Beginning
22 ਦਾਊਦ ਨੇ ਕਿਹਾ, “ਯਹੋਵਾਹ ਪਰਮੇਸ਼ੁਰ ਦਾ ‘ਮੰਦਰ’ ਅਤੇ ਹੋਮ ਦੀਆਂ ਬਲੀਆਂ ਦੀ ਜਗਵੇਦੀ ਜੋ ਕਿ ਇਸਰਾਏਲ ਦੇ ਲੋਕਾਂ ਲਈ ਹੋਵੇਗੀ, ਇਸ ਥਾਵੇਂ ਹੀ ਬਣੇਗੀ।”
ਦਾਊਦ ਦੀ ਮੰਦਰ ਲਈ ਤਿਆਰੀ
2 ਦਾਊਦ ਨੇ ਸਾਰੇ ਵਿਦੇਸ਼ੀਆਂ ਨੂੰ ਜੋ ਇਸਰਾਏਲ ਵਿੱਚ ਰਹਿ ਰਹੇ ਸਨ ਇਕੱਠਿਆਂ ਹੋਣ ਦਾ ਹੁਕਮ ਦਿੱਤਾ ਅਤੇ ਦਾਊਦ ਨੇ ਉਨ੍ਹਾਂ ਵਿਦੇਸ਼ੀਆਂ ਵਿੱਚੋਂ ਉਨ੍ਹਾਂ ਦੇ ਦਲ ਵਿੱਚੋਂ ਕੁਝ ਸੰਗ ਤਰਾਸ਼ਾਂ ਨੂੰ ਚੁਣਿਆ, ਜਿਨ੍ਹਾਂ ਦਾ ਕੰਮ ਪਰਮੇਸ਼ੁਰ ਦੇ ਮੰਦਰ ਦੀ ਇਮਾਰਤ ਲਈ ਪੱਥਰ ਘੜਨੇ ਸੀ। 3 ਦਾਊਦ ਨੇ ਪ੍ਰਵੇਸ਼ ਦੇ ਦਰਵਾਜ਼ਿਆਂ ਲਈ ਮੇਖਾਂ ਅਤੇ ਕਬਜ਼ੇ ਬਨਾਉਣ ਲਈ ਬਹੁਤ ਸਾਰਾ ਲੋਹਾ ਇਕੱਠਾ ਕੀਤਾ ਅਤੇ ਤੋਲੇ ਜਾਣ ਤੋਂ ਵੀ ਵੱਧੇਰੇ ਕਾਂਸੀ ਇਕੱਠੀ ਕੀਤੀ। 4 ਦਾਊਦ ਨੇ ਸੀਦੋਨ ਅਤੇ ਸ਼ੂਰ ਦੇ ਲੋਕਾਂ ਤੋਂ, ਜਿਹੜੇ ਦਾਊਦ ਕੋਲ ਦਿਆਰ ਦੀ ਲੱਕੜੀ ਲੈ ਕੇ ਆਏ, ਬੇਹਿਸਾਬ ਦਿਆਰ ਦੀ ਲੱਕੜੀ ਲਈ।
5 ਦਾਊਦ ਨੇ ਕਿਹਾ, “ਸਾਨੂੰ ਯਹੋਵਾਹ ਲਈ ਇੱਕ ਬਹੁਤ ਹੀ ਵਿਸ਼ਾਲ ਅਤੇ ਮਹਾਨ ਮੰਦਰ ਬਨਾਉਣਾ ਚਾਹੀਦਾ ਹੈ। ਪਰ ਮੇਰਾ ਪੁੱਤਰ ਅਜੇ ਬਹੁਤ ਛੋਟਾ ਅਤੇ ਤਜ਼ਰਬਾਹੀਣ ਹੈ। ਯਹੋਵਾਹ ਦਾ ਮੰਦਰ ਇਸਦੀ ਮਹਾਨਤਾ ਅਤੇ ਸੁੰਦਰਤਾ ਲਈ ਸਾਰੀਆਂ ਕੌਮਾਂ ਵਿੱਚ ਮਸ਼ਹੂਰ ਹੋਣਾ ਚਾਹੀਦਾ ਹੈ। ਇਸੇ ਕਾਰਣ ਯਹੋਵਾਹ ਦੇ ਮੰਦਰ ਦੇ ਨਿਰਮਾਣ ਦੀ ਮੈਂ ਯੋਜਨਾ ਬਣਾਈ ਹੈ।” ਇਸ ਲਈ ਦਾਊਦ ਨੇ ਆਪਣੀ ਮੌਤ ਤੋਂ ਪਹਿਲਾਂ ਮੰਦਰ ਦੇ ਨਿਰਮਾਣ ਦੀਆਂ ਬੜੀਆਂ ਯੋਜਨਾਵਾਂ ਬਣਾਈਆਂ।
6 ਫ਼ਿਰ ਦਾਊਦ ਨੇ ਆਪਣੇ ਪੁੱਤਰ ਸੁਲੇਮਾਨ ਨੂੰ ਸੱਦਿਆ। ਦਾਊਦ ਨੇ ਸੁਲੇਮਾਨ ਨੂੰ ਇਸਰਾਏਲ ਦੇ ਯਹੋਵਾਹ ਪਰਮੇਸ਼ੁਰ ਲਈ ਮੰਦਰ ਦੇ ਨਿਰਮਾਣ ਕਰਨ ਦੇ ਬਾਰੇ ਦੱਸਿਆ। 7 ਦਾਊਦ ਨੇ ਸੁਲੇਮਾਨ ਨੂੰ ਕਿਹਾ, “ਮੇਰੇ ਪੁੱਤਰ! ਮੈਂ ਯਹੋਵਾਹ ਆਪਣੇ ਪਰਮੇਸ਼ੁਰ ਦੇ ਨਾਮ ਲਈ ਇੱਕ ਮੰਦਰ ਬਨਾਉਣਾ ਚਾਹੁੰਦਾ ਹਾਂ। 8 ਪਰ ਮੇਰੇ ਯਹੋਵਾਹ ਨੇ ਮੈਨੂੰ ਆਖਿਆ, ‘ਦਾਊਦ ਤੂੰ ਬੜੀਆਂ ਲੜਾਈਆਂ ਲੜਿਆ ਹੈਂ ਅਤੇ ਤੂੰ ਬਹੁਤ ਸਾਰੇ ਲੋਕਾਂ ਨੂੰ ਮਾਰਿਆ ਹੈ। ਇਸ ਲਈ ਤੂੰ ਮੇਰੇ ਨਾਂ ਲਈ ਮੰਦਰ ਨਹੀਂ ਬਨਵਾ ਸੱਕਦਾ। 