Print Page Options
Previous Prev Day Next DayNext

Beginning

Read the Bible from start to finish, from Genesis to Revelation.
Duration: 365 days
Punjabi Bible: Easy-to-Read Version (ERV-PA)
Version
ਜ਼ਬੂਰ 26-31

ਦਾਊਦ ਦਾ ਇੱਕ ਗੀਤ।

26 ਹੇ ਯਹੋਵਾਹ, ਮੇਰਾ ਨਿਆਂ ਕਰੋ। ਸਾਬਤ ਕਰੋ ਕਿ ਮੈਂ ਸ਼ੁੱਧ ਜੀਵਨ ਜੀਵਿਆ ਹੈ।
    ਮੈਂ ਹਮੇਸ਼ਾ ਯਹੋਵਾਹ ਵਿੱਚ ਯਕੀਨ ਰੱਖਿਆ ਹੈ।
ਹੇ ਪਰਮੇਸ਼ੁਰ, ਮੈਨੂੰ ਪਰੱਖੋ ਤੇ ਪਰਤਾਵੋ।
    ਮੇਰੇ ਦਿਲ ਅਤੇ ਮੇਰੇ ਮਨ ਨੂੰ ਪਰਤਿਆਵੋ।
ਮੈਂ ਸਦਾ ਹੀ ਤੁਹਾਡਾ ਕੋਮਲ ਪਿਆਰ ਵੇਖਦਾ ਹਾਂ।
    ਮੈਂ ਤੁਹਾਡੇ ਸੱਚਾਂ ਦੇ ਅਨੁਸਾਰ ਜਿਉਂਦਾ ਹਾਂ।
ਮੈਂ ਉਨ੍ਹਾਂ ਨਿਕੰਮੇ ਲੋਕਾਂ ਵਿੱਚੋਂ ਨਹੀਂ ਹਾਂ।
ਮੈਂ ਉਨ੍ਹਾਂ ਬਦੀ ਦੇ ਟੋਲਿਆਂ ਨੂੰ ਨਫ਼ਰਤ ਕਰਦਾ ਹਾਂ।
    ਮੈਂ ਕਦੇ ਵੀ ਬਦਚਲਣ ਲੋਕਾਂ ਦੇ ਉਨ੍ਹਾਂ ਸਮੂਹਾਂ ਦਾ ਸੰਗ ਨਹੀਂ ਕਰਾਂਗਾ।

ਹੇ ਯਹੋਵਾਹ, ਮੈਂ ਇਹ ਦਰਸਾਉਣ ਲਈ ਆਪਣੇ ਹੱਥ ਧੋਂਦਾ ਹਾਂ
    ਕਿ ਮੈਂ ਪਵਿੱਤਰ ਹਾਂ ਤਾਂ ਕਿ ਮੈਂ ਤੁਹਾਡੀ ਜਗਵੇਦੀ ਦੀ ਪਰਿਕ੍ਰਮਾ ਕਰ ਸੱਕਾਂ।
ਯਹੋਵਾਹ, ਮੈਂ ਤੁਹਾਡੀ ਉਸਤਤਿ ਦੇ ਗੀਤ ਗਾਉਂਦਾ ਹਾਂ।
    ਮੈਂ ਉਨ੍ਹਾਂ ਅਚਰਜ ਗੱਲਾਂ ਬਾਰੇ ਗਾਉਂਦਾ ਹਾਂ ਜੋ ਤੁਸਾਂ ਕੀਤੀਆਂ ਹਨ।
ਯਹੋਵਾਹ, ਮੈਂ ਤੁਹਾਡੇ ਮੰਦਰ ਨੂੰ ਪਿਆਰ ਕਰਦਾ ਹਾਂ।
    ਮੈਂ ਤੁਹਾਡੇ ਮਹਿਮਾਮਈ ਤੰਬੂ ਨੂੰ ਪਿਆਰ ਕਰਦਾ ਹਾਂ।

ਹੇ ਯਹੋਵਾਹ, ਮੈਨੂੰ ਉਨ੍ਹਾਂ ਪਾਪੀਆਂ ਸਮੇਤ ਨਾ ਗਿਣੋ।
    ਮੈਨੂੰ ਉਨ੍ਹਾਂ ਕਾਤਲਾਂ ਸੰਗ ਕਤਲ ਨਾ ਕਰੋ।
10 ਹੋ ਸੱਕਦਾ ਉਹ ਲੋਕ ਹੋਰਾਂ ਲੋਕਾਂ ਨੂੰ ਧੋਖਾ ਦਿੰਦੇ ਹੋਣ।
    ਹੋ ਸੱਕਦਾ ਉਹ ਮੰਦੇ ਕਾਰੇ ਕਰਨ ਦੇ ਪੈਸੇ ਲੈਂਦੇ ਹੋਣ।
11 ਪਰ ਮੈਂ ਬੇਕਸੂਰ ਹਾਂ।
    ਇਸ ਲਈ ਪਰਮੇਸ਼ੁਰ ਮੇਰੇ ਉੱਤੇ ਮਿਹਰਬਾਨ ਹੋਵੇ ਤੇ ਮੈਨੂੰ ਬਚਾਵੋ।
12 ਮੈਂ ਸਾਰੇ ਖਤਰਿਆਂ ਤੋਂ ਸੁਰੱਖਿਅਤ ਹਾਂ।
    ਹੇ ਯਹੋਵਾਹ, ਮੈਂ ਉਨ੍ਹਾਂ ਲੋਕਾਂ ਦਰਮਿਆਨ ਖਲੋਕੇ ਤੁਹਾਡੀ ਉਸਤਤਿ ਕਰ ਰਿਹਾ ਹਾਂ, ਜਿਹੜੇ ਤੁਹਾਡੇ ਲੋਕਾਂ ਨੂੰ ਆਪਣੀ ਸਭਾ ਲਈ ਸੱਦਾ ਦੇ ਰਹੇ ਹਨ।

