Beginning
ਸੁਲੇਮਾਨ ਦੀ ਸਿਆਣਪ ਲਈ ਮੰਗ
3 ਸੁਲੇਮਾਨ ਨੇ ਫ਼ਿਰਊਨ, ਮਿਸਰ ਦੇ ਰਾਜੇ ਦੀ ਧੀ ਨਾਲ ਵਿਆਹ ਕੀਤਾ ਅਤੇ ਉਸ ਨਾਲ ਇੱਕ ਇਕਰਾਰਨਾਮਾ ਕੀਤਾ। ਉਹ ਉਸ ਨੂੰ ਦਾਊਦ ਦੇ ਸ਼ਹਿਰ ਵਿੱਚ ਲੈ ਆਇਆ। ਉਸਦਾ ਮਹਿਲ ਅਤੇ ਯਹੋਵਾਹ ਦਾ ਮੰਦਰ ਉਸ ਵਕਤ ਹਾਲੇ ਬਣ ਰਹੇ ਸਨ। ਉਹ ਯਰੂਸ਼ਲਮ ਦੇ ਦੁਆਲੇ ਇੱਕ ਕੰਧ ਵੀ ਉਸਾਰ ਰਿਹਾ ਸੀ। 2 ਮੰਦਰ ਦਾ ਨਿਰਮਾਣ ਅਜੇ ਪੂਰਾ ਨਹੀਂ ਸੀ ਹੋਇਆ ਤਾਂ ਲੋਕ ਅਜੇ ਵੀ ਉੱਚੀਆਂ ਥਾਵਾਂ ਉੱਪਰ ਅਤੇ ਜਗਵੇਦੀਆਂ ਉੱਪਰ ਬਲੀਆਂ ਚੜ੍ਹਾਉਂਦੇ ਸਨ। 3 ਸੁਲੇਮਾਨ ਨੇ ਇਹ ਦਰਸਾਇਆ ਕਿ ਉਹ ਯਹੋਵਾਹ ਨੂੰ ਬਹੁਤ ਪਿਆਰ ਕਰਦਾ ਹੈ। ਇਹ ਸਭ ਜਿਵੇਂ ਉਸ ਦੇ ਪਿਤਾ ਦਾਊਦ ਨੇ ਉਸ ਨੂੰ ਦੱਸਿਆ ਹੋਇਆ ਸੀ, ਉਸ ਅਨੁਸਾਰ ਉਸਦੀ ਆਗਿਆ ਦਾ ਪਾਲਨ ਕਰਕੇ ਦਰਸਾਇਆ। ਪਰ ਸੁਲੇਮਾਨ ਨੇ ਕੁਝ ਉਹ ਵੀ ਕੀਤਾ ਜੋ ਉਸ ਦੇ ਪਿਤਾ ਦਾਊਦ ਨੇ ਉਸ ਨੂੰ ਕਰਨ ਨੂੰ ਨਹੀਂ ਸੀ ਕਿਹਾ। ਸੁਲੇਮਾਨ ਅਜੇ ਵੀ ਉੱਚੀਆਂ ਥਾਵਾਂ ਉੱਪਰ ਬਲੀਆਂ ਚੜ੍ਹਾਉਂਦਾ ਸੀ ਅਤੇ ਧੂਪ ਧੁਖਾਉਂਦਾ ਸੀ।
4 ਸੁਲੇਮਾਨ ਪਾਤਸ਼ਾਹ ਬਲੀ ਚੜ੍ਹਾਉਣ ਲਈ ਗਿਬਓਨ ਨੂੰ ਗਿਆ, ਓੱਥੇ ਉਹ ਇਸ ਲਈ ਗਿਆ ਕਿਉਂ ਕਿ ਉਹ ਸਭ ਤੋਂ ਵੱਧ ਮਹੱਤਵਪੂਰਣ ਉੱਚੀ ਥਾਂ ਸੀ, ਉਸ ਜਗਵੇਦੀ ਉੱਪਰ ਸੁਲੇਮਾਨ ਨੇ ਉਸ ਜਗਵੇਦੀ ਉੱਤੇ 1,000 ਭੇਟਾਂ ਚੜ੍ਹਾਈਆਂ। 5 ਜਦੋਂ ਸੁਲੇਮਾਨ ਅਜੇ ਗਿਬਓਨ ਵਿੱਚ ਹੀ ਸੀ, ਰਾਤ ਦੇ ਵਕਤ ਯਹੋਵਾਹ ਸੁਲੇਮਾਨ ਨੂੰ ਇੱਕ ਸੁਪਨੇ ਵਿੱਚ ਪ੍ਰਗਟ ਹੋਇਆ ਅਤੇ ਆਖਿਆ, “ਜੋ ਤੂੰ ਚਾਹੇਂ ਮੰਗ ਲੈ ਅਤੇ ਮੈਂ ਤੈਨੂੰ ਦੇਵਾਂਗਾ।”
6 ਸੁਲੇਮਾਨ ਨੇ ਜਵਾਬ ਦਿੱਤਾ, “ਤੂੰ, ਮੇਰੇ ਪਿਤਾ ਦਾਊਦ ਤੇ ਬਹੁਤ ਦਯਾਲੂ ਸੀ, ਜੋ ਕਿ ਤੇਰਾ ਸੇਵਕ ਸੀ, ਕਿਉਂ ਕਿ ਉਸ ਨੇ ਵਫ਼ਾਦਾਰੀ ਨਿਆਂ ਅਤੇ ਸਾਫ਼ ਦਿਲ ਨਾਲ ਤੇਰਾ ਅਨੁਸਰਣ ਕੀਤਾ। ਤੂੰ ਉਸ ਦੇ ਪੁੱਤਰ ਨੂੰ ਉਸ ਦੇ ਸਿੰਘਾਸਣ ਉੱਤੇ ਬੈਠਣ ਅਤੇ ਉਸਦੀ ਮੌਤ ਤੋਂ ਬਾਅਦ ਹਕੂਮਤ ਕਰਨ ਦਿੱਤੀ। 7 ਹੇ ਯਹੋਵਾਹ ਮੇਰੇ ਪਰਮੇਸ਼ੁਰ, ਤੂੰ ਮੈਨੂੰ ਮੇਰੇ ਪਿਤਾ ਦੀ ਥਾਵੇਂ ਸਿੰਘਾਸਣ ਗੱਦੀ ਉੱਪਰ ਬੈਠਣ ਦੀ ਆਗਿਆ ਦਿੱਤੀ ਹੈ, ਪਰ ਮੈਂ ਇੱਕ ਛੋਟਾ ਬੱਚਾ ਹਾਂ ਅਤੇ ਲੋਕਾਂ ਦੀ ਅਗਵਾਈ ਲਈ ਅਨੁਭਵ ਦਾ ਕੱਚਾ ਹਾਂ। 8 ਇੱਥੇ ਮੈਂ ਤੇਰਾ ਸੇਵਕ, ਤੇਰੇ ਚੁਣੇ ਹੋਏ ਲੋਕਾਂ ਦਰਮਿਆਨ ਖੜ੍ਹਾ ਹਾਂ। ਉਹ ਇੰਨੇ ਹਨ ਕਿ ਗਿਣੇ ਨਹੀਂ ਜਾ ਸੱਕਦੇ ਇਸ ਲਈ ਸ਼ਾਸਕ ਨੂੰ ਉਨ੍ਹਾਂ ਵਿੱਚਕਾਰ ਅਨੇਕਾਂ ਫੈਸਲੇ ਕਰਨੇ ਹੁੰਦੇ ਹਨ। 