Print Page Options
Previous Prev Day Next DayNext

Beginning

Read the Bible from start to finish, from Genesis to Revelation.
Duration: 365 days
Punjabi Bible: Easy-to-Read Version (ERV-PA)
Version
2 ਸਮੂਏਲ 16-18

ਸੀਬਾ ਦਾ ਦਾਊਦ ਨੂੰ ਮਿਲਣਾ

16 ਦਾਊਦ ਪਹਾੜ ਦੀ ਚੋਟੀ ਜੈਤੂਨ ਦੇ ਪਹਾੜ ਤੋਂ ਅਗਾਂਹ ਵੱਧਿਆ ਤਾਂ ਮਫ਼ੀਬੋਸ਼ਥ ਦਾ ਨੌਕਰ ਸੀਬਾ ਦਾਊਦ ਨੂੰ ਮਿਲਿਆ। ਉਸ ਕੋਲ ਦੋ ਖੋਤੇ ਕੱਸੇ ਹੋਏ ਸਨ। ਉਨ੍ਹਾਂ ਉੱਪਰ 200 ਰੋਟੀਆਂ, 100 ਗੁੱਛਾ ਦਾਖਾਂ ਦਾ, 100 ਗਰਮੀਆਂ ਦੇ ਮੌਸਮੀ ਫ਼ਲ ਅਤੇ ਇੱਕ ਮਸ਼ਕ ਮੈਅ ਦੀ ਸੀ। ਦਾਊਦ ਪਾਤਸ਼ਾਹ ਨੇ ਸੀਬਾ ਨੂੰ ਆਖਿਆ, “ਇਹ ਸਭ ਵਸਤਾਂ ਕਿਸ ਲਈ ਹਨ?”

ਸੀਬਾ ਨੇ ਕਿਹਾ, “ਇਹ ਖੋਤੇ ਪਾਤਸ਼ਾਹ ਦੇ ਪਰਿਵਾਰ ਦੇ ਚੜ੍ਹਨ ਲਈ ਹਨ ਅਤੇ ਇਹ ਰੋਟੀਆਂ ਅਤੇ ਫ਼ਲ ਉਸ ਦੇ ਅਫ਼ਸਰਾਂ ਦੇ ਖਾਣ ਲਈ ਅਤੇ ਉਜਾੜ ਵਿੱਚ ਜਾਂਦਿਆਂ ਕੋਈ ਵੀ ਮਨੁੱਖ ਰਾਹ ਵਿੱਚ ਕਮਜ਼ੋਰੀ ਮਹਿਸੂਸ ਕਰੇ ਉਸ ਲਈ ਇਹ ਮੈਅ ਦੀ ਮਸ਼ਕ ਹੈ।”

ਪਾਤਸ਼ਾਹ ਨੇ ਪੁੱਛਿਆ, “ਮਫ਼ੀਬੋਸ਼ਥ ਕਿੱਥੇ ਹੈ?”

ਸੀਬਾ ਨੇ ਪਾਤਸ਼ਾਹ ਨੂੰ ਕਿਹਾ, “ਮਫ਼ੀਬੋਸ਼ਥ ਤਾਂ ਯਰੂਸ਼ਲਮ ਵਿੱਚ ਠਹਿਰਿਆ ਹੋਇਆ ਹੈ। ਕਿਉਂ ਜੋ ਉਸ ਨੇ ਆਖਿਆ ਹੈ ਕਿ ਇਸਰਾਏਲੀ ਅੱਜ ਹੀ ਮੇਰੇ ਪਿਤਾ ਦਾ ਰਾਜ ਮੈਨੂੰ ਮੋੜ ਦੇਣਗੇ।”

ਤਦ ਪਾਤਸ਼ਾਹ ਨੇ ਸੀਬਾ ਨੂੰ ਆਖਿਆ, “ਇਸੇ ਲਈ ਮੈਂ ਤੈਨੂੰ ਉਹ ਸਭ ਕੁਝ ਵਾਪਸ ਕਰਦਾ ਹਾਂ ਜੋ ਮਫ਼ੀਬੋਸ਼ਥ ਨਾਲ ਸਬੰਧਿਤ ਹੈ।”

ਸੀਬਾ ਨੇ ਕਿਹਾ, “ਮੈਂ ਤੇਰੇ ਅੱਗੇ ਸਿਰ ਨਿਵਾਉਂਦਾ ਹਾਂ ਅਤੇ ਆਸ ਰੱਖਦਾ ਹਾਂ ਕਿ ਮੈਂ ਆਪਣੇ ਪਾਤਸ਼ਾਹ ਦੀ ਨਿਗਾਹ ਹੇਠਾਂ ਕਿਰਪਾ ਯੋਗ ਹੋਵਾਂ।”

ਸ਼ਿਮਈ ਦਾਊਦ ਨੂੰ ਸਰਾਪਦਾ

ਦਾਊਦ ਪਾਤਸ਼ਾਹ ਤਦ ਬਹੁਰੀਮ ਵਿੱਚ ਆਇਆ। ਉੱਥੇ ਸ਼ਾਊਲ ਦੇ ਘਰਾਣੇ ਦੀ ਕੁੱਲ ਵਿੱਚੋਂ ਗੇਰਾ ਨਾਂ ਦੇ ਮਨੁੱਖ ਦਾ ਪੁੱਤਰ ਸ਼ਿਮਈ ਨਿਕਲਿਆ। ਉਹ ਦਾਊਦ ਨੂੰ ਮੰਦੇ ਬੋਲ ਬੋਲਦਾ ਬਾਹਰ ਨਿਕਲਿਆ ਅਤੇ ਉਹ ਇੰਝ ਬਾਰ-ਬਾਰ ਆਖਦਾ ਗਿਆ।

ਸ਼ਿਮਈ ਨੇ ਦਾਊਦ ਅਤੇ ਉਸ ਦੇ ਟਹਿਲੂਆਂ ਉੱਪਰ ਪਥਰਾਵ ਕਰਨਾ ਸ਼ੁਰੂ ਕਰ ਦਿੱਤਾ। ਪਰ ਉਸ ਵਕਤ ਸੂਰਮੇ ਅਤੇ ਲੋਕ ਦਾਊਦ ਦੇ ਆਲੇ-ਦੁਆਲੇ ਇਕੱਠੇ ਹੋ ਗਏ। ਸ਼ਿਮਈ ਦਾਊਦ ਨੂੰ ਸਰਾਪ ਦਿੰਦਾ ਹੋਇਆ ਆਖਣ ਲੱਗਾ, “ਨਿਕਲ ਆ, ਨਿਕਲ ਆ, ਤੂੰ ਖੂਨੀ ਮਨੁੱਖ! ਹੇ ਸ਼ਤਾਨ ਦੀ ਔਲਾਦ। ਯਹੋਵਾਹ ਤੈਨੂੰ ਸਜ਼ਾ ਦੇ ਰਿਹਾ ਹੈ। ਕਿਉਂ ਕਿ ਤੂੰ ਸ਼ਾਊਲ ਦੇ ਘਰਾਣੇ ਦਾ ਖੂਨ ਕੀਤਾ, ਤੂੰ ਸ਼ਾਊਲ ਦੀ ਥਾਂ ਚੁਰਾਕੇ ਖੁਦ ਪਾਤਸ਼ਾਹ ਬਣ ਬੈਠਾ, ਪਰ ਉਹੀ ਸਭ ਬੁਰਿਆਈਆਂ ਹੁਣ ਤੇਰੇ ਨਾਲ ਵਾਪਰ ਰਹੀਆਂ ਹਨ। ਹੁਣ ਯਹੋਵਾਹ ਨੇ ਤੇਰਾ ਰਾਜ ਤੇਰੇ ਪੁੱਤਰ ਅਬਸ਼ਾਲੋਮ ਦੇ ਹੱਥ ਦੇ ਦਿੱਤਾ ਕਿਉਂ ਕਿ ਤੂੰ ਖੂਨੀ ਮਨੁੱਖ ਹੈਂ।”

ਤਦ ਸਰੂਯਾਹ ਦੇ ਪੁੱਤਰ ਅਬੀਸ਼ਈ ਨੇ ਪਾਤਸ਼ਾਹ ਨੂੰ ਆਖਿਆ, “ਇਹ ਮੋਇਆ ਹੋਇਆ ਕੁਤਾ ਭਲਾ ਕਾਹਨੂੰ ਮੇਰੇ ਮਹਾਰਾਜ ਪਾਤਸ਼ਾਹ ਨੂੰ ਸਰਾਪ ਦੇਵੇ? ਜੇਕਰ ਮੈਨੂੰ ਆਗਿਆ ਦੇਵੋਂ ਤਾਂ ਜਾਕੇ ਉਸਦਾ ਸਿਰ ਉਡਾ ਦੇਵਾਂ।”

