Beginning
ਸੁਲੇਮਾਨ ਦੀ ਮੰਦਰ ਅਤੇ ਮਹਿਲ ਲਈ ਵਿਉਂਤ
2 ਸੁਲੇਮਾਨ ਨੇ ਯਹੋਵਾਹ ਦੇ ਨਾਂ ਦੀ ਵਡਿਆਈ ਲਈ ਇੱਕ ਮੰਦਰ ਬਨਵਾਉਣ ਦੀ ਵਿਉਂਤ ਬਣਾਈ ਅਤੇ ਆਪਣੇ ਲਈ ਇੱਕ ਮਹਿਲ ਬਨਵਾਉਣ ਦੀ ਸੋਚੀ। 2 ਸੁਲੇਮਾਨ ਨੇ 70,000 ਮਨੁੱਖ ਭਾਰ ਢੋਣ ਲਈ, 80,000 ਮਨੁੱਖ ਪੱਥਰ ਕੱਟਣ ਲਈ ਅਤੇ 3,600 ਮਨੁੱਖ ਉਨ੍ਹਾਂ ਦੀ ਨਿਗਰਾਨੀ ਲਈ ਰੱਖੇ।
3 ਤਦ ਸੁਲੇਮਾਨ ਨੇ ਹੂਰਾਮ ਨੂੰ ਜੋ ਕਿ ਸੂਰ ਦੇਸ ਦਾ ਰਾਜਾ ਸੀ ਸੁਨੇਹਾ ਭੇਜਿਆ,
“ਮੇਰੀ ਵੀ ਉਵੇਂ ਮਦਦ ਕਰ ਜਿਵੇਂ ਤੂੰ ਮੇਰੇ ਪਿਤਾ ਦਾਊਦ ਦੀ ਕੀਤੀ ਸੀ। ਉਸ ਦੇ ਰਹਿਣ ਲਈ ਜਿਹੜਾ ਮਹਿਲ ਬਣਿਆ ਉਸ ਲਈ ਤੂੰ ਦਿਆਰ ਦੀ ਲੱਕੜ ਭੇਜੀ ਸੀ। 4 ਮੈਂ ਵੀ ਯਹੋਵਾਹ ਆਪਣੇ ਪਰਮੇਸ਼ੁਰ ਲਈ ਇੱਕ ਮੰਦਰ ਬਨਾਉਣ ਲੱਗਾ ਹਾਂ। ਉਸ ਦੇ ਸਨਮਾਨ ਲਈ ਉਸ ਦੇ ਸਾਹਵੇਂ ਉਸ ਮੰਦਰ ਵਿੱਚ ਅਸੀਂ ਧੂਪ ਧੁਖਾਵਾਂਗੇ ਅਤੇ ਉਸ ਵਿਸ਼ੇਸ਼ ਮੇਜ਼ ਉੱਪਰ ਹਮੇਸ਼ਾ ਪਵਿੱਤਰ ਰੋਟੀ ਅਰਪਣ ਕਰਾਂਗੇ। ਹਰ ਸਵੇਰ-ਸ਼ਾਮ ਅਤੇ ਹਰ ਸਬਤ ਦੇ ਦਿਨ ਅਤੇ ਅਮੱਸਿਆ ਦੇ ਪਰਬ ਤੇ ਹੋਮ ਦੀਆਂ ਭੇਟਾਂ ਚੜ੍ਹਾਵਾਂਗੇ ਅਤੇ ਹੋਰ ਵੀ ਜਿਹੜੇ ਪਰਬ ਤੇ ਤਿਉਹਾਰ ਯਹੋਵਾਹ ਸਾਡੇ ਪਰਮੇਸ਼ੁਰ ਨੇ ਸਾਨੂੰ ਮਨਾਉਣ ਦਾ ਆਦੇਸ਼ ਦਿੱਤਾ ਹੈ, ਉਨ੍ਹਾਂ ਨੂੰ ਮਨਾਵਾਂਗੇ। ਇਹ ਹੁਕਮ ਇਸਰਾਏਲ ਦੇ ਲੋਕਾਂ ਲਈ ਮੰਨਣਾ ਹਮੇਸ਼ਾ ਵਾਸਤੇ ਹੈ।
5 “ਸਾਡਾ ਪਰਮੇਸ਼ੁਰ ਸਾਰੇ ਦੇਵਤਿਆਂ ਨਾਲੋਂ ਮਹਾਨ ਹੈ, ਇਸ ਲਈ ਮੈਂ ਉਸ ਲਈ ਮਹਾਨ ਮੰਦਰ ਬਣਾਵਾਂਗਾ। 6 ਪਰ ਉਸ ਲਈ ਮੰਦਰ ਬਨਵਾਉਣ ਦੇ ਸਮਰੱਥ ਕੌਣ ਹੈ? ਜਦੋਂ ਕਿ ਅਕਾਸ਼ ਅਤੇ ਸਭ ਤੋਂ ਉੱਚੇ ਅਕਾਸ਼ ਵੀ ਉਸ ਲਈ ਕਾਫ਼ੀ ਜਗ੍ਹਾ ਨਹੀਂ ਹਨ, ਤਾਂ ਭਲਾ ਉਸ ਲਈ ਮੰਦਰ ਬਨਾਉਣ ਵਾਲਾ ਮੈਂ ਕੌਣ ਹੁੰਦਾ ਹਾਂ? ਮੈਂ ਤਾਂ ਸਿਰਫ਼ ਉਸ ਦੇ ਮਾਨ ਵਿੱਚ ਧੂਫ਼ ਧੁਖਾਉਣ ਲਈ ਇੱਕ ਜਗ੍ਹਾ ਹੀ ਬਣਾ ਸੱਕਦਾ ਹਾਂ।
7 “ਸੋ, ਹੁਣ ਮੈਂ ਚਾਹੁੰਦਾ ਹਾਂ ਕਿ ਤੂੰ ਮੇਰੇ ਕੋਲ ਅਜਿਹਾ ਮਨੁੱਖ ਭੇਜ ਜੋ ਸੋਨੇ, ਤੇ ਚਾਂਦੀ, ਪਿੱਤਲ ਅਤੇ ਲੋਹੇ ਦਾ ਕੰਮ ਕਰਨ ਵਿੱਚ ਅਤੇ ਨੀਲੇ, ਬੈਂਗਣੀ ਅਤੇ ਕਿਰਮਚੀ ਕੱਪੜੇ ਉੱਪਰ ਕੰਮ ਕਰਨ ਵਿੱਚ ਮਾਹਿਰ ਹੋਵੇ। ਇਹ ਮਾਹਰ ਯਹੂਦਾਹ ਅਤੇ ਯਰੂਸ਼ਲਮ ਵਿੱਚ ਉਨ੍ਹਾਂ ਮਾਹਰਾ ਨਾਲ ਕੰਮ ਕਰੇਗਾ ਜਿਨ੍ਹਾਂ ਨੂੰ ਮੇਰੇ ਪਿਤਾ ਦਾਊਦ ਨੇ ਚੁਣਿਆ ਸੀ। 