Print Page Options
Previous Prev Day Next DayNext

Beginning

Read the Bible from start to finish, from Genesis to Revelation.
Duration: 365 days
Punjabi Bible: Easy-to-Read Version (ERV-PA)
Version
2 ਸਮੂਏਲ 13-15

ਅਮਨੋਨ ਅਤੇ ਤਾਮਾਰ

13 ਅਬਸ਼ਾਲੋਮ ਦਾਊਦ ਦੇ ਪੁੱਤਰਾਂ ਵਿੱਚੋਂ ਇੱਕ ਸੀ। ਉਸ ਦੀ ਭੈਣ ਦਾ ਨਾਂ ਤਾਮਾਰ ਸੀ। ਤਾਮਾਰ ਬੜੀ ਹੀ ਸੋਹਣੀ ਸੀ। ਉਸ ਦੇ ਹੋਰਾਂ ਪੁੱਤਰਾਂ ਵਿੱਚੋਂ, ਅਮਨੋਨ [a] ਨੇ ਤਾਮਾਰ ਦੀ ਲਾਲਸਾ ਕੀਤੀ। ਅਮਨੋਨ ਆਪਣੀ ਭੈਣ ਤਾਮਾਰ ਨੂੰ ਪਿਆਰ ਕਰਦਾ ਸੀ ਅਤੇ ਉਸਦੀ ਲਾਲਸਾ ਕਰਕੇ ਬਹੁਤ ਨਿਰਾਸ਼ ਹੋ ਗਿਆ। ਉਹ ਵਿਆਹੀ ਹੋਈ ਨਹੀਂ ਸੀ ਜਾਂ ਉਸ ਨੇ ਕਿਸੇ ਆਦਮੀ ਨਾਲ ਜਿਨਸੀ ਸੰਬੰਧ ਨਹੀਂ ਬਣਾਏ ਸਨ। ਉਹ ਤਾਮਾਰ ਬਾਰੇ ਇੰਨਾ ਜ਼ਿਆਦਾ ਸੋਚਦਾ ਸੀ, ਕਿ ਉਸ ਨੇ ਬਿਮਾਰ ਹੋਣ ਦਾ ਢੋਂਗ ਕਰਨ ਦੀ ਵਿਉਂਤ ਬਣਾਈ।

ਦਾਊਦ ਦੇ ਭਰਾ ਸਿਮਆਹ ਦਾ ਪੁੱਤਰ ਯੋਨਾਦਾਬ ਅਮਨੋਨ ਦਾ ਮਿੱਤਰ ਸੀ। ਯੋਨਾਦਾਬ ਬੜਾ ਚਤੁਰ ਮਨੁੱਖ ਸੀ। ਯੋਨਾਦਾਬ ਨੇ ਅਮਨੋਨ ਨੂੰ ਕਿਹਾ, “ਤੂੰ ਪਾਤਸ਼ਾਹ ਦਾ ਪੁੱਤਰ ਹੈਂ, ਪਰ ਕੀ ਗੱਲ ਹੈ ਕਿ ਤੂੰ ਦਿਨ ਬਰ ਦਿਨ ਕਮਜ਼ੋਰ ਹੁੰਦਾ ਜਾ ਰਿਹਾ ਹੈਂ? ਤੁਹਾਡੇ ਘਰ ਖਾਣ-ਪੀਣ ਦੀ ਕੋਈ ਘਾਟ ਨਹੀਂ ਫ਼ਿਰ ਤੂੰ ਕਿਉਂ ਕਮਜ਼ੋਰ ਹੁੰਦਾ ਜਾ ਰਿਹਾ ਹੈਂ? ਮੈਨੂੰ ਇਸਦੀ ਵਜਾਹ ਦੱਸ।”

ਅਮਨੋਨ ਨੇ ਯੋਨਾਦਾਬ ਨੂੰ ਆਖਿਆ, “ਮੈਂ ਤਾਮਾਰ ਨੂੰ ਪਿਆਰ ਕਰਦਾ ਹਾਂ ਪਰ ਉਹ ਮੇਰੇ ਸੋਤੇਲੇ ਭਰਾ ਅਬਸ਼ਾਲੋਮ ਦੀ ਸੱਕੀ ਭੈਣ ਹੈ।”

ਯੋਨਾਦਾਬ ਨੇ ਅਮਨੋਨ ਨੂੰ ਕਿਹਾ, “ਤੂੰ ਮੰਜੇ ਤੇ ਜਾਕੇ ਲੰਮਾ ਪੈ ਕੇ ਇੰਝ ਵਿਖਾਵਾ ਕਰ ਕਿ ਜਿਵੇਂ ਤੂੰ ਬੜਾ ਬਿਮਾਰ ਹੈਂ। ਫ਼ਿਰ ਤੇਰਾ ਪਿਤਾ ਤੇਰੀ ਖਬਰ ਲੈਣ ਆਵੇਗਾ ਤਾਂ ਤੂੰ ਉਸ ਨੂੰ ਕਹਿ ਦੇਵੀਂ, ‘ਕਿਰਪਾ ਕਰਕੇ ਮੇਰੀ ਭੈਣ ਤਾਮਾਰ ਨੂੰ ਪਰਵਾਨਗੀ ਦੇਵੋ ਕਿ ਉਹ ਆਵੇ ਅਤੇ ਆਕੇ ਮੈਨੂੰ ਰੋਟੀ ਖੁਆਵੇ ਅਤੇ ਉਹ ਮੇਰੇ ਸਾਹਮਣੇ ਭੋਜਨ ਤਿਆਰ ਕਰੇ, ਜੋ ਮੈਂ ਵੇਖਾਂ ਅਤੇ ਉਸ ਦੇ ਹੀ ਹੱਥੋਂ ਖਾਵਾਂ।’”

ਤਦ ਅਮਨੋਨ ਮੰਜੇ ਤੇ ਲੰਮਾ ਪੈਕੇ ਬਿਮਾਰ ਹੋਣ ਦਾ ਢੋਂਗ ਕਰਨ ਲੱਗਾ। ਦਾਊਦ ਪਾਤਸ਼ਾਹ ਅਮਨੋਨ ਦੀ ਖਬਰ ਲੈਣ ਲਈ ਉਸ ਕੋਲ ਆਇਆ ਤਾਂ ਅਮਨੋਨ ਨੇ ਦਾਊਦ ਪਾਤਸ਼ਾਹ ਨੂੰ ਕਿਹਾ, “ਕਿਰਪਾ ਕਰਕੇ ਮੇਰੀ ਭੈਣ ਤਾਮਾਰ ਨੂੰ ਅੰਦਰ ਆਉਣ ਦੇਵੋ ਅਤੇ ਉਸ ਨੂੰ ਮੇਰੇ ਸਾਹਮਣੇ ਮੇਰੇ ਲਈ ਦੋ ਰੋਟੀਆਂ ਬਨਾਉਣ ਦੇਵੋ। ਤਦ ਮੈਂ ਉਸ ਨੂੰ ਬਣਾਉਂਦਿਆਂ ਵੇਖਾਂਗਾ, ਖਾਵਾਂਗਾ ਅਤੇ ਰਾਜ਼ੀ ਹੋ ਜਾਵਾਂਗਾ।”

ਦਾਊਦ ਨੇ ਤਾਮਾਰ ਦੇ ਘਰ ਸੰਦੇਸ਼ਵਾਹਕ ਭੇਜੇ ਅਤੇ ਉਨ੍ਹਾਂ ਤਾਮਾਰ ਨੂੰ ਕਿਹਾ, “ਜਾਓ ਆਪਣੇ ਭਰਾ ਅਮਨੋਨ ਦੇ ਘਰ ਜਾਕੇ ਉਸ ਲਈ ਭੋਜਨ ਤਿਆਰ ਕਰੋ।”

ਤਾਮਾਰ ਦਾ ਅਮਨੋਨ ਲਈ ਭੋਜਨ ਤਿਆਰ ਕਰਨਾ

ਤਾਂ ਤਾਮਾਰ ਆਪਣੇ ਭਰਾ ਅਮਨੋਨ ਦੇ ਘਰ ਗਈ। ਅਮਨੋਨ ਬਿਸਤਰ ਤੇ ਪਿਆ ਸੀ। ਤਾਮਾਰ ਨੇ ਕੁਝ ਆਟਾ ਲਿਆ, ਉਸ ਦੇ ਪੇੜੇ ਬਣਾਏ ਅਤੇ ਫ਼ਿਰ ਉਸਦੀ ਰੋਟੀ ਬਣਾਈ, ਇਹ ਸਭ ਕੁਝ ਉਸ ਨੇ ਅਮਨੋਨ ਦੇ ਸਾਹਮਣੇ ਕੀਤਾ। ਫ਼ਿਰ ਉਸ ਨੇ ਤਵੇ ਤੋਂ ਰੋਟੀ ਲਾਹ ਕੇ ਉਸ ਨੂੰ ਪਲੇਟ ਵਿੱਚ ਪਾਕੇ ਅਮਨੋਨ ਅੱਗੇ ਲਿਆਈ ਪਰ ਅਮਨੋਨ ਨੇ ਖਾਣ ਤੋਂ ਇਨਕਾਰ ਕੀਤਾ। ਅਮਨੋਨ ਨੇ ਆਪਣੇ ਨੌਕਰਾਂ ਨੂੰ ਬਾਹਰ ਜਾਣ ਦਾ ਹੁਕਮ ਦਿੱਤਾ ਅਤੇ ਕਿਹਾ, “ਇੱਥੋਂ ਬਾਹਰ ਚੱਲੇ ਜਾਵੋ ਅਤੇ ਮੈਨੂੰ ਇੱਕਲਿਆਂ ਰਹਿਣ ਦੇਵੋ।” ਤਾਂ ਉਸ ਦੇ ਸਾਰੇ ਸੇਵਕ ਕਮਰੇ ਵਿੱਚੋਂ ਬਾਹਰ ਹੋ ਗਏ।

ਅਮਨੋਨ ਦੁਆਰਾ ਤਾਮਾਰ ਦਾ ਬਲਾਤਕਾਰ

10 ਤਦ ਅਮਨੋਨ ਨੇ ਤਾਮਾਰ ਨੂੰ ਕਿਹਾ, “ਤੂੰ ਭੋਜਨ ਮੇਰੇ ਸੌਣ ਵਾਲੇ ਕਮਰੇ ਵਿੱਚ ਲਿਆ ਕੇ ਮੈਨੂੰ ਉੱਥੇ ਆਕੇ ਖੁਆ।”

ਤਾਂ ਤਾਮਾਰ ਨੇ ਜਿਹੜਾ ਭੋਜਨ ਭਰਾ ਲਈ ਤਿਆਰ ਕੀਤਾ ਸੀ, ਉਹ ਆਪਣੇ ਭਰਾ ਦੇ ਸੌਣ ਕਮਰੇ ਵਿੱਚ ਲੈ ਗਈ। 11 ਉਸ ਨੇ ਆਪਣੇ ਹੱਥੀਂ ਅਮਨੋਨ ਨੂੰ ਖੁਆਣਾ ਸ਼ੁਰੂ ਕੀਤਾ ਪਰ ਉਸ ਨੇ ਉਸਦਾ ਹੱਥ ਪਕੜ ਲਿਆ ਅਤੇ ਉਸ ਨੂੰ ਆਖਿਆ, “ਭੈਣ! ਇੱਥੇ ਆਕੇ ਤੂੰ ਮੇਰੇ ਨਾਲ ਸੌਂ।”

