Print Page Options
Previous Prev Day Next DayNext

Beginning

Read the Bible from start to finish, from Genesis to Revelation.
Duration: 365 days
Punjabi Bible: Easy-to-Read Version (ERV-PA)
Version
2 ਇਤਹਾਸ 21-24

21 ਤਦ ਯਹੋਸ਼ਾਫ਼ਾਟ ਦੀ ਮੌਤ ਹੋ ਗਈ ਅਤੇ ਉਹ ਆਪਣੇ ਪੁਰਖਿਆਂ ਦੇ ਕੋਲ ਹੀ ਦਫ਼ਨਾਇਆ ਗਿਆ। ਉਸ ਨੂੰ ਦਾਊਦ ਦੇ ਸ਼ਹਿਰ ਵਿੱਚ ਦਫ਼ਨਾਇਆ ਗਿਆ ਤੇ ਉਸਦੀ ਥਾਵੇਂ ਉਸਦਾ ਪੁੱਤਰ ਯਹੋਰਾਮ ਰਾਜ ਕਰਨ ਲੱਗਾ। ਯਹੋਸ਼ਾਫ਼ਾਟ ਦੇ ਪੁੱਤਰ ਅਜ਼ਰਯਾਹ, ਯਹੀਏਲ, ਜ਼ਕਰਯਾਹ, ਅਜ਼ਰਯਾਹ, ਮੀਕਾਏਲ ਅਤੇ ਸਫ਼ਟਯਾਹ ਸਨ। ਇਹ ਸਾਰੇ ਇਸਰਾਏਲ ਦੇ ਪਾਤਸ਼ਾਹ ਯਹੋਸ਼ਾਫ਼ਾਟ ਦੇ ਪੁੱਤਰ ਅਤੇ ਯਹੋਰਾਮ ਦੇ ਭਰਾ ਸਨ। ਯਹੋਸ਼ਾਫ਼ਾਟ ਨੇ ਆਪਣੇ ਪੁੱਤਰਾਂ ਨੂੰ ਸੋਨਾ-ਚਾਂਦੀ, ਬਹੁ-ਮੁੱਲੀਆਂ ਵਸਤਾਂ ਦੇ ਵੱਡੇ ਇਨਾਮ ਅਤੇ ਯਹੂਦਾਹ ਦੇ ਗੜ੍ਹ ਵਾਲੇ ਸ਼ਹਿਰ ਦਿੱਤੇ ਪਰ ਰਾਜ ਯਹੋਰਾਮ ਨੂੰ ਦਿੱਤਾ। ਕਿਉਂ ਕਿ ਯਹੋਰਾਮ ਉਸਦਾ ਸਭ ਤੋਂ ਵੱਡਾ ਪੁੱਤਰ ਸੀ।

ਯਹੂਦਾਹ ਦਾ ਪਾਤਸ਼ਾਹ ਯਹੋਰਾਮ

ਯਹੋਰਾਮ ਨੇ ਆਪਣੇ ਪਿਤਾ ਦਾ ਰਾਜ ਸੰਭਾਲ ਕੇ ਆਪਣੇ-ਆਪ ਨੂੰ ਮਜ਼ਬੂਤ ਕੀਤਾ। ਫ਼ਿਰ ਉਸ ਨੇ ਆਪਣੇ ਸਾਰੇ ਭਰਾਵਾਂ ਨੂੰ ਤਲਵਾਰ ਨਾਲ ਵੱਢ ਸੁੱਟਿਆ। ਇਹੀ ਨਹੀਂ ਉਸ ਨੇ ਇਸਰਾਏਲ ਦੇ ਕਈ ਆਗੂਆਂ ਨੂੰ ਵੀ ਵੱਢ ਸੁੱਟਿਆ। ਜਦੋਂ ਯਹੋਰਾਮ ਰਾਜ ਕਰਨ ਲੱਗਾ ਉਹ 32 ਵਰ੍ਹਿਆਂ ਦਾ ਸੀ। ਉਸ ਨੇ ਯਰੂਸ਼ਲਮ ਵਿੱਚ ਅੱਠ ਸਾਲ ਰਾਜ ਕੀਤਾ। ਯਹੋਰਾਮ ਅਹਾਬ ਦੇ ਘਰਾਣੇ ਵਾਂਗ ਇਸਰਾਏਲ ਦੇ ਪਾਤਸ਼ਾਹ ਦੇ ਰਾਹਾਂ ਉੱਪਰ ਹੀ ਤੁਰਿਆ ਕਿਉਂ ਕਿ ਉਹ ਅਹਾਬ ਦੀ ਧੀ ਨਾਲ ਵਿਆਹਿਆ ਸੀ ਅਤੇ ਉਸ ਨੇ ਉਹੀ ਕੁਝ ਕੀਤਾ ਜੋ ਯਹੋਵਾਹ ਦੀ ਨਿਗਾਹ ਵਿੱਚ ਬਦ ਸੀ। ਪਰ ਯਹੋਵਾਹ ਦਾਊਦ ਦੇ ਘਰਾਣੇ ਨੂੰ ਨਸ਼ਟ ਨਹੀਂ ਕਰੇਗਾ। ਕਿਉਂ ਕਿ ਉਸ ਨੇ ਦਾਊਦ ਨਾਲ ਇਕਰਾਰਨਾਮਾ ਕੀਤਾ ਸੀ ਕਿ ਹਮੇਸ਼ਾ ਉਸ ਦੇ ਪਰਿਵਾਰ ਵਿੱਚੋਂ ਇੱਕ ਆਦਮੀ ਪਾਤਸ਼ਾਹ ਬਣੇਗਾ।

ਯਹੋਰਾਮ ਦੇ ਸਮੇਂ ਅਦੋਮੀ ਯਹੂਦਾਹ ਦੇ ਰਾਜ ਤੋਂ ਆਕੀ ਹੋ ਗਏ ਅਤੇ ਉਨ੍ਹਾਂ ਆਪਣਾ ਇੱਕ ਹੋਰ ਪਾਤਸ਼ਾਹ ਆਪੇ ਠਹਿਰਾ ਲਿਆ। ਤਦ ਯਹੋਰਾਮ ਆਪਣੇ ਸਰਦਾਰਾਂ ਅਤੇ ਸਾਰੇ ਰਥਾਂ ਨੂੰ ਲੈ ਕੇ ਬਾਹਰ ਨਿਕਲਿਆ ਅਤੇ ਰਾਤ ਨੂੰ ਉੱਠ ਕੇ ਉਨ੍ਹਾਂ ਅਦੋਮੀਆਂ ਨੂੰ, ਜਿਨ੍ਹਾਂ ਨੇ ਉਸ ਨੂੰ ਉਸ ਦੇ ਰਥਾਂ ਨੂੰ ਅਤੇ ਸਰਦਾਰਾਂ ਨੂੰ ਘੇਰ ਲਿਆ ਸੀ, ਮਾਰ ਦਿੱਤਾ। 10 ਉਸ ਸਮੇਂ ਤੋਂ ਹੁਣ ਤੀਕ, ਅਦੋਮ ਯਹੂਦਾਹ ਦੇ ਵਿਰੁੱਧ, ਵਿਦ੍ਰੋਹੀ ਹੈ। ਲਿਬਨਾਹ ਨਗਰ ਦੇ ਲੋਕਾਂ ਨੇ ਵੀ ਯਹੋਰਾਮ ਦੇ ਵਿਰੁੱਧ ਬਗਾਵਤ ਕਰ ਦਿੱਤੀ। ਇਹ ਇਸ ਲਈ ਵਾਪਰਿਆ ਕਿਉਂ ਕਿ ਯਹੋਰਾਮ ਨੇ ਆਪਣੇ ਪੁਰਖਿਆਂ ਦੇ ਯਹੋਵਾਹ ਪਰਮੇਸ਼ੁਰ ਨੂੰ ਛੱਡ ਦਿੱਤਾ ਸੀ। 11 ਯਹੋਰਾਮ ਨੇ ਯਹੂਦਾਹ ਦੇ ਪਰਬਤਾਂ ਉੱਪਰ ਉੱਚੇ ਅਸਥਾਨ ਬਣਾਏ ਅਤੇ ਯਰੂਸ਼ਲਮ ਦੇ ਵਾਸੀਆਂ ਨੂੰ ਵਿਭਚਾਰੀ ਬਣਾਇਆ ਅਤੇ ਯਹੂਦਾਹ ਦੇ ਲੋਕਾਂ ਨੂੰ ਯਹੋਵਾਹ ਦੇ ਰਾਹ ਤੋਂ ਗੁਮਰਾਹ ਕੀਤਾ।