8 ਇਸ ਦੇ ਨਾਲ ਦਿਆਰ, ਸਰੂ ਅਤੇ ਅਲਗਮ [a] ਲਬਾਨੋਨ ਵਿੱਚੋਂ ਭੇਜੀਂ। ਮੈਂ ਜਾਣਦਾ ਹਾਂ ਕਿ ਤੇਰੇ ਸੇਵਕ ਲਬਾਨੋਨ ਵਿੱਚ ਲੱਕੜਾਂ ਨੂੰ ਕੱਟਣ ’ਚ ਉਸਤਾਦ ਹਨ। ਮੇਰੇ ਆਦਮੀ ਤੇਰੇ ਆਦਮੀਆਂ ਦੀ ਮਦਦ ਕਰਨਗੇ। 9 ਜਿਹੜਾ ਮੰਦਰ ਮੈਂ ਬਨਾਉਣ ਜਾ ਰਿਹਾ ਹਾਂ ਉਹ ਬੜਾ ਵਿਸ਼ਾਲ ਅਤੇ ਖੂਬਸੂਰਤ ਹੋਵੇਗਾ, ਜਿਸ ਲਈ ਬਹੁਤ ਸਾਰੀ ਲੱਕੜ ਦੀ ਜ਼ਰੂਰਤ ਹੋਵੇਗੀ। 10 ਬਦਲੇ ’ਚ ਮੈਂ ਤੇਰੇ ਆਦਮੀਆਂ ਨੂੰ 1,50,000 ਮਣ ਕਣਕ, 1,50,000 ਮਣ ਜੌਁ, 1,15,000 ਗੈਲਨ ਮੈਅ ਅਤੇ ਉਨ੍ਹਾਂ ਦੇ ਭੋਜਨ ਲਈ 1,15,000 ਗੈਲਨ ਤੇਲ, ਤਨਖਾਹ ਵਜੋਂ ਦੇਵਾਂਗਾ।”
11 ਤਦ ਹੂਰਾਮ ਨੇ ਸੁਲੇਮਾਨ ਨੂੰ ਜਵਾਬ ਵਿੱਚ ਸੰਦੇਸ਼ ਭੇਜਿਆ:
“ਸੁਲੇਮਾਨ, ਯਹੋਵਾਹ ਨੂੰ ਆਪਣੇ ਲੋਕਾਂ ਨਾਲ ਪ੍ਰੇਮ ਹੈ, ਇਸੇ ਕਾਰਣ ਉਸ ਨੇ ਤੈਨੂੰ ਉਨ੍ਹਾਂ ਉੱਤੇ ਰਾਜਾ ਥਾਪਿਆ ਹੈ।” 12 ਹੂਰਾਮ ਨੇ ਇਹ ਵੀ ਆਖਿਆ, “ਇਸਰਾਏਲ ਦਾ ਯਹੋਵਾਹ ਪਰਮੇਸ਼ੁਰ ਜਿਸ ਨੇ ਅਕਾਸ਼ ਤੇ ਧਰਤੀ ਦੀ ਰਚਨਾ ਕੀਤੀ, ਮਹਾਨ ਹੈ। ਉਸ ਨੇ ਦਾਊਦ ਪਾਤਸ਼ਾਹ ਨੂੰ ਇੱਕ ਬਹੁਤ ਹੀ ਬੁੱਧੀਮਾਨ ਅਤੇ ਸਿਆਣਾ ਪੁੱਤਰ ਦਿੱਤਾ ਹੈ, ਤਾਂ ਜੋ ਉਹ ਯਹੋਵਾਹ ਲਈ ਇੱਕ ਮੰਦਰ ਅਤੇ ਆਪਣੇ ਲਈ ਇੱਕ ਮਹਿਲ ਬਣਾ ਸੱਕੇ। 13 ਸੋ ਮੈਂ ਹੁਣ ਇੱਕ ਕੁਸ਼ਲ ਕਾਰੀਗਰ ਜਿਸਦਾ ਨਾਂ ਹੂਰਾਮ ਅਬੀ ਹੈ ਨੂੰ ਭੇਜਾਂਗਾ। 14 ਉਸ ਦੀ ਮਾਂ ਦਾਨ ਦੇ ਪਰਿਵਾਰ ਵਿੱਚੋਂ ਸੀ ਅਤੇ ਉਸ ਦਾ ਪਿਤਾ ਸੂਰ ਦੇ ਸ਼ਹਿਰ ਤੋਂ ਸੀ। ਹੂਰਾਮ ਅਬੀ ਸੋਨੇ, ਚਾਂਦੀ, ਪਿੱਤਲ, ਲੋਹੇ, ਪੱਥਰ ਅਤੇ ਲੱਕੜ ਦਾ ਕੰਮ ਕਰਨ ਵਿੱਚ ਅਤੇ ਨੀਲੇ, ਬੈਂਗਣੀ ਅਤੇ ਨਾਲ ਕੱਪੜੇ ਉੱਪਰ ਕੰਮ ਕਰਨ ਵਿੱਚ ਵੀ ਮਾਹਿਰ ਹੈ। ਉਹ ਹਰ ਕੰਮ ਜੋ ਉਸ ਨੂੰ ਸੋਪਿਆ ਗਿਆ ਹੋਵੇ, ਕਰਨ ਵਿੱਚ ਮਾਹਰ ਹੈ। ਉਹ ਤੇਰੇ ਮਾਹਰ ਕਾਮਿਆਂ ਅਤੇ ਉਨ੍ਹਾਂ ਨਾਲ ਜੋ ਤੇਰੇ ਪਿਤਾ ਦਾਊਦ, ਮੇਰੇ ਸੁਆਮੀ ਦੇ ਨਾਲ ਸਨ, ਕੰਮ ਕਰੇਗਾ।
15 “ਸੋ ਹੁਣ ਕਣਕ ਤੇ ਜੌਂ, ਤੇਲ ਅਤੇ ਦਾਖ ਰਸ ਜਿਸਦਾ ਵੇਰਵਾ ਸ਼੍ਰੀ ਮਾਨ ਜੀ ਤੁਸੀਂ ਦਿੱਤਾ ਹੈ, ਉਹ ਮੇਰੇ ਟਹਿਲੂਆਂ ਨੂੰ ਭੇਜ ਦਿੱਤਾ ਜਾਵੇ। 16 ਅਤੇ ਤੈਨੂੰ ਜਿੰਨੀ ਲੱਕੜ ਲੋੜੀਂਦੀ ਹੈ, ਅਸੀਂ ਲਬਾਨੋਨ ਵਿੱਚੋਂ ਵੱਢਾਂਗੇ ਤੇ ਉਸ ਨੂੰ ਯਾਫ਼ਾ ਵਿੱਚ ਸਾਗਰ ਰਾਹੀਂ ਭੇਜ ਦੇਵਾਂਗੇ ਤੇ ਤੂੰ ਉਸ ਨੂੰ ਯਰੂਸ਼ਲਮ ਤੀਕ ਲੈ ਜਾਵੀਂ।”