12 ਤਾਮਾਰ ਨੇ ਅਮਨੋਨ ਨੂੰ ਕਿਹਾ, “ਨਹੀਂ ਮੇਰੇ ਭਰਾ! ਮੈਨੂੰ ਅਜਿਹਾ ਕਰਨ ਲਈ ਮਜ਼ਬੂਰ ਨਾ ਕਰ। ਨਹੀਂ ਮੇਰੇ ਭਾਈ, ਤੂੰ ਮੇਰੇ ਨਾਲ ਜ਼ਬਰਦਸਤੀ ਇਹ ਗੁਨਾਹ ਨਾ ਕਰ। ਅਜਿਹਾ ਸ਼ਰਮਨਾਕ ਕੰਮ ਇਸਰਾਏਲ ਵਿੱਚ ਕਦੇ ਨਹੀਂ ਹੋਇਆ। 13 ਇਉਂ ਮੈਂ ਆਪਣਾ ਅਜਿਹਾ ਕਲੰਕ ਕਿੱਥੋ ਲਾਹਵਾਂਗੀ ਅਤੇ ਤੂੰ ਇਸਰਾਏਲ ਦੇ ਪਾਪੀਆਂ ਵਿੱਚੋਂ ਇੱਕ ਹੋਵੇਂਗਾ। ਕਿਰਪਾ ਕਰਕੇ ਤੂੰ ਪਾਤਸ਼ਾਹ ਨੂੰ ਆਖ ਕਿ ਉਹ ਤੇਰੇ ਨਾਲ ਮੇਰਾ ਵਿਆਹ ਕਰ ਦੇਵੇ।”

14 ਪਰ ਅਮਨੋਨ ਨੇ ਤਾਮਾਰ ਦੀ ਇੱਕ ਨਾ ਸੁਣੀ। ਉਹ ਤਾਮਾਰ ਤੋਂ ਵੱਧ ਤਾਕਤਵਰ ਸੀ ਉਸ ਨੇ ਤਾਮਾਰ ਨੂੰ ਸੰਭੋਗ ਕਰਨ ਲਈ ਮਜ਼ਬੂਰ ਕੀਤਾ। 15 ਉਸ ਉਪਰੰਤ ਉਸ ਨੇ ਤਾਮਾਰ ਨਾਲ ਨਫ਼ਰਤ ਕਰਨੀ ਸ਼ੁਰੂ ਕਰ ਦਿੱਤੀ। ਜਿੰਨਾ ਪਹਿਲਾਂ ਉਹ ਉਸ ਦੇ ਪਿਆਰ ਵਿੱਚ ਮਰਦਾ ਸੀ, ਉਸਤੋਂ ਕਿਤੇ ਵੱਧ ਉਸ ਨੇ ਤਾਮਾਰ ਨੂੰ ਨਫ਼ਰਤ ਕਰਨੀ ਸ਼ੁਰੂ ਕਰ ਦਿੱਤੀ। ਅਮਨੋਨ ਨੇ ਤਾਮਾਰ ਨੂੰ ਕਿਹਾ, “ਇੱਥੋਂ ਉੱਠ ਅਤੇ ਇੱਥੋਂ ਚਲੀ ਜਾ।”

16 ਤਾਮਾਰ ਨੇ ਅਮਨੋਨ ਨੂੰ ਕਿਹਾ, “ਨਹੀਂ! ਹੁਣ ਮੈਨੂੰ ਇੰਝ ਨਾ ਠੁਕਰਾ। ਇੰਝ ਤਾਂ ਜੋ ਕੁਝ ਤੂੰ ਮੇਰੇ ਨਾਲ ਪਹਿਲਾਂ ਕੀਤਾ ਹੈ ਇਹ ਉਸਤੋਂ ਵੀ ਵੱਧ ਬੁਰਾ ਹੋਵੇਗਾ।”

ਪਰ ਅਮਨੋਨ ਨੇ ਉਸਦੀ ਇੱਕ ਨਾ ਸੁਣੀ। 17 ਅਮਨੋਨ ਨੇ ਆਪਣੇ ਸੇਵਕ ਨੂੰ ਬੁਲਾਇਆ ਅਤੇ ਕਿਹਾ, “ਇਸ ਕੁੜੀ ਨੂੰ ਹੁਣੇ ਇਸ ਕਮਰੇ ਵਿੱਚੋਂ ਬਾਹਰ ਕੱਢ ਅਤੇ ਇਸ ਨੂੰ ਬਾਹਰ ਕੱਢ ਕੇ ਦਰਵਾਜ਼ੇ ਨੂੰ ਤਾਲਾ ਮਾਰਦੇ।”

18 ਸੋ ਅਮਨੋਨ ਦੇ ਨੌਕਰ ਨੇ ਤਾਮਾਰ ਨੂੰ ਬਾਹਰ ਕੱਢ ਕੇ ਦਰਵਾਜ਼ੇ ਨੂੰ ਜਿੰਦਰਾ ਲਾ ਦਿੱਤਾ।

ਤਾਮਾਰ ਨੇ ਲੰਬਾ ਰੰਗ ਬਿਰੰਗਾ ਧਾਰੀਦਾਰ ਚੋਲਾ ਪਾਇਆ ਹੋਇਆ ਸੀ। ਪਾਤਸ਼ਾਹ ਦੀਆਂ ਕੁਆਰੀਆਂ ਕੁੜੀਆਂ ਅਜਿਹਾ ਲਿਬਾਸ ਹੀ ਪਾਉਂਦੀਆਂ ਸਨ। 19 ਤਾਮਾਰ ਨੇ ਉਹ ਆਪਣਾ ਰੰਗੀਨ ਪਹਿਰਾਵਾ ਫ਼ਾੜ ਕੇ ਆਪਣੇ ਸਿਰ ਤੇ ਸੁਆਹ ਪਾ ਲਈ ਫ਼ਿਰ ਆਪਣੇ ਹੱਥਾਂ ਵਿੱਚ ਆਪਣੇ ਸਿਰ ਨੂੰ ਘੁੱਟ ਕੇ ਪਿੱਟਣ ਲੱਗ ਪਈ।

20 ਤਦ ਤਾਮਾਰ ਦੇ ਸਗੇ ਭਰਾ ਅਬਸ਼ਾਲੋਮ ਨੇ ਉਸ ਨੂੰ ਆਖਿਆ, “ਕੀ ਤੂੰ ਆਪਣੇ ਭਰਾ ਅਮਨੋਨ ਨਾਲ ਖੇਹ ਖਾਧੀ ਹੈ? ਕੀ ਉਸ ਨੇ ਤੇਰੇ ਨਾਲ ਧੋਖਾ ਕੀਤਾ ਹੈ? ਕੋਈ ਨਹੀਂ, ਹੁਣ ਤੂੰ ਭੈਣ ਸ਼ਾਂਤ ਹੋ ਜਾ! ਅਮਨੋਨ ਤੇਰਾ ਭਰਾ ਹੈ, ਸੋ ਇਸ ਗੱਲ ਲਈ ਹੁਣ ਤੂੰ ਮਨ ਵਿੱਚ ਫ਼ਿਕਰ ਨਾ ਰੱਖ। ਤੂੰ ਇਸ ਗੱਲ ਤੋਂ ਬਹੁਤੀ ਦੁੱਖੀ ਨਾ ਹੋ।” ਤਦ ਤਾਮਾਰ ਅੱਗੋਂ ਚੁੱਪ ਰਹੀ ਅਤੇ ਚੁੱਪ ਕਰਕੇ ਆਪਣੇ ਭਰਾ ਅਬਸ਼ਾਲੋਮ ਦੇ ਘਰ ਚਲੀ ਗਈ।

21 ਜਦੋਂ ਦਾਊਦ ਪਾਤਸ਼ਾਹ ਨੇ ਇਹ ਸਾਰੀਆਂ ਗੱਲਾਂ ਸੁਣੀਆਂ ਤਾਂ ਉਸਦਾ ਕਰੋਧ ਬੜਾ ਜਾਗਿਆ। 22 ਅਬਸ਼ਾਲੋਮ ਵੀ ਅਮਨੋਨ ਨੂੰ ਬੜੀ ਨਫ਼ਰਤ ਕਰਨ ਲੱਗਾ। ਅਬਸ਼ਾਲੋਮ ਨੇ ਅਮਨੋਨ ਨੂੰ ਕੁਝ ਵੀ ਚੰਗਾ-ਮੰਦਾ ਨਾ ਕਿਹਾ ਪਰ ਅਬਸ਼ਾਲੋਮ ਨੇ ਅਮਨੋਨ ਨੂੰ ਇਸ ਲਈ ਘਿਰਣਾ ਕੀਤੀ ਕਿਉਂ ਜੋ ਉਸ ਨੇ ਉਸਦੀ ਭੈਣ ਤਾਮਾਰ ਨਾਲ ਬਲਾਤਕਾਰ ਕੀਤਾ।

ਅਬਸ਼ਾਲੋਮ ਦਾ ਬਦਲਾ ਲੈਣਾ

23 ਦੋ ਸਾਲ ਬਾਅਦ ਅਬਸ਼ਾਲੋਮ ਦੇ ਉੱਨ ਕਤਰਨ ਵਾਲੇ ਬਆਲ-ਹਸੋਰ ਵਿੱਚੋਂ ਜੋ ਇਫ਼ਰਾਈਮ ਦੇ ਕੋਲ ਹੈ, ਉੱਥੇ ਸਨ। ਅਬਸ਼ਾਲੋਮ ਨੇ ਪਾਤਸ਼ਾਹ ਦੇ ਸਭਨਾਂ ਪੁੱਤਰਾਂ ਨੂੰ ਉੱਥੇ ਬੁਲਾਇਆ ਅਤੇ ਆਖਿਆ ਕਿ ਉਹ ਸਭ ਇਹ ਵਾਚਣ। 24 ਅਬਸ਼ਾਲੋਮ ਪਾਤਸ਼ਾਹ ਕੋਲ ਗਿਆ ਅਤੇ ਕਿਹਾ, “ਵੇਖ! ਤੇਰੇ ਸੇਵਕ ਭੇਡਾਂ ਦੀ ਉੱਨ ਕਤਰਨ ਵਾਲੇ ਹਨ, ਸੋ ਹੁਣ ਮੈਂ ਬੇਨਤੀ ਕਰਦਾ ਹਾਂ ਜੋ ਪਾਤਸ਼ਾਹ ਅਤੇ ਉਸ ਦੇ ਸੇਵਕ ਉੱਥੇ ਚੱਲਣ।”

25 ਪਾਤਸ਼ਾਹ ਦਾਊਦ ਨੇ ਅਬਸ਼ਾਲੋਮ ਨੂੰ ਕਿਹਾ, “ਨਹੀਂ ਪੁੱਤਰ। ਅਸੀਂ ਸਾਰੇ ਇਸ ਵੇਲੇ ਜਾਈਏ ਤਾਂ ਚੰਗਾ ਨਹੀਂ ਹੋਵੇਗਾ। ਕਿਤੇ ਐਸਾ ਨਾ ਹੋਵੇ ਕਿ ਤੇਰੇ ਤੇ ਭਾਰੂ ਹੋ ਜਾਈਏ।”

ਅਬਸ਼ਾਲੋਮ ਨੇ ਦਾਊਦ ਨੂੰ ਨਾਲ ਚੱਲਣ ਦੀ ਬੜੀ ਮਿੰਨਤ ਕੀਤੀ ਪਰ ਦਾਊਦ ਨਾ ਗਿਆ ਪਰ ਉਸ ਨੇ ਅਬਸ਼ਾਲੋਮ ਨੂੰ ਅਸੀਸ ਦਿੱਤੀ, ਆਪਣੀ ਬਖਸ਼ੀਸ਼ ਦਿੱਤੀ।

26 ਅਬਸ਼ਾਲੋਮ ਨੇ ਦਾਊਦ ਨੂੰ ਆਖਿਆ, “ਜੇਕਰ ਤੁਸੀਂ ਨਹੀਂ ਜਾਣਾ ਚਾਹੁੰਦੇ ਤਾਂ ਕਿਰਪਾ ਕਰਕੇ ਮੇਰੇ ਭਰਾ ਅਮਨੋਨ ਨੂੰ ਮੇਰੇ ਨਾਲ ਭੇਜ ਦੇਵੋ।”

ਤਾਂ ਪਾਤਸ਼ਾਹ ਦਾਊਦ ਨੇ ਆਖਿਆ, “ਭਲਾ, ਉਹ ਤੇਰੇ ਨਾਲ ਕਿਉਂ ਜਾਵੇ?”

