Print Page Options
Previous Prev Day Next DayNext

Beginning

Read the Bible from start to finish, from Genesis to Revelation.
Duration: 365 days
Punjabi Bible: Easy-to-Read Version (ERV-PA)
Version
1 ਰਾਜਿਆਂ 12-14

ਰਾਜਸੀ ਫੁੱਟ

12 ਨਾਬਾਟ ਦਾ ਪੁੱਤਰ ਯਾਰਾਬੁਆਮ ਅਜੇ ਵੀ ਮਿਸਰ ਵਿੱਚ ਹੀ ਸੀ ਜਦੋਂ ਦਾ ਉਹ ਸੁਲੇਮਾਨ ਕੋਲੋਂ ਭੱਜਕੇ ਆਇਆ ਸੀ। ਜਦੋਂ ਉਸ ਨੂੰ ਸੁਲੇਮਾਨ ਦੀ ਮੌਤ ਦੀ ਖਬਰ ਮਿਲੀ, ਉਹ ਇਫ਼ਰਾਮ ਦੀਆਂ ਪਹਾੜੀਆਂ ਵਿੱਚ ਆਪਣੇ ਸ਼ਹਿਰ ਯਹਰਦਾਹ ਵਿੱਚ ਵਾਪਸ ਮੁੜਿਆ। ਪਾਤਸ਼ਾਹ ਸੁਲੇਮਾਨ ਮਰ ਗਿਆ ਅਤੇ ਆਪਣੇ ਪੁਰਖਿਆਂ ਦੇ ਪਾਸੇ ਤੇ ਦਫ਼ਨਾਇਆ ਗਿਆ। ਉਸਤੋਂ ਬਾਅਦ ਉਸਦਾ ਪੁੱਤਰ ਰਹਬੁਆਮ ਨਵਾਂ ਰਾਜਾ ਬਣਿਆ।

ਇਸਰਾਏਲ ਦੇ ਸਾਰੇ ਲੋਕ ਸ਼ਕਮ ਨੂੰ ਗਏ, ਉੱਥੇ ਉਹ ਰਹਬੁਆਮ ਨੂੰ ਰਾਜਾ ਬਨਾਉਣ ਲਈ ਗਏ ਅਤੇ ਰਹਬੁਆਮ ਖੁਦ ਵੀ ਉੱਥੇ ਪਾਤਸ਼ਾਹ ਬਣਨ ਲਈ ਗਿਆ ਤਾਂ ਲੋਕਾਂ ਨੇ ਰਹਬੁਆਮ ਨੂੰ ਕਿਹਾ, “ਤੇਰੇ ਪਿਉ ਨੇ ਸਾਡੇ ਤੋਂ ਬੜਾ ਸਖਤ ਕੰਮ ਲਿਆ ਹੁਣ ਤੂੰ ਸਾਡੇ ਲਈ ਸੌਖਾ ਕਰ। ਜਿਹੜਾ ਤੇਰਾ ਪਿਤਾ ਸਾਡੇ ਤੋਂ ਸਖਤ ਕੰਮ ਲੈਂਦਾ ਸੀ ਤੇ ਭਾਰੇ ਕੰਮਾਂ ਲਈ ਮਜ਼ਬੂਰ ਕਰਦਾ ਸੀ ਹੁਣ ਤੂੰ ਉਹ ਬੰਦ ਕਰ। ਤਦ ਅਸੀਂ ਤੇਰੀ ਸੇਵਾ ਕਰਾਂਗੇ।”

ਰਹਬੁਆਮ ਨੇ ਆਖਿਆ, “ਤੁਸੀਂ ਮੇਰੇ ਕੋਲ ਤਿੰਨ ਦਿਨਾਂ ਤੱਕ ਆਉਣਾ ਤਾਂ ਮੈਂ ਇਸ ਗੱਲ ਦਾ ਜਵਾਬ ਦੇਵਾਂਗਾ।” ਇਸ ਲਈ ਲੋਕ ਉੱਥੋਂ ਵਾਪਸ ਪਰਤ ਗਏ।

ਉੱਥੇ ਕੁਝ ਬਜ਼ੁਰਗ ਸਨ ਜਿਨ੍ਹਾਂ ਨਾਲ ਸੁਲੇਮਾਨ ਜਦੋਂ ਜਿਉਂਦਾ ਸੀ ਤਾਂ ਉਸ ਦੇ ਮਦਦਗਾਰ ਸਨ ਤਾਂ ਰਹਬੁਆਮ ਨੇ ਉਨ੍ਹਾਂ ਨਾਲ ਸਲਾਹ ਕੀਤੀ ਕਿ ਉਸ ਨੂੰ ਹੁਣ ਕਿਵੇਂ ਕਰਨਾ ਚਾਹੀਦਾ ਹੈ। ਉਸ ਨੇ ਕਿਹਾ, “ਤੁਸੀਂ ਕਿਵੇਂ ਸੋਚਦੇ ਹੋਂ ਕਿ ਮੈਨੂੰ ਲੋਕਾਂ ਨੂੰ ਕੀ ਜਵਾਬ ਦੇਣਾ ਚਾਹੀਦਾ ਹੈ?”

ਬਜ਼ੁਰਗਾਂ ਨੇ ਆਖਿਆ, “ਜੇਕਰ ਅੱਜ ਦੇ ਦਿਨ ਤੂੰ ਇਨ੍ਹਾਂ ਲੋਕਾਂ ਦਾ ਸੇਵਕ ਬਣੇਗਾ, ਅਤੇ ਉਨ੍ਹਾਂ ਦੀ ਸੇਵਾ ਕਰੇਂਗਾ ਅਤੇ ਉਨ੍ਹਾਂ ਨੂੰ ਮਿੱਠੇ ਬੋਲਾਂ ਨਾਲ ਉੱਤਰ ਦੇਵੇਂਗਾ ਤਾਂ ਉਹ ਹਮੇਸ਼ਾ ਤੇਰੀ ਸੇਵਾ ਕਰਨਗੇ।”

ਪਰ ਰਹਬੁਆਮ ਨੇ ਉਨ੍ਹਾਂ ਦੀ ਸਲਾਹ ਨਾ ਮੰਨੀ ਅਤੇ ਜਿਹੜੇ ਉਸ ਦੇ ਜੁਆਨ ਮਿੱਤਰ ਸਨ ਉਨ੍ਹਾਂ ਕੋਲੋਂ ਸਲਾਹ ਲਿਤੀ। ਰਹਬੁਆਮ ਨੇ ਕਿਹਾ, “ਲੋਕ ਮੈਨੂੰ ਆਖਦੇ ਹਨ, ‘ਤੇਰੇ ਪਿਤਾ ਦਾ ਪਾਇਆ ਹੋਇਆ ਬੋਝ ਸਾਡੇ ਤੋਂ ਹੌਲਾ ਕਰ।’ ਤੁਸੀਂ ਕੀ ਸੋਚਦੇ ਹੋ ਕਿ ਮੈਨੂੰ ਉਨ੍ਹਾਂ ਨੂੰ ਕੀ ਜਵਾਬ ਦੇਣਾ ਚਾਹੀਦਾ ਹੈ?”

10 ਪਾਤਸ਼ਾਹ ਦੇ ਜਵਾਨ ਮਿੱਤਰਾਂ ਨੇ ਆਖਿਆ, “ਉਹ ਲੋਕ ਜਿਹੜੇ ਤੈਨੂੰ ਇਉਂ ਕਹਿੰਦੇ ਹਨ ਕਿ ਤੁਹਾਡੇ ਪਿਤਾ ਨੇ ਸਾਡੇ ਸ਼ਰੀਰ ਤੋਂ ਭਾਰੀ ਕਾਰਜ ਲਿਆ ਤੇ ਤੂੰ ਸਾਡੇ ਉੱਪਰ ਉਸ ਕੰਮ ਨੂੰ ਹੌਲਾ ਕਰ ਤਾਂ ਤੂੰ ਉਨ੍ਹਾਂ ਨੂੰ ਇਉਂ ਆਖ ਕਿ ਮੇਰੀ ਛੋਟੀ ਉਂਗਲ ਮੇਰੇ ਪਿਤਾ ਦੇ ਸਾਰੇ ਸ਼ਰੀਰ ਨਾਲੋਂ ਬਲਵਾਨ ਹੈ। ਮੇਰੇ ਪਿਤਾ ਨੇ ਤੁਹਾਨੂੰ ਭਾਰਾ ਕੰਮ ਕਰਨ ਲਈ ਮਜ਼ਬੂਰ ਕੀਤਾ ਪਰ ਮੈਂ ਤੁਹਾਡੇ ਕੋਲੋਂ ਉਸ ਤੋਂ ਵੀ ਸਖਤ ਕੰਮ ਲਵਾਂਗਾ। 11 ਮੇਰੇ ਪਿਤਾ ਨੇ ਤੁਹਾਨੂੰ ਕੋਟਲਿਆਂ ਨਾਲ ਫ਼ੰਡਿਆ ਸੀ ਮੈਂ ਤੁਹਾਨੂੰ ਬਿਛੂਆਂ ਵਾਲੇ ਕੋਟਲਿਆਂ ਨਾਲ ਫ਼ੰਡਾਂਗਾ।”