17 ਤਦ ਸੁਲੇਮਾਨ ਨੇ ਸਾਰੇ ਪਰਦੇਸੀਆਂ ਦੀ ਗਿਣਤੀ ਕੀਤੀ ਜਿਵੇਂ ਉਸ ਦੇ ਪਿਤਾ ਦਾਊਦ ਨੇ ਉਨ੍ਹਾਂ ਨੂੰ ਗਿਣਿਆ ਸੀ, ਤਾਂ ਉਹ 1,53,600 ਗਿਣਤੀ ਵਿੱਚ ਨਿਕਲੇ। 18 ਸੁਲੇਮਾਨ ਨੇ ਉਨ੍ਹਾਂ ਵਿੱਚੋਂ 70,000 ਨੂੰ ਭਾਰ ਢੋਣ ਲਈ, 80,000 ਨੂੰ ਪਹਾੜ ਦੇ ਪੱਥਰ ਕੱਟਣ ਲਈ ਅਤੇ 3,600 ਨੂੰ ਨਿਗਰਾਨੀ ਲਈ ਤੇ ਕਾਰੀਗਰਾਂ ਦੀ ਦੇਖਭਾਲ ਲਈ ਠਹਿਰਾਇਆ।
ਸੁਲੇਮਾਨ ਦਾ ਮੰਦਰ ਉਸਾਰਨਾ
3 ਤਦ ਸੁਲੇਮਾਨ ਨੇ ਯਰੂਸ਼ਲਮ ਵਿੱਚ ਮੋਰੀਯਾਹ ਪਹਾੜ ਉੱਪਰ ਯਹੋਵਾਹ ਲਈ ਇੱਕ ਮੰਦਰ ਬਨਵਾਉਣਾ ਸ਼ੁਰੂ ਕੀਤਾ, ਜਿੱਥੇ ਆਰਨਾਨ ਯਬੂਸੀ ਦੇ ਪਿੜ ਵਿੱਚ ਉਸ ਦੇ ਪਿਤਾ ਦਾਊਦ ਦੇ ਸਾਹਮਣੇ ਯਹੋਵਾਹ ਪ੍ਰਗਟ ਹੋਇਆ ਸੀ। ਸੋ ਜਿਹੜੀ ਥਾਂ ਦਾਊਦ ਨੇ ਤਿਆਰ ਕਰਵਾਈ ਸੀ, ਸੁਲੇਮਾਨ ਨੇ ਉੱਥੇ ਮੰਦਰ ਬਣਵਾਇਆ। 2 ਸੁਲੇਮਾਨ ਨੇ ਇਹ ਕੰਮ ਆਪਣੀ ਇਸਰਾਏਲ ਦੀ ਪਾਤਸ਼ਾਹੀ ਦੇ 14 ਵੇਂ ਸਾਲ ਦੇ ਦੂਜੇ ਮਹੀਨੇ ਵਿੱਚ ਸ਼ੁਰੂ ਕੀਤਾ।
3 ਸੁਲੇਮਾਨ ਦੁਆਰਾ ਰੱਖੀ ਗਈ ਪਰਮੇਸ਼ੁਰ ਦੇ ਮੰਦਰ ਦੀ ਨੀਂਹ ਦੀ ਗਿਣਤੀ ਹੱਥਾਂ ਦੀਆਂ ਪੁਰਾਣੀਆਂ ਮਿਣਤੀਆਂ ਮੁਤਾਬਕ ਲੰਬਾਈ ਵਿੱਚ 60 ਹੱਥ ਅਤੇ ਚੁੜਾਈ ਵਿੱਚ 20 ਹੱਥ ਸੀ। 4 ਅਤੇ ਡਿਉੜੀ ਜੋ ਭਵਨ ਦੇ ਅੱਗੇ ਬਣਾਈ, ਉਸਦੀ ਲੰਬਾਈ ਮੰਦਰ ਦੀ ਚੌੜਾਈ ਦੇ ਮੁਤਾਬਕ 20 ਹੱਥ ਅਤੇ ਉਚਾਈ ਵਿੱਚ 20 ਹੱਥ ਸੀ ਅਤੇ ਸੁਲੇਮਾਨ ਨੇ ਡਿਓੜੀ ਦੇ ਅੰਦਰਵਾਰ ਸਾਰੀ ਕੁੰਦਨ ਸੋਨੇ ਦੀ ਜੜਤ ਕੀਤੀ। 5 ਸੁਲੇਮਾਨ ਨੇ ਵੱਡੇ ਹਾਲ ਕਮਰੇ ਦੀਆਂ ਦੀਵਾਰਾਂ ਉੱਪਰ ਚੀਲ ਦੀ ਲੱਕੜੀ ਜੜੀ ਅਤੇ ਉੱਪਰ ਸੋਨੇ ਦੀ ਜੜ੍ਹਤ ਕੀਤੀ ਅਤੇ ਉਸ ਮੜ੍ਹਤ ਵਿੱਚ ਕੁੰਦਨ ਸੋਨੇ ਦੀਆਂ ਜੰਜੀਰੀਆਂ ਅਤੇ ਖਜ਼ੂਰ ਦੇ ਦ੍ਰੱਖਤਾਂ ਦੀ ਨਕਾਸ਼ੀ ਕੀਤੀ। 6 ਅਤੇ ਮੰਦਰ ਦੀ ਸੁੰਦਰਤਾ ਵੱਧਾਉਣ ਵਾਸਤੇ ਉਸ ਨੂੰ ਕੀਮਤੀ ਪੱਥਰ ਨਾਲ ਸਜਾਇਆ ਅਤੇ ਉੱਥੇ ਉਸ ਨੇ ਪਰਵਾਇਮ ਦੇ ਸੋਨੇ ਦੀ ਵਰਤੋਂ ਕੀਤੀ। 7 ਸੁਲੇਮਾਨ ਨੇ ਮੰਦਰ ਦੀਆਂ ਸ਼ਤੀਰਾਂ, ਉਸਦੀ ਡਿਉੜੀ ਅਤੇ ਦੀਵਾਰਾਂ ਉੱਪਰ ਅਤੇ ਦਰਵਾਜ਼ਿਆਂ ਨੂੰ ਸੋਨੇ ਨਾਲ ਮੜ੍ਹਿਆ ਅਤੇ ਦੀਵਾਰਾਂ ਉੱਪਰ ਕਰੂਬੀ ਫ਼ਰਿਸ਼ਤਿਆਂ ਦੀ ਨਕਾਸ਼ੀ ਕੀਤੀ।
