Beginning
ਅਹਜ਼ਯਾਹ ਲਈ ਸੁਨੇਹਾ
1 ਅਹਾਬ ਦੇ ਮਰਨ ਤੋਂ ਪਿੱਛੋਂ ਮੋਆਬ ਇਸਰਾਏਲ ਤੋਂ ਬੇਮੁੱਖ ਹੋ ਗਿਆ।
2 ਇੱਕ ਦਿਨ ਅਹਜ਼ਯਾਹ ਸਾਮਰਿਯਾ ਵਿੱਚ ਆਪਣੇ ਘਰ ਦੀ ਛੱਤ (ਚੁਬਾਰੇ) ਤੇ ਖੜ੍ਹਾ ਸੀ ਅਤੇ ਉਹ ਚੁਬਾਰੇ ਦੀ ਲੱਕੜੀ ਦੀ ਜਾਲੀਦਾਰ ਤਾਕੀ ਵਿੱਚੋਂ ਡਿੱਗ ਪਿਆ ਅਤੇ ਉਸ ਨੂੰ ਬੜੀ ਡੂੰਘੀ ਸੱਟ ਲਗੀ। ਤਦ ਅਹਜ਼ਯਾਹ ਨੇ ਆਪਣੇ ਸੰਦੇਸ਼ਵਾਹਕਾਂ ਨੂੰ ਸੱਦਿਆ ਅਤੇ ਕਿਹਾ, “ਅਕਰੋਨ ਦੇ ਦੇਵਤੇ ਬਆਲ-ਜ਼ਬੂਬ ਨੂੰ ਜਾਕੇ ਇਹ ਪੁੱਛੋ ਕਿ ਕੀ ਮੈਂ ਇਸ ਸੱਟ ਤੋਂ ਠੀਕ ਹੋ ਜਾਵਾਂਗਾ?”
3 ਪਰ ਯਹੋਵਾਹ ਦੇ ਦੂਤ ਨੇ ਏਲੀਯਾਹ ਤਿਸ਼ਬੀ ਨੂੰ ਆਖਿਆ, “ਅਹਜ਼ਯਾਹ ਪਾਤਸ਼ਾਹ ਨੇ ਸਾਮਰਿਯਾ ਤੋਂ ਕੁਝ ਸੰਦੇਸ਼ਵਾਹਕ ਭੇਜੇ ਹਨ, ਸੋ ਤੂੰ ਜਾ, ਅਤੇ ਜਾਕੇ ਉਨ੍ਹਾਂ ਨੂੰ ਮਿਲ, ਅਤੇ ਉਨ੍ਹਾਂ ਨੂੰ ਜਾਕੇ ਆਖ, ‘ਇਸਰਾਏਲ ਵਿੱਚ ਵੀ ਪਰਮੇਸ਼ੁਰ ਹੈ, ਤਾਂ ਫ਼ਿਰ ਤੁਸੀਂ ਭਲਾ ਅਕਰੋਨ ਦੇ ਦੇਵਤੇ ਬਆਲ-ਜ਼ਬੂਲ ਤੋਂ ਸਵਾਲ ਪੁੱਛਣ ਕਿਉਂ ਚੱਲੇ ਹੋ? 4 ਜਾ ਅਤੇ ਅਹਜ਼ਯਾਹ ਪਾਤਸ਼ਾਹ ਨੂੰ ਇਹ ਗੱਲਾਂ ਦੱਸ, ਕਿਉਂ ਜੋ ਤੂੰ ਬਆਲ-ਜ਼ਬੂਲ ਤੋਂ ਪ੍ਰਸ਼ਨ ਪੁੱਛਣ ਲਈ ਸੰਦੇਸ਼ਵਾਹਕ ਭੇਜੇ ਇਸ ਲਈ ਯਹੋਵਾਹ ਆਖਦਾ ਹੈ: ਜਿਸ ਪਲੰਘ ਉੱਪਰ ਤੂੰ ਚੜ੍ਹਿਆ ਹੈ, ਉਸ ਤੋਂ ਤੂੰ ਨਹੀਂ ਉਤਰੇਂਗਾ ਸਗੋਂ ਤੂੰ ਉੱਥੇ ਹੀ ਮਰੇਂਗਾ!’” ਤਾਂ ਏਲੀਯਾਹ ਚੱਲਾ ਗਿਆ ਅਤੇ ਇਹ ਸਾਰੇ ਸ਼ਬਦ ਅਹਜ਼ਯਾਹ ਦੇ ਸੰਦੇਸ਼ਵਾਹਕਾਂ ਨੂੰ ਦੱਸੇ।
5 ਤਦ ਸੰਦੇਸ਼ਵਾਹਕ ਅਹਜ਼ਯਾਹ ਕੋਲ ਵਾਪਸ ਮੁੜੇ ਅਤੇ ਅਹਜ਼ਯਾਹ ਨੇ ਉਨ੍ਹਾਂ ਨੂੰ ਆਖਿਆ, “ਤੁਸੀਂ ਇੰਨੀ ਜਲਦੀ ਵਾਪਸ ਕਿਉਂ ਆ ਗਏ ਹੋ?”
6 ਸੰਦੇਸ਼ਵਾਹਕਾਂ ਨੇ ਅਹਜ਼ਯਾਹ ਨੂੰ ਆਖਿਆ, “ਇੱਕ ਆਦਮੀ ਸਾਨੂੰ ਮਿਲਣ ਲਈ ਆਇਆ ਅਤੇ ਉਸ ਨੇ ਸਾਨੂੰ ਉਸ ਰਾਜੇ ਕੋਲ ਵਾਪਸ ਜਾਣ ਲਈ ਕਿਹਾ ਜਿਸ ਨੇ ਤੁਹਾਨੂੰ ਇੱਥੇ ਭੇਜਿਆ ਅਤੇ ਉਸ ਨੂੰ ਆਖੋ, ਯਹੋਵਾਹ ਆਖਦਾ ਹੈ, ‘ਜਦ ਇਸਰਾਏਲ ਵਿੱਚ ਪਰਮੇਸ਼ੁਰ ਹੈ ਤਾਂ ਤੂੰ ਅਕਰੋਨ ਦੇ ਦੇਵਤੇ ਬਆਲ-ਜ਼ਬੂਲ ਕੋਲ ਸਵਾਲ ਪੁੱਛਣ ਲਈ ਕਿਉਂ ਭੇਜਦਾ ਹੈਂ? ਇਸ ਲਈ ਜਿਸ ਪਲੰਘ ਉੱਪਰ ਤੂੰ ਚੜ੍ਹਿਆ ਹੈਂ, ਉਸਤੋਂ ਨਹੀਂ ਉਤਰੇਂਗਾ, ਸਗੋਂ ਉੱਥੇ ਹੀ ਮਰੇਂਗਾ?’”
7 ਅਹਜ਼ਯਾਹ ਨੇ ਸੰਦੇਸ਼ਵਾਹਕਾਂ ਨੂੰ ਆਖਿਆ, “ਜਿਸ ਮਨੁੱਖ ਨੇ ਤੁਹਾਡੇ ਨਾਲ ਇਹ ਗੱਲਾਂ ਕੀਤੀਆਂ ਅਤੇ ਤੁਹਾਨੂੰ ਮਿਲਣ ਲਈ ਆਇਆ, ਉਹ ਭਲਾ ਕਿਵੇਂ ਦਾ ਲੱਗਦਾ ਸੀ?”
