Beginning
ਯਹੂਦਾਹ ਦਾ ਪਾਤਸ਼ਾਹ, ਅਬੀਯਾਮ
15 ਅਬੀਯਾਮ ਯਾਰਾਬੁਆਮ ਦੇ ਪੁੱਤਰ ਨਾਬਾਟ ਦੇ ਇਸਰਾਏਲ ਉਪਰ ਸਾਸਨ ਦੇ ਅਠਾਰਵੇਂ ਵਰ੍ਹੇ ਦੌਰਾਨ ਯਹੂਦਾਹ ਦਾ ਨਵਾਂ ਪਾਤਸਾਹ ਬਣਿਆ। 2 ਉਸ ਨੇ ਯਰੂਸ਼ਲਮ ਵਿੱਚ ਤਿੰਨ ਸਾਲ ਰਾਜ ਕੀਤਾ। ਉਸਦੀ ਮਾਂ ਦਾ ਨਾਉਂ ਮਆਕਾਹ ਸੀ ਜੋ ਕਿ ਅਬਸ਼ਾਲੋਮ ਦੀ ਧੀ ਸੀ।
3 ਅਬੀਯਾਮ ਨੇ ਉਹ ਸਭ ਪਾਪ ਕੀਤੇ ਜਿਹੜੇ ਉਸਤੋਂ ਪਹਿਲਾਂ ਉਸ ਦੇ ਪਿਤਾ ਨੇ ਕੀਤੇ ਸਨ। ਉਹ ਯਹੋਵਾਹ ਆਪਣੇ ਪਰਮੇਸ਼ੁਰ ਨਾਲ ਵਫ਼ਾਦਾਰ ਨਹੀਂ ਸੀ। ਇੰਝ ਉਹ ਆਪਣੇ ਦਾਦੇ ਦਾਊਦ ਵਰਗਾ ਨਾ ਨਿਕਲਿਆ। 4 ਯਹੋਵਾਹ ਦਾਊਦ ਨੂੰ ਪਿਆਰ ਕਰਦਾ ਸੀ ਇਸ ਲਈ ਉਸ ਦੇ ਕਾਰਣ ਯਹੋਵਾਹ ਨੇ ਯਰੂਸ਼ਲਮ ਵਿੱਚ ਅਬੀਯਾਮ ਨੂੰ ਰਾਜ ਦਿੱਤਾ ਅਤੇ ਯਹੋਵਾਹ ਨੇ ਉਸ ਨੂੰ ਇੱਕ ਪੁੱਤਰ ਦੀ ਬਖਸ਼ੀਸ਼ ਦਿੱਤੀ ਤਾਂ ਜੋ ਯਰੂਸ਼ਲਮ ’ਚ ਚਰਾਗ ਜਗਦਾ ਰਹੇ ਅਤੇ ਇਹ ਸ਼ਹਿਰ ਸੁਰੱਖਿਅਤ ਰਹੇ। ਇਹ ਸਭ ਉਸ ਨੇ ਦਾਊਦ ਲਈ ਕੀਤਾ। 5 ਦਾਊਦ ਨੇ ਹਮੇਸ਼ਾ ਉਹੀ ਕੁਝ ਕੀਤਾ ਜੋ ਯਹੋਵਾਹ ਨੇ ਚਾਹਿਆ। ਉਸ ਨੇ ਹਮੇਸ਼ਾ ਯਹੋਵਾਹ ਦਾ ਹੁਕਮ ਮੰਨਿਆ ਸਿਰਫ਼ ਇੱਕ ਹੀ ਵਾਰ ਸੀ ਜਦੋਂ ਦਾਊਦ ਨੇ ਯਹੋਵਾਹ ਦੀ ਮਰਜ਼ੀ ਤੋਂ ਬਿਨਾ ਊਰੀਯਾਹ ਹਿੱਤੀ ਦੇ ਵਿਰੁੱਧ ਪਾਪ ਕੀਤਾ ਸੀ।
6 ਰਹਬੁਆਮ ਅਤੇ ਯਾਰਾਬੁਆਮ ਹਮੇਸ਼ਾ ਇੱਕ-ਦੂਸਰੇ ਦੇ ਖਿਲਾਫ਼ ਜੰਗ ਲੜਦੇ ਰਹਿੰਦੇ ਸਨ। 7 ਹੋਰ ਵੀ ਜੋ ਕੁਝ ਅਬੀਯਾਮ ਨੇ ਕੀਤਾ ਸਭ ਯਹੂਦਾਹ ਦੇ ਰਾਜਿਆਂ ਦੇ ਇਤਹਾਸ ਦੀ ਪੋਥੀ ਵਿੱਚ ਦਰਜ ਹੈ।
ਅਬੀਯਾਮ ਅਤੇ ਯਾਰਾਬੁਆਮ ਦੇ ਦਰਮਿਆਨ ਹਰ ਸਮੇਂ ਲੜਾਈ ਬਣੀ ਰਹੀ ਜਦ ਤੱਕ ਅਬੀਯਾਮ ਨੇ ਰਾਜ ਕੀਤਾ। 8 ਜਦੋਂ ਅਬੀਯਾਮ ਦੀ ਮੌਤ ਹੋਈ ਤਾਂ ਉਸ ਨੂੰ ਦਾਊਦ ਦੇ ਸ਼ਹਿਰ ਵਿੱਚ ਦਫ਼ਨਾਇਆ ਗਿਆ। ਅਬੀਯਾਮ ਦਾ ਪੁੱਤਰ ਆਸਾ ਉਸਤੋਂ ਬਾਅਦ ਪਾਤਸ਼ਾਹ ਬਣਿਆ।
ਯਹੂਦਾਹ ਦਾ ਪਤਸ਼ਾਹ, ਆਸਾ
9 ਯਾਰਾਬੁਆਮ ਦੇ ਇਸਰਾਏਲ ਉੱਪਰ ਰਾਜ ਕਰਨ ਦੇ 20ਵੇਂ ਵਰ੍ਹੇ, ਆਸਾ ਯਹੂਦਾਹ ਦਾ ਪਾਤਸ਼ਾਹ ਬਣਿਆ। 10 ਆਸਾ ਨੇ ਯਰੂਸ਼ਲਮ ਵਿੱਚ 41ਵਰ੍ਹੇ ਰਾਜ ਕੀਤਾ। ਉਸਦੀ ਦਾਦੀ ਦਾ ਨਾਂ ਮਆਕਾਹ ਸੀ ਜੋ ਕਿ ਅਬਸ਼ਾਲੋਮ ਦੀ ਧੀ ਸੀ।
11-12 ਆਸਾ ਨੇ ਉਹ ਕੁਝ ਕੀਤਾ ਜੋ ਯਹੋਵਾਹ ਦੀ ਨਿਗਾਹ ਵਿੱਚ ਠੀਕ ਸੀ, ਜਿਵੇਂ ਕਿ ਉਸ ਦੇ ਪੁਰਖੇ ਦਾਊਦ ਨੇ ਕੀਤਾ ਸੀ। ਉਸ ਨੇ ਦੇਸ਼ ਵਿੱਚੋਂ ਉਨ੍ਹਾਂ ਆਦਮੀਆਂ ਨੂੰ ਕੱਢ ਦਿੱਤਾ ਜਿਹੜੇ ਕਾਮ ਵਾਸਨਾ ਲਈ ਆਪਣੇ ਸ਼ਰੀਰ ਵੇਚਦੇ ਸਨ ਅਤੇ ਉਨ੍ਹਾਂ ਬੁੱਤਾਂ ਨੂੰ ਵੀ ਬਾਹਰ ਕੱਢ ਦਿੱਤਾ ਜਿਹੜੇ ਉਸ ਦੇ ਪੁਰਖਿਆਂ ਨੇ ਬਣਾਏ ਸਨ। 