12 ਸੋ ਯਾਰਾਬੁਆਮ ਅਤੇ ਸਾਰੇ ਲੋਕ ਤੀਜੇ ਦਿਨ ਰਹਬੁਆਮ ਕੋਲ ਆਏ ਜਿਵੇਂ ਪਾਤਸ਼ਾਹ ਨੇ ਉਨ੍ਹਾਂ ਨਾਲ ਗੱਲ ਕੀਤੀ ਸੀ ਕਿ ਤੁਸੀਂ ਤੀਜੇ ਦਿਨ ਮੇਰੇ ਕੋਲ ਆਉਣਾ। 13 ਤਾਂ ਪਾਤਸ਼ਾਹ ਨੇ ਉਨ੍ਹਾਂ ਲੋਕਾਂ ਨੂੰ ਕੌੜਾ ਜਿਹਾ ਉੱਤਰ ਦਿੱਤਾ ਅਤੇ ਉਨ੍ਹਾਂ ਬਜ਼ੁਰਗਾਂ ਦੀ ਸਲਾਹ ਨੂੰ ਜਿਹੜੀ ਉਨ੍ਹਾਂ ਉਸ ਨੂੰ ਦਿੱਤੀ ਨਾ ਮੰਨਿਆ। 14 ਅਤੇ ਜਵਾਨ ਮਿੱਤਰਾਂ ਦੀ ਸਲਾਹ ਨਾਲ ਉਹ ਉਨ੍ਹਾਂ ਨੂੰ ਬੋਲਿਆ ਕਿ ਮੇਰੇ ਪਿਤਾ ਨੇ ਤਾਂ ਤੁਹਾਡੇ ਸ਼ਰੀਰ ਤੋਂ ਭਾਰਾ ਕੰਮ ਲਿਆ ਪਰ ਮੈਂ ਤੁਹਾਡੇ ਸ਼ਰੀਰ ਤੋਂ ਹੋਰ ਭਾਰੀ ਕੰਮ ਲਵਾਂਗਾ। ਮੇਰੇ ਪਿਤਾ ਨੇ ਤੁਹਾਨੂੰ ਕੋਟਲਿਆਂ ਨਾਲ ਫ਼ੰਡਿਆ ਪਰ ਮੈਂ ਤੁਹਾਨੂੰ ਬਿਛੂਆਂ ਵਾਲੇ ਕੋਟਲਿਆਂ ਨਾਲ ਫ਼ੰਡਾਂਗਾ। 15 ਇਉਂ ਪਾਤਸ਼ਾਹ ਨੇ ਲੋਕਾਂ ਦੀ ਨਾਂ ਸੁਣੀ ਕਿਉਂ ਜੋ ਇਹ ਯਹੋਵਾਹ ਵੱਲੋਂ ਸੀ ਕਿ ਉਹ ਆਪਣੇ ਉਸ ਬਚਨ ਨੂੰ ਜਿਹੜਾ ਯਹੋਵਾਹ ਨੇ ਸ਼ੀਲੋਨੀ ਜਾਜਕ ਅਹੀਯਾਹ ਦੇ ਰਾਹੀਂ ਨਬਾਟ ਦੇ ਪੁੱਤਰ ਯਾਰਾਬੁਆਮ ਨੂੰ ਆਖਿਆ ਸੀ ਪੂਰਾ ਕਰੇ।

16 ਸਾਰੇ ਇਸਰਾਏਲ ਦੇ ਲੋਕਾਂ ਨੇ ਵੇਖਿਆ ਕਿ ਪਾਤਸ਼ਾਹ ਨੇ ਉਨ੍ਹਾਂ ਦੀ ਸੁਣਾਈ ਤੋਂ ਇਨਕਾਰ ਕੀਤਾ ਹੈ ਤਾਂ ਉਨ੍ਹਾਂ ਨੇ ਪਾਤਸ਼ਾਹ ਨੂੰ ਕਿਹਾ,

“ਅਸੀਂ ਦਾਊਦ ਦੇ ਘਰਾਣੇ ਦਾ ਹਿੱਸਾ ਨਹੀਂ ਹਾਂ!
    ਸਾਡੀ ਯੱਸੀ ਦੇ ਪੁੱਤਰ ਨਾਲ ਕੋਈ ਵੰਡ ਨਹੀਂ!
ਹੇ ਇਸਰਾਏਲੀਓ, ਆਪਣੇ ਤੰਬੂਆਂ ਵਿੱਚ ਵਾਪਸ ਚੱਲੇ ਜਾਓ।
    ਹੇ ਦਾਊਦ ਦੇ ਪਰਿਵਾਰ, ਆਪਣੇ ਖੁਦ ਦੇ ਘਰ ਦਾ ਖਿਆਲ ਰੱਖ!”

17 ਪਰ ਰਹਬੁਆਮ ਨੇ ਇਸਰਾਏਲੀਆਂ ਤੇ ਸ਼ਾਸਨ ਕਰਨਾ ਜਾਰੀ ਰੱਖਿਆ ਜੋ ਯਹੂਦਾਹ ਦੇ ਨਗਰਾਂ ਵਿੱਚ ਰਹਿੰਦੇ ਸਨ।

18 ਫ਼ਿਰ ਰਹਬੁਆਮ ਪਾਤਸ਼ਾਹ ਨੇ ਅਦੋਰਾਮ ਨੂੰ ਭੇਜਿਆ ਜਿਹੜਾ ਬੇਗਾਰੀਆਂ ਉੱਪਰ ਸੀ ਤਾਂ ਸਾਰੇ ਇਸਰਾਏਲੀਆਂ ਨੇ ਉਸ ਉੱਪਰ ਪਥਰਾਓ ਕੀਤਾ ਅਤੇ ਉਹ ਉੱਥੇ ਹੀ ਮਰ ਗਿਆ ਤਾਂ ਰਹਬੁਆਮ ਪਾਤਸ਼ਾਹ ਨੇ ਛੇਤੀ ਕੀਤੀ ਅਤੇ ਰੱਥ ਉੱਪਰ ਚੜ੍ਹ ਕੇ ਯਰੂਸ਼ਲਮ ਨੂੰ ਨੱਸ ਗਿਆ। 19 ਇਉਂ, ਇਸਰਾਏਲ ਨੇ ਦਾਊਦ ਦੇ ਪਰਿਵਾਰ ਦੇ ਖਿਲਾਫ਼ ਵਿਦ੍ਰੋਹ ਕਰ ਦਿੱਤਾ, ਅਤੇ ਉਹ ਅੱਜ ਤੀਕ ਵਿਰੁੱਧ ਹਨ।

20 ਜਦੋਂ ਇਸਰਾਏਲ ਦੇ ਲੋਕਾਂ ਨੇ ਸੁਣਿਆ ਕਿ ਯਾਰਾਬੁਆਮ ਮੁੜ ਆਇਆ ਸੀ, ਉਨ੍ਹਾਂ ਨੇ ਉਸ ਕੋਲ ਸੰਦੇਸ਼ ਭਜਕੇ ਉਸ ਨੂੰ ਸਭਾ ਵਿੱਚ ਬੁਲਾਇਆ ਅਤੇ ਉਸ ਨੂੰ ਸਾਰੇ ਇਸਰਾਏਲ ਦਾ ਰਾਜਾ ਬਣਾ ਦਿੱਤਾ। ਯਹੂਦਾਹ ਦੇ ਪਰਿਵਾਰ-ਸਮੂਹ ਤੋਂ ਇਲਾਵਾ, ਹੋਰ ਕੋਈ ਵੀ ਦਾਊਦ ਦੇ ਘਰਾਣੇ ਮਗਰ ਨਾ ਲੱਗਾ।

21 ਜਦ ਰਹਬੁਆਮ ਯਰੂਸ਼ਲਮ ਵਿੱਚ ਮੁੜਿਆ ਤਾਂ ਉਸ ਨੇ ਯਹੂਦਾਹ ਦੇ ਸਾਰੇ ਪਰਿਵਾਰ-ਸਮੂਹ ਅਤੇ ਬਿਨਯਾਮੀਨ ਦੇ ਘਰਾਣੇ ਸਮੇਤ ਸਭ ਨੂੰ ਇਕੱਠਾ ਕੀਤਾ। ਇਹ 1,80,000 ਹਜ਼ਾਰ ਯੁੱਧ ਦੇ ਚੁਣਵੇਂ ਸੂਰਮੇ ਸਨ। ਰਹਬੁਆਮ ਇਸਰਾਏਲੀਆਂ ਦੇ ਵਿਰੁੱਧ ਜੰਗ ਕਰਨਾ ਚਾਹੁੰਦਾ ਸੀ ਅਤੇ ਯੁੱਧ ਕਰਕੇ ਆਪਣਾ ਰਾਜ ਵਾਪਸ ਲੈਣਾ ਚਾਹੁੰਦਾ ਸੀ। 22 ਪਰ ਯਹੋਵਾਹ ਨੇ ਪਰਮੇਸ਼ੁਰ ਦੇ ਇੱਕ ਆਦਮੀ ਜਿਸ ਦਾ ਨਾਂ ਸ਼ਮਾਯਾਹ ਸੀ ਨੂੰ ਆਖਿਆ, 23 “ਯਹੂਦਾਹ ਦੇ ਪਾਤਸ਼ਾਹ, ਸੁਲੇਮਾਨ ਦੇ ਪੁੱਤਰ ਰਹਬੁਆਮ ਨੂੰ ਅਤੇ ਯਹੂਦਾਹ ਅਤੇ ਬਿਨਯਾਮੀਨ ਦੇ ਸਾਰੇ ਘਰਾਣੇ ਨੂੰ ਅਤੇ ਉੱਥੋਂ ਦੇ ਸਾਰੇ ਲੋਕਾਂ ਨਾਲ ਗੱਲ ਕਰ 24 ਉਨ੍ਹਾਂ ਨੂੰ ਦੱਸ, ਯਹੋਵਾਹ ਇਉਂ ਆਖਦਾ ਹੈ ਕਿ ਤੁਹਾਨੂੰ ਆਪਣੇ ਇਸਰਾਏਲੀ ਭਾਈਆਂ ਦੇ ਖਿਲਾਫ ਨਹੀਂ ਲੜਨਾ ਚਾਹੀਦਾ। ਤੁਹਾਨੂੰ ਸਭਨਾਂ ਨੂੰ ਘਰ ਪਰਤ ਜਾਣਾ ਚਾਹੀਦਾ ਹੈ ਕਿਉਂ ਕਿ ਮੈਂ ਸਭ ਕੁਝ ਵਾਪਰਨ ਦਿੱਤਾ!” ਜਦੋਂ ਉਨ੍ਹਾਂ ਨੇ ਯਹੋਵਾਹ ਦਾ ਹੁਕਮ ਸੁਣਿਆ, ਉਨ੍ਹਾਂ ਨੇ ਇਸ ਨੂੰ ਮੰਨਿਆ ਅਤੇ ਘਰਾਂ ਨੂੰ ਵਾਪਸ ਚੱਲੇ ਗਏ।

25 ਯਾਰਾਬੁਆਮ ਨੇ ਅਫ਼ਰਾਈਮ ਪਹਾੜ ਵਿੱਚ ਸ਼ਕਮ ਨੂੰ ਬੜਾ ਮਜ਼ਬੂਤ ਸ਼ਹਿਰ ਬਣਾਇਆ ਅਤੇ ਆਪ ਉਸ ਵਿੱਚ ਵਸਿਆ। ਬਾਅਦ ਵਿੱਚ ਉਹ ਪਨੂਏਲ ਵਿੱਚ ਜਾਕੇ ਵਸਿਆ ਅਤੇ ਉਸ ਨੂੰ ਵੀ ਬੜਾ ਮਜ਼ਬੂਤ ਬਣਾਇਆ।

