Beginning
96 ਉਨ੍ਹਾਂ ਨਵੀਆਂ ਗੱਲਾਂ ਬਾਰੇ ਇੱਕ ਨਵਾਂ ਗੀਤ ਗਾਵੋ ਜੋ ਯਹੋਵਾਹ ਨੇ ਕੀਤੀਆਂ ਹਨ।
ਸਾਰੀ ਦੁਨੀਆਂ ਪਰਮੇਸ਼ੁਰ ਲਈ ਗੀਤ ਗਾਵੇ।
2 ਪਰਮੇਸੁਰ ਨੂੰ ਗਾਵੋ। ਉਸ ਦੇ ਨਾਮ ਨੂੰ ਅਸੀਸ ਦਿਉ।
ਖੁਸ਼ਖਬਰੀ ਦੱਸੋ। ਹਰ ਰੋਜ਼ ਉਸਦੀ ਮੁਕਤੀ ਬਾਰੇ ਦੱਸੋ।
3 ਲੋਕਾਂ ਨੂੰ ਦੱਸੋ ਕਿ ਪਰਮੇਸ਼ੁਰ ਸੱਚਮੁੱਚ ਕਿੰਨਾ ਗੌਰਵਮਈ ਹੈ।
ਹਰ ਥਾਂ ਲੋਕਾਂ ਨੂੰ ਪਰਮੇਸ਼ੁਰ ਦੇ ਚਮਤਕਾਰਾਂ ਬਾਰੇ ਦੱਸੋ।
4 ਯਹੋਵਾਹ ਮਹਾਨ ਹੈ ਅਤੇ ਉਸਤਤਿ ਯੋਗ ਹੈ।
ਉਹ ਹੋਰ ਕਿਸੇ ਵੀ “ਦੇਵਤਿਆਂ” ਨਾਲੋਂ ਵੱਧੇਰੇ ਭਰਮ ਭਰਿਆ ਹੈ।
5 ਪਰਾਈਆਂ ਕੌਮਾਂ ਦੇ ਸਾਰੇ “ਦੇਵਤੇ” ਵਿਅਰਥ ਹਨ।
ਪਰ ਯਹੋਵਾਹ ਨੇ ਸਵਰਗਾ ਦੀ ਸਾਜਨਾ ਕੀਤੀ।
6 ਉਸ ਦੇ ਸਾਹਮਣੇ ਖੂਬਸੂਰਤ ਮਹਿਮਾ ਚਮਕ ਰਹੀ ਹੈ।
ਤਾਕਤ ਅਤੇ ਸੂਰਜ ਪਰਮੇਸ਼ੁਰ ਦੇ ਪਵਿੱਤਰ ਮੰਦਰਾਂ ਵਿੱਚ ਹੈ।
7 ਪਰਿਵਾਰੋ ਅਤੇ ਕੌਮੋ ਉਸਤਤਿ ਦੇ
ਅਤੇ ਯਹੋਵਾਹ ਦੀ ਮਹਿਮਾ ਦੇ ਗੀਤ ਗਾਵੋ।
8 ਯਹੋਵਾਹ ਦੇ ਨਾਮ ਦੀ ਉਸਤਤਿ ਕਰੋ
ਆਪਣੇ ਚੜ੍ਹਾਵੇ ਲੈ ਕੇ ਮੰਦਰ ਵੱਲ ਜਾਵੋ।
9 ਯਹੋਵਾਹ ਦੀ ਉਪਾਸਨਾ ਉਸ ਦੇ ਸੁੰਦਰ ਮੰਦਰ ਵਿੱਚ ਕਰੋ,
ਧਰਤੀ ਦੇ ਹਰੇਕ ਵਾਸੀ ਯਹੋਵਾਹ ਦੀ ਉਪਾਸਨਾ ਕਰੀਂ।
10 ਕੌਮਾਂ ਨੂੰ ਐਲਾਨ ਕਰ ਦਿਉ ਕਿ ਯਹੋਵਾਹ ਰਾਜਾ ਹੈ।
ਇਸ ਲਈ ਦੁਨੀਆਂ ਤਬਾਹ ਨਹੀਂ ਹੋਵੇਗੀ,
ਯਹੋਵਾਹ ਬੇਲਾਗ ਹੋਕੇ ਲੋਕਾਂ ਉੱਤੇ ਰਾਜ ਕਰੇਗਾ।
11 ਹੇ ਅਕਾਸ਼ ਖੁਸ਼ ਹੋ, ਹੇ ਧਰਤੀ ਖੁਸ਼ੀ ਮਨਾ।
ਹੇ ਸਮੁੰਦਰ ਅਤੇ ਇਸ ਵਿੱਚਲੀ ਹਰ ਸ਼ੈਅ ਦੀਆਂ ਕਿਲਕਾਰੀਆਂ ਮਾਰੋ।
