Beginning
ਭਾਗ
(ਜ਼ਬੂਰ 1-41)
1 ਉਹ ਵਿਅਕਤੀ ਵਡਭਾਗਾ ਹੈ
ਜਿਹੜਾ ਬੁਰੇ ਬੰਦਿਆਂ ਦੀਆਂ ਸਲਾਹਾਂ ਨਹੀਂ ਲੈਂਦਾ
ਅਤੇ ਜਿਹੜਾ ਪਾਪੀਆਂ ਵਾਂਗ ਨਹੀਂ ਜਿਉਂਦਾ।
ਅਤੇ ਉਨ੍ਹਾਂ ਲੋਕਾਂ ਨਾਲ ਨਹੀਂ ਰਲਦਾ ਜਿਹੜੇ ਪਰਮੇਸ਼ੁਰ ਨੂੰ ਮਾਨ ਨਹੀਂ ਦਿੰਦੇ।
2 ਇੱਕ ਚੰਗਾ ਵਿਅਕਤੀ, ਯਹੋਵਾਹ ਦੇ ਉਪਦੇਸ਼ਾਂ ਨੂੰ ਪਿਆਰ ਕਰਦਾ,
ਅਤੇ ਉਹ ਉਨ੍ਹਾਂ ਤੇ ਦਿਨ ਰਾਤ ਸੋਚ ਵਿੱਚਾਰ ਕਰਦਾ ਹੈ।
3 ਇਸ ਤਰ੍ਹਾਂ ਉਹ ਉਸ ਰੁੱਖ ਵਾਂਗ ਬਲਵਾਨ ਬਣ ਜਾਂਦਾ ਹੈ ਜਿਹੜਾ ਨਦੀ ਦੇ ਕਿਨਾਰੇ ਉੱਤੇ ਬਰਾਬਰੀ ਨਾਲ ਵੱਧਦਾ ਹੈ।
ਅਤੇ ਉਹ ਰੁੱਖ ਉਪਯੁਕਤ ਸਮੇਂ ਤੇ ਫ਼ਲ ਦਿੰਦਾ ਹੈ।
ਉਹ ਉਸ ਰੁੱਖ ਵਰਗਾ ਹੈ ਜਿਸਦੇ ਪੱਤੇ ਨਹੀਂ ਸੁੱਕਦੇ
ਅਤੇ ਉਹ ਆਪਣੇ ਹਰ ਅਮਲ ਵਿੱਚ ਫ਼ਲਦਾਇੱਕ ਹੋ ਜਾਂਦਾ ਹੈ।
4 ਪਰ ਬੁਰੇ ਵਿਅਕਤੀ ਇਸ ਤਰ੍ਹਾਂ ਨਹੀਂ ਹਨ।
ਬੁਰੇ ਵਿਅਕਤੀ ਉਸ ਤੂੜੀ ਵਰਗੇ ਹਨ ਜਿਹੜੀ ਹਵਾ ਦੇ ਨਾਲ ਉੱਡ ਜਾਂਦੀ ਹੈ।
5 ਜੇ ਨੇਕ ਬੰਦੇ ਕਿਸੇ ਅਦਾਲਤੀ ਮੁਕੱਦਮੇ ਦਾ ਨਿਆਂ ਕਰਨ ਲਈ ਇਕੱਠੇ ਹੁੰਦੇ ਹਨ, ਤਾਂ ਬੁਰੇ ਵਿਅਕਤੀਆਂ ਨੂੰ ਬੁਰੇ ਅਮਲਾਂ ਵਾਸਤੇ ਦੋਸ਼ੀ ਠਹਿਰਾਇਆ ਜਾਵੇਗਾ।
ਉਨ੍ਹਾਂ ਪਾਪੀਆਂ ਦਾ ਨਿਆਂ ਬੇਕਸੂਰਾਂ ਵਾਂਗ ਨਹੀਂ ਹੋਵੇਗਾ।
6 ਕਿਉਂਕਿ ਯਹੋਵਾਹ, ਚੰਗੇ ਬੰਦਿਆਂ ਦੀ ਰੱਖਿਆ ਕਰਦਾ ਹੈ,
ਪਰ ਬੁਰੇ ਵਿਅਕਤੀਆਂ ਨੂੰ ਖਤਮ ਕਰਦਾ ਹੈ।
2 ਪਰਾਈਆਂ ਕੌਮਾਂ ਦੇ ਲੋਕ ਇੰਨੇ ਕ੍ਰੋਧ ਵਿੱਚ ਕਿਉਂ ਹਨ?
ਉਹ ਐਸੀਆਂ ਯੋਜਨਾਵਾਂ ਕਿਉਂ ਬਣਾ ਰਹੇ ਹਨ ਜਿਹੜੀਆਂ ਵਿਅਰਥ ਹਨ?
