Beginning
ਯਹੋਆਸ ਨੇ ਆਪਣਾ ਰਾਜ ਚਲਾਇਆ
12 ਯੇਹੂ ਦੇ ਸੱਤਵੇਂ ਵਰ੍ਹੇ ਯਹੋਆਸ਼ ਰਾਜ ਕਰਨ ਲੱਗਾ ਅਤੇ ਉਸ ਨੇ ਯਰੂਸ਼ਲਮ ਵਿੱਚ ਚਾਲੀ ਸਾਲ ਰਾਜ ਕੀਤਾ। ਯਹੋਆਸ਼ ਦੀ ਮਾਂ ਦਾ ਨਾਂ ਸਿਬਯਾਹ ਸੀ ਜੋ ਕਿ ਬਏਰਸ਼ਬਾ ਦੀ ਸੀ। 2 ਯਹੋਆਸ਼ ਨੇ ਆਪਣੀ ਸਾਰੀ ਉਮਰ, ਉਹ ਗਲਾ ਕੀਤੀਆਂ ਜੋ ਕਿ ਯਹੋਵਾਹ ਦੀ ਨਿਗਾਹ ਵਿੱਚ ਨੇਕ ਸਨ, ਬਿਲਕੁਲ ਜਿਵੇਂ ਜਾਜਕ ਯਹੋਯਾਦਾ ਨੇ ਸਿੱਖਾਇਆਂ ਸਨ। 3 ਪਰ ਉਸ ਨੇ ਵੀ ਉੱਚੀਆਂ ਥਾਵਾਂ ਨਸ਼ਟ ਨਹੀਂ ਕੀਤੀਆਂ। ਹਾਲੇ ਵੀ ਲੋਕ ਇਨ੍ਹਾਂ ਥਾਵਾਂ ਤੇ ਬਲੀਆ ਚੜ੍ਹਾਉਂਦੇ ਅਤੇ ਧੂਫ਼ ਧੁਖਾਉਂਦੇ ਸਨ।
ਯਹੋਆਸ਼ ਨੇ ਮੰਦਰ ਦੀ ਮੁਰੰਮਤ ਲਈ ਹੁਕਮ ਦਿੱਤਾ
4-5 ਯਹੋਆਸ਼ ਨੇ ਜਾਜਕਾਂ ਨੂੰ ਆਖਿਆ, “ਯਹੋਵਾਹ ਦੇ ਮੰਦਰ ਵਿੱਚ ਬੇਅੰਤ ਖਜ਼ਾਨਾ ਹੈ। ਲੋਕਾਂ ਨੇ ਮੰਦਰ ਲਈ ਕਈ ਵਸਤਾਂ ਭੇਟ ਕੀਤੀਆਂ ਹਨ, ਅਤੇ ਜਦੋਂ ਗਿਣਤੀ ਹੋਈ ਲੋਕਾਂ ਨੇ ਜਿਹੜਾ ਮੰਦਰ ਲਈ ਟੈਕਸ ਦਿੱਤਾ, ਤੇ ਕੁਝ ਧੰਨ ਲੋਕਾਂ ਆਪਣੀ ਇੱਛਾ ਅਨੁਸਾਰ ਦਿੱਤਾ। ਜਾਜਕ ਲੋਕ ਉਸ ਧੰਨ ਨਾਲ ਯਹੋਵਾਹ ਦੇ ਮੰਦਰ ਦੀ ਮੁਰੰਮਤ ਕਰਵਾ ਲੈਣ। ਹਰ ਜਾਜਕ ਉਸ ਪੈਸੇ ਨੂੰ ਜਿਹੜਾ ਉਸ ਨੂੰ ਲੋਕਾਂ ਦੀ ਸੇਵਾ ਤੋਂ ਪ੍ਰਾਪਤ ਹੁੰਦਾ ਹੈ, ਉਹ ਮੰਦਰ ਲਈ ਲਗਾਉਣ। ਜਾਜਕਾਂ, ਨੂੰ ਉਹ ਪੈਸਾ ਯਹੋਵਾਹ ਦੇ ਮੰਦਰ ਦਾ ਜੋ ਨੁਕਸਾਨ ਹੋਇਆ ਹੈ ਉਸਦੀ ਮੁਰੰਮਤ ਲਈ ਲਗਾਉਣਾ ਚਾਹੀਦਾ ਹੈ।”
6 ਪਰ ਜਾਜਕਾਂ ਨੇ ਮੁਰੰਮਤ ਨਾ ਕਰਵਾਈ। ਰਾਜੇ ਯਹੋਆਸ਼ ਦੇ 23 ਵੇਂ ਵਰ੍ਹੇ ਦੇ ਰਾਜ ਤੀਕ ਵੀ, ਜਾਜਕਾਂ ਨੇ ਮੰਦਰ ਦੀ ਮੁਰੰਮਤ ਨਾ ਕਰਵਾਈ। 7 ਤਾਂ ਯੋਆਸ਼ ਪਾਤਸ਼ਾਹ ਨੇ ਯਹੋਯਾਦਾ ਜਾਜਕ ਅਤੇ ਦੂਸਰੇ ਜਾਜਕ ਨੂੰ ਸੱਦਕੇ ਆਖਿਆ, “ਤੁਸੀਂ ਮੰਦਰ ਦੀ ਟੁੱਟ-ਭੱਜ ਦੀ ਮੁਰੰਮਤ ਕਿਉਂ ਨਹੀਂ ਕਰਾਉਂਦੇ? ਇਸ ਲਈ ਲੋਕਾਂ ਤੋਂ ਆਪਣੀਆਂ ਸੇਵਾਵਾਂ ਲਈ ਪੈਸਾ ਲੈਣਾ ਬੰਦ ਕਰ ਦੇਵੋ ਅਤੇ ਉਸ ਧੰਨ ਨੂੰ ਵਰਤਣਾ ਵੀ ਬੰਦ ਕਰ ਦੇਵੋ। ਕਿਉਂ ਕਿ ਉਹ ਪੈਸਾ ਮੰਦਰ ਦੀ ਮੁਰੰਮਤ ਲਈ ਹੀ ਲੱਗਣਾ ਚਾਹੀਦਾ ਹੈ।”
8 ਜਾਜਕ ਲੋਕਾਂ ਕੋਲੋਂ ਪੈਸੇ ਨਾ ਲੈਣ ਲਈ ਰਾਜੀ ਹੋ ਗਏ ਪਰ ਨਾਲ ਹੀ ਉਨ੍ਹਾਂ ਨੇ ਮੰਦਰ ਦੀ ਮੁਰੰਮਤ ਨਾ ਕਰਵਾਉਣ ਦਾ ਵੀ ਫ਼ੈਸਲਾ ਲੈ ਲਿਆ। 9 ਤਦ ਯਹੋਯਾਦਾ ਜਾਜਕ ਨੇ ਇੱਕ ਸੰਦੂਕ ਲੈ ਕੇ ਇਸਦੇ ਢੱਕਣ ਵਿੱਚ ਇੱਕ ਮੋਰੀ ਕੀਤੀ ਅਤੇ ਉਸ ਨੂੰ ਜਗਵੇਦੀ ਦੇ ਦੱਖਣ ਵਾਲੇ ਪਾਸੇ ਮੰਦਰ ਦੇ ਪ੍ਰਵੇਸ਼ ਕੋਲ ਧਰ ਦਿੱਤਾ ਭਈ ਯਹੋਵਾਹ ਦੇ ਮੰਦਰ ਵਿੱਚ ਆਉਣ ਵਾਲੇ ਦੇ ਸਜੇ ਹਥ ਰਹੇ। ਜਿਹੜੇ ਜਾਜਕ ਮੰਦਰ ਦੇ ਪ੍ਰਵੇਸ਼ ਦੁਆਰ ਦੀ ਰੱਖਵਾਲੀ ਕਰਦੇ ਸਨ, ਉਹ ਸਾਰਾ ਪੈਸਾ ਜੋ ਯਹੋਵਾਹ ਲਈ ਲਿਆਇਆ ਜਾਂਦਾ ਸੀ ਉਸ ਸੰਦੂਕ ਵਿੱਚ ਪਾ ਦਿੰਦੇ ਸਨ।