8 ਤਦ ਉਸ ਨੇ ਅੱਤ ਪਵਿੱਤਰ ਸਥਾਨ ਨੂੰ ਬਣਵਾਇਆ। ਅੱਤ ਪਵਿੱਤਰ ਸਥਾਨ ਦੀ ਚੌੜਾਈ ਮੰਦਰ ਮੁਤਾਬਕ 20 ਹੱਥ ਅਤੇ 20 ਹੱਥ ਲੰਬੀ ਸੀ, ਜੋ ਕਿ ਮੰਦਰ ਜਿੰਨਾ ਹੀ ਚੌੜਾ ਸੀ ਅਤੇ ਉਸ ਨੇ ਅੱਤ ਪਵਿੱਤਰ ਸਥਾਨ ਦੀਆਂ ਦੀਵਾਰਾਂ ਉੱਪਰ ਕੁੰਦਨ ਸੋਨੇ ਦੀ ਜੜ੍ਹਤ ਕੀਤੀ ਅਤੇ ਇਹ ਸੋਨਾ ਤੋਲ ਵਿੱਚ 20,400 ਕਿੱਲੋ ਦੇ ਕਰੀਬ ਸੀ। 9 ਉਸ ਦੀਆਂ ਇਸਤੇਮਾਲ ਕੀਤੀਆਂ ਹੋਈਆਂ ਸੋਨੇ ਦੀਆਂ ਮੇਖਾਂ ਦਾ ਭਾਰ ਲੱਗਭਗ 1 1/4 ਪੌਂਡ ਸੀ। ਸੁਲੇਮਾਨ ਨੇ ਉੱਪਰਲਿਆਂ ਕਮਰਿਆਂ ਨੂੰ ਸੋਨੇ ਨਾਲ ਮੜ੍ਹਿਆ। 10 ਸੁਲੇਮਾਨ ਨੇ ਦੋ ਕਰੂਬੀ ਫ਼ਰਿਸ਼ਤੇ ਬਣਵਾ ਕੇ ਅੱਤ ਪਵਿੱਤਰ ਅਸਥਾਨ ਉੱਪਰ ਰੱਖੇ ਅਤੇ ਕਾਰੀਗਰਾਂ ਨੇ ਉਨ੍ਹਾਂ ਕਰੂਬੀ ਫ਼ਰਿਸ਼ਤਿਆਂ ਨੂੰ ਸੋਨੇ ਨਾਲ ਜੜ੍ਹਿਆ। 11 ਕਰੂਬੀ ਫਰਿਸਤਿਆਂ ਦੇ ਇੱਕ-ਇੱਕ ਖੰਭ ਦੀ ਲੰਬਾਈ ਪੰਜ ਹੱਥ ਸੀ ਅਤੇ ਕੁੱਲ ਮਿਲਾ ਕੇ ਖੰਭਾਂ ਦੀ ਲੰਬਾਈ 20 ਹੱਥ ਸੀ। ਪਹਿਲੇ ਕਰੂਬੀ ਫ਼ਰਿਸ਼ਤੇ ਦਾ ਇੱਕ ਖੰਭ ਕਮਰੇ ਦੀ ਇੱਕ ਪਾਸੇ ਦੀ ਕੰਧ ਨੂੰ ਛੂੰਹਦਾ ਸੀ ਅਤੇ ਇੱਕ ਖੰਭ ਦੂਜੇ ਕਰੂਬੀ ਫ਼ਰਿਸ਼ਤੇ ਦੇ ਖੰਭ ਨੂੰ ਛੂੰਹਦਾ ਸੀ। 12 ਅਤੇ ਦੂਜਾ ਖੰਭ ਦੂਜੇ ਕਰੂਬੀ ਦਾ ਕਮਰੇ ਦੀ ਕੰਧ ਦੀ ਦੂਜੀ ਦਿਸ਼ਾ ਨੂੰ ਛੂੰਹਦਾ ਸੀ। 13 ਇਉਂ ਉਨ੍ਹਾਂ ਦੋ ਕਰੂਬੀ ਫ਼ਰਿਸ਼ਤਿਆਂ ਦੇ ਖੰਭਾਂ ਨੇ ਕੁੱਲ ਵੀਹ ਹੱਥ ਕੰਧ ਨੂੰ ਘੇਰਿਆ ਹੋਇਆ ਸੀ ਅਤੇ ਇਹ ਕਰੂਬੀ ਫਰਿਸ਼ਤੇ ਮੁੱਖ ਕਮਰੇ ਵੱਲ ਨੂੰ ਮੂੰਹ ਕਰਕੇ ਆਪਣੇ ਪੈਰਾਂ ਤੇ ਖਲੋਤੇ ਹੋਏ ਸਨ।
14 ਸੁਲੇਮਾਨ ਨੇ ਨੀਲੇ, ਬੈਂਗਣੀ ਅਤੇ ਕਿਰਮਚੀ ਰੰਗਾਂ ਦਾ ਮਹੀਨ ਕੱਪੜਾ ਲੈ ਕੇ ਪਰਦਾ ਬਣਵਾਇਆ ਅਤੇ ਉਸ ਪਰਦੇ ਉੱਪਰ ਕਰੂਬੀ ਫ਼ਰਿਸ਼ਤਿਆਂ ਦੀ ਕੱਢਾਈ ਕੀਤੀ।
15 ਉਸ ਨੇ ਮੰਦਰ ਦੇ ਅਗਲੇ ਹਿੱਸੇ ਲਈ 35 ਹੱਥ ਦੇ 2 ਥੰਮ ਬਣਵਾਏ ਅਤੇ ਹਰ ਇੱਕ ਦੀ ਚੋਟੀ ਉੱਪਰ ਪੰਜ-ਪੰਜ ਹੱਥ ਜਿੱਡਾ ਮੁਕਟ ਸੀ। 16 ਉਸ ਨੇ ਹਾਰ ਵਰਗੀਆਂ ਜ਼ੰਜੀਰਾਂ ਬਣਵਾਈਆਂ ਜਿਨ੍ਹਾਂ ਨੂੰ ਥੰਮਾਂ ਦੇ ਸਿਰਿਆਂ ਉੱਪਰ ਲਗਾਇਆ। ਅਤੇ 100 ਅਨਾਰ ਬਣਵਾ ਕੇ ਉਨ੍ਹਾਂ ਜੰਜੀਰਾਂ ਵਿੱਚ ਲਟਕਾ ਦਿੱਤਾ। 17 ਫ਼ਿਰ ਸੁਲੇਮਾਨ ਨੇ ਥੰਮਾਂ ਨੂੰ ਮੰਦਰ ਦੇ ਅਗਲੇ ਹਿੱਸੇ ਵਿੱਚ ਇੱਕ ਖੱਬੇ ਦੇ ਦੂਜਾ ਸੱਜੇ ਪਾਸੇ ਰੱਖ ਦਿੱਤਾ। ਉਸ ਨੇ ਸੱਜੇ ਪਾਸੇ ਵਾਲੇ ਥੰਮ ਦਾ ਨਾਂ “ਯਾਕੀਨ” ਅਤੇ ਖੱਬੇ ਪਾਸੇ ਵਾਲੇ ਥੰਮ ਦਾ ਨਾਂ “ਬੋਅਜ਼” ਰੱਖਿਆ।
ਮੰਦਰ ਲਈ ਸਮਾਨ
