Beginning
ਅਲੀਸ਼ਾ ਦੀਆਂ ਕਰਾਮਾਤਾਂ
6 ਨਬੀਆਂ ਦੇ ਟੋਲੇ ਨੇ ਅਲੀਸ਼ਾ ਨੂੰ ਕਿਹਾ, “ਵੇਖ! ਇਹ ਥਾਂ ਜਿੱਥੇ ਅਸੀਂ ਤੇਰੇ ਨਾਲ ਰਹਿ ਰਹੇ ਹਾਂ, ਸਾਡੇ ਲਈ ਇਹ ਬੜੀ ਤੰਗ ਹੈ। 2 ਚੱਲ ਯਰਦਨ ਨਦੀ ਵੱਲ ਚੱਲੀਏ ਤੇ ਉੱਥੋਂ ਕੁਝ ਲੱਕੜ ਵੱਢ ਲਿਆਈੇਏ। ਅਸੀਂ ਸਭ ਇੱਕ-ਇੱਕ ਸ਼ਤੀਰ ਚੁੱਕ ਲਿਆਵਾਂਗੇ ਅਤੇ ਇੱਥੇ ਰਹਿਣ ਜੋਗੀ ਥਾਂ ਬਣਾ ਲਵਾਂਗੇ।”
ਅਲੀਸ਼ਾ ਨੇ ਆਖਿਆ, “ਠੀਕ ਹੈ, ਚਲੋ ਚੱਲਦੇ ਹਾਂ।”
3 ਤਾਂ ਇੱਕ ਮਨੁੱਖ ਨੇ ਆਖਿਆ, “ਕਿਰਪਾ ਕਰਕੇ ਤੂੰ ਸਾਡੇ ਨਾਲ ਚੱਲ।”
ਅਲੀਸ਼ਾ ਨੇ ਕਿਹਾ, “ਠੀਕ ਹੈ, ਮੈਂ ਤੁਹਾਡੇ ਨਾਲ ਚਲਦਾ ਹਾਂ।”
4 ਤਦ ਅਲੀਸ਼ਾ ਉਨ੍ਹਾਂ ਨਬੀਆਂ ਦੇ ਟੋਲੇ ਦੇ ਨਾਲ ਗਿਆ। ਜਦੋਂ ਉਹ ਯਰਦਨ ਦਰਿਆ ਤੇ ਪਹੁੰਚੇ ਤਾਂ ਉਨ੍ਹਾਂ ਲੱਕੜ ਵੱਢਣੀ ਸ਼ੁਰੂ ਕੀਤੀ। ਉਨ੍ਹਾਂ ਕੁਝ ਰੁੱਖ ਵੱਢੇ। 5 ਪਰ ਜਿਸ ਵੇਲੇ ਇੱਕ ਮਨੁੱਖ ਰੁੱਖ ਵੱਢ ਰਿਹਾ ਸੀ ਤਾਂ ਉਸ ਦੀ ਕੁਹਾੜੀ ਦਾ ਫ਼ਲ ਪਾਣੀ ਵਿੱਚ ਡਿੱਗ ਪਿਆ। ਤਾਂ ਉਹ ਮਨੁੱਖ ਚੀਖਿਆ, “ਓ ਸੁਆਮੀ! ਮੈਂ ਤਾਂ ਇਹ ਕੁਹਾੜਾ ਮੰਗਵਾਂ ਲਿਆਂਦਾ ਸੀ।”
6 ਪਰਮੇਸ਼ੁਰ ਦੇ ਮਨੁੱਖ (ਅਲੀਸ਼ਾ) ਨੇ ਕਿਹਾ, “ਉਹ ਕਿੱਥੇ ਡਿੱਗਿਆ ਹੈ?”
ਉਸ ਨੇ ਅਲੀਸ਼ਾ ਨੂੰ ਉਹ ਥਾਂ ਵਿਖਾਈ ਜਿੱਥੇ ਉਸਦਾ ਕੁਹਾੜਾ ਡਿੱਗਿਆ ਸੀ। ਤਦ ਅਲੀਸ਼ਾ ਨੇ ਇੱਕ ਟਾਹਣੀ ਤੋੜੀ ਤੇ ਉਸ ਨੂੰ ਪਾਣੀ ਵਿੱਚ ਸੁੱਟ ਦਿੱਤਾ, ਟਾਹਣੀ ਨੇ ਉਸ ਮਨੁੱਖ ਦੇ ਕੁਹਾੜੇ ਨੂੰ ਪਾਣੀ ਉੱਤੇ ਤੈਰਨ ਲਾ ਦਿੱਤਾ। 7 ਅਲੀਸ਼ਾ ਨੇ ਕਿਹਾ, “ਉਸ ਨੂੰ ਚੁੱਕ ਲੈ।” ਤਾਂ ਉਹ ਆਦਮੀ ਪਾਣੀ ਕੋਲ ਗਿਆ ਤੇ ਉਸ ਨੇ ਉਸ ਕੁਹਾੜੇ ਦੇ ਫ਼ਲ ਨੂੰ ਪਾਣੀ ਤੋਂ ਚੁੱਕ ਲਿਆ।
ਅਰਾਮ ਦੀ ਇਸਰਾਏਲ ਨੂੰ ਫ਼ਸਾਉਣ ਦੀ ਕੋਸ਼ਿਸ਼
8 ਅਰਾਮ ਦਾ ਪਾਤਸ਼ਾਹ ਇਸਰਾਏਲ ਦੇ ਵਿਰੁੱਧ ਲੜ ਰਿਹਾ ਸੀ। ਉਸਦੀ ਆਪਣੀ ਸੈਨਾ ਦੇ ਅਫ਼ਸਰਾਂ ਨਾਲ ਸਭਾ ਸੀ, ਅਤੇ ਆਖਿਆ, “ਇਸ ਥਾਵੇਂ ਲੁਕ ਜਾਵੋ! ਜਦੋਂ ਹੀ ਇਸਰਾਏਲੀ ਇੱਥੋਂ ਦੀ ਲੰਘਣ, ਉਨ੍ਹਾਂ ਤੇ ਹਮਲਾ ਕਰ ਦਿਓ।”
9 ਪਰ ਪਰਮੇਸ਼ੁਰ ਦੇ ਪੁੱਤਰ ਅਲੀਸ਼ਾ ਨੇ ਇਸਰਾਏਲ ਦੇ ਪਾਤਸ਼ਾਹ ਨੂੰ ਖਬਰ ਭੇਜੀ ਅਤੇ ਕਿਹਾ, “ਸਤਰਕ ਰਹੋ। ਉਸ ਥਾਵੇਂ ਨਾ ਜਾਣਾ ਕਿਉਂ ਕਿ ਉੱਥੇ ਅਰਾਮੀ ਸੈਨਾ ਲੁਕੀ ਹੋਈ ਹੈ।”
10 ਇਸਰਾਏਲ ਦੇ ਪਾਤਸ਼ਾਹ ਨੇ ਉਸ ਥਾਵੇਂ ਆਪਣੇ ਲੋਕਾਂ ਨੂੰ ਸੁਨੇਹਾ ਭੇਜਿਆ ਜਿੱਥੇ ਦੇ ਲਈ ਪਰਮੇਸ਼ੁਰ ਦੇ ਮਨੁੱਖ (ਅਲੀਸ਼ਾ) ਨੇ ਉਸ ਨੂੰ ਹੁਸ਼ਿਆਰ-ਖਬਰਦਾਰ ਕੀਤਾ ਸੀ। ਇਉਂ ਇਸਰਾਏਲ ਦੇ ਪਾਤਸ਼ਾਹ ਨੇ ਕਈ ਆਦਮੀਆਂ ਨੂੰ ਮਰਨ ਤੋਂ ਬਚਾਅ ਲਿਆ।
11 ਇਸ ਗੱਲੋ ਅਰਾਮ ਦਾ ਪਾਤਸ਼ਾਹ ਬੜਾ ਬੇਚੈਨ ਹੋਇਆ। ਤਾਂ ਉਸ ਨੇ ਆਪਣੀ ਸੈਨਾ ਦੇ ਅਫ਼ਸਰਾਂ ਨੂੰ ਬੁਲਾਇਆ ਅਤੇ ਆਖਿਆ, “ਮੈਨੂੰ ਦੱਸੋ ਕਿ ਇਸਰਾਏਲ ਦੇ ਪਾਤਸ਼ਾਹ ਲਈ ਭਲਾ ਤੁਹਾਡੇ ਵਿੱਚੋਂ ਜਸੂਸੀ ਕੌਣ ਕਰ ਰਿਹਾ ਹੈ?”
