Print Page Options
Previous Prev Day Next DayNext

Beginning

Read the Bible from start to finish, from Genesis to Revelation.
Duration: 365 days
Punjabi Bible: Easy-to-Read Version (ERV-PA)
Version
1 ਰਾਜਿਆਂ 18-20

ਏਲੀਯਾਹ ਅਤੇ ਬਆਲ ਦੇ ਨਬੀ

18 ਜਦੋਂ ਤੀਜੇ ਵਰ੍ਹੇ ਵਿੱਚ ਵੀ ਕੋਈ ਮੀਂਹ ਨਾ ਪਿਆ ਤਾਂ ਯਹੋਵਾਹ ਨੇ ਏਲੀਯਾਹ ਨੂੰ ਕਿਹਾ, “ਜਾ ਅਤੇ ਜਾਕੇ ਅਹਾਬ ਪਾਤਸ਼ਾਹ ਨੂੰ ਮਿਲ। ਮੈਂ ਜਲਦੀ ਹੀ ਮੀਂਹ ਵਰਸਾਵਾਂਗਾ।” ਤਾਂ ਏਲੀਯਾਹ ਅਹਾਬ ਨੂੰ ਮਿਲਣ ਗਿਆ।

ਉਸ ਵੇਲੇ ਸਾਮਰਿਯਾ ਵਿੱਚ ਕਾਲ ਪਿਆ ਹੋਇਆ ਸੀ। ਤਾਂ ਅਹਾਬ ਨੇ ਓਬਦਿਆਹ ਨੂੰ ਜੋ ਕਿ ਉਸ ਦੇ ਮਹਿਲ ਦਾ ਦੀਵਾਨ ਸੀ ਆਪਣੇ ਕੋਲ ਆਉਣ ਨੂੰ ਕਿਹਾ ਓਬਦਿਆਹ ਵੈਸੇ ਵੀ ਯਹੋਵਾਹ ਦਾ ਸੱਚਾ ਭਗਤ ਸੀ। ਇੱਕ ਵਾਰ ਜਦੋਂ ਈਜ਼ਬਲ ਯਹੋਵਾਹ ਦੇ ਨਬੀਆਂ ਨੂੰ ਵੱਢਦੀ ਪਈ ਸੀ ਤਾਂ ਓਬਦਿਆਹ ਨੇ 100 ਨਬੀਆਂ ਨੂੰ ਪੰਜਾਹ-ਪੰਜਾਹ ਕਰਕੇ ਦੋ ਗੁਫ਼ਾਵਾਂ ਵਿੱਚ ਲੁਕਾਅ ਦਿੱਤਾ। ਅਤੇ ਉਨ੍ਹਾਂ ਨੂੰ ਅੰਨ ਪਾਣੀ ਦਿੱਤਾ। ਅਹਾਬ ਪਾਤਸ਼ਾਹ ਨੇ ਓਬਦਿਆਹ ਨੂੰ ਕਿਹਾ, “ਅਸੀਂ ਜਾਵਾਂਗੇ ਅਤੇ ਦੇਸ ਵਿੱਚਲੇ ਪਾਣੀ ਦੇ ਸਾਰੇ ਝਰਨਿਆਂ ਅਤੇ ਦਰਿਆਵਾਂ ਨੂੰ ਵੇਖਾਂਗੇ। ਹੋ ਸੱਕਦਾ ਅਸੀਂ ਘੋੜਿਆਂ ਅਤੇ ਖੱਚਰਾਂ ਨੂੰ ਜਿਉਂਦਿਆਂ ਰੱਖਣ ਲਈ ਕੁਝ ਘਾਹ ਲੱਭ ਲਈਏ। ਤਦ ਸਾਨੂੰ ਆਪਣੇ ਜਾਨਵਰ ਨਹੀਂ ਗੁਆਉਣੇ ਪੈਣਗੇ।” ਉਨ੍ਹਾਂ ਨੇ ਪਾਣੀ ਦੀ ਛਾਣ ਬੀਨ ਕਰਨ ਲਈ ਦੇਸ਼ ਦੋ ਹਿਸਿਆਂ ਨੂੰ ਆਪਣੇ ਵਿੱਚਕਾਰ ਵੰਡ ਲਿਆ। ਤਾਂ ਉਹ ਦੋਵੇਂ ਸਾਰੇ ਦੇਸ਼ ਵਿੱਚ ਘੁੰਮੇ। ਪਾਣੀ ਦੀ ਭਾਲ ਵਿੱਚ ਅਹਾਬ ਇੱਕ ਦਿਸ਼ਾ ਵੱਲ ਹੋ ਤੁਰਿਆ ਤੇ ਓਬਦਿਆਹ ਦੂਜੇ ਪਾਸੇ ਨੂੰ ਨਿਕਲ ਪਿਆ। ਆਪਣੇ ਸਫ਼ਰ ਦੌਰਾਨ ਓਬਦਿਆਹ ਏਲੀਯਾਹ ਨੂੰ ਮਿਲਿਆ। ਓਬਦਿਆਹ ਨੇ ਏਲੀਯਾਹ ਨੂੰ ਪਛਾਣ ਲਿਆ, ਅਤੇ ਉਸ ਅੱਗੇ ਝੁਕ ਕੇ ਆਖਿਆ, “ਏਲੀਯਾਹ! ਸੁਆਮੀ, ਕੀ ਇਹ ਸੱਚਮੁੱਚ ਤੂੰ ਹੀ ਹੈਂ?”

ਏਲੀਯਾਹ ਨੇ ਆਖਿਆ, “ਹਾਂ, ਇਹ ਮੈਂ ਹੀ ਹਾਂ। ਜਾ ਅਤੇ ਜਾਕੇ ਆਪਣੇ ਸੁਆਮੀ ਪਾਤਸ਼ਾਹ ਨੂੰ ਕਹਿ ਕਿ ਮੈਂ ਇੱਥੇ ਹਾਂ!”

ਤਦ ਓਬਦਿਆਹ ਨੇ ਕਿਹਾ, “ਜੇਕਰ ਮੈਂ ਅਹਾਬ ਨੂੰ ਇਹ ਦੱਸ ਦਿੱਤਾ ਕਿ ਤੂੰ ਕਿੱਥੇ ਹੈਂ ਤਾਂ ਉਹ ਮੈਨੂੰ ਵੱਢ ਸੁੱਟੇਗਾ। ਮੈਂ ਤੇਰਾ ਕੁਝ ਨਹੀਂ ਵਿਗਾੜਿਆ ਤੇ ਤੂੰ ਮੈਨੂੰ ਕਿਉਂ ਮਰਵਾਉਣਾ ਚਾਹੁੰਦਾ ਹੈਂ? 10 ਮੈਂ ਯਹੋਵਾਹ ਤੇਰੇ ਪਰਮੇਸ਼ੁਰ, ਦੇ ਜੀਵਨ ਦੀ ਸੌਂਹ ਖਾਂਦਾ ਕਿ ਅਜਿਹੀ ਕੋਈ ਕੌਮ ਜਾਂ ਰਾਜ ਨਹੀਂ ਜਿੱਥੇ ਰਾਜੇ ਨੇ ਤੈਨੂੰ ਨਾ ਲੱਭਿਆ ਹੋਵੇ। ਜਦ ਕਿਸੇ ਵੀ ਰਾਜ ਜਾਂ ਕੌਮ ਨੇ ਉਸ ਨੂੰ ਕਿਹਾ ਕਿ ਤੂੰ ਉੱਥੇ ਨਹੀਂ ਹੈਂ, ਉਸ ਨੇ ਉਨ੍ਹਾਂ ਨੂੰ ਸੌਂਹ ਚੁਕਾਈ ਕਿ ਤੂੰ ਓੱਥੇ ਨਹੀਂ ਸੀ। 11 ਤੇ ਹੁਣ ਤੂੰ ਚਾਹੁੰਦਾ ਹੈਂ ਕਿ ਮੈਂ ਜਾਕੇ ਇਹ ਆਖਾਂ ਕਿ ਤੂੰ ਇੱਥੇ ਹੈਂ? 12 ਜੇਕਰ ਮੈਂ ਜਾਕੇ ਅਹਾਬ ਪਾਤਸ਼ਾਹ ਨੂੰ ਇਹ ਆਖਾਂ ਕਿ ਤੂੰ ਇੱਥੇ ਹੈਂ ਤਾਂ ਹੋ ਸੱਕਦਾ ਹੈ ਯਹੋਵਾਹ ਤੈਨੂੰ ਚੁੱਕ ਕੇ ਕਿਸੇ ਦੂਜੇ ਥਾਂ ਲੈ ਜਾਵੇ ਤੇ ਜਦੋਂ ਅਹਾਬ ਪਾਤਸ਼ਾਹ ਤੈਨੂੰ ਇੱਥੇ ਵੇਖਣ ਲਈ ਆਵੇ ਤਾਂ ਤੂੰ ਇੱਥੋਂ ਗਾਇਬ ਹੋਵੇਂ।ਤਦ ਉਹ ਮੈਨੂੰ ਵੱਢ ਸੁੱਟੇਗਾ। ਮੈਂ ਜਦੋਂ ਬਾਲਕ ਹੀ ਸੀ ਤਦ ਤੋਂ ਯਹੋਵਾਹ ਨੂੰ ਮੰਨਦਾ ਆਇਆ ਹਾਂ। 13 ਮੇਰੇ ਸੁਆਮੀ ਨੇ ਉਹ ਨਹੀਂ ਸੁਣਿਆ ਜੋ ਮੈਂ ਕੀਤਾ। ਜਦੋਂ ਈਜ਼ਬਲ ਯਹੋਵਾਹ ਦੇ ਨਬੀਆਂ ਨੂੰ ਵੱਢ ਰਹੀ ਸੀ, ਮੈਂ ਉਨ੍ਹਾਂ ਵਿੱਚੋਂ 100 ਨਬੀਆਂ ਨੂੰ, ਦੋ ਗੁਫ਼ਾਵਾਂ ਵਿੱਚ ਪੰਜਾਹ-ਪੰਜਾਹ ਕਰਕੇ ਲੁਕਾਅ ਦਿੱਤਾ। ਮੈਂ ਉਨ੍ਹਾਂ ਲਈ ਰੋਟੀ ਅਤੇ ਪਾਣੀ ਵੀ ਲਿਆਉਂਦਾ ਹੁੰਦਾ ਸੀ। 14 ਤੇ ਹੁਣ ਤੂੰ ਕਹਿੰਦਾ ਹੈਂ ਕਿ ਜਾ ਆਪਣੇ ਮਾਲਿਕ ਨੂੰ ਆਖ ਕਿ ਵੇਖੋ ਏਲੀਯਾਹ ਅਇਆ ਹੈ। ਉਹ ਮੈਨੂੰ ਵੱਢ ਸੁੱਟੇਗਾ।”

15 ਏਲੀਯਾਹ ਨੇ ਆਖਿਆ, “ਮੈਂ ਯਹੋਵਾਹ ਸਰਬ-ਸ਼ਕਤੀਮਾਨ ਦੀ ਜ਼ਿੰਦਗੀ ਦੀ ਸੌਂਹ ਖਾਂਦਾ ਹਾਂ , ਜਿਸਦੀ ਮੈਂ ਸੇਵਾ ਕਰਦਾ ਹਾਂ। ਅੱਜ ਮੈਂ ਰਾਜੇ ਦੇ ਸਾਹਮਣੇ ਪ੍ਰਗਟ ਹੋਵਾਂਗਾ।”

16 ਤਾਂ ਓਬਦਿਆਹ ਅਹਾਬ ਨੂੰ ਮਿਲਣ ਲਈ ਗਿਆ ਤੇ ਉਸ ਨੂੰ ਖਬਰ ਦਿੱਤੀ ਤਾਂ ਰਾਜਾ ਅਹਾਬ ਏਲੀਯਾਹ ਦੇ ਮਿਲਣ ਲਈ ਆਇਆ।

17 ਜਦੋਂ ਅਹਾਬ ਨੇ ਏਲੀਯਾਹ ਨੂੰ ਵੇਖਿਆ ਤਾਂ ਕਿਹਾ, “ਕੀ ਇਹ ਤੂੰ ਹੀ ਹੈਂ? ਇਸਰਾਏਲ ਨੂੰ ਦੁੱਖ ਦੇਣ ਵਾਲਿਆ!”

