Beginning
35 ਅਲੀਹੂ ਨੇ ਗੱਲ ਜਾਰੀ ਰੱਖੀ। ਉਸ ਨੇ ਆਖਿਆ:
2 “ਅੱਯੂਬ, ਕੀ ਤੂੰ ਸੋਚਦਾ ਤੇਰੇ ਕੋਲ ਮੁਕੱਦਮਾ ਹੈ ਜਦੋਂ ਤੂੰ ਆਖਦਾ ਹੈਂ
‘ਮੈਂ ਪਰਮੇਸ਼ੁਰ ਨਾਲੋਂ ਵੱਧੇਰੇ ਧਰਮੀ ਹਾਂ।’
3 ਅਤੇ ਅੱਯੂਬ ਪੁੱਛਦਾ ਹੈਂ ਤੂੰ ਪਰਮੇਸ਼ੁਰ ਕੋਲੋਂ,
‘ਕੀ ਲਾਭ ਹੁੰਦਾ ਇੱਕ ਬੰਦੇ ਨੂੰ ਜੇ ਉਹ ਕੋਸ਼ਿਸ਼ ਕਰਦਾ ਹੈ ਪਰਮੇਸ਼ੁਰ ਨੂੰ ਖੁਸ਼ ਕਰਨ ਦੀ?
ਕੀ ਮੇਰੇ ਨਾਲ ਕੁਝ ਚੰਗਾ ਵਾਪਰੇਗਾ ਜੇਕਰ ਮੈਂ ਪਾਪ ਨਾ ਕਰਾਂ?’
4 “ਅੱਯੂਬ, ਮੈਂ (ਅਲੀਹੂ) ਤੈਨੂੰ ਅਤੇ ਤੇਰੇ ਦੋਸਤਾਂ ਨੂੰ, ਜੋ ਇੱਥੇ ਤੇਰੇ ਨਾਲ ਹਨ, ਉੱਤਰ ਦੇਣਾ ਚਾਹੁੰਦਾ ਹਾਂ।
5 ਅੱਯੂਬ ਆਕਾਸ਼ ਵੱਲ ਦੇਖ।
ਬਦਲਾਂ ਵੱਲ ਦੇਖ ਜਿਹੜੇ ਤੇਰੇ ਨਾਲੋਂ ਉਚੇਰੇ ਨੇ।
6 ਅੱਯੂਬ, ਜੇ ਤੂੰ ਪਾਪ ਕਰਦਾ ਹੈਂ, ਇਸ ਦੁਆਰਾ ਪਰਮੇਸ਼ੁਰ ਨੂੰ ਕੋਈ ਸੱਟ ਨਹੀਂ ਲੱਗਦੀ।
ਭਾਵੇਂ ਜੇਕਰ ਤੇਰੇ ਪਾਪ ਬਹੁਤ ਸਾਰੇ ਹੋਣ, ਇਸ ਨਾਲ ਪਰਮੇਸ਼ੁਰ ਨੂੰ ਕੋਈ ਫ਼ਰਕ ਨਹੀਂ ਪੈਂਦਾ।
7 ਅਤੇ ਅੱਯੂਬ, ਜੇ ਤੂੰ ਚੰਗਾ ਹੈਂ ਤਾਂ ਇਸ ਨਾਲ ਪਰਮੇਸ਼ੁਰ ਨੂੰ ਕੋਈ ਸਹਾਇਤਾ ਨਹੀਂ ਮਿਲਦੀ,
ਪਰਮੇਸ਼ੁਰ ਨੂੰ ਤੇਰੇ ਪਾਸੋਂ ਕੁਝ ਵੀ ਨਹੀਂ ਮਿਲਦਾ।
8 ਅਯੂਬ ਜਿਹੜੀਆਂ ਚੰਗੀਆਂ ਤੇ ਮਾੜੀਆਂ ਗੱਲਾਂ ਤੂੰ ਕਰਦਾ ਹੈਂ ਸਿਰਫ ਤੇਰੇ ਵਰਗੇ ਲੋਕਾਂ ਉੱਤੇ ਹੀ ਅਸਰ ਪਾਉਂਦੀਆਂ ਨੇ।
ਉਨ੍ਹਾਂ ਨਾਲ ਪਰਮੇਸ਼ੁਰ ਨੂੰ ਕੋਈ ਸਹਾਇਤਾ ਜਾਂ ਦੁੱਖ ਨਹੀਂ ਹੁੰਦਾ।
9 “ਜੇਕਰ ਬੁਰੇ ਲੋਕ ਸਤਾਏ ਜਾਂਦੇ ਹਨ ਤਾਂ ਉਹ ਸਹਾਇਤਾ ਲਈ ਪੁਕਾਰਦੇ ਹਨ,
ਉਹ ਮਜ਼ਬੂਤ ਲੋਕਾਂ ਦੇ ਹੱਥੋਂ ਬਚਾਏ ਜਾਣ ਦੀ ਮੰਗ ਕਰਦੇ ਹਨ।
10 ਕੋਈ ਨਹੀਂ ਆਖਦਾ, ‘ਉਹ ਪਰਮੇਸ਼ੁਰ ਕਿੱਥੋ ਹੈ ਜਿਸਨੇ ਮੈਨੂੰ ਸਾਜਿਆ?