12 ਹੇ ਖੇਤੋਂ ਅਤੇ ਉਨ੍ਹਾਂ ਵਿੱਚ ਉੱਗਣ ਵਾਲੀ ਹਰ ਸ਼ੈਅ, ਖੁਸ਼ ਹੋਵੋ।
ਹੇ ਜੰਗਲ ਦੇ ਰੁੱਖੋ ਗਾਵੋ ਅਤੇ ਖੁਸ਼ ਹੋਵੋ।
13 ਇਸ ਗੱਲ ਲਈ ਖੁਸ਼ ਹੋਵੋ ਕਿ ਯਹੋਵਾਹ ਆ ਰਿਹਾ ਹੈ,
ਯਹੋਵਾਹ ਦੁਨੀਆਂ ਉੱਤੇ ਰਾਜ ਕਰਨ ਲਈ ਆ ਰਿਹਾ ਹੈ।
ਉਹ ਦੁਨੀਆਂ ਉੱਤੇ ਇਨਸਾਫ਼ ਅਤੇ ਨਿਰਪੱਖਤਾ ਨਾਲ ਰਾਜ ਕਰੇਗਾ।
97 ਯਹੋਵਾਹ ਰਾਜ ਕਰਦਾ ਹੈ ਅਤੇ ਧਰਤੀ ਖੁਸ਼ ਹੈ।
ਦੂਰ ਦੁਰਾਡੇ ਦੇ ਸਾਰੇ ਦੇਸ਼, ਖੁਸ਼ ਹਨ।
2 ਘਨਘੋਰ ਬੱਦਲਾਂ ਨੇ ਯਹੋਵਾਹ ਨੂੰ ਘੇਰਿਆ ਹੋਇਆ ਹੈ।
ਚੰਗਿਆਈ ਅਤੇ ਇਨਸਾਫ਼ ਉਸ ਦੇ ਰਾਜ ਨੂੰ ਮਜ਼ਬੂਤ ਬਣਾਉਂਦੇ ਹਨ।
3 ਯਹੋਵਾਹ ਦੇ ਸਾਹਮਣੇ ਅੱਗ ਬਲਦੀ ਹੈ
ਅਤੇ ਉਸ ਦੇ ਦੁਸ਼ਮਣਾਂ ਨੂੰ ਤਬਾਹ ਕਰਦੀ ਹੈ।
4 ਉਸਦੀ ਬਿਜਲੀ ਚਮਕ ਆਕਾਸ਼ ਵਿੱਚ ਚਮਕਦੀ ਹੈ
ਲੋਕ ਇਸ ਨੂੰ ਵੇਖਦੇ ਹਨ ਅਤੇ ਭੈਭੀਤ ਹੋ ਜਾਂਦੇ ਹਨ।
5 ਧਰਤੀ ਦੇ ਮਾਲਕ ਯਹੋਵਾਹ ਦੇ ਸਾਹਮਣੇ
ਪਰਬਤ ਮੋਮ ਵਾਂਗ ਪਿਘਲਦੇ ਹਨ।
6 ਹੇ ਸਵਰਗਾ, ਉਸਦੀ ਚੰਗਿਆਈ ਬਾਰੇ ਦੱਸ।
ਹਰ ਆਦਮੀ ਨੂੰ ਪਰਮੇਸ਼ੁਰ ਦੀ ਮਹਿਮਾ ਵੇਖਣ ਦਿਉ।
7 ਲੋਕ ਆਪਣੀਆਂ ਮੂਰਤੀਆਂ ਦੀ ਉਪਾਸਨਾ ਕਰਦੇ ਹਨ।
ਉਹ ਆਪਣੇ “ਦੇਵਤਿਆਂ” ਬਾਰੇ ਡੀਂਗਾ ਮਾਰਦੇ ਹਨ।
ਪਰ ਉਨ੍ਹਾਂ ਲੋਕਾਂ ਨੂੰ ਸ਼ਰਮਸਾਰ ਕੀਤਾ ਜਾਵੇਗਾ।
ਉਨ੍ਹਾਂ ਦੇ “ਦੇਵਤੇ” ਝੁਕ ਜਾਵਣਗੇ ਅਤੇ ਪਰਮੇਸ਼ੁਰ ਦੀ ਉਪਾਸਨਾ ਕਰਨਗੇ।
8 ਹੇ ਸੀਯੋਨ ਹੁਣ ਖੁਸ਼ ਹੋ।
ਯਹੂਦਾਹ ਦੇ ਸ਼ਹਿਰੋ ਖੁਸ਼ ਹੋਵੋ।
ਕਿਉਂਕਿ ਯਹੋਵਾਹ ਸਿਆਣੇ ਨਿਆਂ ਕਰਦਾ ਹੈ।
9 ਹੇ ਸਭ ਤੋਂ ਉੱਚੇ ਯਹੋਵਾਹ ਅਸਲ ਵਿੱਚ ਤੁਸੀਂ ਹੀ ਧਰਤੀ ਦੇ ਹਾਕਮ ਹੋ।