10 ਪਰ ਪਾਤਸ਼ਾਹ ਨੇ ਜਵਾਬ ਦਿੱਤਾ, “ਸਰੂਯਾਹ ਦੇ ਪੁੱਤਰੋ ਮੈਂ ਕੀ ਕਰ ਸੱਕਦਾ ਹਾਂ? ਅਵੱਸ਼ ਹੀ, ਸ਼ਿਮਈ ਮੈਨੂੰ ਸਰਾਪ ਰਿਹਾ ਹੈ। ਪਰ ਯਹੋਵਾਹ ਨੇ ਉਸ ਨੂੰ ਮੈਨੂੰ ਸਰਾਪਣ ਲਈ ਕਿਹਾ ਹੈ।” 11 ਦਾਊਦ ਨੇ ਵੀ ਅਬੀਸ਼ਈ ਅਤੇ ਆਪਣੇ ਸਾਰੇ ਸੇਵਕਾਂ ਨੂੰ ਆਖਿਆ, “ਵੇਖੋ! ਮੇਰਾ ਆਪਣਾ ਪੁੱਤਰ (ਅਬਸ਼ਾਲੋਮ) ਮੈਨੂੰ ਮਾਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਤਾਂ ਫ਼ਿਰ ਬਿਨਯਾਮੀਨ ਦੇ ਪਰਿਵਾਰ-ਸਮੂਹ ਚੋ ਇਸ ਮਨੁੱਖ (ਸ਼ਿਮਈ) ਨੂੰ ਤਾਂ ਮੈਨੂੰ ਸਰਾਪ ਦੇਣ ਦਾ ਵੱਧੇਰੇ ਅਧਿਕਾਰ ਹੈ। ਉਸ ਨੂੰ ਜਾਣ ਦਿਓ ਅਤੇ ਸਰਾਪ ਦੇਣ ਦੇਵੋ ਕਿਉਂ ਕਿ ਯਹੋਵਾਹ ਨੇ ਉਸ ਨੂੰ ਅਜਿਹਾ ਹੁਕਮ ਦਿੱਤਾ ਹੈ।” 12 ਹੋ ਸੱਕਦਾ ਜੋ ਮੰਦੀਆਂ ਗੱਲਾਂ ਮੇਰੇ ਨਾਲ ਵਾਪਰ ਰਹੀਆਂ ਯਹੋਵਾਹ ਉਨ੍ਹਾਂ ਨੂੰ ਵੇਖੇ। ਫ਼ੇਰ ਹੋ ਸੱਕਦਾ ਕਿ ਯਹੋਵਾਹ ਮੈਨੂੰ ਸ਼ਿਮਈ ਦੁਆਰਾ ਅੱਜ ਆਖੀ ਹਰ ਮੰਦੀ ਗੱਲ ਲਈ ਕੁਝ ਚੰਗਾ ਦੇਵੇ।

13 ਤਾਂ ਦਾਊਦ ਅਤੇ ਉਸ ਦੇ ਆਦਮੀ ਆਪਣੇ ਰਾਹ ਤੁਰੇ ਜਾਂਦੇ ਸਨ ਪਰ ਸ਼ਿਮਈ ਦਾਊਦ ਦਾ ਪਿੱਛਾ ਕਰਦਾ ਰਿਹਾ। ਸ਼ਿਮਈ ਪਹਾੜੀ ਦੀ ਦੂਜੀ ਤਰਫ਼ ਸੜਕ ਦੇਰ ਦੂਜੇ ਕਿਨਾਰੇ ਤੁਰਦਾ ਰਿਹਾ ਅਤੇ ਰਾਹ ਵਿੱਚ ਦਾਊਦ ਨੂੰ ਮੰਦੇ ਬੋਲ ਬੋਲਦਾ ਰਿਹਾ ਅਤੇ ਉਸ ਉੱਪਰ ਧੂੜ-ਮਿੱਟੀ ਪਾਉਂਦਾ ਅਤੇ ਵੱਟੇ ਮਾਰਦਾ ਰਿਹਾ।

14 ਦਾਊਦ ਪਾਤਸ਼ਾਹ ਅਤੇ ਉਸ ਦੇ ਸਾਰੇ ਆਦਮੀ ਯਰਦਨ ਦਰਿਆ ਤੇ ਪੁੱਜੇ ਤੇ ਉਸ ਵਕਤ ਉਹ ਬੜੇ ਥੱਕੇ ਹੋਏ ਸਨ। ਇਸ ਲਈ ਉੱਥੇ ਰੁਕ ਕੇ ਉਨ੍ਹਾਂ ਨੇ ਬੋੜੀ ਦੇਰ ਅਰਾਮ ਕਰਕੇ ਥੋੜਾ ਸਾਹ ਲਿਆ।

15 ਅਬਸ਼ਾਲੋਮ ਅਹੀਥੋਫ਼ਲ ਅਤੇ ਹੋਰ ਸਾਰੇ ਇਸਰਾਏਲ ਦੇ ਮਨੁੱਖ ਯਰੂਸ਼ਲਮ ਵਿੱਚ ਆਏ। 16 ਦਾਊਦ ਦਾ ਮਿੱਤਰ ਹੂਸ਼ਈ ਅਰਕੀ ਅਬਸ਼ਾਲੋਮ ਕੋਲ ਆਇਆ ਅਤੇ ਆਖਣ ਲੱਗਾ, “ਪਾਤਸ਼ਾਹ ਜਿਉਂਦਾ ਰਹੇ! ਪਾਤਸ਼ਾਹ ਜਿਉਂਦਾ ਰਹੇ!”

17 ਅਬਸ਼ਾਲੋਮ ਨੇ ਆਖਿਆ, “ਭਲਾ ਤੂੰ ਆਪਣੇ ਮਿੱਤਰ ਦਾਊਦ ਉੱਤੇ ਕਿਰਪਾਲੂ ਕਿਉਂ ਨਹੀਂ? ਭਲਾ ਤੂੰ ਆਪਣੇ ਸਾਰੇ ਮਿੱਤਰਾਂ ਨਾਲ ਯਰੂਸ਼ਲਮ ਛੱਡ ਕੇ ਕਿਉਂ ਨਹੀਂ ਗਿਆ?”

18 ਹੂਸ਼ਈ ਨੇ ਕਿਹਾ, “ਮੈਂ ਉਸ ਮਨੁੱਖ ਵੱਲ ਹਾਂ ਜਿਸ ਨੂੰ ਯਹੋਵਾਹ ਚੁਣਦਾ ਹੈ। ਇਨ੍ਹਾਂ ਲੋਕਾਂ ਅਤੇ ਇਸਰਾਏਲ ਦੇ ਲੋਕਾਂ ਨੇ ਤੈਨੂੰ ਚੁਣਿਆ, ਇਸ ਲਈ ਮੈਂ ਤੇਰੇ ਨਾਲ ਹੀ ਰਹਾਂਗਾ। 19 ਇਸ ਤੋਂ ਪਹਿਲਾਂ ਮੈਂ ਤੇਰੇ ਪਿਤਾ ਦੀ ਸੇਵਾ ਕੀਤੀ ਇਸ ਲਈ ਮੈਂ ਹੁਣ ਦਾਊਦ ਦੇ ਪੁੱਤਰ ਦੀ ਟਹਿਲ ਕਰਾਂਗਾ, ਤੇਰੀ ਸੇਵਾ ਕਰਾਂਗਾ।”

ਅਬਸ਼ਾਲੋਮ ਨੇ ਅਹੀਥੋਫ਼ਲ ਤੋਂ ਸਲਾਹ ਮੰਗੀ

20 ਅਬਸ਼ਾਲੋਮ ਨੇ ਅਹੀਥੋਫ਼ਲ ਨੂੰ ਕਿਹਾ, “ਕਿਰਪਾ ਕਰਕੇ ਸਾਨੂੰ ਦੱਸੋ ਕਿ ਹੁਣ ਸਾਨੂੰ ਕੀ ਕਰਨਾ ਚਾਹੀਦਾ ਹੈ?”

21 ਅਹੀਥੋਫ਼ਲ ਨੇ ਅਬਸ਼ਾਲੋਮ ਨੂੰ ਅਖਿਆ, “ਤੇਰੇ ਪਿਤਾ ਆਪਣੀਆਂ ਕੁਝ ਪਤਨੀਆਂ ਨੂੰ ਇੱਥੇ ਪਿੱਛੇ ਘਰ ਦੀ ਦੇਖ ਭਾਲ ਲਈ ਛੱਡ ਗਏ ਹਨ ਸੋ ਤੂੰ ਜਾ ਅਤੇ ਉਨ੍ਹਾਂ ਨਾਲ ਜਾਕੇ ਜਿਨਸੀ ਸੰਬੰਧ ਕਰ। ਤਦ ਸਾਰੇ ਇਸਰਾਏਲੀ ਜਦੋਂ ਇਹ ਸੁਨਣਗੇ ਕਿ ਤਹਾਡੇ ਪਿਤਾ ਦੀ ਤੁਹਾਡੇ ਨਾਲ ਬੜੀ ਨਫ਼ਰਤ ਹੈ ਤਾਂ ਜੋ ਤੁਹਾਡੇ ਨਾਲ ਹਨ ਉਨ੍ਹਾਂ ਸਭਨਾਂ ਦੇ ਹੱਥ ਤਕੜੇ ਹੋਣਗੇ।”

22 ਤਦ ਉਨ੍ਹਾਂ ਨੇ ਘਰ ਦੀ ਛੱਤ ਉੱਪਰ ਅਬਸ਼ਾਲੋਮ ਲਈ ਤੰਬੂ ਲਗਾਇਆ ਅਤੇ ਅਬਸ਼ਾਲੋਮ ਨੇ ਸਾਰੇ ਇਸਰਾਏਲ ਦੇ ਵੇਖਦਿਆਂ ਆਪਣੇ ਪਿਤਾ ਦੀਆਂ ਪਤਨੀਆਂ ਦੇ ਨਾਲ ਸੰਭੋਗ ਕੀਤਾ। 23 ਉਸ ਵਕਤ ਅਹੀਥੋਫ਼ਲ ਦੀ ਸਲਾਹ ਜੋ ਉਨ੍ਹਾਂ ਦਿਨਾਂ ਵਿੱਚ ਉਹ ਦਿੰਦਾ ਸੀ ਅਜਿਹੀ ਹੁੰਦੀ ਸੀ ਜੋ ਇਉਂ ਜਾਣੀ ਜਾਂਦੀ ਸੀ ਕਿ ਉਸ ਨੇ ਉਹ ਪਰਮੇਸ਼ੁਰ ਦੀ ਬਾਣੀ ਦੇ ਰਾਹੀਂ ਇਹ ਪਾਈ ਹੈ। ਇਸ ਲਈ ਦਾਊਦ ਅਤੇ ਅਬਸ਼ਾਲੋਮ ਦੋਨਾਂ ਲਈ ਉਸਦੀ ਬਾਣੀ ਬੜੀ ਮਹੱਤਵਯੋਗ ਸੀ।