4 ਸੁਲੇਮਾਨ ਨੇ ਪਿੱਤਲ ਦੀ ਇੱਕ ਜਗਵੇਦੀ ਬਣਾਈ। ਉਸ ਜਗਵੇਦੀ ਦੀ ਲੰਬਾਈ 20 ਹੱਥ ਅਤੇ ਚੌੜਾਈ ਵੀ 20 ਹੱਥ ਸੀ ਤੇ ਉਸ ਦੀ ਉੱਚਾਈ 10 ਹੱਥ ਸੀ। 2 ਫ਼ਿਰ ਸੁਲੇਮਾਨ ਨੇ ਇੱਕ ਵਿਸ਼ਾਲ ਹੌਦ ਬਨਾਉਣ ਲਈ ਢਾਲਿਆ ਹੋਇਆ ਪਿੱਤਲ ਵਰਤਿਆ ਅਤੇ ਉਸ ਤਲਾਅ ਦਾ ਜੋ ਕਿ ਗੋਲ ਸੀ ਉਸਦਾ ਘੇਰਾ 10 ਹੱਥ ਸੀ। ਉਸਦੀ ਉਚਾਈ 5 ਹੱਥ ਅਤੇ ਘੇਰੇ ਦੀ ਮਿਣਤੀ 30 ਹੱਥ ਸੀ। 3 ਕਾਂਸੇ ਦੇ ਵੱਡੇ ਹੌਦ ਦੇ ਰਿੰਮ ਹੇਠਾਂ ਬਲਦਾਂ ਦੀਆਂ ਮੂਰਤਾਂ ਘੜੀਆਂ ਗਈਆਂ ਸਨ। ਜਿਨ੍ਹਾਂ ਨੂੰ ਦੋ ਕਤਾਰਾਂ ਵਿੱਚ ਰੱਖਿਆ ਗਿਆ ਸੀ ਅਤੇ ਜਿਨ੍ਹਾਂ ਨੇ ਹੌਦ ਨੂੰ ਘੇਰਿਆ ਹੋਇਆ ਸੀ। ਇਨ੍ਹਾਂ ਬਲਦਾਂ ਨੂੰ ਵੀ ਉਸੇ ਥਾਵੇਂ ਘੜਿਆ ਗਿਆ ਸੀ ਜਦੋਂ ਹੌਦ ਨੂੰ ਅਕਾਰ ਦਿੱਤਾ ਗਿਆ ਸੀ। 4 ਇਹ ਵੱਡਾ ਹੌਦ12 ਬਲਦਾਂ ਜੋ ਕਿ ਅਕਾਰ ਵਿੱਚ ਬੜੇ ਵੱਡੇ ਸਨ, ਉਨ੍ਹਾਂ ਉੱਪਰ ਰੱਖਿਆ ਗਿਆ। ਉੱਨ੍ਹਾਂ ਵਿੱਚੋਂ 3 ਬਲਦਾਂ ਦੇ ਮੂੰਹ ਉੱਤਰ ਦਿਸ਼ਾ ਵੱਲ, ਅਤੇ ਤਿੰਨਾਂ ਦੇ ਮੂੰਹ ਪੱਛਮ ਵੱਲ ਸਨ। ਤਿੰਨ ਬਲਦਾਂ ਦੇ ਮੂੰਹ ਦੱਖਣ ਦਿਸ਼ਾ ਵੱਲ ਤੇ ਬਾਕੀ ਦੇ ਤਿੰਨ ਬਲਦਾਂ ਦੇ ਮੁੱਖ ਪੂਰਬ ਵੱਲ ਨੂੰ ਸਨ। ਤੇ ਇਹ ਵੱਡਾ ਸਾਰਾ ਪਿੱਤਲ ਦਾ ਹੌਦ ਇਨ੍ਹਾਂ ਬਲਦਾਂ ਦੇ ਉੱਪਰ ਟਿਕਿਆ ਹੋਇਆ ਸੀ। ਇਨ੍ਹਾਂ ਸਾਰੇ ਬਲਦਾਂ ਦੇ ਪਿੱਛਲੇ ਅੰਗ ਅਤੇ ਹਿੱਸੇ ਅੰਦਰਲੇ ਪਾਸੇ ਸਨ। 5 ਵੱਡੇ ਹੌਦ ਦੀ ਮੋਟਾਈ ਤਿੰਨ ਇੰਚ ਸੀ ਅਤੇ ਉਸਦਾ ਕੰਢਾ ਪਿਆਲੇ ਦੇ ਕੰਢੇ ਵਰਗਾ ਸੀ, ਜੋ ਕੁਮਦਿਨੀ ਵਰਗਾ ਲੱਗਦਾ ਸੀ। ਇਸ ਵਿੱਚ 17,500 ਗੈਲਨ ਪਾਣੀ ਪਾਇਆ ਜਾ ਸੱਕਦਾ ਸੀ।
6 ਸੁਲੇਮਾਨ ਨੇ 10 ਹੌਦੀਆਂ ਬਣਵਾਈਆਂ ਜਿਹੜੀਆਂ ਕਿ ਪੰਜ-ਪੰਜ ਵੱਡੇ ਪਿੱਤਲ ਦੇ ਹੌਦ ਦੇ ਖੱਬੇ ਅਤੇ ਸੱਜੇ ਪਾਸੇ ਰੱਖੀਆਂ ਗਈਆਂ। ਇਹ 10 ਹੌਦੀਆਂ ਹੋਮ ਦੀਆਂ ਭੇਟਾਂ ਦੀਆਂ ਵਸਤਾਂ ਨੂੰ ਧੋਣ ਲਈ ਵਰਤੀਆਂ ਜਾਂਦੀਆਂ ਸਨ। ਪਰ ਵੱਡਾ ਪਿੱਤਲ ਦਾ ਤਲਾਅਨੁਮਾ ਹੌਦ ਬਲੀ ਭੇਂਟ ਤੋਂ ਪਹਿਲਾਂ ਅਸ਼ਨਾਨ ਲਈ ਵਰਤਿਆ ਜਾਂਦਾ ਸੀ।
7 ਸੁਲੇਮਾਨ ਨੇ ਦਿੱਤੇ ਗਏ ਨਿਰਦੇਸ਼ਾਂ ਅਨੁਸਾਰ ਦਸ ਸ਼ਮਾਦਾਨ ਬਣਵਾਏ ਅਤੇ ਉਸ ਨੇ ਇਨ੍ਹਾਂ ਸ਼ਮਾਦਾਨਾਂ ਨੂੰ ਮੰਦਰ ਵਿੱਚ ਰੱਖਵਾ ਦਿੱਤਾ। ਪੰਜ ਸ਼ਮਾਦਾਨ ਖੱਬੇ ਪਾਸੇ ਅਤੇ ਬਾਕੀ ਦੇ ਪੰਜ ਮੰਦਰ ਦੇ ਸੱਜੇ ਪਾਸੇ ਰੱਖੇ ਗਏ ਸਨ। 8 ਉਸ ਨੇ 10 ਮੇਜ਼ਾਂ ਬਣਵਾ ਕੇ ਵੀ ਮੰਦਰ ਅੰਦਰ ਰੱਖੀਆਂ ਜਿਹੜੀਆਂ ਕਿ ਮੰਦਰ ਦੇ ਸੱਜੇ-ਖੱਬੇ ਪੰਜ-ਪੰਜ ਰੱਖੀਆਂ ਗਈਆਂ ਅਤੇ 100 ਹੌਦੀਆਂ ਬਨਵਾਉਣ ਲਈ ਉਸ ਨੇ ਸੋਨਾ ਵਰਤਿਆ। 9 ਸੁਲੇਮਾਨ ਨੇ ਜਾਜਕਾਂ ਲਈ ਵਲਗਣ ਅਤੇ ਵਿਹੜੇ ਬਣਵਾਏ ਅਤੇ ਉਨ੍ਹਾਂ ਦੇ ਦਰਵਾਜ਼ਿਆਂ ਨੂੰ ਕਾਂਸੇ ਨਾਲ ਢੱਕ ਦਿੱਤਾ। 10 ਫ਼ਿਰ ਉਸ ਨੇ ਵੱਡੇ ਪਿੱਤਲ ਦੇ ਹੌਦ ਨੂੰ ਪੂਰਬ ਵੱਲ ਮੰਦਰ ਦੇ ਸੱਜੇ ਪਾਸੇ ਦੱਖਣ ਵਾਲੇ ਘੁਮਾ ਕੇ ਰੱਖਿਆ।