ਦਾਊਦ ਦਾ ਇੱਕ ਗੀਤ।

27 ਯਹੋਵਾਹ, ਤੁਸੀਂ ਮੇਰੀ ਰੌਸ਼ਨੀ ਵੀ, ਮੇਰੇ ਮੁਕਤੀਦਾਤਾ ਵੀ ਹੋ।
    ਮੈਨੂੰ ਕਿਸੇ ਕੋਲੋਂ ਵੀ ਨਹੀਂ ਡਰਨਾ ਚਾਹੀਦਾ।
ਯਹੋਵਾਹ, ਮੇਰੇ ਜੀਵਨ ਦੀ ਸੁਰੱਖਿਆ ਦਾ ਟਿਕਾਣਾ ਹੈ।
    ਇਸ ਲਈ ਮੈਂ ਕਿਸੇ ਕੋਲੋਂ ਵੀ ਨਹੀਂ ਡਰਾਂਗਾ।
ਦੁਸ਼ਟ ਲੋਕ ਮੇਰੇ ਤੇ ਹਮਲਾ ਕਰ ਸੱਕਦੇ ਹਨ।
    ਉਹ ਮੇਰੇ ਸ਼ਰੀਰ ਨੂੰ ਤਲਵਾਰ ਨਾਲ ਵੱਢਣ ਦੀ ਕੋਸ਼ਿਸ਼ ਕਰ ਸੱਕਦੇ ਹਨ।
ਮੇਰੇ ਦੁਸ਼ਮਣ ਮੇਰੇ ਉੱਤੇ ਹਮਲਾ ਕਰਕੇ ਮੈਨੂੰ ਮਾਰਨ ਦੀ ਕੋਸ਼ਿਸ਼ ਕਰ ਸੱਕਦੇ ਹਨ।
    ਪਰ ਉਹ ਔਕੜਨਗੇ ਅਤੇ ਡਿੱਗਣਗੇ।
ਪਰ ਭਾਵੇਂ ਪੂਰੀ ਫ਼ੌਜ ਮੈਨੂੰ ਘੇਰ ਲਵੇ, ਫ਼ੇਰ ਵੀ ਮੈਂ ਨਹੀਂ ਡਰਾਂਗਾ।
    ਭਾਵੇਂ ਯੁੱਧ ਵਿੱਚ ਲੋਕ ਮੇਰੇ ਉੱਤੇ ਹਮਲਾ ਕਰਨ, “ਮੈਨੂੰ ਕੋਈ ਡਰ ਨਹੀਂ ਹੋਵੇਗਾ।
    ਕਿਉਂਕਿ ਮੈਨੂੰ ਯਹੋਵਾਹ ਵਿੱਚ ਯਕੀਨ ਹੈ।”

ਯਹੋਵਾਹ ਤੋਂ ਮੈਂ ਇੱਕੋ ਚੀਜ਼ ਮੰਗਦਾ ਹਾਂ,
    ਮੈਨੂੰ ਸਾਰੀ ਉਮਰ ਆਪਣੇ ਮੰਦਰ ਵਿੱਚ ਬੈਠਣ ਦੇ,
ਤਾਂ ਜੋ ਮੈਂ ਯਹੋਵਾਹ ਦੀ ਸੁੰਦਰਤਾ ਵੇਖ ਸੱਕਾਂ।
    ਅਤੇ ਉਸਦਾ ਮਹਿਲ ਵੇਖ ਸੱਕਾਂ।

ਜਦੋਂ ਵੀ ਮੈਂ ਸੰਕਟ ਵਿੱਚ ਹੋਵਾਂਗਾ ਯਹੋਵਾਹ ਮੇਰੀ ਰੱਖਿਆ ਕਰੇਗਾ।
    ਉਹ ਮੈਨੂੰ ਆਪਣੇ ਤੰਬੂ ਵਿੱਚ ਛੁਪਾ ਲਵੇਗਾ,
    ਉਹ ਮੈਨੂੰ ਆਪਣੀ ਸੁਰੱਖਿਅਤ ਥਾਂ ਉੱਤੇ ਲੈ ਜਾਵੇਗਾ।
ਮੇਰੇ ਦੁਸ਼ਮਣਾਂ ਨੇ ਮੈਨੂੰ ਘੇਰ ਲਿਆ ਹੈ।
    ਪਰ ਉਨ੍ਹਾਂ ਨੂੰ ਹਰਾਉਣ ਵਿੱਚ ਯਹੋਵਾਹ ਮੇਰੀ ਮਦਦ ਕਰੇਗਾ।
ਫ਼ੇਰ ਮੈਂ ਉਸ ਦੇ ਤੰਬੂ ਵਿੱਚ ਬਲੀ ਦੇ ਤੌਰ ਤੇ ਜੈ-ਕਾਰੇ ਚੜ੍ਹਾਵਾਂਗਾ।
    ਅਤੇ ਮੈਂ ਗਾਵਾਂਗਾ ਅਤੇ ਯਹੋਵਾਹ ਨੂੰ ਸਤਿਕਾਰਨ ਲਈ ਸਾਜ ਵਜਾਵਾਂਗਾ।

