Beginning
40 ਯਹੋਵਾਹ ਨੇ ਅੱਯੂਬ ਨੂੰ ਜਵਾਬ ਦਿੱਤਾ ਅਤੇ ਉਸ ਨੂੰ ਆਖਿਆ:
2 “ਅੱਯੂਬ, ਤੂੰ ਸ਼ਰਬ ਸ਼ਕਤੀਮਾਨ ਪਰਮੇਸ਼ੁਰ ਨਾਲ ਬਹਿਸ ਕੀਤੀ ਹੈ।
ਤੂੰ ਮੇਰਾ ਗ਼ਲਤ ਕਰਨ ਦੇ ਦੋਸ਼ੀ ਵਜੋਂ ਨਿਆਂ ਕੀਤਾ ਹੈ।
ਕੀ ਹੁਣ ਤੂੰ ਮਂਨੇਗਾ ਕਿ ਤੂੰ ਗਲਤ ਹੈਂ? ਕੀ ਤੂੰ ਮੈਨੂੰ ਜਵਾਬ ਦੇਵੇਂਗਾ?”
3 ਫੇਰ ਅੱਯੂਬ ਨੇ ਪਰਮੇਸ਼ੁਰ ਨੂੰ ਜਵਾਬ ਦਿੱਤਾ ਤੇ ਆਖਿਆ:
4 “ਮੈਂ ਇੰਨਾ ਨਿਮਾਣਾ ਹਾਂ ਕਿ ਮੈਂ ਕਿਵੇਂ ਬੋਲਾਂ।
ਮੈਂ ਤੈਨੂੰ ਕੀ ਆਖ ਸੱਕਦਾ ਹਾਂ?
ਮੈਂ ਤੈਨੂੰ ਜਵਾਬ ਨਹੀਂ ਦੇ ਸੱਕਦਾ,
ਮੈਂ ਆਪਣੇ ਮੂੰਹ ਉੱਤੇ ਹੱਥ ਰੱਖ ਲਵਾਂਗਾ।
5 ਮੈਂ ਇੱਕ ਵਾਰੀ ਬੋਲਿਆ ਸਾਂ, ਪਰ ਮੈਂ ਫ਼ੇਰ ਨਹੀਂ ਬੋਲਾਂਗਾ।
ਮੈਂ ਦੋ ਵਾਰੀ ਬੋਲਿਆ ਸਾਂ, ਪਰ ਮੈਂ ਹੋਰ ਕੁਝ ਵੀ ਨਹੀਂ ਆਖਾਂਗਾ।”
6 ਤਾਂ ਯਹੋਵਾਹ ਤੂਫਾਨ ਵਿੱਚੋਂ ਫੇਰ ਅੱਯੂਬ ਨਾਲ ਬੋਲਿਆ। ਯਹੋਵਾਹ ਨੇ ਆਖਿਆ:
7 “ਅੱਯੂਬ, ਆਪਣੇ-ਆਪ ਨੂੰ ਕਸ ਲੈ
ਤੇ ਉਨ੍ਹਾਂ ਸਵਾਲਾਂ ਦਾ ਜਵਾਬ ਦੇਣ ਲਈ ਤਿਆਰ ਹੋ ਜੋ ਮੈਂ ਪੁੱਛਾਂਗਾ।
8 “ਅੱਯੂਬ, ਤੇਰਾ ਕੀ ਖਿਆਲ ਹੈ ਕਿ ਮੈਂ ਬੇਲਾਗ ਨਹੀਂ?
ਕੀ ਤੂੰ ਆਖਦਾ ਹੈ ਕੀ ਮੈਂ ਗਲਤ ਕਰਨ ਦਾ ਦੋਸ਼ੀ ਹਾਂ, ਤਾਂ ਜੋ ਤੈਨੂੰ ਬੇਗੁਨਾਹ ਸਾਬਿਤ ਕੀਤਾ ਜਾ ਸੱਕੇਗਾ।
9 ਕੀ ਤੇਰੇ ਬਾਜ਼ੂ ਇੰਨੇ ਤਾਕਤਵਰ ਹਨ ਜਿਵੇਂ ਪਰਮੇਸ਼ੁਰ ਦਾ ਬਾਜ਼ੂ ਹੈਂ?
ਕੀ ਤੇਰੀ ਆਵਾਜ਼ ਪਰਮੇਸ਼ੁਰ ਦੀ ਆਵਾਜ਼ ਵਰਗੀ ਹੈ ਜਿਹੜੀ ਗਰਜ ਵਾਂਗ ਉੱਚੀ ਹੈ?
