Print Page Options
Previous Prev Day Next DayNext

Beginning

Read the Bible from start to finish, from Genesis to Revelation.
Duration: 365 days
Punjabi Bible: Easy-to-Read Version (ERV-PA)
Version
ਜ਼ਬੂਰ 58-65

ਨਿਰਦੇਸ਼ਕ ਲਈ, ਧੁਨੀ “ਬਰਬਾਦ ਨਾ ਕਰੋ” ਵਾਲੀ, ਦਾਊਦ ਦਾ ਇੱਕ ਭੱਗਤੀ ਗੀਤ।

58 ਹੇ ਨਿਆਂਕਾਰੋ, ਤੁਸੀਂ ਆਪਣੇ ਨਿਰਣਿਆਂ ਵਿੱਚ ਨਿਰਪੱਖ ਨਹੀਂ ਹੋ।
    ਤੁਸੀਂ ਲੋਕਾਂ ਦਾ ਨਿਆਂ ਨਿਰਪੱਖਤਾ ਨਾਲ ਨਹੀਂ ਕਰਦੇ।
ਨਹੀਂ, ਤੁਸੀਂ ਸਿਰਫ਼ ਬਦੀਆਂ ਬਾਰੇ ਸੋਚਦੇ ਹੋ।
    ਤੁਸੀਂ ਇਸ ਦੇਸ਼ ਵਿੱਚ ਹਿੰਸੱਕ ਜ਼ੁਰਮ ਕਰਦੇ ਹੋ।
ਉਨ੍ਹਾਂ ਬਦਕਾਰ ਬੰਦਿਆਂ ਨੇ ਮੰਦੇ ਕਾਰ ਜਨਮ ਤੋਂ ਹੀ ਸ਼ੁਰੂ ਕਰ ਦਿੱਤੇ ਸਨ।
    ਜਨਮ ਤੋਂ ਹੀ ਉਹ ਝੂਠੇ ਹਨ।
ਉਨ੍ਹਾਂ ਦਾ ਕ੍ਰੋਧ ਓਨਾ ਹੀ ਖਤਰਨਾਕ ਹੈ ਜਿੰਨਾ ਸੱਪ ਦਾ ਜ਼ਹਿਰ ਹੁੰਦਾ ਹੈ।
    ਅਤੇ ਉਹ ਫ਼ਨੀਅਰ ਵਾਂਗਰਾਂ ਨਹੀਂ ਸੁਣ ਸੱਕਦੇ ਉਹ ਸੱਚ ਨੂੰ ਸੁਣਨ ਤੋਂ ਇਨਕਾਰ ਕਰਦੇ ਹਨ।
ਫ਼ਨੀਅਰ ਸਪੇਰਿਆਂ ਦਾ ਗੀਤ ਜਾਂ ਸੰਗੀਤ ਨਹੀਂ ਸੁਣ ਸੱਕਦੇ।
    ਅਤੇ ਉਹ ਮੰਦੇ ਆਦਮੀ ਵੀ ਉਨ੍ਹਾਂ ਵਰਗੇ ਹੀ ਹਨ ਜਦੋਂ ਉਹ ਮੰਦੀਆਂ ਵਿਉਂਤਾ ਬਣਾਉਂਦੇ ਹਨ।

ਹੇ ਯਹੋਵਾਹ ਉਹ ਲੋਕ ਬਬਰ ਸ਼ੇਰਾਂ ਵਰਗੇ ਹਨ।
    ਇਸ ਲਈ ਯਹੋਵਾਹ ਉਨ੍ਹਾਂ ਦੇ ਦੰਦ ਤੋੜ ਦਿਉ।
ਉਹ ਲੋਕ ਨਾਲਿਆਂ ਵਿੱਚੋਂ ਪਾਣੀ ਵਾਂਗ ਅਲੋਪ ਹੋ ਜਾਣ।
    ਉਨ੍ਹਾਂ ਨੂੰ ਜੰਗਲੀ ਘਾਹ ਦੇ ਵਾਂਗ ਕੁਚਲੇ ਜਾਣ ਦਿਉ।
ਉਨ੍ਹਾਂ ਨੂੰ ਪਿਘਲ ਜਾਣ ਦਿਉ ਜਿਵੇਂ ਕਿ ਉਹ ਘੋਗਿਆਂ ਵਾਂਗ ਤੁਰਦੇ ਹਨ।
    ਉਨ੍ਹਾਂ ਨੂੰ ਉਸ ਬੱਚੇ ਵਾਂਗ ਸੂਰਜ ਦੀ ਰੌਸ਼ਨੀ ਨਾ ਵੇਖਣ ਦਿਉ ਜਿਹੜਾ ਮੁਰਦਾ ਜੰਮਿਆ ਸੀ।
ਉਨ੍ਹਾਂ ਨੂੰ ਕੰਡਿਆਂ ਵਾਂਗ ਛੇਤੀ ਤਬਾਹ ਹੋ ਜਾਣ ਦਿਉ।
    ਜਿਹੜੇ ਅੱਗ ਉੱਤੇ ਰੱਖੇ ਭਾਂਡੇ ਨੂੰ ਗਰਮ ਕਰਨ ਲਈ ਬਹੁਤ ਛੇਤੀ ਮੱਚਦੇ ਹਨ।

10 ਇੱਕ ਚੰਗਾ ਵਿਅਕਤੀ ਉਦੋਂ ਬਹੁਤ ਖੁਸ਼ ਹੋਵੇਗਾ
    ਜਦੋਂ ਉਹ ਦੁਸ਼ਟ ਲੋਕਾਂ ਨੂੰ ਉਨ੍ਹਾਂ ਦੀਆਂ ਦੁਸ਼ਟ ਕਰਨੀਆਂ ਲਈ ਜਿਹੜੀਆਂ ਉਨ੍ਹਾਂ ਨੇ ਕੀਤੀਆਂ, ਦੰਡ ਮਿਲਦਿਆਂ ਦੇਖੇਗਾ।
ਉਹ ਇੱਕ ਸਿਪਾਹੀ ਦੀ ਤਰ੍ਹਾਂ ਹੋਵੇਗਾ ਜਿਸਨੇ ਆਪਣੇ ਸਾਰੇ ਵੈਰੀਆਂ ਨੂੰ ਹਰਾ ਦਿੱਤਾ ਸੀ।
11 ਜਦੋਂ ਉਹ ਵਾਪਰੇਗਾ, ਲੋਕ ਆਖਣਗੇ, “ਚੰਗੇ ਲੋਕਾਂ ਨੂੰ ਸੱਚਮੁੱਚ ਇਨਾਮ ਦਿੱਤਾ ਗਿਆ ਹੈ।
    ਇੱਥੇ ਸੱਚਮੁੱਚ ਦੁਨੀਆਂ ਦਾ ਨਿਆਂ ਕਰਨ ਵਾਲਾ ਪਰਮੇਸ਼ੁਰ ਮੌਜੂਦ ਹੈ।”

ਨਿਰਦੇਸ਼ਕ ਲਈ: “ਬਰਬਾਦ ਨਾ ਕਰੋ” ਵਾਲੀ, ਦਾਊਦ ਦਾ ਉਸ ਵੇਲੇ ਦਾ ਇੱਕ ਭੱਗਤੀ ਗੀਤ। ਜਦੋਂ ਸ਼ਾਊਲ ਨੇ ਲੋਕਾਂ ਨੂੰ ਦਾਊਦ ਦੇ ਘਰ ਦੀ ਨਿਗਰਾਨੀ ਕਰਨ ਅਤੇ ਉਸ ਨੂੰ ਮਾਰਨ ਦੀ ਕੋਸ਼ਿਸ਼ ਕਰਨ ਲਈ ਭੇਜਿਆ ਸੀ।

