Beginning
ਦਾਊਦ ਦਾ ਇੱਕ ਉਸਤਤਿ ਗੀਤ।
108 ਹੇ ਪਰਮੇਸ਼ੁਰ, ਮੈਂ ਤੁਹਾਡੀ ਉਸਤਤਿ ਦੇ ਗੀਤ ਗਾਉਣ ਲਈ
ਦਿਲ ਅਤੇ ਰੂਹ ਨਾਲ ਤਿਆਰ ਹਾਂ।
2 ਸਿਤਾਰ ਅਤੇ ਸਰੰਗੀ ਜਾਗੋ,
ਆਉ ਆਪਾਂ ਪ੍ਰਭਾਤ ਨੂੰ ਜਗਾਈਏ।
3 ਯਹੋਵਾਹ, ਅਸੀਂ ਕੌਮਾਂ ਅੰਦਰ ਤੁਹਾਡੀ ਉਸਤਤਿ ਕਰਾਂਗੇ।
ਅਸੀਂ ਹੋਰਾਂ ਲੋਕਾਂ ਵਿੱਚ ਤੁਹਾਡੀ ਉਸਤਤਿ ਕਰਾਂਗੇ।
4 ਯਹੋਵਾਹ, ਤੁਹਾਡਾ ਪਿਆਰ ਆਕਾਸ਼ਾਂ ਨਾਲੋਂ ਉੱਚਾ ਹੈ।
ਤੁਹਾਡੀ ਵਫ਼ਾ ਉੱਚੇ ਤੋਂ ਉੱਚੇ ਬੱਦਲ ਨਾਲੋਂ ਉਚੇਰੀ ਹੈ।
5 ਹੇ ਪਰਮੇਸ਼ੁਰ, ਸਵਰਗਾਂ ਦੇ ਸ਼ਿਖਰਾਂ ਤੱਕ ਉੱਠੋ
ਸਾਰੀ ਦੁਨੀਆਂ ਨੂੰ ਤੁਹਾਡੀ ਮਹਿਮਾ ਦੇਖਣ ਦੇਵੋ।
6 ਹੇ ਪਰਮੇਸ਼ੁਰ, ਇਸ ਤਰ੍ਹਾਂ ਹੀ ਕਰੋ ਤਾਂ ਜੋ ਤੁਹਾਡੇ ਮਿੱਤਰਾਂ ਨੂੰ ਬਚਾਇਆ ਜਾ ਸੱਕੇ।
ਮੇਰੀ ਪ੍ਰਾਰਥਨਾ ਮੰਨ ਲਵੋ, ਅਤੇ ਸਾਨੂੰ ਬਚਾਉਣ ਲਈ ਆਪਣੀ ਮਹਾ ਸ਼ਕਤੀ ਵਰਤੋਂ।
7 ਪਰਮੇਸ਼ੁਰ ਆਪਣੇ ਮੰਦਰ ਵਿੱਚ ਬੋਲਿਆ:
“ਮੈਂ ਯੁੱਧ ਜਿੱਤਾਂਗਾ ਅਤੇ ਜਿੱਤ ਬਾਰੇ ਪ੍ਰਸੰਨ ਹੋਵਾਂਗਾ!
ਮੈਂ ਇਹੀ ਧਰਤੀ ਆਪਣੇ ਲੋਕਾਂ ਦਰਮਿਆਨ ਵੰਡ ਦਿਆਂਗਾ।
ਮੈਂ ਉਨ੍ਹਾਂ ਨੂੰ ਸ਼ਕਮ ਦੇ ਦੇਵਾਂਗਾ,
ਮੈਂ ਉਨ੍ਹਾਂ ਨੂੰ ਸੁੱਕੋਥ ਦੀ ਵਾਦੀ ਦੇ ਦੇਵਾਂਗਾ।
8 ਗਿਲਆਦ ਅਤੇ ਮਨੱਸ਼ਹ ਮੇਰੇ ਹੋਣਗੇ।
ਇਫ਼ਰਾਈਮ ਮੇਰੇ ਸਿਰ ਦੀ ਢਾਲ ਹੋਵੇਗਾ।
ਯਹੂਦਾਹ ਮੇਰਾ ਸ਼ਾਹੀ ਡੰਡਾ ਹੋਵੇਗਾ।
9 ਮੋਆਬ ਮੇਰੇ ਚਰਨ ਧੋਣ ਲਈ ਪਿਆਲਾ ਹੋਣਗੇ।
ਅਦੋਮ ਮੇਰੀ ਜੁੱਤੀ ਚੁੱਕਣ ਲਈ ਮੇਰਾ ਸੇਵਕ ਹੋਵੇਗਾ।
ਮੈਂ ਫ਼ਲਿਸਤ ਨੂੰ ਹਰਾ ਦਿਆਂਗਾ ਅਤੇ ਜਿੱਤ ਦੇ ਨਾਅਰੇ ਮਾਰਾਂਗਾ।”
10-11 ਦੁਸ਼ਮਣ ਦੇ ਕਿਲ੍ਹੇ ਅੰਦਰ, ਮੇਰੀ ਅਗਵਾਈ ਕੌਣ ਕਰੇਗਾ?
ਅਦੋਮ ਦੇ ਖਿਲਾਫ਼ ਲੜਨ ਵਿੱਚ ਮੇਰੀ ਅਗਵਾਈ ਕੌਣ ਕਰੇਗਾ?
ਹੇ ਪਰਮੇਸ਼ੁਰ, ਕਿਰਪਾ ਕਰਕੇ ਦੁਸ਼ਮਣ ਨੂੰ ਹਰਾਉਣ ਵਿੱਚ ਸਾਡੀ ਸਹਾਇਤਾ ਕਰੋ!
