ ਰੱਖਦਾ ਹਾਂ।
115 ਯਹੋਵਾਹ, ਬੁਰੇ ਬੰਦਿਆਂ ਨੂੰ ਮੇਰੇ ਨੇੜੇ ਨਾ ਆਉਣ ਦਿਉ।
ਅਤੇ ਮੈਂ ਪਰਮੇਸ਼ੁਰ ਦਾ ਆਦੇਸ਼ ਮੰਨਾਗਾ।
116 ਯਹੋਵਾਹ, ਤੁਹਾਡੇ ਵਾਅਦੇ ਅਨੁਸਾਰ ਮੈਨੂੰ ਸਹਾਰਾ ਦਿਉ ਅਤੇ ਮੈਂ ਜੀਵਾਂਗਾ।
ਮੈਂ ਤੁਹਾਡੇ ਵਿੱਚ ਯਕੀਨ ਰੱਖਦਾ ਹਾਂ। ਇਸ ਲਈ ਮੈਨੂੰ ਨਿਰਾਸ਼ ਨਾ ਕਰੋ।
117 ਮੇਰੀ ਮਦਦ ਕਰੋ, ਯਹੋਵਾਹ, ਅਤੇ ਮੈਂ ਬਚ ਜਾਵਾਂਗਾ।
ਮੈਂ ਸਦਾ ਹੀ ਤੁਹਾਡੇ ਆਦੇਸ਼ਾ ਦਾ ਅਧਿਐਨ ਕਰਾਂਗਾ।
118 ਯਹੋਵਾਹ, ਤੁਸੀਂ ਹਰ ਉਸ ਬੰਦੇ ਤੋਂ ਇਨਕਾਰ ਕਰ ਦਿੰਦੇ ਹੋ ਜਿਹੜਾ ਤੁਹਾਡੇ ਨੇਮ ਤੋੜਦਾ ਹੈ।
ਕਿਉਂਕਿ ਉਨ੍ਹਾਂ ਨੇ ਝੂਠ ਆਖਿਆ ਜਦੋਂ ਉਨ੍ਹਾਂ ਨੇ ਤੁਹਾਡਾ ਅਨੁਸਰਣ ਕਰਨ ਲਈ ਹਾਂ ਕੀਤੀ ਸੀ।
119 ਯਹੋਵਾਹ, ਤੁਸੀਂ ਬੁਰੇ ਲੋਕਾਂ ਨੂੰ ਧਰਤੀ ਉੱਤੇ ਕੂੜੇ ਵਾਂਗ ਸੁੱਟ ਦਿੰਦੇ ਹੋ।
ਇਸ ਲਈ ਮੈਂ ਸਦਾ ਹੀ ਤੁਹਾਡੇ ਕਰਾਰ ਨੂੰ ਪਿਆਰ ਕਰਾਂਗਾ।
120 ਯਹੋਵਾਹ, ਮੈਂ ਤੁਹਾਡੇ ਕੋਲੋਂ ਡਰਦਾ ਹਾਂ।
ਮੈਂ ਡਰਦਾ ਹਾਂ ਅਤੇ ਤੁਹਾਡੇ ਨੇਮਾ ਦਾ ਆਦਰ ਕਰਦਾ ਹਾਂ।
ਆਇਨ
121 ਮੈਂ ਉਹੀ ਕੁਝ ਕੀਤਾ ਜੋ ਸਹੀ ਅਤੇ ਸ਼ੁਭ ਹੈ।
ਯਹੋਵਾਹ, ਮੈਨੂੰ ਉਨ੍ਹਾਂ ਲੋਕਾਂ ਦੇ ਹਵਾਲੇ ਨਾ ਕਰੋ ਜਿਹੜੇ ਮੈਨੂੰ ਨੁਕਸਾਨ ਪਹੁੰਚਾਉਣਾ ਚਾਹੁੰਦੇ ਹਨ।
122 ਵਾਅਦਾ ਕਰੋ ਕਿ ਤੁਸੀਂ ਮੇਰੇ ਲਈ ਚੰਗੇ ਹੋਵੋਂਗੇ।
ਮੈਂ ਤੁਹਾਡਾ ਸੇਵਕ ਹਾਂ।