12 ਅਰਾਮ ਦੇ ਪਾਤਸ਼ਾਹ ਨੂੰ ਅਫ਼ਸਰਾਂ ਵਿੱਚੋਂ ਇੱਕ ਨੇ ਕਿਹਾ, “ਮੇਰੇ ਸੁਆਮੀ ਅਤੇ ਪਾਤਸ਼ਾਹ, ਸਾਡੇ ਵਿੱਚੋਂ ਕੋਈ ਉਸ ਨੂੰ ਭੇਤ ਨਹੀਂ ਦਿੰਦਾ ਸਗੋਂ ਅਲੀਸ਼ਾ ਨਬੀ ਜੋ ਇਸਰਾਏਲ ਵਿੱਚ ਹੈ, ਤੇਰੀਆਂ ਉਹ ਗੱਲਾਂ ਜੋ ਤੂੰ ਆਪਣੇ ਸੌਣ ਵਾਲੇ ਕਮਰੇ ਵਿੱਚ ਕਰਦਾ ਹੈਂ, ਉਹ ਇਸਰਾਏਲ ਦੇ ਪਾਤਸ਼ਾਹ ਨੂੰ ਦੱਸਦਾ ਹੈ।”
13 ਅਰਾਮ ਦੇ ਰਾਜੇ ਨੇ ਕਿਹਾ, “ਜਾਕੇ ਵੇਖੋ ਕਿ ਅਲੀਸ਼ਾ ਕਿੱਥੇ ਹੈ ਤਾਂ ਜੋ ਉਸ ਨੂੰ ਫ਼ੜਿਆ ਜਾਵੇ।”
ਪਾਤਸ਼ਾਹ ਨੂੰ ਉਸ ਦੇ ਸੇਵਕਾਂ ਨੇ ਆਖਿਆ, “ਇਸ ਵੇਲੇ ਉਹ ਦੋਬਾਨ ਵਿੱਚ ਹੈ।”
14 ਤਦ ਪਾਤਸ਼ਾਹ ਨੇ ਦੋਥਾਨ ਵਿੱਚ ਘੋੜੇ, ਰੱਥ ਤੇ ਆਪਣੀ ਵੱਡੀ ਫ਼ੌਜ ਭੇਜੀ। ਉਨ੍ਹਾਂ ਨੇ ਰਾਤ ਵੇਲੇ ਜਾਕੇ ਸ਼ਹਿਰ ਨੂੰ ਘੇਰ ਲਿਆ। 15 ਉਸ ਸਵੇਰ ਅਲੀਸ਼ਾ ਦੇ ਸੇਵਕ ਤੜਕਸਾਰ ਉੱਠੇ। ਇੱਕ ਸੇਵਕ ਜਦੋਂ ਬਾਹਰ ਗਿਆ ਤਾਂ ਉਸ ਨੇ ਘੋੜੇ ਰੱਥਾਂ ਤੇ ਫ਼ੌਜ ਨਾਲ ਸ਼ਹਿਰ ਨੂੰ ਘਿਰਿਆ ਵੇਖਿਆ।
ਅਲੀਸ਼ਾ ਦੇ ਸੇਵਕ ਨੇ ਉਸ ਨੂੰ ਕਿਹਾ, “ਓ ਮੇਰੇ ਸੁਆਮੀ! ਹੁਣ ਅਸੀਂ ਕੀ ਕਰੀਏ?”
16 ਅਲੀਸ਼ਾ ਨੇ ਕਿਹਾ, “ਘਬਰਾਓ ਨਹੀਂ! ਜੋ ਫ਼ੌਜ ਸਾਡੇ ਲਈ ਲੜੇਗੀ ਉਹ ਅਰਾਮ ਦੀ ਫ਼ੌਜ ਤੋਂ ਕਿਤੇ ਵੱਧੇਰੇ ਹੈ।”
17 ਤਦ ਅਲੀਸ਼ਾ ਨੇ ਪ੍ਰਾਰਥਨਾ ਕੀਤੀ ਅਤੇ ਆਖਿਆ, “ਹੇ ਯਹੋਵਾਹ! ਮੈਂ ਬੇਨਤੀ ਕਰਦਾ ਹਾਂ ਕਿ ਤੂੰ ਮੇਰੇ ਸੇਵਕ ਦੀਆਂ ਅੱਖਾਂ ਖੋਲ੍ਹ ਤਾਂ ਜੋ ਉਹ ਵੇਖ ਸੱਕੇ।”
ਯਹੋਵਾਹ ਨੇ ਉਸ ਨੌਜੁਆਨ ਦੀਆਂ ਅੱਖਾਂ ਖੋਲ੍ਹੀਆਂ ਤਾਂ ਸੇਵਕ ਨੇ ਵੇਖਿਆ ਕਿ ਅਲੀਸ਼ਾ ਦੇ ਇਰਦ ਗਿਰਦ ਤਾਂ ਪਹਾੜ ਅੱਗ ਦੇ ਘੋੜਿਆ ਤੇ ਰਥਾਂ ਨਾਲ ਭਰਿਆ ਹੋਇਆ ਹੈ।
18 ਜਦੋਂ ਅਰਾਮੀ ਹੇਠਾਂ ਅਲੀਸ਼ਾ ਵੱਲ ਆਏ, ਅਲੀਸ਼ਾ ਨੇ ਯਹੋਵਾਹ ਅੱਗੇ ਪ੍ਰਾਰਥਨਾ ਕੀਤੀ, “ਹੇ ਯਹੋਵਾਹ ਇਸ ਅਰਾਮੀ ਫ਼ੋਜਾ ਨੂੰ ਇੱਕ ਦਮ ਅੰਨ੍ਹੀ ਕਰ ਦੇਹ।”
ਤਾਂ ਯਹੋਵਾਹ ਨੇ ਉਨ੍ਹਾਂ ਨੂੰ ਅੰਨ੍ਹਿਆਂ ਕਰ ਦਿੱਤਾ ਜਿਵੇਂ ਕਿ ਅਲੀਸ਼ਾ ਨੇ ਪ੍ਰਾਰਥਨਾ ਕੀਤੀ ਸੀ। 19 ਅਲੀਸ਼ਾ ਨੇ ਅਰਾਮੀ ਫ਼ੌਜ ਨੂੰ ਆਖਿਆ, “ਇਹ ਸਹੀ ਸੜਕ ਨਹੀਂ ਹੈ ਤੇ ਨਾ ਹੀ ਉਹ ਸ਼ਹਿਰ ਹੈ ਜਿਸ ਲਈ ਤੁਸੀਂ ਆਏ ਹੋ। ਮੇਰੇ ਪਿੱਛੇ ਆਓ ਅਤੇ ਮੈਂ ਤੁਹਾਨੂੰ ਉਸ ਮਨੁੱਖ ਕੋਲ ਲੈ ਚੱਲਦਾ ਹਾਂ ਜਿਸ ਨੂੰ ਤੁਸੀਂ ਭਾਲ ਰਹੇ ਹੋ!” ਤਾਂ ਅਲੀਸ਼ਾ ਉਨ੍ਹਾਂ ਨੂੰ ਸਾਮਰਿਯਾ ਵੱਲ ਲੈ ਗਿਆ।
20 ਜਦੋਂ ਉਹ ਸਾਮਰਿਯਾ ਪਹੁੰਚ ਗਏ ਤਾਂ ਅਲੀਸ਼ਾ ਨੇ ਕਿਹਾ, “ਹੇ ਯਹੋਵਾਹ, ਇਨ੍ਹਾਂ ਦੀਆਂ ਅੱਖਾਂ ਖੋਲ੍ਹ ਦੇਹ ਤਾਂ ਜੋ ਇਹ ਵੇਖ ਸੱਕਣ।”
ਤਦ ਯਹੋਵਾਹ ਨੇ ਉਨ੍ਹਾਂ ਦੀਆਂ ਅੱਖਾਂ ਖੋਲ੍ਹ ਦਿੱਤੀਆਂ ਤਾਂ ਅਰਾਮੀ ਫ਼ੌਜ ਨੇ ਵੇਖਿਆ ਕਿ ਉਹ ਤਾਂ ਸਾਮਰਿਯਾ ਦੇ ਸ਼ਹਿਰ ਵਿੱਚ ਹਨ। 21 ਜਦ ਇਸਰਾਏਲ ਦੇ ਪਾਤਸ਼ਾਹ ਨੇ ਉਨ੍ਹਾਂ ਨੂੰ ਵੇਖਿਆ ਤਾਂ ਉਸ ਨੇ ਅਲੀਸ਼ਾ ਨੂੰ ਆਖਿਆ, “ਮੇਰੇ ਪਿਤਾ! ਮੈਨੂੰ ਦੱਸੋ ਕਿ ਕੀ ਮੈਂ ਉਨ੍ਹਾਂ ਨੂੰ ਮਾਰਾਂ? ਕੀ ਮੈਂ ਉਨ੍ਹਾਂ ਨੂੰ ਮਾਰ ਮੁਕਾਵਾਂ?”