ਯਹੋਵਾਹ, ਮੇਰੀ ਪੁਕਾਰ ਨੂੰ ਸੁਣ ਅਤੇ ਹੁੰਘਾਰਾ ਭਰ।
    ਮੇਰੇ ਤੇ ਦਯਾਵਾਨ ਹੋ।
ਯਹੋਵਾਹ, ਮੈਂ ਤੁਹਾਡੇ ਨਾਲ ਗੱਲਾਂ ਕਰਨੀਆਂ ਚਾਹੁੰਦਾ ਹਾਂ।
ਮੈਂ ਆਪਣੇ ਦਿਲ ਦੀਆਂ ਗੱਲਾਂ ਆਖਣੀਆਂ ਚਾਹੁੰਦਾ ਹਾਂ।
    ਮੈਂ ਤੁਹਾਡੇ ਨਾਲ ਗੱਲ ਕਰਨ ਲਈ ਤੁਹਾਡੇ ਸਨਮੁੱਖ ਆ ਗਿਆ ਹਾਂ।
ਯਹੋਵਾਹ, ਆਪਣੇ ਸੇਵਕ ਕੋਲੋਂ ਮੁੱਖ ਨਾ ਮੋੜੋ।
    ਮੇਰੀ ਸਹਾਇਤਾ ਕਰੋ।
ਮੈਨੂੰ ਦੂਰ ਨਾ ਧੱਕੋ, ਮੈਨੂੰ ਛੱਡ ਕੇ ਨਾ ਜਾਓ।
    ਮੇਰੇ ਪਰਮੇਸ਼ੁਰ, ਤੁਸੀਂ ਮੇਰੇ ਮੁਕਤੀਦਾਤਾ ਹੋ।
10 ਮੇਰੇ ਮਾਪਿਆਂ ਨੇ ਮੈਨੂੰ ਛੱਡ ਦਿੱਤਾ ਸੀ।
    ਪਰ ਯਹੋਵਾਹ ਨੇ ਮੇਰੀ ਬਾਂਹ ਫ਼ੜੀ ਅਤੇ ਮੈਨੂੰ ਆਪਣਾ ਬਣਾਇਆ।
11 ਹੇ ਯਹੋਵਾਹ, ਲੋਕ ਵੇਖ ਰਹੇ ਹਨ ਕਿ ਮੈਂ ਕੋਈ ਗਲਤੀ ਕਰਾਂ।
    ਇਸ ਲਈ ਮੈਨੂੰ ਸਹੀ ਗੱਲਾਂ ਕਰਨੀਆਂ ਸਿੱਖਾ।
12 ਮੈਨੂੰ ਮੇਰੇ ਦੁਸ਼ਮਣਾਂ ਦੇ ਘਾਤਕ ਫ਼ੰਦਿਆਂ ਵਿੱਚ ਨਾ ਫ਼ਸਣ ਦੇਵੋ।
    ਉਨ੍ਹਾਂ ਨੇ ਮੇਰੇ ਉੱਤੇ ਝੂਠੀਆਂ ਗਵਾਹੀਆਂ ਨਾਲ ਹਮਲਾ ਕੀਤਾ ਹੈ।
    ਉਹ ਮੇਰੇ ਉੱਤੇ ਹਿੰਸਕ ਹਮਲੇ ਕਰਨ ਲਈ ਤਿਆਰ ਹਨ।
13 ਮੈਨੂੰ ਪੱਕਾ ਵਿਸ਼ਵਾਸ ਹੈ ਕਿ ਮੈਂ ਮਰਨ ਤੋਂ ਪਹਿਲਾਂ ਯਹੋਵਾਹ ਦੀ ਚੰਗਿਆਈ ਦੇਖਾਂਗਾ।
14 ਯਹੋਵਾਹ ਦੀ ਸਹਾਇਤਾ ਲਈ ਇੰਤਜ਼ਾਰ ਕਰੋ।
    ਮਜ਼ਬੂਤ ਅਤੇ ਬਹਾਦੁਰ ਬਣੋ,
    ਅਤੇ ਯਹੋਵਾਹ ਦੀ ਸਹਾਇਤਾ ਲਈ ਇੰਤਜ਼ਾਰ ਕਰੋ।

ਦਾਊਦ ਦਾ ਇੱਕ ਗੀਤ।

28 ਹੇ ਯਹੋਵਾਹ, ਤੁਸੀਂ ਮੇਰੀ ਚੱਟਾਨ ਹੋ।
ਮੈਂ ਮਦਦ ਲਈ ਤੈਨੂੰ ਪੁਕਾਰ ਰਿਹਾ ਹਾਂ।
    ਮੇਰੀਆਂ ਪ੍ਰਾਰਥਨਾ ਲਈ ਆਪਣੇ ਕੰਨ ਬੰਦ ਨਾ ਕਰੋ।
ਜੇਕਰ ਤੁਸਾਂ ਮਦਦ ਲਈ ਮੇਰੀ ਪੁਕਾਰ ਨਾ ਸੁਣੀ
    ਤਦ ਲੋਕੀਂ ਸੋਚਣਗੇ ਕਿ ਮੈਂ ਕਬਰੀ ਪਏ ਮੁਰਦਾ ਲੋਕਾਂ ਨਾਲੋਂ ਬਿਹਤਰ ਨਹੀਂ ਹਾਂ।
ਯਹੋਵਾਹ, ਮੈਂ ਆਪਣੇ ਹੱਥ ਚੁੱਕਦਾ ਹਾਂ ਅਤੇ ਤੁਹਾਡੇ ਸਭ ਤੋਂ ਪਵਿੱਤਰ ਸਥਾਨ ਵੱਲ ਪ੍ਰਾਰਥਨਾ ਕਰਦਾ ਹਾਂ।
    ਮੈਂ ਜਦ ਵੀ ਬੁਲਾਵਾਂ ਮੈਨੂੰ ਸੁਣੋ।
    ਮੇਰੇ ਉੱਤੇ ਮਿਹਰ ਕਰੋ।
ਯਹੋਵਾਹ, ਮੇਰੇ ਬਾਰੇ ਇਵੇਂ ਨਾ ਸੋਚੋ ਜਿਵੇਂ ਮੈਂ ਮੰਦੇ ਲੋਕਾਂ ਵਿੱਚੋਂ ਇੱਕ ਹੋਵਾਂ।
    ਉਹ ਲੋਕ ਆਪਣੇ ਗੁਆਂਢੀਆਂ ਦਾ ਸਵਾਗਤ “ਸ਼ਾਲੋਮ” ਸ਼ਬਦ ਨਾਲ ਕਰਦੇ ਹਨ।
    ਪਰ ਆਪਣੇ ਦਿਲਾਂ ਵਿੱਚ ਆਪਣੇ ਗੁਆਂਢੀਆਂ ਦੇ ਖਿਲਾਫ਼ ਮੰਦੀਆਂ ਗੱਲਾਂ ਦੀਆਂ ਵਿਉਂਤਾ ਘੜਦੇ ਹਨ।
ਯਹੋਵਾਹ, ਉਹ ਲੋਕ ਹੋਰਾਂ ਲੋਕਾਂ ਨਾਲ ਮੰਦਾ ਕਰਦੇ ਹਨ।
    ਇਸ ਲਈ ਉਨ੍ਹਾਂ ਨਾਲ ਮੰਦੀਆਂ ਗੱਲਾਂ ਵਾਪਰਨ ਦਿਉ।
    ਉਨ੍ਹਾਂ ਨੂੰ ਦੰਡ ਦਿਉ ਜਿਸਦੇ ਉਹ ਅਧਿਕਾਰੀ ਹਨ।
ਕਿਉਂਕਿ ਉਹ ਲੋਕ ਸਮਝਣ ਦੀ ਕੋਸ਼ਿਸ਼ ਨਹੀਂ ਕਰਦੇ
    ਕਿ ਯਹੋਵਾਹ ਨੇ ਆਪਣੇ ਹੱਥੀਂ ਕੀ ਕੀਤਾ ਹੈ।
    ਯਹੋਵਾਹ ਉਨ੍ਹਾਂ ਦੀ ਉਸਾਰੀ ਕਰਨ ਦੀ ਬਜਾਇ ਉਨ੍ਹਾਂ ਨੂੰ ਨਸ਼ਟ ਕਰ ਦੇਵੇ।