27 ਅਬਸ਼ਾਲੋਮ ਦਾਊਦ ਦੀਆਂ ਮਿੰਨਤਾਂ ਕਰਦਾ ਰਿਹਾ ਤਾਂ ਅਖੀਰ ਵਿੱਚ ਦਾਊਦ ਨੇ ਆਪਣੇ ਹੋਰ ਵੀ ਬਾਕੀ ਦੇ ਪੁੱਤਰਾਂ ਨੂੰ ਅਬਸ਼ਾਲੋਮ ਦੇ ਨਾਲ ਜਾਣ ਦਿੱਤਾ।

ਅਮਨੋਨ ਦਾ ਕਤਲ

28 ਤਦ ਅਬਸ਼ਾਲੋਮ ਨੇ ਆਪਣੇ ਸੇਵਕਾਂ ਨੂੰ ਹੁਕਮ ਦਿੱਤਾ, “ਅਮਨੋਨ ਵੱਲ ਨਜ਼ਰ ਰੱਖੋ! ਜਦੋਂ ਉਹ ਖੂਬ ਸ਼ਰਾਬ ਪੀ ਲਵੇ ਅਤੇ ਉਸ ਨੂੰ ਸ਼ਰਾਬ ਦਾ ਨਸ਼ਾ ਚੜ੍ਹ ਜਾਵੇ ਤਾਂ ਮੈਂ ਤੁਹਾਨੂੰ ਹੁਕਮ ਦੇਵਾਂਗਾ। ਤਾਂ ਤੁਸੀਂ ਉਸ ਉੱਪਰ ਹਮਲਾ ਕਰਕੇ ਉਸ ਨੂੰ ਖਤਮ ਕਰ ਦੇਣਾ। ਕਿਤੇ ਤੁਹਾਨੂੰ ਸਜ਼ਾ ਨਾ ਮਿਲੇ ਇਸ ਡਰ ਤੋਂ ਘਬਰਾਉਣਾ ਨਹੀਂ ਕਿਉਂ ਕਿ ਆਖਿਰ ਕਰ ਤੁਸੀਂ ਤਾਂ ਮੇਰਾ ਹੁਕਮ ਹੀ ਮੰਨ ਰਹੇ ਹੋ ਨਾ। ਇਸ ਲਈ ਬਹਾਦਰ ਬਣੋ, ਅਤੇ ਤਕੜੇ ਹੋ ਜਾਵੋ।”

29 ਇਉਂ ਅਬਸ਼ਾਲੋਮ ਦੇ ਜਵਾਨ ਸੇਵਕਾਂ ਨੇ ਉਹੀ ਕੀਤਾ ਜਿਵੇਂ ਉਸ ਨੇ ਹੁਕਮ ਕੀਤਾ ਉਨ੍ਹਾਂ ਨੇ ਅਮਨੋਨ ਦਾ ਕਤਲ ਕਰ ਦਿੱਤਾ ਪਰ ਦਾਊਦ ਦੇ ਬਾਕੀ ਸਾਰੇ ਪੁੱਤਰ ਬਚ ਕੇ ਭੱਜ ਗਏ। ਦਾਊਦ ਦੇ ਬਾਕੀ ਸਾਰੇ ਪੁੱਤਰ ਆਪੋ-ਆਪਣੀਆਂ ਖੱਚਰਾਂ ਉੱਤੇ ਚੜ੍ਹ ਕੇ ਭੱਜ ਗਏ।

ਦਾਊਦ ਨੂੰ ਅਮਨੋਨ ਦੀ ਮੌਤ ਦਾ ਪਤਾ ਲੱਗਣਾ

30 ਪਾਤਸ਼ਾਹ ਦੇ ਪੁੱਤਰ ਅਜੇ ਰਾਹ ਵਿੱਚ ਹੀ ਸਨ ਪਰ ਦਾਊਦ ਪਾਤਸ਼ਾਹ ਨੂੰ ਪਹਿਲਾਂ ਹੀ ਇਹ ਖਬਰ ਮਿਲੀ, “ਅਬਸ਼ਾਲੋਮ ਨੇ ਸਾਰੇ ਰਾਜ ਪੁੱਤਰਾਂ ਨੂੰ ਵੱਢ ਦਿੱਤਾ ਹੈ ਅਤੇ ਉਸਦਾ ਕੋਈ ਵੀ ਪੁੱਤਰ ਬਾਕੀ ਜਿਉਂਦਾ ਨਹੀਂ ਬਚਿਆ।”

31 ਦਾਊਦ ਪਾਤਸ਼ਾਹ ਨੇ ਆਪਣੇ ਕੱਪੜੇ ਪਾੜ ਸੁੱਟੇ ਅਤੇ ਭੌਂ ਉੱਤੇ ਲੰਮਾ ਪੈ ਗਿਆ ਤਾਂ ਉਸ ਦੇ ਸਾਰੇ ਸੇਵਕ ਵੀ ਆਪੋ-ਆਪਣੇ ਵਸਤਰ ਪਾੜ ਕੇ ਉਸ ਦੇ ਅੱਗੇ ਖਲੋ ਗਏ।

32 ਪਰ ਦਾਊਦ ਦੇ ਭਰਾ ਸ਼ਿਮਆਹ ਦਾ ਪੁੱਤਰ ਯੋਨਾਦਾਬ ਇਉਂ ਆਖਕੇ ਬੋਲਿਆ, “ਇਹ ਨਾ ਸੋਚੋ, ਪਾਤਸ਼ਾਹ ਦੇ ਸਾਰੇ ਹੀ ਰਾਜ ਪੁੱਤਰ ਮਾਰੇ ਗਏ ਸਨ, ਸਿਰਫ਼ ਅਮਨੋਨ ਦਾ ਕਤਲ ਹੋਇਆ ਹੈ। ਅਬਸ਼ਾਲੋਮ ਅਮਨੋਨ ਨੂੰ ਕਤਲ ਕਰਨ ਦੀ ਉਸ ਦਿਨ ਤੋਂ ਹੀ ਵਿਉਂਤ ਕਰ ਰਿਹਾ ਸੀ ਜਿਸ ਦਿਨ ਉਸ ਨੇ ਉਸਦੀ ਭੈਣ ਤਾਮਾਰ ਨਾਲ ਬਲਾਤਕਾਰ ਕੀਤਾ। 33 ਸੋ ਮੇਰਾ ਮਹਾਰਾਜ ਪਾਤਸ਼ਾਹ ਮਨ ਵਿੱਚ ਇਹ ਨਾ ਸਮਝੇ ਕਿ ਸਾਰੇ ਰਾਜ-ਪੁੱਤਰ ਮਾਰੇ ਗਏ ਹਨ, ਕਿਉਂ ਕਿ ਸਿਰਫ਼ ਅਮਨੋਨ ਹੀ ਮਾਰਿਆ ਗਿਆ ਹੈ।”

34 ਅਬਸ਼ਾਲੋਮ ਨੱਠ ਗਿਆ।

ਸ਼ਹਿਰ ਦੀ ਦੀਵਾਰ ਉੱਪਰ ਰੱਖਿਅਕ ਖੜ੍ਹਾ ਸੀ ਉਸ ਨੇ ਬਹੁਤ ਸਾਰੇ ਲੋਕਾਂ ਨੂੰ ਪਹਾੜ ਦੀ ਪਰਲੀ ਤਰਫ਼ੋਂ ਆਉਂਦਿਆਂ ਵੇਖਿਆ। 35 ਤਾਂ ਯੋਨਾਦਾਬ ਨੇ ਦਾਊਦ ਪਾਤਸ਼ਾਹ ਨੂੰ ਕਿਹਾ, “ਵੇਖ! ਮੈਂ ਠੀਕ ਕਿਹਾ ਸੀ। ਕਿ ਪਾਤਸ਼ਾਹ ਦੇ ਰਾਜ-ਪੁੱਤਰ ਆ ਰਹੇ ਹਨ।”

36 ਜਦੋਂ ਯੋਨਾਦਾਬ ਨੇ ਇਹ ਆਖਿਆ ਹੀ ਸੀ ਤਾਂ ਰਾਜ ਪੁੱਤਰ ਉੱਥੇ ਆਣ ਪਹੁੰਚੇ। ਉਹ ਉੱਚੀ-ਉੱਚੀ ਰੋ ਰਹੇ ਸਨ। ਦਾਊਦ ਅਤੇ ਉਸ ਦੇ ਸਾਰੇ ਅਫ਼ਸਰਾਂ ਨੇ ਵੀ ਰੋਣਾ ਸ਼ੁਰੂ ਕਰ ਦਿੱਤਾ। ਉਹ ਸਾਰੇ ਬੜਾ ਰੋਏ-ਪਿੱਟੇ। 37 ਦਾਊਦ ਹਰ ਰੋਜ਼ ਆਪਣੇ ਪੁੱਤਰ ਅਮਨੋਨ ਲਈ ਬੜਾ ਰੋਂਦਾ ਰਿਹਾ।

ਅਬਸ਼ਾਲੋਮ ਦਾ ਗਸ਼ੂਰ ਵਿੱਚ ਭੱਜ ਜਾਣਾ

ਅਬਸ਼ਾਲੋਮ ਗਸ਼ੂਰ ਦੇ ਰਾਜੇ ਅਮੀਹੂਰ ਦੇ ਪੁੱਤਰ ਤਲਮੀ [b] ਕੋਲ ਭੱਜ ਗਿਆ। 38 ਜਦੋਂ ਅਬਸ਼ਾਲੋਮ ਗਸ਼ੂਰ ਵਿੱਚ ਭੱਜਕੇ ਛੁਪ ਗਿਆ ਤਾਂ ਉਹ ਉੱਥੇ ਤਿੰਨ ਸਾਲ ਰਿਹਾ। 39 ਪਾਤਸ਼ਾਹ ਦਾਊਦ ਨੂੰ ਅਬਸ਼ਾਲੋਨ ਦੀ ਕਮੀ ਮਹਿਸੂਸ ਹੋਈ ਅਤੇ ਉਸ ਨੇ ਉਸ ਨੂੰ ਜਾਕੇ ਵੇਖਣ ਦੀ ਤਾਂਘ ਕੀਤੀ ਕਿਉਂ ਕਿ ਪਾਤਸ਼ਾਹ ਨੇ ਅਮਨੋਨ ਦੀ ਮੌਤ ਤੇ ਧੀਰਜ ਧਰ ਲਿਆ ਸੀ।