10 ਫ਼ਿਰ ਜਦੋਂ ਵੀ ਲੋਕ ਮੰਦਰ ਵਿੱਚ ਜਾਂਦੇ ਤਾਂ ਉਹ ਪੈਸੇ ਉਹ ਸੰਦੂਕ ਵਿੱਚ ਪਾਂਦੇ, ਜਦੋਂ ਕਦੇ ਵੀ ਪਾਤਸ਼ਾਹ ਦੇ ਸਕੱਤਰ ਅਤੇ ਪ੍ਰਧਾਨ ਜਾਜਕ ਇਹ ਵੇਖਦੇ ਕਿ ਸੰਦੂਕ ਵਿੱਚ ਕਾਫ਼ੀ ਧੰਨ ਇਕੱਠਾ ਹੋ ਗਿਆ ਹੈ ਤਾਂ ਉਹ ਆਕੇ ਉਸ ਵਿੱਚੋਂ ਧੰਨ ਕੱਢ ਕੇ ਲੈ ਜਾਂਦੇ। ਫ਼ਿਰ ਉਹ ਥੈਲਿਆਂ ਵਿੱਚ ਧੰਨ ਭਰਕੇ ਉਸਦੀ ਗਿਣਤੀ ਕਰਦੇ। 11 ਫ਼ਿਰ ਜਿਹੜੇ ਕਾਮਿਆਂ ਨੇ ਯਹੋਵਾਹ ਦੇ ਮੰਦਰ ਦੀ ਮੁਰੰਮਤ ਲਈ ਕੰਮ ਕੀਤਾ, ਉਨ੍ਹਾਂ ਨੂੰ ਉਸ ਧੰਨ ਵਿੱਚੋਂ ਮਜ਼ਦੂਰੀ ਦਿੱਤੀ ਗਈ। ਫ਼ਿਰ ਉਸ ਪੈਸੇ ਵਿੱਚੋਂ ਯਹੋਵਾਹ ਦੇ ਮੰਦਰ ਉੱਪਰ ਕਾਰਜ ਕਰਨ ਵਾਲੇ ਤਰਖਾਣ, ਅਤੇ ਹੋਰ ਮਜਦੂਰਾਂ ਨੂੰ ਪੈਸੇ ਦਿੱਤੇ ਗਏ। 12 ਉਸੇ ਧੰਨ ਵਿੱਚੋਂ ਰਾਜਾਂ, ਅਤੇ ਪੱਥਰ ਕੱਟਣ ਵਾਲਿਆਂ ਨੂੰ, ਯਹੋਵਾਹ ਦੇ ਮੰਦਰ ਦੀ ਟੁੱਟ-ਭੱਜ ਦੀ ਮੁਰੰਮਤ ਲਈ ਅਤੇ ਉਸ ਸਭ ਕੁਝ ਲਈ ਜੋ ਮੰਦਰ ਦੀ ਮੁਰੰਮਤ ਲਈ ਆਉਂਦਾ ਸੀ, ਮਜਦੂਰੀ ਦਿੱਤੀ ਜਾਂਦੀ।
13-14 ਲੋਕਾਂ ਨੇ ਯਹੋਵਾਹ ਦੇ ਮੰਦਰ ਲਈ ਧੰਨ ਦੀ ਭੇਟਾ ਕੀਤੀ ਲੇਕਿਨ ਜਾਜਕ ਉਸ ਵਿੱਚੋਂ ਯਹੋਵਾਹ ਦੇ ਮੰਦਰ ਲਈ ਚਾਂਦੀ ਦੇ ਪਿਆਲੇ ਜਾਂ ਗੁਲਤਰਾਸ਼, ਬਾਟੇ ਜਾਂ ਤੁਰ੍ਹੀਆਂ ਜਾਂ ਸੋਨੇ-ਚਾਂਦੀ ਦੇ ਬਰਤਨ ਨਾ ਬਣਾ ਸੱਕਦੇ। ਉਹ ਪੈਸਾ ਸਿਰਫ਼ ਮਜਦੂਰਾਂ ਦੀ ਮਜਦੂਰੀ ਲਈ ਵਰਤਦੇ ਜੋ ਮੰਦਰ ਦੀ ਮੁਰੰਮਤ ਕਰਦੇ। 15 ਜਿਨ੍ਹਾਂ ਆਦਮੀਆਂ ਦੇ ਹੱਥ ਵਿੱਚ ਉਹ ਕਾਮਿਆਂ ਨੂੰ ਦੇਣ ਲਈ ਪੈਸੇ ਦਿੰਦੇ ਸਨ ਉਨ੍ਹਾਂ ਕੋਲੋਂ ਹਿਸਾਬ ਨਹੀਂ ਸੀ ਲਿਆ ਜਾਂਦਾ ਕਿਉਂ ਕਿ ਉਹ ਆਦਮੀ ਇਮਾਨਦਾਰੀ ਨਾਲ ਕੰਮ ਕਰਦੇ ਸਨ ਤੇ ਉਨ੍ਹਾਂ ਉੱਪਰ ਭਰੋਸਾ ਕੀਤਾ ਜਾਂਦਾ ਸੀ।
16 ਪਰ ਜਿਹੜਾ ਪੈਸਾ ਲੋਕ ਦੋਸ਼ ਦੀਆਂ ਭੇਟਾਂ ਜਾਂ ਪਾਪ ਦੀਆਂ ਭੇਟਾਂ ਲਈ ਚੜ੍ਹਾਉਂਦੇ ਸਨ, ਉਹ ਪੈਸਾ ਯਹੋਵਾਹ ਦੇ ਮੰਦਰ ਲਈ ਜਾਂ ਮਜਦੂਰੀ ਲਈ ਨਹੀਂ ਸੀ ਲਿਆ ਜਾਂਦਾ ਸਗੋਂ ਉਹ ਪੈਸਾ ਜਾਜਕਾਂ ਦਾ ਹੁੰਦਾ ਸੀ।
ਯਹੋਆਸ਼ ਦਾ ਯਰੂਸ਼ਲਮ ਨੂੰ ਹਜ਼ਾਏਲ ਤੋਂ ਬਚਾਉਣਾ
17 ਅਰਾਮ ਦੇ ਰਾਜੇ ਹਜ਼ਾਏਲ ਨੇ ਗਥ ਸ਼ਹਿਰ ਦੇ ਵਿਰੁੱਧ ਲੜਾਈ ਕਰਕੇ ਉਸ ਤੇ ਕਬਜ਼ਾ ਕਰ ਲਿਆ। ਉਸਤੋਂ ਬਾਅਦ ਉਸ ਨੇ ਯਰੂਸ਼ਲਮ ਦੇ ਉੱਪਰ ਹਮਲਾ ਕਰਨ ਦੀ ਸੋਚੀ।
18 ਯਹੂਦਾਹ ਦੇ ਪਾਤਸ਼ਾਹ ਦੇ ਯਹੋਸ਼ਾਫ਼ਾਟ, ਯਹੋਰਾਮ ਅਤੇ ਅਹਜ਼ਯਾਹ ਸਨ। ਉਹ ਯੋਆਸ਼ ਦੇ ਪੁਰਖੇ ਸਨ। ਉਨ੍ਹਾਂ ਨੇ ਕਾਫ਼ੀ ਵਸਤਾਂ ਯਹੋਵਾਹ ਨੂੰ ਭੇਟ ਕੀਤੀਆਂ ਸਨ ਜਿਹੜੀਆਂ ਕਿ ਪਵਿੱਤਰ ਕਰਕੇ ਮੰਦਰ ਵਿੱਚ ਰੱਖੀਆਂ ਗਈਆਂ ਸਨ। ਯਹੋਆਸ਼ ਨੇ ਵੀ ਕਾਫ਼ੀ ਵਸਤਾਂ ਯਹੋਵਾਹ ਨੂੰ ਭੇਟ ਕੀਤੀਆਂ ਸਨ। ਜਿੰਨਾ ਸੋਨਾ ਅਤੇ ਚੀਜ਼ਾਂ ਯਹੋਵਾਹ ਦੇ ਮੰਦਰ ਵਿੱਚ ਅਤੇ ਆਪਣੇ ਮਹਿਲ ਵਿੱਚ ਮਿਲਿਆਂ, ਉਸ ਨੇ ਉਹ ਸਭ ਇੱਕਤ੍ਰ ਕੀਤਾ ਅਤੇ ਅਰਾਮ ਦੇ ਰਾਜੇ ਹਜ਼ਾਏਲ ਨੂੰ ਭੇਜ ਦਿੱਤਾ। ਤਾਂ ਇੰਝ ਹਜ਼ਾਏਲ ਨੇ ਯਰੂਸ਼ਲਮ ਤੇ ਹਮਲਾ ਨਾ ਕੀਤਾ।
