Beginning
ਨਿਰਦੇਸ਼ਕ ਲਈ: ਦਾਊਦ ਦਾ ਇੱਕ ਗੀਤ। ਲੋਕਾਂ ਦੀ ਸਹਾਇਤਾ ਕਰਨ ਲਈ ਯਾਦ ਰੱਖੋ।
70 ਹੇ ਪਰਮੇਸ਼ੁਰ, ਮੈਨੂੰ ਬਚਾਉ!
ਪਰਮੇਸ਼ੁਰ ਛੇਤੀ ਕਰੋ ਅਤੇ ਮੇਰੀ ਸਹਾਇਤਾ ਕਰੋ!
2 ਲੋਕ ਮੈਨੂੰ ਮਾਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ।
ਉਨ੍ਹਾਂ ਨੂੰ ਨਿਰਾਸ਼ ਕਰ ਦਿਉ!
ਉਨ੍ਹਾਂ ਨੂੰ ਨਿਵਾਉ! ਲੋਕੀਂ
ਮੇਰਾ ਬੁਰਾ ਕਰਨਾ ਚਾਹੁੰਦੇ ਹਨ।
ਮੈਨੂੰ ਆਸ ਹੈ ਕਿ ਉਹ ਡਿੱਗਣਗੇ ਅਤੇ ਸ਼ਰਮਸਾਰ ਹੋਣਗੇ।
3 ਲੋਕਾਂ ਨੇ ਮੇਰਾ ਮਜ਼ਾਕ ਉਡਾਇਆ।
ਮੈਨੂੰ ਆਸ ਹੈ ਉਹ ਉਹੀ ਪਾਉਣਗੇ ਜਿਸਦੇ ਉਹ ਅਧਿਕਾਰੀ ਹਨ ਅਤੇ ਉਹ ਸ਼ਰਮਸਾਰ ਹੋਣਗੇ।
4 ਮੈਨੂੰ ਆਸ ਹੈ ਕਿ ਜਿਹੜੇ ਲੋਕ ਤੁਹਾਡੀ ਉਪਾਸਨਾ ਕਰਦੇ ਹਨ ਬਹੁਤ ਖੁਸ਼ ਹੋਣਗੇ, ਬਹੁਤ ਖੁਸ਼।
ਮੈਨੂੰ ਆਸ ਹੈ ਕਿ ਜਿਹੜੇ ਲੋਕ ਤੁਹਾਡੀ ਸਹਾਇਤਾ ਚਾਹੁੰਦੇ ਹਨ, “ਸਦਾ ਪਰਮੇਸ਼ੁਰ ਉਸਤਤਿ ਕਰਨ” ਦੇ ਯੋਗ ਹੋਣਗੇ।
5 ਮੈਂ ਗਰੀਬ ਅਤੇ ਬੇਸਹਾਰਾ ਅਦਮੀ ਹਾਂ।
ਪਰਮੇਸ਼ੁਰ, ਛੇਤੀ ਕਰੋ। ਆਉ ਤੇ ਮੈਨੂੰ ਬਚਾਉ।
ਹੇ ਪਰਮੇਸ਼ੁਰ, ਸਿਰਫ਼ ਤੁਸੀਂ ਹੀ ਮੈਨੂੰ ਬਚਾ ਸੱਕਦੇ ਹੋਂ।
ਬਹੁਤੀ ਦੇਰ ਨਾ ਕਰੋ।
71 ਯਹੋਵਾਹ, ਮੈਂ ਤੁਹਾਡੇ ਵਿੱਚ ਸ਼ਰਨ ਲਈ ਹੈ।
ਇਸ ਲਈ ਮੈਂ ਕਦੀ ਵੀ ਨਿਰਾਸ਼ ਨਹੀਂ ਹੋਵਾਂਗਾ।
2 ਆਪਣੀ ਚੰਗਿਆਈ ਕਾਰਣ, ਤੁਸੀਂ ਮੈਨੂੰ ਬਚਾਵੋਂਗੇ।
ਤੁਸੀਂ ਮੈਨੂੰ ਮੁਸ਼ਕਿਲ ਵਿੱਚੋਂ ਕੱਢੋਂਗੇ, ਮੇਰੀ ਗੱਲ ਸੁਣੋ ਮੈਨੂੰ ਬਚਾਉ।
3 ਮੇਰਾ ਕਿਲ੍ਹਾ ਬਣਾਉ, ਅਤੇ ਉਹ ਘਰ ਜਿਸ ਵਿੱਚ ਮੈਂ ਸੁਰੱਖਿਆ ਲਈ ਨੱਸ ਕੇ ਆ ਵੜਾਂ।
ਤੁਸੀਂ ਮੇਰੀ ਓਟ ਹੋ ਮੇਰਾ ਸੁਰੱਖਿਅਤ ਟਿਕਾਣਾ।
ਇਸ ਲਈ ਮੇਰੀ ਸੁਰੱਖਿਆ ਦਾ ਨਿਰਦੇਸ਼ ਦੇ ਦੇਵੋ।
4 ਮੇਰੇ ਪਰਮੇਸ਼ੁਰ, ਮੈਨੂੰ ਬੁਰੇ ਬੰਦਿਆਂ ਤੋਂ ਬਚਾਉ।
ਮੈਨੂੰ ਜ਼ਾਲਮ ਬਦ ਲੋਕਾਂ ਤੋਂ ਬਚਾਉ।
5 ਮੇਰੇ ਮਾਲਕ, ਤੁਸੀਂ ਮੇਰੀ ਆਸ ਹੋਂ।