9 ਇਸ ਲਈ ਮੈਂ ਤੈਥੋਂ ਸਿਆਣਪ ਮੰਗਦਾ ਹਾਂ ਜੋ ਮੈ ਤੇਰੇ ਲੋਕਾਂ ਨੂੰ ਸਹੀ ਨਿਆਂ ਦੇ ਸੱਕਾਂ ਅਤੇ ਇਹ ਮੇਰੇ ਚੰਗੇ ਅਤੇ ਬੁਰੇ ਵਿੱਚਕਾਰ ਪਰੱਖ ਕਰਨ ਵਿੱਚ ਵੀ ਸਹਾਇਤਾ ਕਰੇਗੀ। ਇਸ ਮਹਾਨ ਸਿਆਣਪ ਤੋਂ ਬਿਨਾ, ਇੰਨੇ ਵਿਸ਼ਾਲ ਲੋਕਾਂ ਉੱਪਰ ਸ਼ਾਸਨ ਕਰਨਾ ਅਸੰਭਵ ਹੈ।”
10 ਯਹੋਵਾਹ ਬਹੁਤ ਪ੍ਰਸੰਨ ਹੋਇਆ ਕਿ ਸੁਲੇਮਾਨ ਨੇ ਸਿਆਪਣ ਦੀ ਮੰਗ ਕੀਤੀ ਸੀ। 11 ਤਾਂ ਪਰਮੇਸ਼ੁਰ ਨੇ ਉਸ ਨੂੰ ਕਿਹਾ, “ਤੂੰ ਆਪਣੇ ਲਈ ਮੇਰੇ ਕੋਲੋਂ ਜੀਵਨ ਨਹੀਂ ਮੰਗਿਆ ਨਾ ਹੀ ਤੂੰ ਆਪਣੇ ਲਈ ਮੇਰੇ ਕੋਲੋਂ ਅਮੀਰੀ ਅਤੇ ਧੰਨ-ਦੌਲਤ ਮੰਗੇ। ਨਾ ਹੀ ਤੂੰ ਆਪਣੇ ਦੁਸ਼ਮਣਾਂ ਲਈ ਮੌਤ ਮੰਗੀ ਸਗੋਂ ਤੂੰ ਲੋਕਾਂ ਨੂੰ ਸੁਣਨ ਅਤੇ ਨਿਆਂ ਦੇਣ ਲਈ ਆਪਣੇ ਲਈ ਬੁੱਧ ਮੰਗੀ ਹੈ। 12 ਇਸ ਲਈ ਮੈਂ ਤੇਰੀਆਂ ਗੱਲਾਂ ਦੇ ਮੁਤਾਬਕ ਕਰਾਂਗਾ ਮੈਂ ਤੈਨੂੰ ਬੁੱਧ ਅਤੇ ਸਿਆਣਪ ਬਖਸ਼ਾਂਗਾ। ਮੈਂ ਤੈਨੂੰ ਇੰਨੀ ਬੁੱਧ ਬਖਸ਼ਾਂਗਾ ਜਿੰਨੀ ਕਿ ਤੇਰੇ ਤੋਂ ਪਹਿਲਾਂ ਕਿਸੇ ਕੋਲ ਨਾ ਹੋਈ ਹੋਵੇ ਅਤੇ ਨਾ ਹੀ ਭਵਿੱਖ ਵਿੱਚ ਤੇਰਾ ਕੋਈ ਸਾਨੀ ਹੋਵੇਗਾ। 13 ਇਸ ਦੇ ਇਲਾਵਾ ਤੈਨੂੰ ਉਹ ਵਸਤਾਂ ਇਨਾਮ ਦੇ ਤੌਰ ਤੇ ਦੇਵਾਂਗਾ ਜੋ ਤੂੰ ਨਹੀਂ ਮੰਗੀਆਂ। ਤੈਨੂੰ ਤਮਾਮ ਜ਼ਿੰਦਗੀ ਅਮੀਰੀ ਅਤੇ ਖੁਸ਼ੀਆਂ ਤੇ ਮਾਨ ਸੰਮਾਨ ਪ੍ਰਾਪਤ ਹੋਵੇਗਾ ਅਤੇ ਤੇਰੇ ਤੋਂ ਵੱਡਾ ਪਾਤਸ਼ਾਹ ਦੁਨੀਆਂ ਵਿੱਚ ਨਾ ਹੋਇਆ ਹੈ ਨਾ ਹੋਵੇਗਾ। 14 ਜੇਕਰ ਤੂੰ ਮੇਰੇ ਰਾਹਾਂ ਤੇ ਚੱਲੇਂਗਾ ਅਤੇ, ਮੇਰੀਆਂ ਬਿਧੀਆਂ ਅਤੇ ਹੁਕਮਾਂ ਦਾ ਪਾਲਣ ਕਰੇਂਗਾ, ਜਿਵੇਂ ਤੇਰੇ ਪਿਤਾ ਦਾਊਦ ਨੇ ਕੀਤਾ, ਤਾਂ ਮੈਂ ਤੈਨੂੰ ਇੱਕ ਲੰਬਾ ਜੀਵਨ ਦੇਵਾਂਗਾ।”
15 ਸੁਲੇਮਾਨ ਜਾਗ ਪਿਆ। ਉਹ ਜਾਣਦਾ ਸੀ ਕਿ ਪਰਮੇਸ਼ੁਰ ਨੇ ਉਸ ਨਾਲ ਸੁਪਨੇ ਵਿੱਚ ਗੱਲ ਕੀਤੀ ਸੀ। ਫ਼ਿਰ ਉਹ ਯਰੂਸ਼ਲਮ ਵਿੱਚ ਆਇਆ ਅਤੇ ਯਹੋਵਾਹ ਦੇ ਇਕਰਾਰਨਾਮੇ ਦੇ ਸੰਦੂਕ ਦੇ ਅੱਗੇ ਖਲੋ ਗਿਆ। ਉਸ ਨੇ ਯਹੋਵਾਹ ਨੂੰ ਹੋਮ ਦੀਆਂ ਭੇਟਾਂ ਅਤੇ ਸੁੱਖ-ਸਾਂਦ ਦੀਆਂ ਭੇਟਾਂ ਚੜ੍ਹਾਈਆਂ ਫਿਰ ਉਸ ਨੇ ਉਨ੍ਹਾਂ ਸਭ ਆਗੂਆਂ ਅਤੇ ਕਰਮਚਾਰੀਆਂ ਨੂੰ, ਜਿਨ੍ਹਾਂ ਨੇ ਉਸਦੀ ਰਾਜ ਵਿੱਚ ਹਕੂਮਤ ਕਰਨ ਵਿੱਚ ਮਦਦ ਕੀਤੀ ਸੀ, ਦਾਅਵਤ ਦਿੱਤੀ।
ਸੁਲੇਮਾਨ ਦਾ ਸਿਆਣਪ