26-27 ਤਾਂ ਯਾਰਾਬੁਆਮ ਨੇ ਆਪਣੇ ਆਪ ’ਚ ਸੋਚਿਆ, “ਹੁਣ ਹੋ ਸੱਕਦਾ ਹੈ ਇਹ ਰਾਜ ਵਾਪਸ ਦਾਊਦ ਦੇ ਪਰਿਵਾਰ ਵੱਲ ਮੁੜ ਜਾਵੇ। ਜੇਕਰ ਇਹ ਲੋਕ ਲਗਾਤਾਰ ਯਰੂਸ਼ਲਮ ਨੂੰ ਜਾ ਕੇ ਯਹੋਵਾਹ ਦੇ ਮੰਦਰ ਵਿੱਚ ਭੇਟਾਂ ਚੜ੍ਹਾਉਣ ਲਈ ਜਾਂਦੇ ਰਹੇ ਤਾਂ ਉਹ ਰਹਬੁਆਮ, ਯਹੂਦਾਹ ਦੇ ਪਾਤਸ਼ਾਹ ਵੱਲ ਮੁੜ ਜਾਣਗੇ ਅਤੇ ਮੈਨੂੰ ਮਾਰ ਸੁੱਟਣਗੇ।” 28 ਤਾਂ ਪਾਤਸ਼ਾਹ ਨੇ ਆਪਣੇ ਸਲਾਹਕਾਰਾਂ ਕੋਲੋਂ ਸਲਾਹ ਲਿੱਤੀ ਕਿ ਉਸ ਨੂੰ ਕੀ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਉਸ ਨੂੰ ਆਪਣੇ ਵਿੱਚਾਰ ਪ੍ਰਗਟ ਕੀਤੇ। ਤਾਂ ਪਾਤਸ਼ਾਹ ਨੇ ਸੋਨੇ ਦੇ ਦੋ ਵੱਛੇ ਬਣਾਏ। ਪਾਤਸ਼ਾਹ ਯਾਰਾਬੁਆਮ ਨੇ ਲੋਕਾਂ ਨੂੰ ਕਿਹਾ, “ਤੁਹਾਨੂੰ ਯਰੂਸ਼ਲਮ ਵਿੱਚ ਉਪਾਸਨਾ ਕਰਨ ਜਾਣ ਦੀ ਲੋੜ ਨਹੀਂ। ਵੇਖੋ, ਹੇ ਇਸਰਾਏਲ, ਆਪਣੇ ਦੇਵਤੇ ਜਿਹੜੇ ਤੈਨੂੰ ਮਿਸਰ ਦੇਸ ਤੋਂ ਕੱਢ ਲਿਆਏ!” [a] 29 ਯਾਰਾਬੁਆਮ ਪਾਤਸ਼ਾਹ ਨੇ ਇੱਕ ਸੋਨੇ ਦਾ ਵੱਛਾ ਬੈਤਏਲ ਵਿੱਚ ਟਿਕਾਇਆ ਅਤੇ ਦੂਜਾ ਦਾਨ ਸ਼ਹਿਰ ਵਿੱਚ ਟਿਕਾਅ ਦਿੱਤਾ। 30 ਪਰ ਇਹ ਬਹੁਤ ਵੱਡਾ ਪਾਪ ਸੀ ਕਿਉਂ ਕਿ ਇਸਰਾਏਲ ਦੇ ਲੋਕ ਵੱਛਿਆਂ ਦੀ ਉਪਾਸਨਾ ਕਰਨ ਲਈ ਦਾਨ ਅਤੇ ਬੈਤਏਲ ਦੇ ਨਗਰਾਂ ਨੂੰ ਗਏ।

31 ਯਾਰਾਬੁਆਮ ਨੇ ਹੋਰ ਉੱਚੀਆਂ ਥਾਵਾਂ ਤੇ ਵੀ ਮੰਦਰ ਬਣਵਾਏ ਅਤੇ ਇਸਰਾਏਲ ਦੇ ਪਰਿਵਾਰ-ਸਮੂਹ ਵਿੱਚੋਂ ਅਲਗ-ਅਲਗ ਪਰਿਵਾਰਾਂ ਵਿੱਚੋਂ ਜਾਜਕ ਚੁਣੇ। (ਲੋਕਾਂ ਵਿੱਚੋਂ ਜੋ ਵੀ ਲੇਵੀ ਦੇ ਪਰਿਵਾਰ-ਸਮੂਹ ਵਿੱਚੋਂ ਨਹੀਂ ਸਨ ਜਾਜਕ ਬਣਾਏ ਗਏ। 32 ਯਾਰਾਬੁਆਮ ਪਾਤਸ਼ਾਹ ਨੇ ਇੱਕ ਨਵੀਂ ਛੁੱਟੀ ਸ਼ੁਰੂ ਕੀਤੀ)। ਇਹ ਛੁੱਟੀ ਯਹੂਦਾਹ ਵਿੱਚਲੇ ਪਸਾਹ ਵਾਂਗ ਸੀ। ਪਰ ਇਹ ਛੁੱਟੀ ਅੱਠਵੇਂ ਮਹੀਨੇ ਦੀ ਪੰਦਰ੍ਹਵੀ ਤਾਰੀਖ ਨੂੰ ਸੀ। ਉਸ ਸਮੇਂ ਦੌਰਾਨ ਪਾਤਸ਼ਾਹ ਨੇ ਬੈਤਏਲ ਸ਼ਹਿਰ ਵਿੱਚ ਜਗਵੇਦੀ ਉੱਤੇ ਬਲੀਆਂ ਚੜ੍ਹਾਈਆਂ ਅਤੇ ਉਸ ਨੇ ਆਪਣੇ ਬਣਾਏ ਹੋਏ ਵੱਛਿਆਂ ਨੂੰ ਬਲੀਆਂ ਚੜ੍ਹਾਈਆਂ। ਯਾਰਾਬੁਆਮ ਪਾਤਸ਼ਾਹ ਨੇ ਆਪਣੀਆਂ ਬਣਾਈਆਂ ਉੱਚੀਆਂ ਥਾਵਾਂ ਤੇ ਸੇਵਾ ਕਰਨ ਲਈ ਜਾਜਕ ਵੀ ਚੁਣੇ। 33 ਇਸ ਲਈ ਰਾਜੇ ਯਾਰਾਬੁਆਮ ਨੇ ਇਸਰਾਏਲੀਆਂ ਲਈ ਇੱਕ ਪਰਬ ਦੀ ਤਰੀਕ ਨਿਸ਼ਚਿਤ ਕੀਤੀ। ਇਹ ਅੱਠਵੇਂ ਮਹੀਨੇ ਦੇ ਪੰਦਰਵਾਂ ਦਿਨ ਸੀ। ਉਹ ਉਸ ਦਿਨ ਉਸ ਜਗਵੇਦੀ ਕੋਲ ਗਿਆ ਜਿਹੜੀ ਉਸ ਨੇ ਬੈਤਏਲ ਵਿੱਚ ਉਸਾਰੀ ਸੀ ਅਤੇ ਇਸ ਉੱਤੇ ਧੂਪ ਧੁਖਾਈ।

ਪਰਮੇਸ਼ੁਰ ਦਾ ਬੈਤਏਲ ਵਿਰੁੱਧ ਬੋਲਣਾ

13 ਫ਼ੇਰ ਪਰਮੇਸ਼ੁਰ ਦਾ ਇੱਕ ਬੰਦਾ, ਯਹੋਵਾਹ ਦੇ ਹੁਕਮ ਦਾ ਅਨੁਸਰਣ ਕਰਦਾ ਹੋਇਆ, ਯਹੂਦਾਹ ਤੋਂ ਬੈਤਏਲ ਨੂੰ ਆਇਆ। ਜਦੋਂ ਉਹ ਓੱਥੇ ਪਹੁੰਚਿਆ, ਯਾਰਾਬੁਆਮ ਧੂਪ ਧੁਖਾਉਣ ਲਈ ਜਗਵੇਦੀ ਦੇ ਅੱਗੇ ਖਲੋਤਾ ਹੋਇਆ ਸੀ। ਯਹੋਵਾਹ ਦੇ ਹੁਕਮ ਨਾਲ, ਉਹ ਆਦਮੀ ਜਗਵੇਦੀ ਦੇ ਖਿਲਾਫ਼ ਉੱਚੀ ਆਵਾਜ਼ ਵਿੱਚ ਬੋਲਿਆ,

“ਹੇ ਜਗਵੇਦੀ! ਯਹੋਵਾਹ ਇਉਂ ਫ਼ਰਮਾਉਂਦਾ ਹੈ, ‘ਦਾਊਦ ਦੇ ਘਰਾਣੇ ਵਿੱਚੋਂ ਯੋਸੀਯਾਹ ਨਾਂ ਦਾ ਇੱਕ ਮੁੰਡਾ ਜਨਮੇਗਾ ਹੁਣ ਜਾਜਕ ਉੱਚੀਆਂ ਥਾਵਾਂ ਤੇ ਉਪਾਸਨਾ ਕਰ ਰਹੇ ਹਨ। ਪਰ ਹੇ ਜਗਵੇਦੀ, ਯੋਸੀਯਾਹ ਉਨ੍ਹਾਂ ਨੂੰ ਤੇਰੇ ਉੱਪਰ ਪਾਕੇ ਮਾਰ ਦੇਵੇਗਾ ਅਤੇ ਉਹ ਤੇਰੇ ਉੱਪਰ ਮਨੁੱਖਾਂ ਦੀਆਂ ਹੱਡੀਆਂ ਵੀ ਸਾੜੇਗਾ। ਫ਼ਿਰ ਤੇਰੀ ਦੁਬਾਰਾ ਵਰਤੋਂ ਨਹੀਂ ਹੋ ਸੱਕੇਗੀ।’”