ਜਦੋਂ ਉਹ ਸਾਰੀ ਰਾਤ ਗੀਤ ਗਾ ਰਿਹਾ ਹੁੰਦਾ ਹੈ।
11 ਪਰਮੇਸ਼ੁਰ ਸਾਨੂੰ ਪੰਛੀਆਂ ਅਤੇ ਜਾਨਵਰਾਂ ਨਾਲੋਂ ਸਿਆਣਾ ਬਣਾਉਂਦਾ ਹੈ।
ਇਸ ਲਈ ਉਹ ਕਿੱਥੋ ਹੈ।’
12 “ਜਾਂ ਜੇ ਉਹ ਬੁਰੇ ਆਦਮੀ ਪਰਮੇਸ਼ੁਰ ਕੋਲੋਂ ਸਹਾਇਤਾ ਮੰਗਦੇ ਨੇ ਤਾਂ ਪਰਮੇਸ਼ੁਰ ਉਨ੍ਹਾਂ ਨੂੰ ਕੋਈ ਜਵਾਬ ਨਹੀਂ ਦਿੰਦਾ।
ਕਿਉਂ ਕਿ ਉਹ ਬੁਰੇ ਆਦਮੀ ਬਹੁਤ ਗੁਮਾਨੀ ਨੇ ਉਹ ਹਾਲੇ ਵੀ ਸੋਚਦੇ ਨੇ ਕਿ ਉਹ ਬਹੁਤ ਮਹੱਤਵਪੂਰਣ ਹਨ।
13 ਇਹ ਸੱਚ ਹੈ। ਪਰਮੇਸ਼ੁਰ ਉਨ੍ਹਾਂ ਦੀਆਂ ਬੇਕਾਰ ਅਰਜੋਈਆਂ ਨੂੰ ਨਹੀਂ ਸੁਣੇਗਾ।
ਸਰਬ-ਸ਼ਕਤੀਮਾਨ ਪਰਮੇਸ਼ੁਰ ਉਨ੍ਹਾਂ ਵੱਲ ਧਿਆਨ ਨਹੀਂ ਦੇਵੇਗਾ।
14 ਇਸ ਲਈ ਅੱਯੂਬ, ਪਰਮੇਸ਼ੁਰ ਤੈਨੂੰ ਨਹੀਂ ਸੁਣੇਗਾ
ਜਦੋਂ ਤੂੰ ਆਖੇਂਗਾ ਕਿ ਤੂੰ ਉਸ ਨੂੰ ਨਹੀਂ ਦੇਖਦਾ।
ਤੂੰ ਆਖਦਾ ਹੈਂ ਕਿ ਤੂੰ ਪਰਮੇਸ਼ੁਰ ਨੂੰ ਮਿਲਣ
ਅਤੇ ਸਾਬਤ ਕਰਨ ਲਈ ਆਪਣੇ ਮੌਕੇ ਦੀ ਤਲਾਸ਼ ਕਰ ਰਿਹਾ ਹੈਂ ਕਿ ਤੂੰ ਬੇਗੁਨਾਹ ਹੈਂ।
15 “ਅੱਯੂਬ ਸੋਚਦਾ ਹੈ ਕਿ ਪਰਮੇਸ਼ੁਰ ਬੁਰੇ ਲੋਕਾਂ ਨੂੰ ਦੰਡ ਨਹੀਂ ਦਿੰਦਾ।
ਉਹ ਸੋਚਦਾ ਹੈ ਕਿ ਪਰਮੇਸ਼ੁਰ ਪਾਪ ਵੱਲ ਕੁਝ ਵੀ ਧਿਆਨ ਨਹੀਂ ਦਿੰਦਾ।
16 ਇਹੀ ਕਾਰਣ ਹੈ ਕਿ ਅੱਯੂਬ ਆਪਣੀ ਬੇਕਾਰ ਗੱਲ ਜਾਰੀ ਰੱਖਦਾ।
ਉਹ ਇੰਝ ਵਿਹਾਰ ਕਰਦਾ ਜਿਵੇਂ ਕਿ ਉਹ ਮਹੱਤਵਪੂਰਣ ਹੋਵੇ।
ਇਹ ਵੇਖਣਾ ਆਸਾਨ ਹੈ ਕਿ ਅੱਯੂਬ ਇਹ ਵੀ ਨਹੀਂ ਜਾਣਦਾ ਕਿ ਉਹ ਕਿਸ ਬਾਰੇ ਗੱਲ ਕਰ ਰਿਹਾ ਹੈ?”