16 ਇੱਕ ਦਿਨ ਦੋ ਔਰਤਾਂ ਜਿਹੜੀਆਂ ਕਿ ਵੇਸਵਾਵਾਂ ਸਨ, ਪਾਤਸ਼ਾਹ ਦੇ ਸਾਹਮਣੇ ਆ ਖਲੋਤੀਆਂ। 17 ਉਨ੍ਹਾਂ ਵਿੱਚ ਇੱਕ ਔਰਤ ਨੇ ਕਿਹਾ, “ਮਹਾਰਾਜ! ਇਹ ਔਰਤ ਅਤੇ ਮੈਂ ਇੱਕੋ ਹੀ ਘਰ ਵਿੱਚ ਰਹਿੰਦੀਆਂ ਹਾਂ। ਅਸੀਂ ਦੋਨੋ ਹੀ ਗਰਭਵਤੀਆਂ ਸੀ ਅਤੇ ਬੱਚੇ ਜਣਨ ਵਾਲੀਆਂ ਸਾਂ। ਮੈਂ ਆਪਣੇ ਬੱਚੇ ਨੂੰ ਜਦੋਂ ਜਨਮ ਦਿੱਤਾ ਉਸ ਵਕਤ ਇਹ ਮੇਰੇ ਕੋਲ ਹੀ ਸੀ। 18 ਤਿੰਨਾਂ ਦਿਨਾਂ ਬਾਅਦ ਇਸ ਔਰਤ ਨੇ ਵੀ ਆਪਣੇ ਬੱਚੇ ਨੂੰ ਜਨਮ ਦਿੱਤਾ। ਸਾਡੇ ਨਾਲ ਘਰ ਵਿੱਚ ਹੋਰ ਕੋਈ ਵੀ ਮਨੁੱਖ ਨਹੀਂ ਸੀ, ਸਿਰਫ਼ ਅਸੀਂ ਦੋਨੋ ਹੀ ਘਰ ਵਿੱਚ ਸਾਂ। 19 ਇੱਕ ਰਾਤ, ਉਸ ਔਰਤ ਦਾ ਬੱਚਾ ਮਰ ਗਿਆ ਕਿਉਂ ਕਿ ਉਹ ਉਸ ਉੱਤੇ ਪੈ ਗਈ ਸੀ। 20 ਇਸ ਲਈ ਰਾਤ ਦੇ ਵੇਲੇ ਜਦੋਂ ਮੈਂ ਸੁੱਤੀ ਹੋਈ ਸੀ, ਇਸਨੇ ਮੇਰੇ ਬਿਸਤਰ ਤੋਂ ਮੇਰਾ ਬੱਚਾ ਚੁੱਕ ਲਿਆ ਅਤੇ ਉਹ ਮਰਿਆ ਹੋਇਆ ਬੱਚਾ ਮੇਰੇ ਬਿਸਤਰੇ ਤੇ ਪਾ ਦਿੱਤਾ। 21 ਅਗਲੀ ਸਵੇਰ ਮੈਂ ਆਪਣੇ ਬੱਚੇ ਨੂੰ ਜਦੋਂ ਦੁੱਧ ਪਿਲਾਉਣ ਲਈ ਉੱਠੀ ਤਾਂ ਮੈਂ ਵੇਖਿਆ ਕਿ ਬੱਚਾ ਤਾਂ ਮਰਿਆ ਪਿਆ ਹੈ, ਤਾਂ ਮੈਂ ਇਸ ਬੱਚੇ ਨੂੰ ਹੋਰ ਨਜ਼ਦੀਕ ਤੋਂ ਵੇਖਿਆ ਤਾਂ ਮੈਂ ਜਾਣਿਆ ਕਿ ਇਹ ਮੇਰਾ ਬੱਚਾ ਨਹੀਂ ਹੈ।”
22 ਪਰ ਦੂਜੀ ਔਰਤ ਨੇ ਕਿਹਾ, “ਨਹੀਂ! ਇਹ ਜਿਉਂਦਾ ਬੱਚਾ ਮੇਰਾ ਹੈ ਅਤੇ ਮਰਿਆ ਹੋਇਆ ਤੇਰਾ ਹੈ।”
ਪਰ ਪਹਿਲੀ ਔਰਤ ਨੇ ਆਖਿਆ, “ਨਹੀਂ, ਤੂੰ ਗ਼ਲਤ ਹੈਂ। ਮਰਿਆ ਹੋਇਆ ਬੱਚਾ ਤੇਰਾ ਹੈ ਤੇ ਜਿਉਂਦਾ ਮੇਰਾ ਹੈ!” ਇਸ ਲਈ ਦੋਵੇਂ ਔਰਤਾਂ ਨੇ ਰਾਜੇ ਦੇ ਸਾਹਮਣੇ ਦਲੀਲ ਬਾਜੀ ਕੀਤੀ।
23 ਫ਼ਿਰ ਸੁਲੇਮਾਨ ਪਾਤਸਾਹ ਨੇ ਕਿਹਾ, “ਤੁਸੀਂ ਦੋਨੋ ਹੀ ਇਹ ਆਖ ਰਹੀਆਂ ਹੋ ਕਿ ਜਿਉਂਦਾ ਬੱਚਾ ਤੁਹਾਡਾ ਹੈ ਅਤੇ ਮੋਇਆ ਬੱਚਾ ਤੁਹਾਡਾ ਦੋਨਾਂ ਦਾ ਨਹੀਂ ਹੈ।” 24 ਤਦ ਸੁਲੇਮਾਨ ਪਾਤਸ਼ਾਹ ਨੇ ਆਪਣੇ ਦਾਸ ਨੂੰ ਤਲਵਾਰ ਲੈਣ ਲਈ ਭੇਜਿਆ। 25 ਅਤੇ ਸੁਲੇਮਾਨ ਪਾਤਸ਼ਾਹ ਨੇ ਆਖਿਆ, “ਇਸ ਬੱਚੇ ਨੂੰ ਦੋ ਹਿਸਿਆਂ ਵਿੱਚ ਵੱਢ ਸੁੱਟੋ ਅਤੇ ਇੱਕ-ਇੱਕ ਹਿੱਸਾ ਇਨ੍ਹਾਂ ਦੋਨਾਂ ਔਰਤਾਂ ਨੂੰ ਦੇ ਦੇਵੋ।”
26 ਦੂਜੀ ਔਰਤ ਨੇ ਕਿਹਾ, “ਇਹ ਠੀਕ ਹੈ, ਬੱਚੇ ਦੇ ਦੋ ਟੁਕੜੇ ਕਰ ਦੇਵੋ ਫ਼ਿਰ ਸਾਡੇ ਦੋਹਾਂ ਵਿੱਚੋਂ ਬੱਚਾ ਕਿਸੇ ਨੂੰ ਵੀ ਨਹੀਂ ਮਿਲੇਗਾ।” ਪਰ ਪਹਿਲੀ ਔਰਤ, ਜਿਹੜੀ ਕਿ ਅਸਲੀ ਮਾਂ ਸੀ, ਆਪਣੇ ਪੁੱਤਰ ਲਈ ਰਹਿਮ ਨਾਲ ਭਰੀ ਹੋਈ ਨੇ ਰਾਜੇ ਨੂੰ ਕਿਹਾ, “ਮਾਲਕ ਕ੍ਰਿਪਾ ਕਰਕੇ ਬੱਚੇ ਨੂੰ ਨਾ ਮਾਰੋ, ਇਸ ਨੂੰ ਉਸ ਨੂੰ ਹੀ ਦੇ ਦੇਵੋ।”