10 ਜੇ ਤੂੰ ਪਰਮੇਸ਼ੁਰ ਵਰਗਾ ਹੈਂ ਤਾਂ ਤੂੰ ਗੁਮਾਨੀ ਹੋ ਸੱਕਦਾ ਹੈ।
ਜੇ ਤੂੰ ਪਰਮੇਸ਼ੁਰ ਵਰਗਾ ਹੈਂ ਤਾਂ ਤੂੰ ਪਰਤਾਪ ਅਤੇ ਮਾਨ ਨੂੰ ਬਸਤਰਾਂ ਵਾਂਗ ਪਹਿਨ ਸੱਕਦਾ ਹੈਂ।
11 ਜੇ ਤੂੰ ਪਰਮੇਸ਼ੁਰ ਵਰਗਾ ਹੈਂ ਤਾਂ ਤੂੰ ਆਪਣਾ ਕ੍ਰੋਧ ਦਰਸਾ ਸੱਕਦਾ ਹੈ ਤੇ ਗੁਮਾਨੀ ਲੋਕਾਂ ਨੂੰ ਦੰਡ ਦੇ ਸੱਕਦਾ ਹੈ।
ਤੂੰ ਉਨ੍ਹਾਂ ਗੁਮਾਨੀ ਲੋਕਾਂ ਨੂੰ, ਨਿਮਾਣੇ ਬਣਾ ਸੱਕਦਾ ਹੈਂ।
12 ਹਾਂ, ਅੱਯੂਬ ਉਨ੍ਹਾਂ ਗੁਮਾਨੀ ਲੋਕਾਂ ਵੱਲ ਵੇਖ ਤੇ ਉਨ੍ਹਾਂ ਨੂੰ ਨਿਮਾਣਾ ਬਣਾ ਦੇ।
ਉਨ੍ਹਾਂ ਬੁਰੇ ਲੋਕਾਂ ਨੂੰ ਕੁਚਲ ਦੇ, ਜਿੱਥੇ ਉਹ ਖਲੋਤੇ ਨੇ।
13 ਸਾਰੇ ਘਮਂਡੀ ਲੋਕਾਂ ਨੂੰ ਧੂੜ ਅੰਦਰ ਦਫਨ ਕਰ ਦੇ।
ਉਨ੍ਹਾਂ ਦੇ ਸਰੀਰਾਂ ਨੂੰ ਲਪੇਟ ਕੇ ਉਨ੍ਹਾਂ ਨੂੰ ਉਨ੍ਹਾਂ ਦੀਆਂ ਕਬਰਾਂ ਵਿੱਚ ਸੁੱਟ ਦੇ।
14 ਅੱਯੂਬ, ਜੇਕਰ ਤੂੰ ਇਹ ਸਾਰੀਆਂ ਗੱਲਾਂ ਕਰ ਸੱਕਦਾ ਹੈਂ, ਮੈਂ ਵੀ ਤੇਰੀ ਉਸਤਤ ਕਰਾਂਗਾ
ਅਤੇ ਕਬੂਲ ਕਰ ਲਵਾਂਗਾ ਕਿ ਤੂੰ ਆਪਣੀ ਤਾਕਤ ਨਾਲ ਆਪਣੇ-ਆਪ ਨੂੰ ਬਚਾਉਣ ਦੇ ਸਮਰੱਥ ਹੈ।
15 “ਅੱਯੂਬ ਜ਼ਰਾ ਬਹੇਮੋਬ [a] ਵੱਲ ਵੇਖ।
ਮੈਂ, ਪਰਮੇਸ਼ੁਰ ਨੇ ਬਹੇਮੋਬ ਨੂੰ ਬਣਾਇਆ ਸੀ ਤੇ ਮੈਂ ਤੈਨੂੰ ਸਾਜਿਆ ਸੀ।
ਬਹੇਮੋਬ ਗਊ ਵਾਂਗ ਘਾਹ ਖਾਂਦਾ ਹੈ।
16 ਬਹੇਮੋਬ ਦੇ ਸ਼ਰੀਰ ਅੰਦਰ ਬਹੁਤ ਤਾਕਤ ਹੈ।
ਉਸ ਦੇ ਮਿਹਦੇ ਦੇ ਪੱਠੇ ਬਹੁਤ ਮਜ਼ਬੂਤ ਹਨ।
17 ਬਹੇਮੋਬ ਦੀ ਪੂਛ ਦਿਆਰ ਦੇ ਰੁੱਖ ਵਾਂਗਰਾਂ ਮਜ਼ਬੂਤੀ ਨਾਲ ਖਲੋਤੀ ਹੈ।
ਉਸ ਦੀਆਂ ਲੱਤਾਂ ਦੇ ਪੱਠੇ ਬਹੁਤ ਮਜ਼ਬੂਤ ਹਨ।
18 ਬਹੇਮੋਬ ਦੀਆਂ ਹੱਡੀਆਂ ਕਾਂਸੀ ਵਾਂਗ ਮਜ਼ਬੂਤ ਹਨ।
ਉਸ ਦੀਆਂ ਲੱਤਾਂ ਲੋਹੇ ਦੀਆਂ ਲਠ੍ਠਾਂ ਵਰਗੀਆਂ ਹਨ।
19 ਬਹੇਮੋਬ ਸਾਰੇ ਜਾਨਵਰਾਂ ਵਿੱਚੋਂ, ਜਿਨ੍ਹਾਂ ਨੂੰ ਮੈਂ ਸਾਜਿਆ, ਸਭ ਤੋਂ ਹੈਰਾਨਕੁਨ ਹੈ।
