Beginning
ਯਹੂਦਾਹ ਦਾ ਪਾਤਸ਼ਾਹ ਆਹਾਜ਼
28 ਆਹਾਜ਼ 20 ਵਰ੍ਹਿਆਂ ਦਾ ਸੀ ਜਦੋਂ ਉਹ ਪਾਤਸ਼ਾਹ ਬਣਿਆ ਅਤੇ ਉਸ ਨੇ 16 ਸਾਲ ਯਰੂਸ਼ਲਮ ਵਿੱਚ ਰਾਜ ਕੀਤਾ। ਆਹਾਜ਼ ਨੇ ਪਰ ਉਹ ਨਾ ਕੀਤਾ ਜੋ ਯਹੋਵਾਹ ਦੀ ਨਿਗਾਹ ਵਿੱਚ ਠੀਕ ਸੀ ਜਿਵੇਂ ਕਿ ਉਸ ਦੇ ਪੁਰਖਿਆਂ ਚੋ ਦਾਊਦ ਨੇ ਕੀਤਾ। 2 ਸਗੋਂ ਆਹਾਜ਼ ਨੇ ਇਸਰਾਏਲ ਦੇ ਮਾੜੇ ਰਾਹ ਚੱਲਣ ਵਾਲੇ ਪਾਤਸ਼ਾਹਾਂ ਦਾ ਅਨੁਸਰਣ ਕੀਤਾ ਅਤੇ ਬਆਲ ਦੇਵਤਿਆਂ ਦੇ ਢਾਲੇ ਹੋਏ ਬੁੱਤ ਵੀ ਬਣਵਾਏ। 3 ਆਹਾਜ਼ ਨੇ ਬਿਨ ਹੀਨੋਮ ਦੀ ਵਾਦੀ ਵਿੱਚ ਧੂਪਾਂ ਧੁਖਾਈਆਂ ਅਤੇ ਆਪਣੇ ਹੀ ਪੁੱਤਰਾਂ ਨੂੰ ਅੱਗ ਵਿੱਚ ਸਾੜ ਕੇ ਉਨ੍ਹਾਂ ਦੀ ਬਲੀ ਦਿੱਤੀ। ਉਸ ਨੇ ਉੱਥੋਂ ਦੇ ਨਿਵਾਸੀਆਂ ਵਰਗੇ ਹੀ ਘਿਨਾਉਣੇ ਕੰਮ ਕੀਤੇ ਜੋ ਉਹ ਲੋਕ ਕਰਦੇ ਸਨ। ਜਦੋਂ ਇਸਰਾਏਲੀਆਂ ਨੇ ਉਸ ਧਰਤੀ ਵਿੱਚ ਪ੍ਰਵੇਸ਼ ਕੀਤਾ ਤਾਂ ਯਹੋਵਾਹ ਨੇ ਉੱਥੋਂ ਦੇ ਨਿਵਾਸੀਆਂ ਨੂੰ ਉਸ ਧਰਤੀ ਤੋਂ ਕੱਢ ਦਿੱਤਾ ਸੀ। 4 ਆਹਾਜ਼ ਨੇ ਉਚਿਆਂ ਥਾਵਾਂ, ਟਿਲਿਆਂ ਉੱਪਰ ਅਤੇ ਹਰੇ ਰੁੱਖਾਂ ਦੇ ਹੇਠਾਂ ਬਲੀਆਂ ਚੜ੍ਹਾਈਆਂ ਅਤੇ ਧੂਪਾਂ ਧੁਖਾਈਆਂ।
5-6 ਆਹਾਜ਼ ਨੇ ਬੁਰੇ ਕੰਮ ਕੀਤੇ ਇਸ ਲਈ ਯਹੋਵਾਹ ਉਸ ਦੇ ਪਰਮੇਸ਼ੁਰ ਨੇ ਅਰਾਮ ਦੇ ਪਾਤਸ਼ਾਹ ਤੋਂ ਆਹਾਜ਼ ਨੂੰ ਹਾਰ ਦਿੱਤੀ। ਅਰਾਮ ਦੇ ਪਾਤਸ਼ਾਹ ਅਤੇ ਉਸਦੀ ਫ਼ੌਜ ਨੇ ਆਹਾਜ਼ ਨੂੰ ਹਰਾਇਆ। ਅਤੇ ਬਹੁਤ ਸਾਰੇ ਯਹੂਦੀਆਂ ਨੂੰ ਬੰਦੀ ਬਣਾ ਲਿਆ ਅਤੇ ਉਨ੍ਹਾਂ ਕੈਦੀਆਂ ਨੂੰ ਅਰਾਮ ਪਾਤਸ਼ਾਹ ਦੰਮਿਸਕ ਵਿੱਚ ਲੈ ਆਇਆ। ਯਹੋਵਾਹ ਨੇ ਫ਼ਕਹ ਪਾਤਸ਼ਾਹ ਤੋਂ ਵੀ ਆਹਾਜ਼ ਨੂੰ ਹਾਰ ਦਿੱਤੀ। ਫ਼ਕਹ ਇਸਰਾਏਲ ਦਾ ਪਾਤਸ਼ਾਹ ਅਤੇ ਰਮਲਯਾਹ ਦਾ ਪੁੱਤਰ ਸੀ। ਫ਼ਕਹ ਅਤੇ ਉਸ ਦੀ ਫ਼ੌਜ ਨੇ ਇੱਕੋ ਦਿਨ ਵਿੱਚ ਯਹੂਦਾਹ ਦੀ 1,20,000 ਸੈਨਾ ਨੂੰ ਕਤਲ ਕਰ ਦਿੱਤਾ। ਫ਼ਕਹ ਨੇ ਉਨ੍ਹਾਂ ਫ਼ੌਜਾਂ ਨੂੰ ਇਸ ਲਈ ਕਤਲ ਕੀਤਾ ਕਿਉਂ ਕਿ ਉਨ੍ਹਾਂ ਨੇ ਯਹੋਵਾਹ ਪਰਮੇਸ਼ੁਰ ਜੋ ਉਨ੍ਹਾਂ ਦੇ ਪੁਰਖਿਆਂ ’ਚ ਉਨ੍ਹਾਂ ਦੇ ਪੁਰਖਿਆਂ ਤੋਂ ਸੀ ਉਸ ਨੂੰ ਛੱਡ ਦਿੱਤਾ ਸੀ। 7 ਜ਼ਿਕਰੀ ਅਫ਼ਰਾਈਮ ਦਾ ਬਹਾਦੁਰ ਸਿਪਾਹੀ ਸੀ। ਜ਼ਿਕਰੀ ਨੇ ਮਆਸੀਯਾਹ ਰਾਜਕੁਮਾਰ ਨੂੰ ਅਤੇ ਮਹਿਲ ਦੇ ਹਾਕਮ ਅਜ਼ਰੀਕਾਮ ਅਤੇ ਪਾਤਸ਼ਾਹ ਦੇ ਵਜ਼ੀਰ ਅਲਕਾਨਾਹ ਨੂੰ ਮਾਰ ਸੁੱਟਿਆ।
8 ਇਸਰਾਏਲੀ ਆਪਣੇ ਰਿਸ਼ਤੇਦਾਰਾਂ ਵਿੱਚੋਂ 2,00,000 ਸੰਬੰਧੀਆਂ ਨੂੰ ਜੋ ਯਹੂਦਾਹ ਵਿੱਚ ਰਹਿੰਦੇ ਸਨ ਪਕੜ ਕੇ ਲੈ ਗਏ। ਉਹ ਯਹੂਦਾਹ ਵਿੱਚੋਂ ਔਰਤਾਂ ਬੱਚਿਆਂ ਅਤੇ ਬਹੁਤ ਸਾਰੇ ਕੀਮਤੀ ਸਮਾਨ ਨੂੰ ਵੀ ਲੈ ਗਏ ਅਤੇ ਇਸ ਸਾਰੇ ਲੁੱਟ ਦੇ ਸਮਾਨ ਨੂੰ ਸਾਮਰਿਯਾ ਵਿੱਚ ਲੈ ਆਏ। 9 ਪਰ ਉੱਥੇ ਯਹੋਵਾਹ ਦਾ ਇੱਕ ਨਬੀ ਸੀ, ਜਿਸ ਦਾ ਨਾਉਂ ਓਦੇਦ ਸੀ। ਓਦੇਦ ਉਸ ਇਸਰਾਏਲੀ ਫ਼ੌਜ ਨੂੰ ਮਿਲਿਆ ਜੋ ਸਾਮਰਿਯਾ ਵਿੱਚ ਆਈ ਅਤੇ ਉਸ ਨੇ ਉਨ੍ਹਾਂ ਨੂੰ ਆਖਿਆ, “ਵੇਖੋ, ਯਹੋਵਾਹ ਤੁਹਾਡੇ ਪੁਰਖਿਆਂ ਦਾ ਪਰਮੇਸ਼ੁਰ ਯਹੂਦਾਹ ਤੋਂ ਨਾਰਾਜ਼ ਸੀ, ਉਸ ਨੇ ਉਨ੍ਹਾਂ ਨੂੰ ਤੁਹਾਡੇ ਹੱਥ ਦੇ ਦਿੱਤਾ ਪਰ ਤੁਸੀਂ ਉਨ੍ਹਾਂ ਨੂੰ ਇੰਨੇ ਬੁਰੇ ਤਰੀਕੇ ਨਾਲ ਮਾਰਿਆ ਹੈ ਕਿ ਉਨ੍ਹਾਂ ਦੀ ਦੁਹਾਈ ਅਕਾਸ਼ ਤਾਈਂ ਪਹੁੰਚੀ ਹੈ ਸੋ ਪਰਮੇਸ਼ੁਰ ਹੁਣ ਤੁਹਾਡੇ ਨਾਲ ਨਾਰਾਜ਼ ਹੈ। 10 ਤੁਸੀਂ ਯਹੂਦਾਹ ਅਤੇ ਯਰੂਸ਼ਲਮ ਦੇ ਲੋਕਾਂ ਨੂੰ ਆਪਣੇ ਗੁਲਾਮ ਬਨਾਉਣ ਦਾ ਮਤਾ ਪਕਾਇਆ ਹੈ ਪਰ ਤੁਸੀਂ ਵੀ ਯਹੋਵਾਹ ਆਪਣੇ ਪਰਮੇਸ਼ੁਰ ਵਿਰੁੱਧ ਪਾਪ ਕੀਤੇ ਹਨ। 11 ਹੁਣ ਮੇਰੀ ਗੱਲ ਧਿਆਨ ਨਾਲ ਸੁਣੋ। ਜਿਹੜੇ ਆਪਣੇ ਭੈਣਾਂ-ਭਰਾਵਾਂ ਨੂੰ ਤੁਸੀਂ ਫ਼ੜਕੇ ਲਿਆਏ ਹੋ ਉਨ੍ਹਾਂ ਨੂੰ ਵਾਪਸ ਭੇਜ ਦੇਵੋ। ਇਉਂ ਇਸ ਲਈ ਕਰਨਾ ਹੈ ਕਿਉਂ ਕਿ ਯਹੋਵਾਹ ਤੁਹਾਡੇ ਤੇ ਬਹੁਤ ਕ੍ਰੋਧਿਤ ਹੈ।”
12 ਤਦ ਇਫ਼ਰਾਈਮ ਦੇ ਕੁਝ ਆਗੂਆਂ ਨੇ ਕੁਝ ਇਸਰਾਏਲੀ ਸਿਪਾਹੀਆਂ ਨੂੰ ਲੜਾਈ ਤੋਂ ਵਾਪਸ ਆਉਂਦਿਆਂ ਵੇਖਿਆ। ਉਨ੍ਹਾਂ ਆਗੂਆਂ ਨੇ ਇਸਰਾਏਲੀ ਫ਼ੌਜ ਨੂੰ ਮਿਲਕੇ ਖਬਰਦਾਰ ਕੀਤਾ। ਉਨ੍ਹਾਂ ਆਗੂਆਂ ਵਿੱਚ ਯਹੋਹਾਨਾਨ ਦਾ ਪੁੱਤਰ ਅਜ਼ਰਯਾਹ, ਮਸ਼ੀਲੇਮੋਥ ਦਾ ਪੁੱਤਰ ਬਰਕਯਾਹ ਅਤੇ ਸ਼ਲੂਮ ਦਾ ਪੁੱਤਰ ਯਾਹਜ਼ਕੀਯਾਹ ਅਤੇ ਹਦਲੀ ਦਾ ਪੁੱਤਰ ਅਮਾਸਾ ਸੀ। 13 ਉਨ੍ਹਾਂ ਆਗੂਆਂ ਨੇ ਇਸਰਾਏਲੀ ਸਿਪਾਹੀਆਂ ਨੂੰ ਕਿਹਾ, “ਯਹੂਦਾਹ ਤੋਂ ਬੰਦੀਆਂ ਨੂੰ ਇੱਥੇ ਫ਼ੜ ਕੇ ਨਾ ਲਿਆਵੋ। ਜੇਕਰ ਤੁਸੀਂ ਅਜਿਹਾ ਕੀਤਾ ਤਾਂ ਅਸੀਂ ਯਹੋਵਾਹ ਦੇ ਅੱਗੇ ਪਾਪੀ ਹੋਵਾਂਗੇ ਅਤੇ ਸਾਡੀਆਂ ਭੁੱਲਾਂ ਅਤੇ ਪਾਪ ਵੱਧ ਜਾਣਗੇ, ਕਿਉਂ ਕਿ ਸਾਡੀ ਵੱਡੀ ਭੁੱਲ ਹੋਵੇਗੀ ਅਤੇ ਯਹੋਵਾਹ ਇਸਰਾਏਲ ਉੱਪਰ ਵੱਡਾ ਕਹਿਰ ਢਾਵੇਗਾ।”
