Beginning
ਨਿਰਦੇਸ਼ਕ ਲਈ : ਦਾਊਦ ਦਾ ਇੱਕ ਗੀਤ।
40 ਮੈਂ ਯਹੋਵਾਹ ਨੂੰ ਪੁਕਾਰਿਆ ਅਤੇ ਉਸ ਨੇ ਮੇਰੀ ਪੁਕਾਰ ਸੁਣੀ।
ਉਸ ਨੇ ਮੇਰੀਆਂ ਚੀਕਾਂ ਸੁਣੀਆਂ।
2 ਯਹੋਵਾਹ ਨੇ ਮੈਨੂੰ ਕਬਰ ਤੋਂ ਬਚਾ ਲਿਆ।
ਉਸ ਨੇ ਮੈਨੂੰ ਚਿੱਕੜ ਵਿੱਚੋਂ ਉਤਾਹਾਂ ਚੁੱਕਿਆ।
ਉਸ ਨੇ ਮੈਨੂੰ ਚੁੱਕਿਆ ਅਤੇ ਠੋਸ ਧਰਤੀ ਉੱਤੇ ਸਥਾਪਿਤ ਕੀਤਾ
ਅਤੇ ਮੇਰੇ ਪੈਰ ਨੂੰ ਤਿਲਕਣ ਤੋਂ ਬਚਾਇਆ।
3 ਪਰਮੇਸ਼ੁਰ ਨੇ ਮੇਰੇ ਮੂੰਹ ਵਿੱਚ ਇੱਕ ਨਵਾਂ ਗੀਤ ਪਾਇਆ।
ਮੇਰੇ ਪਰਮੇਸ਼ੁਰ ਦੀ ਉਸਤਤਿ ਦਾ ਗੀਤ।
ਬਹੁਤ ਸਾਰੇ ਲੋਕ ਗਵਾਹੀ ਦੇਣਗੇ ਕਿ ਮੇਰੇ ਨਾਲ ਕੀ ਵਾਪਰਿਆ ਅਤੇ ਉਹ ਪਰਮੇਸ਼ੁਰ ਦੀ ਉਪਾਸਨਾ ਕਰਨਗੇ।
ਉਨ੍ਹਾਂ ਨੂੰ ਯਹੋਵਾਹ ਵਿੱਚ ਭਰੋਸਾ ਹੋਵੇਗਾ।
4 ਜੇ ਕੋਈ ਵਿਅਕਤੀ ਯਹੋਵਾਹ ਵਿੱਚ ਆਪਣੀ ਆਸਥਾ ਰੱਖਦਾ ਹੈ, ਉਹ ਸੱਚਮੁੱਚ ਖੁਸ਼ ਹੋਵੇਗਾ।
ਉਹ ਵਿਅਕਤੀ ਸੱਚਮੁੱਚ ਖੁਸ਼ ਹੋਵੇਗਾ ਜੋ ਮਦਦ ਲਈ ਭੂਤਾਂ ਅਤੇ ਝੂਠੇ ਦੇਵਤਿਆਂ ਵੱਲ ਨਹੀਂ ਤੱਕਦਾ।
5 ਯਹੋਵਾਹ, ਸਾਡੇ ਪਰਮੇਸ਼ੁਰ ਤੁਸੀਂ ਬਹੁਤ ਅਦਭੁਤ ਗੱਲਾਂ ਕੀਤੀਆਂ ਹਨ।
ਸਾਡੇ ਲਈ ਤੁਹਾਡੀਆਂ ਅਦਭੁਤ ਯੋਜਨਾਵਾਂ ਹਨ।
ਜਿਨ੍ਹਾਂ ਸਾਰੀਆਂ ਦੀ ਕੋਈ ਵੀ ਗਿਣਤੀ ਨਹੀਂ ਕਰ ਸੱਕਦਾ।
ਮੈਂ ਇਨ੍ਹਾਂ ਗੱਲਾਂ ਬਾਰੇ ਬਾਰ-ਬਾਰ ਦੱਸਾਂਗਾ ਜਿਹੜੀਆਂ ਗਿਣਤੀ ਬਾਹਰੀਆਂ ਹਨ।
6 ਯਹੋਵਾਹ, ਤੁਸੀਂ ਮੈਨੂੰ ਇਹੀ ਸਮਝਾਇਆ;
ਅਸਲ ਵਿੱਚ, ਤੁਹਾਨੂੰ ਬਲੀਆਂ ਅਤੇ ਅੰਨ੍ਹ ਦੇ ਚੜ੍ਹਾਵੇ ਨਹੀਂ ਚਾਹੀਦੇ।
ਤੁਹਾਨੂੰ ਸੱਚਮੁੱਚ ਹੋਮ ਚੜ੍ਹਾਵੇ ਅਤੇ ਪਾਪ ਦੇ ਚੜ੍ਹਾਵੇ ਨਹੀਂ ਚਾਹੀਦੇ।
7 ਇਸ ਲਈ ਮੈਂ ਆਖਿਆ, “ਮੈਂ ਇੱਥੇ ਹਾਂ।
ਮੈਨੂੰ ਲੈ ਜਾਉ। ਮੈਂ ਆ ਰਿਹਾ।
ਮੇਰੇ ਬਾਰੇ ਪੁਸਤਕ ਵਿੱਚ ਇਹ ਲਿਖਿਆ ਗਿਆ ਹੈ।
8 ਮੇਰੇ ਪਰਮੇਸ਼ੁਰ ਮੈਂ ਉਹੀ ਕਰਨਾ ਚਾਹੁੰਦਾ ਹਾਂ ਜੋ ਤੁਸੀਂ ਚਾਹੁੰਦੇ ਹੋ।
ਮੈਂ ਤੁਹਾਡੀਆਂ ਸਿੱਖਿਆਵਾਂ ਤੋਂ ਵਾਕਿਫ਼ ਹਾਂ।”
9 ਮੈਂ ਲੋਕਾਂ ਨੂੰ ਮਹਾਂ ਸਭਾ ਵਿੱਚ ਤੇਰੀ ਜਿੱਤ ਬਾਰੇ ਖੁਸ਼ਖਬਰੀ ਦੱਸੀ।
ਅਤੇ ਯਹੋਵਾਹ, ਤੁਸੀਂ ਜਾਣਦੇ ਹੋ, ਮੈਂ ਕਦੇ ਵੀ ਉਹ ਖੁਸ਼ਖਬਰੀ ਦੇਣ ਤੋਂ ਨਹੀਂ ਰੁਕਾਂਗਾ।
10 ਹੇ ਯਹੋਵਾਹ, ਮੈਂ ਤੇਰੀਆਂ ਕੀਤੀਆਂ ਚੰਗੀਆਂ ਗੱਲਾਂ ਬਾਰੇ ਦੱਸਿਆ।
ਮੈਂ ਉਨ੍ਹਾਂ ਗੱਲਾਂ ਨੂੰ ਦਿਲ ਅੰਦਰ ਨਹੀਂ ਛੁਪਾਇਆ।