27 ਤਦ ਸੁਲੇਮਾਨ ਪਾਤਸ਼ਾਹ ਨੇ ਕਿਹਾ, “ਬੱਚੇ ਨੂੰ ਨਾ ਮਾਰੋ। ਇਹ ਬੱਚਾ ਪਹਿਲੀ ਔਰਤ ਨੂੰ ਦੇ ਦੇਵੋ, ਇਹੀ ਉਸਦੀ ਅਸਲੀ ਮਾਂ ਹੈ।”
28 ਇਸਰਾਏਲ ਦੇ ਲੋਕਾਂ ਨੇ ਸੁਲੇਮਾਨ ਪਾਤਸ਼ਾਹ ਦੇ ਫ਼ੈਸਲੇ ਨੂੰ ਸੁਣਿਆ ਅਤੇ ਉਸਦੀ ਬੜੀ ਇੱਜ਼ਤ ਅਤੇ ਸਤਿਕਾਰ ਕੀਤਾ ਕਿਉਂ ਕਿ ਉਹ ਸਿਆਣਾ ਸੀ। ਉਨ੍ਹਾਂ ਨੇ ਵੇਖਿਆ ਕਿ ਉਸ ਕੋਲ ਸਹੀ ਨਿਆਂ ਦੇਣ ਵਿੱਚ ਰੱਬੀ ਸਿਆਣਪ ਸੀ।
ਸੁਲੇਮਾਨ ਦਾ ਰਾਜ
4 ਇਉਂ ਸੁਲੇਮਾਨ ਪਾਤਸ਼ਾਹ ਨੇ ਸਾਰੇ ਇਸਰਾਏਲ ਉੱਪਰ ਰਾਜ ਕੀਤਾ। 2 ਉਸ ਦੇ ਸਰਦਾਰ ਇਹ ਸਨ ਜਿਨ੍ਹਾਂ ਨੇ ਰਾਜ ਵਿੱਚ ਉਸਦੀ ਮਦਦ ਕੀਤੀ।
ਸਾਦੋਕ ਜਾਜਕ ਦਾ ਪੁੱਤਰ ਅਜ਼ਰਯਾਹ।
3 ਸ਼ੀਸ਼ਾ ਦਾ ਪੁੱਤਰ ਅਲੀ ਹੋਰਫ਼ ਅਤੇ ਅਹੀਯਾਹ। ਇਨ੍ਹਾਂ ਦਾ ਕੰਮ ਅਦਾਲਤ ਵਿੱਚ ਵਾਪਰਨ ਵਾਲੀਆਂ ਗੱਲਾਂ ਬਾਰੇ ਲੇਖਾ ਜੋਖਾ ਕਰਨਾ ਸੀ। ਇਹ ਲਿਖਾਰੀ ਦਾ ਕਾਜ ਸੰਭਾਲਦੇ ਸਨ।
ਅਹੀਲੂਦ ਦਾ ਪੁੱਤਰ ਯਹੋਸ਼ਾਫ਼ਾਟ ਲੋਕਾਂ ਦਾ ਇਤਿਹਾਸ ਲਿਖਦਾ ਸੀ।
4 ਯਹੋਯਾਦਾ ਦਾ ਪੁੱਤਰ ਬਨਾਯਾਹ ਸੈਨਾਪਤੀ ਸੀ।
ਸਾਦੋਕ ਅਤੇ ਅਬਯਾਥਾਰ ਜਾਜਕ ਸਨ।
5 ਨਾਥਾਨ ਦਾ ਪੁੱਤਰ ਅਜ਼ਰਯਾਹ ਰਾਜਪਾਲਾਂ ਉੱਤੇ ਇੰਚਾਰਜ ਸੀ।
ਨਾਥਾਨ ਦਾ ਪੁੱਤਰ ਜ਼ਾਬੂਦ ਜਾਜਕ ਅਤੇ ਸੁਲੇਮਾਨ ਪਾਤਸ਼ਾਹ ਦਾ ਸਲਾਹਕਾਰ ਸੀ।
6 ਅਹੀਸ਼ਾਰ ਮਹਿਲ ਦਾ ਇੰਚਾਰਜ ਸੀ।
ਅਬਦਾ ਦਾ ਪੁੱਤਰ ਅਦੋਨੀਰਾਮ ਗੁਲਾਮਾਂ ਦਾ ਇੰਚਾਰਜ ਸੀ।
7 ਇਸਰਾਏਲ ਨੂੰ 12 ਹਿਸਿਆਂ ਵਿੱਚ ਵੰਡਿਆ ਹੋਇਆ ਸੀ, ਇਨ੍ਹਾਂ 12 ਹਿਸਿਆਂ ਨੂੰ ਜਿਲੇ ਦਾ ਨਾਂ ਦਿੱਤਾ ਗਿਆ ਸੀ। ਅਤੇ ਹਰ ਜਿਲੇ ਉੱਪਰ ਸ਼ਾਸਨ ਕਰਨ ਲਈ ਸੁਲੇਮਾਨ ਇੱਕ ਗਵਰਨਰ ਦੀ ਚੋਣ ਕਰਦਾ। ਇਨ੍ਹਾਂ ਨੂੰ ਇਹ ਹਿਦਾਇਤ ਸੀ ਕਿ ਇਹ ਪਾਤਸ਼ਾਹ ਅਤੇ ਉਸ ਦੇ ਘਰਾਣੇ ਲਈ ਰਸਤ ਲਿਆਉਣ। ਉਨ੍ਹਾਂ ਵਿੱਚੋਂ 12 ਦੇ 12 ਗਵਰਨਰ ਸਾਲ ਦੇ ਇੱਕ-ਇੱਕ ਮਹੀਨੇ ਉਸ ਨੂੰ ਰਸਤ ਪੁੱਜਦਾ ਕਰਦੇ ਸਨ। 8 ਉਨ੍ਹਾਂ 12 ਗਵਰਨਰਾਂ ਦੇ ਨਾਉਂ ਇਸ ਪ੍ਰਕਾਰ ਹਨ:
ਬਨਹੂਰ ਅਫ਼ਰਾਈਮ ਦੇ ਪਹਾੜੀ ਦੇਸ਼ ਵਿੱਚ ਸੀ
9 ਬਨ-ਦਕਰ, ਮਾਕਸ ਸਆਲਬੀਮ, ਬੈਤ ਸ਼ਮਸ਼ ਅਤੇ ਏਲੋਨ-ਬੈਤ-ਹਨਾਨ ਦੇ ਵਿੱਚ ਸੀ।
10 ਬਨ-ਹਸਦ ਅਰੁਬੋਥ ਵਿੱਚ ਜਿਸ ਲਈ ਸੋਕੋਹ ਅਤੇ ਹੇਫ਼ਰ ਦਾ ਸਾਰਾ ਦੇਸ਼ ਸੀ।
11 ਬਨ ਅਬੀਨਾਦਾਬ ਨਪੋਥ ਦੋਰ ਦਾ ਗਵਰਨਰ ਸੀ, ਜਿਸ ਦੀ ਪਤਨੀ ਸੁਲੇਮਾਨ ਦੀ ਧੀ ਟਾਫਥ ਸੀ।
12 ਅਹੀਲੂਦ ਦਾ ਪੁੱਤਰ ਬਆਨਾ ਤਾਨਾਕ, ਮਗੀਦੋ ਅਤੇ ਸਾਰੇ ਬੈਤ ਸ਼ਾਨ ਦਾ ਰਾਜਪਾਲ ਸੀ ਜਿਹੜਾ ਕਿ ਸਾਰਥਨਾਹ ਤੋਂ ਅੱਗੇ ਹੈ। ਇਹ ਬੈਤ-ਸ਼ਾਨ ਤੋਂ ਮਹੋਲਾਹ ਤੀਕ ਯਿਜ਼ਰਾਏਲ ਤੋਂ ਹੇਠਾਂ ਯਾਕਮਆਮ ਦੇ ਦੂਸਰੇ ਪਾਸੇ ਤੀਕ ਸੀ।