12 ਯਹੋਰਾਮ ਨੂੰ ਏਲੀਯਾਹ ਨਬੀ ਵੱਲੋਂ ਇੱਕ ਸੰਦੇਸ਼ ਆਇਆ ਕਿ,

“ਯਹੋਵਾਹ ਪਰਮੇਸ਼ੁਰ ਤੇਰੇ ਬਾਰੇ ਇਉਂ ਫ਼ਰਮਾਉਂਦਾ ਹੈ: ਉਹ ਯਹੋਵਾਹ ਜਿਸ ਨੂੰ ਤੇਰੇ ਪੁਰਖੇ ਦਾਊਦ ਨੇ ਮੰਨਿਆ, ਤਾਂ ਯਹੋਰਾਮ ਨਾ ਤਾਂ ਤੂੰ ਉਸ ਯਹੋਵਾਹ ਨੂੰ ਜਿਵੇਂ ਤੇਰੇ ਪਿਤਾ ਯਹੋਸ਼ਾਫ਼ਾਟ ਨੇ ਮੰਨਿਆ ਸੀ ਤੂੰ ਅਮਲ ਕੀਤਾ ਤੇ ਨਾ ਹੀ ਤੂੰ ਆਪਣੇ ਯਹੂਦਾਹ ਦੇ ਪਾਤਸ਼ਾਹ ਆਸਾ ਦੇ ਰਾਹ ਉੱਪਰ ਤੁਰਿਆ। 13 ਸਗੋਂ ਤੂੰ ਇਸਰਾਏਲ ਦੇ ਪਾਤਸ਼ਾਹਾਂ ਦੇ ਜੀਵਨ ਰਾਹ ਉੱਪਰ ਤੁਰਿਆ ਅਤੇ ਯਹੂਦਾਹ ਅਤੇ ਯਰੂਸ਼ਲਮ ਦੇ ਵਾਸੀਆਂ ਨੂੰ ਵਿਭਚਾਰੀ ਬਣਾਇਆ ਜਿਵੇਂ ਕਿ ਅਹਾਬ ਦੇ ਘਰਾਣੇ ਨੇ ਕੀਤਾ ਸੀ। ਤੇਰੇ ਭਰਾ ਤੇਰੇ ਕੋਲੋਂ ਚੰਗੇ ਸਨ ਤੇ ਤੂੰ ਉਨ੍ਹਾਂ ਨੂੰ ਵੀ ਵੱਢ ਸੁੱਟਿਆ। 14 ਇਸ ਲਈ ਹੁਣ ਇਸ ਤੋਂ ਵੱਡੀ ਸਜ਼ਾ ਯਹੋਵਾਹ ਤੇਰੇ ਲੋਕਾਂ ਨੂੰ ਦੇਵੇਗਾ। ਸੋ ਵੇਖ, ਯਹੋਵਾਹ ਤੇਰੇ ਲੋਕਾਂ ਨੂੰ, ਤੇਰੇ ਪੁੱਤਰਾਂ ਨੂੰ ਅਤੇ ਤੇਰੀਆਂ ਰਾਣੀਆਂ ਨੂੰ ਵੱਡੀ ਬਿਮਾਰੀ ਨਾਲ ਮਾਰੇਗਾ। ਅਤੇ ਸਾਰੀ ਸੰਪਤੀ ਦਾ ਨਾਸ ਕਰੇਗਾ। 15 ਤੂੰ ਆਂਤੜੀਆਂ ਦੇ ਰੋਗ ਨਾਲ ਸਖਤ ਬੀਮਾਰ ਹੋ ਜਾਵੇਂਗਾ, ਇੱਥੋਂ ਤੀਕ ਕਿ ਤੇਰੀਆਂ ਆਂਤੜੀਆਂ ਹਰ ਰੋਜ਼ ਬੀਮਾਰੀ ਕਾਰਣ ਤੇਰੇ ਸ਼ਰੀਰ ਚੋ ਬਾਹਰ ਨਿਕਲਦੀਆਂ ਜਾਣਗੀਆਂ।”

16 ਯਹੋਰਾਮ ਦੇ ਵਿਰੁੱਧ ਯਹੋਵਾਹ ਨੇ ਫ਼ਲਿਸਤੀਆਂ ਅਤੇ ਉਨ੍ਹਾਂ ਅਰਬੀਆਂ ਦੇ ਜੋ ਕੂਸ਼ੀਆਂ ਦੇ ਵੱਲ ਰਹਿੰਦੇ ਸਨ ਕ੍ਰੋਧਿਤ ਕੀਤਾ। 17 ਉਨ੍ਹਾਂ ਲੋਕਾਂ ਨੇ ਯਹੂਦਾਹ ਉੱਪਰ ਹਮਲਾ ਕੀਤਾ ਅਤੇ ਉਹ ਸਾਰਾ ਯਹੋਰਾਮ ਦਾ ਖਜ਼ਾਨਾ, ਧਨ ਦੌਲਤ ਲੁੱਟ ਕੇ ਲੈ ਗਏ। ਉਹ ਯਹੋਰਾਮ ਦੇ ਮਹਿਲ ਦਾ ਸਾਰਾ ਮਾਲ, ਪਤਨੀਆਂ ਅਤੇ ਬੱਚੇ ਸਭ ਲੁੱਟ ਕੇ ਲੈ ਗਏ। ਸਿਰਫ਼ ਯਹੋਰਾਮ ਦਾ ਸਭ ਤੋਂ ਛੋਟਾ ਲੜਕਾ ਬਚ ਗਿਆ। ਉਸ ਦੇ ਸਭ ਤੋਂ ਛੋਟੇ ਪੁੱਤਰ ਦਾ ਨਾਂ ਯਹੋਆਹਾਜ਼ ਸੀ।

18 ਇਸ ਉਪਰੰਤ ਯਹੋਵਾਹ ਨੇ ਯਹੋਰਾਮ ਨੂੰ ਆਂਤੜੀਆਂ ਦੇ ਰੋਗ ਨਾਲ ਅਜਿਹਾ ਪੀੜਿਤ ਕੀਤਾ ਕਿ ਉਹ ਮੁੜ ਕਦੇ ਵੀ ਰਾਜੀ ਨਾ ਹੋ ਸੱਕਿਆ। 19 ਇਉਂ 2 ਸਾਲਾਂ ਵਿੱਚ ਹੀ ਬਿਮਾਰੀ ਨਾਲ ਉਸ ਦੀਆਂ ਆਂਦਰਾਂ ਬਾਹਰ ਨਿਕਲ ਆਈਆਂ ਅਤੇ ਉਹ ਬੜਾ ਕਰਾਹ-ਕਰਾਹ ਕੇ ਮਰਿਆ ਅਤੇ ਲੋਕਾਂ ਨੇ ਉਸ ਦੇ ਮਰਨ ਤੇ ਅੱਗ ਨਾ ਬਾਲੀ ਜਿਵੇਂ ਕਿ ਉਹ ਉਸ ਦੇ ਵੱਡੇਰਿਆਂ ਦੇ ਮਰਨ ਤੇ ਬਾਲਦੇ ਸਨ। 20 ਯਹੋਰਾਮ ਜਦੋਂ ਸਿੰਘਾਸਣ ਤੇ ਬੈਠਾ ਤਾਂ ਉਹ 32 ਵਰ੍ਹਿਆਂ ਦਾ ਸੀ। ਉਸ ਨੇ 8 ਵਰ੍ਹੇ ਪਾਤਸ਼ਾਹੀ ਕੀਤੀ ਪਰ ਜਦੋਂ ਉਹ ਮਰਿਆ ਤਾਂ ਕੋਈ ਵੀ ਮਨੁੱਖ ਦੁੱਖੀ ਜਾਂ ਉਦਾਸ ਨਹੀਂ ਹੋਇਆ। ਲੋਕਾਂ ਨੇ ਉਸ ਨੂੰ ਦਾਊਦ ਦੇ ਸ਼ਹਿਰ ’ਚ ਦਫ਼ਨਾਇਆ ਪਰ ਉਨ੍ਹਾਂ ਨੇ ਉਸ ਨੂੰ ਵੈਸੀਆਂ ਕਬਰਾਂ ਵਿੱਚ ਨਾ ਦਫ਼ਨਾਇਆ ਜੈਸੀਆਂ ਪਾਤਸ਼ਾਹਾਂ ਦੀਆਂ ਹੁੰਦੀਆਂ ਹਨ।