ਯੋਆਬ ਵੱਲੋਂ ਦਾਊਦ ਕੋਲ ਇੱਕ ਸਿਆਣੀ ਔਰਤ ਨੂੰ ਭੇਜਣਾ

14 ਸਰੂਯਾਹ ਦੇ ਪੁੱਤਰ ਯੋਆਬ ਨੂੰ ਜਦੋਂ ਪਤਾ ਲੱਗਾ ਕਿ ਦਾਊਦ ਪਾਤਸ਼ਾਹ ਆਪਣੇ ਪੁੱਤਰ ਅਬਸ਼ਾਲੋਮ ਨੂੰ ਬਹੁਤ ਯਾਦ ਕਰਦਾ ਹੈ ਤਾਂ ਯੋਆਬ ਨੇ ਤਕੋਆਹ ਵਿੱਚ ਸੰਦੇਸ਼ਵਾਹਕ ਭੇਜਕੇ ਉੱਥੋਂ ਇੱਕ ਸਿਆਣੀ ਔਰਤ ਬੁਲਵਾਈ ਅਤੇ ਉਸ ਨੂੰ ਆਖਿਆ, “ਤੂੰ ਸੋਗੀ ਪਹਿਰਾਵਾ ਪਾਕੇ ਸੋਗ ਦਾ ਸਾਂਗ ਰਚਾਅ ਅਤੇ ਇਉਂ ਸਾਂਗ ਕਰ ਜਿਵੇਂ ਇੱਕ ਔਰਤ ਕਿਸੇ ਦੇ ਮਰਨ ਉਪਰੰਤ ਉਸ ਲਈ ਕਿੰਨੇ ਦਿਨ ਵੈਣ ਪਾਉਂਦੀ ਤੇ ਰੋਂਦੀ-ਪਿੱਟਦੀ ਹੈ। ਤੂੰ ਪਾਤਸ਼ਾਹ ਕੋਲ ਜਾ ਅਤੇ ਜਿਵੇਂ ਮੈਂ ਤੈਨੂੰ ਸਮਝਾਵਾਂ ਉਸ ਨੂੰ ਉਵੇਂ ਹੀ ਜਾਕੇ ਆਖ।” ਤਦ ਯੋਆਬ ਨੇ ਉਸ ਸਿਆਣੀ ਔਰਤ ਨੂੰ ਸਮਝਾਇਆ ਕਿ ਜਾਕੇ ਕੀ ਆਖਣਾ ਹੈ।

ਤਦ ਤਕੋਆਹ ਦੀ ਉਹ ਔਰਤ ਨੇ ਜਾਕੇ ਪਾਤਸ਼ਾਹ ਨਾਲ ਗੱਲ ਕੀਤੀ। ਉਸ ਨੇ ਜਾਕੇ ਆਪਣਾ ਸਿਰ ਝੁਕਾਅ ਕੇ ਮੱਥਾ ਟੇਕਿਆ ਅਤੇ ਆਖਣ ਲਗੀ, “ਹੇ ਪਾਤਸ਼ਾਹ! ਮੇਰੀ ਮਦਦ ਕਰ!”

ਦਾਊਦ ਪਾਤਸ਼ਾਹ ਨੇ ਉਸ ਨੂੰ ਆਖਿਆ, “ਤੈਨੂੰ ਕੀ ਦੁੱਖ ਹੈ?”

ਉਸ ਔਰਤ ਨੇ ਕਿਹਾ, “ਮੈਂ ਵਿੱਧਵਾ ਔਰਤ ਹਾਂ। ਮੇਰਾ ਪਤੀ ਮਰ ਗਿਆ ਹੈ। ਮੇਰੇ ਦੋ ਪੁੱਤਰ ਸਨ, ਉਹ ਦੋਨੋ ਖੇਤ ਵਿੱਚ ਆਪਸ ਵਿੱਚ ਲੜ ਪਏ ਅਤੇ ਉੱਥੇ ਉਨ੍ਹਾਂ ਨੂੰ ਛੁਡਾਉਣ ਵਾਲਾ ਕੋਈ ਨਹੀਂ ਸੀ ਤਾਂ ਇੱਕ ਪੁੱਤਰ ਨੇ ਦੂਜੇ ਨੂੰ ਮਾਰ ਦਿੱਤਾ। ਹੁਣ ਸਾਰਾ ਪਰਿਵਾਰ ਮੇਰੇ ਵਿਰੁੱਧ ਹੋ ਗਿਆ ਹੈ। ਉਨ੍ਹਾਂ ਮੈਨੂੰ ਆਖਿਆ, ‘ਜਿਸਨੇ ਆਪਣੇ ਭਰਾ ਨੂੰ ਵੱਢ ਸੁੱਟਿਆ ਹੈ ਉਸ ਨੂੰ ਸਾਡੇ ਹੱਥ ਸੌਂਪ ਦੇ ਜੋ ਅਸੀਂ ਉਸ ਦੇ ਮਾਰੇ ਹੋਏ ਭਰਾ ਦੇ ਬਦਲੇ ਉਸ ਨੂੰ ਵੱਢ ਸੁੱਟੀਏ ਕਿਉਂ ਕਿ ਉਸ ਨੇ ਆਪਣੇ ਭਰਾ ਨੂੰ ਮਾਰਿਆ ਹੈ।’ ਮੇਰਾ ਉਹ ਬੱਚਿਆਂ ਹੋਇਆ ਪੁੱਤਰ ਅੱਗ ਦੀ ਅਖੀਰੀ ਚਿੰਗਾਰੀ ਵਰਗਾ ਹੈ, ਜੇਕਰ ਉਹ ਉਸ ਨੂੰ ਮਾਰ ਦੇਣਗੇ ਤਾਂ ਉਹ ਅੱਗ ਵੀ ਬਲਦੀ ਬੁਝ ਜਾਵੇਗੀ। ਸਿਰਫ਼ ਉਹੀ ਪੁੱਤਰ ਬੱਚਿਆਂ ਹੈ ਜੋ ਆਪਣੇ ਪਿਤਾ ਦੀ ਜਾਇਦਾਦ ਦਾ ਹੱਕਦਾਰ ਹੈ। ਤਾਂ ਫ਼ਿਰ ਮੇਰੇ ਮਰੇ ਹੋਏ ਪਤੀ ਦੀ ਜਾਇਦਾਦ ਕਿਸੇ ਹੋਰ ਦੇ ਨਾਂ ਹੋ ਜਾਵੇਗੀ ਅਤੇ ਉਸਦਾ ਨਾਂ ਹੀ ਧਰਤੀ ਤੋਂ ਖਤਮ ਹੋ ਜਾਵੇਗਾ।”

ਤਾਂ ਪਾਤਸ਼ਾਹ ਨੇ ਉਸ ਔਰਤ ਨੂੰ ਕਿਹਾ, “ਤੂੰ ਆਪਣੇ ਘਰ ਜਾ ਮੈਂ ਤੇਰੇ ਲਈ ਆਗਿਆ ਦੇਵਾਂਗਾ।”

ਤਾਂ ਉਸ ਤਕੋਆਹ ਦੀ ਔਰਤ ਨੇ ਪਾਤਸ਼ਾਹ ਨੂੰ ਕਿਹਾ, “ਹੇ ਮੇਰੇ ਮਹਾਰਾਜ, ਪਾਤਸ਼ਾਹ! ਤੁਸੀਂ ਇਹ ਸਾਰਾ ਦੋਸ਼ ਮੇਰੇ ਉੱਪਰ ਰਹਿਣ ਦੇਵੋ। ਤੁਸੀਂ ਤੇ ਤੁਹਾਡਾ ਰਾਜ ਬੇਦੋਸ਼ਾ ਹੋਵੇ।”

10 ਦਾਊਦ ਪਾਤਸ਼ਾਹ ਨੇ ਆਖਿਆ, “ਜੇਕਰ ਕੋਈ ਮਨੁੱਖ ਤੈਨੂੰ ਕੁਝ ਬੁਰਾ-ਭਲਾ ਕਹੇ, ਉਸ ਨੂੰ ਮੇਰੇ ਕੋਲ ਲੈ ਆ, ਕੀ ਮਜਾਲ ਉਹ ਤੈਨੂੰ ਦੋਬਾਰਾ ਕੁਝ ਆਖ ਸੱਕੇ।”

11 ਉਸ ਔਰਤ ਨੇ ਆਖਿਆ, “ਮੈਂ ਬੇਨਤੀ ਕਰਦੀ ਹਾਂ, ਹੇ ਪਾਤਸ਼ਾਹ! ਯਹੋਵਾਹ, ਆਪਣੇ ਪਰਮੇਸ਼ੁਰ ਵੱਲ ਧਿਆਨ ਲਾਕੇ ਕਤਲ ਦਾ ਬਦਲਾ ਲੈਣ ਵਾਲਿਆਂ ਨੂੰ ਰੋਕ ਦੇਵੋ। ਉਹ ਮੇਰੇ ਪੁੱਤਰ ਨੂੰ ਆਪਣੇ ਭਰਾ ਦੇ ਕਤਲ ਕਾਰਣ ਸਜ਼ਾ ਦੇਣਾ ਚਾਹੁੰਦੇ ਹਨ। ਵਚਨ ਦਿਓ ਕਿ ਤੁਸੀਂ ਉਨ੍ਹਾਂ ਨੂੰ ਮੇਰੇ ਪੁੱਤਰ ਨੂੰ ਖਤਮ ਨਾ ਕਰਨ ਦੇਵੋਂਗੇ।”

ਦਾਊਦ ਨੇ ਕਿਹਾ, “ਯਹੋਵਾਹ ਦੀ ਸੌਂਹ! ਤੇਰੇ ਪੁੱਤਰ ਦਾ ਧਰਤੀ ਤੇ ਇੱਕ ਵਾਲ ਵੀ ਨਾ ਡਿੱਗੇਗਾ।”

12 ਉਸ ਔਰਤ ਨੇ ਕਿਹਾ, “ਹੇ ਮੇਰੇ ਮਹਾਰਾਜ ਅਤੇ ਪਾਤਸ਼ਾਹ! ਮੈਨੂੰ ਕੁਝ ਹੋਰ ਵੀ ਆਖਣ ਦੀ ਇਜਾਜ਼ਤ ਦੇ।”

ਪਾਤਸ਼ਾਹ ਨੇ ਕਿਹਾ, “ਬੋਲ!”