ਪਰਮੇਸ਼ੁਰ ਦੇ ਮਨੁੱਖ ਨੇ ਲੋਕਾਂ ਨੂੰ ਨਿਸ਼ਾਨੀ ਦੇ ਦਿੱਤੀ ਕਿ ਇਹ ਸਭ ਕੁਝ ਵਾਪਰੇਗਾ ਅਤੇ ਕਿਹਾ, “ਇਹੀ ਸਬੂਤ ਹੈ ਜਿਸ ਬਾਰੇ ਯਹੋਵਾਹ ਨੇ ਮੈਨੂੰ ਕਿਹਾ ਸੀ। ਉਸ ਨੇ ਆਖਿਆ, ‘ਇਹ ਜਗਵੇਦੀ ਟੁੱਟ ਜਾਵੇਗੀ ਅਤੇ ਇਸ ਉੱਪਰਲੀ ਸੁਆਹ ਜ਼ਮੀਨ ਉੱਪਰ ਖਿੰਡ ਜਾਵੇਗੀ।’”

ਜਦੋਂ ਪਾਤਸ਼ਾਹ ਨੇ ਯਹੋਵਾਹ ਦੇ ਮਨੁੱਖ ਦਾ ਸੰਦੇਸ਼ ਸੁਣਿਆ ਜੋ ਉਸ ਨੇ ਬੈਤਏਲ ਵਿੱਚ ਜਗਵੇਦੀ ਦੇ ਵਿਰੁੱਧ ਉੱਚੀ ਆਵਾਜ਼ ਵਿੱਚ ਆਖਿਆ ਸੀ ਤਾਂ ਯਾਰਾਬੁਆਮ ਨੇ ਜਗਵੇਦੀ ਤੋਂ ਆਪਣੀ ਬਾਂਹ ਲੰਮੀ ਕਰਕੇ ਆਖਿਆ, “ਇਸ ਆਦਮੀ ਨੂੰ ਫ਼ੜ ਲਵੋ!” ਪਰ ਜਦੋਂ ਪਾਤਸ਼ਾਹ ਨੇ ਇਹ ਆਖਿਆ ਤਾਂ ਉਸਦੀ ਬਾਂਹ ਸੁੱਕ ਗਈ, ਉਹ ਉਸ ਨੂੰ ਹਿਲਾ ਨਾ ਸੱਕਿਆ। ਤੇ ਜਗਵੇਦੀ ਦੇ ਵੀ ਟੁਕੜੇ-ਟੁਕੜੇ ਹੋ ਗਏ ਤੇ ਉਸਦੀ ਸਾਰੀ ਸੁਆਹ ਧਰਤੀ ਉੱਪਰ ਬਿਖਰ ਗਈ। ਇਹ ਨਿਸ਼ਾਨੀ ਸੀ ਕਿ ਜੋ ਕੁਝ ਵੀ ਪਰਮੇਸ਼ੁਰ ਦੇ ਮਨੁੱਖ ਨੇ ਕਿਹਾ ਸੀ ਉਹ ਪਰਮੇਸ਼ੁਰ ਵੱਲੋਂ ਹੀ ਸੀ। ਤਦ ਰਾਜੇ ਯਾਰਾਬੁਆਮ ਨੇ ਪਰਮੇਸ਼ੁਰ ਦੇ ਮਨੁੱਖ ਨੂੰ ਆਖਿਆ, “ਕਿਰਪਾ ਕਰਕੇ ਯਹੋਵਾਹ ਆਪਣੇ ਪਰਮੇਸ਼ੁਰ ਅੱਗੇ ਪ੍ਰਾਰਥਨਾ ਕਰ ਤਾਂ ਜੋ ਮੈਂ ਆਪਣੀ ਬਾਂਹ ਹਿਲਾਉਣ ਯੋਗ ਹੋ ਸੱਕਾਂ।”

ਤਾਂ ਪਰਮੇਸ਼ੁਰ ਦੇ ਬੰਦੇ ਨੇ ਯਹੋਵਾਹ ਅੱਗੇ ਪ੍ਰਾਰਥਨਾ ਕੀਤੀ ਅਤੇ ਰਾਜਾ ਆਪਣੀ ਬਾਂਹ ਹਿਲਾਉਣ ਦੇ ਯੋਗ ਸੀ। ਇਹ ਫ਼ਿਰ ਤੋਂ ਓਵੇਂ ਦੀ ਹੋ ਗਈ ਜਿਵੇਂ ਦੀ ਇਹ ਪਹਿਲਾਂ ਸੀ। ਤਦ ਪਾਤਸ਼ਾਹ ਨੇ ਪਰਮੇਸ਼ੁਰ ਦੇ ਬੰਦੇ ਨੂੰ ਆਖਿਆ, “ਕਿਰਪਾ ਕਰਕੇ ਮੇਰੇ ਘਰ ਚੱਲ ਕੇ ਮੇਰੇ ਨਾਲ ਭੋਜਨ ਕਰ, ਮੈਂ ਤੈਨੂੰ ਇੱਕ ਤੋਹਫ਼ਾ ਦਿਆਂਗਾ।”

ਪਰ ਪਰਮੇਸ਼ੁਰ ਦੇ ਬੰਦੇ ਨੇ ਪਾਤਸ਼ਾਹ ਨੂੰ ਕਿਹਾ, “ਮੈਂ ਤੇਰੇ ਨਾਲ ਘਰ ਨਹੀਂ ਜਾਵਾਂਗਾ ਭਾਵੇਂ ਤੂੰ ਮੈਨੂੰ ਆਪਣਾ ਅੱਧਾ ਰਾਜ ਵੀ ਦੇ ਦੇਵੇਂ ਤਦ ਵੀ ਨਹੀਂ ਜਾਵਾਂਗਾ। ਮੈਂ ਇਸ ਥਾਂ ਦਾ ਅਨਜਲ ਨਹੀਂ ਛਕਾਂਗਾ। ਯਹੋਵਾਹ ਦਾ ਇਹ ਹੁਕਮ ਸੀ ਕਿ ਇੱਥੋਂ ਕੁਝ ਨਹੀਂ ਖਾਣਾ-ਪੀਣਾ ਤੇ ਮੈਨੂੰ ਯਹੋਵਾਹ ਨੇ ਇਹ ਵੀ ਹੁਕਮ ਦਿੱਤਾ ਸੀ ਕਿ ਜਿਸ ਰਾਹ ਤੋਂ ਇੱਥੇ ਪਹੁੰਚੇ ਉਸ ਰਾਹ ਤੋਂ ਵਾਪਿਸ ਵੀ ਨਹੀਂ ਜਾਣਾ।” 10 ਤਾਂ ਉਹ ਫ਼ਿਰ ਵੱਖਰੇ ਰਸਤੇ ਤੋਂ ਸਫ਼ਰ ਨੂੰ ਵਾਪਸ ਮੁੜਿਆ। ਉਹ ਉਸ ਰਸਤੇ ਤੋਂ ਵਾਪਸ ਨਾ ਮੁੜਿਆ ਜਿਸ ਰਾਹ ਤੋਂ ਉਹ ਬੈਤਏਲ ਲਈ ਆਇਆ।

11 ਓੱਥੇ ਬੈਤਏਲ ਵਿੱਚ ਇੱਕ ਬੁੱਢਾ ਨਬੀ ਰਹਿੰਦਾ ਸੀ। ਉਸ ਦੇ ਪੁੱਤਰਾਂ ਨੇ ਉਸ ਨੂੰ ਉਹ ਸਾਰੀਆਂ ਗੱਲਾਂ ਦੱਸੀਆਂ ਜਿਹੜੀਆਂ ਪਰਮੇਸ਼ੁਰ ਦੇ ਬੰਦੇ ਨੇ ਉਸ ਦਿਨ ਬੈਤਏਲ ਵਿੱਚ ਕੀਤੀਆਂ ਸਨ, ਅਤੇ ਉਹ ਵੀ ਜੋ ਪਰਮੇਸ਼ੁਰ ਦੇ ਮਨੁੱਖ ਨੇ ਪਾਤਸ਼ਾਹ ਨੂੰ ਆਖਿਆ ਸੀ। 12 ਬੁੱਢੇ ਨਬੀ ਨੇ ਪੁੱਛਿਆ, “ਜਦੋਂ ਉਹ ਇੱਥੋਂ ਗਿਆ ਤਾਂ ਉਸ ਨੇ ਕਿਹੜਾ ਰਾਹ ਫ਼ੜਿਆ?” ਤਾਂ ਉਸ ਦੇ ਪੁੱਤਰਾਂ ਨੇ ਉਸ ਨੂੰ ਉਹ ਰਾਹ ਵਿਖਾਇਆ ਜਿਹੜਾ ਪਰਮੇਸ਼ੁਰ ਦੇ ਬੰਦੇ ਨੇ ਯਹੂਦਾਹ ਤੋਂ ਫ਼ੜਿਆ ਸੀ। 13 ਬੁੱਢੇ ਨਬੀ ਨੇ ਆਪਣੇ ਪੁੱਤਰਾਂ ਨੂੰ ਖੋਤੇ ਤੇ ਕਾਠੀ ਪਾਉਣ ਲਈ ਆਖਿਆ। ਉਨ੍ਹਾਂ ਨੇ ਖੋਤੇ ਤੇ ਕਾਠੀ ਪਾ ਦਿੱਤੀ, ਅਤੇ ਨਬੀ ਸਵਾਰ ਹੋਕੇ ਚੱਲਾ ਗਿਆ।

14 ਬੁੱਢਾ ਨਬੀ ਪਰਮੇਸ਼ੁਰ ਦੇ ਬੰਦੇ ਦੇ ਪਿੱਛੇ ਚੱਲ ਪਿਆ ਤੇ ਉਸ ਨੂੰ ਇੱਕ ਬਲੂਤ ਦੇ ਰੁੱਖ ਹੇਠਾਂ ਬੈਠਿਆਂ ਵੇਖਿਆ। ਫੇਰ ਬੁੱਢੇ ਨਬੀ ਨੇ ਪੁੱਛਿਆ, “ਕੀ ਤੂੰ ਪਰਮੇਸ਼ੁਰ ਦਾ ਬੰਦਾ ਹੈਂ ਜੋ ਯਹੂਦਾਹ ਤੋਂ ਆਇਆ?”