ਤੁਸੀਂ ਬਹੁਤਿਆਂ “ਦੇਵਤਿਆਂ” ਨਾਲੋਂ ਵੱਧੀਆ ਹੋ।
10 ਜਿਹੜੇ ਬੰਦੇ ਯਹੋਵਾਹ ਨੂੰ ਨਫ਼ਰਤ ਕਰਦੇ ਹਨ ਉਹ ਬਦੀ ਨੂੰ ਨਫ਼ਰਤ ਕਰਦੇ ਹਨ।
ਇਸ ਲਈ ਪਰਮੇਸ਼ੁਰ ਆਪਣੇ ਚੇਲਿਆਂ ਨੂੰ ਬਚਾਉਂਦਾ ਹੈ।
ਪਰਮੇਸ਼ੁਰ ਆਪਣੇ ਚੇਲਿਆਂ ਨੂੰ ਬੁਰੇ ਵਿਅਕਤੀਆਂ ਤੋਂ ਬਚਾਉਂਦਾ ਹੈ।
11 ਨੇਕ ਲੋਕਾਂ ਉੱਤੇ ਰੌਸ਼ਨੀ ਅਤੇ ਖੁਸ਼ੀ ਚਮਕਦੀ ਹੈ।
12 ਚੰਗੇ ਲੋਕੋ, ਯਹੋਵਾਹ ਵਿੱਚ ਖੁਸ਼ ਹੋਵੋ।
ਉਸ ਦੇ ਪਵਿੱਤਰ ਨਾਮ ਦੀ ਉਸਤਤਿ ਕਰੋ।
ਉਸਤਤਿ ਦਾ ਇੱਕ ਗੀਤ।
98 ਯਹੋਵਾਹ ਲਈ ਕੋਈ ਨਵਾਂ ਗੀਤ ਗਾਵੋ
ਕਿਉਂ ਕਿ ਉਸ ਨੇ ਕਈ ਨਵੇਂ ਚਮਤਕਾਰ ਕੀਤੇ ਹਨ।
ਉਸਦੀ ਪਵਿੱਤਰ ਸੱਜੀ ਬਾਂਹ ਨੇ
ਇੱਕ ਵਾਰੇ ਫ਼ੇਰ ਜਿੱਤ ਉਸ ਨੂੰ ਜਿੱਤ ਪ੍ਰਦਾਨ ਕੀਤੀ ਹੈ।
2 ਪਰਮੇਸ਼ੁਰ ਨੇ ਕੌਮਾਂ ਨੂੰ ਬਚਾਉਣ ਲਈ ਆਪਣੀ ਸ਼ਕਤੀ ਦਰਸ਼ਾਈ ਹੈ।
ਪਰਮੇਸ਼ੁਰ ਨੇ ਉਨ੍ਹਾਂ ਨੂੰ ਆਪਣੀ ਚੰਗਿਆਈ ਦਰਸਾਈ।
3 ਉਸ ਦੇ ਚੇਲਿਆਂ ਨੇ ਪਰਮੇਸ਼ੁਰ ਦੀ ਇਸਰਾਏਲ ਦੇ ਲੋਕਾਂ ਲਈ ਵਫ਼ਾਦਾਰੀ ਨੂੰ ਯਾਦ ਕੀਤਾ।
ਦੂਰ-ਦੁਰਾਡੇ ਦੇ ਦੇਸ਼ਾਂ ਨੇ ਸਾਡੇ ਪਰਮੇਸ਼ੁਰ ਦੀ ਰੱਖਿਆ ਕਰਨ ਦੀ ਸ਼ਕਤੀ ਦੇਖੀ।
4 ਹੇ ਧਰਤੀ ਉਤਲੇ ਹਰ ਵਿਅਕਤੀ ਯਹੋਵਾਹ ਲਈ ਖੁਸ਼ੀ ਦੇ ਬਰਬਤ ਗਜਾਉ।
ਛੇਤੀ ਉਸਤਤਿ ਦੇ ਗੀਤ ਗਾਉਣੇ ਸ਼ੁਰੂ ਕਰੋ।
5 ਹੇ ਰਬਾਬ, ਯਹੋਵਾਹ ਦੀ ਉਸਤਤਿ ਕਰ।
ਰਬਾਬ ਵਿੱਚੋਂ ਨਿਕਲਣ ਵਾਲੇ ਸੰਗੀਤ, ਉਸਦੀ ਉਸਤਤਿ ਕਰ।
6 ਨਰਸਿੰਘੇ ਅਤੇ ਵੰਝਲੀਆਂ ਵਜਾਉ,
ਅਤੇ ਸਾਡੇ ਯਹੋਵਾਹ ਲਈ ਖੁਸ਼ੀ ਦੇ ਨਾਹਰੇ ਮਾਰੋ।
7 ਧਰਤੀ ਅਤੇ ਸਮੁੰਦਰ, ਅਤੇ ਉਸ ਵਿੱਚਲੇ