11 ਹੂਰਾਮ ਨੇ ਭਾਂਡੇ, ਬੇਲਚੇ ਅਤੇ ਹੌਦੀਆਂ ਬਣਾਈਆਂ। ਫ਼ਿਰ ਹੂਰਾਮ ਨੇ ਉਹ ਕੰਮ ਖਤਮ ਕੀਤਾ ਜੋ ਉਹ ਸੁਲੇਮਾਨ ਲਈ ਪਰਮੇਸ਼ੁਰ ਦੇ ਮੰਦਰ ਲਈ ਕਰਦਾ ਸੀ।
12 ਹੂਰਾਮ ਨੇ ਦੋ ਥੰਮ ਅਤੇ ਉਨ੍ਹਾਂ ਥੰਮਾਂ ਦੇ ਉੱਪਰ ਦੋ ਵੱਡੇ ਮੁਕਟਨੁਮਾ ਕਟੋਰੇ ਬਣਾਏ ਸਨ। ਇਹੀ ਨਹੀਂ ਸਗੋਂ ਉਸ ਨੇ ਦੋ ਸਜਾਵਟੀ ਜਾਲੀਆਂ, ਜਿਹੜੀਆਂ ਕਿ ਉਨ੍ਹਾਂ ਥੰਮਾਂ ਦੇ ਮੁਕਟਾਂ ਨੂੰ ਕੱਜਦੀਆਂ ਸਨ, ਵੀ ਬਣਾਈਆਂ। 13 ਹੂਰਾਮ ਨੇ ਉਨ੍ਹਾਂ ਦੋ ਸਜਾਵਟੀ ਜਾਲੀਆਂ ਲਈ ਵੀ 400 ਅਨਾਰ ਬਣਵਾਏ। ਹਰ ਜਾਲੀ ਲਈ ਦੋ ਕਤਾਰਾਂ ਸਨ ਜਿਨ੍ਹਾਂ ਵਿੱਚ ਅਨਾਰ ਜੜੇ ਗਏ ਸਨ ਅਤੇ ਇਹ ਜਾਲੀਆਂ ਖੰਭਿਆਂ ਦੇ ਉਪਰਲੇ ਮੁਕਟਾਂ ਨੂੰ ਕੱਜਦੀਆਂ ਸਨ। 14 ਹੂਰਾਮ ਨੇ ਬੜੇ ਅਤੇ ਉਨ੍ਹਾਂ ਉੱਪਰ ਟਿਕਾਉਣ ਵਾਲੇ ਕਟੋਰੇ ਵੀ ਬਣਾਏ। 15 ਹੂਰਾਮ ਨੇ ਇੱਕ ਵੱਡਾ ਪਿੱਤਲ ਦਾ ਹੌਦ ਵੀ ਬਣਾਇਆ ਅਤੇ ਉਸ ਦੇ ਥੱਲੇ ਟਿਕਾਅ ਲਈ 12 ਬਲਦ ਵੀ ਬਣਾਏ। 16 ਉਸ ਨੇ ਭਾਂਡੇ, ਬੇਲਚੇ, ਚਮਚੇ ਅਤੇ ਹੋਰ ਕਈ ਅਜਿਹੀਆਂ ਵਸਤਾਂ ਸੁਲੇਮਾਨ ਪਾਤਸ਼ਾਹ ਲਈ ਯਹੋਵਾਹ ਦੇ ਮੰਦਰ ਲਈ ਬਣਾਈਆਂ।
ਇਹ ਸਭ ਵਸਤਾਂ ਚਮਕਦੇ ਪਿੱਤਲ ਦੀਆਂ ਬਣਾਈਆਂ ਗਈਆਂ। 17 ਪਹਿਲਾਂ ਸੁਲੇਮਾਨ ਪਾਤਸ਼ਾਹ ਨੇ ਇਨ੍ਹਾਂ ਵਸਤਾਂ ਨੂੰ ਚੀਕਣੀ ਮਿੱਟੀ ਦੇ ਸਾਂਚਿਆਂ ’ਚ ਪਾਇਆ। ਇਹ ਸਾਂਚੇ ਯਰਦਨ ਦੀ ਵਾਦੀ ਵਿੱਚ ਤਿਆਰ ਕੀਤੇ ਗਏ ਜੋ ਕਿ ਸੁਕੋਥ ਅਤੇ ਸਰੇਦਾਥਾਹ ਦੇ ਵਿੱਚਕਾਰ ਕਰਕੇ ਹੈ। 18 ਸੁਲੇਮਾਨ ਪਾਤਸ਼ਾਹ ਨੇ ਇੰਨੀ ਤਾਦਾਤ ਵਿੱਚ ਇਹ ਸਭ ਕੁਝ ਬਣਵਾਇਆ ਕਿ ਕੋਈ ਵੀ ਮਨੁੱਖ ਇਸ ਪਿੱਤਲ ਨੂੰ ਤੋਲ ਨਹੀਂ ਸੀ ਸੱਕਦਾ।
19 ਸੁਲੇਮਾਨ ਨੇ ਪਰਮੇਸ਼ੁਰ ਦੇ ਮੰਦਰ ਲਈ ਵੀ ਬੜਾ ਕੁਝ ਬਣਵਾਇਆ। ਉਸ ਨੇ ਸੋਨੇ ਦੀ ਜਗਵੇਦੀ ਬਣਵਾਈ। ਜਿਨ੍ਹਾਂ ਮੇਜ਼ਾਂ ਉੱਪਰ ਹਜ਼ੂਰੀ ਰੋਟੀ ਹੁੰਦੀ ਸੀ, ਉਹ ਵੀ ਬਣਵਾਈਆਂ। 20 ਉਸ ਨੇ ਸ਼ੁੱਧ ਸੋਨੇ ਦੇ ਸ਼ਮਾਦਾਨ ਅਤੇ ਦੀਵੇ ਵੀ ਬਣਵਾਏ ਤਾਂ ਜੋ ਉਹ ਰੀਤ ਮੁਤਾਬਕ ਪਵਿੱਤਰ ਅਸਥਾਨ ਦੇ ਅੱਗੇ ਬਲਦੇ ਰਹਿਣ। 21 ਸੁਲੇਮਾਨ ਨੇ ਫ਼ੁੱਲ, ਦੀਵੇ ਅਤੇ ਚਿਮਟੇ ਆਦਿ ਬਨਵਾਉਣ ਲਈ ਸ਼ੁੱਧ ਸੋਨਾ ਵਰਤਿਆ। 22 ਉਸ ਨੇ ਗੁਲਤਰਾਸ਼ [b] ਅਤੇ ਪਰਾਤਾਂ, ਕਟੋਰੀਆਂ ਅਤੇ ਧੂਫ਼ਦਾਨ ਸਭ ਸ਼ੁੱਧ ਸੋਨੇ ਦੇ ਬਣਵਾਏ। ਉਸ ਨੇ ਮੰਦਰ ਦੇ ਦਰਵਾਜ਼ਿਆਂ ਉੱਪਰ, ਅੱਤ ਪਵਿੱਤਰ ਸਥਾਨ ਦੇ ਅੰਦਰਲੇ ਦਰਵਾਜਿਆਂ ਉੱਪਰ ਅਤੇ ਮੁੱਖ ਵੰਡੇ ਕਮਰੇ ਦੇ ਦਰਵਾਜਿਆਂ ਉੱਪਰ ਵੀ ਸੌਨਾ ਚੜ੍ਹਾਇਆ।