ਅਹੀਥੋਫ਼ਲ ਦੀ ਦਾਊਦ ਵਾਸਤੇ ਸਲਾਹ

17 ਅਹੀਥੋਫ਼ਲ ਨੇ ਅਬਸ਼ਾਲੋਮ ਨੂੰ ਇਹ ਵੀ ਕਿਹਾ, “ਮੈਨੂੰ ਪਰਵਾਨਗੀ ਦੇਵੋ ਜੋ ਮੈਂ ਹੁਣ 12,000 ਮਨੁੱਖ ਚੁਣ ਲਵਾਂ ਅਤੇ ਅੱਜ ਹੀ ਰਾਤ ਉੱਠ ਕੇ ਦਾਊਦ ਦਾ ਪਿੱਛਾ ਕਰਾਂ। ਮੈਂ ਉਸ ਨੂੰ ਉਸ ਵਕਤ ਫ਼ੜਾਂਗਾ ਜਦੋਂ ਕਿ ਉਹ ਥੱਕਿਆ-ਹਾਰਿਆ ਪਿਆ ਹੋਵੇਗਾ। ਮੈਂ ਉਸ ਨੂੰ ਡਰਾਵਾਂਗਾ ਅਤੇ ਉਸ ਦੇ ਸਾਰੇ ਲੋਕ ਭੱਜ ਜਾਣਗੇ। ਪਰ ਮੈਂ ਸਿਰਫ਼ ਦਾਊਦ ਪਾਤਸ਼ਾਹ ਨੂੰ ਹੀ ਮਾਰਾਂਗਾ। ਫ਼ਿਰ ਮੈਂ ਸਾਰੇ ਲੋਕਾਂ ਨੂੰ ਤੇਰੇ ਕੋਲ ਵਾਪਸ ਲੈ ਆਵਾਂਗਾ। ਜੇਕਰ ਦਾਊਦ ਮਰ ਗਿਆ ਤਾਂ ਫ਼ਿਰ ਸਾਰੇ ਲੋਕੀ ਸ਼ਾਂਤੀ ’ਚ ਵਾਪਸ ਮੁੜ ਆਉਣਗੇ।”

ਸੋ ਇਹ ਗੱਲ ਅਬਸ਼ਾਲੋਮ ਅਤੇ ਸਾਰੇ ਇਸਰਾਏਲੀ ਆਗੂਆਂ ਨੂੰ ਚੰਗੀ ਲਗੀ। ਪਰ ਅਬਸ਼ਾਲੋਮ ਨੇ ਆਖਿਆ, “ਹੁਣ ਹੂਸ਼ਈ ਅਰਕੀ ਨੂੰ ਵੀ ਸੱਦ ਲਵੋ! ਮੈਂ ਉਸ ਦੇ ਮੂੰਹੋਂ ਵੀ ਕੁਝ ਸੁਣਨਾ ਚਾਹੁੰਦਾ ਹਾਂ।”

ਹੂਸ਼ਈ ਦਾ ਅਹੀਥੋਫ਼ਲ ਦੀ ਸਲਾਹ ਨੂੰ ਗਰਕ ਕਰਨਾ

ਹੂਸ਼ਈ ਅਬਸ਼ਾਲੋਮ ਕੋਲ ਆਇਆ ਅਤੇ ਅਬਸ਼ਾਲੋਮ ਨੇ ਹੂਸ਼ਈ ਨੂੰ ਕਿਹਾ, “ਇਹ ਹੈ ਅਹੀਥੋਫ਼ਲ ਦੀ ਸਲਾਹ, ਕੀ ਸਾਨੂੰ ਉਸ ਤੇ ਅਮਲ ਕਰਨਾ ਚਾਹੀਦਾ ਹੈ? ਜੇਕਰ ਨਹੀਂ ਤਾਂ ਸਾਨੂੰ ਦੱਸੋ?”

ਹੂਸ਼ਈ ਨੇ ਅਬਸ਼ਾਲੋਮ ਨੂੰ ਕਿਹਾ, “ਅਹੀਥੋਫ਼ਲ ਨੇ ਜੋ ਇਹ ਸਲਾਹ ਇਸ ਵਕਤ ਦੱਸੀ ਹੈ ਉਹ ਚੰਗੀ ਨਹੀਂ।” ਨਾਲ ਹੀ ਹੂਸ਼ਈ ਨੇ ਇਹ ਵੀ ਕਿਹਾ, “ਤੁਸੀਂ ਆਪਣੇ ਪਿਤਾ ਅਤੇ ਉਸ ਦੇ ਆਦਮੀਆਂ ਨੂੰ ਵੀ ਜਾਣਦੇ ਹੀ ਹੋ ਕਿ ਉਹ ਕਿੰਨੇ ਸੂਰਮੇ ਹਨ। ਉਹ ਇੰਨੇ ਖਤਰਨਾਕ ਹਨ ਜਿੰਨੇ ਕਿ ਜੰਗਲੀ ਰਿੱਛ ਜਿਵੇਂ ਉਸ ਦੇ ਬੱਚੇ ਨੂੰ ਉਜਾੜ ਵਿੱਚ ਖੁਸ ਜਾਣ ਤਾਂ ਹੁੰਦਾ ਹੈ। ਤੁਹਾਡੇ ਪਿਤਾ ਇੱਕ ਯੋਧਾ ਵੀਰ ਹਨ ਅਤੇ ਉਹ ਸਾਰੀ ਰਾਤ ਲੋਕਾਂ ਨਾਲ ਨਹੀਂ ਠਹਿਰੇਗਾ। ਹੁਣ ਵੀ ਸ਼ਾਇਦ ਉਹ ਕਿਸੇ ਖੁੱਡ ਜਾਂ ਗੁਫ਼ਾ ਵਿੱਚ ਲੁਕਿਆ ਹੋਵੇ। ਜੇਕਰ ਤੁਹਾਡਾ ਪਿਤਾ ਪਹਿਲਾਂ ਤੁਹਾਡੇ ਤੋਂ ਤੁਹਾਡੇ ਤੇ ਹਮਲਾ ਬੋਲੇ ਤਾਂ ਲੋਕਾਂ ਵਿੱਚ ਖਬਰ ਫ਼ੈਲ ਜਾਵੇਗੀ ਅਤੇ ਉਹ ਸੋਚਣਗੇ, ‘ਅਬਸ਼ਾਲੋਮ ਦੇ ਆਦਮੀ ਹਾਰ ਰਹੇ ਹਨ!’ 10 ਤਾਂ ਫ਼ਿਰ ਭਾਵੇਂ ਜਿਹੜੇ ਸ਼ੇਰ ਵਰਗੇ ਬਹਾਦੁਰ ਸੂਰਮੇ ਵੀ ਹਨ ਉਹ ਵੀ ਡਰ ਜਾਣਗੇ ਕਿਉਂ ਕਿ ਸਾਰੇ ਇਸਰਾਏਲੀ ਜਾਣਦੇ ਹਨ ਕਿ ਤੁਹਾਡੇ ਪਿਤਾ ਵੱਡੇ ਵੀਰ ਯੋਧਾ ਹਨ ਅਤੇ ਉਸ ਦੇ ਆਦਮੀ ਵੀ ਬੜੇ ਬਹਾਦੁਰ ਸੂਰਮੇ ਹਨ।

11 “ਮੈਂ ਤਾਂ ਤੁਹਾਨੂੰ ਇਹੀ ਸੁਝਾਅ ਦਿੰਦਾ ਹਾਂ ਕਿ ਤੁਸੀਂ ਦਾਨ ਤੋਂ ਲੈ ਕੇ ਬਏਰਸ਼ਬਾ ਤੀਕ ਸਾਰੇ ਇਸਰਾਏਲੀਆਂ ਨੂੰ ਇਕੱਠਿਆਂ ਕਰੋ। ਤਦ ਉੱਥੇ ਇੰਨੇ ਲੋਕ ਹੋਣ ਜਿਵੇਂ ਸਮੁੰਦਰ ਕੰਢੇ ਰੇਤ। ਤਦ ਤੁਸੀਂ ਲੜਾਈ ਵਿੱਚ ਜ਼ਰੂਰ ਉੱਤਰੋ। 12 ਅਤੇ ਅਸੀਂ ਦਾਊਦ ਨੂੰ ਜਿੱਥੇ ਉਹ ਲੁਕਿਆ ਹੋਵੇਗਾ, ਫ਼ੜ ਲਵਾਂਗੇ। ਅਸੀਂ ਬਹੁਤ ਸਾਰੇ ਸਿਪਾਹੀਆਂ ਨਾਲ ਦਾਊਦ ਤੇ ਹਮਲਾ ਬੋਲਾਂਗੇ ਅਸੀਂ ਉਸ ਵਕਤ ਘਾਹ ਤੇ ਪਈ ਬਹੁਤ ਸਾਰੀ ਤਰੇਲ ਵਾਂਗ ਹੋਵਾਂਗੇ ਅਤੇ ਅਸੀਂ ਦਾਊਦ ਅਤੇ ਉਸ ਦੇ ਸਾਰੇ ਆਦਮੀਆਂ ਨੂੰ ਮਾਰ ਮੁਕਾਵਾਂਗੇ। ਉਸਦਾ ਕੋਈ ਵੀ ਮਨੁੱਖ ਜਿਉਂਦਾ ਨਹੀਂ ਬਚੇਗਾ। 13 ਜੇਕਰ ਦਾਊਦ ਕਿਸੇ ਸ਼ਹਿਰ ਵਿੱਚ ਵੜ ਗਿਆ ਹੋਵੇ ਤਾਂ ਸਾਰੇ ਇਸਰਾਏਲੀ ਉਸ ਸ਼ਹਿਰ ਵਿੱਚ ਰੱਸੀਆਂ ਲੈ ਕੇ ਚੜ੍ਹ ਜਾਣਗੇ ਅਤੇ ਅਸੀਂ ਉਸ ਸ਼ਹਿਰ ਦੀਆਂ ਸਾਰੀਆਂ ਦੀਵਾਰਾਂ ਭੰਨ ਸੁੱਟਾਂਗੇ। ਅਸੀਂ ਉਸ ਨੂੰ ਖੱਡ ਜਾਂ ਵਾਦੀ ਵਿੱਚ ਅਜਿਹਾ ਸੁੱਟਾਂਗੇ ਕਿ ਉਸ ਸ਼ਹਿਰ ਵਿੱਚ ਤੁਹਾਨੂੰ ਇੱਕ ਕੰਕਰ ਵੀ ਨਾ ਲੱਭੇਗਾ।”