ਮੈਂ ਤੁਹਾਡੇ ਉੱਪਰ ਉਦੋਂ ਤੋਂ ਵਿਸ਼ਵਾਸ ਕੀਤਾ ਹੈ ਜਦੋਂ ਹਾਲੇ ਮੈਂ ਨੌਜਵਾਨ ਸਾਂ।
6 ਜਨਮ ਤੋਂ ਪਹਿਲਾਂ ਵੀ ਮੈਂ ਤੁਹਾਡੇ ਉੱਤੇ ਭਰੋਸਾ ਕੀਤਾ।
ਆਪਣੀ ਮਾਂ ਦੇ ਗਰਭ ਵਿੱਚ ਵੀ ਮੈਂ ਤੁਹਾਡੇ ਉੱਤੇ ਨਿਰਭਰ ਸਾਂ।
ਮੈਂ ਹਮੇਸ਼ਾ ਤੁਹਾਨੂੰ ਪ੍ਰਾਰਥਨਾ ਕੀਤੀ ਹੈ।
7 ਤੁਸੀਂ ਹੀ ਮੇਰੀ ਸ਼ਕਤੀ ਦੇ ਸਾਧਨ ਹੋਂ।
ਇਸੇ ਲਈ ਮੈਂ ਹੋਰਾਂ ਲਈ ਮਿਸਾਲ ਬਣਿਆ ਹਾਂ।
8 ਮੈਂ ਹਮੇਸ਼ਾ ਤੁਹਾਡੇ ਕੀਤੇ ਅਦਭੁਤ ਕਾਰਿਆਂ ਬਾਰੇ ਗਾਉਂਦਾ ਰਿਹਾ ਹਾਂ।
9 ਮੈਨੂੰ ਇਸ ਲਈ ਦੂਰ ਨਾ ਸੁੱਟੋ ਕਿ ਮੈਂ ਬੁੱਢਾ ਹਾਂ।
ਮੈਨੂੰ ਉਦੋਂ ਛੱਡ ਕੇ ਨਾ ਜਾਉ ਜਦੋਂ ਮੈਂ ਕਮਜ਼ੋਰ ਹੋ ਰਿਹਾ ਹਾਂ।
10 ਮੇਰੇ ਵੈਰੀਆਂ ਨੇ ਮੇਰੇ ਲਈ ਛੜਯਂਤਰ ਰਚੇ ਹਨ।
ਉਹ ਲੋਕ ਸੱਚਮੁੱਚ ਇਕੱਠੇ ਹੋਏ ਸਨ ਅਤੇ ਉਨ੍ਹਾਂ ਨੇ ਮੈਨੂੰ ਮਾਰਨ ਦੀ ਯੋਜਨਾ ਬਣਾਈ।
11 ਮੇਰੇ ਵੈਰੀਆਂ ਆਖਿਆ, “ਜਾਓ, ਉਸ ਨੂੰ ਫ਼ੜੋ ਪਰਮੇਸ਼ੁਰ ਨੇ ਉਸ ਨੂੰ ਛੱਡ ਦਿੱਤਾ ਹੈ।
ਤੇ ਕੋਈ ਵੀ ਬੰਦਾ ਉਸਦੀ ਸਹਾਇਤਾ ਨਹੀਂ ਕਰੇਗਾ।”
12 ਹੇ ਪਰਮੇਸ਼ੁਰ, ਮੈਨੂੰ ਛੱਡ ਕੇ ਨਾ ਜਾਉ।
ਹੇ ਪਰਮੇਸ਼ੁਰ, ਛੇਤੀ ਕਰੋ।
ਆਉ ਮੈਨੂੰ ਬਚਾਉ।
13 ਮੇਰੇ ਵੈਰੀਆਂ ਨੂੰ ਹਰਾ ਦਿਉ,
ਉਨ੍ਹਾਂ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿਉ।
ਉਹ ਮੈਨੂੰ ਦੁੱਖ ਦੇਣ ਦੀ ਕੋਸ਼ਿਸ਼ ਕਰ ਰਹੇ ਹਨ।
ਮੈਨੂੰ ਆਸ ਹੈ ਉਹ ਸ਼ਰਮ ਅਤੇ ਬੇਇੱਜ਼ਤੀ ਮਹਿਸੂਸ ਕਰਨਗੇ।
14 ਫ਼ੇਰ, ਮੈਂ ਹੇਮਸ਼ਾ ਤੁਹਾਡੇ ਵਿੱਚ ਯਕੀਨ ਰੱਖਾਂਗਾ
ਅਤੇ ਵੱਧ ਤੋਂ ਵੱਧ ਤੇਰੀ ਉਸਤਤਿ ਕਰਾਂਗਾ।
15 ਮੈਂ ਲੋਕਾਂ ਨੂੰ ਦੱਸਾਂਗਾ ਕਿ ਤੁਸੀਂ ਕਿੰਨੇ ਚੰਗੇ ਹੋ।
ਮੈਂ ਲੋਕਾਂ ਨੂੰ ਦੱਸਾਂਗਾ ਕਿ ਤੁਸੀਂ ਮੈਨੂੰ ਕਿੰਨੀ ਵਾਰੀ ਬਚਾਇਆ।
ਇਹ ਅਣਗਿਣਤ ਵਾਰੀ ਵਾਪਰਿਆ।
16 ਮੈਂ ਤੁਹਾਡੀ ਮਹਾਨਤਾ ਬਾਰੇ ਦੱਸਾਂਗਾ, ਯਹੋਵਾਹ ਮੇਰੇ ਮਾਲਕ।
