Beginning
ਨਿਰਦੇਸ਼ਕ ਲਈ: ਯਹੋਵਾਹ ਦੇ ਸੇਵਕ ਦਾਊਦ ਦਾ ਇੱਕ ਗੀਤ।
36 ਮੰਦਾ ਆਦਮੀ ਬਹੁਤ ਹੀ ਮੰਦਾ ਕਰਦਾ ਹੈ ਜਦੋਂ ਉਹ ਆਪਣੇ-ਆਪ ਨੂੰ ਆਖਦਾ,
ਮੈਂ ਨਹੀਂ ਡਰਾਂਗਾ ਅਤੇ ਪਰਮੇਸ਼ੁਰ ਦਾ ਆਦਰ ਨਹੀਂ ਕਰਾਂਗਾ।
2 ਉਹ ਆਦਮੀ ਆਪਣੇ-ਆਪ ਨੂੰ ਝੂਠ ਆਖਦਾ।
ਉਹ ਆਪਣੇ ਪਾਪਾਂ ਨੂੰ ਨਹੀਂ ਵੇਖਦਾ,
ਇਸੇ ਲਈ ਉਹ ਮੁਆਫ਼ੀ ਨਹੀਂ ਮੰਗਦਾ।
3 ਉਸ ਦੇ ਸ਼ਬਦ ਨਿਰਾਰਥਕ ਝੂਠ ਹਨ।
ਉਹ ਸਿਆਣਾ ਨਹੀਂ ਬਣਦਾ ਜਾਂ ਉਹ ਚੰਗਿਆਈ ਕਰਨਾ ਨਹੀਂ ਸਿੱਖਿਆ।
4 ਰਾਤ ਵੇਲੇ, ਉਹ ਫ਼ਜ਼ੂਲ ਦੀਆਂ ਵਿਉਂਤਾਂ ਬਣਾਉਂਦਾ ਹੈ।
ਉਹ ਜਾਗਦਾ ਅਤੇ ਕੁਝ ਵੀ ਚੰਗਾ ਨਹੀਂ ਕਰਦਾ।
ਪਰ ਉਹ ਬਦੀ ਕਰਨ ਤੋਂ ਇਨਕਾਰ ਨਹੀਂ ਕਰਦਾ।
5 ਯਹੋਵਾਹ, ਤੁਹਾਡਾ ਸੱਚਾ ਪਿਆਰ ਆਕਾਸ਼ ਨਾਲੋਂ ਉੱਚੇਰਾ ਹੈ।
ਤੁਹਾਡੀ ਵਫ਼ਾਦਾਰੀ ਬੱਦਲਾਂ ਤੋਂ ਉਚੇਰੀ ਹੈ।
6 ਯਹੋਵਾਹ, ਤੁਹਾਡੀ ਨੇਕੀ ਸਭ ਤੋਂ ਉੱਚੇ ਪਰਬਤ ਨਾਲੋਂ ਉਚੇਰੀ ਹੈ।
ਤੁਹਾਡੀ ਨਿਰਪੱਖਤਾ ਸਾਗਰਾਂ ਤੋਂ ਡੂੰਘੀ ਹੈ।
ਯਹੋਵਾਹ, ਤੁਸੀਂ ਆਦਮੀ ਅਤੇ ਜਾਨਵਰ ਦੀ ਰੱਖਿਆ ਕਰਦੇ ਹੋ।
7 ਤੁਹਾਡੀ ਪਿਆਰ ਭਰੀ ਦਯਾ ਨਾਲੋਂ ਕੁਝ ਵੀ ਅਨਮੋਲ ਨਹੀਂ।
ਲੋਕ ਅਤੇ ਦੂਤ ਤੁਹਾਡੇ ਵੱਲ ਸੁਰੱਖਿਆ ਲਈ ਆਉਂਦੇ ਹਨ।
8 ਯਹੋਵਾਹ, ਉਹ ਤੁਹਾਡੇ ਘਰ ਵਿੱਚਲੀਆਂ ਸ਼ੁਭ ਚੀਜ਼ਾਂ ਪਾਸੋਂ ਨਵੀਂ ਸ਼ਕਤੀ ਹਾਸਲ ਕਰਦੇ ਹਨ।
ਤੁਸੀਂ ਉਨ੍ਹਾਂ ਨੂੰ ਆਪਣੀ ਅਦਭੁਤ ਨਦੀ ਦਾ ਨੀਰ ਪੀਣ ਦਿੰਦੇ ਹਨ।
9 ਯਹੋਵਾਹ, ਜੀਵਨ ਦਾ ਚਸ਼ਮਾ ਤੁਹਾਡੇ ਵੱਲੋਂ ਵੱਗਦਾ ਹੈ।
ਤੁਹਾਡੇ ਚਾਨਣ ਵਿੱਚ, ਅਸੀਂ ਚਾਨਣ ਦੇਖਦੇ ਹਾਂ।
10 ਯਹੋਵਾਹ, ਉਨ੍ਹਾਂ ਲੋਕਾਂ ਨੂੰ ਪਿਆਰ ਕਰੀ ਜਾਉ।
ਜਿਹੜੇ ਸੱਚਮੁੱਚ ਤੁਹਾਨੂੰ ਜਾਣਦੇ ਹਨ।
ਅਤੇ ਉਨ੍ਹਾਂ ਲੋਕਾਂ ਲਈ ਸ਼ੁਭ ਗੱਲਾਂ ਕਰੋ ਜਿਹੜੇ ਤੁਹਾਡੇ ਵੱਲ ਸੱਚੇ ਹਨ।
11 ਹੇ ਯਹੋਵਾਹ, ਮੈਨੂੰ ਗੁਮਾਨੀ ਲੋਕਾਂ ਦੇ ਜਾਲ ਵਿੱਚ ਨਾ ਫ਼ਸਣ ਦਿਉ।