22 ਅਲੀਸ਼ਾ ਨੇ ਕਿਹਾ, ਨਹੀਂ! ਉਨ੍ਹਾਂ ਨੂੰ ਮਾਰ “ਨਹੀਂ। ਜਿਨ੍ਹਾਂ ਨੂੰ ਤੂੰ ਆਪਣੀ ਤਲਵਾਰ ਅਤੇ ਧਣੁਖ ਨਾਲ ਆਪਣੇ ਬੰਧੀ ਬਣਾਇਆ ਸੀ, ਕੀ ਤੂੰ ਉਨ੍ਹਾਂ ਨੂੰ ਮਾਰ ਸੁੱਟੇਂਗਾ? ਅਰਾਮੀ ਫ਼ੌਜ ਨੂੰ ਸਗੋਂ ਥੋੜਾ ਅੰਨ-ਪਾਣੀ ਦੇਹ। ਉਨ੍ਹਾਂ ਨੂੰ ਕੁਝ ਖਾਣ-ਪੀਣ ਦੇ ਤੇ ਫ਼ਿਰ ਉਨ੍ਹਾਂ ਨੂੰ ਆਪਣੇ ਮਾਲਿਕ ਦੇ ਘਰ ਵਾਪਸ ਪਰਤਣ ਦੇਹ।”
23 ਤਾਂ ਇਸਰਾਏਲ ਦੇ ਪਾਤਸ਼ਾਹ ਨੇ ਅਰਾਮੀ ਸੈਨਾ ਲਈ ਖੁਲ੍ਹਾ ਭੋਜਨ ਤਿਆਰ ਕਰਵਾਇਆ। ਉਨ੍ਹਾਂ ਨੇ ਰੱਜ ਕੇ ਖਾਧਾ ਅਤੇ ਪੀਤਾ। ਫੇਰ ਇਸਰਾਏਲ ਦੇ ਪਾਤਸ਼ਾਹ ਨੇ ਉਨ੍ਹਾਂ ਨੂੰ ਵਾਪਸ ਆਪਣੇ ਰਾਹ ਜਾਣ ਦਿੱਤਾ। ਤੇ ਉਹ ਸੈਨਾ ਅਰਾਮ ’ਚ ਆਪਣੇ ਮਾਲਕਾਂ ਕੋਲ ਪਰਤ ਗਈ। ਉਸ ਤੋਂ ਬਾਅਦ, ਕਦੇ ਵੀ ਅਰਾਮੀ ਸਿਪਾਹੀ ਇਸਰਾਏਲ ਦੀ ਧਰਤੀ ਤੇ ਛਾਪੇ ਮਾਰਨ ਲਈ ਨਹੀਂ ਆਏ।
ਸਾਮਰਿਯਾ ਵਿੱਚ ਭਿਆਨਕ ਕਾਲ
24 ਇਸਤੋਂ ਬਾਅਦ ਅਰਾਮ ਦੇ ਰਾਜੇ ਬਨ-ਹਦਦ ਨੇ ਆਪਣੀ ਸਾਰੀ ਫ਼ੌਜ ਇਕੱਠੀ ਕੀਤੀ ਅਤੇ ਸਾਮਰਿਯਾ ਨੂੰ ਘੇਰ ਲਿਆ। 25 ਸਾਮਰਿਯਾ ਵਿੱਚ ਮਹਾਂਕਾਲ ਪੈ ਗਿਆ ਅਤੇ ਫ਼ੌਜ ਨੇ ਅੰਨ ਸ਼ਹਿਰ ਦੇ ਅੰਦਰ ਨਾ ਆਣ ਦਿੱਤਾ ਇਸ ਲਈ ਸਾਮਰਿਯਾ ਵਿੱਚ ਮਹਾਂਕਾਲ ਪੈ ਗਿਆ। ਇੱਥੋਂ ਤੱਕ ਹਾਲਤ ਬੁਰੀ ਹੋ ਗਈ ਕਿ ਇੱਕ ਖੋਤੇ ਦਾ ਸਿਰ ਵੀ ਚਾਂਦੀ ਦੇ ਅਸੀਂ ਸਿੱਕਿਆਂ ਦੇ ਤੁੱਲ ਵਿਕਦਾ ਅਤੇ ਕਬੂਤਰ (ਘੁੱਗੀ) ਦੀ ਵਿੱਠ ਦਾ ਅੱਧਾ ਸੇਰ ਚਾਂਦੀ ਦੇ ਪੰਜ ਸਿੱਕਿਆਂ ਦੀ ਵਿਕਦੀ।
26 ਇੱਕ ਦਿਨ ਜਦ ਇਸਰਾਏਲ ਦਾ ਪਾਤਸ਼ਾਹ ਸ਼ਹਿਰ ਦੀ ਕੰਧ ਉੱਪਰ ਤੁਰਿਆ ਜਾਂਦਾ ਸੀ ਤਾਂ ਇੱਕ ਔਰਤ ਨੇ ਇਹ ਕਹਿ ਕੇ ਉਸ ਦੀ ਦੁਹਾਈ ਦਿੱਤੀ ਕਿ ਹੇ ਮੇਰੇ ਮਹਾਰਾਜ ਪਾਤਸ਼ਾਹ! ਕਿਰਪਾ ਕਰਕੇ ਮੇਰੀ ਮਦਦ ਕਰ।
27 ਇਸਰਾਏਲ ਦੇ ਪਾਤਸ਼ਾਹ ਨੇ ਕਿਹਾ, “ਜੇ ਯਹੋਵਾਹ ਹੀ ਤੈਨੂੰ ਨਾ ਬਚਾਣਾ ਚਾਹੇ ਤਾਂ ਮੈਂ ਤੈਨੂੰ ਕਿਵੇਂ ਬਚਾ ਸੱਕਦਾ ਹਾਂ? ਮੇਰੇ ਕੋਲ ਤੈਨੂੰ ਦੇਣ ਲਈ ਕੁਝ ਨਹੀਂ ਹੈ, ਨਾ ਹੀ ਖਲਵਾੜੇ ਵਿੱਚ ਅਨਾਜ ਹੈ ਤੇ ਨਾ ਹੀ ਚੁਬੱਚੇ ਵਿੱਚ ਦਾਖ ਹੈ।” 28 ਫ਼ਿਰ ਇਸਰਾਏਲ ਦੇ ਪਾਤਸ਼ਾਹ ਨੇ ਉਸ ਔਰਤ ਨੂੰ ਕਿਹਾ, “ਤੈਨੂੰ ਕੀ ਦੁੱਖ ਹੈ?”
ਉਹ ਔਰਤ ਬੋਲੀ, “ਇਸ ਔਰਤ ਨੇ ਮੈਨੂੰ ਆਖਿਆ ਕਿ ‘ਤੂੰ ਮੈਨੂੰ ਆਪਣਾ ਪੁੱਤਰ ਦੇਹ ਤਾਂ ਜੋ ਅੱਜ ਅਸੀਂ ਉਸ ਨੂੰ ਵੱਢੀਏ ਤੇ ਫ਼ਿਰ ਖਾ ਲਈਏ ਤੇ ਕੱਲ ਮੈਂ ਆਪਣਾ ਪੁੱਤਰ ਵੱਢ ਕੇ ਕੱਲ ਉਸ ਨੂੰ ਖਾ ਲਵਾਂਗੇ।’ 29 ਇਉਂ ਮੈਂ ਆਪਣਾ ਪੁੱਤਰ ਵੱਢਿਆ-ਉਬਾਲਿਆ ਤੇ ਅਸੀਂ ਖਾਧਾ। ਅਗਲੇ ਦਿਨ ਮੈਂ ਆਖਿਆ ‘ਹੁਣ ਤੂੰ ਆਪਣਾ ਪੁੱਤਰ ਦੇਹ ਤਾਂ ਜੋ ਅਸੀਂ ਉਸ ਨੂੰ ਵੀ ਵੱਢਕੇ ਖਾਈਏ’ ਪਰ ਇਸਨੇ ਇਉਂ ਕਰਨ ਤੋਂ ਪਹਿਲਾਂ ਆਪਣਾ ਪੁੱਤਰ ਕਿਤੇ ਛੁਪਾਅ ਲਿਆ ਹੈ।”
30 ਜਦੋਂ ਪਾਤਸ਼ਾਹ ਨੇ ਉਸ ਔਰਤ ਦੇ ਇਹ ਬਚਨ ਸੁਣੇ ਤਾਂ ਉਸ ਨੇ ਆਪਣੀ ਬੇਚੈਨੀ ਜ਼ਾਹਿਰ ਕਰਨ ਲਈ ਆਪਣੇ ਤਨ ਦੇ ਕੱਪੜੇ ਫ਼ਾੜ ਦਿੱਤੇ ਤੇ ਜਦੋਂ ਉਹ ਦੀਵਾਰ ਤੋਂ ਲੰਘ ਰਿਹਾ ਸੀ ਤਾਂ ਲੋਕਾਂ ਨੇ ਪਾਤਸ਼ਾਹ ਨੂੰ ਫ਼ਟੇ ਕੱਪੜਿਆਂ ਅੰਦਰ ਤਨ ਤੇ ਟਾਟ ਲਪੇਟਿਆਂ ਵੇਖਿਆ ਤਾਂ ਉਹ ਜਾਣ ਗਏ ਕਿ ਰਾਜਾ ਬੜਾ ਦੁੱਖ ’ਚ ਹੈ ਤੇ ਉਦਾਸ ਬੇਚੈਨ ਹੈ।
31 ਪਾਤਸ਼ਾਹ ਨੇ ਕਿਹਾ, “ਜੇ ਅੱਜ ਸ਼ਾਫ਼ਾਤ ਦੇ ਪੁੱਤਰ ਅਲੀਸ਼ਾ ਦਾ ਸਿਰ ਉਸ ਦੇ ਤਨ ਉੱਪਰੋ ਰਹਿ ਜਾਵੇ ਤਾਂ ਪਰਮੇਸ਼ੁਰ ਮੇਰੇ ਨਾਲ ਇਸ ਵਰਗਾ ਨਹੀਂ ਸਗੋਂ ਇਸ ਤੋਂ ਵੱਧ ਬੁਰਾ ਹਸ਼ਰ ਕਰੇ।”
32 ਪਾਤਸ਼ਾਹ ਨੇ ਅਲੀਸ਼ਾ ਵੱਲ ਸੰਦੇਸ਼ਵਾਹਕ ਭੇਜਿਆ, ਉਹ ਆਪਣੇ ਘਰ ਵਿੱਚ ਬੈਠਾ ਹੋਇਆ ਸੀ ਅਤੇ ਉਸ ਨਾਲ ਬਜ਼ੁਰਗ ਬੈਠੇ ਹੋਏ ਸਨ। ਸੰਦੇਸ਼ਵਾਹਕ ਦੇ ਪਹੁੰਚਣ ਤੋਂ ਪਹਿਲਾਂ ਹੀ ਅਲੀਸ਼ਾ ਨੇ ਬਜ਼ੁਰਗਾਂ ਨੂੰ ਆਖਿਆ, “ਵੇਖੋ ਉਸ ਖੂਨੀ ਦੇ ਪੁੱਤਰ ਨੇ ਮੇਰਾ ਸਿਰ ਲੈਣ ਲਈ ਇੱਕ ਜਣੇ ਨੂੰ ਭੇਜਿਆ ਹੈ। ਵੇਖੋ ਜਦੋਂ ਉਹ ਸੰਦੇਸ਼ਵਾਹਕ ਆਵੇ ਤਾਂ ਤੁਸੀਂ ਦਰਵਾਜ਼ਾ ਬੰਦ ਕਰਕੇ ਉਸ ਨੂੰ ਧੱਕੀ ਰੱਖਣਾ। ਕਿਉਂ ਕਿ ਮੈਂ ਉਸ ਦੇ ਪਿੱਛੇ ਉਸ ਦੇ ਸੁਆਮੀ ਦੇ ਪੈਰਾਂ ਦੀ ਬਿੜਕ ਵੀ ਸੁਣ ਰਿਹਾ ਹਾਂ।”
33 ਜਦੋਂ ਅਲੀਸ਼ਾ ਅਜੇ ਆਗੂ ਬਜ਼ੁਰਗਾਂ ਨਾਲ ਗੱਲ ਕਰ ਹੀ ਰਿਹਾ ਸੀ ਤਾਂ ਸੰਦੇਸ਼ਵਾਹਕ ਉਸ ਕੋਲ ਆਇਆ ਅਤੇ ਆਖਿਆ, “ਵੇਖੋ! ਇਹ ਮੁਸੀਬਤ ਯਹੋਵਾਹ ਵੱਲੋਂ ਹੈ ਤਾਂ ਫ਼ਿਰ ਹੁਣ ਮੈਂ ਭਲਾ ਯਹੋਵਾਹ ਦੇ ਹੁਕਮ ਦੀ ਹੋਰ ਉਡੀਕ ਕਿਉਂ ਕਰਾਂ?”