ਮੈਂ ਸਿਰਫ਼ ਤੇਰੀ ਅਤੇ ਤੇਰੀ ਚੰਗਿਆਈ ਬਾਰੇ ਗੱਲ ਕਰਾਂਗਾ।
17 ਹੇ ਪਰਮੇਸ਼ੁਰ, ਤੁਸੀਂ ਮੈਨੂੰ ਉਦੋਂ ਤੋਂ ਸਿੱਖਿਆ ਦਿੱਤੀ ਹੈ ਜਦੋਂ ਮੈਂ ਹਾਲੇ ਜਵਾਨ ਮੁੰਡਾ ਸਾਂ।
ਅਤੇ ਅੱਜ ਦੇ ਦਿਨ ਤੱਕ ਵੀ ਮੈਂ ਲੋਕਾਂ ਨੂੰ ਤੁਹਾਡੇ ਅਦਭੁਤ ਕਾਰਜਾਂ ਬਾਰੇ ਦੱਸਿਆ ਹੈ।
18 ਹੁਣ ਮੈਂ ਬੁੱਢਾ ਹਾਂ ਅਤੇ ਮੇਰੇ ਵਾਲ ਧੌਲੇ ਹਨ।
ਪਰ ਹੇ ਪਰਮੇਸ਼ੁਰ ਮੈਂ ਜਾਣਦਾ ਹਾਂ ਕਿ ਤੂੰ ਮੈਨੂੰ ਨਹੀਂ ਛੱਡੇਂਗਾ।
ਮੈਂ ਤੁਹਾਡੀ ਸ਼ਕਤੀ ਅਤੇ ਮਹਾਨਤਾ ਬਾਰੇ ਹਰ ਨਵੀਂ ਪੀੜੀ ਨੂੰ ਦੱਸਾਂਗਾ।
19 ਹੇ ਪਰਮੇਸ਼ੁਰ, ਤੁਹਾਡੀ ਮਹਾਨਤਾ ਅਕਾਸ਼ਾਂ ਤੱਕ ਪਹੁੰਚਦੀ ਹੈ।
ਹੇ ਪਰਮੇਸ਼ੁਰ ਕੋਈ ਵੀ ਦੇਵਤਾ ਤੇਰੇ ਵਰਗਾ ਨਹੀਂ ਹੈ।
ਤੁਸਾਂ ਮਹਾਨ ਅਤੇ ਅਦਭੁਤ ਗੱਲਾਂ ਕੀਤੀਆਂ ਹਨ।
20 ਤੁਸੀਂ ਮੈਨੂੰ ਮੂਸੀਬਤਾਂ ਅਤੇ ਬੁਰੇ ਵਕਤ ਵਿਖਾਏ,
ਪਰ ਤੂੰ ਮੇਰੀ ਉਨ੍ਹਾਂ ਸਭ ਤੋਂ ਰੱਖਿਆ ਕੀਤੀ, ਅਤੇ ਮੈਨੂੰ ਜਿਉਂਦਿਆਂ ਰੱਖਿਆ।
ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਮੈਂ ਕਿੰਨਾ ਡੂੰਘਾ ਡੁੱਬਿਆ, ਤੁਸੀਂ ਮੈਨੂੰ ਮੇਰੀਆਂ ਮੁਸੀਬਤਾਂ ਤੋਂ ਬਾਹਰ ਕੱਢ ਲਿਆ।
21 ਤੁਸੀਂ ਪਹਿਲਾਂ ਨਾਲੋਂ ਵੱਡੇਰੀਆਂ ਗੱਲਾਂ ਕਰਨ ਵਿੱਚ ਮੇਰੀ ਸਹਾਇਤਾ ਕਰੋ।
ਮੈਨੂੰ ਸੁਕੂਨ ਪਹੁੰਚਾਉਂਦੇ ਰਹੋ।
22 ਮੈਂ ਸਾਜ਼ ਵਜਾਵਾਂਗਾ ਅਤੇ ਤੁਹਾਡੀ ਉਸਤਤਿ ਕਰਾਂਗਾ,
ਮੇਰੇ ਪਰਮੇਸ਼ੁਰ, ਮੈਂ ਗਾਵਾਂਗਾ ਕਿ ਤੁਹਾਡੇ ਉੱਤੇ ਇਤਬਾਰ ਕੀਤਾ ਜਾ ਸੱਕਦਾ ਹੈ।
ਮੈਂ ਆਪਣੀ ਸਾਰੰਗੀ ਨਾਲ ਇਸਰਾਏਲ ਦੇ ਪਵਿੱਤਰ ਯਹੋਵਾਹ ਲਈ ਗੀਤ ਗਾਵਾਂਗਾ।
23 ਤੁਸੀਂ ਮੇਰੀ ਆਤਮਾ ਨੂੰ ਬਚਾਇਆ। ਮੇਰੀ ਆਤਮਾ ਖੁਸ਼ ਹੋਵੇਗੀ।
ਮੈਂ ਆਪਣੇ ਬੁਲ੍ਹਾਂ ਨਾਲ ਉਸਤਤਿ ਦੇ ਗੀਤ ਗਾਵਾਂਗਾ।
24 ਮੇਰੀ ਜ਼ੁਬਾਨ ਸਦਾ ਤੁਹਾਡੀ ਚੰਗਿਆਈ ਬਾਰੇ ਗਾਵੇਗੀ