8 ਤਾਂ ਉਨ੍ਹਾਂ ਨੇ ਪਾਤਸ਼ਾਹ ਨੂੰ ਕਿਹਾ, “ਇਸ ਮਨੁੱਖ ਨੇ ਜੱਤ ਵਾਲਾ ਕੋਟ ਪਾਇਆ ਹੋਇਆ ਸੀ ਅਤੇ ਕਮਰ ਤੇ ਚਮੜੇ ਦੀ ਪੇਟੀ ਬੰਨ੍ਹੀ ਹੋਈ ਸੀ।” ਤਦ ਪਾਤਸ਼ਾਹ ਨੇ ਕਿਹਾ “ਉਹ ਤਾਂ ਏਲੀਯਾਹ ਤਿਸ਼ਬੀ ਸੀ”।
ਅਹਜ਼ਯਾਹ ਵੱਲੋਂ ਭੇਜੇ ਆਦਮੀਆਂ ਦਾ ਅੱਗ ’ਚ ਸੜਨਾ
9 ਅਹਜ਼ਯਾਹ ਨੇ ਇੱਕ ਕਪਤਾਨ ਦੇ ਨਾਲ 50 ਸਿਪਾਹੀ ਏਲੀਯਾਹ ਨੂੰ ਵੇਖਣ ਲਈ ਭੇਜੇ। ਕਪਤਾਨ, ਏਲੀਯਾਹ ਕੋਲ ਗਿਆ, ਉਸ ਵਕਤ ਏਲੀਯਾਹ ਪਹਾੜ ਦੀ ਚੋਟੀ ਉੱਪਰ ਬੈਠਾ ਹੋਇਆ ਸੀ ਤਾਂ ਕਪਤਾਨ ਨੇ ਏਲੀਯਾਹ ਨੂੰ ਕਿਹਾ, “ਹੇ ਪਰਮੇਸ਼ੁਰ ਦੇ ਮਨੁੱਖ, ਪਾਤਸ਼ਾਹ ਤੈਨੂੰ ਹੇਠਾਂ ਉਤਰਨ ਦਾ ਹੁਕਮ ਦਿੰਦਾ ਹੈ।”
10 ਏਲੀਯਾਹ ਨੇ ਪੰਜਾਹਾਂ ਬੰਦਿਆਂ ਦੇ ਸਰਦਾਰ ਨੂੰ ਆਖਿਆ, “ਜੇਕਰ ਮੈਂ ਪਰਮੇਸ਼ੁਰ ਦਾ ਮਨੁੱਖ ਹਾਂ ਤਾਂ ਅਕਾਸ਼ੋ ਅੱਗ ਉਤਰੇ ਅਤੇ ਤੈਨੂੰ ਤੇ ਤੇਰੇ 50 ਸਿਪਾਹੀਆਂ ਨੂੰ ਭਸਮ ਕਰ ਦੇਵੇ।”
ਤਦ ਅਕਾਸ਼ ਤੋਂ ਅੱਗ ਉਤਰੀ ਅਤੇ ਉਸ ਨੇ ਕਪਤਾਨ ਅਤੇ 50 ਸਿਪਾਹੀਆਂ ਨੂੰ ਭਸਮ ਕਰ ਦਿੱਤਾ।
11 ਅਹਜ਼ਯਾਹ ਨੇ ਕਪਤਾਨ ਅਤੇ ਹੋਰ 50 ਸਿਪਾਹੀ ਏਲੀਯਾਹ ਵੱਲ ਭੇਜੇ। ਕਪਤਾਨ ਨੇ ਆਖਿਆ, “ਹੇ ਪਰਮੇਸ਼ੁਰ ਦੇ ਮਨੁੱਖ, ਪਾਤਸ਼ਾਹ ਤੈਨੂੰ ਛੇਤੀ ਹੀ ਹੇਠਾਂ ਉਤਰਨ ਦਾ ਹੁਕਮ ਦਿੰਦਾ ਹੈ।”
12 ਏਲੀਯਾਹ ਨੇ ਉਸ ਕਪਤਾਨ ਅਤੇ ਉਸ ਦੇ 50 ਸਿਪਾਹੀਆਂ ਨੂੰ ਕਿਹਾ, “ਜੇਕਰ ਮੈਂ ਪਰਮੇਸ਼ੁਰ ਦਾ ਬੰਦਾ ਹਾਂ ਤਾਂ ਯਹੋਵਾਹ ਕਰੇ ਅੱਗ ਅਕਾਸੋਂ ਉਤਰੇ ਅਤੇ ਤੁਹਾਨੂੰ ਭਸਮ ਕਰ ਦੇਵੇ।”
ਤਦ ਪਰਮੇਸ਼ੁਰ ਵੱਲੋਂ ਹੇਠਾਂ ਅੱਗ ਉਤਰੀ, ਕਪਤਾਨ ਅਤੇ ਉਸ ਦੇ 50 ਸਿਪਾਹੀਆਂ ਨੂੰ ਭਸਮ ਕਰ ਗਈ।
13 ਅਹਜ਼ਯਾਹ ਨੇ ਤੀਜੇ, ਵਾਰ ਇੱਕ ਹੋਰ ਕਪਤਾਨ ਤੇ ਉਸ ਨਾਲ 50 ਸਿਪਾਹੀ ਭੇਜੇ। ਤੀਜਾ ਕਪਤਾਨ, ਏਲੀਯਾਹ ਕੋਲ ਆਕੇ ਉਸ ਅੱਗੇ ਝੁਕ ਗਿਆ ਅਤੇ ਏਲੀਯਾਹ ਅੱਗੇ ਮਿੰਨਤ ਕੀਤੀ, “ਹੇ ਪਰਮੇਸ਼ੁਰ ਦੇ ਮਨੁੱਖ, ਕਿਰਪਾ ਕਰਕੇ ਮੇਰੀ ਅਤੇ ਮੇਰੇ ਪੰਜਾਹ ਆਦਮੀਆਂ ਦੀਆਂ ਜਾਨਾਂ ਬਖਸ਼ ਦੇ। 14 ਅਕਾਸ਼ ਤੋਂ ਅੱਗ ਹੇਠਾਂ ਉਤਰੀ ਅਤੇ ਉਹ ਪਹਿਲੇ ਦੋ ਕਪਤਾਨਾਂ ਤੇ ਉਨ੍ਹਾਂ ਦੇ 50-50 ਆਦਮੀਆਂ ਨੂੰ ਭਸਮ ਕਰ ਗਈ, ਪਰ ਹੁਣ ਸਾਡੇ ਉੱਤੇ ਕਿਰਪਾ ਕਰ ਅਤੇ ਸਾਨੂੰ ਜੀਵਨ ਬਖਸ਼।”
15 ਯਹੋਵਾਹ ਦੇ ਦੂਤ ਨੇ ਏਲੀਯਾਹ ਨੂੰ ਕਿਹਾ, “ਤੂੰ ਕਪਤਾਨ ਦੇ ਨਾਲ ਚੱਲਾ ਜਾ, ਉਸ ਤੋਂ ਡਰ ਨਾ।”
ਤਾਂ ਏਲੀਯਾਹ ਉਸ ਕਪਤਾਨ ਦੇ ਨਾਲ ਅਹਜ਼ਯਾਹ ਪਾਤਸ਼ਾਹ ਨੂੰ ਮਿਲਣ ਲਈ ਗਿਆ।