18 ਏਲੀਯਾਹ ਨੇ ਜਵਾਬ ਦਿੱਤਾ, “ਮੈਂ ਇਸਰਾਏਲ ਨੂੰ ਦੁੱਖ ਨਹੀਂ ਦਿੱਤਾ, ਪਰ ਇਹ ਤੂੰ ਅਤੇ ਤੇਰੇ ਪਿਤਾ ਦਾ ਪਰਿਵਾਰ ਹੈ ਜਿਸ ਨੇ ਅਜਿਹਾ ਕੀਤਾ। ਜਦੋਂ ਤੁਸੀਂ ਦੋਹਾਂ ਨੇ ਯਹੋਵਾਹ ਦੇ ਹੁਕਮਾਂ ਨੂੰ ਮੰਨਣਾ ਛੱਡ ਦਿੱਤਾ ਅਤੇ ਝੂਠੇ ਦੇਵਤਿਆਂ ਦੇ ਮਗਰ ਲੱਗਣਾ ਸੁਰੂ ਕਰ ਦਿੱਤਾ ਫੇਰ ਇਹ ਮੁਸੀਬਤ ਆਈ। 19 ਹੁਣ ਸਗੋਂ ਤੂੰ ਮੇਰੇ ਲਈ ਸਾਰੇ ਇਸਰਾਏਲੀਆਂ ਨੂੰ ਕਰਮਲ ਪਰਬਤ ਕੋਲ ਇਕੱਠੇ ਕਰ ਅਤੇ ਬਆਲ ਦੇ 450 ਨਬੀ ਅਤੇ ਅਸ਼ੇਰਾਹ ਦੇਵੀ ਦੇ 400 ਨਬੀ ਜਿਹੜੇ ਈਜ਼ਬਲ ਦੇ ਲੰਗਰ ਵਿੱਚੋਂ ਖਾਂਦੇ ਸਨ, ਉਨ੍ਹਾਂ ਨੂੰ ਵੀ ਬੁਲਾ।”

20 ਤਾਂ ਅਹਾਬ ਨੇ ਸਾਰੇ ਇਸਰਾਏਲੀਆਂ ਤੇ ਉਨ੍ਹਾਂ ਨਬੀਆਂ ਨੂੰ ਕਰਮਲ ਪਰਬਤ ਤੇ ਬੁਲਾਇਆ। 21 ਏਲੀਯਾਹ ਨੇ ਸਾਰੇ ਲੋਕਾਂ ਨੂੰ ਸੰਬੋਧਿਤ ਕੀਤਾ ਅਤੇ ਆਖਿਆ, “ਤੁਸੀਂ ਕਦੋਂ ਤੀਕ ਦੁਚਿਤੀ ਵਿੱਚ ਰਹੋਗੇ? ਜੇਕਰ ਯਹੋਵਾਹ ਸੱਚਾ ਪਰਮੇਸ਼ੁਰ ਹੈ, ਉਸ ਦੇ ਮਗਰ ਲੱਗੋ। ਜੇਕਰ ਬਆਲ ਸੱਚਾ ਪਰਮੇਸ਼ੁਰ ਹੈ, ਉਸ ਦੇ ਮਗਰ ਲੱਗੋ!”

ਪਰ ਲੋਕ ਇੱਕ ਸ਼ਬਦ ਵੀ ਨਾ ਬੋਲੇ। 22 ਤਾਂ ਏਲੀਯਾਹ ਮੁੜ ਬੋਲਿਆ, “ਮੈਂ ਇੱਥੇ ਇੱਕਲਾ ਹੀ ਯਹੋਵਾਹ ਦਾ ਨਬੀ ਆਇਆ ਹਾਂ ਜਦ ਕਿ ਇੱਥੇ ਬਆਲ ਦੇ 450 ਨਬੀ ਹਨ। 23 ਦੋ ਬਲਦ ਲਿਆਓ ਅਤੇ ਬਾਲ ਦੇ ਨਬੀਆਂ ਨੂੰ ਇੱਕ ਬਲਦ ਰੱਖਣ ਦਿਓ। ਉਹ ਇਸ ਨੂੰ ਮਾਰ ਕੇ ਇਸਦੇ ਟੁਕੜੇ ਕਰ ਲੈਣ, ਅਤੇ ਲੱਕੜਾਂ ਉੱਤੇ ਪਾ ਦੇਣ, ਪਰ ਉਨ੍ਹਾਂ ਨੂੰ ਅੱਗ ਨਾ ਬਾਲਣ ਦਿਓ। ਇਵੇਂ ਹੀ ਮੈਂ ਦੂਜੇ ਬਲਦ ਨਾਲ ਕਰਾਂਗਾ ਤੇ ਮੈਂ ਵੀ ਅੱਗ ਨਹੀਂ ਬਾਲਾਂਗਾ। 24 ਤੁਸੀਂ ਬਆਲ ਦੇ ਨਬੀਓ, ਆਪਣੇ ਦੇਵਤੇ ਅੱਗੇ ਪ੍ਰਾਰਥਨਾ ਕਰੋ ਅਤੇ ਮੈਂ ਯਹੋਵਾਹ ਅੱਗੇ ਪ੍ਰਾਰਥਨਾ ਕਰਾਂਗਾ। ਜਿਹੜਾ ਦੇਵਤਾ ਉੱਤਰ ਦੇਵੇ ਅਤੇ ਅੱਗ ਬਾਲ ਦੇਵੇ ਉਹੀ ਸੱਚਾ ਪਰਮੇਸ਼ੁਰ ਹੋਵੇਗਾ।”

ਸਭ ਲੋਕਾਂ ਨੇ ਉੱਤਰ ਦਿੱਤਾ, “ਬਹੁਤ ਵੱਧੀਆ।”

25 ਤਦ ਏਲੀਯਾਹ ਨੇ ਬਆਲ ਦੇ ਨਬੀਆਂ ਨੂੰ ਕਿਹਾ, “ਤੁਸੀਂ ਇੱਥੇ ਅਨੇਕਾਂ ਹੀ ਹੋ ਸੋ ਤੁਸੀਂ ਪਹਿਲੇ ਜਾਵੋ ਤੇ ਆਪਣਾ ਬਲਦ ਚੁਣਕੇ ਤਿਆਰ ਕਰੋ, ਪਰ ਅੱਗ ਨਾ ਬਾਲਣਾ।”

26 ਇਉਂ ਨਬੀਆਂ ਨੇ ਜਿਹੜਾ ਬਲਦ ਮਿਲਿਆ ਉਸ ਨੂੰ ਲਿਆ, ਇਸ ਦੇ ਟੁਕੜੇ ਕੀਤੇ ਤੇ ਫ਼ਿਰ ਦੁਪਹਿਰ ਤੀਕ ਬਆਲ ਅੱਗੇ ਪ੍ਰਾਰਥਨਾ ਕਰਦੇ ਰਹੇ ਕਿ, “ਹੇ ਬਆਲ, ਕਿਰਪਾ ਕਰਕੇ ਸਾਨੂੰ ਜੁਆਬ ਦੇ!” ਪਰ ਕੋਈ ਹੁੰਗਾਰਾ ਨਾ ਆਇਆ ਨਾ ਕੋਈ ਆਵਾਜ਼। ਨਬੀਆਂ ਨੂੰ ਜਿਹੜੀ ਜਗਵੇਦੀ ਤਿਆਰ ਕੀਤੀ ਸੀ ਉਸ ਅੱਗੇ ਨੱਚਦੇ ਰਹੇ ਪਰ ਅੱਗ ਨਾ ਬਲੀ।

27 ਦੁਪਹਿਰ ਵੇਲੇ ਏਲੀਯਾਹ ਨੇ ਉਨ੍ਹਾਂ ਦਾ ਮਖੌਲ ਉਡਾਉਣਾ ਸ਼ੁਰੂ ਕੀਤਾ ਅਤੇ ਕਿਹਾ, “ਜੇਕਰ ਬਆਲ ਸੱਚਮੁੱਚ ਪਰਮੇਸ਼ੁਰ ਹੈ ਤਾਂ ਤੁਹਾਨੂੰ ਉਸ ਨੂੰ ਉੱਚੀ ਆਵਾਜ਼ ਵਿੱਚ ਬੁਲਾਉਣਾ ਚਾਹੀਦਾ ਹੈ! ਕੀ ਪਤਾ ਉਹ ਕੁਝ ਸੋਚ ਰਿਹਾ ਹੋਵੇ ਜਾਂ ਕਿਸੇ ਕੰਮ ਵਿੱਚ ਰੁਝਿਆ ਹੋਵੇ? ਜਾਂ ਉਹ ਕਿਤੇ ਸਫ਼ਰ ਕਰ ਰਿਹਾ ਹੋਵੇ! ਹੋ ਸੱਕਦਾ ਹੈ ਉਹ ਸੌਂ ਰਿਹਾ ਹੋਵੇ। ਇਸ ਲਈ ਤੁਹਾਨੂੰ ਉੱਚੀ ਆਵਾਜ਼ ਵਿੱਚ ਬੋਲ ਕੇ ਉਸ ਨੂੰ ਜਗਾਉਣਾ ਚਾਹੀਦਾ ਹੈ!” 28 ਇਸ ਲਈ ਨਬੀਆਂ ਨੇ ਉੱਚੀ-ਉੱਚੀ ਪ੍ਰਾਰਥਨਾ ਕਰਨੀ ਸ਼ੁਰੂ ਕਰ ਦਿੱਤੀ, ਅਤੇ ਉਨ੍ਹਾਂ ਦੀ ਰੀਤ ਅਨੁਸਾਰ ਆਪਣੀਆਂ ਤਲਵਾਰਾਂ ਅਤੇ ਨੇਜਿਆਂ ਨਾਲ ਆਪਣੇ-ਆਪ ਨੂੰ ਕੱਟਣ ਲੱਗ ਪਏ, ਜਿੰਨਾ ਚਿਰ ਖੂਨ ਉਨ੍ਹਾਂ ਦੇ ਉੱਪਰੋਂ ਦੀ ਵਗਣ ਨਹੀਂ ਲੱਗ ਪਿਆ। 29 ਜਦੋਂ ਦੁਪਿਹਰ ਲੰਘ ਗਈ, ਉਹ ਸੰਧਿਆ ਦੀ ਭੇਟ ਚੜ੍ਹਾਉਣ ਦੀ ਘੜੀ ਤਾਈਂ ਰੋਲਾ ਪਾਉਂਦੇ ਰਹੇ, ਓੱਥੇ ਕੋਈ ਆਵਾਜ਼ ਨਹੀਂ ਸੀ, ਕਿਸੇ ਨੇ ਵੀ ਕੋਈ ਜਵਾਬ ਨਹੀਂ ਦਿੱਤਾ ਜਾਂ ਧਿਆਨ ਨਹੀਂ ਦਿੱਤਾ।