ਸਭ ਕਾਸੇ ਨੂੰ ਉੱਚੀ ਆਵਾਜ਼ ਵਿੱਚ ਗਾਉਣ ਦਿਉ।
8 ਹੇ ਨਦੀਉ ਤਾਲੀਆਂ ਵਜਾਉ।
ਸਾਰੇ ਪਹਾੜੋ ਇਕੱਠੇ ਹੋਕੇ ਗੀਤ ਗਾਵੋ।
9 ਯਹੋਵਾਹ ਦੇ ਸਾਹਮਣੇ ਗਾਵੋ,
ਕਿਉਂਕਿ ਉਹ ਦੁਨੀਆਂ ਉੱਤੇ ਰਾਜ ਕਰਨ ਲਈ ਆ ਰਿਹਾ ਹੈ।
ਉਹ ਨਿਰਪੱਖ ਹੋਕੇ ਦੁਨੀਆਂ ਉੱਤੇ ਰਾਜ ਕਰੇਗਾ।
ਉਹ ਚੰਗਿਆਈ ਨਾਲ ਲੋਕਾਂ ਉੱਤੇ ਰਾਜ ਕਰੇਗਾ।
99 ਯਹੋਵਾਹ ਰਾਜਾ ਹੈ।
ਇਸ ਲਈ ਕੌਮਾਂ ਨੂੰ ਡਰ ਨਾਲ ਕੰਬਣ ਦਿਉ।
ਪਰਮੇਸ਼ੁਰ ਤੇਜ਼ ਦੇ ਕਰੂਬੀਆਂ ਉੱਤੇ ਰਾਜੇ ਵਾਂਗ ਬੈਠਾ ਹੈ।
ਇਸ ਲਈ ਦੁਨੀਆਂ ਨੂੰ ਡਰ ਨਾਲ ਕੰਬਣ ਦਿਉ।
2 ਯਹੋਵਾਹ ਪਰਮੇਸ਼ੁਰ ਸੀਯੋਨ ਵਿੱਚ ਮਹਾਨ ਹੈ।
ਉਹ ਸਾਰੇ ਲੋਕਾਂ ਦਾ ਮਹਾਨ ਆਗੂ ਹੈ।
3 ਸਾਰੇ ਲੋਕ ਤੁਹਾਡੇ ਨਾਮ ਦੀ ਉਸਤਤਿ ਕਰਨ।
ਪਰਮੇਸ਼ੁਰ ਦਾ ਨਾਮ ਭਰਮ ਭਰਿਆ ਹੈ।
ਪਰਮੇਸ਼ੁਰ ਪਵਿੱਤਰ ਹੈ।
4 ਸ਼ਕਤੀਸ਼ਾਲੀ ਰਾਜਾ ਇਨਸਾਫ਼ ਨੂੰ ਪਿਆਰ ਕਰਦਾ ਹੈ।
ਹੇ ਪਰਮੇਸ਼ੁਰ ਤੁਸੀਂ ਚੰਗਿਆਈ ਬਣਾਈ।
ਤੁਸੀਂ ਇਸਰਾਏਲ ਵਿੱਚ ਨਿਆਂ ਅਤੇ ਨਿਰਪੱਖਤਾ ਲਿਆਂਦੀ।
5 ਯਹੋਵਾਹ ਆਪਣੇ ਪਰਮੇਸ਼ੁਰ ਦੀ ਉਸਤਤਿ ਕਰੋ,
ਅਤੇ ਉਸ ਦੇ ਪਵਿੱਤਰ ਚਰਨਾਂ ਦੀ ਚੌਂਕੀ [a] ਉੱਤੇ ਉਪਾਸਨਾ ਕਰੋ।
6 ਮੂਸਾ ਅਤੇ ਹਾਰੂਨ ਉਸ ਦੇ ਕੁਝ ਜਾਜਕ ਸਨ।
ਅਤੇ ਸਮੂਏਲ ਉਨ੍ਹਾਂ ਵਿੱਚੋਂ ਇੱਕ ਸੀ ਜਿਸਨੇ ਪਰਮੇਸ਼ੁਰ ਦੇ ਨਾਮ ਤੇ ਪੁਕਾਰਿਆ ਸੀ।
ਉਨ੍ਹਾਂ ਨੇ ਯਹੋਵਾਹ ਨੂੰ ਪ੍ਰਾਰਥਨਾ ਕੀਤੀ
ਅਤੇ ਉਸ ਨੇ ਉਨ੍ਹਾਂ ਨੂੰ ਉੱਤਰ ਦਿੱਤਾ।
7 ਪਰਮੇਸ਼ੁਰ ਬੱਦਲ ਦੇ ਥੰਮ ਵਿੱਚੋਂ ਬੋਲਿਆ
ਉਨ੍ਹਾਂ ਨੇ ਉਸ ਦੇ ਹੁਕਮ ਮੰਨੇ