59 ਹੇ ਪਰਮੇਸ਼ੁਰ, ਮੈਨੂੰ ਮੇਰੇ ਵੈਰੀਆਂ ਕੋਲੋਂ ਬਚਾ ਲੈ।
    ਉਨ੍ਹਾਂ ਲੋਕਾਂ ਨੂੰ ਹਰਾਉਣ ਵਿੱਚ ਮੇਰੀ ਸਹਾਇਤਾ ਕਰੋ ਜਿਹੜੇ ਮੇਰੇ ਨਾਲ ਲੜਨ ਲਈ ਆਏ ਹਨ।
ਮੈਨੂੰ ਉਨ੍ਹਾਂ ਲੋਕਾਂ ਕੋਲੋਂ ਬਚਾਉ ਜਿਹੜੇ ਮੰਦੇ ਕਾਰੇ ਕਰਦੇ ਹਨ।
    ਮੈਨੂੰ ਉਨ੍ਹਾਂ ਕਾਤਲਾਂ ਕੋਲੋਂ ਬਚਾਉ।
ਦੇਖੋ, ਤਕੜੇ ਆਦਮੀ ਮੇਰੀ ਉਡੀਕ ਵਿੱਚ ਹਨ,
    ਉਹ ਮੈਨੂੰ ਮਾਰ ਮੁਕਾਉਣ ਲਈ ਉਡੀਕ ਰਹੇ ਹਨ।
    ਭਾਵੇਂ ਮੈਂ ਕੋਈ ਗੁਨਾਹ ਜਾਂ ਜੁਰਮ ਨਹੀਂ ਕੀਤਾ।
ਮੈਂ ਕੁਝ ਵੀ ਗਲਤ ਨਹੀਂ ਕੀਤਾ, ਪਰ ਮੈਨੂੰ ਮਾਰਨ ਲਈ ਨੱਸੇ ਆਏ ਹਨ।
    ਯਹੋਵਾਹ ਆਉ, ਖੁਦ ਆਪਣੀਆਂ ਅੱਖਾਂ ਨਾਲ ਵੇਖੋ?
ਤੁਸੀਂ ਇਸਰਾਏਲ ਦੇ ਪਰਮੇਸ਼ੁਰ, ਪਰਮੇਸ਼ੁਰ ਯਹੋਵਾਹ ਸਰਬ ਸ਼ਕਤੀਮਾਨ ਹੋ।
    ਉੱਠੋ ਅਤੇ ਉਨ੍ਹਾਂ ਲੋਕਾਂ ਨੂੰ ਦੰਡ ਦੇਵੋ।
ਉਨ੍ਹਾਂ ਦੁਸ਼ਟ ਗੱਦਾਰਾਂ ਉੱਤੇ ਤਰਸ ਨਾ ਕਰੋ।

ਇਹ ਮੰਦੇ ਲੋਕ ਕੁੱਤਿਆਂ ਵਰਗੇ ਹਨ
    ਜਿਹੜੇ ਸ਼ਾਮ ਨੂੰ ਸ਼ਹਿਰ ਅੰਦਰ ਭੌਕਦੇ ਹੋਏ
    ਅਵਾਰਾ ਘੁੰਮਦੇ ਆ ਵੜਦੇ ਹਨ।
ਉਨ੍ਹਾਂ ਦੀਆਂ ਗਾਲ੍ਹਾਂ ਅਤੇ ਧਮਕੀਆਂ ਸੁਣੋ।
    ਉਹ ਬੜੀਆਂ ਜ਼ੁਲਮੀ ਗੱਲਾਂ ਆਖਦੇ ਹਨ
    ਅਤੇ ਇਹ ਵੀ ਖਿਆਲ ਨਹੀਂ ਕਰਦੇ ਕਿ ਉਨ੍ਹਾਂ ਨੂੰ ਕੌਣ ਸੁਣਦਾ ਹੈ।

ਯਹੋਵਾਹ, ਇਨ੍ਹਾਂ ਉੱਤੇ ਹੱਸੋ।
    ਇਨ੍ਹਾਂ ਲੋਕਾਂ ਦਾ ਮਜ਼ਾਕ ਉਡਾਉ।
ਮੈਂ ਤੁਹਾਡੇ ਲਈ ਉਸਤਤਿ ਦੇ ਗੀਤ ਗਾਵਾਂਗਾ।
    ਹੇ ਪਰਮੇਸ਼ੁਰ, ਤੁਸੀਂ ਹੀ ਉੱਚੇ ਪਰਬਤਾਂ ਅੰਦਰ, ਮੇਰਾ ਸੁਰੱਖਿਅਤ ਟਿਕਾਣਾ ਹੋ।
10 ਪਰਮੇਸ਼ੁਰ ਮੈਨੂੰ ਪਿਆਰ ਕਰਦਾ ਹੈ, ਅਤੇ ਉਹ ਮੇਰੀ ਜਿੱਤ ਲਈ ਸਹਾਇਤਾ ਕਰੇਗਾ।
    ਉਹ ਵੈਰੀਆਂ ਨੂੰ ਹਰਾਉਣ ਵਿੱਚ ਮੇਰੀ ਸਹਾਇਤਾ ਕਰੇਗਾ।
11 ਹੇ ਪਰਮੇਸ਼ੁਰ, ਜੇਕਰ ਤੁਸੀਂ ਉਨ੍ਹਾਂ ਨੂੰ ਸਿਰਫ਼ ਮਾਰੋਂਗੇ ਸ਼ਾਇਦ ਮੇਰੇ ਲੋਕ ਭੁੱਲ ਜਾਣ।
    ਇਸ ਲਈ ਮੇਰੇ ਮਾਲਕ ਅਤੇ ਰੱਖਿਅਕ, ਉਨ੍ਹਾਂ ਨੂੰ ਖਿੰਡਾ ਦਿਉ ਅਤੇ ਉਨ੍ਹਾਂ ਨੂੰ ਆਪਣੀ ਸ਼ਕਤੀ ਨਾਲ ਹਰਾ ਦਿਉ।
12 ਉਹ ਮੰਦੇ ਲੋਕ ਗਾਲ੍ਹਾਂ ਕੱਢਦੇ ਹਨ ਅਤੇ ਝੂਠ ਬੋਲਦੇ ਹਨ।
    ਉਨ੍ਹਾਂ ਨੂੰ ਉਨ੍ਹਾਂ ਦੇ ਆਖੇ ਦਾ ਦੰਡ ਦਿਉ।
    ਉਨ੍ਹਾਂ ਦੇ ਗੁਨਾਹ ਨੂੰ ਹੀ ਉਨ੍ਹਾਂ ਨੂੰ ਘੇਰਨ ਦਿਉ।
13 ਉਨ੍ਹਾਂ ਨੂੰ ਆਪਣੇ ਕਹਿਰ ਨਾਲ ਤਬਾਹ ਕਰ ਦਿਉ।
    ਉਨ੍ਹਾਂ ਨੂੰ ਪੂਰੀ ਤਰ੍ਹਾਂ ਬਰਬਾਦ ਕਰ ਦਿਉ।
ਫ਼ੇਰ ਦੁਨੀਆਂ ਦੇ ਸਾਰੇ ਲੋਕ ਜਾਣ ਲੈਣਗੇ ਕਿ ਪਰਮੇਸ਼ੁਰ ਇਸਰਾਏਲ ਵਿੱਚ ਰਾਜ ਕਰਦਾ ਹੈ।