ਯਹੂਦਾਹ ਦਾ ਪਾਤਸ਼ਾਹ ਅਹਜ਼ਯਾਹ

22 ਯਰੂਸ਼ਲਮ ਦੇ ਲੋਕਾਂ ਨੇ ਯਹੋਰਾਮ ਤੋਂ ਬਾਅਦ ਅਹਜ਼ਯਾਹ ਨੂੰ ਨਵਾਂ ਪਾਤਸ਼ਾਹ ਚੁਣਿਆ। ਉਹ ਯਹੋਰਾਮ ਦਾ ਸਭ ਤੋਂ ਛੋਟਾ ਪੁੱਤਰ ਸੀ। ਉਹ ਲੋਕ ਜੋ ਅਰਬੀ ਲੋਕਾਂ ਨਾਲ ਯਹੋਰਾਮ ਦੀ ਛਾਉਣੀ ਵਿੱਚ ਹਮਲਾ ਕਰਨ ਆਏ ਸਨ ਉਨ੍ਹਾਂ ਨੇ ਯਹੋਰਾਮ ਦੇ ਸਾਰੇ ਵੱਡੇ ਪੁੱਤਰਾਂ ਨੂੰ ਵੱਢ ਸੁੱਟਿਆ ਸੀ। ਸਿਰਫ਼ ਅਹਜ਼ਯਾਹ ਬੱਚਿਆਂ ਸੀ ਤਾਂ ਫ਼ਿਰ ਉਸ ਨੇ ਯਹੂਦਾਹ ਵਿੱਚ ਰਾਜ ਕਰਨਾ ਸ਼ੁਰੂ ਕਰ ਦਿੱਤਾ। ਅਹਜ਼ਯਾਹ ਨੇ ਜਦੋਂ ਰਾਜ ਕਰਨਾ ਸ਼ੁਰੂ ਕੀਤਾ ਉਹ 22 ਵਰ੍ਹਿਆਂ ਦਾ ਸੀ। ਉਸ ਨੇ ਯਰੂਸ਼ਲਮ ਵਿੱਚ ਇੱਕ ਵਰ੍ਹਾ ਰਾਜ ਕੀਤਾ। ਉਸਦੀ ਮਾਤਾ ਦਾ ਨਾਉਂ ਅਥਲਯਾਹ ਸੀ ਜੋ ਆਮਰੀ ਦੀ ਧੀ ਸੀ। ਅਹਜ਼ਆਹ ਵੀ ਅਹਾਬ ਦੇ ਘਰਾਣੇ ਦੇ ਰਾਹਾਂ ਤੇ ਹੀ ਤੁਰਿਆ। ਉਹ ਆਪਣੀ ਮਾਂ ਦੀ ਸ਼ੈਹ ਤੇ ਇਨ੍ਹਾਂ ਰਾਹਾਂ ਤੇ ਤੁਰਿਆ। ਅਹਜ਼ਆਹ ਨੇ ਉਹ ਕੰਮ ਕੀਤੇ ਜੋ ਯਹੋਵਾਹ ਦੀ ਨਿਗਾਹ ਵਿੱਚ ਭੈੜੇ ਸਨ। ਜਿਵੇਂ ਅਹਾਬ ਦੇ ਘਰਾਣੇ ਨੇ ਮਾੜੇ ਕੰਮ ਕੀਤੇ ਉਵੇਂ ਹੀ ਉਸ ਨੇ ਵੀ ਕੀਤੇ ਕਿਉਂ ਕਿ ਅਹਜ਼ਯਾਹ ਦੇ ਪਿਤਾ ਦੇ ਮਰਨ ਉਪਰੰਤ ਅਹਾਬ ਦੇ ਘਰਾਣੇ ਨੇ ਹੀ ਉਨ੍ਹਾਂ ਨੂੰ ਸਲਾਹ ਮਸ਼ਵਰਾਂ ਦਿੱਤਾ। ਤਾਂ ਉਨ੍ਹਾਂ ਨੇ ਅਹਜਯਾਹ ਨੂੰ ਬੁਰੀ ਸਲਾਹ ਦਿੱਤੀ ਜਿਹੜੀ ਕਿ ਉਸਦੀ ਮੌਤ ਦਾ ਕਾਰਣ ਬਣੀ। ਅਹਜ਼ਆਹ ਅਹਾਬ ਦੇ ਪਰਿਵਾਰ ਦੀ ਸਲਾਹ ਉੱਪਰ ਚੱਲਿਆ। ਉਸ ਨੇ ਇਸਰਾਏਲ ਦੇ ਪਾਤਸ਼ਾਹ ਅਹਾਬ ਦੇ ਪੁੱਤਰ ਯਹੋਰਾਮ ਸਮੇਤ ਅਰਾਮ ਦੇ ਪਾਤਸ਼ਾਹ ਹਜ਼ਾਏਲ ਨਾਲ ਰਾਮੋਥ-ਗਿਲਆਦ ਵਿੱਚ ਲੜਨ ਲਈ ਗਿਆ ਅਤੇ ਅਰਾਮੀਆਂ ਨੇ ਯੋਰਾਮ ਨੂੰ ਲੜਾਈ ਵਿੱਚ ਜ਼ਖਮੀ ਕੀਤਾ। ਯੋਰਾਮ ਆਪਣੇ ਇਲਾਜ ਲਈ ਯਿਜ਼ਰਾਏਲ ਨੂੰ ਗਿਆ। ਕਿਉਂ ਕਿ ਉਹ ਰਾਮਾਹ ਵਿੱਚ ਅਰਾਮ ਦੇ ਪਾਤਸ਼ਾਹ ਹਜ਼ਾਏਲ ਦੇ ਵਿਰੁੱਧ ਲੜਦੇ ਸਮੇਂ ਜ਼ਖਮੀ ਹੋ ਗਿਆ ਸੀ। ਯਹੂਦਾਹ ਦਾ ਪਾਤਸ਼ਾਹ ਯਹੋਰਾਮ ਦਾ ਪੁੱਤਰ ਅਹਜ਼ਯਾਹ, ਅਹਾਬ ਦੇ ਪੁੱਤਰ ਯੋਰਾਮ ਨੂੰ ਯਿਜ਼ਰਏਲ ਵਿੱਚ ਵੇਖਣ ਲਈ ਗਿਆ ਕਿਉਂ ਕਿ ਉਹ ਜ਼ਖਮੀ ਸੀ।

ਪਰਮੇਸ਼ੁਰ ਨੇ ਅਹਜਯਾਹ ਨੂੰ ਮਾਰ ਦਿੱਤਾ ਜਦੋਂ ਉਹ ਯਹੋਰਾਮ ਨੂੰ ਉਸ ਦੇ ਘਰ ਮਿਲਣ ਲਈ ਗਿਆ। ਜਦੋਂ ਅਹਜਯਾਹ ਆਇਆ, ਉਹ ਯੋਰਾਮ ਨਾਲ ਨਿਮਸ਼ੀ ਦੇ ਪੁੱਤਰ ਯੇਹੂ ਕੋਲ ਗਿਆ, ਜਿਸ ਨੂੰ ਯਹੋਵਾਹ ਨੇ ਆਹਾਬ ਦੇ ਪਰਿਵਾਰ ਨੂੰ ਤਬਾਹ ਕਰਨ ਲਈ ਭੇਜਿਆ ਸੀ। ਜਦੋਂ ਯੇਹੂ ਅਹਾਬ ਦੇ ਘਰਾਣੇ ਨੂੰ ਦੰਡ ਦੇ ਰਿਹਾ ਸੀ ਤਾਂ ਯੇਹੂ ਨੇ ਯਹੂਦਾਹ ਦੇ ਸਰਦਾਰਾਂ ਅਤੇ ਅਹਜ਼ਯਾਹ ਦੇ ਭਰਾਵਾਂ ਦੇ ਪੁੱਤਰਾਂ ਨੂੰ ਅਹਜ਼ਯਾਹ ਦੀ ਸੇਵਾ ਕਰਦਿਆਂ ਵੇਖਿਆ ਤਾਂ ਯੇਹੂ ਨੇ ਉਨ੍ਹਾਂ ਨੂੰ ਕਤਲ ਕਰ ਸੁੱਟਿਆ। ਤਦ ਉਹ ਅਹਜ਼ਯਾਹ ਨੂੰ ਲੱਭਣ ਲੱਗਾ। ਉਸ ਦੇ ਆਦਮੀਆਂ ਨੇ ਉਸ ਨੂੰ ਸਾਮਰਿਯਾ ਸ਼ਹਿਰ ਵਿੱਚ ਲੁਕੇ ਹੋਏ ਨੂੰ ਲੱਭ ਲਿਆ। ਅਤੇ ਉਸ ਨੂੰ ਫ਼ੜ ਕੇ ਯੇਹੂ ਕੋਲ ਲੈ ਆਏ। ਉਨ੍ਹਾਂ ਨੇ ਅਹਜ਼ਯਾਹ ਨੂੰ ਵੱਢ ਕੇ ਤੇ ਦਫ਼ਨਾਅ ਦਿੱਤਾ। ਉਨ੍ਹਾਂ ਕਿਹਾ, “ਇਹ ਯਹੋਸ਼ਾਫ਼ਾਟ ਦਾ ਉੱਤਰਾਧਿਕਾਰੀ ਹੈ। ਯਹੋਸ਼ਫ਼ਾਟ ਪੂਰੇ ਦਿਲ ਨਾਲ ਯਹੋਵਾਹ ਦਾ ਚਾਹਵੰਦ ਰਿਹਾ ਹੈ।” ਅਹਜ਼ਯਾਹ ਦੇ ਪਰਿਵਾਰ ਕੋਲ ਯਹੂਦਾਹ ਦੇ ਰਾਜ ਨੂੰ ਮੁੜ ਸੰਭਾਲਣ ਦੀ ਸ਼ਕਤੀ ਨਾ ਰਹੀ।

ਅਥਲਯਾਹ ਰਾਣੀ

10 ਅਥਲਯਾਹ ਅਹਜ਼ਆਹ ਦੀ ਮਾਂ ਸੀ। ਜਦੋਂ ਉਸ ਨੇ ਆਪਣੇ ਪੁੱਤਰ ਨੂੰ ਮਰਿਆਂ ਵੇਖਿਆ ਤਾਂ ਉਸ ਨੇ ਯਹੂਦਾਹ ਘਰਾਣੇ ਦੇ ਸਾਰੇ ਵੰਸ਼ ਨੂੰ ਖਤਮ ਕਰ ਦਿੱਤਾ। 11 ਪਰ ਪਾਤਸ਼ਾਹ ਦੀ ਧੀ ਯਹੋਸ਼ਬਥ, ਅਹਜ਼ਯਾਹ ਦੇ ਪੁੱਤਰ ਯੋਆਸ਼ ਨੂੰ ਪਾਤਸ਼ਾਹ ਦੇ ਪੁੱਤਰਾਂ ਵਿੱਚੋਂ ਜੋ ਮਾਰੇ ਜਾ ਰਹੇ ਸਨ, ਚੋਰੀ ਲੈ ਗਈ ਅਤੇ ਉਸ ਨੇ ਯੋਆਸ਼ ਨੂੰ ਅਤੇ ਦਾਈ ਨੂੰ ਸੌਣ ਵਾਲੇ ਕਮਰੇ ਵਿੱਚ ਛੁਪਾ ਦਿੱਤਾ। ਸੋ ਯਹੋਰਾਮ ਪਾਤਸ਼ਾਹ ਦੀ ਧੀ ਯਹੋਯਾਦਾ ਜਾਜਕ ਦੀ ਔਰਤ ਯਹੋਸ਼ਬਥ ਨੇ ਜੋ ਅਹਜ਼ਯਾਹ ਦੀ ਭੈਣ ਸੀ ਉਸ ਨੂੰ ਅਥਲਯਾਹ ਤੋਂ ਅਜਿਹਾ ਲੁਕਾਇਆ ਕਿ ਉਹ ਉਸ ਨੂੰ ਕਤਲ ਨਾ ਕਰ ਸੱਕੀ। 12 ਯੋਆਸ਼ ਜਾਜਕਾਂ ਕੋਲ ਯਹੋਵਾਹ ਦੇ ਮੰਦਰ ਵਿੱਚ 6 ਸਾਲਾਂ ਸਮਾਂ ਤੀਕ ਲੁਕਿਆ ਰਿਹਾ ਕਿਉਂ ਕਿ ਉਸ ਵਕਤ ਤੀਕ ਉੱਥੇ ਅਥਲਯਾਹ ਦੇਸ ਉੱਪਰ ਰਾਜ ਕਰ ਰਹੀ ਸੀ।