14 ਤਦ ਸਿਪਾਹੀਆਂ ਨੇ ਇਸਰਾਏਲੀਆਂ ਦੇ ਸਾਹਮਣੇ ਅਤੇ ਉਨ੍ਹਾਂ ਆਗੂਆਂ ਦੇ ਸਾਹਮਣੇ ਉਹ ਕੀਮਤੀ ਸਾਮਾਨ ਅਤੇ ਕੈਦੀਆਂ ਨੂੰ ਛੱਡ ਦਿੱਤਾ। 15 ਤਦ ਆਗੂਆਂ (ਅਜ਼ਰਯਾਹ, ਬਰਕਯਾਹ, ਯਾਜ਼ਕੀਯਾਹ ਅਤੇ ਅਮਾਸਾ) ਨੇ ਉੱਠ ਕੇ ਕੈਦੀਆਂ ਦੀ ਮਦਦ ਕੀਤੀ। ਇਨ੍ਹਾਂ ਚਾਰਾਂ ਆਗੂਆਂ ਨੇ ਉਹ ਕੱਪੜੇ ਜਿਹੜੇ ਇਸਰਾਏਲੀ ਚੁੱਕ ਕੇ ਲਿਆਏ ਸਨ ਉਨ੍ਹਾਂ ਨੰਗੇ ਕੈਦੀਆਂ ਨੂੰ ਦਿੱਤੇ ਅਤੇ ਉਨ੍ਹਾਂ ਨੂੰ ਪੈਰੀ ਪਾਣ ਲਈ ਜੁੱਤੇ ਵੀ ਦਿੱਤੇ। ਅਤੇ ਯਹੂਦੀ ਕੈਦੀਆਂ ਨੂੰ ਖਾਣ ਲਈ ਰੋਟੀ ਅਤੇ ਪੀਣ ਲਈ ਪਾਣੀ ਵੀ ਦਿੱਤਾ। ਜਿਹੜੇ ਉਨ੍ਹਾਂ ਚੋ ਜ਼ਖਮੀ ਸਨ ਉਨ੍ਹਾਂ ਦੇ ਜ਼ਖਮਾਂ ਤੇ ਤੇਲ ਦੀ ਮਾਲਿਸ਼ ਕੀਤੀ। ਉਨ੍ਹਾਂ ਕੈਦੀਆਂ ਵਿੱਚੋਂ ਜਿਹੜੇ ਕਮਜ਼ੋਰ ਸਨ ਉਨ੍ਹਾਂ ਨੂੰ ਖੋਤਿਆਂ ਤੇ ਚੜ੍ਹਾਕੇ ਖਜ਼ੂਰਾਂ ਦੇ ਬਿਰਛਾਂ ਦੇ ਸ਼ਹਿਰ ਯਰੀਹੋ ਵਿੱਚ ਉਨ੍ਹਾਂ ਦੇ ਘਰਾਂ ਵਿੱਚ, ਉਨ੍ਹਾਂ ਦੇ ਪਰਿਵਾਰਾਂ ਵਿੱਚ ਭੇਜ ਦਿੱਤਾ। ਫ਼ਿਰ ਉਹ ਚਾਰੋ ਆਗੂ ਸਾਮਰਿਯਾ ਵਿੱਚ ਆਪਣੇ ਘਰ ਨੂੰ ਮੁੜ ਗਏ।
16-17 ਉਸੇ ਵਕਤ ਅਦੋਮੀਆਂ ਨੇ ਫ਼ਿਰ ਤੋਂ ਹਮਲਾ ਕਰਕੇ ਯਹੂਦਾਹ ਦੇ ਲੋਕਾਂ ਨੂੰ ਹਰਾ ਦਿੱਤਾ ਅਤੇ ਉਨ੍ਹਾਂ ਨੂੰ ਕੈਦੀ ਬਣਾ ਕੇ ਲੈ ਗਏ। ਉਸ ਵਕਤ ਆਹਾਜ਼ ਪਾਤਸ਼ਾਹ ਨੇ ਅੱਸ਼ੂਰ ਦੇ ਪਾਤਸ਼ਾਹ ਕੋਲੋਂ ਮਦਦ ਮੰਗੀ। 18 ਫ਼ਲਿਸਤੀਆਂ ਨੇ ਮੈਦਾਨਾਂ ਵਿੱਚਲੇ ਨਗਰਾਂ ਅਤੇ ਯਹੂਦਾਹ ਦੇ ਦੱਖਣੀ ਸ਼ਹਿਰਾਂ ਉੱਤੇ ਹਮਲਾ ਕਰਕੇ ਬੈਤ-ਸ਼ਮਸ਼, ਅਯਾਲੋਨ, ਗਦੇਰੋਥ, ਸੋਕੋ, ਤਿਮਨਾਹ, ਗਿਮਜ਼ੋ ਅਤੇ ਉਸ ਦੇ ਨੇੜੇ ਦੇ ਪਿੰਡਾਂ ਨੂੰ ਲੈ ਲਿਆ। ਫ਼ੇਰ ਫ਼ਲਿਸਤੀਆਂ ਨੇ ਉੱਥੇ ਰਹਿਣਾ ਵੀ ਸ਼ੁਰੂ ਕਰ ਦਿੱਤਾ। 19 ਯਹੋਵਾਹ ਨੇ ਯਹੂਦਾਹ ਉੱਪਰ ਕਹਿਰ ਕੀਤਾ ਕਿਉਂ ਕਿ ਯਹੂਦਾਹ ਦੇ ਪਾਤਸ਼ਾਹ ਆਹਾਜ਼ ਨੇ ਯਹੂਦੀਆਂ ਨੂੰ ਪਾਪ ਕਰਨ ਲਈ ਪ੍ਰੇਰਿਆ। ਉਸ ਨੇ ਯਹੋਵਾਹ ਨਾਲ ਬੇਵਫ਼ਾਈ ਕੀਤੀ। 20 ਅੱਸ਼ੂਰ ਦਾ ਪਾਤਸ਼ਾਹ ਤਿਗਲਥ-ਪਿਲਨਾਸਰ ਉਸ ਕੋਲ ਆਇਆ ਪਰ ਉਸ ਨੇ ਆਹਾਜ਼ ਦੀ ਮਦਦ ਕਰਨ ਦੀ ਥਾਵੇਂ ਸਗੋਂ ਉਸ ਨੂੰ ਤੰਗ ਕੀਤਾ। 21 ਭਾਵੇਂ ਆਹਾਜ਼ ਨੇ ਯਹੋਵਾਹ ਦੇ ਮੰਦਰ ਅਤੇ ਰਾਜਕੁਮਾਰ ਦੇ ਮਹਿਲ ਵਿੱਚੋਂ ਕੀਮਤੀ ਵਸਤਾਂ ਚੁੱਕ ਕੇ ਅੱਸ਼ੂਰ ਦੇ ਪਾਤਸ਼ਾਹ ਨੂੰ ਦਿੱਤੀਆਂ ਪਰ ਤਾਂ ਵੀ ਉਸ ਨੇ ਆਹਾਜ਼ ਦੀ ਮਦਦ ਨਾ ਕੀਤੀ।
22 ਆਪਣੀ ਮੁਸੀਬਤ ਦੀ ਘੜੀ ਵਿੱਚ ਉਹ ਯਹੋਵਾਹ ਨਾਲ ਹੋਰ ਵੀ ਬੁਰਾ ਅਤੇ ਬੇਵਫ਼ਾ ਹੋ ਗਿਆ। 23 ਉਸ ਨੇ ਜਿਨ੍ਹਾਂ ਦੇਵਤਿਆਂ ਦੀ ਉਪਾਸਨਾ ਦੰਮਿਸ਼ਕ ਦੇ ਲੋਕ ਕਰਦੇ ਸਨ, ਉਨ੍ਹਾਂ ਨੂੰ ਬਲੀਆਂ ਚੜ੍ਹਾਈਆਂ। ਦੰਮਿਸਕ ਦੇ ਲੋਕਾਂ ਨੇ ਉਸ ਨੂੰ ਹਰਾਇਆ ਸੀ। ਤਾਂ ਉਸ ਨੇ ਆਪਣੇ ਮਨ ਵਿੱਚ ਸੋਚਿਆ, “ਅਰਾਮ ਦੇ ਪਾਤਸ਼ਾਹਾਂ ਦੇ ਦੇਵਤਿਆਂ ਨੇ ਉਨ੍ਹਾਂ ਦੀ ਮਦਦ ਕੀਤੀ ਸੀ ਸੋ ਮੈਂ ਵੀ ਉਨ੍ਹਾਂ ਲਈ ਬਲੀਆਂ ਚੜ੍ਹਾਵਾਂਗਾ ਤਾਂ ਕਿ ਉਹ ਮੇਰੀ ਵੀ ਮਦਦ ਕਰਨ।” ਪਰ ਉਹ ਆਹਾਜ਼ ਦੀ ਅਤੇ ਸਾਰੇ ਇਸਰਾਏਲ ਦੀ ਤਬਾਹੀ ਦਾ ਕਾਰਣ ਬਣੇ।
24 ਤਦ ਆਹਾਜ਼ ਨੇ ਪਰਮੇਸ਼ੁਰ ਦੇ ਮੰਦਰ ਦੀਆਂ ਵਸਤਾਂ ਨੂੰ ਚੁੱਕ ਕੇ ਸੁੱਟਿਆ ਅਤੇ ਟੁਕੜੇ-ਟੁਕੜੇ ਕਰ ਦਿੱਤੇ ਫ਼ਿਰ ਉਸ ਨੇ ਯਹੋਵਾਹ ਦੇ ਮੰਦਰ ਦੇ ਦਰਵਾਜ਼ੇ ਬੰਦ ਕਰ ਦਿੱਤੇ ਅਤੇ ਉਸ ਨੇ ਜਗਵੇਦੀਆਂ ਬਣਵਾ ਕੇ ਯਰੂਸ਼ਲਮ ਦੀ ਹਰ ਗਲੀ ਦੇ ਨੁਕਰ ਵਿੱਚ ਰੱਖੀਆਂ। 25 ਯਹੂਦਾਹ ਦੇ ਹਰ ਸ਼ਹਿਰ ਵਿੱਚ ਉਸ ਨੇ ਉੱਚੀਆਂ ਥਾਵਾਂ ਬਣਵਾਈਆਂ ਤਾਂ ਕਿ ਦੂਜੇ ਦੇਵਤਿਆਂ ਦੀ ਉਪਾਸਨਾ ਕੀਤੀ ਜਾ ਸੱਕੇ ਅਤੇ ਧੂਪ ਧੁਖਾਈ ਜਾ ਸੱਕੇ। ਜਿਸ ਯਹੋਵਾਹ ਪਰਮੇਸ਼ੁਰ ਦੀ ਆਹਾਜ਼ ਦੇ ਪੁਰਖੇ ਉਪਾਸਨਾ ਕਰਦੇ ਸਨ, ਉਸ ਨੂੰ ਆਹਾਜ਼ ਨੇ ਕ੍ਰੋਧਿਤ ਕਰ ਦਿੱਤਾ।
26 ਸ਼ੁਰੂ ਤੋਂ ਲੈ ਕੇ ਅਖੀਰ ਤੀਕ ਜੋ ਕਾਰਨਾਮੇ ਆਹਾਜ਼ ਨੇ ਕੀਤੇ ਉਹ ਯਹੂਦਾਹ ਅਤੇ ਇਸਰਾਏਲ ਦੇ ਪਾਤਸ਼ਾਹਾਂ ਦੇ ਇਤਹਾਸ ਦੀ ਪੋਥੀ ਵਿੱਚ ਲਿਖੇ ਹੋਏ ਹਨ। 27 ਜਦੋਂ ਆਹਾਜ਼ ਦੀ ਮੌਤ ਹੋਈ ਤਾਂ ਉਸ ਨੂੰ ਉਸ ਦੇ ਪੁਰਖਿਆਂ ਦੇ ਕੋਲ ਦਫ਼ਨਾਇਆ ਗਿਆ। ਲੋਕਾਂ ਨੇ ਆਹਾਜ਼ ਨੂੰ ਯਰੂਸ਼ਲਮ ਵਿੱਚ ਦਫ਼ਨਾਇਆ। ਪਰ ਉਨ੍ਹਾਂ ਨੇ ਆਹਾਜ਼ ਨੂੰ ਉੱਥੇ ਨਾ ਦਫ਼ਨਾਇਆ ਜਿੱਥੇ ਕਿ ਇਸਰਾਏਲ ਦੇ ਬਾਕੀ ਪਾਤਸ਼ਾਹਾਂ ਨੂੰ ਦਫ਼ਨਾਇਆ ਗਿਆ ਸੀ। ਆਹਾਜ਼ ਤੋਂ ਬਾਅਦ ਉਸਦਾ ਪੁੱਤਰ ਹਿਜ਼ਕੀਯਾਹ ਨਵਾਂ ਪਾਤਸ਼ਾਹ ਬਣਿਆ।
ਯਹੂਦਾਹ ਦਾ ਪਾਤਸ਼ਾਹ ਹਿਜ਼ਕੀਯਾਹ
29 ਹਿਜ਼ਕੀਯਾਹ ਜਦੋਂ 25ਵਰ੍ਹਿਆਂ ਦਾ ਸੀ ਤਾਂ ਉਹ ਪਾਤਸ਼ਾਹ ਬਣਿਆ ਅਤੇ ਉਸ ਨੇ ਯਰੂਸ਼ਲਮ ਵਿੱਚ 29ਵਰ੍ਹੇ ਰਾਜ ਕੀਤਾ। ਉਸ ਦੀ ਮਾਂ ਦਾ ਨਾਂ ਅਬੀਯਾਹ ਸੀ ਜੋ ਜ਼ਕਰਯਾਹ ਦੀ ਧੀ ਸੀ। 2 ਹਿਜ਼ਕੀਯਾਹ ਨੇ ਦਾਊਦ ਆਪਣੇ ਪੁਰਖੇ ਵਾਂਗ, ਉਹੀ ਕੰਮ ਕੀਤੇ ਜੋ ਯਹੋਵਾਹ ਦੀ ਨਿਗਾਹ ਵਿੱਚ ਸਹੀ ਸਨ।