14 ਉਹ ਮੰਦੇ ਲੋਕ ਸ਼ਾਮ ਨੂੰ ਭੌਕਦੇ ਕੁੱਤਿਆਂ ਵਾਂਗ
    ਘੁੰਮਦੇ ਸ਼ਹਿਰ ਅੰਦਰ ਆਉਂਦੇ ਹਨ।
15 ਉਹ ਭੋਜਨ ਦੀ ਤਲਾਸ਼ ਕਰਨਗੇ
    ਪਰ ਉਨ੍ਹਾਂ ਨੂੰ ਨਾ ਤਾਂ ਭੋਜਨ ਮਿਲੇਗਾ ਅਤੇ ਨਾ ਸੌਣ ਲਈ ਕੋਈ ਥਾਂ।
16 ਪਰ ਸਵੇਰੇ, ਮੈਂ ਤੁਹਾਨੂੰ ਉਸਤਤਿ ਦੇ ਆਪਣੇ ਗੀਤ ਗਾਵਾਂਗਾ।
    ਮੈਂ ਤੇਰੇ ਪਿਆਰ ਵਿੱਚ ਆਨੰਦ ਮਾਣਾਂਗਾ।
ਕਿਉਂਕਿ ਉੱਚੇ ਪਰਬਤਾਂ ਵਿੱਚ ਤੁਸੀਂ ਮੇਰਾ ਸੁਰੱਖਿਅਤ ਸਥਾਨ ਹੋ।
    ਅਤੇ ਜਦੋਂ ਮੁਸੀਬਤਾਂ ਆਉਂਦੀਆਂ ਹਨ ਤੁਸੀਂ ਹੀ ਮੇਰੀ ਸ਼ਰਨ ਹੋਂ।
17 ਮੈਂ ਤੁਹਾਨੂੰ ਉਸਤਤਿ ਦੇ ਆਪਣੇ ਗੀਤ ਗਾਵਾਂਗਾ।
    ਕਿਉਂਕਿ ਉੱਚੇ ਪਰਬਤਾਂ ਵਿੱਚ ਤੁਸੀਂ ਮੇਰਾ ਸੁਰੱਖਿਅਤ ਸਥਾਨ ਹੋ।

ਨਿਰਦੇਸ਼ਕ ਲਈ: “ਕਰਾਰ ਦੇ ਚਮੇਲੀ ਦਾ ਫ਼ੁੱਲ” ਦੀ ਧੁਨੀ। ਦਾਊਦ ਦਾ ਮਿਕਤਾਮ ਸਿੱਖਿਆ ਲਈ। ਇਹ ਉਸ ਵੇਲੇ ਦੀ ਗੱਲ ਹੈ ਜਦੋਂ ਦਾਊਦ ਅਰਮ ਨਹਰੈਮ ਅਤੇ ਅਰਮ ਸੋਬਾਹ ਨਾਲ ਲੜਿਆ, ਅਤੇ ਜਦੋਂ ਯੋਆਬ ਵਾਪਸ ਪਰਤਿਆ ਅਤੇ ਉਸ ਨੇ 12,000 ਅਦੋਮ ਸਿਪਾਹੀਆਂ ਨੂੰ ਨਮਕ ਦੀ ਵਾਦੀ ਵਿੱਚ ਹਰਾਇਆ।

60 ਪਰਮੇਸ਼ੁਰ, ਤੁਸੀਂ ਸਾਡੇ ਉੱਤੇ ਬਹੁਤ ਗੁੱਸੇ ਸੀ।
    ਇਸ ਲਈ ਤੁਸੀਂ ਸਾਨੂੰ ਨਾਮੰਜ਼ੂਰ ਕੀਤਾ ਅਤੇ ਸਾਨੂੰ ਤਬਾਹ ਕਰ ਦਿੱਤਾ।
    ਇਸ ਲਈ ਕਿਰਪਾ ਕਰਕੇ ਫ਼ੇਰ ਤੋਂ ਸਾਡਾ ਪੁਨਰ ਨਿਰਮਾਣ ਕਰੋ।
ਤੁਸੀਂ ਧਰਤੀ ਹਿਲਾ ਦਿੱਤੀ ਹੈ ਅਤੇ ਖੋਲ੍ਹਕੇ ਖਲਾਰ ਦਿੱਤੀ ਹੈ।
    ਸਾਡੀ ਦੁਨੀਆਂ ਬਿੱਖਰਦੀ ਜਾ ਰਹੀ ਹੈ।
    ਦਯਾ ਕਰੋ ਅਤੇ ਇਸ ਨੂੰ ਥਾਂ ਸਿਰ ਰੱਖੋ।
ਤੁਸੀਂ ਆਪਣੇ ਬੰਦਿਆਂ ਨੂੰ ਬਹੁਤ ਤਕਲੀਫ਼ਾਂ ਦਿੱਤੀਆਂ ਹਨ।
    ਅਸੀਂ ਡਿੱਗਦੇ, ਲੜਖੜ੍ਹਾਉਂਦੇ ਸ਼ਰਾਬੀ ਆਦਮੀਆਂ ਵਰਗੇ ਹਾਂ।
ਤੁਸਾਂ ਉਨ੍ਹਾਂ ਲੋਕਾਂ ਨੂੰ ਚੇਤਾਵਨੀ ਦਿੱਤੀ ਸੀ ਜਿਹੜੇ ਤੁਹਾਨੂੰ ਪੂਜਦੇ ਹਨ।
    ਹੁਣ ਉਹ ਵੈਰੀਆਂ ਤੋਂ ਬਚਕੇ ਨਿਕਲ ਸੱਕਦੇ ਹਨ।

ਆਪਣੀ ਮਹਾਨ ਸ਼ਕਤੀ ਵਰਤੋਂ ਅਤੇ ਸਾਨੂੰ ਬਚਾਉ।
    ਮੇਰੀ ਪ੍ਰਾਰਥਨਾ ਸੁਣੋ ਅਤੇ ਉਨ੍ਹਾਂ ਲੋਕਾਂ ਨੂੰ ਬਚਾ ਲਵੋ ਜਿਨ੍ਹਾਂ ਨੂੰ ਤੁਸੀ ਪਿਆਰ ਕਰਦੇ ਹੋਂ।