7 ਅਲੀਸ਼ਾ ਨੇ ਆਖਿਆ, “ਯਹੋਵਾਹ ਵੱਲੋਂ ਭੇਜੇ ਸੰਦੇਸ਼ ਨੂੰ ਸੁਣੋ। ਯਹੋਵਾਹ ਆਖਦਾ ਹੈ: ‘ਕੱਲ੍ਹ ਇਸੇ ਵਕਤ ਸਾਮਰਿਯਾ ਦੇ ਸ਼ਹਿਰ ਦੇ ਫਾਟਕ ਤੇ ਅਤੇ ਮੰਡੀ ਵਿੱਚ ਆਟੇ ਦੀ ਇੱਕ ਟੋਕਰੀ ਅਤੇ ਜੌਆਂ ਦੀਆਂ ਦੋ ਬਾਲਟੀਆਂ ਇੱਕ ਸ਼ੈਕਲ ’ਚ ਉਪਲਬਧ ਹੋਣਗੀਆਂ। ਅਨਾਜ ਦਾ ਇੰਨਾ ਹੜ੍ਹ ਆਵੇਗਾ ਕਿ ਲੋਕ ਇੰਨਾ ਸਸਤਾ ਅਨਾਜ ਮੁੜ ਤੋਂ ਢੇਰ ਸਾਰਾ ਖਰੀਦਣ ਦੇ ਸਮਰੱਥ ਹੋ ਜਾਣਗੇ।”
2 ਤਦ ਉਹ ਅਫ਼ਸਰ ਜਿਹੜਾ ਪਾਤਸ਼ਾਹ ਦਾ ਬੜਾ ਕਰੀਬ ਦਾ ਸੀ ਨੇ ਪਰਮੇਸ਼ੁਰ ਦੇ ਮਨੁੱਖ (ਅਲੀਸ਼ਾ) ਨੂੰ ਕਿਹਾ, “ਜੇਕਰ ਯਹੋਵਾਹ ਅਕਾਸ਼ ਵਿੱਚ ਤਾਕੀਆਂ ਵੀ ਲਗਾ ਦੇਵੇ ਤਾਂ ਵੀ ਇਹ ਗੱਲ ਸੰਭਵ ਨਹੀਂ ਹੋ ਸੱਕਦੀ।”
ਅਲੀਸ਼ਾ ਨੇ ਕਿਹਾ, “ਤੂੰ ਇਹ ਘਟਨਾ ਆਪਣੀਆਂ ਅੱਖਾਂ ਸਾਹਮਣੇ ਵੇਖਣ ਵਾਲਾ ਹੈਂ, ਪਰ ਤੂੰ ਉਸ ਵਿੱਚੋਂ ਕੁਝ ਖਾ ਨਾ ਸੱਕੇਂਗਾ।”
ਕੋੜ੍ਹੀਆਂ ਨੇ ਅਰਾਮੀਆਂ ਦਾ ਤੰਬੂ ਖਾਲੀ ਡਿੱਠਾ
3 ਸ਼ਹਿਰ ਦੇ ਦਰਵਾਜ਼ੇ ਕੋਲ ਚਾਰ ਮਨੁੱਖ ਕੋੜ੍ਹ ਨਾਲ ਪੀੜਿਤ ਸਨ। ਉਹ ਇੱਕ ਦੂਜੇ ਨੂੰ ਆਖ ਰਹੇ ਸਨ, “ਅਸੀਂ ਭਲਾ ਇੱਥੇ ਬੈਠੇ ਮੌਤ ਦੀ ਉਡੀਕ ਕਿਉਂ ਕਰ ਰਹੇ ਹਾਂ? 4 ਸਾਮਰਿਯਾ ਵਿੱਚ ਕਾਲ ਪਿਆ ਹੈ, ਇਸ ਨਾਲੋਂ ਤਾਂ ਚੰਗਾ ਹੋਵੇ ਜੇ ਅਸੀਂ ਸ਼ਹਿਰ ਵਿੱਚ ਜਾਕੇ ਮਰੀਏ, ਕਿਉਂ ਕਿ ਮਰਨਾ ਤਾਂ ਇੱਥੇ ਵੀ ਹੈ ਹੀ, ਸੋ ਇਸ ਤੋਂ ਚੰਗਾ ਹੈ ਕਿ ਚਲੋ ਅਰਾਮੀਆਂ ਦੇ ਤੰਬੂ ’ਚ ਚਲੀਏ। ਜੇਕਰ ਉਹ ਸਾਨੂੰ ਉੱਥੇ ਜਿਉਂਦਾ ਛੱਡਣ ਤਾਂ ਅਸੀਂ ਜਿਉਂਦੇ ਰਹਾਂਗੇ ਤੇ ਜੇਕਰ ਉਹ ਸਾਨੂੰ ਮਾਰ ਸੁੱਟਣ ਤਾਂ ਮਰਨਾ ਤਾਂ ਹੈ ਹੀ ਹੈ।”
5 ਤਾਂ ਉਸ ਸ਼ਾਮ ਉਹ ਚਾਰੇ ਕੋੜ੍ਹੀ ਅਰਾਮੀਆਂ ਦੇ ਡੇਰੇ ਜਾ ਪਹੁੰਚੇ। ਜਦੋਂ ਉਹ ਬਿਲਕੁਲ ਉਸ ਦੇ ਨੇੜੇ ਪਹੁੰਚੇ ਤਾਂ ਉੱਥੇ ਕੋਈ ਵੀ ਬੰਦਾ ਨਹੀਂ ਸੀ। 6 ਉਹ ਇਸ ਲਈ ਕਿ ਯਹੋਵਾਹ ਨੇ ਅਰਾਮੀਆਂ ਦੀ ਫ਼ੌਜ ਨੂੰ ਰੱਥਾਂ ਦੀ ਅਵਾਜ਼ ਤੇ ਘੋੜਿਆਂ ਦੀ ਅਵਾਜ਼ ਤੇ ਇੱਕ ਵੱਡੇ ਲਸ਼ਕਰ ਦੀ ਆਵਾਜ਼ ਸੁਣਾਈ ਸੀ, ਤਾਂ ਅਰਾਮੀ ਫ਼ੌਜ ਆਪਸ ਵਿੱਚ ਇੱਕ-ਦੂਜੇ ਨੂੰ ਕਹਿਣ ਲੱਗੇ, “ਵੇਖੋ, ਇਸਰਾਏਲ ਦੇ ਪਾਤਸ਼ਾਹ ਨੇ ਸਾਡੇ ਵਿਰੁੱਧ ਹਿੱਤੀਆਂ ਦੇ ਰਾਜੇ ਤੇ ਮਿਸਰੀਆਂ ਦੇ ਰਾਜਿਆਂ ਨੂੰ ਸਾਡੇ ਵਿਰੁੱਧ ਖਰੀਦਿਆ ਹੈ।”
7 ਤਾਂ ਉਹ ਤਕਾਲੀਂ ਉੱਠ ਕੇ ਹੀ ਉੱਥੋਂ ਭੱਜ ਗਏ। ਉਹ ਸਾਰਾ ਕੁਝ ਉਵੇਂ ਹੀ ਪਿੱਛੇ ਛੱਡ ਗਏ। ਉਹ ਆਪਣੇ ਤੰਬੂ, ਘੋੜੇ, ਖੋਤੇ ਸਭ ਕੁਝ ਪਿੱਛੇ ਹੀ ਛੱਡ ਕੇ ਆਪਣੀ ਜਾਨ ਬਚਾਅ ਕੇ ਉੱਥੋਂ ਨੱਸ ਗਏ।
ਦੁਸ਼ਮਣਾਂ ਦੇ ਡੇਰੇ ’ਚ ਕੋੜ੍ਹੀ