14 ਅਬਸ਼ਾਲੋਮ ਅਤੇ ਸਾਰੇ ਇਸਰਾਏਲੀਆਂ ਨੇ ਕਿਹਾ, “ਹੂਸ਼ਈ ਅਰਕੀ ਦੀ ਸਲਾਹ ਅਹੀਥੋਫ਼ਲ ਦੀ ਸਲਾਹ ਕੋਲੋਂ ਚੰਗੀ ਹੈ।” ਉਨ੍ਹਾਂ ਨੇ ਅਜਿਹਾ ਇਸ ਲਈ ਆਖਿਆ ਕਿਉਂ ਕਿ ਇਹ ਯਹੋਵਾਹ ਦੀ ਵਿਉਂਤ ਸੀ। ਯਹੋਵਾਹ ਨੇ ਅਹੀਥੋਫ਼ਲ ਦੀ ਸਲਾਹ ਨੂੰ ਨਕਾਰਾ ਸਿੱਧ ਕਰਨ ਦੀ ਸਲਾਹ ਦਿੱਤੀ ਸੀ ਕਿਉਂ ਕਿ ਯਹੋਵਾਹ ਨੇ ਅਹੀਥੋਫ਼ਲ ਦੀ ਚੰਗੀ ਸਲਾਹ ਨੂੰ ਉਲਟਾ ਪਾਉਣ ਲਈ ਅੱਗੇ ਹੀ ਠਹਿਰਾ ਦਿੱਤਾ ਸੀ ਕਿ ਯਹੋਵਾਹ ਅਬਸ਼ਾਲੋਮ ਉੱਤੇ ਬੁਰਿਆਈ ਪਾਵੇ।

ਹੂਸ਼ਈ ਨੇ ਦਾਊਦ ਨੂੰ ਖਬਰਦਾਰ ਕੀਤਾ

15 ਤਦ ਹੂਸ਼ਈ ਨੇ ਸਾਦੋਕ ਅਤੇ ਅਬਯਾਥਾਰ ਜਾਜਕਾਂ ਨੂੰ ਆਖਿਆ ਕਿ ਅਹੀਥੋਫ਼ਲ ਨੇ ਅਬਸ਼ਾਲੋਮ ਨੂੰ ਅਤੇ ਇਸਰਾਏਲ ਦੇ ਆਗੂਆਂ ਨੂੰ ਇਉਂ ਸਲਾਹ ਦਿੱਤੀ ਹੈ ਅਤੇ ਮੈਂ ਇਉਂ ਇਹ-ਇਹ ਸਲਾਹ ਦਿੱਤੀ ਹੈ। ਤਦ ਹੂਸ਼ਈ ਨੇ ਕਿਹਾ, 16 “ਜਲਦੀ ਹੀ ਦਾਊਦ ਨੂੰ ਇਹ ਸੁਨੇਹਾ ਭੇਜੋ। ਉਸ ਨੂੰ ਆਖੋ ਕਿ ਅੱਜ ਰਾਤ ਉਸ ਜਗ੍ਹਾ ਦੇ ਕਰੀਬ ਨਾ ਰਹੇ ਜਿਥੋਂ ਦੀ ਲੋਕ ਮਾਰੂਥਲ ਅੰਦਰ ਜਾਂਦੇ ਹਨ। ਇਸਦੀ ਬਜਾਇ, ਉਸ ਨੂੰ ਕਿਸੇ ਵੀ ਕੀਮਤ ਤੇ ਪਾਰ ਲੰਘ ਜਾਣਾ ਚਾਹੀਦਾ ਹੈ ਨਹੀਂ ਤਾਂ ਉਸ ਉੱਤੇ ਅਤੇ ਉਸ ਦੇ ਸਾਰੇ ਲੋਕਾਂ ਉੱਤੇ ਹਮਲਾ ਹੋਵੇਗਾ ਅਤੇ ਉਹ ਤਬਾਹ ਹੋ ਜਾਣਗੇ।”

17 ਉਸ ਵੇਲੇ ਯੋਨਾਥਾਨ ਅਤੇ ਅਹੀਮਅਸ ਏਨ-ਰੋਗੇਲ ਵਿੱਚ ਜਾਜਕ ਦੇ ਪੁੱਤਰ ਰਹਿੰਦੇ ਸਨ। ਉਹ ਨਹੀਂ ਚਾਹੁੰਦੇ ਸਨ ਕਿ ਉਨ੍ਹਾਂ ਦਾ ਆਉਣਾ ਜਾਣਾ ਸ਼ਹਿਰ ਵਿੱਚ ਜਾਣਿਆ ਜਾਵੇ ਤਾਂ ਇੱਕ ਨੌਕਰਾਨੀ ਨੇ ਉਨ੍ਹਾਂ ਨੂੰ ਜਾਕੇ ਦੱਸਿਆ ਅਤੇ ਸਾਰੀ ਖਬਰ ਦਿੱਤੀ ਤਾਂ ਫ਼ਿਰ ਯੋਨਾਥਾਨ ਅਤੇ ਅਹੀਮਅਸ ਉੱਥੋਂ ਗਏ ਅਤੇ ਇਹ ਸਾਰੀ ਖਬਰ ਦਾਊਦ ਪਾਤਸ਼ਾਹ ਨੂੰ ਜਾ ਦੱਸੀ।

18 ਪਰ ਇੱਕ ਮੁੰਡੇ ਨੇ ਯੋਨਾਥਾਨ ਅਤੇ ਅਹੀਮਅਸ ਨੂੰ ਜਾਂਦਿਆਂ ਵੇਖ ਲਿਆ ਅਤੇ ਉਹ ਅਬਸ਼ਾਲੋਮ ਨੂੰ ਖਬਰ ਦੇਣ ਲਈ ਦੌੜਿਆ। ਯੋਨਾਥਾਨ ਅਤੇ ਅਬਸ਼ਾਲੋਮ ਉੱਥੋਂ ਬੜੀ ਤੇਜ਼ੀ ਨਾਲ ਭੱਜੇ ਅਤੇ ਬਹੁਰੀਮ ਵਿੱਚ ਇੱਕ ਆਦਮੀ ਦੇ ਘਰ ਆਣ ਵੜੇ। ਉਸ ਆਦਮੀ ਦੇ ਵਿਹੜੇ ਵਿੱਚ ਇੱਕ ਖੂਹ ਸੀ, ਉਹ ਉਸ ਵਿੱਚ ਉਤਰ ਗਏ। 19 ਉਸ ਆਦਮੀ ਦੀ ਪਤਨੀ ਨੇ ਖੂਹ ਉੱਪਰ ਇੱਕ ਚਾਦਰ ਵਿਛਾਅ ਦਿੱਤੀ ਅਤੇ ਉਸ ਉੱਪਰ ਅਨਾਜ ਖਲਾਰ ਦਿੱਤਾ। ਇਸ ਨਾਲ ਖੂਹ ਕਣਕ ਦੀ ਖੇਹੀ ਜਿਹੀ ਲੱਗਣ ਲੱਗਾ। ਇਉਂ ਕਿਸੇ ਨੂੰ ਵੀ ਇਹ ਪਤਾ ਨਾ ਲੱਗਿਆ ਕਿ ਉਹ ਦੋਵੇਂ ਇੱਥੇ ਲੁਕੇ ਹੋਏ ਹਨ। 20 ਅਬਸ਼ਾਲੋਮ ਦੇ ਆਦਮੀ ਨੌਕਰ ਉਸ ਔਰਤ ਦੇ ਘਰ ਆਏ ਅਤੇ ਉਨ੍ਹਾਂ ਪੁੱਛਿਆ, “ਅਹੀਮਅਸ ਅਤੇ ਯੋਨਾਥਾਨ ਕਿੱਥੇ ਹਨ?”

