Beginning
6 ਤਦ ਸੁਲੇਮਾਨ ਨੇ ਆਖਿਆ, “ਯਹੋਵਾਹ ਨੇ ਆਖਿਆ ਹੈ ਕਿ ਉਹ ਘਨਾ ਬੱਦਲ ਹਨੇਰ ਵਿੱਚ ਵਸੇਗਾ। 2 ਮੈਂ ਤੇਰੇ ਲਈ ਹੇ ਯਹੋਵਾਹ ਇੱਕ ਘਰ ਬਣਾਇਆ ਹੈ ਜਿੱਥੇ ਤੂੰ ਵਸੇਂ। ਇਹ ਉੱਚਾ ਘਰ ਹੈ ਜਿੱਥੇ ਤੂੰ ਸਦੀਵ ਰਹੇਂ।”
ਸੁਲੇਮਾਨ ਦਾ ਕਥਨ
3 ਪਾਤਸ਼ਾਹ ਸੁਲੇਮਾਨ ਨੇ ਘੁੰਮ ਕੇ ਆਪਣੇ ਅੱਗੇ ਇਕੱਠੇ ਹੋਏ ਇਸਰਾਏਲ ਦੇ ਸਾਰੇ ਲੋਕਾਂ ਨੂੰ ਅਸੀਸ ਦਿੱਤੀ। 4 ਉਸ ਨੇ ਕਿਹਾ,
“ਯਹੋਵਾਹ, ਇਸਰਾਏਲ ਦੇ ਪਰਮੇਸ਼ੁਰ ਨੂੰ ਧੰਨਵਾਦ, ਜੋ ਇਕਰਾਰ ਉਸ ਨੇ ਆਪਣੇ ਮੂੰਹੋਂ ਮੇਰੇ ਪਿਤਾ ਦਾਊਦ ਨਾਲ ਕੀਤਾ ਸੀ, ਉਸ ਨੇ ਉਸ ਨੂੰ ਆਪਣੀ ਸ਼ਕਤੀ ਨਾਲ ਨਿਭਾਇਆ। ਇਹੀ ਹੈ ਜੋ ਯਹੋਵਾਹ ਪਰਮੇਸ਼ੁਰ ਨੇ ਆਖਿਆ: 5 ‘ਮੈਂ ਬਹੁਤ ਪਹਿਲਾਂ ਇਸਰਾਏਲ ਨੂੰ ਮਿਸਰ ਵਿੱਚੋਂ ਬਾਹਰ ਕੱਢ ਲਿਆਇਆ, ਤੇ ਉਸ ਸਾਰੇ ਸਮੇਂ ਦੌਰਾਨ ਮੈਂ ਇਸਰਾਏਲ ਦੇ ਸਾਰੇ ਪਰਿਵਾਰ-ਸਮੂਹਾਂ ਵਿੱਚੋਂ ਨਾ ਤਾਂ ਕਿਸੇ ਸ਼ਹਿਰ ਨੂੰ ਚੁਣਿਆ ਤਾਂ ਜੋ ਉਸ ਵਿੱਚ ਮੰਦਰ ਬਣਾਇਆ ਜਾਵੇ ਅਤੇ ਉੱਥੇ ਮੇਰਾ ਨਾਂ ਰਹੇ ਤੇ ਨਾ ਹੀ ਕਿਸੇ ਮਨੁੱਖ ਨੂੰ ਚੁਣਿਆ ਜੋ ਕਿ ਮੇਰੇ ਲੋਕਾਂ ਦਾ ਪ੍ਰਧਾਨ ਬਣੇ। 6 ਪਰ ਹੁਣ ਮੈਂ ਆਪਣੇ ਨਾਂ ਲਈ ਯਰੂਸ਼ਲਮ ਸਥਾਨ ਨੂੰ ਚੁਣਿਆ ਹੈ ਅਤੇ ਦਾਊਦ ਨੂੰ ਚੁਣਿਆ ਹੈ ਕਿ ਉਹ ਮੇਰੀ ਪਰਜਾ ਇਸਰਾਏਲ ਦਾ ਆਗੂ ਹੋਵੇ।’
7 “ਮੇਰਾ ਪਿਤਾ ਦਾਊਦ ਇਸਰਾਏਲ ਦੇ ਪਰਮੇਸ਼ੁਰ ਲਈ ਉਸ ਦੇ ਨਾਉਂ ਲਈ ਮੰਦਰ ਬਨਵਾਉਣਾ ਚਾਹੁੰਦਾ ਸੀ। 8 ਪਰ ਯਹੋਵਾਹ ਨੇ ਮੇਰੇ ਪਿਤਾ ਨੂੰ ਕਿਹਾ, ‘ਦਾਊਦ, ਜੇ ਤੂੰ ਮੇਰੇ ਨਾਉਂ ਉੱਪਰ ਇੱਕ ਮੰਦਰ ਬਨਵਾਉਣਾ ਚਾਹੁੰਦਾ ਸੀ, ਚੰਗੀ ਗੱਲ ਹੈ। 9 ਲੇਕਿਨ ਤੂੰ ਮੰਦਰ ਨਹੀਂ ਬਣਵਾ ਸੱਕਦਾ ਸਗੋਂ ਤੇਰਾ ਆਪਣਾ ਪੁੱਤਰ ਮੇਰੇ ਨਾਂ ਉੱਪਰ ਇੱਕ ਮੰਦਰ ਬਨਵਾਏਗਾ।’ 10 ਹੁਣ ਯਹੋਵਾਹ ਨੇ ਉਹ ਬਚਨ ਪੂਰਾ ਕੀਤਾ ਹੈ ਜੋ ਉਸ ਨੇ ਆਖਿਆ ਸੀ। ਮੈਂ ਹੁਣ ਆਪਣੇ ਪਿਤਾ ਦੀ ਥਾਵੇਂ ਨਵਾਂ ਪਾਤਸ਼ਾਹ ਚੁਣਿਆ ਗਿਆ ਹਾਂ ਕਿਉਂ ਕਿ ਦਾਊਦ ਮੇਰੇ ਪਿਤਾ ਸਨ ਤੇ ਹੁਣ ਮੈਂ ਇਸਰਾਏਲ ਦਾ ਪਾਤਸ਼ਾਹ। ਯਹੋਵਾਹ ਨੇ ਇਹੀ ਬਚਨ ਕੀਤਾ ਸੀ ਅਤੇ ਮੈਂ ਹੁਣ ਇਸਰਾਏਲ ਦੇ ਯਹੋਵਾਹ ਪਰਮੇਸ਼ੁਰ ਦੇ ਨਾਂ ਲਈ ਇੱਕ ਮੰਦਰ ਦਾ ਨਿਰਮਾਣ ਕਰਵਾਇਆ ਹੈ। 11 ਮੈਂ ਇਕਰਾਰਨਾਮੇ ਦੇ ਸੰਦੂਕ ਨੂੰ ਇਸ ਮੰਦਰ ਅੰਦਰ ਸਥਾਪਿਤ ਕੀਤਾ ਹੈ ਜਿਸ ਵਿੱਚ ਇਸਰਾਏਲ ਦੇ ਲੋਕਾਂ ਨਾਲ ਕੀਤੇ ਯਹੋਵਾਹ ਦਾ ਇਕਰਾਰਨਾਮਾ ਰੱਖਿਆ ਹੋਇਆ ਹੈ।”
ਸੁਲੇਮਾਨ ਦੀ ਪ੍ਰਾਰਥਨਾ
12 ਸੁਲੇਮਾਨ ਯਹੋਵਾਹ ਦੀ ਜਗਵੇਦੀ ਦੇ ਸਨਮੁੱਖ ਖਲੋਤਾ ਅਤੇ ਉਹ ਇਸਰਾਏਲ ਦੇ ਸਾਰੇ ਲੋਕਾਂ ਦੇ ਸਾਹਮਣੇ ਜਿਹੜੇ ਕਿ ਇੱਕਤਰ ਹੋਏ ਸਨ, ਖੜੋਤਾ ਹੋਇਆ ਸੀ। ਤਦ ਉਸ ਨੇ ਆਪਣੇ ਹੱਥ ਅਤੇ ਬਾਹਵਾਂ ਅਕਾਸ਼ ਵੱਲ ਫ਼ੈਲਾਅ ਕੇ ਆਪਣੇ ਹੱਥ ਅੱਡੇ। 13 ਸੁਲੇਮਾਨ ਨੇ ਪੰਜ ਹੱਥ ਲੰਮਾ, ਪੰਜ ਹੱਥ ਚੌੜਾ ਅਤੇ ਤਿੰਨ ਹੱਥ ਉੱਚਾ ਪਿੱਤਲ ਦਾ ਇੱਕ ਥੜਾ ਬਣਵਾਕੇ ਵਿਹੜੇ ਵਿੱਚ ਰੱਖਵਾ ਦਿੱਤਾ ਅਤੇ ਉਸ ਉੱਪਰ ਉਹ ਖੜੋਤਾ ਹੋਇਆ ਸੀ, ਸੋ ਉਸ ਨੇ ਸਾਰੀ ਸਭਾ ਦੇ ਸਾਹਮਣੇ ਗੋਡੇ ਟੇਕ ਕੇ ਅਕਾਸ਼ ਵੱਲ ਆਪਣੇ ਹੱਥ ਫ਼ੈਲਾਏ। 14 ਸੁਲੇਮਾਨ ਨੇ ਆਖਿਆ:
“ਇਸਰਾਏਲ ਦੇ ਯਹੋਵਾਹ ਪਰਮੇਸ਼ੁਰ, ਤੇਰੇ ਵਰਗਾ ਨਾ ਅਕਾਸ਼ਾਂ ਵਿੱਚ ਨਾ ਧਰਤੀ ਉੱਪਰ ਕੋਈ ਪਰਮੇਸ਼ੁਰ ਨਹੀਂ ਹੈ ਜੋ ਆਪਣੀ ਕਿਰਪਾ ਅਤੇ ਮਿਹਰ ਦਾ ਹੱਥ ਉਨ੍ਹਾਂ ਉੱਪਰ ਕਰੇ। ਜਿਹੜੇ ਤੇਰੇ ਸੇਵਕ ਦਿਲੋਂ ਤੇਰਾ ਹੁਕਮ ਮੰਨਦੇ ਹਨ ਤੇ ਠੀਕ ਰਾਹੇ ਚਲਦੇ ਹਨ ਤੂੰ ਉਨ੍ਹਾਂ ਨਾਲ ਆਪਣਾ ਇਕਰਾਰ ਪੂਰਾ ਕਰਦਾ ਹੈਂ। 15 ਤੂੰ ਆਪਣੇ ਦਾਸ ਦਾਊਦ ਨਾਲ ਵੀ ਆਪਣਾ ਕੌਲ ਨਿਭਾਇਆ ਅਤੇ ਦਾਊਦ ਮੇਰਾ ਪਿਤਾ ਸੀ ਤੇ ਤੂੰ ਆਪਣੇ ਮੂੰਹੋਂ ਉਸ ਨਾਲ ਬਚਨ ਕੀਤਾ ਜਿਸ ਨੂੰ ਅੱਜ ਤੂੰ ਆਪਣੇ ਹੀ ਹੱਥੀਂ ਪੂਰਾ ਕੀਤਾ ਹੈ। 16 ਹੁਣ, ਹੇ ਇਸਰਾਏਲ ਦੇ ਯਹੋਵਾਹ ਪਰਮੇਸ਼ੁਰ, ਆਪਣੇ ਦਾਸ, ਮੇਰੇ ਪਿਤਾ ਦਾਊਦ ਦੇ ਨਾਲ ਕੀਤੇ ਉਸ ਇਕਰਾਰ ਨੂੰ ਵੀ ਪੂਰਾ ਕਰ: ‘ਤੇਰੇ ਵਾਰਿਸਾਂ ਵਿੱਚੋਂ ਇੱਕ ਇਸਰਾਏਲ ਦੇ ਇਸ ਸਿੰਘਾਸਣ ਉੱਤੇ ਹਮੇਸ਼ਾ ਬੈਠੇਗਾ ਪਰ ਤਾਂ ਹੀ ਜੇਕਰ ਤੇਰੇ ਪੁੱਤਰ ਆਪਣੀਆਂ ਸਾਰੀਆਂ ਕਰਨੀਆਂ ਵਿੱਚ ਮੇਰੀ ਬਿਧੀ ਅਨੁਸਾਰ ਮੇਰਾ ਪਾਲਣ ਕਰਨਗੇ। ਜਿਵੇਂ ਕਿ ਤੂੰ ਪਾਲਣ ਕੀਤਾ ਹੈ’ 17 ਸੋ ਹੁਣ, ਹੇ ਇਸਰਾਏਲ ਦੇ ਯਹੋਵਾਹ ਪਰਮੇਸ਼ੁਰ, ਆਪਣੇ ਇਕਰਾਰ ਨੂੰ ਸੱਚ ਕਰ ਜਿਹੜਾ ਕਿ ਤੂੰ ਆਪਣੇ ਦਾਸ ਦਾਊਦ ਨੂੰ ਕੀਤਾ ਸੀ।
18 “ਪਰ ਹੇ ਪਰਮੇਸ਼ੁਰ, ਅਸੀਂ ਜਾਣਦੇ ਹਾਂ ਕਿ ਤੂੰ ਧਰਤੀ ਉੱਪਰ ਆਪਣੇ ਲੋਕਾਂ ਨਾਲ ਭੌਤਿਕ ਰੂਪ ਵਿੱਚ ਨਹੀਂ ਰਹੇਂਗਾ, ਕਿਉਂ ਕਿ ਅਕਾਸ਼ਾਂ ਦੇ ਅਕਾਸ਼ ਵੀ ਤੈਨੂੰ ਨਹੀਂ ਸਮਾ ਸੱਕਦੇ। ਮੈਂ ਇਹ ਵੀ ਜਾਣਦਾ ਹਾਂ ਕਿ ਜੋ ਮੰਦਰ ਮੈਂ ਬਣਵਾਇਆ ਉਹ ਵੀ ਤੈਨੂੰ ਨਹੀਂ ਸਮਾ ਸੱਕਦਾ! 19 ਪਰ ਹੇ ਯਹੋਵਾਹ ਮੇਰੇ ਪਰਮੇਸ਼ੁਰ ਮੇਰੀ ਪ੍ਰਾਰਥਨਾ ਨੂੰ ਸੁਣ ਮੈਂ ਤੇਰੇ ਅੱਗੇ ਦਯਾ ਲਈ ਬੇਨਤੀ ਕਰਦਾ ਹਾਂ। ਸੋ ਹੇ ਕਿਰਪਾਲੂ ਮੇਰੀ ਪੁਕਾਰ ਸੁਣ ਮੇਰੀ ਪ੍ਰਾਰਥਨਾ ਸੁਣੋ। ਆਪਣੇ ਦਾਸ ਦੀ ਅਰਜੋਈ ਨੂੰ ਸੁਣ। 20 ਮੇਰੀ ਪ੍ਰਾਰਥਨਾ ਸੁਣ ਤਾਂ ਜੋ ਤੇਰੀਆਂ ਅੱਖੀਆਂ ਇਸ ਮੰਦਰ ਵੱਲ ਜਿਸਦੇ ਬਾਰੇ ਤੂੰ ਫ਼ੁਰਮਾਇਆ ਸੀ ਕਿ ਮੈਂ ਆਪਣਾ ਨਾਮ ਉੱਥੇ ਰੱਖਾਂਗਾ ਜਿੱਥੇ ਮੇਰੀਆਂ ਅੱਖਾਂ ਦਿਨ-ਰਾਤ ਖੁਲ੍ਹੀਆਂ ਰਹਿਣ ਤਾਂ ਕਿ ਤੂੰ ਉਸ ਬੇਨਤੀ ਨੂੰ ਸੁਣੇ ਜੋ ਤੇਰਾ ਸੇਵਕ ਇਸ ਅਸਥਾਨ ਉੱਪਰ ਕਰੇ। 21 ਤੂੰ ਆਪਣੇ ਸੇਵਕ ਦੀ ਪ੍ਰਾਰਥਨਾ ਅਤੇ ਆਪਣੀ ਪਰਜਾ ਇਸਰਾਏਲ ਦੀ ਬੇਨਤੀ ਨੂੰ ਜਦੋਂ ਉਹ ਇਸ ਥਾਂ ਉੱਪਰ ਪ੍ਰਾਰਥਨਾ ਕਰਨ ਤਾਂ ਸੁਣ ਲਵੀਂ। ਅਸੀਂ ਜਦੋਂ ਵੀ ਇਸ ਮੰਦਰ ਵੱਲ ਵੇਖਕੇ ਪ੍ਰਾਰਥਨਾ ਕਰੀਏ ਤਾਂ ਤੂੰ ਜਿੱਥੇ ਵੀ ਭਾਵੇਂ ਸੁਰਗਾਂ ’ਚ ਹੋਵੇਂ ਸਾਡੀ ਪ੍ਰਾਰਥਨਾ ਕਬੂਲ ਕਰੀਂ ਤੇ ਸਾਨੂੰ ਮੁਆਫ਼ ਕਰ ਦੇਵੀਂ।