ਯਹੋਵਾਹ, ਗੁਮਾਨੀ ਲੋਕਾਂ ਨੂੰ ਮੇਰਾ ਨੁਕਸਾਨ ਨਾ ਕਰਨ ਦੇਵੋ।
123 ਯਹੋਵਾਹ, ਮੇਰੀਆਂ ਅੱਖਾਂ ਤੁਹਾਡੀ ਸਹਾਇਤਾ ਲਈ,
ਤੁਹਾਡੇ ਵੱਲੋਂ ਇੱਕ ਚੰਗੇ ਸ਼ਬਦ ਲਈ ਤੱਕਦੀਆਂ ਥੱਕ ਗਈਆਂ ਹਨ।
124 ਮੈਂ ਤੁਹਾਡਾ ਸੇਵਕ ਹਾਂ।
ਮੇਰੇ ਲਈ ਆਪਣਾ ਸੱਚਾ ਪਿਆਰ ਦਰਸਾਉ,
ਆਪਣੇ ਨੇਮ ਮੈਨੂੰ ਸਿੱਖਾਉ।
125 ਮੈਂ ਤੁਹਾਡਾ ਸੇਵਕ ਹਾਂ
ਮੇਰੀ ਸਮਝਣ ਵਿੱਚ ਮਦਦ ਕਰੋ ਤਾਂ ਜੋ ਮੈਂ ਤੁਹਾਡੇ ਕਰਾਰ ਬਾਰੇ ਜਾਣ ਜਾਵਾ।
126 ਯਹੋਵਾਹ, ਤੁਹਾਡੇ ਲਈ ਕੁਝ ਕਰਨ ਦਾ ਇਹੀ ਵੇਲਾ ਹੈ।
ਲੋਕਾਂ ਨੇ ਤੁਹਾਡੇ ਨੇਮਾਂ ਨੂੰ ਤੋੜ ਦਿੱਤਾ ਹੈ।
127 ਯਹੋਵਾਹ, ਮੈਂ ਤੁਹਾਡੇ ਆਦੇਸ਼ਾ ਨੂੰ
ਸ਼ੁੱਧਤਮ ਸੋਨੇ ਨਾਲੋਂ ਵੱਧੇਰੇ ਪਿਆਰ ਕਰਦਾ ਹਾਂ।
128 ਮੈਂ ਧਿਆਨ ਨਾਲ ਤੁਹਾਡੇ ਸਾਰੇ ਆਦੇਸ਼ਾ ਨੂੰ ਮੰਨਦਾ ਹਾਂ
ਮੈਂ ਝੂਠੀਆਂ ਸਿੱਖਿਆਵਾਂ ਨੂੰ ਨਫ਼ਰਤ ਕਰਦਾ ਹਾਂ।
ਪੇ
129 ਯਹੋਵਾਹ, ਤੁਹਾਡਾ ਕਰਾਰ ਸ਼ਾਨਦਾਰ ਹੈ।
ਇਸੇ ਲਈ ਮੈਂ ਇਸ ਉੱਤੇ ਚੱਲਦਾ ਹਾਂ।
130 ਜਦੋਂ ਲੋਕ ਤੁਹਾਡੇ ਸ਼ਬਦ ਨੂੰ ਸਮਝਣਾ ਸ਼ੁਰੂ ਕਰ ਦਿੰਦੇ ਹਨ।
ਉਦੋਂ ਲੱਗਦਾ ਹੈ ਜਿਵੇਂ ਕੋਈ ਰੌਸ਼ਨੀ ਉਨ੍ਹਾਂ ਨੂੰ ਸਹੀ ਜੀਵਨ ਢੰਗ ਸਿੱਖਾ ਰਹੀ ਹੋਵੇ।
ਤੁਹਾਡਾ ਸ਼ਬਦ ਸਿੱਧੜ ਬੰਦੇ ਨੂੰ ਵੀ ਸਿਆਣਾ ਬਣਾ ਦਿੰਦਾ ਹੈ।
131 ਯਹੋਵਾਹ, ਮੈਂ ਸੱਚਮੁੱਚ ਤੁਹਾਡੇ ਆਦੇਸ਼ਾ ਦਾ ਅਧਿਐਨ ਕਰਨਾ ਚਾਹੁੰਦਾ ਹਾਂ।