2 ਉਨ੍ਹਾਂ ਦੇ ਰਾਜੇ ਅਤੇ ਆਗੂ ਯਹੋਵਾਹ ਦੇ ਖਿਲਾਫ਼ ਅਤੇ ਉਸ ਰਾਜੇ ਦੇ ਖਿਲਾਫ਼ ਲੜਨ ਲਈ
ਇੱਕ ਜੁਟ ਹੋ ਗਏ ਹਨ ਜੋ ਉਸ ਦੁਆਰਾ ਚੁਣਿਆ ਗਿਆ ਹੈ।
3 ਉਨ੍ਹਾਂ ਆਗੂਆਂ ਨੇ ਆਖਿਆ, “ਯਹੋਵਾਹ ਦੇ ਖਿਲਾਫ਼ ਨਾਲੇ ਉਸ ਰਾਜੇ ਦੇ ਖਿਲਾਫ਼ ਵਿਦ੍ਰੋਹ ਕਰੀਏ ਜੋ ਉਸ ਦੁਆਰਾ ਚੁਣਿਆ ਗਿਆ ਹੈ।
ਆਓ। ਆਪਾਂ ਇਨ੍ਹਾਂ ਬੰਧਨਾਂ ਨੂੰ ਵੱਢ ਸੁੱਟੀਏ ਜਿਨ੍ਹਾਂ ਨੇ ਸਾਨੂੰ ਬੰਨ੍ਹ ਰੱਖਿਆ ਹੈ ਅਤੇ ਉਨਾਂ ਤੋਂ ਆਜ਼ਾਦ ਹੋ ਜਾਈਏ।”
4 ਪਰ ਮੇਰਾ ਮਾਲਕ, ਸਵਰਗ ਦਾ ਰਾਜਾ,
ਉਨ੍ਹਾਂ ਲੋਕਾਂ ਉੱਤੇ ਹੱਸਦਾ ਹੈ।
5 ਪਰਮੇਸ਼ੁਰ ਗੁੱਸੇ ਹੈ ਅਤੇ ਉਨ੍ਹਾਂ ਲੋਕਾਂ ਨੂੰ ਦੱਸਦਾ ਹੈ,
“ਇਹ ਮੈਂ ਹੀ ਸੀ ਜਿਸਨੇ ਉਸ ਆਦਮੀ ਨੂੰ ਰਾਜਾ ਹੋਣ ਲਈ ਚੁਣਿਆ ਸੀ।
6 ਅਤੇ ਉਹ ਪਰਬਤ ਸੀਯੋਨ ਉੱਤੇ ਰਾਜ ਕਰੇਗਾ।
ਸੀਯੋਨ ਮੇਰਾ ਪਵਿੱਤਰ ਪਰਬਤ ਹੈ।
ਅਤੇ ਇਸ ਨਾਲ ਉਹ ਆਗੂ ਭੈਭੀਤ ਹੋ ਰਹੇ ਹਨ।”
7 ਹੁਣ ਮੈਂ ਤੁਹਾਨੂੰ ਪਰਮੇਸ਼ੁਰ ਦੇ ਕਰਾਰ ਬਾਰੇ ਦੱਸਾਂਗਾ।
ਪਰਮੇਸ਼ੁਰ ਨੇ ਮੈਨੂੰ ਆਖਿਆ।
“ਅੱਜ ਤੋਂ ਮੈਂ ਤੇਰਾ ਪਿਤਾ ਹਾਂ।
ਅਤੇ ਤੂੰ ਮੇਰਾ ਪੁੱਤਰ ਹੈਂ।
8 ਤੁਸੀਂ ਮੈਥੋਂ ਜਿਸ ਕਾਸੇ ਦੀ ਵੀ ਮੰਗ ਕਰੋਂਗੇ, ਮੈਂ ਤੁਹਾਨੂੰ ਸਾਰੀਆਂ ਕੌਮਾਂ ਦੇ ਦਿਆਂਗਾ।
ਸਾਰੀ ਧਰਤੀ ਦੇ ਲੋਕ ਤੇਰੇ ਆਪਣੇ ਹੋਣਗੇ।
9 ਉਨ੍ਹਾਂ ਕੌਮਾਂ ਨੂੰ ਤਬਾਹ ਕਰਨ ਯੋਗ ਹੋਵੇਂਗਾ,
ਜਿਵੇਂ ਲੋਹੇ ਦਾ ਡੰਡਾ ਮਿੱਟੀ ਦੇ ਗਮਿਲਆਂ ਨੂੰ ਚਕਨਾਚੂਰ ਕਰਨ ਦੇ ਯੋਗ ਹੁੰਦਾ ਹੈ।”
10 ਇਸੇ ਲਈ, ਰਾਜਿਓ ਤੁਸੀਂ ਸਿਆਣੇ ਬਣੋ।
ਤੁਸੀਂ ਸਾਰੇ ਆਗੂਓ, ਇਹ ਸਬਕ ਸਿੱਖ ਲਉ।
11 ਯਹੋਵਾਹ ਨੂੰ ਸ਼ਰਧਾ ਨਾਲ ਮੰਨੋ।
12 ਦਰਸ਼ਾਉ ਕਿ ਤੁਸੀਂ ਸਾਰੇ ਪਰਮੇਸ਼ੁਰ ਦੇ ਪੁੱਤਰ ਨੂੰ ਵਫ਼ਾਦਾਰ ਹੋ।
ਜੇ ਤੁਸੀਂ ਅਜਿਹਾ ਨਹੀਂ ਕਰੋਂਗੇ, ਉਹ ਗੁੱਸੇ ਹੋਵੇਗਾ ਤੇ ਤੁਹਾਨੂੰ ਖਤਮ ਕਰ ਦੇਵੇਗਾ।
ਉਹ ਵਡਭਾਗੇ ਹਨ ਜਿਹੜੇ ਪਰਮੇਸ਼ੁਰ ਵਿੱਚ ਯਕੀਨ ਰੱਖਦੇ ਹਨ।
ਪਰ ਹੋਰਾਂ ਨੂੰ ਹੁਸ਼ਿਆਰ ਰਹਿਣਾ ਚਾਹੀਦਾ ਹੈ।
ਯਹੋਵਾਹ ਆਪਣਾ ਗੁੱਸਾ ਦਰਸਾਉਣ ਲਈ ਤਿਆਰ ਹੈ।
ਇੱਕ ਦਾਊਦ ਦਾ ਗੀਤ ਹੈ ਜਦੋਂ ਉਹ ਆਪਣੇ ਪੁੱਤਰ ਐਬਸਾਲੋਨ ਕੋਲੋਂ ਭੱਜ ਗਿਆ ਸੀ।
3 ਹੇ ਯਹੋਵਾਹ, ਮੇਰੇ ਕਈ ਦੁਸ਼ਮਣ ਹਨ।
ਬਹੁਤ ਲੋਕੀ ਮੇਰੇ ਖਿਲਾਫ਼ ਹੋ ਗਏ ਨੇ।
2 ਬਹੁਤ ਲੋਕ ਮੇਰੇ ਬਾਰੇ ਬੁਰੀਆਂ ਗੱਲਾਂ ਕਰ ਰਹੇ ਹਨ।