ਪਰਮੇਸ਼ੁਰ ਦੇ ਮਨੁੱਖ ਨੇ ਜਵਾਬ ਦਿੱਤਾ, “ਹਾਂ, ਮੈਂ ਹੀ ਹਾਂ।”

15 ਤਾਂ ਬੁੱਢੇ ਨਬੀ ਨੇ ਆਖਿਆ, “ਮਿਹਰਬਾਨੀ ਕਰਕੇ ਮੇਰੇ ਘਰ ਚਲਕੇ ਮੇਰੇ ਨਾਲ ਭੋਜਨ ਕਰੋ।”

16 ਪਰ ਉਸ ਪਰਮੇਸ਼ੁਰ ਦੇ ਮਨੁੱਖ ਨੇ ਜਵਾਬ ਦਿੱਤਾ, “ਮੈਂ ਤੇਰੇ ਨਾਲ ਘਰ ਨਹੀਂ ਚੱਲ ਸੱਕਦਾ ਤੇ ਨਾ ਹੀ ਇਸ ਥਾਵੇਂ ਮੈਂ ਤੇਰੇ ਨਾਲ ਜਲਪਾਨ ਕਰ ਸੱਕਦਾ ਹਾਂ। 17 ਯਹੋਵਾਹ ਨੇ ਮੈਨੂੰ ਆਖਿਆ ਸੀ, ‘ਕਿ ਤੂੰ ਉਸ ਥਾਵੇਂ ਕੁਝ ਵੀ ਖਾਣਾ-ਪੀਣਾ ਨਹੀਂ ਤੇ ਨਾ ਹੀ ਉਸ ਰਾਹ ਤੋਂ ਵਾਪਸ ਮੁੜਨਾ ਹੈ ਜਿਸ ਰਾਹ ਤੋਂ ਤੂੰ ਗਿਆ ਸੀ।’”

18 ਤਦ ਬੁੱਢੇ ਨਬੀ ਨੇ ਆਖਿਆ, “ਮੈਂ ਵੀ ਤੇਰੇ ਵਾਂਗ ਨਬੀ ਹੀ ਹਾਂ।” ਤਦ ਬੁੱਢੇ ਨਬੀ ਨੇ ਝੂਠ ਬੋਲਿਆ ਤੇ ਆਖਿਆ, “ਯਹੋਵਾਹ ਵੱਲੋਂ ਇੱਕ ਦੂਤ ਮੇਰੇ ਕੋਲ ਆਇਆ ਸੀ ਤੇ ਉਸ ਦੂਤ ਨੇ ਮੈਨੂੰ ਕਿਹਾ ਕਿ ਉਸ ਨੂੰ ਆਪਣੇ ਘਰ ਲੈ ਜਾਕੇ ਅੰਨ-ਪਾਣੀ ਛਕਾਅ।”

19 ਤਦ ਪਰਮੇਸ਼ੁਰ ਦਾ ਮਨੁੱਖ ਉਸ ਬੁੱਢੇ ਨਬੀ ਦੇ ਘਰ ਉਸ ਨਾਲ ਚੱਲਾ ਗਿਆ ਅਤੇ ਜਾਕੇ ਖਾਧਾ-ਪੀਤਾ ਵੀ। 20 ਜਦੋਂ ਉਹ ਮੇਜ਼ ਉੱਤੇ ਬੈਠੇ ਹੋਏ ਸਨ, ਯਹੋਵਾਹ ਨੇ ਬੁੱਢੇ ਨਬੀ ਨਾਲ ਗੱਲ ਕੀਤੀ, ਜੋ ਉਸ ਨੂੰ ਵਾਪਿਸ ਲਿਆਇਆ ਸੀ। 21 ਤਾਂ ਬੁੱਢੇ ਨਬੀ ਨੇ ਪਰਮੇਸੁਰ ਦੇ ਬੰਦੇ ਨੂੰ ਕਿਹਾ ਜੋ ਕਿ ਯਹੂਦਾਹ ਤੋਂ ਆਇਆ ਸੀ, “ਯਹੋਵਾਹ ਨੇ ਆਖਿਆ ਕਿ ਤੂੰ ਉਸ ਦੇ ਬਚਨ ਨੂੰ ਕਲੰਕਤ ਕੀਤਾ ਹੈ ਅਤੇ ਤੂੰ ਉਸ ਦੇ ਹੁਕਮ ਦਾ ਪਾਲਣ ਨਹੀਂ ਕੀਤਾ। 22 ਯਹੋਵਾਹ ਨੇ ਤੈਨੂੰ ਹੁਕਮ ਦਿੱਤਾ ਸੀ ਕਿ ਇਸ ਥਾਂ ਤੋਂ ਕੁਝ ਨਹੀਂ ਖਾਣਾ-ਪੀਣਾ ਪਰ ਤੂੰ ਇੱਥੇ ਵਾਪਸ ਆਕੇ ਖਾਧਾ-ਪੀਤਾ ਹੈ ਇਸ ਲ਼ਈ ਹੁਣ ਤੇਰੀ ਦੇਹ ਨੂੰ ਤੇਰੇ ਘਰਾਣੇ ਦੀ ਕਬਰ ਵਿੱਚ ਨਹੀਂ ਦਫ਼ਨਾਇਆ ਜਾਵੇਗਾ।”

23 ਜਦ ਪਰਮੇਸ਼ੁਰ ਦਾ ਮਨੁੱਖ ਖਾ-ਪੀ ਹਟਿਆ, ਤਾਂ ਬੁੱਢੇ ਨਬੀ ਨੇ ਉਸ ਲਈ ਖੋਤੇ ਤੇ ਕਾਠੀ ਪਾਈ ਤੇ ਉਸ ਨੂੰ ਭੇਜ ਦਿੱਤਾ। 24 ਘਰ ਵੱਲ ਪਰਤਦੇ ਹੋਏ ਸਫ਼ਰ ਵਿੱਚ ਇੱਕ ਸ਼ੇਰ ਨੇ ਪਰਮੇਸ਼ੁਰ ਦੇ ਮਨੁੱਖ ਉੱਪਰ ਵਾਰ ਕੀਤਾ ਅਤੇ ਉਸ ਨੂੰ ਜਾਨੋ ਮਾਰ ਸੁੱਟਿਆ। ਨਬੀ ਦੀ ਲੋਥ ਰਾਹ ਵਿੱਚ ਪਈ ਹੋਈ ਸੀ ਅਤੇ ਖੋਤਾ ਅਤੇ ਸ਼ੇਰ ਲੋਥ ਦੇ ਕੋਲ ਖੜ੍ਹੇ ਸਨ। 25 ਸੜਕ ਤੇ ਸਫ਼ਰ ਕਰ ਰਹੇ ਕੁਝ ਲੋਕਾਂ ਨੇ ਓੱਥੇ ਪਈ ਲੋਥ ਅਤੇ ਇਸਦੇ ਕੋਲ ਖੜ੍ਹੇ ਸ਼ੇਰ ਨੂੰ ਵੇਖਿਆ। ਉਹ ਉਸ ਨਗਰ ਨੂੰ ਆਏ, ਜਿੱਥੇ ਉਹ ਬੁੱਢਾ ਨਬੀ ਰਹਿੰਦਾ ਸੀ, ਅਤੇ ਸਭ ਕਾਸੇ ਦਾ ਵਰਣਨ ਕਰ ਦਿੱਤਾ।

26 ਉਸ ਬੁੱਢੇ ਨਬੀ ਨੇ ਜਿਹੜਾ ਪਰਮੇਸ਼ੁਰ ਦੇ ਆਦਮੀ ਨੂੰ ਵਾਪਿਸ ਲਿਆਇਆ ਸੀ, ਇਸ ਨੂੰ ਸੁਣਿਆ ਅਤੇ ਆਖਿਆ, “ਉਹ ਪਰਮੇਸ਼ੁਰ ਦਾ ਮਨੁੱਖ ਸੀ ਜਿਸਨੇ ਯਹੋਵਾਹ ਦੇ ਹੁਕਮ ਦੀ ਉਲੰਘਣਾ ਕੀਤੀ ਸੀ। ਇਸੇ ਲਈ ਯਹੋਵਾਹ ਨੇ ਉਸ ਨੂੰ ਮਾਰਨ ਲਈ ਸ਼ੇਰ ਘਲਿਆ। ਯਹੋਵਾਹ ਨੇ ਆਖਿਆ ਸੀ ਕਿ ਉਹ ਅਜਿਹਾ ਕਰ ਸੱਕਦਾ।” 27 ਤਦ ਉਸ ਨਬੀ ਨੇ ਆਪਣੇ ਪੁੱਤਰਾਂ ਨੂੰ ਕਿਹਾ, “ਮੇਰੇ ਖੋਤੇ ਤੇ ਕਾਠੀ ਚੜ੍ਹਾਓ।” ਤਾਂ ਉਸ ਦੇ ਪੁੱਤਰਾਂ ਨੇ ਉਸ ਦੇ ਖੋਤੇ ਤੇ ਕਾਠੀ ਚੜ੍ਹਾਈ। 28 ਫ਼ੇਰ ਉਹ ਉਸ ਜਗ੍ਹਾ ਗਿਆ ਤੇ ਰਸਤੇ ਤੇ ਪਈ ਉਸ ਦੀ ਲਾਸ਼ ਨੂੰ ਵੇਖਿਆ ਅਤੇ ਉਸ ਨੇ ਵੇਖਿਆ ਕਿ ਖੋਤਾ ਤੇ ਸ਼ੇਰ ਉਸ ਲਾਸ਼ ਦੇ ਪਾਸੇ ਖੜੋਤੇ ਹੋਏ ਸਨ। ਸ਼ੇਰ ਨੇ ਸਰੀਰ ਨੂੰ ਨਹੀਂ ਖਾਧਾ ਸੀ ਤੇ ਨਾ ਹੀ ਖੋਤੇ ਨੂੰ ਨੁਕਸਾਨ ਪਹੁੰਚਾਇਆ ਸੀ।