ਮੈਂ ਉਸੇ ਬੰਦੇ ਵਰਗਾ ਹਾਂ ਜਿਹੜਾ ਔਖੇ ਸਾਹ ਲੈ ਰਿਹਾ ਹੁੰਦਾ ਹੈ ਅਤੇ ਬੇਚੈਨੀ ਨਾਲ ਇੰਤਜ਼ਾਰ ਕਰ ਰਿਹਾ ਹੁੰਦਾ ਹੈ।
132 ਹੇ ਪਰਮੇਸ਼ੁਰ ਮੇਰੇ ਵੱਲ ਤੱਕੋ ਅਤੇ ਮੇਰੇ ਉੱਤੇ ਮਿਹਰਬਾਨ ਹੋਵੋ।
ਉਹੀ ਕਰੋ ਜੋ ਉਨ੍ਹਾਂ ਲੋਕਾਂ ਲਈ ਉਚਿਤ ਹੈ।
ਜਿਹੜੇ ਤੁਹਾਡੇ ਨਾਮ ਨੂੰ ਪਿਆਰ ਕਰਦੇ ਹਨ।
133 ਹੇ ਯਹੋਵਾਹ, ਮੇਰੀ ਰਾਹਨੁਮਾਈ ਕਰੋ ਜਿਵੇਂ ਤੁਸਾਂ ਵਾਅਦਾ ਕੀਤਾ ਸੀ।
ਪਾਪ ਨੂੰ ਮੇਰੇ ਉੱਤੇ ਸ਼ਾਸਨ ਨਾ ਕਰਨ ਦਿਉ।
134 ਯਹੋਵਾਹ, ਮੈਨੂੰ ਉਨ੍ਹਾਂ ਲੋਕਾਂ ਕੋਲੋਂ ਬਚਾਉ ਜਿਹੜੇ ਮੈਨੂੰ ਦੁੱਖ ਦਿੰਦੇ ਹਨ।
ਅਤੇ ਮੈਂ ਤੁਹਾਡੇ ਆਦੇਸ਼ ਮੰਨਾਗਾ।
135 ਯਹੋਵਾਹ, ਆਪਣੇ ਸੇਵਕ ਨੂੰ ਪ੍ਰਵਾਨ ਕਰੋ
ਅਤੇ ਮੈਨੂੰ ਆਪਣੇ ਨੇਮ ਸਿੱਖਾਉ।
136 ਮੈਂ ਅੱਥਰੂਆਂ ਦੇ ਦਰਿਆ ਵਹਾਏ ਹਨ
ਕਿਉਂਕਿ ਲੋਕ ਤੁਹਾਡੀਆਂ ਸਿੱਖਿਆਵਾਂ ਨੂੰ ਨਹੀਂ ਮੰਨਦੇ।
ਸਾਦੇ
137 ਯਹੋਵਾਹ, ਤੁਸੀਂ ਸ਼ੁਭ ਹੋ।
ਅਤੇ ਤੁਹਾਡੇ ਨੇਮ ਨਿਰਪੱਖ ਹਨ।
138 ਤੁਸੀਂ ਕਰਾਰ ਵਿੱਚ ਸ਼ੁਭ ਨੇਮ ਦਿੱਤੇ ਹਨ।
ਅਸੀਂ ਸੱਚਮੁੱਚ ਉਨ੍ਹਾਂ ਉੱਤੇ ਵਿਸ਼ਵਾਸ ਕਰ ਸੱਕਦੇ ਹਾਂ।
139 ਮੇਰੀਆਂ ਤੀਬ੍ਰ ਭਾਵਨਾਵਾ ਮੈਨੂੰ ਤਬਾਹ ਕਰ ਰਹੀਆਂ ਹਨ।
ਮੈਂ ਬਹੁਤ ਉਦਾਸ ਹਾਂ, ਕਿਉਂਕਿ ਮੇਰੇ ਦੁਸ਼ਮਣਾ ਨੇ ਤੁਹਾਡੇ ਆਦੇਸ਼ ਭੁਲਾ ਦਿੱਤੇ ਹਨ।
140 ਸਾਡੇ ਕੋਲ ਪ੍ਰਮਾਣ ਹੈ ਕਿ ਅਸੀਂ ਤੁਹਾਡੇ ਸ਼ਬਦ ਉੱਤੇ ਵਿਸ਼ਵਾਸ ਕਰ ਸੱਕਦੇ ਹਾਂ, ਹੇ ਯਹੋਵਾਹ।