9 ਪਰ ਤੇਰੇ ਘਰ ਇੱਕ ਪੁੱਤਰ ਹੋਵੇਗਾ ਜੋ ਅਮਨ ਪਸੰਦ ਹੋਵੇਗਾ ਅਤੇ ਮੈਂ ਤੇਰੇ ਪੁੱਤਰ ਨੂੰ ਸ਼ਾਂਤੀ ਦਾ ਸਮਾਂ ਦੇਵਾਂਗਾ। ਉਸ ਦੇ ਚੌਗਿਰਦੇ ’ਚ ਪਸਰੇ ਉਸ ਦੇ ਵੈਰੀ ਉਸ ਨੂੰ ਪਰੇਸ਼ਾਨ ਨਹੀਂ ਕਰਨਗੇ ਅਤੇ ਉਸਦਾ ਨਾਂ ਸੁਲੇਮਾਨ ਹੋਵੇਗਾ। ਅਤੇ ਮੈਂ ਸੁਲੇਮਾਨ ਦੇ ਰਾਜ ਵਿੱਚ ਇਸਰਾਏਲ ਨੂੰ ਸੁੱਖ ਸ਼ਾਂਤੀ ਤੇ ਅਮਨ ਦਾ ਰਾਜ ਦੇਵਾਂਗਾ। 10 ਸੁਲੇਮਾਨ ਮੇਰੇ ਨਾਂ ਵਾਸਤੇ ਮੰਦਰ ਦਾ ਨਿਰਮਾਣ ਕਰੇਗਾ। ਸੁਲੇਮਾਨ ਮੇਰਾ ਪੁੱਤਰ ਹੋਵੇਗਾ ਅਤੇ ਮੈਂ ਉਸਦਾ ਪਿਤਾ। ਅਤੇ ਮੈਂ ਸੁਲੇਮਾਨ ਦੇ ਰਾਜ ਨੂੰ ਮਜ਼ਬੂਤ ਸ਼ਕਤੀਸ਼ਾਲੀ ਬਣਾਵਾਂਗਾ ਅਤੇ ਉਸ ਦੇ ਘਰਾਣੇ ਵਿੱਚੋਂ ਕਿਸੇ ਦਾ ਰਾਜ ਹਮੇਸ਼ਾ-ਹਮੇਸ਼ਾ ਲਈ ਇਸਰਾਏਲ ਤੇ ਰਹੇਗਾ।’”
11 ਦਾਊਦ ਨੇ ਇਹ ਵੀ ਕਿਹਾ, “ਹੁਣ ਹੇ ਮੇਰੇ ਪੁੱਤਰ! ਪਰਮੇਸ਼ੁਰ ਤੇਰੇ ਅੰਗ-ਸੰਗ ਰਹੇ। ਤੈਨੂੰ ਸਫ਼ਲਤਾ ਮਿਲੇ ਅਤੇ ਤੂੰ ਯਹੋਵਾਹ ਆਪਣੇ ਪਰਮੇਸ਼ੁਰ ਲਈ ਮੰਦਰ ਬਨਾਉਣ ਵਿੱਚ ਕਾਮਯਾਬ ਰਹੇਂ, ਜਿਵੇਂ ਕਿ ਉਸ ਨੇ ਤੇਰੇ ਬਾਰੇ ਬਚਨ ਕੀਤਾ ਹੈ। 12 ਯਹੋਵਾਹ ਤੈਨੂੰ ਇਸਰਾਏਲ ਦੀ ਪਾਤਸ਼ਾਹੀ ਦੇਵੇ। ਪਰਮੇਸ਼ੁਰ ਤੈਨੂੰ ਸਮਝ ਅਤੇ ਸੋਝੀ ਦੇਵੇ ਤਾਂ ਜੋ ਤੂੰ ਬੁੱਧੀ ਨਾਲ ਇਸਰਾਏਲ ਦੇ ਲੋਕਾਂ ਨੂੰ ਆਪਣੇ ਪਰਮੇਸ਼ੁਰ ਦਾ ਹੁਕਮ ਅਤੇ ਨਿਆਂ ਮੰਨਦਾ ਹੋਇਆ ਰਾਹੇ ਪਾ ਸੱਕੇਂ। 13 ਜੇਕਰ ਤੂੰ ਪਰਮੇਸ਼ੁਰ ਦੇ ਅਸੂਲ ਅਤੇ ਨੇਮ ਮੰਨੇਗਾ ਜਿਹੜੇ ਪਰਮੇਸ਼ੁਰ ਨੇ ਇਸਰਾਏਲ ਵਾਸਤੇ ਮੂਸਾ ਨੂੰ ਦਿੱਤੇ ਸਨ, ਤਾਂ ਪਰਮੇਸ਼ੁਰ ਤੇਰੇ ਤੇ ਕਿਰਪਾ ਕਰੇਗਾ ਤੇ ਤੈਨੂੰ ਸਫ਼ਲਤਾ ਦੇਵੇਗਾ। ਤੂੰ ਬਹਾਦੁਰ ਹੋ ਕੇ ਸ਼ਕਤੀਸ਼ਾਲੀ ਹੋ, ਡਰ ਨਹੀਂ।
14 “ਸੁਲੇਮਾਨ, ਵੇਖ, ਮੈਂ ਯਹੋਵਾਹ ਦੇ ਮੰਦਰ ਲਈ ਯੋਜਨਾ ਬਨਾਉਣ ਵਿੱਚ ਬੜੀ ਸਖਤ ਮਿਹਨਤ ਕੀਤੀ ਹੈ। ਇਸ ਦੇ ਲਈ ਮੈਂ 3,750 ਟੱਨ ਸੋਨਾ, 37,500 ਟੱਨ ਚਾਂਦੀ ਅਤੇ ਬਹੁਤ ਹੀ ਕਾਂਸੀ ਅਤੇ ਲੋਹਾ ਦਿੱਤਾ ਹੈ ਜੋ ਤੋਲੇ ਨਹੀਂ ਜਾ ਸੱਕਦੇ। ਇਨ੍ਹਾਂ ਤੋਂ ਇਲਾਵਾ, ਮੈਂ ਇਸ ਦੇ ਨਿਰਮਾਣ ਲਈ ਲੱਕੜ ਅਤੇ ਪੱਥਰ ਵੀ ਦਿੱਤੇ ਹਨ। ਸੁਲੇਮਾਨ, ਤੂੰ ਇਨ੍ਹਾਂ ਵਿੱਚ ਹੋਰ ਵੱਧੇਰੇ ਜੋੜ ਸੱਕਦਾ ਹੈ। 15 ਤੇਰੇ ਕੋਲ ਬਹੁਤ ਸਾਰੇ ਸੰਗ ਤਰਾਸ਼ ਅਤੇ ਤਰਖਾਣ ਹਨ ਅਤੇ ਤੇਰੇ ਕੋਲ ਹਰ ਖੇਤਰ ਦੇ ਮਾਹਿਰ ਕਾਰੀਗਰ ਵੀ ਹਨ। 16 ਜੋ ਕਿ ਸੋਨੇ, ਚਾਂਦੀ, ਪਿੱਤਲ ਅਤੇ ਲੋਹੇ ਆਦਿ ਦੀ ਕਾਰੀਗਰੀ ’ਚ ਬੜੇ ਨਿਪੁਣ ਹਨ। ਤੇਰੇ ਕੋਲ ਤਾਂ ਅਜਿਹੇ ਕਾਰੀਗਰ ਬੇਹਿਸਾਬ ਹਨ। ਇਸ ਲਈ ਹੁਣ ਤੂੰ ਕਾਰਜ ਸ਼ੁਰੂ ਕਰ। ਯਹੋਵਾਹ ਤੇਰੇ ਅੰਗ-ਸੰਗ ਹੋਵੇ।”