22 “ਜੇਕਰ ਕੋਈ ਮਨੁੱਖ ਆਪਣੇ ਗੁਆਂਢੀ ਨਾਲ ਕੋਈ ਗ਼ਲਤ ਕੰਮ ਕਰੇ ਤਾਂ ਜੇ ਉਸ ਤੋਂ ਸੌਂਹ ਖੁਆਈ ਜਾਵੇ ਤਾਂ ਉਹ ਆ ਕੇ ਇਸ ਮੰਦਰ ਵਿੱਚ ਤੇਰੀ ਜਗਵੇਦੀ ਦੇ ਸਾਹਮਣੇ ਸੌਂਹ ਖਾਵੇ ਕਿ ਉਹ ਮਾਸੂਮ ਹੈ। 23 ਤਾਂ ਤੂੰ ਅਕਾਸ਼ ਵਿੱਚ ਉਸਦੀ ਪੁਕਾਰ ਸੁਣੀਂ ਤੇ ਆਪਣੇ ਦਾਸ ਤੇ ਮਿਹਰਬਾਨ ਹੋਵੀਂ ਅਤੇ ਉਸ ਨੂੰ ਨਿਆਂ ਦੇਵੀਂ। ਅਤੇ ਦੁਸ਼ਟ ਆਦਮੀ ਨੂੰ ਸਜ਼ਾ ਦੇਵੀਂ ਅਤੇ ਉਸ ਉੱਤੇ ਬਦੀ ਲਿਆਵੀਂ, ਕਿਉਂ ਜੋ ਉਸ ਨੇ ਹੋਰਨਾਂ ਨੂੰ ਕਸ਼ਟ ਦਿੱਤੇ ਅਤੇ ਸਾਬਤ ਕਰੀਂ ਕਿ ਜਿਸ ਆਦਮੀ ਨੇ ਚੰਗਾ ਕੀਤਾ ਬੇਗੁਨਾਹ ਹੈ ਅਤੇ ਉਸ ਨੂੰ ਉਸਦੀ ਨੇਕੀ ਅਨੁਸਾਰ ਪ੍ਰਰਸਾਕਿਰਤ ਕਰੀਂ।
24 “ਜੇਕਰ ਤੇਰੇ ਲੋਕ, ਇਸਰਾਏਲ ਆਪਣੇ ਪਾਪ ਕਾਰਣ ਆਪਣੇ ਦੁਸ਼ਮਣਾਂ ਤੋਂ ਹਾਰ ਜਾਣ, ਤੇ ਜੇਕਰ ਉਹ ਤੇਰੇ ਵੱਲ ਪਰਤ ਆਵਣ ਤੇ ਤੇਰੇ ਨਾਉਂ ਨੂੰ ਮੰਨ ਕੇ ਇਸ ਮੰਦਰ ਵਿੱਚ ਤੇਰੇ ਸਾਹਮਣੇ ਪ੍ਰਾਰਥਨਾ ਕਰਨ, 25 ਤੂੰ ਸੁਰਗ ਉੱਤੋਂ ਸੁਣ ਕੇ ਆਪਣੀ ਪਰਜਾ ਇਸਰਾਏਲ ਨੂੰ ਉਨ੍ਹਾਂ ਦੇ ਪਾਪ ਤੋਂ ਖਿਮਾਂ ਕਰੀਂ ਤੇ ਉਨ੍ਹਾਂ ਨੂੰ ਇਸ ਜ਼ਮੀਨ ਜਿਹੜੀ ਤੂੰ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਪੁਰਖਿਆਂ ਨੂੰ ਦਿੱਤੀ ਸੀ, ਮੋੜ ਦੇਵੀਂ।
26 “ਜੇਕਰ ਧਰਤੀ ਤੇ ਸੋਕਾ ਪੈ ਜਾਵੇ ਅਤੇ ਬਾਰਿਸ਼ ਨਾ ਹੋਵੇ ਕਿਉਂ ਕਿ ਇਸਰਾਏਲ ਦੇ ਲੋਕਾਂ ਨੇ ਪਾਪ ਕੀਤਾ ਹੈ ਤਾਂ ਜੇਕਰ ਉਹ ਇਸ ਥਾਵੇਂ ਆਕੇ ਤੇਰੇ ਅੱਗੇ ਪ੍ਰਾਰਥਨਾ ਕਰਨ ਅਤੇ ਤੇਰੇ ਨਾਮ ਨੂੰ ਮੰਨ ਕੇ ਪਾਪ ਕਰਨੋ ਹਟ ਜਾਣ ਕਿਉਂ ਕਿ ਤੂੰ ਉਨ੍ਹਾਂ ਨੂੰ ਸਜ਼ਾ ਦਿੱਤੀ। 27 ਤਾਂ ਤੂੰ ਅਕਾਸ਼ਾਂ ਤੋਂ ਆਪਣੇ ਦਾਸਾਂ ਤੇ ਪਰਜਾ, ਇਸਰਾਏਲ ਦੇ ਪਾਪਾਂ ਨੂੰ ਖਿਮਾਂ ਕਰੀਂ। ਫ਼ਿਰ ਉਨ੍ਹਾਂ ਨੂੰ ਸਹੀ ਜੀਵਨ ਜਿਉਣ ਦੀ ਜਾਂਚ ਸਿੱਖਾਵੀਂ ਤੇ ਆਪਣੀ ਜ਼ਮੀਨ ਤੇ ਬਾਰਿਸ਼ ਭੇਜੀਂ, ਉਸ ਜ਼ਮੀਨ ਤੇ ਜੋ ਤੂੰ ਆਪਣੀ ਪਰਜਾ ਨੂੰ ਦਿੱਤੀ ਸੀ।
28 “ਜੇਕਰ ਦੇਸ਼ ਵਿੱਚ ਕਾਲ ਜਾਂ ਭਿਆਨਕ ਬਿਮਾਰੀ ਪੈ ਜਾਵੇ, ਜੇਕਰ ਫ਼ਸਲਾਂ ਨੂੰ ਕੀੜਾ ਪੈ ਜਾਵੇ। ਜਾਂ ਕੋਈ ਦੁਸ਼ਮਣ ਫੌਜ ਉਨ੍ਹਾਂ ਨੂੰ ਘੇਰ ਲਵੇ ਜਾਂ ਇਸਰਾਏਲ ’ਚ ਕੋਈ ਭਿਆਨਕ ਬਿਮਾਰੀ ਆ ਜਾਵੇ, 29 ਤਦ ਇਸਰਾਏਲ ਦੀ ਪਰਜਾ ਚੋ ਕੋਈ ਵੀ ਤੇਰੇ ਅੱਗੇ ਬੇਨਤੀ ਕਰੇ, ਪ੍ਰਾਰਥਨਾ ਕਰੇ ਜਾਂ ਕੋਈ ਵੀ ਇਸਰਾਏਲ ਦੇ ਮਨੁੱਖ ਜਾਂ ਸਾਰੇ ਜਿਸ ਵਿੱਚ ਹਰ ਕੋਈ ਆਪਣੀ ਦੁੱਖ-ਤਕਲੀਫ਼ ਨੂੰ ਜਾਣਦਾ ਹੋਇਆ ਤੇਰੇ ਅੱਗੇ ਹੱਥ ਫ਼ੈਲਾਏ, ਇਸ ਮੰਦਰ ਵੱਲ ਵੇਖਦਾ ਹੱਥ ਫ਼ੈਲਾਏ। 30 ਤਾਂ ਅਕਾਸ਼ ਉੱਤੋਂ ਉਨ੍ਹਾਂ ਦੀ ਫ਼ਰਿਆਦ ਸੁਣੀ ਤੂੰ ਆਪਣੇ ਸੁਰਗੀ ਭਵਨ ’ਚ ਬੈਠਾ ਉਨ੍ਹਾਂ ਨੂੰ ਖਿਮਾਂ ਕਰੀਂ। ਜੋ ਕੋਈ ਮਨੁੱਖ ਤੇਰੇ ਕੋਲੋਂ ਮੰਗ ਮੰਗੇ ਉਨ੍ਹਾਂ ਦੀ ਮੰਗ ਪੂਰੀ ਕਰੀਂ ਕਿਉਂ ਕਿ ਤੂੰ ਘਟ ਘਟ ਦੇ ਦਿਲਾਂ ਦੀ ਜਾਣਨ ਵਾਲਾ ਹੈਂ। 31 ਤਾਂ ਕਿ ਉਹ ਬਾਕੀ ਦਾ ਜਿਹੜਾ ਆਪਣਾ ਵਕਤ ਇਸ ਜ਼ਮੀਨ ਤੇ ਬਿਤਾਉਣ ਜਿਹੜੀ ਤੂੰ ਸਾਡੇ ਪੁਰਖਿਆਂ ਨੂੰ ਦਿੱਤੀ ਸੀ, ਉਹ ਤੇਰੇ ਮਾਰਗ ਉੱਪਰ ਤੇਰੇ ਤੋਂ ਡਰ ਕੇ ਚੱਲਣ।