ਅਤੇ ਮੈਂ ਇਸ ਨੂੰ ਪਿਆਰ ਕਰਦਾ ਹਾਂ।
141 ਮੈਂ ਇੱਕ ਨੌਜਵਾਨ ਹਾਂ, ਅਤੇ ਲੋਕ ਮੇਰਾ ਆਦਰ ਨਹੀਂ ਕਰਦੇ
ਪਰ ਮੈਂ ਤੁਹਾਡੇ ਆਦੇਸ਼ਾ ਨੂੰ ਨਹੀਂ ਭੁੱਲਦਾ।
142 ਯਹੋਵਾਹ, ਤੁਹਾਡੀ ਨੇਕੀ ਸਦਾ ਲਈ ਹੈ।
ਅਤੇ ਤੁਹਾਡੀਆਂ ਸਿੱਖਿਆਵਾਂ ਉੱਪਰ ਵਿਸ਼ਵਾਸ ਕੀਤਾ ਜਾ ਸੱਕਦਾ ਹੈ।
143 ਮੈਂ ਮੁਸੀਬਤਾਂ ਅਤੇ ਔਖੇ ਵੇਲਿਆਂ ਵਿੱਚੋਂ ਦੀ ਨਿਕਲਿਆ ਹਾਂ।
ਫ਼ੇਰ ਵੀ ਮੈਂ ਤੁਹਾਡੇ ਹੁਕਮਾਂ ਦਾ ਆਨੰਦ ਮਾਣਦਾ ਹਾਂ।
144 ਤੁਹਾਡਾ ਕਰਾਰ ਸਦਾ ਲਈ ਸ਼ੁਭ ਹੈ।
ਇਸ ਨੂੰ ਸਮਝਣ ਵਿੱਚ ਮੇਰੀ ਮਦਦ ਕਰੋ।
ਤਾਂ ਜੋ ਮੈਂ ਜਿਉ ਸੱਕਾ।
ਕੋਫ਼
145 ਮੈਂ ਪੂਰੇ ਦਿਲ ਨਾਲ ਪੁਕਾਰਦਾ ਹਾਂ, ਯਹੋਵਾਹ।
ਮੈਨੂੰ ਉੱਤਰ ਦਿਉ।
ਮੈਂ ਤੁਹਾਡੇ ਆਦੇਸ਼ ਮੰਨਦਾ ਹਾਂ।
146 ਯਹੋਵਾਹ, ਮੈਂ ਤੁਹਾਨੂੰ ਆਵਾਜ਼ ਦਿੰਦਾ ਹਾਂ ਮੈਨੂੰ ਬਚਾਉ!
ਅਤੇ ਮੈਂ ਤੁਹਾਡੇ ਕਰਾਰ ਨੂੰ ਮੰਨਾਗਾ।
147 ਮੈਂ ਤੁਹਾਡੇ ਅੱਗੇ ਸਰਘੀ ਵੇਲੇ ਪ੍ਰਾਰਥਨਾ ਕਰਨ ਲਈ ਉੱਠਿਆ।
ਮੈਨੂੰ ਤੁਹਾਡੇ ਆਖੇ ਉੱਤੇ ਵਿਸ਼ਵਾਸ ਹੈ।
148 ਮੈਂ ਤੁਹਾਡੇ ਸ਼ਬਦ ਦਾ ਅਧਿਐਨ ਕਰਨ ਲਈ
ਰਾਤ ਭਰ ਜਾਗਦਾ ਰਿਹਾ।
149 ਆਪਣੇ ਸੱਚੇ ਪਿਆਰ ਨਾਲ ਮੇਰੀ ਪ੍ਰਾਰਥਨਾ ਸੁਣੋ, ਮੈਨੂੰ ਸੁਣੋ।
ਸਿਰਫ਼ ਉਹੀ ਗੱਲਾਂ ਕਰੋ ਜਿਨ੍ਹਾਂ ਨੂੰ ਤੁਸੀਂ ਸਹੀ ਆਖਦੇ ਹੋ, ਅਤੇ ਮੈਨੂੰ ਜਿਉਣ ਦੇਵੋ।