17 ਤਦ ਦਾਊਦ ਨੇ ਇਸਰਾਏਲ ਦੇ ਸਾਰੇ ਆਗੂਆਂ ਨੂੰ ਆਪਣੇ ਪੁੱਤਰ ਸੁਲੇਮਾਨ ਦੀ ਮਦਦ ਕਰਨ ਲਈ ਆਖਿਆ। 18 ਦਾਊਦ ਨੇ ਇਨ੍ਹਾਂ ਆਗੂਆਂ ਨੂੰ ਕਿਹਾ, “ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਡੇ ਨਾਲ ਹੈ। ਉਸ ਨੇ ਤੁਹਾਨੂੰ ਸ਼ਾਂਤੀ ਦਾ ਸਮਾਂ ਬਖਸ਼ਿਆ ਹੈ। ਯਹੋਵਾਹ ਨੇ ਇਸ ਧਰਤੀ ਦੇ ਸਾਰੇ ਵਾਸੀਆਂ ਨੂੰ ਹਰਾਉਣ ’ਚ ਮੇਰੀ ਸਹਾਇਤਾ ਕੀਤੀ ਹੈ। ਸੋ ਹੁਣ ਯਹੋਵਾਹ ਅਤੇ ਉਸ ਦੇ ਲੋਕ ਇਸ ਧਰਤੀ ਤੇ ਕਾਬਿਜ਼ ਹਨ। 19 ਇਸ ਲਈ ਆਪਣੇ ਮਨ ਅਤੇ ਦਿਲ ਪਰਮੇਸ਼ੁਰ ਨੂੰ ਸੌਂਪ ਦੇਵੋ ਅਤੇ ਉਸ ਦੇ ਆਦੇਸ਼ ਅਨੁਸਾਰ ਚੱਲੋ। ਯਹੋਵਾਹ ਦੇ ਪਵਿੱਤਰ ਅਸਥਾਨ ਨੂੰ ਬਨਾਉਣ ਲਈ ਤਿਆਰ ਹੋਵੋ ਅਤੇ ਯਹੋਵਾਹ ਦੇ ਨਾਂ ਤੇ ਮੰਦਰ ਦੀ ਉਸਾਰੀ ਕਰੋ ਤੇ ਫ਼ਿਰ ਉਸ ਦੇ ਨੇਮ ਦੇ ਸੰਦੂਕ ਨੂੰ ਅਤੇ ਹੋਰ ਪਵਿੱਤਰ ਵਸਤਾਂ ਨੂੰ ਲਿਆ ਕੇ ਇਸ ਮੰਦਰ ਵਿੱਚ ਟਿਕਾਅ ਦੇਵੋ।”
ਲੇਵੀਆਂ ਲਈ ਮੰਦਰ ਵਿੱਚ ਸੇਵਾ ਕਰਨ ਦੀਆਂ ਵਿਉਂਤਾਂ
23 ਹੁਣ ਦਾਊਦ ਬੁੱਢਾ ਹੋ ਚੁੱਕਾ ਸੀ ਇਸ ਲਈ ਉਸ ਨੇ ਆਪਣੇ ਪੁੱਤਰ ਸੁਲੇਮਾਨ ਨੂੰ ਇਸਰਾਏਲ ਦਾ ਪਾਤਸ਼ਾਹ ਠਹਿਰਾਇਆ। 2 ਦਾਊਦ ਨੇ ਇਸਰਾਏਲ ਦੇ ਸਾਰੇ ਸਰਦਾਰਾਂ ਨੂੰ ਇਕੱਠਿਆਂ ਕੀਤਾ ਅਤੇ ਇਸਦੇ ਨਾਲ ਹੀ ਸਾਰੇ ਜਾਜਕਾਂ ਅਤੇ ਲੇਵੀਆਂ ਨੂੰ ਵੀ। 3 ਦਾਊਦ ਨੇ 30 ਸਾਲ ਜਾਂ 30 ਸਾਲ ਤੋਂ ਉੱਪਰ ਦੇ ਲੇਵੀਆਂ ਨੂੰ ਗਿਣਿਆ, ਕੁਲ ਮਿਲਾ ਕੇ ਉੱਥੇ 38,000 ਲੇਵੀਆਂ ਦੀ ਗਿਣਤੀ ਬਣੀ। 4 ਦਾਊਦ ਨੇ ਕਿਹਾ, “24,000 ਲੇਵੀ ਯਹੋਵਾਹ ਦੇ ਮੰਦਰ ਦੀ ਇਮਾਰਤ ਦੀ ਦੇਖ ਰੇਖ ਕਰਨਗੇ ਅਤੇ 6,000 ਲੇਵੀ ਨਿਆਂਕਾਰ ਅਤੇ ਪੁਲਸੀਏ ਹੋਣਗੇ। 5 ਚਾਰ ਹਜ਼ਾਰ ਲੇਵੀ ਦਰਬਾਨ ਦਾ ਕੰਮ ਕਰਣਗੇ ਅਤੇ 4,000 ਲੇਵੀ ਸੰਗੀਤਕਾਰ ਹੋਣਗੇ, ਜਿਨ੍ਹਾਂ ਵਾਸਤੇ ਮੈਂ ਖਾਸ ਸਾਜ਼ ਬਣਵਾਏ ਹਨ। ਇਨ੍ਹਾਂ ਸਾਜ਼ਾਂ ਨਾਲ ਇਹ ਵਜੰਤਰੀ ਯਹੋਵਾਹ ਦਾ ਉਸਤਤਿ ਗਾਨ ਕਰਣਗੇ।”