32 “ਇਸਰਾਏਲ ਦੀ ਪਰਜਾ ਤੋਂ ਇਲਾਵਾ ਜਿਹੜਾ ਹੋਰ ਵੀ ਕੋਈ ਪਰਦੇਸੀ ਜਦੋਂ ਤੇਰੀ ਵੱਡੀ ਉਪਮਾ, ਨਾਉਂ ਤੇ ਸ਼ਕਤੀ ਸੁਣ ਦੂਰੋ ਦੇਸੋਂ-ਪਰਦੇਸੋਂ ਆਵੇ ਅਤੇ ਇਸ ਮੰਦਰ ਵੱਲ ਆ ਕੇ ਪ੍ਰਾਰਥਨਾ ਕਰੇ। 33 ਤਾਂ ਤੂੰ ਆਪਣੇ ਅਕਾਸ਼ੀ ਭਵਨ ’ਚ ਬੈਠਾ ਸੁਣਕੇ ਉਸ ਪਰਦੇਸੀ ਦੀ ਫ਼ਰਿਆਦ ਸੁਣ ਉਸ ਮੁਤਾਬਕ ਕਿਰਪਾ ਕਰੀਂ ਤਾਂ ਜੋ ਧਰਤੀ ਦੇ ਸਾਰੇ ਲੋਕ ਤੇਰੇ ਨਾਉਂ ਨੂੰ ਜਾਨਣ ਅਤੇ ਤੇਰੀ ਪਰਜਾ ਇਸਰਾਏਲ ਵਾਂਗ ਤੇਰਾ ਡਰ ਮੰਨਣ ਅਤੇ ਸਾਰੇ ਲੋਕ ਇਹ ਜਾਣ ਲੈਣ ਕਿ ਇਹ ਮੰਦਰ ਜੋ ਮੈਂ ਬਣਵਾਇਆ ਹੈ ਉਹ ਤੇਰੇ ਨਾਉਂ ਦਾ ਹੀ ਅਖਵਾਉਂਦਾ ਹੈ।
34 “ਜੇਕਰ ਤੇਰੀ ਪਰਜਾ ਜਿਸ ਨੂੰ ਤੂੰ ਉਨ੍ਹਾਂ ਦੇ ਵੈਰੀਆਂ ਨਾਲ ਲੜਨ ਲਈ ਭੇਜੇਂ ਤੇ ਜੇ ਉਹ ਇਸ ਸ਼ਹਿਰ ਨੂੰ ਜਿਸ ਨੂੰ ਤੂੰ ਚੁਣਿਆ ਹੈ, ਤੇ ਇਸ ਮੰਦਰ ਨੂੰ ਜਿਸ ਨੂੰ ਮੈਂ ਤੇਰੇ ਨਾਉਂ ਲਈ ਬਣਵਾਇਆ ਹੈ ਲਈ ਤੇਰੇ ਅੱਗੇ ਬੇਨਤੀ ਕਰਨ। 35 ਤਾਂ ਤੂੰ ਅਕਾਸ਼ ਉੱਤੋਂ ਉਨ੍ਹਾਂ ਦੀ ਪ੍ਰਾਰਥਨਾ ਸੁਣਕੇ ਉਨ੍ਹਾਂ ਦੀ ਮਦਦ ਕਰੀਂ।
36 “ਅਜਿਹਾ ਕੋਈ ਵੀ ਨਹੀਂ ਜਿਸਨੇ ਕਦੇ ਕੋਈ ਪਾਪ ਨਾ ਕੀਤਾ ਹੋਵੇ-ਤੇ ਜੇ ਉਹ ਤੇਰਾ ਪਾਪ ਕਰਨ ਤੇ ਤੂੰ ਉਨ੍ਹਾਂ ਤੇ ਨਰਾਜ਼ ਹੋਕੇ ਉਨ੍ਹਾਂ ਨੂੰ ਦੁਸ਼ਮਣ ਦੇ ਹਵਾਲੇ ਕਰ ਦੇਵੇਂ ਤੇ ਉਹ ਉਨ੍ਹਾਂ ਨੂੰ ਬੰਦੀ ਬਣਾਕੇ ਦੂਰ ਜਾਂ ਨੇੜੇ ਕਿਸੇ ਦੇਸ ਵਿੱਚ ਲੈ ਜਾਣ। 37 ਜਦ ਕਿ ਹਾਲੇ ਉਹ ਉਸ ਪਰਦੇਸ਼ ਵਿੱਚ ਕੈਦੀ ਹੋਣ, ਜੇਕਰ ਉਹ ਆਪਣੇ ਮਨ ਬਦਲ ਲੈਣ ਅਤੇ ਤੇਰੇ ਅੱਗੇ ਇਹ ਆਖਕੇ ਬੇਨਤੀ ਕਰਨ, ‘ਅਸੀਂ ਪਾਪ ਕੀਤਾ ਹੈ। ਅਸੀਂ ਬਦ ਕੰਮ ਕੀਤੇ ਹਨ ਅਤੇ ਦੁਸ਼ਟਤਾ ਦਾ ਵਿਖਾਵਾ ਕੀਤਾ ਹੈ।’ 38 ਤੇ ਜਦੋਂ ਉਹ ਪੂਰੇ ਤਨ-ਮਨ ਨਾਲ ਤੇਰੇ ਵੱਲ ਮੁੜਨ ਜਿੱਥੇ ਕਿ ਉਹ ਕੈਦੀ ਹਨ, ਤੇ ਜਿਹੜੀ ਜ਼ਮੀਨ ਤੂੰ ਉਨ੍ਹਾਂ ਦੇ ਪੁਰਖਿਆਂ ਨੂੰ ਦਿੱਤੀ ਸੀ ਉਸ ਦਾ ਧਿਆਨ ਚਿੱਤ ਵਿੱਚ ਰੱਖ ਕੇ ਤੇ ਜਿਹੜਾ ਸ਼ਹਿਰ ਤੂੰ ਚੁਣਿਆ ਸੀ, ਤੇ ਉਹ ਇਸ ਮੰਦਰ ਜਿਹੜਾ ਮੈਂ ਤੇਰੇ ਨਾਂ ਲਈ ਬਣਵਾਇਆ ਨੂੰ ਧਿਆਨ ਵਿੱਚ ਰੱਖ ਕੇ, ਤੇਰੇ ਅੱਗੇ ਬੇਨਤੀ ਕਰਨ 39 ਜਦੋਂ ਇਹ ਸਭ ਵਾਪਰੇ ਤਾਂ ਅਕਾਸ਼ ਵਿੱਚ ਬੈਠਾ ਤੂੰ ਉਨ੍ਹਾਂ ਦੀ ਫ਼ਰਿਆਦ ਸੁਣੀਂ ਕਿਉਂ ਜੋ ਉਹ ਤੇਰਾ ਭਵਨ ਹੈ ਸੋ ਜਦੋਂ ਉਹ ਮਦਦ ਲਈ ਪ੍ਰਾਰਥਨਾ ਕਰਨ ਉਨ੍ਹਾਂ ਦੀ ਬੇਨਤੀ ਸੁਣੀਂ ਤੇ ਕਿਰਪਾ ਕਰੀਂ। ਤੂੰ ਆਪਣੇ ਲੋਕਾਂ ਨੂੰ ਜਿਨ੍ਹਾਂ ਤੇਰੇ ਨਾਲ ਪਾਪ ਕੀਤਾ ਉਨ੍ਹਾਂ ਨੂੰ ਬਖਸ਼ ਦੇਵੀਂ। 40 ਹੁਣ, ਹੇ ਮੇਰੇ ਪਰਮੇਸ਼ੁਰ, ਹੁਣ ਇਸ ਥਾਂ ਤੇ ਜੋ ਅਸੀਂ ਬੇਨਤੀ ਕਰ ਰਹੇ ਹਾਂ ਉਸ ਪ੍ਰਾਰਥਨਾ ਨੂੰ ਅੱਖਾਂ, ਕੰਨ ਖੋਲ੍ਹਕੇ ਸੁਣ ਅਤੇ ਸਾਡੀ ਬੇਨਤੀ ਨੂੰ ਪ੍ਰਵਾਨ ਕਰ।
41 “ਹੁਣ, ਯਹੋਵਾਹ ਪਰਮੇਸ਼ੁਰ ਉੱਠ ਆਪਣੇ ਖਾਸ ਥਾਂ ਤੇ
ਆ ਇਕਰਾਰਨਾਮਾ ਦਾ ਸੰਦੂਕ ਤੇਰੀ ਸ਼ਕਤੀ ਦਰਸਾਉਂਦਾ ਹੈ।
ਤੇਰੇ ਜਾਜਕ ਮੁਕਤੀ ਨਾਲ ਸੁਸ਼ੋਭਿਤ ਹੋਣ।
ਤੇਰੇ ਸੱਚੇ ਭਗਤ ਤੇਰੀ ਚੰਗਿਆਈ ਵਿੱਚ ਆਨੰਦਿਤ ਹੋਣ।
42 ਹੇ ਯਹੋਵਾਹ ਪਰਮੇਸ਼ੁਰ, ਤੂੰ ਆਪਣੇ ਮਸਹ ਕੀਤੇ ਪਾਤਸ਼ਾਹ ਨੂੰ ਸਵੀਕਾਰ ਕਰ
ਆਪਣੇ ਦਾਸ ਦਾਊਦ ਉੱਪਰ ਆਪਣੀ ਦਯਾ ਯਾਦ ਰੱਖੀਂ।”