13 ਬਨ-ਗ਼ਬਰ ਰਾਮੋਥ ਗਿਲਆਦ ਵਿੱਚ ਰਾਜਪਾਲ ਸੀ ਅਤੇ ਉਹ ਸਾਰੇ ਗਿਲਆਦ ਵਿੱਚ ਅਤੇ ਮਨੱਸ਼ਹ ਦੇ ਪੁੱਤਰ ਯਾਈਰ ਦੇ ਪਿੰਡ ਜੋ ਗਿਲਆਦ ਵਿੱਚ ਸਨ ਉਸ ਦੇ ਸਨ ਅਤੇ ਅਰਗੋਬ ਦੇ ਹਿੱਸੇ ਨਾਲ ਜੋ ਕਿ ਬਾਸ਼ਾਨ ਵਿੱਚ ਸੀ। ਭਾਵ 60 ਵੱਡੇ ਅਤੇ ਫ਼ਲੀਸ ਵਾਲੇ ਪਿੱਤਲ ਦੇ ਅਰਲਾਂ ਵਾਲੇ ਸ਼ਹਿਰ ਉਸ ਦੇ ਸਨ।
14 ਇੱਦੋ ਦਾ ਪੁੱਤਰ ਅਹੀਨਾਦਾਬ ਮਹਨਇਮ ਵਿੱਚ ਸੀ।
15 ਅਹੀਮਆਸ ਨਫਤਾਲੀ ਵਿੱਚ ਸੀ ਅਤੇ ਉਸ ਨੇ ਸੁਲੇਮਾਨ ਦੀ ਧੀ ਬਾਸਮਥ ਨਾਲ ਵਿਆਹ ਕਰਵਾ ਲਿਆ।
16 ਹੂਸ਼ਈ ਦਾ ਪੁੱਤਰ ਬਅਨਾ ਆਸ਼ੇਰ ਵਿੱਚ ਅਤੇ ਆਲੋਥ ਵਿੱਚ ਸੀ।
17 ਪਾਰੂਆਹ ਦਾ ਪੁੱਤਰ ਯਹੋਸ਼ਾਫ਼ਟ ਯਿੱਸਾਕਾਰ ਵਿੱਚ ਗਵਰਨਰ ਸੀ।
18 ਏਲਾ ਦਾ ਪੁੱਤਰ ਸ਼ਿਮਈ ਬਿਨਯਾਮੀਨ ਵਿੱਚ ਸੀ।
19 ਊਰੀ ਦਾ ਪੁੱਤਰ ਗਬਰ ਗਿਲਆਦ ਦੇ ਦੇਸ਼ ਵਿੱਚ ਜੋ ਅੰਮੋਰੀਆਂ ਦੇ ਰਾਜੇ ਸੀਹੋਨ ਅਤੇ ਬਾਸ਼ਾਨ ਦੇ ਰਾਜੇ ਓਗ ਦਾ ਦੇਸ਼ ਸੀ ਅਤੇ ਉਸ ਦੇਸ਼ ਦਾ ਉਹ ਇੱਕਲਾ ਗਵਰਨਰ ਸੀ।
20 ਯਹੂਦਾਹ ਅਤੇ ਇਸਰਾਏਲ ਵਿੱਚ ਅਨੇਕਾਂ ਲੋਕ ਰਹਿੰਦੇ ਸਨ। ਉਨ੍ਹਾਂ ਦੀ ਗਿਣਤੀ ਸਮੁੰਦਰ ਕਿਨਾਰੇ ਰੇਤਾਂ ਦੇ ਕਣਾਂ ਵਾਂਗ ਬਹੁਤ ਜ਼ਿਆਦਾ ਸੀ। ਲੋਕ ਖਾ-ਪੀ ਕੇ ਸ਼ਾਂਤੀ ਨਾਲ ਰਹਿੰਦੇ ਸਨ ਅਤੇ ਉਹ ਖੁਸ਼ ਸਨ।
21 ਸੁਲੇਮਾਨ ਨੇ ਫ਼ਰਾਤ ਦਰਿਆ ਤੋਂ ਲੈ ਕੇ ਫ਼ਲਿਸਤੀ ਇਲਾਕੇ ਤੀਕ ਦੇ ਸਾਰੇ ਰਾਜਾਂ ਤੇ ਸ਼ਾਸਨ ਕੀਤਾ। ਮਿਸਰ ਦੀ ਹੱਦ ਤੀਕ ਉਸਦਾ ਰਾਜ ਫੈਲਿਆ ਹੋਇਆ ਸੀ। ਇਨ੍ਹਾਂ ਦੇਸ਼ਾਂ ਨੇ ਸੁਲੇਮਾਨ ਨੂੰ ਨਜ਼ਰਾਨੇ ਘੱਲੇ ਉਸ ਦੇ ਜਿਉਂਦੇ ਜੀਅ ਉਸ ਦੇ ਆਦੇਸ਼ਾਂ ਦਾ ਪਾਲਣ ਕੀਤਾ।
22-23 ਇੰਨਾ ਅੰਨ ਦਾ ਭੰਡਾਰ ਸੀ ਜਿਹੜਾ ਕਿ ਸੁਲੇਮਾਨ ਨੂੰ ਪ੍ਰਤਿ ਦਿਨ ਲੋੜੀਂਦਾ ਸੀ ਆਪਣੇ ਤੇ ਆਪਣੇ ਸਾਥੀਆਂ ਲਈ ਜੋ ਉਸਦੀ ਰਸੋਈ ’ਚ ਖਾਂਦੇ ਸਨ: 225 ਮਣ ਮੈਦਾ, 450 ਮਣ ਆਟਾ, 10 ਮੋਟੇ ਬਲਦ ਅਤੇ ਚਰਾਈ ਵਿੱਚੋਂ 20 ਗਾਵਾਂ, 100 ਭੇਡਾਂ ਅਤੇ ਜੰਗਲੀ ਜਾਨਵਰ ਜਿਵੇਂ ਕਿ ਕਈ ਤਰ੍ਹਾਂ ਦੇ ਜੰਗਲੀ ਹਿਰਨ, ਪਾਹੜੇ ਅਤੇ ਮੋਟੇ ਕੁੱਕੜ ਆਦਿ।
24 ਸੁਲੇਮਾਨ ਨੇ ਦਰਿਆ ਦੇ ਪੱਛਮੀ ਇਲਾਕੇ ਦੇ ਸਾਰੇ ਦੇਸ਼ਾਂ ਉੱਪਰ ਰਾਜ ਕੀਤਾ। ਇਹ ਜ਼ਮੀਨ ਤਿਫਸਾਹ ਤੋਂ ਲੈ ਕੇ ਅੱਜ਼ਾਹ ਤੀਕ ਸੀ ਅਤੇ ਸੁਲੇਮਾਨ ਦੇ ਰਾਜ ਵਿੱਚ ਸਾਰੇ ਪਾਸੇ ਸ਼ਾਂਤੀ ਸੀ। 25 ਸੁਲੇਮਾਨ ਦੇ ਜੀਵਨ ਕਾਲ ਵਿੱਚ ਯਹੂਦਾਹ ਅਤੇ ਇਸਰਾਏਲ ਵਿੱਚੋਂ ਹਰ ਮਨੁੱਖ ਆਪਣੇ ਅੰਗੂਰ ਅਤੇ ਹੰਜੀਰ ਹੇਠ, ਦਾਨ ਤੋਂ ਲੈ ਕੇ ਬਏਰਸ਼ਬਾ ਤੀਕ ਸ਼ਾਂਤੀ ਅਤੇ ਸੁਰੱਖਿਆ ’ਚ ਰਹਿੰਦਾ ਸੀ।