ਅਤੇ ਉਹ ਲੋਕ ਜਿਹੜੇ ਮੈਨੂੰ ਮਾਰਨਾ ਚਾਹੁੰਦੇ ਹਨ ਹਾਰ ਜਾਣਗੇ ਅਤੇ ਬੇਇੱਜ਼ਤ ਹੋਣਗੇ।
ਸੁਲੇਮਾਨ ਨੂੰ।
72 ਹੇ ਪਰਮੇਸੁਰ, ਰਾਜੇ ਦੀ ਸਹਾਇਤਾ ਕਰੋ ਤਾਂ ਜੋ ਉਹ ਤੁਹਾਡੇ ਵਾਂਗ ਸਿਆਣੇ ਨਿਆਂ ਕਰੇ।
ਅਤੇ ਰਾਜੇ ਦੇ ਪੁੱਤਰ ਦੀ ਸਹਾਇਤਾ ਕਰੋ ਤਾਂ ਜੋ ਉਹ ਤੁਹਾਡੀ ਚੰਗਿਆਈ ਬਾਰੇ ਜਾਣ ਜਾਵੇ।
2 ਰਾਜੇ ਦੀ ਸਹਾਇਤਾ ਕਰੋ ਕਿ ਉਹ ਤੁਹਾਡੇ ਲੋਕਾਂ ਬਾਰੇ ਨਿਰਪੱਖ ਨਿਆਂ ਕਰੇ।
ਰਾਜੇ ਦੀ ਸਹਾਇਤਾ ਕਰੇ ਕਿ ਉਹ ਤੁਹਾਡੇ ਗਰੀਬ ਲੋਕਾਂ ਬਾਰੇ ਸਿਆਣੇ ਨਿਆਂ ਕਰੇ।
3 ਇਸ ਪੂਰੀ ਧਰਤੀ ਉੱਤੇ ਅਮਨ ਤੇ ਇਨਸਾਫ਼ ਹੋਵੇ।
4 ਰਾਜੇ ਨੂੰ ਆਪਣੇ ਗਰੀਬ ਲੋਕਾਂ ਲਈ ਨਿਰਪੱਖ ਹੋਣ ਦਿਉ।
ਉਸ ਨੂੰ ਬੇਸਹਾਰਿਆਂ ਦੀ ਸਹਾਇਤਾ ਕਰਨ ਦਿਉ ਉਸ ਨੂੰ ਉਨ੍ਹਾਂ ਲੋਕਾਂ ਨੂੰ ਦੰਡ ਦੇਣ ਦਿਉ ਜਿਹੜੇ ਉਨ੍ਹਾਂ ਉੱਤੇ ਜ਼ੁਲਮ ਕਰਦੇ ਹਨ।
5 ਲੋਕਾਂ ਨੂੰ ਰਾਜੇ ਦਾ ਡਰ ਹੋਵੇ ਅਤੇ ਉਹ ਉਸਦੀ ਇੱਜ਼ਤ ਕਰਨ, ਜਿੰਨਾ ਚਿਰ ਸੂਰਜ ਚਮਕ ਰਿਹਾ ਅਤੇ ਚੰਨ ਅਕਾਸ਼ ਵਿੱਚ ਹੈ।
ਲੋਕ ਡਰਨ ਅਤੇ ਸਦਾ ਉਸਦੀ ਇੱਜ਼ਤ ਕਰਨ।
6 ਰਾਜੇ ਦੀ ਸਹਾਇਤਾ ਕਰੋ ਕਿ ਉਹ ਉਸ ਵਰੱਖਾ ਵਾਂਗ ਹੋਵੇ ਜਿਹੜੀ ਖੇਤਾਂ ਉੱਤੇ ਵਰ੍ਹਦੀ ਹੈ,
ਜਿਵੇਂ ਧਰਤੀ ਉੱਤੇ ਫ਼ੁਹਾਰ ਪੈਂਦੀ ਹੈ।
7 ਨੇਕੀ ਨੂੰ ਖਿੜਨ ਦਿਉ ਜਦੋਂ ਤੱਕ ਕਿ ਉਹ ਰਾਜਾ ਹੈ,
ਅਮਨ ਨੂੰ ਜਾਰੀ ਰਹਿਣ ਦਿਉ ਜਿੰਨਾ ਚਿਰ ਕਿ ਚੰਨ ਹੈ।
8 ਉਸ ਦੇ ਰਾਜ ਨੂੰ ਸਾਗਰ ਤੋਂ ਸਾਗਰ,
ਫ਼ਰਾਤ ਨਦੀ ਤੋਂ ਲੈ ਕੇ ਧਰਤੀ ਦੀਆਂ ਦੁਰਾਡੀਆਂ ਥਾਵਾਂ ਤੱਕ ਫ਼ੈਲਣ ਦਿਉ।
9 ਮਾਰੂਥਲ ਦੇ ਸਾਰੇ ਵਿਰਸੇ ਉਸ ਨੂੰ ਝੁਕਣ।
ਉਸ ਦੇ ਸਾਰੇ ਦੁਸ਼ਮਣ ਗੰਦਗੀ ਵਿੱਚ ਉਨ੍ਹਾਂ ਦੇ ਮੂੰਹਾਂ ਨਾਲ ਉਸ ਦੇ ਅੱਗੇ ਝੁਕਣ।
10 ਤਾਰਸ਼ਿਸ਼ ਦੇ ਰਾਜੇ ਅਤੇ ਦੂਰ ਦੁਰਾਡੇ ਦੇ ਸਾਰੇ ਦੇਸ਼ ਉਸ ਲਈ ਸੁਗਾਤਾਂ ਲਿਆਉਣ।
ਸ਼ੇਬਾ ਅਤੇ ਸ਼ੇਬਾ ਦੇ ਰਾਜੇ ਉਸ ਨੂੰ ਆਪਣੀ ਸ਼ਰਧਾਂਜਲੀ ਲਿਆਉਣ।