8 ਜਦੋਂ ਉਹ ਕੋੜ੍ਹੀ ਡੇਰੇ ਦੀ ਬਾਹਰਲੀ ਹੱਦ ਕੋਲ ਪਹੁੰਚੇ ਤਾਂ ਉਨ੍ਹਾਂ ਨੇ ਇੱਕ ਤੰਬੂ ਵਿੱਚ ਵੜ ਕੇ ਖਾਧਾ-ਪੀਤਾ ਫ਼ਿਰ ਉਨ੍ਹਾਂ ਨੇ ਉੱਥੋਂ ਸੋਨਾ-ਚਾਂਦੀ ਅਤੇ ਕੱਪੜੇ ਆਦਿ ਚੁਰਾਏ ਅਤੇ ਉਨ੍ਹਾਂ ਨੂੰ ਲੁਕਾਅ ਲਿਆ। ਫ਼ਿਰ ਉਹ ਦੂਜੇ ਤੰਬੂ ਵਿੱਚ ਵੜੇ, ਉੱਥੋਂ ਵੀ ਉਨ੍ਹਾਂ ਨੇ ਵਸਤਾਂ ਚੁੱਕੀਆਂ ਤੇ ਫ਼ਿਰ ਉਨ੍ਹਾਂ ਨੂੰ ਵੀ ਬਾਹਰ ਜਾਕੇ ਲੁਕਾਅ ਆਏ। 9 ਤਦ ਇਨ੍ਹਾਂ ਕੋੜ੍ਹੀਆਂ ਨੇ ਇੱਕ-ਦੂਜੇ ਨੂੰ ਆਖਿਆ, “ਅਸੀਂ ਚੰਗਾ ਕੰਮ ਨਹੀਂ ਕਰ ਰਹੇ। ਅੱਜ ਦਾ ਦਿਨ ਤਾਂ ਖੁਸ਼ਖਬਰੀ ਦਾ ਹੈ ਪਰ ਅਸੀਂ ਚੁੱਪ ਬੈਠੇ ਹਾਂ। ਜੇਕਰ ਅਸੀਂ ਸਵੇਰ ਦੀ ਪੋਹ ਫ਼ੁੱਟਣ ਤਾਈਂ ਠਹਿਰੇ ਰਹੀਏ ਤਾਂ ਸਾਡੇ ਉੱਤੇ ਕੋਈ ਬਲਾ ਆਵੇਗੀ। ਸੋ ਆਓ ਹੁਣ ਅਸੀਂ ਜਾਕੇ ਪਾਤਸ਼ਾਹ ਦੇ ਘਰਾਣੇ ਨੂੰ ਖਬਰ ਦੇਈਏ।”
ਕੋੜ੍ਹੀਆਂ ਦਾ ਖੁਸ਼ਖਬਰੀ ਸੁਨਾਉਣਾ
10 ਤਾਂ ਇਨ੍ਹਾਂ ਕੋੜ੍ਹੀਆਂ ਨੇ ਜਾਕੇ ਸ਼ਹਿਰ ਦੇ ਦਰਬਾਨ ਨੂੰ ਆਵਾਜ਼ ਦਿੱਤੀ ਅਤੇ ਉਨ੍ਹਾਂ ਨੂੰ ਜਾਕੇ ਦੱਸਿਆ ਕਿ, “ਅਸੀਂ ਅਰਾਮੀਆਂ ਦੇ ਡੇਰੇ ਵਿੱਚ ਗਏ ਅਤੇ ਉੱਥੇ ਨਾ ਆਦਮੀ ਸੀ ਨਾ ਆਦਮੀ ਦੀ ਆਵਾਜ਼ ਸਿਰਫ ਘੋੜੇ ਅਤੇ ਗਧੇ ਉੱਥੇ ਬੱਝੇ ਹੋਏ ਸਨ ਅਤੇ ਤੰਬੂ ਉਵੇਂ ਦੇ ਉਵੇਂ ਲੱਗੇ ਪਏ ਸਨ। ਪਰ ਆਦਮੀ ਸਾਰੇ ਗਇਬ ਸਨ।”
11 ਤਾਂ ਫ਼ਾਟਕ ਦੇ ਦਰਬਾਨਾਂ ਨੇ ਜ਼ੋਰ ਦੀ ਆਵਾਜ਼ ਦੇਕੇ ਪਾਤਸ਼ਾਹ ਦੇ ਘਰਾਣੇ ਨੂੰ ਅੰਦਰ ਖਬਰ ਦਿੱਤੀ। 12 ਰਾਤ ਦਾ ਵੇਲਾ ਸੀ ਪਰ ਰਾਜਾ ਬਿਸਤਰੇ ਚੋ ਉੱਠਿਆ ਅਤੇ ਆਕੇ ਆਪਣੇ ਅਫ਼ਸਰਾਂ ਨੂੰ ਕਿਹਾ, “ਮੈਂ ਤੁਹਾਨੂੰ ਦੱਸਦਾ ਹਾਂ ਕਿ ਅਰਾਮੀਆਂ ਨੇ ਸਾਡੇ ਨਾਲ ਕੀ ਕੀਤਾ ਹੈ? ਉਨ੍ਹਾਂ ਨੂੰ ਪਤਾ ਸੀ ਕਿ ਅਸੀਂ ਭੁੱਖੇ ਹਾਂ ਇਸ ਲਈ ਉਹ ਡੇਰੇ ਨੂੰ ਛੱਡ ਕੇ ਖੇਤਾਂ ਵਿੱਚ ਲੁਕ ਗਏ ਹਨ। ਉਹ ਸੋਚ ਰਹੇ ਹਨ ਕਿ ਜਦੋਂ ਇਸਰਾਏਲੀ ਸ਼ਹਿਰ ਵਿੱਚੋਂ ਬਾਹਰ ਆਉਣਗੇ ਤਾਂ ਉਹ ਸਾਨੂੰ ਜਿਉਂਦੇ ਫ਼ੜ ਲੈਣ ਤੇ ਇਉਂ ਫ਼ਿਰ ਉਹ ਸ਼ਹਿਰ ਵਿੱਚ ਆ ਵੜਣਗੇ।”
13 ਪਾਤਸ਼ਾਹ ਦੇ ਅਫ਼ਸਰਾਂ ਵਿੱਚੋਂ ਇੱਕ ਨੇ ਕਿਹਾ, “ਆਓ ਅਸੀਂ ਕੁਝ ਆਦਮੀਆਂ ਨੂੰ ਉਨ੍ਹਾਂ ਪੰਜਾਂ ਘੋੜਿਆਂ ਨੂੰ ਲਿਆਉਣ ਲਈ ਭੇਜੀਏ ਜਿਹੜੇ ਹਾਲੇ ਸ਼ਹਿਰ ਵਿੱਚ ਹੀ ਹਨ। ਕਿਉਂ ਕਿ ਜਲਦੀ ਹੀ ਇਸਰਾਏਲ ਦੇ ਲੋਕਾਂ ਵਾਂਗ, ਜੋ ਕਿ ਸ਼ਹਿਰ ਹਾਲੇ ਬਚੇ ਹੋਏ ਹਨ, ਘੋੜੇ ਵੀ ਮਰ ਜਾਣਗੇ। ਆਪਾਂ ਇਨਾਂ ਆਦਮੀਆਂ ਨੂੰ ਇਹ ਪਤਾ ਲਗਾਉਣ ਲਈ ਭੇਜੀਏ ਕਿ ਕੀ ਵਾਪਰਿਆ ਹੈ।”
14 ਤਾਂ ਕੁਝ ਆਦਮੀ ਰੱਥ ਨਾਲ ਘੋੜੇ ਬੰਨ੍ਹਕੇ ਉੱਥੇ ਗਏ। ਪਾਤਸ਼ਾਹ ਨੇ ਉਨ੍ਹਾਂ ਨੂੰ ਅਰਾਮੀਆਂ ਦੇ ਲਸ਼ਕਰ ਦੇ ਪਿੱਛੇ ਭੇਜਿਆ। ਪਾਤਸ਼ਾਹ ਨੇ ਉਨ੍ਹਾਂ ਨੂੰ ਆਖਿਆ, “ਜਾਓ ਤੇ ਵੇਖੋ ਕਿ ਕੀ ਵਾਪਰਿਆ ਹੈ?”