ਅਤੇ ਪਰਮੇਸ਼ੁਰ ਨੇ ਉਨ੍ਹਾਂ ਨੂੰ ਨੇਮ ਪ੍ਰਦਾਨ ਕੀਤਾ।
8 ਹੇ ਪਰਮੇਸ਼ੁਰ ਸਾਡੇ ਯਹੋਵਾਹ, ਤੁਸੀਂ ਉਨ੍ਹਾਂ ਦੀਆਂ ਪ੍ਰਾਰਥਨਾ ਦਾ ਉੱਤਰ ਦਿੱਤਾ।
ਤੁਸੀਂ ਉਨ੍ਹਾਂ ਨੂੰ ਦਰਸਾ ਦਿੱਤਾ ਕਿ ਤੁਸੀਂ ਬਖਸ਼ਣ ਹਾਰ ਪਰਮੇਸ਼ੁਰ ਹੋ।
ਅਤੇ ਤੁਸੀਂ ਲੋਕਾਂ ਨੂੰ ਉਨ੍ਹਾਂ ਦੇ ਮੰਦੇ ਕੰਮਾਂ ਵਾਸਤੇ ਦੰਡ ਦਿੰਦੇ ਹੋ।
9 ਸਾਡੇ ਯਹੋਵਾਹ ਪਰਮੇਸ਼ੁਰ ਦੀ ਉਸਤਤਿ ਕਰੋ,
ਉਸ ਦੇ ਪਵਿੱਤਰ ਪਰਬਤ ਵੱਲ ਸਿਜਦਾ ਕਰੋ ਅਤੇ ਉਸਦੀ ਉਪਾਸਨਾ ਕਰੋ।
ਪਰਮੇਸ਼ੁਰ ਸੱਚਮੁੱਚ ਪਵਿੱਤਰ।
ਧੰਨਵਾਦ ਦਾ ਗੀਤ।
100 ਹੇ ਧਰਤੀ ਯਹੋਵਾਹ ਦੇ ਗੀਤ ਗਾ।
2 ਯਹੋਵਾਹ ਦੀ ਸੇਵਾ ਕਰਦਿਆਂ ਖੁਸ਼ ਹੋ।
ਪ੍ਰਸੰਨ ਗੀਤਾਂ ਦੇ ਨਾਲ ਯਹੋਵਾਹ ਦੇ ਸਨਮੁੱਖ ਆ।
3 ਜਾਣ ਲਵੋ ਕਿ ਯਹੋਵਾਹ ਪਰਮੇਸ਼ੁਰ ਹੈ।
ਉਸ ਨੇ ਅਸਾਂ ਨੂੰ ਸਾਜਿਆ। ਅਸੀਂ ਉਸ ਦੇ ਲੋਕ ਹਾਂ,
ਅਸੀਂ ਉਸ ਦੀਆਂ ਭੇਡਾਂ ਹਾਂ।
4 ਉਸ ਦੇ ਸ਼ਹਿਰ ਵਿੱਚ ਧੰਨਵਾਦ ਦੇ ਗੀਤ ਲੈ ਕੇ ਆਵੋ।
ਉਸ ਦੇ ਮੰਦਰ ਵੱਲ ਉਸਤਤਿ ਦੇ ਗੀਤ ਲੈ ਕੇ ਆਵੋ।
ਉਸਦੀ ਉਸਤਤਿ ਕਰੋ ਅਤੇ ਉਸ ਦੇ ਨਾਮ ਨੂੰ ਅਸੀਸ ਦੇਵੋ।
5 ਯਹੋਵਾਹ ਸ਼ੁਭ ਹੈ।
ਉਸਦਾ ਪਿਆਰ ਸਦੀਵੀ ਹੈ।
ਅਸੀਂ ਉਸ ਉੱਤੇ ਸਦਾ-ਸਦਾ ਲਈ ਉਸ ਉੱਤੇ ਵਿਸ਼ਵਾਸ ਕਰ ਸੱਕਦੇ ਹਾਂ।
ਦਾਊਦ ਦਾ ਇੱਕ ਗੀਤ।
101 ਮੈਂ ਪਿਆਰ ਅਤੇ ਨਿਰਪੱਖਤਾ ਦੇ ਗੀਤ ਗਾਵਾਂਗਾ।
ਯਹੋਵਾਹ, ਮੈਂ ਤੁਹਾਨੂੰ ਗੀਤ ਸੁਣਾਵਾਂਗਾ।
2 ਮੈਂ ਹੁਸ਼ਿਆਰੀ ਨਾਲ ਸਾਫ਼ ਸੁਥਰਾ ਜੀਵਨ ਜੀਵਾਂਗਾ।
ਮੈਂ ਆਪਣੇ ਘਰ ਵਿੱਚ ਪਵਿੱਤਰ ਜੀਵਨ ਜੀਵਾਂਗਾ।
ਯਹੋਵਾਹ, ਤੁਸੀਂ ਮੇਰੇ ਕੋਲ ਕਦੋਂ ਆਵੋਂਗੇ?