30 ਤਦ ਏਲੀਯਾਹ ਨੇ ਹਰੇਕ ਨੂੰ ਕਿਹਾ, “ਹੁਣ, ਮੇਰੇ ਕੋਲ ਆਓ।” ਤਦ ਸਾਰੇ ਲੋਕਾ ਏਲੀਯਾਹ ਦੇ ਦੁਆਲੇ ਇਕੱਠੇ ਹੋ ਗਏ। ਫ਼ੇਰ ਉਸ ਨੇ ਯਹੋਵਾਹ ਦੀ ਟੁੱਟੀ ਹੋਈ ਜਗਵੇਦੀ ਨੂੰ ਤਿਆਰ ਕੀਤਾ। 31 ਏਲੀਯਾਹ ਨੇ 12 ਪੱਥਰ ਲੇ ਹਰ ਪਰਿਵਾਰ-ਸਮੂਹ ਲਈ ਇੱਕ ਪੱਥਰ ਲਿਆ ਗਿਆ ਤੇ ਇਨ੍ਹਾਂ ਪਰਿਵਾਰ-ਸਮੂਹਾਂ ਦੇ ਨਾਂ ਯਾਕੂਬ ਦੇ 12 ਪੁੱਤਰਾਂ ਤੇ ਰੱਖੇ ਗਏ। ਯਾਕੂਬ ਹੀ ਉਹ ਮਨੁੱਖ ਸੀ ਜਿਸ ਨੂੰ ਯਹੋਵਾਹ ਨੇ ਇਸਰਾਏਲ ਆਖਿਆ ਸੀ। 32 ਏਲੀਯਾਹ ਨੇ ਇਨ੍ਹਾਂ ਪੱਥਰ ਨਾਲ ਯਹੋਵਾਹ ਦੇ ਨਾਉਂ ਉੱਪਰ ਇੱਕ ਜਗਵੇਦੀ ਬਣਾਈ ਅਤੇ ਇਸਦੇ ਚੁਫ਼ੇਰੇ ਇੱਕ ਖਾਈ ਬਣਾਈ। ਇਹ ਇੰਨੀ ਡੂੰਘੀ ਤੇ ਚੌੜੀ ਸੀ ਕਿ ਇਸ ਵਿੱਚ ਸੱਤ ਗੈਲਨ ਪਾਣੀ ਸਮਾਅ ਸੱਕੇ। 33 ਤਦ ਏਲੀਯਾਹ ਨੇ ਜਗਵੇਦੀ ਤੇ ਲੱਕੜਾਂ ਰੱਖੀਆਂ ਉਸ ਨੇ ਬਲਦ ਦੇ ਟੁਕੜੇ ਕੀਤੇ ਅਤੇ ਉਨ੍ਹਾਂ ਟੁਕੜਿਆਂ ਨੂੰ ਲੱਕੜ ਤੇ ਰੱਖਿਆ। 34 ਤਦ ਏਲੀਯਾਹ ਨੇ ਕਿਹਾ, “4 ਮਰਤਬਾਨ ਪਾਣੀ ਦੇ ਭਰੋ। ਉਸ ਪਾਣੀ ਨੂੰ ਹੋਮ ਦੀ ਬਲੀ ਅਤੇ ਬਾਲਣ ਉੱਪਰ ਡੋਹਲ ਦਿਓ।” ਤਦ ਏਲੀਯਾਹ ਨੇ ਕਿਹਾ, “ਇਸ ਨੂੰ ਦੁਬਾਰਾ ਕਰੋ।” ਫਿਰ ਉਸ ਕਿਹਾ, “ਇਸ ਨੂੰ ਤੀਜੀ ਵਾਰ ਫ਼ਿਰ ਕਰੋ।” 35 ਇਉਂ ਪਾਣੀ ਜਗਵੇਦੀ ਵਿੱਚੋਂ ਵਗਦਾ ਹੋਇਆ ਖਾਈ ਨੂੰ ਭਰਨ ਲੱਗਾ।

36 ਤਾਂ ਤਕਾਲਾਂ ਦੀ ਬਲੀ ਚੜ੍ਹਾਉਣ ਦੇ ਵੇਲੇ ਏਲੀਯਾਹ ਨਬੀ ਨੇ ਜਗਵੇਦੀ ਦੇ ਨੇੜੇ ਆਕੇ ਪ੍ਰਾਰਥਨਾ ਕੀਤੀ, “ਹੇ ਯਹੋਵਾਹ ਅਬਰਾਹਮ, ਇਸਹਾਕ ਤੇ ਯਾਕੂਬ ਦੇ ਪਰਮੇਸ਼ੁਰ। ਮੈਂ ਪ੍ਰਾਰਥਨਾ ਕਰਦਾ ਹਾਂ ਕਿ ਅੱਜ ਸਭ ਨੂੰ ਪਤਾ ਲੱਗ ਜਾਵੇ ਕਿ ਤੂੰ ਇਸਰਾਏਲ ਦਾ ਪਰਮੇਸ਼ੁਰ ਹੈ ਅਤੇ ਮੈਂ ਤੇਰਾ ਦਾਸ ਹਾਂ ਅਤੇ ਮੈਂ ਇਨ੍ਹਾਂ ਸਾਰੀਆਂ ਗੱਲਾਂ ਨੂੰ ਤੇਰੇ ਬਚਨ ਨਾਲ ਕੀਤਾ ਹੈ। 37 ਹੇ ਯਹੋਵਾਹ, ਮੇਰੀ ਗੱਲ ਸੁਣ! ਮੇਰੀ ਪ੍ਰਾਰਥਨਾ ਦਾ ਉਤਰ ਦੇਹ ਤਾਂ ਜੋ ਇਹ ਲੋਕ ਜਾਨਣ ਕਿ ਤੂੰ ਯਹੋਵਾਹ ਹੀ ਪਰਮੇਸ਼ੁਰ ਹੈਂ ਅਤੇ ਤੂੰ ਹੀ ਹੈਂ ਜੋ ਉਨ੍ਹਾਂ ਦੇ ਦਿਲ ਬਦਲ ਰਿਹਾ ਹੈਂ।”

38 ਤਾਂ ਯਹੋਵਾਹ ਨੇ ਹੇਠਾਂ ਅੱਗ ਭੇਜੀ, ਜਿਸ ਨੇ ਬਲੀ, ਲੱਕੜਾਂ, ਪੱਥਰ ਅਤੇ ਜਗਵੇਦੀ ਦੇ ਦੁਆਲੇ ਦੀ ਧਰਤੀ ਨੂੰ ਸਾੜ ਦਿੱਤਾ, ਅਤੇ ਇਸ ਨੇ ਟੋਏ ਵਿੱਚਲਾ ਸਾਰਾ ਪਾਣੀ ਸੁਕਾਅ ਦਿੱਤਾ। 39 ਇਹ ਸਭ ਕੁਝ ਲੋਕਾਂ ਸਾਹਮਣੇ ਹੋਇਆ ਤਾਂ ਲੋਕਾਂ ਨੇ ਮੱਥਾ ਟੇਕਦੇ ਹੋਏ ਕਹਿਣਾ ਸ਼ੁਰੂ ਕੀਤਾ, “ਯਹੋਵਾਹ ਹੀ ਪਰਮੇਸ਼ੁਰ ਹੈ! ਯਹੋਵਾਹ ਹੀ ਪਰਮੇਸ਼ੁਰ ਹੈ!”

40 ਤਦ ਏਲੀਯਾਹ ਨੇ ਕਿਹਾ, “ਬਆਲ ਦੇ ਨਬੀਆਂ ਨੂੰ ਫ਼ੜ ਲਵੋ, ਕੋਈ ਵੀ ਬਚ ਕੇ ਨੱਸੇ ਨਾ!” ਤਾਂ ਲੋਕਾਂ ਨੇ ਸਾਰੇ ਨਬੀਆਂ ਨੂੰ ਫ਼ੜ ਲਿਆ। ਏਲੀਯਾਹ ਨੇ ਉਨ੍ਹਾਂ ਨੂੰ ਕੀਸ਼ੋਨ ਦੇ ਨਾਲੇ ਹੇਠਾਂ ਲੈ ਜਾਕੇ ਉੱਥੇ ਉਨ੍ਹਾਂ ਨੂੰ ਵੱਢ ਸੁੱਟਿਆ।

ਮੀਂਹ ਦੁਬਾਰਾ ਪੈਣਾ

41 ਤਦ ਏਲੀਯਾਹ ਨੇ ਅਹਾਬ ਪਾਤਸ਼ਾਹ ਨੂੰ ਆਖਿਆ, “ਹੁਣ ਜਾ ਅਤੇ ਜਾਕੇ ਖਾ-ਪੀ ਕਿਉਂ ਜੋ ਭਾਰੀ ਬਾਰਿਸ਼ ਆ ਰਹੀ ਹੈ।” 42 ਤਾਂ ਅਹਾਬ ਪਾਤਸ਼ਾਹ ਖਾਣ-ਪੀਣ ਲਈ ਚੱਲਾ ਗਿਆ। ਉਸੇ ਵੇਲੇ ਏਲੀਯਾਹ ਕਰਮਲ ਪਹਾੜ ਦੀ ਟੀਸੀ ਉੱਪਰ ਚੜ੍ਹਿਆ ਅਤੇ ਉੱਥੇ ਜਾਕੇ ਥਲੇ ਝੁਕਿਆ। ਉਸ ਨੇ ਆਪਣਾ ਸਿਰ ਆਪਣੇ ਗੋਡਿਆਂ ’ਚ ਨਿਵਾਇਆ। 43 ਤਦ ਏਲੀਯਾਹ ਨੇ ਆਪਣੇ ਸੇਵਕ ਨੂੰ ਆਖਿਆ, “ਉੱਪਰ ਜਾ ਅਤੇ ਸਮੁੰਦਰ ਵੱਲ ਤੱਕ।”

ਸੇਵਕ ਉਸ ਜਗ੍ਹਾ ਗਿਆ ਜਿੱਥੇ ਉਹ ਸਮੁੰਦਰ ਨੂੰ ਵੇਖ ਸੱਕੇ। ਤਦ ਉਸ ਨੇ ਵਾਪਸ ਆਕੇ ਕਿਹਾ, “ਮੈਨੂੰ ਕੁਝ ਨਹੀਂ ਦਿਸਿਆ।” ਏਲੀਯਾਹ ਨੇ ਉਸ ਨੂੰ ਮੁੜ ਜਾਕੇ ਵੇਖਣ ਨੂੰ ਕਿਹਾ, ਇਉਂ ਉਸ ਨੇ ਸੱਤ ਵਾਰੀ ਕੀਤਾ। 44 ਸੱਤਵੀ ਵਾਰੀ, ਸੇਵਕ ਵਾਪਸ ਆਇਆ ਅਤੇ ਕਹਿਣ ਲੱਗਾ, “ਇੱਕ ਨਿੱਕਾ ਜਿਹਾ ਬੱਦਲ ਆਦਮੀ ਦੇ ਹੱਥ ਦੀ ਕਲਾਈ ਵਰਗਾ ਮੈਂ ਸਮੁੰਦਰੋ ਉੱਠਦਾ ਵੇਖਿਆ ਹੈ।”

ਏਲੀਯਾਹ ਨੇ ਸੇਵਕ ਨੂੰ ਕਿਹਾ, “ਜਾ! ਅਤੇ ਅਹਾਬ ਪਾਤਸ਼ਾਹ ਨੂੰ ਜਾਕੇ ਆਖ ਕਿ ਰਥ ਜੋੜਕੇ ਘਰ ਨੂੰ ਜਾਵੇ ਤਾਂ ਜੋ ਰਾਹ ਵਿੱਚ ਮੀਂਹ ਰੁਕਾਵਟ ਨਾ ਪਾਵੇ।”

45 ਥੋੜੇ ਹੀ ਸਮੇਂ ਬਾਅਦ ਅਕਾਸ਼ ਘਣੇ ਬੱਦਲਾਂ ਨਾਲ ਘਿਰ ਗਿਆ। ਤੇਜ਼ ਹਵਾ ਵਗਣ ਲਗੀ ਤੇ ਫ਼ੇਰ ਮੂਸਲਾਧਾਰ ਮੀਂਹ ਪੈਁਣ ਲੱਗਾ। ਤਾਂ ਅਹਾਬ ਆਪਣੇ ਰੱਥ ਤੇ ਚੜ੍ਹ ਕੇ ਯਿਜ਼ਰਾਏਲ ਨੂੰ ਮੁੜਿਆ। 46 ਯਹੋਵਾਹ ਦੀ ਮਿਹਰ ਏਲੀਯਾਹ ਉੱਪਰ ਸੀ ਸੋ ਏਲੀਯਾਹ ਨੇ ਆਪਣੇ ਕੱਪੜੇ ਆਪਣੇ ਦੁਆਲੇ ਕਸ ਲਏ ਤਾਂ ਜੋ ਉਹ ਨੱਸ ਸੱਕੇ ਤੇ ਅਹਾਬ ਦੇ ਅੱਗੇ ਯਿਜ਼ਰਾਏਲ ਦੇ ਰਾਹ ਤੀਕ ਭਜਿਆ ਗਿਆ।

