Print Page Options
Previous Prev Day Next DayNext

Beginning

Read the Bible from start to finish, from Genesis to Revelation.
Duration: 365 days
Punjabi Bible: Easy-to-Read Version (ERV-PA)
Version
ਜ਼ਬੂਰ 115-118

115 ਯਹੋਵਾਹ, ਸਾਨੂੰ ਕੋਈ ਇੱਜ਼ਤ ਨਹੀਂ ਮਿਲਣੀ ਚਾਹੀਦੀ।
    ਇੱਜ਼ਤ ਤਾਂ ਤੁਹਾਡੀ ਮਲਕੀਅਤ ਹੈ। ਤੁਹਾਡੀ ਇੱਜ਼ਤ ਤੁਹਾਡੇ ਪਿਆਰ ਕਾਰਣ
    ਅਤੇ ਇਸ ਕਾਰਣ ਹੈ ਕਿ ਅਸੀਂ ਤੁਹਾਡੇ ਉੱਤੇ ਵਿਸ਼ਵਾਸ ਕਰ ਸੱਕਦੇ ਸਾਂ।
ਕੌਮਾਂ ਹੈਰਾਨ ਕਿਉਂ ਹੋਣ ਕਿ ਸਾਡਾ ਪਰਮੇਸ਼ੁਰ ਕਿੱਥੇ ਹੈ।
ਪਰਮੇਸ਼ੁਰ ਸਵਰਗ ਵਿੱਚ ਹੈ, ਅਤੇ ਉਹ ਉਹੀ ਸਭ ਕੁਝ ਕਰਦਾ ਹੈ ਜੋ ਉਸ ਨੂੰ ਪਸੰਦ ਹੈ।
ਪਰਾਈਆਂ ਕੌਮਾਂ ਦੇ ਦੇਵਤੇ ਸੋਨੇ ਚਾਂਦੀ ਨਾਲ ਬਣੇ ਹੋਏ ਸਿਰਫ਼ ਬੁੱਤ ਹਨ।
    ਉਹ ਇਨਸਾਨੀ ਹੱਥਾਂ ਦੁਆਰਾ ਬਣਾਏ ਗਏ ਹਨ।
ਉਨ੍ਹਾਂ ਬੁੱਤਾਂ ਦੇ ਮੂੰਹ ਤਾਂ ਹਨ, ਪਰ ਬੋਲ ਨਹੀਂ ਸੱਕਦੇ।
    ਉਨ੍ਹਾਂ ਦੀਆਂ ਅੱਖਾਂ ਤਾਂ ਹਨ, ਪਰ ਦੇਖ ਨਹੀਂ ਸੱਕਦੀਆਂ।
ਉਨ੍ਹਾਂ ਦੇ ਕੰਨ ਤਾਂ ਹਨ, ਪਰ ਸੁਣ ਨਹੀਂ ਸੱਕਦੇ।
    ਉਨ੍ਹਾਂ ਦੇ ਨੱਕ ਤਾਂ ਹਨ, ਪਰ ਸੁੰਘ ਨਹੀਂ ਸੱਕਦੇ।
ਉਨ੍ਹਾਂ ਦੇ ਹੱਥ ਤਾਂ ਹਨ, ਪਰ ਮਹਿਸੂਸ ਨਹੀਂ ਕਰ ਸੱਕਦੇ।
    ਉਨ੍ਹਾਂ ਦੀਆਂ ਲੱਤਾਂ ਤਾਂ ਹਨ, ਪਰ ਚੱਲ ਨਹੀਂ ਸੱਕਦੀਆਂ ਅਤੇ ਉਨ੍ਹਾ ਦੇ ਗਲੇ ਵਿੱਚੋਂ ਕੋਈ ਆਵਾਜ਼ ਨਹੀਂ ਨਿਕਲ ਸੱਕਦੀ।
ਜਿਹੜੇ ਲੋਕ ਬਣਾਉਂਦੇ ਹਨ ਅਤੇ ਉਨ੍ਹਾਂ ਬੁੱਤਾਂ ਵਿੱਚ ਵਿਸ਼ਵਾਸ ਕਰਦੇ ਹਨ ਉਹ ਵੀ ਉਨ੍ਹਾਂ ਵਰਗੇ ਹੋ ਜਾਣਗੇ।