ਮੰਦਰ ਯਹੋਵਾਹ ਨੂੰ ਸਮਰਪਿਤ
7 ਜਦ ਸੁਲੇਮਾਨ ਪ੍ਰਾਰਥਨਾ ਕਰ ਚੁੱਕਿਆ ਤਾਂ ਅਕਾਸ਼ ਉੱਪਰੋਂ ਅੱਗ ਉੱਤਰੀ ਅਤੇ ਹੋਮ ਦੀ ਭੇਟ ਅਤੇ ਬਲੀਆਂ ਸਭ ਨੂੰ ਭਸਮ ਕਰ ਗਈ ਤੇ ਸਾਰਾ ਮੰਦਰ ਯਹੋਵਾਹ ਦੇ ਪਰਤਾਪ ਨਾਲ ਭਰ ਗਿਆ। 2 ਜਾਜਕ ਯਹੋਵਾਹ ਦੇ ਮੰਦਰ ਅੰਦਰ ਨਾ ਜਾ ਸੱਕੇ ਕਿਉਂ ਕਿ ਮੰਦਰ ਯਹੋਵਾਹ ਦੇ ਪਰਤਾਪ ਨਾਲ ਭਰਪੂਰ ਸੀ। 3 ਇਸਰਾਏਲ ਦੇ ਸਾਰੇ ਲੋਕਾਂ ਨੇ ਅਕਾਸ਼ ਤੋਂ ਅੱਗ ਹੇਠਾਂ ਉਤਰਦੀ ਵੇਖੀ ਅਤੇ ਉਨ੍ਹਾਂ ਨੇ ਮੰਦਰ ਤੇ ਯਹੋਵਾਹ ਦਾ ਪਰਤਾਪ ਵੀ ਵੇਖਿਆ। ਉਨ੍ਹਾਂ ਨੇ ਧਰਤੀ ਉੱਪਰ ਮੱਥਾ ਟੇਕਿਆ ਤੇ ਯਹੋਵਾਹ ਦੀ ਉਪਾਸਨਾ ਕੀਤੀ ਤੇ ਉਸਦਾ ਧੰਨਵਾਦ ਵੀ ਕੀਤਾ। ਉਨ੍ਹਾਂ ਨੇ ਇਹ ਭਜਨ ਗਾਇਆ ਕਿ
“ਯਹੋਵਾਹ ਮਹਾਨ ਹੈ
ਤੇ ਉਸਦੀ ਰਹਿਮਤ ਹਮੇਸ਼ਾ ਇਉਂ ਹੀ ਵਰਤਦੀ ਰਹੇੇ।”
4 ਤਦ ਸੁਲੇਮਾਨ ਪਾਤਸ਼ਾਹ ਅਤੇ ਇਸਰਾਏਲ ਦੇ ਸਾਰੇ ਲੋਕਾਂ ਨੇ ਯਹੋਵਾਹ ਦੇ ਸਾਹਮਣੇ ਬਲੀਆਂ ਚੜ੍ਹਾਈਆਂ। 5 ਤਦ ਪਾਤਸ਼ਾਹ ਨੇ 22,000 ਬਲਦ ਅਤੇ 1,20,000 ਭੇਡਾਂ ਚੜ੍ਹਾਈਆਂ। ਇਉਂ, ਪਾਤਸ਼ਾਹ ਅਤੇ ਇਸਰਾਏਲ ਦੇ ਸਾਰੇ ਲੋਕਾਂ ਨੇ ਮੰਦਰ ਨੂੰ ਸਮਰਪਿਤ ਕੀਤਾ ਤੇ ਇਸਦੀ ਵਰਤੋਂ ਸਿਰਫ਼ ਪਰਮੇਸ਼ੁਰ ਦੀ ਉਪਾਸਨਾ ਕਰਨ ਲਈ ਹੀ ਕੀਤੀ ਜਾਂਦੀ ਸੀ। 6 ਜਾਜਕ ਆਪਣੇ ਕਾਰਜ ਲਈ ਤੱਤਪਰ ਹੋ ਗਏ ਤੇ ਲੇਵੀ ਵੀ ਯਹੋਵਾਹ ਦੀ ਉਸਤਤ ਲਈ ਸਾਜ਼ ਚੁੱਕ ਕੇ ਤਿਆਰ ਹੋ ਗਏ। ਇਹ ਸਾਜ਼ ਪਰਮੇਸ਼ੁਰ ਦੇ ਧੰਨਵਾਦ ਵਜੋਂ ਦਾਊਦ ਪਾਤਸ਼ਾਹ ਨੇ ਬਣਵਾਏ ਸਨ। ਜਾਜਕ ਅਤੇ ਲੇਵੀ ਗਾ ਰਹੇ ਸਨ, ਯਹੋਵਾਹ ਦੀ ਉਸਤਤ ਕਰੋ ਤਾਂ ਜੋ ਉਸਦੀ ਕਿਰਪਾ ਹਮੇਸ਼ਾ ਵਰ੍ਹਦੀ ਰਵੇ। ਜਾਜਕ ਲੇਵੀਆਂ ਦੇ ਪਾਰ ਖੜੋਕੇ ਆਪਣੀਆਂ ਤੁਰ੍ਹੀਆਂ ਵਜਾਉਂਦੇ ਰਹੇ ਤੇ ਸਾਰੇ ਇਸਰਾਏਲੀ ਖੜ੍ਹੇ ਰਹੇ।
7 ਸੁਲੇਮਾਨ ਨੇ ਵਿਹੜੇ ਦੇ ਵਿੱਚਲੇ ਭਾਗ ਨੂੰ ਜੋ ਕਿ ਯਹੋਵਾਹ ਦੇ ਮੰਦਰ ਦੇ ਸਾਹਮਣੇ ਸੀ ਪਵਿੱਤਰ ਕੀਤਾ। ਇਹ ਉਹ ਥਾਂ ਸੀ ਜਿੱਥੇ ਸੁਲੇਮਾਨ ਨੇ ਹੋਮ ਦੀਆਂ ਭੇਟਾਂ ਤੇ ਸੁੱਖ-ਸਾਂਦ ਦੀਆਂ ਭੇਟਾਂ ਦੀ ਚਰਬੀ ਚੜ੍ਹਾਈ। ਸੁਲੇਮਾਨ ਨੇ ਵਿਹੜੇ ਦੇ ਵਿੱਚਲੀ ਜਗ੍ਹਾ ਇਸ ਲਈ ਵਰਤੋਂ ’ਚ ਲਿਆਂਦੀ ਕਿਉਂ ਕਿ ਜਿਹੜੀ ਪਿੱਤਲ ਦੀ ਜਗਵੇਦੀ ਉਸ ਨੇ ਬਣਾਈ ਸੀ ਉਸ ਵਿੱਚ ਅਨਾਜ ਦੀ ਭੇਟ, ਹੋਮ ਦੀ ਭੇਟ, ਤੇ ਚਰਬੀ ਦੀ ਭੇਟ ਲਈ ਥਾਂ ਘੱਟ ਸੀ ਤੇ ਅਜਿਹੀਆਂ ਭੇਟਾਂ ਦੀ ਤਾਦਾਤ ਵੱਧੇਰੇ ਸੀ।
8 ਸੁਲੇਮਾਨ ਅਤੇ ਹੋਰ ਸਾਰੇ ਇਸਰਾਏਲੀਆਂ ਨੇ ਇਹ ਪਰਬ ਸੱਤ ਦਿਨ ਮਨਾਇਆ। ਇਕੱਠੇ ਹੋਏ ਲੋਕਾਂ ਦਾ ਸਮੂਹ ਇੰਨਾ ਵਿਸ਼ਾਲ ਸੀ ਕਿ ਉਹ ਹਾਮਾਥ ਤੋਂ ਲੈ ਕੇ ਮਿਸਰ ਦੇ ਨਾਲੇ ਤੀਕ ਫ਼ੈਲ ਗਏ। 9 ਅੱਠਵੇਂ ਦਿਨ ਉਨ੍ਹਾਂ ਦੀ ਇੱਕ ਧਾਰਮਿਕ ਸਭਾ ਹੋਈ ਕਿਉਂ ਕਿ ਉਨ੍ਹਾਂ ਨੇ ਸੱਤ ਦਿਨ ਲਈ ਪਰਬ ਮਨਾਇਆ ਸੀ। ਉਨ੍ਹਾਂ ਨੇ ਜਗਵੇਦੀ ਨੂੰ ਸਮਰਪਿਤ ਕੀਤਾ ਜੋ ਕਿ ਸਿਰਫ਼ ਯਹੋਵਾਹ ਦੀ ਉਪਾਸਨਾ ਲਈ ਵਰਤੋਂ ’ਚ ਲਿਆਂਦੀ ਗਈ। ਅਤੇ ਉਨ੍ਹਾਂ ਨੇ ਸੱਤ ਦਿਨ ਉਤਸਵ ਮਨਾਇਆ। 10 ਸੱਤਵੇਂ ਮਹੀਨੇ ਦੇ ਤੇਈਵੇਂ ਦਿਨ ਸੁਲੇਮਾਨ ਨੇ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਨੂੰ ਤੋਰ ਦਿੱਤਾ। ਲੋਕ ਬੜੇ ਖੁਸ਼ ਸਨ ਅਤੇ ਉਨ੍ਹਾਂ ਦੇ ਦਿਲ ਖੁਸ਼ੀ ਨਾਲ ਝੂੰਮ ਰਹੇ ਸਨ ਕਿਉਂ ਕਿ ਯਹੋਵਾਹ ਦਾਊਦ ਉੱਪਰ, ਸੁਲੇਮਾਨ ਤੇ ਇਸਰਾਏਲ ਦੀ ਪਰਜਾ ਤੇ ਮਿਹਰਬਾਨ ਸੀ।