13 ਆਸਾ ਨੇ ਆਪਣੀ ਦਾਦੀ ਮਆਕਾਹ ਨੂੰ ਵੀ ਰਾਣੀ ਦੇ ਰੁਤਬੇ ਤੋਂ ਹਟਾ ਦਿੱਤਾ ਕਿਉਂ ਕਿ ਮਆਕਾਹ ਨੇ ਵੀ ਦੇਵੀ ਅਸ਼ੇਰਾਹ ਦੇ ਭਿਆਨਕ ਬਿੰਬ ਨੂੰ ਘੜਿਆ ਸੀ। ਆਸਾ ਨੇ ਉਸ ਮੂਰਤ ਨੂੰ ਢਹਿ-ਢੇਰੀ ਕਰ ਦਿੱਤਾ ਉਸ ਨੇ ਉਸਦੀ ਮੂਰਤ ਨੂੰ ਕਿਦਰੋਨ ਦੀ ਵਾਦੀ ਵਿੱਚ ਸਾੜ ਦਿੱਤਾ। 14 ਆਸਾ ਨੇ ਉੱਚਿਆਂ ਥਾਵਾਂ ਨੂੰ ਨਸ਼ਟ ਨਾ ਕੀਤਾ ਪਰ ਉਹ ਯਹੋਵਾਹ ਨਾਲ ਹਮੇਸ਼ਾ ਵਫ਼ਾਦਾਰ ਰਿਹਾ। 15 ਆਸਾ ਅਤੇ ਉਸ ਦੇ ਪਿਤਾ ਨੇ ਪਰਮੇਸ਼ੁਰ ਅੱਗੇ ਕੁਝ ਚੀਜ਼ਾਂ ਅਰਪਣ ਕੀਤੀਆਂ ਜਿਸ ਵਿੱਚ ਸੋਨੇ, ਚਾਂਦੀ ਅਤੇ ਹੋਰ ਵਸਤਾਂ ਵੀ ਸਨ। ਆਸਾ ਨੇ ਉਹ ਸਭ ਚੀਜ਼ਾਂ ਮੰਦਰ ਵਿੱਚ ਰੱਖੀਆਂ।
16 ਆਸਾ ਅਤੇ ਇਸਰਾਏਲ ਦੇ ਪਾਤਸ਼ਾਹ ਬਆਸ਼ਾ ਵਿੱਚ ਜਦ ਤੱਕ ਆਸਾ ਯਹੂਦਾਹ ਦਾ ਰਾਜਾ ਰਿਹਾ, ਲੜਾਈ ਛਿੜੀ ਰਹੀ। 17 ਬਆਸ਼ਾ ਯਹੂਦਾਹ ਦੇ ਵਿਰੁੱਧ ਲੜਿਆ ਕਿਉਂ ਕਿ ਬਆਸ਼ਾ ਆਸਾ ਦੇ ਯਹੂਦਾਹ ਦੇਸ ਵਿੱਚੋਂ ਲੋਕਾਂ ਨੂੰ ਆਣ-ਜਾਣ ਨਹੀਂ ਸੀ ਦੇਣਾ ਚਾਹੁੰਦਾ, ਇਸ ਲਈ ਉਸ ਨੇ ਰਾਮਾਹ ਦੇਸ ਨੂੰ ਬੜਾ ਮਜ਼ਬੂਤ ਕਰ ਲਿਆ। 18 ਇਸ ਲਈ ਆਸਾ ਨੇ ਯਹੋਵਾਹ ਦੇ ਮੰਦਰ ਵਿੱਚੋਂ ਸਾਰਾ ਸੋਨਾ-ਚਾਂਦੀ ਅਤੇ ਖਜ਼ਾਨਾ ਕੱਢ ਲਿਆ ਅਤੇ ਇੰਝ ਹੀ ਸਾਰਾ ਖਜ਼ਾਨਾ ਪਾਤਸ਼ਾਹ ਦੇ ਮਹਿਲ ਵਿੱਚੋਂ ਕੱਢ ਲਿਆਂਦਾ। ਉਸ ਨੇ ਇਹ ਸੋਨਾ-ਚਾਂਦੀ ਆਪਣੇ ਸੇਵਕਾਂ ਨੂੰ ਦੇਕੇ ਉਨ੍ਹਾਂ ਨੂੰ ਅਰਾਮ ਦੇ ਪਾਤਸ਼ਾਹ ਬਨ-ਹਦਦ ਕੋਲ ਜੋ ਹਜ਼ਯੋਨ ਦਾ ਪੋਤਾ ਅਤੇ ਟਬਰਿੰਮੋਨ ਦਾ ਪੁੱਤਰ ਸੀ ਅਤੇ ਦੰਮਿਸਕ ਵਿੱਚ ਵੱਸਦਾ ਸੀ, ਉੱਥੇ ਭੇਜ ਦਿੱਤਾ। 19 ਆਸਾ ਨੇ ਇਹ ਸੰਦੇਸ਼ ਭੇਜਿਆ, “ਮੇਰੇ ਪਿਤਾ ਅਤੇ ਤੇਰੇ ਪਿਤਾ ਵਿੱਚਕਾਰ ਇੱਕ ਸ਼ਾਂਤੀ ਦਾ ਇਕਰਾਰਨਾਮਾ ਸੀ। ਹੁਣ ਆਪਾਂ ਆਪਣੇ ਵਿੱਚਕਾਰ ਸ਼ਾਂਤੀ ਦਾ ਇਕਰਾਰਨਾਮਾ ਬਣਾਈੇਏ। ਮੈਂ ਤੈਨੂੰ ਸੋਨੇ ਚਾਂਦੀ ਤੇ ਤੋਹਫ਼ੇ ਭੇਜ ਰਿਹਾ ਹਾਂ, ਇਸ ਲਈ ਆਪਣਾ ਇਕਰਾਰਨਾਮਾ ਇਸਰਾਏਲ ਦੇ ਪਾਤਸ਼ਾਹ ਬਆਸ਼ਾ ਨਾਲ ਤੋੜ ਲੈ ਤਾਂ ਜੋ ਉਹ ਮੇਰੇ ਦੇਸ਼ ਕੋਲੋਂ ਦੂਰ ਚੱਲਿਆ ਜਾਵੇਗਾ ਅਤੇ ਸਾਨੂੰ ਇਕੱਲਿਆਂ ਛੱਡ ਦੇਵੇ।”
20 ਤਦ ਬਨ-ਹਦਦ ਨੇ ਆਸਾ ਪਾਤਸ਼ਾਹ ਦਾ ਸੰਦੇਸ਼ ਸੁਣਿਆ ਤੇ ਆਪਣਿਆਂ ਫੌਜੀ ਅਫ਼ਸਰਾਂ ਨੂੰ ਇਸਰਾਏਲ ਦੇ ਨਗਰਾਂ ਈਯੋਨ, ਦਾਨ, ਆਬੇਲ-ਬੈਤ, ਮਆਕਾਹ ਅਤੇ ਗਲੀਲ ਝੀਲ ਦੇ ਆਸੇ-ਪਾਸੇ ਦੇ ਨਗਰਾਂ ਦੇ ਵਿਰੁੱਧ ਲੜਨ ਲਈ ਭੇਜਿਆ। ਉਸ ਨੇ ਨਫਤਾਲੀ ਦੇ ਸਾਰੇ ਇਲਾਕਿਆਂ ਨੂੰ ਹਰਾ ਦਿੱਤਾ। 21 ਬਆਸ਼ਾ ਨੂੰ ਇਨ੍ਹਾਂ ਹਮਲਿਆਂ ਦੀ ਖਬਰ ਮਿਲੀ ਤਾਂ ਉਹ ਰਾਮਾਹ ਨੂੰ ਮਜ਼ਬੂਤ ਬਨਾਉਣ ਤੋਂ ਰੁਕ ਗਿਆ। ਉਸ ਨੇ ਉਹ ਸ਼ਹਿਰ ਛੱਡ ਦਿੱਤਾ ਅਤੇ ਤਿਰਸਾਹ ਵਿੱਚ ਜਾ ਵਸਿਆ। 22 ਫ਼ਿਰ ਆਸਾ ਪਾਤਸ਼ਾਹ ਨੇ ਸਾਰੇ ਯਹੂਦਾਹ ਨੂੰ ਇਹ ਹੁਕਮ ਦਿੱਤਾ। ਸਭ ਲੋਕਾਂ ਨੂੰ ਸੁਣਾਇਆ ਕੋਈ ਬਾਕੀ ਨਾ ਰਿਹਾ ਤਾਂ ਉਹ ਰਾਮਾਹ ਨੂੰ ਸਾਰੇ ਪੱਥਰ ਤੇ ਲੱਕੜਾਂ ਲੈ ਕੇ ਤੁਰ ਪਏ ਜਿਸ ਨਾਲ ਬਆਸ਼ਾ ਉਸ ਸ਼ਹਿਰ ਨੂੰ ਮਜ਼ਬੂਤ ਬਣਾ ਰਿਹਾ ਸੀ। ਉਹ ਸਾਰਾ ਸਮਾਨ ਬਿਨਯਾਮੀਨ ਵਿੱਚ ਗ਼ਬਾ ਅਤੇ ਮਿਸਫ਼ਾਹ ਵਿੱਚ ਲੈ ਆਏ। ਤਦ ਆਸਾ ਪਾਤਸ਼ਾਹ ਨੇ ਉਨ੍ਹਾਂ ਦੋ ਸ਼ਹਿਰਾਂ ਨੂੰ ਮਜ਼ਬੂਤ ਬਣਾਇਆ।