ਮੈਂ ਦੁਸ਼ਟ ਲੋਕਾਂ ਦੁਆਰਾ ਨਾ ਫ਼ੜਿਆ ਜਾਵਾਂ।
12 ਉਨ੍ਹਾਂ ਦੀਆਂ ਕਬਰਾਂ ਉੱਤੇ ਇਹ ਲਿਖੋ:
“ਬਦਕਾਰ ਲੋਕ ਇੱਥੇ ਡਿੱਗੇ ਸਨ।
ਉਹ ਕੁਚਲੇ ਗਏ।
ਉਹ ਫ਼ੇਰ ਕਦੀ ਵੀ ਨਹੀਂ ਖਲੋ ਸੱਕਣਗੇ।”
ਦਾਊਦ ਦਾ ਇੱਕ ਗੀਤ।
37 ਦੁਸ਼ਟ ਲੋਕਾਂ ਬਾਰੇ ਪਰੇਸ਼ਾਨ ਨਾ ਹੋਵੋ।
ਬਦਕਾਰਾਂ ਬਾਰੇ ਈਰਖਾਲੂ ਨਾ ਹੋਵੋ।
2 ਮੰਦੇ ਲੋਕ ਉਸ ਘਾਹ ਅਤੇ ਹਰੇ ਪੌਦਿਆਂ ਵਰਗੇ ਹਨ
ਜਿਹੜੇ ਛੇਤੀ ਹੀ ਮੁਰਝਾ ਜਾਂਦੇ ਹਨ ਅਤੇ ਮਰ ਜਾਂਦੇ ਹਨ।
3 ਜੇ ਤੁਸੀਂ ਯਹੋਵਾਹ ਵਿੱਚ ਯਕੀਨ ਰੱਖਦੇ ਹੋ ਅਤੇ ਚੰਗੇ ਕਾਰੇ ਕਰਦੇ ਹੋ,
ਤੁਸੀਂ ਧਰਤੀ ਉੱਤੇ ਜੀਵੋਂਗੇ ਅਤੇ ਉਨ੍ਹਾਂ ਵਿਭਿੰਨ ਚੀਜ਼ਾਂ ਨਾਲ ਆਨੰਦਿਤ ਹੋ ਜਾਵੋਂਗੇ ਜੋ ਉਹ ਦਿੰਦਾ ਹੈ।
4 ਯਹੋਵਾਹ ਦੀ ਸੇਵਾ ਕਰਦਿਆਂ ਖੁਸ਼ੀ ਅਨੁਭਵ ਕਰੋ,
ਅਤੇ ਉਹ ਤੁਹਾਡੀਆਂ ਮੁਰਾਦਾਂ ਪੂਰੀਆਂ ਕਰੇਗਾ।
5 ਯਹੋਵਾਹ ਤੇ ਨਿਰਭਰ ਹੋਵੋ, ਅਤੇ ਉਸ ਵਿੱਚ ਯਕੀਨ ਰੱਖੋ।
ਫ਼ੇਰ ਜਿਹੜਾ ਲੋੜੀਦਾ ਹੈ, ਉਹ ਕਰੇਗਾ।
6 ਆਪਣੀ ਨੇਕੀ ਅਤੇ ਨਿਰਪੱਖਤਾ ਨੂੰ ਦੁਪਿਹਰ ਦੀ ਤਿੱਖੀ ਧੁੱਪ ਵਾਂਗ ਚਮਕਣ ਦਿਉ।
7 ਯਹੋਵਾਹ ਉੱਤੇ ਭਰੋਸਾ ਕਰੋ ਅਤੇ ਉਸਦੀ ਮਦਦ ਲਈ ਇੰਤਜ਼ਾਰ ਕਰੋ।
ਜਦੋਂ ਮੰਦੇ ਲੋਕੀਂ ਸਫ਼ਲ ਹੋ ਜਾਂਦੇ ਹਨ ਪਰੇਸ਼ਾਨ ਨਾ ਹੋਵੋ।
ਜਦੋਂ ਬੁਰੇ ਲੋਕ ਦੁਸ਼ਟ ਵਿਉਂਤਾ ਬਣਾਉਂਦੇ ਹਨ, ਅਤੇ ਉਹ ਸਫ਼ਲ ਹੋ ਜਾਂਦੇ ਹਨ।
8 ਕ੍ਰੋਧ ਨਾ ਕਰੋ।
ਪਾਗਲ ਨਾ ਬਣੋ। ਇੰਨਾ ਨਾ ਕੁੜ੍ਹੋ ਕਿ ਤੁਸੀਂ ਵੀ ਮੰਦੀਆਂ ਗੱਲਾਂ ਕਰਨੀਆਂ ਚਾਹੋਂ।
9 ਕਿਉਂ? ਕਿਉਂਕਿ ਦੁਸ਼ਟ ਲੋਕ ਨਸ਼ਟ ਹੋ ਜਾਣਗੇ।
ਪਰ ਉਹ ਜਿਹੜੇ ਮਦਦ ਲਈ ਯਹੋਵਾਹ ਨੂੰ ਪੁਕਾਰਦੇ ਹਨ ਉਨ੍ਹਾਂ ਨੂੰ ਉਹ ਭੂਮੀ ਮਿਲੇਗੀ ਜਿਸਦਾ ਪਰਮੇਸ਼ੁਰ ਨੇ ਵਾਅਦਾ ਕੀਤਾ ਸੀ।
10 ਥੋੜੇ ਹੀ ਸਮੇਂ ਬਾਅਦ ਇੱਥੇ ਮੰਦੇ ਲੋਕ ਨਹੀਂ ਹੋਣਗੇ।
ਭਾਵੇਂ ਤੁਸੀਂ ਉਨ੍ਹਾਂ ਨੂੰ ਲੱਭਦੇ ਰਹੋਂਗੇ ਪਰ ਉਹ ਸਾਰੇ ਹੀ ਜਾ ਚੁੱਕੇ ਹੋਣਗੇ।