11 ਸਾਡੇ ਰਾਜੇ ਨੂੰ ਸਾਰੇ ਰਾਜੇ ਝੁਕਣ ਸਾਰੀਆਂ ਕੌਮਾਂ ਉਸਦੀ ਸੇਵਾ ਕਰਨ।
12 ਸਾਡਾ ਰਾਜਾ ਬੇਸਹਾਰਿਆਂ ਦੀ ਸਹਾਇਤਾ ਕਰਦਾ ਹੈ।
ਸਾਡਾ ਰਾਜਾ ਗਰੀਬ ਬੇਸਹਾਰੇ ਲੋਕਾਂ ਦੀ ਸਹਾਇਤਾ ਕਰਦਾ ਹੈ।
13 ਗਰੀਬ ਬੇਸਹਾਰੇ ਲੋਕ ਉਸ ਉੱਤੇ ਨਿਰਭਰ ਕਰਦੇ ਹਨ,
ਰਾਜਾ ਉਨ੍ਹਾਂ ਨੂੰ ਜਿਉਂਦਿਆਂ ਰੱਖਦਾ ਹੈ।
14 ਰਾਜਾ ਉਨ੍ਹਾਂ ਨੂੰ ਜ਼ਾਲਮ ਲੋਕਾਂ ਤੋਂ ਬਚਾਉਂਦਾ ਹੈ, ਜਿਹੜੇ ਉਨ੍ਹਾਂ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਹਨ।
ਰਾਜੇ ਲਈ ਉਨ੍ਹਾਂ ਲੋਕਾਂ ਦਾ ਜੀਵਨ ਬਹੁਤ ਮਹੱਤਵਪੂਰਣ ਹੈ।
15 ਰਾਜਾ ਅਮਰ ਰਹੇ।
ਅਤੇ ਉਸ ਨੂੰ ਸ਼ੀਬਾ ਪਾਸੋਂ ਸੋਨਾ ਪ੍ਰਾਪਤ ਹੋਵੇ,
ਰਾਜੇ ਲਈ ਪ੍ਰਾਰਥਨਾ ਕਰੋ,
ਉਸ ਨੂੰ ਹਰ ਰੋਜ਼ ਅਸੀਸ ਦਿਉ।
16 ਖੇਤ ਵੱਧੇਰੇ ਅਨਾਜ ਪੈਦਾ ਕਰਨ।
ਉਹ ਪਹਾੜਾਂ ਦੀਆਂ ਚੋਟੀਆਂ ਉੱਤੇ ਲਹਿਲਹਾਉਣ।
ਖੇਤ ਲਬਾਨੋਨ ਦੇ ਦਿਉਦਾਰਾਂ ਦੇ ਰੁੱਖਾਂ ਵਾਂਗ ਸੰਘਣੇ ਹੋਣ।
ਸ਼ਹਿਰ ਲੋਕਾਂ ਨਾਲ ਭਰੇ ਹੋਣ ਜਿਵੇਂ ਖੇਤਾਂ ਵਿੱਚ ਘਾਹ ਹੁੰਦਾ ਹੈ।
17 ਰਾਜਾ ਸਦਾ ਲਈ ਪ੍ਰਸਿਧ ਹੋਵੇ।
ਲੋਕ ਉਸਦਾ ਨਾਮ ਓਨਾ ਚਿਰ ਚੇਤੇ ਰੱਖਣ ਜਿੰਨਾ ਚਿਰ ਸੂਰਜ ਚਮਕਦਾ।
ਲੋਕ ਉਸ ਦੇ ਨਾਮ ਨੂੰ ਇੱਕ ਅਸੀਸ ਵਾਂਗ ਇਸਤੇਮਾਲ ਕਰਦੇ ਰਹਿਣ।
ਉਹ ਉਸ ਦੇ ਕਾਰਣ ਆਪਣੇ-ਆਪ ਨੂੰ ਖੁਸ਼-ਕਿਸਮਤ ਸਮਝਣ।
18 ਯਹੋਵਾਹ ਪਰਮੇਸ਼ੁਰ ਦੀ ਉਸਤਤਿ ਕਰੋ, ਇਸਰਾਏਲ ਦੇ ਪਰਮੇਸ਼ੁਰ ਦੀ।
ਸਿਰਫ਼ ਪਰਮੇਸ਼ੁਰ ਹੀ ਅਜਿਹੀਆਂ ਅਦਭੁਤ ਗੱਲਾਂ ਕਰ ਸੱਕਦਾ ਹੈ।
19 ਉਸ ਦੇ ਮਹਿਮਾਮਈ ਨਾਮ ਦੀ ਉਸਤਤਿ ਕਰੋ।
ਸਦਾ-ਸਦਾ ਲਈ ਉਸਦੀ ਮਹਿਮਾ ਸਾਰੀ ਦੁਨੀਆਂ ਅੰਦਰ ਭਰ ਜਾਵੇ।
ਆਮੀਨ ਫੇਰ ਆਮੀਨ।
20 (ਇਸ ਨਾਲ ਯੱਸੀ ਦੇ ਪੁੱਤਰ ਦਾਊਦ ਦੀਆਂ ਪ੍ਰਾਰਥਨਾ ਖਤਮ ਹੁੰਦੀਆਂ ਹਨ।)
ਤੀਜਾ ਭਾਗ
(ਜ਼ਬੂਰ 73-89)
ਅਸਾਫ਼ ਦਾ ਇੱਕ ਉਸਤਤਿ ਗੀਤ।
73 ਪਰਮੇਸ਼ੁਰ ਸੱਚਮੁੱਚ ਇਸਰਾਏਲ ਨੂੰ ਚੰਗਾ ਹੈ।