16 ਏਲੀਯਾਹ ਨੇ ਅਹਜ਼ਯਾਹ ਨੂੰ ਆਖਿਆ, “ਯਹੋਵਾਹ ਇਉਂ ਫ਼ਰਮਾਉਂਦਾ ਹੈ ‘ਇਸਰਾਏਲ ਵਿੱਚ ਪਰਮੇਸ਼ੁਰ ਦੇ ਹੁੰਦਿਆਂ ਹੋਇਆਂ ਤੂੰ ਸੰਦੇਸ਼ਵਾਹਕਾਂ ਨੂੰ ਅਕਰੋਨ ਦੇ ਦੇਵਤੇ, ਬਆਲ-ਜਬੂਲ ਕੋਲ ਸਵਾਲ ਪੁੱਛਣ ਲਈ ਕਿਉਂ ਭੇਜਿਆ? ਇਸ ਲਈ ਜਿਸ ਪਲੰਘ ਉੱਪਰ ਤੂੰ ਪਿਆ ਹੈਂ, ਉਸ ਤੋਂ ਨਾ ਉਤਰੇਂਗਾ, ਅਸਲ ਵਿੱਚ ਤੂੰ ਇਸ ਉੱਤੇ ਹੀ ਮਰੇਂਗਾ।’”
ਅਹਜ਼ਯਾਹ ਦੀ ਜਗ੍ਹਾ ਯਹੋਰਾਮ
17 ਅਹਜ਼ਯਾਹ ਦੀ ਮੌਤ ਉਵੇਂ ਹੀ ਹੋਈ ਜਿਵੇਂ ਯਹੋਵਾਹ ਨੇ ਏਲੀਯਾਹ ਦੇ ਰਾਹੀਂ ਆਖਿਆ ਸੀ। ਅਹਜ਼ਯਾਹ ਦੇ ਕੋਈ ਪੁੱਤਰ ਨਹੀਂ ਸੀ ਇਸ ਲਈ ਉਸ ਉਪਰੰਤ ਯਹੋਰਾਮ ਪਾਤਸ਼ਾਹ ਬਣਿਆ। ਯਹੋਸ਼ਾਫ਼ਾਟ ਦਾ ਪੁੱਤਰ ਯਹੋਰਾਮ, ਯਹੂਦਾਹ ਦੇ ਪਾਤਸ਼ਾਹ ਦੇ ਦੂਸਰੇ ਵਰ੍ਹੇ ਉਸਦੀ ਥਾਂ ਰਾਜ ਕਰਨ ਲੱਗਾ।
18 ਅਹਜ਼ਯਾਹ ਦੇ ਬਾਕੀ ਕੰਮ ਇਸਰਾਏਲ ਦੇ ਰਾਜਿਆਂ ਦੇ ਇਤਹਾਸ’ ਨਾਂ ਦੀ ਪੋਥੀ ਵਿੱਚ ਲਿਖੇ ਹੋਏ ਮਿਲਦੇ ਹਨ।
ਏਲੀਯਾਹ ਨੂੰ ਉੱਠਾਉਣ ਦੀ ਯਹੋਵਾਹ ਦੀ ਵਿਉਂਤ
2 ਜਦੋਂ ਯਹੋਵਾਹ, ਏਲੀਯਾਹ ਨੂੰ ਇੱਕ ਵਾਵਰੋਲੇ ਵਿੱਚ ਅਕਾਸ਼ ਵੱਲ ਚੁੱਕਣ ਹੀ ਵਾਲਾ ਸੀ, ਏਲੀਯਾਹ, ਅਤੇ ਅਲੀਸ਼ਾ ਗਿਲਗਾਲ ਤੋਂ ਜਾ ਰਹੇ ਸਨ।
2 ਏਲੀਯਾਹ ਨੇ ਅਲੀਸ਼ਾ ਨੂੰ ਕਿਹਾ, “ਕਿਰਪਾ ਕਰਕੇ ਇੱਥੇ ਰੁਕ ਜਾ ਕਿਉਂ ਕਿ ਯਹੋਵਾਹ ਨੇ ਮੈਨੂੰ ਬੈਤਏਲ ਤੀਕ ਜਾਣ ਲਈਂ ਕਿਹਾ ਹੈ।”
ਪਰ ਅਲੀਸ਼ਾ ਨੇ ਕਿਹਾ, “ਮੈਂ ਯਹੋਵਾਹ ਦੀ ਜ਼ਿੰਦਗੀ ਦੀ ਅਤੇ ਤੇਰੀ ਜ਼ਿੰਦਗੀ ਦੀ ਸੌਂਹ ਖਾਂਦਾ ਹਾਂ, ਮੈਂ ਤੈਨੂੰ ਛੱਡ ਕੇ ਨਾ ਜਾਵਾਂਗਾ।” ਤਦ ਇਹ ਦੋਨੋ ਮਨੁੱਖ ਬੈਤਏਲ ਨੂੰ ਤੁਰ ਪਏ।
3 ਨਬੀਆਂ ਦਾ ਇੱਕ ਸਮੂਹ, ਜੋ ਕਿ ਬੈਤਏਲ ਵਿੱਚ ਸੀ, ਅਲੀਸ਼ਾ ਕੋਲ ਆਇਆ ਅਤੇ ਉਸ ਨੂੰ ਕਹਿਣ ਲੱਗਾ, “ਕੀ ਤੂੰ ਜਾਣਦਾ ਹੈਂ ਕਿ ਯਹੋਵਾਹ ਅੱਜ ਤੇਰੇ ਸੁਆਮੀ ਨੂੰ, ਤੇਰੇ ਤੋਂ ਅਲੱਗ ਕਰ ਦੇਵੇਗਾ?”
ਅਲੀਸ਼ਾ ਨੇ ਕਿਹਾ, “ਮੈਨੂੰ ਪਤਾ ਹੈ, ਇਸ ਬਾਰੇ ਗੱਲ ਨਾ ਕਰੋ।”
4 ਏਲੀਯਾਹ ਨੇ ਅਲੀਸ਼ਾ ਨੂੰ ਕਿਹਾ, “ਅਲੀਸ਼ਾ ਤੂੰ ਇੱਥੇ ਠਹਿਰ ਜਾਵੀਂ ਕਿਉਂ ਕਿ ਯਹੋਵਾਹ ਨੇ ਮੈਨੂੰ ਯਰੀਹੋ ਨੂੰ ਭੇਜਿਆ ਹੈ।”
ਪਰ ਅਲੀਸ਼ਾ ਨੇ ਕਿਹਾ, “ਮੈਂ ਇਕਰਾਰ ਕੀਤਾ ਸੀ ਕਿ ਜਦ ਤੱਕ ਯਹੋਵਾਹ ਜਿਉਂਦਾ ਰਹੇਗਾ ਤੇ ਜਦ ਤੀਕ ਤੂੰ ਜਿਉਂਦਾ ਰਹੇਂਗਾ, ਮੈਂ ਤੈਨੂੰ ਛੱਡ ਕੇ ਨਹੀਂ ਜਾਵਾਂਗਾ।” ਇਸ ਲਈ ਉਹ ਦੋਨੋ ਫ਼ੇਰ ਯਰੀਹੋ ਨੂੰ ਤੁਰ ਪਏ।
5 ਯਰੀਹੋ ਵਿੱਚ ਇੱਕ ਨਬੀਆਂ ਦੀ ਟੋਲੀ ਅਲੀਸ਼ਾ ਕੋਲ ਆਈ ਅਤੇ ਆਕੇ ਉਸ ਨੂੰ ਕਹਿਣ ਲਗੀ, “ਕੀ ਤੂੰ ਜਾਣਦਾ ਹੈਂ ਕਿ ਅੱਜ ਯਹੋਵਾਹ ਤੇਰੇ ਸੁਆਮੀ ਨੂੰ ਤੇਰੇ ਤੋਂ ਜੁਦਾਅ ਕਰ ਦੂਰ ਲੈ ਜਾਵੇਗਾ?”