6 ਦਾਊਦ ਨੇ ਲੇਵੀਆਂ ਨੂੰ 3 ਦਲਾਂ ਵਿੱਚ ਵੰਡਿਆ। ਇਹ ਲੇਵੀ ਦੇ 3 ਪੁੱਤਰਾਂ ਦੇ ਪਰਿਵਾਰ-ਸਮੂਹ ਸਨ। ਜਿਨ੍ਹਾਂ ਦੇ ਨਾਉਂ ਗੇਰਸ਼ੋਨ, ਕਹਾਥ ਅਤੇ ਮਰਾਰੀ ਸਨ।
ਗੇਰਸ਼ੋਨ ਦਾ ਪਰਿਵਾਰ-ਸਮੂਹ
7 ਗੇਰਸ਼ੋਨ ਦੇ ਪਰਿਵਾਰ-ਸਮੂਹ ਵਿੱਚੋਂ ਲਅਦਾਨ ਅਤੇ ਸ਼ਿਮਈ ਸਨ। 8 ਲਅਦਾਨ ਦੇ 3 ਪੁੱਤਰ ਸਨ। ਉਸਦਾ ਪਹਿਲੋਠਾ ਪੁੱਤਰ ਯਹੀਏਲ ਸੀ ਅਤੇ ਉਸ ਦੇ ਦੂਜੇ ਪੁੱਤਰ ਸਨ ਜ਼ੇਥਾਮ ਅਤੇ ਯੋਏਲ। 9 ਸ਼ਿਮਈ ਦੇ ਪੁੱਤਰ-ਸ਼ਲੋਮੀਥ, ਹਜ਼ੀਏਲ ਅਤੇ ਹਾਰਾਨ ਸਨ। ਇਹ ਤਿੰਨੋ ਲਅਦਾਨ ਦੇ ਘਰਾਣੇ ਦੇ ਮੁਖੀਏ ਸਨ।
10 ਸ਼ਿਮਈ ਦੇ ਚਾਰ ਪੁੱਤਰ-ਯਹਥ, ਜ਼ੀਨਾ, ਯਿਊਸ਼ ਅਤੇ ਬਰੀਆ ਸੀ। 11 ਯਹਥ ਉਸਦਾ ਪਹਿਲੋਠਾ ਪੁੱਤਰ ਸੀ ਅਤੇ ਜ਼ੀਜ਼ਾਹ ਦੂਜਾ। ਪਰ ਯਿਊਸ਼ ਅਤੇ ਬਰੀਆਹ ਦੇ ਬਹੁਤ ਪੁੱਤਰ ਨਹੀਂ ਸਨ ਇਸੇ ਲਈ ਉਹ ਦੋਨੋ ਇੱਕੋ ਹੀ ਘਰਾਣੇ ਵਿੱਚ ਗਿਣੇ ਗਏ।
ਕਹਾਥ ਦਾ ਪਰਿਵਾਰ-ਸਮੂਹ
12 ਕਹਾਥ ਦੇ 4 ਪੁੱਤਰ ਸਨ, ਜਿਨ੍ਹਾਂ ਦੇ ਨਾਉਂ ਅਮਰਾਮ, ਯਿਸਹਾਰ, ਹਬਰੋਨ ਤੇ ਉਜ਼ੀਏਲ ਸਨ। 13 ਅਮਰਾਮ ਦੇ 2 ਪੁੱਤਰ ਹਾਰੂਨ ਅਤੇ ਮੂਸਾ ਸਨ। ਹਾਰੂਨ ਨੂੰ ਬਹੁਤ ਖਾਸ ਹੋਣ ਲਈ ਚੁਣਿਆ ਗਿਆ ਸੀ ਅਤੇ ਇਸ ਲਈ ਉਹ ਅਤੇ ਉਸ ਦੇ ਉੱਤਰਾਧਿਕਾਰੀ ਹਮੇਸ਼ਾ ਖਾਸ ਹੋਣ ਲਈ ਚੁਣੇ ਗਏ ਸਨ। ਉਹ ਯਹੋਵਾਹ ਦੀ ਉਪਾਸਨਾ ਲਈ ਪਵਿੱਤਰ ਚੀਜ਼ਾਂ ਨੂੰ ਤਿਆਰ ਕਰਨ ਲਈ ਚੁਣੇ ਗਏ ਸਨ। ਹਾਰੂਨ ਅਤੇ ਉਸ ਦੇ ਉੱਤਰਾਧਿਕਾਰੀਆਂ ਨੂੰ ਯਹੋਵਾਹ ਅੱਗੇ ਧੂਪ ਧੁਖਾਉਣ ਲਈ ਵੀ ਚੁਣਿਆ ਗਿਆ। ਉਨ੍ਹਾਂ ਨੂੰ ਯਹੋਵਾਹ ਨੂੰ ਜਾਜਕ ਬਣ ਕੇ ਸੇਵਾ ਕਰਨ ਲਈ ਵੀ ਚੁਣਿਆ ਗਿਆ। ਉਨ੍ਹਾਂ ਨੂੰ ਯਹੋਵਾਹ ਦੀ ਉਪਾਸਨਾ ਕਰਨ ਅਤੇ ਸਦੀਵ ਕਾਲ ਲਈ ਉਸਦਾ ਨਾਉਂ ਲੈ ਕੇ ਬਰਕਤ ਦੇਣ ਦਾ ਹੱਕ ਪ੍ਰਾਪਤ ਸੀ।
14 ਮੂਸਾ ਯਹੋਵਾਹ ਦਾ ਮਨੁੱਖ ਸੀ ਅਤੇ ਮੂਸਾ ਦੇ ਪੁੱਤਰ ਲੇਵੀ ਪਰਿਵਾਰ-ਸਮੂਹ ਦੇ ਅੰਗ ਸਨ। 15 ਗੇਰਸ਼ੋਮ ਅਤੇ ਅਲੀਅਜ਼ਰ ਮੂਸੇ ਦੇ ਪੁੱਤਰ ਸਨ। 16 ਗੇਰਸ਼ੋਮ ਦੇ ਵੱਡੇ ਪੁੱਤਰ ਦਾ ਨਾਂ ਸਬੁਏਲ ਸੀ। 17 ਅਲੀਅਜ਼ਰ ਦੇ ਵੱਡੇ ਪੁੱਤਰ ਦਾ ਨਾਂ ਰਹਾਬਯਾਹ ਸੀ ਤੇ ਅਲੀਅਜ਼ਰ ਦਾ ਇਸਤੋਂ ਇਲਾਵਾ ਹੋਰ ਕੋਈ ਪੁੱਤਰ ਨਹੀਂ ਸੀ ਪਰ ਰਹਾਬਯਾਹ ਦੇ ਬਹੁਤ ਸਾਰੇ ਪੁੱਤਰ ਸਨ।