26 ਸੁਲੇਮਾਨ ਕੋਲ 4,000 ਰੱਥਾਂ ਦੇ ਘੋੜੇ ਰੱਖਣ ਲਈ ਤਬੇਲੇ ਸਨ, ਅਤੇ ਉਸ ਦੇ ਕੋਲ 12,000 ਘੋੜ ਸਵਾਰ ਸੈਨਾ ਦੇ ਆਦਮੀ ਸਨ। 27 ਹਰ ਮਹੀਨੇ ਇਹ ਰਜਵਾੜੇ ਗਵਰਨਰ ਆਪਣੀ ਵਾਰੀ ਆਉਣ ਤੇ ਇੱਕ ਮਹੀਨਾ ਭਰ ਸੁਲੇਮਾਨ ਪਾਤਸ਼ਾਹ ਲਈ ਅਤੇ ਉਨ੍ਹਾਂ ਸਭਨਾਂ ਲਈ ਜੋ ਉਸ ਦੇ ਲੰਗਰ ਵਿੱਚੋਂ ਖਾਂਦੇ ਸਨ, ਰਸਤ ਅਪੜਾਉਂਦੇ ਸਨ, ਅਤੇ ਇਸ ਗੱਲ ਵਿੱਚ ਉਹ ਕਿਸੇ ਕਿਸਮ ਦੀ ਕਿਰਸ ਨਹੀਂ ਸੀ ਕਰਦੇ। 28 ਰਾਜਪਾਲਾਂ ਨੇ ਸਵਾਰੀ ਘੋੜਿਆਂ ਲਈ ਅਤੇ ਰੱਥਾਂ ਦੇ ਘੋੜਿਆਂ ਲਈ ਚਾਰਾ ਅਤੇ ਜੌਂ ਵੀ ਦਿੱਤੇ। ਹਰ ਰਾਜਪਾਲ ਨੇ, ਆਪਣੀ ਵਾਰੀ ਵੇਲੇ, ਇਸ ਚਾਰੇ ਨੂੰ ਲੋੜੀਂਦੀ ਜਗ੍ਹਾ ਤੇ ਪਹੁੰਚਾਇਆ।
ਸੁਲੇਮਾਨ ਦੀ ਸਿਆਣਪ
29 ਪਰਮੇਸ਼ੁਰ ਨੇ ਸੁਲੇਮਾਨ ਨੂੰ ਕੁਝ ਵੱਧੇਰੇ ਹੀ ਸਿਆਣਪ ਅਤੇ ਸੂਝ ਦਿੱਤੀ, ਅਤੇ ਗਿਆਨ ਦਿੱਤਾ ਜੋ ਸਮੁੰਦਰ ਕਿਨਾਰੇ ਦੀ ਰੇਤੇ ਦੀ ਤਰ੍ਹਾਂ ਮਿਣਿਆ ਨਹੀਂ ਜਾ ਸੱਕਦਾ ਸੀ। 30 ਸੁਲੇਮਾਨ ਕੋਲ ਪੂਰਬ ਵਿੱਚਲੇ ਸਾਰੇ ਲੋਕਾਂ ਨਾਲੋਂ ਵੱਧੇਰੇ ਸਿਆਣਪ ਸੀ। ਉਹ ਮਿਸਰ ਵਿੱਚਲੇ ਸਾਰੇ ਸਿਆਣੇ ਲੋਕਾਂ ਨਾਲੋ ਵੱਧੇਰੇ ਸਿਆਣਾ ਸੀ। 31 ਉਹ ਧਰਤੀ ਦੇ ਕਿਸੇ ਵੀ ਮਨੁੱਖ ਤੋਂ ਕਿਤੇ ਵੱਧ ਸਿਆਣਾ ਸੀ, ਉਹ ਏਥਾਨ ਅਜ਼ਰਾਹੀ ਅਤੇ ਹੇਮਾਨ ਅਤੇ ਮਾਹੋਲ ਦੇ ਪੁੱਤਰ ਕਲਕੋਲ ਅਤੇ ਦਰਦਾ ਨਾਲੋਂ ਵੀ ਕਿਤੇ ਵੱਧ ਬੁੱਧੀਮਾਨ ਸੀ ਅਤੇ ਉਸਦਾ ਨਾਉਂ ਆਲੇ-ਦੁਆਲੇ ਇਸਰਾਏਲ ਦੇ ਅਤੇ ਯਹੂਦਾਹ ਵਿੱਚ ਸਾਰਿਆਂ ਵਿੱਚੋਂ ਮਹਾਨ ਸੀ ਅਤੇ ਪ੍ਰਸਿੱਧ ਸੀ। 32 ਆਪਣੇ ਜੀਵਨ ਕਾਲ ਵਿੱਚ ਸੁਲੇਮਾਨ ਨੇ 3,000 ਕਹਾਉਤਾਂ ਰਚੀਆਂ ਅਤੇ 1,005 ਗੀਤਾਂ ਦੀ ਰਚਨਾ ਕੀਤੀ।
33 ਸੁਲੇਮਾਨ ਨੂੰ ਪ੍ਰਕਿਰਤੀ ਬਾਰੇ ਵੀ ਬੜਾ ਗਿਆਨ ਸੀ। ਉਸ ਨੇ ਹਰ ਤਰ੍ਹਾਂ ਦੇ ਪੌਦਿਆਂ ਅਤੇ ਰੁੱਖਾਂ ਬਾਰੇ, ਲਬਾਲੋਨ ਦੇ ਦਿਆਰ ਦੇ ਰੁੱਖਾਂ ਤੋਂ ਲੈ ਕੇ ਕੰਧਾਂ ਉੱਤੇ ਉਗਦੀਆਂ ਛੋਟੀਆਂ ਵੇਲਾਂ ਤਾਈਂ ਸਮਝਾਇਆ। ਉਸ ਨੇ ਜਾਨਵਰਾਂ, ਪੰਛੀਆਂ, ਰੀਂਗਣ ਵਾਲੇ ਜੀਵਾਂ ਅਤੇ ਮੱਛੀਆਂ ਬਾਰੇ ਸਮਝਾਇਆ। 34 ਦੂਰ-ਦੂਰ ਦੇ ਰਾਜਾਂ ਤੋਂ ਲੋਕ ਸੁਲੇਮਾਨ ਦੀ ਸਿਆਣਪ ਦੀਆਂ ਗੱਲਾਂ ਸੁਣਨ ਅਤੇ ਉਸਤੋਂ ਗਿਆਨ ਲੈਣ ਆਉਂਦੇ। ਸਭ ਰਾਜਾਂ ਦੇ ਰਾਜੇ ਆਪਣੇ ਸਿਆਣੇ ਲੋਕਾਂ ਨੂੰ ਸੁਲੇਮਾਨ ਪਾਤਸ਼ਾਹ ਦੀ ਸਿਆਣਪ ਤੇ ਗਿਆਨ ਭਰਪੂਰ ਪ੍ਰਵਚਨਾਂ ਨੂੰ ਸੁਣਨ ਲਈ ਭੇਜਦੇ।