ਸੀਨਈ ਪਰਬਤ ਵਿਖੇ ਏਲੀਯਾਹ

19 ਅਹਾਬ ਪਾਤਸ਼ਾਹ ਨੇ ਉਹ ਸਭ ਕੁਝ ਜੋ ਏਲੀਯਾਹ ਨੇ ਕੀਤਾ ਜਾ ਕੇ ਈਜ਼ਬਲ ਨੂੰ ਦੱਸਿਆ। ਅਹਾਬ ਨੇ ਇਹ ਵੀ ਦੱਸਿਆ ਕਿ ਏਲੀਯਾਹ ਨੇ ਕਿਵੇਂ ਤਲਵਾਰ ਨਾਲ ਸਾਰੇ ਨਬੀਆਂ ਨੂੰ ਵੱਢਿਆ। ਤਾਂ ਈਜ਼ਬਲ ਨੇ ਸ਼ੰਦੇਸ਼ਵਾਹਕ ਦੇ ਰਾਹੀਂ ਏਲੀਯਾਹ ਨੂੰ ਇਹ ਆਖਦਿਆਂ ਸੁਨੇਹਾ ਭੇਜਿਆ, “ਜੇਕਰ ਕੱਲ ਤਾਈਂ ਮੈਂ ਤੈਨੂੰ ਨਹੀਂ ਮਾਰਿਆ, ਜਿਵੇਂ ਤੂੰ ਨਬੀਆਂ ਨੂੰ ਮਾਰਿਆ,ਤਾਂ ਦੇਵਤੇ ਮੈਨੂੰ ਵੀ ਮਾਰ ਦੇਣ।”

ਜਦੋਂ ਏਲੀਯਾਹ ਨੇ ਇਹ ਸੁਣਿਆਂ ਤਾਂ ਉਹ ਡਰ ਗਿਆ ਤੇ ਉਹ ਆਪਣੀ ਜਾਨ ਬਚਾਉਣ ਲਈ ਉੱਥੋਂ ਭੱਜ ਨਿਕਲਿਆ। ਉਸ ਦੇ ਨਾਲ ਉਸਦਾ ਸੇਵਕ ਵੀ ਸੀ। ਉਹ ਦੋਵੇਂ ਬਏਰਸ਼ਬਾ ਨੂੰ ਗਏ, ਜੋ ਯਹੂਦਾਹ ਦਾ ਹੈ। ਏਲੀਯਾਹ ਆਪਣੇ ਸੇਵਕ ਨੂੰ ਬਏਰਸ਼ਬਾ ਵਿੱਚ ਹੀ ਛੱਡ ਗਿਆ। ਫ਼ਿਰ ਉਹ ਸਾਰਾ ਦਿਨ ਏਲੀਯਾਹ ਉਜਾੜ ਵਿੱਚ ਚਲਦਾ ਰਿਹਾ। ਥੱਕ ਕੇ ਉਹ ਇੱਕ ਝਾੜੀ ਹੇਠ ਬੈਠ ਗਿਆ। ਉਸ ਨੇ ਬੈਠ ਕੇ ਮੌਤ ਮੰਗੀ ਤੇ ਆਖਿਆ, “ਹੇ ਯਹੋਵਾਹ! ਮੈਂ ਬਹੁਤ ਜੀਅ ਲਿਆ। ਹੁਣ ਮੈਨੂੰ ਮੌਤ ਦੇ ਦੇਹ ਕਿਉਂ ਜੋ ਮੈਂ ਆਪਣੇ ਪੁਰਖਿਆਂ ਨਾਲੋਂ ਕਿਤੇ ਚੰਗਾ ਨਹੀਂ ਹਾਂ।”

ਤਦ ਏਲੀਯਾਹ ਬਿਰਛ ਹੇਠਾਂ ਲੰਮਾਂ ਪੈ ਗਿਆ ਅਤੇ ਸੌਂ ਗਿਆ। ਇੱਕ ਦੂਤ ਏਲੀਯਾਹ ਕੋਲ ਆਇਆ ਅਤੇ ਆਕੇ ਉਸ ਨੇ ਏਲੀਯਾਹ ਨੂੰ ਛੋਹਿਆ ਅਤੇ ਆਖਿਆ, “ਉੱਠ! ਅਤੇ ਖਾ-ਪੀ!” ਏਲੀਯਾਹ ਉੱਠਿਆ ਅਤੇ ਉਸ ਨੇ ਵੇਖਿਆ ਉਸ ਦੇ ਕੋਲ ਹੀ ਕੋਲਿਆਂ ਤੇ ਪੱਕਿਆ ਇੱਕ ਕੇਕ ਅਤੇ ਪਾਣੀ ਦਾ ਭਾਂਡਾ ਪਿਆ ਹੈ। ਏਲੀਯਾਹ ਨੇ ਖਾਧਾ ਅਤੇ ਪੀਤਾ ਅਤੇ ਫ਼ਿਰ ਸੌਂ ਗਿਆ।

ਕੁਝ ਦੇਰ ਬਾਅਦ, ਯਹੋਵਾਹ ਦਾ ਦੂਤ ਫ਼ਿਰ ਉਸ ਕੋਲ ਆਇਆ ਅਤੇ ਉਸ ਨੂੰ ਛੂਹ ਕੇ ਆਖਿਆ, “ਉੱਠ! ਕੁਝ ਖਾ-ਪੀ ਲੈ! ਜੇਕਰ ਤੂੰ ਕੁਝ ਨਹੀਂ ਖਾਵੇਂ-ਪੀਵੇਂਗਾ , ਤਾਂ ਯਾਤਰਾ ਤੇਰੇ ਲਈ ਬਹੁਤ ਥਕਾਉਣ ਵਾਲੀ ਹੋਵੇਗੀ!” ਤਾਂ ਏਲੀਯਾਹ ਉੱਠਿਆ ਅਤੇ ਉਸ ਨੇ ਖਾਧਾ-ਪੀਤਾ। ਭੋਜਨ ਨੇ ਏਲੀਯਾਹ ਨੂੰ ਇੰਨੀ ਤਾਕਤ ਦਿੱਤੀ ਕਿ ਉਹ 40 ਦਿਨ ਅਤੇ 40 ਰਾਤਾਂ ਚੱਲ ਸੱਕਿਆ ਜਦੋਂ ਤੱਕ ਕਿ ਉਹ ਹੋਰੇਬ ਵਿਖੇ ਪਰਮੇਸ਼ੁਰ ਦੇ ਪਰਬਤ ਤੇ ਨਹੀਂ ਪਹੁੰਚ ਗਿਆ। ਉੱਥੇ ਏਲੀਯਾਹ ਇੱਕ ਗੁਫ਼ਾ ਵਿੱਚ ਸਾਰੀ ਰਾਤ ਟਿਕਿਆ।

ਤਦ ਯਹੋਵਾਹ ਨੇ ਏਲੀਯਾਹ ਨੂੰ ਆਖਿਆ, “ਹੇ ਏਲੀਯਾਹ, ਤੂੰ ਇੱਥੇ ਕੀ ਕਰਦਾ ਹੈਂ?”

10 ਅੱਗੋਂ ਉਸ ਨੇ ਕਿਹਾ, “ਹੇ ਯਹੋਵਾਹ ਪਰਮੇਸ਼ੁਰ ਸਰਬ-ਸੱਕਤੀਮਾਨ, ਮੈਂ ਤੇਰੇ ਬਾਰੇ ਬਹੁਤ ਉਤਸਾਹਿਤ ਰਿਹਾ ਹਾਂ। ਪਰ ਇਸਰਾਏਲ ਦੇ ਲੋਕਾਂ ਨੇ ਤੇਰੇ ਨਾਲ ਕੀਤੇ ਆਪਣੇ ਇਕਰਾਰਨਾਮੇ ਨੂੰ ਨਾ ਨਿਭਾਇਆ, ਉਨ੍ਹਾਂ ਨੇ ਤੇਰੀਆਂ ਜਗਵੇਦੀਆਂ ਨੂੰ ਨਸ਼ਟ ਕੀਤਾ, ਤੇਰੇ ਨਬੀਆਂ ਨੂੰ ਮਾਰ ਦਿੱਤਾ। ਸਿਰਫ਼ ਇੱਕਲਾ ਮੈਂ ਹੀ ਬੱਚਿਆਂ ਹਾਂ ਤੇ ਉਹ ਮੈਨੂੰ ਵੀ ਮਾਰਨਾ ਚਾਹੁੰਦੇ ਹਨ।”

11 ਫ਼ੇਰ ਯਹੋਵਾਹ ਨੇ ਏਲੀਯਾਹ ਨੂੰ ਆਖਿਆ, “ਜਾ, ਮੇਰੇ ਸਾਹਮਣੇ ਉਸ ਪਰਬਤ ਤੇ ਖੜ੍ਹਾ ਹੋ ਜਾ। ਮੈਂ ਤੇਰੇ ਕੋਲ ਦੀ ਲੰਘਾਂਗਾ।” ਫ਼ੇਰ ਇੱਕ ਬਹੁਤ ਜੋਰਦਾਰ ਹਵਾ ਵਗੀ। ਜਿਸ ਨੇ ਪਰਬਤਾਂ ਨੂੰ ਚੀਰ ਦਿੱਤਾ। ਇਸ ਨੇ ਵਿਸ਼ਾਲ ਚੱਟਾਨਾਂ ਨੂੰ ਯਹੋਵਾਹ ਦੇ ਸਾਹਮਣੇ ਚੀਰ ਦਿੱਤਾ। ਪਰ ਉਹ ਹਵਾ ਯਹੋਵਾਹ ਨਹੀਂ ਸੀ! ਉਸ ਹਵਾ ਤੋਂ ਮਗਰੋਂ, ਓੱਥੇ ਭੂਚਾਲ ਆਇਆ। ਪਰ ਉਹ ਭੂਚਾਲ ਯਹੋਵਾਹ ਨਹੀਂ ਸੀ। 12 ਭੂਚਾਲ ਤੋਂ ਮਗਰੋਂ, ਓੱਥੇ ਇੱਕ ਅੱਗ ਆਈ। ਪਰ ਅੱਗ ਯਹੋਵਾਹ ਨਹੀਂ ਸੀ। ਅੱਗ ਤੋਂ ਮਗਰੋਂ, ਚੁੱਪ ਸੀ, ਇੱਕ ਕੋਮਲ ਆਵਾਜ਼।

13 ਜਦੋਂ ਏਲੀਯਾਹ ਨੇ ਆਵਾਜ਼ ਸੁਣੀ, ਉਸ ਨੇ ਆਪਣਾ ਚਿਹਰਾ ਢੱਕਣ ਲਈ ਆਪਣੇ ਚੋਲੇ ਦਾ ਇਸਤੇਮਾਲ ਕੀਤਾ। ਫ਼ੇਰ ਉਹ ਗਿਆ ਅਤੇ ਗੁਫ਼ਾ ਦੇ ਪ੍ਰਵੇਸ਼ ਤੇ ਖਲੋ ਗਿਆ। ਫ਼ਿਰ ਇੱਕ ਆਵਾਜ਼ ਨੇ ਉਸ ਨੂੰ ਆਖਿਆ, “ਏਲੀਯਾਹ, ਤੂੰ ਇੱਥੇ ਕਿਉਂ ਹੈਂ?”