ਇਸਰਾਏਲ ਦੇ ਲੋਕੋ, ਯਹੋਵਾਹ ਉੱਤੇ ਵਿਸ਼ਵਾਸ ਕਰੋ।
    ਯਹੋਵਾਹ ਹੀ ਉਨ੍ਹਾਂ ਦੀ ਸ਼ਕਤੀ ਅਤੇ ਢਾਲ ਹੈ।
10 ਹਾਰੂਨ ਦੇ ਪਰਿਵਾਰ, ਯਹੋਵਾਹ ਉੱਤੇ ਵਿਸ਼ਵਾਸ ਕਰ।
    ਯਹੋਵਾਹ ਹੀ ਉਨ੍ਹਾਂ ਦੀ ਸ਼ਕਤੀ ਅਤੇ ਢਾਲ ਹੈ।
11 ਯਹੋਵਾਹ ਦੇ ਚੇਲਿਉ, ਯਹੋਵਾਹ ਉੱਤੇ ਵਿਸ਼ਵਾਸ ਕਰੋ।
    ਯਹੋਵਾਹ ਹੀ ਉਨ੍ਹਾਂ ਦੀ ਸ਼ਕਤੀ ਅਤੇ ਢਾਲ ਹੈ।

12 ਯਹੋਵਾਹ ਅਸਾਂ ਨੂੰ ਚੇਤੇ ਕਰਦਾ ਹੈ।
    ਯਹੋਵਾਹ ਅਸਾਂ ਨੂੰ ਅਸੀਸ ਦੇਵੇਗਾ।
    ਯਹੋਵਾਹ ਇਸਰਾਏਲ ਨੂੰ ਅਸੀਸ ਦੇਵੇਗਾ।
    ਯਹੋਵਾਹ ਹਾਰੂਨ ਦੇ ਪਰਿਵਾਰ ਨੂੰ ਅਸੀਸ ਦੇਵੇਗਾ।
13 ਯਹੋਵਾਹ ਆਪਣੇ ਚੇਲਿਆਂ ਨੂੰ ਛੋਟੇ ਅਤੇ ਵੱਡਿਆਂ ਨੂੰ ਅਸੀਸ ਦੇਵੇਗਾ।

14 ਮੈਨੂੰ ਆਸ ਹੈ ਕਿ ਯਹੋਵਾਹ ਤੁਹਾਨੂੰ ਅਤੇ ਤੁਹਾਡੇ ਬੱਚਿਆਂ ਨੂੰ ਹੋਰ ਵੱਧੇਰੇ ਦੇਵੇਗਾ।
15     ਯਹੋਵਾਹ ਨੇ ਸਵਰਗ ਅਤੇ ਧਰਤੀ ਨੂੰ ਬਣਾਇਆ
    ਅਤੇ ਯਹੋਵਾਹ ਤੁਹਾਨੂੰ ਜੀ ਆਇਆ ਆਖਦਾ ਹੈ।
16 ਸਵਰਗ ਯਹੋਵਾਹ ਦਾ ਹੈ।
    ਪਰ ਉਸ ਨੇ ਲੋਕਾਂ ਨੂੰ ਧਰਤੀ ਦਿੱਤੀ।
17 ਮੁਰਦਾ ਲੋਕ ਯਹੋਵਾਹ ਦੀ ਉਸਤਤਿ ਨਹੀਂ ਕਰਦੇ।
    ਕਬਰਾਂ ਵਿੱਚ ਦਫ਼ਨ ਹੋਏ ਲੋਕ, ਯਹੋਵਾਹ ਦੀ ਉਸਤਤਿ ਨਹੀਂ ਕਰਦੇ।
18 ਪਰ ਹੁਣ ਅਸੀਂ ਯਹੋਵਾਹ ਨੂੰ ਅਸੀਸ ਦਿੰਦੇ ਹਾਂ।
    ਅਤੇ ਅਸੀਂ ਉਸ ਨੂੰ ਸਦਾ ਹੋਰ ਵੱਧੇਰੇ ਅਸੀਸ ਦੇਵਾਂਗੇ।

ਯਹੋਵਾਹ ਦੀ ਉਸਤਤਿ ਕਰੋ!