3 ਹਿਜ਼ਕੀਯਾਹ ਨੇ ਯਹੋਵਾਹ ਦੇ ਮੰਦਰ ਦੇ ਦਰਵਾਜ਼ਿਆਂ ਦੀ ਮੁਰੰਮਤ ਕਰਵਾਈ ਅਤੇ ਉਨ੍ਹਾਂ ਨੂੰ ਮਜ਼ਬੂਤ ਬਣਵਾ ਕੇ ਦੁਬਾਰਾਂ ਤੋਂ ਖੋਲ੍ਹ ਦਿੱਤਾ ਇਹ ਕਾਰਜ ਉਸ ਨੇ ਆਪਣੇ ਰਾਜ ਦੇ ਪਹਿਲੇ ਸਾਲ ਦੇ ਪਹਿਲੇ ਹੀ ਮਹੀਨੇ ਵਿੱਚ ਆਰੰਭ ਕਰ ਦਿੱਤਾ। 4-5 ਹਿਜ਼ਕੀਯਾਹ ਨੇ ਜਾਜਕਾਂ ਅਤੇ ਲੇਵੀਆਂ ਨੂੰ ਇੱਕ ਸਭਾ ’ਚ ਬੁਲਾਅ ਕੇ ਇੱਕਤਰ ਕੀਤਾ ਅਤੇ ਉਨ੍ਹਾਂ ਨਾਲ ਇੱਕ ਗੋਸ਼ਠੀ ਕੀਤੀ। ਇਹ ਮਿਲਣੀ ਉਸ ਨੇ ਮੰਦਰ ਦੇ ਮਦਾਨ ਵਿੱਚ ਪੂਰਬੀ ਹਿੱਸੇ ਵੱਲ ਕੀਤੀ। ਹਿਜ਼ਕੀਯਾਹ ਨੇ ਉਨ੍ਹਾਂ ਨੂੰ ਆਖਿਆ, “ਲੇਵੀਓ! ਮੇਰੀ ਗੱਲ ਸੁਣੋ! ਆਪਣੇ-ਆਪ ਨੂੰ ਪਵਿੱਤਰ ਸੇਵਾ ਲਈ ਤਿਆਰ ਕਰ ਲਵੋ। ਅਤੇ ਆਪਣੇ ਪੁਰਖਿਆਂ ਦੇ ਯਹੋਵਾਹ ਪਰਮੇਸ਼ੁਰ ਦੇ ਇਸ ਮੰਦਰ ਨੂੰ ਵੀ ਪਵਿੱਤਰ ਕਰੋ ਅਤੇ ਇਸ ਪਵਿੱਤਰ ਅਸਥਾਨ ਵਿੱਚੋਂ ਮੈਲ ਨੂੰ ਕੱਢ ਕੇ ਬਾਹਰ ਲੈ ਜਾਵੋ। 6 ਕਿਉਂ ਕਿ ਸਾਡੇ ਪੁਰਖੇ ਯਹੋਵਾਹ ਦੇ ਵਫ਼ਾਦਾਰ ਨਹੀਂ ਸਨ ਅਤੇ ਉਨ੍ਹਾਂ ਨੇ ਯਹੋਵਾਹ ਦੀ ਨਿਗਾਹ ਵਿੱਚ ਬਦੀ ਕੀਤੀ। ਉਨ੍ਹਾਂ ਨੇ ਯਹੋਵਾਹ ਦੇ ਮੰਦਰ ਤੋਂ ਆਪਣੇ ਮੂੰਹ ਮੋੜ ਲਏ ਅਤੇ ਯਹੋਵਾਹ ਵਲ ਆਪਣੀਆਂ ਪਿੱਠਾ ਕਰ ਲਈਆਂ। 7 ਉਨ੍ਹਾਂ ਨੇ ਦਲਾਨ ਦੇ ਦਰਵਾਜ਼ੇ ਬੰਦ ਕਰ ਦਿੱਤੇ ਅਤੇ ਦੀਵੇ ਬੁਝਾ ਦਿੱਤੇ। ਉਨ੍ਹਾਂ ਨੇ ਧੂਪ ਵੀ ਨਾ ਧੁਖਾਈ ਅਤੇ ਉਨ੍ਹਾਂ ਨੇ ਇਸਰਾਏਲ ਦੇ ਪਰਮੇਸ਼ੁਰ ਨੂੰ ਪਵਿੱਤਰ ਅਸਥਾਨ ਤੇ ਹੋਮ ਦੀਆਂ ਭੇਟਾਂ ਵੀ ਨਾ ਚੜ੍ਹਾਈਆਂ। 8 ਇਸ ਲਈ ਯਹੋਵਾਹ ਯਹੂਦਾਹ ਅਤੇ ਯਰੂਸ਼ਲਮ ਦੇ ਲੋਕਾਂ ਉੱਪਰ ਬੜਾ ਕ੍ਰੋਧਿਤ ਹੋ ਗਿਆ। ਯਹੋਵਾਹ ਨੇ ਉਨ੍ਹਾਂ ਨੂੰ ਦੰਡ ਦਿੱਤਾ। ਜੋ ਯਹੋਵਾਹ ਨੇ ਯਹੂਦਾਹ ਅਤੇ ਯਰੂਸ਼ਲਮ ਉੱਪਰ ਕਰੋਪੀ ਵਿਖਾਈ ਤਾਂ ਇਹ ਸਭ ਕੁਝ ਵੇਖਕੇ ਬਾਕੀ ਲੋਕ ਭੈਭੀਤ ਹੋ ਗਏ ਅਤੇ ਦੁੱਖੀ ਹੋਏ ਅਤੇ ਉਨ੍ਹਾਂ ਲੋਕਾਂ ਨੇ ਯਹੂਦਾਹ ਦੇ ਲੋਕਾਂ ਲਈ ਸ਼ਰਮ ਅਤੇ ਨਫ਼ਰਤ ਨਾਲ ਆਪਣੇ ਸਿਰ ਝੁਕਾਏ। ਤੁਸੀਂ ਜਾਣਦੇ ਹੋ ਕਿ ਇਹ ਸਭ ਸੱਚ ਹੈ ਤੇ ਇਹ ਸੱਚ ਤੁਸੀਂ ਆਪਣੀਆਂ ਅੱਖਾਂ ਨਾਲ ਵੇਖ ਸੱਕਦੇ ਹੋ। 9 ਇਸੇ ਕਾਰਣ ਸਾਡੇ ਪੁਰਖੇ ਲੜਾਈ ਵਿੱਚ ਮਾਰੇ ਗਏ ਸਨ ਅਤੇ ਸਾਡੇ ਪੁੱਤਰ, ਧੀਆਂ ਅਤੇ ਪਤਨੀਆਂ ਨੂੰ ਬੰਦੀ ਬਣਾ ਲਿਆ ਗਿਆ ਸੀ। 10 ਇਸ ਲਈ ਹੁਣ, ਮੈਂ, ਹਿਜ਼ਕੀਯਾਹ ਨੇ ਇਸਰਾਏਲ ਦੇ ਯਹੋਵਾਹ ਪਰਮੇਸ਼ੁਰ ਨਾਲ ਇਕਰਾਰਨਾਮਾ ਕਰਨ ਦਾ ਨਿਸ਼ਚਾ ਕੀਤਾ ਹੈ। ਫ਼ੇਰ ਯਹੋਵਾਹ ਆਪਣਾ ਭਿਆਨਕ ਗੁੱਸਾ ਸਾਡੇ ਤੋਂ ਹਟਾ ਲਵੇਗਾ। 11 ਸੋ ਹੁਣ ਮੇਰੇ ਬਚਿਓ! ਹੁਣ ਆਲਸ ਕਰਨ ਦਾ ਸਮਾਂ ਨਹੀਂ ਹੈ ਅਤੇ ਨਾ ਹੀ ਵਕਤ ਜ਼ਾਇਆ ਕਰਨ ਦਾ। ਯਹੋਵਾਹ ਨੇ ਤੁਹਾਨੂੰ ਸੇਵਾ ਲਈ ਚੁਣਿਆ ਹੈ। ਉਸ ਨੇ ਤੁਹਾਨੂੰ ਚੁਣਿਆ ਹੈ। ਆਪਣੀ ਸੇਵਾ ਲਈ ਅਤੇ ਮੰਦਰ ਵਿੱਚ ਅਤੇ ਧੂਪ ਧੁਖਾਉਣ ਲਈ ਤੁਹਾਨੂੰ ਚੁਣਿਆ ਹੈ।”
12-14 ਇਹ ਲੇਵੀਆਂ ਦੀ ਸੂਚੀ ਹੈ ਜਿਹੜੇ ਉੱਥੇ ਕੰਮ ਕਰਨ ਲਈ ਉੱਠੇ:
ਕਹਾਥੀਆਂ ਵਿੱਚੋਂ ਅਮਾਸਈ ਦਾ ਪੁੱਤਰ ਮਹਥ ਅਤੇ ਅਜ਼ਰਯਾਹ ਦਾ ਪੁੱਤਰ ਯੋਏਲ,
ਮਰਾਰੀਆਂ ਵਿੱਚ ਅਬਦੀ ਦਾ ਪੁੱਤਰ ਕੀਸ਼, ਯਹਲਲੇਲ ਦਾ ਪੁੱਤਰ ਅਜ਼ਰਯਾਹ
ਅਤੇ ਗੇਰਸ਼ੋਨੀਆਂ ਵਿੱਚੋਂ ਜ਼ਿਮਾਂ ਦਾ ਪੁੱਤਰ ਯੋਆਹ ਅਤੇ ਉਸਦਾ ਪੁੱਤਰ ਏਦਨ।
ਅਲੀਸਾਫ਼ਾਨੀਆਂ ਵਿੱਚੋਂ ਸ਼ਿਮਰੀ, ਯਿਏਲ
ਅਤੇ ਆਸਾਫ਼ੀਆਂ ਵਿੱਚੋਂ ਜ਼ਕਰਯਾਹ ਅਤੇ ਮਤਨਯਾਹ ਸਨ।
ਹੇਮਾਨੀਆਂ ਵਿੱਚੋਂ ਯਹੀਏਲ, ਸ਼ਮੀ
ਅਤੇ ਯਦੂਥੂਨੀਆਂ ਵਿੱਚੋਂ ਸ਼ਮਅਯਾਹ ਅਤੇ ਅਜ਼ੀਏਲ ਸਨ।
15 ਤਦ ਇਨ੍ਹਾਂ ਲੇਵੀਆਂ ਨੇ ਆਪਣੇ ਭਰਾਵਾਂ ਨੂੰ ਇਕੱਠਾ ਕੀਤਾ ਤਾਂ ਜੋ ਯਹੋਵਾਹ ਦੇ ਮੰਦਰ ਦੀ ਪਵਿੱਤਰ ਸੇਵਾ ਕੀਤੀ ਜਾ ਸੱਕੇ। ਉਨ੍ਹਾਂ ਨੇ ਯਹੋਵਾਹ ਵੱਲੋਂ ਆਏ ਪਾਤਸ਼ਾਹ ਦੇ ਹੁਕਮ ਨੂੰ ਮੰਨਿਆ। ਅਤੇ ਫ਼ਿਰ ਉਹ ਯਹੋਵਾਹ ਦੇ ਮੰਦਰ ਨੂੰ ਸਾਫ਼ ਕਰਨ ਲਈ ਅੰਦਰ ਪ੍ਰਵੇਸ਼ ਕੀਤਾ। 16 ਜਾਜਕ ਯਹੋਵਾਹ ਦੇ ਮੰਦਰ ਦੇ ਅੰਦਰਲੇ ਹਿੱਸੇ ਨੂੰ ਸਾਫ਼ ਕਰਨ ਲਈ ਗਏ ਅਤੇ ਉਸ ਅੰਦਰ ਜਿੰਨੀਆਂ ਵੀ ਅਪਵਿੱਤਰ ਵਸਤਾਂ ਉਨ੍ਹਾਂ ਨੂੰ ਮਿਲੀਆਂ, ਜੋ ਵੀ ਗੰਦੀਆਂ ਵਸਤਾਂ ਲੱਭੀਆਂ ਉਹ ਉੱਥੋਂ ਯਹੋਵਾਹ ਦੇ ਮੰਦਰ ਦੇ ਦਲਾਨ ਵਿੱਚ ਲੈ ਆਏ। ਫ਼ਿਰ ਲੇਵੀਆਂ ਨੇ ਉਨ੍ਹਾਂ ਗੰਦੀਆਂ ਵਸਤਾਂ ਨੂੰ ਲੈ ਲਿਆ ਅਤੇ ਕਿਦਰੋਨ ਦੀ ਵਾਦੀ ਵਿੱਚ ਸੁੱਟ ਦਿੱਤਾ। 17 ਪਹਿਲੇ ਮਹੀਨੇ ਦੇ ਪਹਿਲੇ ਦਿਨ, ਲੇਵੀਆਂ ਨੇ ਆਪਣੇ-ਆਪ ਨੂੰ ਪਵਿੱਤਰ ਬਨਾਉਣਾ ਸ਼ੁਰੂ ਕਰ ਦਿੱਤਾ। ਮਹੀਨੇ ਦੇ ਅੱਠਵੇਂ ਦਿਨ, ਉਹ ਮੰਦਰ ਦੇ ਦਾਲਾਨ ਕੋਲ ਆਏ ਅਤੇ ਯਹੋਵਾਹ ਦੇ ਮੰਦਰ ਨੂੰ ਪਵਿੱਤਰ ਬਨਾਉਣ ਲਈ ਅੱਠ ਦਿਨ ਲਏ। ਪਹਿਲੇ ਮਹੀਨੇ ਦੇ ਸੋਲ੍ਹਵੇਂ ਦਿਨ ਉਨ੍ਹਾਂ ਨੇ ਆਪਣਾ ਸਾਰਾ ਕੰਮ ਮੁਕੰਮਲ ਕਰ ਲਿਆ ਸੀ।