ਯਹੋਵਾਹ, ਮੈਂ ਲੋਕਾਂ ਨੂੰ ਦੱਸਿਆ ਕਿ ਉਹ ਆਪਣੇ ਬਚਾਉ ਲਈ ਤੁਹਾਡੇ ਉੱਪਰ ਨਿਰਭਰ ਕਰ ਸੱਕਦੇ ਹਨ।
ਮੈਂ ਸਭਾ ਵਿੱਚ ਲੋਕਾਂ ਕੋਲੋਂ ਤੁਹਾਡੀ ਨਿਸ਼ਠਾ ਅਤੇ ਤੁਹਾਡਾ ਸੱਚਾ ਪਿਆਰ ਨਹੀਂ ਲੁਕੋਇਆ।
11 ਇਸ ਲਈ ਯਹੋਵਾਹ, ਮੇਰੇ ਪਾਸੋਂ ਆਪਣਾ ਰਹਮ ਨਾ ਛੁਪਾਉ।
ਤੁਹਾਡੀ ਦਯਾ ਅਤੇ ਵਫ਼ਾਦਾਰੀ ਨੂੰ ਮੇਰੀ ਰੱਖਿਆ ਕਰਨ ਦਿਉ।
12 ਬੁਰੇ ਲੋਕੀਂ ਮੈਨੂੰ ਘੇਰੀ ਬੈਠੇ ਹਨ।
ਉਨ੍ਹਾਂ ਦੀ ਗਿਣਤੀ ਬੇਸ਼ੁਮਾਰ ਹੈ।
ਮੈਨੂੰ ਮੇਰੇ ਗੁਨਾਹਾਂ ਨੇ ਫ਼ੜ ਲਿਆ ਹੈ
ਅਤੇ ਮੈਂ ਉਨ੍ਹਾਂ ਤੋਂ ਨਹੀਂ ਬਚ ਸੱਕਦਾ।
ਉਹ ਗਿਣਤੀ ਵਿੱਚ ਮੇਰੇ ਸਿਰ ਦੇ ਵਾਲਾਂ ਨਾਲੋਂ ਵੀ ਵੱਧ ਹਨ,
ਇਸ ਲਈ ਮੈਂ ਆਪਣਾ ਹੌਂਸਲਾ ਹਾਰ ਗਿਆ ਹਾਂ।
13 ਯਹੋਵਾਹ, ਮੇਰੇ ਕੋਲ ਨੱਸੱਕੇ ਆਉ ਅਤੇ ਮੈਨੂੰ ਬਚਾ ਲਵੋ।
ਯਹੋਵਾਹ ਛੇਤੀ ਆਉ ਅਤੇ ਮੇਰੀ ਸਹਾਇਤਾ ਕਰੋ।
14 ਉਹ ਮੰਦੇ ਲੋਕ ਮੈਨੂੰ ਮਾਰਨ ਦੀ ਕੋਸ਼ਿਸ਼ ਵਿੱਚ ਹਨ।
ਯਹੋਵਾਹ, ਉਨ੍ਹਾਂ ਲੋਕਾਂ ਨੂੰ ਸ਼ਰਮਸਾਰ ਅਤੇ ਨਾ ਉੱਮੀਦ ਕਰੋ।
ਉਹ ਲੋਕ ਮੈਨੂੰ ਦੁੱਖ ਦੇਣਾ ਚਾਹੁੰਦੇ ਹਨ।
ਉਨ੍ਹਾਂ ਨੂੰ ਸ਼ਰਮਸਾਰ ਹੋਕੇ ਭੱਜ ਜਾਣ ਦਿਉ।
15 ਉਹ ਮੰਦੇ ਲੋਕ ਮੇਰਾ ਮਜ਼ਾਕ ਉਡਾ ਰਹੇ ਹਨ।
ਉਨ੍ਹਾਂ ਨੂੰ ਬੋਲਣ ਤੋਂ ਵੀ ਸੰਗਾਉ।
16 ਉਨ੍ਹਾਂ ਲੋਕਾਂ ਨੂੰ, ਜਿਹੜੇ ਤੁਹਾਡੇ ਕੋਲ ਆਉਂਦੇ ਹਨ ਉਨ੍ਹਾਂ ਨੂੰ ਖੁਸ਼ੀ ਅਤੇ ਆਨੰਦ ਮਨਾਉਣ ਦਿਉ।
ਉਹ ਤੁਹਾਡੇ ਦੁਆਰਾ ਬਚਾਏ ਜਾਣ ਨੂੰ ਪਸੰਦ ਕਰਦੇ ਹਨ।
ਇਸ ਲਈ ਉਨ੍ਹਾਂ ਨੂੰ ਹਮੇਸ਼ਾ ਆਖਣ ਦਿਉ, “ਯਹੋਵਾਹ ਦੀ ਉਸਤਤਿ ਕਰੋ।”
17 ਮਾਲਕ, ਮੈਂ ਸਿਰਫ਼ ਇੱਕ ਕੰਗਾਲ ਅਤੇ ਬੇਸਹਾਰਾ ਬੰਦਾ ਹਾਂ।
ਮੇਰੀ ਸਹਾਇਤਾ ਕਰੋ।
ਮੈਨੂੰ ਬਚਾਉ।
ਮੇਰੇ ਪਰਮੇਸ਼ੁਰ ਬਹੁਤ ਦੇਰੀ ਨਾ ਲਾਵੋ।
ਨਿਰਦੇਸ਼ਕ ਲਈ: ਦਾਊਦ ਦਾ ਇੱਕ ਗੀਤ।
41 ਜੋ ਬੰਦਾ ਗਰੀਬਾਂ ਦੀ ਸਹਾਇਤਾ ਕਰਦਾ ਹੈ ਉਹ ਸਫ਼ਲਤਾ ਲਈ ਬਹੁਤ ਅਸੀਸਾਂ ਪ੍ਰਾਪਤ ਕਰੇਗਾ।
ਜਦੋਂ ਮੁਸੀਬਤਾਂ ਆਉਣਗੀਆਂ, ਯਹੋਵਾਹ ਉਸ ਬੰਦੇ ਨੂੰ ਬਚਾਵੇਗਾ।
2 ਯਹੋਵਾਹ ਉਸ ਬੰਦੇ ਦੀ ਰੱਖਿਆ ਕਰੇਗਾ ਅਤੇ ਉਸਦੀ ਜ਼ਿੰਦਗੀ ਬਚਾਵੇਗਾ।
ਉਹ ਬੰਦਾ ਧਰਤੀ ਉੱਤੇ ਸੁਭਾਗਾ ਹੋਵੇਗਾ।
ਪਰਮੇਸ਼ੁਰ ਉਸ ਬੰਦੇ ਨੂੰ ਆਪਣੇ ਦੁਸ਼ਮਣਾਂ ਹੱਥੋਂ ਤਬਾਹ ਨਹੀਂ ਹੋਣ ਦੇਵੇਗਾ।
3 ਜਦੋਂ ਉਹ ਬੰਦਾ ਬਿਮਾਰ ਅਤੇ ਲਾਚਾਰ ਹੋਵੇਗਾ, ਯਹੋਵਾਹ ਉਸ ਨੂੰ ਤਾਕਤ ਦੇਵੇਗਾ।