36 ਅਲੀਹੂ ਨੇ ਗੱਲ ਜਾਰੀ ਰੱਖੀ। ਉਸ ਨੇ ਆਖਿਆ:
2 “ਮੇਰੇ ਬਾਰੇ ਥੋੜਾ ਸਮਾਂ ਹੋਰ ਧੀਰਜ ਰੱਖੋ।
ਪਰਮੇਸ਼ੁਰ ਕੋਲ ਅਜੇ ਕੁਝ ਹੋਰ ਸ਼ਬਦ ਹਨ ਜੋ ਉਹ ਮੇਰੇ ਕੋਲੋਂ ਅਖਵਾਉਣਾ ਚਾਹੁੰਦਾ ਹੈ।
3 ਮੈਂ ਦੂਰ-ਦੁਰਾਡਿਓ ਆਪਣੇ ਗਿਆਨ ਨੂੰ ਲਿਆਵਾਂਗਾ।
ਪਰਮੇਸ਼ੁਰ ਨੇ ਮੈਨੂੰ ਸਾਜਿਆ ਤੇ ਮੈਂ ਸਾਬਤ ਕਰਾਂਗਾ ਕਿ ਪਰਮੇਸ਼ੁਰ ਨਿਆਂਈ ਹੈ।
4 ਅੱਯੂਬ ਮੈਂ ਸੱਚ ਆਖ ਰਿਹਾ ਹਾਂ।
ਮੈਂ ਜਾਣਦਾ ਹਾਂ ਕਿ ਮੈਂ ਕਿਸ ਬਾਰੇ ਗੱਲ ਕਰ ਰਿਹਾ ਹਾਂ।
5 “ਪਰਮੇਸ਼ੁਰ ਬਹੁਤ ਸ਼ਕਤੀਸ਼ਾਲੀ ਹੈ ਪਰ ਉਹ ਲੋਕਾਂ ਨੂੰ ਨਫ਼ਰਤ ਨਹੀਂ ਕਰਦਾ।
ਪਰਮੇਸ਼ੁਰ ਬਹੁਤ ਸ਼ਕਤੀਸ਼ਾਲੀ ਹੈ, ਪਰ ਉਹ ਬਹੁਤ ਸਿਆਣਾ ਵੀ ਹੈ।
6 ਪਰਮੇਸ਼ੁਰ ਬਦ ਲੋਕਾਂ ਨੂੰ ਜਿਉਣ ਨਹੀਂ ਦਿੰਦਾ।
ਪਰਮੇਸ਼ੁਰ ਗਰੀਬ ਲੋਕਾਂ ਲਈ ਨਿਆਂਈ ਰਹਿੰਦਾ ਹੈ।
7 ਪਰਮੇਸ਼ੁਰ ਉਨ੍ਹਾਂ ਲੋਕਾਂ ਦੀ ਨਿਗਰਾਨੀ ਕਰਦਾ ਹੈ ਜੋ ਸਹੀ ਢੰਗ ਨਾਲ ਜਿਉਂਦੇ ਨੇ।
ਉਹ ਨੇਕ ਬੰਦਿਆਂ ਨੂੰ ਹਾਕਮ ਬਣਨ ਦਿੰਦਾ ਹੈ ਅਤੇ ਉਨ੍ਹਾਂ ਲਈ ਹਮੇਸ਼ਾ ਆਦਰ ਦਿੰਦਾ ਹੈ।
8 ਇਸ ਲਈ ਜੇ ਲੋਕਾਂ ਨੂੰ ਦੰਡ ਮਿਲਦਾ ਹੈ,
ਜੇ ਉਨ੍ਹਾਂ ਨੂੰ ਸੰਗਲੀਆਂ ਅਤੇ ਰੱਸਿਆਂ ਨਾਲ ਬੰਨ੍ਹਿਆ ਜਾਂਦਾ ਹੈ ਤਾਂ ਉਨ੍ਹਾਂ ਨੇ ਕੁਝ ਗ਼ਲਤ ਕੀਤਾ ਹੋਵੇਗਾ।
9 ਅਤੇ ਪਰਮੇਸ਼ੁਰ ਉਨ੍ਹਾਂ ਨੂੰ ਦੱਸੇਗਾ ਕਿ ਉਨ੍ਹਾਂ ਨੇ ਕੀ ਕੀਤਾ ਸੀ।
ਪਰਮੇਸ਼ੁਰ ਉਨ੍ਹਾਂ ਨੂੰ ਦੱਸੇਗਾ ਕਿ ਉਨ੍ਹਾਂ ਨੇ ਪਾਪ ਕੀਤਾ ਸੀ।
ਪਰਮੇਸ਼ੁਰ ਉਨ੍ਹਾਂ ਨੂੰ ਦੱਸੇਗਾ ਕਿ ਉਹ ਗੁਮਾਨੀ ਸਨ।
10 ਪਰਮੇਸ਼ੁਰ ਉਨ੍ਹਾਂ ਲੋਕਾਂ ਨੂੰ ਉਸ ਦੀ ਚਿਤਾਵਨੀ ਸੁਣਨ ਲਈ ਮਜ਼ਬੂਰ ਕਰੇਗਾ।