ਯਹੋਆਸ਼ ਦੀ ਮੌਤ
19 ਜੋ ਵੀ ਹੋਰ ਮਹਾਨ ਕਾਰਜ ਯੋਆਸ਼ ਪਾਤਸ਼ਾਹ ਨੇ ਕੀਤੇ ਉਹ ਸਭ ਯਹੂਦਾਹ ਦੇ ਪਾਤਸ਼ਾਹਾਂ ਦੇ ਇਤਿਹਾਸ ਦੀ ਪੋਥੀ ਵਿੱਚ ਦਰਜ ਹਨ।
20 ਫ਼ਿਰ ਯੋਆਸ਼ ਦੇ ਅਫ਼ਸਰਾਂ ਨੇ ਉਸ ਦੇ ਵਿਰੁੱਧ ਮਤਾ ਪਕਾਇਆ। ਉਨ੍ਹਾਂ ਨੇ ਉਸ ਨੂੰ ਮਿਲੋ ਦੇ ਘਰ ਵਿੱਚ ਜੋ ਸਿੱਲਾ ਦੀ ਢਾਲ ਉੱਤੇ ਹੈ, ਉੱਥੇ ਮਾਰ ਸੁੱਟਿਆ। 21 ਸਿਮਾਥ ਦੇ ਪੁੱਤਰ ਯੋਜਾਕਾਰ ਅਤੇ ਸ਼ੋਮੇਰ ਦੇ ਪੁੱਤਰ ਯਹੋਜ਼ਾਬਾਦ ਜੋ ਕਿ ਉਸ ਦੇ ਅਫ਼ਸਰ ਸਨ, ਉਨ੍ਹਾਂ ਮਿਲਕੇ ਯੋਆਸ਼ ਦੀ ਹੱਤਿਆ ਕੀਤੀ।
ਲੋਕਾਂ ਨੇ ਯੋਆਸ਼ ਨੂੰ ਉਸ ਦੇ ਪੁਰਖਿਆਂ ਕੋਲ ਦਾਊਦ ਦੇ ਸ਼ਹਿਰ ਵਿੱਚ ਦਫ਼ਨਾਇਆ। ਯੋਆਸ਼ ਤੋਂ ਬਾਅਦ ਉਸਦਾ ਪੁੱਤਰ ਅਮਸਯਾਹ ਨਵਾਂ ਰਾਜਾ ਬਣਿਆ।
ਯਹੋਆਹਾਜ਼ ਨੇ ਆਪਣਾ ਰਾਜ ਸ਼ੁਰੂ ਕੀਤਾ
13 ਯਹੂਦਾਹ ਦੇ ਪਾਤਸ਼ਾਹ ਅਹਜ਼ਯਾਹ ਦੇ ਪੁੱਤਰ ਯੋਆਸ਼ ਦੇ 23ਵਰ੍ਹੇ ਤੋਂ ਯੇਹੂ ਦਾ ਪੁੱਤਰ ਯਹੋਆਹਾਜ਼ ਸਾਮਰਿਯਾ ਉੱਪਰ ਰਾਜ ਕਰਨ ਲੱਗਾ। ਉਸ ਨੇ 17 ਸਾਲ ਰਾਜ ਕੀਤਾ।
2 ਯਹੋਆਹਾਜ਼ ਨੇ ਉਹ ਕੰਮ ਕੀਤੇ ਜੋ ਯਹੋਵਾਹ ਦੀ ਨਿਗਾਹ ਵਿੱਚ ਗ਼ਲਤ ਸਨ ਅਤੇ ਉਸ ਨੇ ਨਬਾਟ ਦੇ ਪੁੱਤਰ ਯਾਰਾਬੁਆਮ ਦੇ ਪਾਪਾਂ ਦੇ ਅਨੁਸਾਰ ਕੀਤਾ ਜਿਹੜੇ ਕਿ ਉਸ ਨੇ ਇਸਰਾਏਲ ਤੋਂ ਕਰਵਾਏ ਸਨ। ਅਤੇ ਉਹ ਉਨ੍ਹਾਂ ਕੰਮਾਂ ਤੋਂ ਟਲਿਆ ਨਾ। 3 ਤਦ ਯਹੋਵਾਹ ਇਸਰਾਏਲ ਉੱਤੇ ਬੜਾ ਕ੍ਰੋਧਿਤ ਹੋਇਆ ਤਾਂ ਉਸ ਨੇ ਉਨ੍ਹਾਂ ਨੂੰ ਅਰਾਮ ਦੇ ਪਾਤਸ਼ਾਹ ਹਜ਼ਾਏਲ ਅਤੇ ਹਜ਼ਾਏਲ ਦੇ ਪੁੱਤਰ ਬਨ-ਹਦਦ ਨੂੰ ਇਹ ਸੱਤਾ ਦੇ ਦਿੱਤੀ।
ਯਹੋਵਾਹ ਦੀ ਇਸਰਾਏਲ ਦੇ ਲੋਕਾਂ ਤੇ ਦਯਾ
4 ਤਦ ਯਹੋਆਹਾਜ਼ ਨੇ ਯਹੋਵਾਹ ਅੱਗੇ ਪ੍ਰਾਰਥਨਾ ਕੀਤੀ ਤੇ ਯਹੋਵਾਹ ਨੇ ਉਸ ਨੂੰ ਸੁਣ ਲਿਆ। ਕਿਉਂ ਕਿ ਯਹੋਵਾਹ ਨੇ ਇਸਰਾਏਲ ਦੇ ਦੁੱਖਾਂ ਅਤੇ ਕਿਵੇਂ ਅਰਾਮ ਦਾ ਪਾਤਸ਼ਾਹ ਉਨ੍ਹਾਂ ਨੂੰ ਕਸ਼ਟ ਦੇ ਰਿਹਾ ਸੀ ਵੇਖ ਲਿਆ ਸੀ।
5 ਤਦ ਯਹੋਵਾਹ ਨੇ ਇਸਰਾਏਲ ਨੂੰ ਬਚਾਉਣ ਲਈ ਇੱਕ ਮਨੁੱਖ ਭੇਜਿਆ। ਤਦ ਉਹ ਅਰਾਮ ਦੇ ਹੱਥੋਂ ਬਚ ਨਿਕਲੇ ਅਤੇ ਇਸਰਾਏਲੀ ਮੁੜ ਅੱਗੇ ਵਾਂਗ ਆਪਣੇ ਤੰਬੂਆਂ ਵਿੱਚ ਰਹਿਣ ਲੱਗ ਪਏ।
6 ਫ਼ਿਰ ਵੀ ਇਸਰਾਏਲੀਆਂ ਨੇ ਯਾਰਾਬੁਆਮ ਦੇ ਘਰਾਣੇ ਦੇ ਉਨ੍ਹਾਂ ਪਾਪਾਂ ਨੂੰ ਨਾ ਛੱਡਿਆ ਜੋ ਉਸ ਨੇ ਇਸਰਾਏਲ ਤੋਂ ਕਰਵਾਏ ਸਨ, ਇਹ ਉਨ੍ਹਾਂ ਉੱਪਰ ਚੱਲਦੇ ਰਹੇ, ਬਾਜ ਨਾ ਆਏ ਸਗੋਂ ਉਨ੍ਹਾਂ ਨੇ ਸਾਮਰਿਯਾ ਵਿੱਚੋਂ ਉਹ ਅਸ਼ੈਰਾਹ ਦੇ ਟੁੰਡ ਵੀ ਨਾ ਢਾਏ, ਜਿਹੜੇ ਕਿ ਉੱਥੇ ਥੰਮਾਂ ਵਾਂਗ ਖੜ੍ਹੇ ਸਨ।