ਪਰ ਮੈਂ ਉਸ ਨੂੰ ਵੀ ਹਰਾ ਸੱਕਦਾ ਹਾਂ।
20 ਬਹੇਮੋਬ ਘਾਹ ਖਾਂਦਾ ਹੈ ਜਿਹੜਾ ਪਹਾੜਾਂ ਉੱਤੇ ਉੱਗਦਾ ਹੈ,
ਜਿੱਥੇ ਜੰਗਲੀ ਜਾਨਵਰ ਕਲੋਲਾਂ ਕਰਦੇ ਨੇ।
21 ਬਹੇਮੋਬ ਕੰਵਲ ਦੇ ਪੌਦਿਆਂ ਹੇਠਾਂ ਲੇਟਦਾ ਹੈ।
ਉਹ ਦਲਦਲ ਵਿੱਚਲੀ ਕਾਹੀ ਅੰਦਰ ਛੁਪ ਜਾਂਦਾ ਹੈ।
22 ਕੰਵਲ ਦੇ ਪੌਦੇ ਬਹੇਮੋਬ ਨੂੰ ਆਪਣੀ ਛਾਂ ਹੇਠਾਂ ਛੁਪਾ ਲੈਂਦੇ ਨੇ।
ਉਹ ਬੈਂਤ ਦੇ ਰੁੱਖਾਂ ਹੇਠਾਂ ਰਹਿੰਦਾ ਹੈ, ਜਿਹੜੇ ਨਦੀ ਦੇ ਨੇੜੇ ਨਹੀਂ ਉੱਗਦੇ।
23 ਜੇ ਨਦੀ ਵਿੱਚ ਹੜ੍ਹ ਆਉਂਦਾ ਹੈ ਦਰਿਆਈ ਘੋੜਾ ਨਸਦਾ ਨਹੀਂ ਉਹ ਡਰਦਾ ਨਹੀਂ
ਜੇ ਯਰਦਨ ਨਦੀ ਵੀ ਉਸ ਦੇ ਚਿਹਰੇ ਉੱਤੇ ਛਿੱਟੇ ਮਾਰੇ।
24 ਕੋਈ ਵੀ ਬੰਦਾ ਦਰਿਆਈ ਘੋੜੇ ਦੀਆਂ ਅੱਖਾਂ ਅੰਨ੍ਹੀਆਂ ਨਹੀਂ
ਕਰ ਸੱਕਦਾ ਤੇ ਉਸ ਨੂੰ ਆਪਣੇ ਜਾਲ ਵਿੱਚ ਫ਼ੜ ਨਹੀਂ ਸੱਕਦਾ।
41 “ਅੱਯੂਬ, ਕੀ ਤੂੰ ਲਿਵਯਾਬਾਨ ਨੂੰ ਮੱਛੀ ਵਾਲੇ ਕੰਡੇ ਨਾਲ ਫ਼ੜ ਸੱਕਦਾ ਹੈਂ?
ਕੀ ਤੂੰ ਰੱਸੇ ਨਾਲ ਉਸ ਦੀ ਜ਼ਬਾਨ ਬੰਨ੍ਹ ਸੱਕਦਾ ਹੈਂ?
2 ਕੀ ਤੂੰ ਉਸ ਦੇ ਨਕੇਲ ਜਾਂ
ਉਸ ਦੇ ਜਬਾੜੇ ਅੰਦਰ ਹੁੱਕ ਪਾ ਸੱਕਦਾ ਹੈਂ।
3 ਕੀ ਲਿਵਯਾਬਾਨ ਤੇਰੇ ਅੱਗੇ ਬੇਨਤੀ ਕਰੇਗਾ ਕਿ ਤੂੰ ਉਸ ਨੂੰ ਆਜ਼ਾਦ ਕਰ ਦੇਵੇਂ?
ਕੀ ਉਹ ਤੇਰੇ ਨਾਲ ਕੋਮਲ ਸ਼ਬਦਾਂ ਵਿੱਚ ਗੱਲ ਕਰੇਗਾ?
4 ਕੀ ਲਿਵਯਾਬਾਨ ਤੇਰੇ ਨਾਲ ਇੱਕਰਾਨਾਮਾ ਰੱਖੇਗਾ
ਤੇ ਸਦਾ ਲਈ ਤੇਰੀ ਸੇਵਾ ਕਰੇਗਾ?
5 ਕੀ ਤੂੰ ਲਿਵਯਾਬਾਨ ਨਾਲ ਖੇਡੇਂਗਾ ਜਿਵੇਂ ਤੂੰ ਕਿਸੇ ਪੰਛੀ ਨਾਲ ਖੇਡਦਾ ਹੈਂ?
ਕੀ ਤੂੰ ਉਸ ਦੇ ਉੱਤੇ ਰੱਸਾ ਪਾ ਲਵੇਂਗਾ ਤਾਂ ਜੋ ਤੇਰੀਆਂ ਦਾਸੀਆਂ ਉਸ ਦੇ ਨਾਲ ਖੇਡ ਸੱਕਣ।
6 ਕੀ ਮਛੇਰੇ ਲਿਵਯਾਬਾਨ ਨੂੰ ਤੈਥੋਂ ਖਰੀਦਣ ਦੀ ਕੋਸ਼ਿਸ਼ ਕਰਨਗੇ?