ਪਰ ਤੁਸੀਂ ਅਸਾਂ ਨੂੰ ਤਿਆਗ ਦਿੱਤਾ!
ਤੁਸੀਂ ਸਾਡੀ ਫ਼ੌਜ ਦੇ ਨਾਲ ਨਹੀਂ ਗਏ।
12 ਹੇ ਪਰਮੇਸ਼ੁਰ, ਕਿਰਪਾ ਕਰਕੇ ਦੁਸ਼ਮਣ ਦੀ ਫ਼ੌਜ ਨੂੰ ਹਰਾਉਣ ਵਿੱਚ ਸਾਡੀ ਸਹਾਇਤਾ ਕਰੋ!
ਲੋਕ ਸਾਡੀ ਸਹਾਇਤਾ ਨਹੀਂ ਕਰ ਸੱਕਦੇ!
13 ਸਿਰਫ਼ ਪਰਮੇਸ਼ੁਰ ਹੀ ਸਾਨੂੰ ਬਲਵਾਨ ਬਣਾ ਸੱਕਦਾ ਹੈ।
ਪਰਮੇਸ਼ੁਰ ਹੀ ਸਾਡੇ ਦੁਸ਼ਮਣਾਂ ਨੂੰ ਹਰਾ ਸੱਕਦਾ ਹੈ!
ਨਿਰਦੇਸ਼ਕ ਲਈ: ਦਾਊਦ ਦਾ ਇੱਕ ਉਸਤਤਿ ਗੀਤ।
109 ਹੇ ਪਰਮੇਸ਼ੁਰ, ਮੇਰੀ ਪ੍ਰਾਰਥਨਾ ਲਈ ਆਪਣੇ ਕੰਨ ਬੰਦ ਨਾ ਕਰੋ।
2 ਬਦਕਾਰ ਲੋਕ ਮੇਰੇ ਬਾਰੇ ਝੂਠ ਬੋਲ ਰਹੇ ਹਨ।
ਉਹ ਉਹੀ ਗੱਲਾਂ ਆਖ ਰਹੇ ਹਨ ਜਿਹੜੀਆਂ ਸੱਚ ਨਹੀਂ ਹਨ।
3 ਲੋਕੀ ਮੇਰੇ ਬਾਰੇ ਨਫ਼ਰਤ ਭਰੀਆਂ ਗੱਲਾਂ ਆਖ ਰਹੇ ਹਨ।
ਲੋਕ ਮੇਰੇ ਉੱਤੇ ਬਿਨਾ ਕਾਰਣ ਹਮਲਾ ਕਰ ਰਹੇ ਹਨ।
4 ਮੈਂ ਉਨ੍ਹਾਂ ਨੂੰ ਪਿਆਰ ਕੀਤਾ ਸੀ।
ਪਰ ਉਹ ਮੇਰੇ ਨਾਲ ਨਫ਼ਰਤ ਕਰਦੇ ਹਨ।
ਇਸ ਲਈ ਹੁਣ ਮੈਂ ਤੁਹਾਡੇ ਅੱਗੇ ਪ੍ਰਾਰਥਨਾ ਕਰ ਰਿਹਾ ਹਾਂ, ਹੇ ਪਰਮੇਸ਼ੁਰ।
5 ਮੈਂ ਉਨ੍ਹਾਂ ਲੋਕਾਂ ਨਾਲ ਨੇਕੀ ਕੀਤੀ ਸੀ,
ਪਰ ਉਹ ਮੇਰੇ ਨਾਲ ਬੁਰਾ ਕਰ ਰਹੇ ਹਨ।
ਮੈਂ ਉਨ੍ਹਾਂ ਨੂੰ ਪਿਆਰ ਕੀਤਾ ਸੀ,
ਪਰ ਉਨ੍ਹਾਂ ਨੇ ਮੈਨੂੰ ਨਫ਼ਰਤ ਕੀਤੀ।
6 ਮੇਰੇ ਦੁਸ਼ਮਣਾਂ ਨੂੰ ਉਸ ਦੇ ਮੰਦੇ ਅਮਲਾਂ ਲਈ ਦੰਡ ਦਿਉ।
ਉਸ ਨੂੰ ਗਲਤ ਸਾਬਤ ਕਰਨ ਲਈ ਕੋਈ ਬੰਦਾ ਲੱਭ ਲਵੋ।
7 ਮੁਨਸਫ਼ ਨੂੰ ਨਿਆਂ ਕਰਨ ਦਿਉ ਕਿ ਮੇਰੇ ਦੁਸ਼ਮਣਾਂ ਨੇ ਮੰਦਾ ਕੰਮ ਕੀਤਾ ਸੀ ਅਤੇ ਉਹ ਦੋਸ਼ੀ ਹਨ।
ਮੇਰੇ ਦੁਸ਼ਮਣ ਦੀ ਕਹੀ ਹਰ ਗੱਲ ਨੂੰ ਉਸ ਦਾ ਜੀਵਨ ਦੁਸ਼ਵਾਰ ਬਨਾਉਣ ਦਿਉ।
8 ਮੇਰੇ ਦੁਸ਼ਮਣ ਨੂੰ ਛੇਤੀ ਮਰ ਜਾਣ ਦਿਉ।
ਕਿਸੇ ਹੋਰ ਨੂੰ ਉਸਦਾ ਕੰਮ ਮਿਲਣ ਦਿਉ।
9 ਮੇਰੇ ਦੁਸ਼ਮਣ ਦੇ ਬੱਚਿਆਂ ਨੂੰ ਯਤੀਮ ਬਣਾ ਦਿਉ।
ਅਤੇ ਉਸਦੀ ਪਤਨੀ ਨੂੰ ਵਿਧਵਾ ਬਣਾ ਦਿਉ।
10 ਉਨ੍ਹਾਂ ਦਾ ਘਰ ਖੁਸ ਜਾਵੇ।