ਉਹ ਬੰਦਾ ਬਿਮਾਰੀ ਵਿੱਚ ਮੰਜੇ ਉੱਤੇ ਪਿਆ ਹੋ ਸੱਕਦਾ, ਪਰ ਪਰਮੇਸ਼ੁਰ ਉਸ ਨੂੰ ਨਿਰੋਗ ਕਰੇਗਾ।
4 ਮੈਂ ਆਖਿਆ, “ਯਹੋਵਾਹ, ਮੇਰੇ ਉੱਤੇ ਮਿਹਰ ਕਰੋ।
ਮੈਂ ਤੁਹਾਡੇ ਵਿਰੁੱਧ ਗੁਨਾਹ ਕੀਤਾ, ਮੇਰਾ ਪਾਪ ਮੁਆਫ਼ ਕਰ ਦਿਉ ਅਤੇ ਮੈਨੂੰ ਨਿਰੋਗ ਕਰ ਦਿਉ।”
5 ਮੇਰੇ ਦੁਸ਼ਮਣ ਮੇਰੇ ਬਾਰੇ ਮੰਦੀਆਂ ਗੱਲਾਂ ਆਖਦੇ ਹਨ।
ਉਹ ਆਖ ਰਹੇ ਹਨ, “ਉਹ ਕਦੋਂ ਮਰੇਗਾ ਅਤੇ ਭੁਲਾਇਆ ਜਾਵੇਗਾ।”
6 ਲੋਕ ਮੈਨੂੰ ਮਿਲਣ ਆਉਂਦੇ ਹਨ ਪਰ ਉਸ ਬਾਰੇ ਨਹੀਂ ਦੱਸਦੇ ਜੋ ਉਹ ਅਸਲ ਵਿੱਚ ਸੋਚ ਰਹੇ ਹਨ।
ਉਹ ਬਸ ਮੇਰੀ ਖਬਰ ਲੈਣ ਖਾਤਿਰ ਆਉਂਦੇ ਹਨ।
ਫ਼ੇਰ ਉਹ ਚੱਲੇ ਜਾਂਦੇ ਹਨ
ਅਤੇ ਆਪਣੀ ਅਫ਼ਵਾਹਾਂ ਫ਼ੈਲਾਉਂਦੇ ਹਨ।
7 ਮੇਰੇ ਦੁਸ਼ਮਣ ਮੇਰੇ ਬਾਰੇ ਬੁਰੀ ਖੁਸਰ-ਫ਼ੁਸਰ ਕਰਦੇ ਹਨ।
ਉਹ ਮੇਰੇ ਬਾਰੇ ਛੜਯੰਤਰ ਰਚ ਰਹੇ ਹਨ।
8 ਉਹ ਆਖਦੇ ਹਨ, “ਉਸਨੇ ਕੋਈ ਗਲਤ ਗੱਲ ਕੀਤੀ ਹੈ।
ਇਸੇ ਕਾਰਣ ਉਹ ਬਿਮਾਰ ਹੈ।
ਮੈਨੂੰ ਉਮੀਦ ਹੈ ਉਹ ਕਦੇ ਵੀ ਚੰਗਾ ਨਹੀਂ ਹੋਵੇਗਾ।”
9 ਮੇਰੇ ਸਭ ਤੋਂ ਚੰਗੇ ਦੋਸਤ ਨੇ ਮੇਰੇ ਨਾਲ ਭੋਜਨ ਕੀਤਾ।
ਮੈਂ ਉਸ ਉੱਤੇ ਭਰੋਸਾ ਕੀਤਾ। ਪਰ ਹੁਣ ਉਹ ਵੀ ਮੇਰੇ ਖਿਲਾਫ਼ ਹੋ ਗਿਆ ਹੈ।
10 ਇਸ ਲਈ ਯਹੋਵਾਹ, ਮੇਰੇ ਉੱਤੇ ਮਿਹਰ ਕਰੋ।
ਮੈਨੂੰ ਉੱਠ ਖਲੋਣ ਦਿਉ ਅਤੇ ਮੈਂ ਉਨ੍ਹਾਂ ਨੂੰ ਭਾਜੀ ਮੋੜਾਂਗਾ।
11 ਯਹੋਵਾਹ, ਅਜਿਹਾ ਕਰੋ ਕਿ ਮੇਰੇ ਦੁਸ਼ਮਣ ਮੈਨੂੰ ਦੁੱਖ ਨਾ ਦੇ ਸੱਕਣ।
ਫ਼ੇਰ ਮੈਂ ਜਾਣ ਜਾਵਾਂਗਾ ਕਿ ਤੁਸਾਂ ਉਨ੍ਹਾਂ ਨੂੰ ਮੈਨੂੰ ਸੱਟ ਮਾਰਨ ਲਈ ਨਹੀਂ ਭੇਜਿਆ।
12 ਮੈਂ ਬੇਕਸੂਰ ਸਾਂ ਅਤੇ ਤੁਸੀਂ ਮੈਨੂੰ ਸਹਾਰਾ ਦਿੱਤਾ।
ਤੁਸਾਂ ਮੈਨੂੰ ਖਲੋ ਜਾਣ ਦਿੱਤਾ ਅਤੇ ਤੁਸੀਂ ਸਦਾ ਲਈ ਮੇਰੀ ਸੇਵਾ ਕਰਨ ਦਿੱਤੀ।
13 ਯਹੋਵਾਹ, ਇਸਰਾਏਲ ਦੇ ਪਰਮੇਸ਼ੁਰ ਦੀ ਉਸਤਤਿ ਕਰੋ।
ਉਹ ਸਦਾ ਸੀ, ਅਤੇ ਸਦਾ ਵਾਸਤੇ ਹੀ ਰਹੇਗਾ।
ਆਮੀਨ ਫੇਰ ਆਮੀਨ।।
ਦੂਜਾ ਭਾਗ
(ਜ਼ਬੂਰ 42-72)
ਨਿਰਦੇਸ਼ਕ ਲਈ: ਕੋਰਹ ਪਰਿਵਾਰ ਦਾ ਇੱਕ ਭੱਗਤੀ ਗੀਤ।
42 ਇੱਕ ਹਿਰਨ ਨੂੰ ਵੱਗਦੀ ਧਾਰਾ ਦੇ ਪਾਣੀ ਦੀ ਪਿਆਸ ਲਗਦੀ ਹੈ।
ਹੇ ਪਰਮੇਸ਼ੁਰ, ਇਸੇ ਤਰ੍ਹਾਂ ਹੀ ਮੇਰੀ ਰੂਹ ਤੁਹਾਡੇ ਲਈ ਪਿਆਸੀ ਹੈ।
2 ਮੇਰੀ ਰੂਹ ਜਿਉਂਦੇ ਪਰਮੇਸ਼ੁਰ ਲਈ ਪਿਆਸੀ ਹੈ।
ਮੈਂ ਉਸ ਨੂੰ ਮਿਲਣ ਲਈ ਕਦੋਂ ਜਾ ਸੱਕਦਾ ਹਾਂ?