ਉਹ ਲੋਕ ਆਖਦੇ ਨੇ, “ਪਰਮੇਸ਼ੁਰ ਇਸ ਨੂੰ ਨਹੀਂ ਬਚਾਵੇਗਾ।”
3 ਪਰ, ਹੇ ਯਹੋਵਾਹ, ਤੂੰ ਮੇਰੀ ਢਾਲ ਹੈਂ।
ਤੂੰ ਮੇਰੀ ਮਹਿਮਾ ਹੈਂ।
ਹੇ ਯਹੋਵਾਹ ਤੇਰੇ ਨਾਲ ਹੀ ਮੇਰਾ ਸਿਰ ਉੱਚਾ ਹੈ।
4 ਮੈਂ ਯਹੋਵਾਹ ਨੂੰ ਪ੍ਰਾਰਥਨਾ ਕਰਾਂਗਾ
ਤੇ ਉਹ ਮੈਨੂੰ ਆਪਣੇ ਪਵਿੱਤਰ ਪਰਬਤ ਉੱਤੋਂ ਉੱਤਰ ਦੇਵੇਗਾ।
5 ਹੁਣ ਮੈਂ ਪੱਥਰ ਉੱਤੇ ਪੈਕੇ ਅਰਾਮ ਕਰ ਸੱਕਦਾ ਹਾਂ, ਅਤੇ ਮੈਂ ਜਾਣਦਾ ਹਾਂ ਕਿ ਮੈਂ ਜਾਗ ਪਵਾਂਗਾ।
ਕਿਉਂ? ਕਿਉਂਕਿ ਯਹੋਵਾਹ ਮੈਨੂੰ ਕੱਜਦਾ ਹੈ ਤੇ ਉਹ ਮੈਨੂੰ ਆਸਰਾ ਦਿੰਦਾ ਹੈ।
6 ਹਜ਼ਾਰਾਂ ਸਿਪਾਹੀਆਂ ਨੂੰ ਮੈਨੂੰ ਘੇਰ ਲੈਣ ਦਿਉ
ਮੈਂ ਉਨ੍ਹਾਂ ਦੁਸ਼ਮਣਾਂ ਤੋਂ ਨਹੀਂ ਡਰਾਂਗਾ।
7 ਯਹੋਵਾਹ, ਉੱਠੋ।
ਮੇਰੇ ਪਰਮੇਸ਼ੁਰ ਆਕੇ ਮੈਨੂੰ ਬਚਾਓ!
ਤੁਸੀਂ ਬਹੁਤ ਬਲਵਾਨ ਹੋ!
ਤੁਹਾਡਾ ਇੱਕ ਵੀ ਥਪੜ ਮੇਰੇ ਦੁਸ਼ਮਣਾਂ ਦੇ ਸਾਰੇ ਦੰਦ ਤੋੜਨ ਲਈ ਕਾਫ਼ੀ ਹੈ।
8 ਹੇ ਯਹੋਵਾਹ, ਜਿੱਤ ਤੇਰੀ ਹੀ ਹੈ।
ਕਿਰਪਾ ਕਰਕੇ ਆਪਣਿਆਂ ਲੋਕਾਂ ਨੂੰ ਅਸੀਸ ਦਿਉ।
ਨਿਰਦੇਸ਼ਕ ਲਈ। ਤਾਰਾਂ ਵਾਲੇ ਸਾਜ਼ਾਂ ਨਾਲ ਦਾਊਦ ਦਾ ਇੱਕ ਗੀਤ।
4 ਮੇਰੇ ਚੰਗੇ ਯਹੋਵਾਹ, ਮੈਂ ਜਦੋਂ ਵੀ ਪ੍ਰਾਰਥਨਾ ਕਰਾਂ ਸੁਣ ਲਵੀਂ!
ਮੇਰੀ ਪ੍ਰਾਰਥਨਾ ਸੁਣ ਲਵੀਂ ਤੇ ਮੇਰੇ ਉੱਤੇ ਦਯਾਵਾਨ ਹੋਈਂ!
ਮੈਨੂੰ ਮੇਰੀਆਂ ਮੁਸੀਬਤਾਂ ਤੋਂ ਰਾਹਤ ਦੇਵੀਂ!
2 ਹੇ ਆਦਮੀਓ, ਕਿੰਨਾ ਕੁ ਚਿਰ ਤੁਸੀਂ ਮੇਰੇ ਬਾਰੇ ਮੰਦਾ ਬੋਲੋਂਗੇ?
ਤੁਸੀਂ ਮੇਰੇ ਬਾਰੇ ਦੱਸਣ ਲਈ ਨਵੇਂ-ਨਵੇਂ ਝੂਠਾਂ ਨੂੰ ਲੱਭਦੇ ਹੋਂ।
ਤੁਹਾਨੂੰ ਉਨ੍ਹਾਂ ਝੂਠਾਂ ਨੂੰ ਦੱਸਣਾ ਪਿਆਰਾ ਲਗਦਾ ਹੈ। ਸਲਹ।
3 ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਕਿ ਯਹੋਵਾਹ ਆਪਣੇ ਚੰਗੇ ਬੰਦਿਆਂ ਦੀ ਅਵਾਜ਼ ਨੂੰ ਸੁਣਦਾ ਹੈ।
ਇਸੇ ਲਈ ਯਹੋਵਾਹ ਮੈਨੂੰ ਵੀ ਸੁਣਦਾ ਹੈ, ਜਦੋਂ ਵੀ ਮੈਂ ਉਸ ਨੂੰ ਪ੍ਰਾਰਥਨਾ ਕਰਦਾ ਹਾਂ।
4 ਜੇਕਰ ਕੋਈ ਚੀਜ਼ ਤੁਹਾਨੂੰ ਪਰੇਸ਼ਾਨ ਕਰਦੀ ਹੈ।
ਜਦੋਂ ਤੁਸੀਂ ਗੁੱਸੇ ਹੁੰਦੇ ਹੋ, ਪਾਪ ਨਾ ਕਰੋ।
ਜਦੋਂ ਤੁਸੀਂ ਆਪਣੇ ਬਿਸਤਰੇ ਤੇ ਲੇਟਦੇ ਹੋ ਇਨ੍ਹਾਂ ਗੱਲਾਂ ਬਾਰੇ ਸੋਚ ਵਿੱਚਾਰ ਕਰੋ ਅਤੇ ਫ਼ੇਰ ਨਿਸ਼ਚਿੰਤ ਹੋ ਜਾਉ।
5 ਯਹੋਵਾਹ ਵਿੱਚ ਯਕੀਨ ਰੱਖੋ
ਅਤੇ ਧਰਮੀ ਗੱਲਾਂ ਕਰੋ।
6 ਬਹੁਤ ਲੋਕੀਂ ਪੁੱਛਦੇ ਹਨ, “ਸਾਨੂੰ ਪਰਮੇਸ਼ੁਰ ਦੀ ਚੰਗਿਆਈ ਕੌਣ ਵਿਖਾਵੇਗਾ?