ਯਹੋਵਾਹ ਦਾ ਸੁਲੇਮਾਨ ਕੋਲ ਆਉਣਾ
11 ਸੁਲੇਮਾਨ ਨੇ ਯਹੋਵਾਹ ਦਾ ਮੰਦਰ ਅਤੇ ਪਾਤਸ਼ਾਹ ਦਾ ਮਹਿਲ ਸੰਪੂਰਨ ਕੀਤਾ ਅਤੇ ਉਸ ਨੇ ਮਹਿਲ ਅਤੇ ਮੰਦਰ ਜਿਵੇਂ ਬਨਵਾਉਣ ਦਾ ਸੋਚਿਆ ਸੀ ਉਸ ਵਿੱਚ ਉਹ ਸਫ਼ਲ ਹੋਇਆ 12 ਤਾਂ ਰਾਤ ਨੂੰ ਯਹੋਵਾਹ ਨੇ ਉਸ ਨੂੰ ਦਰਸ਼ਨ ਦਿੱਤੇ ਅਤੇ ਉਸ ਨੂੰ ਆਖਿਆ,
“ਸੁਲੇਮਾਨ! ਮੈਂ ਤੇਰੀ ਪ੍ਰਾਰਥਨਾ ਸੁਣ ਲਈ ਹੈ, ਤੇ ਮੈਂ ਇਸ ਜਗ੍ਹਾ ਨੂੰ ਆਪਣੇ ਲਈ, ਬਲੀ ਵਾਸਤੇ ਘਰ ਵਾਂਗ ਚੁਣ ਲਿਆ ਹੈ। 13 ਜੇ ਮੈਂ ਕਦੇ ਅਕਾਸ਼ ਨੂੰ ਬੰਦ ਕਰ ਦੇਵਾਂ ਕਿ ਬਾਰਸ਼ ਨਾ ਹੋਵੇ ਜਾਂ ਮੈਂ ਟਿੱਡੀ ਦਲ ਨੂੰ ਆਖਾਂ ਕਿ ਧਰਤੀ ਦੀ ਫ਼ਸਲ ਨਸ਼ਟ ਕਰ ਦੇਵੋ ਜਾਂ ਲੋਕਾਂ ਵਿੱਚ ਮਹਾਂਮਾਰੀ ਫ਼ੈਲਾਵਾਂ। 14 ਜੇਕਰ ਮੇਰੇ ਲੋਕ ਜੋ ਮੇਰੇ ਨਾਮ ਦੁਆਰਾ ਸਦਵਾਉਂਦੇ ਹਨ, ਨਿਮਰ ਬਣ ਜਾਣ ਅਤੇ ਪ੍ਰਾਰਥਨਾ ਕਰਨ ਅਤੇ ਮੇਰਾ ਇੰਤਜਾਰ ਕਰਨ ਅਤੇ ਆਪਣੀਆਂ ਮੰਦੀਆਂ ਕਰਨੀਆਂ ਤੋਂ ਹਟ ਜਾਣ, ਤਾਂ ਮੈਂ ਅਕਾਸ਼ ਵਿੱਚ ਉਨ੍ਹਾਂ ਨੂੰ ਸੁਣਾਂਗਾ ਅਤੇ ਮੈਂ ਉਨ੍ਹਾਂ ਦੇ ਪਾਪ ਮੁਆਫ਼ ਕਰ ਦਿਆਂਗਾ ਅਤੇ ਉਨ੍ਹਾਂ ਦੀ ਧਰਤੀ ਨੂੰ ਚੰਗਾ ਕਰ ਦਿਆਂਗਾ। 15 ਤੇ ਹੁਣ ਜਿਹੜੀ ਪ੍ਰਾਰਥਨਾ ਇਸ ਥਾਂ ਤੇ ਕੀਤੀ ਜਾਵੇਗੀ ਉਸ ਲਈ ਮੇਰੀਆਂ ਅੱਖਾਂ ਖੁਲ੍ਹੀਆਂ ਰਹਿਣਗੀਆਂ ਅਤੇ ਕੰਨ ਉਸ ਵੱਲ ਲੱਗੇ ਰਹਿਣਗੇ। 16 ਕਿਉਂ ਕਿ ਹੁਣ ਮੈਂ ਇਸ ਮੰਦਰ ਨੂੰ ਚੁਣਿਆਂ ਹੈ ਤੇ ਪਵਿੱਤਰ ਕੀਤਾ ਹੈ ਤਾਂ ਜੋ ਮੇਰਾ ਨਾਮ ਹੇਮਸ਼ਾ ਲਈ ਇੱਥੇ ਰਹੇਗਾ। ਹਾਂ, ਮੇਰਾ ਦਿਲ ਅਤੇ ਅੱਖਾਂ ਹਮੇਸ਼ਾ ਇਸ ਮੰਦਰ ਵੱਲ ਲੱਗੇ ਰਹਿਣਗੇ। 17 ਇਸ ਲਈ ਹੁਣ, ਸੁਲੇਮਾਨ ਜੇਕਰ ਤੂੰ ਵੀ ਮੇਰੇ ਅੱਗੇ ਉਸ ਤਰਾੰ ਚਲੇਂਗਾ ਜਿਵੇਂ ਤੇਰੇ ਪਿਤਾ ਦਾਊਦ ਚਲਦਾ ਰਿਹਾ, ਅਤੇ ਮੇਰੇ ਸਾਰੇ ਹੁਕਮਾਂ ਦੀ ਪਾਲਣਾ ਕਰੇਂ ਅਤੇ ਜੇਕਰ ਤੂੰ ਮੇਰੀਆਂ ਬਿਧੀਆਂ ਅਤੇ ਮੇਰੇ ਨਿਆਵਾਂ ਨੂੰ ਮੰਨੇ 18 ਤਦ ਮੈਂ ਤੈਨੂੰ ਸ਼ਕਤੀਸ਼ਾਲੀ ਪਾਤਸ਼ਾਹ ਬਣਾਵਾਂਗਾ ਅਤੇ ਤੇਰਾ ਰਾਜ ਮਹਾਨ ਹੋਵੇਗਾ। ਇਹੀ ਨੇਮ ਮੈਂ ਤੇਰੇ ਪਿਤਾ ਦਾਊਦ ਨਾਲ ਵੀ ਕੀਤਾ ਸੀ ਤੇ ਮੈਂ ਉਸ ਨੂੰ ਆਖਿਆ ਸੀ, ‘ਦਾਊਦ, ਤੇਰੇ ਘਰਾਣੇ ਵਿੱਚੋਂ ਹਮੇਸ਼ਾ ਇੱਕ ਮਨੁੱਖ ਅਜਿਹਾ ਰਹੇਗਾ ਜੋ ਇਸਰਾਏਲ ਦਾ ਪਾਤਸ਼ਾਹ ਹੋਵੇਗਾ।’