ਯਹੋਯਾਦਾ ਜਾਜਕ ਅਤੇ ਯੋਆਸ਼ ਪਾਤਸ਼ਾਹ

23 ਸੱਤਵੇਂ ਸਾਲ ਵਿੱਚ, ਯਹੋਯਾਦਾ ਨੇ ਆਪਣੀ ਤਾਕਤ ਵਿਖਾਈ। ਉਸ ਨੇ ਕਪਤਾਨਾਂ ਨਾਲ ਇੱਕ ਇਕਰਾਰਨਾਮਾ ਕੀਤਾ। ਉਹ ਕਪਤਾਨ ਸਨ! ਯਹੋਰਾਮ ਦਾ ਪੁੱਤਰ ਅਜ਼ਰਯਾਹ, ਯਹੋਹਾਨਾਨ ਦਾ ਪੁੱਤਰ ਇਸ਼ਮਾਏਲ, ਓਬੇਦ ਦਾ ਪੁੱਤਰ ਅਜ਼ਰਯਾਹ ਤੇ ਅਦਾਯਾਹ ਦਾ ਪੁੱਤਰ ਮਅਸੇਯਾਹ ਅਤੇ ਜ਼ਿਕਰੀ ਦਾ ਪੁੱਤਰ ਅਲੀਸ਼ਾਫ਼ਾਟ। ਉਹ ਸਾਰੇ ਯਹੂਦਾਹ ਸ਼ਹਿਰ ਵਿੱਚ ਫ਼ਿਰੇ ਅਤੇ ਉਸ ਦੇ ਸਾਰੇ ਸ਼ਹਿਰਾਂ ਵਿੱਚੋਂ ਲੇਵੀਆਂ ਨੂੰ ਤੇ ਇਸਰਾਏਲ ਦੇ ਘਰਾਣਿਆਂ ਦੇ ਮੁਖੀਆਂ ਨੂੰ ਇੱਕਤਰ ਕੀਤਾ। ਤਦ ਉਹ ਸਾਰੇ ਯਰੂਸ਼ਲਮ ਵਿੱਚ ਆਏ। ਸਾਰੇ ਇੱਕਤਰ ਹੋਏ ਲੋਕਾਂ ਨੇ ਯਹੋਵਾਹ ਦੇ ਮੰਦਰ ਵਿੱਚ ਪਾਤਸ਼ਾਹ ਨਾਲ ਇਕਰਾਰਨਾਮਾ ਕੀਤਾ।

ਤਦ ਯਹੋਯਾਦਾ ਨੇ ਉਨ੍ਹਾਂ ਨੂੰ ਆਖਿਆ, “ਪਾਤਸ਼ਾਹ ਦਾ ਪੁੱਤਰ ਰਾਜ ਕਰੇਗਾ ਕਿਉਂ ਕਿ ਯਹੋਵਾਹ ਨੇ ਦਾਊਦ ਦੇ ਉੱਤਰਾਧਿਕਾਰੀਆਂ ਨਾਲ ਇਹੀ ਇਕਰਾਰਨਾਮਾ ਕੀਤਾ ਸੀ ਕਿ ਉਸ ਦੇ ਵੰਸ਼ਜ ਰਾਜ ਕਰਨਗੇ। ਹੁਣ ਤੁਸੀਂ ਇੱਕ ਕੰਮ ਜ਼ਰੂਰ ਕਰਨਾ ਹੈ: ਜਾਜਕਾਂ ਅਤੇ ਲੇਵੀਆਂ ਵਿੱਚੋਂ ਇੱਕ ਤਿਹਾਈ ਸਬਤ ਨੂੰ ਆ ਕੇ ਫ਼ਾਟਕਾਂ ਦੇ ਦਰਬਾਨ ਬਣ ਜਾਣ। ਅਤੇ ਇੱਕ ਤਿਹਾਈ ਸ਼ਾਹੀ ਮਹਿਲ ਉੱਪਰ ਹੋਣ ਅਤੇ ਇੱਕ ਤਿਹਾਈ ਨੀਂਹ ਵਾਲੇ ਫ਼ਾਟਕ ਉੱਪਰ ਜਿਹੜਾ ਬੁਨਿਆਦ ਹੈ। ਪਰ ਬਾਕੀ ਦੇ ਸਾਰੇ ਲੋਕ ਯਹੋਵਾਹ ਦੇ ਮੰਦਰ ਦੇ ਵਿਹੜਿਆਂ ਵਿੱਚ ਖੜ੍ਹੇ ਰਹਿਣ। ਕਿਸੇ ਮਨੁੱਖ ਨੂੰ ਯਹੋਵਾਹ ਦੇ ਮੰਦਰ ਵਿੱਚ ਪ੍ਰਵੇਸ਼ ਨਾ ਕਰਨ ਦੇਣਾ। ਸਿਰਫ਼ ਜਾਜਕ ਅਤੇ ਲੇਵੀ ਜਿਹੜੇ ਸੇਵਾ ਕਰਦੇ ਹਨ ਉਹੀ ਯਹੋਵਾਹ ਦੇ ਮੰਦਰ ਵਿੱਚ ਪ੍ਰਵੇਸ਼ ਕਰ ਸੱਕਦੇ ਹਨ ਕਿਉਂ ਕਿ ਉਹ ਪਵਿੱਤਰ ਹਨ ਤੇ ਬਾਕੀ ਦੇ ਸਾਰੇ ਮਨੁੱਖ ਉਹੀ ਕੰਮ ਕਰਨ ਜਿਹੜੇ ਯਹੋਵਾਹ ਨੇ ਉਨ੍ਹਾਂ ਨੂੰ ਸੌਂਪੇ ਹਨ। ਲੇਵੀ ਪਾਤਸ਼ਾਹ ਕੋਲ ਜ਼ਰੂਰ ਖੜ੍ਹੇ ਰਹਿਣ ਅਤੇ ਹਰ ਮਨੁੱਖ ਕੋਲ ਆਪਣੀ ਤਲਵਾਰ ਜ਼ਰੂਰ ਹੋਵੇ। ਜੇਕਰ ਕੋਈ ਮਨੁੱਖ ਮੰਦਰ ਅੰਦਰ ਵੜਨ ਦੀ ਕੋਸ਼ਿਸ਼ ਕਰੇ ਤਾਂ ਉਸ ਨੂੰ ਵੱਢ ਦਿੱਤਾ ਜਾਵੇ। ਜਿੱਥੇ ਵੀ ਪਾਤਸ਼ਾਹ ਜਾਵੇ ਤੁਸੀਂ ਉਸ ਦੇ ਮਗਰ ਜ਼ਰੂਰ ਹੋਵੋ।”