ਕੀ ਉਹ ਉਸ ਦੇ ਟੁਕੜੇ ਕਰ ਦੇਣਗੇ ਤੇ ਉਨ੍ਹਾਂ ਨੂੰ ਵਪਾਰੀਆਂ ਨੂੰ ਵੇਚ ਦੇਣਗੇ।
7 ਕੀ ਤੂੰ ਲਿਵਯਾਬਾਨ ਦੀ ਚਮੜੀ ਅੰਦਰ ਜਾਂ ਉਸ ਦੇ ਸਿਰ ਅੰਦਰ ਨੇਜੇ ਮਾਰ ਸੱਕਦਾ ਹੈਂ।
8 “ਅੱਯੂਬ, ਜੇ ਤੂੰ ਕਦੇ ਆਪਣਾ ਹੱਥ ਲਿਵਯਾਬਾਨ ਉੱਤੇ ਧਰਿਆ, ਤੂੰ ਫੇਰ ਕਦੇ ਅਜਿਹਾ ਕਰਨ ਦੇ ਯੋਗ ਨਹੀਂ ਹੋਵੇਂਗਾ।
ਜ਼ਰਾ ਉਸ ਜੰਗ ਬਾਰੇ ਸੋਚ, ਜਿਹੜੀ ਹੋਵੇਗੀ।
9 ਤੇਰਾ ਕੀ ਖਿਆਲ ਹੈ ਕਿ ਤੂੰ ਲਿਵਯਾਬਾਨ ਨੂੰ ਹਰਾ ਸੱਕਦਾ ਹੈਂ।
ਛੱਡ, ਇਸ ਨੂੰ ਭੁੱਲ ਜਾ। ਕੋਈ ਉਮੀਦ ਨਹੀਂ।
ਸਿਰਫ਼ ਦੇਖ ਕੇ ਹੀ ਤੂੰ ਉਸ ਤੋਂ ਡਰ ਜਾਵੇਂਗਾ।
10 ਕੋਈ ਵੀ ਬੰਦਾ ਇੰਨਾ ਬਹਾਦਰ ਨਹੀਂ ਕਿ ਉਸ ਨੂੰ ਜਗਾ ਸੱਕੇ ਤੇ ਗੁੱਸੇ ਵਿੱਚ ਲਿਆ ਸੱਕੇ।
ਅੱਛਾ, ਕੀ ਕੋਈ ਵਿਅਕਤੀ ਮੇਰੇ ਖਿਲਾਫ਼ ਖੜ੍ਹਾ ਹੋ ਸੱਕਦਾ ਹੈ!
11 ਮੈਂ, ਪਰਮੇਸ਼ੁਰ ਕਿਸੇ ਦਾ ਵੀ ਕੁਝ ਦੇਣਦਾਰ ਨਹੀਂ।
ਅਕਾਸ਼ ਹੇਠਲੀ ਹਰ ਸ਼ੈਅ ਮੇਰੀ ਹੈ।
12 “ਅੱਯੂਬ, ਮੈਂ ਤੈਨੂੰ ਲਿਵਯਾਬਾਨ ਦੀਆਂ ਲੱਤਾਂ ਬਾਰੇ,
ਅਤੇ ਉਸਦੀ ਤਾਕਤ ਅਤੇ ਸੁਹੱਪਣ ਬਾਰੇ ਦੱਸਾਂਗਾ।
13 ਕੋਈ ਵੀ ਬੰਦਾ ਉਸਦੀ ਚਮੜੀ ਨੂੰ ਨਹੀਂ ਚੀਰ ਸੱਕਦਾ।
ਉਸਦੀ ਚਮੜੀ ਕਵਚ ਵਰਗੀ ਹੈ।
14 ਕੋਈ ਬੰਦਾ ਜ਼ੋਰੀ ਉਸ ਦੇ ਜਬਾੜੇ ਨਹੀਂ ਖੁਲ੍ਹਵਾ ਸੱਕਦਾ।
ਉਸ ਦੇ ਮੂੰਹ ਵਿੱਚਲੇ ਦੰਦ ਲੋਕਾਂ ਨੂੰ ਭੈਭੀਤ ਕਰਦੇ ਨੇ।
15 ਲਿਵਯਾਬਾਨ ਦੀ ਪਿੱਠ ਉੱਤੇ, ਪੱਕੀ ਤਰ੍ਹਾਂ ਇੱਕ ਦੂਜੇ ਨਾਲ ਜੁੜੀਆਂ ਹੋਈਆਂ,
ਢਾਲਾਂ ਦੀਆਂ ਕਤਾਰਾਂ ਹਨ।
16 ਇਹ ਢਾਲਾਂ ਇੱਕ ਦੂਸਰੇ ਦੇ ਇੰਨੀਆਂ ਨੇੜੇ-ਨੇੜੇ ਹਨ
ਕਿ ਇਨ੍ਹਾਂ ਦੇ ਵਿੱਚਾਲਿਉਂ ਹਵਾ ਵੀ ਨਹੀਂ ਲੰਘ ਸੱਕਦੀ।
17 ਢਾਲਾਂ ਇੱਕ ਦੂਜੀ ਨਾਲ ਜੁੜੀਆਂ ਹੋਇਆਂ ਹਨ।
ਉਹ ਇੱਕ ਦੂਜੀ ਨਾਲ ਇਸ ਤਰ੍ਹਾਂ ਜੁੜੀਆਂ ਹਨ ਕਿ ਖਿੱਚਕੇ ਵੱਖ ਨਹੀਂ ਕੀਤੀਆਂ ਜਾ ਸੱਕਦੀਆਂ।