5 ਇਉਂ ਉਹ ਸਾਰਾ ਕੰਮ ਜੋ ਸੁਲੇਮਾਨ ਨੇ ਯਹੋਵਾਹ ਦੇ ਮੰਦਰ ਲਈ ਸ਼ੁਰੂ ਕੀਤਾ ਸੀ ਖਤਮ ਹੋਇਆ ਤਾਂ ਸੁਲੇਮਾਨ ਨੇ ਆਪਣੇ ਪਿਤਾ ਦਾਊਦ ਦੀਆਂ ਪਵਿੱਤਰ ਕੀਤੀਆਂ ਹੋਈਆਂ ਵਸਤਾਂ ਯਾਨੀ ਕਿ ਸੋਨਾਂ, ਚਾਂਦੀ ਅਤੇ ਸਾਰੇ ਭਾਂਡੇ, ਇਹ ਸਭ ਕੁਝ ਅੰਦਰ ਲੈ ਆਇਆ ਅਤੇ ਪਰਮੇਸ਼ੁਰ ਦੇ ਮੰਦਰ ਦੇ ਖਜਾਨੇ ਵਿੱਚ ਧਰ ਦਿੱਤਾ।
ਪਵਿੱਤਰ ਸੰਦੂਕ ਮੰਦਰ ’ਚ ਲਿਆਇਆ ਗਿਆ
2 ਸੁਲੇਮਾਨ ਨੇ ਇਸਰਾਏਲ ਦੇ ਬਜ਼ੁਰਗਾਂ ਅਤੇ ਸਾਰੀਆਂ ਗੋਤਾਂ ਦੇ ਮੁਖੀਆਂ, ਆਗੂਆਂ ਨੂੰ ਯਰੂਸ਼ਲਮ ਵਿੱਚ ਸੱਦਾ ਦਿੱਤਾ। (ਇਹ ਸਾਰੇ ਮਨੁੱਖ ਇਸਰਾਏਲ ਦੇ ਘਰਾਣਿਆਂ ਦੇ ਮੁਖੀਆ ਸਨ।) ਤਾਂ ਜੋ ਉਹ ਦਾਊਦ ਦੇ ਸ਼ਹਿਰ ਵਿੱਚੋਂ ਜੋ ਸੀਯੋਨ ਹੈ ਉੱਥੋਂ ਯਹੋਵਾਹ ਦੇ ਨੇਮ ਦੇ ਸੰਦੂਕ ਨੂੰ ਲੈ ਆਉਣ। 3 ਤਾਂ ਇਸਰਾਏਲ ਦੇ ਸਾਰੇ ਮਨੁੱਖ ਪਰਬ ਲਈ ਜੋ ਕਿ ਸੱਤਵੇਂ ਮਹੀਨੇ ਵਿੱਚ ਹੁੰਦਾ ਸੀ, ਇਕੱਠੇ ਹੋਏ।
4 ਜਦੋਂ ਇਸਰਾਏਲ ਦੇ ਸਾਰੇ ਬਜ਼ੁਰਗ ਪਹੁੰਚ ਗਏ ਤਾਂ ਲੇਵੀਆਂ ਨੇ ਨੇਮ ਦੇ ਸੰਦੂਕ ਨੂੰ ਚੁੱਕਿਆ ਹੋਇਆ ਸੀ। 5 ਤਦ ਜਾਜਕਾਂ ਅਤੇ ਲੇਵੀਆਂ ਦੇ ਨੇਮ ਦੇ ਸੰਦੂਕ ਨੂੰ ਯਰੂਸ਼ਲਮ ਵਿੱਚ ਲਿਆਂਦਾ। ਉਹ ਆਪਣੇ ਨਾਲ ਮੰਡਲੀ ਦਾ ਤੰਬੂ ਅਤੇ ਜੋ ਵੀ ਪਵਿੱਤਰ ਵਸਤਾਂ ਉੱਥੇ ਸਨ, ਉਹ ਯਰੂਸ਼ਲਮ ਵਿੱਚ ਲੈ ਆਏ। 6 ਸੁਲੇਮਾਨ ਪਾਤਸ਼ਾਹ ਅਤੇ ਸਾਰੇ ਇਸਰਾਏਲੀ ਇਕਰਾਰਨਾਮੇ ਦੇ ਸੰਦੂਕ ਦੇ ਸਾਹਮਣੇ ਮਿਲੇ ਅਤੇ ਉਨ੍ਹਾਂ ਸਭਨਾਂ ਨੇ ਭੇਡਾਂ ਅਤੇ ਬਲਦਾਂ ਦੀ ਬਲੀ ਦਿੱਤੀ। ਇਹ ਭੇਡਾਂ ਅਤੇ ਬਲਦਾਂ ਇੰਨੀ ਤਾਦਾਤ ਵਿੱਚ ਸਨ ਕਿ ਇਨ੍ਹਾਂ ਦੀ ਗਿਣਤੀ ਕਰਨੀ ਅਸੰਭਵ ਸੀ। 7 ਤਦ ਜਾਜਕਾਂ ਨੇ ਇਕਰਾਰਨਾਮੇ ਦੇ ਸੰਦੂਕ ਨੂੰ ਉਸ ਥਾਵੇਂ ਲਿਆਂਦਾ ਜਿਹੜੀ ਜਗ੍ਹਾ ਉਸ ਲਈ ਤਿਆਰ ਕੀਤੀ ਗਈ ਸੀ। ਇਹ ਜਗ੍ਹਾ ਮੰਦਰ ਵਿੱਚ ਅੱਤ ਪਵਿੱਤਰ ਸਥਾਨ ਸੀ। ਅਤੇ ਇਕਰਾਰਨਾਮੇ ਦੇ ਸੰਦੂਕ ਨੂੰ ਕਰੂਬੀ ਫ਼ਰਿਸਤਿਆਂ ਦੇ ਖੰਭਾਂ ਹੇਠਾਂ ਰੱਖਿਆ ਗਿਆ ਸੀ। 