29 ਬੁੱਢੇ ਨਬੀ ਨੇ ਉਸਦੀ ਲਾਸ਼ ਨੂੰ ਆਪਣੇ ਖੋਤੇ ਉੱਪਰ ਰੱਖਿਆ ਤੇ ਉਹ ਉਸਦੀ ਲੋਥ ਵਾਪਸ ਸ਼ਹਿਰ ਵਿੱਚ ਲਿਆਇਆ ਤਾਂ ਕਿ ਉਸ ਲਈ ਰੋਇਆ-ਪਿਟਿਆ ਜਾਵੇ ਅਤੇ ਉਸ ਨੂੰ ਦਫ਼ਨਾਇਆ ਜਾਵੇ। 30 ਬੁੱਢੇ ਨਬੀ ਨੇ ਉਸ ਮਨੁੱਖ ਨੂੰ ਆਪਣੇ ਘਰਾਣੇ ਦੀ ਕਬਰ ਵਿੱਚ ਦਫ਼ਨਾਇਆ ਅਤੇ ਕਿਹਾ, “ਹਾਏ ਓ ਮੇਰੇ ਭਰਾਵਾ! ਮੈਨੂੰ ਤੇਰੇ ਮਰਨ ਦਾ ਬੜਾ ਅਫ਼ਸੋਸ ਹੋਇਆ।” 31 ਇਉਂ ਬੁੱਢੇ ਨਬੀ ਨੇ ਲਾਸ਼ ਨੂੰ ਦਫ਼ਨਾ ਦਿੱਤਾ। ਫ਼ਿਰ ਉਸ ਨੇ ਆਪਣੇ ਪੁੱਤਰਾਂ ਨੂੰ ਕਿਹਾ, “ਜਦੋਂ ਮੈਂ ਮਰਾਂ, ਮੇਰੇ ਸ਼ਰੀਰ ਨੂੰ ਵੀ ਇਸ ਕਬਰ ਵਿੱਚ ਦਫ਼ਨਾ ਦਿਓ ਅਤੇ ਮੇਰੀਆਂ ਹੱਡੀਆਂ ਉਸ ਦੀਆਂ ਹੱਡੀਆਂ ਤੋਂ ਅੱਗੇ ਪਾ ਦਿਓ। 32 ਜਿਹੜੇ ਬਚਨ ਯਹੋਵਾਹ ਨੇ ਉਸ ਦੇ ਮੂੰਹੋਂ ਬੁਲਵਾਏ ਸਨ ਉਹ ਜ਼ਰੂਰ ਸੱਚੇ ਅਤੇ ਪੂਰੇ ਹੋਣਗੇ। ਯਹੋਵਾਹ ਨੇ ਉਸ ਨੂੰ ਜਗਵੇਦੀ ਜੋ ਬੈਤਏਲ ਵਿੱਚ ਹੈ ਉਸ ਦੇ ਵਿਰੁੱਧ ਬੁਲਵਾਇਆ ਅਤੇ ਉਸ ਦੇ ਹੀ ਮੂੰਹੋ ਸਾਮਰਿਯਾ ਦੀਆਂ ਉੱਚੀਆਂ ਥਾਵਾਂ ਜੋ ਦੂਜਿਆਂ ਸ਼ਹਿਰਾਂ ਵਿੱਚ ਹੈ ਉਨ੍ਹਾਂ ਦੇ ਵਿਰੁੱਧ ਬੁਲਵਾਇਆ।”

33 ਇਸ ਗੱਲ ਦੇ ਬਾਵਜੂਦ ਵੀ ਯਾਰਾਬੁਆਮ ਆਪਣੇ ਬੁਰੇ ਰਾਹ ਤੋਂ ਨਾ ਟਲਿਆ। ਉਹ ਅਲਗ-ਅਲਗ ਪਰਿਵਾਰ-ਸਮੂਹਾਂ ਵਿੱਚੋਂ ਸਗੋਂ ਇੰਝ ਹੀ ਜਾਜਕ ਚੁਣਦਾ ਰਿਹਾ। ਤੇ ਉਹ ਜਾਜਕ ਉੱਚੀਆਂ ਥਾਵਾਂ ਦੀ ਸੇਵਾ ਸੰਭਾਲ ਕਰਦੇ। ਜੋ ਕੋਈ ਮਨੁੱਖ ਵੀ ਜਾਜਕ ਬਨਣਾ ਚਾਹੁੰਦਾ ਉਸ ਨੂੰ ਬਨਣ ਦੀ ਇਜਾਜ਼ਤ ਦੇ ਦਿੱਤੀ ਜਾਂਦੀ। 34 ਇਹ ਅਮਲ ਯਾਰਾਬੁਆਮ ਦੇ ਪਰਿਵਾਰ ਦਾ ਪਾਪ ਸੀ ਅਤੇ ਇਹ ਉਸ ਦੀ ਤਬਾਹੀ ਅਤੇ ਧਰਤੀ ਤੋਂ ਉਸ ਦੇ ਅਲੋਪ ਹੋਣ ਦਾ ਕਾਰਣ ਬਣਿਆ।

ਯਾਰਾਬੁਆਮ ਦੇ ਪੁੱਤਰ ਦੀ ਮੌਤ

14 ਉਸ ਵੇਲੇ ਯਾਰਾਬੁਆਮ ਦਾ ਪੁੱਤਰ ਅਬੀਯਾਹ ਬਹੁਤ ਬਿਮਾਰ ਪੈ ਗਿਆ। ਯਾਰਾਬੁਆਮ ਨੇ ਆਪਣੀ ਪਤਨੀ ਨੂੰ ਕਿਹਾ, “ਤੂੰ ਸ਼ੀਲੋਹ ਨੂੰ ਜਾ। ਅਤੇ ਵੇਖ ਉੱਥੇ ਅਹੀਯਾਹ ਨਾਂ ਦਾ ਇੱਕ ਨਬੀ ਹੈ ਜਿਸਨੇ ਮੈਨੂੰ ਆਖਿਆ ਸੀ ਕਿ ਤੂੰ ਇਸਰਾਏਲ ਦਾ ਪਾਤਸ਼ਾਹ ਹੋਵੇਂਗਾ। ਤੇ ਤੂੰ ਇੰਝ ਆਪਣਾ ਭੇਸ ਬਦਲ ਕੇ ਜਾਵੀਂ ਤਾਂ ਜੋ ਕੋਈ ਇਹ ਨਾ ਪਛਾਣੇ ਕਿ ਤੂੰ ਪਾਤਸ਼ਾਹ ਦੀ ਰਾਣੀ ਹੈਂ। ਜਾਕੇ ਨਬੀ ਨੂੰ ਦਸ ਰੋਟੀਆਂ, ਕੁਝ ਕੇਕ ਤੇ ਸ਼ਹਿਦ ਦਾ ਇੱਕ ਮਰਤਬਾਨ ਭੇਟ ਕਰੀਂ ਤੇ ਉਸ ਨੂੰ ਜਾਕੇ ਆਪਣੇ ਮੁੰਡੇ ਬਾਰੇ ਪੁੱਛੀ ਤਾਂ ਉਹ ਦੱਸੇਗਾ ਕਿ ਇਸਦਾ ਕੀ ਬਣੇਗਾ!”

ਇਉਂ ਪਾਤਸ਼ਾਹ ਦੀ ਰਾਣੀ ਨੇ ਉਹੀ ਕੀਤਾ ਜਿਵੇਂ ਉਸ ਨੇ ਕਿਹਾ। ਉਹ ਸ਼ੀਲੋਹ ਨੂੰ ਗਈ। ਉੱਥੇ ਅਹੀਯਾਹ ਨਬੀ ਦੇ ਘਰ ਗਈ। ਅਹੀਯਾਹ ਬਹੁਤ ਬੁੱਢਾ ਹੋ ਚੁੱਕਾ ਸੀ ਤੇ ਉਸ ਨੂੰ ਦਿਖਾਈ ਵੀ ਹੁਣ ਕੁਝ ਨਹੀਂ ਸੀ ਦਿੰਦਾ। ਪਰ ਯਹੋਵਾਹ ਨੇ ਉਸ ਨੂੰ ਕਿਹਾ, “ਯਾਰਾਬੁਆਮ ਦੀ ਰਾਣੀ ਤੇਰੇ ਕੋਲ ਆਪਣੇ ਮੁੰਡੇ ਬਾਰੇ ਪੁੱਛਣ ਲਈ ਆ ਰਹੀ ਹੈ ਜੋ ਕਿ ਬੜਾ ਬੀਮਾਰ ਹੈ।” ਤੇ ਯਹੋਵਾਹ ਨੇ ਉਸ ਨੂੰ ਕੀ ਆਖਣਾ ਚਾਹੀਦਾ ਹੈ ਇਹ ਵੀ ਅਹੀਯਾਹ ਨੂੰ ਦੱਸ ਦਿੱਤਾ ਸੀ।