15 ਤਾਂ ਉਹ ਆਦਮੀ ਅਰਾਮੀ ਫ਼ੌਜ ਦੇ ਪਿੱਛੇ ਯਰਦਨ ਦਰਿਆ ਤੀਕ ਗਏ ਅਤੇ ਉਹ ਸਾਰਾ ਰਸਤਾ ਵਸਤਰਾਂ ਅਤੇ ਭਾਂਡਿਆਂ ਨਾਲ ਭਰਿਆ ਹੋਇਆ ਸੀ। ਇਨ੍ਹਾਂ ਵਸਤਰਾਂ ਨੂੰ ਅਰਾਮੀਆਂ ਨੇ ਭਾਜੜ ਵਿੱਚ ਰਾਹ ’ਚ ਹੀ ਸੁੱਟ ਦਿੱਤਾ ਸੀ। ਸੰਦੇਸ਼ਵਾਹਕ ਵਾਪਸ ਗਏ ਅਤੇ ਪਾਤਸ਼ਾਹ ਨੂੰ ਜਾਕੇ ਇਹ ਹਾਲ ਸੁਣਾਇਆ।
16 ਤਦ ਲੋਕਾਂ ਨੇ ਬਾਹਰ ਨਿਕਲ ਕੇ ਅਰਾਮੀਆਂ ਦੇ ਡੇਰੇ ਨੂੰ ਲੁੱਟ ਲਿਆ। ਉੱਥੇ ਹਰ ਇੱਕ ਲਈ ਬੇਸ਼ੁਮਾਰ ਸਮਾਨ ਸੀ। ਸੋ ਯਹੋਵਾਹ ਦੇ ਬਚਨ ਅਨੁਸਾਰ ਆਟੇ ਦੀ ਇੱਕ ਟੋਕਰੀ, ਇੱਕ ਸ਼ੇਕਲ ਤੇ ਜੌਆਂ ਦੀਆਂ ਦੋ ਟੋਕਰੀਆਂ, ਇੱਕ ਰੁਪਏ ਦੀਆਂ ਹੋਣਗੀਆਂ।
17 ਤਾਂ ਪਾਤਸ਼ਾਹ ਨੇ ਉਸੇ ਅਫ਼ਸਰ ਨੂੰ, ਜਿਸ ਤੇ ਉਹ ਬਹੁਤ ਭਰੋਸਾ ਕਰਦਾ ਸੀ, ਫ਼ਾਟਕ ਦੀ ਦੇਖਭਾਲ ਉੱਪਰ ਲਗਾ ਦਿੱਤਾ। ਪਰ ਲੋਕ ਦੁਸ਼ਮਣ ਦੇ ਡੇਰੇ ਤੋਂ ਅੰਨ ਲੁੱਟਣ ਲਈ ਨੱਸੇ ਤੇ ਉਹ ਲੋਕਾਂ ਦੀ ਭੀੜ ਵਿੱਚ ਉਨ੍ਹਾਂ ਦੇ ਪੈਰਾਂ ਹੇਠ ਹੀ ਲਿਤਾੜਿਆ ਗਿਆ ਅਤੇ ਮਰ ਗਿਆ। ਤਾਂ ਇਹ ਸਭ ਕੁਝ ਉਵੇਂ ਹੀ ਵਾਪਰਿਆ ਜਿਵੇਂ ਪਰਮੇਸ਼ੁਰ ਦੇ ਮਨੁੱਖ (ਅਲੀਸ਼ਾ) ਨੇ ਜਦੋਂ ਪਾਤਸ਼ਾਹ ਉਸ ਦੇ ਘਰ ਆਇਆ ਸੀ ਤਾਂ ਆਖਿਆ ਸੀ। 18 ਅਲੀਸ਼ਾ ਨੇ ਆਖਿਆ ਸੀ, “ਕੱਲ ਇਸੇ ਵੇਲੇ ਸਾਮਰਿਯਾ ਸ਼ਹਿਰ ਦੇ ਫ਼ਾਟਕ ਤੇ ਜੌਆਂ ਦੀਆਂ ਦੋ ਟੋਕਰੀਆਂ ਤੇ ਆਟੇ ਦੀ ਇੱਕ ਟੋਕਰੀ ਇੱਕ ਸ਼ੇਕਲ ਲਈ ਉਪਲਬਧ ਹੋਣਗੀਆਂ।” 19 ਪਰ ਅਫ਼ਸਰ ਨੇ ਅਲੀਸ਼ਾ ਨੂੰ ਇਹ ਆਖਿਆ ਸੀ ਕਿ “ਜੇਕਰ ਯਹੋਵਾਹ ਅਕਾਸ਼ ਵਿੱਚ ਵੀ ਤਾਕੀਆਂ ਲਗਾ ਦੇਵੇ ਤਾਂ ਵੀ ਅਜਿਹਾ ਨਹੀਂ ਹੋ ਸੱਕਦਾ।” ਤਾਂ ਅਲੀਸ਼ਾ ਨੇ ਉਸ ਨੂੰ ਆਖਿਆ ਸੀ, “ਤੂੰ ਆਪਣੀਆਂ ਅੱਖਾਂ ਸਾਹਮਣੇ ਇਹ ਨਜ਼ਾਰਾ ਵੇਖੇਂਗਾ ਪਰ ਤੂੰ ਉਸ ਅੰਨ ਵਿੱਚੋਂ ਕੁਝ ਖਾ ਨਹੀਂ ਸੱਕੇਂਗਾ।” 20 ਸੋ ਉਸ ਨਾਲ ਉਵੇਂ ਹੀ ਹੋਇਆ ਤੇ ਉਹ ਫ਼ਾਟਕ ਦੇ ਵਿੱਚਕਾਰ ਲੋਕਾਂ ਦੇ ਪੈਰਾਂ ਹੇਠਾਂ ਮਿੱਧ ਕੇ ਮਾਰਿਆ ਗਿਆ।
ਸ਼ੂਨੰਮੀ ਔਰਤ ਅਤੇ ਪਾਤਸ਼ਾਹ
8 ਅਲੀਸ਼ਾ ਨੇ ਉਸ ਔਰਤ ਨਾਲ ਗੱਲ ਕੀਤੀ ਜਿਸਦੇ ਪੁੱਤਰ ਨੂੰ ਉਸ ਨੇ ਜੀਵਤ ਕੀਤਾ ਸੀ ਅਤੇ ਆਖਿਆ, “ਉੱਠ ਤੇ ਆਪਣੇ ਪਰਿਵਾਰ ਸਮੇਤ ਇਸ ਦੇਸ਼ ਵਿੱਚੋਂ ਕਿਤੇ ਹੋਰ ਚਲੀ ਜਾ। ਕਿਉਂ ਕਿ ਯਹੋਵਾਹ ਨੇ ਇੱਥੇ ਕਾਲ ਦਾ ਹੁਕਮ ਦੇ ਦਿੱਤਾ ਹੈ ਜੋ ਕਿ ਇਸ ਦੇਸ਼ ਉੱਪਰ ਸੱਤ ਸਾਲਾਂ ਲਈ ਰਹੇਗਾ।”
2 ਤਾਂ ਉਸ ਔਰਤ ਨੇ ਉਵੇਂ ਹੀ ਕੀਤਾ ਜਿਵੇਂ ਪਰਮੇਸ਼ੁਰ ਦੇ ਮਨੁੱਖ ਨੇ ਕਿਹਾ। ਤਾਂ ਉਹ ਸੱਤ ਸਾਲਾਂ ਲਈ ਫ਼ਲਿਸਤੀਆਂ ਦੇ ਦੇਸ਼ ਵਿੱਚ ਆਪਣੇ ਟੱਬਰ ਨੂੰ ਲੈ ਕੇ ਚਲੀ ਗਈ। 3 ਜਦ ਸੱਤ ਸਾਲ ਬੀਤ ਗਏ ਤਾਂ ਉਹ ਫ਼ਲਿਸਤੀਆਂ ਨੂੰ ਛੱਡ, ਮੁੜ ਆਪਣੇ ਘਰ ਲਈ ਮੁੜ ਆਈ।
ਫ਼ਲਿਸਤੀਆਂ ਤੋਂ ਵਾਪਸ ਆਕੇ ਉਹ ਪਾਤਸ਼ਾਹ ਕੋਲ ਦੁਹਾਈ ਦੇਣ ਗਈ ਕਿ ਉਸ ਨੂੰ ਉਸਦਾ ਘਰ ਤੇ ਜ਼ਮੀਨ ਵਾਪਸ ਦਿੱਤੀ ਜਾਵੇ।
4 ਤਦ ਪਾਤਸ਼ਾਹ, ਪਰਮੇਸ਼ੁਰ ਦੇ ਮਨੁੱਖ ਦੇ ਜਵਾਨ ਗੇਹਾਜੀ ਨਾਲ ਗੱਲਾਂ ਕਰ ਰਿਹਾ ਸੀ, “ਕਿਰਪਾ ਕਰਕੇ ਤੂੰ ਉਹ ਸਾਰੇ ਵੱਡੇ-ਵੱਡੇ ਕੰਮ ਮੈਨੂੰ ਦੱਸ ਜੋ ਅਲੀਸ਼ਾ ਨੇ ਕੀਤੇ ਹਨ।”
5 ਜਦ ਗੇਹਾਜੀ ਪਾਤਸ਼ਾਹ ਨੂੰ ਦੱਸ ਰਿਹਾ ਸੀ ਕਿ ਅਲੀਸ਼ਾ ਨੇ ਇੱਕ ਮਰੇ ਹੋਏ ਮਨੁੱਖ ਨੂੰ ਜੀਵਿਤ ਕੀਤਾ ਸੀ, ਉਸੇ ਵੇਲੇ ਜਿਸ ਔਰਤ ਦੇ ਬੱਚੇ ਨੂੰ ਅਲੀਸ਼ਾ ਨੇ ਜੀਵਿਤ ਕੀਤਾ ਸੀ, ਉੱਥੇ ਪਹੁੰਚ ਗਈ, ਉਹ ਪਾਤਸ਼ਾਹ ਕੋਲੋਂ ਆਪਣਾ ਖੁੱਸ ਚੁੱਕਾ ਘਰ ਤੇ ਜ਼ਮੀਨ ਵਾਪਸ ਲੈਣ ਲਈ ਮਦਦ ਮੰਗਣ ਗਈ ਸੀ। ਗੇਹਾਜੀ ਨੇ ਕਿਹਾ, “ਮੇਰੇ ਮਹਾਰਾਜ ਅਤੇ ਪਾਤਸ਼ਾਹ, ਇਹੀ ਉਹ ਔਰਤ ਹੈ ਤੇ ਇਹੀ ਉਹ ਬੱਚਾ, ਜਿਸ ਨੂੰ ਅਲੀਸ਼ਾ ਨੇ ਮਰੇ ਹੋਏ ਨੂੰ ਜਿਉਂਦਾ ਕੀਤਾ ਸੀ।”
6 ਪਾਤਸ਼ਾਹ ਨੇ ਉਸ ਔਰਤ ਨੂੰ ਪੁੱਛਿਆ ਕਿ ਉਹ ਕੀ ਚਾਹੁੰਦੀ ਹੈ? ਤਾਂ ਉਸ ਔਰਤ ਨੇ ਉਸ ਨੂੰ ਸਭ ਦੱਸਿਆ।
ਤਦ ਪਾਤਸ਼ਾਹ ਨੇ ਇੱਕ ਅਫ਼ਸਰ ਨੂੰ ਉਸ ਔਰਤ ਦੀ ਮਦਦ ਲਈ ਭੇਜਿਆ। ਪਾਤਸ਼ਾਹ ਨੇ ਆਖਿਆ, “ਇਸ ਔਰਤ ਨੂੰ ਇਸਦੀ ਸਾਰੀ ਜ਼ਮੀਨ ਜਾਇਦਾਦ ਤੇ ਜੋ ਇਸਦਾ ਹੱਕ ਹੈ, ਇਸ ਨੂੰ ਵਾਪਸ ਕਰ ਦਿੱਤਾ ਜਾਵੇ ਤੇ ਜਿਸ ਦਿਨ ਤੋਂ ਇਹ ਜ਼ਮੀਨ ਛੱਡ ਕੇ ਇੱਥੋਂ ਗਈ ਹੈ ਉਸ ਦਿਨ ਤੋਂ ਲੈ ਕੇ ਅੱਜ ਤੀਕ ਦੀ ਫ਼ਸਲ ਜੋ ਇਸਦਾ ਹੱਕ ਬਣਦਾ ਹੈ ਇਸ ਨੂੰ ਵਾਪਸ ਕੀਤਾ ਜਾਵੇ।”
ਬਨ-ਹਦਦ ਦਾ ਅਲੀਸ਼ਾ ਕੋਲ ਹਜ਼ਾਏਲ ਨੂੰ ਭੇਜਣਾ
7 ਤਾਂ ਅਲੀਸ਼ਾ ਦੰਮਿਸਕ ਵਿੱਚ ਆਇਆ। ਅਰਾਮ ਦਾ ਪਾਤਸ਼ਾਹ ਬਨ-ਹਦਦ ਤਦ ਬੀਮਾਰ ਸੀ। ਇੱਕ ਮਨੁੱਖ ਨੇ ਬਨ-ਹਦਦ ਨੂੰ ਇਹ ਦੱਸਿਆ ਕਿ ਪਰਮੇਸ਼ੁਰ ਦਾ ਮਨੁੱਖ ਇੱਥੇ ਆਇਆ ਹੈ।
8 ਤਦ ਬਨ-ਹਦਦ ਪਾਤਸ਼ਾਹ ਨੇ ਹਜ਼ਾਏਲ ਨੂੰ ਆਖਿਆ, “ਜਾਓ ਤੇ ਤੋਹਫ਼ਾ ਲੈ ਕੇ ਪਰਮੇਸ਼ੁਰ ਦੇ ਮਨੁੱਖ ਨੂੰ ਮਿਲਣ ਲਈ ਜਾਵੋ ਅਤੇ ਉਸ ਨੂੰ ਆਖੋ ਕਿ ਯਹੋਵਾਹ ਨੂੰ ਪੁੱਛੇ ਕਿ ਕੀ ਮੈਂ ਆਪਣੀ ਬਿਮਾਰੀ ਤੋਂ ਠੀਕ ਹੋ ਜਾਵਾਂਗਾ?”