3 ਮੇਰਾ ਵੈਰੀ ਲਗਾਤਾਰ ਮੇਰਾ ਮਜ਼ਾਕ ਉਡਾਉਂਦਾ ਹੈ।
ਉਹ ਆਖਦਾ ਹੈ ਤੇਰਾ ਪਰਮੇਸ਼ੁਰ ਕਿੱਥੇ ਹੈ।
ਕੀ ਹਾਲੇ ਤੱਕ ਉਹ ਤੈਨੂੰ ਬਚਾਉਣ ਲਈ ਆਇਆ ਹੈ।
ਮੈਂ ਇੰਨਾ ਉਦਾਸ ਹਾਂ।
ਇਸ ਲਈ ਦਿਨ ਅਤੇ ਰਾਤ ਮੇਰਾ ਭੋਜਨ ਕੇਵਲ ਮੇਰੇ ਹੰਝੂ ਹੀ ਸਨ।
4 ਇਸ ਲਈ ਮੈਂ ਉਦੋਂ ਇਹ ਗੱਲਾਂ ਯਾਦ ਕਰਦਾ ਹਾਂ ਜਦੋਂ ਮੈਂ ਆਪਣੀ ਰੂਹ ਬਾਹਰ ਡੋਲ੍ਹ ਰਿਹਾ ਹੁੰਦਾ।
ਮੈਂ ਭੀੜਾਂ ਵਿੱਚੋਂ ਲੰਘਦਾ ਹੋਇਆ ਯਾਦ ਕਰਦਾ ਹਾਂ ਜਦੋਂ ਮੈਂ ਉਨ੍ਹਾਂ ਦੀ ਅਗਵਾਈ ਪਰਮੇਸ਼ੁਰ ਦੇ ਮੰਦਰ ਵੱਲ ਕਰਦਾ ਹਾਂ
ਮੈਂ ਉਸਤਤਿ ਦੇ ਖੁਸ਼ੀ ਭਰੇ ਗੀਤ ਯਾਦ ਕਰਦਾ ਹਾਂ
ਭੀੜਾਂ ਨੇ ਉਤਸਵਾਂ ਦੇ ਜਸ਼ਨ ਮਨਾਏ।
5-6 ਮੈਨੂੰ ਇੰਨਾ ਉਦਾਸ ਕਿਉਂ ਹੋਣਾ ਚਾਹੀਦਾ ਹੈ?
ਮੈਨੂੰ ਇੰਨਾ ਪਰੇਸ਼ਾਨ ਕਿਉਂ ਹੋਣਾ ਚਾਹੀਦਾ ਹੈ?
ਮੈਨੂੰ ਪਰਮੇਸ਼ੁਰ ਦੀ ਸਹਾਇਤਾ ਲਈ ਇੰਤਜ਼ਾਰ ਕਰਨਾ ਚਾਹੀਦਾ ਹੈ।
ਮੈਨੂੰ ਹਾਲੇ ਉਸਦੀ ਉਸਤਤਿ ਕਰਨ ਦਾ ਮੌਕਾ ਮਿਲੇਗਾ।
ਉਹ ਮੈਨੂੰ ਬਚਾ ਲਵੇਗਾ।
ਮੇਰੇ ਪਰਮੇਸ਼ੁਰ, ਮੈਂ ਕਿੰਨਾ ਉਦਾਸ ਹਾਂ।
ਇਸੇ ਲਈ ਮੈਂ ਯਰਦਨ ਘਾਟੀ ਤੋਂ,
ਹਰਮੋਨ ਦੇ ਪਰਬਤਾਂ ਤੋਂ ਅਤੇ ਮਿਸਰ ਪਰਬਤ ਤੋਂ ਤੁਹਾਡੇ ਲਈ ਪੁਕਾਰਿਆ।
7 ਮੈ ਸਮੁੰਦਰ ਤੋਂ ਲਹਿਰਾਂ ਦੇ ਟਕਰਾਉਣ ਦੀ ਅਵਾਜ਼ ਸੁਣਦਾ ਹਾਂ।
ਬਾਰ-ਬਾਰ ਮੇਰੇ ਉੱਤੇ ਸਮੁੰਦਰ ਵਿੱਚੋਂ ਲਹਿਰਾਂ ਆਉਣ ਵਾਂਗ ਮੁਸੀਬਤਾਂ ਆਈਆਂ ਹਨ।
8 ਯਹੋਵਾਹ ਮੈਨੂੰ ਆਪਣਾ ਪਿਆਰ ਦਿਨ ਦੇ ਸਮੇਂ ਦਰਸ਼ਾਵੇ,
ਤਾਂ ਜੋ ਮੈਂ ਰਾਤ ਵੇਲੇ ਆਪਣੇ ਜਿਉਂਦੇ ਪਰਮੇਸ਼ੁਰ ਨੂੰ ਪ੍ਰਾਰਥਨਾ ਦੇ ਤੌਰ ਤੇ ਗੀਤ ਗਾਵਾਂਗਾ।
9 ਮੈਂ ਪਰਮੇਸ਼ੁਰ ਨੂੰ ਆਪਣੀ ਚੱਟਾਨ ਆਖਦਾ ਹਾਂ,
“ਤੁਸਾਂ ਮੈਨੂੰ ਕਿਉਂ ਭੁਲਾ ਦਿੱਤਾ ਹੈ।
ਮੈਂ ਆਪਣੇ ਦੁਸ਼ਮਣਾਂ ਦੇ ਇੰਨੇ ਜ਼ੁਲਮ ਕਿਉਂ ਝੱਲਾ?”
10 ਮੇਰਾ ਦੁਸ਼ਮਣ ਲਗਾਤਾਰ ਮੈਨੂੰ ਜ਼ਲੀਲ ਕਰਦਾ ਹੈ ਅਤੇ ਮਾਰੂ ਵਾਰ ਕਰਦਾ ਹੈ।
ਜਦੋਂ ਉਹ ਆਖਦਾ ਤੇਰਾ ਪਰਮੇਸ਼ੁਰ ਕਿੱਥੇ ਹੈ?
“ਉਹ ਅਜੇ ਤੱਕ ਤੈਨੂੰ ਬਚਾਉਣ ਆਇਆ ਹੈ?”
11 ਮੈਂ ਇੰਨਾ ਉਦਾਸ ਕਿਉਂ ਹੋਵਾਂ?
ਮੈਨੂੰ ਇੰਨਾ ਪਰੇਸ਼ਾਨ ਕਿਉਂ ਹੋਣਾ ਚਾਹੀਦਾ ਹੈ?