11 ਨਿਮ੍ਰ ਲੋਕਾਂ ਨੂੰ ਉਹ ਭੂਮੀ ਮਿਲੇਗੀ ਜਿਸਦਾ ਪਰਮੇਸ਼ੁਰ ਨੇ ਵਾਅਦਾ ਕੀਤਾ ਸੀ
ਅਤੇ ਉਹ ਸ਼ਾਂਤੀ ਦਾ ਮਜ਼ਾ ਲੈਣਗੇ।
12 ਦੁਸ਼ਟ ਲੋਕੀਂ ਚੰਗੇ ਲੋਕਾਂ ਦੇ ਖਿਲਾਫ਼ ਯੋਜਨਾਵਾਂ ਬਣਾਉਂਦੇ ਹਨ।
ਉਹ ਮੰਦੇ ਲੋਕ ਨੇਕ ਬੰਦਿਆਂ ਉੱਤੇ ਦੰਦ ਪੀਸੱਕੇ ਆਪਣਾ ਗੁੱਸਾ ਦਰਸਾਉਂਦੇ ਹਨ।
13 ਪਰ ਸਾਡਾ ਮਾਲਕ ਉਨ੍ਹਾਂ ਮੰਦੇ ਲੋਕਾਂ ਉੱਤੇ ਹੱਸਦਾ ਹੈ।
ਅਤੇ ਉਹ ਜਾਣਦਾ ਉਨ੍ਹਾਂ ਨਾਲ ਕੀ ਵਾਪਰੇਗਾ।
14 ਮੰਦੇ ਲੋਕ ਆਪਣੀ ਤੇਗਾਂ ਧੂਹ ਲੈਂਦੇ ਹਨ ਅਤੇ ਆਪਣੀਆਂ ਕਮਾਨਾਂ ਸੇਧ ਲੈਂਦੇ ਹਨ।
ਉਹ ਗਰੀਬ ਬੇਸਹਾਰਾਂ ਲੋਕਾਂ ਨੂੰ ਮਾਰਨਾ ਚਾਹੁੰਦੇ ਹਨ।
ਉਹ ਚੰਗੇ, ਇਮਾਨਦਾਰ ਲੋਕਾਂ ਨੂੰ ਮਾਰਨਾ ਚਾਹੁੰਦੇ ਹਨ।
15 ਉਨ੍ਹਾਂ ਦੀਆਂ ਤਲਵਾਰਾਂ ਉਨ੍ਹਾਂ ਦੇ ਖੁਦ ਦੇ ਦਿਲਾਂ ਅੰਦਰ ਹੀ ਧਸਣਗੀਆਂ
ਅਤੇ ਉਨ੍ਹਾਂ ਦੇ ਧਨੁਸ਼ ਟੁੱਟ ਜਾਣਗੇ।
16 ਮਾੜੇ ਬੰਦਿਆਂ ਦੀ ਭੀੜ ਨਾਲੋਂ ਥੋੜੇ ਹੀ ਨੇਕ ਬੰਦੇ ਬਿਹਤਰ ਹਨ।
17 ਕਿਉਂ? ਕਿਉਂਕਿ ਮਾੜੇ ਬੰਦੇ ਤਬਾਹ ਕਰ ਦਿੱਤੇ ਜਾਣਗੇ।
ਪਰ ਯਹੋਵਾਹ ਨੇਕ ਬੰਦਿਆਂ ਦਾ ਧਿਆਨ ਰੱਖਦਾ ਹੈ।
18 ਯਹੋਵਾਹ, ਸ਼ੁੱਧ ਲੋਕਾਂ ਦੀ ਸਾਰੀ ਉਮਰ ਰੱਖਿਆ ਕਰਦਾ ਹੈ।
ਉਨ੍ਹਾਂ ਦਾ ਇਨਾਮ ਸਦੀਵੀ ਰਹੇਗਾ।
19 ਜਦੋਂ ਕਿਤੇ ਵੀ ਸੰਕਟ ਆਉਂਦਾ,
ਚੰਗੇ ਲੋਕ ਨਿਰਾਸ਼ ਨਹੀਂ ਹੋਣਗੇ।
ਜਦੋਂ ਭੁੱਖ ਦੇ ਦਿਨ ਆਉਣਗੇ
ਚੰਗੇ ਲੋਕਾਂ ਕੋਲ ਖਾਣ ਲਈ ਚੋਖਾ ਹੋਵੇਗਾ।
20 ਪਰ ਮੰਦੇ ਲੋਕੀਂ ਯਹੋਵਾਹ ਦੇ ਦੁਸ਼ਮਣ ਹਨ,
ਅਤੇ ਉਹ ਮੰਦੇ ਲੋਕ ਤਬਾਹ ਹੋਣਗੇ।
ਉਨ੍ਹਾਂ ਦੀਆਂ ਵਾਦੀਆਂ ਸੜ ਸੁੱਕ ਜਾਣਗੀਆਂ।
ਉਹ ਪੂਰੀ ਤਰ੍ਹਾਂ ਤਬਾਹ ਹੋ ਜਾਣਗੇ।
21 ਇੱਕ ਮੰਦਾ ਆਦਮੀ ਛੇਤੀ ਉਧਾਰ ਲੈਂਦਾ ਹੈ ਅਤੇ ਕਦੇ ਵਾਪਸ ਕਰਨ ਦਾ ਨਾਂ ਨਹੀਂ ਲੈਂਦਾ।
ਪਰ ਨੇਕ ਆਦਮੀ ਖੁਲ੍ਹ ਦਿਲੀ ਨਾਲ ਦਾਨ ਕਰਦਾ ਹੈ।