14 ਏਲੀਯਾਹ ਨੇ ਆਖਿਆ, “ਹੇ ਯਹੋਵਾਹ ਪਰਮੇਸ਼ੁਰ ਸਰਬ ਸ਼ਕਤੀਮਾਨ, ਮੈਂ ਤੇਰੇ ਬਾਰੇ ਬਹੁਤ ਉਤਸਾਹਿਤ ਰਿਹਾ ਹਾਂ। ਪਰ ਇਸਰਾਏਲ ਦੇ ਲੋਕਾਂ ਨੇ ਤੇਰੇ ਨਾਲ ਆਪਣੇ ਇਕਰਾਰਨਾਮੇ ਨੂੰ ਤੋੜ ਦਿੱਤਾ। ਉਨ੍ਹਾਂ ਨੇ ਤੇਰੀਆਂ ਜਗਵੇਦੀਆਂ ਢਾਹ ਦਿੱਤੀਆਂ ਅਤੇ ਉਨ੍ਹਾਂ ਨੇ ਤੇਰੇ ਨਬੀਆਂ ਨੂੰ ਮਾਰਿਆ। ਮੈਂ ਹੀ ਇੱਕ ਨਬੀ ਹਾਂ ਜਿਹੜਾ ਹਾਲੇ ਜਿਉਂਦਾ ਹਾਂ। ਅਤੇ ਹੁਣ ਉਹ ਮੈਨੂੰ ਮਾਰਨ ਦੀ ਕੋਸ਼ਿਸ਼ ਕਰ ਰਹੇ ਹਨ।”

15 ਯਹੋਵਾਹ ਨੇ ਆਖਿਆ, “ਜਾ ਅਤੇ ਉਜਾੜ ਦੇ ਰਾਹ ਦੰਮਿਸਕ ਨੂੰ ਪਰਤ ਜਾ ਅਤੇ ਉੱਥੇ ਜਾਕੇ ਹਜ਼ਾਏਲ ਨੂੰ ਮਸਹ ਕਰਕੇ ਅਰਾਮ ਦਾ ਪਾਤਸ਼ਾਹ ਬਣਾ। 16 ਅਤੇ ਨਿਮਸ਼ੀ ਦੇ ਪੁੱਤਰ ਯੇਹੂ ਨੂੰ ਮਸਹ ਕਰਕੇ ਇਸਰਾਏਲ ਦਾ ਪਾਤਸ਼ਾਹ ਬਣਾ ਅਤੇ ਸ਼ਾਫ਼ਾਟ ਦੇ ਪੁੱਤਰ ਏਲੀਸ਼ਾ ਨੂੰ ਜੋ ਆਬੇਲ ਮਹੋਲਾਹ ਦਾ ਹੈ, ਨੂੰ ਮਸਹ ਕਰ, ਕਿ ਉਹ ਤੇਰੀ ਥਾਂ ਨਬੀ ਹੋਵੇ। 17 ਹਜ਼ਾਏਲ ਬਹੁਤ ਸਾਰੇ ਬਦ ਲੋਕਾਂ ਦੀ ਹਤਿਆ ਕਰੇਗਾ। ਜਿਹੜਾ ਕੋਈ ਹਜ਼ਾਏਲ ਦੀ ਤਲਵਾਰ ਤੋਂ ਬਚ ਜਾਵੇਗਾ, ਉਸ ਨੂੰ ਯੇਹੂ ਮਾਰ ਮੁਕਾਵੇਗਾ ਅਤੇ ਜੋ ਕੋਈ ਯੇਹੂ ਦੇ ਵਾਰ ਤੋਂ ਬਚ ਨਿਕਲੇਗਾ, ਉਸ ਨੂੰ ਏਲੀਸ਼ਾ ਖਤਮ ਕਰ ਦੇਵੇਗਾ। 18 ਏਲੀਯਾਹ, ਇਸਰਾਏਲ ਵਿੱਚ ਇੱਕ ਤੂੰ ਹੀ ਵਫ਼ਾਦਾਰ ਮਨੁੱਖ ਨਹੀਂ। ਉਹ ਆਦਮੀ ਅਨੇਕਾਂ ਲੋਕਾਂ ਨੂੰ ਮਾਰਨਗੇ, ਪਰ ਫ਼ਿਰ ਵੀ, ਉਸ ਤੋਂ ਬਿਨਾ ਇਸਰਾਏਲ ਵਿੱਚ 7,000 ਲੋਕ ਬਚੇ ਰਹਿਣਗੇ ਜਿਹੜੇ ਕਦੇ ਵੀ ਬਆਲ ਦੇ ਅੱਗੇ ਨਹੀਂ ਝੁਕੇ। ਮੈਂ ਉਨ੍ਹਾਂ 7,000 ਲੋਕਾਂ ਨੂੰ ਜਿਉਂਦਿਆਂ ਰਹਿਣ ਦੇਵਾਂਗਾ, ਕਿਉਂ ਕਿ ਉਨ੍ਹਾਂ ਕਦੇ ਬਆਲ ਦੇ ਬੁੱਤ ਨੂੰ ਨਹੀਂ ਚੁੰਮਿਆ।”

ਏਲੀਸ਼ਾ ਦਾ ਨਬੀ ਬਣਨਾ

19 ਤਾਂ ਏਲੀਯਾਹ ਉੱਥੋਂ ਤੁਰ ਪਿਆ ਅਤੇ ਸ਼ਾਫ਼ਾਟ ਦੇ ਪੁੱਤਰ ਏਲੀਸ਼ਾ ਨੂੰ ਲੱਭਣ ਲਈ ਚੱਲਿਆ ਗਿਆ। ਉਸ ਵਕਤ, ਏਲੀਸ਼ਾ ਖੇਤ ਦੀ ਵਾਹੀ ਕਰ ਰਿਹਾ ਸੀ। ਉਸ ਕੋਲ ਬਲਦਾਂ ਦੀਆਂ 12 ਜੋੜੀਆਂ ਸਨ ਅਤੇ ਬਾਰ੍ਹਵੀ ਤੇ ਉਹ ਖੁਦ ਸੀ। ਜਦੋਂ ਏਲੀਯਾਹ ਉੱਥੇ ਪਹੁੰਚਿਆ, ਉਹ ਏਲੀਸ਼ਾ ਕੋਲ ਗਿਆ ਅਤੇ ਆਪਣਾ ਚੋਲਾ ਉਸ ਉੱਪਰ ਪਾ ਦਿੱਤਾ। 20 ਏਲੀਸ਼ਾ ਨੇ ਉਸੇ ਵਕਤ ਆਪਣੇ ਡੰਗਰਾਂ ਨੂੰ ਛੱਡ ਕੇ ਏਲੀਯਾਹ ਦੇ ਮਗਰ ਭੱਜ ਪਿਆ ਅਤੇ ਏਲੀਸ਼ਾ ਨੇ ਕਿਹਾ, “ਮੈਨੂੰ ਪਰਵਾਨਗੀ ਦੇ ਤਾਂ ਜੋ ਮੈਂ ਆਪਣੇ ਮਾਂ-ਬਾਪ ਨੂੰ ਚੁੰਮ ਆਵਾਂ ਤਾਂ ਮੈਂ ਤੇਰੇ ਪਿੱਛੇ ਲੱਗ ਜਾਵਾਂਗਾ।”

ਤਾਂ ਏਲੀਯਾਹ ਨੇ ਆਖਿਆ, “ਠੀਕ ਹੈ! ਤੂੰ ਜਾ! ਮੈਂ ਤੈਨੂੰ ਨਹੀਂ ਰੋਕਦਾ।”

21 ਤਦ ਏਲੀਸ਼ਾ ਨੇ ਆਪਣੇ ਪਰਿਵਾਰ ਨਾਲ ਮਿਲਕੇ ਖਾਸ ਭੋਜਨ ਕੀਤਾ। ਉਸ ਨੇ ਆਪਣੇ ਬਲਦ ਮਾਰੇ ਅਤੇ ਆਪਣੇ ਪੰਜਾਲੀ ਨੂੰ ਅੱਗ ਬਾਲਣ ਲਈ ਲੱਕੜਾਂ ਵਜੋਂ ਇਸਤੇਮਾਲ ਕਰਕੇ ਮਾਸ ਰਿੰਨਿਆ। ਫ਼ੇਰ ਉਸ ਨੇ ਰਿੰਨ੍ਹੇ ਹੋਏ ਨੂੰ ਖਾਣ ਲਈ ਹਰੇਕ ਨੂੰ ਵੰਡਿਆ। ਫ਼ਿਰ ਉਹ ਉੱਠਿਆ ਅਤੇ ਏਲੀਯਾਹ ਦੇ ਪਿੱਛੇ ਲੱਗ ਗਿਆ ਅਤੇ ਉਸ ਦਾ ਸੇਵਾਦਾਰ ਬਣ ਗਿਆ।

ਬਨ-ਹਦਦ ਅਤੇ ਅਹਾਬ ਦਾ ਜੰਗ ਤੇ ਜਾਣਾ

20 ਬਨ-ਹਦਦ ਅਰਾਮ ਦਾ ਪਾਤਸ਼ਾਹ ਸੀ। ਉਸ ਨੇ ਆਪਣੀ ਸਾਰੀ ਸੈਨਾ ਇਕੱਠੀ ਕੀਤੀ। ਉਸ ਨਾਲ 32 ਰਾਜੇ ਉਸ ਸੰਗ ਸਨ, ਜਿਨ੍ਹਾਂ ਕੋਲ ਘੋੜੇ ਅਤੇ ਰੱਥ ਵੀ ਸਨ। ਉਨ੍ਹਾਂ ਸਾਮਰਿਯਾ ਤੇ ਹਮਲਾ ਕੀਤਾ ਅਤੇ ਉਸ ਦੇ ਵਿਰੁੱਧ ਲੜੇ। ਰਾਜੇ ਨੇ ਇਸਰਾਏਲ ਦੇ ਪਾਤਸ਼ਾਹ ਅਹਾਬ ਕੋਲ ਸ਼ਹਿਰ ਅੰਦਰ ਸੰਦੇਸ਼ਵਾਹਕ ਭੇਜੇ। ਸੰਦੇਸ਼ ਇਹ ਸੀ ਕਿ, “ਬਨ-ਹਦਦ ਆਖਦਾ ਹੈ, ‘ਤੂੰ ਆਪਣਾ ਚਾਂਦੀ-ਸੋਨਾ ਮੈਨੂੰ ਦੇ ਦੇ ਅਤੇ ਤੂੰ ਆਪਣੀਆਂ ਇਸਤ੍ਰੀਆਂ ਅਤੇ ਬੱਚੇ ਵੀ ਮੈਨੂੰ ਦੇ।’”

ਇਸਰਾਏਲ ਦੇ ਪਾਤਸ਼ਾਹ ਨੇ ਆਖਿਆ, “ਹੇ ਮੇਰੇ ਪਾਤਸ਼ਾਹ! ਮੇਰੇ ਸੁਆਮੀ। ਮੈਂ ਮੰਨਦਾ ਹਾਂ ਕਿ ਜੋ ਕੁਝ ਹੁਣ ਮੇਰਾ ਹੈ ਉਹ ਤੁਹਾਡਾ ਹੀ ਹੈ।”