ਏਲੀਯਾਹ ਨੇ ਜਵਾਬ ਦਿੱਤਾ, “ਹਾਂ, ਮੈਂ ਜਾਣਦਾ ਹਾਂ, ਪਰ ਇਸ ਬਾਰੇ ਕੋਈ ਗੱਲ ਨਾ ਕਰੋ।”
6 ਏਲੀਯਾਹ ਨੇ ਅਲੀਸ਼ਾ ਨੂੰ ਕਿਹਾ, “ਤੂੰ ਇੱਥੇ ਰੁਕ ਜਾਵੀਂ ਕਿਉਂ ਕਿ ਯਹੋਵਾਹ ਨੇ ਮੈਨੂੰ ਯਰਦਨ ਦਰਿਆ ਦੇ ਕੰਢੇ ਤੇ ਜਾਣ ਨੂੰ ਕਿਹਾ ਹੈ।”
ਅਲੀਸ਼ਾ ਨੇ ਆਖਿਆ, “ਮੈਂ ਯਹੋਵਹਾ ਦੀ ਜ਼ਿੰਦਗੀ ਦੀ ਸੌਂਹ ਖਾਂਦਾ ਹਾਂ ਕਿ ਜਦ ਤਕ ਯਹੋਵਾਹ ਅਤੇ ਤੂੰ ਜਿਉਂਦਾ ਹੈਂ, ਮੈਂ ਛੱਡ ਕੇ ਨਹੀਂ ਜਾਵਾਂਗਾ।” ਇਸ ਲਈ ਦੋਵੇਂ ਚੱਲੇ ਗਏ।
7 ਉੱਥੇ ਨਬੀਆਂ ਦੇ ਟੋਲੇ ਵਿੱਚੋਂ ਕੋਈ 50 ਦੇ ਕਰੀਬ ਮਨੁੱਖ ਸਨ, ਜਿਨ੍ਹਾਂ ਉਨ੍ਹਾਂ ਦਾ ਪਿੱਛਾ ਕੀਤਾ। ਏਲੀਯਾਹ ਅਤੇ ਅਲੀਸ਼ਾ ਯਰਦਨ ਦਰਿਆ ਕੋਲ ਠਹਿਰ ਗਏ ਅਤੇ ਉਹ 50 ਮਨੁੱਖ ਉਨ੍ਹਾਂ ਤੋਂ ਕਾਫ਼ੀ ਦੂਰ ਜਾਕੇ ਠਹਿਰ ਗਏ। 8 ਏਲੀਯਾਹ ਨੇ ਆਪਣਾ ਕੋਟ ਲਾਹ ਕੇ ਵਲੇਟਿਆ ਅਤੇ ਇਸ ਨਾਲ ਪਾਣੀ ਨੂੰ ਮਾਰਿਆ। ਇਸ ਨਾਲ ਪਾਣੀ ਖੱਬੇ ਅਤੇ ਸੱਜੇ ਦੋ ਹਿੱਸਿਆਂ ਵਿੱਚ ਵੰਡ ਗਿਆ। ਫ਼ੇਰ ਏਲੀਯਾਹ ਅਤੇ ਅਲੀਸ਼ਾ ਸੁੱਕੀ ਧਰਤੀ ਤੋਂ ਦੀ ਤੁਰ ਕੇ ਯਰਦਨ ਨਦੀ ਦੇ ਦੂਜੇ ਪਾਸੇ ਚੱਲੇ ਗਏ।
9 ਜਦੋਂ ਉਨ੍ਹਾਂ ਨੇ ਦਰਿਆ ਪਾਰ ਕਰ ਲਿਆ ਤਾਂ ਏਲੀਯਾਹ ਨੇ ਅਲੀਸ਼ਾ ਨੂੰ ਕਿਹਾ, “ਇਸ ਤੋਂ ਪਹਿਲਾਂ ਕਿ ਪਰਮੇਸ਼ੁਰ ਮੈਨੂੰ ਤੇਰੇ ਤੋਂ ਜੁਦਾਅ ਕਰ ਦੇਵੇ, ਦੱਸ ਤੂੰ ਕਿ ਮੈਂ ਤੇਰੇ ਲਈ ਕੀ ਕਰਾਂ?”
ਅਲੀਸ਼ਾ ਨੇ ਕਿਹਾ, “ਤੇਰੇ ਆਤਮੇ ਦਾ ਦੋਹਰਾ ਹਿੱਸਾ ਮੇਰੇ ਉੱਤੇ ਹੋਵੇ।”
10 ਏਲੀਯਾਹ ਨੇ ਕਿਹਾ, “ਤੂੰ ਕੁਝ ਅਜਿਹਾ ਮੰਗਿਆ ਜੋ ਕਿ ਬਹੁਤ ਮੁਸ਼ਕਿਲ ਹੈ! ਜੇਕਰ ਤੂੰ ਮੈਨੂੰ ਉਸ ਵੇਲੇ ਵੇਖੇਂ ਜਦੋਂ ਮੈਂ ਤੈਥੋਂ ਦੂਰ ਲਿਜਾਇਆ ਜਾਵਾਂਗਾ, ਤਾਂ ਤੇਰੇ ਲਈ ਉਵੇਂ ਹੀ ਹੋਵੇਗਾ, ਪਰ ਜੇ ਤੂੰ ਨਹੀਂ ਵੇਖੇਂਗਾ, ਤਾਂ ਇਹ ਨਹੀਂ ਵਾਪਰੇਗਾ।”
ਪਰਮੇਸ਼ੁਰ ਦਾ ਏਲੀਯਾਹ ਨੂੰ ਸੁਰਗਾਂ ’ਚ ਲੈ ਜਾਣਾ
11 ਏਲੀਯਾਹ ਅਤੇ ਅਲੀਸ਼ਾ ਦੋਨੋ ਇਕੱਠੇ ਚੱਲਦੇ ਗੱਲਾਂ ਕਰ ਰਹੇ ਸਨ। ਅਚਾਨਕ ਕੁਝ ਘੋੜੇ ਅਤੇ ਰੱਥ ਆਏ ਅਤੇ ਏਲੀਯਾਹ ਨੂੰ ਅਲੀਸ਼ਾ ਤੋਂ ਅਲੱਗ ਕਰ ਗਏ। ਉਹ ਘੋੜੇ ਅਤੇ ਰੱਥ ਅੱਗ ਵਾਂਗ ਸਨ। ਤਦ ਏਲੀਯਾਹ ਇਸ ਵਾਵਰੋਲੇ ਵਿੱਚ ਅਕਾਸ਼ ਨੂੰ ਉੱਠਾਇਆ ਗਿਆ।
12 ਅਲੀਸ਼ਾ ਨੇ ਇਹ ਸਭ ਵੇਖਿਆ ਤਾਂ ਉੱਚੀ ਅਵਾਜ਼ ਵਿੱਚ ਚਿਲਾਇਆ, “ਹੇ ਮੇਰੇ ਪਿਤਾ! ਮੇਰੇ ਪਿਤਾ! ਇਸਰਾਏਲ ਦੇ ਘੋੜੇ ਤੇ ਰੱਥ!”