ਉਸ ਔਰਤ ਨੇ ਅਬਸ਼ਾਲੋਮ ਦੇ ਸੇਵਕਾਂ ਨੂੰ ਕਿਹਾ, “ਉਹ ਤਾਂ ਹੁਣ ਤੀਕ ਨਦੀਓ ਵੀ ਪਾਰ ਲੰਘ ਗਏ ਹੋਣਗੇ।”

ਤਦ ਅਬਸ਼ਾਲੋਮ ਦੇ ਸੇਵਕਾਂ ਨੇ ਉਨ੍ਹਾਂ ਦੋਨਾਂ ਨੂੰ ਇੱਧਰ ਉੱਧਰ ਲੱਭਿਆ, ਪਰ ਜਦੋਂ ਉਨ੍ਹਾਂ ਨੂੰ ਉਹ ਨਾ ਲੱਭੇ ਤਾਂ ਉਹ ਯਰੂਸ਼ਲਮ ਨੂੰ ਵਾਪਸ ਮੁੜ ਗਏ।

21 ਜਦੋਂ ਉਸ ਦੇ ਨੌਕਰ ਵਾਪਸ ਚੱਲੇ ਗਏ ਤਾਂ ਯੋਨਾਥਾਨ ਅਤੇ ਅਹੀਮਅਸ ਖੂਹ ਚੋ ਬਾਹਰ ਨਿਕਲੇ ਅਤੇ ਉਨ੍ਹਾਂ ਨੇ ਜਾਕੇ ਦਾਊਦ ਨੂੰ ਦੱਸਿਆ, “ਜਲਦੀ ਕਰ! ਜਲਦੀ ਦਰਿਆ ਪਾਰ ਕਰ ਕਿਉਂ ਕਿ ਅਹੀਥੋਫ਼ਲ ਤੇਰੇ ਖਿਲਾਫ਼ ਇਹ ਸਲਾਹ ਕਰ ਰਿਹਾ ਹੈ।”

22 ਤਦ ਦਾਊਦ ਅਤੇ ਉਸ ਦੇ ਸਾਰੇ ਆਦਮੀ ਯਰਦਨ ਦਰਿਆ ਤੋਂ ਪਾਰ ਲੰਘ ਗਏ। ਸਵੇਰ ਹੋਣ ਤੋਂ ਪਹਿਲਾਂ ਉਹ ਤੇ ਉਸ ਦੇ ਆਦਮੀ ਦਰਿਆ ਪਾਰ ਕਰ ਚੁੱਕੇ ਸਨ।

ਅਹੀਥੋਫ਼ਲ ਦਾ ਖੁਦਕੁਸ਼ੀ ਕਰਨਾ

23 ਜਦੋਂ ਅਹੀਥੋਫ਼ਲ ਨੇ ਵੇਖਿਆ ਕਿ ਇਸਰਾਏਲੀਆਂ ਨੇ ਉਸਦੀ ਸਲਾਹ ਨੂੰ ਨਹੀਂ ਮੰਨਿਆ ਤਾਂ ਉਸ ਨੇ ਆਪਣੇ ਖੋਤੇ ਨੂੰ ਕਸਿਆ ਅਤੇ ਆਪਣੇ ਖੋਤੇ ਤੇ ਕਾਠੀ ਪਾਕੇ ਉਸ ਉੱਪਰ ਚੜ੍ਹ ਕੇ ਆਪਣੇ ਸ਼ਹਿਰ ਵਿੱਚ ਆਪਣੇ ਘਰ ਨੂੰ ਵਾਪਸ ਮੁੜ ਗਿਆ। ਉਸ ਨੇ ਆਪਣੇ ਪਰਿਵਾਰ ਨੂੰ ਸੁਧਾਰ ਕੇ ਆਪਣੇ ਆਪਨੂੰ ਫ਼ਾਹਾ ਦੇ ਦਿੱਤਾ। ਜਦੋਂ ਅਹੀਥੋਫ਼ਲ ਮਰ ਗਿਆ ਤਾਂ ਲੋਕਾਂ ਨੇ ਉਸ ਨੂੰ ਉਸ ਦੇ ਪਿਤਾ ਦੀ ਸਮਾਧ ਵਿੱਚ ਹੀ ਦੱਬ ਦਿੱਤਾ।

ਅਬਸ਼ਾਲੋਮ ਦਾ ਯਰਦਨ ਦਰਿਆ ਲੰਘਣਾ

24 ਫ਼ੇਰ ਦਾਊਦ ਮਹਨਇਮ ਨੂੰ ਲੰਘ ਗਿਆ ਪਰ ਅਬਸ਼ਾਲੋਮ ਅਤੇ ਇਸਰਾਏਲੀਆਂ ਨੇ ਜੋ ਉਸ ਦੇ ਨਾਲ ਸਨ ਯਰਦਨ ਦਰਿਆ ਪਾਰ ਕੀਤਾ। 25 ਅਬਸ਼ਾਲੋਮ ਨੇ ਯੋਆਬ ਦੀ ਥਾਂ ਅਮਾਸਾ ਨੂੰ ਸੈਨਾ ਦਾ ਕਪਤਾਨ ਬਣਾਇਆ। [a] ਅਮਾਸਾ ਇੱਕ ਯਿਥਰਾ ਨਾਂ ਦੇ ਇਸਰਾਏਲੀ ਮਨੁੱਖ ਦਾ ਪੁੱਤਰ ਸੀ। ਉਸ ਨੇ ਨਾਹਸ਼ ਦੀ ਧੀ, ਯੋਆਬ ਦੀ ਮਾਂ ਸਰੂਯਾਹ ਦੀ ਭੈਣ ਅਬੀਗੈਲ ਨਾਲ ਸੰਭੋਗ ਕੀਤਾ ਸੀ। 26 ਇਉਂ ਅਬਸ਼ਾਲੋਮ ਅਤੇ ਇਸਰਾਏਲੀਆਂ ਨੇ ਗਿਲਆਦ ਦੇ ਦੇਸ਼ ਵਿੱਚ ਡੇਰੇ ਲਾ ਲਏ।

ਸ਼ੋਬੀ, ਮਾਕੀਰ ਅਤੇ ਬਰਜ਼ਿੱਲਈ

27 ਤਦ ਦਾਊਦ ਮਹਨਇਮ ਵਿੱਚ ਪਹੁੰਚਿਆ। ਸ਼ੋਬੀ, ਮਾਕੀਰ ਅਤੇ ਬਰਜ਼ਿੱਲਈ ਵੀ ਉਸੇ ਜਗ੍ਹਾ ਸਨ। (ਸ਼ੋਬੀ ਨਾਹਸ਼ ਦਾ ਪੁੱਤਰ, ਅੰਮੋਨੀਆਂ ਦੇ ਰੱਬਾਹ ਤੋਂ ਸੀ। ਮਾਕੀਰ ਜੋ ਕਿ ਅੰਮੀਏਲ ਦਾ ਪੁੱਤਰ ਲੋ-ਦਬਾਰ ਤੋਂ ਸੀ ਅਤੇ ਬਰਜ਼ਿੱਲਈ ਗਿਲਆਦੀ ਰੋਗਲੀਮ ਤੋਂ ਸੀ।) 28-29 ਉਨ੍ਹਾਂ ਤਿੰਨਾਂ ਮਨੁੱਖਾਂ ਨੇ ਕਿਹਾ, “ਉਜਾੜ ਵਿੱਚ ਲੋਕ ਭੁੱਖੇ, ਪਿਆਸੇ ਅਤੇ ਥੱਕੇ ਹੋਏ ਹਨ।” ਇਸ ਲਈ ਉਹ ਦਾਊਦ ਲਈ ਅਤੇ ਉਸ ਦੇ ਨਾਲ ਜਿੰਨੇ ਆਦਮੀ ਸਨ ਉਨ੍ਹਾਂ ਲਈ ਬਹੁਤ ਸਾਰਾ ਸਮਾਨ ਲਿਆਏ। ਉਨ੍ਹਾਂ ਨੇ ਉਨ੍ਹਾਂ ਲੋਕਾਂ ਵਾਸਤੇ ਅਤੇ ਦਾਊਦ ਲਈ ਬਿਸਤਰੇ ਭਾਂਡੇ ਤੇ ਕਟੋਰੇ ਕਈ ਤਰ੍ਹਾਂ ਦੇ ਬਰਤਨ ਲਿਆਂਦੇ। ਇਸ ਦੇ ਇਲਾਵਾ ਕਣਕ, ਜੌਂ, ਆਟਾ, ਭੁੰਨੇ ਹੋਏ ਅਨਾਜ, ਰਵਾਂਹ ਦੀਆਂ ਫ਼ਲੀਆਂ, ਮਸਰ, ਭੁੰਨੇ ਹੋਏ ਛੋਲੇ, ਸ਼ਹਿਦ, ਮੱਖਣ, ਭੇਡਾਂ ਅਤੇ ਪਨੀਰ ਆਦਿ ਵਸਤਾਂ ਲਿਆਏ।

ਦਾਊਦ ਦੀ ਲੜਾਈ ਲਈ ਤਿਆਰੀ

18 ਦਾਊਦ ਨੇ ਆਪਣੇ ਆਦਮੀ ਗਿਣੇ। ਉਸ ਨੇ ਹਜ਼ਾਰਾਂ ਲੋਕਾਂ ਉੱਪਰ ਕਪਤਾਨ ਅਤੇ ਸੌਆਂ ਉੱਪਰ ਕਪਤਾਨ ਥਾਪ ਦਿੱਤੇ। ਦਾਊਦ ਨੇ ਲੋਕਾਂ ਨੂੰ ਤਿੰਨ ਹਿਸਿਆਂ ਵਿੱਚ ਵੰਡਿਆ ਅਤੇ ਫ਼ਿਰ ਉਨ੍ਹਾਂ ਨੂੰ ਬਾਹਰ ਭੇਜ ਦਿੱਤਾ। ਇੱਕ ਤਿਹਾਈ ਹਿੱਸੇ ਦਾ ਆਗੂ ਯੋਆਬ ਨੂੰ ਬਣਾਇਆ ਅਤੇ ਦੂਜੇ ਇੱਕ ਤਿਹਾਈ ਦਸਤੇ ਦਾ ਆਗੂ ਯੋਆਬ ਦੇ ਭਰਾ ਸਰੂਯਾਹ ਦੇ ਪੁੱਤਰ ਅਬੀਸ਼ਈ ਨੂੰ ਬਣਾਇਆ ਅਤੇ ਇੱਕ ਤਿਹਾਈ ਦਸਤੇ ਨੂੰ ਗਿੱਤੀ ਇੱਤਈ ਦੇ ਹੱਥ ਕਰ ਦਿੱਤਾ ਅਤੇ ਉਨ੍ਹਾਂ ਨੂੰ ਬਾਹਰ ਘੱਲ ਦਿੱਤਾ।

ਪਾਤਸ਼ਾਹ ਦਾਊਦ ਨੇ ਲੋਕਾਂ ਨੂੰ ਆਖਿਆ, “ਮੈਂ ਵੀ ਤੁਹਾਡੇ ਨਾਲ ਚੱਲਾਂਗਾ।”