116 ਮੈਂ ਇਸ ਨੂੰ ਪਸੰਦ ਕਰਦਾ ਹਾਂ
    ਜਦੋਂ ਯਹੋਵਾਹ ਮੇਰੀਆਂ ਪ੍ਰਾਰਥਨਾ ਸੁਣਦਾ ਹੈ।
ਮੈਂ ਇਸ ਨੂੰ ਪਸੰਦ ਕਰਦਾ ਹਾਂ
    ਜਦੋਂ ਸਹਾਇਤਾ ਲਈ ਉਹ ਮੇਰੀ ਪੁਕਾਰ ਨੂੰ ਸੁਣਦਾ ਹੈ।
ਮੈਂ ਤਾਂ ਮਰ ਹੀ ਚੱਲਿਆ ਸਾਂ।
    ਮੌਤ ਦੇ ਰੱਸੇ ਮੇਰੇ ਦੁਆਲੇ ਤਣ ਗਏ ਸਨ।
ਕਬਰ ਹੌਲੀ-ਹੌਲੀ ਮੇਰੇ ਨਜ਼ਦੀਕ ਆ ਰਹੀ ਸੀ।
    ਮੈਂ ਡਰਿਆ ਹੋਇਆ ਅਤੇ ਫ਼ਿਕਰਮੰਦ ਸਾਂ।
ਫ਼ੇਰ ਮੈਂ ਯਹੋਵਾਹ ਦਾ ਨਾਮ ਪੁਕਾਰਿਆ।
    ਮੈਂ ਆਖਿਆ, “ਯਹੋਵਾਹ, ਮੈਨੂੰ ਬਚਾਉ!”
ਯਹੋਵਾਹ ਸ਼ੁਭ ਅਤੇ ਦਯਾਵਾਨ ਹੈ।
    ਪਰਮੇਸ਼ੁਰ ਮਿਹਰਬਾਨ ਹੈ।
ਯਹੋਵਾਹ ਬੇਸਹਾਰਿਆਂ ਦਾ ਧਿਆਨ ਰੱਖਦਾ ਹੈ।
    ਮੈਂ ਨਿਆਸਰਾ ਸਾਂ ਅਤੇ ਯਹੋਵਾਹ ਨੇ ਮੈਨੂੰ ਬਚਾ ਲਿਆ।
ਹੇ ਮੇਰੀ ਆਤਮਾ, ਸ਼ਾਂਤ ਹੋ ਜਾ!
    ਯਹੋਵਾਹ ਤੇਰਾ ਧਿਆਨ ਰੱਖ ਰਿਹਾ ਹੈ।
ਹੇ ਪਰਮੇਸ਼ੁਰ, ਤੁਸੀਂ ਮੇਰੀ ਆਤਮਾ ਨੂੰ ਮੌਤ ਕੋਲੋਂ ਬਚਾਇਆ।
    ਤੁਸੀਂ ਮੇਰੇ ਅਥਰੂ ਰੋਕੋ।
    ਤੁਸੀਂ ਮੈਨੂੰ ਡਿੱਗਣ ਤੋਂ ਬਚਾਇਆ।
ਮੈਂ ਜਿਉਂਦਿਆ ਦੇ ਦੇਸ਼ ਵਿੱਚ ਯਹੋਵਾਹ ਦੀ ਸੇਵਾ ਕਰਦਾ ਰਹਾਂਗਾ।

10 ਮੈਂ ਉਦੋਂ ਵੀ ਵਿਸ਼ਵਾਸ ਕਰਦਾ ਰਿਹਾ ਜਦੋਂ ਮੈਂ ਇਹ ਵੀ ਆਖਿਆ ਸੀ,
    “ਮੈਂ ਤਬਾਹ ਹੋ ਗਿਆ ਹਾਂ!”
11 ਹਾਂ, ਉਦੋਂ ਵੀ ਜਦੋਂ ਮੈਂ ਡਰਿਆ ਹੋਇਆ ਸਾਂ ਅਤੇ ਆਖਿਆ ਸੀ,
    “ਸਾਰੇ ਬੰਦੇ ਝੂਠੇ ਹਨ!”