19 “ਪਰ ਜੇਕਰ ਤੂੰ ਮੇਰੀਆਂ ਬਿਧੀਆਂ ਅਤੇ ਹੁਕਮਾਂ ਨੂੰ ਤਿਆਗ ਦੇਵੇ ਜੋ ਮੈਂ ਤੈਨੂੰ ਦਿੱਤੇ ਹਨ ਤੇ ਜੇਕਰ ਝੂਠੇ ਦੇਵਤਿਆਂ ਦੀ ਸੇਵਾ ਅਤੇ ਉਪਾਸਨਾ ਕਰੇਂਗਾ ਅਤੇ ਉਨ੍ਹਾਂ ਦੇ ਅੱਗੇ ਝੁਕੇਂਗਾ, 20 ਫ਼ਿਰ ਮੈਂ ਇਸਰਾਏਲ ਦੇ ਲੋਕਾਂ ਨੂੰ ਆਪਣੀ ਭੂਮੀ ਤੋਂ ਜੋ ਮੈਂ ਉਨ੍ਹਾਂ ਨੂੰ ਦਿੱਤੀ ਜੜ ਤੋਂ ਪੁੱਟ ਸੁੱਟਾਂਗਾ ਅਤੇ ਇਸ ਮੰਦਰ ਨੂੰ ਜਿਸ ਨੂੰ ਮੈਂ ਆਪਣੇ ਨਾਂ ਲਈ ਪਵਿੱਤਰ ਕੀਤਾ ਹੈ, ਛੱਡ ਜਾਵਾਂਗਾ। ਤੇ ਇਸ ਮੰਦਰ ਨੂੰ ਅਜਿਹੇ ਰੂਪ ਵਿੱਚ ਬਦਲ ਦੇਵਾਂਗਾ ਕਿ ਲੋਕ ਇਸ ਬਾਬਤ ਬਹੁਤ ਬੁਰਾ ਜਿਹਾ ਆਖਣਗੇ। 21 ਜਿਹੜਾ ਵੀ ਇਸ ਮੰਦਰ ਅੱਗੋਂ ਗੁਜ਼ਰੇਗਾ ਤਾਂ ਹੈਰਾਨ ਹੋਕੇ ਆਖੇਗਾ ਕਿ ‘ਯਹੋਵਾਹ ਨੇ ਇਸ ਦੇਸ ਅਤੇ ਇਸ ਮੰਦਰ ਨਾਲ ਅਜਿਹਾ ਕੁਝ ਕਿਉਂ ਕੀਤਾ?’ 22 ਤਦ ਲੋਕ ਉਨ੍ਹਾਂ ਨੂੰ ਆਖਣਗੇ, ‘ਕਿਉਂ ਕਿ ਇਸਰਾਏਲ ਦੇ ਲੋਕਾਂ ਨੇ ਜਿਵੇਂ ਉਨ੍ਹਾਂ ਦੇ ਪੁਰਖੇ ਯਹੋਵਾਹ ਦਾ ਹੁਕਮ ਮੰਨਦੇ ਸਨ ਉਨ੍ਹਾਂ ਲੋਕਾਂ ਨੇ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ। ਉਹ ਪਰਮੇਸ਼ੁਰ ਜਿਹੜਾ ਉਨ੍ਹਾਂ ਨੂੰ ਮਿਸਰ ਦੇਸ ਵਿੱਚੋਂ ਕੱਢ ਲਿਆਇਆ ਸੀ ਉਸ ਨੂੰ ਉਨ੍ਹਾਂ ਨੇ ਛੱਡ ਦਿੱਤਾ ਅਤੇ ਦੂਜੇ ਦੇਵਤਿਆਂ ਦੇ ਮਗਰ ਲੱਗ ਗਏ ਤੇ ਉਨ੍ਹਾਂ ਦੀ ਉਪਾਸਨਾ ਅਰਚਨਾ ਕਰਨ ਲੱਗ ਪਏ। ਇਸ ਲਈ ਯਹੋਵਾਹ ਨੇ ਇਸਰਾਏਲੀਆਂ ਉੱਪਰ ਇਹ ਭਾਣਾ ਵਰਤਾਇਆ ਹੈ।’”
ਸੁਲੇਮਾਨ ਨੇ ਜਿਹੜੇ ਸ਼ਹਿਰ ਉਸਾਰੇ
8 ਸੁਲੇਮਾਨ ਨੂੰ ਯਹੋਵਾਹ ਦਾ ਮੰਦਰ ਅਤੇ ਆਪਣਾ ਮਹਿਲ ਉਸਾਰਣ ਵਿੱਚ ਵੀਹ ਵਰ੍ਹੇ ਲੱਗੇ। 2 ਜਿਹੜੇ ਸ਼ਹਿਰ ਹੂਰਾਮ ਨੇ ਸੁਲੇਮਾਨ ਨੂੰ ਦਿੱਤੇ ਸਨ, ਸੁਲੇਮਾਨ ਉਨ੍ਹਾਂ ਸ਼ਹਿਰਾਂ ਨੂੰ ਦੁਬਾਰਾ ਬਨਾਉਣ ਲੱਗਾ ਅਤੇ ਸੁਲੇਮਾਨ ਨੇ ਇਸਰਾਏਲ ਦੇ ਕੁਝ ਲੋਕਾਂ ਨੂੰ ਉੱਥੇ ਵੱਸਣ ਦੀ ਆਗਿਆ ਦਿੱਤੀ। 3 ਇਸ ਤੋਂ ਬਾਅਦ ਸੁਲੇਮਾਨ ਹਮਾਥ-ਸੋਬਾਹ ਨੂੰ ਗਿਆ ਅਤੇ ਉਸ ਨੂੰ ਵੀ ਜਿੱਤ ਲਿਆ। 4 ਸੁਲੇਮਾਨ ਨੇ ਉਜਾੜ ਵਿੱਚ ਵੀ ਤਦਮੋਰ ਸ਼ਹਿਰ ਉਸਾਰਿਆ ਅਤੇ ਹਮਾਥ ਵਿੱਚ ਸਾਰੀਆਂ ਵਸਤਾਂ ਸੰਭਾਲਣ ਲਈ ਭੰਡਾਰ ਦੇ ਸ਼ਹਿਰ ਬਣਵਾਏ। 5 ਉਸ ਨੇ ਉਤਲੇ ਬੈਤ-ਹੋਰੋਨ ਅਤੇ ਨੀਵੇਂ ਬੈਤ-ਹੋਰੋਨ ਨੂੰ ਬਣਵਾਇਆ। ਇਹ ਸ਼ਹਿਰ ਮਜ਼ਬੂਤ ਦੀਵਾਰਾਂ, ਫ਼ਾਟਕ ਅਤੇ ਫ਼ਾਟਕਾਂ ਤੇ ਅਰਲ ਲਗਾ ਕੇ ਪੱਕੇ ਕੀਤੇ ਗਏ। 6 ਸੁਲੇਮਾਨ ਨੇ ਬਆਲਾਥ ਅਤੇ ਭੰਡਾਰ ਦੇ ਗੋਦਾਮ ਦੇ ਸਾਰੇ ਸ਼ਹਿਰ ਦੁਬਾਰਾ ਬਣਵਾਏ। ਉਸ ਨੇ ਉਹ ਸਾਰੇ ਸ਼ਹਿਰ ਜਿੱਥੇ ਰੱਥ ਰੱਖੇ ਜਾਂਦੇ ਸਨ ਅਤੇ ਘੁੜਸਵਾਰ ਰਹਿੰਦੇ ਸਨ ਉਹ ਵੀ ਬਣਵਾਏ। ਜੋ ਕੁਝ ਸੁਲੇਮਾਨ ਯਰੂਸ਼ਲਮ, ਲਬਾਨੋਨ ਅਤੇ ਆਪਣੇ ਰਾਜ ਦੇ ਸਾਰੇ ਦੇਸ ਵਿੱਚ ਚਾਹੁੰਦਾ ਸੀ ਉਹ ਕੁਝ ਉਸ ਨੇ ਬਣਵਾਇਆ।
7-8 ਜਿੱਥੇ ਇਸਰਾਏਲੀ ਰਹਿ ਰਹੇ ਸਨ, ਉੱਥੇ ਬਹੁਤ ਸਾਰੇ ਵਿਦੇਸ਼ੀ ਬਾਕੀ ਰਹਿ ਗਏ ਸਨ। ਉਹ ਹਿੱਤੀ, ਅਮੋਰੀ, ਫ਼ਰਿੱਜ਼ੀ, ਹਿੱਵੀ ਅਤੇ ਯਬੂਸੀ ਸਨ। ਸੁਲੇਮਾਨ ਨੇ ਉਨ੍ਹਾਂ ਸਾਰੇ ਵਿਦੇਸੀਆਂ ਨੂੰ ਜਬਰਦਸਤੀ ਗੁਲਾਮ ਬਣਾਲਿਆ। ਇਹ ਲੋਕ ਇਸਰਾਏਲੀ ਨਹੀਂ ਸਨ। ਉਹ ਉਨ੍ਹਾਂ ਲੋਕਾਂ ਦੇ ਉੱਤਰਾਧਿਕਾਰੀ ਸਨ ਜਿਨ੍ਹਾਂ ਨੂੰ ਇਸਰਾਏਲੀਆਂ ਨੇ ਇਕਰਾਰ ਵਾਲੀ ਧਰਤੀ ਵਿੱਚ ਦਾਖਲ ਹੋਣ ਵੇਲੇ ਨਹੀਂ ਮਾਰਿਆ ਸੀ। ਇਹ ਅੱਜ ਤੀਕ ਇੰਝ ਹੀ ਜਾਰੀ ਹੈ। 9 ਸੁਲੇਮਾਨ ਨੇ ਆਪਣੇ ਕੰਮ ਲਈ ਇਸਰਾਏਲੀਆਂ ਵਿੱਚੋਂ ਕਿਸੇ ਨੂੰ ਵੀ ਬੇਗਾਰੀ ਨਾ ਬਣਾਇਆ। ਸਗੋਂ ਇਸਰਾਏਲੀ ਲੋਕ ਉਸ ਦੇ ਯੋਧੇ ਸਨ ਅਤੇ ਉਸਦੀ ਫ਼ੌਜ ਦੇ ਅਫ਼ਸਰ ਸਨ। ਇਸਰਾਏਲੀ ਲੋਕ ਸੁਲੇਮਾਨ ਦੇ ਰੱਥਾਂ ਦੇ ਸਰਦਾਰ ਅਤੇ ਰੱਥੀ ਸਨ। 10 ਅਤੇ ਕੁਝ ਇਸਰਾਏਲੀ ਸੁਲੇਮਾਨ ਦੇ ਖਾਸ ਦਫ਼ਤਰੀ ਕੰਮ ਦੇ ਆਗੂ ਸਨ। ਅਜਿਹੇ ਨੇਤਾ 250 ਸਨ।