3 ਮੈਂ ਆਪਣੇ ਸਾਹਮਣੇ ਕੋਈ ਵੀ ਮੂਰਤੀ ਨਹੀਂ ਰੱਖਾਂਗਾ।
ਮੈਂ ਤੁਹਾਡੇ ਵਿਰੋਧੀ ਲੋਕਾਂ ਨੂੰ ਨਫ਼ਰਤ ਕਰਦਾ ਹਾਂ।
ਮੈਂ ਇਹ ਨਹੀਂ ਕਰਾਂਗਾ।
4 ਮੈਂ ਇਮਾਨਦਾਰ ਬਣਾਂਗਾ।
ਮੈਂ ਕੋਈ ਮੰਦੇ ਕੰਮ ਨਹੀਂ ਕਰਾਂਗਾ।
5 ਜੇ ਕੋਈ ਪਿੱਠ ਪਿੱਛੇ ਆਪਣੇ ਗੁਆਂਢੀ ਬਾਰੇ ਮੰਦਾ ਬੋਲਦਾ ਹੈ।
ਮੈਂ ਉਸ ਆਦਮੀ ਨੂੰ ਇਜਾਜ਼ਤ ਨਹੀਂ ਦਿਆਂਗਾ।
ਮੈਂ ਘਮੰਡੀਆਂ ਨੂੰ ਕਬੂਲ ਨਹੀਂ ਕਰ ਸੱਕਦਾ
ਜਿਹੜੇ ਸੋਚਦੇ ਹਨ ਕਿ ਉਹ ਦੂਸਰਿਆਂ ਨਾਲੋਂ ਬਿਹਤਰ ਹਨ।
6 ਮੈਂ ਦੇਸ਼ ਭਰ ਵਿੱਚ ਉਨ੍ਹਾਂ ਲੋਕਾਂ ਦੀ ਭਾਲ ਕਰਾਂਗਾ ਜਿਨ੍ਹਾਂ ਉੱਤੇ ਭਰੋਸਾ ਕੀਤਾ ਜਾ ਸੱਕਦਾ ਹੈ,
ਅਤੇ ਮੈਂ ਸਿਰਫ਼ ਉਨ੍ਹਾਂ ਲੋਕਾਂ ਤੋਂ ਹੀ ਆਪਣੀ ਸੇਵਾ ਕਰਾਵਾਂਗਾ।
ਸਿਰਫ਼ ਉਹੀ ਲੋਕ ਜਿਹੜੇ ਪਵਿੱਤਰ ਜੀਵਨ ਜਿਉਂਦੇ ਹਨ ਮੇਰੇ ਸੇਵਕ ਹੋ ਸੱਕਦੇ ਹਨ।
7 ਮੈਂ ਝੂਠਿਆਂ ਨੂੰ ਆਪਣੇ ਘਰ ਅੰਦਰ ਨਹੀਂ ਰਹਿਣ ਦਿਆਂਗਾ।
ਮੈਂ ਝੂਠਿਆਂ ਨੂੰ ਆਪਣੇ ਨੇੜੇ ਨਹੀਂ ਰਹਿਣ ਦਿਆਂਗਾ।
8 ਮੈਂ ਇਸ ਦੇਸ਼ ਵਿੱਚ ਰਹਿਣ ਵਾਲੇ ਮੰਦੇ ਲੋਕਾਂ ਦਾ ਹਮੇਸ਼ਾ ਨਾਸ਼ ਕਰਾਂਗਾ।
ਮੈਂ ਮੰਦੇ ਲੋਕਾਂ ਨੂੰ ਪਰਮੇਸ਼ੁਰ ਦਾ ਸ਼ਹਿਰ ਛੱਡਣ ਤੇ ਮਜਬੂਰ ਕਰ ਦਿਆਂਗਾ।
ਇੱਕ ਦੁੱਖੀ ਬੰਦੇ ਦੀ ਉਸ ਵੇਲੇ ਦੀ ਪ੍ਰਾਰਥਨਾ, ਜਦੋਂ ਉਹ ਆਪਣੇ-ਆਪ ਨੂੰ ਨਿਮਾਣਾ ਸਮਝਦਾ ਅਤੇ ਯਹੋਵਾਹ ਅੱਗੇ ਸ਼ਿਕਾਇਤ ਕਰਨੀ ਚਾਹੁੰਦਾ ਹੈ।
102 ਯਹੋਵਾਹ, ਮੇਰੀ ਪ੍ਰਾਰਥਨਾ ਸੁਣੋ।
ਸਹਾਇਤਾ ਲਈ ਮੇਰੀ ਪ੍ਰਾਰਥਨਾ ਸੁਣੋ।
2 ਯਹੋਵਾਹ, ਮੇਰੇ ਕੋਲੋਂ ਮੁੱਖ ਨਾ ਮੋੜੋ ਜਦੋਂ ਕਿ ਮੈਂ ਮੁਸੀਬਤਾਂ ਵਿੱਚ ਘਿਰਿਆ ਹੋਇਆ ਹਾਂ।
ਜਦੋਂ ਵੀ ਮੈਂ ਸਹਾਇਤਾ ਲਈ ਪੁਕਾਰ ਕਰਾ ਸੁਣੋ ਅਤੇ ਛੇਤੀ ਹੀ ਇਸਦਾ ਉੱਤਰ ਦਿਉ।
3 ਮੇਰੀ ਜ਼ਿੰਦਗੀ ਧੂੰਏ ਦੇ ਵਾਂਗ ਬੀਤ ਰਹੀ ਹੈ।