18 ਜਦੋਂ ਲਿਵਯਾਬਾਨ ਛਿੱਕਾਂ ਮਾਰਦਾ ਹੈ, ਜਿਵੇਂ ਬਿਜਲੀ ਜਿਹੀ ਚਮਕਦੀ ਹੈ।
ਉਸ ਦੀਆਂ ਅੱਖਾਂ ਸਵੇਰ ਦੀ ਲੋਅ ਵਾਂਗ ਚਮਕਦੀਆਂ ਨੇ।
19 ਉਸ ਦੇ ਮੂੰਹ ਵਿੱਚੋਂ ਬਲਦੀਆਂ ਹੋਈਆਂ ਮਸ਼ਾਲਾਂ ਨਿਕਲਦੀਆਂ ਨੇ,
ਅੱਗ ਦੇ ਚੰਗਿਆੜੇ ਬਾਹਰ ਨਿਕਲਦੇ ਨੇ।
20 ਲਿਵਯਾਬਾਨ ਦੇ ਨੱਕ ਵਿੱਚੋਂ ਧੂੰਆਂ ਨਿਕਲਦਾ ਹੈ,
ਜਿਵੇਂ ਉਬਲਦੇ ਪਤੀਲੇ ਹੇਠਾਂ ਕਾਹੀ ਬਲ ਰਹੀ ਹੋਵੇ।
21 ਲਿਵਯਾਬਾਨ ਦਾ ਸਾਹ ਕੋਲਿਆਂ ਨੂੰ ਵੀ ਸਾੜ ਦਿੰਦਾ ਹੈ
ਅਤੇ ਉਸ ਦੇ ਮੂੰਹ ਵਿੱਚੋਂ ਲਾਟਾਂ ਨਿਕਲਦੀਆਂ ਨੇ।
22 ਲਿਵਯਾਬਾਨ ਦੀ ਗਰਦਨ ਬਹੁਤ ਤਾਕਤਵਰ ਹੁੰਦੀ ਹੈ,
ਲੋਕ ਡਰਦੇ ਨੇ ਤੇ ਉਸ ਕੋਲੋਂ ਦੂਰ ਭੱਜਦੇ ਨੇ।
23 ਉਸਦੀ ਚਮੜੀ ਤੇ ਕੋਈ ਵੀ ਨਰਮ ਥਾਂ ਨਹੀਂ।
ਇਹ ਲੋਹੇ ਵਾਂਗ ਸਖਤ ਹੁੰਦੀ ਹੈ।
24 ਲਿਵਯਾਬਾਨ ਦਾ ਦਿਲ ਪੱਥਰ ਵਰਗਾ ਹੈ,
ਉਸ ਨੂੰ ਕੋਈ ਭੈ ਨਹੀਂ ਇਹ ਚੱਕੀ ਦੇ ਹੇਠਲੇ ਪੁੜ ਵਰਗਾ ਸਖਤ ਹੁੰਦਾ ਹੈ।
25 ਜਦੋਂ ਲਿਵਯਾਬਾਨ ਉੱਠਦਾ ਹੈ ਤਾਕਤਵਰ ਲੋਕ ਵੀ ਭੈਭੀਤ ਹੋ ਜਾਂਦੇ ਨੇ।
ਉਹ ਦੂਰ ਭੱਜ ਜਾਂਦੇ ਨੇ ਜਦੋਂ ਲਿਵਯਾਬਾਨ ਆਪਣੀ ਪੂਛ ਹਿਲਾਉਂਦਾ ਹੈ।
26 ਤਲਵਾਰਾਂ, ਨੇਜ਼ੇ ਅਤੇ ਤੀਰ ਲਿਵਯਾਬਾਨ ਨੂੰ ਲਗਦੇ ਨੇ, ਪਰ ਉਹ ਬੁੜਕ ਜਾਂਦੇ ਹਨ।
ਇਹ ਹਬਿਆਰ ਉਸ ਨੂੰ ਜ਼ਰਾ ਵੀ ਜ਼ਖਮੀ ਨਹੀਂ ਕਰਦੇ।
27 ਲਿਵਯਾਬਾਨ ਲੋਹੇ ਨੂੰ ਤਿਨਕੇ ਜਿੰਨੀ ਅਸਾਨੀ ਨਾਲ ਤੋੜ ਦਿੰਦਾ ਹੈ।
ਉਹ ਕਾਂਸੀ ਨੂੰ ਗਲੀ ਹੋਈ ਲੱਕੜ ਵਾਂਗ ਤੋੜ ਦਿੰਦਾ ਹੈ।
28 ਤੀਰ ਲਿਵਯਾਬਾਨ ਨੂੰ ਨਹੀਂ ਭਜਾਉਂਦਾ।
ਪੱਥਰ ਉਸ ਉੱਤੋਂ ਬੁੜਕ ਜਾਂਦੇ ਨੇ, ਜਿਵੇਂ ਤਿਨਕੇ ਹੋਣ।
29 ਜਦੋਂ ਲਿਵਯਾਬਾਨ ਉੱਤੇ ਲੱਕੜ ਦਾ ਗਦਾ ਵੱਜਦਾ ਹੈ, ਇਹ ਉਸ ਨੂੰ ਤਿਣਕੇ ਵਾਂਗ ਲੱਗਦਾ ਹੈ।
ਉਹ ਹੱਸਦਾ ਹੈ ਜਦੋਂ ਲੋਕ ਉਸ ਉੱਤੇ ਨੇਜ਼ੇ ਸੁੱਟਦੇ ਨੇ।