ਅਤੇ ਉਹ ਮੰਗਤੇ ਬਣ ਜਾਣ।
11 ਮੇਰੇ ਦੁਸ਼ਮਣ ਦੇ ਲੈਣਦਾਰਾਂ ਨੂੰ ਉਸਦਾ ਉਹ ਸਭ ਲੈ ਲੈਣ, ਜਿਸਦਾ ਉਹ ਕਬਜ਼ੇ ਦਾਰ ਹੈ।
ਅਜਨਬੀ ਉਸਦੀ ਕਮਾਈ ਹੋਈ ਹਰ ਸ਼ੈਅ ਲੈ ਜਾਣ।
12 ਮੈਨੂੰ ਉਮੀਦ ਹੈ ਕਿ ਕੋਈ ਵੀ ਬੰਦਾ ਮੇਰੇ ਦੁਸ਼ਮਣਾਂ ਉੱਤੇ ਮਿਹਰਬਾਨ ਨਹੀਂ ਹੈ।
ਮੈਨੂੰ ਆਸ ਹੈ ਕਿ ਕੋਈ ਵੀ ਬੰਦਾ ਉਸ ਦੇ ਬੱਚਿਆਂ ਉੱਤੇ ਤਰਸ ਨਹੀਂ ਕਰੇਗਾ।
13 ਮੇਰੇ ਦੁਸ਼ਮਣ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿਉ।
ਅਗਲੀ ਪੀੜੀ ਨੂੰ ਉਨ੍ਹਾਂ ਦਾ ਨਾਮ ਹਰ ਸ਼ੈਅ ਉੱਤੋਂ ਮਿਟਾ ਲੈਣ ਦਿਉ।
14 ਮੈਨੂੰ ਆਸ ਹੈ ਕਿ ਯਹੋਵਾਹ ਨੂੰ ਮੇਰੇ ਦੁਸ਼ਮਣ ਦੇ ਪਿਤਾ ਦੇ ਗੁਨਾਹ ਯਾਦ ਹਨ।
ਅਤੇ ਮੈਨੂੰ ਉਮੀਦ ਹੈ ਕਿ ਉਸਦੀ ਮਾਂ ਦੇ ਗੁਨਾਹ ਵੀ ਕਦੇ ਨਹੀਂ ਮਿਟੇ।
15 ਮੈਨੂੰ ਆਸ ਹੈ ਕਿ ਯਹੋਵਾਹ ਉਨ੍ਹਾਂ ਗੁਨਾਹਾਂ ਨੂੰ ਸਦਾ ਲਈ ਯਾਦ ਰੱਖੇਗਾ।
ਅਤੇ ਮੈਨੂੰ ਆਸ ਹੈ ਕਿ ਉਹ ਲੋਕਾਂ ਨੂੰ ਮੇਰੇ ਦੁਸ਼ਮਣਾਂ ਨੂੰ ਪੂਰੀ ਤਰ੍ਹਾਂ ਭੁੱਲਾਉਣ ਲਈ ਮਜ਼ਬੂਰ ਕਰੇਗਾ।
16 ਕਿਉਂ? ਕਿਉਂ ਕਿ ਉਸ ਬਦਕਾਰ ਬੰਦੇ ਨੇ ਕਦੀ ਵੀ ਕੋਈ ਸ਼ੁਭ ਕੰਮ ਨਹੀਂ ਕੀਤਾ।
ਉਸ ਨੇ ਕਦੇ ਵੀ ਕਿਸੇ ਨੂੰ ਪਿਆਰ ਨਹੀਂ ਕੀਤਾ।
ਉਸ ਨੇ ਗਰੀਬ ਨਿਮਾਣੇ ਲੋਕਾਂ ਲਈ ਮੁਸੀਬਤਾਂ ਖੜੀਆਂ ਕੀਤੀਆਂ।
17 ਉਸ ਬਦਕਾਰ ਬੰਦੇ ਨੂੰ ਹੋਰਾਂ ਦਾ ਬੁਰਾ ਮੰਗਣ ਵਿੱਚ ਖੁਸ਼ੀ ਮਿਲਦੀ ਸੀ।
ਇਸ ਲਈ ਉਸ ਨਾਲ ਉਹੀ ਮੰਦਾ ਹੋਣ ਦਿਉ।
ਉਸ ਬਦਕਾਰ ਵਿਅਕਤੀ ਨੇ ਕਦੇ ਵੀ ਲੋਕਾਂ ਨਾਲ ਚੰਗਾ ਨਾ ਵਾਪਰੇ, ਮੰਗਿਆ।
ਇਸ ਲਈ ਉਸਦਾ ਭਲਾ ਨਾ ਹੋਣ ਦਿਉ।
18 ਸਰਾਪ ਹੀ ਉਸ ਦੇ ਕੱਪੜੇ ਹੋਣ।
ਜਿਹੜਾ ਪਾਣੀ ਉਹ ਪੀਂਦਾ ਹੈ ਇੱਕ ਸਰਾਪ ਹੋਵੇ।
ਉਸ ਦੇ ਪਿੰਡੇ ਉਤਲਾ ਤੇਲ
ਉਸ ਉੱਪਰ ਇੱਕ ਸਰਾਪ ਹੋਵੇ।
19 ਸਰਾਪ ਨੂੰ ਉਸ ਦੇ ਕੱਪੜੇ ਹੋਣ ਦਿਉ ਜਿਹੜੇ ਉਹ ਦੁਸ਼ਟ ਵਿਅਕਤੀ ਦੁਆਲੇ ਲਵੇਟਣ ਲਈ ਵਰਤਦਾ।