11 ਸੁਲੇਮਾਨ ਫ਼ਿਰਊਨ ਦੀ ਧੀ ਨੂੰ ਦਾਊਦ ਦੇ ਸ਼ਹਿਰ ਵਿੱਚੋਂ ਉਸ ਮਹਿਲ ਵਿੱਚ ਲੈ ਆਇਆ ਜੋ ਉਸ ਨੇ ਉਸ ਲਈ ਬਣਵਾਇਆ ਸੀ ਕਿਉਂ ਕਿ ਸੁਲੇਮਾਨ ਨੇ ਆਖਿਆ ਸੀ, “ਮੇਰੀ ਪਤਨੀ ਇਸਰਾਏਲ ਦੇ ਪਾਤਸ਼ਾਹ ਦਾਊਦ ਦੇ ਮਹਿਲ ਵਿੱਚ ਨਹੀਂ ਰਹੇਗੀ ਕਿਉਂ ਕਿ ਉਹ ਅਸਥਾਨ ਪਵਿੱਤਰ ਹੈ ਜਿੱਥੇ ਯਹੋਵਾਹ ਦੇ ਨੇਮ ਦਾ ਸੰਦੂਕ ਆ ਗਿਆ ਹੈ।”
12 ਤਦ ਸੁਲੇਮਾਨ ਨੇ ਯਹੋਵਾਹ ਦੀ ਜਗਵੇਦੀ ਦੇ ਅੱਗੇ ਯਹੋਵਾਹ ਨੂੰ ਹੋਮ ਦੀਆਂ ਭੇਟਾਂ ਚੜ੍ਹਾਈਆਂ। ਸੁਲੇਮਾਨ ਨੇ ਇਹ ਜਗਵੇਦੀ ਮੰਦਰ ਦੇ ਵਿਹੜੇ ਦੇ ਸਾਹਮਣੇ ਬਣਵਾਈ ਸੀ। 13 ਸੁਲੇਮਾਨ ਹਰ ਰੋਜ਼ ਦੇ ਕਰਤੱਵ ਮੁਤਾਬਕ ਜਿਵੇਂ ਕਿ ਮੂਸਾ ਨੇ ਹੁਕਮ ਦਿੱਤਾ ਸੀ ਕਿ ਸਬਤ ਦੇ ਦਿਨ, ਅਮਸਿਆ ਨੂੰ, ਅਤੇ ਸਾਲ ਵਿੱਚ ਤਿੰਨ ਮੁਕੱਰਰ ਪਰਬਾਂ ਉੱਤੇ ਭਾਵ ਪਤੀਰੀ ਰੋਟੀ ਦੇ ਪਰਬ ਉੱਤੇ ਅਤੇ ਹਫ਼ਤਿਆਂ ਦੇ ਪਰਬ ਉੱਤੇ ਅਤੇ ਡੇਰਿਆਂ ਦੇ ਪਰਬ ਉੱਪਰ ਬਲੀ ਚੜ੍ਹਾਉਂਦਾ ਸੀ। 14 ਸੁਲੇਮਾਨ ਨੇ ਆਪਣੇ ਪਿਤਾ ਦਾਊਦ ਦੀਆਂ ਹਿਦਾਇਤਾਂ ਨੂੰ ਮੰਨਿਆ। ਉਸ ਨੇ ਜਾਜਕਾਂ ਦੇ ਸਮੂਹ ਉਨ੍ਹਾਂ ਦੀ ਸੇਵਾ ਅਨੁਸਾਰ ਅਤੇ ਲੇਵੀਆਂ ਦੇ ਸਮੂਹ ਉਨ੍ਹਾਂ ਦੀਆਂ ਜੁੰਮੇਵਾਰੀਆਂ ਅਨੁਸਾਰ ਚੁਣੇ ਤਾਂ ਜੋ ਉਹ ਜਾਜਕਾਂ ਦੇ ਸਾਹਮਣੇ ਹਰ ਰੋਜ਼ ਉਸਤਤ ਅਤੇ ਸੇਵਾ ਕਰਨ ਅਤੇ ਦਰਬਾਨਾਂ ਨੂੰ ਵੀ ਉਨ੍ਹਾਂ ਦੀਆਂ ਵਾਰੀਆਂ ਮੁਤਾਬਕ ਹਰ ਫ਼ਾਟਕ ਉੱਪਰ ਰੱਖਵਾਲੀ ਲਈ ਲਾਇਆ ਕਿਉਂ ਕਿ ਇਸੇ ਢੰਗ ਨਾਲ ਪਰਮੇਸ਼ੁਰ ਦੇ ਮਨੁੱਖ ਦਾਊਦ ਨੇ ਹਿਦਾਇਤ ਕੀਤੀ ਸੀ। 15 ਇਸਰਾਏਲ ਦੇ ਲੋਕਾਂ ਨੇ ਸੁਲੇਮਾਨ ਦੀਆਂ ਹਿਦਾਇਤਾਂ ਨੂੰ ਮੰਨਿਆ। ਜਾਜਕਾਂ ਅਤੇ ਲੇਵੀਆਂ ਨੂੰ ਜੋ ਹਿਦਾਇਤਾਂ ਉਸ ਨੇ ਦਿੱਤੀਆਂ ਉਨ੍ਹਾਂ ਉਹ ਸਿਰੇ ਚੜ੍ਹਾਈਆਂ। ਉਨ੍ਹਾਂ ਨੇ ਕੋਈ ਹੁਕਮ ਦੇ ਖਿਲਾਫ਼ ਕਾਰਜ ਨਾ ਕੀਤਾ। ਜੋ ਹੁਕਮ ਉਸ ਨੇ ਲੇਵੀਆਂ ਨੂੰ ਖਜ਼ਾਨਿਆਂ ਬਾਰੇ ਦਿੱਤਾ ਉਹ ਉਸ ਤੋਂ ਵੀ ਬਾਹਰੇ ਨਾ ਹੋਏ।
16 ਸੁਲੇਮਾਨ ਦਾ ਸਾਰਾ ਕੰਮ ਯਹੋਵਾਹ ਦੇ ਮੰਦਰ ਦੀ ਨੀਂਹ ਰੱਖਣ ਤੋਂ ਲੈ ਕੇ ਉਸ ਦੇ ਤਿਆਰ ਹੋਣ ਤੱਕ ਸੁਚੱਜੀ ਵਿਉਂਤ ਨਾਲ ਤੇ ਸਹੀ ਢੰਗ ਨਾਲ ਮੁਕੰਮਲ ਹੋਇਆ ਤੇ ਹੁਣ ਯਹੋਵਾਹ ਦਾ ਮੰਦਰ ਤਿਆਰ ਸੀ।
17 ਫ਼ਿਰ ਸੁਲੇਮਾਨ ਅਸਯੋਨ-ਗ਼ਬਰ ਅਤੇ ਏਲੋਥ ਸ਼ਹਿਰਾਂ ਨੂੰ ਗਿਆ। ਇਹ ਸ਼ਹਿਰ ਅਦੋਮ ਦੇਸ ਵਿੱਚ ਸਮੁੰਦਰ ਦੇ ਕੰਢੇ ਸਨ। 18 ਹੂਰਾਮ ਨੇ ਆਪਣੇ ਬੰਦਿਆਂ ਦੇ ਹੱਥ ਜਹਾਜ਼ ਅਤੇ ਉਹ ਮੱਲਾਹ ਜੋ ਸਮੁੰਦਰ ਤੋਂ ਵਾਕਫ਼ ਸਨ ਉਸ ਕੋਲ ਭੇਜੇ ਅਤੇ ਉਹ ਸੁਲੇਮਾਨ ਦੇ ਨੌਕਰਾਂ ਦੇ ਨਾਲ ਓਫ਼ੀਰ ਵਿੱਚ ਆਏ ਅਤੇ ਉੱਥੇ 15,300 ਕਿੱਲੋ ਸੋਨਾ ਲੈ ਕੇ ਸੁਲੇਮਾਨ ਪਾਤਸ਼ਾਹ ਕੋਲ ਆਏ।
2010 by World Bible Translation Center