ਪਰਮੇਸ਼ੁਰ ਉਨ੍ਹਾਂ ਲੋਕਾਂ ਨੂੰ ਚੰਗਾ ਹੈ ਜਿਨ੍ਹਾਂ ਦੇ ਹਿਰਦੇ ਸ਼ੁੱਧ ਹਨ।
2 ਮੈਂ ਬਸ ਤਿਲਕ ਹੀ ਗਿਆ ਸਾਂ
ਅਤੇ ਪਾਪ ਕਰਨੇ ਸ਼ੁਰੂ ਕਰ ਦਿੱਤੇ ਸਨ।
3 ਮੈਂ ਦੇਖਿਆ ਕਿ ਮੰਦੇ ਲੋਕ ਸਫ਼ਲ ਹੁੰਦੇ ਸਨ
ਅਤੇ ਮੈਂ ਉਨ੍ਹਾਂ ਗੁਮਾਨੀ ਲੋਕਾਂ ਨਾਲ ਈਰਖਾ ਕਰਨ ਲੱਗਾ।
4 ਉਹ ਲੋਕ ਸਿਹਤਮੰਦ ਹਨ।
ਉਨ੍ਹਾਂ ਨੂੰ ਬਚੇ ਰਹਿਣ ਲਈ ਸੰਘਰਸ਼ ਨਹੀਂ ਕਰਨਾ ਪੈਂਦਾ।
5 ਉਹ ਗੁਮਾਨੀ ਲੋਕ ਸਾਡੇ ਵਾਂਗ ਦੁੱਖ ਨਹੀਂ ਭੋਗਦੇ।
ਉਨ੍ਹਾਂ ਦੀਆਂ ਮੁਸੀਬਤਾਂ ਹੋਰਾਂ ਲੋਕਾਂ ਵਰਗੀਆਂ ਨਹੀਂ।
6 ਇਸੇ ਲਈ ਉਹ ਬਹੁਤ ਹੰਕਾਰੀ ਅਤੇ ਘਿਰਣਾਯੋਗ ਹਨ।
ਉਸ ਨੂੰ ਵੇਖਣਾ ਓਨਾ ਹੀ ਸੌਖਾ ਹੈ ਜਿੰਨਾ ਉਨ੍ਹਾਂ ਦੇ ਜਵਾਹਰਾਤਾਂ ਅਤੇ ਉਨ੍ਹਾਂ ਦੇ ਪਹਿਨੇ ਆਕਰਸ਼ਕ ਕੱਪੜਿਆ ਨੂੰ ਵੇਖਣਾ।
7 ਜੇ ਉਹ ਕਿਸੇ ਚੀਜ਼ ਨੂੰ ਦੇਖਦਿਆਂ ਹੀ ਪਸੰਦ ਕਰਦੇ ਹਨ ਤਾਂ ਉਹ ਅੱਗੇ ਵੱਧਕੇ ਹਾਸਲ ਕਰ ਲੈਂਦੇ ਹਨ।
ਉਹ ਮਨ ਭਾਉਂਦੀਆਂ ਗੱਲਾਂ ਕਰਦੇ ਹਨ।
8 ਉਹ ਲੋਕਾਂ ਬਾਰੇ, ਮੰਦੀਆਂ ਅਤੇ ਕਰੂਰ ਗੱਲਾਂ ਆਖਦੇ ਹਨ।
ਉਹ ਗੁਮਾਨੀ ਤੇ ਜ਼ਿੱਦੀ ਹਨ।
ਅਤੇ ਉਹ ਸਦਾ ਦੂਸਰੇ ਲੋਕਾਂ ਤੋਂ ਲਾਹਾ ਖੱਟਣ ਦੀਆਂ ਵਿਉਂਤਾਂ ਬਣਉਂਦੇ ਹਨ।
9 ਜਿਸ ਢੰਗ ਨਾਲ ਉਹ ਗੱਲਾਂ ਕਰਦੇ ਹਨ ਦਰਸਾਉਂਦਾ ਹੈ ਕਿ ਉਹ ਆਪਣੇ-ਆਪ ਨੂੰ ਦੇਵਤੇ ਸਮਝਦੇ ਹਨ।
ਉਹ ਸੋਚਦੇ ਹਨ ਕਿ ਉਹ ਧਰਤੀ ਦੇ ਹਾਕਮ ਹਨ।
10 ਇਸ ਲਈ ਪਰਮੇਸ਼ੁਰ ਦੇ ਬੰਦੇ ਵੀ ਉਨ੍ਹਾਂ ਕੋਲ ਆਉਂਦੇ ਹਨ
ਅਤੇ ਉਨ੍ਹਾਂ ਦੀਆਂ ਆਖੀਆਂ ਗੱਲਾਂ ਕਰਦੇ ਹਨ।
11 ਉਹ ਮੰਦੇ ਲੋਕ ਆਖਦੇ ਹਨ, “ਜੋ ਕੁਝ ਅਸੀਂ ਕਰਦੇ ਹਾਂ ਪਰਮੇਸ਼ੁਰ ਜਾਣਦਾ ਹੀ ਨਹੀਂ।
ਸਰਬ ਉੱਚ ਪਰਮੇਸ਼ੁਰ ਨੂੰ ਨਹੀਂ ਪਤਾ।”
12 ਉਹ ਗੁਮਾਨੀ ਲੋਕ ਕਮੀਨੇ ਹਨ,
ਪਰ ਉਹ ਅਮੀਰ ਹਨ ਅਤੇ ਉਹ ਹੋਰ ਅਮੀਰ ਹੁੰਦੇ ਜਾਂਦੇ ਹਨ।
13 ਇਸ ਲਈ ਮੈਂ ਆਪਣਾ ਹਿਰਦਾ ਸ਼ੁੱਧ ਕਿਉਂ ਕਰਾਂ?