23 ਆਸਾ ਦੀਆਂ ਹੋਰ ਕਰਨੀਆਂ, ਉਸ ਦੀਆਂ ਸਫ਼ਲਤਾਵਾਂ, ਅਤੇ ਜੋ ਨਗਰ ਉਸ ਨੇ ਉਸਾਰੇ ਇਹ ਸਭ ਯਹੂਦਾਹ ਦੇ ਪਾਤਸ਼ਾਹਾਂ ਦੇ ਇਤਹਾਸ ਦੀ ਪੋਥੀ ਵਿੱਚ ਲਿਖਿਆ ਹੋਇਆ ਹੈ। ਜਦੋਂ ਆਸਾ ਬੁੱਢਾ ਹੋ ਗਿਆ, ਉਸ ਦੇ ਪੈਰ ਤੇ ਕੋਈ ਰੋਗ ਹੋ ਗਿਆ। 24 ਆਸਾ ਦੀ ਮੌਤ ਹੋ ਗਈ ਅਤੇ ਉਸ ਨੂੰ ਉਸ ਦੇ ਪੁਰਖਿਆਂ ਕੋਲ ਦਾਊਦ ਦੇ ਸ਼ਹਿਰ ਵਿੱਚ ਦਫ਼ਨਾਇਆ ਗਿਆ। ਆਸਾ ਤੋਂ ਬਾਦ ਉਸਦਾ ਪੁੱਤਰ ਯਹੋਸ਼ਾਫ਼ਾਟ ਨਵਾਂ ਪਾਤਸ਼ਾਹ ਬਣਿਆ।
ਇਸਰਾਏਲ ਦਾ ਪਾਤਸ਼ਾਹ, ਨਾਦਾਬ
25 ਯਾਰਾਬੁਆਮ ਦਾ ਪੁੱਤਰ ਨਾਦਾਬ ਯਹੂਦਾਹ ਦੇ ਪਾਤਸ਼ਾਹ ਆਸਾ ਦੇ ਰਾਜ ਦੇ ਦੂਜੇ ਸਾਲ ਇਸਰਾਏਲ ਉੱਪਰ ਰਾਜ ਕਰਨ ਲੱਗਾ ਅਤੇ ਉਸ ਨੇ ਦੋ ਸਾਲ ਇਸਰਾਏਲ ਉੱਪਰ ਰਾਜ ਕੀਤਾ। 26 ਪਰ ਉਸ ਨੇ ਉਹ ਕਰਨੀਆਂ ਕੀਤੀਆਂ ਜੋ ਯਹੋਵਾਹ ਦੀ ਨਿਗਾਹ ਵਿੱਚ ਗ਼ਲਤ ਸਨ। ਉਸ ਨੇ ਵੀ ਆਪਣੇ ਪਿਤਾ ਯਾਰਾਬੁਆਮ ਵਾਂਗ ਹੀ ਪਾਪ ਕੀਤੇ ਅਤੇ ਇਸਰਾਏਲ ਦੇ ਲੋਕਾਂ ਤੋਂ ਪਾਪ ਕਰਵਾਏ।
27 ਬਆਸ਼ਾ ਅਹੀਯਾਹ ਦਾ ਪੁੱਤਰ ਸੀ। ਇਹ ਯਿੱਸਾਕਾਰ ਦੇ ਪਰਿਵਾਰ-ਸਮੂਹ ਵਿੱਚੋਂ ਸੀ। ਬਆਸ਼ਾ ਨੇ ਨਾਦਾਬ ਪਾਤਸ਼ਾਹ ਨੂੰ ਵੱਢਣ ਦੀ ਵਿਉਂਤ ਬਣਾਈ। ਇਹ ਉਹ ਸਮਾਂ ਸੀ ਜਦੋਂ ਨਾਦਾਬ ਅਤੇ ਸਾਰੇ ਇਸਰਾਏਲੀ ਗਿਬਥੋਨ ਸ਼ਹਿਰ ਦੇ ਵਿਰੁੱਧ ਲੜ ਰਹੇ ਸਨ। ਇਹ ਫ਼ਲਿਸਤੀ ਸ਼ਹਿਰ ਸੀ। ਇਸ ਥਾਵੇਂ ਬਆਸ਼ਾ ਨੇ ਨਾਦਾਬ ਪਾਤਸ਼ਾਹ ਦੀ ਹਤਿਆ ਕੀਤੀ। 28 ਯਹੂਦਾਹ ਦੇ ਰਾਜੇ ਆਸਾ ਦੇ ਰਾਜ ਦੇ ਤੀਜੇ ਵਰ੍ਹੇ ਬਆਸ਼ਾ ਨੇ ਉਸ ਨੂੰ ਮਾਰ ਦਿੱਤਾ ਅਤੇ ਉਸਦੀ ਥਾਵੇਂ ਰਾਜ ਕਰਨ ਲੱਗ ਪਿਆ।
ਇਸਰਾਏਲ ਦਾ ਪਾਤਸ਼ਾਹ, ਬਆਸ਼ਾ
29 ਜਦੋਂ ਬਆਸ਼ਾ ਨਵਾਂ ਪਾਤਸ਼ਾਹ ਬਣਿਆ ਤਾਂ ਉਸ ਨੇ ਯਾਰਾਬੁਆਮ ਦੇ ਸਾਰੇ ਘਰਾਣੇ ਨੂੰ ਵੱਢ ਸੁੱਟਿਆ ਅਤੇ ਯਾਰਾਬੁਆਮ ਦਾ ਇੱਕ ਵੀ ਜੀਅ ਜਿਉਂਦਾ ਨਾ ਛੱਡਿਆ। ਇਹ ਸਭ ਕੁਝ ਉਵੇਂ ਹੀ ਹੋਇਆ ਜਿਵੇਂ ਯਹੋਵਾਹ ਦਾ ਹੁਕਮ ਸੀ ਯਹੋਵਾਹ ਆਪਣੇ ਸੇਵਕ ਅਹੀਯਾਹ ਜੋ ਸ਼ੀਲੋਨੀ ਤੋਂ ਸੀ ਬੋਲਿਆ ਸੀ। 30 ਇਹ ਸਭ ਕੁਝ ਇਸ ਲਈ ਵਾਪਰਿਆ ਕਿਉਂ ਕਿ ਯਾਰਾਬੁਆਮ ਨੇ ਅਨੇਕਾਂ ਪਾਪ ਕੀਤੇ ਸਨ ਅਤੇ ਉਸ ਨੇ ਇਸਰਾਏਲ ਦੇ ਲੋਕਾਂ ਤੋਂ ਪਾਪ ਕਰਵਾਏ। ਯਾਰਾਬੁਆਮ ਨੇ ਯਹੋਵਾਹ, ਇਸਰਾਏਲ ਦੇ ਪਰਮੇਸ਼ੁਰ ਨੂੰ ਬਹੁਤ ਕ੍ਰੋਧਿਤ ਕੀਤਾ ਸੀ!