12 ਮੈਂ ਯਹੋਵਾਹ ਨੂੰ ਕੀ ਅਰਪਣ ਕਰ ਸੱਕਦਾ ਹਾਂ?
    ਯਹੋਵਾਹ ਨੇ ਮੈਨੂੰ ਹਰ ਸ਼ੈਅ ਜੋ ਵੀ ਮੇਰੇ ਕੋਲ ਹੈ ਦਿੱਤੀ ਹੈ।
13 ਉਸ ਨੇ ਮੈਨੂੰ ਬਚਾਇਆ,
    ਇਸ ਲਈ ਮੈਂ ਉਸ ਅੱਗੇ ਪਿਆਲਾ ਭੇਟ ਕਰਾਂਗਾ।
    ਅਤੇ ਮੈਂ ਯਹੋਵਾਹ ਦਾ ਨਾਮ ਪੁਕਾਰਾਂਗਾ।
14 ਮੈਂ ਉਹ ਚੀਜ਼ਾਂ ਦੇਵਾਂਗਾ ਜਿਨ੍ਹਾਂ ਦਾ ਯਹੋਵਾਹ ਨਾਲ ਇਕਰਾਰ ਕੀਤਾ ਸੀ।
    ਹੁਣ ਮੈਂ ਉਸ ਦੇ ਸਮੂਹ ਬੰਦਿਆ ਦੇ ਸਾਹਮਣੇ ਜਾਵਾਂਗਾ।

15 ਯਹੋਵਾਹ ਵਾਸਤੇ ਉਸ ਦੇ ਕਿਸੇ ਵੀ ਚੇਲੇ ਦੀ ਮੌਤ ਯਹੋਵਾਹ ਵਾਸਤੇ ਬਹੁਤ ਮਹੱਤਵਪੂਰਣ ਹੈ।
    ਹੇ ਯਹੋਵਾਹ, ਮੈਂ ਤੁਹਾਡੇ ਸੇਵਕਾਂ ਵਿੱਚੋਂ ਹਾਂ।
16 ਮੈਂ ਤੁਹਾਡਾ ਸੇਵਕ ਹਾਂ,
    ਤੁਹਾਡੀ ਇੱਕ ਸੇਵਾਦਾਰ ਔਰਤ ਦਾ ਬੱਚਾ।
    ਯਹੋਵਾਹ, ਤੁਸੀਂ ਹੀ ਮੇਰੇ ਪਹਿਲੇ ਗੁਰੂ ਸੀ।
17 ਮੈਂ ਤੁਹਾਡੇ ਅੱਗੇ ਧੰਨਵਾਦ ਭੇਟ ਕਰਾਂਗਾ।
    ਮੈਂ ਯਹੋਵਾਹ ਦਾ ਨਾਮ ਲਵਾਂਗਾ।
18 ਮੈਂ ਯਹੋਵਾਹ ਨੂੰ ਉਹ ਚੀਜ਼ਾਂ ਦੇਵਾਂਗਾ ਜਿਨ੍ਹਾਂ ਦਾ ਮੈਂ ਇਕਰਾਰ ਕੀਤਾ ਸੀ।
    ਹੁਣ ਮੈਂ ਉਸ ਦੇ ਸਮੂਹ ਬੰਦਿਆਂ ਦੇ ਸਾਹਮਣੇ ਜਾਵਾਂਗਾ।
19 ਮੈਂ ਯਰੂਸ਼ਲਮ ਦੇ ਮੰਦਰ ਵਿੱਚ ਜਾਵਾਂਗਾ।

ਯਹੋਵਾਹ ਦੀ ਉਸਤਤਿ ਕਰੋ।

117 ਤੁਸੀਂ ਸਾਰੀਉ ਕੌਮੋ, ਯਹੋਵਾਹ ਦੀ ਉਸਤਤਿ ਕਰੋ।
    ਤੁਸੀਂ ਸਾਰਿਉ ਲੋਕੋ, ਯਹੋਵਾਹ ਦੀ ਉਸਤਤਿ ਕਰੋ।
ਪਰਮੇਸ਼ੁਰ ਸਾਨੂੰ ਬਹੁਤ ਪਿਆਰ ਕਰਦਾ ਹੈ।
    ਅਤੇ ਪਰਮੇਸ਼ੁਰ ਸਾਡੇ ਨਾਲ ਸਦਾ ਹੀ ਸੱਚਾ ਰਹੇਗਾ!