ਯਾਰਾਬੁਆਮ ਦੀ ਰਾਣੀ ਅਹੀਯਾਹ ਦੇ ਘਰ ਪਹੁੰਚੀ। ਉਸ ਨੇ ਪੂਰੀ ਕੋਸ਼ਿਸ਼ ਕੀਤੀ ਕਿ ਲੋਕਾਂ ਨੂੰ ਇਹ ਪਤਾ ਨਾ ਲੱਗੇ ਕਿ ਉਹ ਕੌਣ ਹੈ। ਅਹੀਯਾਹ ਨੇ ਦਰਵਾਜ਼ੇ ਤੇ ਉਸ ਦੇ ਪੈਰਾਂ ਦਾ ਖੜ੍ਹਾਕ ਸੁਣਿਆ ਅਤੇ ਆਖਿਆ, “ਯਾਰਾਬੁਆਮ ਦੀ ਪਤਨੀ, ਅੰਦਰ ਲੰਘ ਆ! ਤੂੰ ਆਪਣਾ ਭੇਸ ਕਿਉਂ ਵਟਾਇਆ ਹੋਇਆ ਹੈ? ਮੇਰੇ ਕੋਲ ਤੇਰੇ ਲਈ ਇੱਕ ਕਠੋਰ ਸੰਦੇਸ਼ ਹੈ। ਜਾ ਵਾਪਸ ਜਾਕੇ ਯਾਰਾਬੁਆਮ ਨੂੰ ਕਹਿ ਦੇ ਕਿ ਯਹੋਵਾਹ, ਇਸਰਾਏਲ ਦੇ ਪਰਮੇਸ਼ੁਰ ਨੇ ਇਹ ਆਖਿਆ ਹੈ, ‘ਹੇ ਯਾਰਾਬੁਆਮ, ਤੈਨੂੰ ਮੈਂ ਸਾਰੇ ਇਸਰਾਏਲ ਦੇ ਲੋਕਾਂ ਵਿੱਚੋਂ ਚੁਣਿਆ, ਅਤੇ ਤੈਨੂੰ ਆਪਣੇ, ਇਸਰਾਏਲ ਦੇ ਲੋਕਾਂ ਉੱਤੇ ਸ਼ਾਸਕ ਬਣਾਇਆ। ਇਸਤੋਂ ਪਹਿਲਾਂ ਦਾਊਦ ਦਾ ਘਰਾਣਾ ਇਸਰਾਏਲ ਉੱਪਰ ਰਾਜ ਕਰਦਾ ਸੀ ਪਰ ਮੈਂ ਉਨ੍ਹਾਂ ਕੋਲੋਂ ਰਾਜ ਖੋਹ ਕੇ ਤੈਨੂੰ ਸੌਂਪਿਆ ਸੀ ਪਰ ਤੂੰ ਮੇਰੇ ਸੇਵਕ ਦਾਊਦ ਵਰਗਾ ਨਹੀਂ ਨਿਕਲਿਆ ਉਸ ਨੇ ਹਮੇਸ਼ਾ ਮੇਰੇ ਹੁਕਮ ਦੀ ਪਾਲਣਾ ਕੀਤੀ ਤੇ ਪੂਰੇ ਤਹਿ ਦਿਲੋਂ ਮੇਰੀ ਆਗਿਆ ਮੰਨੀ ਤੇ ਹਮੇਸ਼ਾ ਉਹੀ ਕੰਮ ਕੀਤੇ ਜਿਨ੍ਹਾਂ ਦੀ ਮੈਂ ਸਵੀਕ੍ਰੀਤੀ ਦਿੱਤੀ। ਪਰ ਤੂੰ ਅਨੇਕਾਂ ਭਿਆਨਕ ਪਾਪ ਕੀਤੇ ਹਨ ਅਤੇ ਪਰ ਤੂੰ ਉਨ੍ਹਾਂ ਸਾਰਿਆਂ ਨਾਲੋਂ ਵੱਧੇਰੇ ਮਾੜਾ ਵਿਹਾਰ ਕੀਤਾ ਹੈ ਜਿਹੜੇ ਤੈਥੋਂ ਪਹਿਲਾਂ ਸਨ। ਤੂੰ ਮੇਰਾ ਕਹਿਣਾ ਮੰਨਣਾ ਛੱਡ ਦਿੱਤਾ। ਅਤੇ ਮੈਨੂੰ ਤੰਗ ਕਰਨ ਲਈ ਆਪਣੀ ਖਾਤਿਰ ਹੋਰ ਦੇਵਤੇ ਅਤੇ ਬੁੱਤ ਬਣਾਉਣੇ ਸ਼ੁਰੂ ਕਰ ਦਿੱਤੇ। 10 ਇਸ ਲਈ, ਯਾਰਾਬੁਆਮ, ਮੈਂ ਤੇਰੇ ਪਰਿਵਾਰ ਉੱਤੇ ਸੰਕਟ ਲਿਆਵਾਂਗਾ ਅਤੇ ਤੇਰੇ ਪਰਿਵਾਰ ਦੇ ਸਾਰੇ ਆਦਮੀਆਂ ਨੂੰ ਮਾਰ ਸੁੱਟਾਂਗਾ। ਮੈਂ ਪੂਰੀ ਤਰ੍ਹਾਂ ਤੇਰਾ ਪਰਿਵਾਰ ਨਸ਼ਟ ਕਰ ਦੇਵਾਂਗਾ ਜਿਵੇਂ ਅੱਗ ਵਿੱਚ ਗੋਹਾ ਸੜਦਾ ਹੈ। 11 ਜੇਕਰ ਤੇਰੇ ਘਰਾਣੇ ਦਾ ਕੋਈ ਵੀ ਸਦੱਸ ਸ਼ਹਿਰ ਵਿੱਚ ਮਰੇਗਾ ਕੁੱਤੇ ਉਸਦੀ ਲਾਸ਼ ਨੂੰ ਖਾਣਗੇ। ਅਤੇ ਜੇ ਕੋਈ ਉਨ੍ਹਾਂ ਵਿੱਚੋਂ ਖੇਤਾਂ ਵਿੱਚ ਮਰੇਗਾ ਆਕਾਸ਼ ਦੇ ਪੰਛੀ ਉਸ ਦੇ ਸਰੀਰ ਨੂੰ ਖਾਣਗੇ। ਇਹ ਯਹੋਵਾਹ ਦਾ ਕਹਿਣਾ ਹੈ।’”

12 ਫ਼ਿਰ ਅਹੀਯਾਹ ਨਬੀ ਲਗਾਤਾਰ ਯਾਰਾਬੁਆਮ ਦੀ ਰਾਣੀ ਨੂੰ ਇੰਝ ਬੋਲਦਾ ਗਿਆ ਅਤੇ ਆਖਿਆ, “ਹੁਣ ਘਰ ਚਲੀ ਜਾ। ਜਦ ਹੀ ਤੂੰ ਆਪਣੇ ਸ਼ਹਿਰ ’ਚ ਪ੍ਰਵੇਸ਼ ਕਰੇਗੀ, ਤੇਰਾ ਪੁੱਤਰ ਮਰ ਜਾਵੇਗਾ। 13 ਸਾਰਾ ਇਸਰਾਏਲ ਉਸ ਦੀ ਮੌਤ ਤੇ ਵਿਰਲਾਪ ਕਰੇਗਾ ਅਤੇ ਉਸ ਨੂੰ ਦਫ਼ਨਾ ਦੇਵੇਗਾ। ਸਿਰਫ਼ ਇੱਕ ਤੇਰਾ ਪੁੱਤਰ ਹੀ ਹੈ ਦਫ਼ਨਾਇਆ ਜਾਵੇਗਾ ਕਿਉਂ ਕਿ ਯਾਰਾਬੁਆਮ ਦੇ ਪਰਿਵਾਰ ਵਿੱਚ, ਸਿਰਫ਼ ਉਹੀ ਇੱਕ ਸੀ, ਜਿਸ ਵਿੱਚ ਇਸਰਾਏਲ ਦਾ ਯਹੋਵਾਹ ਪਰਮੇਸ਼ੁਰ, ਕੁਝ ਚੰਗਾ ਲੱਭ ਸੱਕਦਾ ਸੀ। 14 ਯਹੋਵਾਹ ਇਸਰਾਏਲ ਉੱਪਰ ਨਵਾਂ ਪਾਤਸ਼ਾਹ ਥਾਪੇਗਾ ਅਤੇ ਉਹ ਨਵਾਂ ਪਾਤਸ਼ਾਹ ਯਾਰਾਬੁਆਮ ਦੇ ਘਰਾਣੇ ਨੂੰ ਤਬਾਹ ਕਰ ਦੇਵੇਗਾ। ਇਹ ਸਭ ਕੁਝ ਬਹੁਤ ਜਲਦੀ ਵਾਪਰਨ ਵਾਲਾ ਹੈ। 15 ਯਹੋਵਾਹ ਇਸਰਾਏਲ ਨੂੰ ਮਾਰੇਗਾ ਅਤੇ ਇਹ ਪਾਣੀ ਵਿੱਚ ਝੂਲਦੀ ਲੰਬੀ ਘਾਹ ਵਾਂਗ ਹੋਵੇਗਾ। ਉਹ ਇਸਰਾਏਲ ਨੂੰ ਚੰਗੀ ਜ਼ਮੀਨ ਵਿੱਚੋਂ ਉਖਾੜ ਦੇਵੇਗਾ ਜਿਹੜੀ ਉਸ ਨੇ ਉਨ੍ਹਾਂ ਦੇ ਪੁਰਖਿਆਂ ਨੂੰ ਦਿੱਤੀ ਸੀ। ਅਤੇ ਉਨ੍ਹਾਂ ਨੂੰ ਫ਼ਰਾਤ ਦਰਿਆ ਦੇ ਪਾਰ ਬਿਖੇਰ ਦੇਵੇਗਾ ਕਿਉਂ ਕਿ ਉਨ੍ਹਾਂ ਨੇ ਅਸ਼ੇਰਾਹ ਲਈ ਥੰਮ੍ਹ ਬਣਾਕੇ ਯਹੋਵਾਹ ਨੂੰ ਨਾਰਾਜ਼ ਕਰ ਦਿੱਤਾ। 16 ਯਾਰਾਬੁਆਮ ਨੇ ਪਾਪ ਕੀਤੇ ਤੇ ਫ਼ਿਰ ਉਸ ਨੇ ਆਪਣੇ ਪਾਪਾਂ ਦੇ ਕਾਰਣ ਇਸਰਾਏਲ ਨੂੰ ਪਾਪੀ ਬਣਾਇਆ। ਇਸ ਲਈ ਯਹੋਵਾਹ ਇਸਰਾਏਲ ਦੇ ਲੋਕਾਂ ਨੂੰ ਹਾਰ ਦੇ ਦੇਵੇਗਾ।”

17 ਤਦ ਯਾਰਾਬੁਆਮ ਦੀ ਪਤਨੀ ਉੱਠੀ ਅਤੇ ਤਿਰਜ਼ਾਹ ਨੂੰ ਵਾਪਸ ਚਲੀ ਗਈ। ਜਦੋਂ ਹੀ ਘਰ ਅੰਦਰ ਦਾਖਲ ਹੋਈ ਉਸਦਾ ਪੁੱਤਰ ਮਰ ਗਿਆ। 18 ਸਾਰੇ ਇਸਰਾਏਲੀ ਉਸ ਲਈ ਕੁਰਲਾਏ ਅਤੇ ਉਸ ਨੂੰ ਦਫ਼ਨਾਅ ਆਏ। ਇਹ ਸਭ ਕੁਝ ਉਵੇਂ ਹੀ ਹੋਇਆ ਜਿਵੇਂ ਯਹੋਵਾਹ ਨੇ ਫ਼ੁਰਮਾਇਆ ਸੀ। ਯਹੋਵਾਹ ਨੇ ਆਪਣੇ ਸੇਵਕ ਨਬੀ ਅਹੀਯਾਹ ਦੇ ਮੂੰਹੋਂ ਇਹ ਬਚਨ ਬੁਲਵਾਏ ਸਨ।