ਯਹੋਵਾਹ ਦੀ ਉਸਤਤਿ ਕਰੋ।
    ਉਸ ਨੇ ਮਿਹਰ ਲਈ ਪ੍ਰਾਰਥਨਾ ਸੁਣ ਲਈ।
ਯਹੋਵਾਹ ਹੀ ਮੇਰੀ ਤਾਕਤ ਹੈ।
ਉਹੀ ਮੇਰੀ ਢਾਲ ਹੈ।
    ਮੈਂ ਉਸ ਵਿੱਚ ਯਕੀਨ ਰੱਖਿਆ ਅਤੇ ਉਸ ਨੇ ਮੇਰੀ ਮਦਦ ਕੀਤੀ।
ਮੈਂ ਬਹੁਤ ਪ੍ਰਸੰਨ ਹਾਂ,
    ਅਤੇ ਮੈਂ ਉਸ ਨੂੰ ਉਸਤਤਿ ਦੇ ਗੀਤ ਗਾਉਂਦਾ ਹਾਂ।
ਯਹੋਵਾਹ ਆਪਣੇ ਚੁਣੇ ਹੋਏ ਬੰਦੇ ਦੀ ਰੱਖਿਆ ਕਰਦਾ ਹੈ।
    ਯਹੋਵਾਹ ਉਸ ਨੂੰ ਬਚਾਉਂਦਾ ਹੈ।
    ਯਹੋਵਾਹ ਉਸਦੀ ਸ਼ਕਤੀ ਹੈ।

ਹੇ ਪਰਮੇਸ਼ੁਰ, ਆਪਣੇ ਲੋਕਾਂ ਨੂੰ ਬਚਾਉ।
    ਉਨ੍ਹਾਂ ਨੂੰ ਓਨੀ ਅਸੀਸ ਦਿਉ ਜਿੰਨੀ ਦੇ ਤੁਸੀਂ ਮਾਲਕ ਹੋਂ।
    ਉਨ੍ਹਾਂ ਦੀ ਅਗਵਾਈ ਕਰੋ ਅਤੇ ਉਨ੍ਹਾਂ ਨੂੰ ਸਦਾ ਲਈ ਇੱਜ਼ਤ ਬਖਸ਼ੋ।

ਦਾਊਦ ਦਾ ਇੱਕ ਗੀਤ।

29 ਪਰਮੇਸ਼ੁਰ ਦੇ ਪੁੱਤਰੋ, ਯਹੋਵਾਹ ਦੀ ਉਸਤਤਿ ਕਰੋ।
    ਉਸਦੀ ਮਹਿਮਾ ਦੀ, ਉਸਦੀ ਸ਼ਕਤੀ ਦੀ ਉਸਤਤਿ ਕਰੋ।
ਯਹੋਵਾਹ ਦੀ ਉਸਤਤਿ ਕਰੋ ਅਤੇ ਉਸ ਦੇ ਨਾਂ ਦੀ ਇੱਜ਼ਤ ਕਰੋ।
    ਆਪਣੀ ਖਾਸ ਪੁਸ਼ਾਕ ਵਿੱਚ ਉਸਦੀ ਉਪਾਸਨਾ ਕਰੋ।
ਯਹੋਵਾਹ ਸਮੁੰਦਰ ਉੱਤੇ ਆਪਣੀ ਅਵਾਜ਼ ਬੁਲਦ ਕਰਦਾ ਹੈ,
    ਇਹ ਅਵਾਜ਼ ਮਹਾਨ ਪਰਮੇਸ਼ੁਰ ਦੀ ਹੈ ਜਿਹੜੀ ਮਹਾਂ ਸਾਗਰ ਉੱਤੇ ਗਰਜ ਵਾਂਗ ਫ਼ੈਲਦੀ ਹੈ।
ਯਹੋਵਾਹ ਦੀ ਕੜਕਦਾਰ ਅਵਾਜ਼ ਉਸਦੀ ਸ਼ਕਤੀ
    ਅਤੇ ਤੇਜ ਨੂੰ ਦਰਸ਼ਾਉਂਦਾ ਹੈ।
ਯਹੋਵਾਹ ਦੀ ਅਵਾਜ਼ ਦਿਉਦਾਰਾਂ ਦੇ ਰੁੱਖਾਂ ਨੂੰ ਟੁਕੜੇ-ਟੁਕੜੇ ਕਰ ਦਿੰਦੀ ਹੈ।
    ਯਹੋਵਾਹ ਦੀ ਅਵਾਜ਼ ਲਬਾਨੋਨ ਦੇ ਦਿਉਦਾਰਾਂ ਦੇ ਰੁੱਖਾਂ ਨੂੰ ਵੱਢਦੀ ਹੈ।
ਯਹੋਵਾਹ ਲਬਾਨੋਨ ਨੂੰ ਹਿਲਾ ਦਿੰਦਾ ਹੈ।
    ਇਹ ਛੋਟੇ ਵੱਛੇ ਦੇ ਨੱਚਣ ਵਰਗਾ ਲੱਗਦਾ ਹੈ।
ਸਿਰਯੋਨ ਹਿਲਦਾ ਹੈ।
    ਇਹ ਬੱਕਰੀ ਦੇ ਬੱਚੇ ਦੇ ਕੁੱਦਣ ਵਾਂਗ ਲੱਗਦਾ ਹੈ।
ਯਹੋਵਾਹ ਦੀ ਅਵਾਜ਼ ਬਿਜਲੀ ਦੀ ਲਸ਼ਕੋਰ ਨਾਲ ਹਵਾ ਨੂੰ ਚੀਰਦੀ ਹੈ।
ਯਹੋਵਾਹ ਦੀ ਅਵਾਜ਼ ਮਾਰੂਥਲ ਨੂੰ ਹਿਲਾ ਦਿੰਦੀ ਹੈ।
    ਯਹੋਵਾਹ ਦੀ ਅਵਾਜ਼ ਨਾਲ ਕਾਦੇਸ਼ ਮਾਰੂਥਲ ਕੰਬਦਾ ਹੈ।
ਯਹੋਵਾਹ ਦੀ ਆਵਾਜ਼ ਹਿਰਨ ਨੂੰ ਹਿਲਾ ਦਿੰਦੀ ਹੈ।
    ਯਹੋਵਾਹ ਜੰਗਲਾਂ ਨੂੰ ਤਬਾਹ ਕਰਦਾ ਹੈ।
ਪਰ ਉਸ ਦੇ ਮਹਿਲ ਅੰਦਰ ਲੋਕੀਂ ਉਸਦੀ ਮਹਿਮਾ ਦੇ ਗੀਤ ਗਾਉਂਦੇ ਹਨ।