31 ਹੋਰ ਜੋ ਕੰਮ ਨਾਦਾਬ ਨੇ ਕੀਤੇ ਉਹ ਇਸਰਾਏਲ ਦੇ ਪਾਤਸ਼ਾਹਾਂ ਦੇ ਇਤਹਾਸ ਦੀ ਪੋਥੀ ਵਿੱਚ ਲਿਖੇ ਹੋਏ ਹਨ। 32 ਸਾਰਾ ਸਮਾਂ ਇਸਰਾਏਲ ਉੱਪਰ ਜਦ ਤੱਕ ਬਆਸ਼ਾ ਨੇ ਰਾਜ ਕੀਤਾ ਵਿੱਚ ਸਾਰਾ ਸਮਾਂ, ਉਹ ਯਹੂਦਾਹ ਦੇ ਪਾਤਸ਼ਾਹ ਆਸਾ ਦੇ ਵਿਰੁੱਧ ਲੜਦਾ ਰਿਹਾ।
33 ਯਹੂਦਾਹ ਦੇ ਪਾਤਸ਼ਾਹ ਆਸਾ ਦੇ ਰਾਜ ਦੇ ਤੀਸਰੇ ਸਾਲ ਅਹੀਯਾਹ ਦਾ ਪੁੱਤਰ ਬਆਸ਼ਾ ਤਿਰਸਾਹ ਵਿੱਚ ਸਾਰੇ ਇਸਰਾਏਲ ਉੱਪਰ ਰਾਜ ਕਰਨ ਲੱਗਾ ਅਤੇ ਉਸ ਨੇ 24 ਵਰ੍ਹੇ ਰਾਜ ਕੀਤਾ। 34 ਉਸ ਨੇ ਯਹੋਵਾਹ ਦੇ ਅੱਗੇ ਬੁਰੇ ਕੰਮ ਕੀਤੇ ਅਤੇ ਯਾਰਾਬੁਆਮ ਆਪਣੇ ਪਿਤਾ ਦੇ ਬੁਰੇ ਰਾਹਾਂ ਤੇ ਹੀ ਚੱਲਿਆ ਅਤੇ ਉਸ ਦੇ ਪਾਪ ਵਿੱਚ ਜਿਸ ਨਾਲ ਉਸ ਦੇ ਇਸਰਾਏਲ ਨੂੰ ਪਾਪੀ ਬਣਾਇਆ, ਬਸ ਇਨ੍ਹਾਂ ਕੰਮਾਂ ਵਿੱਚ ਹੀ ਲੱਗਾ ਰਿਹਾ।
16 ਤਦ ਯਹੋਵਾਹ ਦਾ ਬਚਨ ਹਨਾਨੀ ਦੇ ਪੁੱਤਰ ਯੇਹੂ ਕੋਲ ਆਇਆ। ਇਹ ਬਚਨ ਬਆਸ਼ਾ ਦੇ ਵਿਰੁੱਧ ਸੀ ਕਿ, 2 “ਮੈਂ ਤੈਨੂੰ ਹੇਠੋਂ ਧੂੜ ਵਿੱਚੋਂ ਚੁੱਕਿਆ ਅਤੇ ਤੈਨੂੰ ਮੇਰੇ ਲੋਕਾਂ, ਇਸਰਾਏਲੀਆਂ ਉੱਪਰ ਸ਼ਾਸਕ ਬਣਾਇਆ, ਪਰ ਤੂੰ ਯਾਰਾਬੁਆਮ ਦੇ ਨਕਸ਼ੇ ਕਦਮ ਤੇ ਤੁਰਿਆ ਅਤੇ ਮੇਰੇ ਲੋਕਾਂ ਇਸਰਾਏਲੀਆਂ ਤੋਂ ਪਾਪ ਕਰਵਾਇਆ। ਇਉਂ ਉਨ੍ਹਾਂ ਨੇ ਮੈਨੂੰ ਕ੍ਰੋਧਿਤ ਕੀਤਾ। 3 ਇਸ ਲਈ ਮੈਂ ਹੁਣ ਬਆਸ਼ਾ ਅਤੇ ਉਸ ਦੇ ਘਰਾਣੇ ਨੂੰ ਨਾਸ਼ ਕਰ ਦਿਆਂਗਾ। ਮੈਂ ਹੁਣ ਤੇਰੇ ਘਰਾਣੇ ਨੂੰ ਨਬਾਟ ਦੇ ਪੁੱਤਰ ਯਾਰਾਬੁਆਮ ਦੇ ਘਰਾਣੇ ਵਾਂਗ ਨਾਸ ਕਰ ਦਿਆਂਗਾ। 4 ਤੇਰੇ ਪਰਿਵਾਰ ਵਿੱਚ, ਜੇਕਰ ਕੋਈ ਨਗਰ ਵਿੱਚ ਮਰ ਜਾਵੇ, ਉਸਦਾ ਸ਼ਰੀਰ ਕੁਤਿਆਂ ਦੁਆਰਾ ਖਾਧਾ ਜਾਵੇਗਾ ਅਤੇ ਜੇਕਰ ਕੋਈ ਖੇਤਾਂ ਵਿੱਚ ਮਰੇ, ਉਸਦਾ ਸਰੀਰ ਪੰਛੀਆਂ ਦੁਆਰਾ ਖਾਧਾ ਜਾਵੇਗਾ।”
5 ਬਆਸ਼ਾ ਦੇ ਕੀਤੇ ਹੋਰ ਮਹਾਨ ਕਾਰਜ ਅਤੇ ਉਸ ਦੀਆਂ ਸਫ਼ਲਤਾਵਾਂ ਬਾਰੇ ਇਸਰਾਏਲ ਦੇ ਪਾਤਸ਼ਾਹਾਂ ਦੇ ਇਤਹਾਸ ਦੀ ਪੋਥੀ ਵਿੱਚ ਲਿਖਿਆ ਹੋਇਆ ਹੈ। 6 ਬਆਸ਼ਾ ਮਰਿਆ ਤਾਂ ਤਿਰਸਾਹ ਵਿੱਚ ਦਬਿਆ ਗਿਆ ਅਤੇ ਉਸ ਬਾਦ ਉਸਦਾ ਪੁੱਤਰ ਏਲਾਹ ਰਾਜ ਕਰਨ ਲੱਗਾ।
7 ਤਾਂ ਯਹੋਵਾਹ ਨੇ ਯੇਹੂ ਨਬੀ ਨੂੰ ਕਰਕੇ ਸੰਦੇਸ਼ ਦਿੱਤਾ। ਇਹ ਸੰਦੇਸ਼ ਬਆਸ਼ਾ ਅਤੇ ਉਸ ਦੇ ਘਰਾਣੇ ਵਿਰੁੱਧ ਸੀ। ਬਆਸ਼ਾ ਨੇ ਯਹੋਵਾਹ ਦੇ ਖਿਲਾਫ਼ ਬਹੁਤ ਬਦੀ ਕੀਤੀ ਸੀ ਜਿਸ ਨਾਲ ਯਹੋਵਾਹ ਬਹੁਤ ਕ੍ਰੋਧਿਤ ਸੀ। ਬਆਸ਼ਾ ਨੇ ਵੀ ਉਹੀ ਕੁਝ ਕੀਤਾ ਜੋ ਕੁਝ ਉਸਤੋਂ ਪਹਿਲਾਂ ਯਾਰਾਬੁਆਮ ਦੇ ਘਰਾਣੇ ਨੇ ਕੀਤਾ ਸੀ। ਯਹੋਵਾਹ ਇਸ ਲਈ ਵੀ ਕ੍ਰੋਧਿਤ ਸੀ ਕਿਉਂ ਕਿ ਬਆਸ਼ਾ ਨੇ ਯਾਰਾਬੁਆਮ ਦੇ ਸਾਰੇ ਪਰਿਵਾਰ ਨੂੰ ਮਾਰ ਸੁੱਟਿਆ ਸੀ।
ਇਸਰਾਏਲ ਦਾ ਪਾਤਸ਼ਾਹ, ਏਲਾਹ
8 ਆਸਾ ਦੇ ਯਹੂਦਾਹ ਵਿੱਚ 26 ਵੇਂ ਵਰ੍ਹੇ ਦੌਰਾਨ, ਏਲਾਹ ਇਸਰਾਏਲ ਦਾ ਪਾਤਸ਼ਾਹ ਬਣਿਆ। ਏਲਾਹ ਬਆਸ਼ਾ ਦਾ ਪੁੱਤਰ ਸੀ ਅਤੇ ਉਸ ਨੇ ਤਿਰਸਾਹ ਵਿੱਚ ਦੋ ਸਾਲ ਸ਼ਾਸਨ ਕੀਤਾ।