ਹੇ ਯਹੋਵਾਹ, ਅਸੀਂ ਤੁਹਾਡੀ ਕ੍ਰਿਪਾਲਤਾ ਮਾਣ ਸੱਕੀਏ।”
7 ਯਹੋਵਾਹ ਤੂੰ ਮੈਨੂੰ ਬਹੁਤ ਖੁਸ਼ ਕੀਤਾ ਹੈ!
ਮੈਂ ਹੁਣ ਉਨ੍ਹਾਂ ਦਿਨਾਂ ਨਾਲੋਂ ਵੱਧੇਰੇ ਖੁਸ਼ ਹਾਂ ਜਦੋਂ ਅਸੀਂ ਵਾਢੀ ਕਰਦੇ ਹਾਂ।
ਉਹ ਦਿਨ ਜਦੋਂ ਅਸੀਂ ਜਸ਼ਨ ਮਨਾਉਂਦੇ ਹਾਂ, ਕਿਉਂਕਿ ਉਨ੍ਹਾਂ ਦਿਨਾਂ ਵਿੱਚ ਸਾਡੇ ਕੋਲ ਵੱਧੇਰੇ ਅਨਾਜ ਤੇ ਵੱਧੇਰੇ ਦਾਖਰਸ ਹੁੰਦਾ ਹੈ।
8 ਮੈਂ ਸ਼ਾਂਤੀ ਨਾਲ ਸੌਁਦਾ ਹਾਂ।
ਕਿਉਂਕਿ ਹੇ ਯਹੋਵਾਹ, ਤੂੰ ਮੈਨੂੰ ਸੁਰੱਖਿਅਤ ਰੱਖਦਾ ਹੈਂ ਜਦੋਂ ਮੈਂ ਨੀਂਦਰ ਵਿੱਚ ਹੁੰਦਾ ਹਾਂ।
ਨਿਰਦੇਸ਼ਕ ਲਈ। ਬੰਸਰੀਆਂ ਦੇ ਨਾਲ ਗਾਉਣ ਵਾਲਾ। ਦਾਊਦ ਦਾ ਇੱਕ ਗੀਤ।
5 ਹੇ ਯਹੋਵਾਹ, ਮੇਰੇ ਸ਼ਬਦਾਂ ਨੂੰ ਸੁਣੋ।
ਸਮਝੋ, ਮੈਂ ਕੀ ਆਖਣਾ ਚਾਹ ਰਿਹਾ ਹਾਂ।
2 ਮੇਰੇ ਪਰਮੇਸ਼ੁਰ ਅਤੇ ਮੇਰੇ ਰਾਜੇ,
ਮੇਰੀ ਪ੍ਰਾਰਥਨਾ ਨੂੰ ਸੁਣ।
3 ਹੇ ਯਹੋਵਾਹ, ਹਰ ਰੋਜ਼ ਅਮ੍ਰਿਤ ਵੇਲੇ ਮੈਂ ਤੈਨੂੰ ਇੱਕ ਸੁਗਾਤ ਅਰਪਣ ਕਰਦਾ ਹਾਂ
ਅਤੇ ਤੇਰੇ ਵੱਲ ਸਹਾਇਤਾ ਲਈ ਤੱਕਦਾ ਹਾਂ।
ਅਤੇ ਹਰ ਰੋਜ਼ ਅਮ੍ਰਿਤ ਵੇਲੇ ਤੂੰ ਮੇਰੀਆਂ ਪ੍ਰਾਰਥਨਾ ਨੂੰ ਸੁਣਦਾ ਹੈਂ।
4 ਹੇ ਪਰਮੇਸ਼ੁਰ, ਤੁਸੀਂ ਮੰਦੇ ਲੋਕਾਂ ਨੂੰ ਆਪਣੇ ਨੇੜੇ ਪਸੰਦ ਨਹੀਂ ਕਰਦੇ।
ਮੰਦੇ ਲੋਕ ਤੇਰੀ ਉਪਾਸਨਾ ਨਹੀਂ ਕਰ ਸੱਕਦੇ।
5 ਮੂਰਖ ਤੇਰੇ ਨਜ਼ਦੀਕ ਨਹੀਂ ਆ ਸੱਕਦੇ।
ਤੁਸੀਂ ਉਨ੍ਹਾਂ ਨੂੰ ਨਫ਼ਰਤ ਕਰਦੇ ਹੋਂ ਜਿਹੜੇ ਬਦੀ ਕਰਦੇ ਹਨ।
6 ਤੁਸੀਂ ਉਨ੍ਹਾਂ ਲੋਕਾਂ ਨੂੰ ਮਾਰ ਦਿੰਦੇ ਹੋ ਜਿਹੜੇ ਝੂਠ ਬੋਲਦੇ ਹਨ।
ਤੁਸੀਂ ਉਨ੍ਹਾਂ ਲੋਕਾਂ ਨੂੰ ਨਫ਼ਰਤ ਕਰਦੇ ਹੋ ਜਿਹੜੇ ਦੂਸਰਿਆਂ ਨੂੰ ਨੁਕਸਾਨ ਪਹੁੰਚਾਉਣ ਲਈ ਗੁਪਤ ਯੋਜਨਾਵਾਂ ਬਨਾਉਂਦੇ ਹਨ।
7 ਪਰ ਯਹੋਵਾਹ, ਤੇਰੀ ਵੱਡੀ ਮਿਹਰ ਕਾਰਣ, ਮੈਂ ਤੇਰੇ ਅੰਦਰ ਆਵਾਂਗਾ।
ਮੈਂ ਤੇਰੇ ਪਵਿੱਤਰ ਮੰਦਰ ਨੂੰ ਡਰ ਅਤੇ ਸ਼ਰਧਾ ਨਾਲ ਆਪਣਾ ਸੀਸ ਝੁਕਾਵਾਂਗਾ। ਯਹੋਵਾਹ।