ਮੇਰੀ ਜ਼ਿੰਦਗੀ ਅੱਗ ਵਾਂਗ ਹੌਲੀ-ਹੌਲੀ ਮੱਚ ਰਹੀ ਹੈ।
4 ਮੇਰੀ ਸ਼ਕਤੀ ਜਾਂਦੀ ਰਹੀ ਹੈ।
ਮੈਂ ਸੁੱਕੇ ਮਰ ਰਹੇ ਘਾਹ ਵਰਗਾ ਹਾਂ।
ਮੈਂ ਆਪਣਾ ਭੋਜਨ ਕਰਨਾ ਵੀ ਭੁੱਲ ਜਾਦਾਂ ਹਾਂ।
5 ਮੇਰੀ ਉਦਾਸੀ ਦੇ ਕਾਰਣ ਮੇਰਾ ਭਾਰ ਘਟ ਰਿਹਾ ਹੈ।
6 ਮੈਂ ਉਜਾੜ ਵਿੱਚ ਰਹਿਣ ਵਾਲੇ ਉੱਲੂ ਵਾਂਗ ਇੱਕਲਾ ਹਾਂ।
ਮੈਂ ਉਸ ਉੱਲੂ ਵਾਂਗ ਇੱਕਲਾ ਹਾਂ ਜੋ ਖੰਡਰਾਂ ਵਿੱਚ ਰਹਿੰਦਾ ਹੈ।
7 ਮੈਨੂੰ ਨੀਂਦ ਨਹੀਂ ਆਉਂਦੀ।
ਮੈਂ ਛੱਤ ਉੱਤੇ ਬੈਠੇ ਪੰਛੀ ਵਾਂਗ ਹਾਂ।
8 ਮੇਰੇ ਦੁਸ਼ਮਣ ਹਮੇਸ਼ਾ ਮੇਰਾ ਨਿਰਾਦਰ ਕਰਦੇ ਹਨ।
ਉਹ ਮੇਰਾ ਮਜ਼ਾਕ ਉਡਾਉਂਦੇ ਹਨ ਅਤੇ ਮੈਨੂੰ ਸਰਾਪ ਦਿੰਦੇ ਹਨ।
9 ਮੇਰੀ ਮਹਾ ਉਦਾਸੀ ਹੀ ਸਿਰਫ਼ ਮੇਰਾ ਭੋਜਨ ਹੈ।
ਮੇਰੇ ਹੰਝੂ ਮੇਰੇ ਪਿਆਲੇ ਵਿੱਚ ਡਿੱਗਦੇ ਹਨ।
10 ਕਿਉਂਕਿ ਯਹੋਵਾਹ ਤੁਸੀਂ ਮੇਰੇ ਨਾਲ ਨਾਰਾਜ਼ ਹੋ।
ਤੁਸਾਂ ਮੈਨੂੰ ਉਤਾਹਾਂ ਚੁੱਕਿਆ ਅਤੇ ਫ਼ੇਰ ਤੁਸਾਂ ਮੈਨੂੰ ਦੂਰ ਸੁੱਟ ਦਿੱਤਾ।
11 ਮੇਰੀ ਜ਼ਿੰਦਗੀ ਆਥਣ ਦੇ ਲੰਮਿਆਂ ਪਰਛਾਵਿਆਂ ਵਾਂਗ ਮੁੱਕਣ ਹੀ ਵਾਲੀ ਹੈ।
ਮੈਂ ਸੁੱਕੇ ਅਤੇ ਮਰ ਰਹੇ ਘਾਹ ਵਾਂਗ ਹਾਂ।
12 ਪਰ ਯਹੋਵਾਹ, ਤੁਸੀਂ ਸਦਾ ਲਈ ਰਹੋਂਗੇ।
ਤੁਹਾਡਾ ਨਾਮ ਸਦਾ-ਸਦਾ ਲਈ ਰਹੇਗਾ।
13 ਤੁਸੀਂ ਉੱਠੋਂਗੇ ਅਤੇ ਸੀਯੋਨ ਨੂੰ ਅਰਾਮ ਦਿਉਂਗੇ।
ਵਕਤ ਆ ਰਿਹਾ ਹੈ ਜਦੋਂ ਤੁਸੀਂ ਸੀਯੋਨ ਉੱਤੇ ਮਿਹਰਬਾਨ ਹੋਵੋਂਗੇ।
14 ਤੁਹਾਡੇ ਸੇਵਕ ਉਸ ਸੀਯੋਨ ਪੱਥਰ ਨੂੰ ਪਿਆਰ ਕਰਦੇ ਹਨ।
ਉਹ ਉਸ ਸ਼ਹਿਰ ਦੀ ਮਿੱਟੀ ਨੂੰ ਵੀ ਪਿਆਰ ਕਰਦੇ ਹਨ।
15 ਲੋਕ ਯਹੋਵਾਹ ਦੇ ਨਾਮ ਦੀ ਉਪਾਸਨਾ ਕਰਨਗੇ।
ਹੇ ਪਰਮੇਸ਼ੁਰ, ਧਰਤੀ ਦੇ ਸਾਰੇ ਰਾਜੇ ਤੁਹਾਨੂੰ ਸਤਿਕਾਰਨਗੇ।
16 ਯਹੋਵਾਹ ਫ਼ੇਰ ਸੀਯੋਨ ਦੀ ਉਸਾਰੀ ਕਰੇਗਾ।
ਲੋਕ ਉਸਦੀ ਮਹਿਮਾ ਨੂੰ ਫ਼ੇਰ ਵੇਖਣਗੇ।