13 ਤਾਂ ਉਸ ਔਰਤ ਨੇ ਕਿਹਾ, “ਤੁਸੀਂ ਪਰਮੇਸ਼ੁਰ ਦੇ ਲੋਕਾਂ ਦੇ ਵਿਰੁੱਧ ਇਹੋ ਜਿਹਾ ਕਿਸ ਲਈ ਧਿਆਨ ਕੀਤਾ ਹੈ? ਹਾਂ! ਜਦੋਂ ਤੁਸੀਂ ਅਜਿਹਾ ਆਖਦੇ ਹੋ ਤਾਂ ਇਉਂ ਜਾਪਦੇ ਕਿ ਤੁਸੀਂ ਦੋਸ਼ੀ ਹੋ! ਕਿਉਂ ਕਿ ਜਿਸ ਪੁੱਤਰ ਨੂੰ ਤੁਸੀਂ ਜਬਰਦਸਤੀ ਘਰੋ ਕੱਢਿਆ ਸੀ ਉਸ ਨੂੰ ਵਾਪਸ ਨਹੀਂ ਸੱਦਿਆ। 14 ਅਸੀਂ ਸਭਨਾਂ ਨੇ ਇੱਕ ਨਾ ਇੱਕ ਦਿਨ ਮਰਨਾ ਹੈ। ਅਸੀਂ ਉਸ ਪਾਣੀ ਵਰਗੇ ਹਾਂ ਜੋ ਧਰਤੀ ਤੇ ਡੋਲ੍ਹਿਆ ਜਾਂਦਾ ਹੈ, ਤੇ ਫ਼ਿਰ ਧਰਤੀ ਤੇ ਡੁਲ੍ਹੇ ਪਾਣੀ ਨੂੰ ਕੋਈ ਮੁੜ ਇਕੱਠਾ ਨਹੀਂ ਕਰ ਸੱਕਦਾ। ਤੁਸੀਂ ਜਾਣਦੇ ਹੋ ਕਿ ਪਰਮੇਸ਼ੁਰ ਕਿਸੇ ਦੀ ਜਾਨ ਨਹੀਂ ਲੈਂਦਾ ਸਗੋਂ ਜਿਹੜੇ ਘਰੋ ਜਬਰਦਸਤੀ ਕੱਢੇ ਜਾਂਦੇ ਹਨ, ਪਰਮੇਸ਼ੁਰ ਉਨ੍ਹਾਂ ਦੀ ਸੁਰੱਖਿਆ ਦੀ ਵਿਉਂਤ ਬਣਾਉਂਦਾ ਹੈ-ਪਰਮੇਸ਼ੁਰ ਉਨ੍ਹਾਂ ਨੂੰ ਆਪਣੀ ਨਜ਼ਰ ਤੋਂ ਦੂਰ ਕਰਨ ਦਾ ਹੁਕਮ ਨਹੀਂ ਦਿੰਦਾ। 15 ਮੇਰੇ ਮਹਾਰਾਜ ਅਤੇ ਪਾਤਸ਼ਾਹ, ਮੈਂ ਤੁਹਾਨੂੰ ਇਹ ਗੱਲ ਆਖਣ ਇਸ ਲਈ ਆਈ ਹਾਂ ਕਿਉਂ ਕਿ ਲੋਕਾਂ ਨੇ ਮੈਨੂੰ ਡਰਾਇਆ ਤਾਂ ਮੈਂ ਆਪਣੇ-ਆਪ ਨੂੰ ਕਿਹਾ, ‘ਮੈਂ ਪਾਤਸ਼ਾਹ ਅੱਗੇ ਫ਼ਰਿਆਦ ਕਰਾਂਗੀ, ਹੋ ਸੱਕਦਾ ਪਾਤਸ਼ਾਹ ਮੇਰੀ ਫ਼ਰਿਆਦ ਸੁਣੇ ਤੇ ਮੇਰੀ ਮਦਦ ਕਰੇ। 16 ਪਾਤਸ਼ਾਹ ਮੇਰੀ ਸੁਣੇਗਾ ਅਤੇ ਜੋ ਮੈਨੂੰ ਅਤੇ ਮੇਰੇ ਪੁੱਤਰ ਨੂੰ ਮਾਰਨਾ ਚਾਹੁੰਦੇ ਹਨ, ਉਨ੍ਹਾਂ ਤੋਂ ਸਾਡੀ ਸੁਰੱਖਿਆ ਕਰੇਗਾ। ਜੋ ਮਨੁੱਖ ਸਾਨੂੰ ਪਰਮੇਸ਼ੁਰ ਦੀ ਦਿੱਤੀ ਦਾਤ ਤੋਂ ਵਾਂਝਾ ਰੱਖ ਕੇ ਮਾਰਨਾ ਚਾਹੁੰਦਾ ਹੈ, ਪਾਤਸ਼ਾਹ ਸਾਨੂੰ ਉਸਤੋਂ ਬਚਾਵੇਗਾ।’ 17 ਮੈਨੂੰ ਪਤਾ ਹੈ ਕਿ ਮੇਰੇ ਮਹਾਰਾਜ ਪਾਤਸ਼ਾਹ ਦੇ ਸ਼ਬਦ ਸੁੱਖ-ਸ਼ਾਂਤੀ ਦੇਣਗੇ ਕਿਉਂ ਕਿ ਤੂੰ ਪਰਮੇਸ਼ੁਰ ਦੇ ਦੂਤ ਵਰਗਾ ਹੈਂ। ਤੂੰ ਚੰਗੇ ਬੁਰੇ ਦੀ ਪਛਾਣ ਰੱਖਦਾ ਹੈਂ ਅਤੇ ਯਹੋਵਾਹ ਤੇਰਾ ਪਰਮੇਸ਼ੁਰ ਤੇਰੇ ਨਾਲ ਹੈ।”

18 ਦਾਊਦ ਪਾਤਸ਼ਾਹ ਨੇ ਉਸ ਔਰਤ ਨੂੰ ਆਖਿਆ, “ਤੈਨੂੰ ਮੈਂ ਜੋ ਗੱਲਾਂ ਪੁੱਛਾਂ ਤੂੰ ਸਿਰਫ਼ ਉਸਦਾ ਜਵਾਬ ਦੇਵੀਂ।”

ਔਰਤ ਨੇ ਕਿਹਾ, “ਮੇਰੇ ਮਹਾਰਾਜ ਅਤੇ ਪਾਤਸ਼ਾਹ! ਕਿਰਪਾ ਕਰਕੇ ਸਵਾਲ ਪੁੱਛੋ।”

19 ਪਾਤਸ਼ਾਹ ਨੇ ਆਖਿਆ, “ਕੀ ਯੋਆਬ ਨੇ ਇਹ ਸਭ ਕੁਝ ਮੈਨੂੰ ਆਖਣ ਲਈ ਤੈਨੂੰ ਨਹੀਂ ਸਿੱਖਾਇਆ?”

ਔਰਤ ਨੇ ਜਵਾਬ ਦਿੱਤਾ, “ਤੇਰੀ ਜਾਨ ਦੀ ਸੌਂਹ! ਮੇਰੇ ਮਹਾਰਾਜ ਅਤੇ ਪਾਤਸ਼ਾਹ! ਤੂੰ ਬਿਲਕੁਲ ਠੀਕ ਆਖਿਆ ਹੈ। ਤੇਰੇ ਅਫ਼ਸਰ ਯੋਆਬ ਨੇ ਹੀ ਇਹ ਸਭ ਕੁਝ ਮੈਨੂੰ ਤੈਨੂੰ ਆਖਣ ਲਈ ਕਿਹਾ ਸੀ। 20 ਅਤੇ ਤੇਰੇ ਸੇਵਕ ਯੋਆਬ ਨੇ ਇਹ ਸਾਰੀ ਗੱਲ ਇਸ ਲਈ ਕੀਤੀ ਹੈ ਤਾਂ ਜੋ ਉਹ ਇਸ ਕੰਮ ਦਾ ਰੰਗ ਬਦਲ ਦੇਵੇ ਅਤੇ ਜੋ ਕੁਝ ਧਰਤੀ ਤੇ ਹੁੰਦਾ ਹੈ ਉਸ ਦੇ ਜਾਨਣ ਨੂੰ ਮੇਰਾ ਮਹਾਰਾਜ ਪਰਮੇਸ਼ੁਰ ਦੇ ਦੂਤ ਦੀ ਬੁੱਧ ਅਨੁਸਾਰ ਬੁੱਧਵਾਨ ਹੈ।”

ਅਬਸ਼ਾਲੋਮ ਦਾ ਯਰੂਸ਼ਲਮ ਨੂੰ ਪਰਤਨਾ

21 ਪਾਤਸ਼ਾਹ ਨੇ ਯੋਆਬ ਨੂੰ ਆਖਿਆ, “ਵੇਖ! ਜੋ ਮੈਂ ਵਾਅਦਾ ਕੀਤਾ ਹੈ, ਉਹ ਪੂਰਾ ਕਰਾਂਗਾ। ਹੁਣ ਤੂੰ ਮਿਹਰਬਾਨੀ ਕਰਕੇ ਜੁਆਨ ਅਬਸ਼ਲੋਮ ਨੂੰ ਵਾਪਸ ਸੱਦ ਲਿਆ।”

22 ਤਦ ਯੋਆਬ ਨੇ ਨਿਮਰਤਾ ਸਹਿਤ ਮੂੰਹ ਪਰਨੇ ਧਰਤੀ ਵੱਲ ਝੁਕ ਕੇ ਮੱਥਾ ਟੇਕ ਕੇ ਪਾਤਸ਼ਾਹ ਨੂੰ ਧੰਨ ਕਿਹਾ। ਤਾਂ ਯੋਆਬ ਬੋਲਿਆ, “ਅੱਜ ਮੈਂ ਜਾਣਦਾ ਹਾਂ ਕਿ ਮੇਰੇ ਪਾਤਸ਼ਾਹ ਦੀ ਮੇਰੇ ਤੇ ਕਿਰਪਾ ਹੈ ਕਿਉਂ ਕਿ ਮੈਂ ਜੋ ਅਰਜ ਕੀਤੀ ਹੈ ਤੁਸੀਂ ਮੇਰੀ ਬੇਨਤੀ ਪਰਵਾਨ ਕੀਤੀ ਹੈ।”

23 ਤਦ ਯੋਆਬ ਉੱਠਿਆ ਅਤੇ ਗਸ਼ੂਰ ਵੱਲ ਗਿਆ ਅਤੇ ਉੱਥੋਂ ਅਬਸ਼ਾਲੋਮ ਨੂੰ ਯਰੂਸ਼ਲਮ ਵਿੱਚ ਲਿਆਣ ਲਈ ਗਿਆ। 24 ਪਰ ਦਾਊਦ ਪਾਤਸ਼ਾਹ ਨੇ ਕਿਹਾ, “ਅਬਸ਼ਲੋਮ ਆਪਣੇ ਘਰ ਵਾਪਸ ਜਾ ਸੱਕਦਾ ਹੈ, ਪਰ ਉਹ ਇੱਥੇ ਮੇਰੇ ਕੋਲ ਨਹੀਂ ਆ ਸੱਕਦਾ!”

25 ਸਾਰੇ ਇਸਰਾਏਲ ਵਿੱਚ ਕੋਈ ਮਨੁੱਖ ਵੀ ਅਬਸ਼ਾਲੋਮ ਦੇ ਸਮਾਨ ਸੁਹੱਪਣ ਵਿੱਚ ਉਸਤਤ ਯੋਗ ਨਹੀਂ ਸੀ ਕਿਉਂ ਕਿ ਸਿਰ ਤੋਂ ਲੈ ਕੇ ਪੈਰਾਂ ਤੀਕ ਉਸ ਦੇ ਵਿੱਚ ਕੋਈ ਵੀ ਕਾਣ ਨਹੀਂ ਸੀ। 26 ਸਾਲ ਦੇ ਅਖੀਰ ਵਿੱਚ, ਅਬਸ਼ਾਲੋਮ ਆਪਣੇ ਸਿਰ ਦੇ ਵਾਲ ਮੁੰਨਦਾ ਸੀ ਅਤੇ ਉਨ੍ਹਾਂ ਨੂੰ ਤੋਲਦਾ ਸੀ ਤਾਂ ਉਨ੍ਹਾਂ ਮੁੰਨੇ ਵਾਲਾਂ ਦਾ ਭਾਰ ਕੋਈ ਪੰਜ ਪੌਂਡ ਦੇ ਕਰੀਬ ਹੁੰਦਾ ਸੀ। 27 ਅਬਸ਼ਾਲੋਮ ਦੇ ਘਰ ਤਿੰਨ ਪੁੱਤਰ ਅਤੇ ਇੱਕ ਧੀ ਪੈਦਾ ਹੋਈ। ਇਸ ਕੁੜੀ ਦਾ ਨਾਂ ਉਸ ਤਾਮਾਰ ਰੱਖਿਆ ਜੋ ਕਿ ਬੜੀ ਸੋਹਣੀ ਔਰਤ ਸੀ।

ਅਬਸ਼ਾਲੋਮ ਨੇ ਯੋਆਬ ਨੂੰ ਉਸ ਨੂੰਵੇਖਣ ਤੇ ਮਿਲਣ ਲਈ ਜ਼ੋਰ ਪਾਇਆ

28 ਅਬਸ਼ਾਲੋਮ ਯਰੂਸ਼ਲਮ ਵਿੱਚ ਪੂਰੇ ਦੋ ਵਰ੍ਹੇ ਰਿਹਾ ਪਰ ਉਨ੍ਹਾਂ ਦੋ ਵਰ੍ਹਿਆਂ ਵਿੱਚ ਉਸ ਨੂੰ ਪਾਤਸ਼ਾਹ ਦਾਊਦ ਨੂੰ ਮਿਲਣ ਦੀ ਆਗਿਆ ਨਹੀਂ ਸੀ। 29 ਅਬਸ਼ਾਲੋਮ ਨੇ ਯੋਆਬ ਵੱਲ ਸੰਦੇਸ਼ਵਾਹਕ ਭੇਜੇ। ਇਨ੍ਹਾਂ ਸੰਦੇਸ਼ਵਾਹਕਾਂ ਨੇ ਯੋਆਬ ਨੂੰ ਆਖਿਆ, ਕਿ ਅਬਸ਼ਾਲੋਮ ਨੂੰ ਪਾਤਸ਼ਾਹ ਨਾਲ ਮਿਲਾ ਦੇ। ਪਰ ਯੋਆਬ ਅਬਸ਼ਾਲੋਮ ਕੋਲ ਨਾ ਆਇਆ। ਅਬਸ਼ਾਲੋਮ ਨੇ ਦੂਜੀ ਵਾਰ ਫ਼ੇਰ ਉਸ ਨੂੰ ਸੰਦੇਸ਼ ਭੇਜਿਆ। ਪਰ ਯੋਆਬ ਨੇ ਫ਼ੇਰ ਵੀ ਆਉਣ ਤੇ ਮਿਲਣ ਤੋਂ ਇਨਕਾਰ ਕੀਤਾ।