18 ਤਦ ਉਹ ਹਿਜ਼ਕੀਯਾਹ ਪਾਤਸ਼ਾਹ ਦੇ ਕੋਲ ਗਏ ਅਤੇ ਉਸ ਨੂੰ ਕਿਹਾ, “ਹੇ ਪਾਤਸ਼ਾਹ, ਅਸੀਂ ਯਹੋਵਾਹ ਦੇ ਸਾਰੇ ਮੰਦਰ ਨੂੰ ਅਤੇ ਹੋਮ ਦੀਆਂ ਭੇਟਾਂ ਦੀ ਜਗਵੇਦੀ ਨੂੰ ਅਤੇ ਉਸਦੀਆਂ ਹੋਰ ਸਾਰੀਆਂ ਵਸਤਾਂ ਨੂੰ ਉਸਦੀ ਚੜ੍ਹਤ ਦੀ ਰੋਟੀ ਦੀ ਮੇਜ਼ ਨੂੰ ਅਤੇ ਉਸ ਦੇ ਸਾਰੇ ਭਾਂਡਿਆਂ ਨੂੰ ਸਾਫ਼ ਕਰ ਦਿੱਤਾ ਹੈ। 19 ਆਹਾਜ਼ ਦੇ ਸਮਿਆਂ ’ਚ ਜਦ ਉਹ ਪਾਤਸ਼ਾਹ ਸੀ ਉਹ ਪਰਮੇਸ਼ੁਰ ਦੇ ਵਿਰੁੱਧ ਹੋ ਗਿਆ ਅਤੇ ਉਸ ਨੇ ਮੰਦਰ ਦੀਆਂ ਬਹੁਤ ਸਾਰੀਆਂ ਵਸਤਾਂ ਨੂੰ ਬਾਹਰ ਸੁੱਟ ਦਿੱਤਾ। ਪਰ ਅਸੀਂ ਉਸ ਸਾਰੇ ਸਾਮਾਨ ਨੂੰ ਠੀਕ ਕਰਕੇ ਖਾਸ ਵਰਤੋਂ ਲਈ ਤਿਆਰ ਕਰ ਦਿੱਤਾ ਹੈ। ਉਹ ਸਾਰਾ ਕੁਝ ਹੁਣ ਯਹੋਵਾਹ ਦੀ ਜਗਵੇਦੀ ਦੇ ਸਾਹਮਣੇ ਪਿਆ ਹੈ।”
20 ਹਿਜ਼ਕੀਯਾਹ ਪਾਤਸ਼ਾਹ ਉੱਠਿਆ ਅਤੇ ਉਸ ਨੇ ਸ਼ਹਿਰ ਦੇ ਸਰਦਾਰਾਂ ਨੂੰ ਇਕੱਠਾ ਕਰਕੇ ਅਗਲੀ ਸਵੇਰ ਯਹੋਵਾਹ ਦੇ ਮੰਦਰ ਪਹੁੰਚਿਆਂ। 21 ਉਨ੍ਹਾਂ ਨੇ ਸੱਤ ਬਲਦ, ਸੱਤ ਭੇਡੂ, ਸੱਤ ਲੇਲੇ, ਅਤੇ ਸੱਤ ਬੱਕਰੇ ਲਿਆਂਦੇ। ਇਹ ਸਭ ਕੁਝ ਪਵਿੱਤਰ ਅਸਥਾਨ ਦੇ ਲਈ ਯਹੂਦਾਹ ਦੇ ਲਈ ਪਾਪ ਦੀ ਭੇਟ ਸਨ। ਹਿਜ਼ਕੀਯਾਹ ਪਾਤਸ਼ਾਹ ਨੇ ਹਾਰੂਨ ਦੇ ਵੰਸ਼ ਦੇ ਜਾਜਕਾਂ ਨੂੰ ਆਖਿਆ ਕਿ ਇਨ੍ਹਾਂ ਸਭਨਾਂ ਨੂੰ ਯਹੋਵਾਹ ਦੀ ਜਗਵੇਦੀ ਉੱਪਰ ਬਲੀ ਚੜ੍ਹਾਓ। 22 ਤਦ ਜਾਜਕਾਂ ਨੇ ਬਲਦਾਂ ਨੂੰ ਕੱਟ ਦਿੱਤਾ ਅਤੇ ਉਨ੍ਹਾਂ ਦੇ ਖੂਨ ਨੂੰ ਜਗਵੇਦੀ ਉੱਪਰ ਛਿੜਕਿਆ। ਫ਼ਿਰ ਉਨ੍ਹਾਂ ਭੇਡੂਆਂ ਨੂੰ ਵੀ ਵੱਢਿਆ ਅਤੇ ਉਨ੍ਹਾਂ ਦਾ ਖੂਨ ਵੀ ਜਗਵੇਦੀ ਉੱਪਰ ਛਿੜਕਿਆ। ਫ਼ਿਰ ਉਨ੍ਹਾਂ ਨੇ ਭੇਡਾਂ ਲੈ ਕੇ ਕੱਟੀਆਂ ਅਤੇ ਉਨ੍ਹਾਂ ਦਾ ਖੂਨ ਵੀ ਜਗਵੇਦੀ ਉੱਪਰ ਛਿੜਕਿਆ। 23-24 ਫ਼ਿਰ ਜਾਜਕ ਬੱਕਰਿਆਂ ਨੂੰ ਪਾਤਸ਼ਾਹ ਦੇ ਸਾਹਮਣੇ ਲਿਆਏ ਅਤੇ ਸਾਰੇ ਲੋਕ ਇਕੱਠੇ ਹੋ ਗਏ। ਬੱਕਰੇ ਪਾਪ ਦੀ ਭੇਟ ਲਈ ਸਨ। ਜਾਜਕਾਂ ਨੇ ਆਪਣੇ ਹੱਥ ਬੱਕਰਿਆਂ ਉੱਪਰ ਰੱਖੇ ਅਤੇ ਉਨ੍ਹਾਂ ਨੂੰ ਵੱਢ ਦਿੱਤਾ। ਤਦ ਉਨ੍ਹਾਂ ਨੇ ਬੱਕਰਿਆਂ ਦੇ ਖੂਨ ਨੂੰ ਪਾਪ ਦੀ ਭੇਟ ਲਈ ਜਗਵੇਦੀ ਉੱਪਰ ਛਿੜਕਿਆ। ਇਹ ਉਨ੍ਹਾਂ ਨੇ ਪਰਮੇਸ਼ੁਰ ਤੋਂ ਇਸਰਾਏਲ ਦੇ ਲੋਕਾਂ ਦੇ ਪਾਪ ਬਖਸ਼ਵਾਉਣ ਲਈ ਕੀਤਾ। ਕਿਉਂਕਿ ਪਾਤਸ਼ਾਹ ਨੇ ਹੁਕਮ ਦਿੱਤਾ ਸੀ ਕਿ ਹੋਮ ਦੀ ਭੇਟ ਅਤੇ ਪਾਪ ਦੀ ਭੇਟ ਸਾਰੇ ਇਸਰਾਏਲ ਵੱਲੋਂ ਚੜ੍ਹਾਈ ਜਾਵੇ।
25 ਹਿਜ਼ਕੀਯਾਹ ਪਾਤਸ਼ਾਹ ਨੇ ਯਹੋਵਾਹ ਦੇ ਮੰਦਰ ਵਿੱਚ ਲੇਵੀਆਂ ਨੂੰ ਸੰਗੀਤਕ ਸਾਜ਼ਾਂ ਨਾਲ ਖੜ੍ਹੇ ਕੀਤਾ ਜਿਵੇਂ ਦਾਊਦ, ਰਾਜੇ ਦੇ ਨਬੀ ਗਾਦ ਅਤੇ ਨਾਥਾਨ ਨਬੀ ਨੇ ਆਦੇਸ਼ ਦਿੱਤਾ ਸੀ। ਇਹ ਹੁਕਮ ਯਹੋਵਾਹ ਵੱਲੋਂ ਨਬੀਆਂ ਦੁਆਰਾ ਆਇਆ ਸੀ। 26 ਇਉਂ ਲੇਵੀ ਦਾਊਦ ਦੇ ਵਾਜਿਆਂ ਨੂੰ ਲੈ ਕੇ ਅਤੇ ਖੜ੍ਹੇ ਸਨ ਅਤੇ ਜਾਜਕ ਤੁਰ੍ਹੀਆਂ ਵਜਾਉਂਦੇ ਖੜ੍ਹੇ ਸਨ। 27 ਤਦ ਹਿਜ਼ਕੀਯਾਹ ਨੇ ਜਗਵੇਦੀ ਉੱਪਰ ਹੋਮ ਦੀਆਂ ਭੇਟਾਂ ਚੜ੍ਹਾਉਣ ਦਾ ਹੁਕਮ ਦਿੱਤਾ ਅਤੇ ਜਦੋਂ ਹੋਮ ਦੀਆਂ ਭੇਟਾਂ ਦਾ ਆਰੰਭ ਹੋਇਆ ਤਾਂ ਯਹੋਵਾਹ ਦਾ ਗੀਤ ਤੁਰ੍ਹੀਆਂ ਅਤੇ ਇਸਰਾਏਲ ਦੇ ਪਾਤਸ਼ਾਹ ਦਾਊਦ ਦੇ ਵਾਜਿਆਂ ਨਾਲ ਸ਼ੁਰੂ ਹੋਇਆ। 28 ਸਾਰੀ ਸਭਾ ਨੇ ਸਿਰ ਝੁਕਾਇਆ ਅਤੇ ਜਦ ਤੀਕ ਹੋਮ ਦੀ ਭੇਟ ਦਾ ਜਲਨਾ ਪੂਰਾ ਨਾ ਹੋਇਆ ਤਦ ਤੀਕ ਗਾਉਣ ਵਾਲੇ ਗਉਂਦੇ ਰਹੇ ਅਤੇ ਤੁਰ੍ਹੀਆਂ ਵਾਲੇ ਤੁਰ੍ਹੀਆਂ ਵਜਾਉਂਦੇ ਰਹੇ।
29 ਜਦੋਂ ਉਹ ਹੋਮ ਦੀ ਭੇਟ ਚੜ੍ਹਾ ਚੁੱਕੇ ਤਦ ਪਾਤਸ਼ਾਹ ਅਤੇ ਉਸ ਨਾਲ ਸਾਰੇ ਲੋਕਾਂ ਨੇ ਸਿਰ ਝੁਕਾਇਆ ਅਤੇ ਉਪਾਸਨਾ ਕੀਤੀ। 30 ਪਾਤਸ਼ਾਹ ਅਤੇ ਸਰਦਾਰਾਂ ਨੇ ਲੇਵੀਆਂ ਨੂੰ ਯਹੋਵਾਹ ਦੀ ਉਸਤਤ ਗਾਨ ਕਰਨ ਦਾ ਹੁਕਮ ਦਿੱਤਾ, ਉਹ ਗੀਤ ਜਿਹੜੇ ਦਾਊਦ ਅਤੇ ਆਸਾਫ਼ ਸੰਤ ਦੇ ਲਿਖੇ ਸਨ। ਉਨ੍ਹਾਂ ਨੇ ਪਰਮੇਸ਼ੁਰ ਦਾ ਜਸ ਗਾਇਆ ਅਤੇ ਆਨੰਦ ਮਾਣਿਆ। ਉਨ੍ਹਾਂ ਸਭਨਾਂ ਨੇ ਪਰਮੇਸ਼ੁਰ ਦੀ ਉਪਾਸਨਾ ਕੀਤੀ। 31 ਹਿਜ਼ਕੀਯਾਹ ਨੇ ਆਖਿਆ, “ਹੁਣ ਤੁਸੀਂ ਯਹੂਦਾਹ ਦੇ ਲੋਕਾਂ ਨੇ ਆਪਣੇ-ਆਪ ਨੂੰ ਪਵਿੱਤਰ ਕਰ ਲਿਆ ਹੈ, ਸੋ ਹੁਣ ਨੇੜੇ ਆਕੇ ਯਹੋਵਾਹ ਦੇ ਮੰਦਰ ਵਿੱਚ ਬਲੀਆਂ ਅਤੇ ਧੰਨਵਾਦ ਦੀਆਂ ਭੇਟਾਂ ਚੜ੍ਹਾਵੋ।” ਤਦ ਸਭਾ ਬਲੀਆਂ ਅਤੇ ਧੰਨਵਾਦ ਦੀਆਂ ਭੇਟਾ ਲਿਆਈ ਅਤੇ ਜਿਸ ਵੀ ਮਨੁੱਖ ਨੂੰ, ਜਿਵੇਂ ਉਸ ਦੇ ਮਨ ਨੇ ਪ੍ਰੇਰਿਆ ਭੇਟਾ ਲੈ ਕੇ ਆਇਆ। 32 ਜਿਹੜੀਆਂ ਹੋਮ ਦੀਆਂ ਭੇਟਾਂ ਲੋਕੀਂ ਲਿਆਏ ਸਨ, ਉਨ੍ਹਾਂ ਦੀ ਗਿਣਤੀ ਇਵੇਂ ਸੀ: ਸੱਤਰ ਬਲਦ, ਇੱਕ ਸੌ ਭੇਡ, ਦੋ ਸੌ ਲੇਲੇ। ਇਨ੍ਹਾਂ ਸਾਰੇ ਜਾਨਵਰਾਂ ਨੂੰ ਯਹੋਵਾਹ ਅੱਗੇ ਹੋਮ ਦੀ ਭੇਟ ਵਜੋਂ ਚੜ੍ਹਾਇਆ ਗਿਆ। 