18 ਯਿਸਹਾਰ ਦੇ ਪਹਿਲੋਠੇ ਪੁੱਤਰ ਦਾ ਨਾਉਂ ਸ਼ਲੋਮੀਥ ਸੀ।
19 ਹਬਰੋਨ ਦੇ ਪਹਿਲੋਠੇ ਪੁੱਤਰ ਦਾ ਨਾਉਂ ਯਰੀਯਾਹ ਸੀ ਅਤੇ ਦੂਜੇ ਦਾ ਨਾਂ ਅਮਰਯਾਹ। ਯਹਜ਼ੀਏਲ ਉਸਦਾ ਤੀਜਾ ਅਤੇ ਚੌਥਾ ਪੁੱਤਰ ਯਿਕਮਆਮ ਸੀ।
20 ਉਜ਼ੀਏਲ ਦਾ ਸਭ ਤੋਂ ਵੱਡਾ ਪੁੱਤਰ ਮੀਕਾਹ ਅਤੇ ਛੋਟਾ ਯਿੱਸੀਯਾਹ ਸੀ।
ਮਰਾਰੀ ਪਰਿਵਾਰ-ਸਮੂਹ
21 ਮਹਲੀ ਅਤੇ ਮੂਸ਼ੀ ਮਰਾਰੀ ਦੇ ਪੁੱਤਰ ਸਨ। ਮਹਲੀ ਦੇ ਪੁੱਤਰ ਅਲਆਜ਼ਾਰ ਅਤੇ ਕੀਸ਼ ਸਨ। 22 ਅਲਆਜ਼ਾਰ ਦੀ ਜਦੋਂ ਮੌਤ ਹੋਈ ਉਸ ਦੇ ਘਰ ਕੋਈ ਪੁੱਤਰ ਨਹੀਂ ਸੀ ਸਿਰਫ਼ ਧੀਆਂ ਸਨ, ਜਿਨ੍ਹਾਂ ਦਾ ਵਿਆਹ ਉਸ ਨੇ ਆਪਣੇ ਸੰਬੰਧੀਆਂ ਵਿੱਚ ਹੀ ਕੀਤਾ ਜੋ ਕਿ ਕੀਸ਼ ਦੇ ਪੁੱਤਰ ਸਨ। 23 ਮੂਸ਼ੀ ਦੇ ਘਰ ਤਿੰਨ ਪੁੱਤਰ ਹੋਏ। ਜਿਨ੍ਹਾਂ ਦੇ ਨਾਉਂ ਮਹਲੀ, ਏਦਰ ਅਤੇ ਯਿਰੇਮੋਥ ਸੀ।
ਲੇਵੀਆਂ ਦਾ ਕੰਮ
24 ਇਨ੍ਹਾਂ ਲੇਵੀਆਂ ਦੇ ਪੁੱਤਰਾਂ ਦੇ ਆਪਣਿਆਂ ਉੱਤਰਾਧਿਕਾਰੀਆਂ ਮੁਤਾਬਕ ਨਾਂ ਸੂਚੀ ’ਚ ਅੰਕਿਤ ਹਨ। ਇਹ ਆਪੋ-ਆਪਣੇ ਪਰਿਵਾਰ-ਸਮੂਹ ਦੇ ਮੁਖੀ ਸਨ ਤੇ ਹਰੇਕ ਲੇਵੀ ਦਾ ਨਾਂ ਸੂਚੀ ’ਚ ਦਰਜ ਸੀ। ਜਿਨ੍ਹਾਂ ਦੇ ਨਾਂ ਸੂਚੀ ਵਿੱਚ ਦਰਜ ਸਨ ਉਹ 20 ਵਰ੍ਹੇ ਜਾਂ ਉਸਤੋਂ ਵੱਧੀਕ ਸਨ ਅਤੇ ਉਨ੍ਹਾਂ ਨੇ ਯਹੋਵਾਹ ਦੇ ਮੰਦਰ ਵਿੱਚ ਸੇਵਾ ਕੀਤੀ।
25 ਦਾਊਦ ਨੇ ਕਿਹਾ ਸੀ, “ਇਸਰਾਏਲ ਦੇ ਯਹੋਵਾਹ ਪਰਮੇਸ਼ੁਰ ਨੇ ਆਪਣੇ ਲੋਕਾਂ ਵਿੱਚ ਸੁੱਖ ਸ਼ਾਂਤੀ ਵਰਤਾਈ ਅਤੇ ਉਹ ਸਦੀਵ ਯਰੂਸ਼ਲਮ ਵਿੱਚ ਨਿਵਾਸ ਕਰਦਾ ਰਹੇਗਾ। 26 ਇਸ ਲਈ ਹੁਣ ਲੇਵੀਆਂ ਨੂੰ ਪਵਿੱਤਰ ਤੰਬੂ ਅਤੇ ਇਸ ਵਿੱਚ ਸੇਵਾ ਲਈ ਵਰਤਨ ਵਾਲੀਆਂ ਵਸਤਾਂ ਨਹੀਂ ਚੁੱਕਣੀਆਂ ਪੈਣਗੀਆਂ।”
27 ਦਾਊਦ ਦੀ ਅਖੀਰਲੀ ਹਿਦਾਇਤ ਇਸਰਾਏਲੀਆਂ ਵਾਸਤੇ ਜਿਹੜੀ ਸੀ ਉਹ ਸੀ ਲੇਵੀ ਦੇ ਪਰਿਵਾਰ-ਸਮੂਹ ਵਿੱਚੋਂ ਆਏ ਉੱਤਰਾਧਿਕਾਰੀਆਂ ਦੀ ਗਿਣਤੀ। ਤਾਂ ਉਨ੍ਹਾਂ ਨੇ 20 ਵਰ੍ਹੇ ਜਾਂ ਉਸਤੋਂ ਉੱਪਰ ਦੇ ਲੇਵੀਆਂ ਦੀ ਗਿਣਤੀ ਕੀਤੀ।