22 ਜੇ ਕੋਈ ਨੇਕ ਬੰਦਾ ਲੋਕਾਂ ਨੂੰ ਅਸੀਸ ਦਿੰਦਾ ਹੈ ਤਾਂ ਉਹ ਜਿਸਦਾ ਪਰਮੇਸ਼ੁਰ ਨੇ ਇਕਰਾਰ ਕੀਤਾ ਧਰਤੀ ਹਾਸਲ ਕਰਨਗੇ।
ਪਰ ਜੇ ਉਹ ਮੰਦੀਆਂ ਗੱਲਾਂ ਦੇ ਵਾਪਰਨ ਦੀ ਮੰਗ ਕਰਦਾ ਹੈ, ਤਾਂ ਉਹ ਲੋਕ ਤਬਾਹ ਹੋ ਜਾਣਗੇ।
23 ਯਹੋਵਾਹ ਇੱਕ ਸਿਪਾਹੀ ਦੀ ਧਿਆਨ ਨਾਲ ਤੁਰਨ ਵਿੱਚ ਮਦਦ ਕਰਦਾ ਹੈ।
ਯਹੋਵਾਹ ਉਸ ਨੂੰ ਡਿੱਗਣ ਤੋਂ ਬਚਾਉਂਦਾ ਹੈ।
24 ਜੇ ਉਹ ਆਦਮੀ ਭੱਜਦਾ ਅਤੇ ਆਪਣੇ ਦੁਸ਼ਮਣ ਉੱਤੇ ਵਾਰ ਕਰਦਾ ਹੈ।
ਤਾਂ ਯਹੋਵਾਹ ਸਿਪਾਹੀ ਦਾ ਹੱਥ ਫ਼ੜ ਲੈਂਦਾ ਹੈ, ਅਤੇ ਉਸ ਨੂੰ ਡਿੱਗਣ ਤੋਂ ਬਚਾਉਂਦਾ ਹੈ।
25 ਮੈਂ ਜਵਾਨ ਸਾਂ ਅਤੇ ਹੁਣ ਬੁੱਢਾ ਹਾਂ
ਅਤੇ ਮੈਂ ਕਦੇ ਵੀ ਪਰਮੇਸ਼ੁਰ ਨੂੰ ਨੇਕ ਬੰਦਿਆਂ ਦਾ ਸਾਥ ਛੱਡਦਿਆਂ ਨਹੀਂ ਦੇਖਿਆ।
ਮੈਂ ਕਦੇ ਵੀ ਨੇਕ ਬੰਦਿਆਂ ਦੇ ਬੱਚਿਆਂ ਨੂੰ ਭੁੱਖਿਆਂ ਮਰਦਿਆਂ ਨਹੀਂ ਵੇਖਿਆ।
26 ਇੱਕ ਚੰਗਾ ਆਦਮੀ ਹੋਰਾਂ ਨੂੰ ਖੁਲ੍ਹ ਦਿਲੀ ਨਾਲ ਦਾਨ ਕਰਦਾ ਹੈ
ਅਤੇ ਉਸ ਦੇ ਬੱਚੇ ਇੱਕ ਅਸੀਸ ਹਨ।
27 ਜੇ ਤੁਸੀਂ ਮੰਦੀਆਂ ਗੱਲਾਂ ਕਰਨ ਤੋਂ ਇਨਕਾਰ ਕਰਦੇ ਹੋਂ, ਅਤੇ ਜੇ ਤੁਸੀਂ ਚੰਗੀਆਂ ਗੱਲਾਂ ਕਰਦੇ ਹੋਂ।
ਤਾਂ ਤੁਸੀਂ ਸਦਾ ਲਈ ਜਿਉਂਦੇ ਰਹੋਂਗੇ।
28 ਯਹੋਵਾਹ ਨਿਰਪੱਖਤਾ ਨੂੰ ਪਿਆਰ ਕਰਦਾ ਹੈ।
ਉਹ ਆਪਣੇ ਚੇਲਿਆਂ ਨੂੰ ਨਿਆਸਰਾ ਨਹੀਂ ਛੱਡੇਗਾ।
ਯਹੋਵਾਹ ਹਮੇਸ਼ਾ ਆਪਣੇ ਆਸਥਾਵਾਨਾਂ ਦੀ ਰੱਖਿਆ ਕਰੇਗਾ,
ਪਰ ਉਹ ਬਦਚਲਣ ਲੋਕਾਂ ਨੂੰ ਤਬਾਹ ਕਰ ਦੇਵੇਗਾ।
29 ਨੇਕ ਬੰਦੇ ਉਹ ਭੂਮੀ ਹਾਸਲ ਕਰਨਗੇ ਜਿਸਦਾ ਪਰਮੇਸ਼ੁਰ ਨੇ ਇਕਰਾਰ ਕੀਤਾ
ਉਹ ਸਦਾ ਲਈ ਇਸ ਉੱਤੇ ਰਹਿਣਗੇ।
30 ਇੱਕ ਚੰਗਾ ਬੰਦਾ ਇੱਕ ਚੰਗਾ ਮਸ਼ਵਰਾ ਦਿੰਦਾ ਹੈ।
ਉਸ ਦੇ ਨਿਆਂੇ ਹਰ ਇੱਕ ਵਾਸਤੇ ਬੇਲਾਗ ਹੁੰਦੇ ਹਨ।
31 ਉਸ ਨੇ ਯਹੋਵਾਹ ਦੇ ਉਪਦੇਸ਼ਾਂ ਨੂੰ ਸਿਖ ਲਿਆ ਹੈ,
ਅਤੇ ਉਹ ਜ਼ਿੰਦਗੀ ਦੇ ਸਹੀ ਢੰਗ ਤੋਂ ਵੱਖਰਾ ਨਹੀਂ ਹੋਵੇਗਾ।
32 ਦੁਸ਼ਟ ਲੋਕ ਹਮੇਸ਼ਾ ਚੰਗੇ ਲੋਕਾਂ ਨੂੰ ਮਾਰਨ ਦਾ ਅਵਸਰ ਲੱਭਦੇ ਹਨ।