10 ਹੜ੍ਹ ਵੇਲੇ ਯਹੋਵਾਹ ਰਾਜਾ ਸੀ।
    ਅਤੇ ਪਰਮੇਸ਼ੁਰ ਸਦਾ ਲਈ ਰਾਜੇ ਵਾਂਗ ਰਹੇਗਾ।
11 ਯਹੋਵਾਹ ਨੂੰ ਆਪਣੇ ਲੋਕਾਂ ਦੀ ਰੱਖਿਆ ਕਰਨ ਦਿਉ।
    ਯਹੋਵਾਹ ਨੂੰ ਆਪਣੇ ਲੋਕਾਂ ਨੂੰ ਸ਼ਾਂਤੀ ਦੀ ਅਸੀਸ ਦੇਣ ਦੇਵੋ।

ਦਾਊਦ ਦੇ ਗੀਤਾਂ ਵਿੱਚੋਂ ਇੱਕ ਇਹ ਗੀਤ ਮੰਦਰ ਦੇ ਸਮਰਪਣ ਲਈ ਸੀ।

30 ਯਹੋਵਾਹ, ਤੁਸਾਂ ਮੈਨੂੰ ਮੇਰੇ ਸੰਕਟਾਂ ਵਿੱਚੋਂ ਉਭਾਰਿਆ।
    ਤੁਸਾਂ ਮੇਰੇ ਦੁਸ਼ਮਣਾਂ ਨੂੰ ਮੈਨੂੰ ਹਰਾਉਣ, ਅਤੇ ਮੇਰੇ ਉੱਤੇ ਹੱਸਣ ਨਹੀਂ ਦਿੱਤਾ।
    ਇਸ ਲਈ ਮੈਂ ਤੁਹਾਡੇ ਲਈ ਆਦਰ ਦਰਸਾਵਾਂਗਾ।
ਮੇਰੇ ਯਹੋਵਾਹ ਪਰਮੇਸ਼ੁਰ, ਮੈਂ ਤੁਹਾਨੂੰ ਪ੍ਰਾਰਥਨਾ ਕੀਤੀ।
    ਤੇ ਤੁਸਾਂ ਮੈਨੂੰ ਨਿਰੋਗ ਕੀਤਾ।
ਤੁਸਾਂ ਮੈਨੂੰ ਕਬਰ ਵਿੱਚੋਂ ਉੱਠਾ ਲਿਆ ਸੀ।
    ਤੁਸਾਂ ਮੈਨੂੰ ਜੀਣ ਦਿੱਤਾ।
    ਮੈਨੂੰ ਮੁਰਦਿਆਂ ਦੇ ਨਾਲ ਲੇਟਣਾ ਨਹੀਂ ਪਿਆ ਜਿਹੜੇ ਮ੍ਰਿਤੂ ਲੋਕ ਵਿੱਚ ਪਏ ਹਨ।

ਹੇ ਪਰਮੇਸ਼ੁਰ ਦੇ ਚੇਲਿਉ, ਯਹੋਵਾਹ ਨੂੰ ਉਸਤਤਾਂ ਗਾਵੋ।
    ਉਸ ਦੇ ਪਵਿੱਤਰ ਨਾਮ ਦੀ ਉਸਤਤਿ ਕਰੋ।
ਪਰਮੇਸ਼ੁਰ ਗੁੱਸੇ ਸੀ, ਇਸ ਲਈ ਫ਼ੈਸਲਾ “ਮੌਤ” ਸੀ।
    ਪਰ ਉਸ ਨੇ ਆਪਣਾ ਪਿਆਰ ਦਰਸਾਇਆ, ਅਤੇ ਉਸ ਨੇ ਮੈਨੂੰ “ਜੀਵਨ ਦੀ ਅਸੀਸ” ਦਿੱਤੀ।
ਰਾਤ ਵੇਲੇ ਮੈਂ ਰੋਂਦਾ ਹੋਇਆ ਲੇਟਿਆ ਸਾਂ।
    ਅਗਲੀ ਸਵੇਰ, ਮੈਂ ਪ੍ਰਸੰਨ ਸਾਂ ਤੇ ਗਾ ਰਿਹਾ ਸਾਂ।