9 ਜ਼ਿਮਰੀ ਏਲਾਹ ਪਾਤਸ਼ਾਹ ਦੇ ਅਫ਼ਸਰਾਂ ਵਿੱਚੋਂ ਇੱਕ ਸੀ ਅਤੇ ਪਾਤਸ਼ਾਹ ਦੇ ਅੱਧੇ ਰੱਥਾਂ ਉੱਪਰ ਹੁਕਮ ਕਰਦਾ ਸੀ, ਪਰ ਜ਼ਿਮਰੀ ਨੇ ਏਲਾਹ ਦੇ ਵਿਰੁੱਧ ਵਿਉਂਤ ਬਨਾਉਣੀ ਸ਼ੁਰੂ ਕੀਤੀ। ਏਲਾਹ ਪਾਤਸ਼ਾਹ ਤਿਰਸਾਹ ਵਿਖੇ ਅਰਸਾ ਦੇ ਘਰ ਵਿੱਚ ਸੀ, ਪੀਕੇ ਸ਼ਰਾਬੀ ਹੋ ਰਿਹਾ ਸੀ ਤੇ ਅਰਸਾ ਤਿਰਸਾਹ ਵਿੱਚ ਉਸ ਦੇ ਮਹਿਲ ਦਾ ਇੰਚਾਰਜ ਸੀ। 10 ਜ਼ਿਮਰੀ ਉਸ ਘਰ ਵਿੱਚ ਗਿਆ ਅਤੇ ਜਾਕੇ ਏਲਾਹ ਪਾਤਸ਼ਾਹ ਦੀ ਹਤਿਆ ਕਰ ਦਿੱਤੀ। ਇਹ ਯਹੂਦਾਹ ਦੇ ਪਾਤਸ਼ਾਹ ਆਸਾ ਦੇ 27 ਵੇਂ ਵਰ੍ਹੇ ਵਿੱਚ ਹੋਇਆ ਅਤੇ ਇਉਂ ਏਲਾਹ ਤੋਂ ਬਾਅਦ ਜ਼ਿਮਰੀ ਰਾਜ ਕਰਨ ਲੱਗ ਪਿਆ।
ਇਸਰਾਏਲ ਦਾ ਪਾਤਸ਼ਾਹ, ਜ਼ਿਮਰੀ
11 ਜਦੋਂ ਜ਼ਿਮਰੀ ਰਾਜ ਕਰਨ ਲੱਗ ਪਿਆ ਤਾਂ ਉਸ ਨੇ ਬਆਸ਼ਾ ਦੇ ਸਾਰੇ ਘਰਾਣੇ ਦੀ ਹਤਿਆ ਕਰ ਦਿੱਤੀ। ਉਸ ਨੇ ਬਆਸ਼ਾ ਦੇ ਪਰਿਵਾਰ ਦਾ ਇੱਕ ਵੀ ਬੰਦਾ ਜਿਉਂਦਾ ਨਾ ਛੱਡਿਆ। ਜ਼ਿਮਰੀ ਨੇ ਬਆਸ਼ਾ ਦੇ ਦੋਸਤਾਂ-ਮਿੱਤਰਾਂ ਨੂੰ ਵੀ ਵੱਢ ਸੁੱਟਿਆ। 12 ਇਉਂ ਜ਼ਿਮਰੀ ਨੇ ਬਆਸ਼ਾ ਦੇ ਪਰਿਵਾਰ ਨੂੰ ਖਤਮ ਕਰ ਦਿੱਤਾ। ਇਹ ਸਭ ਕੁਝ ਉਵੇਂ ਹੀ ਵਾਪਰਿਆ ਜਿਵੇਂ ਯਹੋਵਾਹ ਨੇ ਯੇਹੂ ਨਬੀ ਨੂੰ ਆਖਿਆ ਸੀ, ਜੋ ਬਆਸ਼ਾ ਦੇ ਖਿਲਾਫ਼ ਬੋਲਿਆ ਸੀ। 13 ਇਹ ਸਭ ਕੁਝ ਬਆਸ਼ਾ ਅਤੇ ਏਲਾਹ ਦੇ ਪਾਪਾਂ ਕਾਰਣ ਹੋਇਆ। ਉਨ੍ਹਾਂ ਨੇ ਖੁਦ ਹੀ ਪਾਪ ਨਹੀਂ ਕੀਤੇ ਸਗੋਂ ਇਸਰਾਏਲ ਤੋਂ ਵੀ ਪਾਪ ਕਰਵਾਏ। ਯਹੋਵਾਹ ਉਨ੍ਹਾਂ ਦੇ ਬੁੱਤਾਂ ਕਾਰਣ ਕ੍ਰੋਧਿਤ ਹੋ ਗਿਆ।
14 ਹੋਰ ਜੋ ਕੰਮ ਏਲਾਹ ਨੇ ਕੀਤੇ ਉਹ ਇਸਰਾਏਲ ਦੇ ਪਾਤਸ਼ਾਹਾਂ ਦੇ ਇਤਹਾਸ ਦੀ ਪੋਥੀ ਵਿੱਚ ਦਰਜ ਹਨ।
15 ਯਹੂਦਾਹ ਦੇ ਪਾਤਸ਼ਾਹ ਆਸਾ ਦੇ 27ਵੇਂ ਵਰ੍ਹੇ ਵਿੱਚ ਜ਼ਿਮਰੀ ਨੇ ਤਿਰਸਾਹ ਵਿੱਚ ਸੱਤ ਦਿਨ ਰਾਜ ਕੀਤਾ ਤੇ ਉਸ ਦੌਰਾਨ ਇਹ ਕੁਝ ਵਾਪਰਿਆ: ਲੋਕਾਂ ਨੇ ਫ਼ਲਿਸਤੀਆਂ ਦੇ ਸ਼ਹਿਰ ਗਿਬਥੋਨ ਵਿਰੁੱਧ ਡੇਰੇ ਲਾਏ ਹੋਏ ਸਨ। ਉਹ ਜੰਗ ਲਈ ਤਿਆਰ ਸਨ। 16 ਡੇਰੇ ਵਿੱਚ ਲੋਕਾਂ ਨੂੰ ਖਬਰ ਮਿਲੀ ਕਿ ਜ਼ਿਮਰੀ ਨੇ ਰਾਜੇ ਦੇ ਖਿਲਾਫ਼ ਸਾਜ਼ਿਸ਼ ਕਰਕੇ ਉਸ ਨੂੰ ਮਾਰ ਦਿੱਤਾ। ਤਾਂ ਸਾਰੇ ਇਸਰਾਏਲ ਨੇ ਫੌਜ ਦੇ ਸਿਪਹਸਾਲਾਰ ਆਮਾਰੀ ਨੂੰ ਇਸਰਾਏਲ ਦੇ ਰਾਜੇ ਵਜੋਂ ਚੁਣ ਲਿਆ। 17 ਤਦ ਆਮਰੀ ਨੇ ਸਾਰੇ ਇਸਰਾਏਲ ਸਮੇਤ ਗਿਬਥੋਨ ਤੋਂ ਚੜ੍ਹ ਕੇ ਤਿਰਸਾਹ ਨੂੰ ਘੇਰ ਲਿਆ। 18 ਜਦ ਜ਼ਿਮਰੀ ਨੇ ਵੇਖਿਆ ਕਿ ਸ਼ਹਿਰ ਤੇ ਉਨ੍ਹਾਂ ਕਬਜ਼ਾ ਕਰ ਲਿਆ ਹੈ ਤਾਂ ਉਸ ਨੇ ਪਾਤਸ਼ਾਹ ਦੇ ਮਹਿਲ ਦੇ ਕਿਲੇ ਵਿੱਚ ਜਾਕੇ, ਮਹਿਲ ਨੂੰ ਅੱਗ ਲਾਕੇ ਆਪਣੇ ਆਪ ਨੂੰ ਸਾੜ ਲਿਆ। 19 ਇਹ ਸਭ ਜ਼ਿਮਰੀ ਦੇ ਪਾਪਾਂ ਕਾਰਣ ਹੋਇਆ ਜੋ ਉਸ ਨੇ ਕੀਤੇ। ਜੋ ਯਹੋਵਾਹ ਦੇ ਹੁਕਮ ਦੇ ਵਿੁਰੱਧ ਉਸ ਨੇ ਪਾਪ ਕੀਤੇ। ਉਸ ਨੇ ਵੀ ਉਵੇਂ ਹੀ ਬਦੀ ਕੀਤੀ ਜਿਵੇਂ ਯਾਰਾਬੁਆਮ ਨੇ ਅਤੇ ਯਾਰਾਬੁਆਮ ਨੇ ਇਸਰਾਏਲ ਦੇ ਲੋਕਾਂ ਤੋਂ ਵੀ ਪਾਪ ਕਰਵਾਏ।