30 ਤਦ ਅਬਸ਼ਾਲੋਮ ਨੇ ਆਪਣੇ ਸੇਵਕਾਂ ਨੂੰ ਕਿਹਾ, “ਵੇਖੋ! ਯੋਆਬ ਦੀ ਪੈਲੀ ਮੇਰੀ ਪੈਲੀ ਦੇ ਨਾਲ ਲੱਗਦੀ ਹੈ। ਉਸ ਦੀ ਪੈਲੀ ਵਿੱਚ ਬਾਜ਼ਰਾ ਉਗਿਆ ਹੋਇਆ ਹੈ, ਤੁਸੀਂ ਜਾਵੋ ਅਤੇ ਉਸਦੀ ਪੈਲੀ ’ਚ ਅੱਗ ਲਾ ਦੇਵੋ।”

ਤਾਂ ਅਬਸ਼ਾਲੋਮ ਦੇ ਸੇਵਕਾਂ ਨੇ ਯੋਆਬ ਦੀ ਪੈਲੀ ਨੂੰ ਅੱਗ ਲਾ ਦਿੱਤੀ। 31 ਯੋਆਬ ਉੱਠਿਆ ਤਾਂ ਅਬਸ਼ਾਲੋਮ ਦੇ ਘਰ ਵੱਲ ਆਇਆ ਅਤੇ ਆਕੇ ਉਸ ਨੇ ਅਬਸ਼ਾਲੋਮ ਨੂੰ ਕਿਹਾ, “ਤੇਰੇ ਸੇਵਕਾਂ ਨੇ ਮੇਰੀ ਪੈਲੀ ਨੂੰ ਅੱਗ ਕਿਉਂ ਲਗਾਈ?”

32 ਅਬਸ਼ਾਲੋਮ ਨੇ ਯੋਆਬ ਨੂੰ ਕਿਹਾ, “ਮੈਂ ਤੇਰੇ ਵੱਲ ਸੁਨੇਹਾ ਭੇਜਿਆ। ਮੈਂ ਤੈਨੂੰ ਇੱਥੇ ਆਉਣ ਲਈ ਆਖਿਆ ਕਿਉਂ ਕਿ ਮੈਂ ਤੈਨੂੰ ਪਾਤਸ਼ਾਹ ਕੋਲ ਭੇਜਣਾ ਚਾਹੁੰਦਾ ਸੀ ਕਿਉਂ ਕਿ ਮੈਂ ਤੈਨੂੰ ਪਾਤਸ਼ਾਹ ਕੋਲ ਭੇਜਕੇ ਇਹ ਪੁੱਛਣਾ ਚਾਹੁੰਦਾ ਸੀ ਕਿ ਉਸ ਨੇ ਮੈਨੂੰ ਗਸ਼ੂਰ ਤੋਂ ਘਰ ਵਾਪਸ ਕਿਉਂ ਸੱਦਿਆ ਸੀ। ਜੇਕਰ ਮੈਂ ਉਸ ਨੂੰ ਵੇਖ ਹੀ ਨਹੀਂ ਸੱਕਦਾ ਤਾਂ ਇਸ ਤੋਂ ਤਾਂ ਚੰਗਾ ਹੀ ਸੀ ਕਿ ਮੈਂ ਗਸ਼ੂਰ ਵਿੱਚ ਹੀ ਰਹਿੰਦਾ। ਇਸ ਲਈ ਹੁਣ ਤੂੰ ਮੈਨੂੰ ਪਾਤਸ਼ਾਹ ਨੂੰ ਵੇਖਣ ਦੀ ਆਗਿਆ ਲੈ ਕੇ ਦੇ। ਜੇਕਰ ਮੈਂ ਕੋਈ ਪਾਪ ਕੀਤਾ ਹੋਵੇ ਤਾਂ ਉਹ ਭਾਵੇਂ ਮੈਨੂੰ ਵੱਢ ਸੁੱਟੇ।”

ਅਬਸ਼ਾਲੋਮ ਦਾਊਦ ਪਾਤਸ਼ਾਹ ਨੂੰ ਮਿਲਿਆ

33 ਤਦ ਯੋਆਬ ਨੇ ਪਾਤਸ਼ਾਹ ਕੋਲ ਜਾਕੇ ਉਸ ਨੂੰ ਅਬਸ਼ਾਲੋਮ ਦੀ ਕਹੀ ਗੱਲ ਆਖੀ ਤਾਂ ਪਾਤਸ਼ਾਹ ਨੇ ਅਬਸ਼ਾਲੋਮ ਨੂੰ ਬੁਲਾਇਆ। ਅਬਸ਼ਾਲੋਮ ਪਾਤਸ਼ਾਹ ਕੋਲ ਆਇਆ। ਅਬਸ਼ਾਲੋਮ ਨੇ ਝੁਕ ਕੇ ਪਾਤਸ਼ਾਹ ਨੂੰ ਮੱਥਾ ਟੇਕਿਆ ਤੇ ਪਾਤਸ਼ਾਹ ਨੇ ਅਬਸ਼ਾਲੋਮ ਨੂੰ ਚੁੰਮਿਆ।

ਅਬਸ਼ਾਲੋਮ ਦੀ ਮਿੱਤਰਤਾ

15 ਇਸ ਤੋਂ ਬਾਅਦ ਅਬਸ਼ਾਲੋਮ ਨੇ ਆਪਣੇ ਲਈ ਰੱਥ ਅਤੇ ਘੋੜੇ ਅਤੇ ਆਪਣੇ ਅੱਗੇ ਦੌੜਨ ਵਾਲੇ 50 ਆਦਮੀ ਤਿਆਰ ਕੀਤੇ। ਅਬਸ਼ਾਲੋਮ ਸਵੇਰ-ਸਾਰ ਉੱਠਿਆ ਕਰਦਾ ਤੇ ਸ਼ਹਿਰ ਦੇ ਫ਼ਾਟਕ [c] ਦੇ ਕੋਲ ਇਹ ਵੇਖਣ ਲਈ ਜਾਕੇ ਖਲੋ ਜਾਂਦਾ ਕਿ ਜੇਕਰ ਕੋਈ ਪਾਤਸ਼ਾਹ ਦਾਊਦ ਕੋਲ ਕਿਸੇ ਸਮੱਸਿਆ ਦੇ ਨਿਆਉ ਲਈ ਜਾ ਰਿਹਾ ਹੋਵੇ। ਤਾਂ ਉਹ ਉਸ ਵਿਅਕਤੀ ਨੂੰ ਪੁੱਛ ਸੱਕੇ, “ਤੂੰ ਕਿਸ ਸ਼ਹਿਰ ਤੋਂ ਆਇਆ ਹੈਂ?” ਉਹ ਮਨੁੱਖ ਅੱਗੋਂ ਆਖਦਾ, “ਮੈਂ ਇਸਰਾਏਲ ਦੇ ਪਰਿਵਾਰ-ਸਮੂਹਾਂ ਵਿੱਚੋਂ ਹਾਂ।” ਤਦ ਅਬਸ਼ਾਲੋਮ ਉਸ ਮਨੁੱਖ ਨੂੰ ਆਖਦਾ, “ਵੇਖ, ਜੋ ਤੂੰ ਕਹਿਨਾ ਸਹੀ ਹੈ, ਪਰ ਪਾਤਸ਼ਾਹ ਦਾਊਦ ਦੇ ਨਿਯੁਕਤ ਕੀਤੇ ਨਿਆਂਕਾਰ ਤੇਰੇ ਮੁਕੱਦਮੇ ਦੀ ਸੁਣਾਈ ਨਹੀਂ ਕਰਨਗੇ।”

ਅਬਸ਼ਾਲੋਮ ਇਹ ਵੀ ਆਖਦਾ, “ਮੈਂ ਆਸ ਕਰਦਾਂ ਕਿ ਕੋਈ ਇਸ ਦੇਸ ਵਿੱਚ ਮੈਨੂੰ ਨਿਆਂਕਾਰ ਬਣਾਵੇ, ਫ਼ੇਰ ਮੈਂ ਹਰ ਓਸ ਵਿਅਕਤੀ ਦੀ ਮਦਦ ਕਰ ਸੱਕਾਂਗਾ ਜਿਸ ਨੂੰ ਕੋਈ ਸਮੱਸਿਆ ਹੋਵੇ। ਮੈਂ ਉਸ ਨੂੰ ਉਸਦੀ ਸਮੱਸਿਆ ਦਾ ਸਹੀ ਉਪਚਾਰ ਲੱਭਣ ਵਿੱਚ ਮਦਦ ਕਰਾਂਗਾ।”

ਅਤੇ ਜੇਕਰ ਕੋਈ ਮਨੁੱਖ ਅਬਸ਼ਾਲੋਮ ਕੋਲ ਮੱਥਾ ਟੇਕਣ ਲਈ ਆਉਂਦਾ, ਤਾਂ ਅਬਸ਼ਾਲੋਮ ਉਸ ਨੂੰ ਸਗੇ ਮਿੱਤਰਾਂ ਵਾਂਗ ਮਿਲਦਾ, ਉਸ ਨੂੰ ਨੂੰ ਚਾਹ ਕੇ ਮਿਲਦਾ ਅਤੇ ਘੁੱਟਕੇ ਗਲਵਕੜੀ ਪਾਉਂਦਾ ਅਤੇ ਚੁੰਮਦਾ। ਸੋ ਅਬਸ਼ਾਲੋਮ ਨੇ ਸਾਰੇ ਇਸਰਾਏਲੀਆਂ ਨਾਲ ਜੋ ਪਾਤਸ਼ਾਹ ਕੋਲ ਪੁਕਾਰ ਕਰਨ ਆਉਂਦੇ ਸਨ, ਇਸੇ ਤਰ੍ਹਾਂ ਹੀ ਕੀਤਾ। ਇਵੇਂ ਅਬਸ਼ਾਲੋਮ ਨੇ ਇਸਰਾਏਲ ਦੇ ਲੋਕਾਂ ਦੇ ਮਨ ਮੋਹ ਲਏ।

ਅਬਸ਼ਾਲੋਮ ਦੀ ਦਾਊਦ ਦਾ ਰਾਜ ਖਿੱਚਣ ਦੀ ਵਿਉਂਤ

ਚਾਰ ਵਰ੍ਹਿਆਂ [d] ਬਾਅਦ ਅਬਸ਼ਾਲੋਮ ਨੇ ਦਾਊਦ ਪਾਤਸ਼ਾਹ ਨੂੰ ਆਖਿਆ, “ਕਿਰਪਾ ਕਰਕੇ, ਮੈਨੂੰ ਪਰਵਾਨਗੀ ਦੇਵੋ ਕਿ ਮੈਂ ਜਾਵਾਂ ਅਤੇ ਆਪਣੀ ਸੁੱਖਣਾ ਜੋ ਮੈਂ ਯਹੋਵਾਹ ਦੇ ਅੱਗੇ ਸੁੱਖੀ ਹੈ ਹਬਰੋਨ ਵਿੱਚ ਪੂਰੀ ਕਰਾਂ। ਇਹ ਸੁੱਖਣਾ ਮੈਂ ਉਦੋਂ ਸੁੱਖੀ ਸੀ ਜਿਸ ਵੇਲੇ ਮੈਂ ਅਰਾਮੀ ਗਸ਼ੂਰ ਵਿੱਚ ਸੀ। ਤਦ ਮੈਂ ਇਹ ਸੁੱਖਣਾ ਸੁੱਖੀ ਸੀ ਕਿ ਜੇ ਕਦੇ ਯਹੋਵਾਹ ਮੈਨੂੰ ਸੱਚ ਮੁੱਚ ਯਰੂਸ਼ਲਮ ਵਿੱਚ ਮੋੜ ਲਿਆਵੇ ਤਾਂ ਮੈਂ ਯਹੋਵਾਹ ਦੀ ਉਪਾਸਨਾ ਕਰਾਂਗਾ।”

ਦਾਊਦ ਪਾਤਸ਼ਾਹ ਨੇ ਆਖਿਆ, “ਸ਼ਾਂਤੀ ਨਾਲ ਜਾ!”