ਉਹ ਉਨ੍ਹਾਂ ਨੂੰ ਪਾਪ ਤੋਂ ਦੂਰ ਰਹਿਣ ਦਾ ਹੁਕਮ ਦੇਵੇਗਾ।
11 ਜੇਕਰ ਲੋਕ ਪਰਮੇਸ਼ੁਰ ਨੂੰ ਸੁਣਨ ਤੇ ਉਸ ਦੀ ਸੇਵਾ ਕਰਨ,
ਪਰਮੇਸ਼ੁਰ ਉਨ੍ਹਾਂ ਨੂੰ ਫ਼ਿਰ ਤੋਂ ਸਫਲ ਕਰੇਗਾ ਅਤੇ ਉਹ ਇੱਕ ਖੁਸ਼ਹਾਲ ਜੀਵਨ ਬਿਤਾਉਣਗੇ।
12 ਪਰ ਜੇ ਉਨ੍ਹਾਂ ਲੋਕਾਂ ਪਰਮੇਸ਼ੁਰ ਨੂੰ ਮੰਨਣ ਤੋਂ ਇਨਕਾਰ ਕੀਤਾ, ਤਾਂ ਉਨ੍ਹਾਂ ਦਾ ਨਾਸ਼ ਹੋਵੇਗਾ।
ਉਹ ਮੂਰੱਖਾਂ ਵਾਂਗ ਮਰ ਜਾਣਗੇ।
13 “ਉਹ ਲੋਕ ਜਿਹੜੇ ਪਰਮੇਸ਼ੁਰ ਬਾਰੇ ਪਰਵਾਹ ਨਹੀਂ ਕਰਦੇ, ਸਦਾ ਕੌੜੇ ਹੁੰਦੇ ਨੇ।
ਜਦੋਂ ਪਰਮੇਸ਼ੁਰ ਉਨ੍ਹਾਂ ਨੂੰ ਦੰਡ ਦਿੰਦਾ ਹੈ, ਉਹ ਪਰਮੇਸ਼ੁਰ ਅੱਗੇ ਸਹਾਇਤਾ ਲਈ ਪ੍ਰਾਰਥਨਾ ਕਰਨ ਤੋਂ ਵੀ ਇਨਕਾਰ ਕਰਦੇ ਨੇ।
14 ਉਹ ਲੋਕ ਮਰ ਜਾਣਗੇ ਜਦੋਂ ਹਾਲੇ ਉਹ ਮਰਦ
ਵੇਸਵਾਵਾਂ ਵਾਂਗ ਜਵਾਨ ਹੀ ਹੋਣਗੇ।
15 ਪਰ ਪਰਮੇਸ਼ੁਰ ਇੱਕ ਨਿਮਾਣੇ ਬੰਦੇ ਨੂੰ ਬਚਾ ਸੱਕਦਾ ਹੈ ਜੋ ਆਪਣੇ ਕਸ਼ਟਾਂ ਤੋਂ ਸਿੱਖਦਾ ਹੈ।
ਪਰਮੇਸ਼ੁਰ ਉਨ੍ਹਾਂ ਕਸ਼ਟਾਂ ਨੂੰ, ਉਸ ਬੰਦੇ ਨੂੰ ਪਰਮੇਸ਼ੁਰ ਦੀ ਇੱਛਾ ਨੂੰ ਸਮਝਣ ਲਈ ਇਸਤੇਮਾਲ ਕਰੇਗਾ।
16 “ਅੱਯੂਬ ਪਰਮੇਸ਼ੁਰ ਤੇਰੀ ਸਹਾਇਤਾ ਕਰਨਾ ਚਾਹੁੰਦਾ ਹੈ।
ਪਰਮੇਸ਼ੁਰ ਤੈਨੂੰ ਮੁਸੀਬਤ ਵਿੱਚੋਂ ਕੱਢਣਾ ਚਾਹੁੰਦਾ ਹੈ।
ਪਰਮੇਸ਼ੁਰ ਤੇਰੇ ਲਈ ਜੀਵਨ ਅਸਾਨ ਬਨਾਉਣਾ ਚਾਹੁੰਦਾ ਹੈ।
ਪਰਮੇਸ਼ੁਰ ਤੇਰੇ ਦਸਤਰ ਖਾਨ ਉੱਤੇ ਚੋਖਾ ਭੋਜਨ ਰੱਖਣਾ ਚਾਹੁੰਦਾ ਹੈ।
17 ਪਰ ਹੁਣ, ਅੱਯੂਬ ਤੂੰ ਆਪਣੇ ਆਪ ਨੂੰ ਦੁਸ਼ਟ ਆਦਮੀ ਦੇ ਮੁਕੱਦਮੇ ਨਾਲ ਭਰਪੂਰ ਕਰ ਲਿਆ ਹੈ।
ਤੇਰਾ ਨਿਆਂ ਦਾ ਅਨੁਸਰਣ ਕਰਨਾ ਅਤੇ ਮੁਕੱਦਮੇ ਹੀ ਹਨ ਜੋ ਤੈਨੂੰ ਚਲਾਉਣਾ ਜਾਰੀ ਰੱਖਦੇ ਹਨ।
18 ਅੱਯੂਬ ਆਪਣੀ ਅਮੀਰੀ ਕਾਰਣ ਮੂਰਖ ਨਾ ਬਣ।