ਸੁਲੇਮਾਨ, ਮੰਦਰ ਨੂੰ ਉਸਾਰਦਾ
5 ਸੂਰ ਦਾ ਰਾਜਾ ਹੀਰਾਮ ਸੀ, ਅਤੇ ਹਮੇਸ਼ਾ ਦਾਊਦ ਦਾ ਮਿੱਤਰ ਰਿਹਾ। ਜਦੋਂ ਉਸ ਨੇ ਸੁਣਿਆ ਕਿ ਦਾਊਦ ਤੋਂ ਬਾਅਦ ਉਸਦਾ ਪੁੱਤਰ ਸੁਲੇਮਾਨ ਪਾਤਸ਼ਾਹ ਬਣ ਗਿਆ ਹੈ ਤਾਂ ਉਸ ਨੇ ਅਪਣੇ ਸੇਵਕਾਂ ਨੂੰ ਸੁਲੇਮਾਨ ਕੋਲ ਭੇਜਿਆ। 2 ਤਾਂ ਸੁਲੇਮਾਨ ਪਾਤਸ਼ਾਹ ਨੇ ਹੀਰਾਮ ਰਾਜੇ ਨੂੰ ਇਉਂ ਆਖਿਆ:
3 “ਤੂੰ ਜਾਣਦਾ ਹੈਂ ਕਿ ਮੇਰਾ ਪਿਤਾ ਦਾਊਦ ਯਹੋਵਾਹ ਆਪਣੇ ਪਰਮੇਸ਼ੁਰ ਦੇ ਨਾਮ ਦੇ ਲਈ ਇੱਕ ਭਵਨ ਨਾ ਬਣਾ ਸੱਕਿਆ, ਕਿਉਂ ਜੋ ਉਹ ਆਪਣੇ ਆਲੇ-ਦੁਆਲੇ ਲੜਾਈਆਂ ’ਚ ਘਿਰਿਆ ਰਿਹਾ। ਉਹ ਉਨੀਂ ਦੇਰ ਲੜਾਈਆਂ ਲੜਦਾ ਰਿਹਾ ਜਦ ਤੀਕ ਕਿ ਯਹੋਵਾਹ ਨੇ ਉਨ੍ਹਾਂ ਸਭਨਾਂ ਨੂੰ ਉਸ ਦੇ ਪੈਰਾਂ ਹੇਠ ਨਾ ਕੀਤਾ। 4 ਪਰ ਹੁਣ ਯਹੋਵਾਹ ਮੇਰੇ ਪਰਮੇਸ਼ੁਰ ਨੇ ਮੈਨੂੰ ਚੁਫ਼ੇਰਿਓ ਆਰਾਮ ਦਿੱਤਾ ਹੈ ਕਿਉਂ ਜੋ ਹੁਣ ਨਾ ਕੋਈ ਮੇਰਾ ਵਿਰੋਧੀ ਹੈ ਅਤੇ ਨਾ ਹੀ ਹੁਣ ਕੋਈ ਖਤਰਾ ਹੈ।
5 “ਯਹੋਵਾਹ ਨੇ ਮੇਰੇ ਪਿਤਾ ਦਾਊਦ ਨਾਲ ਇਕਰਾਰ ਕਰਕੇ ਆਖਿਆ ਸੀ, ‘ਮੈਂ ਤੇਰੇ ਉਪਰੰਤ ਤੇਰੇ ਪੁੱਤਰ ਨੂੰ ਪਾਤਸ਼ਾਹ ਠਹਿਰਾਵਾਂਗਾ ਅਤੇ ਉਹ ਮੈਨੂੰ ਸਤਿਕਾਰਨ ਲਈ ਇੱਕ ਮੰਦਰ ਦਾ ਨਿਰਮਾਣ ਕਰੇਗਾ।’ ਹੁਣ, ਮੈਂ ਯਹੋਵਾਹ ਆਪਣੇ ਪਰਮੇਸ਼ੁਰ ਦਾ ਸਤਿਕਾਰ ਕਰਨ ਲਈ ਉਸ ਮੰਦਰ ਦਾ ਨਿਰਮਾਣ ਕਰਨ ਦੀ ਵਿਉਂਤ ਬਣਾਈ ਹੈ। 6 ਇਸ ਲਈ ਮੈਂ ਤੇਰੀ ਮਦਦ ਚਾਹੁੰਦਾ ਹਾਂ। ਕਿਰਪਾ ਕਰਕੇ ਤੂੰ ਆਪਣੇ ਸੇਵਕਾਂ ਨੂੰ ਲਬਾਨੋਨ ਭੇਜ ਓੱਥੇ ਉਹ ਮੇਰੇ ਲਈ ਦਿਆਰ ਦੇ ਰੁੱਖ ਵੱਢਣ। ਮੇਰੇ ਸੇਵਕ ਤੇਰੇ ਸੇਵਕਾਂ ਦੇ ਨਾਲ ਕੰਮ ਕਰਨਗੇ। ਜੋ ਮਜਦੂਰੀ ਤੂੰ ਆਪਣੇ ਸੇਵਕਾਂ ਲਈ ਠਹਿਰਾਵੇਂਗਾ ਮੈਂ ਅਦਾ ਕਰਾਂਗਾ। ਮੇਰੇ ਤਰਖਾਣ ਸਿਦੋਨ ਦੇ ਤਰਖਾਣਾਂ ਜਿੰਨੇ ਕੁਸ਼ਲ ਨਹੀਂ ਹਨ।”
7 ਜਦੋਂ ਹੀਰਾਮ ਨੇ ਸੁਲੇਮਾਨ ਦਾ ਆਖਿਆ ਸੁਣਿਆ, ਤਾਂ ਉਹ ਬੜਾ ਖੁਸ਼ ਸੀ। ਅਤੇ ਕਿਹਾ, “ਅੱਜ, ਮੈਂ ਯਹੋਵਾਹ ਦਾ, ਦਾਊਦ ਨੂੰ ਇਸ ਮਹਾਨ ਕੌਮ ਉੱਤੇ ਸ਼ਾਸਨ ਕਰਨ ਲਈ ਅਜਿਹਾ ਸਿਆਣਾ ਪੁੱਤਰ ਦੇਣ ਲਈ ਧੰਨਵਾਦ ਕਰਦਾ ਹਾਂ।” 8 ਤਦ ਹੀਰਾਮ ਨੇ ਸੁਲੇਮਾਨ ਨੂੰ ਇੱਕ ਸੁਨੇਹਾ ਭੇਜਿਆ ਅਤੇ ਆਖਿਆ,