ਯਹੋਵਾਹ ਦੀ ਉਸਤਤਿ ਕਰੋ।

118 ਯਹੋਵਾਹ ਦਾ ਮਾਨ ਕਰੋ ਕਿਉਂਕਿ ਉਹ ਪਰਮੇਸ਼ੁਰ ਹੈ।
    ਉਸਦਾ ਸੱਚਾ ਪਿਆਰ ਸਦਾ ਰਹਿੰਦਾ ਹੈ।
ਇਸਰਾਏਲ ਆਖ,
    “ਉਸਦਾ ਸੱਚਾ ਪਿਆਰ ਸਦਾ ਰਹਿੰਦਾ ਹੈ!”
ਜਾਜਕੋ ਆਖੋ,
    “ਉਸਦਾ ਸੱਚਾ ਪਿਆਰ ਸਦਾ ਰਹਿੰਦਾ ਹੈ!”
ਯਹੋਵਾਹ ਦੀ ਉਪਾਸਨਾ ਕਰਨ ਵਾਲੇ ਤੁਸੀਂ ਸਮੂਹ ਲੋਕੋਂ ਆਖੋ,
    “ਉਸਦਾ ਸੱਚਾ ਪਿਆਰ ਸਦਾ ਰਹਿੰਦਾ ਹੈ!”

ਮੈਂ ਮੁਸੀਬਤ ਵਿੱਚ ਸਾਂ ਇਸ ਲਈ ਮੈਂ ਸਹਾਇਤਾ ਲਈ ਯਹੋਵਾਹ ਅੱਗੇ ਪੁਕਾਰ ਕੀਤੀ।
    ਯਹੋਵਾਹ ਨੇ ਮੈਨੂੰ ਉੱਤਰ ਦਿੱਤਾ ਅਤੇ ਮੈਨੂੰ ਮੁਕਤ ਕਰ ਦਿੱਤਾ।
ਯਹੋਵਾਹ ਮੇਰੇ ਨਾਲ ਹੈ, ਇਸ ਲਈ ਮੈਂ ਨਹੀਂ ਡਰਾਂਗਾ।
    ਲੋਕ ਮੇਰਾ ਕੋਈ ਨੁਕਸਾਨ ਨਹੀਂ ਕਰ ਸੱਕਦੇ।
ਯਹੋਵਾਹ ਮੇਰਾ ਮਦਦਗਾਰ ਹੈ।
    ਮੈਂ ਆਪਣੇ ਦੁਸ਼ਮਣਾਂ ਨੂੰ ਹਾਰਦਿਆਂ ਵੇਖਾਂਗਾ।
ਲੋਕਾਂ ਵਿੱਚ ਯਕੀਨ ਰੱਖਣ ਨਾਲੋਂ
    ਯਹੋਵਾਹ ਵਿੱਚ ਯਕੀਨ ਰੱਖਣਾ ਬਿਹਤਰ ਹੈ।
ਤੁਹਾਡੇ ਸਾਰੇ ਆਗੂਆਂ ਉੱਤੇ ਵਿਸ਼ਵਾਸ ਕਰਨ ਨਾਲੋਂ
    ਯਹੋਵਾਹ ਵਿੱਚ ਯਕੀਨ ਰੱਖਣਾ ਬਿਹਤਰ ਹੈ।