ਸਾਰੇ ਲੇਵੀਆਂ ਅਤੇ ਯਹੂਦੀਆਂ ਨੇ ਯਹੋਯਾਦਾ ਜਾਜਕ ਦੇ ਹੁਕਮ ਨੂੰ ਮੰਨਿਆ। ਸੋ ਉਨ੍ਹਾਂ ਨੇ ਆਪੋ-ਆਪਣੇ ਆਦਮੀਆਂ ਨੂੰ ਜਿਹੜੇ ਸਬਤ ਨੂੰ ਅੰਦਰ ਆਉਣ ਵਾਲੇ ਸਨ, ਉਨ੍ਹਾਂ ਦੇ ਨਾਲ ਜਿਹੜੇ ਸਬਤ ਨੂੰ ਬਾਹਰ ਜਾਣ ਵਾਲੇ ਸਨ ਲਿਆ ਕਿਉਂ ਕਿ ਯਹੋਯਾਦਾ ਜਾਜਕ ਨੇ ਜਿਨ੍ਹਾਂ ਦੀ ਰੱਖਵਾਲੀ ਲਈ ਵਾਰੀ ਸੀ ਉਨ੍ਹਾਂ ਨੂੰ ਜਾਣ ਨਹੀਂ ਸੀ ਦਿੱਤਾ। ਯਹੋਯਾਦਾ ਜਾਜਕ ਨੇ ਉਹ ਬਰਛੀਆਂ, ਫ਼ਰੀਆਂ ਅਤੇ ਢਾਲਾਂ ਜੋ ਦਾਊਦ ਪਾਤਸ਼ਾਹ ਦੀਆਂ ਸਨ ਉਨ੍ਹਾਂ ਸਰਦਾਰਾਂ ਨੂੰ ਦਿੱਤੀਆਂ। ਇਹ ਸਾਰੇ ਹਥਿਆਰ ਯਹੋਵਾਹ ਦੇ ਮੰਦਰ ਵਿੱਚ ਪਏ ਹੋਏ ਸਨ। 10 ਫ਼ਿਰ ਉਸ ਨੇ ਉਨ੍ਹਾਂ ਨੂੰ ਕਿੱਥੇ-ਕਿੱਥੇ ਖੜ੍ਹੇ ਹੋਣਾ ਹੈ, ਦੱਸਿਆ। ਹਰ ਮਨੁੱਖ ਦੇ ਹੱਥ ਵਿੱਚ ਉਸਦਾ ਸ਼ਸਤਰ ਵਿਰਾਜਮਾਨ ਸੀ। ਸਾਰੇ ਮਨੁੱਖ ਮੰਦਰ ਦੇ ਸੱਜੇ ਖੂੰਜੇ ਤੋਂ ਲੈ ਕੇ ਖੱਬੇ ਖੂੰਜੇ ਤੀਕ ਜਗਵੇਦੀ ਤੇ ਮੰਦਰ ਦੇ ਆਸੇ-ਪਾਸੇ ਪਾਤਸ਼ਾਹ ਦੇ ਇਰਦ ਗਿਰਦ ਖੜ੍ਹਾ ਕਰ ਦਿੱਤਾ। 11 ਤਦ ਉਨ੍ਹਾਂ ਨੇ ਪਾਤਸ਼ਾਹ ਦੇ ਪੁੱਤਰ ਨੂੰ ਬਾਹਰ ਲਿਆ ਕੇ ਉਸ ਦੇ ਸਿਰ ਤੇ ਤਾਜ ਰੱਖਿਆ ਅਤੇ ਉਸ ਨੂੰ ਇਕਰਾਰਨਾਮੇ ਦੀ ਇੱਕ ਨਕਲ ਦਿੱਤੀ। ਇਉਂ ਉਨ੍ਹਾਂ ਨੇ ਯੋਆਸ਼ ਨੂੰ ਪਾਤਸ਼ਾਹ ਠਹਿਰਾਇਆ ਅਤੇ ਯਹੋਯਾਦਾ ਤੇ ਉਸ ਦੇ ਪੁੱਤਰਾਂ ਨੇ ਉਸ ਨੂੰ ਮਸਹ ਕੀਤਾ ਅਤੇ ਆਖਿਆ, “ਪਾਤਸ਼ਾਹ ਸਲਾਮਤ ਰਹੇ।”

12 ਜਦੋਂ ਅਥਲਯਾਹ ਨੇ ਲੋਕਾਂ ਦਾ ਸ਼ੋਰ ਸੁਣਿਆ ਜੋ ਦੌੜ-ਦੌੜ ਕੇ ਪਾਤਸ਼ਾਹ ਦੀ ਉਸਤਤ ਕਰ ਰਹੇ ਸਨ ਤਾਂ ਉਹ ਯਹੋਵਾਹ ਦੇ ਮੰਦਰ ਵਿੱਚੋਂ ਲੋਕਾਂ ਕੋਲ ਆਈ। 13 ਉਸ ਨੇ ਪਾਤਸ਼ਾਹ ਵੱਲ ਵੇਖਿਆ। ਪਾਤਸ਼ਾਹ ਆਪਣੇ ਥੰਮ ਦੇ ਫ਼ਾਟਕ ਕੋਲ ਖੜ੍ਹਾ ਸੀ। ਅਤੇ ਜੋ ਤੁਰ੍ਹੀਆਂ ਵਜਾ ਰਹੇ ਸਨ ਅਤੇ ਸਰਦਾਰ ਸਨ ਉਹ ਪਾਤਸ਼ਾਹ ਦੇ ਕੋਲ ਖੜ੍ਹੇ ਸਨ। ਅਤੇ ਦੇਸ ਦੇ ਸਾਰੇ ਲੋਕ ਖੁਸ਼ੀਆਂ ਮਨਾਉਂਦੇ ਅਤੇ ਤੁਰ੍ਹੀਆਂ ਵਜਾਉਂਦੇ ਸਨ। ਗਾਉਣ ਵਾਲੇ ਵਾਜਿਆਂ ਨਾਲ ਉਸਤਤ ਕਰਨ ਵਿੱਚ ਅਗਵਾਈ ਕਰ ਰਹੇ ਸਨ। ਤਦ ਅਥਲਯਾਹ ਨੇ ਆਪਣੇ ਕੱਪੜੇ ਫ਼ਾੜੇ ਅਤੇ ਉੱਚੀ ਆਵਾਜ਼ ਵਿੱਚ ਬੋਲੀ “ਗਦਰ ਗਦਰ।”

14 ਤਦ ਯਹੋਯਾਦਾ ਜਾਜਕ ਨੇ ਸੌ-ਸੌ ਦੇ ਸਰਦਾਰਾਂ ਨੂੰ ਜੋ ਫ਼ੌਜ ਦੇ ਹਾਕਮ ਸਨ ਆਗਿਆ ਦਿੱਤੀ ਕਿ ਉਸ ਨੂੰ (ਪਾਤਸ਼ਾਹ) ਕਤਾਰਾਂ ਦੇ ਵਿੱਚੋਂ ਲੈ ਜਾਵੋ। ਜੇਕਰ ਕੋਈ ਉਸ ਦੇ ਪਿੱਛੇ ਆਵੇ ਤਾਂ ਉਸ ਨੂੰ ਤਲਵਾਰ ਨਾਲ ਵੱਢ ਦਿੱਤਾ ਜਾਵੇ। ਤਦ ਜਾਜਕ ਨੇ ਸਿਪਾਹੀਆਂ ਨੂੰ ਚੇਤਾਵਨੀ ਦਿੱਤੀ, “ਅਥਲਯਾਹ ਨੂੰ ਯਹੋਵਾਹ ਦੇ ਮੰਦਰ ਵਿੱਚ ਨਾ ਵੱਢਿਆ ਜਾਵੇ।” 15 ਤਦ ਉਨ੍ਹਾਂ ਆਦਮੀਆਂ ਨੇ ਅਥਲਯਾਹ ਨੂੰ ਜਦੋਂ ਉਹ ਪਾਤਸ਼ਾਹ ਦੇ ਮਹਿਲ ਕੋਲ ਘੋੜਿਆਂ ਵਾਲੇ ਫ਼ਾਟਕ ਕੋਲ ਪਹੁੰਚੀ ਤਾਂ ਘੇਰ ਕੇ ਪਕੜ ਲਿਆ ਅਤੇ ਉਸ ਨੂੰ ਉਸੇ ਥਾਂ ਤੇ ਮਾਰ ਸੁੱਟਿਆ।

16 ਤਦ ਯਹੋਯਾਦਾ ਨੇ ਸਾਰੇ ਲੋਕਾਂ ਨਾਲ ਅਤੇ ਪਾਤਸ਼ਾਹ ਨਾਲ ਇਕਰਾਰਨਾਮਾ ਕੀਤਾ ਤੇ ਉਨ੍ਹਾਂ ਸਾਰਿਆਂ ਨੇ ਸੌਂਹ ਖਾਧੀ ਕਿ ਉਹ ਯਹੋਵਾਹ ਦੇ ਲੋਕ ਹੋਣਗੇ। 17 ਫ਼ਿਰ ਸਾਰੇ ਲੋਕੀਂ ਬਆਲ ਦੇ ਮੰਦਰ ਵਿੱਚ ਗਏ ਅਤੇ ਉਨ੍ਹਾਂ ਉਸ ਬੁੱਤ ਨੂੰ ਢਾਹ ਦਿੱਤਾ ਅਤੇ ਉਸ ਦੇ ਬੁੱਤਾਂ ਅਤੇ ਜਗਵੇਦੀਆਂ ਨੂੰ ਟੁਕੜੇ-ਟੁਕੜੇ ਕਰ ਦਿੱਤਾ। ਅਤੇ ਬਆਲ ਦੇ ਜਾਜਕ ਮੱਤਾਨ ਨੂੰ ਉਨ੍ਹਾਂ ਨੇ ਜਗਵੇਦੀਆਂ ਦੇ ਅੱਗੇ ਮਾਰ ਛੱਡਿਆ।

18 ਯਹੋਯਾਦਾ ਨੇ ਮੰਦਰ ਦੀ ਦੇਖਭਾਲ ਦਾ ਕੰਮ ਜਾਜਕਾਂ ਨੂੰ ਸੌਂਪ ਦਿੱਤਾ, ਜੋ ਕਿ ਲੇਵੀ ਸਨ ਅਤੇ ਜੋ ਦਾਊਦ ਦੁਆਰਾ ਯਹੋਵਾਹ ਦੇ ਮੰਦਰ ਵਿੱਚ ਮੂਸਾ ਦੀ ਬਿਵਸਥਾ ਦੀ ਪੋਥੀ ਵਿੱਚ ਲਿਖੇ ਅਨੁਸਾਰ ਹੋਮ ਦੀਆਂ ਭੇਟਾਂ ਚੜ੍ਹਾਉਣ ਲਈ ਵਿਵਸਥਿਤ ਕੀਤੇ ਗਏ ਸਨ। ਉਹ ਦਾਊਦ ਦੁਆਰਾ ਵਿਵਸਥਿਤ ਕੀਤੇ ਅਨੁਸਾਰ ਯਹੋਵਾਹ ਲਈ ਬਹੁਤ ਆਨੰਦਿਤ ਸਨ ਅਤੇ ਗਾ ਰਹੇ ਸਨ। 19 ਯਹੋਯਾਦਾ ਨੇ ਯਹੋਵਾਹ ਦੇ ਫ਼ਾਟਕ ਉੱਤੇ ਦਰਬਾਨ ਰੱਖ ਦਿੱਤੇ ਤਾਂ ਕਿ ਕੋਈ ਵੀ ਮਨੁੱਖ ਜੋ ਅਪਵਿੱਤਰ ਹੋਵੇ ਅੰਦਰ ਪ੍ਰਵੇਸ਼ ਨਾ ਕਰ ਸੱਕੇ।