ਤਦ ਸੰਦੇਸ਼ਵਾਹਕ ਅਹਾਬ ਕੋਲ ਵਾਪਸ ਆ ਅਤੇ ਆਖਿਆ, “ਬਨ-ਹਦਦ ਆਖਦਾ ਹੈ, ‘ਮੈਂ ਪਹਿਲਾਂ ਹੀ ਤੈਨੂੰ ਤੇਰੀ ਸਾਰੀ ਚਾਂਦੀ, ਸੋਨਾ, ਪਤਨੀਆਂ ਅਤੇ ਬੱਚੇ ਮੈਨੂੰ ਦੇਣ ਲਈ ਕਿਹਾ ਸੀ। ਪਰ ਹੁਣ ਮੈਂ ਕੱਲ ਇਸ ਵੇਲੇ ਆਪਣਿਆਂ ਅਫ਼ਸਰਾਂ ਨੂੰ ਤੇਰੇ ਕੋਲ ਭੇਜਾਂਗਾ ਤੇ ਉਹ ਤੇਰੇ ਮਹਿਲ ਅਤੇ ਤੇਰੇ ਸੇਵਕਾਂ ਤੇ ਅਫ਼ਸਰਾਂ ਦੇ ਘਰਾਂ ਦੀ ਤਲਾਸ਼ੀ ਲੈਣਗੇ ਅਤੇ ਜੋ ਕੁਝ ਵੀ ਤੇਰੀ ਨਜ਼ਰ ਵਿੱਚ ਵੱਧੀਆਂ ਹੈ ਉਹ ਆਪਣੇ ਹੱਥਾਂ ਵਿੱਚ ਚੁੱਕ ਕੇ ਮੇਰੇ ਕੋਲ ਲੈ ਆਉਣਗੇ।’”

ਤਾਂ ਅਹਾਬ ਪਾਤਸ਼ਾਹ ਨੇ ਦੇਸ ਦੇ ਸਾਰੇ ਬਜ਼ੁਰਗਾਂ ਦੀ ਇੱਕ ਸਭਾ ਬੁਲਾਈ ਅਤੇ ਆਖਿਆ, “ਵੇਖੋ, ਬਨ-ਹਦਦ ਸਾਨੂੰ ਨੁਕਸਾਨ ਪਹੁੰਚਾਉਣਾ ਚਾਹ ਰਿਹਾ ਹੈ! ਉਸ ਨੇ ਮੈਥੋਂ ਮੇਰੀਆਂ ਪਤਨੀਆਂ, ਮੇਰੇ ਬੱਚੇ ਤੇ ਮੇਰਾ ਸੋਨਾ-ਚਾਂਦੀ ਮੰਗਿਆ ਹੈ, ਅਤੇ ਮੈਂ ਉਸ ਨੂੰ ਮਨ੍ਹਾ ਨਹੀਂ ਕੀਤਾ। ਹੁਣ ਉਹ ਮੇਰੀ ਹਰ ਵਸਤੂ ਹਥਿਆਉਣਾ ਚਾਹੁੰਦਾ ਹੈ।”

ਪਰ ਅੱਗੋਂ ਸਾਰੇ ਬਜ਼ੁਰਗਾਂ ਨੇ ਤੇ ਸਾਰੇ ਲੋਕਾਂ ਨੇ ਆਖਿਆ, “ਉਸ ਦੀ ਨਾ ਸੁਣੋ! ਉਸਦਾ ਕਹਿਣਾ ਨਾ ਮੰਨੋ।”

ਤਾਂ ਅਹਾਬ ਨੇ ਬਨ-ਹਦਦ ਨੂੰ ਇਹ ਕਹਿੰਦਿਆਂ ਸੁਨੇਹਾ ਭੇਜਿਆ, “ਤੂੰ ਜੋ ਪਹਿਲਾਂ ਕਿਹਾ ਸੀ ਮੈਂ ਉਹੀ ਕਰਾਂਗਾ, ਪਰ ਮੈਂ ਤੇਰਾ ਦੂਸਰਾ ਆਦੇਸ਼ ਨਹੀਂ ਮੰਨ ਸੱਕਦਾ।”

ਬਨ-ਹਦਦ ਦੇ ਆਦਮੀਆਂ ਨੇ ਇਹ ਸੁਨੇਹਾ ਪਾਤਸ਼ਾਹ ਨੂੰ ਦਿੱਤਾ। 10 ਤਾਂ ਫ਼ਿਰ ਉਹ ਬਨ-ਹਦਦ ਤੋਂ ਇਹ ਕਹਿੰਦਿਆਂ ਇੱਕ ਹੋਰ ਸੁਨੇਹਾ ਲੈਕੈ ਆਏ, “ਮੈਂ ਸਾਮਰਿਯਾ ਨੂੰ ਬਿਲਕੁਲ ਤਬਾਹ ਕਰ ਦੇਵਾਂਗਾ। ਮੈਂ ਇਕਰਾਰ ਕਰਦਾ ਹਾਂ ਕਿ ਇਸ ਜਗ੍ਹਾ ਤੇ ਕੁਝ ਵੀ ਨਹੀਂ ਬਚੇਗਾ! ਇੱਥੇ ਮੇਰੇ ਆਦਮੀਆਂ ਦੇ ਉਨ੍ਹਾਂ ਦੇ ਘਰਾਂ ਨੂੰ ਇੱਕ ਨਿਸ਼ਾਨੀ ਵਜੋਂ ਲਿਜਾਣ ਲਈ ਵੀ ਕਾਫ਼ੀ ਨਹੀਂ ਬਚੇਗਾ।”

11 ਜਵਾਬ ’ਚ ਰਾਜੇ ਆਹਾਬ ਨੇ ਆਖਿਆ, “ਬਨ-ਹਦਦ ਨੂੰ ਆਖੋ ਕਿ ਸਿਪਾਹੀ ਜੰਗ ਤੋਂ ਬਾਅਦ ਸ਼ੇਖੀ ਮਾਰਦੇ ਹਨ ਪਹਿਲਾਂ ਨਹੀਂ।”

12 ਜਦੋਂ ਬਨ-ਹਦਦ ਪਾਤਸ਼ਾਹ ਦੂਜੇ ਰਾਜਿਆਂ ਨਾਲ ਆਪਣੇ ਤੰਬੂ ਵਿੱਚ ਮੈਅ ਪੀ ਰਿਹਾ ਸੀ, ਤਾਂ ਸੰਦੇਸ਼ਵਾਹਕ ਨੇ ਆਕੇ ਉਸ ਨੂੰ ਪਾਤਸ਼ਾਹ ਆਹਾਬ ਦਾ ਸੰਦੇਸ਼ ਦਿੱਤਾ। ਬਨ-ਹਦਦ ਪਾਤਸ਼ਾਹ ਨੇ ਸ਼ਹਿਰ ਉੱਤੇ ਹਮਲਾ ਕਰਨ ਲਈ ਆਪਣੇ ਆਦਮੀਆਂ ਨੂੰ ਤਿਆਰੀ ਕਰਨ ਲਈ ਆਖਿਆ। ਇਹ ਸੁਣ ਕੇ, ਉਸ ਦੇ ਆਦਮੀ ਸ਼ਹਿਰ ਵੱਲ ਅੱਗੇ ਵੱਧਣ ਲੱਗੇ।

13 ਉਸੀ ਵਕਤ ਇੱਕ ਨਬੀ ਅਹਾਬ ਪਾਤਸ਼ਾਹ ਕੋਲ ਗਿਆ ਅਤੇ ਕਿਹਾ, “ਹੇ ਅਹਾਬ ਪਾਤਸ਼ਾਹ! ਯਹੋਵਾਹ ਇਉਂ ਫ਼ਰਮਾਉਂਦਾ ਹੈ ਕਿ, ਕੀ ਤੂੰ ਇਹ ਵੱਡਾ ਸਾਰਾ ਦਲ ਵੇਖਿਆ ਹੈ? ਵੇਖ! ਇਸ ਨੂੰ ਮੈਂ ਅੱਜ ਤੇਰੇ ਹੱਥ ਕਰ ਦੇਵਾਂਗਾ। ਤੂੰ ਅੱਜ ਇਨ੍ਹਾਂ ਨੂੰ ਹਾਰ ਦੇਵੇਂਗਾ ਤਾਂ ਤੂੰ ਜਾਣ ਜਾਵੇਂਗਾ ਕਿ ਮੈਂ ਯਹੋਵਾਹ ਹਾਂ।”

14 ਅਹਾਬ ਨੇ ਆਖਿਆ, “ਕਿਸ ਦੇ ਰਾਹੀਂ ਤੂੰ ਉਨ੍ਹਾਂ ਨੂੰ ਹਰਾਵੇਂਗਾ?”

ਨਬੀ ਨੇ ਜਵਾਬ ਦਿੱਤਾ, “ਯਹੋਵਾਹ ਇਉਂ ਫ਼ਰਮਾਉਂਦਾ ਹੈ, ਸਰਕਾਰੀ ਅਫ਼ਸਰਾਂ ਦੇ ਜਵਾਨ ਸਹਾਇਕਾਂ ਰਾਹੀਂ।”

ਤਾਂ ਫ਼ਿਰ ਉਸ ਨੇ ਪੁੱਛਿਆ, “ਕੌਣ ਮੁੱਖ ਸੈਨਾ ਨੂੰ ਹੁਕਮ ਦੇਵੇਗਾ ਅਤੇ ਯੁੱਧ ਕਰੇਗਾ?”

ਨਬੀ ਨੇ ਕਿਹਾ, “ਤੂੰ ਜੰਗ ਸ਼ੁਰੂ ਕਰੇਂਗਾ!”

15 ਤਾਂ ਅਹਾਬ ਨੇ ਜਵਾਨ ਮਦਦਗਾਰ ਜਿਹੜੇ ਸਰਕਾਰੀ ਅਫ਼ਸਰ ਸਨ ਉਨ੍ਹਾਂ ਨੂੰ ਇਕੱਠਿਆਂ ਕੀਤਾ। ਇਹ 232 ਨੌਜੁਆਨ ਸਨ। ਫ਼ਿਰ ਪਾਤਸ਼ਾਹ ਨੇ ਇਸਰਾਏਲ ਦੀ ਸਾਰੀ ਸੈਨਾ ਨੂੰ ਇੱਕਤਰ ਕੀਤਾ ਜੋ ਕਿ ਕੁਲ ਸੰਖਿਆ ਵਿੱਚ 7,000 ਸੀ।

16 ਦੁਪਿਹਰ ਵੇਲੇ ਜਦੋਂ ਬਨ-ਹਦਦ ਅਤੇ 32 ਹੋਰ ਰਾਜੇ ਜਿਹੜੇ ਉਸ ਦੇ ਨਾਲ ਜੁੜੇ ਹੋਏ ਸਨ ਆਪਣੇ ਤੰਬੂਆਂ ਵਿੱਚ ਸ਼ਰਾਬੀ ਹੋਏ ਪਏ ਸਨ, ਅਹਾਬ ਪਾਤਸ਼ਾਹ ਨੇ ਆਪਣਾ ਹਮਲਾ ਸ਼ੁਰੂ ਕੀਤਾ। 17 ਨੌਜੁਆਨਾਂ ਨੇ ਪਹਿਲਾਂ ਹਮਲਾ ਸ਼ੁਰੂ ਕੀਤਾ ਤਾਂ ਬਨ-ਹਦਦ ਪਾਤਸ਼ਾਹ ਨੇ ਆਦਮੀਆਂ ਨੂੰ ਭੇਜਿਆ ਅਤੇ ਉਨ੍ਹਾਂ ਨੇ ਉਸ ਨੂੰ ਦੱਸਿਆ ਕਿ ਮਨੁੱਖ ਸਾਮਰਿਯਾ ਤੋਂ ਨਿਕਲੇ ਹਨ। 18 ਤਾਂ ਬਨ-ਹਦਦ ਨੇ ਕਿਹਾ, “ਭਾਵੇਂ ਉਹ ਸੁਲਾਹ ਲਈ ਨਿਕਲੇ ਹੋਣ ਭਾਵੇਂ ਲੜਾਈ ਲਈ, ਉਨ੍ਹਾਂ ਨੂੰ ਜਿਉਂਦੇ ਫ਼ੜ ਲਵੋ।”