7 ਅਰਾਮ ਦੇ ਪਾਤਸ਼ਾਹ ਨੇ ਯਹੋਆਹਾਜ਼ ਦੇ ਘਰਾਣੇ ਨੂੰ ਹਰਾਇਆ ਅਤੇ ਉਸਦੀ ਸੈਨਾ ਦੇ ਬਹੁਤ ਸਾਰੇ ਆਦਮੀਆਂ ਨੂੰ ਮਾਰ ਦਿੱਤਾ। ਉਸ ਨੇ ਸਿਰਫ਼ 50 ਘੁੜਸਵਾਰ, 10 ਰੱਥ ਅਤੇ 10,000 ਪੈਦਲ ਸਿਪਾਹੀ ਹੀ ਛੱਡੇ। ਅਰਾਮ ਦੇ ਪਾਤਸ਼ਾਹ ਨੇ ਯਹੋਆਹਾਜ਼ ਦੀ ਸੈਨਾ ਨੂੰ ਇੰਝ ਤਬਾਹ ਕਰ ਦਿੱਤਾ ਜਿਵੇਂ ਗਾਹੁਣ ਵੇਲੇ ਤੂੜੀ ਹਵਾ ਵਿੱਚ ਉੱਡਦੀ ਹੋਵੇ।
8 ਯਹੋਆਹਾਜ਼ ਨੇ ਜਿਹੜੇ ਵੀ ਮਹਾਨ ਕਾਰਜ ਕੀਤੇ ਉਹ ਇਸਰਾਏਲ ਦੇ ਪਾਤਸ਼ਾਹਾਂ ਦੇ ਇਤਹਾਸ ਦੀ ਪੋਥੀ ਵਿੱਚ ਲਿਖਿਆ ਗਿਆ। 9 ਯਹੋਆਹਾਜ਼ ਮਰਨ ਉਪਰੰਤ ਆਪਣੇ ਪੁਰਖਿਆਂ ਦੇ ਕੋਲ ਦਫ਼ਨਾਇਆ ਗਿਆ। ਲੋਕਾਂ ਨੇ ਉਸ ਨੂੰ ਸਾਮਰਿਯਾ ਵਿੱਚ ਦਫ਼ਨਾਇਆ। ਉਸ ਉਪਰੰਤ ਉਸਦਾ ਪੁੱਤਰ ਯੋਆਸ਼ ਰਾਜ ਕਰਨ ਲੱਗਾ।
ਇਸਰਾਏਲ ਉੱਪਰ ਯਹੋਆਸ਼ ਦਾ ਰਾਜ
10 ਯਹੋਆਹਾਜ਼ ਦਾ ਪੁੱਤਰ ਯਹੋਆਸ਼ ਸਾਮਰਿਯਾ ਵਿੱਚ ਇਸਰਾਏਲ ਉੱਪਰ ਨਵਾਂ ਪਾਤਸ਼ਾਹ ਬਣ ਗਿਆ। ਇਹ ਯਹੂਦਾਹ ਦੇ ਪਾਤਸ਼ਾਹ ਯੋਆਸ਼ ਦੇ ਰਾਜ ਦੇ 37 ਵਰ੍ਹੇ ’ਚ ਹੋਇਆ। ਯਹੋਆਸ਼ ਨੇ ਇਸਰਾਏਲ ਉੱਪਰ 16ਵਰ੍ਹੇ ਰਾਜ ਕੀਤਾ। 11 ਇਸਨੇ ਉਹੀ ਕੁਝ ਕੀਤਾ ਜੋ ਯਹੋਵਾਹ ਦੀ ਨਿਗਾਹ ਵਿੱਚ ਭੈੜਾ ਸੀ। ਉਸਨੇ ਨਬਾਟ ਦੇ ਪੁੱਤਰ ਯਾਰਾਬੁਆਮ ਦੇ ਉਨ੍ਹਾਂ ਸਾਰੇ ਪਾਪਾਂ ਤੋਂ ਜੋ ਉਸ ਨੇ ਇਸਰਾਏਲ ਤੋਂ ਕਰਵਾਏ ਸਨ, ਮੂੰਹ ਨਾ ਮੋੜਿਆ। ਉਹ ਉਨ੍ਹਾਂ ਉੱਪਰ ਚੱਲਦਾ ਰਿਹਾ। 12 ਯੋਆਸ਼ ਦੀ ਬਾਕੀ ਵਾਰਤਾ ਅਤੇ ਜੋ ਕੁਝ ਬਾਕੀ ਉਸ ਨੇ ਕੀਤਾ ਅਤੇ ਉਸਦੀ ਸਮਰੱਥਾ ਜੋ ਉਹ ਯਹੂਦਾਹ ਦੇ ਪਾਤਸ਼ਾਹ ਅਮਸਯਾਹ ਦੇ ਵਿਰੁੱਧ ਲੜਿਆ ਉਹ ਸਭ ਇਸਰਾਏਲ ਦੇ ਪਾਤਸ਼ਾਹਾਂ ਦੀ ਇਤਹਾਸ ਦੀ ਪੋਥੀ ਵਿੱਚ ਦਰਜ ਹੈ। 13 ਯੋਆਸ਼ ਆਪਣੇ ਮਰਨ ਬਾਅਦ ਆਪਣੇ ਪੁਰਖਿਆਂ ਦੇ ਕੋਲ ਦਫ਼ਨਾਇਆ ਗਿਆ। ਉਸ ਉਪਰੰਤ ਯਾਰਾਬੁਆਮ ਨਵਾਂ ਪਾਤਸ਼ਾਹ ਬਣਿਆ ਅਤੇ ਉਸ ਦੇ ਸਿੰਘਾਸਣ ਤੇ ਬੈਠਾ। ਯੋਆਸ਼ ਨੂੰ ਸਾਮਰਿਯਾ ਵਿੱਚ ਇਸਰਾਏਲ ਦੇ ਪਾਤਸ਼ਾਹ ਕੋਲ ਦਫ਼ਨਾਇਆ ਗਿਆ।
ਯੋਆਸ਼ ਦਾ ਅਲੀਸ਼ਾ ਕੋਲ ਫੇਰਾ
14 ਫ਼ਿਰ ਅਲੀਸ਼ਾ ਬਿਮਾਰ ਹੋ ਗਿਆ ਜਿਸ ਬਿਮਾਰੀ ਨਾਲ ਉਹ ਮਰ ਵੀ ਸੱਕਦਾ ਸੀ। ਇਸਰਾਏਲ ਦਾ ਪਾਤਸ਼ਾਹ ਯੋਆਸ਼ ਉਸ ਨੂੰ ਮਿਲਣ ਲਈ ਗਿਆ। ਉਹ ਅਲੀਸ਼ਾ ਲਈ ਰੋਇਆ ਅਤੇ ਆਖਣ ਲੱਗਾ, “ਹੇ ਮੇਰੇ ਪਿਤਾ! ਕੀ ਇਸਰਾਏਲ ਦੇ ਰੱਥ ਤੇ ਇਸਦੇ ਘੋੜਿਆਂ ਦਾ ਇਹੀ ਵੇਲਾ ਹੈ?” [a]
15 ਅਲੀਸ਼ਾ ਨੇ ਯੋਆਸ਼ ਨੂੰ ਕਿਹਾ, “ਕੁਝ ਤੀਰ ਤੇ ਕਮਾਨ ਲੈ।”