ਦੌਲਤ ਨੂੰ ਆਪਣਾ ਮਨ ਨਾ ਬਦਲਣ ਦੇ।
19 ਤੇਰੀ ਦੌਲਤ ਹੁਣ ਤੇਰੀ ਕੋਈ ਸਹਾਇਤਾ ਨਹੀਂ ਕਰ ਸੱਕਦੀ।
ਅਤੇ ਸ਼ਕਤੀਸ਼ਾਲੀ ਬੰਦੇ ਵੀ ਤੇਰੀ ਕੋਈ ਮਦਦ ਨਹੀਂ ਕਰ ਸੱਕਦੇ।
20 ਰਾਤ ਪੈਣ ਦੀ ਤਮੰਨਾ ਨਾ ਕਰ।
ਲੋਕੀ ਰਾਤ ਦੇ ਹਨੇਰੇ ਵਿੱਚ ਗੁੰਮ ਹੋਣ ਦੀ ਕੋਸ਼ਿਸ਼ ਕਰਦੇ ਨੇ ਉਹ ਸੋਚਦੇ ਨੇ ਕਿ ਉਹ ਪਰਮੇਸ਼ੁਰ ਤੋਂ ਲੁਕ ਸੱਕਦੇ ਨੇ।
21 ਅੱਯੂਬ, ਤੂੰ ਬਹੁਤ ਦੁੱਖ ਝਲਿਆ ਹੈ, ਪਰ ਬਦੀ ਨੂੰ ਨਾ ਚੁਣ।
ਹੁਸ਼ਿਆਰ ਰਹਿ, ਕੁਝ ਗ਼ਲਤ ਨਾ ਕਰੀਂ।
22 “ਦੇਖ, ਪਰਮੇਸ਼ੁਰ ਦੀ ਸ਼ਕਤੀ ਉਸ ਨੂੰ ਮਹਾਨ ਬਣਾਉਂਦੀ ਹੈ।
ਪਰਮੇਸ਼ੁਰ ਸਾਰਿਆਂ ਵਿੱਚੋਂ ਸਭ ਤੋਂ ਵੱਡਾ ਗੁਰੂ ਹੈ।
23 ਕੋਈ ਵੀ ਬੰਦਾ ਪਰਮੇਸ਼ੁਰ ਨੂੰ ਨਹੀਂ ਆਖ ਸੱਕਦਾ ਕਿ ਉਹ ਕੀ ਕਰੇ।
ਕੋਈ ਵੀ ਬੰਦਾ ਪਰਮੇਸ਼ੁਰ ਨੂੰ ਨਹੀਂ ਆਖ ਸੱਕਦਾ, ‘ਹੇ ਪਰਮੇਸ਼ੁਰ, ਜੋ ਤੂੰ ਕੀਤਾ ਗ਼ਲਤ ਹੈ।’
24 ਉਨ੍ਹਾਂ ਗੱਲਾਂ ਲਈ ਪਰਮੇਸ਼ੁਰ ਦੀ ਉਸਤਤ ਕਰਨੀ ਚੇਤੇ ਰੱਖੋ ਜੋ ਉਸ ਨੇ ਕੀਤੀਆਂ ਹਨ।
ਲੋਕਾਂ ਨੇ ਪਰਮੇਸ਼ੁਰ ਦੀ ਉਸਤਤ ਵਿੱਚ ਬਹੁਤ ਗੀਤ ਲਿਖੇ ਨੇ।
25 ਹਰ ਬੰਦਾ ਦੇਖ ਸੱਕਦਾ ਹੈ ਕਿ ਪਰਮੇਸ਼ੁਰ ਨੇ ਕੀ ਕੀਤਾ।
ਦੂਰ-ਦੁਰਾਡੇ ਦੇ ਲੋਕ ਉਨ੍ਹਾਂ ਚੀਜ਼ਾਂ ਨੂੰ ਦੇਖ ਸੱਕਦੇ ਨੇ।
26 ਹਾਂ, ਪਰਮੇਸ਼ੁਰ ਮਹਾਨ ਹੈ।
ਪਰ ਅਸੀਂ ਉਸ ਦੀ ਮਹਾਨਤਾ ਨੂੰ ਨਹੀਂ ਸਮਝ ਸੱਕਦੇ।
ਅਸੀਂ ਨਹੀਂ ਜਾਣਦੇ ਹਾਂ ਕਿ ਪਰਮੇਸ਼ੁਰ ਕਿੰਨਾ ਲੰਮਾ ਚਿਰ ਜੀਵਿਆ ਹੈ।
27 “ਪਰਮੇਸ਼ੁਰ ਧਰਤੀ ਤੋਂ ਪਾਣੀ ਲੈਂਦਾ ਹੈ
ਤੇ ਇਸ ਨੂੰ ਬਾਰਿਸ਼ ਅਤੇ ਧੁੰਦ ਵਿੱਚ ਬਦਲ ਦਿੰਦਾ ਹੈ।
28 ਇਸ ਲਈ ਬੱਦਲ ਪਾਣੀ ਨੂੰ ਵਰ੍ਹਾਉਂਦੇ ਨੇ