9 ਤਦ ਹਜ਼ਾਏਲ ਅਲੀਸ਼ਾ ਨੂੰ ਮਿਲਣ ਲਈ ਗਿਆ ਅਤੇ ਆਪਣੇ ਨਾਲ ਤੋਹਫ਼ੇ ਵੀ ਲੈ ਗਿਆ। ਉਹ ਆਪਣੇ ਨਾਲ ਦੰਮਿਸਕ ਦੀਆਂ ਸਭ ਵਿਸ਼ੇਸ਼ ਵਸਤਾਂ ਲੈ ਕੇ ਗਿਆ। ਇਹ ਸਭ ਤੋਹਫ਼ੇ ਚੁੱਕਣ ਲਈ ਉਸ ਨੂੰ ਚਾਲੀ ਊਠ ਕਰਨੇ ਪਏ ਤੇ ਫ਼ਿਰ ਹਜ਼ਾਏਲ ਅਲੀਸ਼ਾ ਵੱਲ ਗਿਆ ਅਤੇ ਜਾਕੇ ਉਸ ਨੂੰ ਆਖਿਆ, “ਤੇਰੇ ਚੇਲੇ ਅਰਾਮ ਦੇ ਰਾਜੇ ਬਨ-ਹਦਦ ਨੇ ਇਹ ਆਖਕੇ ਮੈਨੂੰ ਤੇਰੇ ਕੋਲ ਭੇਜਿਆ ਹੈ ਕਿ ਇਹ ਪੁੱਛਾਂ ਕਿ ਕੀ ਮੈਂ ਇਸ ਰੋਗ ਤੋਂ ਚੰਗਾ ਹੋ ਜਾਵਾਂਗਾ?”
10 ਤਦ ਅਲੀਸ਼ਾ ਨੇ ਹਜ਼ਾਏਲ ਨੂੰ ਆਖਿਆ, “ਜਾਹ ਅਤੇ ਜਾਕੇ ਬਨ-ਹਦਦ ਨੂੰ ਆਖ ਕਿ ਉਹ ਅੱਛਾ ਹੋ ਜਾਵੇਗਾ ਪਰ ਯਹੋਵਾਹ ਨੇ ਮੇਰੇ ਉਪਰ ਪ੍ਰਗਟ ਕੀਤਾ ਹੈ ਕਿ ਉਹ ਜ਼ਰੂਰ ਮਰ ਜਾਵੇਗਾ।”
ਅਲੀਸ਼ਾ ਦੀ ਹਜ਼ਾਏਲ ਬਾਰੇ ਭਵਿੱਖਬਾਣੀ
11 ਅਲੀਸ਼ਾ ਹਜ਼ਾਏਲ ਵੱਲ ਟਿਕ-ਟਿਕੀ ਲਗਾ ਕੇ ਉਨੀ ਦੇਰ ਵੇਖਦਾ ਰਿਹਾ ਜਦ ਤੀਕ ਉਹ ਸ਼ਰਮਸਾਰ ਨਾ ਹੋ ਗਿਆ। ਤਦ ਪਰਮੇਸ਼ੁਰ ਦੇ ਮਨੁੱਖ ਨੇ ਰੋਣਾ ਸ਼ੁਰੂ ਕਰ ਦਿੱਤਾ। 12 ਹਜ਼ਾਏਲ ਨੇ ਪੁੱਛਿਆ, “ਸੁਆਮੀ, ਤੂੰ ਰੋ ਕਿਉਂ ਰਿਹਾ ਹੈ?”
ਅਲੀਸ਼ਾ ਨੇ ਆਖਿਆ “ਮੈਂ ਇਸ ਲਈ ਰੋ ਰਿਹਾ ਹਾਂ ਕਿਉਂ ਕਿ ਮੈਂ ਜਾਣਦਾ ਹਾਂ ਜੋ ਬਦੀ ਤੂੰ ਇਸਰਾਏਲੀਆਂ ਨਾਲ ਕਰਨ ਵਾਲਾ ਹੈਂ। ਤੂੰ ਉਨ੍ਹਾਂ ਦੇ ਮਜ਼ਬੂਤ ਸ਼ਹਿਰਾਂ ਨੂੰ ਸਾੜ ਦੇਵੇਂਗਾ ਅਤੇ ਉਨ੍ਹਾਂ ਦੇ ਨੌਜੁਆਨਾਂ ਨੂੰ ਤਲਵਾਰ ਨਾਲ ਵੱਢ ਸੁੱਟੇਗਾ। ਤੂੰ ਉਨ੍ਹਾਂ ਦੇ ਮਾਸੂਮ ਬੱਚਿਆਂ ਨੂੰ ਵੀ ਮਾਰ ਮੁਕਾਵੇਂਗਾ ਅਤੇ ਉਨ੍ਹਾਂ ਦੀਆਂ ਗਰਭਵਤੀ ਔਰਤਾਂ ਨੂੰ ਵੀ ਚੀਰ ਸੁੱਟੇਂਗਾ।”
13 ਹਜ਼ਾਏਲ ਨੇ ਆਖਿਆ, “ਮੈਂ ਇੰਨਾ ਤਾਕਤਵਰ ਮਨੁੱਖ ਨਹੀਂ ਜੋ ਇਹੋ ਜਿਹੇ ਵੱਡੇ ਕਾਰਜ ਕਰ ਸੱਕਾਂ।”
ਅਲੀਸ਼ਾ ਨੇ ਆਖਿਆ, “ਯਹੋਵਾਹ ਨੇ ਮੈਨੂੰ ਵਿਖਾਇਆ ਹੈ ਕਿ ਤੂੰ ਅਰਾਮ ਉੱਤੇ ਰਾਜਾ ਹੋਵੇਂਗਾ।”
14 ਤਦ ਹਜ਼ਾਏਲ ਉੱਥੋਂ ਮੁੜਕੇ ਪਾਤਸ਼ਾਹ ਕੋਲ ਗਿਆ। ਬਨ-ਹਦਦ ਨੇ ਹਜ਼ਾਏਲ ਨੂੰ ਪੁੱਛਿਆ, “ਅਲੀਸ਼ਾ ਨੇ ਤੈਨੂੰ ਕੀ ਆਖਿਆ ਹੈ?”