ਮੈਨੂੰ ਪਰਮੇਸ਼ੁਰ ਦੀ ਸਹਾਇਤਾ ਲਈ ਉਡੀਕਣਾ ਚਾਹੀਦਾ ਹੈ।
ਅਜੇ ਮੈਨੂੰ ਉਸਦੀ ਉਸਤਤਿ ਕਰਨ ਦਾ ਮੌਕਾ ਮਿਲੇਗਾ।
ਉਹ ਮੈਨੂੰ ਬਚਾ ਲਵੇਗਾ।
43 ਪਰਮੇਸ਼ੁਰ, ਇੱਕ ਬੰਦਾ ਹੈ, ਜਿਹੜਾ ਤੁਹਾਡਾ ਵਫ਼ਾਦਾਰ ਚੇਲਾ ਨਹੀਂ ਹੈ।
ਉਹ ਕਪਟੀ ਹੈ ਅਤੇ ਉਹ ਝੂਠ ਬੋਲਦਾ ਹੈ।
ਹੇ ਪਰਮੇਸ਼ੁਰ, ਮੈਨੂੰ ਉਸ ਬੰਦੇ ਤੋਂ ਬਚਾਵੀਂ।
ਮੇਰੀ ਰੱਖਿਆ ਕਰੀਂ ਅਤੇ ਸਾਬਤ ਕਰ ਦੇਵੀਂ ਕਿ ਮੈਂ ਸਹੀ ਹਾਂ।
2 ਹੇ ਪਰਮੇਸ਼ੁਰ ਤੁਸੀਂ ਮੇਰੀ ਓਟ ਹੋ।
ਤੁਸੀਂ ਮੈਨੂੰ ਕਿਉਂ ਛੱਡ ਦਿੱਤਾ।
ਆਪਣੇ ਦੁਸ਼ਮਣ ਦੇ ਜ਼ੁਲਮ ਸਦਕਾ
ਮੈਂ ਇੰਨੀ ਉਦਾਸੀ ਕਿਉਂ ਝੱਲਾਂ?
3 ਹੇ ਪਰਮੇਸ਼ੁਰ, ਆਪਣੇ ਨੂਰ ਅਤੇ ਸੱਚ ਨੂੰ ਮੇਰੇ ਉੱਪਰ ਚਮਕਣ ਦਿਉ।
ਤੁਹਾਡਾ ਨੂਰ ਅਤੇ ਸੱਚ ਮੈਨੂੰ ਰਾਹ ਦਿਖਾਵੇਗਾ।
ਉਹ ਤੁਹਾਡੇ ਪਵਿੱਤਰ ਪਹਾੜ ਵੱਲ ਮੇਰੀ ਅਗਵਾਈ ਕਰਨਗੇ।
4 ਮੈਂ ਪਰਮੇਸ਼ੁਰ ਦੀ ਜਗਵੇਦੀ ਉੱਪਰ ਆਵਾਂਗਾ।
ਮੈਂ ਉਸ ਪਰਮੇਸ਼ੁਰ ਵੱਲ ਆਵਾਂਗਾ ਜਿਹੜਾ ਮੈਨੂੰ ਬਹੁਤ ਖੁਸ਼ ਕਰਦਾ ਹੈ।
ਹੇ ਯਹੋਵਾਹ, ਮੇਰੇ ਪਰਮੇਸ਼ੁਰ, ਮੈਂ
ਰਬਾਬ ਨਾਲ ਤੇਰੀ ਉਸਤਤਿ ਕਰਾਂਗਾ।
5 ਮੈਂ ਇੰਨਾ ਉਦਾਸ ਕਿਉਂ ਹਾਂ?
ਮੈਂ ਇੰਨਾ ਪਰੇਸ਼ਾਨ ਕਿਉਂ ਹਾਂ?
ਮੈਨੂੰ ਪਰਮੇਸ਼ੁਰ ਦੀ ਸਹਾਇਤਾ ਲਈ ਉਡੀਕ ਕਰਨੀ ਚਾਹੀਦੀ ਹੈ।
ਮੈਨੂੰ ਅਜੇ ਪਰਮੇਸ਼ੁਰ ਦੀ ਉਸਤਤਿ ਕਰਨ ਦਾ ਮੌਕਾ ਮਿਲੇਗਾ।
ਉਹ ਮੈਨੂੰ ਬਚਾ ਲਵੇਗਾ।
ਨਿਰਦੇਸ਼ਕ ਲਈ: ਕੋਰਹ ਦਾ ਇੱਕ ਭੱਗਤੀ ਗੀਤ।
44 ਹੇ ਪਰਮੇਸ਼ੁਰ। ਅਸੀਂ ਤੁਹਾਡੇ ਬਾਰੇ ਸੁਣਿਆ ਹੈ।
ਸਾਡੇ ਪੁਰਖਿਆਂ ਨੇ ਜੋ ਵੀ ਤੁਸੀਂ ਉਨ੍ਹਾਂ ਦੇ ਜੀਵਨ ਕਾਲ ਵਿੱਚ ਕੀਤਾ ਸਾਨੂੰ ਦੱਸਿਆ।
ਉਨ੍ਹਾਂ ਨੇ ਉਸ ਬਾਰੇ ਵੀ ਦੱਸਿਆ ਜੋ ਤੁਸੀਂ ਬਹੁਤ ਪਹਿਲਾਂ ਕੀਤਾ ਸੀ।
2 ਹੇ ਪਰਮੇਸ਼ੁਰ, ਇਹ ਧਰਤੀ ਤੁਸਾਂ ਹੋਰਾਂ ਪਾਸੋਂ ਆਪਣੀ ਮਹਾਨ ਸ਼ਕਤੀ ਰਾਹੀਂ ਜਿੱਤ ਲਈ ਸੀ।
ਅਤੇ ਇਹ ਅਸਾਂ ਨੂੰ ਸੌਂਪ ਦਿੱਤੀ ਸੀ।
ਤੁਸਾਂ ਉਨ੍ਹਾਂ ਵਿਦੇਸ਼ੀਆਂ ਨੂੰ ਕੁਚਲ ਦਿੱਤਾ ਸੀ।
ਤੁਸੀਂ ਉਨ੍ਹਾਂ ਨੂੰ ਇਸ ਧਰਤੀ ਵਿੱਚੋਂ ਬਾਹਰ ਕੱਢ ਦਿੱਤਾ।
3 ਇਹ ਸਾਡੇ ਪੁਰਖਿਆਂ ਦੀਆਂ ਤਲਵਾਰਾਂ ਨਹੀਂ ਸਨ ਜਿਨ੍ਹਾਂ ਨੇ ਇਹ ਜ਼ਮੀਨ ਦਿੱਤੀ ਸੀ।
ਇਹ ਉਨ੍ਹਾਂ ਦਾ ਬਾਹੂਬਲ ਨਹੀਂ ਸੀ ਜਿਸਨੇ ਉਨ੍ਹਾਂ ਨੂੰ ਜੇਤੂ ਬਣਾਇਆ।
ਇਹ ਇਸ ਲਈ ਸੀ ਕਿਉਂਕਿ ਤੁਸੀਂ ਸਾਡੇ ਪੁਰਖਿਆਂ ਦੀ ਰੱਖਵਾਲੀ ਕਰ ਰਹੇ ਸੀ।