ਯੋਆਸ਼ ਨੇ ਕਮਾਨ ਤੇ ਕੁਝ ਤੀਰ ਚੁੱਕ ਲਏ। 16 ਤਦ ਅਲੀਸ਼ਾ ਨੇ ਇਸਰਾਏਲ ਦੇ ਪਾਤਸ਼ਾਹ ਨੂੰ ਆਖਿਆ, “ਕਮਾਨ ਤੇ ਆਪਣਾ ਹੱਥ ਧਰ।” ਸੋ ਉਸ ਨੇ ਆਪਣਾ ਹੱਥ ਉਸ ਉੱਪਰ ਧਰਿਆ ਫ਼ੇਰ ਅਲੀਸ਼ਾ ਨੇ ਆਪਣੇ ਹੱਥ ਪਾਤਸ਼ਾਹ ਦੇ ਹੱਥਾਂ ਉੱਪਰ ਰੱਖੇ। 17 ਅਲੀਸ਼ਾ ਨੇ ਕਿਹਾ, “ਪੂਰਬ ਵੱਲ ਦੀ ਖਿੜਕੀ ਖੋਲ੍ਹ।” ਯੋਆਸ਼ ਨੇ ਪੂਰਬੀ ਖਿੜਕੀ ਖੋਲ੍ਹੀ। ਤਦ ਅਲੀਸ਼ਾ ਨੇ ਆਖਿਆ, “ਨਿਸ਼ਾਨਾ ਦਾਗ।”
ਤਦ ਯੋਆਸ਼ ਨੇ ਤੀਰ ਮਾਰਿਆ। ਤਦ ਅਲੀਸ਼ਾ ਬੋਲਿਆ, “ਉਹ ਯਹੋਵਾਹ ਦੀ ਫ਼ਤਹ ਦਾ ਬਾਣ ਹੈ। ਜੋ ਕਿ ਅਰਾਮ ਉੱਪਰ ਫ਼ਤਹ ਦਾ ਬਾਣ ਹੈ। ਤੂੰ ਅਰਾਮੀਆਂ ਨੂੰ ਅਫ਼ੇਕ ਵਿੱਚ ਹਾਰ ਦੇਵੇਂਗਾ ਅਤੇ ਉਨ੍ਹਾਂ ਨੂੰ ਨਸ਼ਟ ਕਰੇਂਗਾ।”
18 ਅਲੀਸ਼ਾ ਨੇ ਕਿਹਾ, “ਤੀਰਾਂ ਨੂੰ ਚੁੱਕ ਲੈ।” ਸੋ ਉਸ ਨੇ ਤੀਰ ਚੁੱਕ ਲਏ। ਤਦ ਅਲੀਸ਼ਾ ਨੇ ਇਸਰਾਏਲ ਦੇ ਪਾਤਸ਼ਾਹ ਨੂੰ ਕਿਹਾ, “ਜ਼ਮੀਨ ਤੇ ਮਾਰ।”
ਸੋ ਉਸ ਨੇ ਧਰਤੀ ਉੱਪਰ ਤਿੰਨ ਵਾਰੀ ਮਾਰਿਆ ਫ਼ਿਰ ਰੁਕ ਗਿਆ। 19 ਫ਼ਿਰ ਪਰਮੇਸ਼ੁਰ ਦਾ ਮਨੁੱਖ (ਅਲੀਸ਼ਾ) ਉਸ ਉੱਪਰ ਕਰੋਧਵਾਨ ਹੋਕੇ ਬੋਲਿਆ, “ਤੈਨੂੰ ਪੰਜ ਜਾਂ ਛੇ ਵਾਰੀ ਮਾਰਨਾ ਚਾਹੀਦਾ ਸੀ। ਤਦ ਤੂੰ ਅਰਾਮ ਨੂੰ ਇੰਨਾ ਮਾਰਦਾ ਕਿ ਉਸ ਨੂੰ ਨਾਸ਼ ਕਰ ਦਿੰਦਾ ਪਰ ਹੁਣ ਤੂੰ ਤਿੰਨ ਵਾਰੀ ਹੀ ਅਰਾਮ ਨੂੰ ਮਾਰੇਗਾ।”
ਅਲੀਸ਼ਾ ਦੀ ਕਬਰ ਤੇ ਅਦਭੁਤ ਘਟਨਾ
20 ਫ਼ਿਰ ਅਲੀਸ਼ਾ ਮਰ ਗਿਆ ਅਤੇ ਲੋਕਾਂ ਨੇ ਉਸ ਨੂੰ ਦਫ਼ਨਾਅ ਦਿੱਤਾ।
ਇੱਕ ਵਾਰੀ ਬਸੰਤ ਰੁੱਤ ਵਿੱਚ ਮੋਆਬੀਆਂ ਦੇ ਸਿਪਾਹੀ ਇਸਰਾਏਲ ਵਿੱਚ ਆ ਵੜੇ। ਉਹ ਜੰਗ ਦੀਆਂ ਵਸਤਾਂ ਚੁੱਕਣ ਲਈ ਆਏ ਸਨ। 21 ਜਦੋਂ ਉਹ ਇਸਰਾਏਲੀ ਇੱਕ ਲਾਸ਼ ਨੂੰ ਦਫ਼ਨਾਅ ਰਹੇ ਸਨ ਤਾਂ ਉਨ੍ਹਾਂ ਨੇ ਇੱਕ ਜੱਥਾ ਵੇਖਿਆ ਸੋ ਉਨ੍ਹਾਂ ਨੇ ਜਲਦੀ ’ਚ ਉਸ ਮਨੁੱਖ ਨੂੰ ਅਲੀਸ਼ਾ ਦੀ ਕਬਰ ਵਿੱਚ ਸੁੱਟ ਦਿੱਤਾ ਅਤੇ ਜਦੋਂ ਉਹ ਮਨੁੱਖ ਅਲੀਸ਼ਾ ਦੀਆਂ ਹੱਡੀਆਂ ਨੂੰ ਜਾਕੇ ਛੋਹਿਆ ਤਾਂ ਉਹ ਜਿਉਂ ਪਿਆ ਅਤੇ ਆਪਣੇ ਪੈਰਾਂ ਉੱਪਰ ਖੜ ਗਿਆ।
ਯੋਆਸ਼ ਵੱਲੋਂ ਇਸਰਾਏਲ ਦੇ ਸ਼ਹਿਰਾਂ ਨੂੰ ਮੁੜ ਜਿਤ੍ਤਣਾ
22 ਯੋਆਸ਼ ਦੇ ਸਾਰੇ ਰਾਜ ਵਿੱਚ ਅਰਾਮ ਦਾ ਰਾਜਾ ਹਜ਼ਾਏਲ ਉਸ ਨੂੰ ਸਤਾਉਂਦਾ ਰਿਹਾ। 23 ਪਰ ਯਹੋਵਾਹ ਇਸਰਾਏਲੀਆਂ ਉੱਪਰ ਮਿਹਰਬਾਨ ਸੀ ਅਤੇ ਉਨ੍ਹਾਂ ਤੇ ਤਰਸ ਮਹਿਸੂਸ ਕੀਤਾ। ਅੱਜ ਦਿਨ ਤੀਕ, ਯਹੋਵਾਹ ਨੇ ਆਪਣੇ ਅਬਰਾਹਾਮ, ਇਸਹਾਕ, ਅਤੇ ਯਾਕੂਬ ਨਾਲ ਕੀਤੇ ਆਪਣੇ ਇਕਰਾਰਨਾਮੇ ਕਾਰਣ ਨਾ ਤਾਂ ਇਸਰਾਏਲੀਆਂ ਨੂੰ ਤਬਾਹ ਕੀਤਾ ਤੇ ਨਾ ਹੀ ਆਪਣੀ ਹਾਜਰੀ ਵਿੱਚੋਂ ਫਨਾਹ ਕੀਤਾ ਹੈ।
24 ਅਰਾਮ ਦਾ ਰਾਜਾ ਹਜ਼ਾਏਲ ਮਰ ਗਿਆ ਅਤੇ ਉਸ ਉਪਰੰਤ ਬਨ-ਹਦਦ ਨਵਾਂ ਪਾਤਸ਼ਾਹ ਬਣਿਆ। 25 ਆਪਣੇ ਮਰਨ ਤੋਂ ਪਹਿਲਾਂ ਹਜ਼ਾਏਲ ਨੇ ਲੜਾਈ ਵਿੱਚ ਯੋਆਸ਼ ਦੇ ਪਿਤਾ ਯਹੋਆਹਾਜ਼ ਤੋਂ ਕਈ ਸ਼ਹਿਰ ਖੋਹ ਲਏ ਸਨ ਪਰ ਹੁਣ ਯੋਆਸ਼ ਨੇ ਹਜ਼ਾਏਲ ਦੇ ਪੁੱਤਰ ਬਨ-ਹਦਦ ਤੋਂ ਇਹ ਸ਼ਹਿਰ ਵਾਪਸ ਲੈ ਲਏ ਸਨ। ਯੋਆਸ਼ ਨੇ ਬਨ-ਹਦਦ ਨੂੰ ਤਿੰਨ ਵਾਰੀ ਹਰਾਇਆ ਅਤੇ ਇਸਰਾਏਲ ਦੇ ਸ਼ਹਿਰ ਵਾਪਸ ਲੈ ਲਏ।