20 ਜ਼ਿਮਰੀ ਦੀਆਂ ਬਾਕੀ ਗੱਲਾਂ ਜੋ ਉਸ ਨੇ ਕੀਤੀਆਂ ਅਤੇ ਉਸਦੀਆਂ ਗੁਪਤ ਵਿਉਂਤਾ, ਇਸਰਾਏਲ ਦੇ ਪਾਤਸ਼ਾਹਾਂ ਦੇ ਇਤਹਾਸ ਦੀ ਪੋਥੀ ਵਿੱਚ ਦਰਜ ਹਨ। ਪੋਥੀ ਵਿੱਚ, ਜ਼ਿਮਰੀ ਦੇ ਪਾਤਸ਼ਾਹ ਏਲਾਹ ਦੇ ਵਿਰੁੱਧ ਵਿਉਂਤ ਅਤੇ ਜੋ ਉਸ ਸਮੇਂ ਦੌਰਾਨ ਵਾਪਰਿਆ, ਇਸਦਾ ਵੀ ਵਿਵਰਣ ਹੈ।
ਇਸਰਾਏਲ ਦਾ ਪਾਤਸ਼ਾਹ, ਆਮਰੀ
21 ਇਸਰਾਏਲ ਦੇ ਲੋਕੀ ਦੋ ਹਿਸਿਆਂ ਵਿੱਚ ਵੰਡੇ ਗਏ। ਅੱਧੇ ਲੋਕ ਗੀਨਥ ਦੇ ਪੁੱਤਰ ਤਿਬਨੀ ਦੇ ਮਗਰ ਸਨ ਅਤੇ ਉਸ ਨੂੰ ਪਾਤਸ਼ਾਹ ਬਨਾਉਣਾ ਚਾਹੁੰਦੇ ਸਨ। ਅਤੇ ਬਾਕੀ ਦੇ ਅੱਧੇ ਲੋਕ ਆਮਰੀ ਦੇ ਮਗਰ ਸਨ। 22 ਪਰ ਆਮਰੀ ਦਾ ਧੜਾ ਤਿਬਨੀ, ਗੀਨਥ ਦੇ ਪੁੱਤਰ ਕੋਲੋਂ ਵੱਧ ਤਾਕਤਵਰ ਸੀ ਇਸ ਲਈ ਤਿਬਨੀ ਮਾਰਿਆ ਗਿਆ ਅਤੇ ਆਮਰੀ ਪਾਤਸ਼ਾਹ ਬਣਿਆ।
23 ਯਹੂਦਾਹ ਦੇ ਪਾਤਸ਼ਾਹ ਆਸਾ ਦੇ 41ਵੇਂ ਵਰ੍ਹੇ ਵਿੱਚ ਆਮਰੀ ਇਸਰਾਏਲ ਉੱਪਰ ਰਾਜ ਕਰਨ ਲੱਗਾ ਅਤੇ 12 ਸਾਲ ਰਾਜ ਕਰਦਾ ਰਿਹਾ, ਜਿਸ ਵਿੱਚੋਂ 6 ਵਰ੍ਹੇ ਉਸ ਨੇ ਤਿਰਸਾਹ ਵਿੱਚ ਹੀ ਰਾਜ ਕੀਤਾ। 24 ਉਸ ਨੇ ਸਾਮਰਿਯਾ ਦੇ ਪਹਾੜ ਨੂੰ ਸ਼ਮਰ ਕੋਲੋਂ 68 ਕਿਲੋ ਚਾਂਦੀ ਦੇਕੇ ਖਰੀਦ ਲਿਆ ਅਤੇ ਉਸ ਪਹਾੜ ਉੱਪਰ ਇੱਕ ਸ਼ਹਿਰ ਬਣਾਇਆ। ਉਸ ਨੇ ਉਸ ਸ਼ਹਿਰ ਦਾ ਨਾਂ ਸਾਮਰਿਯਾ, ਉਸ ਦੇ ਮਾਲਕ “ਸ਼ਮਰ” ਦੇ ਨਾਂ ਦੇ ਪਿੱਛੇ ਰੱਖਿਆ।
25 ਪਰ ਜੋ ਕੰਮ ਯਹੋਵਾਹ ਨੇ ਮਾੜੇ ਕਹੇ ਆਮਰੀ ਨੇ ਉਹੀ ਕੀਤੇ ਅਤੇ ਆਮਰੀ ਆਪਣੇ ਤੋਂ ਪਹਿਲਾਂ ਦੇ ਆਏ ਸਾਰੇ ਪਾਤਸ਼ਾਹਾਂ ਤੋਂ ਵੱਧ ਗ਼ਲਤ ਨਿਕਲਿਆ। 26 ਉਸ ਨੇ ਨਬਾਟ ਦੇ ਪੁੱਤਰ ਯਾਰਾਬੁਆਮ ਵਾਂਗ ਸਾਰੇ ਪਾਪ ਕੀਤੇ, ਅਤੇ ਇਸਰਾਏਲ ਦੇ ਲੋਕਾਂ ਤੋਂ ਵੀ ਪਾਪ ਕਰਵਾਏ। ਉਨ੍ਹਾਂ ਨੇ ਯਹੋਵਾਹ, ਇਸਰਾਏਲ ਦੇ ਪਰਮੇਸ਼ੁਰ ਨੂੰ ਆਪਣੇ ਬੇਕਾਰ ਬੁੱਤਾਂ ਕਾਰਣ ਗੁੱਸੇ ਕਰ ਦਿੱਤਾ।
27 ਆਮਰੀ ਬਾਰੇ ਹੋਰ ਗੱਲਾਂ ਅਤੇ ਜੋ ਮਹਾਨ ਕਾਰਜ ਉਸ ਨੇ ਕੀਤੇ ਸਨ ਇਸਰਾਏਲ ਦੇ ਪਾਤਸ਼ਾਹਾਂ ਦੇ ਇਤਹਾਸ ਦੀ ਪੋਥੀ ਵਿੱਚ ਦਰਜ ਹਨ। 28 ਆਮਰੀ ਦੇ ਮਰਨ ਉਪਰੰਤ ਉਸ ਨੂੰ ਸਾਮਰਿਯਾ ਵਿੱਚ ਹੀ ਦਫ਼ਨਾਇਆ ਗਿਆ ਅਤੇ ਉਸ ਤੋਂ ਬਾਅਦ ਉਸਦਾ ਪੁੱਤਰ ਅਹਾਬ ਉੱਥੇ ਰਾਜ ਕਰਨ ਲੱਗਾ।
ਇਸਰਾਏਲ ਦਾ ਪਾਤਸ਼ਾਹ, ਅਹਾਬ
29 ਆਸਾ ਦੇ ਯਹੂਦਾਹ ਵਿੱਚ 38 ਵੇਂ ਵਰ੍ਹੇ, ਦੌਰਾਨ ਆਮਰੀ ਦਾ ਪੁੱਤਰ ਆਹਾਬ ਇਸਰਾਏਲ ਦਾ ਪਾਤਸ਼ਾਹ ਬਣਿਆ। ਅਹਾਬ ਨੇ ਇਸਰਾਏਲ ਉੱਤੇ ਸਾਮਰਿਯਾ ਤੋਂ 22 ਸਾਲ ਰਾਜ ਕੀਤਾ। 30 ਆਮਰੀ ਦੇ ਪੁੱਤਰ ਅਹਾਬ ਨੇ ਯਹੋਵਾਹ ਦੇ ਖਿਲਾਫ਼, ਆਪਣੇ ਪਹਿਲਿਆਂ ਨਾਲੋਂ ਵੱਧ ਬਦੀ ਕੀਤੀ। 31 ਅਹਾਬ ਲਈ ਉਹੀ ਪਾਪ ਕਰਨੇ ਕਾਫ਼ੀ ਨਹੀਂ ਸਨ ਜਿਹੜੇ ਨਾਬਾਟ ਦੇ ਪੁੱਤਰ ਯਾਰਾਬੁਆਮ ਨੇ ਕੀਤੇ ਸਨ ਇਸ ਲਈ ਉਸ ਨੇ ਸਿਦੋਨ ਦੇ ਰਾਜੇ ਏਥਬਾਲ ਦੀ ਧੀ,ਈਜ਼ਬਲ ਨਾਲ ਵਿਆਹ ਕੀਤਾ, ਅਤੇ ਉਸ ਨੇ ਬਾਅਲ ਦੀ ਸੇਵਾ ਕੀਤੀ ਅਤੇ ਉਸ ਦੀ ਉਪਾਸਨਾ ਕੀਤੀ। 32 ਅਤੇ ਅਹਾਬ ਨੇ ਬਆਲ ਦੀ ਉਪਾਸਨਾ ਕਰਨ ਲਈ ਸਾਮਰਿਯਾ ਵਿੱਚ ਇੱਕ ਉਪਾਸਨਾ ਅਸਥਾਨ ਬਣਵਾਇਆ ਅਤੇ ਉਸ ਮੰਦਰ ਵਿੱਚ ਇੱਕ ਜਗਵੇਦੀ ਰੱਖੀ। 33 ਅਤੇ ਅਹਾਬ ਨੇ ਇੱਕ ਥੰਮ ਬਣਵਾਇਆ। ਇਉਂ ਅਹਾਬ ਨੇ ਯਹੋਵਾਹ, ਇਸਰਾਏਲ ਦੇ ਪਰਮੇਸ਼ੁਰ ਨੂੰ ਉਨ੍ਹਾਂ ਸਾਰਿਆਂ ਇਸਰਾਏਲੀ ਰਾਜਿਆਂ ਨਾਲੋਂ ਜੋ ਉਸ ਨਾਲੋਂ ਪਹਿਲੇ ਸਨ ਵੱਧੀਕ ਕ੍ਰੋਧ ਚੜ੍ਹਾਇਆ।