33 ਪਰਮੇਸ਼ੁਰ ਚੰਗੇ ਲੋਕਾਂ ਤੋਂ ਬੇਮੁੱਖ ਨਹੀਂ ਹੋਵੇਗਾ ਜਦੋਂ ਉਹ ਦੁਸ਼ਟ ਲੋਕਾਂ ਦੁਆਰਾ ਅਦਾਲਤ ਵਿੱਚ ਲਿਜਾਏ ਜਾਂਦੇ ਹਨ।
ਉਹ ਉਨ੍ਹਾਂ ਨੂੰ ਨਿੰਦੇ ਨਹੀਂ ਜਾਣ ਦੇਵੇਗਾ।
34 ਉਹੀ ਕਰੋ ਜੋ ਯਹੋਵਾਹ ਆਖਦਾ ਹੈ ਤੇ ਉਸਦੀ ਸਹਾਇਤਾ ਦਾ ਇੰਤਜ਼ਾਰ ਕਰੋ।
ਯਹੋਵਾਹ ਤੁਹਾਨੂੰ ਜੇਤੂ ਬਣਾਵੇਗਾ, ਅਤੇ ਉਹ ਤੁਹਾਨੂੰ ਉਹ ਧਰਤੀ ਦੇਵੇਗਾ ਜਿਸਦਾ ਉਸ ਨੇ ਇਕਰਾਰ ਕੀਤਾ ਸੀ,
ਜਦੋਂ ਉਹ ਮੰਦੇ ਲੋਕਾਂ ਨੂੰ ਨਿਕਲ ਜਾਣ ਲਈ ਮਜ਼ਬੂਰ ਕਰ ਦੇਵੇਗਾ।
35 ਮੈਂ ਇੱਕ ਦੁਸ਼ਟ ਬੰਦੇ ਨੂੰ ਵੇਖਿਆ ਜੋ ਸ਼ਕਤੀਸ਼ਾਲੀ ਸੀ।
ਉਹ ਇੱਕ ਤਕੜੇ ਰੁੱਖ ਵਰਗਾ ਸੀ।
36 ਪਰ ਜਦੋਂ ਉਹ ਚੱਲਿਆ ਗਿਆ
ਮੈਂ ਉਸਦੀ ਤਲਾਸ਼ ਕੀਤੀ ਪਰ ਉਹ ਮੈਨੂੰ ਨਹੀਂ ਮਿਲਿਆ।
37 ਪਵਿੱਤਰ ਅਤੇ ਇਮਾਨਦਾਰ ਬਣੋ।
ਅਮਨ ਪਸੰਦ ਲੋਕਾਂ ਦੇ ਬਹੁਤ ਵਾਰਸ ਹੋਣਗੇ।
38 ਪਰ ਉਹ ਲੋਕ ਜਿਹੜੇ ਨੇਮ ਤੋਂੜਦੇ ਹਨ ਪੂਰੀ ਤਰ੍ਹਾਂ ਤਬਾਹ ਹੋ ਜਾਣਗੇ।
ਅਤੇ ਉਨ੍ਹਾਂ ਦੀ ਔਲਾਦ ਧਰਤੀ ਛੱਡਣ ਲਈ ਮਜ਼ਬੂਰ ਹੋ ਜਾਵੇਗੀ।
39 ਯਹੋਵਾਹ ਨੇਕ ਬੰਦਿਆਂ ਨੂੰ ਬਚਾਉਂਦਾ ਹੈ।
ਜਦੋਂ ਨੇਕ ਬੰਦੇ ਮੁਸੀਬਤਾਂ ਵਿੱਚ ਹੁੰਦੇ ਹਨ ਯਹੋਵਾਹ ਹੀ ਉਨ੍ਹਾਂ ਦੀ ਸ਼ਕਤੀ ਬਣਦਾ ਹੈ।
40 ਯਹੋਵਾਹ ਨੇਕ ਬੰਦਿਆਂ ਦੀ ਸਹਾਇਤਾ ਕਰਦਾ ਹੈ, ਅਤੇ ਉਨ੍ਹਾਂ ਨੂੰ ਬਚਾਉਂਦਾ ਹੈ।
ਨੇਕ ਬੰਦੇ ਯਹੋਵਾਹ ਤੇ ਨਿਰਭਰ ਕਰਦੇ ਹਨ। ਅਤੇ ਉਹ ਉਨ੍ਹਾਂ ਲੋਕਾਂ ਨੂੰ ਮੰਦੇ ਲੋਕਾਂ ਤੋਂ ਬਚਾਉਂਦਾ ਹੈ।
ਦਾਊਦ ਦੇ ਗੀਤਾਂ ਵਿੱਚੋਂ ਇੱਕ ਯਾਦਗਿਰੀ ਦੇ ਦਿਨ ਲਈ। [a]
38 ਹੇ ਯਹੋਵਾਹ, ਮੈਨੂੰ ਕ੍ਰੋਧ ਵਿੱਚ ਨਾ ਨਿੰਦੋ,
ਮੈਨੂੰ ਗੁੱਸੇ ਵਿੱਚ ਸੰਜਮ ਨਾ ਸਿੱਖਾਉ।
2 ਤੁਸੀਂ ਮੈਨੂੰ ਸੱਟ ਮਾਰੀ ਹੈ,
ਤੁਹਾਡੇ ਤੀਰ ਮੇਰੇ ਅੰਦਰ ਡੂੰਘੇ ਧਸ ਗਏ ਹਨ।
3 ਤੁਸਾਂ ਮੈਨੂੰ ਦੰਡ ਦਿੱਤਾ, ਮੇਰਾ ਸਾਰਾ ਸ਼ਰੀਰ ਜ਼ਖਮੀ ਹੈ।