20 ਫ਼ਿਰ ਯਹੋਯਾਦਾ ਨੇ ਸੌ-ਸੌ ਦੇ ਸਰਦਾਰਾਂ, ਲੋਕਾਂ ਦੇ ਸ਼ਾਸਕਾਂ ਅਤੇ ਜ਼ਮੀਂਦਾਰਾਂ ਤੇ ਦੇਸ ਦੇ ਸਾਰੇ ਲੋਕਾਂ ਨੂੰ ਲਿਆ ਅਤੇ ਪਾਤਸ਼ਾਹ ਨੂੰ ਯਹੋਵਾਹ ਦੇ ਮੰਦਰ ਤੋਂ ਉਤਾਰ ਲਿਆਏ ਅਤੇ ਉੱਚੇ ਫ਼ਾਟਕ ਦੇ ਰਸਤੇ ਪਾਤਸ਼ਾਹ ਦੇ ਮਹਿਲ ਵਿੱਚ ਆਏ ਅਤੇ ਫ਼ਿਰ ਪਾਤਸ਼ਾਹ ਨੂੰ ਰਾਜ ਸਿੰਘਾਸਣ ਤੇ ਬਿਰਾਜਮਾਨ ਕੀਤਾ। 21 ਤਦ ਯਹੂਦਾਹ ਦੇ ਸਾਰੇ ਲੋਕ ਬੜੇ ਪ੍ਰਸੰਨ ਹੋਏ ਅਤੇ ਸਾਰੇ ਯਰੂਸ਼ਲਮ ਵਿੱਚ ਸ਼ਾਂਤੀ ਹੋ ਗਈ ਕਿਉਂ ਕਿ ਅਥਲਯਾਹ ਤਲਵਾਰ ਨਾਲ ਮਾਰੀ ਜਾ ਚੁੱਕੀ ਸੀ।

ਯੋਆਸ਼ ਦਾ ਮੁੜ ਮੰਦਰ ਉਸਾਰਨਾ

24 ਜਦੋਂ ਯੋਆਸ਼ ਪਾਤਸ਼ਾਹ ਬਣਿਆ ਉਹ ਸੱਤ ਵਰ੍ਹਿਆਂ ਦਾ ਸੀ ਅਤੇ ਉਸ ਨੇ 40 ਸਾਲ ਯਰੂਸ਼ਲਮ ਵਿੱਚ ਰਾਜ ਕੀਤਾ। ਉਸਦੀ ਮਾਂ ਦਾ ਨਾਂ ਸੀਬਯਾਹ ਸੀ ਜੋ ਕਿ ਬਏਰਸ਼ਬਾ ਸ਼ਹਿਰ ਦੀ ਸੀ। ਜਦ ਤੀਕ ਯਹੋਯਾਦਾ ਜਿਉਂਦਾ ਰਿਹਾ ਯੋਆਸ਼ ਯਹੋਵਾਹ ਅੱਗੇ ਸਹੀ ਜੀਵਨ ਜਿਉਂਦਾ ਰਿਹਾ। ਯਹੋਯਾਦਾ ਨੇ ਉਸ ਨੂੰ ਦੋ ਔਰਤਾਂ ਨਾਲ ਵਿਆਹ ਦਿੱਤਾ। ਯੋਆਸ਼ ਦੇ ਘਰ ਪੁੱਤਰ ਅਤੇ ਧੀਆਂ ਹੋਏ।

ਫ਼ਿਰ ਬਾਅਦ ਵਿੱਚ, ਯੋਆਸ਼ ਨੇ ਯਹੋਵਾਹ ਦੇ ਮੰਦਰ ਦਾ ਮੁੜ ਤੋਂ ਨਿਰਮਾਣ ਕਰਨ ਦਾ ਨਿਸ਼ਚਾ ਕੀਤਾ। ਯੋਆਸ਼ ਨੇ ਜਾਜਕਾਂ ਅਤੇ ਲੇਵੀਆਂ ਨੂੰ ਇਕੱਠਿਆਂ ਬੁਲਵਾਇਆ ਅਤੇ ਉਨ੍ਹਾਂ ਨੂੰ ਆਖਿਆ, “ਯਹੂਦਾਹ ਦੇ ਸ਼ਹਿਰਾਂ ਵਿੱਚ ਜਾ ਕੇ ਸਾਰੇ ਇਸਰਾਏਲ ਕੋਲੋਂ ਹਰ ਸਾਲ ਆਪਣੇ ਪਰਮੇਸ਼ੁਰ ਦੇ ਮੰਦਰ ਦੀ ਮੁਰੰਮਤ ਲਈ ਧਨ ਦੌਲਤ ਇਕੱਠੀ ਕਰਿਆ ਕਰੋ। ਜਾਓ ਤੇ ਜਲਦੀ ਹੀ ਇਉਂ ਕਰੋ।” ਪਰ ਲੇਵੀਆਂ ਨੇ ਕੋਈ ਜਲਦੀ ਨਾ ਕੀਤੀ।

ਤਦ ਯੋਆਸ਼ ਪਾਤਸ਼ਾਹ ਨੇ ਯਹੋਯਾਦਾ ਜਾਜਕ ਨੂੰ ਸੱਦਿਆ ਤੇ ਆਖਿਆ, “ਤੈਨੂੰ ਯਹੂਦਾਹ ਅਤੇ ਯਰੂਸ਼ਲਮ ਵਿੱਚੋਂ ਲੰਘ ਕੇ ਕਰ ਇਕੱਠਾ ਕਰਨ ਲਈ ਲੇਵੀਆਂ ਦੀ ਜ਼ਰੂਰਤ ਕਿਉਂ ਨਹੀਂ, ਜੋ ਕਿ ਮੂਸਾ, ਯਹੋਵਾਹ ਦੇ ਸੇਵਕ ਦੁਆਰਾ ਲਾਇਆ ਗਿਆ ਸੀ। ਮੂਸਾ ਅਤੇ ਇਸਰਾਏਲੀ ਕਰ ਦੇ ਉਸ ਧਨ ਨੂੰ ਪਵਿੱਤਰ ਤੰਬੂ ਲਈ ਵਰਤਦੇ ਸਨ।”

ਇਸ ਤੋਂ ਪਹਿਲਾਂ ਅਥਲਯਾਹ ਦੇ ਪੁੱਤਰਾਂ ਨੇ ਯਹੋਵਾਹ ਦੇ ਮੰਦਰ ਨੂੰ ਤੋੜਿਆ ਸੀ ਅਤੇ ਉਨ੍ਹਾਂ ਨੇ ਯਹੋਵਾਹ ਦੇ ਮੰਦਰ ਦੀਆਂ ਵਸਤਾਂ ਬਆਲਾਂ ਲਈ ਵਰਤ ਲਈਆਂ ਸਨ। ਅਥਲਯਾਹ ਇੱਕ ਬੜੀ ਹੀ ਦੁਸ਼ਟ ਰਾਣੀ ਸੀ।