ਪਰਮੇਸ਼ੁਰ ਆਪਣੇ ਮੰਦਰ ਵਿੱਚ ਬੋਲਿਆ,
    ਮੈਂ ਇਸ ਨਾਲ ਬਹੁਤ ਖੁਸ਼ ਹਾਂ।” ਪਰਮੇਸ਼ੁਰ ਨੇ ਆਖਿਆ,
    “ਮੈਂ ਇਹ ਜ਼ਮੀਨ ਆਪਣੇ ਲੋਕਾਂ ਨਾਲ ਸਾਂਝੀ ਕਰਾਂਗਾ,
    ਮੈਂ ਉਨ੍ਹਾਂ ਨੂੰ ਸ਼ੇਚੇਮ ਦੇਵਾਂਗਾ।
    ਮੈਂ ਉਨ੍ਹਾਂ ਨੂੰ ਸੁੱਕੋਥ ਦੀ ਵਾਦੀ ਦੇਵਾਂਗਾ।
    ਗਿਲਆਦ ਤੇ ਮਾਨਾਸੇਹ ਮੇਰੇ ਹੋਣਗੇ।
    ਇਫ਼ਰਾਈਮ ਮੇਰੇ ਸਿਰ ਦੀ ਢਾਲ ਹੋਵੇਗਾ।
    ਯਹੂਦਾਹ ਮੇਰਾ ਸ਼ਾਹੀ ਡੰਡਾ ਹੋਵੇਗਾ।
    ਮੋਆਬ ਮੇਰੇ ਚਰਨ ਧੋਣ ਲਈ ਮੇਰਾ ਭਾਂਡਾ ਹੋਵੇਗਾ।
    ਇਡੋਮ ਮੇਰਾ ਦਾਸ ਹੋਵੇਗਾ ਜਿਹੜਾ ਮੇਰੀਆਂ ਖੜ੍ਹਾਵਾਂ ਚੁੱਕੇਗਾ।
    ਮੈਂ ਫ਼ਿਲਿਸਤੀਨੀ ਦੇ ਲੋਕਾਂ ਨੂੰ ਹਰਾ ਦਿਆਂਗਾ ਅਤੇ ਮੈਂ ਜਿੱਤ ਬਾਰੇ ਰੌਲਾ ਪਾਵਾਂਗਾ।”

9-10 ਪਰ ਹੇ ਪਰਮੇਸ਼ੁਰ, ਤੁਸੀਂ ਸਾਨੂੰ ਤਿਆਗ ਦਿੱਤਾ।
    ਤੁਸੀਂ ਸਾਡੀ ਫ਼ੌਜ ਨਾਲ ਨਹੀਂ ਗਏ।
ਇਸ ਲਈ ਮਜ਼ਬੂਤ ਸੁਰੱਖਿਅਤ ਸ਼ਹਿਰ ਵੱਲ ਨੂੰ ਮੇਰੀ ਅਗਵਾਈ ਕੌਣ ਕਰੇਗਾ।
    ਇਡੋਮ ਦੇ ਖਿਲਾਫ਼ ਲੜਨ ਵਿੱਚ ਮੇਰੀ ਸਹਾਇਤਾ ਕੌਣ ਕਰੇਗਾ।
11 ਹੇ ਪਰਮੇਸ਼ੁਰ, ਵੈਰੀਆਂ ਨੂੰ ਹਰਾਉਣ ਵਿੱਚ ਸਾਡੀ ਸਹਾਇਤਾ ਕਰੋ।
    ਲੋਕ ਮਦਦ ਨਹੀਂ ਕਰ ਸੱਕਦੇ।
12 ਸਿਰਫ਼ ਪਰਮੇਸ਼ੁਰ ਹੀ ਸਾਨੂੰ ਮਜ਼ਬੂਤ ਬਣਾ ਸੱਕਦਾ ਹੈ।
    ਸਿਰਫ਼ ਪਰਮੇਸ਼ੁਰ ਹੀ ਸਾਡੇ ਵੈਰੀਆਂ ਨੂੰ ਹਰਾ ਸੱਕਦਾ ਹੈ।

ਨਿਰਦੇਸ਼ਕ ਲਈ: ਤਾਰਾਂ ਵਾਲੇ ਸਾਜ਼ਾਂ ਨਾਲ ਦਾਊਦ ਦਾ ਇੱਕ ਗੀਤ।

61 ਹੇ ਪਰਮੇਸ਼ੁਰ, ਮੇਰੇ ਪ੍ਰਾਰਥਨਾ ਗੀਤ ਨੂੰ ਸੁਣੋ।
    ਮੇਰੀ ਪ੍ਰਾਰਥਨਾ ਸੁਣੋ।
ਮੈਂ ਕਿੱਥੇ ਵੀ, ਕਿੰਨਾ ਵੀ ਕਮਜ਼ੋਰ ਹੋਵਾਂ
    ਮੈਂ ਸਹਾਇਤਾ ਲਈ ਤੁਹਾਨੂੰ ਪੁਕਾਰਾਂਗਾ।
ਮੈਨੂੰ ਬਹੁਤ ਉੱਚਾ ਸੁਰੱਖਿਅਤ ਥਾਂ ਉੱਤੇ ਲੈ ਜਾਵੋ।
ਤੁਸੀਂ ਹੀ ਮੇਰਾ ਸੁਰੱਖਿਅਤ ਸਥਾਨ ਹੋ।
    ਤੁਸੀਂ ਹੀ ਮਜ਼ਬੂਤ ਬੁਰਜ ਹੋ ਜਿਹੜਾ ਮੈਨੂੰ ਮੇਰੇ ਵੈਰੀਆਂ ਤੋਂ ਬਚਾਉਂਦਾ ਹੈ।
ਮੈਂ ਹਮੇਸ਼ਾ ਲਈ ਤੁਹਾਡੇ ਤੰਬੂ ਵਿੱਚ ਰਹਿਣਾ ਚਾਹੁੰਦਾ ਹਾਂ।
    ਮੈਂ ਉੱਥੇ ਛੁਪ ਜਾਂਦਾ ਹਾਂ, ਜਿੱਥੇ ਤੁਸੀਂ ਮੇਰੀ ਰੱਖਿਆ ਕਰ ਸੱਕੋਂ।

ਪਰਮੇਸ਼ੁਰ, ਤੁਸਾਂ ਮੇਰੇ ਤੁਹਾਨੂੰ ਕੀਤੇ ਵਾਅਦੇ ਸੁਣੇ ਹਨ।
    ਪਰ ਜੋ ਕੁਝ ਵੀ ਤੁਹਾਡੇ ਉਪਾਸੱਕਾਂ ਕੋਲ ਹੈ ਤੁਹਾਡੇ ਵੱਲੋਂ ਆਉਂਦਾ ਹੈ।
ਰਾਜੇ ਨੂੰ ਲੰਮਾ ਜੀਵਨ ਦਿਉ।
    ਉਸ ਨੂੰ ਸਦਾ ਲਈ ਜਿਉਣ ਦਿਉ।
ਉਸ ਨੂੰ ਸਦਾ ਲਈ ਪਰਮੇਸ਼ੁਰ ਸੰਗ ਜਿਉਣ ਦਿਉ।
    ਆਪਣੇ ਸੱਚੇ ਪਿਆਰ ਨਾਲ ਉਸ ਦੀ ਰੱਖਿਆ ਕਰੋ।
ਅਤੇ ਮੈਂ ਸਦਾ-ਸਦਾ ਤੁਹਾਡੇ ਨਾਮ ਦੀ ਉਸਤਤਿ ਕਰਾਂਗਾ।
    ਹਰ ਰੋਜ਼ ਮੈਂ ਉਹੀ ਗੱਲਾਂ ਕਰਾਂਗਾ ਜਿਨ੍ਹਾਂ ਦਾ ਮੈਂ ਇਕਰਾਰ ਕੀਤਾ।