150 ਲੋਕ ਮੇਰੇ ਖਿਲਾਫ਼ ਮੰਦੀਆਂ ਯੋਜਨਾਵਾਂ ਬਣਾ ਰਹੇ ਹਨ।
ਉਹ ਲੋਕ ਤੁਹਾਡੀਆਂ ਸਿੱਖਿਆਵਾਂ ਉੱਤੇ ਨਹੀਂ ਚੱਲਦੇ।
151 ਯਹੋਵਾਹ, ਤੁਸੀਂ ਮੇਰੇ ਨੇੜੇ ਹੋ।
ਅਤੇ ਤੁਹਾਡੇ ਆਦੇਸ਼ਾ ਉੱਤੇ ਵਿਸ਼ਵਾਸ ਕੀਤਾ ਜਾ ਸੱਕਦਾ ਹੈ।
152 ਮੈਂ ਬਹੁਤ ਚਿਰ ਪਹਿਲਾ ਤੁਹਾਡੇ ਕਰਾਰ ਤੋਂ ਸਿੱਖਿਆ ਸੀ
ਕਿ ਤੁਹਾਡੀਆਂ ਸਿੱਖਿਆਵਾਂ ਸਦਾ ਰਹਿਣਗੀਆਂ।
ਰੇਸ਼
153 ਯਹੋਵਾਹ, ਮੇਰੇ ਦੁੱਖ ਤੱਕੋ ਅਤੇ ਮੈਨੂੰ ਬਚਾਉ।
ਮੈਂ ਤੁਹਾਡੀਆਂ ਸਿੱਖਿਆਵਾ ਨੂੰ ਭੁੱਲਿਆ ਨਹੀਂ ਹਾਂ।
154 ਯਹੋਵਾਹ, ਮੇਰੇ ਲਈ ਮੇਰੀ ਲੜਾਈ ਲੜੋ, ਅਤੇ ਮੈਨੂੰ ਬਚਾਉ।
ਮੈਨੂੰ ਜਿਉਣ ਦਿਉ ਜਿਵੇਂ ਕਿ ਤੁਸੀਂ ਇਕਰਾਰ ਕੀਤਾ ਸੀ।
155 ਬੁਰੇ ਲੋਕ ਨਹੀਂ ਜਿੱਤਣਗੇ
ਕਿਉਂਕਿ ਉਹ ਤੁਹਾਡੇ ਨੇਮਾਂ ਉੱਤੇ ਨਹੀਂ ਚੱਲਦੇ।
156 ਹੇ ਯਹੋਵਾਹ, ਤੁਸੀਂ ਬਹੁਤ ਦਯਾਵਾਨ ਹੋ।
ਤੁਹਾਡਾ ਫ਼ੈਸਲਾ ਹੋਵੇ ਕਿ ਮੈਂ ਜਿਉਵਾਂ।
157 ਮੇਰੇ ਬਹੁਤ ਦੁਸ਼ਮਣ ਹਨ, ਜੋ ਮੈਨੂੰ ਦੁੱਖ ਦੇਣ ਦੀ ਕੋਸ਼ਿਸ਼ ਕਰ ਰਹੇ ਹਨ।
ਪਰ ਮੈਂ ਤੁਹਾਡੇ ਕਰਾਰ ਉੱਤੇ ਚੱਲਣ ਤੋਂ ਨਹੀਂ ਹਟਿਆ ਹਾਂ।
158 ਮੈਂ ਉਨ੍ਹਾਂ ਗੱਦਾਰਾਂ ਨੂੰ ਦੇਖਦਾ ਹਾਂ।
ਉਹ ਤੁਹਾਡੇ ਸ਼ਬਦਾ ਨੂੰ ਨਹੀਂ ਮੰਨਦੇ ਹਨ।
ਯਹੋਵਾਹ, ਅਤੇ ਮੈਂ ਇਸ ਨੂੰ ਨਫ਼ਰਤ ਕਰਦਾ ਹਾਂ।
159 ਦੇਖੋ, ਮੈਂ ਤੁਹਾਡੇ ਆਦੇਸ਼ਾ ਨੂੰ ਮੰਨਣ ਲਈ ਸਖਤ ਮਿਹਨਤ ਕਰਦਾ ਹਾਂ।