ਯੋਆਸ਼ ਪਾਤਸ਼ਾਹ ਨੇ ਹੁਕਮ ਦਿੱਤਾ ਤੇ ਉਨ੍ਹਾਂ ਨੇ ਇੱਕ ਸੰਦੂਕ ਬਣਾ ਕੇ ਉਸ ਨੂੰ ਯਹੋਵਾਹ ਦੇ ਮੰਦਰ ਦੇ ਦਰਵਾਜ਼ੇ ਬਾਹਰ ਰੱਖ ਦਿੱਤਾ। ਤਦ ਲੇਵੀਆਂ ਨੇ ਯਹੂਦਾਹ ਅਤੇ ਯਰੂਸ਼ਲਮ ਵਿੱਚ ਇੱਕ ਘੋਸ਼ਣਾ ਕੀਤੀ ਤੇ ਲੋਕਾਂ ਨੂੰ ਕਿਹਾ ਕਿ ਯਹੋਵਾਹ ਲਈ ਉਹ ਕਰ ਲੈ ਕੇ ਆਉਣ ਜਿਹੜਾ ਪਰਮੇਸ਼ੁਰ ਦੇ ਸੇਵਕ ਮੂਸਾ ਨੇ ਉਜਾੜ ਵਿੱਚ ਇਸਰਾਏਲ ਉੱਤੇ ਲਗਾਇਆ ਸੀ। 10 ਸਾਰੇ ਆਗੂ ਅਤੇ ਲੋਕ ਖੁਸ਼ ਸਨ। ਉਹ ਸਾਰੇ ਖੁਸ਼ੀ-ਖੁਸ਼ੀ ਧਨ ਦੌਲਤ ਲਿਆਏ ਅਤੇ ਉਸ ਸੰਦੂਕ ਵਿੱਚ ਪਾਇਆ ਤੇ ਜਦ ਤੀਕ ਉਹ ਸੰਦੂਕ ਭਰ ਨਾ ਗਿਆ ਉਹ ਪੈਸੇ ਦਿੰਦੇ ਰਹੇ। 11 ਜਦ ਸੰਦੂਕ ਲੇਵੀਆਂ ਦੁਆਰਾ ਕਰਿੰਦਿਆਂ ਦੇ ਹੱਥ ਪੁਜਿਆ ਅਤੇ ਉਨ੍ਹਾਂ ਵੇਖਿਆ ਕਿ ਇਸ ਵਿੱਚ ਬਹੁਤ ਰਕਮ ਹੈ ਤਾਂ ਪਾਤਸ਼ਾਹ ਦੇ ਮੁਨਸ਼ੀ (ਲਿਖਾਰੀ) ਅਤੇ ਪਰਧਾਨ ਜਾਜਕ ਦੇ ਅਫ਼ਸਰ ਨੇ ਆ ਕੇ ਸੰਦੂਕ ਨੂੰ ਖਾਲੀ ਕੀਤਾ ਤੇ ਉਸ ਨੂੰ ਫ਼ਿਰ ਉਸੇ ਹੀ ਜਗ੍ਹਾ ਤੇ ਰੱਖਵਾ ਦਿੱਤਾ ਜਿੱਥੋਂ ਕਿ ਉਹ ਚੁੱਕਿਆ ਸੀ। ਇਉਂ ਹਰ ਰੋਜ਼ ਅਜਿਹਾ ਕਰਦਿਆਂ ਉਨ੍ਹਾਂ ਨੇ ਬਹੁਤ ਸਾਰਾ ਮਾਲ ਇਕੱਠਾ ਕਰ ਲਿਆ। 12 ਫ਼ੇਰ ਯੋਆਸ਼ ਪਾਤਸ਼ਾਹ ਅਤੇ ਯਹੋਯਾਦਾ ਨੇ ਉਹ ਧਨ ਉਨ੍ਹਾਂ ਲੋਕਾਂ ਨੂੰ ਦਿੱਤਾ ਜਿਹੜੇ ਯਹੋਵਾਹ ਦੇ ਮੰਦਰ ਦੀ ਮੁਰੰਮਤ ਲਈ ਕੰਮ ਕਰਦੇ ਸਨ। ਅਤੇ ਉਨ੍ਹਾਂ ਲੋਕਾਂ ਨੂੰ ਜਿਹੜੇ ਯਹੋਵਾਹ ਦੇ ਮੰਦਰ ਨੂੰ ਠੀਕ ਕਰਨ ਲਈ ਰਾਜਾਂ ਤੇ ਤਰਖਾਣਾਂ ਨੂੰ ਬੁਲਾਇਆ ਗਿਆ। ਅਤੇ ਪਰਮੇਸ਼ੁਰ ਦੇ ਮੰਦਰ ਦੀ ਮੁਰੰਮਤ ਲਈ ਲੋਹਾਰਾਂ ਅਤੇ ਠਠੇਰਿਆਂ ਨੂੰ ਮਜੂਰੀ ਉੱਤੇ ਰੱਖਿਆ ਗਿਆ।

13 ਉਹ ਲੋਕ ਜਿਹੜੇ ਕਾਮਿਆਂ ਵਜੋਂ ਨਿਯੁਕਤ ਕੀਤੇ ਗਏ ਸਨ, ਬੜੇ ਵਫਾਦਾਰ ਸਨ ਇਉਂ ਮੰਦਰ ਦੀ ਮੁਰੰਮਤ ਦਾ ਕਾਰਜ ਸਫ਼ਲਤਾ ਨਾਲ ਸਿਰੇ ਚੜ੍ਹਿਆ। ਯਹੋਵਾਹ ਦਾ ਮੰਦਰ ਬਿਲਕੁਲ ਉਵੇਂ ਹੀ ਬਣਾਇਆ ਗਿਆ ਜਿਵੇਂ ਕਿ ਇਹ ਪਹਿਲਾਂ ਸੀ ਅਤੇ ਉਨ੍ਹਾਂ ਨੇ ਇਸ ਨੂੰ ਮਜਬੂਤ ਬਣਾਇਆ। 14 ਜਦੋਂ ਕਾਰੀਗਰਾਂ ਨੇ ਕੰਮ ਪੂਰਾ ਕਰ ਲਿਆ ਤਾਂ ਜਿਹੜਾ ਧੰਨ ਬਚ ਗਿਆ ਉਹ ਪਾਤਸ਼ਾਹ ਅਤੇ ਯਹੋਯਾਦਾ ਕੋਲ ਵਾਪਸ ਲੈ ਕੇ ਆਏ। ਉਨ੍ਹਾਂ ਨੇ ਇਸ ਧੰਨ ਨੂੰ ਯਹੋਵਾਹ ਦੇ ਮੰਦਰ ਦੀ ਉਸਾਰੀ ਤੇ ਵਸਤਾਂ ਲਈ ਵਰਤਿਆ ਸੀ ਅਤੇ ਉਹ ਵਸਤਾਂ ਮੰਦਰ ਦੀ ਸੇਵਾ ਅਤੇ ਹੋਮ ਦੀਆਂ ਭੇਟਾਂ ਲਈ ਵਰਤਿਆਂ ਗਈਆਂ। ਉਨ੍ਹਾਂ ਨੇ ਇਸ ਧੰਨ ਨਾਲ ਸੋਨੇ ਅਤੇ ਚਾਂਦੀ ਦੇ ਕਟੋਰੇ ਅਤੇ ਹੋਰ ਬਰਤਨ ਵੀ ਬਣਾਏ। ਜਦੋਂ ਯਹੋਯਾਦਾ ਜਿਉਂਦਾ ਸੀ ਤਾਂ ਜਾਜਕ ਯਹੋਵਾਹ ਦੇ ਮੰਦਰ ਵਿੱਚ ਹੋਮ ਦੀਆਂ ਭੇਟਾਂ ਚੜ੍ਹਾਉਂਦੇ ਸਨ।

15 ਯਹੋਯਾਦਾ ਬੁੱਢਾ ਹੋ ਗਿਆ ਉਹ ਕਾਫ਼ੀ ਵੱਡੀ ਉਮਰ ਤੱਕ ਜੀਵਿਆ ਅਤੇ ਫ਼ੇਰ ਚਲਾਣਾ ਕਰ ਗਿਆ। ਜਦੋਂ ਉਹ ਮਰਿਆ ਉਹ 130 ਵਰ੍ਹਿਆਂ ਦਾ ਸੀ। 16 ਲੋਕਾਂ ਨੇ ਉਸ ਨੂੰ ਦਾਊਦ ਦੇ ਸ਼ਹਿਰ ਜਿੱਥੇ ਪਾਤਸ਼ਾਹਾਂ ਨੂੰ ਦਫ਼ਨਾਇਆ ਜਾਂਦਾ ਸੀ, ਉੱਥੇ ਹੀ ਦਫ਼ਨਾਇਆ। ਲੋਕਾਂ ਨੇ ਉਸ ਨੂੰ ਉੱਥੇ ਇਸ ਲਈ ਦਫ਼ਨਾਇਆ ਕਿਉਂ ਕਿ ਉਸ ਨੇ ਆਪਣੇ ਜੀਵਨ ਕਾਲ ਵਿੱਚ ਯਹੋਵਾਹ ਅਤੇ ਉਸ ਦੇ ਮੰਦਰ ਅਤੇ ਇਸਰਾਏਲ ਦੇ ਲੋਕਾਂ ਲਈ ਬੜੇ ਚੰਗੇ ਭਲਾਈ ਦੇ ਕਾਰਜ ਕੀਤੇ।

17 ਯਹੋਯਾਦਾ ਦੇ ਮਰਨ ਉਪਰੰਤ ਯਹੂਦਾਹ ਦੇ ਆਗੂ ਆਏ ਅਤੇ ਉਨ੍ਹਾਂ ਨੇ ਯੋਆਸ਼ ਪਾਤਸ਼ਾਹ ਨੂੰ ਮੱਥਾ ਟੇਕਿਆ ਤਾਂ ਪਾਤਸ਼ਾਹ ਨੇ ਉਨ੍ਹਾਂ ਦੀ ਸੁਣੀ। 18 ਉਨ੍ਹਾਂ ਨੇ ਯਹੋਵਾਹ ਆਪਣੇ ਪੁਰਖਿਆਂ ਦੇ ਪਰਮੇਸ਼ੁਰ ਦੇ ਮੰਦਰ ਨੂੰ ਛੱਡ ਦਿੱਤਾ ਅਤੇ ਬੁੱਤਾਂ ਅਤੇ ਅਸ਼ੇਰਾਹ ਦੇ ਥੰਮਾਂ ਦੀ ਉਪਾਸਨਾ ਕਰਨ ਲੱਗ ਪਏ। ਉਨ੍ਹਾਂ ਦੇ ਦੋਸ਼ ਕਾਰਣ, ਪਰਮੇਸ਼ੁਰ ਬਹੁਤ ਗੁੱਸੇ ਸੀ ਅਤੇ ਯਹੂਦਾਹ ਅਤੇ ਯਰੂਸ਼ਲਮ ਉੱਪਰ ਕਸ਼ਟ ਆਣ ਪਏ। 19 ਤਦ ਵੀ ਯਹੋਵਾਹ ਨੇ ਉਨ੍ਹਾਂ ਕੋਲ ਨਬੀਆਂ ਨੂੰ ਭੇਜਿਆ ਤਾਂ ਜੋ ਉਹ ਉਨ੍ਹਾਂ ਨੂੰ ਯਹੋਵਾਹ ਵੱਲ ਮੋੜ ਲਿਆਉਣ। ਨਬੀ ਉਨ੍ਹਾਂ ਨੂੰ ਚਿਤਾਵਨੀ ਦਿੰਦੇ ਰਹੇ, ਪਰ ਉਨ੍ਹਾਂ ਨੇ ਉਸਤੇ ਕੋਈ ਕੰਨ ਨਾ ਧਰਿਆ।