ਹੇ ਪਰਮੇਸ਼ੁਰ, ਤੁਹਾਡੀ ਮਹਾਂ ਸ਼ਕਤੀ ਨੇ ਸਾਡੇ ਪੁਰਖਿਆਂ ਨੂੰ ਬਚਾਇਆ।
ਕਿਉਂ? ਕਿਉਂਕਿ ਤੁਸਾਂ ਉਨ੍ਹਾਂ ਨੂੰ ਪਸੰਦ ਕੀਤਾ।
4 ਮੇਰੇ ਪਰਮੇਸ਼ੁਰ, ਤੁਸੀਂ ਮੇਰੇ ਪਾਤਸ਼ਾਹ ਹੋ।
ਆਦੇਸ਼ ਦਿਉ ਅਤੇ ਯਾਕੂਬ ਦੇ ਲੋਕਾਂ ਦੀ ਜਿੱਤ ਵੱਲ ਅਗਵਾਈ ਕਰੋ।
5 ਹੇ ਪਰਮੇਸ਼ੁਰ ਤੁਹਾਡੀ ਮਦਦ ਨਾਲ, ਅਸੀਂ ਆਪਣੇ ਦੁਸ਼ਮਣਾਂ ਨੂੰ ਪਿੱਛਾਂਹ ਧੱਕ ਦੇਵਾਂਗੇ।
ਤੁਹਾਡਾ ਨਾਮ ਲੈ ਕੇ ਅਸੀਂ ਆਪਣੇ ਦੁਸ਼ਮਣਾਂ ਨੂੰ ਕੁਚਲ ਦਿਆਂਗੇ।
6 ਮੈਨੂੰ ਆਪਣੇ ਤੀਰਾਂ ਅਤੇ ਕਮਾਣ ਉੱਤੇ ਇਤਬਾਰ ਨਹੀਂ
ਮੇਰੀ ਤਲਵਾਰ ਮੈਨੂੰ ਨਹੀਂ ਬਚਾ ਸੱਕਦੀ।
7 ਹੇ ਪਰਮੇਸ਼ੁਰ ਤੁਸਾਂ ਸਾਨੂੰ ਮਿਸਰ ਕੋਲੋਂ ਬਚਾਇਆ
ਤੁਸੀਂ ਸਾਡੇ ਦੁਸ਼ਮਣਾਂ ਨੂੰ ਸ਼ਰਮਸਾਰ ਕਰ ਦਿੱਤਾ ਸੀ।
8 ਅਸੀਂ ਪਰਮੇਸ਼ੁਰ ਦੀ ਦਿਨ ਭਰ ਉਸਤਤਿ ਕੀਤੀ ਹੈ।
ਅਤੇ ਅਸੀਂ ਤੁਹਾਡੇ ਨਾਮ ਦੀ ਸਦਾ-ਸਦਾ ਉਸਤਤਿ ਕਰਾਂਗੇ।
9 ਪਰ, ਹੇ ਪਰਮੇਸ਼ੁਰ, ਤੁਸਾਂ ਸਾਨੂੰ ਛੱਡ ਦਿੱਤਾ ਅਤੇ ਸਾਨੂੰ ਸ਼ਰਮਸਾਰ ਕਰ ਦਿੱਤਾ।
ਤੁਸੀਂ ਸਾਡੇ ਸੰਗ ਮੈਦਾਨੇ ਜੰਗ ਵਿੱਚ ਨਹੀਂ ਆਏ।
10 ਤੁਸਾਂ ਸਾਡੇ ਦੁਸ਼ਮਣਾਂ ਨੂੰ ਸਾਨੂੰ ਪਿੱਛਾਂਹ ਧੱਕਣ ਦਿੱਤਾ।
ਸਾਡੇ ਦੁਸ਼ਮਣਾਂ ਨੇ ਸਾਡੀ ਦੌਲਤ ਲੈ ਲਈ।
11 ਤੁਸੀਂ ਸਾਨੂੰ ਭੇਡਾਂ ਵਾਂਗ ਰੋਟੀ ਦੀ ਤਰ੍ਹਾਂ ਦੇ ਦਿੱਤਾ।
ਤੁਸੀਂ ਸਾਨੂੰ ਕੌਮਾਂ ਵਿੱਚ ਖਿਲਰਨ ਲਈ ਮਜਬੂਰ ਕੀਤਾ।
12 ਹੇ ਪਰਮੇਸ਼ੁਰ, ਤੁਸੀਂ ਆਪਣੇ ਲੋਕਾਂ ਨੂੰ ਬਿਨਾ ਮੁੱਲ ਤੋਂ ਵੇਚ ਦਿੱਤਾ ਸੀ।
13 ਸਾਡੇ ਗੁਆਂਢੀ ਦੇਸ਼ਾਂ ਲਈ ਤੁਸਾਂ ਸਾਨੂੰ ਇੱਕ ਮਜ਼ਾਕ ਬਣਾ ਦਿੱਤਾ।
ਉਹ ਸਾਡੇ ਉੱਪਰ ਹੱਸਦੇ ਹਨ ਅਤੇ ਸਾਡਾ ਮਜ਼ਾ ਉਡਾਉਂਦੇ ਹਨ।
14 ਅਸੀਂ ਲੋਕਾਂ ਵੱਲੋਂ ਸੁਣਾਏ ਜਾਂਦੇ ਕਿਸੇ ਚੁਟਕਲੇ ਵਰਗੇ ਹਾਂ।
ਬਿਨ ਕੌਮਾਂ ਦੇ ਲੋਕ ਵੀ ਸਾਡੇ ਉੱਤੇ ਹੱਸਦੇ ਹਨ ਅਤੇ ਸਿਰ ਹਿਲਾਉਂਦੇ ਹਨ।
15 ਮੈਂ ਸ਼ਰਮ ਵਿੱਚ ਡੁੱਬਿਆ ਹਾਂ।
ਮੈਂ ਸਾਰਾ ਦਿਨ ਆਪਣੀ ਸ਼ਰਮਿੰਦਗੀ ਨੂੰ ਤੱਕਦਾ ਹਾਂ।
16 ਮੈਂ ਸ਼ਰਮ ਨਾਲ ਮੂੰਹ ਛੁਪਾਉਂਦਾ ਹਾਂ, ਉਨ੍ਹਾਂ ਮਖੌਲਾਂ ਅਤੇ ਚੋਭਾਂ ਤੋਂ ਜੋ ਮੇਰੇ ਦੁਸ਼ਮਣਾਂ ਵੱਲੋਂ ਮੇਰੇ ਉੱਤੇ ਲਾਈਆਂ ਜਾਂਦੀਆਂ ਹਨ।
ਜੋ ਮੇਰੇ ਨਾਲ ਹਿਸਾਬ ਬਰਾਬਰ ਕਰਨਾ ਚਾਹੁੰਦੇ ਹਨ।
17 ਹੇ ਪਰਮੇਸ਼ੁਰ ਅਸੀਂ ਤੁਹਾਨੂੰ ਨਹੀਂ ਭੁੱਲੇ ਹਾਂ