ਅਬਸ਼ਾਲੋਮ ਹਬਰੋਨ ਨੂੰ ਗਿਆ। 10 ਪਰ ਅਬਸ਼ਾਲੋਮ ਨੇ ਇਸਰਾਏਲ ਦੇ ਸਾਰੇ ਪਰਿਵਾਰ-ਸਮੂਹਾਂ ਵਿੱਚ ਜਾਸੂਸ ਇਹ ਕਹਿ ਕੇ ਭੇਜੇ ਕਿ ਜਿਸ ਵੇਲੇ ਤੁਸੀਂ ਤੁਰ੍ਹੀ ਦੀ ਆਵਾਜ਼ ਸੁਣੋ ਤਾਂ ਤੁਸੀਂ ਆਖਣਾ, “ਅਬਸ਼ਾਲੋਮ ਹਬਰੋਨ ਦਾ ਪਾਤਸ਼ਾਹ ਹੈ।”

11 ਅਬਸ਼ਾਲੋਮ ਦੇ ਨਾਲ ਯਰੂਸ਼ਲਮ ਤੋਂ 200 ਆਦਮੀ ਤੁਰੇ, ਜਿਨ੍ਹਾਂ ਨੂੰ ਉਸ ਨੇ ਸੱਦਿਆ ਸੀ, ਪਰ ਉਨ੍ਹਾਂ ਨੂੰ ਇਹ ਨਹੀਂ ਸੀ ਪਤਾ ਕਿ ਉਸਦਾ ਵਿੱਚਾਰ ਕੀ ਹੈ। ਇਸ ਬਾਰੇ ਉਨ੍ਹਾਂ ਨੂੰ ਕੋਈ ਖਬਰ ਨਹੀਂ ਸੀ। 12 ਅਹੀਥੋਫ਼ਲ ਦਾਊਦ ਦੇ ਸਲਾਹਕਾਰਾਂ ਵਿੱਚੋਂ ਇੱਕ ਸੀ ਜੋ ਕਿ ਗਿਲੋਹ ਸ਼ਹਿਰ ਵਿੱਚੋਂ ਸੀ। ਜਦੋਂ ਅਬਸ਼ਾਲੋਮ ਬਲੀਆਂ ਚੜ੍ਹਾ ਰਿਹਾ ਸੀ, ਉਸ ਵਕਤ ਉਸ ਨੇ ਅਹੀਥੋਫ਼ਲ ਨੂੰ ਗਿਲੋਹ ਸ਼ਹਿਰ ਵਿੱਚੋਂ ਬੁਲਾਵਾ ਭੇਜਿਆ। ਅਬਸ਼ਾਲੋਮ ਦੀਆਂ ਯੋਜਨਾਵਾਂ ਬੜੀਆਂ ਸਹੀ ਕਾਰਜ ਕਰਦੀਆਂ ਸਨ ਜਿਸ ਨਾਲ ਵੱਧ ਤੋਂ ਵੱਧ ਲੋਕ ਉਸਦਾ ਸਾਬ ਦੇਣ ਲੱਗ ਪਏ।

ਦਾਊਦ ਨੂੰ ਅਬਸ਼ਾਲੋਮ ਦੀ ਵਿਉਂਤ ਬਾਰੇ ਖਬਰ ਹੋਣਾ

13 ਤਦ ਇੱਕ ਮਨੁੱਖ ਨੇ ਦਾਊਦ ਨੂੰ ਆਕੇ ਦੱਸਿਆ, “ਇਸਰਾਏਲ ਦੇ ਮਨੁੱਖਾਂ ਦੇ ਮਨ ਅਬਸ਼ਾਲੋਮ ਦੇ ਮਗਰ ਲੱਗੇ ਹੋਏ ਹਨ।”

14 ਤਦ ਦਾਊਦ ਨੇ ਆਪਣੇ ਸਾਰੇ ਅਫ਼ਸਰਾਂ ਨੂੰ ਆਖਿਆ ਜਿਹੜੇ ਕਿ ਯਰੂਸ਼ਲਮ ਵਿੱਚ ਸਨ, “ਸਾਨੂੰ ਕੁਝ ਬਚਾਅ ਦਾ ਉਪਾਅ ਜ਼ਰੂਰ ਕਰਨਾ ਚਾਹੀਦਾ ਹੈ! ਜੇਕਰ ਅਸੀਂ ਏਸਾ ਨਹੀਂ ਕਰਾਂਗੇ, ਤਾਂ ਅਬਸ਼ਾਲੋਮ ਸਾਨੂੰ ਫ਼ੜ ਲਵੇਗਾ ਤੇ ਅਸੀਂ ਬਚ ਨਹੀਂ ਸੱਕਾਂਗੇ। ਸਾਨੂੰ ਛੇਤੀ ਇੱਥੋਂ ਭੱਜਣਾ ਚਾਹੀਦਾ ਹੈ, ਇਹ ਨਾ ਹੋਵੇ ਕਿ ਅਬਸ਼ਾਲੋਮ ਪਹਿਲਾਂ ਹੀ ਸਾਨੂੰ ਪਕੜ ਲਵੇ। ਉਹ ਸਾਨੂੰ ਸਭਨੂੰ ਤਬਾਹ ਕਰ ਦੇਵੇਗਾ ਅਤੇ ਉਹ ਸਾਰੇ ਯਰੂਸ਼ਲਮ ਦੇ ਲੋਕਾਂ ਨੂੰ ਵੀ ਵੱਢ ਸੁੱਟੇਗਾ।”

15 ਪਾਤਸ਼ਾਹ ਦੇ ਅਫ਼ਸਰਾਂ ਨੇ ਉਸ ਨੂੰ ਕਿਹਾ, “ਅਸੀਂ ਉਹੀ ਕਰਾਂਗੇ, ਜਿਵੇਂ ਤੁਸੀਂ ਸਾਨੂੰ ਹੁਕਮ ਕਰੋਂਗੇ।”

ਦਾਊਦ ਅਤੇ ਉਸ ਦੇ ਲੋਕਾਂ ਦਾ ਬਚ ਜਾਣਾ

16 ਤਦ ਪਾਤਸ਼ਾਹ ਨਿਕਲਿਆ ਅਤੇ ਉਸਦਾ ਸਾਰਾ ਪਰਿਵਾਰ ਉਸ ਦੇ ਮਗਰ ਹੋ ਤੁਰਿਆ। ਪਾਤਸ਼ਾਹ ਨੇ ਆਪਣੇ ਪਿੱਛੇ ਆਪਣੀਆਂ ਦਸ ਪਤਨੀਆਂ ਨੂੰ ਘਰ ਦੀ ਰੱਖਵਾਲੀ ਲਈ ਛੱਡ ਗਿਆ। 17 ਅਤੇ ਉਹ ਬਾਕੀ ਸਾਰੇ ਲੋਕਾਂ ਨੂੰ ਆਪਣੇ ਮਗਰ ਲੈ ਕੇ ਉੱਥੋਂ ਤੁਰ ਪਿਆ ਅਤੇ ਉਹ ਸਾਰੇ ਆਖਰੀ ਇੱਕ ਘਰ ’ਚ ਜਾ ਠਹਿਰੇ। 18 ਉਸ ਦੇ ਸਾਰੇ ਅਫ਼ਸਰ ਉਸ ਦੇ ਨਾਲ ਪਾਰ ਲੰਘਦੇ ਜਾਂਦੇ ਸਨ ਅਤੇ ਸਭ ਕਰੇਤੀ ਅਤੇ ਫ਼ਲੇਤੀ ਅਤੇ ਸਾਰੇ ਗਿੱਤੀ (600 ਜੁਆਨ ਜੋ ਗਬ ਤੋਂ) ਉਸ ਦੇ ਨਾਲ ਆਏ ਸਨ, ਪਾਤਸ਼ਾਹ ਦੇ ਅੱਗੇ-ਅੱਗੇ ਪਾਰ ਲੰਘ ਗਏ।

19 ਤਦ ਪਾਤਸ਼ਾਹ ਨੇ ਗਿੱਤੀ ਇੱਤਈ ਨੂੰ ਆਖਿਆ, “ਤੂੰ ਸਾਡੇ ਨਾਲ ਕਿਉਂ ਆਇਆ ਹੈਂ? ਤੂੰ ਮੁੜ ਜਾ ਅਤੇ ਪਾਤਸ਼ਾਹ ਅਬਸ਼ਾਲੋਮ ਨਾਲ ਜਾ ਕੇ ਰਹਿ। ਤੂੰ ਓਪਰਾ ਬੰਦਾ ਹੈਂ ਅਤੇ ਆਪਣੇ ਦੇਸੋਂ ਕੱਢਿਆ ਹੋਇਆ ਵੀ। ਇਸ ਲਈ ਤੂੰ ਆਪਣੀ ਥਾਂ ਮੁੜ ਜਾ। 20 ਅਜੇ ਕੱਲ੍ਹ ਹੀ ਤਾਂ ਤੂੰ ਮੇਰੇ ਕੋਲ ਆਇਆ ਹੈਂ ਅਤੇ ਭਲਾ ਅੱਜ ਹੀ ਮੈਂ ਤੈਨੂੰ ਆਪਣੇ ਨਾਲ ਇੱਧਰ-ਓਧਰ ਘੁਮਾਵਾਂ? ਨਹੀਂ! ਤੂੰ ਆਪਣੇ ਸਾਥੀਆਂ ਨੂੰ ਆਪਣੇ ਨਾਲ ਲੈ ਕੇ ਇੱਥੋਂ ਮੁੜ ਜਾ ਅਤੇ ਦਯਾ ਅਤੇ ਸੱਚਾਈ ਤੇਰੇ ਨਾਲ ਰਹੇ।”

21 ਪਰ ਇੱਤਈ ਨੇ ਪਾਤਸ਼ਾਹ ਨੂੰ ਉੱਤਰ ਦਿੱਤਾ, “ਜਿਉਂਦੇ ਯਹੋਵਾਹ ਅਤੇ ਮੇਰੇ ਮਹਾਰਾਜ ਪਾਤਸ਼ਾਹ ਦੀ ਸੌਂਹ, ਮੈਂ ਤੇਰੇ ਸੰਗ ਰਹਾਂਗਾ। ਮੈਂ ਜ਼ਿੰਦਗੀ ਜਾਂ ਮੌਤ ਵਿੱਚ ਤੇਰੇ ਸੰਗ ਹੋਵਾਂਗਾ!”