30 ਲਿਵਯਾਬਾਨ ਦੇ ਢਿੱਡ ਉਤਲੀ ਚਮੜੀ ਮਿੱਟੀ ਦੇ ਟੁੱਟਿਆਂ ਭਾਂਡਿਆਂ ਵਾਂਗ ਹੈ।
ਉਹ ਗਾਰੇ ਉੱਤੇ ਛੜਨ ਵਾਲੇ ਫ਼ੱਟੇ ਵਾਂਗ ਨਿਸ਼ਾਨ ਛੱਡਦਾ ਹੈ।
31 ਲਿਵਯਾਬਾਨ ਪਾਣੀ ਨੂੰ ਉਬਲਦੇ ਭਾਂਡੇ ਵਾਂਗ ਹਿਲਾ ਦਿੰਦਾ ਹੈ।
ਉਹ ਇਸ ਨੂੰ ਬੁਲਬੁਲੇ ਛੱਡਦੇ, ਉਬਲਦੇ ਤੇਲ ਤੇ ਭਾਂਡੇ ਵਾਂਗ ਬਟਾ ਦਿੰਦਾ ਹੈ।
32 ਲਿਵਯਾਬਾਨ ਜਦੋਂ ਤੈਰਦਾ ਹੈ, ਉਹ ਆਪਣੇ ਪਿੱਛੇ ਰਾਹ ਛੱਡਦਾ ਜਾਂਦਾ ਹੈ।
ਉਹ ਪਾਣੀ ਵਿੱਚ ਹਲਚਲ ਮਚਾਉਂਦਾ ਹੈ, ਤੇ ਪਿੱਛੇ ਸਫ਼ੇਦ ਝੱਗ ਛੱਡ ਜਾਂਦਾ ਹੈ।
33 ਧਰਤੀ ਦਾ ਕੋਈ ਜਾਨਵਰ ਲਿਵਯਾਬਾਨ ਵਰਗਾ ਨਹੀਂ।
ਉਹ ਅਜਿਹਾ ਜਾਨਵਰ ਹੈ ਜਿਸ ਨੂੰ ਨਿਡਰ ਬਣਾਇਆ ਗਿਆ।
34 ਲਿਵਯਾਬਾਨ ਹੇਠਾਂ ਸਾਰੇ ਹਂਕਾਰੀ ਜਾਨਵਰਾਂ ਉੱਤੇ ਵੇਖਦਾ ਹੈ।
ਉਹ ਸਾਰੇ ਜੰਗਲੀ ਜਾਨਵਰਾਂ ਦਾ ਰਾਜਾ ਹੈ।”
ਅੱਯੂਬ ਦਾ ਯਹੋਵਾਹ ਨੂੰ ਜਵਾਬ
42 ਫਿਰ ਅੱਯੂਬ ਨੇ ਯਹੋਵਾਹ ਨੂੰ ਜਵਾਬ ਦਿੱਤਾ। ਅੱਯੂਬ ਨੇ ਅਖਿਆ:
2 “ਯਹੋਵਾਹ ਜੀ, ਮੈਂ ਜਾਣਦਾ ਹਾਂ ਕਿ ਤੁਸੀਂ ਸਭ ਕੁਝ ਕਰ ਸੱਕਦੇ ਹੋ।
ਤੁਸੀਂ ਯੋਜਨਾਵਾਂ ਬਣਾਉਂਦੇ ਹੋ ਤੇ ਕੋਈ ਵੀ ਤੁਹਾਡੀਆਂ ਯੋਜਨਾਵਾਂ ਰੋਕ ਜਾਂ ਬਦਲ ਨਹੀਂ ਸੱਕਦਾ।
3 ਯਹੋਵਾਹ, ਤੂੰ ਇਹ ਸਵਾਲ ਪੁੱਛਿਆ: ‘ਇਹ ਮੂਰਖ ਗੱਲਾਂ ਆਖਦਾ ਹੋਇਆ ਇਹ ਅਗਿਆਨੀ ਆਦਮੀ ਕੌਣ ਹੈ?’
ਯਹੋਵਾਹ, ਮੈਂ ਉਨ੍ਹਾਂ ਗੱਲਾਂ ਬਾਰੇ ਸੋਚਿਆ ਜੋ ਮੈਂ ਸਮਝਿਆ ਨਹੀਂ ਸਾਂ।
ਮੈਂ ਉਨ੍ਹਾਂ ਗੱਲਾਂ ਬਾਰੇ ਬੋਲਿਆ ਜੋ ਮੇਰੇ ਲਈ ਹੈਰਾਨਕੁਨ ਸਨ ਅਤੇ ਜੋ ਮੇਰੀ ਸਮਝ ਤੋਂ ਬਾਹਰ ਸਨ।
4 “ਯਹੋਵਾਹ ਜੀ ਤੁਸੀਂ ਮੈਨੂੰ ਆਖਿਆ, ‘ਅੱਯੂਬ ਸੁਣ, ਤੇ ਮੈਂ ਬੋਲਾਂਗਾ।
ਮੈਂ ਤੈਨੂੰ ਸਵਾਲ ਪੁੱਛਾਂਗਾ, ਤੇ ਤੂੰ ਮੈਨੂੰ ਜਵਾਬ ਦੇਵੇਂਗਾ।’
5 ਯਹੋਵਾਹ ਜੀ ਅਤੀਤ ਵਿੱਚ ਮੈਂ ਤੁਹਾਡੇ ਬਾਰੇ ਸੁਣਿਆ ਸੀ,
ਪਰ ਹੁਣ ਮੈਂ ਆਪਣੀਆਂ ਅੱਖਾਂ ਨਾਲ ਤੁਹਾਡਾ ਦੀਦਾਰ ਕੀਤਾ ਹੈ।