19 ਰਾਜਾ ਯਾਰਾਬੁਆਮ ਨੇ ਹੋਰ ਵੀ ਅਜਿਹਾ ਬਹੁਤ ਕੁਝ ਕੀਤਾ ਸੀ। ਉਸ ਨੇ ਜੰਗਾਂ ਲੜੀਆਂ ਅਤੇ ਲਗਾਤਾਰ ਲੋਕਾਂ ਤੇ ਰਾਜ ਕਰਦਾ ਰਿਹਾ। ਉਸ ਦੇ ਕਾਰਨਾਮੇ ਇਸਰਾਏਲੀ ਪਾਤਸ਼ਾਹਾਂ ਦੇ ਇਤਹਾਸ ਦੀ ਪੁਸਤਕ ਵਿੱਚ ਲਿਖੇ ਹੋਏ ਹਨ। 20 ਯਾਰਾਬੁਆਮ ਨੇ ਪਾਤਸ਼ਾਹ ਦੇ ਤੌਰ ਤੇ 22 ਵਰ੍ਹੇ ਰਾਜ ਕੀਤਾ ਉਸ ਤੋਂ ਉਪਰੰਤ ਉਸਦੀ ਮੌਤ ਹੋ ਗਈ ਅਤੇ ਉਹ ਆਪਣੇ ਪੁਰਖਿਆਂ ਕੋਲ ਦਫ਼ਨਾਇਆ ਗਿਆ। ਉਸਤੋਂ ਬਾਅਦ ਉਸਦਾ ਪੁੱਤਰ ਨਾਦਾਬ ਰਾਜਾ ਬਣਿਆ।

ਯਹੂਦਾਹ ਦਾ ਪਾਤਸ਼ਾਹ, ਰਹਬੁਆਮ

21 ਸੁਲੇਮਾਨ ਦਾ ਪੁੱਤਰ ਰਹਬੁਆਮ ਯਹੂਦਾਹ ਵਿੱਚ ਪਾਤਸ਼ਾਹ ਸੀ। ਜਦੋਂ ਉਹ 41 ਸਾਲਾਂ ਦਾ ਸੀ ਉਸ ਨੇ ਰਾਜ ਕਰਨਾ ਸ਼ੁਰੂ ਕੀਤਾ ਅਤੇ 17 ਸਾਲ ਯਰੂਸ਼ਲਮ ਵਿੱਚ ਰਾਜ ਕੀਤਾ, ਜਿਸ ਸਹਿਰ ਨੂੰ ਯਹੋਵਾਹ ਨੇ ਆਪਣਾ ਨਾਮ ਰੱਖਣ ਲਈ ਇਸਰਾਏਲ ਦੇ ਸਾਰੇ ਘਰਾਣਿਆਂ ਵਿੱਚੋਂ ਚੁਣਿਆ ਸੀ। ਉਸਦੀ ਮਾਂ ਦਾ ਨਾਂ ਨਆਮਾਹ ਸੀ ਜੋ ਅੰਮੋਨਣ ਸੀ।

22 ਯਹੂਦਾਹ ਦੇ ਲੋਕਾਂ ਨੇ ਉਹ ਕੁਝ ਕੀਤਾ ਜੋ ਯਹੋਵਾਹ ਦੀ ਨਜ਼ਰ ਵਿੱਚ ਬੁਰਾ ਸੀ ਇਹੀ ਨਹੀਂ ਸਗੋਂ ਉਨ੍ਹਾਂ ਨੇ ਯਹੋਵਾਹ ਨੂੰ ਭੜਕਾਉਣ ਲਈ ਹੋਰ ਵੀ ਇਸ ਤੋਂ ਵੱਧ ਬੁਰੇ ਕੰਮ ਕੀਤੇ। ਇਹ ਲੋਕ ਆਪਣੇ ਪੁਰਖਿਆਂ ਤੋਂ ਵੀ ਵੱਧ ਭੈੜੇ ਸਨ। 23 ਲੋਕਾਂ ਨੇ ਆਪਣੇ ਲਈ ਉੱਚਿਆਂ ਥਾਵਾਂ ਨੂੰ ਬਣਾਇਆ ਅਤੇ ਹਰ ਉੱਚੇ ਪਹਾੜ ਉੱਤੇ ਹਰ ਬਿਰਛ ਦੇ ਹੇਠਾਂ ਉੱਚੇ ਥਾਵਾਂ ਨੂੰ ਅਤੇ ਯਾਦਗਾਰੀ ਬੁੱਤ ਅਤੇ ਝੂਠੇ ਪੂਜਨੀਕ ਥੰਮ ਖੜ੍ਹੇ ਕੀਤੇ। 24 ਓੱਥੇ ਕੁਝ ਅਜਿਹੇ ਆਦਮੀ ਵੀ ਸਨ ਜਿਨ੍ਹਾਂ ਨੇ ਆਪਣੇ ਸਰੀਰ ਕਾਮ ਵਾਸਨਾ ਲਈ ਵੇਚ ਕੇ ਦੂਸਰੇ ਦੇਵਤਿਆਂ ਦੀ ਸੇਵਾ ਕੀਤੀ। ਸੋ ਯਹੂਦਾਹ ਦੇ ਲੋਕਾਂ ਨੇ ਅਨੇਕਾਂ ਬੁਰੇ ਕੰਮ ਕੀਤੇ। ਜਿਹੜੇ ਲੋਕ ਪਹਿਲਾਂ ਇਸ ਧਰਤੀ ਤੇ ਰਹਿ ਚੁੱਕੇ ਸਨ, ਉਨ੍ਹਾਂ ਨੇ ਵੀ ਅਜਿਹੇ ਹੀ ਕੁਕਰਮ ਕੀਤੇ ਸਨ, ਇਸ ਲਈ ਪਰਮੇਸ਼ੁਰ ਨੇ ਉਨ੍ਹਾਂ ਕੋਲੋਂ ਉਨ੍ਹਾਂ ਦੀ ਜ਼ਮੀਨ ਖੋਹਕੇ ਇਸਰਾਏਲੀਆਂ ਨੂੰ ਦੇ ਦਿੱਤੀ।

25 ਰਹਬੁਆਮ ਦੇ ਰਾਜ ਦੇ ਪੰਜ ਸਾਲ ਮਿਸਰ ਦੇ ਪਾਤਸ਼ਾਹ ਸ਼ੀਸਕ ਨੇ ਯਰੂਸ਼ਲਮ ਉੱਪਰ ਹਮਲਾ ਕਰ ਦਿੱਤਾ। 26 ਉਸ ਨੇ ਯਹੋਵਾਹ ਦੇ ਮੰਦਰ ਅਤੇ ਪਾਤਸ਼ਾਹ ਦੇ ਮਹਿਲ ਦਾ ਖਜ਼ਾਨਾ ਲੁੱਟ ਲਿਆ। ਉਸ ਨੇ ਸੁਲੇਮਾਨ ਦੀਆਂ ਬਣਵਾਈਆਂ ਸੋਨੇ ਦੀਆਂ ਢਾਲਾਂ ਵੀ ਲੈ ਲਈਆਂ। 27 ਤਾਂ ਰਹਬੁਆਮ ਪਾਤਸ਼ਾਹ ਨੇ ਉਸ ਥਾਂ ਤੇ ਹੋਰ ਨਵੀਆਂ ਢਾਲਾਂ ਬਣਵਾ ਕੇ ਰੱਖੀਆਂ ਪਰ ਹੁਣ ਇਹ ਢਾਲਾਂ ਤਾਂਬੇ ਦੀਆਂ ਬਣਵਾਈਆਂ ਗਈਆਂ ਸਨ ਨਾ ਕਿ ਸੋਨੇ ਦੀਆਂ। ਉਸ ਨੇ ਇਹ ਢਾਲਾਂ ਉਨ੍ਹਾਂ ਦਰਬਾਨਾਂ ਨੂੰ ਦਿੱਤੀਆਂ ਜਿਹੜੇ ਕਿ ਮਹਿਲ ਦੇ ਦਰਵਾਜ਼ਿਆਂ ਦੀ ਰੱਖਿਆ ਕਰਦੇ ਸਨ। 28 ਜਦ ਵੀ ਪਾਤਸ਼ਾਹ ਯਹੋਵਾਹ ਦੇ ਮੰਦਰ ਨੂੰ ਜਾਂਦਾ ਦਰਬਾਨ ਉਸ ਦੇ ਨਾਲ ਜਾਂਦੇ ਅਤੇ ਉਨ੍ਹਾਂ ਦੇ ਹੱਥਾਂ ਵਿੱਚ ਢਾਲਾਂ ਹੁੰਦੀਆਂ। ਤੇ ਜਦੋਂ ਵਾਪਸ ਪਰਤਦੇ ਤਾਂ ਉਨ੍ਹਾਂ ਢਾਲਾਂ ਨੂੰ ਫ਼ਿਰ ਨਿਗਾਹਬਾਨਾਂ ਦੀ ਕੋਠੜੀ ਵਿੱਚ ਰੱਖ ਦਿੰਦੇ ਸਨ।

29 ਇਹ ਸਭ ਕਾਰਨਾਮੇ ਜੋ ਰਹਬੁਆਮ ਪਾਤਸ਼ਾਹ ਨੇ ਕੀਤੇ। ਯਹੂਦਾਹ ਦੇ ਰਾਜਿਆਂ ਦੇ ਇਤਹਾਸ ਦੀ ਪੋਥੀ ਵਿੱਚ ਲਿਖੇ ਹੋਏ ਹਨ। 30 ਰਹਬੁਆਮ ਅਤੇ ਯਾਰਾਬੁਆਮ ਸਾਰੀ ਉਮਰ ਇੱਕ ਦੂਜੇ ਨਾਲ ਲੜਾਈ ਲੜਦੇ ਰਹੇ।

31 ਰਹਬੁਆਮ ਦੇ ਮਰਨ ਤੋਂ ਬਾਅਦ ਉਸ ਨੂੰ ਉਸ ਦੇ ਪੁਰਖਿਆਂ ਕੋਲ ਦਫ਼ਨਾਇਆ ਗਿਆ। ਉਸ ਨੂੰ ਆਪਣੇ ਪੁਰਖਿਆਂ ਦੇ ਸ਼ਹਿਰ “ਦਾਊਦ ਦੇ ਸ਼ਹਿਰ” ਵਿੱਚ ਦਫ਼ਨਾਇਆ ਗਿਆ। (ਉਸਦੀ ਮਾਂ ਨਾਅਮਾਹ ਸੀ ਜੋ ਕਿ ਅੰਮੋਨਣ ਸੀ) ਰਹਬੁਆਮ ਦਾ ਪੁੱਤਰ ਅਬੀਯਾਮ ਉਸ ਦੇ ਉਪਰੰਤ ਪਾਤਸ਼ਾਹ ਬਣਿਆ।

Punjabi Bible: Easy-to-Read Version (ERV-PA)

2010 by World Bible Translation Center