8 ਹੇ ਯਹੋਵਾਹ, ਲੋਕੀ ਸਿਰਫ਼ ਮੇਰੀਆਂ ਕਮਜ਼ੋਰੀਆਂ ਨੂੰ ਹੀ ਲੱਭਦੇ ਹਨ।
ਇਸ ਲਈ ਮੈਨੂੰ ਆਪਣੇ ਜੀਵਨ ਦੀ ਸਹੀ ਜਾਂਚ ਸਿੱਖਾ
ਤਾਂ ਕਿ ਉਸਦਾ ਅਨੁਸਰਣ ਕਰਨਾ ਮੇਰੇ ਲਈ ਸੁਖਾਲਾ ਹੋਵੇ।
9 ਉਹ ਲੋਕ ਸੱਚ ਨਹੀਂ ਆਖਦੇ।
ਉਹ ਲੋਕ ਝੂਠੇ ਹਨ ਜਿਹੜੇ ਸੱਚ ਨੂੰ ਮਰੋੜਦੇ ਹਨ।
ਉਨ੍ਹਾਂ ਦੇ ਮੂੰਹ ਖਾਲੀ ਕਬਰਾਂ ਵਰਗੇ ਹਨ।
ਭਾਵੇਂ ਉਹ ਹੋਰਨਾਂ ਨੂੰ ਮਿੱਠੇ ਸ਼ਬਦ ਬੋਲਦੇ ਹਨ,
ਉਹ ਸਿਰਫ਼ ਉਨ੍ਹਾਂ ਨੂੰ ਫ਼ਸਾਉਣ ਅਤੇ ਨੁਕਸਾਨ ਪਹੁੰਚਾਉਣ ਦੀਆਂ ਹੀ ਵਿਉਂਤਾ ਬਣਾਉਂਦੇ ਹਨ।
10 ਉਨ੍ਹਾਂ ਨੂੰ ਸਜ਼ਾ ਦਿਉ, ਪਰਮੇਸ਼ੁਰ!
ਉਨ੍ਹਾਂ ਨੂੰ ਖੁਦ ਆਪਣੇ ਹੀ ਜਾਲ ਵਿੱਚ ਫ਼ਸ ਜਾਣ ਦਿਉ।
ਉਹ ਲੋਕ ਤੁਹਾਡੇ ਵਿਰੁੱਧ ਖੜ੍ਹੇ ਹੋ ਗਏ ਹਨ।
ਉਨ੍ਹਾਂ ਨੂੰ ਉਨ੍ਹਾਂ ਦੇ ਅਨੇਕਾਂ ਪਾਪਾਂ ਲਈ ਸਜ਼ਾ ਦਿਉ।
11 ਪਰ ਜਿਹੜੇ ਲੋਕ ਪਰਮੇਸ਼ੁਰ ਵਿੱਚ ਯਕੀਨ ਰੱਖਦੇ ਹਨ, ਉਨ੍ਹਾਂ ਨੂੰ ਪ੍ਰਸੰਨ ਹੋਣ ਦਿਉ।
ਉਨ੍ਹਾਂ ਨੂੰ ਸਦਾ ਲਈ ਖੁਸ਼ ਹੋਣ ਦਿਉ।
ਹੇ ਪਰਮੇਸ਼ੁਰ, ਸਾਨੂੰ ਬਚਾਉ ਅਤੇ ਉਨ੍ਹਾਂ ਨੂੰ ਬਲ ਦਿਉ ਜਿਹੜੇ ਤੇਰੇ ਨਾਮ ਨੂੰ ਪਿਆਰ ਕਰਦੇ ਹਨ!
12 ਹੇ ਯਹੋਵਾਹ, ਜਦੋਂ ਤੁਸੀਂ ਚੰਗੇ ਲੋਕਾਂ ਦਾ ਭਲਾ ਕਰਦੇ ਹੋਂ।
ਤੁਸੀਂ ਇੱਕ ਢਾਲ ਦੀ ਤਰ੍ਹਾਂ ਉਨ੍ਹਾਂ ਦੀ ਰੱਖਿਆ ਕਰਦੇ ਹੋ।
ਨਿਰਦੇਸ਼ਕ ਲਈ। ਸੇਮਿਨਿਥ [a] ਨਾਲ ਵਜਾਏ ਜਾਣ ਵਾਲੇ ਤਾਰਾਂ ਵਾਲੇ ਸਾਜ਼ਾਂ ਨਾਲ। ਦਾਊਦ ਦਾ ਇੱਕ ਗੀਤ।
6 ਯਹੋਵਾਹ, ਮੈਨੂੰ ਗੁੱਸੇ ਨਾਲ ਠੀਕ ਨਾ ਕਰੋ।
ਗੁਸੇ ਨਾ ਹੋਵੋ, ਮੈਨੂੰ ਸਜ਼ਾ ਨਾ ਦੇਵੋ ਅਤੇ ਮੈਨੂੰ ਧੀਰਜ ਨਾਲ ਠੀਕ ਕਰੋ।
2 ਯਹੋਵਾਹ, ਮੇਰੇ ਉੱਤੇ ਦਯਾ ਕਰੋ,
ਮੈਂ ਬਿਮਾਰ ਤੇ ਕਮਜ਼ੋਰ ਹਾਂ।
ਮੈਨੂੰ ਤੰਦਰੁਸਤੀ ਬਖਸ਼ੋ!
ਮੇਰੀ ਹੱਡੀਆਂ ਬਲਹੀਣ ਹੋ ਗਈਆਂ ਹਨ।
3 ਮੇਰਾ ਸਾਰਾ ਸ਼ਰੀਰ ਕੰਬ ਰਿਹਾ ਹੈ।
ਯਹੋਵਾਹ, ਮੈਨੂੰ ਚੰਗਾ ਕਰਨ ਲਈ ਤੁਸੀਂ ਕਿੰਨਾ ਸਮਾਂ ਲਵੋਂਗੇ?
4 ਯਹੋਵਾਹ ਕਿਰਪਾ ਕਰਕੇ ਜਾਉ, ਅਤੇ ਮੈਨੂੰ ਸਵਸਥ ਬਣਾਉ!