ਪਰ ਲੋਕਾਂ ਨੇ ਕਿਹਾ, “ਨਹੀਂ! ਤੁਹਾਨੂੰ ਸਾਡੇ ਨਾਲ ਨਹੀਂ ਜਾਣਾ ਚਾਹੀਦਾ। ਕਿਉਂ ਕਿ ਜੇਕਰ ਸਾਨੂੰ ਨੱਸਣਾ ਪਵੇ ਤਾਂ ਅਬਸ਼ਾਲੋਮ ਨੂੰ ਸਾਡੀ ਕੋਈ ਪਰਵਾਹ ਨਹੀਂ ਹੋਵੇਗੀ ਅਤੇ ਜੇਕਰ ਅਸੀਂ ਕਦੇ ਅੱਧੇ ਵੀ ਮਾਰੇ ਜਾਈਏ ਤਾਂ ਵੀ ਅਬਸ਼ਾਲੋਮ ਦੇ ਆਦਮੀ ਪਰਵਾਹ ਨਹੀਂ ਕਰਨਗੇ। ਪਰ ਤਸੀਂ ਸਾਡੇ 10,000 ਵਰਗੇ ਹੋ। ਇਸਤੋਂ ਤਾਂ ਚੰਗਾ ਹੋਵੇਗਾ ਜੇਕਰ ਤੁਸੀਂ ਸ਼ਹਿਰ ਵਿੱਚ ਹੀ ਠਹਿਰੋ। ਤਦ ਜੇਕਰ ਸਾਨੂੰ ਮਦਦ ਦੀ ਲੋੜ ਹੋਵੇ ਤਾਂ ਤੁਸੀਂ ਸਾਡੀ ਮਦਦ ਕਰ ਸੱਕਦੇ ਹੋ।”

ਪਾਤਸ਼ਾਹ ਨੇ ਆਪਣੇ ਲੋਕਾਂ ਨੂੰ ਕਿਹਾ, “ਮੈਂ ਉਹੀ ਕਰਾਂਗਾ ਜਿਸ ਕੰਮ ਨੂੰ ਤੁਸੀਂ ਠੀਕ ਸਮਝੋ।”

ਤਦ ਪਾਤਸ਼ਾਹ ਸ਼ਹਿਰ ਦੇ ਲਾਂਘੇ ਦੇ ਦਰਵਾਜ਼ੇ ਕੋਲ ਖਲੋਤਾ ਅਤੇ ਸਾਰੀ ਫ਼ੌਜ ਚਲੀ ਗਈ। ਇਹ ਸਾਰੀ ਫ਼ੌਜ 100 ਅਤੇ 1,000 ਦੀਆਂ ਟੁਕੜੀਆਂ ਵਿੱਚ ਗਈ।

“ਜੁਆਨ ਅਬਸ਼ਾਲੋਮ ਨਾਲ ਨਰਮ ਵਤੀਰਾ”

ਪਾਤਸ਼ਾਹ ਨੇ ਯੋਆਬ ਨੂੰ ਅਬੀਸ਼ਈ ਅਤੇ ਇੱਤਈ ਨੂੰ ਹੁਕਮ ਦਿੱਤਾ ਅਤੇ ਕਿਹਾ, “ਮੇਰੀ ਖਾਤਿਰ ਉਸ ਜੁਆਨ ਅਬਸ਼ਾਲੋਮ ਨਾਲ ਨਰਮ ਵਰਤਾਓ ਕਰਨਾ।”

ਜਿਸ ਵੇਲੇ ਪਾਤਸ਼ਾਹ ਨੇ ਸਭਨਾਂ ਕਪਤਾਨਾਂ ਨੂੰ ਅਬਸ਼ਾਲੋਮ ਦੇ ਲਈ ਇਹ ਆਗਿਆ ਦਿੱਤੀ ਤਾਂ ਸਾਰੇ ਲੋਕਾਂ ਨੇ ਸੁਣੀ।

ਦਾਊਦ ਦੀ ਫ਼ੌਜ ਨੇ ਅਬਸ਼ਾਲੋਮ ਦੀ ਫ਼ੌਜ ਨੂੰ ਹਰਾਇਆ

ਦਾਊਦ ਦੀ ਫ਼ੌਜ ਅਬਸ਼ਾਲੋਮ ਦੀ ਇਸਰਾਏਲੀ ਫ਼ੌਜ ਦੇ ਖਿਲਾਫ਼ ਲੜਨ ਲਈ ਰੜੇ ਵਿੱਚ ਉਤਰ ਗਈ ਅਤੇ ਅਫ਼ਰਾਈਮ ਦੇ ਜੰਗਲ ਵਿੱਚ ਲੜਾਈ ਲੜੀ। ਇਸਰਾਏਲ ਦੇ ਲੋਕ ਦਾਊਦ ਦੇ ਆਦਮੀਆਂ ਦੇ ਅੱਗੇ ਮਾਰੇ ਗਏ ਅਤੇ ਉਸ ਦਿਨ 20,000 ਮਨੁੱਖਾਂ ਦਾ ਕਤਲ ਹੋਇਆ ਕਿਉਂ ਕਿ ਉਸ ਦਿਨ ਲੜਾਈ ਸਾਰੇ ਦੇਸ ਵਿੱਚ ਛਿੜ ਗਈ ਪਰ ਉਸ ਦਿਨ ਜਿਹੜੇ ਤਲਵਾਰ ਨਾਲ ਬੰਦੇ ਮਾਰੇ ਗਏ ਉਸ ਤੋਂ ਵੱਧ ਬੰਦਿਆਂ ਦੀ ਮੌਤ ਜੰਗਲ ਦੇ ਵਿੱਚ ਹੋਈ।

ਉਸ ਵੇਲੇ ਅਬਸ਼ਾਲੋਮ ਦਾਊਦ ਦੇ ਬੰਦਿਆਂ ਨੂੰ ਟੱਕਰ ਗਿਆ। ਅਬਸ਼ਾਲੋਮ ਬਚਣ ਲਈ ਆਪਣੇ ਖੋਤੇ ਉੱਤੇ ਚੜ੍ਹ ਗਿਆ, ਪਰ ਉਹ ਖੋਤਾ ਇੱਕ ਵੱਡੇ ਬੋਹੜ ਦੇ ਰੁੱਖ ਦੀਆਂ ਟਹਿਣੀਆਂ ਹੇਠੋਂ ਦੀ ਲੰਘਿਆ। ਟਹਿਣੀਆਂ ਬਹੁਤ ਸੰਘਣੀਆਂ ਸਨ ਅਤੇ ਅਬਸ਼ਾਲੋਮ ਦਾ ਸਿਰ ਉਨ੍ਹਾਂ ਵਿੱਚ ਅੜ ਗਿਆ। ਅਬਸ਼ਾਲੋਮ ਦਾ ਖੋਤਾ ਉਸ ਨੂੰ ਰੁੱਖ ਤੇ ਲਟਕਦਿਆਂ ਛੱਡ ਕੇ ਉਸ ਦੇ ਹੇਠੋਁ ਨਿਕਲ ਗਿਆ।

10 ਇੱਕ ਆਦਮੀ ਨੇ ਇਹ ਵੇਖਿਆ ਅਤੇ ਯੋਆਬ ਨੂੰ ਕਿਹਾ, “ਮੈਂ ਅਬਸ਼ਾਲੋਮ ਨੂੰ ਇੱਕ ਵੱਡੇ ਬੋਹੜ ਦੇ ਰੁੱਖ ਨਾਲ ਲਟਕਦੇ ਵੇਖਿਆ ਹੈ।”

11 ਯੋਆਬ ਨੇ ਉਸ ਆਦਮੀ ਨੂੰ ਕਿਹਾ, “ਤੂੰ ਜੋ ਉਸ ਨੂੰ ਵੇਖਿਆ ਤਾਂ ਮਾਰ ਕੇ ਧਰਤੀ ਉੱਪਰ ਕਿਉਂ ਨਾ ਸੁੱਟ ਦਿੱਤਾ? ਜੇ ਤੂੰ ਇੰਝ ਕਰਦਾ ਤਾਂ ਮੈਂ ਤੈਨੂੰ ਦਸ ਚਾਂਦੀ ਦੇ ਟੁਕੜੇ ਤੇ ਇੱਕ ਪੇਟੀ ਬਖਸ਼ ਦਿੰਦਾ।”

12 ਉਸ ਆਦਮੀ ਨੇ ਯੋਆਬ ਨੂੰ ਕਿਹਾ, “ਭਾਵੇਂ ਤੂੰ ਹਜ਼ਾਰ ਟੁਕੜੇ ਚਾਂਦੀ ਦੇ ਮੈਨੂੰ ਦਿੰਦਾ ਤਦ ਵੀ ਮੈਂ ਪਾਤਸ਼ਾਹ ਦੇ ਪੁੱਤਰ ਨੂੰ ਨਾ ਮਾਰਦਾ ਕਿਉਂ ਕਿ ਪਾਤਸ਼ਾਹ ਨੇ ਸਾਡੇ ਲੋਕਾਂ ਸਾਹਮਣੇ ਤੈਨੂੰ ਅਬੀਸ਼ਈ ਅਤੇ ਇੱਤਈ ਨੂੰ ਤਕੀਦ ਨਾਲ ਆਖਿਆ ਸੀ ਕਿ, ਧਿਆਨ ਰੱਖਣਾ ਕਿ ‘ਜੁਆਨ ਅਬਸ਼ਾਲੋਮ ਨੂੰ ਕੋਈ ਨਾ ਛੂਹੇ।’ 13 ਜੇਕਰ ਮੈਂ ਇਉਂ ਅਬਸ਼ਾਲੋਮ ਨੂੰ ਮਾਰ ਦਿੰਦਾ ਤਾਂ ਰਾਜੇ ਨੂੰ ਪਤਾ ਲੱਗ ਜਾਣਾ ਸੀ ਅਤੇ ਤੂੰ ਖੁਦ ਮੈਨੂੰ ਬਚਾਉਣ ਦੇ ਉਦੇਸ਼ ਨਾਲ ਇਸ ਮਾਮਲੇ ਵਿੱਚ ਦਖਲ ਨਹੀਂ ਦੇਣਾ ਸੀ।”