ਯਹੋਵਾਹ, ਮੈਨੂੰ ਆਪਣੇ ਸਾਰੇ ਪਿਆਰ ਨਾਲ ਜਿਉਣ ਦਿਉ।
160 ਸ਼ੁਰੂ ਤੋਂ ਹੀ, ਤੁਹਾਡੇ ਸਾਰੇ ਸ਼ਬਦਾ ਉੱਤੇ ਵਿਸ਼ਵਾਸ ਹੋ ਸੱਕਦਾ ਸੀ।
ਯਹੋਵਾਹ, ਤੁਹਾਡਾ ਸ਼ੁਭ ਨੇਮ ਸਦਾ ਹੀ ਰਹੇਗਾ।
ਸ਼ੀਨ
161 ਸ਼ਕਤੀਸ਼ਾਲੀ ਆਗੂਆ ਨੇ ਮੇਰੇ ਉੱਤੇ ਅਕਾਰਣ ਹੀ ਹਮਲਾ ਕੀਤਾ।
ਪਰ ਮੈਂ ਡਰਦਾ ਅਤੇ ਸਿਰਫ਼ ਤੁਹਾਡੇ ਹੀ ਨੇਮ ਦਾ ਆਦਰ ਕਰਦਾ ਹਾਂ।
162 ਯਹੋਵਾਹ, ਤੁਹਾਡਾ ਸ਼ਬਦ ਮੈਨੂੰ ਖੁਸ਼ੀ ਦਿੰਦਾ ਹੈ, ਉਸ ਬੰਦੇ ਜਿੰਨਾ ਖੁਸ਼,
ਜਿਸ ਨੂੰ ਹੁਣੇ-ਹੁਣ ਵੱਡਾ ਖਜ਼ਾਨਾ ਮਿਲ ਗਿਆ ਹੋਵੇ।
163 ਮੈਂ ਝੂਠ ਨੂੰ ਨਫ਼ਰਤ ਕਰਦਾ ਹਾਂ, ਮੈਂ ਉਨ੍ਹਾਂ ਨੂੰ ਬਰਦਾਸ਼ਤ ਨਹੀਂ ਕਰ ਸੱਕਦਾ।
ਪਰ ਹੇ ਯਹੋਵਾਹ ਮੈਂ ਤੁਹਾਡੀਆਂ ਸਿੱਖਿਆਵਾਂ ਨੂੰ ਪਿਆਰ ਕਰਦਾ ਹਾਂ।
164 ਮੈਂ ਦਿਨ ਵਿੱਚ ਸੱਤ ਵਾਰੀ ਤੁਹਾਡੇ ਚੰਗੇ ਨੇਮਾਂ ਲਈ
ਤੁਹਾਡੀ ਉਸਤਤਿ ਕਰਦਾ ਹਾਂ।
165 ਉਹ ਲੋਕ ਜਿਹੜੇ ਤੁਹਾਡੇ ਉਪਦੇਸ਼ਾ ਨੂੰ ਪਿਆਰ ਕਰਦੇ ਹਨ ਅਸਲੀ ਸ਼ਾਂਤੀ ਪ੍ਰਾਪਤ ਕਰਨਗੇ।
ਅਤੇ ਉਨ੍ਹਾਂ ਨੂੰ ਕੁਝ ਵੀ ਨਹੀਂ ਡੇਗ ਸੱਕੇਗਾ।
166 ਯਹੋਵਾਹ, ਮੈਂ ਤੁਹਾਡੇ ਵੱਲੋਂ ਬਚਾਏ ਜਾਣ ਦਾ ਇੰਤਜ਼ਾਰ ਕਰ ਰਿਹਾ ਹਾਂ।
ਮੈਂ ਤੁਹਾਡੇ ਆਦੇਸ਼ ਮੰਨੇ ਸਨ।
167 ਮੈਂ ਤੁਹਾਡੇ ਕਰਾਰ ਅਨੁਸਾਰ ਚੱਲਿਆ ਸਾਂ।
ਯਹੋਵਾਹ, ਮੈਂ ਤੁਹਾਡੇ ਨੇਮਾਂ ਨੂੰ ਬਹੁਤ ਪਿਆਰ ਕਰਦਾ ਹਾਂ।