ਜਦੋਂ ਮੈਂ ਸੁਰੱਖਿਅਤ ਤੇ ਨਿਸ਼ਚਿੰਤ ਸਾਂ,
    ਮੈਂ ਸੋਚਿਆ ਮੈਨੂੰ ਕੋਈ ਵੀ ਸੱਟ ਨਹੀਂ ਮਾਰ ਸੱਕਦਾ।
ਹਾਂ, ਯਹੋਵਾਹ, ਜਦੋਂ ਤੁਸੀਂ ਮੇਰੇ ਉੱਤੇ ਮਿਹਰਬਾਨ ਸੀ।
    ਮੈਂ ਮਹਿਸੂਸ ਕੀਤਾ ਜਿਵੇਂ ਕੁਝ ਵੀ ਨਹੀਂ ਜੋ ਮੈਨੂੰ ਹਰਾ ਸੱਕਦਾ ਸੀ।
ਪਰ ਜਦੋਂ ਤੁਸੀਂ ਮੈਥੋਂ ਮੁੱਖ ਮੋੜਿਆ ਸੀ
    ਮੈਂ ਸਹਿਮ ਗਿਆ ਅਤੇ ਡਰ ਨਾਲ ਕੰਬ ਗਿਆ।
ਇਸ ਲਈ, ਹੇ ਪਰਮੇਸ਼ੁਰ ਮੈਂ ਧਰਤੀ ਉੱਤੇ ਤੇਰੇ ਅੱਗੇ ਪ੍ਰਾਰਥਨਾ ਕੀਤੀ।
    ਮੈਂ ਆਖਿਆ ਕਿ ਤੂੰ ਮੇਰੇ ਉੱਪਰ ਦਯਾ ਕਰੇਂ।
ਮੈਂ ਆਖਿਆ, “ਹੇ ਪਰਮੇਸ਼ੁਰ ਇਸ ਵਿੱਚ ਕੀ ਚੰਗਾ ਹੈ ਜੇ ਮੈਂ ਮਰ ਜਾਵਾਂ
    ਤੇ ਮੈਂ ਕਬਰ ਵਿੱਚ ਨਿਘਰ ਜਾਵਾਂ?
ਸਿਰਫ਼ ਮੁਰਦਾ ਲੋਕ ਖਾਕ ਵਿੱਚ ਲੇਟਦੇ ਹਨ?
    ਉਹ ਤੇਰੀ ਉਸਤਤਿ ਨਹੀਂ ਕਰਦੇ।
    ਉਹ ਲੋਕਾਂ ਤਾਈਂ ਨਹੀਂ ਦੱਸਦੇ ਅਸੀਂ ਤੇਰੇ ਉੱਤੇ ਕਿੰਨਾ ਨਿਰਭਰ ਹੋ ਸੱਕਦੇ ਹਾਂ।
10 ਹੇ ਯਹੋਵਾਹ, ਮੇਰੀ ਪ੍ਰਾਰਥਨਾ ਸੁਣੋ ਅਤੇ ਮੇਰੇ ਉੱਤੇ ਮਿਹਰਬਾਨ ਹੋਵੋ।
    ਹੇ ਯਹੋਵਾਹ, ਮੇਰੀ ਮਦਦ ਕਰੋ।”

11 ਮੈਂ ਪ੍ਰਾਰਥਨਾ ਕੀਤੀ ਅਤੇ ਤੁਸਾਂ ਮੇਰੀ ਮਦਦ ਕੀਤੀ।
    ਤੁਸੀਂ ਮੇਰੇ ਰੋਣ ਨੂੰ ਨੱਚਣ ਵਿੱਚ ਬਦਲਿਆ।
ਤੁਸੀਂ ਮੇਰੀ ਉਦਾਸੀ ਦੀ ਪੋਸ਼ਾਕ ਲਾਹ ਲਈ।
    ਅਤੇ ਤੁਸੀਂ ਮੈਨੂੰ ਖੁਸ਼ੀ ਨਾਲ ਢੱਕਿਆ।
12 ਯਹੋਵਾਹ, ਮੇਰੇ ਪਰਮੇਸ਼ੁਰ, ਮੈਂ ਸਦਾ ਤੇਰੀ ਉਸਤਤਿ ਕਰਾਂਗਾ ਇਸ ਲਈ ਕਦੇ ਵੀ ਖਾਮੋਸ਼ੀ ਨਹੀਂ ਛਾਏਗੀ
    ਅਤੇ ਇੱਥੋਂ ਕੋਈ ਨਾ ਕੋਈ ਸਦਾ ਤੁਹਾਡੇ ਆਦਰ ਦੇ ਗੀਤ ਗਾ ਰਿਹਾ ਹੋਵੇਗਾ।