10 ਅਨੇਕਾਂ ਦੁਸ਼ਮਣਾਂ ਨੇ ਮੈਨੂੰ ਘੇਰ ਲਿਆ ਸੀ।
    ਪਰ ਯਹੋਵਾਹ ਦੀ ਸ਼ਕਤੀ ਨਾਲ ਮੈਂ ਆਪਣੇ ਦੁਸ਼ਮਣਾਂ ਨੂੰ ਹਰਾ ਦਿੱਤਾ।
11 ਦੁਸ਼ਮਣਾਂ ਨੇ ਮੈਨੂੰ ਬਾਰ-ਬਾਰ ਘੇਰਿਆ,
    ਮੈਂ ਉਨ੍ਹਾਂ ਨੂੰ ਯਹੋਵਾਹ ਦੀ ਸ਼ਕਤੀ ਨਾਲ ਹਰਾਇਆ।
12 ਮੈਨੂੰ ਦੁਸ਼ਮਣਾਂ ਨੇ ਮਧੂ ਮੱਖੀਆਂ ਵਾਂਗ ਘੇਰਿਆ।
    ਪਰ ਛੇਤੀ ਹੀ ਲਟ-ਲਟ ਬਲਦੀ ਝਾੜੀ ਵਾਂਗ ਉਹ ਭਸਮ ਹੋ ਗਏ।
ਮੈਂ ਉਨ੍ਹਾਂ ਨੂੰ ਯਹੋਵਾਹ ਦੀ ਸ਼ਕਤੀ ਨਾਲ ਹਰਾਇਆ।

13 ਮੇਰੇ ਦੁਸ਼ਮਣਾਂ ਮੇਰੇ ਉੱਤੇ ਹਮਲਾ ਕੀਤਾ, ਅਤੇ ਲਗਭਗ ਮੈਨੂੰ ਤਬਾਹ ਕਰ ਦਿੱਤਾ।
    ਯਹੋਵਾਹ ਨੇ ਮੇਰੀ ਸਹਾਇਤਾ ਕੀਤੀ।
14 ਯਹੋਵਾਹ ਹੀ ਮੇਰੀ ਸ਼ਕਤੀ ਅਤੇ ਜਿੱਤ ਦਾ ਗੀਤ ਹੈ।
    ਯਹੋਵਾਹ ਮੈਨੂੰ ਬਚਾਉਂਦਾ ਹੈ।
15 ਤੁਸੀਂ ਨੇਕ ਲੋਕਾਂ ਦੇ ਘਰੀਂ ਫ਼ਤਿਹ ਦਾ ਜਸ਼ਨ ਸੁਣ ਸੱਕਦੇ ਹੋ।
    ਯਹੋਵਾਹ ਨੇ ਆਪਣੀ ਮਹਾਨ ਸ਼ਕਤੀ ਫ਼ੇਰ ਦਰਸਾਈ ਹੈ।
16 ਯਹੋਵਾਹ ਦੇ ਹੱਥ ਜਿੱਤ ਵਿੱਚ ਉੱਠੇ ਹੋਏ ਹਨ,
    ਯਹੋਵਾਹ ਨੇ ਫ਼ੇਰ ਆਪਣੀ ਮਹਾਨ ਸ਼ਕਤੀ ਦਰਸਾਈ ਹੈ।

17 ਮੈਂ ਜੀਵਾਂਗਾ, ਮਰਾਂਗਾ ਨਹੀਂ
    ਅਤੇ ਮੈਂ ਯਹੋਵਾਹ ਦੀ ਕਰਨੀ ਦੱਸਾਂਗਾ।
18 ਯਹੋਵਾਹ ਨੇ ਮੈਨੂੰ ਦੰਡ ਦਿੱਤਾ ਸੀ।
    ਪਰ ਉਸ ਨੇ ਮੈਨੂੰ ਮਰਨ ਨਹੀਂ ਦਿੱਤਾ ਸੀ।
19 ਸ਼ੁਭ ਦਰਵਾਜਿਉ, ਮੇਰੇ ਲਈ ਖੁਲ੍ਹ ਜਾਵੋ,
    ਅਤੇ ਮੈਂ ਆਵਾਂਗਾ ਅਤੇ ਮੈਂ ਯਹੋਵਾਹ ਦੀ ਉਪਾਸਨਾ ਕਰਾਂਗਾ।
20 ਉਹ ਦਰਵਾਜੇ ਯਹੋਵਾਹ ਦੇ ਹਨ।
    ਇਨ੍ਹਾਂ ਵਿੱਚੋਂ ਦੀ ਸਿਰਫ਼ ਨੇਕ ਬੰਦੇ ਹੀ ਜਾ ਸੱਕਦੇ ਹਨ।
21 ਹੇ ਯਹੋਵਾਹ, ਮੇਰੀ ਪ੍ਰਾਰਥਨਾ ਦਾ ਉੱਤਰ ਦੇਣ ਲਈ ਮੈਂ ਤੁਹਾਨੂੰ ਧੰਨਵਾਦ ਕਰਦਾ ਹਾਂ।
    ਮੈਨੂੰ ਬਚਾਉਣ ਲਈ ਮੈਂ ਤੁਹਾਡਾ ਧੰਨਵਾਦ ਕਰਦਾ ਹਾਂ।