6 ਅਤੇ ਯਹੋਵਾਹ ਜੀ ਮੈਂ ਆਪਣੇ ਬਾਰੇ ਸ਼ਰਮਿੰਦਾ ਹਾਂ,
ਯਹੋਵਾਹ ਜੀ ਮੈਨੂੰ ਬਹੁਤ ਅਫ਼ਸੋਸ ਹੈ।
ਜਿਵੇਂ ਮੈਂ ਘੱਟੇ ਅਤੇ ਸੁਆਹ ਵਿੱਚ ਬੈਠਦਾ ਹਾਂ,
ਮੈਂ ਆਪਣੇ ਦਿਲ ਅਤੇ ਜੀਵਨ ਨੂੰ ਬਦਲਣ ਦਾ ਇਕਰਾਰ ਕਰਦਾ ਹਾਂ।”
ਯਹੋਵਾਹ ਦਾ ਅੱਯੂਬ ਨੂੰ ਉਸਦੀ ਦੌਲਤ ਵਾਪਸ ਦੇਣਾ
7 ਜਦੋਂ ਯਹੋਵਾਹ ਨੇ ਅੱਯੂਬ ਨਾਲ ਗੱਲਾਂ ਖਤਮ ਕਰ ਲਈਆਂ ਉਸ ਨੇ ਤੇਮਾਨ ਦੇ ਅਲੀਫਜ਼ ਨਾਲ ਗੱਲ ਕੀਤੀ। ਯਹੋਵਾਹ ਨੇ ਅਲੀਫਜ਼ ਨੂੰ ਆਖਿਆ, “ਮੈਂ ਤੇਰੇ ਉੱਤੇ ਕ੍ਰੋਧਵਾਨ ਹਾਂ ਯਹੋਵਾਹ ਨੇ ਅਲੀਫਜ਼ ਨੂੰ ਆਖਿਆ, ਮੈਂ ਤੇਰੇ ਉੱਤੇ ਅਤੇ ਤੇਰੇ ਦੋਹਾਂ ਦੋਸਤਾਂ ਉੱਤੇ ਕ੍ਰੋਧਵਾਨ ਹਾਂ। ਕਿਉਂਕਿ ਤੁਸੀਂ ਮੇਰੇ ਬਾਰੇ ਸਹੀ ਗੱਲਾਂ ਨਹੀਂ ਆਖੀਆਂ। ਪਰ ਅੱਯੂਬ ਮੇਰਾ ਸੇਵਕ ਹੈ, ਅੱਯੂਬ ਨੇ ਮੇਰੇ ਬਾਰੇ ਸਹੀ-ਸਹੀ ਗੱਲਾਂ ਆਖੀਆਂ। 8 ਇਸ ਲਈ ਅਲੀਫਜ਼, ਸੱਤ ਬਲਦ ਅਤੇ ਸੱਤ ਭੇਡੂ ਲੈ ਕੇ ਆ। ਉਨ੍ਹਾਂ ਨੂੰ ਮੇਰੇ ਸੇਵਕ ਅੱਯੂਬ ਲਈ ਲੈ ਕੇ ਆ। ਉਨ੍ਹਾਂ ਨੂੰ ਜ਼ਿਬਾਹ ਕਰ ਅਤੇ ਉਨ੍ਹਾਂ ਦੀ ਆਪਣੇ ਲਈ ਹੋਮ ਦੀ ਭੇਟ ਚੜ੍ਹਾ। ਮੇਰਾ ਸੇਵਕ ਅੱਯੂਬ ਤੁਹਾਡੇ ਲਈ ਪ੍ਰਾਰਥਨਾ ਕਰੇਗਾ ਤੇ ਮੈਂ ਉਸਦੀ ਪ੍ਰਾਰਥਨਾ ਸੁਣਾਂਗਾ। ਫ਼ੇਰ ਮੈਂ ਤੁਹਾਨੂੰ ਸਜ਼ਾ ਨਹੀਂ ਦੇਵਾਂਗਾ, ਜਿਸਦੇ ਕਿ ਤੁਸੀਂ ਅਧਿਕਾਰੀ ਹੋ ਕਿਉਂਕਿ ਤੁਸੀਂ ਬਹੁਤ ਮੂਰਖ ਸੀ। ਤੁਸੀਂ ਮੇਰੇ ਬਾਰੇ ਸਹੀ ਗੱਲਾਂ ਨਹੀਂ ਆਖੀਆਂ। ਪਰ ਮੇਰੇ ਸੇਵਕ ਅੱਯੂਬ ਨੇ ਮੇਰੇ ਬਾਰੇ ਸਹੀ ਗੱਲਾਂ ਆਖੀਆਂ।”
9 ਇਸ ਤਰ੍ਹਾਂ ਤੇਮਾਨੀ ਦੇ ਅਲੀਫਜ਼ ਸ਼ੂਹੀ ਦੇ ਬਿਲਦਦ ਅਤੇ ਨਅਮਾਤੀ ਦੇ ਸੋਫਰ ਨੇ ਯਹੋਵਾਹ ਦੀ ਆਗਿਆ ਮੰਨੀ। ਫਿਰ ਯਹੋਵਾਹ ਨੇ ਅੱਯੂਬ ਦੀ ਪ੍ਰਾਰਥਨਾ ਸੁਣੀ।