14 ਯੋਆਬ ਨੇ ਕਿਹਾ, “ਹੁਣ ਮੈਂ ਇੱਥੇ ਤੇਰੇ ਨਾਲ ਆਪਣਾ ਸਮਾਂ ਬਰਬਾਦ ਨਹੀਂ ਕਰਨਾ ਚਾਹੁੰਦਾ।”

ਅਬਸ਼ਾਲੋਮ ਅਜੇ ਵੀ ਜਿਉਂਦਾ ਸੀ ਅਤੇ ਬਲੂਤ ਦੇ ਰੁੱਖ ਨਾਲ ਲਟਕਿਆ ਹੋਇਆ ਸੀ। ਯੋਆਬ ਨੇ ਤਿੰਨ ਤੀਰ ਹੱਥ ਵਿੱਚ ਫ਼ੜੇ ਅਤੇ ਅਬਸ਼ਾਲੋਮ ਉੱਪਰ ਕਸੇ ਜੋ ਕਿ ਉਸ ਦੇ ਦਿਲ ਨੂੰ ਵਿੰਨ੍ਹ ਗਏ। 15 ਯੋਆਬ ਕੋਲ ਲੜਾਈ ਵਿੱਚ ਦਸ ਜਵਾਨ ਸਿਪਾਹੀ ਸਨ, ਜਿਨ੍ਹਾਂ ਨੇ ਲੜਾਈ ਵਿੱਚ ਉਸਦੀ ਮਦਦ ਕੀਤੀ। ਇਹ ਦਸ ਮਨੁੱਖ ਅਬਸ਼ਾਲੋਮ ਦੇ ਦੁਆਲੇ ਇਕੱਠੇ ਹੋਏ ਅਤੇ ਉਸ ਨੂੰ ਮਾਰ ਸੁੱਟਿਆ।

16 ਤਦ ਯੋਆਬ ਨੇ ਤੁਰ੍ਹੀ ਵਜਾਈ ਅਤੇ ਲੋਕ ਇਸਰਾਏਲੀਆਂ ਦਾ ਪਿੱਛਾ ਕਰਨ ਤੋਂ ਮੁੜੇ ਕਿਉਂ ਕਿ ਯੋਆਬ ਨੇ ਲੋਕਾਂ ਨੂੰ ਰੋਕ ਦਿੱਤਾ ਸੀ। 17 ਤਦ ਯੋਆਬ ਦੇ ਆਦਮੀਆਂ ਨੇ ਅਬਸ਼ਾਲੋਮ ਨੂੰ ਚੁੱਕਿਆ ਅਤੇ ਉਸ ਨੂੰ ਜੰਗਲ ਦੇ ਇੱਕ ਵੱਡੇ ਟੋਏ ਵਿੱਚ ਸੁੱਟ ਦਿੱਤਾ ਅਤੇ ਉਸ ਟੋਏ ਨੂੰ ਉੱਪਰੋਂ ਪੱਥਰਾਂ ਨਾਲ ਪੂਰ ਦਿੱਤਾ।

ਉਹ ਸਾਰੇ ਇਸਰਾਏਲੀ ਜੋ ਅਬਸ਼ਾਲੋਮ ਦੇ ਮਗਰ ਉਸ ਨਾਲ ਆਏ ਸਨ ਉਹ ਭੱਜਕੇ ਘਰੋ-ਘਰੀਁ ਚੱਲੇ ਗਏ।

18 ਜਦੋਂ ਅਬਸ਼ਾਲੋਮ ਅਜੇ ਜਿਉਂਦਾ ਸੀ ਤਦ ਉਸ ਨੇ ਧਰਤੀ ਲੈ ਕੇ, ਆਪਣੇ ਲਈ ਪਾਤਸ਼ਾਹੀ, ਖੱਡ ਵਿੱਚ ਇੱਕ ਥੰਮ ਬਣਾਇਆ ਸੀ ਕਿਉਂ ਜੋ ਉਸ ਨੇ ਆਖਿਆ ਕਿ, “ਮੇਰੇ ਕੋਈ ਪੁੱਤਰ ਨਹੀਂ ਹੈ ਜਿਸ ਨਾਲ ਮੇਰੇ ਨਾਂ ਦੀ ਯਾਦ ਰਹੇ।” ਇਸ ਲਈ ਉਸ ਨੇ ਆਪਣਾ ਉਸ ਥੰਮ ਦਾ ਨਾਮ ਆਪਣੇ ਉੱਪਰ ਰੱਖਿਆ ਸੀ। ਅੱਜ ਤੀਕ ਉਹ ਥੰਮ ਵਾਲੀ ਥਾਂ “ਅਬਸ਼ਾਲੋਮ ਦੀ ਮੜ੍ਹੀ” ਅਖਵਾਉਂਦੀ ਹੈ।

ਯੋਆਬ ਨੇ ਦਾਊਦ ਨੂੰ ਖਬਰ ਭੇਜੀ

19 ਤਦ ਸਾਦੋਕ ਦੇ ਪੁੱਤਰ ਅਹੀਮਅਸ ਨੇ ਯੋਆਬ ਨੂੰ ਕਿਹਾ, “ਮੈਨੂੰ ਹੁਣ ਨੱਸਣ ਦੇ ਤਾਂ ਜੋ ਮੈਂ ਜਾਕੇ ਪਾਤਸ਼ਾਹ ਨੂੰ ਇਹ ਖਬਰ ਦੱਸਾ ਕਿ ਯਹੋਵਾਹ ਨੇ ਉਸ ਦੇ ਵੈਰੀਆਂ ਤੋਂ ਉਸਦਾ ਬਦਲਾ ਲਿਆ।”

20 ਯੋਆਬ ਨੇ ਅਹੀਮਅਸ ਨੂੰ ਆਖਿਆ, “ਨਹੀਂ! ਤੂੰ ਅੱਜ ਜਾਕੇ ਉਸ ਨੂੰ ਇਹ ਖਬਰ ਨਾ ਦੱਸ। ਫ਼ਿਰ ਕਿਸੇ ਦਿਨ ਤੂੰ ਦਾਊਦ ਨੂੰ ਇਹ ਖਬਰ ਦੱਸ ਦੇਵੀਂ, ਪਰ ਅੱਜ ਨਹੀਂ। ਕਿਉਂ ਕਿ ਅੱਜ ਪਾਤਸ਼ਾਹ ਦਾ ਪੁੱਤਰ ਮਰਿਆ ਹੈ।”

21 ਤਦ ਯੋਆਬ ਨੇ ਕੂਸ਼ੀ ਨੂੰ ਆਖਿਆ, “ਤੂੰ ਜਾ, ਅਤੇ ਜੋ ਕੁਝ ਤੂੰ ਅੱਖੀ ਡਿੱਠਾ ਹੈ, ਜਾਕੇ ਪਾਤਸ਼ਾਹ ਨੂੰ ਦੱਸ।”

ਤਦ ਕੂਸ਼ੀ ਨੇ ਯੋਆਬ ਨੂੰ ਮੱਥਾ ਟੇਕਿਆ ਅਤੇ ਦਾਊਦ ਵੱਲ ਦੌੜ ਪਿਆ।

22 ਫ਼ਿਰ ਸਾਦੋਕ ਦੇ ਪੁੱਤਰ ਅਹੀਮਅਸ ਨੇ ਦੂਜੀ ਵਾਰ ਯੋਆਬ ਨੂੰ ਆਖਿਆ, “ਜਰਾ ਮੈਨੂੰ ਵੀ ਪਰਵਾਨਗੀ ਦੇ ਕਿ ਮੈਂ ਵੀ ਕੂਸ਼ੀ ਦੇ ਪਿੱਛੇ ਭੱਜ ਜਾਵਾਂ। ਇਸ ਦੀ ਮੈਨੂੰ ਕੋਈ ਪਰਵਾਹ ਨਹੀਂ ਕਿ ਮੇਰੇ ਨਾਲ ਕੀ ਹੋਵੇਗਾ।”

ਯੋਆਬ ਨੇ ਆਖਿਆ, “ਪੁੱਤਰ! ਤੈਨੂੰ ਭੱਜ ਕੇ ਖਬਰ ਦੇਣ ਦੀ ਕੀ ਲੋੜ ਪਈ ਹੈ? ਤੈਨੂੰ ਇਹ ਖਬਰ ਦੇਕੇ ਕੋਈ ਇਨਾਮ ਤਾਂ ਨਹੀਂ ਮਿਲਣਾ।”

23 ਅਹੀਮਅਸ ਨੇ ਕਿਹਾ, “ਮੈਨੂੰ ਕੋਈ ਪਰਵਾਹ ਨਹੀਂ ਕਿ ਕੀ ਹੋਵੇਗਾ, ਪਰ ਮੈਂ ਦਾਊਦ ਨੂੰ ਨੱਸ ਕੇ ਦੱਸਣਾ ਚਾਹੁੰਦਾ ਹਾਂ।”

ਯੋਆਬ ਨੇ ਅਹੀਮਅਸ ਨੂੰ ਆਖਿਆ, “ਤਾਂ ਠੀਕ ਹੈ! ਫ਼ਿਰ ਤੂੰ ਦਾਊਦ ਵੱਲ ਭੱਜ ਜਾ।”