34 ਅਹਾਬ ਦੇ ਸਮੇਂ ਵਿੱਚ ਹੀਏਲ ਬੈਤਏਲੀ ਨੇ ਦੁਬਾਰਾ ਤੋਂ ਯਰੀਹੋ ਸ਼ਹਿਰ ਬਣਾਇਆ। ਜਦੋਂ ਹੀਏਲ ਨੇ ਉਸ ਸ਼ਹਿਰ ਤੇ ਕੰਮ ਕਰਨਾ ਸ਼ੁਰੂ ਕੀਤਾ, ਉਸਦਾ ਸਭ ਤੋਂ ਵੱਡਾ ਪੁੱਤਰ ਅਬੀਰਾਮ ਮਰ ਗਿਆ, ਅਤੇ ਉਸ ਸ਼ਹਿਰ ਦੇ ਫ਼ਾਟਕ ਬਨਾਉਣ ਸਮੇਂ ਉਸ ਦੇ ਨਿੱਕੇ ਪੁੱਤਰ ਸਗੂਬ ਦੀ ਮੌਤ ਹੋ ਗਈ। ਇਹ ਸਭ ਕੁਝ ਉਸ ਬਚਨ ਮੁਤਾਬਕ ਹੋਇਆ ਜੋ ਯਹੋਵਾਹ ਨੇ ਨੂਨ ਦੇ ਪੁੱਤਰ ਯਹੋਸ਼ੁਆ ਦੇ ਰਾਹੀਂ ਆਖਿਆ ਸੀ।
ਏਲੀਯਾਹ ਅਤੇ ਸੋਕਾ
17 ਏਲੀਯਾਹ ਗਿਲਆਦ ਵਿੱਚ ਤਿਸ਼ਬੀ ਸ਼ਹਿਰ ਦਾ ਨਬੀ ਸੀ। ਏਲੀਯਾਹ ਨੇ ਅਹਾਬ ਪਾਤਸ਼ਾਹ ਨੂੰ ਆਖਿਆ, “ਮੈਂ ਇਸਰਾਏਲ ਦੇ ਯਹੋਵਾਹ ਪਰਮੇਸ਼ੁਰ ਦਾ ਸੇਵਕ ਹਾਂ। ਉਸਦੀ ਸ਼ਕਤੀ ਨਾਲ, ਮੈਂ ਇਕਰਾਰ ਕਰਦਾ ਹਾਂ ਕਿ ਆਉਣ ਵਾਲੇ ਕੁਝ ਸਾਲਾਂ ਵਿੱਚ, ਨਾ ਮੀਂਹ ਪਵੇਗਾ ਨਾ ਤ੍ਰੇਲ। ਮੀਂਹ ਉਦੋਂ ਹੀ ਪਵੇਗਾ ਜਦੋਂ ਮੈਂ ਹੁਕਮ ਦੇਵਾਂਗਾ।”
2 ਤਦ ਯਹੋਵਾਹ ਨੇ ਏਲੀਯਾਹ ਨੂੰ ਕਿਹਾ, 3 “ਇੱਥੋਂ ਚੱਲੇ ਜਾ ਅਤੇ ਆਪਣਾ ਮੁਹਾਣਾ ਪੂਰਬ ਵੱਲ ਕਰ ਲੈ। ਆਪਣੇ ਆਪਨੂੰ ਕਰੀਥ ਦੇ ਨਾਲੇ ਕੋਲ ਜਿਹੜਾ ਕਿ ਯਰਦਨ ਦਰਿਆ ਦੇ ਪੂਰਬ ਵੱਲ ਹੈ ਲੁਕਾਅ ਲੈ। 4 ਤੂੰ ਉਸ ਨਦੀ ਵਿੱਚੋਂ ਪਾਣੀ ਪੀ ਸੱਕਦਾ ਹੈਂ। ਮੈਂ ਪਹਾੜੀ ਕਾਵਾਂ ਨੂੰ ਹੁਕਮ ਦਿੱਤਾ ਹੈ ਕਿ ਉਹ ਉੱਥੇ ਤੈਨੂੰ ਭੋਜਨ ਪੁੱਜਦਾ ਕਰਨ।” 5 ਸੋ ਏਲੀਯਾਹ ਨੇ ਉਹੀ ਕੁਝ ਕੀਤਾ ਜੋ ਕੁਝ ਯਹੋਵਾਹ ਨੇ ਉਸ ਨੂੰ ਕਰਨ ਨੂੰ ਕਿਹਾ। ਤਦ ਉਹ ਕਰੀਥ ਦੇ ਨਾਲੇ ਜੋ ਯਰਦਨ ਦਰਿਆ ਦੇ ਪੂਰਬ ਵੱਲ ਸੀ ਰਹਿਣ ਲੱਗਾ। 6 ਪਹਾੜੀ ਕਾਂ ਹਰ ਰੋਜ਼ ਸਵੇਰੇ, ਸ਼ਾਮ ਉਸ ਨੂੰ ਭੋਜਨ ਪੁੱਜਦਾ ਕਰਦੇ ਅਤੇ ਏਲੀਯਾਹ ਉਸ ਨਦੀ ਵਿੱਚੋਂ ਪਾਣੀ ਪੀ ਲੈਂਦਾ।
7 ਕੁਝ ਸਮੇਂ ਬਾਅਦ ਨਾਲਾ ਸੁੱਕ ਗਿਆ ਕਿਉਂ ਕਿ ਧਰਤੀ ਤੇ ਕੋਈ ਮੀਂਹ ਨਾ ਪਿਆ। 8 ਤਦ ਯਹੋਵਾਹ ਨੇ ਏਲੀਯਾਹ ਨੂੰ ਕਿਹਾ, 9 “ਉੱਠ ਅਤੇ ਸੀਦੋਨ ਦੇ ਸਾਰਫ਼ਥ ਨੂੰ ਚੱਲਾ ਜਾ ਅਤੇ ਉੱਥੇ ਜਾਕੇ ਟਿਕ ਜਾ। ਉੱਥੇ ਇੱਕ ਔਰਤ ਉਸ ਜਗ੍ਹਾ ਦੇ ਕਰੀਬ ਰਹਿੰਦੀ ਹੈ ਜਿਸਦਾ ਕਿ ਪਤੀ ਮਰ ਚੁੱਕਾ ਹੈ। ਮੈਂ ਉਸ ਨੂੰ ਹੁਕਮ ਕੀਤਾ ਹੈ ਤੇ ਉਹ ਤੈਨੂੰ ਭੋਜਨ ਦੇਵੇਗੀ।”
10 ਤਾਂ ਏਲੀਯਾਹ ਸਾਰਫ਼ ਨੂੰ ਚੱਲਾ ਗਿਆ। ਜਦੋਂ ਉਹ ਸ਼ਹਿਰ ਦੇ ਫ਼ਾਟਕ ਕੋਲ ਪੁਜਿਆ ਤਾਂ ਉਸ ਨੇ ਇੱਕ ਔਰਤ ਵੇਖੀ। ਉਸਦਾ ਪਤੀ ਮਰ ਚੁੱਕਾ ਸੀ। ਉਹ ਔਰਤ ਜੰਗਲ ਚੋ ਅੱਗ ਬਾਲਣ ਲਈ ਲੱਕੜ ਇਕੱਠੀ ਕਰ ਰਹੀ ਸੀ ਤਾਂ ਏਲੀਯਾਹ ਨੇ ਉਸ ਨੂੰ ਕਿਹਾ, “ਕੀ ਤੂੰ ਮੈਨੂੰ ਪਿਆਲੇ ’ਚ ਕੁਝ ਪਾਣੀ ਦੇ ਸੱਕਦੀ ਹੈਂ, ਤਾਂ ਜੋ ਮੈਂ ਆਪਣੀ ਪਿਆਸ ਮਿਟਾ ਲਵਾਂ?” 11 ਜਦੋਂ ਔਰਤ ਉਸ ਲਈ ਪਾਣੀ ਲੈਣ ਗਈ ਤਾਂ ਏਲੀਯਾਹ ਨੇ ਕਿਹਾ, “ਕਿਰਪਾ ਕਰਕੇ ਮੇਰੇ ਲਈ ਇੱਕ ਰੋਟੀ ਦਾ ਟੁਕੜਾ ਵੀ ਲੈ ਆਵੀਂ!”