19 ਅਹਾਬ ਪਾਤਸ਼ਾਹ ਦੇ ਨੌਜੁਆਨ ਸਰਦਾਰ ਇਸ ਜੰਗ ਦੇ ਆਗੂ ਸਨ ਜਿਨ੍ਹਾਂ ਦੇ ਇਸਰਾਏਲੀ ਲੋਕ ਮਗਰ ਸਨ। 20 ਹਰ ਇਸਰਾਏਲੀ ਬੰਦੇ ਨੇ ਆਪਣੇ ਵੈਰੀ ਨੂੰ ਵੱਢ ਸੁੱਟਿਆ ਜਿਸ ਨਾਲ ਅਰਾਮੀ ਲੋਕ ਭੱਜ ਨਿਕਲੇ। ਇਸਰਾਏਲੀ ਸੈਨਾ ਨੇ ਉਨ੍ਹਾਂ ਦਾ ਪਿੱਛਾ ਕੀਤਾ। ਅਰਾਮ ਦਾ ਰਾਜਾ ਬਨ-ਹਦਦ ਇੱਕ ਘੋੜੇ ਅਤੇ ਆਪਣੇ ਕੁਝ ਘੋੜ-ਸਵਾਰ ਸਿਪਾਹੀਆਂ ਨਾਲ ਬਚ ਨਿਕਲਿਆ। 21 ਇਸਰਾਏਲ ਦਾ ਰਾਜਾ ਬਾਹਰ ਆਇਆ ਅਤੇ ਘੋੜਿਆਂ ਅਤੇ ਰੱਥਾਂ ਉੱਤੇ ਹਮਲਾ ਕਰ ਦਿੱਤਾ। ਇਸ ਤਰ੍ਹਾਂ ਰਾਜੇ ਆਹਾਬ ਨੇ ਅਰਾਮੀ ਸੈਨਾ ਨੂੰ ਵੱਡੀ ਹਾਰ ਦਿੱਤੀ।

22 ਤਾਂ ਫੇਰ ਨਬੀ ਅਹਾਬ ਪਾਤਸ਼ਾਹ ਕੋਲ ਗਿਆ ਅਤੇ ਕਿਹਾ, “ਅਰਾਮ ਦਾ ਪਾਤਸ਼ਾਹ ਬਨ-ਹਦਦ ਅਹਾਲੀ ਬਹਾਰ ਫ਼ਿਰ ਤੇਰੇ ਉੱਪਰ ਹਮਲਾ ਕਰਨ ਲਈ ਆਵੇਗਾ ਇਸ ਲਈ ਤੈਨੂੰ ਹੁਣ ਵਾਪਸ ਪਰਤ ਕੇ ਆਪਣੀ ਸੈਨਾ ਹੋਰ ਤਕੜੀ ਕਰਨੀ ਚਾਹੀਦੀ ਹੈ ਅਤੇ ਉਸਤੋਂ ਬਚਣ ਦੀਆਂ ਸਤਰਕ ਵਿਉਂਤਾ ਬਨਾਉਣੀਆਂ ਚਾਹੀਦੀਆਂ ਹਨ।”

ਬਨ-ਹਦਦ ਦਾ ਮੁੜ ਹਮਲਾ

23 ਅਰਾਮ ਦੇ ਰਾਜੇ ਦੇ ਸੇਵਕਾਂ ਨੇ ਉਸ ਨੂੰ ਆਖਿਆ, “ਉਨ੍ਹਾਂ ਦਾ ਦੇਵਤਾ, ਪਰਬਤਾਂ ਦਾ ਦੇਵਤਾ ਹੈ, ਇਸੇ ਲਈ ਉਹ ਸਾਡੇ ਨਾਲੋਂ ਵੱਧ ਤਕੜੇ ਹਨ ਕਿਉਂ ਜੋ ਅਸੀਂ ਪਹਾੜੀ ਖੇਤਰ ਵਿੱਚ ਉਨ੍ਹਾਂ ਨਾਲ ਲੜੇ ਹਾਂ, ਇਸ ਲਈ ਉਹ ਸਾਡੇ ਖਿਲਾਫ਼ ਜਿੱਤ ਗਏ। ਸਾਨੂੰ ਉਨ੍ਹਾਂ ਨਾਲ ਪੱਧਰੇ ਮੈਦਾਨ ਵਿੱਚ ਲੜਨਾ ਚਾਹੀਦਾ ਹੈ, ਫ਼ਿਰ ਜਿੱਤ ਅਵੱਸ਼ ਸਾਡੀ ਹੋਵੇਗੀ। 24 ਪਰ ਇੱਕ ਕੰਮ ਇਹ ਕਰੋ ਕਿ 32 ਰਾਜਿਆਂ ਦੀ ਬਜਾਇ ਉਨ੍ਹਾਂ ਦੀ ਥਾਵੇਂ ਸੂਬੇਦਾਰਾਂ ਨੂੰ ਸੈਨਾ ਦਾ ਨੇਤਰਿਤਵ ਕਰਨ ਦੇਵੋ। 25 ਤਬਾਹ ਹੋਈ ਸੈਨਾ ਵਰਗੀ ਇੱਕ ਹੋਰ ਸੈਨਾ ਇਕੱਠੀ ਕਰੋ। ਉਸੇ ਤਰ੍ਹਾਂ, ਘੋੜੇ ਤੇ ਰੱਥ ਇੱਕਤਰ ਕਰੋ ਤੇ ਫ਼ਿਰ ਪੱਧਰੇ ਮੈਦਾਨ ਵਿੱਚ ਇਸਰਾਏਲੀਆਂ ਦੇ ਖਿਲਾਫ ਜੰਗ ਸ਼ੁਰੂ ਕਰੋ, ਫ਼ਿਰ ਅਸੀਂ ਜ਼ਰੂਰ ਜੇਤੂ ਹੋਵਾਂਗੇ।” ਬਨ-ਹਦਦ ਨੇ ਉਨ੍ਹਾਂ ਦੇ ਸੁਝਾਅ ਨੂੰ ਮੰਨਿਆ ਅਤੇ ਉਨ੍ਹਾਂ ਦੇ ਕਹੇ ਅਨੁਸਾਰ ਹੀ ਕੀਤਾ।

26 ਫੇਰ, ਅਗਲੀ ਬਸੰਤ ਵਿੱਚ ਬਨ-ਹਦਦ ਨੇ ਅਰਾਮ ਦੇ ਸਾਰੇ ਲੋਕਾਂ ਨੂੰ ਇਕੱਠਿਆਂ ਇੱਕਤਰ ਕੀਤਾ ਅਤੇ ਇਸਰਾਏਲ ਨਾਲ ਲੜਨ ਲਈ ਸਫ਼ੋਕ ਨੂੰ ਵਾਪਸ ਚੱਲੇ ਗਏ।

27 ਇਸਰਾਏਲੀ ਵੀ ਜੰਗ ਲਈ ਤਿਆਰ ਹੋਏ। ਜਦੋਂ ਉਹ ਅਰਾਮੀਆਂ ਦਾ ਸਾਹਮਣਾ ਕਰਨ ਨਿਕਲੇ ਤਾਂ ਇਸਰਾਏਲੀਆਂ ਨੇ ਉਨ੍ਹਾਂ ਦੇ ਸਾਹਮਣੇ ਡੇਰੇ ਲਾ ਲਏ। ਵੈਰੀਆਂ ਦੇ ਸਾਹਮਣੇ ਇਸਰਾਏਲੀ ਇਉਂ ਜਾਪਦੇ ਸਨ ਜਿਵੇਂ ਪਠੋਰਿਆਂ ਦੇ ਦੋ ਛੋਟੇ ਜਿਹੇ ਇੱਜੜ ਹੋਣ ਜਦ ਕਿ ਅਰਾਮੀਆਂ ਨਾਲ ਦੇਸ ਭਰ ਗਿਆ ਸੀ।

28 ਤਾਂ ਪਰਮੇਸ਼ੁਰ ਦਾ ਇੱਕ ਮਨੁੱਖ ਆਇਆ ਅਤੇ ਇਸਰਾਏਲ ਦੇ ਰਾਜੇ ਨੂੰ ਆਖਿਆ, “ਯਹੋਵਾਹ ਆਖਦਾ ਹੈ, ‘ਅਰਾਮੀਆਂ ਨੇ ਆਖਿਆ ਹੈ ਕਿ ਮੈਂ ਯਹੋਵਾਹ, ਪਰਬਤਾਂ ਦਾ ਪਰਮੇਸ਼ੁਰ ਹਾਂ ਪਰ ਵਾਦੀਆਂ ਦਾ ਪਰਮੇਸ਼ੁਰ ਨਹੀਂ ਹਾਂ। ਇਸ ਲਈ ਮੈਂ ਇਸ ਵੱਡੀ ਸੈਨਾ ਨੂੰ ਤੇਰੇ ਹੱਥੋਂ ਹਰਾਵਾਂਗਾ ਤਾਂ ਜੋ ਤੈਨੂੰ ਪਤਾ ਲੱਗ ਜਾਵੇਗਾ ਕਿ ਮੈਂ ਯਹੋਵਾਹ ਹਾਂ।’”

29 ਸੋ ਉਨ੍ਹਾਂ ਨੇ ਸੱਤਾਂ ਦਿਨਾਂ ਲਈ ਇੱਕ ਦੂਜੇ ਦੇ ਸਾਹਮਣੇ ਡੇਰੇ ਲਾਏ। ਸੱਤਵੇਂ ਦਿਨ ਜੰਗ ਸ਼ੁਰੂ ਹੋ ਗਈ ਅਤੇ ਇਸਰਾਏਲੀਆਂ ਨੇ ਉਸੇ ਦਿਨ ਅਰਾਮ ਦੇ 10,000 ਪੈਦਲ ਸਿਪਾਹੀਆਂ ਨੂੰ ਮਾਰ ਦਿੱਤਾ। 30 ਬਾਕੀ ਬਚੇ ਖੁਚੇ ਆਦਮੀ ਅਫ਼ੋਕ ਦੇ ਸ਼ਹਿਰ ਨੂੰ ਭੱਜ ਗਏ ਅਤੇ 27,000 ਸਿਪਾਹੀਆਂ ਉੱਪਰ ਸ਼ਹਿਰ ਦੀ ਕੰਧ ਡਿੱਗ ਪਈ। ਬਨ-ਹਦਦ ਵੀ ਸ਼ਹਿਰ ਨੂੰ ਭੱਜ ਗਿਆ ਅਤੇ ਇੱਕ ਅੰਦਰਲੇ ਕਮਰੇ ਵਿੱਚ ਲੁਕ ਗਿਆ। 31 ਤਾਂ ਉਸ ਦੇ ਸੇਵਕਾਂ ਨੇ ਉਸ ਨੂੰ ਕਿਹਾ, “ਵੇਖੋ! ਅਸੀਂ ਸੁਣਿਆ ਹੈ ਕਿ ਇਸਰਾਏਲ ਦੇ ਰਾਜੇ ਕਿਰਪਾਲੂ ਹੁੰਦੇ ਹਨ। ਜੇਕਰ ਅਸੀਂ ਆਪਣੇ ਉੱਪਰ ਤੱਪੜ ਪਾਕੇ ਅਤੇ ਆਪਣੇ ਸਿਰਾਂ ਉੱਪਰ ਰਸੀਆਂ ਲਪੇਟ ਕੇ- ਇਸਰਾਏਲ ਦੇ ਪਾਤਸ਼ਾਹ ਕੋਲ ਜਾਈਏ, ਤਾਂ ਹੋ ਸੱਕਦਾ ਉਹ ਸਾਨੂੰ ਖਿਮਾ ਕਰ ਦੇਵੇ ਅਤੇ ਸਾਨੂੰ ਜਿਉਣ ਦੇਵੇ।”

32 ਤਾਂ ਉਨ੍ਹਾਂ ਨੇ ਆਪਣੇ ਲੋਕਾਂ ਦੇ ਸਿਰਾਂ ਉੱਪਰ ਰਸੀਆਂ ਲਪੇਟ ਲਈਆਂ ਅਤੇ ਤੱਪੜ ਪਾ ਲਏ ਅਤੇ ਇਸਰਾਏਲ ਦੇ ਪਾਤਸ਼ਾਹ ਕੋਲ ਆਏ ਅਤੇ ਕਿਹਾ, “ਤੇਰਾ ਸੇਵਕ, ਬਨ-ਹਦਦ ਅਰਜ ਕਰਦਾ ਹੈ ਕਿ ਕਿਰਪਾ ਕਰਕੇ ਸਾਡੀ ਜਾਨ ਬਖਸ਼।”

ਅਹਾਬ ਨੇ ਆਖਿਆ, “ਕੀ ਉਹ ਅਜੇ ਜਿਉਂਦਾ ਹੈ? ਉਹ ਤਾਂ ਮੇਰਾ ਭਾਈ ਹੈ!”