33 ਯਹੋਵਾਹ ਲਈ ਪਵਿੱਤਰ ਭੇਟਾ ਵਿੱਚ 600 ਬਲਦ, 3,000 ਭੇਡਾਂ ਅਤੇ ਬੱਕਰੀਆਂ ਸਨ। 34 ਪਰ ਇੰਨੇ ਸਾਰੇ ਜਾਨਵਰਾਂ ਦੀ ਖੱਲ ਲਾਹਣ ਲਈ ਜਾਜਕ ਘੱਟ ਸਨ, ਤਾਂ ਜੋ ਹੋਮ ਦੀ ਭੇਟ ਚੜ੍ਹਾਈ ਜਾਵੇ। ਤਾਂ ਫ਼ਿਰ ਉਨ੍ਹਾਂ ਨਾਲ ਉਨ੍ਹਾਂ ਦੇ ਲੇਵੀ ਸੰਬੰਧੀਆਂ ਨੇ ਮਦਦ ਕੀਤੀ। ਜਦ ਤੀਕ ਦੂਜੇ ਜਾਜਕਾਂ ਨੇ ਆਪਣੇ-ਆਪ ਨੂੰ ਪਵਿੱਤਰ ਸੇਵਾ ਲਈ ਤਿਆਰ ਨਾ ਕੀਤਾ ਅਤੇ ਸਾਰਾ ਕੰਮ ਨੇਪਰੇ ਨਾ ਚੜ੍ਹਿਆ, ਲੇਵੀ ਉਨ੍ਹਾਂ ਦੀ ਮਦਦ ਕਰਦੇ ਰਹੇ। ਸਗੋਂ ਲੇਵੀ ਇਸ ਕਾਰਜ ਵਿੱਚ ਯਹੋਵਾਹ ਦੀ ਸੇਵਾ ਕਰਨ ਲਈ ਜਾਜਕਾਂ ਕੋਲੋਂ ਵੱਧੇਰੇ ਗੰਭੀਰ ਹੋਕੇ ਕੰਮ ਕਰ ਰਹੇ ਸਨ। 35 ਹੋਮ ਦੀਆਂ ਭੇਟਾਂ ਬਹੁਤ ਸਾਰੀਆਂ ਸਨ। ਸੁੱਖ-ਸਾਂਦ ਦੀਆਂ ਭੇਟਾਂ ਦੀ ਚਰਬੀ ਅਤੇ ਹੋਮ ਦੀਆਂ ਭੇਟਾਂ ਅਤੇ ਪੀਣ ਦੀਆਂ ਭੇਟਾ ਸਮੇਤ ਇ ਹ ਸਭ ਕੁਝ ਕਾਫ਼ੀ ਮਾਤਰਾ ਵਿੱਚ ਇਕੱਠਾ ਹੋਇਆ। ਤਦ ਯਹੋਵਾਹ ਦੇ ਮੰਦਰ ਵਿੱਚ ਮੁੜ ਤੋਂ ਸੇਵਾ ਸ਼ੁਰੂ ਹੋਈ। 36 ਹਿਜ਼ਕੀਯਾਹ ਅਤੇ ਸਾਰੇ ਲੋਕ ਉਸ ਉੱਪਰ ਜੋ ਪਰਮੇਸ਼ੁਰ ਨੇ ਲੋਕਾਂ ਲਈ ਤਿਆਰ ਕੀਤਾ ਸੀ ਬੜੇ ਖੁਸ਼ ਹੋਏ ਅਤੇ ਇਸ ਗੱਲੋ ਵੱਧੇਰੇ ਖੁਸ਼ ਸਨ ਕਿਉਂ ਕਿ ਉਸ ਨੇ ਇਹ ਸਭ ਕੁਝ ਬੜੀ ਜਲਦੀ ਕਰ ਦਿੱਤਾ।
ਹਿਜ਼ਕੀਯਾਹ ਪਸਹ ਮਨਾਉਂਦਾ ਹੈ
30 ਹਿਜ਼ਕੀਯਾਹ ਪਾਤਸ਼ਾਹ ਨੇ ਸਾਰੇ ਇਸਰਾਏਲ ਅਤੇ ਯਹੂਦਾਹ ਵਿੱਚ ਸੱਦਾ ਭੇਜਿਆ। ਉਸ ਨੇ ਅਫ਼ਰਾਈਮ ਅਤੇ ਮਨੱਸ਼ਹ ਦੇ ਲੋਕਾਂ ਨੂੰ ਵੀ ਖਤ ਭੇਜੇ। ਹਿਜ਼ਕੀਯਾਹ ਨੇ ਯਹੋਵਾਹ ਦੇ ਮੰਦਰ ਲਈ ਯਰੂਸ਼ਲਮ ਵਿੱਚ ਯਹੋਵਾਹ ਇਸਰਾਏਲ ਦੇ ਪਰਮੇਸ਼ੁਰ ਲਈ ਪਸਹ ਮਨਾਉਣ ਲਈ ਸਭਨਾਂ ਨੂੰ ਸੱਦਾ ਭੇਜਿਆ। 2 ਪਾਤਸ਼ਾਹ ਹਿਜ਼ਕੀਯਾਹ ਅਤੇ ਸਾਰੇ ਸਰਦਾਰਾਂ ਨੇ ਅਤੇ ਯਰੂਸ਼ਲਮ ਦੀ ਸਾਰੀ ਸਭਾ ਨੇ ਦੂਜੇ ਮਹੀਨੇ ਵਿੱਚ ਪਸਹ ਮਨਾਉਣ ਦੀ ਸਲਾਹ ਕੀਤੀ ਸੀ। 3 ਉਹ ਪਸਹ ਦਾ ਪਰਬ ਠੀਕ ਸਮੇਂ ਮੁਤਾਬਕ ਨਾ ਮਨਾ ਸੱਕੇ। ਕਿਉਂ ਕਿ ਇੱਕ ਤਾਂ ਜਾਜਕਾਂ ਨੇ ਕਾਫ਼ੀ ਗਿਣਤੀ ਵਿੱਚ ਸੇਵਾ ਲਈ ਆਪਣੇ-ਆਪ ਨੂੰ ਪਵਿੱਤਰ ਨਾ ਕੀਤਾ ਦੂਜਾ ਕਾਰਣ ਕਿ ਯਰੂਸ਼ਲਮ ਵਿੱਚ ਲੋਕੀਂ ਕਾਫ਼ੀ ਇਕੱਠੇ ਨਹੀਂ ਸੀ ਹੋਏ। 4 ਤਾਂ ਇਹ ਗੱਲ ਪਾਤਸ਼ਾਹ ਅਤੇ ਸਾਰੀ ਸਭਾ ਨੂੰ ਠੀਕ ਲਗੀ। 5 ਤਾਂ ਫ਼ਿਰ ਉਨ੍ਹਾਂ ਨੇ ਇਹ ਖਬਰ ਸਾਰੇ ਇਸਰਾਏਲ, ਬਏਰਸ਼ਬਾ ਤੋਂ ਦਾਨ ਤੀਕ ਕੀਤੀ। ਉਨ੍ਹਾਂ ਇਹ ਘੋਸ਼ਣਾ ਕੀਤੀ ਕਿ ਇਸਰਾਏਲ ਦੇ ਯਹੋਵਾਹ ਪਰਮੇਸ਼ੁਰ ਲਈ ਪਸਹ ਮਨਾਉਣ ਲਈ ਸਾਰੇ ਲੋਕ ਯਰੂਸ਼ਲਮ ਵਿੱਚ ਇਕੱਠੇ ਹੋ ਜਾਣ। ਇਸਰਾਏਲ ਦੇ ਬਹੁਤੇ ਲੋਕਾਂ ਨੇ ਪਸਹ ਕਾਫ਼ੀ ਦੇਰ ਤੋਂ ਨਹੀਂ ਸੀ ਮਨਾਇਆ। ਜਿਵੇਂ ਮੂਸਾ ਦੇ ਨੇਮ ਮੁਤਾਬਕ ਪਸਹ ਮਨਾਉਣਾ ਲਿਖਿਆ ਹੋਇਆ ਹੈ ਉਵੇਂ ਉਨ੍ਹਾਂ ਬੜੀ ਦੇਰ ਤੋਂ ਨਹੀਂ ਸੀ ਮਨਾਈ। 6 ਤਾਂ ਫ਼ਿਰ ਪਾਤਸ਼ਾਹ ਦੇ ਹਲਕਾਰਿਆਂ ਨੇ ਇਹ ਸੱਦੇ-ਪੱਤਰ ਸਾਰੇ ਇਸਰਾਏਲ ਅਤੇ ਯਹੂਦਾਹ ਵਿੱਚ ਵੰਡੇ। ਉਨ੍ਹਾਂ ਪੱਤਰਾਂ ਵਿੱਚ ਇਉਂ ਲਿਖਿਆ ਹੋਇਆ ਸੀ:
“ਹੇ ਇਸਰਾਏਲ ਦੇ ਲੋਕੋ, ਤੁਸੀਂ ਯਹੋਵਾਹ ਪਰਮੇਸ਼ੁਰ ਵੱਲ ਨੂੰ ਪਰਤ ਆਵੋ, ਜਿਹੜਾ ਅਬਰਾਹਾਮ, ਇਸਹਾਕ ਅਤੇ ਇਸਰਾਏਲ ਦਾ ਪਰਮੇਸ਼ੁਰ ਹੈ, ਇਨ੍ਹਾਂ ਨੇ ਯਹੋਵਾਹ ਨੂੰ ਮੰਨਿਆ। ਜਿਹੜੇ ਅੱਸ਼ੂਰ ਦੇ ਪਾਤਸ਼ਾਹ ਦੇ ਹੱਥੋਂ ਬਚ ਗਏ ਹਨ, ਤਾਂ ਪਰਮੇਸ਼ੁਰ ਫਿਰ ਤੁਹਾਡੇ ਵੱਲ ਮੁੜੇਗਾ। 7 ਤੁਸੀਂ ਆਪਣੇ ਪੁਰਖਿਆਂ ਅਤੇ ਭਰਾਵਾਂ ਵਰਗੇ ਨਾ ਬਣੋ। ਯਹੋਵਾਹ ਉਨ੍ਹਾਂ ਦਾ ਪਰਮੇਸ਼ੁਰ ਸੀ, ਪਰ ਉਹ ਉਸਤੋਂ ਬੇਮੁਖ ਹੋ ਗਏ। ਤੁਸੀਂ ਆਪਣੀਆਂ ਅੱਖਾਂ ਨਾਲ ਇਸ ਸੱਚਾਈ ਨੂੰ ਵੇਖ ਰਹੇ ਹੋ ਕਿ ਯਹੋਵਾਹ ਨੇ ਉਨ੍ਹਾਂ ਨੂੰ ਬਿਪਤਾ ’ਚ ਪਾ ਦਿੱਤਾ ਹੈ ਤੇ ਲੋਕ ਉਨ੍ਹਾਂ ਨੂੰ ਬੁਰਾ-ਮੰਦਾ ਆਖਦੇ ਹਨ। 8 ਤੁਸੀਂ ਆਪਣੇ ਪੁਰਖਿਆਂ ਵਰਗੇ ਹੱਠੀ ਨਾ ਬਣੋ ਸਗੋਂ ਦਿਲੋਂ ਪਰਮੇਸ਼ੁਰ ਦਾ ਹੁਕਮ ਮੰਨੋ। ਤੁਸੀਂ ਅੱਤ ਪਵਿੱਤਰ ਅਸਥਾਨ ਤੇ ਆਓ ਕਿਉਂ ਕਿ ਯਹੋਵਾਹ ਨੇ ਇਸ ਨੂੰ ਸਦਾ ਲਈ ਪਵਿੱਤਰ ਕੀਤਾ ਹੈ, ਸੋ ਤੁਸੀਂ ਇੱਥੇ ਆ ਕੇ ਯਹੋਵਾਹ ਆਪਣੇ ਪਰਮੇਸ਼ੁਰ ਦੀ ਸੇਵਾ ਕਰੋ। ਜਦੋਂ ਤੁਸੀਂ ਇਵੇਂ ਕਰੋਂਗੇ ਤਾਂ ਯਹੋਵਾਹ ਦੀ ਕਰੋਪੀ ਤੁਹਾਡੇ ਤੋਂ ਦੂਰ ਹੋਵੇਗੀ। 9 ਜੇਕਰ ਤੁਸੀਂ ਪਰਤ ਕੇ ਯਹੋਵਾਹ ਵੱਲ ਮੁੜ ਆਵੋਂਗੇ, ਤਾਂ ਤੁਹਾਡੇ ਪੁੱਤਰਾਂ, ਤੁਹਾਡੇ ਭਰਾਵਾਂ, ਅਤੇ ਸੰਬੰਧੀਆਂ ਨਾਲ ਜਿਨ੍ਹਾਂ ਨੂੰ ਬੰਦੀ ਬਣਾ ਲਿਆ ਗਿਆ ਸੀ, ਉਨ੍ਹਾਂ ਨੂੰ ਬੰਦੀ ਬਨਾਉਣ ਵਾਲਿਆਂ ਦੁਆਰਾ ਨਿਮਰਤਾ ਦਾ ਵਿਹਾਰ ਹੋਵੇਗਾ, ਅਤੇ ਉਹ ਇਸ ਧਰਤੀ ਤੇ ਵਾਪਸ ਆ ਜਾਣਗੇ। ਯਹੋਵਾਹ ਤੁਹਾਡਾ ਪਰਮੇਸ਼ੁਰ ਦਿਆਲੂ ਅਤੇ ਕਿਰਪਾਲੂ ਹੈ। ਜੇਕਰ ਤੁਸੀਂ ਉਸ ਵੱਲ ਪਰਤ ਆਵੋਂਗੇ ਤਾਂ ਉਹ ਆਪਣਾ ਮੂੰਹ ਤੁਹਾਡੇ ਵੱਲੋਂ ਕਦੇ ਨਹੀਂ ਮੋੜੇਗਾ।”