ਸਰਾਪਾਂ ਨੂੰ ਉਸ ਦੇ ਲੱਕ ਦੇ ਦੁਆਲੇ ਦੀ ਪੇਟੀ ਹੋਣ ਦਿਉ।
20 ਮੈਨੂੰ ਆਸ ਹੈ ਕਿ ਯਹੋਵਾਹ ਮੇਰੇ ਦੁਸ਼ਮਣ ਨਾਲ ਇਹ ਸਾਰੀਆਂ ਗੱਲਾਂ ਕਰੇਗਾ।
ਮੈਨੂੰ ਆਸ ਹੈ ਕਿ ਯਹੋਵਾਹ ਉਨ੍ਹਾਂ ਨਾਲ ਇਹੋ ਗੱਲਾਂ ਕਰੇਗਾ ਜੋ ਮੈਨੂੰ ਮਾਰਨ ਦੀ ਕੋਸ਼ਿਸ਼ ਕਰ ਰਹੇ ਹਨ।
21 ਯਹੋਵਾਹ, ਤੁਸੀਂ ਮੇਰੇ ਮਾਲਕ ਹੋ, ਇਸ ਲਈ ਮੇਰੇ ਨਾਲ ਅਜਿਹਾ ਵਿਹਾਰ ਕਰੋ ਜਿਸ ਨਾਲ ਤੁਹਾਡੇ ਨਾਮ ਦੀ ਸ਼ੋਭਾ ਹੋਵੇ।
ਤੁਹਾਡੇ ਅੰਦਰ ਕਿੰਨਾ ਜ਼ਿਆਦਾ ਪਿਆਰ ਹੈ, ਇਸ ਲਈ ਮੈਨੂੰ ਬਚਾਉ।
22 ਮੈਂ ਇੱਕ ਗਰੀਬ ਨਿਤਾਣਾ ਆਦਮੀ ਹਾਂ,
ਮੈਂ ਸੱਚਮੁੱਚ ਉਦਾਸ ਹਾਂ, ਮੇਰਾ ਦਿਲ ਟੁੱਟਿਆ ਹੋਇਆ ਹੈ।
23 ਮੈਨੂੰ ਲੱਗਦਾ ਹੈ ਜਿਵੇਂ ਮੇਰੀ ਜ਼ਿੰਦਗੀ ਮੁੱਕ ਗਈ ਹੈ, ਜਿਵੇਂ ਸ਼ਾਮ ਵੇਲੇ ਪਰਛਾਵੇਂ ਹੁੰਦੇ ਹਨ।
ਮੈਂ ਉਸ ਪਿੱਸੂ ਵਰਗਾ ਮਹਿਸੂਸ ਕਰਦਾ ਹਾਂ ਜਿਸ ਨੂੰ ਕਿਸੇ ਨੇ ਝਾੜਕੇ ਸੁੱਟ ਦਿੱਤਾ ਹੋਵੇ।
24 ਮੇਰੇ ਗੋਡੇ ਕਮਜ਼ੋਰ ਹਨ ਕਿਉਂਕਿ ਮੈਂ ਭੁੱਖਾ ਹਾਂ।
ਮੇਰਾ ਭਾਰ ਘਟ ਰਿਹਾ ਹੈ ਅਤੇ ਮੈਂ ਪਤਲਾ ਹੋ ਰਿਹਾ ਹਾਂ।
25 ਬੁਰੇ ਆਦਮੀ ਮੇਰਾ ਅਪਮਾਨ ਕਰ ਰਹੇ ਹਨ।
ਉਹ ਮੇਰੇ ਵੱਲ ਵੇਖਦੇ ਹਨ ਅਤੇ ਸਿਰ ਹਿਲਾਉਂਦੇ ਹਨ।
26 ਯਹੋਵਾਹ ਮੇਰੇ ਪਰਮੇਸ਼ੁਰ, ਮੇਰੀ ਸਹਾਇਤਾ ਕਰੋ।
ਆਪਣਾ ਸੱਚਾ ਪਿਆਰ ਦਰਸਾਉ ਅਤੇ ਮੈਨੂੰ ਬਚਾਉ।
27 ਉਹ ਲੋਕ ਜਾਣ ਲੈਣਗੇ ਕਿ ਤੁਸੀਂ ਮੇਰੀ ਸਹਾਇਤਾ ਕੀਤੀ ਸੀ।
ਫ਼ੇਰ ਉਹ ਜਾਣ ਲੈਣਗੇ ਕਿ ਇਹ ਤੁਹਾਡੀ ਹੀ ਸ਼ਕਤੀ ਸੀ ਜਿਸਨੇ ਮੇਰੀ ਸਹਾਇਤਾ ਕੀਤੀ ਸੀ।
28 ਉਹ ਬੁਰੇ ਆਦਮੀ ਮੈਨੂੰ ਸਰਾਪ ਦਿੰਦੇ ਹਨ,
ਪਰ ਤੁਸੀਂ ਮੈਨੂੰ ਅਸੀਸ ਦੇ ਸੱਕਦੇ ਹੋ।
ਯਹੋਵਾਹ, ਉਨ੍ਹਾਂ ਨੇ ਮੇਰੇ ਉੱਪਰ ਹਮਲਾ ਕੀਤਾ ਇਸ ਲਈ ਉਨ੍ਹਾਂ ਨੂੰ ਹਰਾਉ।
ਫ਼ੇਰ, ਮੈਂ ਤੁਹਾਡਾ ਸੇਵਕ, ਪ੍ਰਸੰਨ ਹੋਵਾਂਗਾ।
29 ਮੇਰੇ ਦੁਸ਼ਮਣਾਂ ਨੂੰ ਨਮੋਸ਼ੀ ਦਿਉ!