22 ਉਹ ਪੱਥਰ ਜਿਸਦੀ ਉਸਾਰੀਆਂ ਨੂੰ ਲੋੜ ਨਹੀਂ ਸੀ, ਨੀਂਹ ਦਾ ਪੱਥਰ ਬਣ ਗਿਆ ਸੀ।
23 ਯਹੋਵਾਹ ਨੇ ਇਹ ਕੀਤਾ ਅਤੇ ਅਸੀਂ ਸੋਚਦੇ ਹਾਂ
    ਕਿ ਇਹ ਗੱਲ ਵਿਸਮਾਦ ਭਰੀ ਹੈ।
24 ਅੱਜ ਦਾ ਦਿਨ, ਪਰਮੇਸ਼ੁਰ ਦੁਆਰਾ ਬਣਾਇਆ ਹੋਇਆ ਦਿਨ ਹੈ।
    ਆਉ ਅੱਜ ਹੀ ਖੁਸ਼ੀ ਮਨਾਈਏ ਅਤੇ ਪ੍ਰਸੰਨ ਹੋਈਏ!

25 ਲੋਕਾਂ ਆਖਿਆ, “ਯਹੋਵਾਹ ਦੀ ਉਸਤਤਿ ਕਰੋ!
    ਯਹੋਵਾਹ ਨੇ ਅਸਾਂ ਨੂੰ ਬਚਾਇਆ!
26     ਯਹੋਵਾਹ ਦਾ ਨਾਮ ਲੈ ਕੇ ਆਉਣ ਵਾਲੇ ਬੰਦੇ ਦਾ ਸਵਾਗਤ ਕਰੋ।”

ਜਾਜਕਾਂ ਨੇ ਜਵਾਬ ਦਿੱਤਾ, “ਅਸੀਂ ਯਹੋਵਾਹ ਦੇ ਘਰ ਅੰਦਰ ਤੁਹਾਡਾ ਸਵਾਗਤ ਕਰਦੇ ਹਾਂ।
27 ਯਹੋਵਾਹ ਹੀ ਪਰਮੇਸ਼ੁਰ ਹੈ।
ਅਤੇ ਉਹ ਅਸਾਂ ਨੂੰ ਪ੍ਰਵਾਨ ਕਰਦਾ ਹੈ।
    ਬਲੀ ਲਈ ਲੇਲਾ ਬੰਨ੍ਹ ਦਿਉ, ਅਤੇ ਇਸ ਨੂੰ ਚੁੱਕ ਕੇ ਜਗਵੇਦੀ ਦੇ ਸਿੰਗਾਂ ਉੱਤੇ ਲੈ ਚੱਲੋ।”

28 ਯਹੋਵਾਹ, ਤੁਸੀਂ ਮੇਰੇ ਪਰਮੇਸ਼ੁਰ ਹੋ ਅਤੇ ਮੈਂ ਤੁਹਾਡਾ ਧੰਨਵਾਦ ਕਰਦਾ ਹਾਂ।
    ਮੈਂ ਤੁਹਾਡੀ ਉਸਤਤਿ ਕਰਦਾ ਹਾਂ।
29 ਯਹੋਵਾਹ ਦੀ ਉਸਤਤਿ ਕਰੋ ਕਿਉਂ ਕਿ ਉਹ ਭਲਾ ਹੈ।
    ਉਸਦਾ ਸੱਚਾ ਪਿਆਰ ਸਦਾ ਰਹਿੰਦਾ ਹੈ।

Punjabi Bible: Easy-to-Read Version (ERV-PA)

2010 by World Bible Translation Center