ਤੁਸੀਂ ਬਹੁਤ ਕ੍ਰਿਪਾਲੂ ਹੋ, ਇਸ ਲਈ ਮੇਰੀ ਰੱਖਿਆ ਕਰੋ।
5 ਮੁਰਦੇ ਆਪਣੀਆਂ ਕਬਰਾਂ ਵਿੱਚ ਤੁਹਾਨੂੰ ਯਾਦ ਨਹੀਂ ਕਰਦੇ।
ਅਤੇ ਜਿਹੜੇ ਲੋਕ ਮ੍ਰਿਤੂ ਲੋਕ ਵਿੱਚ ਹਨ, ਤੇਰੀ ਉਸਤਤਿ ਨਹੀਂ ਕਰਦੇ।
6 ਯਹੋਵਾਹ, ਮੈਂ ਸਾਰੀ ਰਾਤ ਤੁਹਾਨੂੰ ਪ੍ਰਾਰਥਨਾ ਕੀਤੀ
ਅਤੇ ਮੇਰੇ ਹੰਝੂਆਂ ਨਾਲ ਮੇਰਾ ਬਿਸਤਰਾ ਭਿੱਜ ਗਿਆ ਹੈ।
ਮੇਰੇ ਹੰਝੂ ਬਿਸਤਰੇ ਵਿੱਚੋਂ ਚੋਅ ਰਹੇ ਹਨ।
ਮੈਂ ਤੇਰੇ ਅੱਗੇ ਰੋ ਰਿਹਾ ਸਾਂ ਅਤੇ ਇਸ ਲਈ ਮੈਂ ਕਮਜ਼ੋਰ ਹੋ ਗਿਆ।
7 ਮੇਰੇ ਦੁਸ਼ਮਣਾਂ ਨੇ ਮੈਨੂੰ ਬਹੁਤ ਦੁੱਖ ਦਿੱਤੇ ਹਨ।
ਇਸੇ ਗੱਲੋਂ ਮੈਂ ਬਹੁਤ ਦੁੱਖੀ ਤੇ ਉਦਾਸ ਹਾਂ।
ਕਿਉਂਕਿ ਮੈਂ ਆਪਣੇ ਦੁੱਖਾਂ ਕਾਰਣ ਰੋ ਰਿਹਾ ਸੀ ਮੇਰੀਆਂ ਅੱਖਾਂ ਧੁੰਦਲੀਆਂ ਤੇ ਕਮਜ਼ੋਰ ਹੋ ਗਈਆਂ ਹਨ।
8 ਤੁਸੀਂ ਬਦ ਲੋਕੋ, ਦੂਰ ਚੱਲੇ ਜਾਉ।
ਕਿਉਂਕਿ ਯਹੋਵਾਹ ਨੇ ਮੇਰੀਆਂ ਚੀਕਾਂ ਸੁਣ ਲਈਆਂ ਹਨ।
9 ਯਹੋਵਾਹ ਨੇ ਮੇਰੀ ਪ੍ਰਾਰਥਨਾ ਸੁਣ ਲਈ ਹੈ
ਅਤੇ ਸੁਣਨ ਤੋਂ ਬਾਅਦ ਯਹੋਵਾਹ ਨੇ ਸੁਣਕੇ ਮੇਰੀ ਪ੍ਰਾਰਥਨਾ ਕਬੂਲ ਕਰ ਲਈ ਹੈ।
10 ਮੇਰੇ ਸਾਰੇ ਦੁਸ਼ਮਣ ਦੁੱਖੀ ਤੇ ਨਾਉੱਮੀਦ ਹੋਣਗੇ।
ਨਿਸ਼ਚਿਤ ਹੀ ਅਚਾਨਕ ਕੁਝ ਵਾਪਰੇਗਾ, ਅਤੇ ਉਹ ਸਾਰੇ ਲੋਕ ਸ਼ਰਮਸਾਰ ਹੋਕੇ ਮੁੜ ਜਾਣਗੇ।
ਦਾਊਦ ਦਾ ਇੱਕ ਗੀਤ, ਜਿਹੜਾ ਉਸ ਨੇ ਯਹੋਵਾਹ ਨੂੰ ਸੁਣਾਇਆ ਸੀ। ਇਹ ਗੀਤ ਕੂਸ਼ ਬਾਰੇ ਹੈ [b] ਜੋ ਕਿ ਬਿਨਯਾਮਿਨ ਦੇ ਪਰਿਵਾਰਿਕ ਸਮੂਹ ਵਿੱਚੋਂ ਸੀ।
7 ਹੇ ਯਹੋਵਾਹ, ਮੇਰੇ ਪਰਮੇਸ਼ੁਰ, ਮੈਂ ਤੇਰੇ ਵਿੱਚ ਸ਼ਰਨ ਲੈਂਦਾ ਹਾਂ।
ਮੈਨੂੰ ਉਨ੍ਹਾਂ ਲੋਕਾਂ ਤੋਂ ਬਚਾ ਜਿਹੜੇ ਮੇਰੇ ਪਿੱਛੇ ਹਨ। ਮੈਨੂੰ ਬਚਾਉ।
2 ਜੇ ਤੂੰ ਮੈਨੂੰ ਨਹੀਂ ਬਚਾਵੇਂਗਾ, ਮੈਂ ਸ਼ੇਰ ਦੁਆਰਾ ਫ਼ੜੇ ਅਤੇ ਧੂਏ ਜਾਣ ਵਾਲੇ ਜਾਨਵਰ ਵਰਗਾ ਹੋਵਾਂਗਾ।
ਜਿਸ ਨੂੰ ਕੋਈ ਵੀ ਨਹੀਂ ਬਚਾਉਂਦਾ।
3 ਯਹੋਵਾਹ ਮੇਰੇ ਪਰਮੇਸ਼ੁਰ, ਮੈਂ ਕੋਈ ਮੰਦਾ ਕੰਮ ਨਹੀਂ ਕੀਤਾ।
ਮੈਂ ਵਾਅਦਾ ਕਰਦਾ ਹਾਂ ਮੈਂ ਕੋਈ ਵੀ ਗਲਤ ਕੰਮ ਨਹੀਂ ਕੀਤਾ।