ਉਨ੍ਹਾਂ ਨੂੰ ਸ਼ਰਮਿੰਦਗੀ ਕੁੜਤੇ ਵਾਂਗ ਪਹਿਨਣ ਦਿਉ।
30 ਮੈਂ ਯਹੋਵਾਹ ਦਾ ਧੰਨਵਾਦ ਕਰਦਾ ਹਾਂ।
ਮੈਂ ਬਹੁਤ ਲੋਕਾਂ ਅੱਗੇ ਉਸਦੀ ਉਸਤਤਿ ਕਰਦਾ ਹਾਂ।
31 ਪਰਮੇਸ਼ੁਰ ਗਰੀਬਾਂ ਲਈ ਸੱਜੇ ਹੱਥ ਦੇ ਤੌਰ ਤੇ ਖਲੋਂਦਾ ਹੈ।
ਉਹ ਨਿਸ਼ਚਿਤ ਕਰਦਾ ਹੈ ਕਿ ਗਰੀਬ ਆਦਮੀ ਨੂੰ ਨਿਆਂ ਮਿਲੇ।
ਦਾਊਦ ਦਾ ਇੱਕ ਉਸਤਤਿ ਗੀਤ।
110 ਯਹੋਵਾਹ ਨੇ ਮੇਰੇ ਮਾਲਕ ਨੂੰ ਆਖਿਆ,
“ਮੇਰੇ ਕੋਲ ਮੇਰੇ ਸੱਜੇ ਪਾਸੇ ਬੈਠੋ, ਜਦੋਂ ਕਿ ਮੈਂ ਤੁਹਾਡੇ ਦੁਸ਼ਮਣਾਂ ਨੂੰ ਤੁਹਾਡੇ ਅਧੀਨ ਕਰਦਾ ਹਾਂ।”
2 ਯਹੋਵਾਹ ਤੁਹਾਡੇ ਰਾਜ ਨੂੰ ਵੱਧਣ ਫ਼ੁੱਲਣ ਵਿੱਚ ਸਹਾਇਤਾ ਕਰੇਗਾ। ਸੀਯੋਨ, ਵਿੱਚ ਤੁਹਾਡਾ ਰਾਜ ਸ਼ੁਭ ਹੋਵੇਗਾ।
ਅਤੇ ਉਹ ਉਦੋਂ ਤੱਕ ਵੱਧੇਗਾ ਜਦੋਂ ਤੱਕ ਕਿ ਤੁਸੀਂ ਆਪਣੇ ਦਸ਼ਮਣਾਂ ਦੇ ਦੇਸ਼ਾਂ ਵਿੱਚ ਵੀ ਰਾਜ ਕਰੋਂਗੇ।
3 ਤੁਹਾਡੇ ਲੋਕ ਸ੍ਵੈਂ-ਇੱਛਾ ਨਾਲ ਤੁਹਾਡਾ ਸੰਗ ਕਰਨਗੇ
ਜਦੋਂ ਤੁਸੀਂ ਆਪਣੀ ਸੈਨਾ ਇੱਕ ਸਾਥ ਇਕੱਠੀ ਕਰੋਂਗੇ।
ਉਹ ਖਾਸ ਵਸਤਰ ਪਾਉਣਗੇ
ਅਤੇ ਅਮ੍ਰਿਤ ਵੇਲੇ ਆ ਮਿਲਣਗੇ
ਉਹ ਨੌਜਵਾਨ ਲੋਕ ਤੁਹਾਡੇ ਚਾਰ-ਚੁਫ਼ੇਰੇ ਹੋਣਗੇ।
ਜਿਵੇਂ ਧਰਤੀ ਉੱਤੇ ਤ੍ਰੇਲ ਹੁੰਦੀ ਹੈ।
4 ਯਹੋਵਾਹ ਨੇ ਇਕਰਾਰ ਕੀਤਾ ਸੀ
ਅਤੇ ਉਹ ਆਪਣਾ ਮਨ ਨਹੀਂ ਬਦਲੇਗਾ,
“ਤੁਸੀਂ ਸਦਾ ਲਈ ਜਾਜਕ ਹੋ –
ਜਿਸ ਤਰ੍ਹਾਂ ਦਾ ਜਾਜਕ ਮਲਕਿ-ਸਿਦਕ ਸੀ।”
5 ਮੇਰਾ ਮਾਲਕ ਤੁਹਾਡੇ ਸੱਜੇ ਪਾਸੇ ਖਲੋਤਾ ਹੈ।
ਉਹ ਹੋਰਾਂ ਰਾਜਿਆਂ ਨੂੰ ਹਰਾ ਦੇਵੇਗਾ, ਜਦੋਂ ਉਹ ਕ੍ਰੋਧਵਾਨ ਹੋਵੇਗਾ।
6 ਪਰਮੇਸ਼ੁਰ ਕੌਮਾਂ ਬਾਰੇ ਨਿਆਂ ਕਰੇਗਾ।
ਮੁਰਦਾ ਲਾਸ਼ਾਂ ਜ਼ਮੀਨ ਉੱਤੇ ਵਿਛ ਜਾਣਗੀਆਂ।
ਅਤੇ ਪਰਮੇਸ਼ੁਰ ਸ਼ਕਤੀਸ਼ਾਲੀ ਕੌਮਾਂ ਦੇ ਆਗੂਆਂ ਨੂੰ ਦੰਡ ਦੇਵੇਗਾ।
7 ਰਾਜਾ ਰਸਤੇ ਵਿੱਚ ਇੱਕ ਨਦੀ ਤੋਂ ਪਾਣੀ ਪੀਵੇਗਾ।