ਤੇ ਬਹੁਤ ਸਾਰੇ ਲੋਕਾਂ ਉੱਤੇ ਬਾਰਿਸ਼ ਡਿੱਗਦੀ ਹੈ।
29 ਕੋਈ ਵੀ ਬੰਦਾ ਨਹੀਂ ਸਮਝ ਸੱਕਦਾ ਕਿਵੇਂ ਪਰਮੇਸ਼ੁਰ ਬੱਦਲਾਂ ਨੂੰ ਬਾਹਰ ਫੈਲਾਉਂਦਾ ਹੈ
ਜਾਂ ਕਿਵੇਂ ਬਿਜਲੀ ਅਕਾਸ਼ ਵਿੱਚ ਗਰਜਦੀ ਹੈ।
30 ਦੇਖੋ, ਪਰਮੇਸ਼ੁਰ ਨੇ ਧਰਤੀ ਉੱਤੇ ਰੌਸ਼ਨੀ ਫ਼ੈਲਾਈ,
ਅਤੇ ਸਮੁੰਦਰ ਦਾ ਸਭ ਤੋਂ ਡੂੰਘਾ ਭਾਗ ਢੱਕ ਦਿੱਤਾ।
31 ਪਰਮੇਸ਼ੁਰ ਕੌਮਾਂ ਉੱਤੇ ਕਾਬੂ ਕਰਨ ਲਈ
ਅਤੇ ਉਨ੍ਹਾਂ ਨੂੰ ਚੋਖਾ ਭੋਜਨ ਦੇਣ ਲਈ ਉਨ੍ਹਾਂ ਦੀ ਵਰਤੋਂ ਕਰਦਾ ਹੈ।
32 ਪਰਮੇਸ਼ੁਰ ਬਿਜਲੀ ਨੂੰ ਆਪਣੇ ਹੱਥਾਂ ਵਿੱਚ ਫ਼ੜ ਲੈਂਦਾ ਹੈ
ਤੇ ਉਸ ਨੂੰ ਆਪਣੀ ਮਨਚਾਹੀ ਥਾਂ ਤੇ ਡਿੱਗਣ ਦਾ ਆਦੇਸ਼ ਦਿੰਦਾ ਹੈ।
33 ਬਿਜਲੀ ਚਿਤਾਵਨੀ ਦਿੰਦੀ ਹੈ ਕਿ ਤੂਫਾਨ ਆ ਰਿਹਾ ਹੈ।
ਇਸ ਤਰ੍ਹਾਂ, ਪਸ਼ੂ ਵੀ ਜਾਣ ਜਾਂਦੇ ਨੇ ਕਿ ਇਹ ਆ ਰਿਹਾ ਹੈ।
37 “ਗਰਜ ਤੇ ਚਮਕ ਮੈਨੂੰ ਭੈਭੀਤ ਕਰਦੇ ਨੇ।
ਮੇਰਾ ਦਿਲ ਤੇਜੀ ਨਾਲ ਮੇਰੀ ਛਾਤੀ ਅੰਦਰ ਧੜਕਦਾ ਹੈ।
2 ਹਰ ਕੋਈ ਸੁਣੋ।
ਪਰਮੇਸ਼ੁਰ ਦੀ ਅਵਾਜ਼ ਗਰਜ ਵਰਗੀ ਲੱਗਦੀ ਹੈ।
ਗਰਜਦੀ ਹੋਈ ਆਵਾਜ਼ ਨੂੰ ਸੁਣੋ ਜਿਹੜੀ ਪਰਮੇਸ਼ੁਰ ਦੇ ਮੁਖ ਤੋਂ ਨਿਕਲ ਰਹੀ ਹੈ।
3 ਪਰਮੇਸ਼ੁਰ ਆਪਣੀ ਬਿਜਲੀ ਨੂੰ ਸਾਰੇ ਅਕਾਸ਼ ਉੱਤੇ ਚਮਕਣ ਲਈ ਭੇਜਦਾ ਹੈ।
ਇਹ ਸਾਰੀ ਧਰਤੀ ਉੱਤੇ ਚਮਕਦੀ ਹੈ।
4 ਬਿਜਲੀ ਦੀ ਚਮਕ ਤੋਂ ਮਗਰੋਂ, ਪਰਮੇਸ਼ੁਰ ਦੀ ਗਰਜਦੀ ਹੋਈ ਆਵਾਜ਼ ਸੁਣੀ ਜਾ ਸੱਕਦੀ ਹੈ।
ਪਰਮੇਸ਼ੁਰ ਆਪਣੀ ਅਦਭੁਤ ਅਵਾਜ਼ ਨਾਲ ਗਰਜਦਾ ਹੈ।
ਜਦੋਂ ਬਿਜਲੀ ਲਿਸ਼ਕਦੀ ਹੈ, ਪਰਮੇਸ਼ੁਰ ਦੀ ਆਵਾਜ਼ ਗਰਜਦੀ ਹੈ।
5 ਪਰਮੇਸ਼ੁਰ ਦੀ ਗਰਜਦੀ ਹੋਈ ਆਵਾਜ਼ ਅਦਭੁਤ ਹੁੰਦੀ ਹੈ!