“ਜੋ ਤੂੰ ਮੈਥੋਂ ਮੰਗਿਆ ਮੈਂ ਸੁਣ ਲਿਆ ਹੈ। ਮੈਂ ਤੈਨੂੰ ਲੋੜੀਂਦੇ ਦਿਆਰ ਅਤੇ ਚੀਲ ਦੀਆਂ ਸ਼ਤੀਰਾਂ ਦੇਵਾਂਗਾ। 9 ਮੇਰੇ ਨੌਕਰ ਲਬਾਨੋਨ ਤੋਂ ਸਮੁੰਦਰ ਤੀਕ ਲੱਕੜ ਲਿਆਉਣਗੇ। ਫ਼ਿਰ ਮੈਂ ਉਨ੍ਹਾਂ ਨੂੰ ਇਕੱਠੀਆਂ ਬੰਨ੍ਹਵਾ ਕੇ ਜਿਸ ਥਾਂ ਤੇ ਤੂੰ ਚਾਹੇਂ ਉੱਥੇ ਪਹੁੰਚਦਾ ਕਰ ਦੇਵਾਂਗਾ। ਉਥੇ ਮੈਂ ਉਨ੍ਹਾਂ ਨੂੰ ਤੋੜ ਦਿਵਾਂਗਾ ਤਾਂ ਜੋ ਤੂੰ ਉਹ ਦਰੱਖਤ ਪ੍ਰਾਪਤ ਕਰ ਸੱਕੇਂ। ਬਦਲੇ ’ਚ, ਤੂੰ ਮੈਨੂੰ ਮੇਰੇ ਮਹਿਲ ਲਈ ਲੋੜੀਂਦੇ ਭੋਜਨ ਦੀ ਪੂਰਤੀ ਕਰੇਂਗਾ।”
10 ਹੀਰਾਮ ਨੇ ਸੁਲੇਮਾਨ ਨੂੰ ਦਿਆਰ ਅਤੇ ਚੀਲ ਕੇ ਰੁੱਖ ਉਸਦੀ ਜਰੂਰਤ ਅਨੁਸਾਰ ਦਿੱਤੇ।
11 ਸੁਲੇਮਾਨ ਨੇ 12,000 ਬੁਸ਼ਲ [a] ਕਣਕ ਅਤੇ 12,000 ਗੈਲਣ [b] ਸ਼ੁੱਧ ਜ਼ੈਤੂਨ ਦਾ ਤੇਲ ਹੀਰਾਮ ਨੂੰ ਉਸ ਦੇ ਪਰਿਵਾਰ ਦੇ ਵਰਤੋਂ ਲਈ ਹਰ ਸਾਲ ਭੇਜਦਾ ਹੁੰਦਾ ਸੀ।
12 ਯਹੋਵਾਹ ਨੇ ਸੁਲੇਮਾਨ ਨੂੰ ਬੁੱਧੀ ਦਿੱਤੀ ਜਿਵੇਂ ਉਸ ਨੇ ਉਸ ਨਾਲ ਇਕਰਾਰ ਕੀਤਾ ਸੀ, ਅਤੇ ਇਉਂ ਹੀਰਾਮ ਅਤੇ ਸੁਲੇਮਾਨ ਆਪਸ ਵਿੱਚ ਸ਼ਾਂਤੀ ਵਿੱਚ ਸਨ। ਇਨ੍ਹਾਂ ਦੋਨਾਂ ਪਾਤਸ਼ਾਹਾਂ ਨੇ ਆਪਸ ਵਿੱਚਕਾਰ ਸੰਧੀ ਕੀਤੀ ਹੋਈ ਸੀ।
13 ਤਾਂ ਸੁਲੇਮਾਨ ਪਾਤਸ਼ਾਹ ਨੇ ਸਾਰੇ ਇਸਰਾਏਲ ਵਿੱਚੋਂ 30,000 ਮਨੁੱਖਾਂ ਨੂੰ ਆਪਣੇ ਕੰਮ ਵਿੱਚ ਮਦਦ ਲਈ ਮਜ਼ਬੂਰ ਕੀਤਾ। 14 ਸੁਲੇਮਾਨ ਪਾਤਸ਼ਾਹ ਨੇ ਇਨ੍ਹਾਂ ਸਾਰੇ ਮਨੁੱਖਾਂ ਦੇ ਮੁਖੀਆ ਅਦੋਨੀਰਾਮ ਨੂੰ ਠਹਰਾਇਆ। ਸੁਲੇਮਾਨ ਨੇ ਇਨ੍ਹਾਂ 30,000 ਮਨੁੱਖਾਂ ਨੂੰ ਤਿੰਨਾਂ ਟੁਕੜੀਆਂ ਵਿੱਚ ਵੰਡਿਆ। ਹਰ ਧੜੇ ਵਿੱਚ 10,000 ਆਦਮੀ ਰੱਖੇ। ਹਰ ਧੜਾ ਇੱਕ ਮਹੀਨੇ ਲਈ ਲਬਾਨੋਨ ਵਿੱਚ ਕੰਮ ਕਰਦਾ ਅਤੇ ਫ਼ਿਰ ਦੋ ਮਹੀਨਿਆਂ ਲਈ ਘਰ ਨੂੰ ਜਾਂਦਾ। 15 ਸੁਲੇਮਾਨ ਨੇ 80,000 ਆਦਮੀਆਂ ਨੂੰ ਪਹਾੜੀ ਇਲਾਕੇ ਵਿੱਚ ਕੰਮ ਲਾਇਆ ਜਿਹੜੇ ਕਿ ਪਹਾੜੀ ਚੱਟਾਨਾਂ ਨੂੰ ਕੱਟਣ ਦਾ ਕੰਮ ਕਰਦੇ ਸਨ ਅਤੇ 70,000 ਉਹ ਕਾਮੇ ਸਨ ਜਿਹੜੇ ਕਿ ਉਸ ਪੱਥਰ ਨੂੰ ਢੋਁਦੇ ਸਨ। 16 3,300 ਕਰਮਚਾਰੀ ਕੰਮ ਕਰ ਰਹੇ ਲੋਕਾਂ ਦੀ ਨਿਗਰਾਨੀ ਕਰਨ ਲਈ ਰੱਖੇ ਗਏ ਸਨ। 17 ਸੁਲੇਮਾਨ ਪਾਤਸ਼ਾਹ ਨੇ ਮੰਦਰ ਦੀ ਨੀਹ ਲਈ ਉਨ੍ਹਾਂ ਨੂੰ ਵੱਡੇ ਅਤੇ ਵੱਧੀਆ ਕਿਸਮ ਦੇ ਪੱਥਰ ਕੱਟਣ ਲਈ ਕਿਹਾ ਸੀ। ਇਹ ਪੱਥਰ ਧਿਆਨ ਨਾਲ ਕੱਟੇ ਗਏ ਸਨ। 18 ਤਾਂ ਸੁਲੇਮਾਨ ਅਤੇ ਹੀਰਾਮ ਦੇ ਆਦਮੀਆਂ ਅਤੇ ਗਬਿਲੀਆਂ ਦੇ ਆਦਮੀਆਂ ਨੇ ਪੱਥਰ ਨੂੰ ਤਰਾਸ਼ਿਆ। ਅਤੇ ਉਨ੍ਹਾਂ ਨੇ ਮੰਦਰ ਦੀ ਉਸਾਰੀ ਲਈ ਪੱਥਰ ਲੱਕੜ ਦੀਆਂ ਸ਼ਤੀਰਾਂ ਅਤੇ ਤਿਆਰ ਕਰ ਲਏ।
2010 by World Bible Translation Center