ਫ਼ੇਰ ਉਹ ਆਪਣਾ ਸਿਰ ਚੁੱਕੇਗਾ ਅਤੇ ਬਲਵਾਨ ਹੋ ਜਾਵੇਗਾ।
111 ਯਹੋਵਾਹ ਦੀ ਉਸਤਤਿ ਕਰੋ।
ਮੈਂ ਸੱਚੇ ਦਿਲੋਂ ਯਹੋਵਾਹ ਦਾ ਉਸ ਸਭਾ ਵਿੱਚ, ਧੰਨਵਾਦ ਕਰਦਾ ਹਾਂ
ਜਿੱਥੇ ਚੰਗੇ ਲੋਕ ਇਕੱਠਾ ਹੁੰਦੇ ਹਨ।
2 ਯਹੋਵਾਹ ਮਹਾਨ ਗੱਲਾਂ ਕਰਦਾ ਹਾਂ।
ਲੋਕੀਂ ਉਹ ਸ਼ੁਭ ਚੀਜ਼ਾਂ ਮੰਗਦੇ ਹਨ ਜਿਹੜੀਆਂ ਪਰਮੇਸ਼ੁਰ ਪਾਸੋਂ ਮਿਲਦੀਆਂ ਹਨ।
3 ਪਰਮੇਸ਼ੁਰ ਸੱਚਮੁੱਚ ਸ਼ਾਨਦਾਰ ਅਤੇ ਮਹਾਨ ਗੱਲਾਂ ਕਰਦਾ ਹੈ।
ਉਸ ਦੀ ਨੇਕੀ ਸਦਾ ਲਈ ਜਾਰੀ ਰਹਿੰਦੀ ਹੈ।
4 ਪਰਮੇਸ਼ੁਰ ਹੈਰਾਨੀ ਭਰੀਆਂ ਗੱਲਾਂ ਕਰਦਾ ਹੈ।
ਤਾਂ ਜੋ ਅਸੀਂ ਚੇਤੇ ਰੱਖੀਏ ਕਿ ਯਹੋਵਾਹ ਮਿਹਰਬਾਨ ਅਤੇ ਦਿਆਲੂ ਹੈ।
5 ਪਰਮੇਸ਼ੁਰ ਆਪਣੇ ਪੈਰੋਕਾਰਾਂ ਨੂੰ ਭੋਜਨ ਦਿੰਦਾ ਹੈ।
ਪਰਮੇਸ਼ੁਰ ਸਦਾ ਲਈ ਆਪਣਾ ਕਰਾਰ ਚੇਤੇ ਰੱਖਦਾ ਹੈ।
6 ਉਨ੍ਹਾਂ ਸ਼ਕਤੀਸ਼ਾਲੀ ਗੱਲਾਂ ਨੇ, ਜੋ ਪਰਮੇਸ਼ੁਰ ਨੇ ਕੀਤੀਆਂ ਸਨ ਉਸ ਦੇ ਬੰਦਿਆਂ ਨੂੰ ਦਰਸਾ ਦਿੱਤਾ
ਕਿ ਉਹ ਉਨ੍ਹਾਂ ਨੂੰ ਉਨ੍ਹਾਂ ਦੀ ਧਰਤੀ ਦੇ ਰਿਹਾ ਸੀ।
7 ਉਹ ਸਭ ਕੁਝ ਜੋ ਪਮਰੇਸ਼ੁਰ ਕਰਦਾ, ਚੰਗਾ ਅਤੇ ਬੇਲਾਗ ਹੈ।
ਉਸ ਦੇ ਹਰ ਹੁਕਮ ਵਿੱਚ ਯਕੀਨ ਰੱਖਿਆ ਜਾ ਸੱਕਦਾ ਹੈ।
8 ਪਰਮੇਸ਼ੁਰ ਦੇ ਹੁਕਮ ਸਦਾ ਹੀ ਸਥਿਰ ਰਹਿਣਗੇ।
ਉਨ੍ਹਾਂ ਹੁਕਮਾਂ ਨੂੰ ਜਾਰੀ ਕਰਨ ਦੇ ਕਾਰਣ, ਇਮਾਨਦਾਰ ਅਤੇ ਸ਼ੁੱਧ ਸਨ।
9 ਪਰਮੇਸ਼ੁਰ ਨੇ ਕਿਸੇ ਨੂੰ ਆਪਣੇ ਬੰਦਿਆਂ ਨੂੰ ਬਚਾਉਣ ਲਈ ਭੇਜਿਆ।
ਪਰਮੇਸ਼ੁਰ ਨੇ ਉਨ੍ਹਾਂ ਨਾਲ ਇਕਰਾਰ ਕੀਤਾ ਸੀ ਜਿਹੜਾ ਸਦਾ ਲਈ ਜਾਰੀ ਰਹੇਗਾ।
ਪਰਮੇਸ਼ੁਰ ਦਾ ਨਾਮ ਮਹਾਨ ਅਤੇ ਪਵਿੱਤਰ ਹੈ।
10 ਸਿਆਣਪਤਾ ਯਹੋਵਾਹ ਲਈ ਡਰ ਅਤੇ ਇੱਜ਼ਤ ਨਾਲ ਸ਼ੁਰੂ ਹੁੰਦੀ ਹੈ।
ਉਹ ਲੋਕ ਜਿਹੜੇ ਪਰਮੇਸ਼ੁਰ ਦਾ ਹੁਕਮ ਮੰਨਦੇ ਹਨ ਬਹੁਤ ਸਿਆਣੇ ਹਨ।
ਪਰਮੇਸ਼ੁਰ ਦੀ ਉਸਤਤਿ ਸਦਾ-ਸਦਾ ਲਈ ਗਾਈ ਜਾਵੇਗੀ।
112 ਯਹੋਵਾਹ ਦੀ ਉਸਤਤਿ ਕਰੋ!