ਉਹ ਮਹਾਨ ਗੱਲਾਂ ਕਰਦਾ ਹੈ ਜਿਨ੍ਹਾਂ ਨੂੰ ਅਸੀਂ ਨਹੀਂ ਸਮਝ ਸੱਕਦੇ।
6 ਪਰਮੇਸ਼ੁਰ ਬਰਫ ਨੂੰ ਆਖਦਾ ਹੈ,
‘ਧਰਤੀ ਉੱਤੇ ਡਿੱਗ’
ਤੇ ਉਹ ਮੀਂਹ ਨੂੰ ਆਖਦਾ ਹੈ,
‘ਧਰਤੀ ਉੱਤੇ ਵਰ੍ਹ।’
7 ਪਰਮੇਸ਼ੁਰ ਇਹ ਸਾਰੀਆਂ ਗੱਲਾਂ ਕਰਦਾ ਹੈ
ਤਾਂ ਜੋ ਸਾਰੇ ਲੋਕ, ਜਿਨ੍ਹਾਂ ਨੂੰ ਪਰਮੇਸ਼ੁਰ ਨੇ ਸਾਜਿਆ,
ਜਾਣ ਲੈਣ ਕਿ ਉਹ ਕੀ ਕਰ ਸੱਕਦਾ ਹੈ।
ਇਹੀ ਉਸਦਾ ਪ੍ਰਮਾਣ ਹੈ।
8 ਜਾਨਵਰ ਆਪਣੇ ਭੋਰਿਆਂ ਅੰਦਰ ਵੜ ਜਾਂਦੇ ਨੇ ਤੇ ਉੱਥੇ ਹੀ ਰਹਿੰਦੇ ਨੇ।
9 ਦੱਖਣ ਵੱਲੋਂ ਵਾਵਰੋਲੇ ਉੱਠਦੇ ਨੇ।
ਉੱਤਰ ਵੱਲੋਂ ਠੰਡੀਆਂ ਹਵਾਵਾਂ ਆਉਂਦੀਆਂ ਨੇ।
10 ਪਰਮੇਸ਼ੁਰ ਦਾ ਸਾਹ ਬਰਫ਼ ਨੂੰ ਬਣਾਉਂਦਾ ਹੈ,
ਤੇ ਸਾਗਰ ਨੂੰ ਜਮਾ ਦਿੰਦਾ ਹੈ।
11 ਪਰਮੇਸ਼ੁਰ ਬੱਦਲਾਂ ਨੂੰ ਪਾਣੀ ਨਾਲ ਭਰ ਦਿੰਦਾ ਹੈ
ਤੇ ਉਨ੍ਹਾਂ ਤੂਫਾਨੀ ਬੱਦਲਾਂ ਨੂੰ ਖਿੰਡਾ ਦਿੰਦਾ ਹੈ।
12 ਪਰਮੇਸ਼ੁਰ ਬੱਦਲਾਂ ਨੂੰ, ਸਾਰੀ ਧਰਤੀ ਉੱਤੇ ਵਗਣ ਲਈ ਹੁਕਮ ਦਿੰਦਾ ਹੈ।
ਬੱਦਲ ਉਹ ਸਭ ਕੁਝ ਕਰਦੇ ਹਨ ਜੋ ਪਰਮੇਸ਼ੁਰ ਉਨ੍ਹਾਂ ਨੂੰ ਕਰਨ ਦਾ ਹੁਂਕਮ ਦਿੰਦਾ ਹੈ।
13 ਪਰਮੇਸ਼ੁਰ ਲੋਕਾਂ ਨੂੰ ਦੰਡ ਦੇਣ ਲਈ ਹੜ੍ਹ ਲਿਆਉਣ ਲਈ ਜਾਂ ਆਪਣੇ ਪਿਆਰ ਨੂੰ ਦਰਸਾਉਣ ਲਈ,
ਪਾਣੀ ਲਿਆਉਣ ਲਈ, ਬੱਦਲਾਂ ਨੂੰ ਲਿਆਉਂਦਾ ਹੈ।
14 “ਅੱਯੂਬ, ਇੱਕ ਮਿਨਟ ਲਈ ਠਹਿਰ ਤੇ ਸੁਣ।
ਉਨ੍ਹਾਂ ਅਦਭੁਤ ਗੱਲਾਂ ਬਾਰੇ ਸੋਚ ਜਿਹੜੀਆਂ ਪਰਮੇਸ਼ੁਰ ਕਰਦਾ ਹੈ।
15 ਅੱਯੂਬ ਜਾਣਦਾ ਹੈਂ ਤੂੰ ਪਰਮੇਸ਼ੁਰ ਕਿਵੇਂ ਬੱਦਲਾਂ ਨੂੰ ਚਲਾਉਂਦਾ ਹੈ?
ਕੀ ਤੂੰ ਜਾਣਦਾ ਹੈ ਕਿ ਕਿਵੇਂ ਪਰਮੇਸ਼ੁਰ ਆਪਣੀ ਬਿਜਲੀ ਲਿਸ਼ਕਾਉਂਦਾ ਹੈ?
16 ਕੀ ਤੂੰ ਜਾਣਦਾ ਹੈਂ ਕਿ ਬੱਦਲ ਅਕਾਸ਼ ਵਿੱਚ ਕਿਵੇਂ ਲਟਕਦੇ ਨੇ?