ਫ਼ੇਰ ਵੀ ਤੁਸੀਂ ਇਹ ਗੱਲਾਂ ਸਾਡੇ ਨਾਲ ਕਰਦੇ ਹੋ।
ਅਸੀਂ ਉਦੋਂ ਝੂਠੇ ਨਹੀਂ ਸਾਂ ਜਦੋਂ ਅਸੀਂ ਉਸ ਇਕਰਾਰਨਾਮੇ ਉੱਤੇ ਹਸਤਾਖਰ ਕੀਤੇ ਸਨ ਜੋ ਅਸੀਂ ਤੁਹਾਡੇ ਨਾਲ ਕੀਤਾ ਸੀ।
18 ਹੇ ਪਰਮੇਸ਼ੁਰ, ਅਸੀਂ ਤੁਹਾਨੂੰ ਪਿੱਠ ਨਹੀਂ ਦਿੱਤੀ ਹੈ
ਅਸੀਂ ਤੁਹਾਡੀ ਅਗਵਾਈ ਨੂੰ ਨਹੀਂ ਛੱਡਿਆ ਹੈ।
19 ਪਰ ਹੇ ਪਰਮੇਸ਼ੁਰ, ਤੁਸੀਂ ਸਾਨੂੰ ਇਸ ਥਾਵੇਂ ਕੁਚਲ ਦਿੱਤਾ ਹੈ ਜਿੱਥੇ ਗਿੱਦੜ ਰਹਿੰਦੇ ਹਨ।
ਤੁਸੀਂ ਸਨੂੰ ਉਸ ਥਾਵੇਂ ਛੱਡ ਦਿੱਤਾ ਹੈ ਜੋ ਮੌਤ ਵਰਗੀ ਹਨੇਰੀ ਹੈ।
20 ਕੀ ਅਸੀਂ ਸਾਡੇ ਪਰਮੇਸ਼ੁਰ ਦਾ ਨਾਮ ਭੁੱਲ ਗਏ ਸੀ।
ਕੀ ਅਸਾਂ ਵਿਦੇਸ਼ੀ ਦੇਵਤਿਆਂ ਨੂੰ ਪ੍ਰਾਰਥਨਾ ਕੀਤੀ? ਨਹੀਂ?
21 ਅਵਸ਼ ਹੀ, ਪਰਮੇਸ਼ੁਰ ਇਨ੍ਹਾਂ ਗੱਲਾਂ ਨੂੰ ਜਾਣਦਾ ਹੈ।
ਉਹ ਸਾਡੇ ਡੂੰਘੇ ਭੇਤਾਂ ਨੂੰ ਵੀ ਜਾਣਦਾ ਹੈ।
22 ਹੇ ਪਰਮੇਸ਼ੁਰ, ਹਰ ਰੋਜ਼ ਅਸੀਂ ਤੁਹਾਡੇ ਲਈ ਮਰਦੇ ਹਾਂ।
ਅਸੀਂ ਉਨ੍ਹਾਂ ਭੇਡਾਂ ਵਰਗੇ ਸਾਂ ਜਿਨ੍ਹਾਂ ਨੂੰ ਮਾਰਨ ਵਾਸਤੇ ਲਿਜਾਇਆ ਜਾਣ ਵਾਲਾ ਹੁੰਦਾ ਹੈ।
23 ਉੱਠੋ, ਮੇਰੇ ਮਾਲਿਕ।
ਤੁਸੀਂ ਕਿਉਂ ਸੌਂ ਰਹੇ ਹੋ? ਉੱਠ ਪਵੋ।
ਸਾਨੂੰ ਸਦਾ ਲਈ ਛੱਡ ਕੇ ਨਾ ਜਾਵੋ।
24 ਹੇ ਪਰਮੇਸ਼ੁਰ, ਤੁਸੀਂ ਸਾਡੇ ਕੋਲੋਂ ਕਿਉਂ ਲੁਕ ਗਏ ਹੋਂ?
ਕੀ ਤੁਸੀਂ ਸਾਡੇ ਦੁੱਖਾਂ ਅਤੇ ਮੁਸੀਬਤਾਂ ਨੂੰ ਭੁੱਲ ਗਏ ਹੋ?
25 ਸਾਨੂੰ ਖਾਕ ਅੰਦਰ ਧੱਕ ਦਿੱਤਾ ਹੈ।
ਅਸੀਂ ਮੂਧੇ ਊਁਹ ਖਾਕ ਵਿੱਚ ਪਏ ਹਾਂ।
26 ਹੇ ਪਰਮੇਸ਼ੁਰ ਉੱਠੋ ਅਤੇ ਸਾਡੀ ਸਹਾਇਤਾ ਕਰੋ।
ਸਾਨੂੰ ਆਪਣੇ ਸੱਚੇ ਪਿਆਰ ਸਦਕਾ ਬਚਾ ਲਵੋ।
ਨਿਰਦੇਸ਼ਕ ਲਈ: “ਸੋਸਨ ਦੀ ਧੁਨ।” ਕੋਰਹ ਪਰਿਵਾਰ ਦਾ ਇੱਕ ਭੱਗਤੀ ਗੀਤ। ਇੱਕ ਪਿਆਰਾ ਗੀਤ।
45 ਮੇਰਾ ਮਨ ਸੁਹਣੇ ਸ਼ਬਦਾਂ ਨਾਲ ਭਰਿਆ ਹੈ
ਜਦੋਂ ਮੈਂ ਇਹ ਗੱਲਾਂ ਆਪਣੇ ਰਾਜੇ ਲਈ, ਲਿਖ ਰਿਹਾ ਹਾਂ।
ਮੇਰੀ ਜ਼ੁਬਾਨ ਵਿੱਚੋਂ ਸ਼ਬਦ ਇਉਂ ਨਿਕਲਦੇ ਹਨ
ਜਿਵੇਂ ਸ਼ਬਦ ਕਿਸੇ ਕੁਸ਼ਲ ਲਿਖਾਰੀ ਦੀ ਕਲਮ ਵਿੱਚੋਂ ਨਿਕਲਦੇ ਹਨ।
2 ਤੁਸੀਂ ਹਰ ਇੱਕ ਨਾਲੋਂ ਵੱਧੇਰੇ ਸੁਹਣੇ ਹੋ।
ਤੁਸੀਂ ਬਹੁਤ ਚੰਗੇ ਵਕਤਾ ਹੋ।
ਇਸੇ ਲਈ ਪਰਮੇਸ਼ੁਰ ਸਦੀਵੀ ਤੁਹਾਨੂੰ ਅਸੀਸ ਦੇਵੇਗਾ।
3 ਆਪਣੀ ਤਲਵਾਰ ਪਹਿਨ ਲਵੋ।
ਆਪਣੀ ਸ਼ਾਨਦਾਰ ਵਰਦੀ ਪਾ ਲਵੋ।