4 ਮੈਂ ਆਪਣੇ ਕਿਸੇ ਵੀ ਸਹਾਇਕ ਦਾ ਮੰਦਾ ਕੰਮ ਨਹੀਂ ਕੀਤਾ।
ਅਤੇ ਨਾ ਹੀ ਆਪਣੇ ਸਹਾਇਕ ਦੇ ਦੁਸ਼ਮਣਾਂ ਦੀ ਕੋਈ ਮਦਦ ਕੀਤੀ ਹੈ।
5 ਜੇ ਇਹ ਸੱਚ ਨਹੀਂ ਹੈ, ਤਾਂ ਮੈਨੂੰ ਸਜ਼ਾ ਦੇਵੋ।
ਮੇਰੇ ਦੁਸ਼ਮਣ ਨੂੰ ਮੇਰਾ ਪਿੱਛਾ ਕਰਨ ਦਿਉ, ਤੇ ਉਸ ਨੂੰ ਮੈਨੂੰ ਮਾਰ ਲੈਣ ਦਿਉ।
ਉਸ ਨੂੰ ਮੈਨੂੰ ਧਰਤੀ ਅੰਦਰ ਦੱਬ ਲੈਣ ਦਿਉ ਅਤੇ ਮੈਨੂੰ ਮਿਧਣ ਦਿਉ ਅਤੇ ਮੇਰੀ ਰੂਹ ਨੂੰ ਗੰਦਗੀ ਅੰਦਰ ਪਾ ਲੈਣ ਦਿਉ।
6 ਹੇ ਯਹੋਵਾਹ, ਉੱਠੋ ਤੇ ਆਪਣਾ ਗੁੱਸਾ ਦਿਖਾਉ।
ਮੇਰਾ ਵੈਰੀ ਗੁੱਸੇ ਹੈ। ਇਸ ਲਈ ਤੁਸੀਂ ਉੱਠੋ ਤੇ ਉਸ ਦੇ ਵਿਰੁੱਧ ਲੜੋ।
ਹੇ ਪਰਮੇਸ਼ੁਰ, ਉੱਠੋ ਤੇ ਨਿਆਂ ਦੀ ਘੋਸ਼ਣਾ ਕਰੋ।
7 ਯਹੋਵਾਹ, ਲੋਕਾਂ ਦਾ ਨਿਆਂ ਕਰੋ।
ਕੌਮਾਂ ਨੂੰ ਇਕੱਠਿਆਂ ਤੁਹਾਡਾ ਸਾਹਮਣਾ ਕਰਨ ਦਿਉ।
8 ਅਤੇ ਲੋਕਾਂ ਦਾ ਨਿਆਂ ਕਰੋ।
ਯਹੋਵਾਹ, ਮੇਰਾ ਨਿਆਂ ਕਰੋ।
ਸਿੱਧ ਕਰੋ ਕਿ ਮੈਂ ਬੇਕਸੂਰ ਹਾਂ।
9 ਮੰਦੇ ਲੋਕਾਂ ਨੂੰ ਸਜ਼ਾ ਦਿਉ,
ਅਤੇ ਚੰਗੇ ਲੋਕਾਂ ਦੇ ਸਹਾਇਕ ਬਣੋ।
ਹੇ ਪਰਮੇਸ਼ੁਰ, ਤੁਸੀਂ ਚੰਗੇ ਹੋ,
ਤੁਸੀਂ ਲੋਕਾਂ ਦੇ ਅੰਦਰਲੇ ਪਨ ਨੂੰ ਵੇਖ ਸੱਕਦੇ ਹੋ।
10 ਪਰਮੇਸ਼ੁਰ ਉਨ੍ਹਾਂ ਲੋਕਾਂ ਦੀ ਮਦਦ ਕਰਦਾ ਹੈ ਜਿਨ੍ਹਾਂ ਕੋਲ ਨਿਸ਼ਕਪਟ ਹਿਰਦੇ ਹਨ।
ਇਸ ਲਈ ਪਰਮੇਸ਼ੁਰ ਮੇਰੀ ਰੱਖਿਆ ਕਰੇਗਾ।
11 ਪਰਮੇਸ਼ੁਰ ਸਹੀ ਨਿਆਂਕਾਰ ਹੈ।
ਉਹ ਹਮੇਸ਼ਾ ਦੁਸ਼ਟ ਲੋਕਾਂ ਦੇ ਵਿਰੁੱਧ ਬੋਲਦਾ ਹੈ।
12-13 ਪਰਮੇਸ਼ੁਰ ਇੱਕ ਫ਼ੈਸਲਾ ਕਰਨ ਤੋਂ ਬਾਅਦ,
ਉਹ ਆਪਣਾ ਮਨ ਨਹੀਂ ਬਦਲਦਾ।
ਪਰਮੇਸ਼ੁਰ ਮੰਦੇ ਲੋਕਾਂ ਨੂੰ ਦੰਡ ਦੇਣ ਲਈ ਸਦਾ ਤਿਆਰ ਹੈ।
14 ਕੁਝ ਲੋਕ ਹਮੇਸ਼ਾ ਮੁਸੀਬਤਾਂ ਖੜੀਆਂ ਕਰਨ ਦੀਆਂ ਵਿਉਂਤਾਂ ਬਣਾਉਂਦੇ ਹਨ।
ਉਹ ਗੁਪਤ ਯੋਜਨਾਵਾਂ ਬਣਾਉਂਦੇ ਹਨ
ਅਤੇ ਝੂਠ ਬੋਲਦੇ ਹਨ
15 ਉਹ ਹੋਰਾਂ ਨੂੰ ਫ਼ਸਾਉਣ ਅਤੇ ਉਨ੍ਹਾਂ ਨੂੰ ਸੱਟਾਂ ਮਾਰਨ ਦੀਆਂ ਯੋਜਨਾਵਾਂ ਬਣਾਉਂਦੇ ਹਨ।
ਪਰ ਉਹ ਖੁਦ ਹੀ ਆਪਣੇ ਜਾਲ ਵਿੱਚ ਫ਼ਸ ਜਾਵਣਗੇ।
16 ਉਨ੍ਹਾਂ ਨੂੰ ਉਹ ਸਜ਼ਾ ਮਿਲੇਗੀ ਜਿਸਦੇ ਉਹ ਅਧਿਕਾਰੀ ਹਨ।