ਅਮਸਯਾਹ ਦਾ ਯਹੂਦਾਹ ਵਿੱਚ ਆਪਣਾ ਰਾਜ ਸ਼ੁਰੂ ਕੀਤਾ
14 ਇਸਰਾਏਲ ਦੇ ਪਾਤਸ਼ਾਹ ਯਹੋਆਹਾਜ਼ ਦੇ ਪੁੱਤਰ ਯੋਆਸ਼ ਦੇ ਦੂਜੇ ਸਾਲ, ਯਹੂਦਾਹ ਵਿੱਚ ਪਾਤਸ਼ਾਹ ਯੋਆਸ਼ ਦਾ ਪੁੱਤਰ ਅਮਸਯਾਹ ਰਾਜ ਕਰਨ ਲੱਗਾ। 2 ਜਦੋਂ ਉਹ ਰਾਜ ਕਰਨ ਲੱਗਾ ਤਾਂ ਉਹ 25 ਵਰ੍ਹਿਆਂ ਦਾ ਸੀ। ਅਮਸਯਾਹ ਨੇ ਯਰੂਸ਼ਲਮ ਵਿੱਚ 29 ਸਾਲ ਰਾਜ ਕੀਤਾ। ਉਸਦੀ ਮਾਂ ਦਾ ਨਾਂ ਯਹੋਅੱਦੀਨ ਸੀ, ਜੋ ਯਰੂਸ਼ਲਮ ਤੋਂ ਸੀ। 3 ਅਮਸਯਾਹ ਨੇ ਉਹ ਕੰਮ ਕੀਤੇ ਜੋ ਯਹੋਵਾਹ ਦੀ ਨਿਗਾਹ ਵਿੱਚ ਚੰਗੇ ਸਨ ਪਰ ਉਸ ਨੇ ਆਪਣੇ ਪੁਰਖੇ ਦਾਊਦ ਵਾਂਗ ਪੂਰੀ ਤਰ੍ਹਾਂ ਯਹੋਵਾਹ ਨੇ ਮੰਨਿਆ। 4 ਉਸ ਨੇ ਉੱਚੀਆਂ ਥਾਵਾਂ ਨੂੰ ਨਾ ਢਾਹਿਆ। ਅਜੇ ਤੀਕ ਲੋਕ ਉੱਚੀਆਂ ਥਾਵਾਂ ਤੇ ਬਲੀਆਂ ਚੜ੍ਹਾਉਂਦੇ ਅਤੇ ਧੂਪ ਧੁਖਾਉਂਦੇ ਸਨ।
5 ਜਦੋਂ ਅਮਸਯਾਹ ਦੇ ਹੱਥ ਰਾਜ ਪੱਕਾ ਹੋ ਗਿਆ ਤਾਂ ਉਸ ਨੇ ਉਨ੍ਹਾਂ ਸਾਰੇ ਅਫ਼ਸਰਾਂ ਨੂੰ ਮਾਰ ਛੱਡਿਆ ਜਿਨ੍ਹਾਂ ਉਸ ਦੇ ਪਿਤਾ ਨੂੰ ਮਾਰਿਆ ਸੀ। 6 ਪਰ ਉਸ ਨੇ ਮਾਰਨ ਵਾਲਿਆਂ ਦੇ ਪੁੱਤਰਾਂ ਨੂੰ ਅੱਗੋਂ ਨਾ ਵੱਢਿਆ ਕਿਉਂ ਜੋ ਮੂਸਾ ਦੀ ਬਿਵਸਥਾ ਦੀ ਪੋਥੀ ਵਿੱਚ ਜਿਵੇਂ ਯਹੋਵਾਹ ਨੇ ਆਗਿਆ ਦਿੱਤੀ ਤੇ ਇਹ ਲਿਖਿਆ, “ਜੇਕਰ ਕੋਈ ਪੁੱਤਰ ਪਾਪ ਕਰੇ ਤਾਂ ਉਸ ਦੇ ਬਦਲੇ ਮਾਪੇ ਨਾ ਮਾਰੇ ਜਾਣ ਅਤੇ ਨਾ ਹੀ ਮਾਪਿਆਂ ਦੇ ਪਾਪ ਕਰਨ ਤੇ ਬੱਚਿਆਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ। ਸਿਰਫ਼ ਜਿਹੜਾ ਕੋਈ ਮਨੁੱਖ ਆਪ ਗ਼ਲਤ ਕੰਮ ਕਰਦਾ ਹੈ ਉਸਦਾ ਦੰਡ ਉਸ ਨੂੰ ਹੀ ਮਿਲਣਾ ਚਾਹੀਦਾ ਹੈ।”
7 ਅਮਸਯਾਹ ਨੇ ਲੂਣ ਦੀ ਵਾਦੀ ਵਿੱਚ 10,000 ਅਦੋਮੀ ਮਾਰੇ ਅਤੇ ਸਲਾ ਨੂੰ ਜੰਗ ਕਰਕੇ ਜਿੱਤ ਲਿਆ ਅਤੇ ਉਸਦਾ ਨਾਂ “ਯਾਕਤੇਲ” ਰੱਖਿਆ। ਇਸ ਜਗ੍ਹਾ ਨੂੰ ਅੱਜ ਤੀਕ ਵੀ “ਯਾਕਤੇਲ” ਦੇ ਨਾਂ ਨਾਲ ਬੁਲਾਇਆ ਜਾਂਦਾ ਹੈ।
ਅਮਸਯਾਹ ਦੀ ਯਹੋਆਸ਼ ਦੇ ਵਿਰੁੱਧ ਜੰਗ ਦੀ ਖਾਹਿਸ਼
8 ਤਦ ਅਮਸਯਾਹ ਨੇ ਇਸਰਾਏਲ ਦੇ ਪਾਤਸ਼ਾਹ ਯਹੋਆਸ਼ ਦੇ ਕੋਲ ਜੋ ਕਿ ਯਹੋਆਹਾਜ਼, ਇਸਰਾਏਲ ਦੇ ਪਾਤਸ਼ਾਹ ਯੇਹੂ ਦੇ ਪੁੱਤਰ ਕੋਲ ਸੰਦੇਸ਼ਵਾਹਕ ਭੇਜੇ। ਉਨ੍ਹਾਂ ਸੰਦੇਸ਼ਾ ਦਿੱਤਾ, “ਆਓ, ਅਸੀਂ ਇੱਕ ਦੂਜੇ ਦੇ ਆਮ੍ਹਣੇ-ਸਾਹਮਣੇ ਹੋਕੇ ਲੜੀਏ।”