ਜਦੋਂ ਅਲੀਸ਼ਾ ਨੂੰ ਏਲੀਯਾਹ ਹੋਰ ਨਾ ਦਿਖਿਆ, ਅਲੀਸ਼ਾ ਨੇ ਕਸੱਕੇ ਆਪਣੇ ਕੱਪੜਿਆਂ ਨੂੰ ਫ਼ੜਿਆ ਅਤੇ ਆਪਣੀ ਉਦਾਸੀ ਦਰਸਾਉਣ ਲਈ ਇਨ੍ਹਾਂ ਨੂੰ ਦੋ ਟੁਕੜਿਆਂ ਵਿੱਚ ਪਾੜ ਦਿੱਤਾ। 13 ਏਲੀਯਾਹ ਦਾ ਕੋਟ ਜ਼ਮੀਨ ਤੇ ਡਿੱਗ ਪਿਆ, ਤਾਂ ਅਲੀਸ਼ਾ ਨੇ ਉਸ ਨੂੰ ਚੁੱਕਿਆ ਅਤੇ ਯਰਦਨ ਨਦੀ ਦੇ ਕਿਨਾਰੇ ਆ ਗਿਆ ਅਲੀਸ਼ਾ ਨੇ ਪਾਣੀ ਨੂੰ ਮਾਰਿਆ ਅਤੇ ਆਖਿਆ, “ਯਹੋਵਾਹ, ਏਲੀਯਾਹ ਦਾ ਪਰਮੇਸ਼ੁਰ ਕਿੱਥੇ ਹੈ?” 14 ਜਦ ਅਲੀਸ਼ਾ ਨੇ ਪਾਣੀ ਨੂੰ ਮਾਰਿਆ ਤਾਂ ਪਾਣੀ ਖੱਬੇ-ਸੱਜੇ ਦੋ ਹਿੱਸਿਆ ਵਿੱਚ ਵੰਡਿਆਂ ਗਿਆ ਅਤੇ ਅਲੀਸ਼ਾ ਦਰਿਆ ਪਾਰ ਕਰ ਗਿਆ।
ਨਬੀਆਂ ਨੇ ਏਲੀਯਾਹ ਬਾਰੇ ਪੁੱਛਿਆ
15 ਜਦੋਂ ਯਰੀਹੋ ਵਿੱਚ ਨਬੀਆਂ ਦੀ ਟੋਲੀ ਨੇ ਅਲੀਸ਼ਾ ਨੂੰ ਵੇਖਿਆ ਤਾਂ ਉਨ੍ਹਾਂ ਕਿਹਾ, “ਏਲੀਯਾਹ ਦੀ ਆਤਮਾ ਹੁਣ ਅਲੀਸ਼ਾ ਵਿੱਚ ਹੈ।” ਤਾਂ ਉਹ ਅਲੀਸ਼ਾ ਨੂੰ ਮਿਲਣ ਲਈ ਆਏ। ਉਨ੍ਹਾਂ ਅਲੀਸ਼ਾ ਦੇ ਸਾਹਮਣੇ ਸਿਰ ਝੁਕਾਇਆ ਅਤੇ ਉਸ ਨੂੰ ਕਿਹਾ, 16 “ਵੇਖ ਸਾਡੇ ਕੋਲ 50 ਤਕੜੇ ਆਦਮੀ ਹਨ। ਉਨ੍ਹਾਂ ਨੂੰ ਤੇਰੇ ਸੁਆਮੀ ਦੀ ਭਾਲ ਵਿੱਚ ਜਾਣ ਦੇ। ਹੋ ਸੱਕਦਾ ਹੈ ਕਿ ਯਹੋਵਾਹ ਦੇ ਆਤਮਾ ਨੇ ਏਲੀਯਾਹ ਨੂੰ ਉੱਪਰ ਚੁੱਕ ਲਿਆ ਹੋਵੇ ਅਤੇ ਕਿਸੇ ਪਹਾੜੀ ਦੀ ਚੋਟੀ ਉੱਤੇ ਛੱਡ ਦਿੱਤਾ ਹੋਵੇ ਜਾਂ ਕਿਸੇ ਵਾਦੀ ਵਿੱਚ ਲਾਹ ਦਿੱਤਾ ਹੋਵੇ।”
ਪਰ ਅਲੀਸ਼ਾ ਨੇ ਕਿਹਾ, “ਨਹੀਂ! ਤੁਸੀਂ ਏਲੀਯਾਹ ਨੂੰ ਭਾਲਣ ਲਈ ਆਪਣੇ ਬੰਦਿਆਂ ਨੂੰ ਨਾ ਭੇਜੋ।”
17 ਪਰ ਜਦ ਨਬੀਆਂ ਨੇ ਇੰਨਾ ਹਠ ਕੀਤਾ ਤਾਂ ਉਹ ਸ਼ਰਮਿੰਦਾ ਹੋ ਗਿਆ ਤਾਂ ਉਸ ਨੇ ਆਖਿਆ , “ਭੇਜ ਦੇਵੋ।”
ਤਾਂ ਉਨ੍ਹਾਂ ਨੇ 50 ਮਨੁੱਖ ਭੇਜੇ। ਉਨ੍ਹਾਂ ਤਿੰਨ ਦਿਨ ਉਸ ਦੀ ਖੋਜ ਕੀਤੀ ਪਰ ਉਹ ਕਿਤੇ ਨਾ ਲੱਭਾ। 18 ਤਦ ਆਦਮੀ ਯਰੀਹੋ ਵੱਲ ਗਏ, ਜਿੱਥੇ ਕਿ ਅਲੀਸ਼ਾ ਠਹਿਰਿਆ ਹੋਇਆ ਸੀ ਅਤੇ ਉਨ੍ਹਾਂ ਨੇ ਉਸ ਨੂੰ ਦੱਸਿਆ ਕਿ ਉੱਨ੍ਹਾਂ ਨੂੰ ਏਲੀਯਾਹ ਕਿਤੇ ਨਹੀਂ ਲੱਭਿਆ। ਅਲੀਸ਼ਾ ਨੇ ਉਨ੍ਹਾਂ ਨੂੰ ਆਖਿਆ, “ਕੀ ਮੈਂ ਤੁਹਾਨੂੰ ਨਾ ਜਾਣ ਲਈ ਨਹੀਂ ਆਖਿਆ ਸੀ?”
ਅਲੀਸ਼ਾ ਦਾ ਪਾਣੀ ਨੂੰ ਵੱਧੀਆ ਬਨਾਉਣਾ
19 ਸ਼ਹਿਰ ਦੇ ਲੋਕਾਂ ਨੇ ਅਲੀਸ਼ਾ ਨੂੰ ਕਿਹਾ, “ਸੁਆਮੀ! ਤੁਸੀਂ ਵੇਖ ਰਹੇ ਹੋ ਕਿ ਇਹ ਇੱਕ ਬੜਾ ਵੱਧੀਆ ਸ਼ਹਿਰ ਹੈ, ਪਰ ਇੱਥੋਂ ਦਾ ਪਾਣੀ ਬੜਾ ਖਰਾਬ ਹੈ। ਇਸੇ ਲਈ ਇਸ ਧਰਤੀ ਤੇ ਫ਼ਸਲ ਨਹੀਂ ਪੈਦਾ ਹੁੰਦੀ।”
20 ਅਲੀਸ਼ਾ ਨੇ ਕਿਹਾ, “ਮੈਨੂੰ ਇੱਕ ਨਵਾਂ ਕਟੋਰਾ ਦਿਓ ਅਤੇ ਉਸ ਵਿੱਚ ਲੂਣ ਪਾਵੋ।”
ਲੋਕੀ ਉਸ ਲਈ ਭਾਂਡਾ ਲੈ ਆਏ। 21 ਤਾਂ ਅਲੀਸ਼ਾ ਉਸ ਥਾਵੇਂ ਗਿਆ ਜਿੱਥੇ ਕਿ ਪਾਣੀ ਧਰਤੀ ਵਿੱਚੋਂ ਨਿਕਲਦਾ ਸੀ। ਉਸ ਥਾਵੇਂ, ਅਲੀਸ਼ਾ ਨੇ ਭਾਂਡੇ ਵਿੱਚੋਂ ਲੂਣ ਡੋਲ੍ਹਿਆ ਅਤੇ ਆਖਿਆ, “ਯਹੋਵਾਹ ਨੇ ਆਖਿਆ ਹੈ, ‘ਮੈਂ ਇਸ ਪਾਣੀ ਨੂੰ ਸਾਫ਼ ਕਰ ਰਿਹਾ ਹਾਂ ਹੁਣ ਤੋਂ ਇਸ ਪਾਣੀ ਨੂੰ ਪੀਕੇ ਕੋਈ ਨਹੀਂ ਮਰੇਗਾ ਅਤੇ ਨਾ ਹੀ ਧਰਤੀ ਤੇ ਫ਼ਸਲ ਹੋਣ ਵਿੱਚ ਕੋਈ ਰੁਕਾਵਟ ਪਾਵੇਗਾ।’”