ਨਿਰਦੇਸ਼ਕ ਲਈ: ਦਾਊਦ ਦਾ ਇੱਕ ਗੀਤ।

31 ਯਹੋਵਾਹ, ਮੈਂ ਤੁਸਾਂ ਉੱਤੇ ਨਿਰਭਰ ਹਾਂ।
    ਮੈਨੂੰ ਨਿਰਾਸ਼ ਨਾ ਕਰੋ।
    ਮੇਰੇ ਉੱਪਰ ਮਿਹਰਬਾਨ ਹੋਵੋ ਅਤੇ ਮੈਨੂੰ ਬਚਾ ਲਵੋ।
    ਹੇ ਪਰਮੇਸ਼ੁਰ, ਮੇਰੀ ਪ੍ਰਾਰਥਨਾ ਨੂੰ ਸੁਣੋ।
    ਛੇਤੀ ਆਉ ਅਤੇ ਮੈਨੂੰ ਬਚਾਉ।
ਮੇਰੀ ਚੱਟਾਨ ਹੋਵੋ, ਮੇਰਾ ਸੁਰੱਖਿਅਤ ਸਥਾਨ ਹੋਵੋ।
    ਮੇਰਾ ਕਿਲ੍ਹਾ ਹੋਵੋ ਮੇਰੀ ਰੱਖਿਆ ਕਰੋ।
ਹੇ ਪਰਮੇਸ਼ੁਰ, ਤੁਸੀਂ ਮੇਰੀ ਚੱਟਾਨ ਹੋ,
    ਇਸੇ ਲਈ ਆਪਣੇ ਨਾਂ ਦੇ ਚੰਗੇ ਵਾਸਤੇ, ਮੇਰੇ ਆਗੂ ਬਣੋ ਅਤੇ ਮੇਰੀ ਅਗਵਾਈ ਕਰੋ।
ਮੇਰੇ ਦੁਸ਼ਮਣਾਂ ਮੇਰੇ ਲਈ ਜਾਲ ਵਿਛਾਇਆ ਹੈ।
    ਮੈਨੂੰ ਉਨ੍ਹਾਂ ਦੇ ਜਾਲ ਤੋਂ ਬਚਾਉ।
    ਤੁਸੀਂ ਹੀ ਮੇਰਾ ਸੁਰੱਖਿਅਤ ਸਥਾਨ ਹੋ।
ਯਹੋਵਾਹ, ਤੁਸੀਂ ਹੀ ਪਰਮੇਸ਼ੁਰ ਹੋ ਜਿਸਤੇ ਸਾਨੂੰ ਭਰੋਸਾ ਹੈ।
    ਮੈਂ ਤੁਹਾਡੇ ਹੱਥਾਂ ਵਿੱਚ ਆਪਣੀ ਜਿੰਦ ਸੌਂਪਦਾ ਹਾਂ।
    ਮੈਨੂੰ ਬਚਾਉ।
ਮੈਂ ਉਨ੍ਹਾਂ ਨੂੰ ਨਫ਼ਰਤ ਕਰਦਾ ਹਾਂ ਜਿਹੜੇ ਝੂਠੇ ਦੇਵਤਿਆਂ ਦੀ ਪੂਜਾ ਕਰਦੇ ਹਨ।
    ਮੈਂ ਸਿਰਫ਼ ਯਹੋਵਾਹ ਵਿੱਚ ਹੀ ਯਕੀਨ ਰੱਖਦਾ ਹਾਂ।
ਹੇ ਪਰਮੇਸ਼ੁਰ, ਤੁਹਾਡੀ ਮਿਹਰਬਾਨੀ ਸਦਕਾ ਮੈਂ ਬਹੁਤ ਪ੍ਰਸੰਨ ਹਾਂ।
    ਤੁਸੀਂ ਮੇਰੀ ਬਿਪਤਾ ਦੇਖੀ ਹੈ।
    ਤੁਸੀਂ ਮੇਰੀਆਂ ਮੁਸੀਬਤਾਂ ਬਾਰੇ ਜਾਣਦੇ ਹੋ।
ਤੁਸੀਂ ਮੈਨੂੰ ਦੁਸ਼ਮਣਾਂ ਨੂੰ ਨਹੀਂ ਫ਼ੜਨ ਦੇਵੋਂਗੇ।
    ਤੁਸੀਂ ਮੈਨੂੰ ਉਨ੍ਹਾਂ ਦੇ ਜਾਲਾਂ ਤੋਂ ਮੁਕਤ ਕਰੋਂਗੇ।
ਯਹੋਵਾਹ, ਮੈਂ ਵੱਡੇ ਸੰਕਟਾਂ ਵਿੱਚ ਪਿਆ ਹਾਂ।
    ਇਸ ਲਈ ਮੇਰੇ ਉੱਤੇ ਮਿਹਰਬਾਨ ਹੋਵੋ।
    ਕਿਉਂਕਿ ਮੈਂ ਬਹੁਤ ਪਰੇਸ਼ਾਨ ਹਾਂ, ਮੇਰੀਆਂ ਅੱਖਾਂ ਵੀ, ਗਲਾ ਅਤੇ ਮਿਹਦਾ ਵੀ ਦੁੱਖ ਰਹੇ ਹਨ।
10 ਮੇਰੀ ਜਿੰਦ ਉਦਾਸੀ ਅੰਦਰ ਬੀਤ ਰਹੀ ਹੈ।
    ਆਹਾਂ ਵਿੱਚ, ਮੇਰੇ ਸਾਲ ਬੀਤਦੇ ਜਾ ਰਹੇ ਹਨ।
ਮੇਰੀਆਂ ਮੁਸੀਬਤਾਂ ਮੈਨੂੰ ਕਮਜ਼ੋਰ ਬਣਾ ਰਹੀਆਂ ਹਨ।
    ਮੇਰੀ ਸ਼ਕਤੀ ਮੈਨੂੰ ਜਵਾਬ ਦੇ ਰਹੀ ਹੈ।
11 ਮੇਰੇ ਦੁਸ਼ਮਣ ਮੈਨੂੰ ਨਫ਼ਰਤ ਕਰਦੇ ਹਨ
    ਅਤੇ ਮੇਰੇ ਸਾਰੇ ਗੁਆਂਢੀ ਵੀ ਮੈਨੂੰ ਨਫ਼ਰਤ ਕਰਦੇ ਹਨ।
ਮੇਰੇ ਸਾਰੇ ਰਿਸ਼ਤੇਦਾਰ ਰਾਹਾਂ ਵਿੱਚ ਮੇਰੇ ਵੱਲ ਤੱਕਦੇ ਹਨ।
    ਉਹ ਮੇਰੇ ਪਾਸੋਂ ਡਰਦੇ ਹਨ
    ਅਤੇ ਮੈਥੋਂ ਬਚਦੇ ਫ਼ਿਰਦੇ ਹਨ।
12 ਲੋਕ ਮੈਨੂੰ ਗੁਆਚੇ ਹੋਏ ਸੰਦ ਵਾਂਗ
    ਮੁਕੰਮਲ ਤੌਰ ਤੇ ਭੁੱਲ ਗਏ ਹਨ।
13 ਮੈਂ ਟਿਪਣੀਆਂ ਸੁਣਦਾ ਹਾਂ, ਜਿਹੜੀਆਂ ਲੋਕ ਮੇਰੇ ਬਾਰੇ ਆਖਦੇ ਹਨ।
    ਉਹ ਲੋਕੀਂ ਮੇਰੇ ਖਿਲਾਫ਼ ਹੋ ਗਏ ਹਨ ਅਤੇ ਮੈਨੂੰ ਮਾਰਨ ਦੀਆਂ ਵਿਉਂਤਾਂ ਬਣਾ ਰਹੇ ਹਨ।

14 ਹੇ ਯਹੋਵਾਹ, ਮੈਂ ਤੇਰੇ ਵਿੱਚ ਯਕੀਨ ਰੱਖਦਾ ਹਾਂ।
    ਤੁਸੀਂ ਮੇਰੇ ਪਰਮੇਸ਼ੁਰ ਹੋ।
15 ਮੇਰੀ ਜਿੰਦ ਤੁਹਾਡੇ ਹੱਥਾਂ ਵਿੱਚ ਹੈ।
    ਮੈਨੂੰ ਮੇਰੇ ਦੁਸ਼ਮਣਾਂ ਤੋਂ ਬਚਾਉ।
    ਕੁਝ ਲੋਕੀਂ ਮੇਰਾ ਪਿੱਛਾ ਕਰ ਰਹੇ ਹਨ। ਮੈਨੂੰ ਉਨ੍ਹਾਂ ਤੋਂ ਬਚਾਉ।
16 ਕਿਰਪਾ ਕਰਕੇ ਜੀ ਆਇਆਂ ਨੂੰ ਆਖੋ ਅਤੇ ਆਪਣੇ ਸੇਵਕ ਨੂੰ ਪ੍ਰਵਾਨ ਕਰੋ।
    ਮੇਰੇ ਉੱਤੇ ਮਿਹਰਬਾਨ ਹੋਵੋ ਅਤੇ ਮੈਨੂੰ ਬਚਾਉ।
17 ਹੇ ਯਹੋਵਾਹ, ਮੈਂ ਤੁਹਾਨੂੰ ਪ੍ਰਾਰਥਨਾ ਕੀਤੀ।
    ਇਸ ਲਈ ਮੈਂ ਨਿਰਾਸ਼ ਨਹੀਂ ਹੋਵਾਂਗਾ,
ਪਰ ਬੁਰੇ ਲੋਕ ਨਿਰਾਸ਼ ਹੋਣਗੇ।
    ਉਹ ਕਬਰ ਵਿੱਚ ਖਾਮੋਸ਼ ਹੋਣਗੇ।
18 ਉਹ ਮੰਦੇ ਲੋਕ ਬਹੁਤ ਗੁਮਾਨੀ ਹਨ।
    ਉਹ ਆਪਣੇ ਬਾਰੇ ਸ੍ਵੈਂ-ਪ੍ਰਸ਼ੰਸਾ ਕਰਦੇ ਹਨ
ਅਤੇ ਚੰਗੇ ਲੋਕਾਂ ਬਾਰੇ ਝੂਠ ਦੱਸਦੇ ਹਨ।
    ਪਰ ਉਨ੍ਹਾਂ ਦੇ ਝੂਠ ਬੋਲਣ ਵਾਲੇ ਬੁਲ੍ਹ ਖਾਮੋਸ਼ ਹੋ ਜਾਣਗੇ।