ਉਹ ਹੋਰਾਂ ਲਈ ਜਾਲਮ ਸਨ।
ਪਰ ਉਨ੍ਹਾਂ ਨੂੰ ਉਨ੍ਹਾਂ ਦੇ ਗਲਤ ਕਾਰਿਆਂ ਵਾਸਤੇ ਸਜ਼ਾ ਮਿਲੇਗੀ।
17 ਮੈਂ ਯਹੋਵਾਹ ਦੀ ਉਸਤਤਿ ਕਰਾਂਗਾ ਕਿਉਂਕਿ ਉਹ ਭਲਾ ਹੈ।
ਮੈਂ ਅੱਤ ਉੱਚੇ ਯਹੋਵਾਹ ਦੇ ਨਾਮ ਦੀ ਉਸਤਤਿ ਕਰਾਂਗਾ।
ਨਿਰਦੇਸ਼ਕ ਲਈ: ਗਿੱਟੀਥ ਦੇ ਸਾਜ਼ ਨਾਲ [c]। ਦਾਊਦ ਦਾ ਇੱਕ ਗੀਤ।
8 ਯਹੋਵਾਹ ਸਾਡੇ ਮਾਲਕ, ਸਾਰੀ ਧਰਤੀ ਵਿੱਚ ਤੇਰਾ ਨਾਂ ਵੱਧੇਰੇ ਅਦਭੁਤ ਹੈ।
ਤੇਰੇ ਨਾਮ ਨੂੰ ਸਵਰਗ ਵਿੱਚ ਹਰ ਥਾਂ ਉਸਤਤਿ ਮਿਲਦੀ ਹੈ।
2 ਬੱਚੇ ਤੇ ਨਿਆਣੇ ਤੇਰੀਆਂ ਉਸਤਤਾਂ ਦੇ ਗੀਤ ਗਾਉਂਦੇ ਹਨ।
ਤੂੰ ਉਨ੍ਹਾਂ ਨੂੰ ਇਹ ਗੀਤ ਆਪਣੇ ਸਾਰੇ ਦੁਸ਼ਮਣਾਂ ਦੇ ਮੂੰਹ ਬੰਦ ਕਰਨ ਲਈ ਦਿੱਤੇ ਹਨ।
3 ਯਹੋਵਾਹ, ਮੈਂ ਉਸ ਸਵਰਗ ਵੱਲ ਵੇਖਦਾ ਹਾਂ, ਜਿਹੜਾ ਤੂੰ ਆਪਣੇ ਖੁਦ ਦੇ ਹੱਥੀਂ ਸਾਜਿਆ ਹੈ।
ਜਦ ਮੈਂ ਤੇਰੇ ਸਾਜੇ ਚੰਨ ਤੇ ਤਾਰਿਆਂ ਨੂੰ ਵੇਖਦਾ ਹਾਂ, ਮੈਂ ਅਚੰਭਿਤ ਹੁੰਦਾ ਹਾਂ;
4 “ਲੋਕੀਂ ਤੇਰੇ ਲਈ ਇੰਨੇ ਮਹੱਤਵਪੂਰਣ ਕਿਉਂ ਹਨ?
ਤੁਸੀਂ ਉਨ੍ਹਾਂ ਨੂੰ ਯਾਦ ਚੇਤੇ ਕਿਉਂ ਰੱਖਦੇ ਹੋ?
ਲੋਕੀਂ ਤੇਰੇ ਲਈ ਇੰਨੇ ਮਹੱਤਵਪੂਰਣ ਕਿਉਂ ਹਨ?
ਤੁਸੀਂ ਉਨ੍ਹਾਂ ਵੱਲ ਧਿਆਨ ਕਿਉਂ ਦਿੰਦੇ ਹੋਂ?”
5 ਪਰ ਲੋਕੀਂ ਤੇਰੇ ਲਈ ਮਹੱਤਵਪੂਰਣ ਹਨ।
ਤੁਸੀਂ ਲੋਕਾਂ ਨੂੰ ਦੇਵਤਿਆਂ ਤੋਂ ਬੱਸ ਥੋੜਾ ਜਿਹਾ ਹੀ ਘੱਟ ਬਣਾਇਆ ਹੈ।
ਤੁਸੀਂ ਉਨ੍ਹਾਂ ਨੂੰ ਮਹਿਮਾ ਅਤੇ ਸਤਿਕਾਰ ਦਾ ਤਾਜ ਪੁਆਇਆ ਹੈ।
6 ਤੁਸੀਂ ਲੋਕਾਂ ਨੂੰ ਆਪਣੀਆਂ ਸਾਜੀਆਂ ਸਾਰੀਆਂ ਚੀਜ਼ਾਂ ਉੱਤੇ ਅਧਿਕਾਰ ਦੇ ਦਿੱਤਾ।
ਤੁਸੀਂ ਸਭ ਕੁਝ ਉਨ੍ਹਾਂ ਦੇ ਨਿਯੰਤ੍ਰਣ ਅਧੀਨ ਪਾ ਦਿੱਤਾ।
7 ਲੋਕੀਂ ਭੇਡਾਂ, ਜਾਨਵਰਾਂ ਅਤੇ ਜੰਗਲ ਦੇ ਸਾਰੇ ਜਾਨਵਰਾਂ ਉੱਪਰ ਹਕੂਮਤ ਕਰਦੇ ਹਨ।
8 ਉਹ ਅਕਾਸ਼ ਵਿੱਚਲੇ ਪੰਛੀਆਂ ਉੱਤੇ
ਅਤੇ ਸਮੁੰਦਰ ਵਿੱਚ ਤੈਰਦੀਆਂ ਮੱਛੀਆਂ ਉੱਤੇ ਰਾਜ ਕਰਦੇ ਹਨ।
9 ਹੇ ਪਰਮੇਸ਼ੁਰ ਸਾਡੇ ਯਹੋਵਾਹ, ਸਾਰੀ ਧਰਤੀ ਉੱਪਰ ਤੇਰਾ ਨਾਂ ਵੱਧੇਰੇ ਅਦਭੁਤ ਹੈ।
2010 by World Bible Translation Center