22 ਪਾਣੀ ਬਿਲਕੁਲ ਸਾਫ਼ ਹੋ ਗਿਆ। ਇਹ ਪਾਣੀ ਅੱਜ ਤੀਕ ਸਾਫ਼ ਹੈ। ਇਹ ਸਭ ਕੁਝ ਉਵੇਂ ਹੋਇਆ ਜਿਵੇਂ ਅਲੀਸ਼ਾ ਨੇ ਕਿਹਾ।
ਕੁਝ ਮੁੰਡਿਆਂ ਵੱਲੋਂ ਅਲੀਸ਼ਾ ਨੂੰ ਮਖੌਲ ਕਰਨਾ
23 ਅਲੀਸ਼ਾ ਉਸ ਸ਼ਹਿਰ ਤੋਂ ਬੈਤਏਲ ਨੂੰ ਆਇਆ। ਅਲੀਸ਼ਾ ਬੈਤਏਲ ਵੱਲ ਪਹਾੜੀਆਂ ਉੱਪਰ ਤੁਰਿਆ ਜਾਂਦਾ ਸੀ ਤਾਂ, ਕੁਝ ਮੁੰਡੇ ਸ਼ਹਿਰ ਤੋਂ ਬਾਹਰ ਆ ਰਹੇ ਸਨ ਅਤੇ ਉਨ੍ਹਾਂ ਨੇ ਅਲੀਸ਼ਾ ਦਾ ਮਖੌਲ ਉਡਾਉਣਾ ਸ਼ੁਰੂ ਕਰ ਦਿੱਤਾ ਅਤੇ ਆਖਿਆ, “ਚੜ੍ਹਦਾ ਜਾ ਗੰਜਿਆ, ਚੜ੍ਹਦਾ ਜਾ ਗੰਜਿਆ।”
24 ਅਲੀਸ਼ਾ ਨੇ ਪਰਤ ਕੇ ਉਨ੍ਹਾਂ ਵੱਲ ਵੇਖਿਆ ਅਤੇ ਯਹੋਵਾਹ ਦਾ ਨਾਂ ਲੈ ਕੇ ਉਨ੍ਹਾਂ ਨੂੰ ਸਰਾਪ ਦਿੱਤਾ ਫੇਰ ਜੰਗਲ ਵਿੱਚੋਂ ਦੋ ਰਿੱਛ ਨਿਕਲੇ, ਅਤੇ 42 ਮੁੰਡਿਆਂ ਨੂੰ ਪਾੜ ਕੇ ਮਾਰ ਦਿੱਤਾ।
25 ਅਲੀਸ਼ਾ ਬੈਤਏਲ ਨੂੰ ਛੱਡ ਕੇ ਕਰਮਲ ਦੇ ਪਹਾੜ ਨੂੰ ਗਿਆ। ਫ਼ਿਰ ਉਸ ਜਗ੍ਹਾ ਤੋਂ ਅਲੀਸ਼ਾ ਸਾਮਰਿਯਾ ਵੱਲ ਨੂੰ ਗਿਆ।
ਯਹੋਰਾਮ ਦਾ ਇਸਰਾਏਲ ਦਾ ਰਾਜਾ ਹੋਣਾ
3 ਸਾਮਰਿਯਾ ਵਿੱਚ, ਇਸਰਾਏਲ ਉੱਪਰ ਅਹਾਬ ਦਾ ਪੁੱਤਰ ਯਹੋਰਾਮ ਰਾਜ ਕਰਨ ਲੱਗਾ। ਉਸ ਨੇ ਯਹੂਦਾਹ ਦੇ ਪਾਤਸ਼ਾਹ, ਯਹੋਸ਼ਾਫ਼ਾਟ ਦੇ 18ਵੇਂ ਵਰ੍ਹੇ ਵਿੱਚ ਰਾਜ ਕਰਨਾ ਸ਼ੁਰੂ ਕੀਤਾ ਅਤੇ ਉਸ ਨੇ 12 ਵਰ੍ਹੇ ਰਾਜ ਕੀਤਾ। 2 ਯਹੋਰਾਮ ਨੇ ਉਹ ਗੱਲਾ ਕੀਤੀਆਂ ਜੋ ਯਹੋਵਾਹ ਦੀ ਨਿਗਾਹ ਵਿੱਚ ਭੈੜੀਆਂ ਸਨ ਪਰ ਉਹ ਆਪਣੇ ਮਾਂ-ਬਾਪ ਵਰਗਾ ਨਹੀਂ ਸੀ, ਉਸ ਨੇ ਉਸ ਥੰਮ ਤੋਂ ਖਹਿੜਾ ਛੁਡਵਾ ਲਿਆ ਜਿਹੜਾ ਉਸ ਦੇ ਪਿਤਾ ਨੇ ਬਆਲ ਦੀ ਉਪਾਸਨਾ ਕਰਨ ਲਈ ਬਣਾਇਆ ਸੀ। 3 ਫ਼ਿਰ ਵੀ ਉਹ ਨਬਾਟ ਦੇ ਪੁੱਤਰ ਯਾਰਾਬੁਆਮ ਦੇ ਪਾਪਾਂ ਨਾਲ ਜਿਹੜੇ ਉਸ ਨੇ ਇਸਰਾਏਲ ਤੋਂ ਕਰਵਾਏ ਸੀ ਉਨ੍ਹਾਂ ਨਾਲ ਜੁੜਿਆ ਰਿਹਾ ਤੇ ਉਨ੍ਹਾਂ ਤੋਂ ਬਾਜ ਨਾ ਆਇਆ।
ਮੋਆਬ ਦਾ ਇਸਰਾਏਲ ਨਾਲੋਂ ਵੱਖ ਹੋ ਜਾਣਾ
4 ਮੋਆਬ ਦਾ ਪਾਤਸ਼ਾਹ ਮੇਸ਼ਾ ਸੀ। ਉਹ ਭੇਡਾਂ ਪਾਲਦਾ ਸੀ ਅਤੇ ਇਸਰਾਏਲ ਦੇ ਪਾਤਸ਼ਾਹ ਨੂੰ 1,00,000 ਲੇਲਿਆਂ ਅਤੇ 1,00,000 ਭੇਡੂਆਂ ਦੀ ਉਨ ਦਿੰਦਾ ਹੁੰਦਾ ਸੀ। 5 ਪਰ ਜਦੋਂ ਅਹਾਬ ਦੀ ਮੌਤ ਹੋ ਗਈ ਤਾਂ ਮੋਆਬ ਦਾ ਰਾਜਾ ਇਸਰਾਏਲ ਦੇ ਪਾਤਸ਼ਾਹ ਤੋਂ ਆਕੀ ਹੋ ਗਿਆ।
6 ਉਸ ਦਿਨ ਰਾਜਾ ਯਹੋਰਾਮ ਸਾਮਰਿਯਾ ਤੋਂ ਬਾਹਰ ਆਇਆ ਅਤੇ ਸਾਰੇ ਇਸਰਾਏਲ ਦੇ ਸਾਰੇ ਲੋਕਾਂ ਨੂੰ ਇਕੱਠਾ ਕੀਤਾ। 7 ਉਸ ਨੇ ਯਹੂਦਾਹ ਦੇ ਪਾਤਸ਼ਾਹ ਯਹੋਸ਼ਾਫ਼ਾਟ ਤੋਂ ਪੁੱਛਣਾ ਭੇਜਿਆ ਅਤੇ ਕਿਹਾ, “ਮੋਆਬ ਦਾ ਪਾਤਸ਼ਾਹ ਮੇਰੇ ਤੋਂ ਆਕੀ ਹੋ ਗਿਆ ਹੈ, ਕੀ ਤੂੰ ਮੋਆਬ ਦੇ ਵਿਰੁੱਧ ਮੇਰੇ ਨਾਲ ਲੜਨ ਲਈ ਚੱਲੇਂਗਾ?”
ਯਹੋਸ਼ਾਫ਼ਾਟ ਨੇ ਆਖਿਆ, “ਹਾਂ, ਮੈਂ ਤੇਰੇ ਨਾਲ ਜਾਵਾਂਗਾ। ਅਸੀਂ ਇੱਕ ਸੈਨਾ ਵਾਂਗ ਇਕੱਠੇ ਜਾਵਾਂਗੇ। ਮੇਰੀ ਸੈਨਾ ਤੇਰੀ ਹੀ ਸੈਨਾ ਵਾਂਗ ਹੋਵੇਗੀ ਤੇ ਮੇਰੇ ਘੋੜੇ ਵੀ ਤੇਰੇ ਹੀ ਘੋੜਿਆਂ ਵਾਂਗ ਹੋਣਗੇ।”
ਤਿੰਨਾਂ ਪਾਤਸ਼ਾਹਾਂ ਨੇ ਅਲੀਸ਼ਾ ਦੀ ਸਲਾਹ ਲਈ
8 ਯਹੋਸ਼ਾਫ਼ਾਟ ਨੇ ਯਹੋਰਾਮ ਨੂੰ ਆਖਿਆ, “ਅਸੀਂ ਕਿਹੜੇ ਪਾਸਿਓ ਚੜ੍ਹੀਏ?”