10 ਅੱਯੂਬ ਨੇ ਆਪਣੇ ਦੋਸਤਾਂ ਲਈ ਪ੍ਰਾਰਥਨਾ ਕੀਤੀ ਅਤੇ ਯਹੋਵਾਹ ਨੇ ਫਿਰ ਇੱਕ ਵਾਰ ਅੱਯੂਬ ਨੂੰ ਸਫਲ ਬਣਾਇਆ। ਪਰਮੇਸ਼ੁਰ ਨੇ ਅੱਯੂਬ ਨੂੰ ਪਹਿਲਾਂ ਨਾਲੋਂ ਦੁੱਗਣਾ ਦਤ੍ਤਾ। 11 ਫਿਰ ਅੱਯੂਬ ਦੇ ਸਾਰੇ ਭਰਾ ਤੇ ਭੈਣਾਂ ਅਤੇ ਉਹ ਸਾਰੇ ਲੋਕ ਜਿਹੜੇ ਅੱਯੂਬ ਨੂੰ ਪਹਿਲਾਂ ਹੀ ਜਾਣਦੇ ਸਨ, ਉਸ ਦੇ ਘਰ ਆਏ। ਉਨ੍ਹਾਂ ਸਾਰਿਆਂ ਨੇ ਅੱਯੂਬ ਨਾਲ ਦਾਅਵਤ ਖਾਧੀ। ਉਨ੍ਹਾਂ ਨੇ ਅੱਯੂਬ ਨੂੰ ਹੌਂਸਲਾ ਦਿੱਤਾ ਉਨ੍ਹਾਂ ਨੂੰ ਅਫ਼ਸੋਸ ਸੀ ਕਿ ਯਹੋਵਾਹ ਨੇ ਅੱਯੂਬ ਨੂੰ ਇੰਨੀ ਵੱਡੀ ਮੁਸੀਬਤ ਵਿੱਚ ਪਾਇਆ। ਹਰ ਬੰਦੇ ਨੇ ਅੱਯੂਬ ਨੂੰ ਚਾਂਦੀ ਦਾ ਇੱਕ ਸਿੱਕਾ ਅਤੇ ਸੋਨੇ ਦਾ ਛੱਲਾ ਦਿੱਤਾ।
12 ਯਹੋਵਾਹ ਨੇ ਅੱਯੂਬ ਨੂੰ ਪਹਿਲਾਂ ਨਾਲੋਂ ਵੀ ਵੱਧੇਰੇ ਚੀਜ਼ਾਂ ਦੀ ਅਸੀਸ ਦਿੱਤੀ। ਅੱਯੂਬ ਨੂੰ 14,000 ਭੇਡਾਂ 6,000 ਊਠ 2,000 ਗਾਵਾਂ ਅਤੇ 1,000 ਗਧੀਆਂ ਮਿਲੀਆਂ। 13 ਅੱਯੂਬ ਦੇ ਸੱਤ ਪੁੱਤਰ ਤੇ ਤਿੰਨ ਧੀਆਂ ਵੀ ਹੋਈਆਂ। 14 ਅੱਯੂਬ ਨੇ ਪਹਿਲੀ ਧੀ ਦਾ ਨਾਮ ਯਮੀਮਾਹ ਰੱਖਿਆ। ਅੱਯੂਬ ਨੇ ਦੂਜੀ ਧੀ ਦਾ ਨਾਮ ਕਸੀਆਹ ਰੱਖਿਆ। ਅਤੇ ਅੱਯੂਬ ਨੇ ਤੀਜੀ ਧੀ ਦਾ ਨਾਮ ਕਰਨ-ਹੱਪੂਕ ਰੱਖਿਆ। 15 ਅੱਯੂਬ ਦੀਆਂ ਧੀਆਂ ਸਾਰੇ ਦੇਸ਼ ਦੀਆਂ ਸਭ ਤੋਂ ਸੁੰਦਰ ਇਸਤ੍ਰੀਆਂ ਵਿੱਚੋਂ ਸਨ। ਅਤੇ ਅੱਯੂਬ ਨੇ ਆਪਣੀ ਜਾਇਦਾਦ ਦਾ ਇੱਕ ਹਿੱਸਾ ਆਪਣੀਆਂ ਧੀਆਂ ਨੂੰ ਵੀ ਦਿੱਤਾ, ਉਨ੍ਹਾਂ ਵਿੱਚੋਂ ਹਰ ਇੱਕ ਨੇ ਆਪਣੇ ਭਰਾਵਾਂ ਵਾਂਗ ਹੀ ਜਾਇਦਾਦ ਦਾ ਹਿੱਸਾ ਪ੍ਰਾਪਤ ਕੀਤਾ।
16 ਇਸ ਤਰ੍ਹਾਂ ਅੱਯੂਬ 140 ਵਰ੍ਹੇ ਹੋਰ ਜੀਵਿਆ। ਉਸ ਨੇ ਆਪਣੇ ਬੱਚਿਆਂ ਆੱਪਣੇ ਪੋਤਿਆਂ ਆਪਣੇ ਪੜ-ਪੋਤਿਆਂ ਅਤੇ ਆਪਣੀ ਚੌਥੀ ਪੀੜੀ ਨੂੰ ਵੀ ਦੇਖਿਆ। 17 ਅੱਯੂਬ ਬਹੁਤ ਬਜ਼ੁਰਗ ਅਵਸਥਾ ਤੱਕ, ਇੱਕ ਅਜਿਹੇ ਆਦਮੀ ਵਾਂਗ ਜੀਵਿਆ ਜਿਸਨੇ ਇੱਕ ਚੰਗੀ ਅਤੇ ਲੰਮੀ ਉਮਰ ਭੋਗੀ ਹੋਵੇ।
2010 by World Bible Translation Center