28 ਲੇਵੀਆਂ ਦਾ ਕੰਮ ਯਹੋਵਾਹ ਦੇ ਮੰਦਰ ਦੀ ਸੇਵਾ ਕਰਨ ਵਿੱਚ ਅਤੇ ਮੰਦਰ ਦੇ ਪਾਸਿਆਂ ਵਾਲੇ ਕਮਰਿਆਂ ਅਤੇ ਮੰਦਰ ਦੇ ਵਿਹੜੇ ਦੀ ਦੇਖਭਾਲ ਕਰਨ ਵਿੱਚ ਹਾਰੂਨ ਦੇ ਉੱਤਰਾਧਿਕਾਰੀ ਦੀ ਮਦਦ ਕਰਨਾ ਸੀ। ਉਨ੍ਹਾਂ ਦਾ ਕੰਮ ਸਾਰੀਆਂ ਪਵਿੱਤਰ ਵਸਤਾਂ ਨੂੰ ਸ਼ੁੱਧ ਕਰਨਾ ਸੀ। ਪਰਮੇਸ਼ੁਰ ਦੇ ਮੰਦਰ ਵਿੱਚ ਸੇਵਾ ਕਰਨਾ ਉਨ੍ਹਾਂ ਦਾ ਕੰਮ ਸੀ। 29 ਉਹ ਚੜ੍ਹਾਵੇ ਦੀ ਰੋਟੀ ਲਈ ਅਤੇ ਅਨਾਜ ਦੀ ਭੇਟ ਦੇ ਮੈਦੇ ਲਈ ਅਤੇ ਬੇਖਮੀਰੀ ਬਣੀ ਰੋਟੀ ਲਈ ਅਤੇ ਸੇਕਣ ਵਾਲੀਆਂ ਕੜਾਹੀਆਂ ਅਤੇ ਰਲੀਆਂ ਮਿਲੀਆਂ ਭੇਟਾਂ ਲਈ ਜਿੰਮੇਵਾਰ ਸਨ। ਲੇਵੀ ਹਰ ਤਰ੍ਹਾਂ ਦੀ ਮਿਣਤੀ ਕਰਦੇ ਸਨ। 30 ਲੇਵੀ ਹਰ ਸਵੇਰ ਖੜ੍ਹੇ ਹੋ ਕੇ ਯਹੋਵਾਹ ਦੇ ਧੰਨਵਾਦ ਤੇ ਉਸਤਤ ਕਰਦੇ। ਇੰਝ ਹੀ ਉਸਦਾ ਉਸਤਤਿ ਗਾਨ ਉਹ ਸਵੇਰ ਅਤੇ ਹਰ ਸ਼ਾਮ ਨੂੰ ਕਰਦੇ। 31 ਲੇਵੀ ਸਬਤਾਂ ਦੇ ਦਿਨਾਂ ਅਤੇ ਅਮਸਿਆ ਦੇ ਦਿਨਾਂ ਤੇ ਚੜ੍ਹਾਈਆਂ ਜਾਣ ਵਾਲੀਆਂ ਭੇਟਾਂ ਅਤੇ ਹੋਮ ਦੀਆਂ ਭੇਟਾਂ ਅਤੇ ਸਾਰੇ ਉਤਸਵਾਂ ਲਈ ਜਿੰਮੇਵਾਰ ਸਨ। ਉਹ ਹਰ ਰੋਜ਼ ਯਹੋਵਾਹ ਦੇ ਅੱਗੇ ਸੇਵਾ ਕਰਦੇ ਸਨ। ਹਰ ਵਾਰੀ ਕਿੰਨੇ ਲੇਵੀਆਂ ਨੂੰ ਕੰਮ ਕਰਨਾ ਚਾਹੀਦਾ, ਇਸ ਵਾਸਤੇ ਵੀ ਅਸੂਲ ਸਨ। 32 ਇਉਂ, ਲੇਵੀਆਂ ਜਿੰਮੇ ਜੋ-ਜੋ ਕਾਰਜ ਲੱਗੇ ਉਨ੍ਹਾਂ ਬਾਖੂਬੀ ਕੀਤੇ। ਉਨ੍ਹਾਂ ਨੇ ਪਵਿੱਤਰ ਤੰਬੂ ਅਤੇ ਪਵਿੱਤਰ ਸਥਾਨ ਦੀ ਦੇਖਭਾਲ ਕੀਤੀ। ਅਤੇ ਆਪਣੇ ਸੰਬੰਧੀਆਂ (ਜਾਜਕਾਂ) ਜੋ ਕਿ ਹਾਰੂਨ ਦੇ ਉੱਤਰਾਧਿਕਾਰੀ ਦੇ ਸਨ ਦੀ ਸਹਾਇਤਾ ਕੀਤੀ। ਲੇਵੀਆਂ ਨੇ ਜਾਜਕਾਂ ਦੀ ਮਦਦ ਯਹੋਵਾਹ ਦੇ ਮੰਦਰ ਦੀ ਸੇਵਾ-ਸੰਭਾਲ ਦੇ ਰੂਪ ਵਿੱਚ ਕੀਤੀ।
ਜਾਜਕਾਂ ਦੇ ਟੋਲੇ
24 ਹਾਰੂਨ ਦੇ ਪੁੱਤਰਾਂ ਦੇ ਸਮੂਹ ਇਉਂ ਸਨ: ਹਾਰੂਨ ਦੇ ਪੁੱਤਰ ਨਾਦਾਬ, ਅਬੀਹੂ, ਅਲਆਜ਼ਾਰ ਅਤੇ ਈਥਾਮਾਰ ਸਨ। 2 ਪਰ ਨਾਦਾਬ ਅਤੇ ਅਬੀਹੂ ਬੇਔਲਾਦੇ ਹੀ ਆਪਣੇ ਪਿਤਾ ਦੇ ਮਰਨ ਤੋਂ ਵੀ ਪਹਿਲਾਂ ਹੀ ਮਰ ਗਏ। ਇਸ ਲਈ ਅਲਆਜ਼ਾਰ ਅਤੇ ਈਥਾਮਾਰ ਨੇ ਜਾਜਕ ਦੇ ਰੂਪ ’ਚ ਕੰਮ ਕੀਤਾ। 3 ਦਾਊਦ ਨੇ ਅਲਆਜ਼ਾਰ ਅਤੇ ਈਥਾਮਾਰ ਦੇ ਪਰਿਵਾਰ-ਸਮੂਹ ਨੂੰ ਦੋ ਅਲੱਗ-ਅਲੱਗ ਸਮੂਹਾਂ ਵਿੱਚ ਵੰਡ ਦਿੱਤਾ। ਤਾਂ ਜੋ ਉਨ੍ਹਾਂ ਨੂੰ ਜੋ-ਜੋ ਕੰਮ ਸੌਂਪੇ ਗਏ ਹਨ, ਉਹ ਆਪਣੇ ਕੰਮਾਂ ਦੇ ਫ਼ਰਜ਼ ਚੰਗੀ ਤਰ੍ਹਾਂ ਸੰਭਾਲਣ ਅਤੇ ਕਰਨ। ਦਾਊਦ ਨੇ ਇਹ ਕਾਰਜ ਸਾਦੋਕ ਅਤੇ ਅਹੀਮਲਕ ਦੀ ਮਦਦ ਨਾਲ ਕੀਤਾ। ਸਾਦੋਕ ਅਲਆਜ਼ਾਰ ਦੇ ਉੱਤਰਾਧਿਕਾਰੀਆਂ ਵਿੱਚੋਂ ਸੀ ਅਤੇ ਅਹੀਮਲਕ ਈਥਾਮਾਰ ਦੇ। 