ਮੈਂ ਪਾਪ ਕੀਤਾ ਅਤੇ ਤੁਸਾਂ ਮੈਨੂੰ ਦੰਡ ਦਿੱਤਾ ਇਸ ਲਈ ਮੇਰੇ ਹੱਡ ਦੁੱਖ ਰਹੇ ਹਨ।
4 ਮੈਂ ਮੰਦੇ ਅਮਲਾਂ ਦਾ ਦੋਸ਼ੀ ਹਾਂ।
ਅਤੇ ਇਹ ਦੋਸ਼ ਡਾਢੇ ਭਾਰ ਜਿਹਾ ਹੈ।
ਸਿਰ ਚੁੱਕਣ ਲਈ ਮੈਂ ਬਹੁਤ ਸ਼ਰਿਮੰਦਾ ਹਾਂ ਮੈਂ ਅਤਿ ਮੂਰਖ ਹਾਂ।
5 ਮੇਰੇ ਜ਼ਖਮਾਂ ਵਿੱਚ ਪਾਕ ਪੈ ਗਈ ਹੈ, ਅਤੇ ਸੜਿਆਂਦ ਆਉਂਦੀ ਹੈ।
ਕਿਉਂਕਿ ਮੈਂ ਇੱਕ ਮੂਰੱਖਮਈ ਗੱਲ ਕੀਤੀ।
6 ਮੇਰੀ ਕਮਰ ਝੁਕ ਗਈ ਹੈ
ਅਤੇ ਮੈਂ ਦਿਨ ਭਰ ਗਮਗੀਨ ਰਹਿੰਦਾ ਹਾਂ।
7 ਮੈਨੂੰ ਬੁਖਾਰ ਹੈ,
ਅਤੇ ਮੇਰਾ ਸ਼ਰੀਰ ਦੁੱਖ ਰਿਹਾ ਹੈ।
8 ਮੈਨੂੰ ਇੰਨਾ ਦਰਦ ਹੋ ਰਿਹਾ ਕਿ ਮੈਂ ਕੁਝ ਵੀ ਮਹਿਸੂਸ ਨਹੀਂ ਕਰ ਸੱਕਦਾ
ਮੇਰਾ ਦਿਲ ਚੀਕਾਂ ਮਾਰ ਰਿਹਾ ਹੈ ਕਿਉਂਕਿ ਇਹ ਚੂਰ ਹੋਇਆ ਹੈ।
9 ਮੇਰੇ ਮਾਲਕ, ਤੁਸੀਂ ਮੇਰਾ ਦਰਦ ਨਾਲ ਕੁਰਾਹੁਣਾ ਸੁਣਿਆ ਹੈ।
ਮੇਰੇ ਹੌਕੇ ਤੁਹਾਥੋ ਲੁਕੇ ਹੋਏ ਨਹੀਂ ਹਨ।
10 ਮੇਰਾ ਦਿਲ ਚੂਰ ਹੋ ਰਿਹਾ ਹੈ।
ਮੇਰੀ ਸ਼ਕਤੀ ਮੁੱਕ ਗਈ ਹੈ ਅਤੇ ਮੈਂ ਅੰਨ੍ਹਾ ਹੋ ਰਿਹਾ ਹਾਂ।
11 ਮੇਰੀ ਬਿਮਾਰੀ ਦੇ ਕਾਰਣ,
ਮੇਰੇ ਮਿੱਤਰ ਅਤੇ ਗੁਆਂਢੀ ਮੇਰੇ ਕੋਲ ਨਹੀਂ ਆਉਂਦੇ।
ਮੇਰਾ ਪਰਿਵਾਰ ਮੇਰੇ ਨੇੜੇ ਨਹੀਂ ਢੁਕਦਾ।
12 ਮੇਰੇ ਵੈਰੀ ਮੇਰੇ ਬਾਰੇ ਮੰਦੀਆਂ ਗੱਲਾਂ ਕਰਦੇ ਹਨ।
ਉਹ ਝੂਠ ਅਤੇ ਅਫ਼ਵਾਹਾਂ ਫ਼ੈਲਾ ਰਹੇ ਹਨ।
ਉਹ ਦਿਨ ਭਰ ਮੇਰੀਆਂ ਗੱਲਾਂ ਕਰਦੇ ਹਨ।
13 ਪਰ ਮੈਂ ਇਸ ਬੋਲੇ ਬੰਦੇ ਵਰਗਾ ਹਾਂ ਜਿਹੜਾ ਸੁਣ ਨਹੀਂ ਸੱਕਦਾ।
ਮੈਂ ਇੱਕ ਗੂੰਗੇ ਆਦਮੀ ਵਾਂਗ ਹਾਂ ਜਿਹੜਾ ਬੋਲ ਨਹੀਂ ਸੱਕਦਾ।
14 ਮੈਂ ਉਸ ਬੰਦੇ ਵਰਗਾ ਹਾਂ ਜਿਹੜਾ ਉਹ ਨਹੀਂ ਸੁਣ ਸੱਕਦਾ ਜੋ ਲੋਕ ਉਸ ਬਾਰੇ ਆਖਦੇ ਹਨ।
ਮੈਂ ਬਹਿਸ ਨਹੀਂ ਕਰ ਸੱਕਦਾ ਅਤੇ ਸਾਬਤ ਨਹੀਂ ਕਰ ਸੱਕਦਾ, ਕਿ ਮੇਰੇ ਦੁਸ਼ਮਣ ਗਲਤ ਹਨ।
15 ਇਸ ਲਈ ਯਹੋਵਾਹ, ਤੁਸੀਂ ਹੀ ਮੇਰੀ ਰੱਖਿਆ ਕਰੋ।
ਮੇਰੇ ਮਾਲਕ ਤੁਸੀਂ ਹੀ ਮੇਰੀ ਥਾਵੇਂ ਬੋਲੋ।