10 ਹਲਕਾਰੇ ਅਫ਼ਰਈਮ ਅਤੇ ਮਨੱਸ਼ਹ ਦੇ ਹਰ ਸ਼ਹਿਰ ਵਿੱਚ ਗਏ। ਉਹ ਸਾਰਾ ਘੁੰਮਦੇ-ਘੁਮਾਉਂਦੇ ਜ਼ਬੂਲੁਨ ਤੀਕ ਪਹੁੰਚੇ। ਪਰ ਉੱਥੇ ਲੋਕਾਂ ਨੇ ਹਲਕਾਰਿਆਂ ਦਾ ਮਜ਼ਾਕ ਉਡਾਇਆ ਅਤੇ ਉਨ੍ਹਾਂ ਨੂੰ ਠਿੱਠ ਕੀਤੇ। 11 ਪਰ ਉਨ੍ਹਾਂ ਵਿੱਚੋਂ ਅੱਸ਼ੂਰ, ਮਨੱਸ਼ਹ ਅਤੇ ਜ਼ਬੂਲੁਨ ਇਲਾਕਿਆਂ ਦੇ ਕੁਝ ਲੋਕ ਨਿਮਰਤਾ ਪੂਰਵਕ ਯਰੂਸ਼ਲਮ ਨੂੰ ਗਏ। 12 ਯਹੂਦਾਹ ਵਿੱਚ ਵੀ ਪਰਮੇਸ਼ੁਰ ਦੀ ਸ਼ਕਤੀ ਨੇ ਲੋਕਾਂ ਨੂੰ ਇਕੱਠਿਆਂ ਕੀਤਾ ਤਾਂ ਜੋ ਉਹ ਪਾਤਸ਼ਾਹ ਅਤੇ ਉਸ ਦੇ ਸਰਦਾਰਾਂ ਦਾ ਹੁਕਮ ਮੰਨਣ। ਇਉਂ ਇਸ ਵਿਧੀ ਉਨ੍ਹਾਂ ਯਹੋਵਾਹ ਦੇ ਬਚਨਾਂ ਹੁਕਮ ਮੰਨਿਆ।
13 ਬਹੁਤ ਸਾਰੇ ਲੋਕ ਯਰੂਸਲਮ ਵਿੱਚ ਦੂਜੇ ਮਹੀਨੇ ਵਿੱਚ ਪਤੀਰੀ ਰੋਟੀ ਦਾ ਪਰਬ ਮਨਾਉਣ ਲਈ ਇਕੱਠੇ ਹੋਏ। ਉੱਥੇ ਬਹੁਤ ਵੱਡੀ ਸਭਾ ਇੱਕਤਰ ਹੋਈ। 14 ਉਹ ਲੋਕ ਉੱਠੇ ਅਤੇ ਉਨ੍ਹਾਂ ਨੇ ਜਗਵੇਦੀਆਂ ਨੂੰ ਜੋ ਝੂਠੇ-ਦੇਵਤਿਆਂ ਦੀਆਂ ਯਰੂਸ਼ਲਮ ਵਿੱਚ ਸਨ, ਅਤੇ ਧੂਪ ਦੀਆਂ ਸਾਰੀਆਂ ਜਗਵੇਦੀਆਂ ਬਾਹਰ ਕੱਢਿਆ ਅਤੇ ਕਿਦਰੋਨ ਦੀ ਵਾਦੀ ’ਚ ਸੁੱਟ ਦਿੱਤਾ। 15 ਫ਼ਿਰ ਉਨ੍ਹਾਂ ਨੇ ਦੂਜੇ ਮਹੀਨੇ ਦੀ 14ਤਾਰੀਖ ਨੂੰ ਪਸਹ ਦੇ ਲੇਲੇ ਨੂੰ ਕਟਿਆ। ਤਾਂ ਲੇਵੀਆਂ ਅਤੇ ਜਾਜਕਾਂ ਨੇ ਸ਼ਰਮਿੰਦਿਆਂ ਹੋ ਕੇ ਆਪਣੇ ਆਪ ਨੂੰ ਪਵਿੱਤਰ ਕੀਤਾ ਅਤੇ ਫ਼ਿਰ ਉਹ ਯਹੋਵਾਹ ਦੇ ਮੰਦਰ ਲਈ ਹੋਮ ਦੀਆਂ ਭੇਟਾਂ ਲੈ ਕੇ ਆਏ। 16 ਫ਼ਿਰ ਉਨ੍ਹਾਂ ਨੇ ਜਿਵੇਂ ਪਰਮੇਸ਼ੁਰ ਦੇ ਮਨੁੱਖ, ਮੂਸਾ ਦੀ ਬਿਵਸਥਾ ਵਿੱਚ ਜਿਵੇਂ ਹਿਦਾਇਤ ਸੀ ਉਵੇਂ ਯਹੋਵਾਹ ਦੇ ਮੰਦਰ ਵਿੱਚ ਆਪੋ-ਆਪਣੇ ਥਾਂ ਨੂੰ ਪ੍ਰਾਪਤ ਕੀਤਾ ਅਤੇ ਜਾਜਕਾਂ ਨੇ ਲੇਵੀਆਂ ਦੇ ਹੱਥੋਂ ਲਹੂ ਲੈ ਕੇ ਜਗਵੇਦੀ ਉੱਪਰ ਛਿੜਕਿਆ। 17 ਸਮੂਹ ਵਿੱਚ ਅਜੇ ਵੀ ਕਾਫ਼ੀ ਲੋਕ ਅਜਿਹੇ ਸਨ, ਜਿਨ੍ਹਾਂ ਨੇ ਆਪਣੇ-ਆਪ ਨੂੰ ਪਵਿੱਤਰ ਨਹੀਂ ਕੀਤਾ ਸੀ। ਇਸ ਲਈ ਇਹ ਕੰਮ ਲੇਵੀਆਂ ਦੇ ਜੁੰਮੇ ਲੱਗਾ ਕਿ ਉਹ ਸਾਰੇ ਅਪਵਿੱਤਰ ਲੋਕਾਂ ਲਈ ਪਸਹ ਦੀਆਂ ਬਲੀਆਂ ਵੱਢਣ ਤਾਂ ਜੋ ਉਹ ਯਹੋਵਾਹ ਲਈ ਪਵਿੱਤਰ ਹੋ ਸੱਕਣ।
18-19 ਅਫ਼ਰਈਮ, ਮਨੱਸ਼ਹ, ਯਿਸਾਕਾਰ ਅਤੇ ਜ਼ਬੂਲੁਨ ਵਿੱਚੋਂ ਬਹੁਤ ਸਾਰੇ ਲੋਕ ਅਜਿਹੇ ਸਨ, ਜਿਨ੍ਹਾਂ ਨੇ ਪਸਹ ਦੇ ਪਰਬ ਲਈ ਆਪਣੇ-ਆਪ ਨੂੰ ਸਹੀ ਤਰੀਕੇ ਨਾਲ ਸਾਫ਼ ਨਹੀਂ ਸੀ ਕੀਤਾ। ਉਨ੍ਹਾਂ ਨੇ ਪਸਹ ਦੇ ਲੇਲੇ ਨੂੰ ਸਹੀ ਢੰਗ ਨਾਲ, ਮੂਸਾ ਦੀ ਬਿਵਸਥਾ ਅਨੁਸਾਰ ਨਹੀਂ ਖਾਧਾ। ਪਰ ਹਿਜ਼ਕੀਯਾਹ ਪਾਤਸ਼ਾਹ ਨੇ ਉਨ੍ਹਾਂ ਲਈ ਪ੍ਰਾਰਥਨਾ ਕੀਤੀ ਅਤੇ ਪ੍ਰਾਰਥਨਾ ਵਿੱਚ ਆਖਿਆ, “ਹੇ ਯਹੋਵਾਹ ਪਰਮੇਸ਼ੁਰ! ਤੂੰ ਨੇਕ ਹੈਂ! ਇਹ ਲੋਕ ਨੇਮ ਅਨੁਸਾਰ ਜਿਵੇਂ ਹਿਦਾਇਤ ਹੈ, ਉਸੇ ਸਹੀ ਤਰੀਕੇ ਨਾਲ ਤੇਰੀ ਸੇਵਾ ਕਰਨਾ ਚਾਹੁੰਦੇ ਸਨ, ਪਰ ਇਹ ਆਪਣੇ-ਆਪ ਨੂੰ ਉਸ ਸਹੀ ਢੰਗ ਨਾਲ ਸਾਫ਼ ਨਹੀਂ ਕਰ ਸੱਕੇ, ਇਸ ਲਈ ਕਿਰਪਾ ਕਰਕੇ ਉਨ੍ਹਾਂ ਨੂੰ ਹੇ ਪਰਮੇਸ਼ੁਰ ਖਿਮਾ ਕਰੀਂ। ਤੂੰ ਉਹ ਪਰਮੇਸ਼ੁਰ ਹੈਂ ਜਿਸ ਨੂੰ ਸਾਡੇ ਪੁਰਖਿਆਂ ਨੇ ਮੰਨਿਆ ਸੀ। ਜੇਕਰ ਕੋਈ ਆਪਣੇ ਆਪ ਨੂੰ ਉਸ ਤਰੀਕੇ ਨਾਲ ਸਾਫ਼ ਨਹੀਂ ਕਰ ਸੱਕਿਆ ਜਿਵੇਂ ਅੱਤ ਪਵਿੱਤਰ ਅਸਥਾਨ ਦਾ ਨਿਯਮ ਆਖਦਾ ਹੈ, ਤੂੰ ਉਨ੍ਹਾਂ ਨੂੰ ਵੀ ਖਿਮਾ ਕਰੀਂ।” 20 ਯਹੋਵਾਹ ਨੇ ਹਿਜ਼ਕੀਯਾਹ ਪਾਤਸ਼ਾਹ ਦੀ ਪ੍ਰਾਰਥਨਾ ਸੁਣ ਲਈ ਅਤੇ ਉਨ੍ਹਾਂ ਲੋਕਾਂ ਨੂੰ ਖਿਮਾਂ ਕਰ ਦਿੱਤਾ। 21 ਇਸਰਾਏਲ ਦੇ ਬਾਲਕ ਜਿਹੜੇ ਯਰੂਸ਼ਲਮ ਵਿੱਚ ਮੌਜੂਦ ਸਨ, ਉਨ੍ਹਾਂ ਨੇ ਵੱਡੀ ਖੁਸ਼ੀ ਨਾਲ ਸੱਤ ਦਿਨ ਪਤੀਰੀ ਰੋਟੀ ਦਾ ਪਰਬ ਮਨਾਇਆ। ਲੇਵੀ ਅਤੇ ਜਾਜਕ ਉੱਚੇ ਸੁਰ ਵਿੱਚ ਵਾਜਿਆਂ ਦੇ ਨਾਲ ਯਹੋਵਾਹ ਦੇ ਦਰਬਾਰ ਵਿੱਚ ਹਰ ਰੋਜ਼ ਗਾ-ਗਾ ਕੇ ਉਸਦੀ ਉਸਤਤ ਕਰਦੇ ਰਹੇ। 22 ਹਿਜ਼ਕੀਯਾਹ ਪਾਤਸ਼ਾਹ ਨੇ ਸਾਰੇ ਲੇਵੀਆਂ ਨੂੰ ਬੜਾ ਉਤਸਾਹ ਦਿੱਤਾ ਕਿਉਂ ਕਿ ਉਹ ਯਹੋਵਾਹ ਦੀ ਸੇਵਾ ਕਰਨੀ ਖੂਬ ਜਾਣਦੇ ਸਨ ਕਿ ਕਿਵੇਂ ਕਰਨੀ ਚਾਹੀਦੀ ਹੈ। ਲੋਕਾਂ ਨੇ ਸੱਤ ਦਿਨ ਇਹ ਪਰਬ ਮਨਾਇਆ ਅਤੇ ਸੁੱਖ-ਸਾਂਦ ਦੀਆਂ ਭੇਟਾਂ ਚੜ੍ਹਾਈਆਂ ਅਤੇ ਆਪਣੇ ਪੁਰਖਿਆਂ ਦੇ ਯਹੋਵਾਹ ਪਰਮੇਸ਼ੁਰ ਲਈ ਧੰਨਵਾਦ ਕਰਦੇ ਰਹੇ।