4 ਅਲਆਜ਼ਾਰ ਦੇ ਘਰਾਣੇ ਵਿੱਚੋਂ ਈਥਾਮਾਰ ਦੇ ਘਰਾਣੇ ਦੀ ਬਜਾਇ ਵੱਧੇਰੇ ਸਰਦਾਰ ਆਗੂ ਸਨ। ਅਲਆਜ਼ਾਰ ਦੇ ਘਰਾਣੇ ਵਿੱਚੋਂ ਸੋਲ੍ਹਾਂ ਅਤੇ ਈਥਾਮਾਰ ਦੇ ਘਰਾਣੇ ਵਿੱਚੋਂ ਅੱਠ ਆਗੂ ਸਨ। 5 ਗੁਣਾ ਸੁੱਟ ਕੇ ਹਰੇਕ ਘਰਾਣਿਆਂ ਵਿੱਚੋਂ ਮਨੁੱਖਾਂ ਦੀ ਚੋਣ ਕੀਤੀ ਗਈ। ਉਨ੍ਹਾਂ ਵਿੱਚੋਂ ਕੁਝ ਆਦਮੀਆਂ ਨੂੰ ਪਵਿੱਤਰ ਅਸਥਾਨ ਦਾ ਮੁਖੀ ਥਾਪਿਆ ਗਿਆ ਅਤੇ ਕੁਝ ਨੂੰ ਜਾਜਕ ਦਾ ਕਾਰਜ ਸੰਭਾਲਿਆ ਗਿਆ। ਪਰ ਇਹ ਸਾਰੇ ਮਨੁੱਖ ਅਲਆਜ਼ਾਰ ਅਤੇ ਈਥਾਮਾਰ ਦੇ ਘਰਾਣੇ ਵਿੱਚੋਂ ਸਨ।
6 ਸ਼ਮਅਯਾਹ ਉਨ੍ਹਾਂ ਦਾ ਸਕੱਤਰ ਸੀ ਜੋ ਕਿ ਨਥਨਿਏਲ ਦਾ ਪੁੱਤਰ ਸੀ। ਸ਼ਮਅਯਾਹ ਲੇਵੀਆਂ ਦੇ ਪਰਿਵਾਰ-ਸਮੂਹ ਵਿੱਚੋਂ ਸੀ ਜੋ ਕਿ ਉਨ੍ਹਾਂ ਵੰਸ਼ਜਾਂ ਦੇ ਨਾਂ ਲਿਖਣ ਦਾ ਕਾਰਜ ਕਰਦਾ ਸੀ। ਉਸ ਨੇ ਉਨ੍ਹਾਂ ਦੇ ਨਾਉਂ ਦਾਊਦ ਦੀ ਹਾਜ਼ਰੀ ਵਿੱਚ ਲਿਖੇ ਅਤੇ ਇਹ ਆਗੂ ਸਨ: ਸਾਦੋਕ ਜਾਜਕ, ਅਹੀਮਲਕ ਅਤੇ ਜਾਜਕਾਂ ਅਤੇ ਲੇਵੀਆਂ ਦੇ ਘਰਾਣੇ ਦੇ ਆਗੂ ਸਨ। ਅਹੀਮਲਕ ਅਬਯਾਥਾਰ ਦਾ ਪੁੱਤਰ ਸੀ। ਹਰ ਵਾਰ ਗੁਣਾ ਸੁੱਟ ਕੇ ਮਨੁੱਖ ਦੀ ਚੋਣ ਕੀਤੀ ਜਾਂਦੀ ਅਤੇ ਸ਼ਮਅਯਾਹ ਲਿਖਾਰੀ ਉਨ੍ਹਾਂ ਦੇ ਨਾਉਂ ਲਿਖ ਦਿੰਦਾ। ਇਉਂ ਉਨ੍ਹਾਂ ਅਲਆਜ਼ਾਰ ਅਤੇ ਈਥਾਮਾਰ ਘਰਾਣਿਆਂ ਦੇ ਮਨੁੱਖਾਂ ਦੇ ਕੰਮ ਵੰਡੇ ਹੋਏ ਸਨ।
7 ਪਹਿਲਾ ਸਮੂਹ ਯਹੋਯਾਰੀਬ ਦਾ ਸੀ।
ਦੂਜਾ ਸਮੂਹ ਯਿਦਅਯਾਹ ਦਾ।
8 ਤੀਜਾ ਸਮੂਹ ਹਾਰੀਮ ਦਾ
ਚੌਥਾ ਸਓਰੀਮ ਦਾ।
9 ਪੰਜਵਾ ਸਮੂਹ ਮਲਕੀਯਾਹ
ਅਤੇ ਛੇਵਾਂ ਮੀਯਾਮੀਨ ਦਾ।
10 ਸੱਤਵਾਂ ਸਮੂਹ ਹੱਕੋਸ ਦਾ
ਅਤੇ ਅੱਠਵਾਂ ਸਮੂਹ ਅਬੀਯਾਹ ਦਾ।
11 ਨੌਵਾਂ ਯੇਸ਼ੂਆ ਦਾ ਸਮੂਹ ਤੇ
ਦਸਵਾਂ ਸ਼ਕਨਯਾਹ ਦਾ ਸਮੂਹ ਸੀ।
12 ਗਿਆਰ੍ਹਵਾਂ ਅਲਯਾਸ਼ੀਬ ਦਾ
ਅਤੇ ਬਾਰ੍ਹਵਾਂ ਸਮੂਹ ਯਾਕੀਮ ਦਾ ਸੀ।
13 ਤੇਰ੍ਹਵਾਂ ਸਮੂਹ ਹੁੱਪਾਹ ਦਾ ਤੇ
ਚੌਦਵਾਂ ਸਮੂਹ ਯਸ਼ਬਆਬ ਦਾ।
14 ਪੰਦਰਵਾਂ ਸਮੂਹ ਬਿਲਗਾਹ ਦਾ
ਸੋਲ੍ਹਵਾਂ ਇੰਮੇਰ ਦਾ।
15 ਸਤਾਰ੍ਹਵਾਂ ਹੇਜ਼ੀਰ ਦਾ ਸਮੂਹ
ਅਤੇ ਅੱਠਾਰ੍ਹਵਾਂ ਸਮੂਹ ਹੱਪੀਸੇਂਸ ਦਾ।
16 ਉਨ੍ਹੀਵਾਂ ਸਮੂਹ ਪਥਹਯਾਹ,
20ਵਾਂ ਯਹਜ਼ਕੇਲ ਦਾ ਸੀ।
17 ਇੱਕੀਵਾਂ ਸਮੂਹ ਯਾਕੀਨ ਦਾ
22ਵਾਂ ਗਾਮੂਲ ਦਾ।
18 ਤੇਈਵਾਂ ਦਲਾਯਾਹ ਦਾ ਸਮੂਹ
ਅਤੇ ਚੌਵੀਵਾਂ ਮਅਜ਼ਯਾਹ ਦਾ ਸਮੂਹ ਸੀ।