ਨਿਰਦੇਸ਼ਕ ਲਈ: ਯਦੂਥੂਨ ਨੂੰ। ਦਾਊਦ ਦਾ ਗੀਤ।

62 ਭਾਵੇਂ ਕੁਝ ਵੀ ਹੋਵੇ, ਮੇਰੀ ਆਤਮਾ ਸਬਰ ਨਾਲ ਪਰਮੇਸ਼ੁਰ ਲਈ ਇੰਤਜ਼ਾਰ ਕਰਦੀ ਹੈ।
    ਮੈਨੂੰ ਬਚਾਉਣ ਵਾਸਤੇ ਮੈਨੂੰ ਆਪਣੀ ਮੁਕਤੀ ਉਸਤੋਂ ਹੀ ਮਿਲਦੀ ਹੈ।
ਮੇਰੇ ਬਹੁਤ ਵੈਰੀ ਹਨ, ਪਰ ਪਰਮੇਸ਼ੁਰ ਮੇਰਾ ਕਿਲ੍ਹਾ ਹੈ।
    ਪਰਮੇਸ਼ੁਰ ਮੈਨੂੰ ਬਚਾਉਂਦਾ ਹੈ।
ਪਰਮੇਸ਼ੁਰ ਉੱਚੇ ਪਰਬਤਾਂ ਉੱਤੇ ਮੇਰਾ ਸੁਰੱਖਿਆ ਦਾ ਟਿਕਾਣਾ ਹੈ।
    ਵੱਡੀ ਫ਼ੌਜ ਵੀ ਮੈਨੂੰ ਨਹੀਂ ਹਰਾ ਸੱਕਦੀ।

ਤੁਸੀਂ ਕਿੰਨਾ ਕੁ ਚਿਰ ਮੇਰੇ ਉੱਪਰ ਹਮਲਾ ਕਰੋਂਗੇ?
    ਮੈਂ ਤਾਂ ਇੱਕ ਝੁਕੀ ਹੋਈ ਕੰਧ ਹਾਂ,
ਇੱਕ ਵਾੜ, ਜਿਹੜੀ ਡਿੱਗਣ ਲਈ ਤਿਆਰ ਹੈ।
ਮੇਰੇ ਕੋਲ ਮਹੱਤਵਪੂਰਣ ਦਰਜੇ ਹੋਣ ਦੇ ਬਾਵਜੂਦ ਵੀ
    ਉਹ ਲੋਕ ਮੈਨੂੰ ਤਬਾਹ ਕਰਨ ਦਿਆਂ ਵਿਉਂਤਾ ਬਣਾ ਰਹੇ ਹਨ।
ਇਸਤੋਂ ਉਨ੍ਹਾਂ ਨੂੰ ਮੇਰੇ ਬਾਰੇ ਬੋਲਕੇ ਖੁਸ਼ੀ ਮਿਲਦੀ ਹੈ।
    ਲੋਕਾਂ ਸਾਹਮਣੇ ਉਹ ਮੇਰੇ ਬਾਰੇ ਚੰਗਾ ਬੋਲਦੇ ਹਨ
    ਪਰ ਲੁਕਵੇਂ ਤੌਰ ਤੇ ਮੈਨੂੰ ਗਾਲ੍ਹਾਂ ਕੱਢਦੇ ਹਨ।

ਮੇਰੀ ਆਤਮਾ ਪਰਮੇਸ਼ੁਰ ਦਾ ਮੈਨੂੰ ਬਚਾਉਣ ਲਈ ਸਬਰ ਨਾਲ ਇੰਤਜ਼ਾਰ ਕਰਦੀ ਹੈ।
    ਪਰਮੇਸ਼ੁਰ ਹੀ ਮੇਰੀ ਇੱਕੋ-ਇੱਕ ਉਮੀਦ ਹੈ।
ਪਰਮੇਸ਼ੁਰ ਮੇਰਾ ਕਿਲ੍ਹਾ ਹੈ। ਪਰਮੇਸ਼ੁਰ ਮੈਨੂੰ ਬਚਾਉਂਦਾ ਹੈ।
    ਉੱਚੇ ਪਰਬਤਾਂ ਉੱਤੇ ਪਰਮੇਸ਼ੁਰ ਹੀ ਮੇਰਾ ਸੁਰੱਖਿਅਤ ਟਿਕਾਣਾ ਹੈ।
ਮੇਰੀ ਮਹਿਮਾ ਅਤੇ ਜਿੱਤ ਪਰਮੇਸ਼ੁਰ ਵੱਲੋਂ ਆਉਂਦੀ ਹੈ।
    ਉਹੀ ਮੇਰਾ ਮਜ਼ਬੂਤ ਕਿਲ੍ਹਾ ਹੈ। ਪਰਮੇਸ਼ੁਰ ਮੇਰਾ ਸੁਰੱਖਿਅਤ ਟਿਕਾਣਾ ਹੈ।
ਹੇ ਲੋਕੋ, ਹਰ ਸਮੇਂ ਪਰਮੇਸ਼ੁਰ ਵਿੱਚ ਯਕੀਨ ਰੱਖੋ।
    ਪਰਮੇਸ਼ੁਰ ਨੂੰ ਤੁਹਾਡੀਆਂ ਮੁਸੀਬਤਾਂ ਬਾਰੇ ਦੱਸੋ।
    ਪਰਮੇਸ਼ੁਰ ਹੀ ਸਾਡਾ ਸੁਰੱਖਿਆ ਦਾ ਸਥਾਨ ਹੈ।

ਸੱਚਮੁੱਚ ਸਹਾਇਤਾ ਨਹੀਂ ਕਰ ਸੱਕਦੇ।
    ਸੱਚਮੁੱਚ ਤੁਸੀਂ ਉਨ੍ਹਾਂ ਉੱਤੇ ਸਹਾਇਤਾ ਲਈ ਵਿਸ਼ਵਾਸ ਨਹੀਂ ਕਰ ਸੱਕਦੇ।
ਪਰਮੇਸ਼ੁਰ ਦੇ ਮੁਕਾਬਲੇ ਉਹ ਨਿਗੂਣੇ ਹਨ,
    ਜਿਵੇਂ ਹਵਾ ਦਾ ਹਲਕਾ ਜਿਹਾ ਬੁੱਲਾ ਹੋਵੇ।
10 ਚੀਜ਼ਾਂ ਹਾਸਲ ਕਰਨ ਲਈ ਜ਼ੋਰੋ ਜ਼ੋਰੀ ਸ਼ਕਤੀ ਉੱਤੇ ਵਿਸ਼ਵਾਸ ਨਾ ਕਰੋ।
    ਇਹ ਨਾ ਸੋਚੋ ਕਿ ਕੋਈ ਚੀਜ਼ ਚੁਰਾਉਣ ਵਿੱਚ ਤੁਹਾਨੂੰ ਕੋਈ ਲਾਭ ਹੋਵੇਗਾ।
ਅਤੇ ਜੇਕਰ ਤੁਸੀਂ ਅਮੀਰ ਹੋ ਜਾਂਦੇ ਹੋ,
    ਅਮੀਰੀ ਉੱਤੇ ਆਪਣੀ ਸਹਾਇਤਾ ਲਈ ਵਿਸ਼ਵਾਸ ਨਾ ਕਰੋ।
11 ਪਰਮੇਸ਼ੁਰ ਆਖਦਾ ਹੈ, ਇੱਥੇ ਇੱਕੋ ਹੀ ਚੀਜ਼ ਹੈ ਜਿਸ ਉੱਤੇ ਤੁਸੀਂ ਨਿਰਭਰ ਕਰ ਸੱਕਦੇ ਹੋਂ ਅਤੇ ਮੈਨੂੰ ਇਸ ਉੱਤੇ ਵਿਸ਼ਵਾਸ ਹੈ,
    “ਪਰਮੇਸ਼ੁਰ ਵੱਲੋਂ ਮਜ਼ਬੂਤੀ ਆਉਂਦੀ ਹੈ।”