19 ਹੇ ਪਰਮੇਸ਼ੁਰ, ਤੁਸੀਂ ਆਪਣੇ ਚੇਲਿਆਂ ਲਈ ਅਨੇਕ ਅਦਭੁਤ ਚੀਜ਼ਾਂ ਛੁਪਾਕੇ ਰੱਖੀਆਂ ਹਨ।
    ਉਨ੍ਹਾਂ ਸਮੂਹ ਲੋਕਾਂ ਦੇ ਸਾਹਮਣੇ ਚੰਗੀਆਂ ਗੱਲਾਂ ਕਰੋ ਜਿਹੜੇ ਤੁਹਾਡੇ ਵਿੱਚ ਯਕੀਨ ਰੱਖਦੇ ਹਨ।
20 ਮੰਦੇ ਲੋਕੀਂ ਚੰਗੇ ਲੋਕਾਂ ਨੂੰ ਦੁੱਖ ਦੇਣ ਲਈ ਇਕੱਠੇ ਹੋ ਗਏ ਹਨ।
    ਉਹ ਮੰਦੇ ਲੋਕੀਂ ਲੜਾਈ ਛੇੜਨ ਦੀ ਕੋਸ਼ਿਸ਼ ਕਰਦੇ ਹਨ।
ਪਰ ਤੁਸੀਂ ਉਨ੍ਹਾਂ ਚੰਗੇ ਲੋਕਾਂ ਨੂੰ ਲੁੱਟ ਲੈਂਦੇ ਹੋ ਅਤੇ ਉਨ੍ਹਾਂ ਦੀ ਰੱਖਿਆ ਕਰਦੇ ਹੋ।
    ਤੁਸੀਂ ਆਪਣੀ ਸ਼ਰਣ ਹੇਠਾਂ ਉਨ੍ਹਾਂ ਦੀ ਰੱਖਿਆ ਕਰੋ।
21 ਯਹੋਵਾਹ ਨੂੰ ਅਸੀਸ ਦਿਉ।
ਉਸ ਨੇ ਮੇਰੇ ਲਈ ਆਪਣਾ ਸੱਚਾ ਪਿਆਰ ਦਰਸਾਇਆ ਸੀ।
    ਜਦੋਂ ਦੁਸ਼ਮਣਾਂ ਨੇ ਨਿਰਾਲੇ ਢੰਗ ਨਾਲ ਸ਼ਹਿਰ ਨੂੰ ਘੇਰਾ ਘਤਿਆ ਸੀ।
22 ਮੈਂ ਡਰਦਾ ਸਾਂ ਅਤੇ ਮੈਂ ਆਖਿਆ, “ਮੈਂ ਉਸ ਥਾਵੇਂ ਹਾਂ ਜਿੱਥੇ ਪਰਮੇਸ਼ੁਰ ਮੈਨੂੰ ਨਹੀਂ ਦੇਖ ਸੱਕਦਾ।”
    ਪਰ ਮੈਂ ਤੁਹਾਡੇ ਅੱਗੇ ਪ੍ਰਾਰਥਨਾ ਕੀਤੀ, ਹੇ ਪਰਮੇਸ਼ੁਰ, ਅਤੇ ਤੁਸੀਂ ਮਦਦ ਲਈ ਮੇਰੀ ਉੱਚੀ ਪੁਕਾਰ ਸੁਣ ਲਈ।

23 ਪਰਮੇਸ਼ੁਰ ਦੇ ਚੇਲਿਉ, ਤੁਹਾਨੂੰ ਪਰਮੇਸ਼ੁਰ ਨੂੰ ਪਿਆਰ ਕਰਨਾ ਚਾਹੀਦਾ ਹੈ।
    ਯਹੋਵਾਹ ਉਨ੍ਹਾਂ ਦੀ ਰੱਖਿਆ ਕਰਦਾ ਹੈ ਜੋ ਉਸ ਦੇ ਵਫ਼ਾਦਾਰ ਹਨ।
ਪਰ ਉਹ ਉਨ੍ਹਾਂ ਲੋਕਾਂ ਨੂੰ ਦੰਡ ਦਿੰਦਾ ਹੈ ਜੋ ਆਪਣੀ ਹੀ ਤਾਕਤ ਬਾਰੇ ਸ਼ੇਖੀ ਮਾਰਦੇ ਹਨ।
    ਉਹ ਉਨ੍ਹਾਂ ਨੂੰ ਢੁਕਵਾਂ ਦੰਡ ਦਿੰਦਾ ਹੈ।
24 ਤੁਸੀਂ ਸਾਰੇ ਜਿਹੜੇ ਪਰਮੇਸ਼ੁਰ ਦੀ ਮਦਦ ਲਈ ਇੰਤਜ਼ਾਰ ਕਰ ਰਹੇ ਹੋਂ, ਤਕੜੇ ਅਤੇ ਬਹਾਦੁਰ ਬਣੋ।

Punjabi Bible: Easy-to-Read Version (ERV-PA)

2010 by World Bible Translation Center