23 ਸਾਰੇ ਲੋਕੀਂ ਸੱਤ ਦਿਨ ਹੋਰ ਉੱਥੇ ਰਹਿਣ ਲਈ ਤਿਆਰ ਹੋ ਗਏ। ਸੱਤ ਦਿਨ ਹੋਰ ਪਸਹ ਦਾ ਪਰਬ ਮਣਾਕੇ ਉਨ੍ਹਾਂ ਖੂਬ ਆਨੰਦ ਮਾਣਿਆ। 24 ਯਹੂਦਾਹ ਦੇ ਪਾਤਸ਼ਾਹ ਹਿਜ਼ਕੀਯਾਹ ਨੇ 1,000 ਬਲਦ, ਤੇ 7,000 ਭੇਡਾਂ ਸਭਾ ਨੂੰ ਮਾਰਨ ਤੇ ਖਾਣ ਲਈ ਦਿੱਤੀਆਂ ਅਤੇ ਸਰਦਾਰਾਂ ਨੇ ਵੀ 1,000 ਬਲਦ ਅਤੇ 10,000 ਭੇਡਾਂ ਸਭਾ ਨੂੰ ਦਿੱਤੀਆਂ। ਬਹੁਤ ਸਾਰੇ ਜਾਜਕ ਵੀ ਪਵਿੱਤਰ ਸੇਵਾ ਲਈ ਤਿਆਰ ਹੋ ਗਏ। 25 ਯਹੂਦਾਹ ਦੀ ਸਾਰੀ ਸਭਾ, ਜਾਜਕ, ਲੇਵੀ ਅਤੇ ਉਹ ਸਾਰੀ ਸਭਾ ਜੋ ਇਸਰਾਏਲ ਤੋਂ ਆਈ ਅਤੇ ਉਹ ਸਾਰੇ ਯਾਤਰੀ ਜੋ ਇਸਰਾਏਲ ਤੋਂ ਆਏ ਅਤੇ ਜਿਹੜੇ ਯਹੂਦਾਹ ’ਚ ਰਹਿੰਦੇ ਸਨ ਇਹ ਸਾਰੇ ਹੀ ਲੋਕ ਬੜੇ ਖੁਸ਼ ਸਨ। 26 ਯਰੂਸ਼ਲਮ ਵਿੱਚ ਖੁਸ਼ੀ ਛਾਈ ਹੋਈ ਸੀ ਕਿਉਂ ਕਿ ਇਸਰਾਏਲ ਦੇ ਪਾਤਸ਼ਾਹ ਦਾਊਦ ਦੇ ਪੁੱਤਰ ਸੁਲੇਮਾਨ ਦੇ ਦਿਨਾਂ ਤੋਂ ਯਰੂਸ਼ਲਮ ਵਿੱਚ ਅਜਿਹੀ ਖੁਸ਼ੀ ਕਦੇ ਨਹੀਂ ਮਨਾਈ ਗਈ ਸੀ। 27 ਜਾਜਕ ਅਤੇ ਲੇਵੀ ਖੜ੍ਹੇ ਹੋਏ ਅਤੇ ਯਹੋਵਾਹ ਨੂੰ ਲੋਕਾਂ ਨੂੰ ਅਸੀਸ ਦੇਣ ਲਈ ਹੁਕਮ ਲਿਆ ਤਾਂ ਪਰਮੇਸ਼ੁਰ ਨੇ ਉਨ੍ਹਾਂ ਦੀ ਸੁਣੀ ਅਤੇ ਉਨ੍ਹਾਂ ਦੀ ਪ੍ਰਾਰਥਨਾ ਯਹੋਵਾਹ ਦੇ ਪਵਿੱਤਰ ਗ੍ਰਹਿ ਵਿੱਚ ਸੁਰਗਾਂ ਤੀਕ ਸੁਣੀ ਗਈ।
ਪਾਤਸ਼ਾਹ ਹਿਜ਼ਕੀਯਾਹ ਸੁਧਾਰ ਕਰਦਾ ਹੈ
31 ਜਦੋਂ ਪਸਹ ਦਾ ਪਰਬ ਸਮਾਪਤ ਹੋਇਆ ਤਾਂ ਸਾਰੇ ਇਸਰਾਏਲੀ ਜੋ ਹਾਜ਼ਰ ਸਨ, ਯਹੂਦਾਹ ਦੇ ਸ਼ਹਿਰਾਂ ਵਿੱਚ ਗਏ। ਅਤੇ ਉਨ੍ਹਾਂ ਸ਼ਹਿਰਾਂ ਵਿੱਚ ਜਿਹੜੇ ਪੱਥਰ ਦੇ ਬੁੱਤ ਦੇਵਤਿਆਂ ਦੇ ਬਣੇ ਹੋਏ ਸਨ ਉਨ੍ਹਾਂ ਨੇ ਚੂਰਾ-ਚੂਰਾ ਕਰ ਦਿੱਤੇ। ਉਨ੍ਹਾਂ ਲੋਕਾਂ ਨੇ ਅਸ਼ੀਰਾ ਦੇ ਥੰਮਾਂ ਨੂੰ ਵੀ ਢਾਹ ਸੁੱਟਿਆ। ਉੱਨ੍ਹਾਂ ਨੇ ਯਹੂਦਾਹ ਅਤੇ ਬਿਨਯਾਮੀਨ ਦੇ ਸ਼ਹਿਰਾਂ ਵਿੱਚੋਂ ਉਚਿਆਂ ਥਾਵਾਂ ਅਤੇ ਜਗਵੇਦੀਆਂ ਨੂੰ ਵੀ ਢਾਹ ਸੁੱਟਿਆ। ਲੋਕਾਂ ਨੇ ਅਫ਼ਰਈਮ ਅਤੇ ਮਨੱਸ਼ਹ ਦੇ ਸ਼ਹਿਰਾਂ ਵਿੱਚ ਵੀ ਅਜਿਹਾ ਹੀ ਕੀਤਾ। ਉਹ ਲੋਕ ਇਹ ਢਾਹਾ-ਢੁਹਾਈ ਤਦ ਤੀਕ ਕਰਦੇ ਰਹੇ ਜਦ ਤੀਕ ਸ਼ਹਿਰਾਂ ਵਿੱਚੋਂ ਝੂਠੇ ਦੇਵਤਿਆਂ ਦੀ ਉਪਾਸਨਾ ਦੇ ਥਾਵਾਂ ਨੂੰ ਉਨ੍ਹਾਂ ਖਤਮ ਨਾ ਕਰ ਦਿੱਤਾ। ਉਪਰੰਤ ਸਾਰੇ ਇਸਰਾਏਲੀ ਆਪਣੇ-ਆਪਣੇ ਸ਼ਹਿਰਾਂ ਵਿੱਚ ਆਪਣੇ ਘਰਾਂ ਨੂੰ ਪਰਤ ਗਏ।
2 ਜਾਜਕਾਂ ਅਤੇ ਲੇਵੀਆਂ ਨੂੰ ਦਲਾਂ ਵਿੱਚ ਵੰਡਿਆਂ ਗਿਆ ਅਤੇ ਹਰ ਦਲ ਦਾ ਆਪੋ-ਆਪਣਾ ਕੰਮ ਸੀ ਜਿਹੜਾ ਉਨ੍ਹਾਂ ਨੂੰ ਸੌਂਪਿਆ ਗਿਆ। ਤਾਂ ਪਾਤਸ਼ਾਹ ਨੇ ਇਨ੍ਹਾਂ ਦਲਾਂ ਨੂੰ ਮੁੜ ਤੋਂ ਆਪੋ-ਆਪਣਾ ਕਾਰਜ ਸ਼ੁਰੂ ਕਰਨ ਨੂੰ ਕਿਹਾ। ਤਾਂ ਜਾਜਕਾਂ ਅਤੇ ਲੇਵੀਆਂ ਨੇ ਮੁੜ ਤੋਂ ਹੋਮ ਦੀਆਂ ਭੇਟਾਂ ਅਤੇ ਸੁੱਖ-ਸਾਂਦ ਦੀਆਂ ਭੇਟਾਂ ਦਾ ਕਾਰਜ ਸ਼ੁਰੂ ਕੀਤਾ। ਅਤੇ ਲੇਵੀਆਂ ਨੇ ਮੰਦਰ ਵਿੱਚਲੀ ਸੇਵਾ, ਗਾਉਣ-ਵਜਾਉਣ ਅਤੇ ਪਰਮੇਸ਼ੁਰ ਦੇ ਜਸ ਦਾ ਗਾਨ ਯਹੋਵਾਹ ਦੇ ਭਵਨ ਤੋਂ ਫਾਟਕਾਂ ਤੀਕ ਦਾ ਕਾਰਜ ਸ਼ੁਰੂ ਕੀਤਾ। 3 ਹਿਜ਼ਕੀਯਾਹ ਨੇ ਹੋਮ ਦੀਆਂ ਭੇਟਾਂ ਲਈ ਕੁਝ ਆਪਣੇ ਜਾਨਵਰ ਵੀ ਭੇਟ ਕੀਤੇ। ਇਹ ਜਾਨਵਰ ਸਵੇਰ ਅਤੇ ਸ਼ਾਮ ਦੀਆਂ ਹੋਮ ਭੇਟਾਂ ਲਈ ਵਰਤੇ ਜਾਂਦੇ ਸਨ। ਇਹ ਜਾਨਵਰ ਸਬਤ ਦੇ ਦਿਨ, ਅਮਸਿਆ ਦੇ ਪਰਬ ਅਤੇ ਹੋਰ ਖਾਸ ਪਰਬਾਂ ਤੇ ਭੇਟ ਕੀਤੇ ਜਾਂਦੇ ਸਨ। ਇਹ ਸਭ ਕੁਝ ਉਵੇਂ ਹੁੰਦਾ ਜਿਵੇਂ ਯਹੋਵਾਹ ਦੀ ਬਿਵਸਥਾ ਵਿੱਚ ਲਿਖਿਆ ਹੈ।
4 ਲੋਕਾਂ ਨੂੰ ਆਪਣੀਆਂ ਫ਼ਸਲਾਂ ਅਤੇ ਹੋਰ ਵਸਤਾਂ ਵਿੱਚੋਂ ਕੁਝ ਹਿੱਸਾ ਜਾਜਕਾਂ ਅਤੇ ਲੇਵੀਆਂ ਨੂੰ ਵੀ ਦੇਣਾ ਪੈਂਦਾ ਸੀ। ਹਿਜ਼ਕੀਯਾਹ ਦਾ ਯਰੂਸ਼ਲਮ ਵਿੱਚ ਰਹਿੰਦੇ ਲੋਕਾਂ ਨੂੰ ਇਹ ਹੁਕਮ ਸੀ ਕਿ ਉਹ ਆਪਣੇ ਹਿੱਸੇ ਵਿੱਚੋਂ ਉਨ੍ਹਾਂ ਨੂੰ ਵੀ ਦੇਣ। ਇਸ ਤਰ੍ਹਾਂ ਜਾਜਕ ਅਤੇ ਲੇਵੀ ਯਹੋਵਾਹ ਦੀ ਬਿਵਸਥਾ ਵਿੱਚ ਸਾਰਾ ਦਿਨ ਉਸ ਬਿਵਸਥਾ ਅਨੁਸਾਰ ਕੰਮ ਕਰਦੇ ਸਨ। 5 ਸਾਰੇ ਦੇਸ਼ ਵਿੱਚ ਇਸ ਹੁਕਮ ਦੀ ਖਬਰ ਫ਼ੈਲ ਗਈ। ਤਦ ਇਸਰਾਏਲ ਦੇ ਲੋਕਾਂ ਨੇ ਅਨਾਜ ਦੀ ਫ਼ਸਲ ਦਾ ਪਹਿਲਾ ਹਿੱਸਾ, ਅੰਗਰੂ, ਤੇਲ, ਸ਼ਹਿਦ ਅਤੇ ਹੋਰ ਜੋ ਕੁਝ ਵੀ ਉਹ ਆਪਣੇ ਖੇਤਾਂ ਵਿੱਚ ਪੈਦਾ ਕਰਦੇ ਸਨ ਦੇਣਾ ਸ਼ੁਰੂ ਕੀਤਾ। ਉਹ ਇਨ੍ਹਾਂ ਸਭਨਾਂ ਵਸਤਾਂ ਦਾ ਦਸਵੰਧ ਲੈ ਕੇ ਆਉਂਦੇ। 6 ਇਸਰਾਏਲ ਅਤੇ ਯਹੂਦਾਹ ਦੇ ਮਨੁੱਖ ਜੋ ਯਹੂਦਾਹ ਦੇ ਸ਼ਹਿਰਾਂ ਵਿੱਚ ਰਹਿੰਦੇ ਸਨ ਉਹ ਵੀ ਆਪਣੇ ਪਸ਼ੂਆਂ ਦਾ ਦਸਵੰਧ ਲੈ ਕੇ ਆਉਂਦੇ ਸਨ। ਉਹ ਉਨ੍ਹਾਂ ਪਵਿੱਤਰ ਵਸਤਾਂ ਦਾ ਦਸਵੰਧ ਜੋ ਯਹੋਵਾਹ ਉਨ੍ਹਾਂ ਦੇ ਪਰਮੇਸ਼ੁਰ ਲਈ ਪਵਿੱਤਰ ਕੀਤੀ ਹੋਈਆਂ ਸਨ ਉਹ ਵੀ ਲਿਆਏ ਅਤੇ ਲਿਆ ਕੇ ਉਨ੍ਹਾਂ ਦੇ ਢੇਰ ਲਗਾ ਦਿੱਤੇ।
7 ਲੋਕਾਂ ਨੇ ਇਹ ਵਸਤਾਂ ਤੀਜੇ ਮਹੀਨੇ ਵਿੱਚ ਲਿਆਉਣੀਆਂ ਸ਼ੁਰੂ ਕੀਤੀਆਂ ਅਤੇ ਸੱਤਵੇਂ ਮਹੀਨੇ ਵਿੱਚ ਇਹ ਸਭ ਵਸਤਾਂ ਲਿਆਉਣੀਆਂ ਬੰਦ ਕਰ ਦਿੱਤੀਆਂ। 8 ਜਦੋਂ ਪਾਤਸ਼ਾਹ ਹਿਜ਼ਕੀਯਾਹ ਅਤੇ ਸਰਦਾਰ ਆਏ, ਤਾਂ ਉਨ੍ਹਾਂ ਨੇ ਵਸਤਾਂ ਦੇ ਅੰਬਾਰ ਲੱਗੇ ਦੇਖੇ। ਤਾਂ ਉਨ੍ਹਾਂ ਨੇ ਯਹੋਵਾਹ ਅਤੇ ਉਸ ਦੇ ਲੋਕਾਂ, ਇਸਰਾਏਲੀਆਂ ਦੀ ਉਸਤਤ ਕੀਤੀ।