12 ਮੇਰੇ ਮਾਲਕ, ਤੁਹਾਡਾ ਪਿਆਰ ਅਸਲੀ ਹੈ।
    ਤੁਸੀਂ ਕਿਸੇ ਬੰਦੇ ਨੂੰ ਉਸ ਦੇ ਕਰਮਾਂ ਬਦਲੇ ਇਨਾਮ ਦਾ ਦੰਡ ਦਿੰਦੇ ਹੋ।

ਦਾਊਦ ਦਾ ਉਸ ਵੇਲੇ ਦਾ ਇੱਕ ਗੀਤ ਜਦੋਂ ਉਹ ਯਹੂਦਾਹ ਦੇ ਮਾਰੂਥਲ ਵਿੱਚ ਸੀ।

63 ਹੇ ਪਰਮੇਸ਼ੁਰ, ਤੁਸੀਂ ਮੇਰੇ ਪਰਮੇਸ਼ੁਰ ਹੋ।
    ਮੈਂ ਬੇਸਬਰੀ ਨਾਲ ਤੁਹਾਡਾ ਇੰਤਜ਼ਾਰ ਕਰ ਰਿਹਾ ਹਾਂ।
ਮੇਰੀ ਰੂਹ ਅਤੇ ਮੇਰਾ ਸ਼ਰੀਰ ਤੁਹਾਡੇ ਪਿਆਸੇ ਹਨ,
    ਜਿਵੇਂ ਬੰਜਰ ਜ਼ਮੀਨ ਪਾਣੀ ਤੋਂ ਬਿਨਾ ਹੁੰਦੀ ਹੈ।
ਹਾਂ, ਮੈਂ ਤੁਹਾਨੂੰ ਤੁਹਾਡੇ ਮੰਦਰ ਵਿੱਚ ਵੇਖਿਆ ਹੈ।
    ਤੁਹਾਡੀ ਸ਼ਾਨ ਅਤੇ ਸ਼ਕਤੀ ਦੇਖੀ ਹੈ।
ਤੁਹਾਡਾ ਪਿਆਰ ਜ਼ਿੰਦਗੀ ਨਾਲੋਂ ਬਿਹਤਰ ਹੈ।
    ਮੇਰੇ ਬੁਲ੍ਹ ਤੁਹਾਡੀ ਉਸਤਤਿ ਕਰਦੇ ਹਨ।
ਹਾਂ, ਮੈਂ ਆਪਣੀ ਜ਼ਿੰਦਗੀ ਵਿੱਚ ਤੁਹਾਡੀ ਉਸਤਤਿ ਕਰਾਂਗਾ।
    ਤੁਹਾਡੇ ਨਾਮ ਤੇ ਹੀ, ਮੈਂ ਪ੍ਰਾਰਥਨਾ ਲਈ ਆਪਣੇ ਹੱਥ ਚੁੱਕਦਾ ਹਾਂ।
ਮੈਂ ਇੰਝ ਸੰਤੁਸ਼ਟ ਹੋ ਜਾਵਾਂਗਾ ਜਿਵੇਂ ਸਭ ਤੋਂ ਵੱਧੀਆ ਭੋਜਨ ਕੀਤਾ ਹੋਵੇ।
    ਅਤੇ ਖੁਸ਼ੀ ਭਰੇ ਬੁਲ੍ਹਾਂ ਨਾਲ ਮੇਰਾ ਮੁੱਖ ਤੁਹਾਡੀ ਉਸਤਤਿ ਕਰੇਗਾ।
ਮੈਂ ਆਪਣੇ ਪਲੰਘ ਉੱਤੇ ਲੇਟਿਆ ਹੋਇਆ ਤੁਹਾਨੂੰ ਯਾਦ ਕਰਾਂਗਾ।
    ਮੈਂ ਤੁਹਾਨੂੰ ਅੱਧੀ ਰਾਤ ਵੇਲੇ ਯਾਦ ਕਰਾਂਗਾ।
ਸੱਚਮੁੱਚ ਤੁਸੀਂ ਮੇਰੀ ਸਹਾਇਤਾ ਕੀਤੀ।
    ਮੈਂ ਖੁਸ਼ ਹਾ ਕਿ ਤੁਸੀਂ ਮੇਰੀ ਰੱਖਿਆ ਕੀਤੀ ਹੈ।
ਮੇਰੀ ਰੂਹ ਤੁਹਾਡੇ ਨਾਲ ਚੁੰਬੜੀ ਹੈ
    ਅਤੇ ਤੁਸੀਂ ਮੇਰਾ ਹੱਥ ਫ਼ੜਿਆ ਹੋਇਆ ਹੈ।

ਕੁਝ ਲੋਕ ਮੈਨੂੰ ਮਾਰਨ ਦੀ ਕੋਸ਼ਿਸ਼ ਕਰ ਰਹੇ ਹਨ,
    ਪਰ ਉਹ ਤਬਾਹ ਹੋ ਜਾਣਗੇ ਉਹ ਆਪਣੀ ਕਬਰਾਂ ਵਿੱਚ ਡੂੰਘੇ ਜਾਣਗੇ।
10 ਉਹ ਤਲਵਾਰਾਂ ਨਾਲ ਮਾਰੇ ਜਾਣਗੇ।
    ਅਵਾਰਾ ਕੁੱਤੇ ਉਨ੍ਹਾਂ ਦੇ ਮੁਰਦਾ ਸਰੀਰਾਂ ਨੂੰ ਖਾਣਗੇ।
11 ਪਰ ਰਾਜਾ ਆਪਣੇ ਪਰਮੇਸ਼ੁਰ ਨਾਲ ਖੁਸ਼ ਹੋਵੇਗਾ।
    ਅਤੇ ਜਿਨ੍ਹਾਂ ਲੋਕਾਂ ਨੇ ਉਸਦਾ ਹੁਕਮ ਮੰਨਣ ਤੋਂ ਇਨਕਾਰ ਕੀਤਾ ਸੀ ਪਰਮੇਸ਼ੁਰ ਦੀ ਉਸਤਤਿ ਕਰਨਗੇ।
    ਕਿਉਂਕਿ, ਉਸ ਨੇ ਉਨ੍ਹਾਂ ਸਾਰੇ ਝੂਠਿਆਂ ਨੂੰ ਹਰਾ ਦਿੱਤਾ ਹੈ।