ਉਹ ਬੰਦਾ ਜਿਹੜਾ ਡਰਦਾ ਅਤੇ ਯਹੋਵਾਹ ਦਾ ਆਦਰ ਕਰਦਾ ਹੈ ਬਹੁਤ ਪ੍ਰਸੰਨ ਹੋਵੇਗਾ।
ਉਹ ਬੰਦਾ ਪਰਮੇਸ਼ੁਰ ਦੇ ਆਦੇਸ਼ਾਂ ਨੂੰ ਪਿਆਰ ਕਰਦਾ ਹੈ।
2 ਉਸਦੀ ਔਲਾਦ ਧਰਤੀ ਅਤੇ ਮਹਾਨ ਹੋਵੇਗੀ।
ਚੰਗੇ ਲੋਕਾਂ ਦੀ ਔਲਾਦ ਸੱਚਮੁੱਚ ਸੁਭਾਗੀ ਹੋਵੇਗੀ।
3 ਉਸ ਬੰਦੇ ਦਾ ਪਰਿਵਾਰ ਬਹੁਤ ਅਮੀਰ ਹੋਵੇਗਾ
ਅਤੇ ਉਸਦੀ ਚੰਗਿਆਈ ਸਦਾ ਰਹੇਗੀ।
4 ਚੰਗੇ ਲੋਕਾਂ ਲਈ, ਪਰਮੇਸ਼ੁਰ ਹਨੇਰੇ ਵਿੱਚ ਚਮਕਦੀ ਹੋਈ ਰੌਸ਼ਨੀ ਵਾਂਗ ਹੈ।
ਪਰਮੇਸ਼ੁਰ ਸ਼ੁਭ, ਮਿਹਰਬਾਨ ਅਤੇ ਦਿਆਲੂ ਹੈ।
5 ਕਿਸੇ ਬੰਦੇ ਲਈ ਮਿਹਰਬਾਨ ਅਤੇ ਫ਼ਰਾਖ ਹੋਣਾ ਚੰਗਾ ਹੈ।
ਕਿਸੇ ਇੱਕ ਬੰਦੇ ਲਈ ਆਪਣੇ ਕੰਮ ਵਿੱਚ ਬੇਲਾਗ ਹੋਣਾ ਚੰਗਾ ਹੈ।
6 ਉਸ ਬੰਦੇ ਦਾ ਕਦੀ ਵੀ ਪਤਨ ਨਹੀਂ ਹੋਵੇਗਾ।
ਇੱਕ ਚੰਗਾ ਵਿਅਕਤੀ ਹਮੇਸ਼ਾ ਲਈ ਯਾਦ ਕੀਤਾ ਜਾਵੇਗਾ।
7 ਉਹ ਮਾੜੇ ਸਮਾਚਾਰਾ ਤੋਂ ਯਾਦ ਨਹੀਂ ਰਹੇਗਾ।
ਉਹ ਬੰਦਾ ਦ੍ਰਿੜ ਵਿਸ਼ਵਾਸੀ ਹੈ ਕਿਉਂਕਿ ਉਹ ਯਹੋਵਾਹ ਉੱਤੇ ਯਕੀਨ ਰੱਖਦਾ ਹੈ।
8 ਉਹ ਬੰਦਾ ਦ੍ਰਿੜ ਵਿਸ਼ਵਾਸੀ ਹੈ ਉਹ ਡਰੇਗਾ ਨਹੀਂ।
ਉਹ ਆਪਣੇ ਦੁਸ਼ਮਣਾਂ ਨੂੰ ਹਰਾ ਦੇਵੇਗਾ।
9 ਉਹ ਬੰਦਾ ਖੁਲ੍ਹਦਿਲੀ ਨਾਲ ਗਰੀਬਾਂ ਨੂੰ ਦਾਨ ਕਰਦਾ ਹੈ।
ਅਤੇ ਉਸਦੀ ਨੇਕੀ ਸਦਾ ਰਹੇਗੀ।
10 ਬਦਚਲਣ ਬੰਦੇ ਇਸ ਨੂੰ ਦੇਖਦੇ ਹਨ ਅਤੇ ਕ੍ਰੋਧਵਾਨ ਹੋ ਜਾਂਦੇ ਹਨ।
ਉਹ ਗੁੱਸੇ ਨਾਲ ਆਪਣੇ ਦੰਦ ਕਰੀਚਣਗੇ, ਪਰ ਫ਼ੇਰ ਉਹ ਅਲੋਪ ਹੋ ਜਾਣਗੇ।
ਬਦਚਲਣ ਲੋਕਾਂ ਨੂੰ ਕਦੀ ਵੀ ਉਹ ਨਹੀਂ ਮਿਲੇਗਾ ਜਿਸਦੀ ਇੱਛਾ ਉਹ ਬੁਰੀ ਤਰ੍ਹਾਂ ਕਰਦੇ ਹਨ।
113 ਯਹੋਵਾਹ ਦੀ ਉਸਤਤਿ ਕਰੋ!
ਯਹੋਵਾਹ ਦੇ ਸੇਵਕੋ, ਉਸਦੀ ਉਸਤਤਿ ਕਰੋ!