17 ਪਰਮੇਸੁਰ ਉਨ੍ਹਾਂ ਲੋਕਾਂ ਦੀਆਂ ਪ੍ਰਾਰਥਨਾ ਸੁਣੇਗਾ
ਜਿਨ੍ਹਾਂ ਨੂੰ ਉਸ ਨੇ ਜਿਉਂਦਿਆਂ ਛੱਡ ਦਿੱਤਾ।
18 ਇਨ੍ਹਾਂ ਗੱਲਾਂ ਨੂੰ ਆਉਣ ਵਾਲੀ ਪੀੜੀ ਲਈ ਲਿਖੋ।
ਅਤੇ ਭਵਿੱਖ ਵਿੱਚ ਉਹ ਲੋਕ ਯਹੋਵਾਹ ਦੀ ਉਸਤਤਿ ਕਰਨਗੇ।
19 ਯਹੋਵਾਹ ਸਵਰਗ ਵਿੱਚੋਂ ਹੇਠਾਂ ਧਰਤੀ ਉੱਤੇ ਵੇਖੇਗਾ।
20 ਅਤੇ ਉਹ ਬੰਦੀਵਾਨਾਂ ਦੀਆਂ ਪ੍ਰਾਰਥਨਾ ਸੁਣੇਗਾ।
ਉਹ ਉਨ੍ਹਾਂ ਲੋਕਾਂ ਨੂੰ ਮੁਕਤ ਕਰ ਦੇਵੇਗਾ ਜਿਨ੍ਹਾਂ ਨੂੰ ਮੌਤ ਦੀ ਸਜ਼ਾ ਮਿਲੀ ਸੀ।
21 ਫ਼ੇਰ ਸੀਯੋਨ ਦੇ ਲੋਕ ਯਹੋਵਾਹ ਬਾਰੇ ਦੱਸਣਗੇ।
ਉਹ ਯਰੂਸ਼ਲਮ ਵਿੱਚ ਉਸ ਦੇ ਨਾਮ ਦੀ ਉਸਤਤਿ ਕਰਨਗੇ।
22 ਕੌਮਾਂ ਆਪਸ ਵਿੱਚ ਇਕੱਠੀਆਂ ਹੋਣਗੀਆਂ
ਬਾਦਸ਼ਾਹੀਆਂ ਯਹੋਵਾਹ ਦੀ ਸੇਵਾ ਕਰਨ ਲਈ ਆਉਣਗੀਆਂ।
23 ਮੇਰੀ ਤਾਕਤ ਹੀਣ ਹੋ ਗਈ ਹੈ।
ਮੇਰੀ ਜ਼ਿੰਦਗੀ ਛੋਟੀ ਬਣਾ ਦਿੱਤੀ ਗਈ ਹੈ।
24 ਇਸ ਲਈ ਮੈਂ ਆਖਿਆ, “ਮੈਨੂੰ ਉਦੋਂ ਤੱਕ ਨਾ ਮਰਨ ਦਿਉ ਜਦੋਂ ਤੱਕ ਮੈਂ ਜਵਾਨ ਹਾਂ।
ਹੇ ਪਰਮੇਸ਼ੁਰ ਤੁਸੀਂ ਸਦਾ-ਸਦਾ ਲਈ ਰਹੋਂਗ਼ੇ।
25 ਤੁਸੀਂ ਬਹੁਤ ਪਹਿਲਾਂ ਦੁਨੀਆਂ ਸਾਜੀ ਸੀ।
ਤੁਸੀਂ ਆਪਣੇ ਹੱਥੀਂ ਅਕਾਸ਼ ਬਣਾਇਆ ਸੀ।
26 ਦੁਨੀਆਂ ਅਤੇ ਅਕਾਸ਼ ਖਤਮ ਹੋ ਜਾਣਗੇ ਪਰ ਤੁਸੀਂ ਸਦਾ ਲਈ ਰਹੋਂਗੇ।
ਉਹ ਪੁਰਾਣੇ ਕੱਪੜਿਆਂ ਵਾਂਗ ਹੰਡ ਜਾਵਣਗੇ।
ਅਤੇ ਤੁਸੀਂ ਉਨਾਂ ਨੂੰ ਕੱਪੜਿਆਂ ਵਾਂਗ ਹੀ ਬਦਲ ਦਿਉਂਗੇ।
ਉਹ ਸਾਰੇ ਹੀ ਬਦਲੇ ਜਾਣਗੇ।
27 ਪਰ ਤੁਸੀਂ ਪਰਮੇਸ਼ੁਰ, ਕਦੇ ਨਹੀਂ ਬਦਲੋਂਗੇ।
ਤੁਸੀਂ ਸਦਾ ਲਈ ਰਹੋਂਗੇ।
28 ਅੱਜ ਅਸੀਂ ਤੁਹਾਡੇ ਸੇਵਕ ਹਾਂ।
ਸਾਡੇ ਬੱਚੇ ਇੱਥੇ ਰਹਿਣਗੇ।
ਅਤੇ ਉਨ੍ਹਾਂ ਦੀ ਉਲਾਦ ਵੀ ਤੁਹਾਡੀ ਉਪਾਸਨਾ ਕਰਨ ਲਈ ਇੱਥੇ ਹੀ ਹੋਵੇਗੀ।”
2010 by World Bible Translation Center