22 ਦਾਊਦ ਨੇ ਇਤਈ ਨੂੰ ਆਖਿਆ, “ਚੱਲ ਫ਼ਿਰ ਇੱਥੋਂ ਪਾਰ ਲੰਘ।”

ਤਾਂ ਇੱਤਈ ਗਿੱਤੀ ਅਤੇ ਉਸ ਦੇ ਸਾਰੇ ਲੋਕ ਅਤੇ ਸਭ ਬੱਚੇ ਨੀਗਰ ਜੋ ਉਸ ਨਾਲ ਸਨ, ਪਾਰ ਲੰਘ ਗਏ। 23 ਸਾਰੇ ਲੋਕ ਭੁੱਬਾਂ ਮਾਰ-ਮਾਰ ਰੋਏ। ਪਾਤਸ਼ਾਹ ਦਾਊਦ ਕਿਦਰੋਨ ਨਦੀ ਦੇ ਪਾਰ ਗਿਆ ਅਤੇ ਬਾਕੀ ਦੇ ਸਾਰੇ ਲੋਕ ਪਾਰ ਲੰਘਕੇ ਉਜਾੜ ਵੱਲ ਨੂੰ ਮੁੜ ਗਏ। 24 ਸਾਦੋਕ ਅਤੇ ਲੇਵੀ ਦੇ ਸਾਰੇ ਲੋਕ ਪਰਮੇਸ਼ੁਰ ਦੇ ਨੇਮ ਦਾ ਸੰਦੂਕ ਚੁੱਕੀ ਉਸ ਦੇ ਨਾਲ ਸਨ। ਉਨ੍ਹਾਂ ਨੇ ਪਰਮੇਸ਼ੁਰ ਦੇ ਪਵਿੱਤਰ ਸੰਦੂਕ ਨੂੰ ਹੇਠਾਂ ਰੱਖਿਆ ਅਤੇ ਅਬਯਾਥਾਰ ਨੇ ਤਦ ਤੀਕ ਪ੍ਰਾਰਥਨਾ ਕੀਤੀ ਜਦ ਤੱਕ ਸਾਰੇ ਲੋਕ ਯਰੂਸ਼ਲਮ ਤੋਂ ਨਾ ਗਏ।

25 ਤਦ ਪਾਤਸ਼ਾਹ ਦਾਊਦ ਨੇ ਸਾਦੋਕ ਨੂੰ ਆਖਿਆ, “ਪਰਮੇਸ਼ੁਰ ਦਾ ਪਵਿੱਤਰ ਸੰਦੂਕ ਸ਼ਹਿਰ ਨੂੰ ਮੋੜ ਲੈ ਜਾਵੋ। ਜੇਕਰ ਯਹੋਵਾਹ ਵੱਲੋਂ ਮੇਰੇ ਤੇ ਕਿਰਪਾ ਦਰਿਸ਼ਟੀ ਹੋਈ ਤਾਂ ਉਹ ਮੈਨੂੰ ਯਰੂਸ਼ਲਮ ’ਚ ਮੋੜ ਲਿਆਵੇਗਾ ਅਤੇ ਉਸ ਦੇ ਅਤੇ ਮੰਦਰ ਦੇ ਦਰਸ਼ਨ ਮੈਨੂੰ ਮੁੜ ਕਰਾਵੇਗਾ। 26 ਪਰ ਜੇਕਰ ਯਹੋਵਾਹ ਨੇ ਕਿਹਾ ਕਿ ਉਹ ਮੇਰੇ ਤੇ ਪ੍ਰਸੰਨ ਨਹੀਂ ਹੈ ਤਾਂ ਉਹ ਜੋ ਚਾਹੇ ਮੇਰੇ ਨਾਲ ਸਲੂਕ ਕਰ ਸੱਕਦਾ ਹੈ।”

27 ਪਾਤਸ਼ਾਹ ਨੇ ਸਾਦੋਕ ਜਾਜਕ ਨੂੰ ਫ਼ੇਰ ਆਖਿਆ, “ਤੂੰ ਤਾਂ ਪੈਗੰਬਰ ਹੈਂ। ਤੂੰ ਸ਼ਾਂਤੀ ਨਾਲ ਸ਼ਹਿਰ ਵਾਪਿਸ ਮੁੜ। ਅਤੇ ਦੋਵੇਂ ਪੁੱਤਰ ਅਹੀਮਅਸ ਜੋ ਤੇਰਾ ਪੁੱਤਰ ਹੈ ਅਤੇ ਯੋਨਾਥਾਨ ਜੋ ਅਬਯਾਥਾਰ ਦਾ ਪੁੱਤਰ ਹੈ ਉਨ੍ਹਾਂ ਨੂੰ ਵੀ ਲੈ ਜਾ। 28 ਮੈਂ ਉਨ੍ਹਾਂ ਜਗ੍ਹਾਵਾਂ ਦੇ ਕਰੀਬ ਇੰਤਜ਼ਾਰ ਕਰਾਂਗਾ ਜਿੱਥੇ ਲੋਕ ਮਾਰੂਥਲ ਅੰਦਰ ਜਾਣ ਲਈ ਦਰਿਆ ਪਾਰ ਕਰਦੇ ਹਨ ਜਦ ਤੀਕ ਮੈਨੂੰ ਤੁਹਾਡੇ ਵੱਲੋਂ ਕੋਈ ਖਬਰ ਨਾ ਮਿਲ ਜਾਵੇ।”

29 ਸੋ ਸਾਦੋਕ ਅਤੇ ਅਬਯਾਥਾਰ ਪਰਮੇਸ਼ੁਰ ਦਾ ਪਵਿੱਤਰ ਸੰਦੂਕ ਯਰੂਸ਼ਲਮ ਵਿੱਚ ਮੋੜ ਲਿਆਏ ਅਤੇ ਉੱਥੇ ਹੀ ਰਹੇ।

ਅਹੀਥੋਫ਼ਲ ਦੇ ਖਿਲਾਫ਼ ਦਾਊਦ ਦੀ ਪ੍ਰਾਰਥਨਾ

30 ਦਾਊਦ ਜੈਤੂਨ ਦੇ ਪਹਾੜ ਤੇ ਚੜ੍ਹਿਆ। ਉਹ ਰੋ ਰਿਹਾ ਸੀ। ਉਸ ਨੇ ਸਿਰ ਢੱਕਿਆ ਹੋਇਆ ਸੀ ਅਤੇ ਪੈਰੋ ਨੰਗਾ ਸੀ। ਦਾਊਦ ਦੇ ਨਾਲ ਆਏ ਸਾਰੇ ਲੋਕਾਂ ਨੇ ਵੀ ਆਪਣੇ ਸਿਰ ਢੱਕੱ ਲੇ ਅਤੇ ਦਾਊਦ ਦੇ ਨਾਲ ਰੋਦੇ ਹੋਏ ਗਏ।

31 ਇੱਕ ਮਨੁੱਖ ਨੇ ਦਾਊਦ ਨੂੰ ਕਿਹਾ, “ਅਹੀਥੋਫ਼ਲ ਵੀ ਦੁਸ਼ਮਣਾਂ ਵਿੱਚ ਰਲਕੇ ਅਬਸ਼ਾਲੋਮ ਦੇ ਨਾਲ ਹੈ।” ਤਦ ਦਾਊਦ ਨੇ ਆਖਿਆ, “ਹੇ ਯਹੋਵਾਹ! ਮੈਂ ਤੇਰੇ ਅੱਗੇ ਬੇਨਤੀ ਕਰਦਾ ਹਾਂ ਕਿ ਅਹੀਥੋਫ਼ਲ ਦੀ ਸਲਾਹ ਨੂੰ ਮੂਰੱਖਤਾਈ ਨਾਲ ਉਲਟਾਅ ਦੇ।” 32 ਦਾਊਦ ਪਹਾੜ ਦੀ ਚੋਟੀ ਤੇ ਆਇਆ। ਇਹ ਉਹ ਜਗ੍ਹਾ ਸੀ ਜਿੱਥੇ ਉਹ ਅਕਸਰ ਯਹੋਵਾਹ ਦੀ ਉਪਾਸਨਾ ਕਰਨ ਲਈ ਆਉਂਦਾ ਸੀ। ਉਸ ਵਕਤ ਹੂਸ਼ਈ ਅਰਕੀ ਆਪਣੇ ਕੱਪੜੇ ਪਾੜੇ ਹੋਏ ਅਤੇ ਆਪਣੇ ਸਿਰ ਤੇ ਮਿੱਟੀ ਪਾਈ ਹੋਈ ਉਸ ਨੂੰ ਮਿਲਣ ਲਈ ਆਇਆ।

33 ਦਾਊਦ ਨੇ ਹੂਸ਼ਈ ਨੂੰ ਆਖਿਆ, “ਜੇਕਰ ਤੂੰ ਮੇਰੇ ਨਾਲ ਚੱਲੇਂਗਾ ਤਾਂ ਮੇਰੇ ਸਿਰ ਤੇ ਇੱਕ ਹੋਰ ਮਨੁੱਖ ਦਾ ਭਾਰ ਪਵੇਗਾ। 34 ਪਰ ਜੇ ਤੂੰ ਯਰੂਸ਼ਲਮ ਨੂੰ ਮੁੜ ਜਾਵੇਂ ਤਾਂ ਤੂੰ ਅਹੀਥੋਫ਼ਲ ਦੀ ਸਲਾਹ ਨੂੰ ਫ਼ਿਜ਼ੂਲ ਸਿੱਧ ਕਰ ਸੱਕਦਾ ਹੈਂ। ਜੇ ਤੂੰ ਜਾਕੇ ਅਬਸ਼ਾਲੋਮ ਨੂੰ ਆਖੇਁ, ‘ਹੇ ਪਾਤਸ਼ਾਹ! ਮੈਂ ਤੇਰਾ ਸੇਵਕ ਹਾਂ। ਪਹਿਲਾਂ ਮੈਂ ਤੇਰੇ, ਪਿਤਾ ਦੀ ਟਹਿਲ ਕੀਤੀ ਹੁਣ ਮੈਂ ਤੇਰੀ ਸੇਵਾ ਕਰਾਂਗਾ।’ 35 ਸਾਦੋਕ ਅਤੇ ਅਬਯਾਥਾਰ ਜਾਜਕ ਤੇਰੇ ਨਾਲ ਹਨ। ਸੋ ਅਜਿਹਾ ਹੋਵੇ ਕਿ ਜੋ ਕੁਝ ਵੀ ਤੂੰ ਪਾਤਸ਼ਾਹ ਦੇ ਘਰ ਵਿੱਚ ਸੁਣੇ ਸੋ ਸਾਦੋਕ ਅਤੇ ਅਬਯਾਥਾਰ ਜਾਜਕਾਂ ਨੂੰ ਦੱਸ ਦੇਵੀਂ। 36 ਉਨ੍ਹਾਂ ਦੇ ਨਾਲ ਉਨ੍ਹਾਂ ਦੇ ਦੋ ਪੁੱਤਰ ਅਹੀਮਅਸ ਸਾਦੋਕ ਦਾ ਅਤੇ ਯੋਨਾਥਾਨ ਅਬਯਾਥਾਰ ਦਾ ਵੀ ਹਨ। ਫ਼ਿਰ ਜੋ ਕੁਝ ਵੀ ਤੁਸੀਂ ਸੁਣੋ ਸੋ ਉਨ੍ਹਾਂ ਦੇ ਰਾਹੀਂ ਮੈਨੂੰ ਅਖਵਾ ਭੇਜਣਾ।”

37 ਇਉਂ ਹੂਸ਼ਈ ਦਾਊਦ ਦਾ ਦੋਸਤ ਸ਼ਹਿਰ ਨੂੰ ਆਇਆ ਅਤੇ ਅਬਸ਼ਾਲੋਮ ਵੀ ਯਰੂਸ਼ਲਮ ਵਿੱਚ ਆਇਆ।

Punjabi Bible: Easy-to-Read Version (ERV-PA)

2010 by World Bible Translation Center