16 ਜੇਕਰ ਮੈਂ ਕੁਝ ਆਖਦਾ ਹਾ, “ਮੇਰੇ ਦੁਸ਼ਮਣ ਮੇਰੇ ਉੱਤੇ ਹੱਸਣਗੇ।
ਉਹ ਵੇਖਣਗੇ ਕਿ ਮੈਂ ਬਿਮਾਰ ਹਾਂ, ਅਤੇ ਆਖਣਗੇ ਕਿ ਮੈਨੂੰ ਮੇਰੇ ਪਾਪਾਂ ਲਈ ਦੰਡ ਮਿਲ ਰਿਹਾ ਹੈ।”
17 ਮੇਰੇ ਦਰਦ ਹਮੇਸ਼ਾ ਮੇਰੇ ਪਿੱਛੇ ਪਏ ਰਹਿੰਦੇ ਹਨ
ਇਸ ਲਈ ਹੁਣ ਮੈਂ ਆਪਣਾ ਹੌਂਸਲਾ ਛੱਡਣ ਹੀ ਵਾਲਾ ਹਾਂ।
18 ਯਹੋਵਾਹ, ਮੈਂ ਤੁਹਾਨੂੰ ਆਪਣੇ ਮੰਦੇ ਅਮਲਾਂ ਬਾਰੇ ਦੱਸਿਆ ਸੀ।
ਮੈਂ ਆਪਣੇ ਗੁਨਾਹਾਂ ਬਾਰੇ ਉਦਾਸ ਹਾਂ।
19 ਮੇਰੇ ਦੁਸ਼ਮਣ ਜਿਉਂਦੇ ਹਨ ਅਤੇ ਉਹ ਸਿਹਤਮੰਦ ਹਨ।
ਅਤੇ ਉਨ੍ਹਾਂ ਨੇ ਬਹੁਤ ਸਾਰੇ ਝੂਠ ਬੋਲੇ ਹਨ।
20 ਮੇਰੇ ਦੁਸ਼ਮਣਾਂ ਨੇ ਮੇਰੇ ਨਾਲ ਦੁਸ਼ਟਤਾ ਭਰੀਆਂ ਗੱਲਾਂ ਕੀਤੀਆਂ
ਜਦ ਕਿ ਮੈਂ ਉਨ੍ਹਾਂ ਨਾਲ ਸਦਾ ਹੀ ਚੰਗਾ ਵਿਹਾਰ ਕੀਤਾ।
ਮੈਂ ਸਿਰਫ਼ ਚੰਗੇ ਸਲੂਕ ਦੀ ਕੋਸ਼ਿਸ਼ ਕੀਤੀ
ਪਰ ਫ਼ੇਰ ਵੀ ਉਹ ਲੋਕ ਮੇਰੇ ਖਿਲਾਫ਼ ਹੋ ਗਏ।
21 ਯਹੋਵਾਹ, ਮੈਨੂੰ ਛੱਡ ਕੇ ਨਾ ਜਾਉ।
ਮੇਰੇ ਪਰਮੇਸ਼ੁਰ ਨੇੜੇ ਰਹੋ।
22 ਛੇਤੀ ਆਉ ਅਤੇ ਮੇਰੀ ਸਹਾਇਤਾ ਕਰੋ।
ਮੇਰੇ ਪਰਮੇਸ਼ੁਰ, ਮੈਨੂੰ ਬਚਾਉ।
ਨਿਰਦੇਸ਼ਕ ਲਈ, ਯਦੂਥੂਨ ਨੂੰ। ਦਾਊਦ ਦਾ ਇੱਕ ਗੀਤ।
39 ਮੈਂ ਆਖਿਆ, “ਮੈਂ ਉਨ੍ਹਾਂ ਗੱਲਾਂ ਦਾ ਧਿਆਨ ਰੱਖਾਂਗਾ ਜੋ ਮੈਂ ਆਖਾਂਗਾ।
ਮੈਂ ਆਪਣੀ ਜ਼ੁਬਾਨ ਨੂੰ, ਮੈਥੋਂ ਪਾਪ ਕਰਾਉਣ ਦਾ ਕਾਰਣ ਨਹੀਂ ਬਣਨ ਦੇਵਾਂਗਾ।
ਮੈਂ ਆਪਣਾ ਮੂੰਹ ਬੰਦ ਰੱਖਾਂਗਾ ਜਦੋਂ ਮੈਂ ਦੁਸ਼ਟ ਲੋਕਾਂ ਦੁਆਰਾ ਘਿਰਿਆ ਹੋਵਾਂਗਾ।”
2 ਇਸ ਲਈ ਮੈਂ ਕੁਝ ਵੀ ਨਹੀਂ ਆਖਿਆ।
ਮੈਂ ਤਾਂ ਕੋ ਚੰਗੀ ਗੱਲ ਵੀ ਨਹੀਂ ਆਖੀ।
ਪਰ ਮੈਂ ਹੋਰ ਵੀ ਪਰੇਸ਼ਾਨ ਹੋ ਗਿਆ।
3 ਮੈਂ ਬਹੁਤ ਕ੍ਰੋਧ ਵਿੱਚ ਸਾਂ।
ਅਤੇ ਮੈਂ ਜਿੰਨਾ ਵੀ ਇਸ ਬਾਰੇ ਸੋਚਿਆ,
ਮੈਂ ਹੋਰ ਕ੍ਰੋਧਵਾਨ ਹੋ ਗਿਆ। ਇਸ ਲਈ ਮੈਂ ਕੁਝ ਆਖਿਆ।
4 ਯਹੋਵਾਹ, ਮੈਨੂੰ ਦੱਸੋ, ਹੁਣ ਮੇਰੇ ਨਾਲ ਕੀ ਹੋਵੇਗਾ?
ਮੈਨੂੰ ਦੱਸੋ, ਮੈਂ ਕਿੰਨਾ ਕੁ ਚਿਰ ਜੀਵਾਂਗਾ?