12 ਉਸ ਔਰਤ ਨੇ ਕਿਹਾ, “ਮੈਂ ਯਹੋਵਾਹ ਤੇਰੇ ਪਰਮੇਸ਼ੁਰ ਅੱਗੇ ਸੌਂਹ ਖਾਕੇ ਕਹਿਂਦੀ ਹਾਂ ਕਿ ਮੇਰੇ ਕੋਲ ਤੈਨੂੰ, ਖਾਣ ਵਾਸਤੇ ਦੇਣ ਲਈ ਰੋਟੀ ਨਹੀਂ ਹੈ। ਸਿਰਫ਼ ਮਰਤਬਾਨ ਵਿੱਚ ਥੋੜਾ ਜਿਹਾ ਆਟਾ ਹੈ ਅਤੇ ਬੋਤਲ ਵਿੱਚ ਕੁਝ ਕਿ ਜੈਤੂਨ ਦਾ ਤੇਲ ਹੈ। ਮੈਂ ਇੱਥੇ ਅੱਗ ਬਾਲਣ ਲਈ ਲੱਕੜਾਂ ਇਕੱਠੀਆਂ ਕਰਨ ਲਈ ਆਈ ਸਾਂ। ਫ਼ੇਰ ਮੈਂ ਘਰ ਨੂੰ ਜਾਕੇ ਮੇਰੇ ਅਤੇ ਮੇਰੇ ਪੁੱਤਰ ਲਈ ਆਖੀਰੀ ਭੋਜਨ ਤਿਆਰ ਕਰਾਂਗੀ। ਅਸੀਂ ਇਸ ਨੂੰ ਖਾਵਾਂਗੇ ਅਤੇ ਫ਼ੇਰ ਭੁੱਖ ਕਾਰਣ ਮਰ ਜਾਵਾਂਗੇ।”
13 ਏਲੀਯਾਹ ਨੇ ਉਸ ਔਰਤ ਨੂੰ ਆਖਿਆ, “ਫ਼ਿਕਰ ਨਾ ਕਰ! ਜਿਵੇਂ ਤੂੰ ਕਿਹਾ ਹੈ ਇੰਝ ਹੀ ਘਰ ਜਾਕੇ ਆਪਣਾ ਭੋਜਨ ਤਿਆਰ ਕਰ। ਪਰ ਪਹਿਲਾਂ ਤੂੰ ਇੱਕ ਛੋਟੀ ਜਿਹੀ ਰੋਟੀ ਪਕਾ ਕੇ ਮੇਰੇ ਕੋਲ ਲਿਆ, ਉਸ ਤੋਂ ਬਾਅਦ ਹੀ ਆਪਣੇ ਅਤੇ ਆਪਣੇ ਪੁੱਤਰ ਵਾਸਤੇ ਪਕਾਵੀਂ। 14 ਇਸਰਾਏਲ ਦਾ ਯਹੋਵਾਹ ਪਰਮੇਸ਼ੁਰ ਆਖਦਾ ਹੈ, ‘ਉਹ ਆਟੇ ਵਾਲਾ ਮਰਤਬਾਨ ਕਦੇ ਵੀ ਖਾਲੀ ਨਾ ਹੋਵੇਗਾ ਤੇ ਤੇਰੀ ਬੋਤਲ ਵਿੱਚ ਹਮੇਸ਼ਾ ਤੇਲ ਭਰਿਆ ਰਹੇਗਾ। ਇਹ ਤਦ ਤੱਕ ਸਿਲਸਿਲਾ ਚੱਲਦਾ ਰਹੇਗਾ, ਜਦ ਤੀਕ ਯਹੋਵਾਹ ਇਸ ਧਰਤੀ ਤੇ ਮੀਂਹ ਨਹੀਂ ਪਾਉਂਦਾ।’”
15 ਤਾਂ ਉਹ ਔਰਤ ਆਪਣੇ ਘਰ ਨੂੰ ਪਰਤੀ ਤੇ ਉਸ ਨੇ ਉਵੇਂ ਹੀ ਕੀਤਾ ਜਿਵੇਂ ਏਲੀਯਾਹ ਨੇ ਉਸ ਨੂੰ ਆਖਿਆ ਸੀ। ਇਉਂ ਏਲੀਯਾਹ, ਔਰਤ ਤੇ ਉਸਦਾ ਪੁੱਤਰ ਕਾਫ਼ੀ ਦਿਨਾਂ ਤੱਕ ਭੋਜਨ ਖਾਂਦੇ ਰਹੇ। 16 ਆਟੇ ਵਾਲਾ ਅਤੇ ਤੇਲ ਵਾਲ ਭਾਂਡਾ ਕਦੇ ਵੀ ਖਾਲੀ ਨਾ ਹੋਏ। ਇਹ ਸਭ ਕੁਝ ਉਵੇਂ ਹੀ ਹੋਇਆ ਜਿਵੇਂ ਯਹੋਵਾਹ ਦਾ ਹੁਕਮ ਹੋਇਆ ਸੀ ਅਤੇ ਯਹੋਵਾਹ ਨੇ ਇਹ ਬਚਨ ਏਲੀਯਾਹ ਦੇ ਮੂੰਹੋਂ ਕਹੇ ਸਨ।
17 ਕੁਝ ਸਮੇਂ ਬਾਅਦ ਔਰਤ ਦਾ ਪੁੱਤਰ ਬੀਮਾਰ ਪੈ ਗਿਆ। ਉਹ ਦਿਨੋ ਦਿਨੀ ਵੱਧੇਰੇ ਬੀਮਾਰ ਹੁੰਦਾ ਗਿਆ ਅਤੇ ਅਖੀਰੀ ਉਸ ਵਿੱਚ ਸਾਹ ਵੀ ਨਾ ਰਹੇ। 18 ਤਾਂ ਉਸ ਔਰਤ ਨੇ ਏਲੀਯਾਹ ਨੂੰ ਕਿਹਾ, “ਤੂੰ ਪਰਮੇਸ਼ੁਰ ਦਾ ਮਨੁੱਖ ਹੈਂ, ਕੀ ਤੂੰ ਮੇਰੀ ਮਦਦ ਕਰ ਸੱਕਦਾ ਹੈਂ? ਜਾਂ ਤੂੰ ਇੱਥੇ ਮੈਨੂੰ ਮੇਰੇ ਪਾਪਾਂ ਦਾ ਚੇਤਾ ਹੀ ਕਰਵਾਉਣ ਲਈ ਆਇਆ ਹੈਂ? ਜਾਂ ਤੂੰ ਇੱਥੇ ਮੇਰੇ ਪੁੱਤਰ ਦੀ ਮੌਤ ਦਾ ਕਾਰਣ ਬਣਨ ਲਈ ਆਇਆ ਹੈਂ?”
19 ਏਲੀਯਾਹ ਨੇ ਕਿਹਾ, “ਆਪਣਾ ਪੁੱਤਰ ਮੈਨੂੰ ਦੇ!” ਏਲੀਯਾਹ ਨੇ ਉਸਤੋਂ ਉਸਦਾ ਪੁੱਤਰ ਲੈ ਕੇ ਉਸ ਨੂੰ ਪੌੜੀਆਂ ਚੜ੍ਹ ਕੇ ਉੱਪਰ ਲੈ ਗਿਆ। ਜਿਸ ਕਮਰੇ ਵਿੱਚ ਉਹ ਆਪ ਰਹਿੰਦਾ ਸੀ ਉਸ ਨੂੰ ਉੱਥੇ ਬਿਸਤਰ ਤੇ ਲੰਮਾ ਪਾ ਦਿੱਤਾ। 20 ਫ਼ਿਰ ਏਲੀਯਾਹ ਨੇ ਪ੍ਰਾਰਥਨਾ ਕੀਤੀ, “ਹੇ ਯਹੋਵਾਹ ਮੇਰੇ ਪਰਮੇਸ਼ੁਰ! ਇਹ ਵਿਧਵਾ ਔਰਤ ਮੈਨੂੰ ਆਪਣੇ ਘਰ ਵਿੱਚ ਪਨਾਹ ਦੇ ਰਹੀ ਹੈ, ਤੇ ਕੀ ਤੂੰ ਉਸ ਨਾਲ ਅਜਿਹੀ ਬਦਕਿਸਮਤੀ ਕਰੇਂਗਾ? ਕੀ ਤੂੰ ਚਾਹੇਂਗਾ ਕਿ ਉਸਦਾ ਪੁੱਤਰ ਮਰੇ?” 21 ਫ਼ਿਰ ਏਲੀਯਾਹ ਨੇ ਤਿੰਨ ਵਾਰ ਆਪਣੇ ਆਪ ਨੂੰ ਮੁੰਡੇ ਉੱਪਰ ਪਸਾਰਿਆ ਤੇ ਪ੍ਰਾਰਥਨਾ ਕੀਤੀ, “ਹੇ ਯਹੋਵਾਹ ਮੇਰੇ ਪਰਮੇਸ਼ੁਰ! ਇਸ ਮੁੰਡੇ ਨੂੰ ਮੁੜ ਤੋਂ ਜੀਣ ਦੀ ਆਗਿਆ ਦੇ।”
22 ਯਹੋਵਾਹ ਨੇ ਏਲੀਯਾਹ ਦੀ ਪ੍ਰਾਰਥਨਾ ਸੁਣੀ। ਮੁੰਡੇ ਨੇ ਮੁੜ ਤੋਂ ਸਾਹ ਲੈਣਾ ਸ਼ੁਰੂ ਕੀਤਾ। ਉਹ ਜਿਉ ਪਿਆ। 23 ਏਲੀਯਾਹ ਮੁੰਡੇ ਨੂੰ ਹੇਠਾਂ ਲੈ ਆਇਆ। ਏਲੀਯਾਹ ਨੇ ਮੁੰਡਾ ਉਸਦੀ ਮਾਂ ਦੇ ਹਵਾਲੇ ਕੀਤਾ ਅਤੇ ਕਿਹਾ, “ਵੇਖ ਤੇਰਾ ਪੁੱਤਰ ਜਿਉਂਦਾ ਹੈ।”
24 ਔਰਤ ਨੇ ਕਿਹਾ, “ਹੁਣ ਮੈਂ ਜਾਣ ਗਈ ਕਿ ਤੂੰ ਸੱਚਮੁੱਚ ਪਰਮੇਸ਼ੁਰ ਦਾ ਬੰਦਾ ਹੈਂ ਅਤੇ ਯਹੋਵਾਹ ਸੱਚ ਮੁੱਚ ਤੇਰੇ ਰਾਹੀਂ ਬੋਲਦਾ ਹੈ।”
2010 by World Bible Translation Center