8 ਜਿੱਥੇ ਨੇਮ ਦੇ ਸੰਦੂਕ ਨੂੰ ਰੱਖਿਆ ਗਿਆ ਉੱਥੇ ਕਰੂਬੀ ਆਪਣੇ ਖੰਭ ਪਸਾਰੇ ਖੜ੍ਹੇ ਸਨ ਇਵੇਂ ਕਰੂਬੀ ਫ਼ਰਿਸ਼ਤਿਆਂ ਨੇ ਉਸ ਸੰਦੂਕ ਦੀਆਂ ਚੋਬਾਂ ਨੂੰ ਉੱਤੋਂ ਦੀ ਢੱਕਿਆ ਹੋਇਆ ਸੀ। 9 ਇਹ ਚੋਬਾਂ ਇੰਨੀਆਂ ਲੰਬੀਆਂ ਸਨ ਕਿ ਇਨ੍ਹਾਂ ਦੇ ਸਿਰੇ ਅੱਤ ਪਵਿੱਤਰ ਅਸਥਾਨ ਦੇ ਸਾਹਮਣਿਓ ਵੀ ਨਜ਼ਰ ਆਉਂਦੇ ਸਨ ਪਰ ਇਸ ਨੂੰ ਕੋਈ ਵੀ ਮਨੁੱਖ ਮੰਦਰ ਦੇ ਬਾਹਰ ਤੋਂ ਨਹੀਂ ਸੀ ਵੇਖ ਸੱਕਦਾ। ਇਹ ਚੋਬਾਂ ਅੱਜ ਵੀ ਉੱਥੇ ਬਰਕਰਾਰ ਹਨ। 10 ਉਸ ਇਕਰਾਰਨਾਮੇ ਦੇ ਸੰਦੂਕ ਵਿੱਚ ਸਿਰਫ਼ ਪੱਥਰ ਦੀਆਂ ਦੋ ਤਖਤੀਆਂ ਸਨ। ਇਹ ਤਖਤੀਆਂ ਮੂਸਾ ਨੇ ਹੋਰੇਬ ਵਿੱਚ ਉਸ ਥਾਵੇਂ ਸੰਦੂਕ ਵਿੱਚ ਰੱਖੀਆਂ ਸਨ ਜਿੱਥੇ ਯਹੋਵਾਹ ਨੇ ਇਸਰਾਏਲ ਦੇ ਲੋਕਾਂ ਨਾਲ ਇਕਰਾਰਨਾਮਾ ਕੀਤਾ ਸੀ। ਇਹ ਉਸ ਵਕਤ ਹੋਇਆ ਜਦੋਂ ਉਹ ਮਿਸਰ ਵਿੱਚੋਂ ਬਾਹਰ ਨਿਕਲੇ ਸਨ।
11 ਸਾਰੇ ਜਾਜਕ ਜੋ ਉੱਥੇ ਮੌਜੂਦ ਸਨ ਉਨ੍ਹਾਂ ਨੇ ਆਪਣੇ-ਆਪ ਨੂੰ ਪਵਿੱਤਰ ਕਰਨ ਲਈ ਇਹ ਰਸਮ ਕੀਤੀ। ਤਾਂ ਜਦੋਂ ਹੀ ਜਾਜਕ ਪਵਿੱਤਰ ਅਸਥਾਨ ਤੋਂ ਬਾਹਰ ਨਿਕਲੇ, ਤਾਂ ਉਹ ਵੱਖੋ-ਵੱਖ ਦਲ ਬਨਾਉਣ ਦੀ ਥਾਵੇਂ ਸਾਰੇ ਇਕੱਠੇ ਮਿਲ ਕੇ ਖੜ੍ਹੇ ਹੋਏ। 12 ਲੇਵੀ ਗਵਈਏ ਜਗਵੇਦੀ ਦੇ ਪੂਰਬੀ ਪਾਸੇ ਵੱਲ ਖਲੋ ਗਏ। ਗਵਈਆਂ ਦੇ ਸਾਰੇ ਸਮੂਹ, ਆਸਾਫ਼, ਹੀਮਾਨ, ਅਤੇ ਯਦੂਥੂਨ ਅਨਦ ਉਨ੍ਹਾਂ ਦੇ ਪੁੱਤਰ ਅਤੇ ਭਰਾ ਇੱਕਤ੍ਰ ਹੋਏ। ਸਾਰੇ ਲੇਵੀ ਗਵਈਆਂ ਨੇ ਚਿੱਟੇ ਸੂਤੀ ਚੋਲੇ ਪਾਏ ਹੋਏ ਸਨ। ਉਨ੍ਹਾਂ ਦੇ ਹੱਥਾਂ ਵਿੱਚ ਸਰੰਗੀਆਂ, ਚਿਮਟੇ ਅਤੇ ਸਿਤਾਰਾਂ ਸਨ। ਓੱਥੇ ਲੇਵੀ ਗਵਈਆਂ ਸਮੇਤ ਕੁੱਲ 120 ਜਾਜਕ ਸਨ। ਇਹ ਸਾਰੇ 120 ਜਾਜਕ ਤੁਰ੍ਹੀਆਂ ਵਜਾ ਰਹੇ ਸਨ ਅਤੇ ਗਵਈਏ ਇੱਕੋ ਸੁਰ ਵਿੱਚ ਗਾ ਰਹੇ ਸਨ। 13 ਜਦੋਂ ਉਨ੍ਹਾਂ ਨੇ ਯਹੋਵਾਹ ਦੀ ਉਸਤਤ ਗਾਈ ਅਤੇ ਉਸਦਾ ਧੰਨਵਾਦ ਕੀਤਾ, ਉਨ੍ਹਾਂ ਸਭ ਨੇ ਇੱਕੋ ਸੁਰ ਵਿੱਚ ਆਵਾਜ਼ ਕੀਤੀ ਅਤੇ ਉਹ ਆਪਣੇ ਸੰਗੀਤਕ ਸਾਜ਼ ਵਜਾਉਂਦੇ ਹੋਏ ਇੱਕੋ ਸੁਰ ਵਿੱਚ ਉੱਚੀ ਆਵਾਜ਼ ਵਿੱਚ ਗਾ ਰਹੇ ਸਨ। ਉਹ ਯਹੋਵਾਹ ਦੀ ਉਸਤਤ ਵਿੱਚ ਗੀਤ ਗਾ ਰਹੇ ਸਨ,
“ਉਸਦੇ ਕਿਰਪਾਲਤਾ ਅਤੇ
ਉਸ ਦੇ ਅਨਂਤ ਪਿਆਰ ਬਾਰੇ ਗਾ ਰਹੇ ਸਨ।”
ਤਦ ਹੀ ਯਹੋਵਾਹ ਦਾ ਮੰਦਰ ਬੱਦਲ ਨਾਲ ਭਰ ਗਿਆ। 14 ਇਸ ਬੱਦਲ ਕਾਰਣ ਜਾਜਕ ਸੇਵਾ ਜਾਰੀ ਨਾ ਰੱਖ ਸੱਕੇ ਕਿਉਂ ਕਿ ਪਰਮੇਸ਼ੁਰ ਦਾ ਮੰਦਰ ਉਸ ਦੇ ਪਰਤਾਪ ਨਾਲ ਭਰ ਗਿਆ ਸੀ।
2010 by World Bible Translation Center