ਮੈਂ ਆਪਣੇ ਹੱਥਾਂ ਨੂੰ ਸਾਫ਼ ਕਿਉਂ ਕਰਾਂ?
14 ਹੇ ਪਰਮੇਸ਼ੁਰ, ਮੈਂ ਸਾਰਾ ਦਿਨ ਦੁੱਖ ਭੋਗਦਾ ਹਾਂ।
ਅਤੇ ਤੁਸੀਂ ਹਰ ਸਵੇਰ ਮੈਨੂੰ ਦੁੱਖ ਦਿੰਦੇ ਹੋ।
15 ਹੇ ਪਰਮੇਸ਼ੁਰ, ਮੈਂ ਇਸ ਬਾਰੇ ਹੋਰਾਂ ਲੋਕਾਂ ਨਾਲ ਗੱਲ ਕਰਨੀ ਚਾਹੀ।
ਪਰ ਜੇਕਰ ਮੈਂ ਉਸ ਤਰ੍ਹਾਂ ਬੋਲਿਆ ਹੁੰਦਾ, ਮੈਂ ਬਿਲਕੁਲ ਉਨ੍ਹਾਂ ਜਿਹਾ ਹੋਵਾਂਗਾ।
ਮੈਂ ਤੁਹਾਡੇ ਲੋਕਾਂ ਨੂੰ ਧੋਖਾ ਦਿੱਤਾ ਹੁੰਦਾ।
16 ਮੈਂ ਇਹ ਗੱਲਾਂ ਸਮਝਣ ਦੀ ਬਹੁਤ ਕੋਸ਼ਿਸ਼ ਕੀਤੀ।
ਪਰ ਇਹ ਮੇਰੇ ਲਈ ਬਹੁਤ ਮੁਸ਼ਕਿਲ ਸੀ।
17 ਜਦੋਂ ਤੱਕ ਕਿ ਮੈਂ ਤੁਹਾਡੇ ਮੰਦਰ ਵਿੱਚ ਨਹੀਂ ਗਿਆ।
ਮੈਂ ਪਰਮੇਸ਼ੁਰ ਦੇ ਮੰਦਰ ਵਿੱਚ ਗਿਆ, ਅਤੇ ਫ਼ੇਰ ਮੈਂ ਸਮਝ ਗਿਆ ਸਾਂ।
18 ਹੇ ਪਰਮੇਸ਼ੁਰ, ਤੁਸੀਂ ਸੱਚਮੁੱਚ ਉਨ੍ਹਾਂ ਲੋਕਾਂ ਨੂੰ ਖਤਰਨਾਕ ਸਥਿਤੀ ਵਿੱਚ ਪਾ ਦਿੱਤਾ ਹੈ।
ਉਨ੍ਹਾਂ ਲਈ ਡਿੱਗ ਪੈਣਾ ਅਤੇ ਤਬਾਹ ਹੋ ਜਾਣਾ ਕਿੰਨਾ ਆਸਾਨ ਹੈ।
19 ਅਚਾਨਕ ਹੀ ਮੁਸੀਬਤ ਆ ਸੱਕਦੀ ਹੈ।
ਅਤੇ ਫ਼ੇਰ ਉਹ ਗੁਮਾਨੀ ਲੋਕ ਬਰਬਾਦ ਹੋ ਜਾਣਗੇ।
ਉਨ੍ਹਾਂ ਨਾਲ ਭਿਆਨਕ ਗੱਲਾਂ ਵਾਪਰ ਸੱਕਦੀਆਂ ਹਨ
ਅਤੇ ਫ਼ੇਰ ਉਹ ਖਤਮ ਹੋ ਜਾਣਗੇ।
20 ਯਹੋਵਾਹ, ਉਹ ਲੋਕ ਸੁਪਨੇ ਵਾਂਗ ਹੋਣਗੇ
ਜਿਸ ਨੂੰ ਅਸੀਂ ਜਾਗਣ ਉੱਤੇ ਭੁੱਲ ਜਾਂਦੇ ਹਾਂ।
ਤੁਸੀਂ ਉਨ੍ਹਾਂ ਨੂੰ ਸਾਡੇ ਸੁਪਨਿਆਂ ਦੇ ਦਾਨਵਾਂ
ਵਾਂਗ ਗਾਇਬ ਕਰ ਦਿਉਂਗੇ।
21-22 ਮੈਂ ਬਹੁਤ ਮੂਰਖ ਸਾਂ,
ਹਾਂ ਅਮੀਰਾਂ ਅਤੇ ਕਮੀਨੇ ਲੋਕਾਂ ਬਾਰੇ ਸੋਚਿਆ ਅਤੇ ਮੈਂ ਪਰੇਸ਼ਾਨ ਹੋ ਗਿਆ।