9 ਤਦ ਇਸਰਾਏਲ ਦੇ ਪਾਤਸ਼ਾਹ ਯਹੋਆਸ਼ ਨੇ ਯਹੂਦਾਹ ਦੇ ਪਾਤਸ਼ਾਹ ਅਮਸਯਾਹ ਨੂੰ ਜਵਾਬ ਭੇਜਿਆ ਅਤੇ ਆਖਿਆ, “ਲਬਾਨੋਨ ਦੀ ਛੋਟੀ ਜਿਹੀ ਕੰਡਿਆਲੀ ਝਾੜੀ ਨੇ ਲਬਾਨੋਨ ਦੇ ਵਿਸ਼ਾਲ ਰੁੱਖ ਨੂੰ ਸੁਨੇਹਾ ਭੇਜਿਆ: ‘ਆਪਣੀ ਧੀ ਨੂੰ ਮੇਰੇ ਪੁੱਤਰ ਨਾਲ ਵਿਆਹ ਦੇ।’ ਪਰ ਇੱਕ ਜੰਗਲੀ ਜਾਨਵਰ ਜੋ ਲਬਾਨੋਨ ਵਿੱਚ ਸੀ ਛੋਟੀ ਕੰਡਿਆਲੀ ਝਾੜੀ ਤੋਂ ਦੀ ਲੰਘਿਆ ਅਤੇ ਉਸ ਨੂੰ ਮਿੱਧ ਸੁੱਟਿਆ। 10 ਇਹ੍ ਸੱਚ ਹੈ ਤੂੰ ਅਦੋਮ ਨੂੰ ਹਰਾਇਆ ਹੈ ਪਰ ਤੂੰ ਅਦੋਮ ਨੂੰ ਜਿੱਤਣ ਤੋਂ ਬਾਅਦ ਘੁਮੰਡੀ ਹੋ ਗਿਆ ਹੈ। ਹੁਣ ਤੂੰ ਆਪਣੇ ਘਰ ਵਿੱਚ ਰਹਿ ਅਤੇ ਓੱਥੇ ਆਪਣਾ ਸਤਿਕਾਰ ਮਾਣ। ਆਪਣੇ ਆਪਨੂੰ ਮਸੀਬਤ ਵਿੱਚ ਨਾ ਪਾ। ਜੇਕਰ ਤੂੰ ਇਉਂ ਕਰੇਂਗਾ ਤੂੰ ਡਿੱਗੇਂਗਾ ਅਤੇ ਯਹੂਦਾਹ ਤੇਰੇ ਨਾਲ ਡਿੱਗੇਗਾ।”
11 ਪਰ ਅਮਸਯਾਹ ਨੇ ਯਹੋਆਸ਼ ਦੀ ਚਿਤਾਵਨੀ ਵੱਲ ਕੋਈ ਧਿਆਨ ਨਾ ਦਿੱਤਾ। ਤਦ ਇਸਰਾਏਲ ਦੇ ਪਾਤਸ਼ਾਹ ਯਹੋਆਸ਼ ਨੇ ਯਹੂਦਾਹ ਦੇ ਅਮਸਯਾਹ ਪਾਤਸ਼ਾਹ ਨੂੰ ਜੋ ਯਹੂਦਾਹ ਵਿੱਚ ਬੈਤ-ਸ਼ਮਸ਼ ਵਿੱਚ ਚੜ੍ਹਾਈ ਕੀਤੀ। 12 ਇਸਰਾਏਲ ਨੇ ਯਹੂਦਾਹ ਨੂੰ ਹਾਰ ਦਿੱਤੀ। ਯਹੂਦਾਹ ਦਾ ਹਰ ਆਦਮੀ ਉੱਥੋਂ ਘਰ ਨੂੰ ਭੱਜ ਗਿਆ। 13 ਫ਼ਿਰ ਬੈਤ-ਸ਼ਮਸ਼ ਵਿੱਚ ਇਸਰਾਏਲ ਦੇ ਪਾਤਸ਼ਾਹ ਯਹੋਆਸ਼ ਨੇ ਯਹੂਦਾਹ ਦੇ ਰਾਜੇ ਅਮਸਯਾਹ ਨੂੰ ਘੇਰ ਲਿਆ ਜੋ ਅਹਜ਼ਯਾਹ ਦਾ ਪੋਤਾ ਤੇ ਯੋਆਸ਼ ਦਾ ਪੁੱਤਰ ਸੀ। ਯਹੋਆਸ਼ ਅਮਸਯਾਹ ਨੂੰ ਯਰੂਸ਼ਲਮ ਵਿੱਚ ਲੈ ਆਇਆ। ਉਸ ਨੇ ਯਰੂਸ਼ਲਮ ਦੀ ਕੰਧ ਇਫ਼ਰਾਈਮ ਦੇ ਫ਼ਾਟਕ ਤੋਂ ਲੈ ਕੇ ਨੁਕਰ ਵਾਲੇ ਫ਼ਾਟਕ ਤੀਕ 600 ਫੁੱਟ ਢਾਹ ਦਿੱਤੀ। 14 ਤਦ ਯਹੋਆਸ਼ ਨੇ ਸਾਰਾ ਸੋਨਾ ਅਤੇ ਚਾਂਦੀ ਅਤੇ ਸਾਰੇ ਬਰਤਨ ਜੋ ਯਹੋਵਾਹ ਦੇ ਮੰਦਰ ਵਿੱਚ ਸਨ, ਤੇ ਪਾਤਸ਼ਾਹ ਦੇ ਖਜ਼ਾਨੇ ਵਿੱਚ ਸਨ ਲੈ ਲਏ। ਉਨ੍ਹਾਂ ਸਾਰੇ ਕੈਦੀਆਂ ਨੂੰ ਨਾਲ ਲਿਆ ਅਤੇ ਸਾਮਰਿਯਾ ਨੂੰ ਮੁੜਿਆ।
15 ਯਹੋਆਸ਼ ਨੇ ਜੋ ਵੀ ਕਾਰਜ ਕੀਤੇ, ਇਹ ਵੀ ਕਿ ਕਿਵੇਂ ਉਹ ਯਹੂਦਾਹ ਦੇ ਪਾਤਸ਼ਾਹ ਅਮਸਯਾਹ ਦੇ ਖਿਲਾਫ਼ ਲੜਿਆ ਇਹ ਸਭ ਕੁਝ ਇਸਰਾਏਲ ਦੇ ਰਾਜਿਆਂ ਦੇ ਇਤਹਾਸ ਦੀ ਪੋਥੀ ਵਿੱਚ ਦਰਜ ਹੈ। 16 ਯਹੋਆਸ਼ ਨੂੰ ਮਰਨ ਉਪਰੰਤ ਉਸ ਦੇ ਪੁਰਖਿਆਂ ਕੋਲ ਦਫ਼ਨਾਇਆ ਗਿਆ। ਅਤੇ ਉਸ ਦੇ ਬਾਅਦ ਉਸਦਾ ਪੁੱਤਰ ਯਾਰਾਬੁਆਮ ਪਾਤਸ਼ਾਹ ਬਣਿਆ।
ਅਮਸਯਾਹ ਦੀ ਮੌਤ
17 ਯਹੂਦਾਹ ਦੇ ਪਾਤਸ਼ਾਹ ਯੋਆਸ਼ ਦਾ ਪੁੱਤਰ ਅਮਸਯਾਹ ਇਸਰਾਏਲ ਦੇ ਪਾਤਸ਼ਾਹ ਯਹੋਆਹਾਜ਼ ਦੇ ਪੁੱਤਰ ਯਹੋਆਸ਼ ਦੇ ਮਰਨ ਪਿੱਛੋਂ 15 ਵਰ੍ਹੇ ਜਿਉਂਦਾ ਰਿਹਾ। 18 ਅਮਸਯਾਹ ਨੇ ਜੋ ਵੀ ਮਹਾਨ ਕਾਰਜ ਕੀਤੇ ਉਹ ਯਹੂਦਾਹ ਦੇ ਰਾਜਿਆਂ ਦੇ ਇਤਹਾਸ ਦੀ ਪੋਥੀ ਵਿੱਚ ਦਰਜ ਹਨ। 19 ਜਦ ਲੋਕਾਂ ਨੇ ਯਰੂਸ਼ਲਮ ਵਿੱਚ ਉਸ ਦੇ ਵਿਰੁੱਧ ਮਤਾ ਪਕਾਇਆ ਤਾਂ ਉਹ ਲਕੀਸ਼ ਵੱਲ ਭਜਿਆ ਪਰ ਲੋਕਾਂ ਨੇ ਲਕੀਸ਼ ਉਸ ਦੇ ਪਿੱਛੇ ਆਦਮੀ ਭੇਜੇ ਤੇ ਉਸ ਨੂੰ ਮਾਰ ਸੁੱਟਿਆ। 20 ਲੋਕੀਂ ਉਸਦੀ ਲੋਥ ਘੋੜਿਆਂ ਤੇ ਚੁੱਕ ਕੇ ਵਾਪਸ ਲਿਆਏ ਤੇ ਅਮਸਯਾਹ ਨੂੰ ਦਾਊਦ ਦੇ ਸ਼ਹਿਰ ਉਸ ਦੇ ਪੁਰਖਿਆਂ ਦੇ ਕੋਲ ਯਰੂਸ਼ਲਮ ਵਿੱਚ ਦਫ਼ਨਾਇਆ ਗਿਆ।