ਬੱਦਲ ਤਾਂ ਉਨ੍ਹਾਂ ਅਦਭੁੱਤ ਗੱਲਾਂ ਦੀ ਸਿਰਫ ਇੱਕ ਮਿਸਾਲ ਨੇ, ਜਿਨ੍ਹਾਂ ਨੂੰ ਪਰਮੇਸ਼ੁਰ ਨੇ ਸਾਜਿਆ।
ਤੇ ਪਰਮੇਸ਼ੁਰ ਉਨ੍ਹਾਂ ਬਾਰੇ ਸਭ ਕੁਝ ਜਾਣਦਾ ਹੈ।
17 ਪਰ ਅੱਯੂਬ, ਤੂੰ ਇਨ੍ਹਾਂ ਗੱਲਾਂ ਬਾਰੇ ਨਹੀਂ ਜਾਣਦਾ।
ਤੂੰ ਤਾਂ ਇਹੀ ਜਾਣਦਾ ਹੈ ਕਿ ਤੈਨੂੰ ਪਸੀਨਾ ਆਉਂਦਾ ਹੈ,
ਤੇ ਤੇਰੇ ਕੱਪੜੇ ਤੇਰੇ ਸਰੀਰ ਨਾਲ ਚਿਪਕ ਜਾਂਦੇ ਨੇ ਤੇ ਸਭ ਕੁਝ ਰੁਕ ਜਾਂਦਾ
ਅਤੇ ਸ਼ਾਂਤ ਹੁੰਦਾ ਹੈ ਜਦੋਂ ਦੱਖਣ ਵੱਲੋਂ ਗਰਮੀ ਦੀ ਲਹਿਰ ਆਉਂਦੀ ਹੈ।
18 ਅੱਯੂਬ, ਕੀ ਤੂੰ ਅਕਾਸ਼ ਨੂੰ ਫ਼ੈਲਾਉਣ ਵਿੱਚ ਪਰਮੇਸ਼ੁਰ ਦੀ ਸਹਾਇਤਾ ਕਰ ਸੱਕਦਾ ਹੈਂ,
ਤੇ ਇਸ ਨੂੰ ਪਾਲਿਸ਼ ਕੀਤੇ ਤਾਂਬੇ ਵਾਂਗ ਚਮਕਦਾਰ ਬਣਾ ਸੱਕਦਾ ਹੈਂ?
19 “ਅੱਯੂਬ, ਸਾਨੂੰ ਦੱਸ ਅਸੀਂ ਪਰਮੇਸ਼ੁਰ ਨੂੰ ਕੀ ਆਖੀਏ?
ਅਸੀਂ ਆਪਣੀ ਅਗਿਆਨਤਾ ਕਾਰਣ, ਸੋਚ ਨਹੀਂ ਸੱਕਦੇ ਕਿ ਉਸ ਨੂੰ ਕੀ ਆਖੀਏ।
20 ਮੈਂ ਪਰਮੇਸ਼ੁਰ ਨੂੰ ਨਾ ਦੱਸਾਂਗਾ ਕਿ ਮੈਂ ਉਸ ਨਾਲ ਗੱਲਾਂ ਕਰਨਾ ਚਾਹੁੰਦਾ ਹਾਂ।
ਇਹ ਤਾਂ ਤਬਾਹ ਕਰਨ ਦੀ ਮੰਗ ਕਰਨ ਵਾਂਗ ਹੋਣੀ ਸੀ।
21 ਕੋਈ ਬੰਦਾ ਸੂਰਜ ਵੱਲ ਨਹੀਂ ਤੱਕ ਸੱਕਦਾ।
ਇਹ ਅਕਾਸ਼ ਵਿੱਚ ਬਹੁਤ ਤੇਜ਼ ਤੇ ਚਮਕੀਲਾ ਹੁੰਦਾ ਹੈ ਜਦੋਂ ਹਵਾ ਬੱਦਲਾਂ ਨੂੰ ਉਡਾ ਕੇ ਲੈ ਜਾਂਦੀ ਹੈ।
22 ਤੇ ਪਰਮੇਸ਼ੁਰ ਵੀ ਇਸੇ ਤਰ੍ਹਾਂ ਹੈ।
ਪਰਮੇਸ਼ੁਰ ਦਾ ਸੁਨਿਹਰੀ ਪਰਤਾਪ ਪਵਿੱਤਰ ਪਰਬਤ ਉੱਤੋਂ ਚਮਕਦਾ ਹੈ।
ਪਰਮੇਸ਼ੁਰ ਦੁਆਲੇ ਚਮਕਦਾਰ ਰੋਸ਼ਨੀ ਹੁੰਦੀ ਹੈ।
23 ਸਰਬ ਸ਼ਕਤੀਮਾਨ ਪਰਮੇਸ਼ੁਰ ਮਹਾਨ ਹੈ।
ਅਸੀਂ ਪਰਮੇਸ਼ੁਰ ਨੂੰ ਨਹੀਂ ਸਮਝ ਸੱਕਦੇ।
ਪਰਮੇਸ਼ੁਰ ਬਹੁਤ ਸ਼ਕਤੀਸ਼ਾਲੀ ਹੈ,
ਪਰ ਉਹ ਸਾਡੇ ਲਈ ਚੰਗਾ ਅਤੇ ਨਿਆਂਈ ਵੀ ਹੈ।
ਪਰਮੇਸ਼ੁਰ ਸਾਨੂੰ ਦੁੱਖ ਨਹੀਂ ਦੇਣਾ ਚਾਹੁੰਦਾ।
24 ਇਹੀ ਕਾਰਣ ਹੈ ਕਿ ਲੋਕ ਉਸਦਾ ਆਦਰ ਕਰਦੇ ਨੇ।
ਪਰ ਪਰਮੇਸ਼ੁਰ ਗੁਮਾਨੀ ਲੋਕਾਂ ਦਾ ਆਦਰ ਨਹੀਂ ਕਰਦਾ ਜਿਹੜੇ ਆਪਣੇ-ਆਪ ਨੂੰ ਸਿਆਣੇ ਸਮਝਦੇ ਨੇ।”
2010 by World Bible Translation Center