33 ਬਨ-ਹਦਦ ਦੇ ਆਦਮੀਆਂ ਨੇ ਅਹਾਬ ਦੇ ਸ਼ਬਦਾਂ ਵਿੱਚ ਕੁਝ ਸੁਰਾਗ ਸੁਣਕੇ ਇਹ ਪ੍ਰਪੱਕ ਕਰਨ ਦੀ ਆਸ ਕੀਤੀ ਕਿ ਉਹ ਬਨ-ਹਦਦ ਨੂੰ ਨਹੀਂ ਮਾਰੇਗਾ। ਇਸ ਲਈ ਜਦੋਂ ਆਹਾਬ ਨੇ ਬਨ-ਹਦਦ ਨੂੰ ਆਪਣਾ ਭਰਾ ਆਖਿਆ, ਉਨ੍ਹਾਂ ਨੇ ਝਟ ਕਿਹਾ, “ਹਾਂ! ਬਨ-ਹਦਦ ਤੇਰਾ ਭਰਾ ਹੈ।”

ਅਹਾਬ ਨੇ ਆਖਿਆ, “ਉਸ ਨੂੰ ਮੇਰੇ ਕੋਲ ਲੈ ਆਓ।” ਤਾਂ ਬਨ-ਹਦਦ ਉਸ ਕੋਲ ਆਇਆ ਤਾਂ ਅਹਾਬ ਪਾਤਸ਼ਾਹ ਨੇ ਉਸ ਨੂੰ ਆਪਣੇ ਨਾਲ ਰੱਥ ਉੱਤੇ ਬਿਠਾ ਲਿਆ।

34 ਬਨ-ਹਦਦ ਨੇ ਉਸ ਨੂੰ ਕਿਹਾ, “ਅਹਾਬ, ਜਿਹੜੇ ਸ਼ਹਿਰ ਮੇਰੇ ਪਿਤਾ ਨੇ ਤੇਰੇ ਪਿਤਾ ਤੋਂ ਖੋਹੇ ਸਨ, ਮੈਂ ਤੈਨੂੰ ਵਾਪਸ ਕਰ ਦੇਵਾਂਗਾ। ਤੂੰ ਆਪਣੇ ਲਈ ਦੰਮਿਸਕ ਵਿੱਚ ਬਜ਼ਾਰ ਬਣਾ ਸੱਕਦਾ ਹੈਂ ਜਿਵੇਂ ਕਿ ਮੇਰੇ ਪਿਤਾ ਨੇ ਸਾਮਰਿਯਾ ਵਿੱਚ ਕੀਤਾ ਸੀ।”

ਤਦ ਅਹਾਬ ਨੇ ਆਖਿਆ, “ਮੈਂ ਤੈਨੂੰ ਤੇਰੇ ਇਕਰਾਰ ਤੇ ਆਜ਼ਾਦ ਕਰ ਦੇਵਾਂਗਾ ਜੇਕਰ ਜੋ ਕੁਝ ਵੀ ਤੂੰ ਆਖਿਆ ਕੀਤਾ ਜਾਵੇਗਾ।” ਸੋ ਦੋਨਾਂ ਪਾਤਸ਼ਾਹਾਂ ਵਿੱਚ ਸ਼ਾਂਤੀ ਦਾ ਇਕਰਾਰਨਾਮਾ ਹੋਇਆ ਅਤੇ ਅਹਾਬ ਪਾਤਸ਼ਾਹ ਨੇ ਬਨ-ਹਦਦ ਨੂੰ ਆਜ਼ਾਦ ਕਰ ਦਿੱਤਾ।

ਇੱਕ ਨਬੀ ਦਾ ਅਹਾਬ ਦੇ ਵਿਰੁੱਧ ਬੋਲਣਾ

35 ਨਬੀਆਂ ਵਿੱਚੋਂ ਇੱਕ ਨਬੀ ਨੇ ਦੂਜੇ ਨੂੰ ਕਿਹਾ, “ਮੈਨੂੰ ਧੱਕਾ ਦੇ!” ਉਸ ਨੇ ਇਹ ਇਸ ਲਈ ਕਿਹਾ ਕਿਉਂ ਕਿ ਉਸ ਨੇ ਇਹ ਯਹੋਵਾਹ ਨੇ ਹੁਕਮ ਕੀਤਾ ਸੀ ਪਰ ਦੂਜੇ ਨਬੀ ਨੇ ਉਸ ਨੂੰ ਧੱਕਾ ਦੇਣ ਤੋਂ ਇਨਕਾਰ ਕੀਤਾ। 36 ਤਾਂ ਪਹਿਲੇ ਨਬੀ ਨੇ ਕਿਹਾ, “ਤੂੰ ਯਹੋਵਾਹ ਦਾ ਆਦੇਸ਼ ਨਹੀਂ ਮੰਨਿਆ, ਇਸ ਲਈ ਜਦੋਂ ਤੂੰ ਇੱਥੋਂ ਜਾਵੇਂਗਾ, ਇੱਕ ਸ਼ੇਰ ਤੈਨੂੰ ਮਾਰ ਦੇਵੇਗਾ। ਅਤੇ ਦੂਸਰਾ ਨਬੀ ਉਸ ਥਾਂ ਤੋਂ ਤੁਰ ਪਿਆ ਅਤੇ ਇੱਕ ਸ਼ੇਰ ਨੇ ਉਸ ਨੂੰ ਮਾਰ ਦਿੱਤਾ।”

37 ਪਹਿਲਾ ਨਬੀ ਦੂਜੇ ਆਦਮੀ ਕੋਲ ਗਿਆ ਅਤੇ ਜਾਕੇ ਕਹਿਣ ਲੱਗਾ, “ਮੈਨੂੰ ਧੱਕਾ ਦੇ।”

ਇਸ ਮਨੁੱਖ ਨੇ ਨਬੀ ਨੂੰ ਧੱਕਾ ਦੇ ਕੇ ਉਸ ਨੂੰ ਘਾਇਲ ਕੀਤਾ। 38 ਤਾਂ ਨਬੀ ਨੇ ਆਪਣਾ ਮੂੰਹ ਕੱਪੜੇ ਨਾਲ ਲਪੇਟਿਆ। ਇਉਂ ਕੋਈ ਵੀ ਉਸ ਨੂੰ ਪਛਾਣ ਨਾ ਸੱਕਿਆ ਕਿ ਉਹ ਕੌਣ ਹੈ? ਤਾਂ ਉਹ ਨਬੀ ਇਉਂ ਉੱਥੋਂ ਚੱਲਾ ਗਿਆ ਅਤੇ ਸੜਕ ਕੰਢੇ ਪਾਤਸ਼ਾਹ ਦਾ ਇੰਤਜ਼ਾਰ ਕਰਨ ਲੱਗਾ। 39 ਜਦੋਂ ਪਾਤਸ਼ਾਹ ਉੱਥੇ ਆਇਆ, ਨਬੀ ਨੇ ਉਸ ਨੂੰ ਕਿਹਾ, “ਮੈਂ ਯੁੱਧ ਵਿੱਚ ਲੜਨ ਲਈ ਗਿਆ ਸੀ ਤੇ ਸਾਡੇ ਆਦਮੀਆਂ ਵਿੱਚੋਂ ਇੱਕ ਜਣਾ ਦੁਸਮਣਾਂ ਦੇ ਸਿਪਾਹੀ ਨੂੰ ਮੇਰੇ ਕੋਲ ਲਿਆਇਆ ਅਤੇ ਆਖਿਆ, ‘ਇਸਦੀ ਰੱਖਿਆ ਕਰ। ਜੇਕਰ ਇਹ ਭੱਜ ਗਿਆ, ਉਸਦੀ ਜਾਨ ਬਦਲੇ ਤੇਰੀ ਜਾਨ ਜਾਵੇਗੀ ਜਾਂ ਇਸ ਬਦਲੇ ਹਰਜਾਨੇ ਵਜੋਂ ਤੈਨੂੰ 34 ਕਿਲੋ ਚਾਂਦੀ ਦੇਣੀ ਪਵੇਗੀ।’ 40 ਪਰ ਮੈਂ ਹੋਰ ਕੰਮਾਂ ਵਿੱਚ ਜਦੋਂ ਰੁੱਝ ਗਿਆ ਤਾਂ ਉਹ ਆਦਮੀ ਭੱਜ ਗਿਆ।”

ਇਸਰਾਏਲ ਦੇ ਪਾਤਸ਼ਾਹ ਨੇ ਆਖਿਆ, “ਤੂੰ ਆਖ ਰਿਹਾ ਹੈਂ ਕਿ ਉਸ ਆਦਮੀ ਦੇ ਭੱਜਣ ਕਾਰਣ ਤੂੰ ਆਪਣੇ-ਆਪਨੂੰ ਦੋਸ਼ੀ ਠਹਿਰਾਉਂਦਾ ਹੈਂ? ਤਾਂ ਇਸਰਾਏਲ ਦੇ ਪਾਤਸ਼ਾਹ ਨੇ ਜਵਾਬ ਦਿੱਤਾ: ਤੇਰੇ ਆਪਣੇ ਹੀ ਸ਼ਬਦ ਤੇਰੀ ਰਾਇ ਪ੍ਰਗਟ ਕਰਦੇ ਹਨ।”

41 ਤਾਂ ਨਬੀ ਨੇ ਆਪਣੇ ਮੂੰਹ ਤੋਂ ਕੱਪੜੇ ਨੂੰ ਉਤਾਰਿਆ ਅਤੇ ਇਸਰਾਏਲ ਦੇ ਪਾਤਸ਼ਾਹ ਨੇ ਉਸ ਨੂੰ ਵੇਖਿਆ। ਤਦ ਉਹ ਜਾਣ ਗਿਆ ਕਿ ਉਹ ਨਬੀਆਂ ਵਿੱਚੋਂ ਇੱਕ ਸੀ। 42 ਤਾਂ ਨਬੀ ਨੇ ਪਾਤਸ਼ਾਹ ਨੂੰ ਆਖਿਆ, “ਯਹੋਵਾਹ ਫ਼ਰਮਾਉਂਦਾ ਹੈ, ਜਿਸ ਆਦਮੀ ਨੂੰ ਮੈਂ ਆਖਿਆ ਸੀ ਕਿ ਮਾਰਿਆ ਜਾਣਾ ਚਾਹੀਦਾ ਤੂੰ ਉਸ ਨੂੰ ਆਜ਼ਾਦ ਕਰ ਦਿੱਤਾ, ਇਸ ਕਾਰਣ ਉਸਦੀ ਜਾਨ ਬਦਲੇ ਤੇਰੀ ਜਾਨ ਜਾਵੇਗੀ ਅਤੇ ਉਸ ਦੇ ਆਦਮੀਆਂ ਦੇ ਬਦਲੇ ਤੇਰੇ ਆਦਮੀਆਂ ਨੂੰ ਮਰਨਾ ਪਵੇਗਾ।”

43 ਤਦ ਪਾਤਸ਼ਾਹ ਬੜਾ ਪਰੇਸ਼ਾਨ ਅਤੇ ਦੁੱਖੀ ਸਾਮਰਿਯਾ ਵਿੱਚ ਆਪਣੇ ਮਹਿਲ ਨੂੰ ਪਰਤ ਗਿਆ।

Punjabi Bible: Easy-to-Read Version (ERV-PA)

2010 by World Bible Translation Center