4 ਤੁਸੀਂ ਅਦਭੁਤ ਦਿਖਾਈ ਦਿੰਦੇ ਹੋ। ਜਾਉ ਨੇਕੀ ਅਤੇ ਨਿਰਪੱਖਤਾ ਲਈ ਲੜਾਈ ਜਿੱਤੋਂ।
ਤੁਹਾਡੇ ਤਾਕਤਵਰ ਸੱਜੇ ਹੱਥ ਨੂੰ ਹੈਰਾਨੀ ਭਰੀਆਂ ਗੱਲਾਂ ਸਿੱਖਾਈਆਂ ਗਈਆਂ ਸਨ।
5 ਤੁਹਾਡੇ ਤੀਰ ਤਿੱਖੇ ਹਨ, ਤੁਹਾਡੇ ਦੁਸ਼ਮਣਾਂ ਦੇ ਦਿਲਾਂ ਅੰਦਰ ਡੂੰਘੇ ਉਤਰਦੇ ਹਨ।
ਧਰਤੀ ਉੱਤੇ ਲੋਕ ਤੁਹਾਡੇ ਸਾਹਮਣੇ ਡਿੱਗਣਗੇ।
6 ਹੇ ਪਰਮੇਸ਼ੁਰ, ਤੁਹਾਡਾ ਤਖਤ ਸਦੀਵੀ ਹੈ।
ਇਮਾਨਦਾਰੀ ਤੁਹਾਡੇ ਰਾਜ ਦਾ ਸ਼ਾਹੀ ਨਿਸ਼ਾਨ ਹੈ।
7 ਤੁਸੀਂ ਨੇਕੀ ਨੂੰ ਪਿਆਰ ਕਰਦੇ ਹੋਂ ਅਤੇ ਬਦੀ ਨੂੰ ਨਫ਼ਰਤ ਕਰਦੇ ਹੋਂ।
ਇਸ ਲਈ ਪਰਮੇਸ਼ੁਰ, ਤੁਹਾਡੇ ਪਰਮੇਸ਼ੁਰ ਨੇ ਤੁਹਾਨੂੰ ਆਪਣੇ ਦੋਸਤਾਂ ਦਾ ਰਾਜਾ ਬਣਨ ਲਈ ਚੁਣਿਆ ਸੀ।
8 ਤੁਹਾਡੇ ਸਾਰੇ ਵਸਤਰ ਮੁਰ, ਅਗਰ ਅਤੇ ਤੱਜ ਨਾਲ ਸੁਗੰਧਿਤ ਹਨ।
ਇੱਥੋਂ ਹਾਥੀ ਦੰਦਾਂ ਨਾਲ ਸਜਾਏ ਹੋਏ ਮਹਿਲਾਂ ਵਿੱਚੋਂ ਤੁਹਾਡੇ ਮਨੋਰੰਜਨ ਲਈ ਸੰਗੀਤ ਦੀ ਧੁਨ ਉੱਠਦੀ ਹੈ।
9 ਵਹੁਟੀ ਦੀਆਂ ਸਹੇਲੀਆਂ ਰਾਜਿਆਂ ਦੀਆਂ ਧੀਆਂ ਹਨ।
ਸੁੱਚੇ ਸੋਨੇ ਦਾ ਤਾਜ ਪਹਿਨੇ ਹੋਏ ਤੁਹਾਡਾ ਲਾੜਾ, ਤੁਹਾਡੇ ਸੱਜੇ ਪਾਸੇ ਖੜ੍ਹਾ ਹੈ।
10 ਧੀਏ, ਮੈਨੂੰ ਸੁਣ, ਧਿਆਨ ਨਾਲ ਸੁਣੀ, ਅਤੇ ਤੂੰ ਸਮਝੀਂ।
ਆਪਣੇ ਲੋਕਾਂ ਨੂੰ ਅਤੇ ਆਪਣੇ ਬਾਬਲ ਦੇ ਪਰਿਵਾਰਾਂ ਨੂੰ ਭੁੱਲ ਜਾ।
11 ਰਾਜਾ ਤੇਰੀ ਸੁੰਦਰਤਾ ਦੀ ਇੱਛਾ ਕਰਦਾ ਹੈ।
ਉਹ ਤੇਰਾ ਨਵਾਂ ਪਤੀ ਹੋਵੇਗਾ
ਇਸ ਲਈ ਤੈਨੂੰ ਉਸਦਾ ਆਦਰ ਕਰਨਾ ਚਾਹੀਦਾ ਹੈ।
12 ਸੂਰ ਦੇ ਅਮੀਰ ਲੋਕ ਸੁਗਾਤਾਂ ਨਾਲ ਤੈਨੂੰ ਮਿਲਣ ਲਈ ਆਉਣਗੇ।
13 ਸ਼ਹਿਜ਼ਾਦੀ ਆਪਣੇ ਲਿਬਾਸ ਵਿੱਚ, ਜਿਹੜਾ ਖਾਲਸ ਸੋਨੇ ਦਾ ਬਣਿਆ ਹੈ।
ਸੋਨੇ ਵਿੱਚ ਮੜ੍ਹੇ ਹੀਰੇ ਵਾਂਗ ਲੱਗਦੀ ਹੈ।
14 ਲਾੜੀ ਨੂੰ ਉਸਦੀ ਸੁੰਦਰ ਪੁਸ਼ਾਕ ਵਿੱਚ ਰਾਜੇ ਕੋਲ ਲਿਆਂਦਾ ਗਿਆ,
ਅਤੇ ਲਾੜੀ ਦੀਆਂ ਸਹੇਲੀਆਂ ਉਸ ਦੇ ਪਿੱਛੇ-ਪਿੱਛੇ ਆਈਆਂ।
15 ਉਹ ਖੁਸ਼ੀ ਨਾਲ ਭਰੀਆਂ ਹੋਈਆਂ ਆਉਂਦੀਆਂ ਹਨ।
ਉਹ ਖੁਸ਼ੀ ਨਾਲ ਭਰੀਆਂ ਰਾਜੇ ਦੇ ਮਹਿਲ ਵਿੱਚ ਦਾਖਲ ਹੁੰਦੀਆਂ ਹਨ।
16 ਰਾਜਾ ਤੁਹਾਡੇ ਪੁੱਤਰ ਤੁਹਾਡੇ ਪਿੱਛੋਂ ਰਾਜ ਕਰਨਗੇ।
ਤੁਸੀਂ ਉਨ੍ਹਾਂ ਨੂੰ ਸਾਰੀ ਧਰਤੀ ਦਾ ਹਾਕਮ ਬਣਾ ਦੇਵੋਂਗੇ।
17 ਮੈਂ ਸਦਾ ਲਈ ਤੁਹਾਡਾ ਨਾਮ ਰੌਸ਼ਨ ਕਰਾਂਗਾ।
ਲੋਕ ਸਦਾ-ਸਦਾ ਲਈ ਤੁਹਾਡੀ ਉਸਤਤਿ ਕਰਨਗੇ।
2010 by World Bible Translation Center