ਹੇ ਪਰਮੇਸ਼ੁਰ, ਮੈਂ ਬੇਚੈਨ ਅਤੇ ਤੁਹਾਡੇ ਉੱਤੇ ਗੁੱਸੇ ਸਾਂ
ਅਤੇ ਮੈਂ ਮੂਰਖ ਅਗਿਆਨੀ ਜਾਨਵਰ ਵਰਗਾ ਵਿਹਾਰ ਕੀਤਾ।
23 ਮੇਰੇ ਕੋਲ ਲੋੜੀਂਦੀ ਹਰ ਚੀਜ਼ ਹੈ। ਮੈਂ ਸਦਾ ਤੁਹਾਡੇ ਨਾਲ ਹਾਂ।
ਹੇ ਪਰਮੇਸ਼ੁਰ, ਤੁਸੀਂ ਮੇਰਾ ਹੱਥ ਫ਼ੜਿਆ ਹੈ।
24 ਹੇ ਪਰਮੇਸ਼ੁਰ ਤੁਸੀਂ ਮੇਰੀ ਅਗਵਾਈ ਕਰਦੇ ਹੋਂ ਅਤੇ ਨੇਕ ਸਲਾਹ ਦਿੰਦੇ ਹੋ।
ਅਤੇ ਬਾਅਦ ਵਿੱਚ ਤੁਸੀਂ ਮੈਨੂੰ ਮਹਿਮਾ ਵੱਲ ਲੈ ਜਾਵੋਂਗੇ।
25 ਹੇ ਪਰਮੇਸ਼ੁਰ, ਸਵਰਗ ਵਿੱਚ ਤੁਸੀਂ ਮੇਰੇ ਨਾਲ ਹੋਂ ਅਤੇ ਜਦੋਂ ਮੈਂ ਤੁਹਾਡੇ ਨਾਲ ਹੁੰਦਾ ਹਾਂ
ਮੈਂ ਧਰਤੀ ਉੱਤੇ ਹੋਰ ਕੀ ਪ੍ਰਾਪਤ ਕਰਨ ਦੀ ਆਸ ਰੱਖ ਸੱਕਦਾ ਹਾਂ।
26 ਸ਼ਾਇਦ ਮੇਰਾ ਮਨ ਤੇ ਸ਼ਰੀਰ ਨਸ਼ਟ ਹੋ ਜਾਣਗੇ ਪਰ ਮੇਰੇ ਕੋਲ ਇੱਕ ਚੱਟਾਨ ਹੈ
ਜਿਸ ਨੂੰ ਮੈਨੂੰ ਪਿਆਰ ਕਰਨਾ ਚਾਹੀਦਾ।
ਹਮੇਸ਼ਾ ਪਰਮੇਸ਼ੁਰ ਮੇਰੇ ਕੋਲ ਹੈ।
27 ਹੇ ਪਰਮੇਸ਼ੁਰ, ਜੋ ਲੋਕ ਤੁਹਾਨੂੰ ਛੱਡ ਜਾਂਦੇ ਹਨ, ਉਹ ਗੁੰਮ ਜਾਣਗੇ।
ਤੁਸੀਂ ਉਨ੍ਹਾਂ ਲੋਕਾਂ ਨੂੰ ਤਬਾਹ ਕਰ ਦਿਉਂਗੇ, ਜਿਹੜੇ ਤੁਹਾਡੇ ਵਫ਼ਾਦਾਰ ਨਹੀਂ ਹਨ।
28 ਜਿੱਥੇ ਤੀਕ ਮੇਰੀ ਗੱਲ ਹੈ, ਮੈਂ ਤਾਂ ਪਰਮੇਸ਼ੁਰ ਵੱਲ ਆ ਗਿਆ ਹਾਂ।
ਅਤੇ ਮੇਰੇ ਲਈ ਇਹ ਸ਼ੁਭ ਹੈ।
ਮੈਂ ਯਹੋਵਾਹ ਆਪਣੇ ਮਾਲਕ ਨੂੰ ਆਪਣਾ ਸੁਰੱਖਿਅਤ ਟਿਕਾਣਾ ਬਣਾ ਲਿਆ ਹੈ।
ਹੇ ਪਰਮੇਸ਼ੁਰ, ਮੈਂ ਉਨ੍ਹਾਂ ਸਮੂਹ ਗੱਲਾਂ ਬਾਰੇ ਦੱਸਣ ਆਇਆ ਹਾਂ ਜੋ ਤੁਸਾਂ ਕੀਤੀਆਂ ਹਨ।
2010 by World Bible Translation Center