ਯਹੋਰਾਮ ਨੇ ਆਖਿਆ, “ਸਾਨੂੰ ਅਦੋਮ ਦੀ ਉਜਾੜ ਵੱਲੋਂ ਜਾਣਾ ਚਾਹੀਦਾ ਹੈ।”
9 ਤਦ ਇਸਰਾਏਲ ਦਾ ਪਾਤਸ਼ਾਹ ਯਹੂਦਾਹ ਦਾ ਪਾਤਸ਼ਾਹ ਅਤੇ ਅਦੋਮ ਦਾ ਰਾਜਾ ਇਕੱਠੇ ਨਿਕਲ ਪਏ। ਉਨ੍ਹਾਂ ਸੱਤ ਦਿਨ ਸਫ਼ਰ ਕੀਤਾ। ਉਸ ਸਫ਼ਰ ਦੌਰਾਨ ਉਨ੍ਹਾਂ ਕੋਲ ਆਪਣੇ ਸਿਪਾਹੀਆਂ ਅਤੇ ਜਾਨਵਰਾਂ ਲਈ ਪਾਣੀ ਵੀ ਘੱਟ ਸੀ। 10 ਅਖੀਰ ਵਿੱਚ ਇਸਰਾਏਲ ਦੇ ਪਾਤਸ਼ਾਹ ਯਹੋਰਾਮ ਨੇ ਕਿਹਾ, “ਹਾਏ ਮੈਨੂੰ ਲੱਗਦਾ! ਯਹੋਵਾਹ ਨੇ ਤਿੰਨਾਂ ਪਾਤਸ਼ਾਹਾਂ ਨੂੰ ਉਨ੍ਹਾਂ ਨੂੰ ਮੋਆਬ ਦੇ ਹੱਥੀਂ ਫ਼ੜਵਾਉਣ ਲਈ ਘਲਿਆ ਹੈ।”
11 ਪਰ ਯਹੋਸ਼ਾਫ਼ਾਟ ਬੋਲਿਆ, “ਯਕੀਨਨ, ਇੱਥੇ ਯਹੋਵਾਹ ਦਾ ਕੋਈ ਨਬੀ ਹੋਵੇਗਾ ਅਸੀਂ ਉਸ ਤੋਂ ਪੁੱਛਦੇ ਹਾਂ ਕਿ ਯਹੋਵਾਹ ਕੀ ਆਖਦਾ ਹੈ, ਸਾਨੂੰ ਕੀ ਕਰਨਾ ਚਾਹੀਦਾ ਹੈ?”
ਇਸਰਾਏਲ ਦੇ ਸੇਵਕਾਂ ਵਿੱਚੋਂ ਇੱਕ ਰਾਜੇ ਨੇ ਆਖਿਆ, “ਸ਼ਾਫ਼ਾਤ ਦਾ ਪੁੱਤਰ ਏਲੀਯਾਹ ਇੱਥੇ ਹੈ।ਉਹ ਏਲੀਯਾਹ ਦਾ ਸੇਵਕ ਸੀ।”
12 ਤਦ ਯਹੋਸ਼ਾਫ਼ਾਟ ਨੇ ਆਖਿਆ, “ਯਹੋਵਾਹ ਦਾ ਬਚਨ ਉਸ ਦੇ ਨਾਲ ਹੈ।”
ਸੋ ਇਸਰਾਏਲ ਦਾ ਪਾਤਸ਼ਾਹ, ਯਹੋਸ਼ਾਫ਼ਾਟ ਅਤੇ ਅਦੋਮ ਦਾ ਰਾਜਾ ਉਸ ਨੂੰ ਮਿਲਣ ਲਈ ਗਏ। 13 ਤਾਂ ਅਲੀਸ਼ਾ ਨੇ ਇਸਰਾਏਲ ਦੇ ਪਾਤਸ਼ਾਹ ਨੂੰ ਆਖਿਆ, “ਤੂੰ ਮੈਨੂੰ ਮਿਲਣ ਲਈ ਕਿਉਂ ਆਇਆ ਹੈਂ? ਤੂੰ ਆਪਣੇ ਮਾਪਿਆਂ ਦੇ ਨਬੀਆਂ ਕੋਲ ਜਾ।”
ਇਸਰਾਏਲ ਦੇ ਪਾਤਸ਼ਾਹ ਨੇ ਅਲੀਸ਼ਾ ਨੂੰ ਕਿਹਾ, “ਨਹੀਂ! ਅਸੀਂ ਤੈਨੂੰ ਮਿਲਣ ਲਈ ਆਏ ਹਾਂ, ਕਿਉਂ ਕਿ ਯਹੋਵਾਹ ਨੇ ਇਨ੍ਹਾਂ ਤਿੰਨਾਂ ਪਾਤਸ਼ਾਹਾਂ ਨੂੰ ਮੋਆਬ ਦੀ ਸ਼ਕਤੀ ਦੇ ਹੱਥੀਂ ਫ਼ੜਵਾਉਣ ਲਈ ਇਕੱਠਿਆਂ ਕੀਤਾ ਹੈ।”
14 ਤਦ ਅਲੀਸ਼ਾ ਬੋਲਿਆ, “ਮੈਂ ਯਹੋਵਾਹ ਸਰਬ-ਸ਼ਕਤੀਮਾਨ ਦੀ ਜ਼ਿੰਦਗੀ ਦੀ ਸੌਂਹ ਖਾਂਦਾ ਹਾਂ, ਜਿਸਦੀ ਮੈਂ ਸੇਵਾ ਕਰਦਾ ਹਾਂ, ਜੇਕਰ ਮੈਨੂੰ ਯਹੂਦਾਹ ਦੇ ਪਾਤਸ਼ਾਹ ਯਹੋਸ਼ਾਫ਼ਾਟ ਦੀ ਹਜ਼ੂਰੀ ਦਾ ਲਿਹਾਜ਼ ਨਾ ਹੁੰਦਾ, ਮੈਂ ਤੁਹਾਡੇ ਵੱਲ ਵੇਖਿਆ ਜਾਂ ਤੱਕਿਆ ਨਾ ਹੁੰਦਾ। 15 ਹੁਣ ਕਿਸੇ ਅਜਿਹੇ ਵਿਅਕਤੀ ਨੂੰ ਮੇਰੇ ਕੋਲ ਲਿਆਓ ਜੋ ਰਬਾਬ ਵਜਾ ਸੱਕਦਾ ਹੋਵੇ।”
ਜਦੋਂ ਵਿਅਕਤੀ ਨੇ ਰਬਾਬ ਵਜਾਇਆ ਯਹੋਵਾਹ ਦੀ ਸ਼ਕਤੀ ਅਲੀਸ਼ਾ ਦੇ ਉੱਪਰ ਆਈ। 16 ਤਦ ਅਲੀਸ਼ਾ ਨੇ ਕਿਹਾ, “ਇਸ ਵਾਦੀ ਵਿੱਚ ਯਹੋਵਾਹ ਆਖਦਾ ਹੈ ਕਿ ਟੋਏ ਹੀ ਟੋਏ ਪੁੱਟ ਦੇਵੋ। 17 ਯਹੋਵਾਹ ਇਉਂ ਆਖਦਾ ਹੈ ਕਿ ਤੁਹਾਨੂੰ ਹਨੇਰੀ ਅਤੇ ਬਾਰਿਸ਼ ਨਜ਼ਰ ਨਹੀਂ ਆਵੇਗੀ ਪਰ ਵਾਦੀ ਸਾਰੀ ਪਾਣੀ ਨਾਲ ਭਰ ਜਾਵੇਗੀ। ਤਦ ਤੁਸੀਂ ਅਤੇ ਤੁਹਾਡੇ ਜਾਨਵਰ ਜੀ ਭਰ ਕੇ ਪਾਣੀ ਪੀ ਸੱਕਣਗੇ। 18 ਅਤੇ ਯਹੋਵਾਹ ਦੀ ਨਿਗਾਹ ਵਿੱਚ ਇਹ ਛੋਟਾ ਜਿਹਾ ਕੰਮ ਹੈ। ਉਹ ਮੋਆਬ ਨੂੰ ਹਾਰ ਦੇਣ ਲਈ ਤੁਹਾਡੇ ਹੱਥ ਵਿੱਚ ਦੇਵੇਗਾ। 19 ਤੁਸੀਂ ਹਰ ਸਫੀਲ ਵਾਲੇ ਅਤੇ ਵੱਧੀਆ ਸ਼ਹਿਰ ਢਾਹ ਛੱਡੋਂਗੇ ਅਤੇ ਹਰ ਚੰਗੇ ਬਿਰਛ ਨੂੰ ਵੱਢ ਸੁੱਟੋਂਗੇ ਅਤੇ ਪਾਣੀ ਦੇ ਸਾਰੇ ਸਰੋਤਾਂ ਨੂੰ ਪੂਰ ਦੇਵੋਂਗੇ ਅਤੇ ਹਰ ਚੰਗੇ ਖੇਤ ਨੂੰ ਪੱਥਰ ਸੁੱਟ-ਸੁੱਟ ਕੇ ਬਰਬਾਦ ਕਰ ਦੇਵੋਂਗੇ।”