ਹਜ਼ਾਏਲ ਨੇ ਉੱਤਰ ਦਿੱਤਾ, “ਅਲੀਸ਼ਾ ਨੇ ਮੈਨੂੰ ਕਿਹਾ ਹੈ ਕਿ ਤੂੰ ਜਿਉਂਦਾ ਰਹੇਗਾ।”
ਹਜ਼ਾਏਲ ਵੱਲੋਂ ਬਨ-ਹਦਦ ਦਾ ਕਤਲ
15 ਪਰ ਅਗਲੇ ਦਿਨ, ਹਜ਼ਾਏਲ ਨੇ ਇੱਕ ਮੋਟਾ ਕੱਪੜਾ ਲਿਆ ਤੇ ਉਸ ਨੂੰ ਪਾਣੀ ਨਾਲ ਭਿਉਂ ਕੇ ਉਸ ਦੇ ਮੂੰਹ ਨੂੰ ਢੱਕ ਦਿੱਤਾ, ਇਸ ਨਾਲ ਬਨ-ਹਦਦ ਮਰ ਗਿਆ ਤੇ ਹਜ਼ਾਏਲ ਨਵਾਂ ਰਾਜਾ ਬਣ ਗਿਆ।
ਯਹੋਰਾਮ ਨੇ ਆਪਣਾ ਰਾਜ ਚਲਾਇਆ
16 ਇਸਰਾਏਲ ਦੇ ਪਾਤਸ਼ਾਹ, ਅਹਾਬ ਦੇ ਪੁੱਤਰ ਯੋਰਾਮ ਦੇ ਪੰਜਵੇਂ ਸਾਲ ਜਦੋਂ ਯਹੋਸ਼ਾਫ਼ਾਟ ਯਹੂਦਾਹ ਦਾ ਪਾਤਸ਼ਾਹ ਸੀ, ਉਸ ਵੇਲੇ ਯਹੂਦਾਹ ਦੇ ਪਾਤਸ਼ਾਹ ਯਹੋਸ਼ਾਫ਼ਾਟ ਦਾ ਪੁੱਤਰ ਯਹੋਰਾਮ ਰਾਜ ਕਰਨ ਲੱਗਾ। 17 ਯਹੋਰਾਮ ਜਦੋਂ ਰਾਜ ਕਰਨ ਲੱਗਿਆ ਤਾਂ ਉਹ 32 ਸਾਲਾਂ ਦਾ ਸੀ ਅਤੇ ਉਸ ਨੇ ਯਰੂਸ਼ਲਮ ਵਿੱਚ ਅੱਠ ਸਾਲ ਰਾਜ ਕੀਤਾ। 18 ਪਰ ਉਸ ਨੇ ਅਹਾਬ ਦੇ ਘਰਾਣੇ ਵਾਂਗ ਇਸਰਾਏਲ ਦੇ ਪਾਤਸ਼ਾਹ ਦੇ ਰਾਹ ਨੂੰ ਹੀ ਫ਼ੜਿਆ ਤੇ ਉਹ ਕੁਝ ਕੀਤਾ ਜੋ ਯਹੋਵਾਹ ਉਚਿਤ ਨਹੀਂ ਸੀ ਸਮਝਦਾ। ਕਿਉਂ ਕਿ ਅਹਾਬ ਦੀ ਧੀ ਉਸਦੀ ਰਾਣੀ ਹੋ ਗਈ ਸੀ ਇਸ ਲਈ ਉਸ ਨੇ ਵੀ ਉਹੀ ਕੁਝ ਕੀਤਾ। 19 ਫ਼ਿਰ ਵੀ ਯਹੋਵਾਹ ਨੇ ਆਪਣੇ ਇਕਰਾਰ ਕਾਰਣ ਜਿਹੜਾ ਕਿ ਉਸ ਨੇ ਦਾਊਦ ਨਾਲ ਕੀਤਾ ਸੀ ਉਸ ਨੂੰ ਨਸ਼ਟ ਨਾ ਕੀਤਾ। ਯਹੋਵਾਹ ਨੇ ਦਾਊਦ ਨਾਲ ਇਕਰਾਰ ਕੀਤਾ ਸੀ ਕਿ ਉਸਦੀ ਅੰਸ਼ ਵਿੱਚੋਂ ਕੋਈ ਨਾ ਕੋਈ ਰਾਜ ਕਰੇਗਾ।
20 ਯਹੋਰਾਮ ਦੇ ਰਾਜ ਦੇ ਦਿਨਾਂ ਵਿੱਚ ਅਦੋਮ ਯਹੂਦਾਹ ਦੀ ਅਧੀਨਗੀ ਨੂੰ ਆਕੀ ਹੋ ਗਿਆ ਅਤੇ ਅਦੋਮ ਦੇ ਲੋਕਾਂ ਨੇ ਆਪਣੇ ਲਈ ਇੱਕ ਅਲੱਗ ਰਾਜਾ ਚੁਣਿਆ।
21 ਤਦ ਯਹੋਰਾਮ ਅਤੇ ਉਸ ਦੇ ਸਾਰੇ ਰੱਥ ਸਈਰ ਨੂੰ ਗਏ ਤੇ ਅਦੋਮੀਆਂ ਦੀ ਫ਼ੌਜ ਨੇ ਉਨ੍ਹਾਂ ਨੂੰ ਘੇਰ ਲਿਆ ਤਾਂ ਯਹੋਰਾਮ ਤੇ ਉਸ ਦੇ ਅਫ਼ਸਰਾਂ ਨੇ ਉਨ੍ਹਾਂ ਦਾ ਮੁਕਾਬਲਾ ਕੀਤਾ, ਉਨ੍ਹਾਂ ਤੇ ਹਮਲਾ ਕਰਕੇ ਉਹ ਬਚਕੇ ਨਿਕਲ ਗਏ ਅਤੇ ਯਹੋਰਾਮ ਦੀ ਸਾਰੀ ਸੈਨਾ ਭੱਜ ਗਈ ਅਤੇ ਘਰਾਂ ਨੂੰ ਪਰਤ ਗਈ। 22 ਸੋ ਅਦੋਮੀ ਯਹੂਦਾਹ ਤੋਂ ਆਕੀ ਹੋ ਗਏ ਜੋ ਕਿ ਅੱਜ ਤੀਕ ਆਕੀ ਹਨ।
ਪਰ ਇਸਦੇ ਨਾਲ ਹੀ ਲਿਬਨਾਹ ਵੀ ਯਹੂਦਾਹ ਤੋਂ ਆਕੀ ਹੋ ਗਿਆ।
23 ਯਹੋਰਾਮ ਦੀ ਬਾਕੀ ਵਾਰਤਾ ਅਤੇ ਜੋ ਕਾਰਜ ਉਸ ਨੇ ਕੀਤੇ ਉਹ ਯਹੂਦਾਹ ਦੇ ਰਾਜਿਆਂ ਦੇ ਇਤਹਾਸ ਦੀ ਪੋਥੀ ਵਿੱਚ ਦਰਜ ਹਨ।
24 ਯਹੋਰਾਮ ਮਰ ਗਿਆ ਤਾਂ ਉਸ ਨੂੰ ਦਾਊਦ ਦੇ ਸ਼ਹਿਰ ਉਸ ਦੇ ਪੁਰਖਿਆਂ ਦੇ ਕੋਲ ਹੀ ਦਫ਼ਨਾਇਆ ਗਿਆ ਅਤੇ ਉਸਤੋਂ ਬਾਅਦ ਉਸਦਾ ਪੁੱਤਰ ਅਹਜ਼ਯਾਹ ਪਾਤਸ਼ਾਹ ਬਣਿਆ।
ਅਹਜ਼ਯਾਹ ਨੇ ਆਪਣਾ ਰਾਜ ਚਲਾਇਆ
25 ਇਸਰਾਏਲ ਦੇ ਪਾਤਸ਼ਾਹ ਦੇ ਪੁੱਤਰ ਯਹੋਰਾਮ ਦੇ ਬਾਰ੍ਹਵੇਂ ਸਾਲ ਤੋਂ ਯਹੂਦਾਹ ਦੇ ਪਾਤਸ਼ਾਹ ਯਹੋਰਾਮ ਦਾ ਪੁੱਤਰ ਅਹਜ਼ਯਾਹ ਰਾਜ ਕਰਨ ਲੱਗਾ। 26 ਉਸ ਵਕਤ ਅਹਜ਼ਯਾਹ 22 ਸਾਲਾਂ ਦਾ ਸੀ ਜਦੋਂ ਉਹ ਰਾਜ ਕਰਨ ਲੱਗਾ। ਉਸ ਨੇ ਇੱਕ ਸਾਲ ਯਰੂਸ਼ਲਮ ਵਿੱਚ ਰਾਜ ਕੀਤਾ। ਉਸਦੀ ਮਾਂ ਦਾ ਨਾਂ ਸੀ ਅਥਲਯਾਹ ਜੋ ਕਿ ਇਸਰਾਏਲ ਦੇ ਰਾਜੇ ਆਮਰੀ ਦੀ ਧੀ ਸੀ। 27 ਅਹਜ਼ਯਾਹ ਵੀ ਅਹਾਬ ਦੇ ਘਰਾਣੇ ਦੇ ਰਾਹੇ ਹੀ ਤੁਰਿਆ ਅਤੇ ਉਸ ਨੇ ਵੀ ਅਹਾਬ ਦੇ ਘਰਾਣੇ ਵਾਂਗ ਯਹੋਵਾਹ ਦੀ ਨਿਗਾਹ ਵਿੱਚ ਬਦੀ ਕੀਤੀ, ਕਿਉਂ ਕਿ ਉਹ ਅਹਾਬ ਦੇ ਘਰਾਣੇ ਦਾ ਹੀ ਜੁਆਈ ਸੀ।
ਜੰਗ ਵਿੱਚ ਹਜ਼ਾਏਲ ਦੇ ਖਿਲਾਫ਼ ਲੜਦਿਆਂ ਯੋਰਾਮ ਦਾ ਫ਼ੱਟੜ ਹੋਣਾ
28 ਯੋਰਾਮ ਅਹਾਬ ਦੇ ਘਰਾਣੇ ਵਿੱਚੋਂ ਸੀ। ਅਹਜ਼ਯਾਹ ਰਾਮੋਥ ਗਿਲਆਦ ਵਿੱਚ ਯੋਰਾਮ ਦੇ ਨਾਲ ਅਰਾਮ ਦੇ ਰਾਜਾ ਹਜ਼ਾਏਲ ਨਾਲ ਲੜਨ ਲਈ ਗਿਆ ਅਤੇ ਅਰਾਮੀਆਂ ਨੇ ਯੋਰਾਮ ਨੂੰ ਫ਼ੱਟੜ ਕੀਤਾ। 29 ਯੋਰਾਮ ਇਸਰਾਏਲ ਵਿੱਚ ਵਾਪਸ ਮੁੜ ਆਇਆ ਤਾਂ ਜੋ ਉਹ ਉਨ੍ਹਾਂ ਜ਼ਖਮਾਂ ਨੂੰ ਠੀਕ ਕਰ ਸੱਕੇ। ਯੋਰਾਮ ਯਿਜ਼ਰਏਲ ਖੇਤਰ ਵੱਲ ਗਿਆ। ਯਹੋਰਾਮ ਦਾ ਪੁੱਤਰ ਅਹਜ਼ਯਾਹ ਉਸ ਵਕਤ ਯਹੂਦਾਹ ਦਾ ਪਾਤਸ਼ਾਹ ਸੀ ਤਾਂ ਅਹਜ਼ਯਾਹ ਯੋਰਾਮ ਨੂੰ ਵੇਖਣ ਲਈ ਯਿਜ਼ਰਏਲ ਵੱਲ ਗਿਆ।
2010 by World Bible Translation Center