ਨਿਰਦੇਸ਼ਕ ਲਈ: ਦਾਊਦ ਦਾ ਇੱਕ ਗੀਤ।

64 ਹੇ ਪਰਮੇਸ਼ੁਰ, ਮੇਰੀ ਗੱਲ ਸੁਣੋ।
    ਮੇਰੇ ਵੈਰੀਆਂ ਨੇ ਮੈਨੂੰ ਧਮਕਾਇਆ ਹੈ। ਉਨ੍ਹਾਂ ਕੋਲੋਂ ਮੇਰੀ ਜ਼ਿੰਦਗੀ ਨੂੰ ਬਚਾਉ।
ਮੈਨੂੰ ਮੇਰੇ ਵੈਰੀਆਂ ਦੇ ਗੁਪਤ ਛੜਯਂਤਰਾਂ ਤੋਂ ਬਚਾਵੋ।
    ਮੈਨੂੰ ਉਨ੍ਹਾਂ ਬਦਕਾਰ ਲੋਕਾਂ ਕੋਲੋਂ ਛੁਪਾ ਲਵੋ।
ਉਨ੍ਹਾਂ ਨੇ ਮੇਰੇ ਬਾਰੇ ਬਹੁਤ ਝੂਠ ਬੋਲੇ ਹਨ।
    ਉਨ੍ਹਾਂ ਦੀਆਂ ਜੀਭਾਂ ਤੇਜ਼ ਤਲਵਾਰ ਜਿਹੀਆਂ ਹਨ, ਉਨ੍ਹਾਂ ਦੇ ਕੌੜੇ ਸ਼ਬਦ ਤੀਰਾਂ ਵਰਗੇ ਹਨ।
ਫ਼ੇਰ ਅਚਾਨਕ ਉਹ ਨਿਡਰ ਹੋਕੇ ਆਪਣੇ ਟਿਕਾਣਿਆ ਵਿੱਚੋਂ
    ਸਿੱਧੇ ਸਾਦੇ ਇਮਾਨਦਾਰ ਬੰਦਿਆਂ ਨੂੰ ਤੀਰ ਮਾਰਦੇ ਹਨ।
ਉਹ ਇੱਕ ਦੂਜੇ ਨੂੰ ਬੁਰਾ ਕਰਨ ਲਈ ਉਕਸਾਉਂਦੇ ਹਨ।
    ਉਹ ਆਪਣੇ ਫ਼ੰਦਿਆਂ ਨੂੰ ਵਿਛਾਉਣ ਬਾਰੇ ਗੱਲਾਂ ਕਰਦੇ ਹਨ।
    ਉਹ ਇੱਕ ਦੂਜੇ ਨੂੰ ਦੱਸਦੇ ਹਨ, “ਕੋਈ ਵੀ ਫ਼ੰਦਿਆਂ ਨੂੰ ਵੇਖਣ ਦੇ ਸਮਰਥ ਨਹੀਂ ਹੋਵੇਗਾ।
ਉਨ੍ਹਾਂ ਨੇ ਆਪਣੇ ਫ਼ੰਦੇ ਛੁਪਾਏ ਹੋਏ ਹਨ,
    ਉਹ ਆਪਣੇ ਸ਼ਿਕਾਰ ਨੂੰ ਲੱਭ ਰਹੇ ਹਨ।”
ਲੋਕ ਬਹੁਤ ਚਾਲਬਾਜ਼ ਹੋ ਸੱਕਦੇ ਹਨ,
    ਇਹ ਜਾਨਣਾ ਬਹੁਤ ਮੁਸ਼ਕਿਲ ਹੈ ਕਿ ਉਹ ਕਿਸ ਬਾਰੇ ਸੋਚ ਰਹੇ ਹਨ।
ਪਰ ਪਰਮੇਸ਼ੁਰ ਵੀ ਆਪਣੇ ਤੀਰ ਚੱਲਾ ਸੱਕਦਾ ਹੈ।
    ਅਤੇ ਇਸਤੋਂ ਪਹਿਲਾਂ ਕਿ ਉਹ ਮੰਦੇ ਲੋਕ ਜਾਨਣ ਉਹ ਘਾਇਲ ਹੋ ਜਾਂਦੇ ਹਨ।
ਦੁਸ਼ਟ ਲੋਕ ਹੋਰਾਂ ਲੋਕਾਂ ਨੂੰ ਨੁਕਸਾਨ ਪਹੁੰਚਾਉਣ ਲਈ ਵਿਉਂਤਾ ਬਣਾਉਂਦੇ ਹਨ।
    ਪਰ ਪਰਮੇਸ਼ੁਰ ਉਨ੍ਹਾਂ ਦੀਆਂ ਵਿਉਂਤਾ ਨੂੰ ਤਬਾਹ ਕਰ ਸੱਕਦਾ ਹੈ
ਅਤੇ ਉਨ੍ਹਾਂ ਮੰਦੀਆਂ ਗੱਲਾਂ ਨੂੰ ਉਨ੍ਹਾਂ ਨਾਲ ਹੀ ਵਾਪਰਨ ਲਾ ਸੱਕਦਾ ਹੈ।
    ਫ਼ੇਰ, ਹਰ ਕੋਈ ਜੋ ਉਨ੍ਹਾਂ ਨੂੰ ਵੇਖਦਾ, ਅਚਂਭੇ ਵਿੱਚ ਆਪਣਾ ਸਿਰ ਹਿਲਾਉਂਦਾ।
ਲੋਕੀਂ ਵੇਖਣਗੇ ਪਰਮੇਸ਼ੁਰ ਨੇ ਕੀ ਕੀਤਾ,
    ਉਹ ਉਸ ਬਾਰੇ ਹੋਰਾਂ ਲੋਕਾਂ ਨੂੰ ਦਸਣਗੇ
ਫ਼ੇਰ ਹਰ ਕੋਈ ਪਰਮੇਸ਼ੁਰ ਬਾਰੇ ਹੋਰ ਵੱਧੇਰੇ ਜਾਣ ਲਵੇਗਾ।
    ਉਹ ਡਰਨਾ ਅਤੇ ਉਸਦਾ ਆਦਰ ਕਰਨਾ ਸਿੱਖ ਲੈਣਗੇ।
10 ਇੱਕ ਚੰਗਾ ਵਿਅਕਤੀ ਯਹੋਵਾਹ ਦੀ ਸੇਵਾ ਕਰਕੇ ਬਹੁਤ ਖੁਸ਼ ਹੁੰਦਾ ਹੈ
    ਉਹ ਪਰਮੇਸ਼ੁਰ ਉੱਤੇ ਨਿਰਭਰ ਹੈ।
ਅਤੇ ਜਦੋਂ ਚੰਗੇ ਇਮਾਨਦਾਰ ਲੋਕ ਵੇਖਦੇ ਹਨ ਕਿ ਕੀ ਹੁੰਦਾ ਹੈ, ਉਹ ਯਹੋਵਾਹ ਦੀ ਉਸਤਤਿ ਕਰਦੇ ਹਨ।