20 ਤਦ ਪਰਮੇਸ਼ੁਰ ਦਾ ਆਤਮਾ ਜ਼ਕਰਯਾਹ, ਯਹੋਯਾਦਾ ਜਾਜਕ ਦੇ ਪੁੱਤਰ ਉੱਤੇ ਆਇਆ। ਉਹ ਉੱਚੇ ਥਾਂ ਤੇ ਖਲੋ ਗਿਆ ਅਤੇ ਲੋਕਾਂ ਨੂੰ ਆਖਣ ਲੱਗ ਪਿਆ ਕਿ, ਪਰਮਮੇਸ਼ੁਰ ਆਖਦਾ, ਤੁਸੀਂ ਯਹੋਵਾਹ ਦੇ ਹੁਕਮਨਾਮਿਆਂ ਨੂੰ ਕਿਉਂ ਤੋੜਦੇ ਹੋ? ਤੁਸੀਂ ਤਰਕੀ ਨਹੀਂ ਕਰ ਸੱਕਦੇ ਕਿਉਂ ਕਿ ਤੁਸੀਂ ਯਹੋਵਾਹ ਵੱਲ ਆਪਣੀਆਂ ਪਿੱਠਾ ਮੋੜ ਲਈਆਂ ਹਨ, ਇਸ ਲਈ ਯਹੋਵਾਹ ਵੀ ਤੁਹਾਡੇ ਵੱਲ ਆਪਣੀ ਪਿੱਠ ਮੋੜ ਲਵੇਗਾ।

21 ਪਰ ਲੋਕਾਂ ਨੇ ਜ਼ਕਰਯਾਹ ਦੇ ਵਿਰੁੱਧ ਵਿਉਂਤਾ ਘੜ ਲਈਆਂ ਅਤੇ ਆਪਣੀਆਂ ਸਾਜਿਸ਼ਾਂ ਨਾਲ ਪਾਤਸ਼ਾਹ ਦੇ ਹੁਕਮ ਨਾਲ ਉਸ ਨੂੰ ਯਹੋਵਾਹ ਦੇ ਮੰਦਰ ਵਿੱਚ ਪੱਥਰਾਂ ਨਾਲ ਮਾਰ ਸੁੱਟਿਆ। 22 ਯੋਆਸ਼ ਪਾਤਸ਼ਾਹ ਨੇ ਉਸ ਦੇ ਪਿਤਾ ਯਹੋਯਾਦਾ ਦੇ ਪਰਉਪਕਾਰ ਨੂੰ ਜੋ ਉਸ ਨੇ ਯੋਆਸ਼ ਉੱਪਰ ਕੀਤਾ ਸੀ, ਚੇਤੇ ਨਾ ਰੱਖਿਆ ਸਗੋਂ ਉਸ ਦੇ ਪੁੱਤਰ ਨੂੰ ਮਾਰ ਦਿੱਤਾ। ਜ਼ਕਰਯਾਹ ਨੇ ਮਰਨ ਤੋਂ ਪਹਿਲਾਂ ਆਖਿਆ, “ਯਹੋਵਾਹ ਤੇਰੀ ਕਰਨੀ ਵੇਖੇ ਤੇ ਤੈਨੂੰ ਤੇਰੇ ਕੀਤੇ ਦਾ ਦੰਡ ਦੇਵੇ।”

23 ਉਸ ਸਾਲ ਦੇ ਅਖੀਰ ਵਿੱਚ ਅਰਾਮੀਆਂ ਦੀ ਫ਼ੋਜ ਨੇ ਯੋਆਸ਼ ਉੱਪਰ ਚੜ੍ਹਾਈ ਕਰ ਦਿੱਤੀ ਅਤੇ ਯਹੂਦਾਹ ਅਤੇ ਯਰੂਸ਼ਲਮ ਵਿੱਚ ਆਕੇ ਉਮੱਤ ਦੇ ਸਾਰੇ ਸਰਦਾਰਾਂ ਨੂੰ ਲੋਕਾਂ ਵਿੱਚੋਂ ਮਾਰ ਦਿੱਤਾ ਅਤੇ ਉਨ੍ਹਾਂ ਦਾ ਸਾਰਾ ਮਾਲ ਲੁੱਟ ਕੇ ਦੰਮਿਸਕ ਦੇ ਪਾਤਸ਼ਾਹ ਕੋਲ ਭੇਜ ਦਿੱਤਾ। 24 ਅਰਾਮੀ ਫ਼ੌਜ ਦੀ ਅਜੇ ਇੱਕ ਛੋਟਾ ਜਿਹਾ ਦਲ ਹੀ ਆਇਆ ਸੀ, ਪਰ ਯਹੋਵਾਹ ਨੇ ਉਸ ਛੋਟੇ ਜਿਹੇ ਦਲ ਕੋਲੋਂ ਹੀ ਯਹੂਦਾਹ ਦੀ ਇੰਨੀ ਭਾਰੀ ਫ਼ੌਜ ਨੂੰ ਹਾਰ ਦਿੱਤੀ। ਯਹੋਵਾਹ ਨੇ ਇਉਂ ਇਸ ਲਈ ਕੀਤਾ ਕਿਉਂ ਕਿ ਯਹੂਦਾਹ ਦੇ ਲੋਕਾਂ ਨੇ ਆਪਣੇ ਪੁਰਖਿਆਂ ਦੇ ਯਹੋਵਾਹ ਪਰਮੇਸ਼ੁਰ ਨੂੰ ਮੰਨਣਾ ਛੱਡ ਦਿੱਤਾ ਸੀ, ਇਸ ਲਈ ਯੋਆਸ਼ ਨੂੰ ਇਹ ਦੰਡ ਮਿਲਿਆ। 25 ਜਦੋਂ ਅਰਾਮੀਆਂ ਨੇ ਯੋਆਸ਼ ਨੂੰ ਛੱਡਿਆ, ਉਹ ਬੁਰੀ ਤਰ੍ਹਾਂ ਜ਼ਖਮੀ ਸੀ। ਯੋਆਸ਼ ਦੇ ਆਪਣੇ ਦਾਸ ਉਸ ਦੇ ਵਿਰੋਧੀ ਹੋ ਗਏ। ਉਹ ਯੋਆਸ਼ ਦੇ ਵੈਰੀ ਇਸ ਲਈ ਹੋਏ ਕਿਉਂ ਕਿ ਉਸ ਨੇ ਯਹੋਯਾਦਾ ਜਾਜਕ ਦੇ ਪੁੱਤਰ ਜ਼ਕਰਯਾਹ ਨੂੰ ਮਾਰਿਆ ਸੀ। ਯੋਆਸ਼ ਦੇ ਸੇਵਕਾਂ ਨੇ ਉਸ ਨੂੰ ਉਸ ਦੇ ਬਿਸਤਰ ਤੇ ਹੀ ਵੱਢ ਸੁੱਟਿਆ। ਜਦੋਂ ਯੋਆਸ਼ ਮਰਿਆ ਤਾਂ ਲੋਕਾਂ ਨੇ ਉਸ ਨੂੰ ਦਾਊਦ ਦੇ ਸ਼ਹਿਰ ’ਚ ਦਫ਼ਨਾਇਆ, ਪਰ ਉਸ ਨੂੰ ਸ਼ਾਹੀ ਕਬਰਾਂ ਵਿੱਚ ਨਾ ਦਫ਼ਨਾਇਆ ਗਿਆ।

26 ਜਿਹੜੇ ਸੇਵਕਾਂ ਨੇ ਯੋਆਸ਼ ਦੇ ਵਿਰੁੱਧ ਮਤਾ ਘੜਿਆ ਉਹ ਸਨ: ਅੰਮੋਨਣ ਸ਼ਿਮਆਥ ਦਾ ਪੁੱਤਰ ਜ਼ਾਬਾਦ, ਮੋਆਬਣ ਸ਼ਿਮਰੀਥ ਦਾ ਪੁੱਤਰ ਯਹੋਜ਼ਾਬਾਦ। 27 ਯੋਆਸ਼ ਦੇ ਪੁੱਤਰਾਂ ਦੀ ਕਹਾਣੀ, ਉਸ ਦੇ ਵਿਰੁੱਧ ਮਹਾਨ ਅਗੰਮੀ ਵਾਚ ਅਤੇ ਉਸ ਨੇ ਯਹੋਵਾਹ ਦਾ ਮੰਦਰ ਕਿਵੇਂ ਮੁੜ ਉਸਾਰਿਆ, ਇਹ ਸਭ ਕਾਰਜ ਪਾਤਸ਼ਾਹਾਂ ਦੇ ਇਤਹਾਸ ਦੀ ਪੋਥੀ ਵਿੱਚ ਦਰਜ ਹਨ। ਉਸ ਉਪਰੰਤ ਅਮਸਯਾਹ ਨਵਾਂ ਪਾਤਸ਼ਾਹ ਬਣਿਆ। ਅਮਸਯਾਹ ਯੋਆਸ਼ ਦਾ ਪੁੱਤਰ ਸੀ।

Punjabi Bible: Easy-to-Read Version (ERV-PA)

2010 by World Bible Translation Center