ਤਦ ਅਹੀਮਅਸ ਯਰਦਨ ਵਾਦੀ ਦੇ ਰਾਹ ਵੱਲੋਂ ਗਿਆ ਅਤੇ ਕੂਸ਼ੀ ਤੋਂ ਅੱਗੇ ਪਹੁੰਚ ਗਿਆ।

ਦਾਊਦ ਨੇ ਖਬਰ ਸੁਣੀ

24 ਦਾਊਦ ਸ਼ਹਿਰ ਦੇ ਦੋ ਦਰਵਾਜ਼ਿਆਂ ਵਿੱਚਕਾਰ ਬੈਠਾ ਹੋਇਆ ਸੀ ਅਤੇ ਦਰਬਾਨ ਦਰਵਾਜ਼ਿਆਂ ਦੀ ਛੱਤ ਦੇ ਬੰਨੇ ਉੱਪਰ ਚੜ੍ਹਿਆ ਹੋਇਆ ਸੀ। ਉਸ ਨੇ ਵੇਖਿਆ ਕਿ ਇੱਕ ਆਦਮੀ ਇੱਕਲਾ ਨੱਸਦਾ ਹੋਇਆ ਆ ਰਿਹਾ ਹੈ। 25 ਉਹ ਦਰਬਾਨ ਦਾਊਦ ਪਾਤਸ਼ਾਹ ਨੂੰ ਇਹ ਖਬਰ ਦੇਣ ਲਈ ਉੱਚੀ ਆਵਾਜ਼ ਵਿੱਚ ਚੀਕਿਆ।

ਦਾਊਦ ਪਾਤਸ਼ਾਹ ਨੇ ਆਖਿਆ, “ਜੇਕਰ ਉਹ ਆਦਮੀ ਇੱਕਲਾ ਹੈ ਤਾਂ ਇਸਦਾ ਮਤਲਬ ਉਹ ਕੋਈ ਖਬਰ ਲਿਆ ਰਿਹਾ ਹੈ।”

ਉਹ ਆਦਮੀ ਸ਼ਹਿਰ ਦੇ ਹੋਰ ਨਜ਼ਦੀਕ ਪਹੁੰਚਦਾ ਗਿਆ। 26 ਦਰਬਾਨ ਨੇ ਇੱਕ ਹੋਰ ਭੱਜਦੇ ਆਉਂਦੇ ਮਨੁੱਖ ਨੂੰ ਵੇਖਿਆ ਤਾਂ ਦਰਬਾਨ ਨੇ ਦਰਵਾਜ਼ੇ ਦੇ ਚੌਕੀਦਾਰ ਨੂੰ ਕਿਹਾ, “ਵੇਖ! ਇੱਕ ਹੋਰ ਇੱਕਲਾ ਮਨੁੱਖ ਦੌੜਦਾ ਆ ਰਿਹਾ ਹੈ।”

ਤਾਂ ਪਾਤਸ਼ਾਹ ਨੇ ਕਿਹਾ, “ਉਹ ਵੀ ਖਬਰ ਲੈ ਕੇ ਹੀ ਆ ਰਿਹਾ ਹੈ।”

27 ਤਾਂ ਦਰਬਾਨ ਨੇ ਕਿਹਾ, “ਮੇਰੇ ਖਿਆਲ ਵਿੱਚ ਜਿਹੜਾ ਪਹਿਲਾ ਆਦਮੀ ਨੱਸਦਾ ਆ ਰਿਹਾ ਹੈ ਉਹ ਸਾਦੋਕ ਦੇ ਪੁੱਤਰ ਅਹੀਮਅਸ ਵਰਗਾ ਜਾਪਦਾ ਹੈ।”

ਪਾਤਸ਼ਾਹ ਨੇ ਕਿਹਾ, “ਅਹੀਮਅਸ ਇੱਕ ਚੰਗਾ ਮਨੁੱਖ ਹੈ, ਉਹ ਜ਼ਰੂਰ ਕੋਈ ਚੰਗੀ ਹੀ ਖਬਰ ਲਿਆ ਰਿਹਾ ਹੋਣਾ ਹੈ।”

28 ਅਹੀਮਅਸ ਨੇ ਪੁਕਾਰ ਕੇ ਹਾਕ ਮਾਰਕੇ ਪਾਤਸ਼ਾਹ ਨੂੰ ਆਖਿਆ, “ਸਭ ਠੀਕ-ਠਾਕ ਹੈ।” ਅਹੀਮਅਸ ਨੇ ਆਕੇ ਪਾਤਸ਼ਾਹ ਨੂੰ ਸਿਰ ਝੁਕਾਅ ਕੇ ਮੱਥਾ ਟੇਕਿਆ ਅਤੇ ਕਿਹਾ, “ਯਹੋਵਾਹ ਆਪਣੇ ਪਰਮੇਸ਼ੁਰ ਦੀ ਉਸਤਤ ਕਰੋ। ਯਹੋਵਾਹ ਨੇ ਤੁਹਾਡੇ ਦੁਸ਼ਮਣਾਂ ਨੂੰ ਹਾਰ ਦਿੱਤੀ ਹੈ। ਹੇ ਮੇਰੇ ਮਹਾਰਾਜ ਅਤੇ ਪਾਤਸ਼ਾਹ, ਤੁਹਾਡੀ ਜਿੱਤ ਹੋਈ ਹੈ।”

29 ਪਾਤਸ਼ਾਹ ਨੇ ਪੁੱਛਿਆ, “ਕੀ ਜਵਾਨ ਅਬਸ਼ਾਲੋਮ ਠੀਕ-ਠਾਕ ਹੈ।”

ਅਹੀਮਅਸ ਨੇ ਜਵਾਬ ਦਿੱਤਾ, “ਜਦੋਂ ਯੋਆਬ ਨੇ ਮੈਨੂੰ ਭੇਜਿਆ ਸੀ ਉਸ ਵੇਲੇ ਮੈਂ ਇੱਕ ਅਜ਼ਬ ਭੀੜ ਵੇਖੀ ਪਰ ਮੈਨੂੰ ਖਬਰ ਨਹੀਂ ਸੀ ਕਿ ਕੀ ਹੋਇਆ।”

30 ਤਦ ਪਾਤਸ਼ਾਹ ਨੇ ਕਿਹਾ, “ਤੂੰ ਇੱਥੇ ਅੰਦਰ ਜਾਕੇ ਜ਼ਰਾ ਕੁ ਰੁਕ ਅਤੇ ਇੰਤਜਾਰ ਕਰ।” ਤਾਂ ਅਹੀਮਅਸ ਉੱਥੇ ਜਾਕੇ ਰੁਕਿਆ ਅਤੇ ਉਡੀਕਣ ਲੱਗਾ।

31 ਤਦ ਕੂਸ਼ੀ ਉੱਥੇ ਪੁਜਿਆ। ਉਸ ਨੇ ਕਿਹਾ, “ਮੇਰੇ ਮਹਾਰਾਜ ਅਤੇ ਪਾਤਸ਼ਾਹ! ਮੈਂ ਚੰਗੀ ਖਬਰ ਲਿਆਇਆ ਹਾਂ ਕਿ ਯਹੋਵਾਹ ਨੇ ਅੱਜ ਦੇ ਦਿਨ ਉਨ੍ਹਾਂ ਸਭਨਾਂ ਤੋਂ ਜੋ ਤੁਹਾਡੇ ਵਿਰੋਧ ਲਈ ਉੱਠੇ ਸਨ ਤੁਹਾਡਾ ਬਦਲਾ ਲਿਆ ਹੈ।”

32 ਪਾਤਸ਼ਾਹ ਨੇ ਕੂਸ਼ੀ ਨੂੰ ਪੁੱਛਿਆ ਕਿ ਅਬਸ਼ਾਲੋਮ ਜਵਾਨ ਕੀ ਸੁੱਖ ਨਾਲ ਹੈ?

ਤਾਂ ਕੂਸ਼ੀ ਨੇ ਜਵਾਬ ਵਿੱਚ ਇਹ ਕਿਹਾ, “ਮੇਰੇ ਮਹਾਰਾਜ ਪਾਤਸ਼ਾਹ ਦੇ ਦੁਸ਼ਮਣ ਅਤੇ ਉਹ ਸਭ ਲੋਕ ਜੋ ਪਾਤਸ਼ਾਹ ਦੇ ਵਿਰੋਧ ਵਿੱਚ ਹਨ, ਉਹ ਸਭ ਉਸੇ ਜਵਾਨ (ਅਬਸ਼ਾਲੋਮ) ਵਰਗੇ ਹੋ ਜਾਣ।”

33 ਤਦ ਪਾਤਸ਼ਾਹ ਜਾਣ ਗਿਆ ਕਿ ਅਬਸ਼ਾਲੋਮ ਮਰ ਗਿਆ ਹੈ। ਤਾਂ ਪਾਤਸ਼ਾਹ ਬੜਾ ਬੇਚੈਨ ਹੋਇਆ, ਉਹ ਕੰਬ ਉੱਠਿਆ ਅਤੇ ਉਸ ਚੁਬਾਰੇ ਵਿੱਚ ਜੋ ਡਿਉੜੀ ਦੇ ਉੱਪਰ ਸੀ ਉਸ ਉੱਪਰ ਚੜ੍ਹ ਗਿਆ ਅਤੇ ਕੁਰਲਾਉਂਦਾ ਹੋਇਆ ਇਹ ਆਖ ਰਿਹਾ ਸੀ, “ਹਾਏ, ਮੇਰੇ ਪੁੱਤਰ ਅਬਸ਼ਾਲੋਮ! ਓ ਮੇਰੇ ਅਬਸ਼ਾਲੋਮ! ਕਾਸ਼ ਤੇਰੀ ਜਗ੍ਹਾ ਮੈਂ ਹੀ ਮਰ ਜਾਂਦਾ, ਮੈਨੂੰ ਮੌਤ ਆ ਜਾਂਦੀ ਮੇਰੇ ਪੁੱਤਰ! ਅਬਸ਼ਾਲੋਮ! ਹਾਏ ਮੇਰੇ ਪੁੱਤਰ!”

Punjabi Bible: Easy-to-Read Version (ERV-PA)

2010 by World Bible Translation Center