ਨਿਰਦੇਸ਼ਕ ਲਈ: ਦਾਊਦ ਦਾ ਇੱਕ ਉਸਤਤਿ ਗੀਤ।

65 ਹੇ ਸੀਯੋਨ ਵਿੱਚ ਪਰਮੇਸ਼ੁਰ, ਮੈਂ ਤੇਰੀ ਉਸਤਤਿ ਕਰਦਾ ਹਾਂ।
    ਮੈਂ ਉਹ ਚੀਜ਼ਾਂ ਭੇਟ ਕਰਦਾ ਜਿਨ੍ਹਾਂ ਦਾ ਮੈਂ ਤੁਹਾਡੇ ਨਾਲ ਕੌਲ ਕੀਤਾ ਸੀ।
ਅਸੀਂ ਉਨ੍ਹਾਂ ਗੱਲਾਂ ਬਾਰੇ ਦਸਦੇ ਹਾਂ ਜਿਹੜੀਆਂ ਤੁਸਾਂ ਕੀਤੀਆਂ ਹਨ। ਸਾਡੀਆਂ ਪ੍ਰਾਰਥਨਾ ਸੁਣ,
    ਤੁਸੀਂ ਹਰ ਉਸ ਬੰਦੇ ਦੀਆਂ ਪ੍ਰਾਰਥਨਾ ਸੁਣਦੇ ਹੋ ਜਿਹੜਾ ਤੁਹਾਡੇ ਵੱਲ ਆਉਂਦਾ ਹੈ।
ਜਦੋਂ ਸਾਡੇ ਪਾਪ ਸਾਡੇ ਉੱਤੇ ਭਾਰੀ ਹੋ ਜਾਣ,
    ਤੂੰ ਉਨ੍ਹਾਂ ਪਾਪਾਂ ਨੂੰ ਮੁਆਫ਼ ਕਰ ਦੇਵੀਂ।
ਹੇ ਪਰਮੇਸ਼ੁਰ, ਤੁਸੀਂ ਆਪਣੇ ਲੋਕਾਂ ਦੀ ਚੋਣ ਕੀਤੀ।
    ਤੁਸਾਂ ਸਾਨੂੰ ਆਪਣੇ ਮੰਦਰ ਆਉਣ ਅਤੇ ਤੁਹਾਡੀ ਪੂਜਾ ਕਰਨ ਲਈ ਚੁਣਿਆ।
ਅਤੇ ਅਸੀਂ ਬਹੁਤ ਖੁਸ਼ ਹਾਂ।
    ਸਾਡੇ ਕੋਲ ਤੁਹਾਡੇ ਮੰਦਰ,
    ਤੁਹਾਡੇ ਮਹਿਲ ਵਿੱਚ ਬਹੁਤ ਸਾਰੀਆਂ ਅਦਭੁਤ ਚੀਜ਼ਾਂ ਹਨ।
ਹੇ ਪਰਮੇਸ਼ੁਰ, ਤੁਸੀਂ ਸਾਨੂੰ ਬਚਾਉਂਦੇ ਹੋ।
    ਜਦੋਂ ਚੰਗੇ ਲੋਕ ਤੈਨੂੰ ਪ੍ਰਾਰਥਨਾ ਕਰਦੇ ਹਨ,
ਤੂੰ ਉਨ੍ਹਾਂ ਨੂੰ ਸੁਣ ਅਤੇ ਹੈਰਾਨਕੁਨ ਕਾਰੇ ਕਰ।
    ਦੁਨੀਆਂ ਦੇ ਸਾਰੇ ਲੋਕ ਤੁਹਾਡੇ ਉੱਪਰ ਵਿਸ਼ਵਾਸ ਕਰਦੇ ਹਨ।
ਪਰਮੇਸ਼ੁਰ ਨੇ ਪਰਬਤਾਂ ਨੂੰ ਆਪਣੀ ਸ਼ਕਤੀ ਨਾਲ ਸਾਜਿਆ,
    ਅਸੀਂ ਉਸਦੀ ਸ਼ਕਤੀ ਆਪਣੇ ਚਾਰ-ਚੁਫ਼ੇਰੇ ਵੇਖਦੇ ਹਾਂ।
ਪਰਮੇਸ਼ੁਰ ਨੇ ਤੂਫ਼ਾਨੀ ਸਮੁੰਦਰਾਂ ਨੂੰ ਸ਼ਾਂਤ ਕੀਤਾ
    ਅਤੇ ਪਰਮੇਸ਼ੁਰ ਨੇ ਧਰਤੀ ਉੱਤੇ ਲੋਕਾਂ ਦੇ ਸਮੁੰਦਰ ਬਣਾਏ।
ਦੁਨੀਆਂ ਦੇ ਸਾਰੇ ਲੋਕੀਂ ਉਨ੍ਹਾਂ ਗੱਲਾਂ ਬਾਰੇ ਹੈਰਾਨ ਹਨ ਜੋ ਤੁਸੀਂ ਕਰਦੇ ਹੋਂ।
    ਸੂਰਜ ਦਾ ਚੜ੍ਹ੍ਹਨਾ ਅਤੇ ਛੁਪਨਾ ਸਾਨੂੰ ਕਿੰਨੀ ਖੁਸ਼ੀ ਦਿੰਦਾ ਹੈ।
ਤੁਸੀਂ ਧਰਤੀ ਦੀ ਪਾਲਣਾ ਕਰਦੇ ਹੋਂ,
    ਤੁਸੀਂ ਇਸ ਨੂੰ ਸਿੰਜਦੇ ਹੋ ਅਤੇ ਇਸ ਉੱਪਰ ਚੀਜ਼ਾਂ ਉਗਾਉਂਦੇ ਹੋ।
ਹੇ ਪਰਮੇਸ਼ੁਰ, ਤੁਸੀਂ ਨਦੀਆਂ ਨੂੰ ਪਾਣੀ ਨਾਲ ਭਰਦੇ ਹੋਂ
    ਅਤੇ ਫ਼ਸਲਾਂ ਨੂੰ ਉੱਗਣ ਦੇ ਕਾਬਿਲ ਬਣਾਉਂਦੇ ਹੋ।
10 ਤੁਸੀਂ ਵਾਹੇ ਹੋਏ ਖੇਤਾਂ ਤੇ ਵਰੱਖਾ ਕਰਦੇ ਹੋ,
    ਤੁਸੀਂ ਖੇਤਾਂ ਨੂੰ ਪਾਣੀ ਨਾਲ ਸਿੰਜਦੇ ਹੋ,
ਤੁਸੀਂ ਵਰੱਖਾ ਨਾਲ ਧਰਤੀ ਨੂੰ ਨਰਮ ਬਣਾਉਂਦੇ ਹੋ,
    ਅਤੇ ਛੋਟੇ ਪੌਦਿਆਂ ਨੂੰ ਉਗਾਉਂਦੇ ਹੋ।
11 ਤੁਸੀਂ ਨਵਾਂ ਸਾਲ ਚੰਗੀ ਫ਼ਸਲ ਨਾਲ ਸ਼ੁਰੂ ਕਰਦੇ ਹੋ,
    ਤੁਸੀਂ ਗੱਡਿਆ ਨੂੰ ਬਹੁਤ ਸਾਰੀਆਂ ਫ਼ਸਲਾਂ ਨਾਲ ਭਰ ਦਿੰਦੇ ਹੋ।
12 ਮਾਰੂਥਲ ਅਤੇ ਪਹਾੜ ਘਾਹ ਨਾਲ ਢੱਕੇ ਹੋਏ ਹਨ।
13 ਚਰਾਦਾਂ ਭੇਡਾਂ ਨਾਲ ਭਰੀਆਂ ਹੋਈਆਂ ਹਨ,
    ਵਾਦੀਆਂ ਅਨਾਜ ਨਾਲ ਭਰੀਆਂ ਹਨ,
ਹਰ ਕੋਈ ਗਾ ਰਿਹਾ ਹੈ ਅਤੇ ਖੁਸ਼ੀ ਭਰੀਆਂ ਕਿਲਕਾਰੀਆਂ ਮਾਰ ਰਿਹਾ ਹੈ।

Punjabi Bible: Easy-to-Read Version (ERV-PA)

2010 by World Bible Translation Center