ਮੈਨੂੰ ਜਾਣ ਲੈਣ ਦਿਉ, ਅਸਲ ਵਿੱਚ ਮੇਰੀ ਉਮਰ ਕਿੰਨੀ ਛੋਟੀ ਹੈ।
5 ਹੇ ਯਹੋਵਾਹ, ਤੁਸੀਂ ਮੈਨੂੰ ਜ਼ਿੰਦਗੀ ਦਾ ਸਿਰਫ਼ ਇੱਕ ਛੋਟਾ ਜਿਹਾ ਪਲ ਪ੍ਰਦਾਨ ਕੀਤਾ ਹੈ।
ਤੁਹਾਡੇ ਮੁਕਾਬਲੇ, ਮੇਰੀ ਥੋੜੀ ਜਿਹੀ ਉਮਰ ਕੁਝ ਵੀ ਨਹੀਂ।
ਹਰ ਬੰਦੇ ਦਾ ਜੀਵਨ ਸਿਰਫ਼ ਬੱਦਲ ਵਰਗਾ ਹੈ।
ਜਿਹੜਾ ਛੇਤੀ ਹੀ ਉੱਡ ਜਾਂਦਾ ਹੈ, ਕੋਈ ਵੀ ਬੰਦਾ ਸਦਾ ਲਈ ਨਹੀਂ ਰਹਿੰਦਾ।
6 ਸਾਡਾ ਜੀਵਨ, ਸ਼ੀਸ਼ੇ ਵਿੱਚਲੇ ਇੱਕ ਅਕਸ ਵਰਗਾ ਹੈ।
ਅਸੀਂ ਜੀਵਨ ਵਿੱਚ ਚੀਜ਼ਾਂ ਪਿੱਛੇ ਭੱਜਦੇ ਹਾਂ
ਪਰ ਜਾਣਦੇ ਨਹੀਂ ਕਿ ਸਾਡੇ ਮਰਨ ਪਿੱਛੋਂ ਉਨ੍ਹਾਂ ਨੂੰ ਕੌਣ ਹਾਸਿਲ ਕਰੇਗਾ।
7 ਇਸੇ ਲਈ, ਮੇਰੇ ਮਾਲਕ, ਮੇਰੇ ਕੋਲ ਕੀ ਆਸ ਹੈ?
ਤੁਸੀਂ ਹੀ ਮੇਰੀ ਆਸ ਹੋ।
8 ਯਹੋਵਾਹ, ਮੈਨੂੰ ਉਨ੍ਹਾਂ ਮੰਦੇ ਕੰਮਾਂ ਤੋਂ ਬਚਾਉ ਜਿਹੜੇ ਮੈਂ ਕੀਤੇ ਸਨ।
ਮੇਰੇ ਨਾਲ ਦੁਸ਼ਟ ਆਦਮੀ ਵਰਗਾ ਸਲੂਕ ਨਾ ਹੋਣ ਦਿਉ।
9 ਮੈਂ ਆਪਣਾ ਮੂੰਹ ਨਹੀਂ ਖੋਲ੍ਹਾਂਗਾ।
ਮੈਂ ਕੁਝ ਵੀ ਨਹੀਂ ਆਖਾਂਗਾ। ਯਹੋਵਾਹ,
ਤੁਸੀਂ ਉਹੀ ਕੀਤਾ ਜੋ ਕਰਨ ਵਾਲਾ ਸੀ।
10 ਪਰ ਹੇ ਪਰਮੇਸ਼ੁਰ ਮੈਨੂੰ ਦੰਡ ਦੇਣ ਤੋਂ ਰੁਕ ਜਾਵੋ।
ਤੁਸੀਂ ਨਹੀਂ ਰੁਕੇ ਤਾਂ ਮੈਨੂੰ ਤਬਾਹ ਕਰ ਦਿਉਂਗੇ।
11 ਯਹੋਵਾਹ, ਤੁਸੀਂ ਲੋਕਾਂ ਨੂੰ ਜਿਉਣ ਦਾ ਸਹੀ ਰਸਤਾ ਸਿੱਖਾਉਣ ਲਈ ਉਨ੍ਹਾਂ ਦੇ ਮੰਦੇ ਕਾਰਿਆਂ ਦਾ ਦੰਡ ਦਿੰਦੇ ਹੋ।
ਜਿਵੇਂ ਇੱਕ ਪਤੰਗਾ ਕੱਪੜੇ ਨੂੰ ਬਰਬਾਦ ਕਰਦਾ ਹੈ, ਤਸੀਂ ਪੂਰੀ ਤਰ੍ਹਾਂ ਉਨ੍ਹਾਂ ਚੀਜ਼ਾਂ ਨੂੰ ਤਬਾਹ ਕਰ ਦਿਉ ਜਿਨ੍ਹਾਂ ਨੂੰ ਲੋਕ ਪਿਆਰ ਕਰਦੇ ਹਨ।
ਹਾਂ, ਸਾਡਾ ਜੀਵਨ ਇੱਕ ਨਿੱਕੇ ਬੱਦਲ ਵਰਗਾ ਹੈ ਜਿਹੜਾ ਛੇਤੀ ਹੀ ਉੱਡ ਜਾਂਦਾ ਹੈ।
12 ਯਹੋਵਾਹ, ਮੇਰੀ ਪ੍ਰਾਰਥਨਾ ਸੁਣੋ।
ਮੇਰੇ ਵਿਰਲਾਪ ਵੱਲ ਧਿਆਨ ਦਿਉ।
ਮੇਰੇ ਹੰਝੂਆਂ ਵੱਲ ਵੇਖੋ।
ਮੈਂ ਤੁਹਾਡੇ ਸੰਗ ਵਿੱਚ ਸਿਰਫ਼ ਇੱਕ ਮੁਸਾਫ਼ਿਰ ਹਾਂ ਜਿਹੜਾ ਜੀਵਨ ਗੁਜਾਰ ਰਿਹਾ ਹੈ।
ਆਪਣੇ ਸਾਰੇ ਪੁਰਖਿਆਂ ਦੀ ਤਰ੍ਹਾਂ, ਮੈਂ ਇੱਥੇ ਥੋੜੇ ਸਮੇਂ ਲਈ ਰਹਿੰਦਾ ਹਾਂ।
13 ਯਹੋਵਾਹ, ਮੈਨੂੰ ਇੱਕਲਾ ਛੱਡ ਦਿਉ। ਅਤੇ ਮੈਨੂੰ ਖੁਸ਼ ਹੋਣ ਦਿਉ,
ਇਸ ਤੋਂ ਪਹਿਲਾਂ ਕਿ ਮੈਂ ਮਰ ਜਾਵਾਂ ਅਤੇ ਮੁੱਕ ਜਾਵਾਂ।
2010 by World Bible Translation Center