19 ਇਹ ਸਾਰੇ ਸਮੂਹ ਯਹੋਵਾਹ ਦੇ ਮੰਦਰ ਦੀ ਸੇਵਾ ਸੰਭਾਲ ਕਰਨ ਲਈ ਚੁਣੇ ਗਏ। ਇਨ੍ਹਾਂ ਨੇ ਮੰਦਰ ਦੀ ਸੇਵਾ ਲਈ ਹਾਰੂਨ ਦੇ ਹੁਕਮਾਂ ਦਾ ਪਾਲਣ ਕੀਤਾ ਜਿਹੜੇ ਕਿ ਯਹੋਵਾਹ ਇਸਰਾਏਲ ਦੇ ਪਰਮੇਸ਼ੁਰ ਨੇ ਹਾਰੂਨ ਨੂੰ ਦਿੱਤੇ ਸਨ।
ਦੂਜੇ ਲੇਵੀ
20 ਲੇਵੀਆਂ ਦੇ ਬਾਕੀ ਉੱਤਰਾਧਿਕਾਰੀਆਂ ਦੇ ਨਾਂ ਇਉਂ ਸਨ:
ਅਮਰਾਮ ਦੇ ਉੱਤਰਾਧਿਕਾਰੀਆਂ ਵਿੱਚੋਂ ਸ਼ੂਬਾਏਲ
ਅਤੇ ਸ਼ੂਬਾਏਲ ਦੇ ਪੁੱਤਰਾਂ ਵਿੱਚੋਂ ਜਹਦਯਾਹ।
21 ਰਹਬਯਾਹ ਵਿੱਚੋਂ ਯਿੱਸ਼ਾਯਾਹ (ਜੋ ਕਿ ਸਭ ਤੋਂ ਵੱਡਾ ਪੁੱਤਰ ਸੀ।)
22 ਯਿੱਸਹਾਰੀਆਂ ਦੇ ਘਰਾਣੇ ਵਿੱਚੋਂ ਸ਼ਲੋਮੋਥ
ਅਤੇ ਸ਼ਲੋਮੋਥ ਦੇ ਘਰਾਣੇ ਵਿੱਚੋਂ ਯਹਥ।
23 ਹਬਰੋਨ ਦੇ ਪੁੱਤਰਾਂ ਵਿੱਚੋਂ ਸਭ ਤੋਂ ਵੱਡਾ ਯਰੀਯਾਹ ਸੀ
ਅਤੇ ਅਮਰਯਾਹ ਹਬਰੋਨ ਦਾ ਦੂਜਾ ਪੁੱਤਰ ਸੀ,
ਯਹਜ਼ੀਏਲ ਤੀਜਾ ਅਤੇ ਯਕਮਆਮ ਚੌਥਾ ਸੀ।
24 ਉਜ਼ੀਏਲ ਦਾ ਪੁੱਤਰ ਮੀਕਾਹ
ਅਤੇ ਮੀਕਾਹ ਦਾ ਪੁੱਤਰ ਸ਼ਾਮੀਰ ਸੀ।
25 ਯਿੱਸ਼ੀਯਾਹ ਮੀਕਾਹ ਦਾ ਭਰਾ ਸੀ
ਅਤੇ ਯਿੱਸ਼ੀਯਾਹ ਦਾ ਪੁੱਤਰ ਜ਼ਕਰਯਾਹ।
26 ਮਰਾਰੀ ਦੇ ਉੱਤਰਾਧਿਕਾਰੀ ਮਹਲੀ ਤੇ ਮੂਸ਼ੀ ਅਤੇ ਉਸਦਾ ਪੁੱਤਰ ਯਅਜ਼ੀਯਾਹ ਸੀ।
27 ਮਰਾਰੀ ਦੇ ਪੁੱਤਰ ਯਅਜ਼ੀਯਾਹ ਦੇ ਪੁੱਤਰ ਸ਼ੋਹਮ, ਜ਼ੱਕੂਰ ਅਤੇ ਇਬਰੀ ਸਨ।
28 ਮਹਲੀ ਦਾ ਪੁੱਤਰ ਅਲਆਜ਼ਾਰ ਸੀ ਪਰ ਅਲਆਜ਼ਾਰ ਦੇ ਘਰ ਕੋਈ ਪੁੱਤਰ ਨਾ ਜੰਮਿਆ।
29 ਕੀਸ਼ ਦੇ ਪੁੱਤਰ ਦਾ ਨਾਂ ਯਰਹਮੇਲ ਸੀ।
30 ਮੂਸ਼ੀ ਦੇ ਪੁੱਤਰ ਮਹਲੀ, ਏਦਰ ਅਤੇ ਯਿਰੀਮੋਥ ਸਨ।
ਇਹ ਲੇਵੀ ਆਗੂ ਉਨ੍ਹਾਂ ਦੇ ਪਰਿਵਾਰਾਂ ਮੁਤਾਬਕ ਦਰਜ ਕੀਤੇ ਗਏ ਸਨ। 31 ਇਨ੍ਹਾਂ ਨੂੰ ਵਿਸ਼ੇਸ਼ ਕੰਮਾਂ ਲਈ ਚੁਣਿਆ ਗਿਆ ਸੀ। ਉਨ੍ਹਾਂ ਨੇ ਆਪਣੇ ਰਿਸ਼ਤੇਦਾਰਾਂ, ਜਾਜਕਾਂ ਵਾਂਗ ਗੁਣੇ ਪਾਏ। ਜਾਜਕ ਹਾਰੂਨ ਦੇ ਉੱਤਰਾਧਿਕਾਰੀ ਸਨ ਜਿਨ੍ਹਾਂ ਨੇ ਰਾਜੇ ਦਾਊਦ, ਸਾਦੋਕ, ਅਹੀਮਲਕ, ਅਤੇ ਜਾਜਕਾਂ ਦੇ ਪਰਿਵਾਰਾਂ ਦੇ ਆਗੂਆਂ ਅਤੇ ਲੇਵੀ ਪਰਿਵਾਰਾਂ ਦੇ ਸਾਹਮਣੇ ਗੁਣੇ ਪਾਏ ਸਨ। ਜਦੋਂ ਇਨ੍ਹਾਂ ਦੇ ਕੰਮ ਦੀ ਚੋਣ ਹੁੰਦੀ ਸੀ ਤਾਂ ਵੱਡੇ-ਛੋਟੇ ਘਰਾਣਿਆਂ ਨੂੰ ਬਰਾਬਰ ਦੀ ਨਿਗਾਹ ਨਾਲ ਵੇਖਿਆ ਜਾਂਦਾ ਸੀ।
2010 by World Bible Translation Center