9 ਤਦ ਪਾਤਸ਼ਾਹ ਨੇ ਜਾਜਕਾਂ ਅਤੇ ਲੇਵੀਆਂ ਕੋਲੋਂ ਵਸਤਾਂ ਦੇ ਢੇਰਾਂ ਬਾਰੇ ਪੁੱਛਿਆ। 10 ਤਾਂ ਅਜ਼ਰਯਾਹ ਜੋ ਪਰਧਾਨ ਜਾਜਕ ਅਤੇ ਜੋ ਸਾਦੋਕ ਦੇ ਘਰਾਣੇ ਦਾ ਸੀ, ਨੇ ਉਸ ਨੂੰ ਆਖਿਆ, “ਜਦੋਂ ਤੋਂ ਯਹੋਵਾਹ ਦੇ ਮੰਦਰ ਵਿੱਚ ਚੁੱਕਣ ਦੀਆਂ, ਭੇਟਾ ਲਿਆਉਣੀਆਂ ਸ਼ੁਰੂ ਕੀਤੀਆਂ ਹਨ, ਤਦ ਤੋਂ ਅਸੀਂ ਬਹੁਤ ਕੁਝ ਖਾਂਦੇ ਰਹੇ ਹਾਂ ਅਤੇ ਢੇਰ ਸਾਰਾ ਬਚ ਵੀ ਰਿਹਾ ਹੈ ਕਿਉਂ ਕਿ ਯਹੋਵਾਹ ਨੇ ਆਪਣੇ ਲੋਕਾਂ ਨੂੰ ਬਰਕਤ ਬਖਸ਼ੀ ਹੈ। ਇਹੀ ਕਾਰਨ ਹੈ ਕਿ ਅਜੇ ਵੀ ਇੰਨਾ ਢੇਰ ਬਚਿਆ ਪਿਆ ਹੈ।”
11 ਤਦ ਹਿਜ਼ਕੀਯਾਹ ਨੇ ਜਾਜਕਾਂ ਨੂੰ ਯਹੋਵਾਹ ਦੇ ਮੰਦਰ ਵਿੱਚ ਗੋਦਾਮ ਤਿਆਰ ਕਰਾਉਣ ਦਾ ਹੁਕਮ ਦਿੱਤਾ। ਤਾਂ ਅਜਿਹਾ ਹੀ ਕੀਤਾ ਗਿਆ। 12 ਉਹ ਚੁੱਕਣ ਦੀਆਂ ਭੇਟਾਂ ਅਤੇ ਦਸਵੰਧ ਅਤੇ ਪਵਿੱਤਰ ਕੀਤੀਆਂ ਹੋਈਆਂ ਚੀਜ਼ਾਂ ਸਿਆਣਪ ਨਾਲ ਯਹੋਵਾਹ ਦੇ ਮੰਦਰ ਦੇ ਗੋਦਾਮਾਂ ਵਿੱਚ ਸੰਭਾਲਿਆ ਗਿਆ। ਇਹ ਸਾਰੀ ਚੜ੍ਹਤ ਦਾ ਕਾਨਨਯਾਹ ਲੇਵੀ ਹਾਕਮ ਸੀ ਅਤੇ ਦੂਜੇ ਨੰਬਰ ਤੇ ਸ਼ਮਈ ਸੀ ਜੋ ਇਸ ਸਭ ਦਾ ਹਾਕਮ ਸੀ। ਸ਼ਮਈ ਕਾਨਨਯਾਹ ਦਾ ਭਰਾ ਸੀ। 13 ਕਾਨਨਯਾਹ ਅਤੇ ਉਸਦਾ ਭਰਾ ਸ਼ਮਈ ਇਨ੍ਹਾਂ ਲੋਕਾਂ ਉੱਪਰ ਹਾਕਮ ਸਨ: ਯਹੀਏਲ, ਅਜ਼ਜ਼ਯਾਹ, ਨਹਥ, ਅਸਾਹੇਲ, ਯਰੀਮੋਥ, ਯੋਜ਼ਾਬਾਦ, ਏਲੀਏਲ, ਯਿਸਮਕਯਾਹ, ਮਹਥ ਅਤੇ ਬਨਾਯਾਹ। ਹਿਜ਼ਕੀਯਾਹ ਪਾਤਸ਼ਾਹ ਅਤੇ ਯਹੋਵਾਹ ਦੇ ਮੰਦਰ ਦਾ ਕਰਮਚਾਰੀ ਅਜ਼ਰਯਾਹ ਨੇ ਉਨ੍ਹਾਂ ਆਦਮੀਆਂ ਨੂੰ ਚੁਣਿਆ।
14 ਯਿਮਨਾਹ ਦਾ ਪੁੱਤਰ ਕੋਰੇ ਲੇਵੀ ਦੇ ਪੂਰਬੀ ਫ਼ਾਟਕ ਉੱਪਰ ਦਰਬਾਨ ਸੀ। ਉਹ ਯਹੋਵਾਹ ਦੀਆਂ ਖੁਸ਼ੀ ਦੀਆਂ ਭੇਟਾ, ਵੰਡਵਾਈ, ਦਾਨ ਅਤੇ ਯਹੋਵਾਹ ਨੂੰ ਚੜ੍ਹਾਈਆਂ ਪਵਿੱਤਰ ਸੁਗਾਤਾਂ ਦੀ ਦੇਖਭਾਲ ਕਰਨ ਲਈ ਨਿਯੁਕਤ ਕੀਤਾ ਗਿਆ ਸੀ। 15 ਅਦਨ, ਮਿਨਯਾਮੀਨ, ਯੇਸ਼ੂਆ, ਸ਼ਮਅਯਾਹ, ਅਮਰਯਾਹ ਅਤੇ ਸ਼ਕਨਯਾਹ ਕੋਰੇ ਦੀ ਮਦਦ ਲਈ ਸਨ। ਇਨ੍ਹਾਂ ਆਦਮੀਆਂ ਨੇ ਸ਼ਹਿਰਾਂ ਵਿੱਚ ਜਿੱਥੇ ਜਾਜਕ ਰਹਿੰਦੇ ਸਨ, ਬੜੀ ਵਫ਼ਾਦਾਰੀ ਨਾਲ ਸੇਵਾ ਕੀਤੀ। ਉਹ ਜਾਜਕਾਂ ਦੇ ਹਰ ਦਲ ਵਿੱਚ, ਉਨ੍ਹਾਂ ਦੇ ਸਬੰਧੀਆਂ ਨੂੰ ਚਾਹੇ ਉਹ ਵੱਡਾ ਸੀ ਜਾਂ ਛੋਟਾ ਸਭ ਨੂੰ ਬਰਾਬਰੀ ਨਾਲ ਵਾਰੀ ਮੁਤਾਬਕ ਵਫ਼ਾਦਾਰੀ ਨਾਲ਼ ਹਿੱਸਾ ਦਿੰਦੇ ਸਨ।
16 ਇਨ੍ਹਾਂ ਤੋਂ ਇਲਾਵਾ ਉਨ੍ਹਾਂ ਨੇ ਤਿੰਨਾਂ ਸਾਲਾਂ ਦੇ ਜਾਂ ਤਿੰਨਾਂ ਸਾਲਾਂ ਦੇ ਉੱਪਰ ਜੋ ਆਦਮੀ ਸਨ ਅਤੇ ਜਿਨ੍ਹਾਂ ਦਾ ਲੇਵੀ ਘਰਾਣੇ ਦੇ ਇਤਹਾਸ ਵਿੱਚ ਨਾਂ ਦਰਜ ਸੀ, ਉਨ੍ਹਾਂ ਨੂੰ ਵੀ ਵਸਤਾਂ ਵਿੱਚੋਂ ਹਿੱਸਾ ਦਿੱਤਾ। ਇਨ੍ਹਾਂ ਸਾਰੇ ਆਦਮੀਆਂ ਨੂੰ ਯਹੋਵਾਹ ਦੇ ਮੰਦਰ ਵਿੱਚ ਰੋਜ਼ਾਨਾ ਸੇਵਾ ਕਰਨ ਲਈ ਜਾਣਾ ਹੁੰਦਾ ਸੀ, ਜਿਹੜੀ ਕਿ ਉਨ੍ਹਾਂ ਨੂੰ ਸੌਂਪੀ ਗਈ ਹੁੰਦੀ ਸੀ। ਹਰ ਲੇਵੀ ਦਲ ਦੀ ਆਪੋ-ਆਪਣੀ ਜੁੰਮੇਵਾਰੀ ਸੀ। 17 ਜਾਜਕਾਂ ਨੂੰ ਵੀ ਉਨ੍ਹਾਂ ਦਾ ਹਿੱਸਾ ਬਰਾਬਰ ਮਿਲਦਾ। ਇਹ ਉਵੇਂ ਹੋਇਆ ਜਿਵੇਂ ਉਹ ਘਰਾਣਿਆਂ ਦੇ ਇਤਹਾਸ ਦੀ ਸੂਚੀ ਵਿੱਚ ਜੋ ਜਾਜਕਾਂ ਵਿੱਚ ਗਿਣੇ ਗਏ ਸਨ ਅਤੇ ਲੇਵੀਆਂ ਨੂੰ ਵੀ ਜੋ ਵੀਹਾਂ ਸਾਲਾਂ ਦੇ ਜਾਂ ਇਸ ਤੋਂ ਉੱਪਰ ਦੇ ਸਨ ਅਤੇ ਆਪਣੀ ਵਾਰੀ ਉੱਤੇ ਸੇਵਾ ਕਰਦੇ ਸਨ। 18 ਲੇਵੀਆਂ ਦੇ ਬਾਲਾਂ, ਤੀਵੀਆਂ, ਪੁੱਤਰਾਂ ਅਤੇ ਧੀਆਂ ਨੂੰ ਵੀ ਇਸ ਢੇਰ ਵਿੱਚੋਂ ਹਿੱਸਾ ਮਿਲਿਆ। ਇਹ ਹਿੱਸਾ ਉਨ੍ਹਾਂ ਸਾਰੇ ਲੇਵੀਆਂ ਨੂੰ ਮਿਲਿਆ, ਜਿਨ੍ਹਾਂ ਦਾ ਨਾਂ ਘਰਾਣੇ ਦੇ ਇਤਹਾਸ ਵਿੱਚ ਅੰਕਿਤ ਸੀ। ਕਿਉਂ ਕਿ ਲੇਵੀ ਹਮੇਸ਼ਾ ਆਪਣੇ-ਆਪ ਨੂੰ ਪਵਿੱਤਰ ਅਤੇ ਯਹੋਵਾਹ ਦੀ ਸੇਵਾ ਲਈ ਤਿਆਰ ਰੱਖਦੇ ਸਨ ਅਤੇ ਉਸ ਲਈ ਵਫਾਦਾਰੀ ਨਾਲ ਕੰਮ ਕਰਦੇ ਸਨ।
19 ਕੁਝ ਹਾਰੂਨ ਦੇ ਉੱਤਰਾਧਿਕਾਰੀਆਂ, ਜਾਜਕਾਂ ਦੇ ਸ਼ਹਿਰਾਂ ਕੋਲ ਖੇਤ ਸਨ ਜਿੱਥੇ ਕਿ ਲੇਵੀ ਰਹਿ ਰਹੇ ਸਨ ਅਤੇ ਕੁਝ ਹਾਰੂਨ ਦੇ ਉੱਤਰਾਧਿਕਾਰੀ ਸ਼ਹਿਰਾਂ ਵਿੱਚ ਵੀ ਰਹਿੰਦੇ ਸਨ। ਕਈਆਂ ਆਦਮੀਆਂ ਦੇ ਨਾਉਂ ਦਸ ਦਿੱਤੇ ਗਏ ਕਿ ਉਸ ਹਰ ਸ਼ਹਿਰ ਵਿੱਚ ਹਾਰੂਨ ਦੇ ਉੱਤਰਾਧਿਕਾਰੀਆਂ ਨੂੰ ਵੀ ਇਸ ਢੇਰ ਦਾ ਹਿੱਸਾ ਮਿਲੇ। ਤਾਂ ਉਨ੍ਹਾਂ ਸਾਰੇ ਆਦਮੀਆਂ ਅਤੇ ਉਨ੍ਹਾਂ ਸਾਰੇ ਮਨੁੱਖਾਂ ਜਿਨ੍ਹਾਂ ਦਾ ਲੇਵੀਆਂ ਦੇ ਘਰਾਣੇ ਦੇ ਇਤਹਾਸ ਵਿੱਚ ਨਾਂ ਅੰਕਿਤ ਸੀ, ਨੂੰ ਇਸ ਢੇਰ ਦਾ ਹਿੱਸਾ ਪ੍ਰਾਪਤ ਹੋਇਆ।
20 ਇਉਂ ਹਿਜ਼ਕੀਯਾਹ ਪਾਤਸ਼ਾਹ ਨੇ ਸਾਰੇ ਯਹੂਦਾਹ ਵਿੱਚੋਂ ਅਜਿਹੇ ਨੇਕ ਕੰਮ ਕੀਤੇ। ਉਸ ਨੇ ਜੋ ਕੰਮ ਨੇਕ ਅਤੇ ਠੀਕ ਸੀ ਉਹੀ ਕੀਤੇ ਅਤੇ ਯਹੋਵਾਹ ਉਸ ਦੇ ਪਰਮੇਸ਼ੁਰ ਅੱਗੇ ਹਮੇਸ਼ਾ ਵਫ਼ਾਦਾਰ ਰਿਹਾ। 21 ਉਸ ਨੇ ਜਿਹੜਾ ਵੀ ਕੰਮ ਸ਼ੁਰੂ ਕੀਤਾ, ਉਸ ਨੂੰ ਸਫ਼ਲਤਾ ਮਿਲੀ। ਭਾਵ ਸੇਵਾ, ਬਿਵਸਥਾ, ਹੁਕਮ ਅਤੇ ਪਰਮੇਸ਼ੁਰ ਦੀ ਭਾਲ ਇਹ ਸਾਰੇ ਕਾਰਜ ਉਸ ਨੇ ਦਿਲੋਂ ਕੀਤੇ ਅਤੇ ਉਸ ਨੂੰ ਸਫ਼ਲਤਾ ਮਿਲੀ।
2010 by World Bible Translation Center