20 ਸਵੇਰ ਵਕਤ ਜਦੋਂ ਭੇਟ ਚੜ੍ਹਾਈ ਜਾਂਦੀ ਸੀ ਤਾਂ ਅਦੋਮ ਦੇ ਪਾਸਿਓ ਪਾਣੀ ਆਉਣਾ ਸ਼ੁਰੂ ਹੋਇਆ ਅਤੇ ਉਹ ਸਾਰੀ ਧਰਤੀ ਪਾਣੀ ਨਾਲ ਭਰ ਗਈ। 21 ਜਦੋਂ ਮੋਆਬੀਆਂ ਨੇ ਸੁਣਿਆ ਕਿ ਪਾਤਸ਼ਾਹ ਲੜਨ ਲਈ ਆਏ ਸਨ, ਉਹ ਸਾਰੇ ਜਿਹੜੇ ਲੜਨ ਦੇ ਕਾਬਿਲ ਸਨ, ਇਕੱਠੇ ਕੀਤੇ ਗਏ, ਅਤੇ ਉਨ੍ਹਾਂ ਨੇ ਆਪਣੇ-ਆਪ ਨੂੰ ਸੀਮਾ ਤੇ ਤੈਨਾਤ ਕਰ ਲਿਆ। 22 ਉਸ ਸਵੇਰ ਮੋਆਬ ਦੇ ਲੋਕ ਸਵੇਰੇ ਜਲਦੀ ਉੱਠੇ। ਵਾਦੀ ਵਿੱਚ ਚੜ੍ਹਦਾ ਸੂਰਜ ਪਾਣੀ ਉੱਪਰ ਆਪਣੇ ਲਿਸ਼ਕਾਰੇ ਮਾਰ ਰਿਹਾ ਸੀ ਜੋ ਕਿ ਮੋਆਬੀਆਂ ਨੂੰ ਲਹੂ ਵਾਂਗ ਦਿਸ ਰਿਹਾ ਸੀ। 23 ਮੋਆਬ ਦੇ ਲੋਕਾਂ ਨੇ ਕਿਹਾ, “ਉਸ ਲਹੂ ਵੱਲ ਵੇਖੋ! ਇਉਂ ਲੱਗਦਾ ਹੈ ਜਿਵੇਂ ਕਿ ਪਾਤਸ਼ਾਹ ਨੇ ਆਪਸ ਵਿੱਚ ਲੜਕੇ ਇੱਕ ਦੂਜੇ ਨੂੰ ਮਾਰ ਦਿੱਤਾ ਹੋਵੇ ਚਲੋ ਆਪਾਂ ਚੱਲ ਕੇ ਲਾਸ਼ਾਂ ਤੋਂ ਕੀਮਤੀ ਸਾਮਾਨ ਲਾਹ ਲਈਏ।”
24 ਜਦੋਂ ਮੋਆਬੀ ਇਸਰਾਏਲੀਆਂ ਦੇ ਡੇਰੇ ਦੇ ਨੇੜੇ ਆਏ ਇਸਰਾਏਲੀਆਂ ਨੇ ਉਨ੍ਹਾਂ ਉੱਤੇ ਹਮਲਾ ਕਰ ਦਿੱਤਾ ਅਤੇ ਉਹ ਭੱਜ ਗਏ। ਪਰ ਇਸਰਾਏਲੀਆਂ ਨੇ ਮੋਆਬ ਤੱਕ ਉਨ੍ਹਾਂ ਦਾ ਪਿੱਛਾ ਕੀਤਾ। 25 ਇਸਰਾਏਲੀਆਂ ਨੇ ਉਨ੍ਹਾਂ ਦੇ ਸ਼ਹਿਰਾਂ ਨੂੰ ਢਾਹ ਸੁੱਟਿਆ ਅਤੇ ਮੋਆਬ ਦੇ ਹਰੇਕ ਖੇਤ ਵਿੱਚ ਪਥਰਾਵ ਕੀਤਾ ਅਤੇ ਸਾਰੇ ਪਾਣੀ ਦੇ ਸਰੋਤਾਂ ਨੂੰ ਪੂਰ ਦਿੱਤਾ ਅਤੇ ਉਨ੍ਹਾਂ ਦੇ ਸਾਰੇ ਚੰਗੇ ਬਿਰਛਾਂ ਨੂੰ ਵੱਢ ਸੁੱਟਿਆ। ਇਸਰਾਏਲੀ ਕੀਰ-ਹਰਾਸਥ ਤੀਕ ਲੜਦੇ ਰਹੇ! ਸਿਪਾਹੀਆਂ ਨੇ ਕੀਰ-ਹਰਾਸਥ ਨੂੰ ਘੇਰ ਕੇ ਉੱਥੇ ਵੀ ਹਮਲਾ ਕੀਤਾ।
26 ਮੋਆਬ ਦੇ ਪਾਤਸ਼ਾਹ ਨੇ ਮਹਿਸੂਸ ਕੀਤਾ ਕਿ ਉਹ ਇਹ ਲੜਾਈ ਹਾਰ ਰਿਹਾ ਸੀ, ਤਾਂ ਉਸ ਨੇ 700 ਸਿਪਾਹੀ ਲੇ ਜੋ ਕਿ ਰਾਹੀਂ ਫ਼ੌਜ ਲੰਘਕੇ ਅਦੋਮ ਦੇ ਪਾਤਸ਼ਾਹ ਨੂੰ ਮਰਨ ਲਈ ਤਲਵਾਰ ਦਾ ਇਸਤੇਮਾਲ ਕਰ ਸੱਕਦੇ ਸਨ। ਪਰ ਉਹ ਇਉਂ ਕਰਨ ਵਿੱਚ ਨਾਕਾਮਯਾਬ ਰਹੇ। 27 ਤਦ ਮੋਆਬ ਦੇ ਪਾਤਸ਼ਾਹ ਨੇ ਆਪਣੇ ਪਹਿਲੋਠੇ ਪੁੱਤਰ ਨੂੰ ਜਿਹੜਾ ਕਿ ਉਸਦੀ ਥਾਵੇਂ ਰਾਜ ਕਰਨ ਵਾਲਾ ਸੀ, ਉਸ ਨੂੰ ਨਗਰ ਦੀ ਕੰਧ ਉੱਤੇ ਹੋਮ ਦੀ ਭੇਟ ਵਜੋਂ ਚੜ੍ਹਾਇਆ। ਇਹ ਵੇਖਕੇ ਇਸਰਾਏਲ ਦੇ ਲੋਕ ਬੜੇ ਪਰੇਸ਼ਾਨ ਹੋਏ, ਅਤੇ ਮੋਆਬ ਦੇ ਰਾਜੇ ਉੱਤੇ ਹਮਲਾ ਕਰਨੋ ਹਟ ਗਏ ਅਤੇ ਆਪਣੀ ਧਰਤੀ ਨੂੰ ਪਰਤ ਗਏ।
2010 by World Bible Translation Center