ਯਹੋਵਾਹ ਦੇ ਨਾਮ ਦੀ ਉਸਤਤਿ ਕਰੋ।
2 ਯਹੋਵਾਹ ਦਾ ਨਾਮ ਹੁਣ ਅਤੇ ਸਦਾ ਲਈ ਸੁਭਾਗਾ ਹੋਵੇਗਾ।
3 ਯਹੋਵਾਹ ਦੇ ਨਾਮ ਦੀ ਉਸਤਤਿ ਪੂਰਬ ਵਿੱਚ ਉੱਗਦੇ ਸੂਰਜ ਵੱਲੋਂ
ਪਰਮੇਸ਼ੁਰ ਦੇ ਨਾਮ ਨੂੰ ਉਸ ਥਾਂ ਤੱਕ ਅਸੀਸ ਮਿਲੇ ਜਿੱਥੇ ਸੂਰਜ ਜਾ ਛਿਪਦਾ ਹੈ।
4 ਯਹੋਵਾਹ ਸਭ ਕੌਮਾਂ ਨਾਲੋਂ ਉਚੇਰਾ ਹੈ।
ਉਸਦੀ ਮਹਿਮਾ ਅਕਾਸ਼ ਵੱਲ ਉੱਠਦੀ ਹੈ।
5 ਕੋਈ ਬੰਦਾ ਯਹੋਵਾਹ ਸਾਡੇ ਪਰਮੇਸ਼ੁਰ ਵਰਗਾ ਨਹੀਂ ਹੈ,
ਪਰਮੇਸ਼ੁਰ ਉੱਚੇ ਸਵਰਗ ਵਿੱਚ ਬੈਠਾ ਹੈ।
6 ਪਰਮੇਸ਼ੁਰ ਸਾਡੇ ਕੋਲੋਂ ਇੰਨਾ ਉੱਚਾ ਹੈ ਕਿ ਉਸ ਨੂੰ ਧਰਤੀ
ਅਤੇ ਅਕਾਸ਼ ਵੇਖਣ ਲਈ ਹੇਠਾਂ ਦੇਖਣਾ ਪੈਂਦਾ ਹੈ।
7 ਪਰਮੇਸ਼ੁਰ ਮਸੱਕੀਨ ਲੋਕਾਂ ਨੂੰ ਖਾਕ ਵਿੱਚੋਂ ਚੁੱਕਦਾ ਹੈ।
ਪਰਮੇਸ਼ੁਰ ਮੰਗਤਿਆਂ ਨੂੰ ਕੂੜੇ ਦੇ ਢੇਰ ਵਿੱਚੋਂ ਚੁੱਕਦਾ ਹੈ।
8 ਅਤੇ ਪਰਮੇਸ਼ੁਰ ਉਨ੍ਹਾਂ ਲੋਕਾਂ ਨੂੰ ਮਹੱਤਵਪੂਰਣ ਬਣਾ ਦਿੰਦਾ ਹੈ।
ਪਰਮੇਸ਼ੁਰ ਉਨ੍ਹਾਂ ਨੂੰ ਮਹਤਵਪੂਰਣ ਆਗੂ ਬਣਾ ਦਿੰਦਾ ਹੈ।
9 ਭਾਵੇਂ ਕਿਸੇ ਔਰਤ ਦੇ ਔਲਾਦ ਨਾ ਹੋਵੇ।
ਪਰ ਪਰਮੇਸ਼ੁਰ ਉਸ ਨੂੰ ਬੱਚੇ ਦੇ ਦੇਵੇਗਾ।
ਅਤੇ ਉਸ ਨੂੰ ਖੁਸ਼ੀ ਪ੍ਰਦਾਨ ਕਰੇਗਾ।
ਯਹੋਵਾਹ ਦੀ ਉਸਤਤਿ ਕਰੋ।
114 ਇਸਰਾਏਲ ਨੇ ਮਿਸਰ ਛੱਡ ਦਿੱਤਾ।
ਯਾਕੂਬ ਨੇ ਉਸ ਪਰਦੇਸ ਨੂੰ ਛੱਡ ਦਿੱਤਾ।
2 ਯਹੂਦਾਹ ਪਰਮੇਸ਼ੁਰ ਦਾ ਖਾਸ ਬੰਦਾ ਬਣ ਗਿਆ।
ਇਸਰਾਏਲ ਉਸ ਦੀ ਸਲਤਨਤ ਬਣ ਗਈ।
3 ਲਾਲ ਸਾਗਰ ਨੇ ਇਸ ਨੂੰ ਦੇਖਿਆ ਅਤੇ ਉਹ ਦੌੜ ਗਿਆ।
ਯਰਦਨ ਨਦੀ ਮੁੜੀ ਅਤੇ ਨੱਸ ਪਈ।
4 ਪਰਬਤ ਭੇਡੂਆਂ ਵਾਂਗ ਨੱਚਣ ਲੱਗ ਪਏ,
ਪਹਾੜੀਆਂ ਲੇਲਿਆਂ ਵਾਂਗ ਨੱਚਣ ਲੱਗੀਆਂ।
5 ਹੇ ਲਾਲ ਸਾਗਰ, ਤੂੰ ਕਿਉਂ ਨੱਸਿਆ ਸੀ?
ਯਰਦਨ ਨਦੀਏ, ਤੂੰ ਕਿਉਂ ਮੁੜੀ ਅਤੇ ਕਿਉਂ ਨੱਸੀ ਸੀ?
6 ਪਹਾੜੋ, ਤੁਸੀਂ ਭੇਡੂਆਂ ਵਾਂਗ ਕਿਉਂ ਨੱਚੇ ਸੀ?
ਅਤੇ ਪਹਾੜੀਓ, ਤੁਸੀਂ ਲੇਲਿਆਂ ਵਾਂਗ ਕਿਉਂ ਨੱਚੀਆਂ ਸੀ?
7 ਮਾਲਕ, ਯਾਕੂਬ ਦੇ ਯਹੋਵਾਹ ਪਰਮੇਸ਼ੁਰ ਸਾਹਮਣੇ ਧਰਤੀ ਹਿੱਲ ਗਈ ਸੀ।
8 ਪਰਮੇਸ਼ੁਰ ਹੀ ਹੈ ਜਿਹੜਾ ਪਾਣੀ ਨੂੰ ਚੱਟਾਨ ਵਿੱਚੋਂ ਵਗਾਉਂਦਾ ਹੈ।
ਪਰਮੇਸ਼ੁਰ ਨੇ ਸਖਤ ਚੱਟਾਨ ਤੋਂ ਵਗਦੇ ਹੋਏ ਪਾਣੀ ਦਾ ਇੱਕ ਚਸ਼ਮਾ ਬਣਾਇਆ।
2010 by World Bible Translation Center