ਅਜ਼ਰਯਾਹ ਨੇ ਯਹੂਦਾਹ ਉੱਪਰ ਆਪਣਾ ਰਾਜ ਸ਼ੁਰੂ ਕੀਤਾ
21 ਤਦ ਯਹੂਦਾਹ ਦੇ ਸਾਰੇ ਲੋਕਾਂ ਨੇ ਅਜ਼ਰਯਾਹ ਨੂੰ ਨਵਾਂ ਪਾਤਸ਼ਾਹ ਬਣਾਇਆ। ਉਸ ਵਕਤ ਉਹ ਕੁੱਲ 16 ਸਾਲਾਂ ਦਾ ਸੀ। 22 ਇਉਂ ਜਦ ਪਾਤਸ਼ਾਹ ਅਮਸਯਾਹ ਮਰਿਆ ਤਾਂ ਉਹ ਆਪਣੇ ਪੁਰਖਿਆਂ ਦੇ ਕੋਲ ਦਫ਼ਨਾਇਆ ਗਿਆ। ਫ਼ੇਰ ਉਸਤੋਂ ਬਾਅਦ ਅਜ਼ਰਯਾਹ ਨੇ ਏਲਥ ਨੂੰ ਇੱਕ ਵਾਰ ਫੇਰ ਉਸਾਰਿਆ ਅਤੇ ਇਸ ਨੂੰ ਯਹੂਦਾਹ ਵਿੱਚ ਪੁਨਰ-ਸਥਾਪਿਤ ਕਰ ਦਿੱਤਾ।
ਦੂਜੇ ਯਾਰਾਬੁਆਮ ਨੇ ਇਸਰਾਏਲ ਉੱਪਰ ਆਪਣਾ ਰਾਜ ਸ਼ੁਰੂ ਕੀਤਾ
23 ਯਹੂਦਾਹ ਦੇ ਪਾਤਸ਼ਾਹ ਯੋਆਸ਼ ਦੇ ਪੁੱਤਰ ਅਮਸਯਾਹ ਦੇ 15ਵਰ੍ਹੇ ਵਿੱਚ ਇਸਰਾਏਲ ਦੇ ਪਾਤਸ਼ਾਹ ਯੋਆਸ਼ ਦਾ ਪੁੱਤਰ ਯਾਰਾਬੁਆਮ ਸਾਮਰਿਯਾ ਵਿੱਚ ਰਾਜ ਕਰਨ ਲੱਗਾ ਅਤੇ ਉਸ ਨੇ 41ਵਰ੍ਹੇ ਰਾਜ ਕੀਤਾ। 24 ਯਾਰਾਬੁਆਮ ਨੇ ਉਹ ਕੰਮ ਕੀਤੇ ਜੋ ਯਹੋਵਾਹ ਦੀ ਨਿਗਾਹ ਵਿੱਚ ਭੈੜੇ ਸਨ। ਉਸ ਨੇ ਨਬਾਟ ਦੇ ਪੁੱਤਰ ਯਾਰਾਬੁਆਮ ਦੇ ਉਨ੍ਹਾਂ ਸਾਰਿਆਂ ਪਾਪਾਂ ਵਿੱਚੋਂ ਕਿਸੇ ਤੋਂ ਵੀ ਮੂੰਹ ਨਾ ਮੜਿਆ ਜੋ ਉਸ ਨੇ ਇਸਰਾਏਲ ਤੋਂ ਕਰਵਾਏ ਸਨ। 25 ਉਸ ਨੇ ਇਸਰਾਏਲ ਦੇ ਯਹੋਵਾਹ ਦੇ ਉਸ ਬਚਨ ਮੁਤਾਬਕ ਜੋ ਉਸ ਨੇ ਅਮਿੱਤਈ ਦੇ ਪੁੱਤਰ ਆਪਣੇ ਸੇਵਕ ਯੂਨਾਹ ਨਬੀ ਦੇ ਰਾਹੀਂ ਜੋ ਗਥ ਹੇਫ਼ਰ ਦਾ ਸੀ, ਆਖਿਆ ਸੀ ਉਸ ਨੇ ਇਸਰਾਏਲ ਹੀ ਹੱਦ ਨੂੰ ਹਮਾਥ ਦੇ ਲਾਂਘੇ ਤੋਂ ਲੈ ਕੇ ਅਰਾਬਾਹ ਦੇ ਸਮੁੰਦਰ ਤੀਕ ਫ਼ਿਰ ਪਹੁੰਚਾ ਦਿੱਤਾ ਸੀ। 26 ਤਦ ਯਹੋਵਾਹ ਨੇ ਵੇਖਿਆ ਕਿ ਸੱਚਮੁੱਚ ਇਸਰਾਏਲੀ ਬੜੇ ਕਸ਼ਟ ਵਿੱਚ ਸਨ, ਦੋਵੇਂ, ਨੌਕਰ ਅਤੇ ਅਜਾਦ ਆਦਮੀ, ਅਤੇ ਉੱਥੇ ਕੋਈ ਅਜਿਹਾ ਨਹੀਂ ਸੀ ਜੋ ਇਸਰਾਏਲ ਦੀ ਮਦਦ ਕਰ ਸੱਕਦਾ। 27 ਯਹੋਵਾਹ ਨੇ ਇਹ ਵੀ ਨਹੀਂ ਆਖਿਆ ਸੀ ਕਿ ਮੈਂ ਅਕਾਸ਼ ਦੇ ਹੇਠੋਂ ਇਸਰਾਏਲ ਦਾ ਨਾਉਂ ਹੀ ਮਿਟਾ ਦੇਵਾਂਗਾ। ਇਸ ਲਈ ਉਸ ਨੇ ਉਨ੍ਹਾਂ ਨੂੰ ਯੋਆਸ਼ ਦੇ ਪੁੱਤਰ ਯਾਰਾਬੁਆਮ ਦੀ ਸ਼ਕਤੀ ਰਾਹੀਂ ਛੁਟਕਾਰਾ ਦਵਾਇਆ।
28 ਯਾਰਾਬੁਆਮ ਨੇ ਜੋ ਵੀ ਮਹਾਨ ਕਾਰਜ ਕੀਤੇ ਉਹ ਇਸਰਾਏਲੀ ਰਾਜਿਆਂ ਦੇ ਇਤਹਾਸ ਦੀ ਪੋਥੀ ਵਿੱਚ ਦਰਜ ਹਨ। ਇਸ ਵਿੱਚ ਯਾਰਾਬੁਆਮ ਨੇ ਜਦ ਇਸਰਾਏਲ ਲਈ ਦੰਮਿਸਕ ਅਤੇ ਹਮਾਥ ਨੂੰ ਜੋ ਯਹੂਦਾਹ ਦੇ ਸਨ ਜਿੱਤ ਲਿਆਂਦਾ ਇਹ ਕਹਾਣੀ ਵੀ ਉਸ ਵਿੱਚ ਸ਼ਾਮਿਲ ਹੈ। 29 ਯਾਰਾਬੁਆਮ ਜਦ ਮਰਿਆ ਤਾਂ ਉਸ ਨੂੰ ਉਸ ਦੇ ਪੁਰਖਿਆਂ ਕੋਲ ਦਫ਼ਨਾਇਆ ਗਿਆ, ਜੋ ਕਿ ਇਸਰਾਏਲ ਦੇ ਪਾਤਸ਼ਾਹ ਸਨ। ਉਸ ਉਪਰੰਤ ਉਸਦਾ ਪੁੱਤਰ ਜ਼ਕਰਯਾਹ ਉਸਦੀ ਥਾਵੇਂ ਰਾਜ ਕਰਨ ਲੱਗਾ।
2010 by World Bible Translation Center