168 ਮੈਂ ਤੁਹਾਡੇ ਕਰਾਰ ਅਤੇ ਆਦੇਸ਼ਾ ਨੂੰ ਮੰਨਿਆ ਹੈ।
ਯਹੋਵਾਹ, ਤੁਸੀਂ ਉਸ ਸਭ ਕੁਝ ਬਾਰੇ ਜਾਣਦੇ ਹੋ ਜੋ ਮੈਂ ਕੀਤਾ ਹੈ।
ਤਾਉ
169 ਯਹੋਵਾਹ, ਮੇਰਾ ਖੁਸ਼ੀ ਭਰਿਆ ਗੀਤ ਸੁਣੋ।
ਮੈਨੂੰ ਬਚਾਉ ਜਿਵੇਂ ਤੁਸੀਂ ਸਿਆਣਾ ਇਕਰਾਰ ਕੀਤਾ ਸੀ।
170 ਯਹੋਵਾਹ, ਮੇਰੀ ਪ੍ਰਾਰਥਨਾ ਨੂੰ ਸੁਣੋ।
ਮੈਨੂੰ ਬਚਾਉ ਜਿਵੇਂ ਤੁਸੀਂ ਇਕਰਾਰ ਕੀਤਾ ਸੀ।
171 ਮੈਂ ਅਚਾਨਕ ਉਸਤਤਿ ਦੇ ਗੀਤ ਗਾਉਣ ਲੱਗਦਾ ਹਾਂ,
ਕਿਉਂ ਕਿ ਤੁਸੀਂ ਮੈਨੂੰ ਆਪਣੇ ਨੇਮ ਸਿੱਖਾਏ ਸਨ।
172 ਮੈਨੂੰ ਤੁਹਾਡੇ ਸ਼ਬਦਾ ਨੂੰ ਗਾਉਣ ਦਿਉ।
ਅਤੇ ਮੈਨੂੰ ਮੇਰਾ ਗੀਤ ਗਾਉਣ ਦਿਉ।
ਯਹੋਵਾਹ, ਤੁਹਾਡੇ ਸਮੂਹ ਨੇਮ ਚੰਗੇ ਹਨ।
173 ਮੈਂ ਤੁਹਾਡੇ ਆਦੇਸ਼ਾ ਨੂੰ ਪਾਲਣ ਦੀ ਚੋਣ ਕੀਤੀ ਸੀ।
ਇਸ ਲਈ ਮੇਰੇ ਕੋਲ ਪਹੁੰਚੇ ਅਤੇ ਮੇਰੀ ਮਦਦ ਕਰੋ।
174 ਯਹੋਵਾਹ, ਮੈਂ ਚਾਹੁੰਦਾ ਹਾਂ ਕਿ ਤੁਸੀਂ ਮੈਨੂੰ ਬਚਾਉ।
ਪਰ ਤੁਹਾਡੀਆਂ ਸਿੱਖਿਆਵਾਂ ਮੈਨੂੰ ਖੁਸ਼ੀ ਦਿੰਦੀਆਂ ਹਨ।
175 ਮੈਨੂੰ ਜਿਉਣ ਦਿਉ ਅਤੇ ਤੁਹਾਡੀ ਉਸਤਤਿ ਕਰਨ ਦਿਉ।
ਯਹੋਵਾਹ ਤੁਹਾਡੇ ਨੇਮਾਂ ਨੂੰ ਮੇਰੀ ਮਦਦ ਕਰਨ ਦਿਉ।
176 ਮੈਂ ਗੁਆਚੀ ਭੇਡਾਂ ਵਾਂਗ ਭਟਕਿਆ ਹਾਂ।
ਮੇਰੀ ਤਲਾਸ਼ ਵਿੱਚ ਆਉ। ਯਹੋਵਾਹ,
ਮੈਂ ਤੁਹਾਡਾ ਸੇਵਕ ਹਾਂ,
ਅਤੇ ਮੈਂ ਤੁਹਾਡੇ ਆਦੇਸ਼ਾ ਨੂੰ ਭੁੱਲਿਆ ਨਹੀਂ ਹਾਂ।
2010 by World Bible Translation Center